ਪੰਜਾਬ ਦੇ ਮਾਨਸਾ ਸ਼ਹਿਰ ਵਿੱਚ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੇ ਪੰਜਾਬੀਆਂ ਦੇ ਮਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਉਸਦਾ ਪਰਿਵਾਰ ਇਨਸਾਫ਼ ਲਈ ਲਗਾਤਾਰ ਆਵਾਜ਼ ਉਠਾ ਰਿਹਾ ਹੈ ਅਤੇ ਬਜ਼ੁਰਗ ਪਿਤਾ ਭੀਮ ਸਿੰਘ ਜਨਤਕ ਇਕੱਠਾਂ ਨੂੰ ਸੰਬੋਧਨ ਕਰਦੇ ਹਨ, ਸੰਘਰਸ਼ ਜਾਰੀ ਰੱਖਣ ਦੀ ਗੱਲ ਕਰਦੇ ਹਨ ਅਤੇ ਹੌਸਲੇ ਨਾਲ ਖੜ੍ਹੇ ਦਿਖਾਈ ਦਿੰਦੇ ਹਨ। ਪਰ, ਇਸ ਸਾਰੇ ਘਟਨਾਕ੍ਰਮ ਵਿੱਚ ਮਨੋਵਿਗਿਆਨਕ ਤੌਰ ‘ਤੇ ਇੱਕ ਅਜਿਹਾ ਸਵਾਲ ਵੀ ਪੈਦਾ ਹੁੰਦਾ ਹੈ, ਜਿਸ ਵੱਲ ਸਮਾਜ ਦਾ ਧਿਆਨ ਜਾਣਾ ਲਾਜ਼ਿਮੀ ਹੈ। ਜਿਸ ਪਿਤਾ ਦਾ ਜਵਾਨ ਪੁੱਤਰ ਅਚਾਨਕ ਉਸ ਤੋਂ ਖੋਹ ਲਿਆ ਜਾਵੇ, ਉਸਦੇ ਆਪਣੇ ਮਨ ‘ਤੇ ਕੀ ਬੀਤ ਰਹੀ ਹੋਵੇਗੀ? ਜਿਸ ਇਨਸਾਨ ਨੂੰ ਬਹਾਦਰ ਅਤੇ ਮਜ਼ਬੂਤ ਕਿਹਾ ਜਾ ਰਿਹਾ ਹੈ, ਕੀ ਕਿਸੇ ਨੇ ਉਸਦੇ ਅੰਦਰਲੇ ਦਰਦ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ?
ਬਚਪਨ ਤੋਂ ਹੀ ਮੁੰਡਿਆਂ ਨੂੰ ਰੋਣ ਤੋਂ ਰੋਕਣ ਦਾ ਰਿਵਾਜ ਕਈ ਸਮਾਜਾਂ ਵਿੱਚ ਵੇਖਿਆ ਗਿਆ ਹੈ, ਪਰ ਇਹ ਹਰ ਘਰ ਜਾਂ ਹਰ ਪੁਰਸ਼ ਲਈ ਇੱਕੋ ਜਿਹਾ ਅਨੁਭਵ ਨਹੀਂ ਹੁੰਦਾ। ਆਪਣੇ ਭਾਈਚਾਰੇ ਦੇ ਕਈ ਘਰਾਂ ਵਿੱਚ ਮੁੰਡਿਆਂ ਨੂੰ ਬਚਪਨ ਤੋਂ ਹੀ ਸੁਣਨਾ ਪੈਂਦਾ ਹੈ ਕਿ ਮਰਦ ਰੋਂਦੇ ਨਹੀਂ, ਮਰਦ ਕਮਜ਼ੋਰ ਨਹੀਂ ਹੁੰਦੇ ਅਤੇ ਮਰਦ ਨੂੰ ਹਰ ਹਾਲਤ ਵਿੱਚ ਮਜ਼ਬੂਤ ਰਹਿਣਾ ਚਾਹੀਦਾ ਹੈ। ਜਦੋਂ ਕੋਈ ਬੱਚਾ (ਮੁੰਡਾ) ਰੋਂਦਾ ਹੈ ਤਾਂ ਅਕਸਰ ਇਹ ਵੀ ਕਿਹਾ ਜਾਂਦਾ ਹੈ, “ਕੀ ਕੁੜੀਆਂ ਵਾਂਗ ਰੋਈ ਜਾਂਦਾ ਹੈਂ?” ਇਹ ਛੋਟਾ ਜਿਹਾ ਵਾਕ ਬੱਚੇ ਦੇ ਮਨ ਵਿੱਚ ਇੱਕ ਵੱਡੀ ਧਾਰਣਾ ਪੈਦਾ ਕਰ ਸਕਦਾ ਹੈ ਕਿ ਦੁੱਖ ਦਾ ਪ੍ਰਗਟਾਵਾ ਕਰਨਾ ਮਰਦਾਨਗੀ ਦੇ ਵਿਰੱੁਧ ਹੈ। ਸਮਾਂ ਬੀਤਣ ਦੇ ਨਾਲ ਇਹ ਧਾਰਣਾ ਉਸਦੇ ਸੁਭਾਅ ਅਤੇ ਭਾਵਨਾਤਮਕ ਵਿਹਾਰ ਦਾ ਹਿੱਸਾ ਬਣ ਸਕਦੀ ਹੈ। ਨਤੀਜੇ ਵਜੋਂ ਕਈ ਪੁਰਸ਼ ਦੁੱਖ, ਡਰ, ਬੇਬਸੀ ਅਤੇ ਉਦਾਸੀ ਮਹਿਸੂਸ ਕਰਨ ਦੇ ਬਾਵਜੂਦ ਦੂਜਿਆਂ ਸਾਹਮਣੇ ਪ੍ਰਗਟ ਕਰਨ ਤੋਂ ਸੰਕੋਚ ਕਰਦੇ ਹਨ। ਮਨੋਵਿਗਿਆਨ ਅਨੁਸਾਰ ਕਿਸੇ ਪਿਆਰੇ ਦੀ ਅਚਾਨਕ ਮੌਤ ਤੋਂ ਬਾਅਦ ਵਿਅਕਤੀ ਨੂੰ ਤੀਬਰ ਮਾਨਸਿਕ ਸਦਮਾ ਲੱਗ ਸਕਦਾ ਹੈ। ਸ਼ੁਰੂਆਤੀ ਸਮੇਂ ਦੌਰਾਨ ਉਸਨੂੰ ਇਸ ਘਟਨਾ ‘ਤੇ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਲੱਗ ਸਕਦਾ ਹੈ। ਕਈ ਲੋਕ ਉਚੀ-ਉਚੀ ਰੋਂਦੇ ਹਨ ਅਤੇ ਕਈ ਚੁੱਪ ਹੋ ਜਾਂਦੇ ਹਨ। ਕਈ ਗੁੱਸੇ ਵਿੱਚ ਆ ਜਾਂਦੇ ਹਨ ਕਿ ਮੈਂ ਉਸਨੂੰ ਬਚਾਉਣ ਲਈ ਕੁਝ ਕਿਉਂ ਨਹੀਂ ਕਰ ਸਕਿਆ, ਅਤੇ ਕਈ ਲੋਕ ਆਪਣੇ ਆਪ ਨੂੰ ਰੋਜ਼ਾਨਾ ਜ਼ਿੰਦਗੀ ਦੇ ਕੰਮਾਂ-ਕਾਰਾਂ ਜਾਂ ਹੋਰ ਗਤੀਵਿਧੀਆਂ ‘ਚ ਵਿਅਸਤ ਰੱਖਣਾ ਸ਼ੁਰੂ ਕਰ ਦਿੰਦੇ ਹਨ। ਕੁਝ ਲੋਕ ਗਹਿਰੇ ਅੰਦਰੂਨੀ ਦੱੁਖ ‘ਚੋਂ ਗੁਜ਼ਰ ਰਹੇ ਹੋਣ ਦੇ ਬਾਵਜੂਦ ਬਾਹਰੋਂ ਸ਼ਾਂਤ ਦਿਖਾਈ ਦਿੰਦੇ ਹਨ। ਅਜਿਹੀ ਅਵਸਥਾ ਨੂੰ ਸਦਮੇ ਦੀ ਸ਼ੁਰੂਆਤੀ ਪ੍ਰਕਿਰਿਆ ਦੇ ਸੰਦਰਭ ਵਿੱਚ ਸਮਝਿਆ ਜਾ ਸਕਦਾ ਹੈ, ਪਰ ਇਹ ਆਪਣੇ ਆਪ ਵਿੱਚ ਕਿਸੇ ਮਾਨਸਿਕ ਬਿਮਾਰੀ ਦਾ ਸਬੂਤ ਨਹੀਂ ਹੁੰਦਾ। ਇਹ ਸਭ ਹਾਲਾਤ ਅਨੁਸਾਰ ਸੰਭਾਵੀ ਪ੍ਰਕਿਰਿਆਵਾਂ ਹਨ, ਅਤੇ ਹਰ ਵਿਅਕਤੀ ਇਹ ਸਭ ਮਹਿਸੂਸ ਨਹੀਂ ਕਰਦਾ। ਅਜਿਹੇ ਸਮੇਂ ਵਿਅਕਤੀ ਆਪਣੇ ਹਰ ਵਿਚਾਰ, ਭਾਵਨਾਵਾਂ ਅਤੇ ਸਰੀਰਕ ਪ੍ਰਤੀਕਿਰਿਆਵਾਂ ਨੂੰ ਪੂਰੀ ਤਰ੍ਹਾਂ ਸੁਚੇਤ ਢੰਗ ਨਾਲ ਕਾਬੂ ਨਹੀਂ ਕਰ ਸਕਦਾ, ਅਤੇ ਇਹ ਉਸਦੀ ਜਾਗਰੂਕਤਾ ਤੋਂ ਬਿਨਾਂ ਉਸਦੇ ਵਿਹਾਰ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਕਈ ਵਾਰ ਆਪਣੇ ਪਿਆਰੇ ਪਰਿਵਾਰਕ ਮੈਂਬਰ ਦੇ ਵਿਛੋੜੇ ਤੋਂ ਬਾਅਦ ਵਿਅਕਤੀ ਉਸਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਦਾ ਸੰਕਲਪ ਲੈਂਦਾ ਹੈ। ਅਜਿਹਾ ਮਕਸਦ ਉਸਦੇ ਜਿਉਣ ਦਾ ਸਹਾਰਾ ਬਣ ਜਾਂਦਾ ਹੈ, ਪਰ ਇੱਕ ਉਦੇਸ਼ ਲਈ ਯਤਨ ਕਰਨਾ ਜਾਂ ਲੜਨਾ ਅਤੇ ਨਿੱਜੀ ਦੁੱਖ ਮਹਿਸੂਸ ਕਰਨਾ ਦੋ ਵੱਖਰੀਆਂ ਪ੍ਰਕਿਰਿਆਵਾਂ ਹਨ। ਅਜਿਹੇ ਹਾਲਾਤ ਵਿੱਚ ਚੱਲ ਰਹੀਆਂ ਸਰਗਰਮੀਆਂ ਨੂੰ ਸੰਵੇਦਨਸ਼ੀਲਤਾ ਨਾਲ ਵੇਖਣ ਦੀ ਲੋੜ ਹੁੰਦੀ ਹੈ। ਕਿਸੇ ਦੁੱਖਦਾਈ ਘਟਨਾ ਤੋਂ ਬਾਅਦ ਜੇਕਰ ਸੰਬੰਧਿਤ ਵਿਅਕਤੀ ਦੇ ਵਿਚਾਰ ਬਹੁਤ ਉਲਝੇ ਹੋਏ ਹੋਣ, ਉਸਨੂੰ ਨੀਂਦ ਨਾ ਆਵੇ, ਉਸਦੇ ਵਿਹਾਰ ਵਿੱਚ ਵੱਡੀਆਂ ਤਬਦੀਲੀਆਂ ਆਉਣ ਤਾਂ ਅਜਿਹੇ ਲੱਛਣਾਂ ਵੱਲ ਜਰੂਰ ਧਿਆਨ ਦੇਣਾ ਚਾਹੀਦਾ ਹੈ। ਉਸਦੀ ਅਸਲ ਮਾਨਸਿਕ ਅਵਸਥਾ ਦਾ ਮੁਲਾਂਕਣ ਕੇਵਲ ਉਸ ਦੁਆਰਾ ਵਿਖਾਏ ਜਾ ਰਹੇ ਹੌਸਲੇ ਭਰਪੂਰ ਵਰਤਾਅ ਨਾਲ ਨਹੀਂ ਕੀਤਾ ਜਾ ਸਕਦਾ। ਦੁੱਖ ਜਾਂ ਸੋਗ ਹਰੇਕ ਦੀ ਜ਼ਿੰਦਗੀ ਵਿੱਚ ਆਉਂਦਾ ਹੈ। ਪਰ ਹਰੇਕ ਵਿਅਕਤੀ ਦਾ ਅਨੁਭਵ ਵੱਖਰਾ ਅਤੇ ਵਿਲੱਖਣ ਹੁੰਦਾ ਹੈ। ਨੀਂਦ ਦੀ ਘਾਟ ਇਸ ਸੰਦਰਭ ਵਿੱਚ ਵਿਸ਼ੇਸ਼ ਮਹੱਤਵ ਰੱਖਦੀ ਹੈ। ਕਿਸੇ ਪਿਆਰੇ ਦੇ ਸਦੀਵੀ ਵਿਛੋੜੇ ਤੋਂ ਬਾਅਦ ਨੀਂਦ ਨਾ ਆਉਣਾ, ਵਾਰ-ਵਾਰ ਜਾਗਣਾ ਅਤੇ ਘਟਨਾ ਨਾਲ ਜੁੜੇ ਵਿਚਾਰਾਂ ਦਾ ਲਗਾਤਾਰ ਮਨ ‘ਚ ਆਉਣਾ ਸੋਗ ਦੀਆਂ ਪ੍ਰਤੀਕਿਰਿਆਵਾਂ ਹਨ। ਲਗਾਤਾਰ ਨੀਂਦ ਖ਼ਰਾਬ ਰਹਿਣ ਕਾਰਨ ਯਾਦਾਸ਼ਤ, ਫੈਸਲੇ ਜਾਂ ਭਾਵਨਾਵਾਂ ਨੂੰ ਸੰਭਾਲਣ ਦੀ ਸਮਰੱਥਾ ‘ਤੇ ਅਸਰ ਪੈ ਸਕਦਾ ਹੈ। ਖਾਸ ਕਰਕੇ ਬਜ਼ੁਰਗਾਂ ਵਿੱਚ ਅਚਾਨਕ ਅਸਧਾਰਣ ਵਿਹਾਰ ਨੂੰ ਕੇਵਲ ਦੁੱਖ ਦਾ ਨਤੀਜਾ ਸਮਝ ਕੇ ਅਣਡਿੱਠ ਨਹੀਂ ਕਰਨਾ ਚਾਹੀਦਾ। ਅਜਿਹੀ ਸਥਿਤੀ ਵਿੱਚ ਸਮੇਂ ਸਿਰ ਡਾਕਟਰੀ ਮੁਆਇਨੇ ਦੀ ਲੋੜ ਪੈ ਸਕਦੀ ਹੈ। ਅਜਿਹੇ ਦੁੱਖ ਭਰੇ ਮਾਹੌਲ ਵਿੱਚ ਹੋਰਨਾਂ ਦੀ ਜ਼ਿੰਮੇਵਾਰੀ ਸਿਰਫ਼ ਦੁਖੀ ਪਿਤਾ ਦੀ ਪ੍ਰਸੰਸਾ ਕਰਨਾ ਨਹੀਂ, ਸਗੋਂ ਉਸਦੀ ਸਰੀਰਕ ਅਤੇ ਮਾਨਸਿਕ ਸਿਹਤ ਪ੍ਰਤੀ ਸੰਵੇਦਨਸ਼ੀਲ ਰਹਿਣਾ ਵੀ ਹੈ। ਪਰਿਵਾਰ, ਦੋਸਤਾਂ ਅਤੇ ਨਜ਼ਦੀਕੀ ਸਾਥੀਆਂ ਨੂੰ ਚਾਹੀਦਾ ਹੈ ਕਿ ਉਹ ਉਸਨੂੰ ਆਰਾਮ, ਨੀਂਦ, ਭੋਜਨ ਅਤੇ ਨਿੱਜੀ ਸਮੇਂ ਲਈ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ। ਬਿਨਾ ਨਿਰਣਾਇਕ ਹੋਏ ਉਸ ਨਾਲ ਗੱਲ ਕਰਨ ਅਤੇ ਉਸਦੀ ਗੱਲ ਸੁਣਨ ਲਈ ਉਪਲਭਧ ਰਹਿਣ। ਜੇਕਰ ਉਹ ਆਪਣੇ ਦੁੱਖ ਬਾਰੇ ਗੱਲ ਨਹੀਂ ਕਰਨਾ ਚਾਹੰੁਦਾ ਤਾਂ ਉਸਨੂੰ ਮਜ਼ਬੂਰ ਨਾ ਕੀਤਾ ਜਾਵੇ। ਜੇਕਰ ਲੰਬੇ ਸਮੇਂ ਤੱਕ ਨੀਂਦ ਦੀ ਸਮੱਸਿਆ ਰਹੇ, ਵਿਹਾਰ ‘ਚ ਚਿੰਤਾਜਨਕ ਤਬਦੀਲੀ ਆਵੇ ਜਾਂ ਮਾਨਸਿਕ ਸਿਹਤ ਪ੍ਰਭਾਵਿਤ ਹੋਵੇ ਤਾਂ ਉਸਨੂੰ ਸੰਵੇਦਨਸ਼ੀਲ ਤਰੀਕੇ ਨਾਲ ਲੈਣਾ ਚਾਹੀਦਾ ਹੈ। ਕਿਸੇ ਦੁਖੀ ਵਿਅਕਤੀ ਦਾ ਹੌਸਲਾ ਉਸਦੀ ਮਜ਼ਬੂਤ ਮਾਨਸਿਕਤਾ ਦਾ ਇੱਕ ਪਾਸਾ ਹੈ, ਪਰ ਹੋਰਨਾਂ ਦੁਆਰਾ ਉਸਨੂੰ ਹਮੇਸ਼ਾ ਹੌਸਲੇ ਵਾਲਾ ਹੀ ਬਣਿਆ ਰਹਿਣ ਲਈ ਕਹਿਣਾ ਉਸ ‘ਤੇ ਹੋਰ ਬੋਝ ਪਾ ਸਕਦਾ ਹੈ। ਉਸਨੂੰ ਜਾਪ ਸਕਦਾ ਹੈ ਕਿ ਜੇਕਰ ਉਹ ਟੁੱਟ ਗਿਆ ਤਾਂ ਹੋਰਨਾਂ ਦਾ ਹੌਸਲਾ ਵੀ ਟੁੱਟ ਜਾਵੇਗਾ। ਇੰਝ ਜਨਤਕ ਜ਼ਿੰਮੇਵਾਰੀ ਅਤੇ ਨਿੱਜੀ ਸੋਗ ਵਿਚਕਾਰ ਇੱਕ ਭਾਵਨਾਤਮਕ ਸੰਘਰਸ਼ ਪੈਦਾ ਹੋ ਸਕਦਾ ਹੈ। ਸਮਾਜ ਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਕਿਸੇ ਵਿਅਕਤੀ ਦਾ ਨਿੱਜੀ ਦੁੱਖ ਉਸਦੀ ਜਨਤਕ ਪਛਾਣ ਨਾਲੋਂ ਕਿਤੇ ਵੱਡਾ ਹੋ ਸਕਦਾ ਹੈ। ਪਿਤਾ ਲਈ ਪੁੱਤਰ ਉਸਦੇ ਜੀਵਨ ਦਾ ਹਿੱਸਾ ਹੁੰਦਾ ਹੈ। ਉਸਦੇ ਬਚਪਨ ਦੀਆਂ ਯਾਦਾਂ, ਉਸਦੇ ਸੁਪਨੇ, ਉਸਦੀਆਂ ਸਫ਼ਲਤਾਵਾਂ, ਉਸ ਨਾਲ ਬਿਤਾਏ ਅਣਗਿਣਤ ਪਲ ਪਿਤਾ ਦੇ ਮਨ ਵਿੱਚ ਵੱਸੇ ਹੁੰਦੇ ਹਨ। ਸਮਾਜ ਉਸਦੇ ਪੁੱਤਰ ਦੀ ਕੁਰਬਾਨੀ ਨੂੰ ਯਾਦ ਰੱਖ ਸਕਦਾ ਹੈ ਪਰ ਪਿਤਾ ਲਈ ਉਸਦੀ ਗ਼ੈਰਹਾਜ਼ਰੀ ਜ਼ਿੰਦਗੀ ਭਰ ਦਾ ਨਿੱਜੀ ਨੁਕਸਾਨ ਹੁੰਦੀ ਹੈ। ਪੰਜਾਬੀ ਸਮਾਜ ਵਿੱਚ ‘ਚੜ੍ਹਦੀ ਕਲਾ’ ਦਾ ਬਹੁਤ ਡੰੂਘਾ ਸੱਭਿਆਚਾਰਕ ਅਤੇ ਅਧਿਆਤਮਕ ਮਹੱਤਵ ਹੈ। ਇਹ ਮੁਸ਼ਕਲ ਹਾਲਾਤ ਵਿੱਚ ਹੌਸਲਾ, ਆਸ ਅਤੇ ਅੰਦਰੂਨੀ ਤਾਕਤ ਬਣਾਈ ਰੱਖਣ ਦੀ ਪ੍ਰੇਰਣਾ ਦਿੰਦੀ ਹੈ। ਪਰ ਚੜ੍ਹਦੀ ਕਲਾ ਦਾ ਭਾਵ ਇਹ ਨਹੀਂ ਹੈ ਕਿ ਇਨਸਾਨ ਨੂੰ ਦੁੱਖ-ਦਰਦ ਵੀ ਮਹਿਸੂਸ ਨਹੀਂ ਹੋਣਾ ਚਾਹੀਦਾ। ਹੰਝੂ ਅਤੇ ਹੌਸਲਾ ਇੱਕ ਦੂਜੇ ਦੇ ਵਿਰੋਧੀ ਨਹੀਂ ਹਨ। ਕੋਈ ਪਿਤਾ ਆਪਣੇ ਪੁੱਤਰ ਦੇ ਸਦੀਵੀ ਵਿਛੋੜੇ ਤੋਂ ਬਾਅਦ ਰੋ ਵੀ ਸਕਦਾ ਹੈ। ਉਹ ਆਪਣੇ ਧਰਮ, ਵਿਸ਼ਵਾਸ ਅਤੇ ਸਿਧਾਂਤਾਂ ਵਿੱਚ ਅਡੋਲ ਰਹਿੰਦਿਆਂ ਆਪਣੀ ਬੇਬਸੀ ਦਾ ਪ੍ਰਗਟਾਵਾ ਵੀ ਕਰ ਸਕਦਾ ਹੈ। ਪੁਰਸ਼ਾਂ ਦਾ ਰੋਣਾ ਉਨ੍ਹਾਂ ਦੀ ਬਹਾਦਰੀ, ਹਿੰਮਤ, ਹੌਸਲੇ ਅਤੇ ਮਰਦਾਨਗੀ ਨੂੰ ਘੱਟ ਨਹੀਂ ਕਰਦਾ। ਜਾਪਦਾ ਹੈ ਕਿ ਸਮਾਜ ਨੂੰ ‘ਮਰਦਾਨਗੀ’ ਸ਼ਬਦ ਦੀ ਪ੍ਰੀਭਾਸ਼ਾ ਬਦਲਣ ਦੀ ਲੋੜ ਹੈ। ਮਰਦਾਨਗੀ ਦਾ ਮਤਲਬ ਭਾਵਨਾਵਾਂ ਨੂੰ ਦਬਾਉਣਾ ਜਾਂ ਹਰ ਦੁੱਖ ਇਕੱਲਿਆਂ ਸਹਿਣਾ ਨਹੀਂ ਹੋਣਾ ਚਾਹੀਦਾ। ਅਸਲੀ ‘ਹਿੰਮਤ’ ਵਿੱਚ ਆਪਣੀਆਂ ਭਾਵਨਾਵਾਂ ਨੂੰ ਸਵੀਕਾਰ ਕਰਨ, ਲੋੜ ਪੈਣ ‘ਤੇ ਮਦਦ ਮੰਗਣ ਅਤੇ ਦੂਜਿਆਂ ਦੇ ਸਹਾਰੇ ਨੂੰ ਅਪਨਾਉਣ ਦੀ ਸਮਰੱਥਾ ਵੀ ਸ਼ਾਮਲ ਹੈ। ਬੱਚਿਆਂ ਨੂੰ ਇਹ ਵੀ ਸਿਖਾਉਣ ਦੀ ਲੋੜ ਹੈ ਕਿ ‘ਰੋਣ’ ਦਾ ਸੰਬੰਧ ਕੇਵਲ ਕੁੜੀਆਂ ਨਾਲ ਨਹੀਂ, ਬਲਕਿ ਇਹ ਮਨੁੱਖੀ ਭਾਵਨਾਵਾਂ ਦੇ ਪ੍ਰਗਟਾਵੇ ਦਾ ਇੱਕ ਕੁਦਰਤੀ ਤਰੀਕਾ ਹੈ। ਅਜਿਹੀਆਂ ਘਟਨਾਵਾਂ ਦਾ ਅਸਰ ਸਿਰਫ਼ ਉਸ ਵਿਅਕਤੀ ਤੱਕ ਹੀ ਸੀਮਿਤ ਨਹੀਂ ਹੁੰਦਾ, ਜਿਸਦਾ ਦੁੱਖ ਲੋਕਾਂ ਸਾਹਮਣੇ ਨਜ਼ਰ ਆ ਰਿਹਾ ਹੈ। ਛੋਟੇ ਬੱਚੇ ਵੀ ਆਪਣੇ ਢੰਗ ਨਾਲ ਮਾਪਿਆਂ ਦੀ ਮੌਤ ਨੂੰ ਸਮਝਦੇ ਅਤੇ ਉਸਦਾ ਸੋਗ ਮਨਾਉਂਦੇ ਹਨ। ਖ਼ਬਰਾਂ ਅਨੁਸਾਰ ਪਰਵਿੰਦਰ ਸਿੰਘ ਝੋਟਾ ਦੇ ਨੌਂ ਅਤੇ ਛੇ ਸਾਲ ਦੇ ਦੋ ਪੁੱਤਰ ਹਨ। ਆਮ ਤੌਰ ‘ਤੇ ਪਿਤਾ ਦੀ ਅਚਾਨਕ ਅਤੇ ਹਿੰਸਕ ਮੌਤ ਤੋਂ ਬਾਅਦ ਕੁਝ ਬੱਚਿਆਂ ਨੂੰ ਕਈ ਮਨੋਵਿਗਿਆਨਕ ਮੁਸ਼ਕਲਾਂ ਜਿਵੇਂ ਕਿ ਪਿਤਾ ਦੀ ਗ਼ੈਰ-ਮੌਜੂਦਗੀ ਕਾਰਣ ਡਰ, ਅਸੁਰੱਖਿਆ ਅਤੇ ਇਕੱਲੇਪਣ ਦਾ ਅਹਿਸਾਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਅਤੇ ਉਨ੍ਹਾਂ ਦੀ ਨੀਂਦ, ਪੜ੍ਹਾਈ, ਇਕਾਗਰਤਾ ਅਤੇ ਰੋਜ਼ਾਨਾ ਦੇ ਵਿਹਾਰ ਵਿੱਚ ਤਬਦੀਲੀ ਆ ਸਕਦੀ ਹੈ। ਘਟਨਾ ਬਾਰੇ ਲਗਾਤਾਰ ਚਰਚਾ ਜਾਂ ਹਿੰਸਾ ਨਾਲ ਸੰਬੰਧਿਤ ਤਸਵੀਰਾਂ ਵੀ ਉਨ੍ਹਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਸਵਾਲ ਪੈਦਾ ਹੁੰਦਾ ਹੈ ਕਿ ਬੱਚਿਆਂ ਦੀਆਂ ਜੋ ਭਾਵਨਾਤਾਮਕ ਲੋੜਾਂ ਪਹਿਲਾਂ ਪਿਤਾ ਜਾਂ ਮਾਂ ਤੋਂ ਪੂਰੀਆ ਹੁੰਦੀਆਂ ਸਨ, ਅਜਿਹੇ ਮਾਹੌਲ ਵਿੱਚ ਉਨ੍ਹਾਂ ਦੀ ਪੂਰਤੀ ਕਿਵੇਂ ਹੋ ਰਹੀ ਹੁੰਦੀ ਹੈ? ਪਰਿਵਾਰ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਇਹ ਸਮਝਣ ਦੀ ਲੋੜ ਹੁੰਦੀ ਹੈ ਕਿ ਸੋਗ-ਮਈ ਮਾਹੌਲ ਦੇ ਚੱਲਦਿਆਂ ਕਿਤੇ ਬੱਚਿਆਂ ਦਾ ਬਚਪਨ, ਸਿੱਖਿਆ, ਭਾਵਨਤਾਮਕ ਸੁਰੱਖਿਆ ਅਤੇ ਭਵਿੱਖ ਕਿਤੇ ਅਣਗ਼ੌਲਿਆ ਨਾ ਰਹਿ ਜਾਵੇ। ਇੱਥੇ ਇਹ ਵੀ ਵਿਚਾਰਨਯੋਗ ਹੈ ਕਿ ਜੇਕਰ ਬੱਚੇ ਆਪਣੇ ਆਲੇ-ਦੁਆਲੇ ਵੱਡਿਆਂ ਨੂੰ ਤਣਾਅ ਵਿੱਚ ਵੇਖਣ ਤਾਂ ਕਈ ਵਾਰ ਉਹ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਤੋਂ ਝਿਜਕ ਸਕਦੇ ਹਨ। ਉਦਾਹਰਣ ਦੇ ਤੌਰ ‘ਤੇ ਬੱਚਾ ਸੋਚ ਸਕਦਾ ਹੈ ਕਿ “ਮੇਰੀ ਮੰਮੀ ਪਹਿਲਾਂ ਹੀ ਪ੍ਰੇਸ਼ਾਨ ਹੈ, ਜੇਕਰ ਮੈਂ ਰੋਵਾਂਗਾ ਤਾਂ ਉਹ ਹੋਰ ਦੁਖੀ ਹੋ ਜਾਵੇਗੀ!” ਇਸ ਤਰ੍ਹਾਂ ਬੱਚਾ ਆਪਣਾ ਦੁੱਖ ਅੰਦਰ ਹੀ ਰੱਖ ਸਕਦਾ ਹੈ, ਅਤੇ ਸਮੇਂ ਤੋਂ ਪਹਿਲਾਂ ਵੱਡਿਆਂ ਵਾਂਗ ਜ਼ਿੰਮੇਵਾਰ ਬਣਨ ਦੀ ਕੋਸ਼ਿਸ਼ ਕਰ ਸਕਦਾ ਹੈ। ਮਨੋਵਿਗਿਆਨ ਵਿੱਚ ‘ਪੇਰੈਂਟੀਫ਼ਿਕੇਸ਼ਨ’ ਸ਼ਬਦ ਉਸ ਵੇਲੇ ਵਰਤਿਆ ਜਾਂਦਾ ਹੈ, ਜਦੋਂ ਕਿ ਬੱਚੇ ਨੂੰ ਲੰਬੇ ਸਮੇਂ ਲਈ ਆਪਣੀ ਉਮਰ ਤੋਂ ਵੱਧ ਘਰੇਲੂ ਜਾਂ ਭਾਵਨਾਤਮਕ ਜ਼ਿੰਮੇਵਾਰੀਆਂ ਅਤੇ ਭੂਮਿਕਾਵਾਂ ਨਿਭਾਉਣੀਆਂ ਪੈਣ। ਹਾਲਾਂਕਿ, ਇਸਦਾ ਅਸਰ ਹਰੇਕ ਬੱਚੇ ‘ਤੇ ਇੱਕੋ ਜਿਹਾ ਨਹੀਂ ਹੁੰਦਾ ਪਰ ਸਾਰਾ ਬੋਝ ਇਕੱਲੇ ਚੁੱਕਣ ਕਾਰਨ ਉਹ ਸਮਾਂ ਪਾ ਕੇ ਗੰਭੀਰ ਮਾਨਸਿਕ ਥਕਾਵਟ ਦਾ ਸ਼ਿਕਾਰ ਹੋ ਸਕਦੇ ਹਨ। 2026 ‘ਚ 69 ਅਧਿਐਨਾਂ ਦੀ ਕੀਤੀ ਗਈ ਇੱਕ ਸਮੀਖਿਆ ਅਨੁਸਾਰ ਬੱਚੇ ਦੀ ਮਾਨਸਿਕਤਾ ‘ਤੇ ਇਹ ਅਸਰ ਜ਼ਿੰਮੇਵਾਰੀ ਦੀ ਕਿਸਮ, ਸਮੇਂ ਅਤੇ ਪਰਿਵਾਰਕ ਤੇ ਸੱਭਿਆਚਾਰਕ ਹਾਲਾਤ ਅਨੁਸਾਰ ਬਦਲ ਸਕਦੇ ਹਨ। ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਉਸਦੇ ਪਿਤਾ ਦਾ ਸੰਘਰਸ਼ ਸਮਾਜ ਨੂੰ ਇਨਸਾਫ਼, ਸਮਾਜਿਕ ਜ਼ਿੰਮੇਵਾਰੀ ਅਤੇ ਹੌਸਲੇ ਨਾਲ ਸੋਚਣ ਲਈ ਪ੍ਰੇਰਿਤ ਕਰ ਸਕਦਾ ਹੈ। ਪਰ ਇਸ ਘਟਨਾ ਤੋਂ ਇੱਕ ਹੋਰ ਸਬਕ ਲੈਣਾ ਵੀ ਜ਼ਰੂਰੀ ਹੈ। ਜਦੋਂ ਕੋਈ ਪਿਤਾ ਆਪਣਾ ਪੁੱਤਰ ਗੁਆ ਬੈਠਦਾ ਹੈ ਤਾਂ ਸਮਾਜ ਨੂੰ ਉਸ ਤੋਂ ਸਿਰਫ਼ ਬਹਾਦਰੀ ਦੀ ਉਮੀਦ ਨਹੀਂ ਰੱਖਣੀ ਚਾਹੀਦੀ। ਉਸਨੂੰ ਵੀ ਦੁਖੀ ਹੋਣ, ਚੁੱਪ ਰਹਿਣ, ਰੋਣ, ਆਰਾਮ ਕਰਨ ਅਤੇ ਸਹਾਰਾ ਲੈਣ ਦਾ ਵੀ ਪੂਰਾ ਅਧਿਕਾਰ ਹੈ। ਕਿਸੇ ਪਿਤਾ ਦੇ ਹੰਝੂ ਉਸਦੀ ਹਾਰ ਨਹੀਂ ਹੁੰਦੇ, ਉਸਦੀ ਚੁੱਪ ਨੂੰ ਦਰਦ ਦੀ ਅਣਹੋਂਦ ਨਾ ਸਮਝਿਆ ਜਾਵੇ ਅਤੇ ਉਸਦੇ ਹੌਸਲੇ ਨੂੰ ਇਸ ਗੱਲ ਦਾ ਸਬੂਤ ਨਾ ਮੰਨਿਆ ਜਾਵੇ ਕਿ ਉਸਨੂੰ ਕਿਸੇ ਸਹਾਰੇ ਦੀ ਲੋੜ ਨਹੀਂ ਹੈ। ਕਿਉਂ ਕਿ ਮਰਦ ਵੀ ਇਨਸਾਨ ਹੈ, ਉਸਦਾ ਵੀ ਦਿਲ ਹੈ, ਉਸਦੀਆਂ ਵੀ ਭਾਵਨਾਵਾਂ ਹਨ, ਉਸਦਾ ਮਨ ਵੀ ਟੁੱਟ ਸਕਦਾ ਹੈ। ਚੇਤੇ ਰਹੇ ਕਿ ਮਰਦ ਨੂੰ ਵੀ ਦਰਦ ਹੁੰਦਾ ਹੈ! |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |

by
ਪੰਜਾਬ ਦੇ ਮਾਨਸਾ ਸ਼ਹਿਰ ਵਿੱਚ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੇ ਪੰਜਾਬੀਆਂ ਦੇ ਮਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਉਸਦਾ ਪਰਿਵਾਰ ਇਨਸਾਫ਼ ਲਈ ਲਗਾਤਾਰ ਆਵਾਜ਼ ਉਠਾ ਰਿਹਾ ਹੈ ਅਤੇ ਬਜ਼ੁਰਗ ਪਿਤਾ ਭੀਮ ਸਿੰਘ ਜਨਤਕ ਇਕੱਠਾਂ ਨੂੰ ਸੰਬੋਧਨ ਕਰਦੇ ਹਨ, ਸੰਘਰਸ਼ ਜਾਰੀ ਰੱਖਣ ਦੀ ਗੱਲ ਕਰਦੇ ਹਨ ਅਤੇ ਹੌਸਲੇ ਨਾਲ ਖੜ੍ਹੇ ਦਿਖਾਈ ਦਿੰਦੇ ਹਨ। ਪਰ, ਇਸ ਸਾਰੇ ਘਟਨਾਕ੍ਰਮ ਵਿੱਚ ਮਨੋਵਿਗਿਆਨਕ ਤੌਰ ‘ਤੇ ਇੱਕ ਅਜਿਹਾ ਸਵਾਲ ਵੀ ਪੈਦਾ ਹੁੰਦਾ ਹੈ, ਜਿਸ ਵੱਲ ਸਮਾਜ ਦਾ ਧਿਆਨ ਜਾਣਾ ਲਾਜ਼ਿਮੀ ਹੈ। ਜਿਸ ਪਿਤਾ ਦਾ ਜਵਾਨ ਪੁੱਤਰ ਅਚਾਨਕ ਉਸ ਤੋਂ ਖੋਹ ਲਿਆ ਜਾਵੇ, ਉਸਦੇ ਆਪਣੇ ਮਨ ‘ਤੇ ਕੀ ਬੀਤ ਰਹੀ ਹੋਵੇਗੀ? ਜਿਸ ਇਨਸਾਨ ਨੂੰ ਬਹਾਦਰ ਅਤੇ ਮਜ਼ਬੂਤ ਕਿਹਾ ਜਾ ਰਿਹਾ ਹੈ, ਕੀ ਕਿਸੇ ਨੇ ਉਸਦੇ ਅੰਦਰਲੇ ਦਰਦ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ?