25 April 2024

ਗੁਰੂ ਤੇਗ਼ ਬਹਾਦਰ ਜੀ—ਨਛੱਤਰ ਸਿੰਘ ਭੋਗਲ “ਭਾਖੜੀਆਣਾ” (U.K)

ਗੁਰੂ ਤੇਗ਼ ਬਹਾਦਰ ਜੀ

ਜੰਜੂ-ਤਿਲਕ ਦੇ ਰਾਖੇ ਬਣਕੇ
ਆਏ ਸਤਿਗੁਰ ਤੇਗ਼ ਬਹਾਦਰ।
ਹਿੰਦੂ ਧਰਮ ਬਚਾਵਣ ਖ਼ਾਤਰ
ਸੀ ਅਖਵਾਏ ਹਿੰਦ ਦੀ ਚਾਦਰ।।

ਸੁਲੱਖਣੀ ਕੁੱਖ ਨਾਨਕੀ ਮਾਂ ਦੀ
ਹਰਿਗੋਬਿੰਦ ਦਾ ਰਾਜ ਦੁਲਾਰਾ,
ਰੱਬੀ ਨੂਰ ਡਲ੍ਹਕਦਾ ਮੁੱਖ ਤੇ
ਝੱਲਦਾ, ਸੂਰਜ ਨਾ ਚਮਕਾਰਾ,
ਸ਼ਾਨੋ-ਸ਼ੌਕਤ, ਨੂਰ ਇਲਾਹੀ
ਬਣਕੇ ਆਏ ਜਗ ਦੇ ਕਾਦਰ।
ਹਿੰਦੂ ਧਰਮ ਬਚਾਵਣ ਖ਼ਾਤਰ
ਸੀ ਅਖਵਾਏ ਹਿੰਦ ਦੀ ਚਾਦਰ।।

ਪੰਜ ਵੀਰਾਂ ‘ਚੋਂ ਛੋਟੇ ਭਾਈ
ਜੰਗ ਵਿੱਚ ਐਸਾ ਖੰਡਾ ਵਾਹਿਆ,
ਤਿਆਗ ਮੱਲ, ਯੋਧਾ ਉਸ ਦਿਨ ਤੋਂ
ਤੇਗ਼ ਬਹਾਦਰ ਸੀ ਕਹਿਲਾਇਆ,
ਝੂਠ ਦੀ ਧਾਰਾ ਤਾਂਈਂ ਭੰਡਿਆ,
ਧਰਮੀਂ-ਸੱਚ ਦੇ ਬਣੇ ਸੌਦਾਗਰ।
ਹਿੰਦੂ ਧਰਮ ਬਚਾਵਣ ਖ਼ਾਤਰ
ਸੀ ਅਖਵਾਏ ਹਿੰਦ ਦੀ ਚਾਦਰ।।

ਨਿਪੁੰਨਤਾ ਕਰੀ ਨਿਸ਼ਾਨੇਬਾਜ਼ੀ
ਸ਼ਾਸਤਰ ਵਿੱਦਿਆ, ਘੋੜਸਵਾਰੀ,
ਯੁੱਧਾਂ ਦੇ ਵਿੱਚ ਹਿੱਸੇ ਲੈਣੇ
ਜੰਗ ਦੀ ਕਰਦੇ ਖੂਬ ਤਿਆਰੀ,
ਨਾਂਹੀ ਡਰਨਾ, ਅਤੇ ਡਰਾਉਣਾ
ਉੱਚੇ ਨੀਵੇਂ ਇਕ ਬਰਾਬਰ।
ਹਿੰਦੂ ਧਰਮ ਬਚਾਵਣ ਖ਼ਾਤਰ
ਸੀ ਅਖਵਾਏ ਹਿੰਦ ਦੀ ਚਾਦਰ।।

ਮੁਗਲ ਹਾਕਮਾਂ ਦੇ ਹਲਕਾਰੇ
ਲੋਕਾਂ ਊੱਤੇ ਜ਼ੁਲਮ ਸੀ ਢਾਹੁੰਦੇ,
ਸੂਰਜ ਅਸਤ ਹੋਣ ਤੋਂ ਪਹਿਲਾਂ
ਮਣਾਂ-ਮੂੰਹੀ ਸੀ ਜੰਜੂ ਲਾਹੁੰਦੇ,
ਇੱਜ਼ਤ ਅਣਖ ਨੂੰ ਪੈਰੀਂ ਰੋਲਣ
ਬੇਰਹਿਮੇਂ ਬਣ ਜ਼ੁਲਮੀ-ਜਾਬਰ।
ਹਿੰਦੂ ਧਰਮ ਬਚਾਵਣ ਖ਼ਾਤਰ
ਸੀ ਅਖਵਾਏ ਹਿੰਦ ਦੀ ਚਾਦਰ।।

ਔਰੰਗਜ਼ੇਬ ਸੀ ਕੱਟੜ ਮੱਜ਼ਬੀ
ਤਸੀਹੇ ਦੇਣ ਦੀ ਹੱਦ ਮੁਕਾਈ,
ਹਿੰਦੂਆਂ ‘ਨਾ ਕਰ ਧੱਕੇ ਸ਼ਾਹੀ
ਫੜਕੇ ਮੁਸਲਿਮ ਜਾਣ ਬਣਾਈ,
ਪੰਡਤਾਂ ਦੀ ਪੱਗ ਪੈਰੀਂ ਰੋਲਣ
ਬੇਪਤੀਆਂ ਤੇ ਕਰਨ ਨਿਰਾਦਰ।
ਹਿੰਦੂ ਧਰਮ ਬਚਾਵਣ ਖ਼ਾਤਰ
ਸੀ ਅਖਵਾਏ ਹਿੰਦ ਦੀ ਚਾਦਰ।।

ਆਪਣੀ ਕੌਮ-ਧਰਮ ਲਈ ਲੱੜਨਾ
ਸਾਨੂੰ ਗੁੜ੍ਹਤੀ ਵਿੱਚੋਂ ਮਿਲਿਆ,
ਮਹਾਨ ਸ਼ਹੀਦਾਂ ਦੀ ਫੁਲਵਾੜੀ
ਉਸ ਵਿੱਚ ਸਿੱਖੀ ਦਾ ਫੁੱਲ ਖਿਲਿਆ,
ਆਪਣੇ ਤਨ ਦੇ ਲਹੂ ਨਾ ਸਿੰਜਕੇ
ਦੁਨੀਆ ਦੇ ਵਿੱਚ ਕਰਨ ਉਜਾਗਰ।
ਹਿੰਦੂ ਧਰਮ ਬਚਾਵਣ ਖ਼ਾਤਰ
ਸੀ ਅਖਵਾਏ ਹਿੰਦ ਦੀ ਚਾਦਰ।।

ਕਸ਼ਮੀਰੀ ਪੰਡਤ ਹੋ ਫ਼ਰਿਆਦੀ
ਨੌਂਵੇਂ ਗੁਰ ਦੇ ਦਰ ਤੇ ਆਏ,
ਧਰਮ ਬਚਾਉਣੇ ਖ਼ਾਤਰ ਸਤਿਗੁਰ
ਚਾਂਦਨੀ ਚੌਂਕ ਦਿੱਲੀ ਨੂੰ ਧਾਏ,
ਨਛੱਤਰ ਭੋਗਲ ਸੀਸ ਕਟਾ ਕੇ
ਸ਼ਹੀਦ ਨੇ ਜਗ ‘ਚ ਪਾਏ ਆਦਰ।
ਹਿੰਦੂ ਧਰਮ ਬਚਾਵਣ ਖ਼ਾਤਰ
ਸੀ ਅਖਵਾਏ ਹਿੰਦ ਦੀ ਚਾਦਰ।।
**
750

About the author

Nachhatar Singh Bhopal
ਨਛੱਤਰ ਸਿੰਘ ਭੋਗਲ, ਭਾਖੜੀਆਣਾ
0044 7944101658 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਨਛੱਤਰ ਸਿੰਘ ਭੋਗਲ, ਭਾਖੜੀਆਣਾ

View all posts by ਨਛੱਤਰ ਸਿੰਘ ਭੋਗਲ, ਭਾਖੜੀਆਣਾ →