4 November 2024
ਸਮੇਂ ਨਾਲ ਸੰਵਾਦ

ਭਾਈਚਾਰਕ ਸਾਂਝ ਅਤੇ ਵਿਸਾਖੀ ਦੇ ਰੰਗ—-ਕੇਹਰ ਸ਼ਰੀਫ਼

ਹਰ ਦੇਸ਼ ਵਿਚ ਵਿਰਾਸਤ ਨਾਲ ਜੁੜੇ ਦਿਹਾੜੇ ਜਾਂ ਮੇਲੇ ਉਸਦੀ ਸੱਭਿਆਚਾਰਕ ਪਹਿਚਾਣ ਅਤੇ ਤੋਰ ਦੇ ਉਭਰਦੇ ਅੰਗ ਬਣਦੇ ਹਨ। ਵਿਸਾਖੀ ਪੰਜਾਬੀਆਂ ਵਾਸਤੇ ਲੋਕ ਜੀਵਨ ਨਾਲ ਜੁੜਿਆ ਨੇੜਵਾਂ ਸੱਚ ਹੈ। ਇਹ ਸਦੀਆਂ ਪੁਰਾਣੀ ਰੀਤ ਹੈ, ਸਾਂਝ ਭਰੇ ਜੀਵਨ ਦੀ ਝਲਕ ਹੈ, ਮੋਹ-ਮੁਹੱਬਤ ਦਾ ਪ੍ਰਤੀਕ ਹੈ। ਇਹ ਸਾਨੂੰ ਨਵੀਂ ਜੀਵਨ ਜਾਚ ਬਖਸ਼ਦਾ ਅਜਿਹਾ ਸੱਚ ਹੈ ਜਿਸ ਨਾਲ ਮਨੁੱਖੀ ਜਿ਼ੰਦਗੀ ਮੁੱਲਵਾਨ ਵੀ ਹੁੰਦੀ ਹੈ ਅਤੇ ਮੋਹ-ਵਾਨ ਵੀ, ਜਿਸ ਦੇ ਸਿੱਟੇ ਵਜੋਂ ਮਨੁੱਖੀ ਮਨ ਵਿਚ ਨਿਮਰਤਾ ਤੇ ਨਿਰਮਾਣਤਾ ਦਾ ਵਿਕਾਸ ਹੁੰਦਾ ਹੈ। ਇਹੋ ਹੀ ਸਮਾਜਿਕ ਸਥਿਤੀਆਂ ਵਿਚ ਤਬਦੀਲੀਆਂ ਦੀ ਸੂਚਕ ਬਣ ਜਾਂਦੀ ਹੈ। ਆਪਸੀ ਸਾਂਝ ਦਾ ਸਭ ਤੋਂ ਵੱਡਾ ਸੁਨੇਹਾ। ਸਿਰਫ ਮੋਹ-ਮੁਹੱਬਤਾਂ ਭਰਿਆ ਹੀ ਨਹੀਂ ਇਹ ਕੁਰਬਾਨੀਆਂ ਭਰਿਆ ਦਿਹਾੜਾ ਵੀ ਹੈ।

ਰੁੱਤ ਬਦਲੀ ਨਾਲ ਜਦੋਂ ਕੋਰੇ-ਕੱਕਰਾਂ ਦੇ ਭੰਨੇ ਲੋਕ ਖੁੱਲ੍ਹੇ ਮੌਸਮ ਵਿਚ ਪਹੁੰਚਦੇ ਤਾਂ ਇਸ ਨੂੰ ਖੁਸ਼ੀ ਵਜੋਂ ਮਨਾਇਆ ਜਾਂਦਾ। ਸਾਂਝੇ ਇਕੱਠ ਹੁੰਦੇ। ਲੋਕ ਨੱਚਦੇ ਟੱਪਦੇ ਇਕ ਦੂਜੇ ਨਾਲ ਖੁਸ਼ੀ ਸਾਂਝੀ ਕਰਦੇ। ਪੇਂਡੂ ਖੇਡਾਂ ਹੁੰਦੀਆਂ ਸਨ, ਆਮ ਕਰਕੇ ਗਭਰੂਆਂ ਦੇ ਘੋਲ਼ (ਕੁਸ਼ਤੀਆਂ) ਹੀ ਪਹਿਲੇ ਸਮਿਆਂ ਵਿਚ ਮੁੱਖ ਸਨ ਜਾਂ ਫੇਰ ਗਭਰੂਆਂ ਦੇ ਸ਼ਰੀਰਾਂ ਨੂੰ ਪਰਖਣ ਵਾਸਤੇ ਮੂੰਗਲੀ ਫੇਰਨੀ, ਭਾਰ ਚੁੱਕਣਾ, ਦੌੜਨਾ ਤੇ ਪਿੱਛੋਂ ਜਾ ਕੇ ਕਬੱਡੀ ਵਿਚ ਗਭਰੂਆਂ ਦੀ ਜੋ਼ਰ ਅਜਮਾਈ ਹੋਣ ਲੱਗੀ। ਮਨ ਪ੍ਰਚਾਵੇ ਲਈ ਬੋਲੀਆਂ ਪਾ ਪਾ ਕੇ ਨੱਚਿਆਂ ਜਾਂਦਾ। ਇਸ ਤਰ੍ਹਾਂ ਅੱਜ ਵੇਖੇ ਜਾਂਦੇ ਨਾਚ ਉਸ ਸਮੇਂ ਹੀ ਜਨਮੇ ਹੋਣਗੇ। ਅੱਜ ਦਾ ਭੰਗੜਾ ਬੁਨਿਆਦੀ ਤੌਰ ਤੇ ਉਨ੍ਹਾਂ ਹੀ ਨਾਚਾਂ ਦਾ ਇਕ ਰੂਪ ਹੈ। ਇਸੇ ਤਰ੍ਹਾਂ ਹੀ ਪਸ਼ੂਆਂ ਦੀ ਜਾਨ ਪਰਖੀ ਜਾਂਦੀ ਆਮ ਕਰਕੇ ਬਲਦ ਗੱਡੀਆਂ ਦੀਆਂ ਦੌੜਾਂ ਹੁੰਦੀਆਂ। ਇਨ੍ਹਾਂ ਬਲਦ ਗੱਡੀਆਂ ਦੀਆਂ ਦੌੜਾਂ ਵਿਚ ਹਿੱਸਾ ਲੈਣ ਦੇ ਚਾਹਵਾਨ ਲੰਮਾ ਸਮਾਂ ਪਹਿਲਾਂ ਚੰਗੀ ਖੁਰਾਕ ਤੇ ਘਿਉ ਨਾਲ ਆਪਣੇ ਬਲਦਾਂ ਦੀ ਤਿਆਰੀ ਕਰਦੇ। ਦੌੜ ਵਾਲੇ ਦਿਨ ਬਲਦਾਂ ਦਾ ਹਾਰ-ਸ਼ਿੰਗਾਰ ਵੀ ਕੀਤਾ ਜਾਂਦਾ ਸੀ। ਯਾਦ ਰਹੇ ਕਿ ਪਸ਼ੂਆਂ ਦਾ ਸਾਡੇ ਪੇਂਡੂ ਜੀਵਨ ਦੇ ਵਿਚ ਸਦਾ ਹੀ ਵੱਡਾ ਮਹੱਤਵ ਰਿਹਾ ਹੈ।

ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਪਹਿਲਿਆਂ ਸਮਿਆਂ ਵਿਚ ਕੁੜੀਆਂ ਦਾ ਖੇਡਾਂ ਵਿਚ ਹਿੱਸਾ ਲੈਣਾ ਬਹੁਤ ਬੁਰਾ ਸਮਝਿਆ ਜਾਂਦਾ ਸੀ, ਇਸ ਕਰਕੇ ਸਾਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਮਿਲਦੀ ਕਿ ਪਹਿਲ-ਪਲੱਕੜਿਆਂ ਸਮਿਆਂ ਵਿਚ ਕੁੜੀਆਂ ਕਿਹੜੀਆਂ ਖੇਡਾਂ ਖੇਡਦੀਆਂ ਸਨ। ਹਾਂ ਇਹ ਜਰੂਰ ਹੈ ਕਿ ਮਨ ਦੀ ਖੁਸ਼ੀ ਦੇ ਨਾ ਸਾਂਭੇ ਜਾਣ ਤੇ ਛੋਟੀ ਤੇ ਵੱਡੀ ਉਮਰ ਦੀਆਂ ਸਭ ਕੁੜੀਆਂ ਸਮਾਜਿਕ ਜਹੇ ਗੀਤਾਂ ਦੀ ਤਾਲ ਨਾਲ ਜਰੂਰ ਨੱਚਦੀਆਂ ਸਨ, ਪਰ ਇਕੱਲੀਆਂ ਗਿੱਧੇ ਦੇ ਰੂਪ ਵਿਚ। ਛੋਟੀਆਂ ਬੱਚੀਆਂ ਕਿੱਕਲੀ ਜਾਂ ਅੱਡੀ ਛੜੱਪਾ ਵਰਗੀਆਂ ਖੇਡਾਂ ਮਨ ਪ੍ਰਚਾਣ ਵਾਸਤੇ ਖੇਡਦੀਆਂ।  ਇਹੋ ਜਹੀਆਂ ਸਮਾਜਕ ਹਾਲਤਾਂ ਦੇ ਹੁੰਦਿਆਂ ਅੱਜ ਤੱਕ ਵੀ ਸਾਡੇ ਕੋਲ ਔਰਤਾਂ–ਮਰਦਾਂ ਦੇ ਸਾਂਝੇ ਨਾਚ ਨਹੀਂ ਹਨ, ਜੋ ਹੋਰ ਬਹੁਤ ਸਾਰੇ ਸਮਾਜਾਂ ਵਿਚ ਮਿਲਦੇ ਹਨ। ਬਰਾਬਰੀ ਦਾ ‘ਰਾਗ’ ਗਾਉਣ ਵਾਲੇ ਇਸ ਪਾਸੇ ਵੀ ਧਿਆਨ ਮਾਰਨ ਤਾਂ ਬੜਾ ਕੁੱਝ ਸੋਚਣ ਨੂੰ ਮਿਲੇਗਾ। ਇੱਥੇ ਹੀ ਸਾਡੇ ਸਮਾਜ ਵਿਚ ਔਰਤਾਂ ਨਾਲ ਹੁੰਦੇ ਵਿਤਕਰੇ ਦੇ ਬੀਜ ਪਏ ਹਨ। ਉਸ ਸਮੇਂ ਇਹ ਸਮਾਜ ਅੰਦਰਲਾ ਅਣਮਹਿਸੂਸਿਆ ਅਸਾਵਾਂਪਣ ਸੀ। ਜੇ ਸਾਡੇ ਸਮਾਜ ਵਿਚ ਔਰਤ ਦੀ ਬੇਕਦਰੀ ਨਾ ਹੋਈ ਹੁੰਦੀ ਤਾਂ ਬਾਬਾ ਨਾਨਕ ‘ਸੋ ਕਿਉਂ ਮੰਦਾ ਆਖੀਐ..` ਕਿਉਂ ਲਿਖਦੇ?

ਵਿਸਾਖੀ ਦਾ ਆਰੰਭ ਤਾਂ ਪਤਾ ਨਹੀਂ ਕਦੋਂ ਤੋਂ ਚੱਲਦਾ ਆ ਰਿਹਾ ਹੈ, ਪਰ ਹੈ ਸਦੀਆਂ ਪੁਰਾਣਾ। ਪਹਿਲਿਆਂ ਸਮਿਆਂ ਵਿਚ ਪੇਂਡੂ ਜੀਵਨ ਬਹੁਤਾ ਕਰਕੇ ਖੇਤੀ ਬਾੜੀ `ਤੇ ਹੀ ਨਿਰਭਰ ਕਰਦਾ ਸੀ। ਸਮਾਜ ਦਾ ਹਰ ਜੀਅ, ਕਿਸੇ ਵੀ ਕਿੱਤੇ ਵਾਲਾ ਇਸ ਨਾਲ ਸਬੰਧਤ ਸੀ। ਇਸ ਕਰਕੇ ਫਸਲ ਬਹੁਤ ਹੀ ਮਹੱਤਵਪੂਰਨ ਸੀ। ਫਸਲਾਂ ਬੀਜੀਆਂ ਜਾਂਦੀਆਂ, ਪਾਲ਼ੀਆ ਜਾਂਦੀਆਂ ਜਦੋਂ ਕਣਕਾਂ ਨਿੱਸਰਦੀਆਂ, ਪੱਕਦੀਆ, ਸਿੱਟੇ ਸੁਨਿਹਰੀ ਹੋਏ ਦੇਖ ਕੇ ਮਨੁੱਖੀ ਮਨ ਨਾਲ ਹੀ ਖਿੜ ਉਠਦਾ। ਕਿਉਂਕਿ ਫਸਲ ਘਰ ਆਉਣ `ਤੇ ਹੀ ਸਾਰੇ ਕਾਰਜ ਕੀਤੇ ਜਾਣੇ ਹੁੰਦੇ ਸਨ, ਖੇਤੀ ਬਾੜੀ ਸਾਡੀ ਆਰਥਿਕਤਾ ਦਾ ਮੁੱਖ ਸ੍ਰੋਤ ਸੀ। ਜਦੋਂ ਕਣਕਾਂ ਵੱਢਣ ਲਈ ਦਾਤਰੀ ਪੈਂਦੀ ਤਾਂ ਲੋਕ ਮਨ ਝੂਮ ਉਠਦਾ, ਨੱਚ ਪੈਂਦਾ। ਇਸ ਤਰ੍ਹਾਂ ਲੋਕ ਇਕੱਠ ਹੋਣੇ ਸ਼ੁਰੂ ਹੋਏ ਜੋ ਮੇਲੇ ਬਣ ਗਏ। ਲੋਕ ਇਨ੍ਹਾਂ ਮੇਲਿਆਂ ਵਿਚ ਨੱਚਦੇ ਤੇ ਗਾਉਂਦੇ ਜਿ਼ੰਦਗੀ ਨੂੰ ਅਸਲ ਮਾਅਨਿਆਂ ਵਿਚ ਮਾਨਣ ਲੱਗੇ। ਇਸ ਸਮੇਂ ਨਾਲ ਸਬੰਧਤ ਬਹੁਤ ਸਾਰੇ ਲੋਕ ਗੀਤ ਇਸ ਦਾ ਹੀ ਪ੍ਰਗਟਾਵਾ ਕਰਦੇ ਹਨ। ਵਿਸਾਖ ਮਹੀਨੇ ਹੀ ਕਣਕਾਂ ਦੀ ਵਾਢੀ ਸ਼ੁਰੂ ਹੰੁਦੀ। ਇਸ ਦਾ ਆਰੰਭ ਲੋਕ ਜਸ਼ਨਾਂ ਨਾਲ ਕਰਦੇ। ਵਾਢ੍ਹੀ ਸ਼ੁਰੂ ਹੀ ਢੋਲ ਦੇ ਡਗੇ ਨਾਲ ਹੁੰਦੀ। ਸਮੇਂ ਦੇ ਬੀਤਣ ਨਾਲ ਹੁਣ ਇਹ ਚਲਣ ਬਦਲ ਗਿਆ ਹੈ।

ਇੱਥੇ ਇਕ ਹੋਰ ਵਿਸੇ਼ਸ਼ ਗੱਲ ਦਾ ਜਿ਼ਕਰ ਕਰਨਾ ਬੜਾ ਜ਼ਰੂਰੀ ਹੈ ਜੋ ਸਾਡੇ ਸਮਾਜਿਕ ਰਿਸ਼ਤਿਆਂ ਵਿਚਲੇ ਮੋਹ ਦਾ ਪ੍ਰਗਟਾਵਾ ਕਰਦੀ ਹੈ। ਕਣਕ ਦੀਆਂ ਵਾਢ੍ਹੀਆਂ ਵੇਲੇ ਆਮ ਹੀ ਆਬ੍ਹਤਾਂ (ਕਿਸੇ ਦੂਸਰੇ ਦੇ ਕੰਮ ਵਿਚ ਬਿਨਾਂ ਪੈਸਿਆਂ ਦੇ ਮੱਦਦ ਕਰਨੀ) ਪੈਂਦੀਆਂ, (ਕਈ ਹੋਰ ਮੌਕਿਆਂ `ਤੇ ਵੀ ਲੋਕ ਅਜਿਹਾ ਕਾਰਜ ਕਰਦੇ ਸਨ) ਲੋਕ ਇਕੱਠੇ ਹੋਕੇ ਇਕ ਦਾ ਕਾਰਜ ਪੂਰਾ ਕਰਦੇ ਫੇਰ ਅਗਲੇ ਦਿਨੀਂ ਉਹ ਹੀ ਪਹਿਲਾਂ ਵਾਲਿਆਂ ਦੇ ਹੱਥ ਵਟਾਉਣ ਆਉਂਦੇ। ਇਸ ਤਰ੍ਹਾਂ ਸਾਂਝ ਵੀ ਵਧਦੀ ਤੇ ਕੰਮ ਵੀ ਝੱਬੇ ਨਿੱਬੜ ਜਾਂਦਾ। ਵਾਢ੍ਹੀਆਂ ਵੇਲੇ ਆਬ੍ਹਤੀਆਂ (ਮੱਦਦ ਕਰਨ ਵਾਲੇ)  ਦੀ ਸੇਵਾ ਆਮ ਕਰਕੇ ਸ਼ੱਕਰ ਘਿਉ (ਘਰ ਦਾ ਦੇਸੀ ਘਿਉ) ਨਾਲ ਹੀ ਹੁੰਦੀ ਸੀ। ਸਮੇਂ ਬਾਅਦ ਘਰ ਦੀ ਕੱਢ੍ਹੀ ਦੇਸੀ ਦਾਰੂ (ਸ਼ਰਾਬ) ਵੀ ਇਨ੍ਹਾਂ ਵੇਲਿਆਂ ਵਿਚ ਵਰਤੀ ਜਾਣ ਲੱਗੀ। ਵਾਢ੍ਹੀਆਂ ਤੋਂ ਬਾਅਦ ਫਲ੍ਹਿਆਂ ਨਾਲ ਕਣਕਾਂ ਗਾਹੀਆਂ ਜਾਂਦੀਆਂ, ਧੜਾਂ ਲਗਦੀਆਂ, ਕਣਕ ਤੇ ਤੂੜੀ ਵੱਖ ਕੀਤੇ ਜਾਂਦੇ। ਇਸ ਤਰ੍ਹਾਂ ਫਸਲ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੁੱਖੀ-ਸਾਦੀਂ ਘਰ ਆ ਜਾਂਦੀ।

ਪਾਣੀਆਂ ਦੇ ਨੇੜੇ ਵਸਣ ਵਾਲੇ ਲੋਕ ਨੇੜਲੇ ਦਰਿਆਵਾਂ ਤੇ ਵਿਸਾਖ ਦੀ ਸੰਗਰਾਂਦ ਨੂੰ ਵੱਡੀ ਗਿਣਤੀ ਵਿਚ ਨਹਾਉਣ ਜਾਂਦੇ। ਦੁਆਬੇ ਦੇ ਲੋਕ ਆਮ ਕਰਕੇ ਸਤਲੁਜ ਦਰਿਆ ਦੇ ਕੰਢਿਆਂ ਤੇ ਨਹਾਉਂਦੇ। ਇੱਥੇ ਤੱਕ ਪਹੁੰਚਣ ਲਈ ਲੋਕ ਗੱਡਿਆਂ, ਰੇੜ੍ਹੀਆਂ ਦੀ ਸਵਾਰੀ, ਕਿਧਰੇ ਕਿਧਰੇ ਟਾਂਗਿਆਂ ਦਾ ਆਸਰਾ ਲੈਂਦੇ ਸਨ। ਜਿਸ ਥਾਵੇਂ ਵੀ ਇਕੱਠੇ ਹੁੰਦੇ ਉੱਥੇ ਵੀ ਮੇਲੇ ਵਰਗਾ ਹੀ ਜਸ਼ਨ ਹੁੰਦਾ। ਇਸ਼ਨਾਨ ਕਰਨ ਵਾਸਤੇ ਲੋਕ ਸਵੇਰੇ ਸੁਵਖਤੇ ਹੀ ਇੱਥੇ ਪਹੁੰਚਦੇ। ਇਹ ਤਾਂ ਕੁੱਝ ਦਹਾਕੇ ਪਹਿਲਾਂ ਵੀ ਆਮ ਚਲਣ ਸੀ। ਦੁਆਬੇ ਵਿਚ ਆਮ ਤੌਰ ਤੇ ਇਸ ਨੂੰ ਵਸੋਆ ਨਹਾਉਣਾ ਵੀ ਆਖਿਆ ਜਾਂਦਾ ਸੀ। ਇੱਥੇ ਨਹਾਉਣ ਦਾ ਕਾਰਨ ਸਾਫ ਜਲ ਨਾਲ ਇਸ਼ਨਾਨ ਕਰਕੇ ਆਪਣੇ ਆਪ ਨੂੰ ਪਵਿੱਤਰ ਕਰਨਾ ਆਖਿਆ ਜਾਂਦਾ ਸੀ। ਪਰ ਹੁਣ ਸਮੇਂ ਬਦਲ ਗਏ ਹਨ। ਉਸ ਸਮੇਂ ਦੇ ਪਵਿੱਤਰ ਜਲ ਨੂੰ ਅੱਜ ਦੇ ਮਨੁੱਖ ਨੇ ਪਲੀਤ ਕਰ ਦਿੱਤਾ ਹੈ। ਹੁਣ ਸ਼ਾਇਦ ਲੋਕ ਇਸ ਡਰੋਂ ਇੱਥੇ ਨਹੀਂ ਨਹਾਉਂਦੇ ਕਿ ਉਹ ਮੁਨਾਫਿਆਂ ਖਾਤਰ ਇਸ ਪਲੀਤ/ਗੰਦੇ ਕਰ ਦਿੱਤੇ ਗਏ ਪਾਣੀ ਨਾਲ ਬੀਮਾਰੀਆਂ ਨਹੀਂ ਲੁਆਈਆਂ ਚਾਹੁੰਦੇ। ਇਹ ਸਮਿਆਂ ਦਾ ਫਰਕ ਹੈ ਕਿ ਉਸ ਸਮੇਂ ਦੀ ਪਵਿੱਤਰ ਰੀਤ ਅੱਜ ਦੇ ਮਨੁੱਖ ਵਾਸਤੇ ਤ੍ਰਾਸਦੀ ਬਣ ਗਈ ਹੈ।

ਨਵੇਂ ਮਨੁੱਖ ਦੀ ਸਿਰਜਣਾ ਲਈ ਸਿੱਖ ਲਹਿਰ ਵਿਚ ਸਿਫਤੀ ਤਬਦੀਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਰੈਲ 1699 ਨੂੰ ਖਾਲਸੇ ਦੀ ਸਾਜਣਾ ਨਾਲ ਕੀਤੀ। ਇਹ ਵਿਸਾਖ ਦੀ ਸੰਗਰਾਂਦ ਦੇ ਦਿਹਾੜੇ ਅਨੰਦਪੁਰ ਵਿਖੇ ਇਕੱਠ ਵਿਚ ਸਿੱਖਾਂ ਦੇ ਸਮਰਪਣ ਦੀ ਭਾਵਨਾ ਦਾ ਜਲਵਾ ਸੀ। ਇੱਥੇ ਹੋਏ ਇਕੱਠ ਵਿਚ ਗੁਰੂ ਸਾਹਿਬ ਵਲੋਂ ਆਪਣੇ ਸਿੱਖਾਂ ਦੀ ਪਰਖ ਕਰਨ ਦਾ ਅਨੋਖਾ ਢੰਗ ਅਪਣਾਇਆ ਗਿਆ। ਉਨ੍ਹਾਂ ਇਕੱਠ ਵਿਚ ਜੁੜੇ ਲੋਕਾਂ ਤੋਂ ਸਿਰਾਂ ਦੀ ਮੰਗ ਕੀਤੀ, ਇਹ ਸੁਣਦਿਆਂ ਹੀ ਸਮਾਜ ਵਿਚ ਆਪਣੇ ਆਪ ਨੂੰ ਵੱਡੇ ਅਖਵਾਉਣ ਵਾਲੇ ਵੱਡੀਆਂ ਜਾਇਦਾਦਾਂ, ਜਗੀਰਾਂ ਦੇ ਮਾਲਕ ਤੇਜੀ ਨਾਲ ਉੱਥੋਂ ਖਿਸਕ ਗਏ ਸਨ। ਸਿਰ ਪੇਸ਼ ਕਰਨ ਵਾਲੇ ਕਿਰਤੀਆਂ ਵਿਚੋਂ ਸਨ, ਭਾਈ ਦਇਆ ਰਾਮ ਜੀ ਲਹੌਰ ਤੋਂ, ਭਾਈ ਧਰਮ ਦਾਸ ਜੀ ਦਿੱਲੀ ਤੋਂ, ਭਾਈ ਮੋਹਕਮ ਚੰਦ ਜੀ ਦਵਾਰਕਾ ਤੋਂ, ਭਾਈ ਸਾਹਿਬ ਚੰਦ ਜੀ ਬਿਦਰ ਤੋਂ, ਭਾਈ ਹਿੰਮਤ ਰਾਏ ਜੀ ਜਗਨ ਨਾਥ ਪੁਰੀ ਤੋਂ। ਗੁਰੂ ਸਾਹਿਬ ਨੇ ਇਨ੍ਹਾਂ ਨੂੰ ਆਪਣੇ ਪੰਜ ਪਿਆਰੇ ਕਿਹਾ ਅਤੇ ਅਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ਸਾਰੇ ਹੀ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਅਤੇ ਭਾਈ ਹਿੰਮਤ ਸਿੰਘ ਬਣ ਗਏ। ਫੇਰ ਇਨ੍ਹਾਂ ਪੰਜਾਂ ਪਿਆਰਿਆਂ ਤੋਂ ਆਪ ਅਮ੍ਰਿਤ ਛਕਿਆ ਅਤੇ ਆਪ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ। ਇਸ ਘਟਨਾ ਕ੍ਰਮ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ :

ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ॥
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ॥

ਦੇਸ਼ ਦੀ ਅਜ਼ਾਦੀ ਦੀ ਲਹਿਰ ਸਮੇਂ ਸੰਨ 1919 ਦੀ ਵਿਸਾਖੀ ਨੂੰ ਜੱਲ੍ਹਿਆਂ ਵਾਲੇ ਬਾਗ ਅਮ੍ਰਿਤਸਰ ਵਿਚ ਜੋ ਦਰਦਨਾਕ ਤੇ ਖੂਨਰੱਤਾ ਹਾਦਸਾ ਜਨਰਲ ਉਡਵਾਇਰ ਨੇ ਨਿਹੱਥੇ ਪੰਜਾਬੀਆਂ `ਤੇ ਵਰਤਾਇਆ ਉਸ ਨਾਲ ਸਾਰੇ ਦੇਸ਼ ਵਾਸੀਆਂ ਦੀ ਰੂਹ ਝੰਜੋੜੀ ਗਈ। ਬੇਕਸੂਰ ਦੇਸ਼ ਪ੍ਰੇਮੀਆਂ ਨਾਲ ਵਰਤਾਏ ਇਸ ਭਿਆਨਕ ਖੂਨੀ ਸਾਕੇ ਦਾ ਬਦਲਾ ਸ਼ਹੀਦ ਊਧਮ ਸਿੰਘ ਨੇ ਲੰਡਨ ਜਾ ਕੇ ਇਸ ਹਾਦਸੇ ਦੇ ਦੋਸ਼ੀ ਉਡਵਾਇਰ ਨੂੰ ਕਤਲ ਕਰਕੇ ਲਿਆ ਸੀ। ਇਹ ‘ਜੱਲ੍ਹਿਅਾਂ ਵਾਲਾ ਬਾਗ’ ਮੁਲਕ ਦੀ ਅਜ਼ਾਦੀ ਲਹਿਰ ਵਿਚ ਸ਼ਹੀਦ ਹੋਏ ਪੰਜਾਬੀਆ ਦਾ ਯਾਦਗਾਰੀ ਸਥਾਨ ਹੈ, ਜਿੱਥੇ ਹਰ ਦਿਨ ਹੀ ਲੋਕ ਸ਼ਹੀਦਾਂ ਦੀ ਯਾਦ ਵਿਚ ਸਿਰ ਨਿਵਾਉਣ ਆਉਂਦੇ ਹਨ।  ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਭਗਤੀ ਦਾ ਸਬਕ ਦੇਣ ਵਾਲੀ ਪੇਰਨਾ ਦਾ ਮੁੱਖ ਸੋਮਾ ਹੈ। ਜਿਹੜੇ ਲੋਕ ਆਪਣੇ ਸ਼ਹੀਦਾਂ ਤੇ ਆਪਣੇ ਮਾਣਮੱਤੇ ਵਿਰਸੇ ਨੂੰ ਭੁੱਲ ਜਾਂਦੇ ਹਨ ਉਹ ਦੇਸ਼ ਭਗਤੀ ਵਾਲੇ ਪਾਸਿਉਂ ਯਤੀਮ ਹੋ ਜਾਂਦੇ ਹਨ। ਉਂਜ ਵੀ ਸ਼ਹੀਦਾਂ ਦਾ ਖੂਨ ਸਸਤਾ ਕਰਨ ਤੇ ਸਮਝਣ ਵਾਲੇ ਸਦਾ ਫਿਟਕਾਰਾਂ ਦੇ ਲਾਇਕ ਹੀ ਹੁੰਦੇ ਹਨ। ਜੇ ਜੱਲ੍ਹਿਆਂ ਵਾਲੇ ਬਾਗ ਦੇ ਮਹੱਤਵ ਨੂੰ ਸਮਝਣਾ ਹੋਵੇ ਤਾਂ ਡਾ: ਜਗਤਾਰ ਦੇ ਇਹ ਸ਼ਿਅਰ ਯਾਦ ਕਰਨੇ ਕਾਫੀ ਹੋਣਗੇ ਕਿ:

ਖੂਨ ਲੋਕਾਂ ਦਾ ਹੈ ਇਹ ਪਾਣੀ ਨਹੀਂ
ਏਸ ਦੀ ਸੁਰਖੀ ਕਦੇ ਜਾਣੀ ਨਹੀਂ
ਦੁਸ਼ਮਣਾਂ ਹਥਿਆਰ ਸਾਰੇ ਵਰਤਣੇ
ਜਿ਼ੰਦਗੀ ਨੇ ਮਾਤ ਪਰ ਖਾਣੀ ਨਹੀਂ

ਵਿਸਾਖੀ ਦੇ ਅਰਥ ਬਹੁਤ ਵੱਡੇ ਤੇ ਵਿਸ਼ਾਲ ਹਨ ਖੁਦ ਜਿ਼ੰਦਗੀ ਵਾਂਗ। ਜਿ਼ੰਦਗੀ ਨੂੰ ਪਿਆਰ ਕਰਨ ਵਾਲਿਆਂ ਵਾਸਤੇ ਚੰਗੀ ਸੇਧ ਦਾ ਪ੍ਰਣ ਲੈਣ ਦਾ ਦਿਹਾੜਾ ਹੈ, ਆਪਸੀ ਭਾਈਚਾਰੇ ਦੀ ਮਜਬੂਤੀ ਦਾ ਹੋਕਾ ਦਿੰਦਿਆ ਹਰ ਕਿਸੇ ਲਈ ਸਮਾਨਤਾ/ਬਰਾਬਰੀ ਅਤੇ ਵੈਰ ਰਹਿਤ, ਅਪਣੱਤ ਭਰੇ, ਹਰ ਕਿਰਤੀ ਦੇ ਸਨਮਾਨ ਕਰਨ ਵਾਲੇ ਸਮਾਜ ਦੀ ਸਿਰਜਣਾ ਵੱਲ ਵਧਣਾ ਹੀ ਵਿਸਾਖੀ ਦਾ ਸੰਦੇਸ਼ ਹੋਣਾ ਚਾਹੀਦਾ ਹੈ। ਇਹ ਤਦ ਹੀ ਹੋ ਸਕਦਾ ਹੈ ਜੇ ਅਸੀਂ ਹਰ ਕਿਸਮ ਦੀਆਂ ਨਫਰਤਾਂ ਭਰੀਆਂ ਦੀਵਾਰਾਂ ਢਾਅ ਕੇ ਆਪਣੇ ਵਿਰਸੇ ਤੋਂ ਸਾਂਝੀਵਾਲਤਾ ਦੀ ਸਿੱਖਿਆ ਲੈਂਦੇ ਹੋਏ ਵਰਤਮਾਨ ਸਮੇਂ ਦੀਆਂ ਨਵੀਆਂ ਜੁਗਤਾਂ, ਨਵੀਂ ਜੀਵਨ ਜਾਚ ਅਪਣਾਉਂਦੇ ਹੋਏ ‘ਨੀਚਾਂ ਅੰਦਰ ਨੀਚ ਜਾਤ……’ ਵਾਲੀ ਭਾਵਨਾ ਲੈ ਕੇ ਤੁਰੀਏ। ਹੁਣ ਦੇ ਹਾਲਾਤਾਂ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਅੱਜ ਇਸ ਸਾਂਝ ਦੀ ਬਹੁਤ ਲੋੜ ਹੈ – ਇਹ ਹੀ  ਮਨੁੱਖਤਾ ਦੀ ਸੇਵਾ ਆਖੀ ਜਾ ਸਕਦੀ ਹੈ। ਵਿਸਾਖੀ ਦਾ ਇਹ ਹੀ ਸੁਨੇਹਾ ਹੈ।
***
141
***

kehar sharif
keharsharif@avcor.de | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਕੇਹਰ ਸ਼ਰੀਫ਼, ਜਰਮਨੀ

View all posts by ਕੇਹਰ ਸ਼ਰੀਫ਼, ਜਰਮਨੀ →