9 October 2024
man deep_kaur

“ਬਲਿਓ ਚਿਰਾਗ ਅੰਧਿਅਾਰ ਮਾਹਿ” ਅੰਤਹਕਰਨ ਦੀ ਰੌਸ਼ਨੀ ਵਿੱਚ— ✍️ਮਨਦੀਪ ਕੌਰ ਭੰਮਰਾ

 

ਡਾਕਟਰ ਸਰਬਜੀਤ ਕੌਰ ਸੰਧਾਵਾਲ਼ੀਆ ਦੀ ਪੁਸਤਕ ਦਾ ਸਰਵਰਕ ਦੇਖ ਕੇ ਮੇਰੀ ਰੂਹ ਸਰਸ਼ਾਰ ਹੋ ਗਈ ਸੀ। ਪੁਸਤਕ ਪੜ੍ਹਨ ਵਾਲ਼ੇ ਜਗਿਆਸੂ ਪ੍ਰੀਤਵਾਨ ਹੋ ਕੇ ਪੜ੍ਹਨਗੇ ਤਾਂ ਅਸੀਮ ਆਨੰਦ ਨੂੰ ਪ੍ਰਾਪਤ ਹੋਣ, ਮੇਰੀ ਇਹ ਅਰਦਾਸ ਹੈ।

ਗੁਰੂ ਪਾਤਸ਼ਾਹ ਮਿਹਰਾਂ ਕਰਨ ਤਾਂ ਹੀ ਸਿੱਖ ਦਾ ਜੀਵਨ ਸਫ਼ਲ ਹੋ ਸਕਦਾ ਹੈ। ਬਲਕਿ ਇਸ ਗੱਲ ਵਿੱਚ ਵੀ ਕੋਈ ਅੱਤਿਕਥਨੀ ਹੋਵੇਗੀ ਕਿ ਸਿੱਖ ਦਾ ਜੀਵਨ ਗੁਰੂ ਨਾਨਕ ਪਾਤਸ਼ਾਹ ਦੇ ਸਦਕਾ ਹੀ ਸਾਰਥਿਕਤਾ ਸਹਿਤ ਜੀਵਿਆ ਜਾ ਸਕਦਾ ਹੈ। ਗੁਰੂ ਨਾਨਕ ਤਰੁੱਠੇ ਰਹਿਣ ਤਾਂ ਸੁਹੇਲਾ ਜੀਵਿਆ ਜਾ ਸਕਦਾ ਹੈ। ਗੁਰੂ ਨਾਨਕ ਸਾਹਿਬ ਸਾਹਿਬਾਂ ਦੇ ਸਾਹਿਬ ਨੇ…ਆਪ ਨਿਰੰਕਾਰ ਕਲਾਧਾਰ ਹਨ …! ਧੰਨ ਹਨ ਸਾਡੇ ਗੁਰੂ ਨਾਨਕ, ਜਿੰਨਾਂ ਨੇ ਸਾਹਿਬ ਹੁੰਦਿਆਂ ਕੰਡਿਆਲ਼ੇ ਰਾਹਾਂ ਦਾ ਸਫ਼ਰ ਚੁਣਿਆ ਅਤੇ ਦੁਨੀਆਂ ਦੇ ਸਾਰੇ ਸੁੱਖ ਆਰਾਮ ਛੱਡ ਕੇ, ਪਰਿਵਾਰ ਦੀਆਂ ਸਾਰੀਆਂ ਬੰਦਸ਼ਾਂ ਨੂੰ ਤੋੜ ਕੇ, ਆਪਣੇ ਅਸਲੀ ਫ਼ਰਜ਼ ਦੀ ਪਹਿਚਾਣ ਕਰਦਿਆਂ, ਆਪਣਾ ਸਾਰਾ ਅਨਮੋਲ ਜੀਵਨ ਆਮ ਲੋਕਾਈ ਦੇ ਲੇਖੇ ਲਗਾ ਦਿੱਤਾ। ਗੁਰੂ ਨਾਨਕ ਪਾਤਸ਼ਾਹ ਦਾ ਜੀਵਨ ਦਾ ਸਫ਼ਰ, ਅਖੀਰ ‘ਕਲਮ ਸਾ ਸਫ਼ਰ’ ਹੋ ਨਿੱਬੜਿਆ, ਜਿਸ ਦੇ ਫਲਸਰੂਪ ਅੱਜ ਸਾਡੇ ਕੋਲ਼ ਸਾਡੇ ਮਹਾਨ ਮੌਜੂਦਾ ਸ਼ਬਦ ਗੁਰੂ “ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਮੌਜੂਦ ਹਨ।

ਇਹ ਸਾਰਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਰਹਿਬਰੀ ਅਤੇ ਰੂਹਦਾਰੀ ਦੇ ਸਦਕਾ ਸੰਭਵ ਹੋਇਆ। ਆਪਣੇ ਅਜ਼ੀਮ ਸਾਥੀ ਭਾਈ ਮਰਦਾਨਾ ਜੀ ਦੀ ਸੰਗਤ ਵਿੱਚ ਉਹ ਤਾ-ਉਮਰ ਤੁਰਦੇ ਰਹੇ! ਕਿੰਨਾ ਅਲ਼ੌਕਿਕ ਸਫ਼ਰ ਰਿਹਾ ਹੋਵੇਗਾ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਜੀ ਦਾ ਇਹ ਇਲਾਹੀ ਰਹਿਮਤਾਂ ਵਾਲ਼ਾ ਅਨੂਠਾ ਸਫ਼ਰ, ਜਿੱਥੇ ਸਿਰਫ਼ ਦੇਣਾ ਸੀ, ਲੈਣਾ ਨਹੀੰ ਸੀ। ਹਾਂ, ਜੇ ਲੈਣਾ ਸੀ ਤਾਂ ਉਹ ਥਾਂ ਪੁਰ ਥਾਂ ‘ਤੇ ਪਈ ਅਨੂਠੀ ਬਾਣੀ, ਜੋ ਬਾਬਾ ਸ਼ੇਖ ਫਰੀਦ ਜੀ ਦੇ ਸਥਾਨ ਪਾਕਪਟਨ ਤੋਂ ਲੈ ਕੇ ਕਾਂਸ਼ੀ ਤੱਕ ਅਤੇ ਕਈ ਹੋਰ ਥਾਵਾਂ ਉੱਤੇ ਰਚੀ ਗਈ ਸੀ ਅਤੇ ਸੰਭਾਲ਼ੀ ਗਈ ਸੀ। ਆਪਣੇ ਇਸ ਅਨੂਠੇ ਕਾਰਜ ਦੀ ਅਹਿਮੀਅਤ ਨੂੰ ਸਮਝਦਿਆਂ ਗੁਰੂ ਨਾਨਕ ਪਾਤਸ਼ਾਹ ਨੇ ਮੀਲੋ-ਮੀਲ ਸਫ਼ਰ ਕੀਤਾ। ਅਖੀਰ ਗੁਰਗੱਦੀ ਭਾਈ ਲਹਿਣਾ ਜੀ ਨੂੰ ਸੌਂਪ ਕੇ ਆਪ ਹੱਥੀਂ ਕਿਰਤ ਕਰਨ ਵਿੱਚ ਜੁੱਟ ਗਏ। ਕਰਤਾਰਪੁਰ ਵਿਖੇ ਕਿਰਸਾਣੀ ਕੀਤੀ ਅਤੇ ਹੱਥੀਂ ਕੰਮ ਕਰਨ ਦੇ ਮਹਤੱਵ ਨੂੰ ਦਰਸਾਇਆ।

ਗੁਰੂ ਨਾਨਕ ਸਾਹਿਬ ਨੇ ਜਿਹੜੇ ਸਿੱਖ ਧਰਮ ਦੀ ਨੀਂਹ ਆਪਣੇ ਮਹਾਨ ਕਰ ਕਮਲਾਂ ਨਾਲ਼ ਅਤੇ ਉੱਚੇ ਕਰਮਾਂ ਨਾਲ਼ ਰੱਖੀ ਸੀ, ਉਹ ਏਨੀ ਮਜ਼ਬੂਤ ਸੀ ਕਿ ਉਸ ਉੱਪਰ ਸਿੱਖੀ ਦਾ ਜਿਹੜਾ ਮਹੱਲ ਖੜ੍ਹਾ ਹੋਇਆ, ਉਹ ਪੰਜਾਬ ਦੀ ਮਹਾਨਤਮ ਧਰਤੀ ਤੋਂ ਉੱਠ ਕੇ ਪੂਰੇ ਵਿਸ਼ਵ ਦੇ ਨਕਸ਼ੇ ਉੱਤੇ ਹੀ ਨਹੀਂ ਫੈਲਿਆ, ਸਗੋਂ ਇੱਕ ਸਲਤਨਤ ਵਾਂਗ ਠੋਸ ਰੂਪ ਵਿੱਚ ਵੀ ਅਨੰਤ ਸਥਾਨਾਂ ਉੱਤੇ ਵਿਸਤ੍ਰਿਤ ਹੁੰਦਾ ਗਿਆ।

ਆਪਣੀ ਇਸ ਗੱਲਬਾਤ ਦਾ ਮੁੱਖ ਮੋੜਦਿਆਂ ਮੈਂ ਮਨਦੀਪ ਕੌਰ ਭੰਮਰਾ, ਆਪਣੇ ਮਾਣਮੱਤੇ ਪਾਠਕਾਂ ਦਾ ਧਿਆਨ, ਉਸ ਸੱਤ-ਮੰਜ਼ਿਲਾ ਇਮਾਰਤ ਵੱਲ ਦਿਵਾਉਣਾ ਚਾਹੁੰਦੀ ਹਾਂ, ਜਿਸਦਾ ਨਾਮ ਹੈ “ਸ਼੍ਰੀ ਬੁਲੰਦਪੁਰੀ ਸਾਹਿਬ।” ਬੁਲੰਦਪੁਰੀ ਸਾਹਿਬ ਦੀ ਵਰੋਸਾਈ ਹੋਈ ਧਰਤੀ ਉੱਤੇ ਗੁਰੂ ਨਾਨਕ ਪਾਤਸ਼ਾਹ ਦੀ ਰਹਿਮਤ ਨਾਲ਼ ਇੱਕ ਰੰਗ-ਰੱਤੜੀ ਰੂਹ ਬਾਬਾ ਬਲਦੇਵ ਸਿੰਘ ਹੁਰਾਂ ਦੀ ਸਰਪ੍ਰਸਤੀ ਵਿੱਚ, ਇੱਕ ਹੋਰ ਰੰਗ-ਰੱਤੜੀ ਰੂਹ ਡਾਕਟਰ ਸਰਬਜੀਤ ਕੌਰ ਸੰਧਾਵਾਲ਼ੀਆ ਹੈ। ਕਲਮ ਦੇ ਗਹਿਣੇ ਨਾਲ਼ ਨਿਵਾਜੀਆਂ ਸਾਡੀਆਂ ਰੂਹਾਂ ਗੁਰੂ ਪਾਤਸ਼ਾਹ ਦੀਆਂ ਰਿਣੀ ਹਨ। ਡਾਕਟਰ ਸਰਬਜੀਤ ਕੌਰ ਸੰਧਾਵਾਲ਼ੀਆ ਕਿਸੇ ਵਿਸ਼ੇਸ਼ ਜਾਣ-ਪਛਾਣ ਦੇ ਮੁਹਤਾਜ ਨਹੀਂ ਹਨ। ਅਖਬਾਰ ਪੜ੍ਹਨ ਵਾਲ਼ਾ ਹਰ ਬਸ਼ਰ ਇਸ ਨਾਮ ਤੋਂ ਵਾਕਿਫ਼ ਹੈ। ਡਾਕਟਰ ਸੰਧਾਵਾਲ਼ੀਆ ਕਿੱਤੇ ਵਜੋਂ ਬਾਟਨੀ ਦੇ ਪ੍ਰੋਫੈਸਰ ਰਹੇ ਹਨ। ਲੱਗਭਗ ਛੇ ਐੱਮ. ਏ ਅਤੇ ਪੀ ਐੱਚ ਡੀ ਸਾਡੇ ਹੋਣਹਾਰ ਡਾਕਟਰ ਸੰਧਾਵਾਲ਼ੀਆ ਕਮਾਲ ਦੇ ਗ਼ਜ਼ਲਗੋ ਹਨ। ਭਾਈ ਨੰਦ ਲਾਲ ਜੀ ਨੂੰ ਆਪਣਾ ਸਹਿ-ਸੁਭਾਵਿਕ ਉਸਤਾਦ ਮੰਨਣ ਵਾਲ਼ੇ ਡਾਕਟਰ ਸਰਬਜੀਤ ਕੌਰ ਸੰਧਾਵਾਲ਼ੀਆ ਹੁਰਾਂ ਨੇ ਸਿੱਖ ਵਿਰਸੇ ਨਾਲ਼ ਸੰਬੰਧਿਤ ਹਜ਼ਾਰਾਂ ਲੇਖ ਲਿਖ ਕੇ, ਜਿੱਥੇ ਅਖਬਾਰਾਂ ਦੇ ਕਾਲਮ ਰੁਸ਼ਨਾਏ ਹਨ, ਉੱਥੇ ਸਿੱਖ ਵਿਰਸੇ ਨੂੰ, ਸਿੱਖੀ ਸ਼ਾਨ ਨੂੰ, ਸਿੱਖ ਦੇ ਗੁਰੂ ਨਾਲ਼ ਪਿਆਰ ਨੂੰ ਵਧਾਉਣ ਵਿੱਚ ਕਲਮੀ ਯੋਧੇ ਵਾਂਗ ਆਪਣਾ ਯੋਗਦਾਨ ਪਾਇਆ ਹੈ। ਸਿੱਖ ਸਿਧਾਂਤਾਂ ਦੀ ਗੱਲ ਬੜੀ ਸੂਝਬੂਝ ਵਾਲ਼ੀ ਦ੍ਰਿਸ਼ਟੀ ਨਾਲ਼ ਕਰਦਿਅਾਂ ਆਪਣੇ ਨਿਰਾਲੇ ਵਿਚਾਰ ਰੱਖੇ ਹਨ। ਕਮਾਲ ਦੀ ਸ਼ਾਇਸਤਗੀ ਵਾਲ਼ੀ ਭਾਸ਼ਾ ਵਰਤਦਿਆਂ, ਕਲਮ ਨੂੰ ਗਹਿਣਾ ਸਾਬਤ ਕੀਤਾ ਹੈ।

ਗੁਰੂ ਨਾਨਕ ਪਾਤਸ਼ਾਹ ਦੀ ਰਹਿਮਤ ਦੇ ਸਦਕਾ ਅਤੇ ਬਾਬਾ ਬਲਦੇਵ ਸਿੰਘ ਹੁਰਾਂ ਦੀ ਸੁਯੋਗ ਰਹਿਨੁਮਾਈ ਵਿੱਚ ਵਿਚਰਦਿਆਂ, ਆਪਣਾ ਕਾਰਜ ਕਰਦਿਆਂ, ਇਸ ਕਲਮਵਾਨ ਸੁਆਣੀ ਨੇ ਜਿਸ ਪ੍ਰਪੱਕਤਾ ਨਾਲ਼ ਆਪਣੇ ਲਿਖਣ-ਕਾਰਜ ਨੂੰ ਸੰਜੋਇਆ ਹੈ, ਉਹ ਲਾਮਿਸਾਲ ਹੈ। ਗੁਰ ਗੋਬਿੰਦ ਸਿੰਘ ਸਾਹਿਬ ਦੇ ਜੀਵਨ ਅਤੇ ਸਰਬ-ਕਲਾਵਾਂ ਉੱਪਰ ਆਪਣੀ ਇੱਕ ਵੱਡ ਆਕਾਰੀ ਪੁਸਤਕ ਦੇ ਚੁੱਕੇ ਡਾਕਟਰ ਸਰਬਜੀਤ ਕੌਰ ਸੰਧਾਵਾਲੀਆ ਹੁਰਾਂ ਦੀ ਗੁਰੂ ਨਾਨਕ ਪਾਤਸ਼ਾਹ ਬਾਰੇ ਪੰਜਾਬੀ ਭਾਸ਼ਾ ਵਿੱਚ ਲਿਖੀ ਗਈ ਪੁਸਤਕ,”ਸਿੱਖ ਲਿਟਰੇਰੀ ਐਂਡ ਕਲਚਰਲ ਸਟਾਲ” ਯੂ. ਕੇ. ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸੀ।

ਉਸੇ ਪੁਸਤਕ ਨੂੰ ਹੁਣ ਅੰਗਰੇਜ਼ੀ ਭਾਸ਼ਾ ਵਿੱਚ “Balio Chirag Andhyar Mah” ਦੇ ਨਾਮ ਹੇਠ, ਡਾਕਟਰ ਸਰਬਜੀਤ ਕੌਰ ਸੰਧਾਵਾਲ਼ੀਆ ਦੁਆਰਾ ਲਿਖਿਆ ਗਿਆ ਅਤੇ ਉਸੇ ਪਬਲੀਕੇਸ਼ਨ ਦੁਆਰਾ ਛਾਪਿਆ ਗਿਆ ਹੈ।

ਹਥਲੇ ਲੇਖ ਵਿੱਚ ਅਗਲੀ ਗੱਲ ਅਸੀਂ “ਬਲਿਓ ਚਿਰਾਗ ਅੰਧਿਆਰ ਮਾਹਿ” ਬਾਰੇ ਕਰਾਂਗੇ। ‘ਨਾਮ ਖ਼ੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤੁ” ਦੇ ਮਹਾਂਵਾਕਿ ਅਨੁਸਾਰ, ਜਿਹੜੀ ਆਤਮਾ ਪਰਮਾਤਮਾ ਦੇ ਨਾਮ ਵਿੱਚ ਵਿਲੀਨ ਹੋ ਜਾਂਦੀ ਹੈ, ਉਸਨੂੰ ਦਿਨੇ ਰਾਤ ਖ਼ੁਮਾਰੀ ਚੜ੍ਹੀ ਰਹਿੰਦੀ ਹੈ। ਦੁਨਿਆਵੀ ਮੋਹ ਮਮਤਾ ਤੋਂ ਛੁਟਕਾਰਾ ਪਾ ਲੈਣ ਵਿੱਚ ਸਫ਼ਲ ਹੋਣ ਵਾਲ਼ੀਆਂ ਰੂਹਾਂ ਹੀ ਅਜਿਹਾ ਕਰ ਸਕਦੀਆਂ ਹਨ। ਡਾਕਟਰ ਸਰਬਜੀਤ ਕੌਰ ਸੰਧਾਵਾਲੀਆ ਜੀ ਦੇ ਜੀਵਨ-ਪਲਟੇ ਨੂੰ ਦੇਖ ਕੇ ਅਸਚਰਜ ਭਰੀ ਖ਼ੁਸ਼ੀ ਮਹਿਸੂਸ ਹੁੰਦੀ ਹੈ। ਕਿਵੇਂ ਉਹਨਾਂ ਨੇ ਆਪਣੀ ਸ਼ਖਸੀਅਤ ਨੂੰ ਗੁਰੂ ਚਰਨਾਂ ਅਤੇ ਗੁਰੂ ਪ੍ਰੀਤ ਨਾਲ਼ ਜੋੜ ਕੇ ਪਰਿਵਰਤਿਤ ਕਰ ਲਿਆ ਹੈ। ਉਂਜ ਤਾਂ ਅਜਿਹਾ ਸਭ ਰਹਿਮਤ ਨਾਲ਼ ਹੀ ਵਾਪਰਦਾ ਹੈ। ਪਰਮ ਪਿਤਾ ਪਰਮਾਤਮਾ ਜੀ ਦੀ ਅਪਾਰ ਕਿਰਪਾ ਦੇ ਸਦਕੇ ਹੀ ਸੰਭਵ ਹੁੰਦਾ ਹੈ। ਪਰ ਦ੍ਰਿੜ ਇੱਛਾ ਸ਼ਕਤੀ, ਨਿੱਜੀ ਸਾਧਨਾ, ਅਨੁਸ਼ਾਸਿਤ ਜੀਵਨ ਅਤੇ ਆਗਾਧ ਭਗਤੀ ਤੋਂ ਬਿਨੁ ਇਹ ਸਭ ਸੰਭਵ ਨਹੀਂ ਹੁੰਦਾ। ਅਜਿਹੀਆਂ ਸ਼ਖ਼ਸੀਅਤਾਂ ਦੂਜਿਆਂ ਲਈ ਵੀ ਮਿਸਾਲ ਬਣ ਜਾਂਦੀਆਂ ਹਨ।

ਕਲਮ ਦੇ ਧਨੀ ਡਾਕਟਰ ਸਰਬਜੀਤ ਕੌਰ ਸੰਧਾਵਾਲ਼ੀਆ ਦੁਆਰਾ ਰਚਿਤ ਇਹ ਪੁਸਤਕ ਗੁਰੂ ਨਾਨਕ ਪਾਤਸ਼ਾਹ ਦੇ ਸਹਾਰੇ ਅਤੇ ਰਹਿਮੋ-ਕਰਮ ਦੇ ਸਦਕੇ ਹੀ ਲਿਖੀ ਜਾ ਸਕੀ ਹੋਵੇਗੀ, ਅਜਿਹਾ ਮੇਰਾ ਵਿਸ਼ਵਾਸ ਹੈ।

“ਚਰਨ ਸ਼ਰਨ ਜਾਇ ਏਕ ਪੈਂਡਾ
ਸਤਿਗੁਰੂ ਕੋਟਿ ਪੈਂਡਾ ਆਗੇ ਹੋਇ ਲੇਤੁ ਹੈਂ”

ਭਾਈ ਗੁਰਦਾਸ ਜੀ ਦੇ ਇਸ ਕਥਨ ਵਿੱਚ ਮੇਰਾ ਆਪਣਾ ਅਥਾਹ ਵਿਸ਼ਵਾਸ ਹੈ। ਇਹ ਸਭ ਸਮੇਂ ਸਮੇਂ ਗੁਰੂ ਬਾਣੀ ਦੀ ਵਿਆਖਿਆ ਸੁਣਦਿਆਂ ਮਹਿਸੂਸ ਕੀਤਾ ਹੈ। ਮੇਰੀ ਸੋਚ ਦੇ ਦੁਆਰ ਦੇ ਜਿਸ ਪੱਧਰ ਤੱਕ ਮੈਂ ਅਤੇ ਮੇਰੇ ਸਰਦਾਰ ਜੀ ਨੇ ਸਿੱਖਿਆ, ਜਾਣਿਆ ਅਤੇ ਸਮਝਿਆ…ਹੁਣ ਤੱਕ ਦੇ ਜੀਵਨ ਵਿੱਚ ਸਾਡੇ ਕੰਮ ਆਇਆ। ਜੀਵਨ ਦੀਆਂ ਆਮ ਮੁਸ਼ਕਲਾਂ ਦੇ ਬਾਵਜੂਦ, ਧੰਨ ਗੁਰੂ ਨਾਨਕ ਪਾਤਸ਼ਾਹ ਦੀ ਅਪਾਰ ਰਹਿਮਤ ਦਾ ਜਲੌਅ ਅਸਾਂ ਨੇ ਜੋ ਮਾਣਿਆਂ, ਰੂਹਾਂ ਦੀ ਜੋ ਬੁਲੰਦੀ ਪਾਈ, ਇਹ ਸਭ ਉਸੇ ਵਿਸ਼ਵਾਸ ਦਾ ਸਿੱਟਾ ਹੈ। ਵੈਸੇ ਵੀ ਮੇਰਾ ਵਿਸ਼ਵਾਸ ਹੈ ਕਿ “ਗੁਰੂ ਨਾਨਕ ਇੱਕ ਵਿਸ਼ਵਾਸ ਦਾ ਨਾਮ ਹੈ।” ਇਹ ਨਿਰੇ ਅਨੁਭਵ ਦੀਆਂ ਗੱਲਾਂ ਹਨ।

ਕਲ਼ਯੁੱਗ ਦੇ ਜਿਸ ਅੰਧਿਆਰ ਵਿੱਚ ਨਿਰੰਕਾਰ ਆਪ ਗੁਰੂ ਨਾਨਕ ਰੂਪ ਹੋ ਕੇ ਧਰਤੀ ਉੱਪਰ ਆਏ, ਵਿੱਚਰਨ ਕੀਤਾ, ਮਹਾਨ ਕੌਤਕ ਕੀਤੇ, ਦਸਾਂ ਜਾਮਿਆਂ ਵਿੱਚ ਲੱਗਭਗ ਦੋ ਸਦੀਆਂ ਉਹ ਸਰੀਰਕ ਰੂਪ ਵਿੱਚ ਇਸ ਧਰਤੀ ਉੱਪਰ ਰਹੇ; ਨਾਨਕ-ਨਾਮ-ਲੇਵਾ ਪ੍ਰਾਣੀ ਜਾਣਦੇ ਹਨ ਕਿ ਉਹ ਅੱਜ ਵੀ ਕਿਤੇ ਗਏ ਨਹੀਂ ਹਨ। ਜੇ ਪਾਠਕ ਯਕੀਨ ਕਰ ਸਕਣ ਤਾਂ ਮੈਂ ਬਹੁਤ ਨਿਮਰਤਾ ਸਹਿਤ ਇਹ ਸੱਚ ਬਿਆਨਦਿਆਂ ਇਹ ਦਾਅਵਾ ਕਰਦੀ ਹਾਂ ਕਿ ਗੁਰੂ ਨਾਨਕ ਆਪਣੇ ਭਗਤਾਂ ਨੂੰ ਆਪ ਆਣ ਮਿਲ਼ਦੇ ਹਨ…। ਬਹੁੜਦੇ ਹਨ ਅਤੇ ਅਸੀਮ ਦੁੱਖਾਂ ਦੀਆਂ ਫਾਹੀਆਂ ਨੂੰ ਕੱਟ ਦਿੰਦੇ ਹਨ। ਪਾਪਾਂ ਤੋਂ ਛੁਟਕਾਰਾ ਦਿਵਾਉਂਦੇ ਹਨ। ਨੂਰਾਨੀ ਚਾਨਣ ਦੇ ਦਰਸ਼ਨ ਕਰਵਾਉੰਦੇ ਹਨ। ਰੂਹਾਨੀ ਆਭਾ ਬਖੇਰਦੇ ਹਨ ਅਤੇ ਰਹਿਮਤ ਬਖਸ਼ਦੇ ਹਨ। ਨਿੱਜੀ ਅਨੁਭਵਾਂ ਤੋਂ ਬਿਨਾਂ ਇਹ ਸਭ ਅਕਥਨ ਹੋ ਨਿਬੜੇਗਾ…। ਪਰ ਇਹ ਸੱਚ ਹੈ ਕਿ ਗੁਰੂ ਕਿਤੇ ਗਏ ਨਹੀਂ ਹਨ।

ਆਪਣੀ ਪੁਸਤਕ ਦੀ ਭੂਮਿਕਾ ਵਿੱਚ ਡਾਕਟਰ ਸਰਬਜੀਤ ਕੌਰ ਲਿਖਦੇ ਹਨ ਕਿ ਗੁਰੂ ਨਾਨਕ ਦੇ ਚਰਨ ਕਮਲਾਂ ਵਿੱਚ ਬੈਠ ਕੇ ਉਹਨਾਂ ਦੀ ਰੂਹ ਸਰਸ਼ਾਰ ਹੋਈ ਹੈ। ਪਿਆਰ ਦੇ ਅਗਾਧ ਬੋਧ ਵਾਲ਼ੇ ਅਨੁਭਵ ਨੂੰ ਪ੍ਰਾਪਤ ਹੋਏ ਉਹ ਆਪਣੇ ਆਪ ਨੂੰ ਵਡਭਾਗੇ ਸਮਝਦੇ ਹਨ। ਸੂਹੀ ਮਹਲਾ ਪੰਜਵਾਂ ਦੇ ਮਹਾਂਵਾਕ ਦੇ ਇਲਾਹੀ ਹੁਕਮਨਾਮੇ ਨਾਲ਼ ਬਖਸ਼ਿਸ਼ ਹੋਈ। ਆਪਣੀ ਸੁੱਚੀ ਕਲਮ ਨਾਲ਼ ਇਹ ਸਫ਼ਰ ਸ਼ੁਰੂ ਕਰਦਿਆਂ ਡਾਕਟਰ ਸਰਬਜੀਤ ਕੌਰ ਹੁਰਾਂ ਦੀ ਪਰਮਾਤਮਾ ਅੱਗੇ ਕੀਤੀ ਬੇਨਤੀ ਜੋਦੜੀ ਸੁਣੀ ਗਈ। ਗੁਰੂ ਗਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦਿਆਂ ਉਹਨਾਂ ਨੇ ਇਸ ਕਾਰਜ ਨੂੰ ਨਵੀਂ ਪੀੜ੍ਹੀ ਦੇ ਅੰਗਰੇਜ਼ੀ ਮਾਤ-ਭਾਸ਼ਾ ਵਾਲ਼ੇ ਨੌਜੁਆਨ ਬੱਚਿਆਂ ਬੱਚੀਆਂ ਲਈ ਧੰਨ ਗੁਰੂ ਨਾਨਕ ਦੀ ਸ਼ਾਨ ਵਿੱਚ ਇਹ ਰਹਿਬਰੀ-ਵਰਦਾਨ ਵਾਲ਼ੀ ਪੁਸਤਕ ਤਿਆਰ ਕੀਤੀ ਹੈ। ਲਿਖਣ ਤੋਂ ਪਹਿਲਾਂ ਕਲਮ ਯਾਨਿ ਪੈੱਨ ਨੂੰ ਸਰੋਵਰ ਵਿੱਚ ਡੋਬ ਲੈਂਦੇ ਨੇ। ਅਜਿਹੀ ਸ਼ਰਧਾ ਦੇ ਵਾਰੇ ਜਾਨਣਾ ਬਣਦਾ ਹੈ। ਅਜਿਹੀ ਨਿਮਰਤਾ ਦੇ ਵੀ ਸਦਕੇ ਜਾਣਾ ਬਣਦਾ ਹੈ। ਯਾਨਿ ਆਪਣਾ ਕੁੱਝ ਵੀ ਨਹੀਂ। ਸਭ ਗੁਰਾਂ ਦਾ ਹੈ, ਕਲਮ ਵੀ, ਸੋਚ ਵੀ, ਸ਼ਬਦ ਵੀ, ਘਾੜਤ ਵੀ ਤੇ ਅਖੀਰ ਪੁਸਤਕ ਤਿਆਰ ਹੋ ਜਾਂਦੀ ਹੈ। ਕੁਦਰਤ ਦੀ ਗੋਦ ਵਿੱਚ ਬੈਠ ਕੇ ਤੇ ਸਮੁੱਚੀ ਕਾਇਨਾਤ ਵਿੱਚ ਰਮਿਆ ਮਹਿਸੂਸ ਕਰਕੇ, ਮਹਿਕਵੰਤੀਆਂ ਖੁਸ਼ਬੋਆਂ ਨੂੰ ਮਾਣ ਕੇ, ਧੂਪ ਮਲਿਆਨਲੋਅ ਦਾ ਅਨੁਭਵ ਆਪਣੇ ਆਸ-ਪਾਸ ਮਹਿਸੂਸ ਕਰਕੇ, ਸਾਡੀ ਇਹ ਮਾਣਮੱਤੀ ਕਲਮਕਾਰ ਕਮਾਲ ਹੀ ਤਾਂ ਕਰ ਜਾਂਦੀ ਹੈ। ਅਧਿਆਤਮਿਕਤਾ ਦੀਆਂ ਪਉੜੀਆਂ ਚੜ੍ਹਦਿਆਂ ਅਤੇ ਫਿਰ ਅਨੁਭਵ ਦੇ ਡੂੰਘੇ ਪੜਾਵਾਂ ਵਿੱਚ ਉੱਤਰਦਿਆਂ, ਮਾਣਕ ਮੋਤੀ ਲੱਭ ਕੇ ਲਿਆਉਣੇ, ਪੁਸਤਕ ਦੇ ਪੰਨਿਆਂ ਦਾ ਸ਼ਿੰਗਾਰ ਬਣਾਉਣੇ ਆਪਣੇ ਉਹ ਅਧਿਆਤਮਿਕ ਬੋਲ…ਪਾਠਕ ਦੀ ਰਸਨਾ ਅਤੇ ਨੈਣਾਂ ਰਾਹੀਂ ਪਾਠਕ ਤੱਕ ਪੁਚਾਉਣੇ, ਇਸ ਕਦਰ ਤਾਂ, ਮੇਰੀ ਇਸ ਸਮਕਾਲਿਤਾ ਵਿੱਚ, ਮੈਂ ਸਮਝਦੀ ਹਾਂ ਕਿ ਕੇਵਲ ਤੇ ਕੇਵਲ ਡਾਕਟਰ ਸਰਬਜੀਤ ਕੌਰ ਸੰਧਾਵਾਲ਼ੀਆ ਜੀ ਦੇ ਹੀ ਹਿੱਸੇ ਆਇਆ ਆਖਾਂ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।

ਭਗਤੀ ਭਾਓ ਦੇ ਪ੍ਰਵਾਹ ਵਿੱਚ ਲੀਨ ਕਰਤਾ ਦੀ ਵਿਭੋਰ ਆਤਮਾ ਬਲਿਹਾਰ ਜਾਂਦੀ ਹੈ, ਕੁਦਰਤ ਦੀ ਆਗੋਸ਼ ਅਤੇ ਆਗਿਆ ਵਿੱਚ ਸਗਲ ਬ੍ਰਹਿਮੰਡੀ ਸ਼ਕਤੀ ਅੱਗੇ ਆਪਣਾ ਸਿਰ ਝੁਕਾਉਂਦੀ ਹੋਈ ਇਹ ਕਲਮ ਇਹ ਵੀ ਅਰਦਾਸ ਕਰਦੀ ਹੈ ਕਿ ਹਰ ਕੋਈ ਪਰਮਾਤਮਾ ਦੇ ਵਰੋਸਾਏ ਹੋਏ ਇਨ੍ਹਾਂ ਹੁਸੀਨ ਨਜ਼ਾਰਿਆਂ ਨੂੰ ਮਾਨਣ ਦੇ ਸਮਰੱਥ ਹੋ ਸਕੇ! ਗੁਰੂ ਨਾਨਕ ਪਿਤਾ ਸਭ ਉੱਤੇ ਰਹਿਮਤ ਕਰਨ …! ਉਸ ਅਲ਼ੌਕਿਕ ਰੌਸ਼ਨੀ ਦੇ ਪ੍ਰਕਾਸ਼-ਪੁੰਜ ਦੇ ਜਲਵੇ ਹੇਠ ਆ ਕੇ ਸਾਰੀ ਲੋਕਾਈ ਦਾ ਹਨ੍ਹੇਰਾ ਦੂਰ ਹੋ ਸਕੇ! ਨੂਰੀ ਪ੍ਰਕਾਸ਼ ਹੀ ਚਾਨਣ ਫੈਲਾਅ ਕੇ ਚੁਫ਼ੇਰ ਨੂੰ ਰੁਸ਼ਨਾਅ ਸਕਦਾ ਹੈ। ਕੇਵਲ ਬਾਹਰੀ ਆਲ਼ਾ ਦੁਆਲ਼ਾ ਹੀ ਨਹੀਂ…ਅੰਤਰਆਤਮਾ ਅਤੇ ਅੰਤਹਕਰਣ ਵੀ ਰੌਸ਼ਨ ਹੋਣਾ ਜ਼ਰੂਰੀ ਹੁੰਦਾ ਹੈ। ਕੇਵਲ ਸ਼ਬਦ ਦੀ ਰੌਸ਼ਨੀ ਅਤੇ ਅਨੁਭਵ ਦੀ ਭੱਠੀ ਵਿੱਚ ਤਪ ਕੇ ਹੀ ਉਸ ਚਾਨਣ ਦੀ ਪ੍ਰਾਪਤੀ ਹੋ ਸਕਦੀ ਹੈ। ਪਰ ਇਹ ਸਭ ਰਹਿਮਤੀ-ਵਰਤਾਰਾ ਹੁੰਦਾ ਹੈ।

ਅਖੀਰ ਵਿੱਚ ਡਾਕਟਰ ਸਰਬਜੀਤ ਕੌਰ ਸੰਧਾਵਾਲ਼ੀਆ ਹੁਰਾਂ ਨੂੰ ਬਹੁਤ ਨਿੱਘੇ ਪਿਆਰ ਅਤੇ ਮੁਹੱਬਤੀ ਖ਼ਲੂਸ ਨਾਲ਼ ਓਤਪੋਤ ਵਧਾਈ ਦਿੰਦੀ ਹਾਂ ਅਤੇ ਇਸ ਪੁਰਨੂਰ ਚੇਤਨਾ, ਸਾਧਕ ਚਿੰਤਨਸ਼ੀਲ, ਸਮਰੱਥਾਵਾਨ ਕਲਮਕਾਰ ਨੂੰ ਸਦਾ ਰਹਿਮਤੀ ਵਰਦਾਨ ਦੇ ਸਾਏ ਵਿੱਚ ਵਿਚਰਦੇ ਰਹਿਣ ਦਾ ਸ਼ਾਨਦਾਰ ਅਵਸਰ ਮਿਲਣ ਅਤੇ ਆਪਣਾ ਜੀਵਨ ਲੋਕਤਾ ਦੀ ਸੇਵਾ ਦੇ ਲੇਖੇ ਲਾਉਣ ਦੀ ਸ਼ਾਹਦੀ ਭਰਨ ਦਾ ਅਹਿਸਾਸ ਕਰਦੀ ਹਾਂ। ਗੁਰੂ ਨਾਨਕ ਪਾਤਸ਼ਾਹ ਜੀ ਦੁਆਰਾ ਨਿਵਾਜੀ ਹੋਈ ਮੇਰੀ ਕਲਮ ਵੀ ਮੇਰੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ…ਅਤਿਅੰਤ ਸ਼ੁਕਰਾਨਾ ਕਰਦੀ ਹੋਈ…
ਨਿਮਰਤਾ ਸਹਿਤ-
ਕਲਮਕਾਰ
ਮਨਦੀਪ ਕੌਰ ਭੰਮਰਾ
(ਮੁੜ ਸੋਧ-20.3.2021)
mandeepbhamra7@gmail.com
***
94
***

mandeep Kaur