12 June 2024
artist at work

ਪ੍ਰੇਰਨਾਦਾਇਕ ਲੇਖ: ਜ਼ਿੰਦਗੀ ਦੀ ਲੋਅ—ਗੁਰਸ਼ਰਨ ਸਿੰਘ ਕੁਮਾਰ

gursharan singh kumar
ਗੁਰਸ਼ਰਨ ਸਿੰਘ ਕੁਮਾਰ

ਜ਼ਰੂਰੀ ਨਹੀਂ ਕਿ ਜਿਸ ਵਿਚ ਸਾਹ ਨਹੀਂ, ਉਹ ਹੀ ਮੁਰਦਾ ਹੈ। ਜਿਸ ਮਨੁੱਖ ਵਿਚ ਕੋਈ ਆਸ ਨਹੀਂ ਉਹ ਵੀ ਤਾਂ ਮੁਰਦਾ ਹੀ ਹੈ। ਤੰਦਰੁਸਤੀ ਅਤੇ ਆਸ ਜ਼ਿੰਦਗੀ ਦੀ ਲੋਅ ਹਨ। ਤੰਦਰੁਸਤ ਬੰਦਾ ਹੀ ਜ਼ਿੰਦਗੀ ਵਿਚ ਕੋਈ ਆਸ ਰੱਖ ਸਕਦਾ ਹੈ। ਸਿਹਤ ਸਭ ਤੋਂ ਵੱਡੀ ਦੌਲਤ ਹੈ। ਜਿਸ ਦੀ ਸਿਹਤ ਠੀਕ ਹੈ, ਉਸ ਦੀ ਉਮੀਦ ਵੀ ਜ਼ਿੰਦਾ ਹੈ ਅਤੇ ਜਿਸ ਦੀ ਜ਼ਿੰਦਗੀ ਵਿਚ ਉਮੀਦ ਬਾਕੀ ਹੈ, ਉਸ ਵਿਚ ਸਭ ਕੁਝ ਹੈ। ਬੰਦੇ ਦਾ ਹੌਸਲਾ, ਲਿਆਕਤ, ਦ੍ਰਿੜ੍ਹ ਇਰਾਦਾ, ਪਰਿਵਾਰਕ ਅਤੇ ਸਮਾਜਿਕ ਪ੍ਰੇਰਨਾ ਅਤੇ ਪਿਆਰ ਅਤੇ ਕਾਮਯਾਬੀਆਂ ਇਸ ਲੋਅ ਨੂੰ ਪ੍ਰਜਵਲਤ ਰੱਖਦੀਆਂ ਹਨ। ਇਹ ਸਭ ਚੀਜ਼ਾਂ ਬੰਦੇ ਨੂੰ ਆਪਣੇ ਪਰਿਵਾਰ ਅਤੇ ਸਮਾਜ ਵਿਚੋਂ ਹੀ ਪ੍ਰਾਪਤ ਹੁੰਦੀਆਂ ਹਨ। ਪਰਿਵਾਰ ਵਿਚ ਬੰਦੇ ਨੂੰ ਸੁਰੱਖਿਆ ਮਿਲਦੀ ਹੈ ਅਤੇ ਉਹ ਵਧਦਾ-ਫੁਲਦਾ ਹੈ। ਸਮਾਜ ਵਿਚ ਉਸ ਦੀ ਵੱਖਰੀ ਪਛਾਣ ਬਣਦੀ ਹੈ। ਸਮਾਜ ਅਤੇ ਪਰਿਵਾਰ ਦਾ ਸਹਿਯੋਗ ਉਸ ਦੀ ਜ਼ਿੰਦਗੀ ਦੇ ਬੂਟੇ ਲਈ ਧੁੱਪ-ਹਵਾ ਅਤੇ ਖਾਦ-ਪਾਣੀੇ ਦਾ ਕੰਮ ਕਰਦਾ ਹੈ ਅਤੇ ਉਸ ਦੀ ਜ਼ਿੰਦਗੀ ਦੇ ਵਿਗਸਣ ਲਈ ਸਹਾਈ ਹੁੰਦਾ ਹੈ।

ਜਿਹੜਾ ਬੰਦਾ ਪਰਿਵਾਰ ਅਤੇ ਸਮਾਜ ਤੋਂ ਟੁੱਟ ਜਾਂਦਾ ਹੈ, ਉਸ ਦੀ ਜ਼ਿੰਦਗੀ ਵਿਚ ਬਹੁਤ ਵੱਡੀ ਕਮੀ ਰਹਿ ਜਾਂਦੀ ਹੈ। ਉਸ ਦਾ ਪੂਰਾ ਵਿਕਾਸ ਨਹੀਂ ਹੁੰਦਾ। ਉਸ ਨੂੰ ਪ੍ਰੇਰਨਾ ਦੇਣ ਵਾਲਾ ਕੋਈ ਨਹੀਂ ਹੁੰਦਾ। ਇਸ ਲਈ ਉਸ ਦਾ ਆਤਮ-ਵਿਸ਼ਵਾਸ ਖ਼ਤਮ ਹੋ ਜਾਂਦਾ ਹੈ। ਉਹ ਢਾਹੂ ਵਿਚਾਰਾਂ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਨਿਰਾਸ਼ਾ ਵਿਚ ਆ ਜਾਂਦਾ ਹੈ। ਨਿਰਾਸ਼ ਬੰਦਾ ਕਦੀ ਵੀ ਕੋਈ ਮਾਅਰਕਾ ਨਹੀਂ ਮਾਰ ਸਕਦਾ। ਪਰਿਵਾਰ ਅਤੇ ਸਮਾਜ ਤੋਂ ਟੁੱਟਣ ਕਰਕੇ ਉਹ ਦੁਨੀਆ ਦੀ ਐੈੈੈੈਡੀ ਵੱਡੀ ਭੀੜ ਵਿਚ ਵੀ ਇਕੱਲਾ ਹੀ ਰਹਿ ਜਾਂਦਾ ਹੈ। ਉਸ ਦਾ ਕੋਈ ਵੀ ਕੰਮ ਕਰਨ ਨੂੰ ਜੀਅ ਨਹੀਂ ਕਰਦਾ। ਉਹ ਆਲਸੀ ਬਣ ਜਾਂਦਾ ਹੈ। ਫਿਰ ਉਹ ਵਿਹਲਾ ਰਹਿਣਾ ਪਸੰਦ ਕਰਦਾ ਹੈ। ਵਿਹਲਾ ਰਹਿਣ ਕਰ ਕੇ ਉਹ ਆਰਥਿਕ ਤੌਰ ‘ਤੇ ਕਮਜ਼ੋਰ ਹੋ ਜਾਂਦਾ ਹੈ ਅਤੇ ਉਸ ‘ਤੇ ਗ਼ਰੀਬੀ ਛਾ ਜਾਂਦੀ ਹੈ। ਗ਼ਰੀਬੀ ਗ਼ੁਲਾਮੀ ਦੀ ਨਿਸ਼ਾਨੀ ਹੈ। ਵਿਹਲਾ ਰਹਿਣ ਕਾਰਨ ਉਹ ਸਰੀਰਕ ਤੌਰ ‘ਤੇ ਵੀ ਕਮਜ਼ੋਰ ਹੋ ਜਾਂਦਾ ਹੈ। ਉਸ ਦੀ ਯਾਦਾਸ਼ਤ, ਨਜ਼ਰ, ਸੁਣਨ ਸ਼ਕਤੀ ਅਤੇ ਸਮਝਣ ਸ਼ਕਤੀ ਵੀ ਕਮਜ਼ੋਰ ਹੋ ਜਾਂਦੀ ਹੈ। ਅਜਿਹੇ ਲੋਕ ਦੇਸ਼ ਅਤੇ ਸਮਾਜ ‘ਤੇ ਬੋਝ ਹੁੰਦੇ ਹਨ। ਮਨੁੱਖ ਦੀ ਹੋਂਦ ਸਮਾਜ ਅਤੇ ਪਰਿਵਾਰ ਨਾਲ ਹੀ ਕਾਇਮ ਹੈ।

ਗੁਰਸ਼ਰਨ ਸਿੰਘ ਕੁਮਾਰ ਜੀ ਦੀਅਾਂ 9 ਪੁਸਤਕਾਂ

ਬੁਢਾਪਾ ਮਨੁੱਖੀ ਜੀਵਨ ਦੀ ਆਖਰੀ ਸਟੇਜ ਹੈ। ਇਸ ਉਮਰ ਵਿਚ ਵੀ ਬੰਦਾ ਇਕੱਲਤਾ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਉਸ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਹੜੇ ਬਜ਼ੁਰਗ ਪਰਿਵਾਰ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਹੋਣਹਾਰ ਬੱਚੇ ਉਨ੍ਹਾਂ ਦੀ ਠੀਕ ਤਰ੍ਹਾਂ ਸੰਭਾਲ ਕਰਦੇ ਹਨ, ਉਹ ਕਾਫ਼ੀ ਹੱਦ ਤੱਕ ਇਨ੍ਹਾਂ ਸਮੱਸਿਆਵਾਂ ਤੋਂ ਬਚੇ ਰਹਿੰਦੇ ਹਨ। ਆਪਣੀ ਇਕੱਲਤਾ ਵਿਚੋਂ ਨਿਕਲੋ ਅਤੇ ਖ਼ੁਸ਼ੀ-ਖ਼ੁਸ਼ੀ ਆਪਣੇ ਪਰਿਵਾਰ ਅਤੇ ਸਮਾਜ ਵਿਚ ਵਿਚਰੋ। ਜ਼ਿੰਦਗੀ ਵਿਚ ਆਪਣੀ ਸਾਰਥਿਕਤਾ ਸਾਬਤ ਕਰੋ। ਨਾਂਹ-ਪੱਖੀ ਵਿਚਾਰਾਂ ਨੂੰ ਆਪਣੇ ਜੀਵਨ ਵਿਚ ਥੋੜ੍ਹੀ ਜਿਹੀ ਵੀ ਥਾਂ ਨਾ ਦਿਓ। ਮਨੁੱਖਾ ਜੀਵਨ ਹੋਣ ਕਰ ਕੇ ਸਮਾਜ ਵਿਚ ਨਰੋਆ ਯੋਗਦਾਨ ਪਾਉਣਾ ਤੁਹਾਡਾ ਫ਼ਰਜ਼ ਹੈ। ਸੰਘਰਸ਼ ਬੇਸ਼ੱਕ ਥਕਾਉਂਦਾ ਹੈ ਪਰ ਉਹ ਸਾਨੂੰ ਬਾਹਰੋਂ ਸੁੰਦਰ ਅਤੇ ਅੰਦਰੋਂ ਮਜ਼ਬੂਤ ਬਣਾਉਂਦਾ ਹੈ। ਆਪਣੇ ਸਰੀਰ ਤੋਂ ਜਿੰਨਾ ਕੰਮ ਲਉਗੇ, ਓਨਾ ਹੀ ਤੰਦਰੁਸਤ ਰਹੋਗੇ। ਹਨੇਰੇ ਵਿਚੋਂ ਨਿਕਲ ਕੇ ਚਾਨਣ ਵਿਚ ਆਓ। ਸਦਾ ਚੜ੍ਹਦੀ ਕਲਾ ਵਿਚ ਰਹੋ। ਆਪਣੇ ਆਪ ਨੂੰ ਕਦੀ ਕਮਜ਼ੋਰ, ਬੇਸਹਾਰਾ ਅਤੇ ਬਦਕਿਸਮਤ ਨਾ ਸਮਝੋ। ਜੋ ਮਿਲਿਆ ਹੈ ਉਸ ‘ਤੇ ਸਬਰ ਕਰੋ ਅਤੇ ਪਰਮਾਤਮਾ ਦਾ ਸ਼ੁਕਰਾਨਾ ਕਰੋ। ਨਿਰਾਸ਼ਾ ਮਨੁੱਖ ਦੀ ਸਭ ਤੋਂ ਵੱਡੀ ਦੁਸ਼ਮਣ ਹੈ। ਬੇਸ਼ੱਕ ਉਮਰ ਦੇ ਕਿਸੇ ਵੀ ਪੜਾਅ ‘ਤੇ ਹੋਵੇਂ, ਕਦੀ ਆਸ ਦਾ ਪੱਲਾ ਨਾ ਛੱਡੋ। ਹਰ ਸਵੇਰੇ ਇਸ ਵਿਸ਼ਵਾਸ ਨਾਲ ਉੱਠੋ ਕਿ ਅੱਜ ਦਾ ਦਿਨ ਬੀਤੇ ਕੱਲ੍ਹ ਨਾਲੋਂ ਚੰਗਾ ਹੋਵੇਗਾ। ਆਪਣੀ ਜ਼ਿੰਦਗੀ ਦੀ ਲੋਅ ਨੂੰ ਕਦੀ ਮੱਠਾ ਨਾ ਪੈਣ ਦਿਓ।
***
-ਮੋਬਾਈਲ:-83608-42861
***
849
***

About the author

ਗੁਰਸ਼ਰਨ ਸਿੰਘ ਕੁਮਾਰ
ਗੁਰਸ਼ਰਨ ਸਿੰਘ ਕੁਮਾਰ
Mobile:094631-89432/83608-42861 | gursharan1183@yahoo.in | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਸ਼ਰਨ ਸਿੰਘ ਕੁਮਾਰ

View all posts by ਗੁਰਸ਼ਰਨ ਸਿੰਘ ਕੁਮਾਰ →