ਯਾਰੋ ਜੇ ਜਾਨ ਹੈ ਤਾਂ ਜਹਾਨ ਹੈ,
ਨਹੀਂ ਤਾਂ ਸਭ ਮਿੱਟੀ ਸਮਾਨ ਹੈ।
ਕਿਸੇ ਨੇ ਠੀਕ ਹੀ ਕਿਹਾ ਹੈ ਕਿ-‘ਜਾਨ ਹੈ ਤਾਂ ਜਹਾਨ ਹੈ’। ਇਨਾਂ ਸ਼ਬਦਾਂ ਨੂੰ ਗਹਿਰਾਈ ਨਾਲ ਸਮਝਣ ਦੀ ਜ਼ਰੂਰਤ ਹੈ। ਡਾਕਟਰੀ ਭਾਸ਼ਾ ਮੁਤਾਬਿਕ ਜਦ ਤੱਕ ਬੰਦਾ ਸਾਹ ਲੈਂਦਾ ਹੈ ਤਦ ਤੱਕ ਉਸ ਵਿਚ ਜਾਨ ਹੈ ਭਾਵ ਉਹ ਮਨੁੱਖ ਜ਼ਿੰਦਾ ਹੈ। ਪਰ ਇੱਥੇ ਜੇ ਅਸਲ ਆਨੰਦ ਦੇ ਰੂਪ ਵਿਚ ਦੇਖਿਆ ਜਾਏ ਤਾਂ ਕੇਵਲ ਸਾਹ ਲੈਣ ਨੂੰ ਹੀ ਜ਼ਿੰਦਗੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ। ਬਿਮਾਰੀ ਨਾਲ ਜੂਝਦੇ ਹੋਏ ਮਰੀਜ਼ ਨੂੰ ਜ਼ਿੰਦਗੀ ਦਾ ਆਨੰਦ ਮਾਣਦੇ ਹੋਏ ਨਹੀਂ ਕਿਹਾ ਜਾ ਸਕਦਾ। ਜਿਹੜਾ ਬੰਦਾ ਜ਼ਿੰਦਾ ਹੈ ਉਸ ਨੂੰ ਆਪਣੇ ਜਿੰਦਾ ਹੋਣ ਦਾ ਸਬੂਤ ਵੀ ਦੇਣਾ ਪਏਗਾ। ਜਿਹੜੇ ਬੰਦੇ ਕਈ ਕਈ ਸਾਲ ਬਿਮਾਰੀ ਨਾਲ ਹਸਪਤਾਲ ਵਿਚ ਬਿਸਤਰੇ ਤੇ ਹੀ ਪਏ ਰਹਿੰਦੇ ਹਨ ਉਹ ਬੇਸ਼ੱਕ ਸਾਹ ਲੈਂਦੇ ਹਨ ਪਰ ਉਹ ਦੁਨੀਆਂ ’ਤੇ ਹੋਏ ਨਾ ਹੋਏ ਇਕ ਬਰਾਬਰ ਹੀ ਹਨ। ਉਨ੍ਹਾਂ ਵਿਚ ਜ਼ਿੰਦਗੀ ਦੀ ਚਿਣਗ ਨਹੀਂ ਹੁੰਦੀ। ਉਹ ਆਪਣੇ ਜ਼ਿੰਦਾ-ਜੀਅ ਇਸ ਦੁਨੀਆਂ ਵਿਚ ਨਰਕ ਹੀ ਭੋਗ ਰਹੇ ਹੁੰਦੇ ਹਨ। ਇਸੇ ਲਈ ਕਹਿੰਦੇ ਹਨ ਕਿ ਬਿਮਾਰੀ ਅਤੇ ਮੁਕੱਦਮਾ ਰੱਬ ਕਿਸੇ ਨੂੰ ਵੀ ਨਾ ਦਏ। ਹਸਪਤਾਲਾਂ ਅਤੇ ਕਚਹਿਰੀਆਂ ਦੇ ਚੱਕਰਾਂ ਵਿਚ ਬੰਦੇ ਰੁਲ ਜਾਂਦੇ ਹਨ। ਆਰਥਿਕ ਪੱਖੋਂ ਦਵਾਈਆਂ, ਡਾਕਟਰਾਂ ਅਤੇ ਵਕੀਲਾਂ ਦੇ ਖ਼ਰਚਿਆਂ ਨਾਲ ਘਰ ਖ਼ਾਲੀ ਹੋ ਜਾਂਦੇ ਹਨ। ਅਸੀਂ ਇਹ ਵੀ ਮੰਨਦੇ ਹਾਂ-‘ਜਬ ਤੱਕ ਸਾਂਸ, ਤਬ ਤੱਕ ਆਸ।’ ਡਾਕਟਰਾਂ ਦਾ ਫ਼ਰਜ਼ ਹੈ ਕਿ ਜਿੱਥੋਂ ਤੱਕ ਵਾਹ ਲੱਗੇ ਮਰੀਜ਼ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਕਿਉਂਕਿ ਮਨੁੱਖਾ ਜੀਵਨ ਅਨਮੋਲ ਹੈ। ਘਰ ਵਾਲਿਆਂ ਦੁਆਰਾ ਵੀ ਕਿਸੇ ਮਰੀਜ਼ ਨੂੰ ਤੜਫਦੀ ਹਾਲਾਤ ਵਿਚ ਨਹੀਂ ਛੱਡਿਆ ਜਾ ਸਕਦਾ।
ਖ਼ੁਸ਼ੀ ਅਤੇ ਖੇੜੇ ਦੇ ਨਾਲ ਨਾਲ ਜਦੋ ਜਹਿਦ ਵੀ ਜ਼ਿੰਦਗੀ ਦਾ ਦੂਜਾ ਨਾਮ ਹੀ ਹੈ। ਜਦ ਕੋਈ ਮਨੁੱਖ ਆਪਣੀ ਕਾਮਯਾਬੀ ਲਈ, ਪਰਿਵਾਰ ਦੇ ਪੱਧਰ ਨੂੰ ਉੱੱਚਾ ਚੁੱਕਣ ਲਈ ਜਾਂ ਕਿਸੇ ਹੋਰ ਉਸਾਰੂ ਕੰਮ ਲਈ ਸੰਘਰਸ਼ ਕਰ ਰਿਹਾ ਹੋਵੇ ਤਾਂ ਉਸ ਵਿਚ ਵੀ ਜ਼ਿੰਦਗੀ ਧੜਕਦੀ ਹੈ। ਇਸ ਨਾਲ ਉਸ ਨੂੰ ਆਤਮਿਕ ਸੰਤੁਸ਼ਟੀ ਵੀ ਮਿਲਦੀ ਹੈ।। ਇਹ ਜਦੋ ਜਹਿਦ ਵੀ ਮਨੁੱਖ ਲਈ ਬਹੁਤ ਜ਼ਰੂਰੀ ਹੈ। ਇਸੇ ਲਈ ਹੀ ਕਹਿੰਦੇ ਹਨ ਕਿ-‘ਹਰਕਤ ਵਿਚ ਹੀ ਬਰਕਤ ਹੈ।’ ਇਹ ਹੀ ਬੰਦੇ ਦੇ ਜ਼ਿੰਦਾ ਹੋਣ ਦੀ ਨਿਸ਼ਾਨੀ ਹੈ।। ਉਂਝ ਸਾਲਾਂ ਦੇ ਹਿਸਾਬ ਸਿਰ ਤਾਂ ਭਾਵੇਂ ਕੋਈ ਮਨੁੱਖ ਸੌ ਸਾਲ ਜਾਂ ਇਸ ਤੋਂ ਵੀ ਵੱਧ ਉਮਰ ਭੋਗ ਲਏ ਪਰ ਅਸਲ ਸ਼ਬਦਾਂ ਵਿਚ ਇੱਥੇ ਉਸ ਦੀ ਉਮਰ ਉਤਨੀ ਹੀ ਗਿਣੀ ਜਾਏਗੀ ਜਿੰਨੀ ਉਸ ਨੇ ਜ਼ਿੰਦਗੀ ਦੀ ਜਦੋਜਹਿਦ ਅਤੇ ਆਨੰਦ ਵਿਚ ਮਾਣੀ। ਵਿਹਲੇ ਬੈਠ ਕੇ, ਰੋ ਧੋ ਕੇ ਜਾਂ ਬਿਮਾਰ ਪੈ ਕੇ ਬਿਤਾਏ ਸਮੇਂ ਨੂੰ ਜ਼ਿੰਦਗੀ ਦੀ ਰਵਾਨਗੀ ਵਿਚ ਕਦੀ ਵੀ ਨਹੀਂ ਗਿਣਿਆ ਜਾ ਸਕਦਾ। ਉਹ ਸਮਾਂ ਤਾਂ ਮਨੁੱਖ ਨੇ ਕੇਵਲ ਜ਼ਿੰਦਗੀ ਦਾ ਭਾਰ ਹੀ ਢੋਇਆ ਹੁੰਦਾ ਹੈ। ਜ਼ਿੰਦਗੀ ਮਾਣੀ ਨਹੀਂ ਹੁੰਦੀ। ਜਿਹੜਾ ਬੰਦਾ ਜ਼ਿੰਦਗੀ ਮਾਣਦਾ ਹੈ ਉਸ ਦਾ ਚਿਹਰਾ ਉਸ ਦਾ ਸਬੂਤ ਵੀ ਦਿੰਦਾ ਹੈ।
ਪ੍ਰਮਾਤਮਾ ਨੇ ਸਾਨੂੰ ਸੁੰਦਰ ਸਰੀਰ ਅਤੇ ਨਰੋਏ ਅੰਗ ਦੇ ਕੇ ਇਸ ਸੰਸਾਰ ਤੇ ਭੇਜਿਆ ਹੈ। ਇਸ ਸਰੀਰ ਨਾਲ ਸਾਡਾ ਅਟੁੱਟ ਰਿਸ਼ਤਾ ਹੈ। ਇਹ ਹੀ ਸਾਡਾ ਪੱਕਾ ਜੀਵਨ ਸਾਥੀ ਹੈ। ਜਨਮ ਤੋਂ ਲੈ ਕੇ ਮੌਤ ਤੱਕ ਸਾਡਾ ਇਸ ਨਾਲ ਸਾਥ ਹੈ। ਜੇ ਸਾਡਾ ਸਰੀਰ ਹੈ ਤਾਂ ਅਸੀਂ ਹਾਂ। ਜੇ ਸਾਡਾ ਸਰੀਰ ਨਹੀਂ ਤਾਂ ਅਸੀਂ ਵੀ ਨਹੀਂ। ਸਰੀਰ ਤੋਂ ਬਿਨਾ ਸਾਡੀ ਕੋਈ ਹਸਤੀ ਨਹੀਂ। ਸਰੀਰ ਹੈ ਤਾਂ ਸਾਡੀ ਜਾਨ ਹੈ। ਸਾਡੀ ਜਾਨ ਹੈ ਤਾਂ ਹੀ ਸਾਡੇ ਲਈ ਜਹਾਨ ਹੈ। ਜੇ ਸਾਡੇ ਅੰਦਰ ਜਾਨ ਨਹੀਂ ਤਾਂ ਸਾਡੇ ਲਈ ਜਹਾਨ ਵੀ ਨਹੀਂ ਇਸ ਸਰੀਰ ਨੇ ਅਖੀਰ ਤੱਕ ਸਾਡਾ ਸਾਥ ਦੇਣਾ ਹੈ ਤਾਂ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਇਸ ਸਰੀਰ ਦੀ ਪੂਰੀ ਸੰਭਾਲ ਕਰੀਏ। ਜੇ ਸਾਡੇ ਇਸ ਸਰੀਰ ਨੂੰ ਕੋਈ ਸੱਟ ਫੇਟ ਲੱਗਦੀ ਹੈ ਜਾਂ ਇਸ ਵਿਚ ਕੋਈ ਹੋਰ ਕਮੀ ਜਾਂ ਵਿਗਾੜ ਆਉਂਦਾ ਹੈ ਤਾਂ ਉਸ ਹਿਸਾਬ ਸਿਰ ਸਾਡੀ ਜਾਨ ਵੀ ਘਟ ਜਾਂਦੀ ਹੈ।
ਜੇ ਕਿਸੇ ਮਨੁੱਖ ਅੰਦਰ ਤੰਦਰੁਸਤੀ ਹੈ ਤਾਂ ਹੀ ਉਸ ਅੰਦਰ ਮਨੁੱਖਤਾ ਬਚੇਗੀ। ਤੰਦਰੁਸਤ ਮਨੁੱਖ ਹੀ ਸਰਬੱਤ ਦੇ ਭਲੇ ਦਾ ਸੋਚੇਗਾ। ਬਿਮਾਰ ਮਨੁੱਖ ਤਾਂ ਸਭ ਤੋਂ ਪਹਿਲਾਂ ਆਪਣੀ ਬਿਮਾਰੀ ਦਾ ਸੋਚੇਗਾ। ਦੂਸਰੇ ਦਾ ਭਲਾ ਸੋਚਣ ਦੀ ਉਸ ਨੂੰ ਫੁਰਸਤ ਹੀ ਨਹੀਂ ਹੋਵੇਗੀ। ਤੰਦਰੁਸਤੀ ਵਿਚ ਹੀ ਸਾਰੇ ਸਮਾਜ ਦਾ ਕਲਿਆਨ ਹੋਵੇਗਾ। ਮਨੁੱਖਤਾ ‘ਜੀਓ ਅਤੇ ਜੀਣ ਦਿਓ’ ਦੇ ਸਿਧਾਂਤ ਤੇ ਚੱਲੇਗੀ। ਸਰੀਰ ਨੂੰ ਤੰਦਰੁਸਤ ਰੱਖਣ ਲਈ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਆਪਣੇ ਮਨ ਨੂੰ ਸ਼ਾਂਤ ਚਿੱਤ ਰੱਖਦੇ ਹੋਏ ਆਪਣੀ ਸੋਚ ਨੂੰ ਉਸਾਰੂ ਰੱਖੀਏ ਅਤੇ ਸਰੀਰ ਨੂੰ ਬਿਮਾਰੀਆਂ ਤੋਂ ਬਚਾ ਕੇ ਸਿਹਤਯਾਬ ਰਹੀਏ।
ਕਮਜ਼ੋਰ ਬੰਦੇ ਨੂੰ ਤਾਂ ਹਰ ਕੋਈ ਦਬਾ ਲੈਂਦਾ ਹੈ। ਮਤਲਬੀ ਬੰਦੇ ਉਸ ਦੇ ਮੋਢੇ ਤੇ ਬੰਦੂਕ ਰੱਖ ਕੇ ਚਲਾਉਂਦੇ ਹਨ ਅਤੇ ਆਪਣਾ ਉੱਲੂ ਸਿੱਧਾ ਕਰਦੇ ਹਨ। ਉਹ ਕਮਜ਼ੋਰ ਬੰਦੇ ਨੂੰ ਪੌੜੀ ਬਣਾ ਕੇ ਆਪ ਉੱਪਰ ਚੜ੍ਹਦੇ ਹਨ। ਇਥੋਂ ਤੱਕ ਕਿ ਉਸ ਨੂੰ ਪੈਰਾਂ ਥੱਲੇ ਮਧੋਲ ਕੇ ਆਪ ਅੱਗੇ ਲੰਘ ਜਾਂਦੇ ਹਨ। ਕਮਜ਼ੋਰ ਬੰਦੇ ਦੀ ਹਰ ਥਾਂ ਲੁੱਟ ਮਾਰ ਅਤੇ ਸੋਸ਼ਨ ਹੁੰਦਾ ਹੈ। ਇਸੇ ਲਈ ਕਹਿੰਦੇ ਹਨ ਕਿ ਮਾੜੇ ਬੰਦੇ ਦੀ ਵਹੁਟੀ ਹਰ ਇਕ ਦੀ ਭਾਬੀ ਹੁੰਦੀ ਹੈ ਅਤੇ ਤਕੜੇ ਬੰਦੇ ਦੀ ਵਹੁਟੀ ਸਭ ਦੀ ਭੈਣ ਹੁੰਦੀ ਹੈ। ਤੁਸੀ ਮਾਇਕ ਅਤੇ ਸਰੀਰਕ ਪੱਖੋਂ ਕਮਜ਼ੋਰ ਬਣ ਕੇ ਆਪਣੀ ਦੁਰਦਸ਼ਾ ਨਾ ਕਰਵਾਓ। ਇਹ ਵੀ ਯਾਦ ਰੱਖੋ ਕਿ ‘ਤੁਸੀ ਹੱਸੋਗੇ ਤਾਂ ਦੁਨੀਆਂ ਵੀ ਤੁਹਾਡੇ ਨਾਲ ਹੱਸੇਗੀ ਪਰ ਜੇ ਤੁਸੀਂ ਦੁਖੀ ਹੋ ਕੇ ਰੋਵੋਗੇ ਤਾਂ ਦੁਨੀਆਂ ਤੁਹਾਡੇ ਨਾਲ ਨਹੀਂ ਰੋਵੇਗੀ।’ ਉੱਠੋ ਬਹਾਦੁਰ ਅਤੇ ਮਜ਼ਬੂਤ ਬਣੋ। ਆਪਣੇ ਸਰੀਰ ਦੀ ਸੰਭਾਲ ਕਰੋ ਅਤੇ ਉਸ ਨੂੰ ਤਕੜਾ ਬਣਾਓ। ਤੰਦਰੁਸਤ ਬੰਦਾ ਹੀ ਮਿਹਨਤ ਕਰ ਕੇ ਆਪਣੀ ਗ਼ਰੀਬੀ ਧੋ ਸਕਦਾ ਹੈ ਅਤੇ ਸਮਾਜ ਵਿਚ ਸਨਮਾਨ ਯੋਗ ਸਥਾਨ ਹਾਸਿਲ ਕਰ ਸਕਦਾ ਹੈ। ਬਿਮਾਰ ਅਤੇ ਕਮਜ਼ੋਰ ਬੰਦੇ ਨਾਲ ਕਿਸੇ ਨੂੰ ਹਮਦਰਦੀ ਤਾਂ ਹੋ ਸਕਦੀ ਹੈ ਪਰ ਉਹ ਕਿਸੇ ਦੇ ਪਿਆਰ ਦਾ ਪਾਤਰ ਨਹੀਂ ਬਣ ਸਕਦਾ। ਜੇ ਅਸੀਂ ਅਸਲ ਅਰਥਾਂ ਵਿਚ ਜ਼ਿੰਦਗੀ ਮਾਣਨੀ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਮਨ ਨੂੰ ਅਤੇ ਸਰੀਰ ਨੂੰ ਤੰਦਰੁਸਤ ਰੱਖਣਾ ਪਏਗਾ ਤਾਂ ਹੀ ਅਸੀਂ ਕਹਿ ਸਕਾਂਗੇ ਕਿ ਸਾਡੇ ਵਿਚ ਜਾਨ ਹੈ। ਤਾਂ ਹੀ ਅਸੀਂ ਜ਼ਿੰਦਗੀ ਦੀ ਜਦੋਜਹਿਦ ਵਿਚ ਹਿੱਸਾ ਲੈ ਸਕਾਂਗੇ ਅਤੇ ਕੋਈ ਉਸਾਰੂ ਕੰਮ ਕਰ ਕੇ ਖ਼ੁਸ਼ੀ ਹਾਸਿਲ ਕਰ ਸਕਾਂਗੇ। ਬਿਮਾਰ ਬੰਦਾ ਇਹ ਸਭ ਕੁਝ ਨਹੀਂ ਕਰ ਸਕਦਾ। ਇਸ ਲਈ ਉਹ ਜ਼ਿੰਦਗੀ ਨਹੀਂ ਮਾਣ ਸਕਦਾ।
ਕਿਸੇ ਮਨੁੱਖ ਦੀ ਜ਼ਿੰਦਗੀ ਵਿਚ ਉਸ ਦੀ ਤੰਦਰੁਸਤੀ ਸਭ ਤੋਂ ਜ਼ਰੂਰੀ ਹੈ। ਤੰਦਰੁਸਤ ਮਨੁੱਖ ਹੀ ਵਿਕਾਸ ਦੇ ਪਹੀਏ ਨੂੰ ਅੱਗੇ ਤੋਰਦਾ ਹੈ। ਤੰਦਰੁਸਤ ਮਨੁੱਖ ਹੀ ਜ਼ਿੰਦਗੀ ਵਿਚ ਮੱਲਾਂ ਮਾਰਦੇ ਹਨ। ਤੰਦਰੁਸਤ ਮਨੁੱਖ ਹੀ ਲੰਮੀ ਉਮਰ ਭੋਗਦੇ ਹਨ। ਤੰਦਰੁਸਤ ਮਨੁੱਖ ਹੀ ਜ਼ਿੰਦਗੀ ਨੂੰ ਖ਼ੁਸ਼ੀ ਨਾਲ ਮਾਣ ਸਕਦੇ ਹਨ। ਤੰਦਰੁਸਤ ਸਰੀਰ ਭਾਵ ਨਰੋਏ ਹੱਥ ਪੈਰ ਹੀ ਚੁਣੌਤੀਆਂ ਦਾ ਸਾਹਮਣਾ ਕਰ ਸਕਦੇ ਹਨ। ਇਸ ਲਈ ਬੰਦੇ ਦਾ ਦਿਮਾਗ, ਅੱਖਾਂ, ਨੱਕ, ਕੰਨ ਅਤੇ ਹੱਥ ਪੈਰ ਆਦਿ ਸਾਰੇ ਦੇ ਸਾਰੇ ਅੰਗ ਪੂਰੀ ਤਰ੍ਹਾਂ ਠੀਕ ਠਾਕ ਅਤੇ ਨਿਰੋਗ ਹੋਣੇ ਚਾਹੀਦੇ ਹਨ। ਸਰੀਰ ਦੇ ਕਿਸੇ ਵੀ ਅੰਗ ਵਿਚ ਕੋਈ ਵਿਗਾੜ ਜਾਂ ਕਮੀ ਨਹੀਂ ਆਉਣੀ ਚਾਹੀਦੀ। ਤੰਦਰੁਸਤ ਬੰਦਾ ਹੀ ਹਰ ਮੁਕਾਬਲੇ ਵਿਚ ਮੋਹਰੀ ਰਹਿੰਦਾ ਹੋਇਆ ਜ਼ਿੰਦਗੀ ਦੀ ਜੰਗ ਜਿੱਤ ਸਕਦਾ ਹੈ। ਅਜਿਹੇ ਮਨੁੱਖ ਹੀ ਆਮ ਤੋਂ ਖਾਸ ਬਣਦੇ ਹਨ। ਮਰਨ ਤੋਂ ਬਾਅਦ ਵੀ ਉਨ੍ਹਾਂ ਦੀਆਂ ਨੇਕੀਆਂ ਅਤੇ ਮਹਾਨ ਕੰਮਾ ਨੂੰ ਯਾਦ ਰੱਖਿਆ ਜਾਂਦਾ ਹੈ। ਨਹੀਂ ਤੇ ਇਸ ਧਰਤੀ ਤੇ ਰੋਜ ਲੱਖਾਂ ਬੰਦੇ ਜਨਮ ਲੈਂਦੇ ਹਨ ਅਤੇ ਲੱਖਾਂ ਹੀ ਮਰਦੇ ਹਨ ਪਰ ਉਨ੍ਹਾਂ ਨੂੰ ਕੋਈ ਵੀ ਯਾਦ ਨਹੀਂ ਕਰਦਾ।
ਬਿਮਾਰ ਬੰਦਾ ਜੇ ਕਿਸੇ ਵਿਆਹ ਸ਼ਾਦੀ ਜਾਂ ਕਿਸੇ ਹੋਰ ਖ਼ੁਸ਼ੀ ਦੇ ਪ੍ਰੋਗਰਾਮ ਤੇ ਵੀ ਜਾਏ ਤਾਂ ਉਹ ਉੱਥੇ ਵੀ ਮਾਹੌਲ ਮੁਤਾਬਿਕ ਆਨੰਦ ਨਹੀਂ ਮਾਣ ਸਕੇਗਾ। ਉਹ ਨਾ ਤਾਂ ਕਿਸੇ ਨਾਲ ਖ਼ੁਸ਼ੀ ਅਤੇ ਗਰਮਜੋਸ਼ੀ ਨਾਲ ਮਿਲੇਗਾ ਅਤੇ ਨਾ ਹੀ ਉਸ ਨੂੰ ਖਾਣ ਨੂੰ ਕੁਝ ਚੰਗਾ ਲੱਗੇਗਾ। ਸਟੇਜ ਤੇ ਖ਼ੁਸ਼ੀ ਭਰੇ ਗਾਣੇ ਵੀ ਉਸ ਨੂੰ ਭੱਦਾ ਜਿਹਾ ਸ਼ੋਰ ਹੀ ਜਾਪਣਗੇ। ਉਹ ਤਾਂ ਇਕ ਨੁੱਕਰੇ ਚੁੱਪ ਚਾਪ ਇਕੱਲਾ ਬੈਠਾ ਰਹੇਗਾ, ਜਿਵੇਂ ਕਿਸੇ ਨੇ ਕੁੱਟ ਮਾਰ ਕੇ ਬਿਠਾਇਆ ਹੋਵੇ। ਸਾਰਾ ਪ੍ਰੋਗਰਾਮ ਹੀ ਉਸ ਲਈ ਸਜ਼ਾ ਕੱਟਣ ਵਾਂਗ ਹੋ ਨਿੱਬੜੇਗਾ। ਸਾਡੇ ਸਾਹਮਣੇ ਐਸੀਆਂ ਮਿਸਾਲਾਂ ਹਨ ਜਿਨਾਂ ਵਿਚ ਸੌ ਸਾਲ ਤੋਂ ਉਪਰ ਜਾਂ ਸੌ ਸਾਲ ਦੇ ਨੇੜੇ ਢੁਕੇ ਲੋਕ ਹਾਲੀ ਵੀ ਜ਼ਿੰਦਗੀ ਵਿਚ ਸਰਗਰਮ ਹਨ ਅਤੇ ਨਾਮਨਾ ਖੱਟ ਰਹੇ ਹਨ। ਜਿਵੇਂ ਦੌੜਾਕ ਫ਼ੌਜਾ ਸਿੰਘ (108 ਸਾਲ), ਮਿਲਖਾ ਸਿੰਘ (90), ਮਾਨ ਕੌਰ(103) ਅਤੇ ਉਸ ਦਾ ਬੇਟਾ ਗੁਰਦੇਵ ਸਿੰਘ (86) ਆਦਿ। ਇਹ ਸਭ ਸਰੀਰਕ ਤੋਰ ਤੇ ਤੰਦਰੁਸਤ ਹਨ ਅਤੇ ਨੌਜੁਆਨਾਂ ਲਈ ਇਕ ਮਿਸਾਲ ਹਨ। ਉਨ੍ਹਾਂ ਦਾ ਨਾਹਰਾ ਹੈ ਕਿ ਤੰਦਰੁਸਤ ਰਹੋ, ਫਿਰ ਭਾਵੇਂ ਸੌ ਸਾਲ ਤੋਂ ਵੀ ਵੱਧ ਜੀਓ।
ਤੰਦਰੁਸਤ ਰਹਿਣਾ ਹਰ ਮਨੁੱਖ ਦਾ ਮੁਢਲਾ ਅਧਿਕਾਰ ਹੈ। ਪ੍ਰਮਾਤਮਾ ਨਹੀਂ ਚਾਹੁੰਦਾ ਕਿ ਉਸ ਦਾ ਕੋਈ ਬੇਟਾ ਬਿਮਾਰ ਹੋਵੇ ਅਤੇ ਦੁੱਖ ਭੋਗੇ।। ਤੰਦਰੁਸਤ ਰਹਿਣ ਲਈ ਮਨੁੱਖ ਨੂੰ ਯਤਨ ਤਾਂ ਆਪ ਹੀ ਕਰਨੇ ਪੈਣਗੇ। ਆਪਣੇ ਸਰੀਰ ਦੀ ਸੰਭਾਲ ਆਪ ਹੀ ਕਰਨੀ ਪਵੇਗੀ। ਸਰੀਰ ਵੱਲੋਂ ਥੋੜ੍ਹੀ ਜਿਹੀ ਅਣਗਹਿਲੀ ਵੀ ਮਨੁੱਖ ਨੂੰ ਬਿਮਾਰ ਕਰ ਕੇ ਮੰਜੇ ਤੇ ਪਾ ਸਕਦੀ ਹੈ ਅਤੇ ਕਈ ਦਿਨਾਂ ਲਈ ਕੰਮ ਕਰਨ ਤੋਂ ਅਸਮਰੱਥ ਵੀ ਕਰ ਸਕਦੀ ਹੈ। ਤੰਦਰੁਸਤ ਰਹਿਣ ਲਈ ਸਾਵਧਾਨੀਆਂ ਤਾਂ ਆਮ ਜਿਹੀਆਂ ਹੀ ਹਨ ਜਿੰਨਾਂ ਦਾ ਸਾਨੂੰ ਸਭ ਨੂੰ ਪਤਾ ਹੀ ਹੈ ਪਰ ਇਸ ਤੋਂ ਅਸੀਂ ਕਈ ਵਾਰੀ ਅਵੇਸਲੇ ਹੋ ਜਾਂਦੇ ਹਾਂ। ਇਨਾਂ ਨੁਕਤਿਆਂ ਨੂੰ ਸੰਖੇਪ ਵਿਚ ਇਕ ਵਾਰੀ ਹੇਠਾਂ ਦੁਹਰਾਇਆ ਜਾ ਰਿਹਾ ਹੈ ਤਾਂ ਕਿ ਅਸੀਂ ਆਪਣੀ ਸਿਹਤ ਬਾਰੇ ਸੁਚੇਤ ਰਹੀਏ ਅਤੇ ਜ਼ਿੰਦਗੀ ਦਾ ਆਨੰਦ ਮਾਣੀਏ। ਸਭ ਤੋਂ ਪਹਿਲਾਂ ਸਰੀਰ ਦੀ ਰੋਜ਼ਾਨਾ ਸਫ਼ਾਈ ਬਹੁਤ ਜ਼ਰੂਰੀ ਹੈ। ਕੱਪੜੇ ਸਾਫ਼ ਸੁਥਰੇ ਅਤੇ ਮੌਸਮ ਮੁਤਾਬਿਕ ਪਾਣੇ ਚਾਹੀਦੇ ਹਨ ਜੋ ਤੁਹਾਡੇ ਸਰੀਰ ਨੂੰ ਸੁੱਖ ਦੇਣ ਅਤੇ ਤੁਹਾਡੀ ਸ਼ਖਸ਼ੀਅਤ ਨੂੰ ਨਿਖ਼ਾਰਨ। ਕੱਪੜੇ ਸਰੀਰ ਨੂੰ ਢੱਕਣ ਲਈ ਪਾਏ ਜਾਂਦੇ ਹਨ, ਨਾ ਕਿ ਸਰੀਰ ਦੀ ਨੁਮਾਇਸ਼ ਲਈ। ਬਹੁਤ ਜ਼ਿਆਦਾ ਗਰਮੀ ਅਤੇ ਬਹੁਤ ਜ਼ਿਆਦਾ ਸਰਦੀ ਤੋਂ ਬਚਣਾ ਚਾਹੀਦਾ ਹੈ।
ਭੋਜਨ ਸਾਦਾ ਅਤੇ ਪੋਸ਼ਟਿਕ ਹੋਣਾ ਚਾਹੀਦਾ ਹੈ ਜਿਹੜਾ ਅਸਾਨੀ ਨਾਲ ਹਜ਼ਮ ਹੋ ਸੱਕੇ। ਜ਼ਿਆਦਾ ਮਿਰਚ ਮਸਾਲੇ ਅਤੇ ਤਲੇ ਹੋਏ ਭੋਜਨ ਤੋਂ ਬਚਣਾ ਚਾਹੀਦਾ ਹੈ। ਸ਼ਰਾਬ ਅਤੇ ਦੂਜੇ ਨਸ਼ਿਆਂ ਤੋਂ ਵੀ ਦੂਰ ਹੀ ਰਹਿਣਾ ਚਾਹੀਦਾ ਹੈ। ਜ਼ਰੂਰਤ ਤੋਂ ਜ਼ਿਆਦਾ ਭੋਜਨ ਨਹੀਂ ਕਰਨਾ ਚਾਹੀਦਾ। ਆਪਣੇ ਪੇਟ ਨੂੰ ਕੂੜੇਦਾਨ ਨਹੀਂ ਬਣਾਉਣਾ ਚਾਹੀਦਾ। ਓਨਾ ਖਾਓ ਜਿੰਨਾ ਪਚਾ ਸਕੋ। ਤੁਹਾਡਾ ਪੇਟ ਬਿਲਕੁਲ ਸਾਫ਼ ਰਹਿਣਾ ਚਾਹੀਦਾ ਹੈ। ਕਬਜ਼ੀ ਨਹੀਂ ਹੋਣੀ ਚਾਹੀਦੀ ਕਿਉਂਕਿ ਜ਼ਿਆਦਾ ਬਿਮਾਰੀਆਂ ਪੇਟ ਤੋਂ ਹੀ ਸ਼ੁਰੂ ਹੁੰਦੀਆਂ ਹਨ। ਜੇ ਸਰੀਰ ਵਿਚ ਕੋਈ ਵਿਗਾੜ ਆ ਹੀ ਜਾਏ ਤਾਂ ਅਣਗਹਿਲੀ ਨਹੀਂ ਕਰਨੀ ਚਾਹੀਦੀ। ਤੁਰੰਤ ਡਾਕਟਰ ਨੂੰ ਦਿਖਾ ਕਿ ਤੰਦਰੁਸਤ ਹੋਣਾ ਚਾਹੀਦਾ ਹੈ। ਤੰਦਰੁਸਤ ਸਰੀਰ ਦੇ ਨਾਲ ਨਾਲ ਬੰਦੇ ਦਾ ਦਿਮਾਗ ਵੀ ਤੇਜ਼ ਹੋਣਾ ਚਾਹੀਦਾ ਹੈ। ਉਸ ਵਿਚ ਕੋਈ ਉਲਾਰ ਨਹੀਂ ਹੋਣਾ ਚਾਹੀਦਾ। ਇਸ ਤੋਂ ਇਲਾਵਾ ਮਨੁੱਖ ਦੀ ਸੋਚ ਵੀ ਉਸਾਰੂ ਹੋਣੀ ਚਾਹੀਦੀ ਹੈ। ਨਾਂਹ ਪੱਖੀ ਸੋਚ ਵਾਲਾ ਬੰਦਾ ਆਪਣੀ ਜ਼ਿੰਦਗੀ ਦੇ ਨਾਲ ਨਾਲ ਸਾਰੇ ਸਮਾਜ ਨੂੰ ਵੀ ਤਬਾਹ ਕਰ ਕੇ ਰੱਖ ਦਿੰਦਾ ਹੈ।
ਕਿਸੇ ਮਨੁੱਖ ਦਾ ਸਰੀਰ ਜਿਤਨਾ ਕਮਜ਼ੋਰ ਹੁੰਦਾ ਜਾਏਗਾ ਉਤਨੀ ਹੀ ਉਸ ਦੀ ਜਾਨ ਨਿਕਲਦੀ ਜਾਏਗੀ ਅਤੇ ਉਤਨਾ ਹੀ ਉਸ ਦਾ ਜਹਾਨ ਖ਼ਤਮ ਹੁੰਦਾ ਜਾਏਗਾ। ਉਸ ਦੀ ਦੁਨੀਆਂ ਸੁੰਗੜਦੀ ਜਾਏਗੀ। ਜਿਸ ਦਿਨ ਉਸ ਦਾ ਸਰੀਰ ਖ਼ਤਮ ਹੋ ਜਾਏਗਾ ਉਸੇ ਸਮੇਂ ਹੀ ਉਸ ਦਾ ਜਹਾਨ ਵੀ ਖ਼ਤਮ ਹੋ ਜਾਏਗਾ। ਉਸ ਦੇ ਸਭ ਰਿਸ਼ਤੇ ਨਾਤੇ, ਸਾਕ ਸਬੰਧੀ , ਜ਼ਮੀਨ ਜਾਇਦਾਦ, ਕਾਰਾਂ ਕੋਠੀਆਂ, ਧਨ ਦੋਲਤ ਅਤੇ ਬੈਂਕ ਬੈਲੈਂਸ ਉਸ ਲਈ ਖ਼ਤਮ ਹੋ ਜਾਏਗਾ। ਉਹ ਆਪ ਵੀ ਖ਼ਤਮ ਅਤੇ ਉਸ ਦੀਆਂ ਸਭ ਵਸਤੂਆਂ ਵੀ ਖ਼ਤਮ। ਸਾਰਾ ਸਰੀਰ ਵੀ ਮਿੱਟੀ ਹੀ ਹੋ ਜਾਏਗਾ। ਇਸੇ ਲਈ ਕਹਿੰਦੇ ਹਨ ਕਿ-‘ਜਾਨ ਹੈ ਤਾਂ ਜਹਾਨ ਹੈ’ ਜਾਂ ‘ਆਪ ਮਰੇ ਜੱਗ ਪਰਲੋ।’ ਇਸ ਸਮੇਂ ਉਸ ਲਈ ਇਸ ਦੁਨੀਆਂ ’ਤੇ ਹੀ ਪਰਲੋ ਆ ਜਾਏਗੀ। ਉਹ ਦੁਨੀਆਂ ਦੀ ਕਿਸੇ ਵਸਤੂ ਨੂੰ ਨਹੀਂ ਮਾਣ ਸਕੇਗਾ।
ਜੇ ਅਸੀਂ ਉਪਰੋਕਤ ਸਾਰੀਆਂ ਸਾਵਧਾਨੀਆਂ ਵਰਤ ਕੇ ਵੀ ਆਪਣੇ ਮਨ ਨੂੰ ਨਿਰਮਲ, ਦਿਮਾਗ ਨੂੰ ਤੇਜ਼ ਅਤੇ ਸਰੀਰ ਨੂੰ ਤੰਦਰੁਸਤ ਰੱਖ ਵੀ ਲਿਆ ਤਾਂ ਵੀ ਸਾਨੂੰ ਆਪਣੇ ਅੰਦਰਲੇ ਇਕ ਦੁਸ਼ਮਣ ਤੋਂ ਬਹੁਤ ਹੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਕਿਸੇ ਮਨੁੱਖ ਦੀ ਸਭ ਤੋਂ ਵੱਡੀ ਦੁਸ਼ਮਣ ਉਸ ਦੀ ‘ਮੈਂ’ ਅਤੇ ‘ਮੇਰੀ’ ਹੀ ਹੈ। ਇਸ ਨਾਲ ਹੀ ਬੰਦੇ ਵਿਚ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਜਿਹੀਆਂ ਕਮਜ਼ੋਰੀਆਂ ਪੈਦਾ ਹੋ ਜਾਂਦੀਆਂ ਹਨ ਅਤੇ ਉਹ ਆਪਣਾ ਅਤੇ ਸਮਾਜ ਦਾ ਨੁਕਸਾਨ ਕਰਦਾ ਹੈ। ਜਿਸ ‘ਮੈਂ’ ਦਾ ਮਨੁੱਖ ਨੂੰ ਹੰਕਾਰ ਹੈ ਉਹ ‘ਮੈਂ’ ਵੀ ਮਰ ਜਾਏਗੀ। ਅਸੀਂ ਆਪਣੇ ਜ਼ਿੰਦੇ ਜੀਅ ਆਪਣੀ ‘ਮੈਂ’ ਦਾ ਬਹੁਤ ਹੰਕਾਰ ਕਰਦੇ ਹਾਂ। ‘ਮੈਂ ਬਹੁਤ ਸਿਆਣਾ’, ਮੈਂ ਬਹੁਤ ਬਹਾਦੁਰ’, ‘ਮੇਰੇ ਬੱਚੇ’, ‘ਮੇਰੇ ਰਿਸ਼ਤੇ’, ਮੇਰੀ ਕਾਰ’, ‘ਮੇਰੀ ਕੋਠੀ’, ‘ਮੇਰੀ ਜ਼ਮੀਨ ਜਾਇਦਾਦ’, ‘ਮੇਰਾ ਬੈਂਕ ਬੈਲੈਂਸ’, ‘ਮੇਰੀ ਸ਼ਾਨ’,’ ਮੇਰੀ ਉੱਚੀ ਪਦਵੀਂ’ ਆਦਿ। ਇਸ ਸਭ ਦਾ ਮਨੁੱਖ ਨੂੰ ਕਿੰਨਾ ਹੰਕਾਰ ਹੁੰਦਾ ਹੈ? ਬੰਦੇ ਦੀ ਹਉਮੈ ਉਸ ਨੂੰ ਸਤਵੇਂ ਆਸਮਾਨ ਤੇ ਚਾੜ੍ਹ ਦਿੰਦੀ ਹੈ ਤਾਂ ਕੁਦਰਤ ਅਜਿਹੇ ਬੰਦੇ ਨੂੰ ਜ਼ਮੀਨ ਤੇ ਲਿਆ ਪਟਕਦੀ ਹੈ। ਇਸੇ ਲਈ ਕਹਿੰਦੇ ਹਨ ਕਿ ਮੌਤ ਸਭ ਨੂੰ ਬਰਾਬਰ ਕਰ ਦਿੰਦੀ ਹੈ(The death is the leveller )। ਉਦੋਂ ਰਾਜਾ ਅਤੇ ਰੰਕ, ਸਭ ਬਰਾਬਰ ਹੋ ਜਾਂਦੇ ਹਨ।
ਦੁਸਹਿਰੇ ਤੇ ਰਾਵਣ ਦਾ ਬੁੱਤ ਧਰਤੀ ਤੋਂ ਕਿੰਨਾ ਉੱਚਾ ਹੁੰਦਾ ਹੈ? ਕਿੰਨੀ ਉਸ ਦੀ ਸ਼ਾਨੋ ਸ਼ੌਕਤ ਹੁੰਦੀ ਹੈ? ਸਭ ਅੱਡੀਆਂ ਚੁੱਕ ਚੁੱਕ ਕੇ ਰਾਵਣ ਦੇ ਬੁੱਤ ਨੂੰ ਦੇਖਦੇ ਹੀ ਰਹਿੰਦੇ ਹਨ ਪਰ ਜਦ ਉਸ ਨੂੰ ਅੱਗ ਲਾਈ ਜਾਂਦੀ ਹੈ ਤਾਂ ਮਿੰਟਾਂ ਵਿਚ ਹੀ ਸਭ ਕੁਝ ਸੜ ਕੇ ਸੁਆਹ ਹੋ ਜਾਂਦਾ ਹੈ। ਜ਼ਮੀਨ ਤੇ ਕੇਵਲ ਮੁੱਠੀ ਭਰ ਰਾਖ ਹੀ ਬਚਦੀ ਹੈ। ਇਸੇ ਤਰ੍ਹਾਂ ਜਦ ਮਨੁੱਖ ਦੀ ਵੀ ਜਾਨ ਨਿਕਲਦੀ ਹੈ ਤਾਂ ਉਸੇ ਸਮੇਂ ਉਸ ਦੇ ਸਰੀਰ ਦੇ ਨਾਲ ਹੀ ਉਸ ਦੀ ਇਹ ‘ਮੈਂ’ ਵੀ ਖਤਮ ਹੋ ਜਾਂਦੀ ਹੈ। ਬਾਕੀ ਕੀ ਬਚਦਾ ਹੈ? ਕੁਝ ਵੀ ਨਹੀਂ। ਫਿਰ ਹੰਕਾਰ ਕਾਹਦਾ? ਸਾਰੀ ਦਨੁੀਆਂ ਦਾ ਸੋਨਾ, ਚਾਂਦੀ ਅਤੇ ਧਨ ਦੌਲਤ ਮਿਲਾ ਕਿ ਦੇਣ ਨਾਲ ਵੀ ਕਿਸੇ ਮਨੁੱਖ ਦੀ ਜਾਨ ਵਾਪਸ ਨਹੀਂ ਆ ਸਕਦੀ। ਜਿੰਨ੍ਹਾ ਨੂੰ ਆਪਣੀ ਤਾਕਤ, ਧਨ ਦੌਲਤ ਅਤੇ ਰੂਪ ਦਾ ਘੁਮੰਢ ਹੈ, ਉਨ੍ਹਾਂ ਨੂੰ ਚਾਹੀਦਾ ਹੈ ਕਿ ਇਕ ਚੱਕਰ ਕਬਰਸਤਾਨ ਦਾ ਲਾ ਕੇ ਦੇਖ ਲੈਣ। ਉੱਥੇ ਬੜੇ ਬੜੇ ਸੂਰਬੀਰ, ਰਾਜੇ ਮਹਾਰਾਜੇ ਅਤੇ ਖ਼ੂਬਸੂਰਤ ਰਾਜਕੁਮਾਰ ਸਭ ਮਿੱਟੀ ਹੇਠਾਂ ਸੁੱਤੇ ਪਏ ਹਨ। ਤੁਸੀਂ ਆਪਣੇ ਬਲ ਤੇ ਭਰੋਸਾ ਰੱਖੋ ਅਤੇ ਆਤਮ ਵਿਸ਼ਵਾਸ ਨਾਲ ਅੱਗੇ ਵਧੋ ਪਰ ਕਦੀ ਹੰਕਾਰ ਨਾ ਕਰੋ। ‘ਮੈਂ’, ‘ਮੇਰੀ’ ਨੂੰ ਛੱਡੋ ਕਿਉਂਕਿ ਤੁਹਾਨੂੰ ਸਾਰੀ ਸ਼ਕਤੀ ਦੇਣ ਵਾਲਾ ਵੀ ਪ੍ਰਮਾਤਮਾ ਹੀ ਹੈ।
***
245
***
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-94631-89432
83608-42861
|