ਧਰਤੀ ਦੀ ਅੱਖ ਜਦ ਰੋਈ ਸੀ
ਤੂੰ ਸੱਚ ਦਾ ਦੀਵਾ ਬਾਲ ਦਿੱਤਾ
ਪਾਇਆ ’ਨੇਰ ਪਾਖੰਡੀਆਂ ਸੀ ਏਥੇ
ਤੂੰ ਤਰਕ ਦਾ ਰਾਹ ਸੀ ਭਾਲ਼ ਦਿੱਤਾ
ਤੇਰੀ ਬੇਗਮਪੁਰਾ ਹੀ ਮੰਜ਼ਿਲ ਸੀ
ਤਾਹੀਉਂ ਉਸਤਤ ਕਰੇ ਜਹਾਨ ਸਾਰਾ
ਤੇਰੀ ਬਾਣੀ ਨੂੰ ਜਿਸ ਲੜ ਬੰਨ੍ਹਿਆਂ
’ਨ੍ਹੇਰੇ ਦਾ ਕੱਟ ਜੰਜਾਲ ਦਿੱਤਾ।
0000
ਜੱਗ ਵਿੱਚ ਆਇਆ ਜਦੋਂ ਸੱਚ ਦਾ ਪੁਜਾਰੀ
ਉਦੋਂ ਝੂਠ ਨੂੰ ਤਾਂ ਫਿਕਰ ਪਿਆ
ਇੱਕੋ ਨੂਰ, ਇੱਕੋ ਰੂਪ ਸਭ ਦੀ ਹੈ ਤੰਦ ਸਾਂਝੀ
ਵੱਖੋ ਵੱਖ ਕੀਹਨੇ ਐ ਕਿਹਾ
ਚਾਨਣੇ ਦੀ ਲੀਕ ਜਦੋਂ ਜੱਗ ਵਿੱਚ ਖਿਲਰੀ ਤਾਂ
’ਨ੍ਹੇਰਾ ਉਦੋਂ ਤਿੜਕ ਗਿਆ
ਕਿਰਤਾਂ ਦੇ ਸੱਚੇ-ਸੁੱਚੇ ਥੜ੍ਹੇ ਉੱਤੇ ਬਹਿ ਕੇ
ਆਪ ਅਕਲਾਂ ਨੂੰ ਰਿੜਕ ਗਿਆ
ਜੱਗ ਵਿੱਚ ਆਇਆ ਜਦੋਂ ……….
0
ਧਰਮਾਂ ਦਾ ਨਾਂ ਲੈਂਦੇ ਕੰਮ ਨੇ ਕਸਾਈਆਂ ਵਾਲੇ
ਬੁੱਤ, ਬੰਦਿਆਂ ਦੇ ਵਿੱਚੋਂ ਹੋਰ ਨੇ
ਪੱਖਪਾਤ, ਜਾਤਪਾਤ ਵਾਲਾ ਜੋ ਨੇ ਰੌਲ਼ਾ ਪਾਉਂਦੇ
ਕੰਮ ਮੰਦੇ ਉੱਚੀ ਪਾਉਂਦੇ ਸ਼ੋਰ ਨੇ
ਮਾਸ ਵਾਲੇ ਲੋਥੜੇ ਹਾਂ ਇੱਕੋ ਲਹੂ ਨਾੜਾਂ ਵਿੱਚ
ਵੰਡੀਆਂ ਜੋ ਪਾਉਂਦੇ ਉਹੋ ਚੋਰ ਨੇ
ਜਿੰਦ-ਜਾਨ ਜਿਹੜੀ ਐ ਮਨੁੱਖਤਾ ਦੇ ਲੇਖੇ ਲੱਗੇ
ਉੱਚੇ ਥੜ੍ਹੇ ਖੜ੍ਹ ਕੇ ਕਿਹਾ
ਜੱਗ ਵਿੱਚ ਆਇਆ ਜਦੋਂ ……..
0
ਕੌਣ ਕਰੇ ਫੈਸਲਾ ਇਹ ਕੌਣ ਛੋਟਾ, ਕੌਣ ਵੱਡਾ
ਸ਼ਕਲਾਂ ਦੇ ਪੱਖੋਂ ਸਭ ਇਕ ਨੇ
ਹਰ ਕਿਸੇ ਮਨ ਵਿੱਚ ਪਿਆਰ ਦੀ ਚਿਣਗ ਲਾਉਣੀ
ਫੇਰ ਹੋਣੇ ਸਭ ਇੱਕ ਮਿੱਕ ਨੇ
ਕਦੇ ਵੀ ਨਾ ਰਾਗ ਦੂਜ-ਤੀਜ ਵਾਲਾ ਗਾਉਣ ਦੇਣਾ
ਏਦਾਂ ਹੀ ਤਾਂ ਪੈਂਦੇ ਸਾਰੇ ਫਿੱਕ ਨੇ
ਜੱਗ ਵਿੱਚ ਦੇ ਕੇ ਹੋਕਾ ਤੂੰ ਬਰਾਬਰੀ ਦਾ
ਸਾਰਿਆਂ ਨੂੰ ਬਾਹਾਂ ’ਚ ਲਿਆ
ਜੱਗ ਵਿੱਚ ਆਇਆ ਜਦੋਂ ……..
0
ਅੰਧਕਾਰ ਸਮਿਆਂ ’ਚ ਹੌਸਲੇ ਦਾ ਰੂਪ ਸੀ ਤੂੰ
ਪੂਰਾ ਅਖਵਾਇਆ ਵਿੱਚ ਜੱਗ ਦੇ
ਸਾਰੀਆਂ ਸੁਗੰਧੀਆਂ ਨੂੰ ਹਵਾ ਵਿੱਚ ਘੋਲ ਦਿੱਤਾ
ਬੇਗਮਪੁਰੇ ਵਾਲੇ ਉੱਚੇ ਸੁਰ ਬੱਜਦੇ
ਬੰਦੇ ਤੋਂ ਬੰਦੇ ਨਾਲ ਵਿਤਕਰਾ ਨਾ ਹੋਵੇ ਕੋਈ
ਰਹਿਣ ਇਹੋ ਨਾਅਰੇ ਸਦਾ ਗੱਜਦੇ
ਛੱਡ ਬੁੱਤ ਪੂਜਣੇ ਤੂੰ ਝੂਠੇ ਧਰਵਾਸ ਇਹੋ
ਕੀ ਐ ਧਰਵਾਸਾਂ ’ਚ ਪਿਆ
ਜੱਗ ਵਿੱਚ ਆਇਆ ਜਦੋਂ ਸੱਚ ਦਾ ਪੁਜਾਰੀ…. |