6 December 2024

ਦੋ ਨਿੱਕੀਅਾਂ ਹਿੰਦੀ ਕਹਾਣੀਅਾਂ: ਕੁਲਦੀਪਕ-ਨਰਿੰਦਰ ਕੌਰ ਛਾਬੜਾ/ਮਿੱਟੀ ਦੇ ਲੱਡੂ-ਸੁਧਾ ਦੂਬੇ, ਭੋਪਾਲ—ਅਨੁਵਾਦਿਕ: ਪ੍ਰੋ. ਨਵ ਸੰਗੀਤ ਸਿੰਘ

ਕੁਲਦੀਪਕ
* ਮੂਲ : ਨਰਿੰਦਰ ਕੌਰ ਛਾਬੜਾ

ਪਤੀ ਪਤਨੀ ਛੁੱਟੀਆਂ ਵਿੱਚ ਪਹਾੜੀ ਥਾਂ ਤੇ ਘੁੰਮਣ ਗਏ ਹੋਏ ਸਨ। ਸ਼ਾਮ ਵੇਲੇ ਝੀਲ ਦੇ ਕਿਨਾਰੇ ਟਹਿਲ ਰਹੇ ਸਨ ਕਿ ਇੱਕ ਬੁੱਢੀ ਔਰਤ ਹੱਥ ਵਿੱਚ ਕੰਘੇ ਲੈ ਕੇ ਆਈ ਅਤੇ ਮਿੰਨਤ ਕਰਦੀ ਹੋਈ ਬੋਲੀ, “ਮੈਡਮ ਜੀ, ਇਹ ਕੰਘਾ ਸਿਰਫ਼ ਵੀਹ ਰੁਪਏ ਦਾ ਹੈ, ਪਰ ਬੜਾ ਟਿਕਾਊ ਹੈ, ਇੱਕ ਲੈ ਲਓ ਨਾ…।”

ਪਤਨੀ ਨੇ ਕੋਈ ਦਿਲਚਸਪੀ ਨਹੀਂ ਵਿਖਾਈ ਅਤੇ ਮੂੰਹ ਦੂਜੇ ਪਾਸੇ ਕਰ ਲਿਆ। ਉਹ ਔਰਤ ਫਿਰ ਤਰਲਾ ਕਰਦੀ ਹੋਈ ਬੋਲੀ, “ਲੈ ਲਓ ਨਾ, ਅੱਜ ਸਵੇਰ ਦਾ ਇੱਕ ਵੀ ਕੰਘਾ ਨਹੀਂ ਵਿਕਿਆ…।”

ਪਤਨੀ ਕੁਝ ਚਿੜ ਕੇ ਬੋਲੀ, “ਤਾਂ ਮੈਂ ਕੀ ਕਰਾਂ? ਮੈਨੂੰ ਨਹੀਂ ਚਾਹੀਦਾ। ਮੇਰੇ ਕੋਲ ਬਹੁਤ ਕੰਘੇ ਪਏ ਹਨ…।”

ਬੁੱਢੀ ਰੋਣਹਾਕੀ ਹੋ ਗਈ, “ਮੈਡਮ ਜੀ, ਰੋਜ਼ ਦੇ ਪੰਜਾਹ ਰੁਪਏ ਬਹੂ ਬੇਟੇ ਨੂੰ ਦਿੰਦੀ ਹਾਂ ਤਾਂ ਕਿਤੇ ਜਾ ਕੇ ਇੱਕ ਵੇਲੇ ਦੀ ਰੋਟੀ ਮਿਲਦੀ ਹੈ। ਅੱਜ ਇੱਕ ਵੀ ਕੰਘਾ ਨਹੀਂ ਵਿਕਿਆ। ਲੱਗਦਾ ਹੈ, ਅੱਜ ਭੁੱਖਿਆਂ ਹੀ ਸੌਣਾ ਪਵੇਗਾ…।” ਕਹਿੰਦਿਆਂ ਉਹਦੀਆਂ ਅੱਖਾਂ ਭਰ ਆਈਆਂ।

ਪਤਨੀ ਦਾ ਦਿਲ ਭਰ ਆਇਆ। ਕੁਝ ਗੁੱਸੇ ਵਿੱਚ ਬੋਲੀ, “ਤੇਰੇ ਬਹੂ ਬੇਟਾ ਬੜੇ ਜ਼ਾਲਮ ਹਨ। ਏਸ ਉਮਰ ਵਿੱਚ ਤੈਨੂੰ ਧੱਕੇ ਖਾਣ ਲਈ ਛੱਡ ਦਿੱਤਾ, ਉਨ੍ਹਾਂ ਨੂੰ ਸ਼ਰਮ ਨਹੀਂ ਆਉਂਦੀ?”

ਬੁੱਢੀ ਵਿੱਚੋਂ ਹੀ ਗੱਲ ਕੱਟਦੀ ਹੋਈ ਬੋਲੀ, “ਮੈਡਮ, ਕੰਘਾ ਨਹੀਂ ਲੈਣਾ ਤਾਂ ਨਾ ਲਓ। ਪਰ ਮੇਰੇ ਬੇਟੇ ਨੂੰ ਬੁਰਾ ਭਲਾ ਨਾ ਕਹੋ। ਇੱਕ ਹੀ ਤਾਂ ਬੇਟਾ ਹੈ ਮੇਰਾ। ਮੇਰੇ ਬੁਢਾਪੇ ਦਾ ਸਹਾਰਾ ਅਤੇ ਮੇਰੀ ਚਿਤਾ ਨੂੰ ਅੱਗ ਵੀ ਤਾਂ ਉਹੀ ਲਾਵੇਗਾ…।” ਬੇਟੇ ਦੀ ਮਾਂ ਹੋਣ‌ ਦੇ ਭਾਵ ਉਹਦੇ ਚਿਹਰੇ ਤੇ ਸਪਸ਼ਟ ਦਿੱਸ ਰਹੇ ਸਨ…।
***
* ਮੂਲ : ਨਰਿੰਦਰ ਕੌਰ ਛਾਬੜਾ
*ਅਨੁ : ਪ੍ਰੋ. ਨਵ ਸੰਗੀਤ ਸਿੰਘ
***

2. ਮਿੱਟੀ ਦੇ ਲੱਡੂ* —ਮੂਲ : ਸੁਧਾ ਦੂਬੇ, ਭੋਪਾਲ

ਸਕੂਲ ਵਿੱਚ ਛੁੱਟੀਆਂ ਹੋ ਗਈਆਂ ਸਨ ਅਤੇ ਸਿਧਾਰਥ ਘਰ ਵਿੱਚ ਬਹੁਤ ਪ੍ਰੇਸ਼ਾਨ ਹੋ ਰਿਹਾ ਸੀ। ਕਦੇ ਉਹ ਟੀਵੀ ਚਲਾਉਂਦਾ, ਕਦੇ ਆਪਣੀਆਂ ਕਹਾਣੀਆਂ ਕਵਿਤਾਵਾਂ ਦੀਆਂ ਕਿਤਾਬਾਂ ਵੇਖਣ ਲੱਗਦਾ, ਫਿਰ ਸ਼ਤਰੰਜ ਅਤੇ ਲੁਡੋ ਲੈ ਕੇ ਬਹਿ ਜਾਂਦਾ ਪਰ ਇਕੱਲਿਆਂ ਉਹਦਾ ਖੇਡਣ ਵਿੱਚ ਜੀਅ ਨਹੀਂ ਸੀ ਲੱਗ ਰਿਹਾ। ਉਹ ਸਾਰੀਆਂ ਚੀਜ਼ਾਂ ਉੱਥੇ ਹੀ ਸੁੱਟ ਕੇ ਮੰਮੀ ਕੋਲ ਕਿਚਨ ਵਿੱਚ ਗਿਆ। ਉਹਨੇ ਵੇਖਿਆ ਮੰਮੀ ਲੱਡੂ ਬਣਾ ਰਹੀ ਸੀ।

ਸਿਧਾਰਥ ਨੇ ਪੁੱਛਿਆ, “ਮੰਮੀ, ਤੁਸੀਂ ਕਾਹਦੇ ਲੱਡੂ ਬਣਾ ਰਹੇ ਹੋ?”

“ਬੇਟਾ, ਮੈਂ ਵੇਸਣ ਦੇ ਲੱਡੂ ਬਣਾ ਰਹੀ ਹਾਂ। ਆਪਾਂ ਐਤਵਾਰ ਨੂੰ ਦਾਦੀ ਕੋਲ ਪਿੰਡ ਜਾਣਾ ਹੈ ਨਾ!”

“ਮੰਮੀ, ਮੈਂ ਵੀ ਤੁਹਾਡੇ ਨਾਲ ਲੱਡੂ ਬਣਾਉਂਦਾ ਹਾਂ।”

“ਨਹੀਂ, ਨਹੀਂ ਬੇਟਾ, ਤੂੰ ਖਰਾਬ ਕਰ ਦੇਵੇਂਗਾ। ਮੈਂ ਬਣਾ ਲਵਾਂਗੀ।”

“ਪਰ ਮੈਂ ਕੀ ਕਰਾਂ, ਮੈਂ ਬੈਠਾ ਬੈਠਾ ਬੋਰ ਹੋ ਰਿਹਾ ਹਾਂ।” ਸਿਧਾਰਥ ਪੈਰ ਮਾਰਦਾ ਹੋਇਆ ਬੋਲਿਆ।

“ਅੱਛਾ, ਤਾਂ ਇਉਂ ਕਰ। ਮੈਂ ਤੈਨੂੰ ਛੱਤ ਤੇ ਬੀਜ ਸੁਕਾਉਣ ਲਈ ਦਿੱਤੇ ਸਨ, ਉਹ ਲੈ ਆ ਅਤੇ ਬਗੀਚੇ ਵਿੱਚ ਜੋ ਮਿੱਟੀ ਪਈ ਹੈ, ਉਸ ਨਾਲ ਮੈਂ ਤੈਨੂੰ ਮਿੱਟੀ ਦੇ ਲੱਡੂ ਬੀਜ ਪਾ ਕੇ ਬਣਾਉਣਾ ਸਿਖਾਉਂਦੀ ਹਾਂ।”

“ਆਹਾ, ਕਿਆ ਬਾਤ ਹੈ ਮੰਮੀ, ਮਿੱਟੀ ਦੇ ਲੱਡੂ!”

“ਹਾਂ ਬੇਟਾ! ਫਿਰ ਤੂੰ ਉਨ੍ਹਾਂ ਨੂੰ ਦਾਦੀ ਦੇ ਪਿੰਡ ਖੇਤਾਂ ਵਿੱਚ ਜਾ ਕੇ ਲਾ ਦੇਵੀਂ।”

ਸਿਧਾਰਥ ਨੇ ਮਾਂ ਦੇ ਸਿਖਾਉਣ ਤੇ ਆਪਣੀ ਛੋਟੀ ਭੈਣ ਸ਼ਿਬੀ ਨਾਲ ਮਿਲ ਕੇ ਬਹੁਤ ਸਾਰੇ ਮਿੱਟੀ ਦੇ ਲੱਡੂ ਬੀਜ ਪਾ ਕੇ ਬਣਾਏ। ਉਸ ਵਿੱਚ ਉਹਨੇ ਅਮਰੂਦ, ਸੀਤਾਫ਼ਲ, ਔਲਾ ਅਤੇ ਜਾਮਣ ਦੀਆਂ ਗਿਟਕਾਂ ਜੋ ਉਹਨੇ ਸੁਕਾ ਕੇ ਰੱਖੀਆਂ ਸਨ, ਉਹ ਪਾ ਕੇ ਬਹੁਤ ਸਾਰੇ ਲੱਡੂ ਬਣਾ ਲਏ।

ਸ਼ਿਬੀ ਨੇ ਪੁੱਛਿਆ, “ਕੀ ਵੀਰੇ, ਤੂੰ ਆਹ ਐਨੇ ਸਾਰੇ ਮਿੱਟੀ ਦੇ ਲੱਡੂ ਕਿਉਂ ਬਣਾ ਰਿਹਾ ਹੈਂ? ਇਨ੍ਹਾਂ ਦਾ ਕੀ ਕਰੇਂਗਾ ਤੂੰ?”

“ਮੈਂ ਇਹ ਸਭ ਦਾਦੀ ਦੇ ਪਿੰਡ ਲੈ ਕੇ ਜਾਵਾਂਗਾ।”

“ਅੱਛਾ, ਦਾਦੀ ਕੀ ਹੁਣ ਮਿੱਟੀ ਦੇ ਲੱਡੂ ਖਾਵੇਗੀ?” ਅਤੇ ਉਹ ਜ਼ੋਰ-ਜ਼ੋਰ ਨਾਲ ਹੱਸਣ ਲੱਗੀ।

“ਹੱਟ ਪਾਗਲ… ਮੈਂ ਇਹ ਸਭ ਪਿੰਡ ਜਾ ਕੇ ਦੱਸਾਂਗਾ।”

ਐਤਵਾਰ ਨੂੰ ਸਿਧਾਰਥ, ਉਹਦੇ ਮੰਮੀ ਪਾਪਾ ਅਤੇ ਭੈਣ ਸ਼ਿਬੀ ਪਿੰਡ ਜਾਣ ਨੂੰ ਤਿਆਰ ਹੋਣ ਲੱਗੇ। ਮੰਮੀ ਨੇ ਸਾਰਿਆਂ ਨੂੰ ਆਪੋ ਆਪਣਾ ਸਮਾਨ ਚੁੱਕਣ ਨੂੰ ਕਿਹਾ।

ਸਿਧਾਰਥ ਨੇ ਯਾਦ ਕਰਕੇ ਆਪਣਾ ਸੀਡ ਬਾਲ (ਮਿੱਟੀ ਦੇ ਲੱਡੂ) ਵਾਲਾ ਬੈਗ ਆਪਣੇ ਮੋਢੇ ਤੇ ਟੰਗ ਲਿਆ।

ਦਾਦੀ ਦੇ ਘਰ ਪਹੁੰਚ ਕੇ ਸਿਧਾਰਥ ਨੇ ਆਪਣਾ ਭਾਰੀ ਬੈਗ ਇੱਕ ਕੋਨੇ ਵਿੱਚ ਰੱਖਿਆ। ਭਾਰੀ ਬੋਝ ਕਰਕੇ ਉਹਦੇ ਮੋਢੇ ਦੁਖਣ ਲੱਗ ਪਏ ਸਨ। ਉਹਨੇ ਮੋਢੇ ਨੂੰ ਮਲਿ਼ਆ ਅਤੇ ਸਾਰੇ ਵੱਡਿਆਂ ਦੇ ਪੈਰੀਂ ਹੱਥ ਲਾਏ।

ਦਾਦੀ ਨੇ ਜਦੋਂ ਇੰਨਾਂ ਵੱਡਾ ਬੈਗ ਵੇਖਿਆ ਤਾਂ ਪੁੱਛਿਆ, “ਸਿੱਧੂ, ਇਸ ਵਿੱਚ ਕੀ ਹੈ?”

ਮੰਮੀ ਹੱਸ ਕੇ ਬੋਲੀ, “ਇਸ ਵਿੱਚ ਤੁਹਾਡੇ ਲਈ ਲੱਡੂ ਲੈ ਕੇ ਆਇਆ ਹੈ।”

“ਅੱਛਾ, ਵਿਖਾ ਤਾਂ ਜ਼ਰਾ!”

ਸਿਧਾਰਥ ਬੋਲਿਆ, “ਦਾਦੀ, ਹੁਣੇ ਵਿਖਾਉਂਦਾ ਹਾਂ। ਬੜੇ ਕੰਮ ਦੀ ਚੀਜ਼ ਹੈ!”

ਦਾਦੀ ਨੇ ਸਾਰਿਆਂ ਨੂੰ ਨਿੰਬੂ ਦੀ ਸ਼ਕੰਜਵੀਂ ਪਿਆਈ। ਫਿਰ ਖਾਣਾ ਖਾ ਕੇ ਸਾਰੇ ਗੱਲਾਂ ਬਾਤਾਂ ਕਰਨ ਲੱਗੇ।

ਸਿਧਾਰਥ ਨੇ ਕਿਹਾ, “ਦਾਦੀ, ਮੈਂ ਕੱਲ੍ਹ ਨੂੰ ਦਾਦਾ ਜੀ ਨਾਲ ਖੇਤ ਜਾਵਾਂਗਾ।”

“ਬੇਟਾ, ਸਾਰੇ ਖੇਤ ਵਾਹੇ ਪਏ ਹਨ, ਰੁੱਖ ਵੀ ਕੋਈ ਨਹੀਂ ਹੈ। ਗਰਮੀ ਵਿੱਚ ਤੂੰ ਉੱਥੇ ਕੀ ਕਰੇਂਗਾ?”

“ਦਾਦੀ, ਮੈਂ ਦੱਸਦਾ ਹਾਂ।” ਉਹਨੇ ਬੈਗ ਵਿੱਚੋਂ ਮਿੱਟੀ ਦੇ ਲੱਡੂ ਦਾ ਪੈਕਟ ਕੱਢਿਆ ਅਤੇ ਬੋਲਿਆ, “ਦਾਦਾ ਦਾਦੀ, ਇਸ ਵਿੱਚ ਸੀਡ ਬਾਲ ਹਨ। ਅਮਰੂਦ, ਪਪੀਤਾ, ਸੀਤਾਫ਼ਲ, ਜਾਮਣ ਇਸ ਮਿੱਟੀ ਵਿੱਚ ਰੱਖ ਕੇ ਮੈਂ ਲੱਡੂ ਬਣਾਏ ਹਨ।”

“ਬੇਟਾ, ਇਨ੍ਹਾਂ ਮਿੱਟੀ ਦੇ ਲੱਡੂਆਂ ਦਾ ਕੀ ਕਰੇਂਗਾ?”

“ਮੈਂ ਰਾਮੂ ਕਾਕਾ ਅਤੇ ਦਾਦਾ ਜੀ ਨਾਲ ਖੇਤ ਜਾਵਾਂਗਾ। ਖੇਤ ਦੇ ਕਿਨਾਰੇ ਕਿਨਾਰੇ ਇਨ੍ਹਾਂ ਨੂੰ ਬੀਜਾਂਗਾ ਅਤੇ ਇਨ੍ਹਾਂ ‘ਚੋਂ ਥੋੜ੍ਹੇ ਦਿਨਾਂ ਬਾਦ ਪੌਦੇ ਨਿਕਲ ਆਉਣਗੇ। ਮੈਂ ਰੋਜ਼ ਇਨ੍ਹਾਂ ਨੂੰ ਪਾਣੀ ਵੀ ਪਾਵਾਂਗਾ।”

ਦਾਦਾ ਜੀ ਪਿਆਰ ਨਾਲ ਬੋਲੇ, “ਸ਼ਾਬਾਸ਼! ਮਿਹਨਤ ਨਾਲ ਸਿਹਤ! ਵਾਹ, ਬਹੁਤ ਅੱਛੇ ਬੇਟੇ!”

ਸਿਧਾਰਥ ਬੋਲਿਆ, “ਫਿਰ ਅਗਲੇ ਸਾਲ ਸਾਨੂੰ ਰੁੱਖਾਂ ਦੀ ਛਾਂ ਵੀ ਮਿਲੇਗੀ ਅਤੇ ਸ਼ੁੱਧ ਹਵਾ ਵੀ। ਤੇ ਹਾਂ ਦਾਦਾ ਜੀ, ਕੁਝ ਨੂੰ ਤਾਂ ਫ਼ਲ ਵੀ ਲੱਗਣ ਲੱਗ ਜਾਣਗੇ। ਮੈਨੂੰ ਮਾਸਟਰ ਜੀ ਨੇ ਦੱਸਿਆ ਸੀ ਕਿ ਜਾਮਣ ਦਾ ਪੌਦਾ ਇੱਕ ਸਾਲ ਵਿੱਚ ਫ਼ਲ ਦੇਣ ਲੱਗ ਪੈਂਦਾ ਹੈ।”

ਸਾਰੇ ਮਿਲ ਕੇ ਸਿਧਾਰਥ ਨੂੰ ਪਿਆਰ ਨਾਲ ਵੇਖਦੇ ਹਨ। ਸਿਧਾਰਥ ਦੇ ਪਿਤਾ ਨੇ ਕਿਹਾ, “ਇਹਨੂੰ ਕਹਿੰਦੇ ਹਨ- ਆਮ ਕੇ ਆਮ, ਗੁਠਲੀਓਂ ਕੇ ਦਾਮ…।”
***
* ਮੂਲ : ਸੁਧਾ ਦੂਬੇ, ਭੋਪਾਲ (ਮੱਧਪ੍ਰਦੇਸ਼) 9407554249.
*ਅਨੁ : ਪ੍ਰੋ. ਨਵ ਸੰਗੀਤ ਸਿੰਘ,
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ-151302 (ਬਠਿੰਡਾ)
9417692015.

***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1080
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ, ਬਠਿੰਡਾ,
ਪੰਜਾਬ, ਭਾਰਤ
+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ, ਪੰਜਾਬ, ਭਾਰਤ +91 9417692015

View all posts by ਪ੍ਰੋ. ਨਵ ਸੰਗੀਤ ਸਿੰਘ →