ਪਰਮਾਤਮਾ ਵਿੱਛੜੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ…1998 ਦੇ ਅਪਰੈਲ ਮਹੀਨੇ ਦਾ “ਪਰਹਿਤ” ਦਾ ਅੰਕ ਮੈੰ ਪੰਜਾਬੀ ਗਾਇਕੀ ਨੂੰ ਸਮਰਪਿਤ ਕੀਤਾ ਸੀ। ਉਸ ਸਿਲਸਿਲੇ ਵਿੱਚ ਮੈਂ ਤੇ ਮੇਰੇ ਪਿਤਾ, ਨੂਰੀ ਅਤੇ ਸਰਦੂਲ ਹੁਰਾਂ ਦੇ ਘਰ ਸ਼ਾਇਦ ਦੋ ਵਾਰ ਗਏ ਹੋਵਾਂਗੇ। ਉਹਨਾਂ ਦੇ ਖੰਨੇ ਵਾਲ਼ੇ ਪੁਰਾਣੇ ਘਰ ਵਿੱਚ …ਦੋਹਾਂ ਜੀਆਂ ਦੀਆਂ ਕਮਾਲ ਦੀਆਂ ਗੱਲਾਂ, ਸਾਦੇ, ਮਿੱਠਬੋਲੜੇ ਨਿੱਘੇ ਸੁਭਾਅ … ਸੁਹਿਰਦਤਾ, ਹਲੀਮੀ, ਇਨਸਾਨੀਅਤ ਅਨੇਕਾਂ ਗੁਣਾਂ ਦਾ ਅਨੁਭਵ ਕੀਤਾ। ਉਹ ਅੰਕ ਮੇਰੀ ਹਾਲੇ ਸ਼ੁਰੂਆਤ ਸੀ। ਸਰਦੂਲ ਜੀ ਅਤੇ ਨੂਰੀ ਸਮੇਤ 24 ਸਫ਼ੇ ਰੰਗਦਾਰ ਸਨ। ਜਿੰਨੀ ਐਡ ਇਕੱਠੀ ਕੀਤੀ ਸੀ, ਸਾਰੀ ਉੱਪਰ ਲਗਾ ਦਿੱਤੀ ਸੀ। ਸ਼ਾਇਦ ਬਲਾਚੌਰ ਦਾ 2002 ਜਾਂ ਤਿੰਨ ਦਾ ਗਾਇਕੀ ਦਾ ਮੇਲਾ ਸੀ। ਜਦੋਂ ਸਰਦੂਲ ਵੀਰ ਸਾਨੂੰ ਮਿਲਣ ਆਏ। ਉਹਨਾਂ ਕੋਲ਼ ਉਦੋਂ ਸ਼ਾਇਦ ਨੀਲੇ ਰੰਗ ਦੀ ਮਰਸਡੀਜ਼ ਬੈਂਜ਼ ਵੈਨ ਸੀ ਜਿਸ ਵਿੱਚ ਸਾਰੀਆਂ ਸਹੂਲਤਾਂ ਸਨ.. ਸਰਦੂਲ ਹੁਰਾਂ ਨੇ ਦੱਸਿਆ ਸੀ। ਮੇਰਾ ਇਹ ਗੱਲ ਕਰਨ ਦਾ ਮਤਲਬ ਇਹ ਹੈ ਕਿ ਦੁਨੀਆਂ ਦੀ ਹਰ ਸਹੂਲਤ ਦੇ ਸਾਹਵੇਂ ਸਾਡੀ ਜਾਨ ਦੀ ਕੀਮਤ ਬਹੁਤ ਜ਼ਿਆਦਾ ਹੈ…। ਕਾਸ਼! ਅਸੀੰ ਆਪਣੀਆਂ ਜ਼ਿੰਦਗੀਆਂ ਭੋਗ ਕੇ ਜਾਈਏ…. ਬੱਚਿਆਂ ਦੀਆਂ ਖੁਸ਼ੀਆਂ ਦੇਖ ਕੇ ਜਾਈਏ …. ਉਹਨਾਂ ਨੂੰ ਵਸਦੇ ਰਸਦੇ ਮਾਣੀਏ … ਤੀਜੀ ਪੀੜ੍ਹੀ ਦਾ ਸੁੱਖ ਦੇਖੀਏ ਤਾਂ ਕੋਈ ਗਿਲਾ ਜਿਹਾ ਨਹੀੰ ਰਹਿੰਦਾ। ਸਭ ਨੇ ਇੱਕ ਨਾ ਇੱਕ ਦਿਨ ਜਾਣਾ ਹੀ ਹੁੰਦਾ ਹੈ। ਮੈਂ ਉਦੋਂ ਵੀ ਮਹਿਸੂਸ ਕੀਤਾ ਸੀ, ਸਰਦੂਲ ਵੀਰ ਦੀ ਸਿਹਤ ਕੋਈ ਬਹੁਤ ਵਧੀਆ ਨਹੀਂ ਲੱਗੀ ਸੀ। ਫੇਰ ਮੁੜ ਕਦੀ ਵੀ ਗੱਲ ਨਹੀਂ ਹੋ ਸਕੀ। ਆਪੋ ਆਪਣੇ ਰੁਝੇਂਵੇਂ ਹੁੰਦੇ ਨੇ…। ਉਦੋਂ ਉਹਨਾਂ ਦਾ ਨਵਾਂ ਘਰ ਬਣ ਰਿਹਾ ਸੀ। ਪਰਮਾਤਮਾ ਵਿੱਛੜੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ…! ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ…! ਸਾਡੀ ਬੇਹੱਦ ਸੁੱਘੜ ਸਿਆਣੀ ਨੂਰੀ ਨੂੰ ਹੌਸਲਾ ਦੇਵੇ…! ਅਲਾਪ ਅਤੇ ਸਾਰੰਗ ਨੂੰ ਆਪਣੇ ਪਿਤਾ ਦੀ ਕਮੀ ਤਾਂ ਸਦਾ ਹੀ ਰਹੇਗੀ .. ਸਾਨੂੰ ਸਾਰਿਆਂ ਨੂੰ ਹੀ ਯਾਦ ਰਹੇਗਾ ਸਾਡਾ ਮਹਾਨ ਗਾਇਕ ਸਰਦੂਲ ਸਿਕੰਦਰ…! |