25 April 2024

ਦੋ ਕਵਿਤਾਵਾਂ: 1. ਧਰਮੀ ਬਾਬਲ/ 2. ਚੜ੍ਹੀ-ਸਵੇਰ —- ਨਛੱਤਰ ਸਿੰਘ ਭੋਗਲ  “ਭਾਖੜੀਆਣਾ” (U.K) 

1. ਧਰਮੀ  ਬਾਬਲ

ਮੇਰੇ   ਧਰਮੀ  ਬਾਬਲਾ!
ਮੇਰਾ ਤੈਨੂੰ  ਇਕ ਸਵਾਲ,
ਤੇਹ-ਮੋਹ  ਅਤੇ  ਪਿਆਰ ਦਾ
ਤੇਰੇ  ਦੇਸ  ਪਿਆ  ਹੈ ਕਾਲ਼,
ਪੁੱਤ  ਨੇ  ਵਾਰਿਸ  ਕੁਲ  ਦੇ
ਨਾ  ਧੀ  ਦੀ, ਕਰਨ ਸੰਭਾਲ।
ਮੇਰੇ   ਧਰਮੀ  ਬਾਬਲਾ!
ਤੇਰੇ  ਦੇਸ  ਪਿਆ  ਹੈ ਕਾਲ਼॥

ਮੇਰੇ   ਧਰਮੀ  ਬਾਬਲਾ!
ਕਹੇ ਜੱਗ, ਬਦ-ਚਲਣ ਨਾਰ,
ਬਦ ਖੋਈਆਂ ਕਰਦੇ ਮੇਰੀਆਂ
ਮੈਨੂੰ  ਆਖਣ ਨਰਕ ਦੁਆਰ,
ਜੱਗ  ਨਿੰਦੇ  ਮੇਰੀ  ਹੋਂਦ ਨੂੰ
ਕਹਿ  ਔਰਤ ਬੰਧਨ-ਜਾਲ।
ਮੇਰੇ   ਧਰਮੀ  ਬਾਬਲਾ!
ਤੇਰੇ  ਦੇਸ  ਪਿਆ  ਹੈ ਕਾਲ਼॥

ਮੇਰੇ   ਧਰਮੀ  ਬਾਬਲਾ!
ਕਹਿੰਦੇ ਹੁਸਨ ਦੇ ਨਖ਼ਰੇ ਲੱਖ,
ਮੈਨੂੰ ਕਾਮ ਖਿਡਾਉਣਾ ਸਮਝਦੀ
ਹੈ  ਸਭ  ਮਰਦਾਂ  ਦੀ  ਅੱਖ,
ਸਭ  ਸ਼ਰਮਾਂ-ਸੰਗਾਂ ਲਾਹ ਕੇ
ਮੈਨੂੰ  ਕੱਢਣ  ਹਵਸੀ ਗਾਲ਼।
ਮੇਰੇ   ਧਰਮੀ  ਬਾਬਲਾ!
ਤੇਰੇ  ਦੇਸ  ਪਿਆ  ਹੈ ਕਾਲ਼॥

ਮੇਰੇ   ਧਰਮੀ  ਬਾਬਲਾ!
ਹੈ ਮੈਲ਼ੀ ਮਰਦ-ਨਿਗਾਹ,
ਜਦ ਹੋਵੇ ਐਸ਼-ਪ੍ਰਸਤ ਇਹ
ਮੈਨੂੰ   ਕੋਠੇ   ਦਏ  ਬਿਠਾ,
ਮੇਰੇ  ਪੈਰੀਂ  ਘੁੰਗਰੂ ਬੰਨ੍ਹ ਕੇ
ਨਚਾਉਂਦੇ ਤਾਲ-ਬੇਤਾਲ।
ਮੇਰੇ   ਧਰਮੀ  ਬਾਬਲਾ!
ਤੇਰੇ  ਦੇਸ  ਪਿਆ  ਹੈ ਕਾਲ਼॥

ਮੇਰੇ   ਧਰਮੀ  ਬਾਬਲਾ!
ਮੇਰਾ  ਜੀਵਨ  ਮੰਦੜੇ ਹਾਲ,
ਔਰਤ  ਦੇ  ਸਵੈਮਾਨ  ਨੂੰ
ਇਹ ਤੋਲਣ ਚਿੜੀਆਂ ਨਾਲ,
ਗਊ ਇੱਕ ਕਿੱਲਿਉਂ ਖੋਲ੍ਹ ਕੇ
ਜਾਅ  ਬੰਨ੍ਹਣ ਦੂਜੇ ਨਾਲ।
ਮੇਰੇ   ਧਰਮੀ  ਬਾਬਲਾ!
ਤੇਰੇ  ਦੇਸ  ਪਿਆ  ਹੈ ਕਾਲ਼॥

ਮੇਰੇ   ਧਰਮੀ  ਬਾਬਲਾ!
ਮੇਰਾ  ਰੋਲਣ  ਮਾਣ ਤੇ ਪੱਤ,
ਕੋਈ “ਟੋਟਾ” ਮੈਨੂੰ ਆਖਦਾ
‘ਤੇ  ਕਿਸੇ  ਲਈ ਮੈਂ “ਅੱਤ”,
ਮਦ-ਭਰੀਆਂ ਅੱਖਾਂ ਮੇਰੀਆਂ
ਪਹਿਲੇ ਤੋੜ ਦਾ ਨਸ਼ਾ ਕਮਾਲ।
ਮੇਰੇ   ਧਰਮੀ  ਬਾਬਲਾ!
ਤੇਰੇ  ਦੇਸ  ਪਿਆ  ਹੈ ਕਾਲ਼॥

ਮੇਰੇ   ਧਰਮੀ  ਬਾਬਲਾ!
ਸਦਾ ਰਹਿੰਦੇ  ਨਸ਼ਤਰ ਚੋਭ,
ਮਾਪੇ  ਲਾਉਣ  ਪਾਬੰਦੀਆਂ
ਅਤੇ ਸੱਸ-ਸਹੁਰੇ ਦਾ ਰੋਹਬ,
ਕੈਦਣ  ਬਣ ਦਿਨ  ਕੱਟਦੀ
ਤੇ  ਕੋਹ-ਕੋਹ ਕਰਨ ਹਲਾਲ।
ਮੇਰੇ   ਧਰਮੀ  ਬਾਬਲਾ!
ਤੇਰੇ  ਦੇਸ  ਪਿਆ  ਹੈ ਕਾਲ਼॥

ਮੇਰੇ   ਧਰਮੀ  ਬਾਬਲਾ!
ਨਾ   ਸਮਝਣ  ਮੇਰਾ  ਸਤ,
ਮੈਨੂੰ ਆਖਣ ਜੁੱਤੀ ਪੈਰ ਦੀ
ਕਹਿੰਦੇ  ਗਿੱਚੀ  ਪਿੱਛੇ ਮੱਤ,
‘ਔਰਤ ਵਿੱਚ ਰੂਹ ਹੈ ਨਹੀਂ’
ਰੂਹ ਪੱਛਣ ਤਾਹਨਿਆਂ ਨਾਲ।
ਮੇਰੇ   ਧਰਮੀ  ਬਾਬਲਾ!
ਤੇਰੇ  ਦੇਸ  ਪਿਆ  ਹੈ ਕਾਲ਼॥

ਮੇਰੇ   ਧਰਮੀ  ਬਾਬਲਾ!
ਮੈਤੇ ਊਜਾਂ ਲਾਈਆਂ  ਜਾਣ,
ਸਲੀਕੇ-ਚੱਜ,  ਦਸਤੂਰੀਆਂ
ਮੇਰੀ ਹੋਂਦ ਨੂੰ, ਆਉਂਦੇ ਖਾਣ,
ਉੱਠਣ, ਬੈਠਣ, ਤੁਰਨ  ਦਾ
ਮੇਰਾ ਜੀਵਨ ਕਰਨ ਮੁਹਾਲ।
ਮੇਰੇ   ਧਰਮੀ  ਬਾਬਲਾ!
ਤੇਰੇ  ਦੇਸ  ਪਿਆ  ਹੈ ਕਾਲ਼॥

ਮੇਰੇ   ਧਰਮੀ  ਬਾਬਲਾ
ਹੋ, ਸਤੀ ਦਿਆਂ ਬਲੀਦਾਨ,
ਢੋਲ-ਗਵਾਰ-ਪਸ਼ੂ ਤੇ ਸ਼ੂਦਰ
ਔਰਤ ਵੀ ਇਹਨਾਂ ਸਮਾਨ,
ਅੰਬਰ  ਟਾਕੀ  ਲਾਉਣ  ਦੀ
ਮੇਰੇ  ਸੀਨੇ  ਚੁੱਭਦੀ ਗਾਲ਼।
ਮੇਰੇ   ਧਰਮੀ  ਬਾਬਲਾ!
ਤੇਰੇ  ਦੇਸ  ਪਿਆ  ਹੈ ਕਾਲ਼॥

ਮੇਰੇ   ਧਰਮੀ  ਬਾਬਲਾ!
ਨਾ  ਮਿਲੇ  ਮੈਨੂੰ  ਸਤਿਕਾਰ,
ਤਿੰਨ ਸੌ ਪੈਂਟ ਚਲਿੱਤਰ ਦੱਸਦੇ
ਕਹਿਣ, ਦਗ਼ੇਬਾਜ਼-ਬਦਕਾਰ,
ਕਲਜੋਗਣਾਂ ਤੇ ਸਿਰ-ਮੁੰਨੀਆਂ
ਤੁਲਾਂ ਫਫਾ-ਕੁਟਣੀਆਂ ਨਾਲ।
ਮੇਰੇ   ਧਰਮੀ  ਬਾਬਲਾ!
ਤੇਰੇ  ਦੇਸ  ਪਿਆ  ਹੈ ਕਾਲ਼॥

ਮੇਰੇ   ਧਰਮੀ  ਬਾਬਲਾ,
ਮੈਂ,  ਮਾਂ  ਵੱਡੀ   ਸੁਲਤਾਨ,
ਮੈਂ   ਰਾਜੇ-ਰਾਣੇ   ਜੰਮਦੀ
ਮੇਰੀ ਕੁੱਖ  ਨੂੰ ਹੈ ਵਰਦਾਨ,
ਮੈਨੂੰ ਗੁਰੂ ਨਾਨਕ ਸਤਿਕਾਰਿਆ
ਨਿਭਾਂ ਭੋਗਲ ਵਰਗਿਆਂ ਨਾਲ।
ਮੇਰੇ   ਧਰਮੀ  ਬਾਬਲਾ!
ਤੇਰੇ  ਦੇਸ  ਪਿਆ  ਹੈ ਕਾਲ਼॥
***

2. ਚੜ੍ਹੀ-ਸਵੇਰ

ਲੋਕੀ ਕਹਿਣ ਸਵੇਰ ਚੜ੍ਹੀ ਹੈ

“ਨਾਨਕ ਦੁਨੀਆ ਕੈਸੀ ਹੋਈ॥
ਸਾਲਕੁ ਮਿਤੁ ਨਾ ਰਹਿਉ ਕੋਈ॥”
ਰਾਮ-ਰਾਮ ਮੂੰਹ ਬੁਹਤ ਚੜ੍ਹੀ ਹੈ,
ਬਗਲ ‘ਚ ਤੇਜ਼ ਕਟਾਰ ਫੜੀ ਹੈ
ਲੋਕੀ ਕਹਿਣ ਸਵੇਰ ਚੜ੍ਹੀ ਹੈ।।

ਲੁੱਟ ਘਸੁੱਟ ਸੁਖਾਲੀ ਹੋਈ
ਅੱਜ ਕੱਲ ਹੱਦੋਂ ਬਾਹਲ਼ੀ ਹੋਈ,
ਕੁਫਰ ਨੇ ਸੱਚ ਨੂੰ ਖੂੰਜੇ ਲਾਇਆ
‘ਨ੍ਹੇਰ ਨੇ ਲੋਅ ਦੀ ਧੌਣ ਫੜੀ ਹੈ।
ਲੋਕੀ ਕਹਿਣ ਸਵੇਰ ਚੜ੍ਹੀ ਹੈ।।

ਕਦੀ ਸੀ ਵਿੱਦਿਆ ਪਰਉਪਕਾਰੀ
ਅੱਜ ਵਿਚਾਰੀ ਬਣੀ “ਬੇਚਾਰੀ”
ਪੰਜਾਬੀ ਬੋਲੀ ਦਰ-ਦਰ ਰੁਲ਼ਦੀ
ਇੰਗਲਿਸ਼ ਭੂਤਨੀ ਸਿਰੇ ਚੜ੍ਹੀ ਹੈ।
ਲੋਕੀ ਕਹਿਣ ਸਵੇਰ ਚੜ੍ਹੀ ਹੈ।।

ਪੰਜਾਬੀ ਯੁਵਕ ਨੂੰ ਸੁਪਨਾ ਆਉਂਦਾ
ਹਰ ਕੋਈ ਆਈ-ਲਿਟ ਕਰਨਾ ਚਾਹੁੰਦਾ,
ਸੱਤ ਬੈਂਡ ਦੀ ਡਿਗਰੀ ਲੈ ਕੇ
ਪ੍ਰਦੇਸ ਵਸਣ ਦੀ ਝਾਕ ਬੜੀ ਹੈ।
ਲੋਕੀ ਕਹਿਣ ਸਵੇਰ ਚੜ੍ਹੀ ਹੈ।।

ਡੇਰਾ ਵਾਦ ਨੇ ਲੁੱਟ ਮਚਾਈ
ਭੋਲ਼ੀ ਜਨਤਾ ਜਾਲ਼ ਫਸਾਈ,
ਹਰੇ ਨੀਲੇ ਤੇ ਭਗਵੇਂ ਝੰਡੇ
ਗਲ਼ੀ-ਮੋੜ ਤੇ ਮੱਠ-ਮੜ੍ਹੀ ਹੈ।
ਲੋਕੀ ਕਹਿਣ ਸਵੇਰ ਚੜ੍ਹੀ ਹੈ।।

ਜਨਤਾ ਦੀ ਨਸ਼ਿਆਂ ਮੱਤ ਮਾਰੀ
ਕਾਲ਼ੇ-ਚਿੱਟੇ ਦੀ ਸਰਦਾਰੀ,
ਕੁੱਝ ਮੋਏ! ਕੁੱਝ ਮੋਇਆਂ ਵਰਗੇ
ਜਵਾਨੀ, ਮੌਤ-ਦੁਆਰ ਖੜ੍ਹੀ ਹੈ।
ਲੋਕੀ ਕਹਿਣ ਸਵੇਰ ਚੜ੍ਹੀ ਹੈ।।

ਪੱਤਰਕਾਰ ਦੀ ਕਲਮ ਵਿਕਾਊ
ਜ਼ਮੀਰ ਵੇਚ, ਬਣੇ ਧੰਨ ਕਮਾਊ,
ਹਾਕਮ ਧਿਰ ਦੀ ਕਰਦੇ ਸੋਭਾ
ਪਿਛਲੇ ਅੰਕ ਦੀ ਹੋਰ ਲੜੀ ਹੈ।
ਲੋਕੀ ਕਹਿਣ ਸਵੇਰ ਚੜ੍ਹੀ ਹੈ।।

ਮਜ਼੍ਹਬ ਧਰਮ ਵੀ ਪਾਏ ਪੁਆੜੇ
ਕਈ ਮਸੂਮਾਂ ਦੇ ਘਰ ਸਾੜੇ,
ਸੁਣ ਖ਼ਲਕਤ ਦੇ ਹਾੜ੍ਹੇ-ਚੀਕਾਂ
ਮਨੂਰ ਵਾਂਗਰਾਂ ਜਿੰਦ ਰੜ੍ਹੀ ਹੈ।
ਲੋਕੀ ਕਹਿਣ ਸਵੇਰ ਚੜ੍ਹੀ ਹੈ।।

ਵਿਹਲੜ ਬੈਠਾ ਮੌਜ ਉਡਾਵੇ
ਵਿਚਾਰਾ ਕਿਰਤੀ ਧੱਕੇ ਖਾਵੇ,
ਸੱਚ ਦੀ ਬੁੱਕਤ ਘਟਦੀ ਜਾਵੇ
ਝੂਠ ਦੀ ਗੁੱਡੀ ਅਰਸ਼ ਚੜ੍ਹੀ ਹੈ।
ਲੋਕੀ ਕਹਿਣ ਸਵੇਰ ਚੜ੍ਹੀ ਹੈ।।

ਧੀ, ਮਾਂ ਨੂੰ ਵੱਧ ਘੱਟ ਬੋਲਦੀ
ਪਤਨੀ, ਪਤੀ ਦੀ ਪੱਤ ਰੋਲ਼ਦੀ,
ਬਾਪੂ ਦੀ ਗੱਲ ਪੁੱਤ ਨਾ ਮੰਨੇ
ਨੂੰਹ ਨੇ ਸੱਸ ਦੀ ਗੁੱਤ ਫੜੀ ਹੈ।
ਲੋਕੀ ਕਹਿਣ ਸਵੇਰ ਚੜ੍ਹੀ ਹੈ।।

ਅੱਜ ਸ਼ਾਹੀ ਕਿਰਦਾਰ ਰਹੇ ਨਾ
ਜਬ੍ਹੇਦਾਰ ਸਰਦਾਰ ਰਹੇ ਨਾ,
ਕਿੱਥੋਂ ਲੱਭੀਏ ਲਾਲ ਗੁਆਚੇ
ਸਾਡੇ ‘ਨਾ ਤਕਦੀਰ ਲੜੀ ਹੈ।
ਲੋਕੀ ਕਹਿਣ ਸਵੇਰ ਚੜ੍ਹੀ ਹੈ।।

ਨਾਤਿਆਂ ਦੀ ਕੜੀ ਖਸਤੀ ਹੋਈ
ਪਿਆਰ ਦੀ ਕੀਮਤ ਸਸਤੀ ਹੋਈ,
ਭੋਗਲ ਦੀ ਪੁੱਤ ਨਾਲ਼ ਨਾ ਬਣਦੀ
ਘਰ-ਘਰ ਰਿੱਝਦੀ ਇਹੋ ਕੜ੍ਹੀ ਹੈ।
ਲੋਕੀ ਕਹਿਣ ਸਵੇਰ ਚੜ੍ਹੀ ਹੈ।।
***

 

 

 

 

 

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1208
***

About the author

Nachhatar Singh Bhopal
ਨਛੱਤਰ ਸਿੰਘ ਭੋਗਲ, ਭਾਖੜੀਆਣਾ
0044 7944101658 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਨਛੱਤਰ ਸਿੰਘ ਭੋਗਲ, ਭਾਖੜੀਆਣਾ

View all posts by ਨਛੱਤਰ ਸਿੰਘ ਭੋਗਲ, ਭਾਖੜੀਆਣਾ →