ਬਾਪੂ ਜੀ ਤੂੰ ਧੰਨ ਹੈਂ, ਤੇਰੀ ਸੋਚ ਨੂੰ ਸਲਾਮ ਹੈ,
ਟੱਬਰ ਦੇ ਸਰਦਾਰ ਨੂੰ, ਲੱਖ ਲੱਖ ਪ੍ਰਣਾਮ ਹੈ।
ਦੁੱਖ ਤਕਲੀਫ਼ਾਂ ਝੱਲ ਕੇ, ਘਰ ਨੂੰ ਚੱਲਦਾ ਰੱਖਣਾ,
ਟੱਬਰ ਦੇ ਹਰ ਜੀਅ ਦੀ, ਤੇਰੇ ਹੱਥ ਚ ਕਮਾਨ ਹੈ ।
ਖ਼ੁਦ ਰੁੱਖੀ ਸੁੱਖੀ ਖਾ ਕੇ ,ਸਾਨੂੰ ਲਡਾਏ ਲਾਡ ਤੈਂ,
ਸੋਭਾ ਦਾ ਪ੍ਰਤੀਕ ਤੂੰ, ਉੱਚਾ ਰੁੱਤਬਾ ਸਨਮਾਨ ਹੈ।
ਤੇਰੀਆਂ ਕੁਰਬਾਨੀਆਂ ਦਾ ਦੇਣ ਦਾਰ ਜੱਗ ਹੈ,
ਝੂਠ ਨਹੀਂ ਜੇ ਲਿਖਦਿਆਂ, ਤੂੰ ਰੱਬ ਤੋਂ ਮਹਾਨ ਹੈ।
ਅਣਥੱਕ ਘਾਲ਼ੀ ਘਾਲਣਾ, ਕਿਰਤ-ਕਮਾਈਆਂ ਕੀਤੀਆਂ
ਤੰਗੀ ਤੁਰਸ਼ੀ ਵਿੱਚ ਵੀ, ਤੂੰ ਸੂਰਮਾ ਸੁਲਤਾਨ ਹੈ।
ਢਿੱਡੋਂ ਭੁੱਖਾ ਰਹਿ ਕੇ, ਟੱਬਰ ਦੇ ਮੋਹ ਨੂੰ ਪਾਲ਼ਦੈਂ,
ਰੱਬ ਤੇ ਰੱਖੇਂ ਡੋਰੀਆਂ, ਤੂੰ ਖੁੱਦ ਇੱਕ ਭਗਵਾਨ ਹੈਂ।
ਸਮਾਜਿਕ ਸੇਧਾਂ ਦੇਣੀਆਂ ਸਿੱਧੇ ਰਾਹਾਂ ਤੇ ਤੋਰਨਾ,
ਨਿਯਮ ਬਣਾ ਕੇ ਰੱਖਣੇ, ਸਾਰੀ ਟੀਮ ਦਾ ਕਪਤਾਨ ਹੈ ।
ਲਾਣੇ ਦੇ ਹਰ ਜੀਅ ਨੂੰ, ਕਦੇ ਘੂਰਨਾ ਕਦੇ ਪਿਆਰਨਾ,
ਸੱਭ ਦੀਆਂ ਲੋੜਾਂ ਪੂਰਨਾ, ਤੂੰ ਬੜਾ ਦਇਆ ਵਾਨ ਹੈ
ਹਿਮਾਲਾ ਪਰਬਤ ਦੀ ਤਰਾਂ, ਬਣ ਵਾੜ ਰਾਖੀ ਕਰੇਂ ਤੂੰ,
ਧੀਆਂ ਲਈ ਸਤਕਾਰ ਤੂੰ, ਸਾਰੇ ਪੁੱਤਰਾਂ ਦਾ ਮਾਣ ਹੈ.
ਕਰਜ਼ ਤੇਰੇ ਪਿਆਰ ਦਾ, ਸਾਥੋਂ ਅਦਾ ਹੋਣਾ ਨਹੀਂ,
ਧੀ ਪੁੱਤ ਇਸ ਜਗਤ ਦਾ, ਚਿੱਟੀ ਪੱਗ ਤੋਂ ਕੁਰਬਾਨ ਹੈ।
ਸਿਰ ਤੇਰਾ ਸਾਇਆ ਹੁੰਦਿਆਂ, ਕੋਈ ਫਿਕਰ ਨਾ ਰਹੇ,
ਭਰਿਆ ਖ਼ਜ਼ਾਨਾ ਧੰਨ ਦਾ, ਤੂੰ ਦੌਲਤਾਂ ਦੀ ਖਾਣ ਹੈਂ।
ਬਾਪੂ ਜੀ ਤੇਰੀਆਂ ਰਹਿਮਤਾਂ, ਖੁਸ ਜਾਣ ਤੇ ਪਤਾ ਲੱਗਦਾ,
‘ਨਛੱਤਰ ਭੋਗਲ,ਵਾਕਿਫ ਹੈ, ਜਾਣਦਾ ਜਾਣੀ ਜਾਣ ਹੈ।
***
221
***