ਕਾਮਯਾਬੀ ਤੇ ਸਭ ਦਾ ਹੱਕ ਹੈ। ਮਿਹਨਤ ਕਰ ਕੇ ਕਾਮਯਾਬ ਹੋਣਾ ਹਰ ਮਨੁੱਖ ਦਾ ਮੁੱਢਲਾ ਅਧਿਕਾਰ ਹੈ। ਜੇ ਕੋਈ ਮਿਹਨਤ ਕਰੇਗਾ ਤਾਂ ਹੀ ਕਾਮਯਾਬ ਹੋਵੇਗਾ ਅਤੇ ਅੱਗੇ ਵਧੇਗਾ। ਹਰ ਮਨੁੱਖ ਜਿਹੜਾ ਮਰਜੀ ਖੇਤਰ ਚੁਣ ਕੇ ਕਾਮਯਾਬ ਹੋ ਸਕਦਾ ਹੈ। ਗਿਆਨ ਦਾ ਘੇਰਾ ਬ੍ਰਹਿਮੰਡ ਜਿੰਨਾ ਵਿਸ਼ਾਲ ਹੈ। ਕੋਈ ਮਨੁੱਖ ਇਹ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਮੈਂ ਦੁਨੀਆਂ ਦਾ ਸਾਰਾ ਗਿਆਨ ਹਾਸਿਲ ਕਰ ਲਿਆ ਹੈ ਅਤੇ ਹੁਣ ਮੈਨੂੰ ਹੋਰ ਕੁਝ ਸਿੱਖਣ ਦੀ ਲੋੜ ਨਹੀਂ। ਬੰਦਾ ਚਾਹੇ ਤਾਂ ਇਕ ਛੋਟੇ ਜਿਹੇ ਬੱਚੇ ਕੋਲੋਂ ਵੀ ਬਹੁਤ ਕੁਝ ਸਿੱਖ ਸਕਦਾ ਹੈ। ਇਸ ਲਈ ਮਨੁੱਖ ਨੂੰ ਹਮੇਸ਼ਾਂ ਸਿੱਖਣ ਦੀ ਸਟੇਜ ਤੇ ਰਹਿਣਾ ਚਾਹੀਦਾ ਹੈ। ਸਿੱਖਣਾ ਬੰਦ ਤਾਂ ਜਿੱਤਣਾ ਬੰਦ। ਤੁਹਾਡੇ ਵਿਚ ਕੋਈ ਹੁਨਰ ਹੈ ਤਾਂ ਹੀ ਤੁਹਾਡੀ ਜ਼ਿੰਦਗੀ ਵਿਚ ਕੋਈ ਕਦਰ ਹੈ।
ਅਸੀਂ ਜ਼ਿੰਦਗੀ ਵਿਚ ਕਾਮਯਾਬ ਇਸ ਲਈ ਨਹੀਂ ਹੋਣਾ ਹੁੰਦਾ ਕਿ ਅਸੀ ਕਿਸੇ ਦੂਜੇ ਨੂੰ ਨੀਵਾਂ ਦਿਖਾ ਕੇ ਉਸ ਨੂੰ ਸ਼ਰਮਿੰਦਾ ਕਰਨਾ ਹੁੰਦਾ ਹੈ। ਅਸੀਂ ਦੂਜੇ ਦੀ ਲੀਕ ਮਿਟਾ ਕੇ ਆਪਣੀ ਲੀਕ ਵੱਡੀ ਨਹੀਂ ਕਰ ਸਕਦੇ। ਕਾਮਯਾਬੀ ਸਾਡੀ ਨਿੱਜੀ ਜ਼ਰੂਰਤ ਹੈ। ਅਸੀਂ ਜੋ ਕੁਝ ਵੀ ਕਰਨਾ ਹੈ ਆਪਣੇ ਲਈ ਕਰਨਾ ਹੈ। ਅਸੀਂ ਆਪਣੀ ਜ਼ਿੰਦਗੀ ਆਪ ਸਵਾਰਨੀ ਹੈ। ਸਾਡੀ ਕਾਮਯਾਬੀ ਸਾਡੀ ਸਾਰੀ ਜ਼ਿੰਦਗੀ ਬਦਲ ਸਕਦੀ ਹੈ।
ਕਾਮਯਾਬ ਮਨੁੱਖਾਂ ਦੀ ਜ਼ਿੰਦਗੀ ਦੇਖ ਕੇ ਅਸੀਂ ਰਸ਼ਕ ਕਰਦੇ ਹਾਂ। ਕਿਸੇ ਨੂੰ ਕਾਮਯਾਬੀ ਏਨੀ ਅਸਾਨੀ ਨਾਲ ਨਹੀਂ ਮਿਲਦੀ। ਕਾਮਯਾਬੀ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ। ਆਪਣੇ ਸੁੱਖ ਅਰਾਮ ਦੀ ਹੱਦ ਟੱਪ ਕੇ, ਮੁਸੀਬਤਾਂ ਨੂੰ ਪਛਾੜਦੇ ਹੋਏ ਹੀ ਕਾਮਯਾਬੀ ਦੀ ਦੇਵੀ ਦੇ ਦਰਸ਼ਨ ਹੁੰਦੇ ਹਨ। ਦੁਨੀਆਂ ਵਿਚ ਕੋਈ ਮਨੁੱਖ ਐਸਾ ਨਹੀਂ ਜਿਸ ਦੀ ਜ਼ਿੰਦਗੀ ਵਿਚ ਦੁੱਖ ਜਾਂ ਕਠਿਨਾਈਆਂ ਨਾ ਆਈਆਂ ਹੋਣ। ਹਰ ਕਾਮਯਾਬ ਮਨੁੱਖ ਦੀ ਇਕ ਦਰਦਨਾਕ ਕਹਾਣੀ ਹੁੰਦੀ ਹੈ ਅਤੇ ਹਰ ਦਰਦਨਾਕ ਕਹਾਣੀ ਦਾ ਇਕ ਸੁਖਾਵਾਂ ਅੰਤ ਹੁੰਦਾ ਹੈ। ਇਸ ਲਈ ਦਰਦ ਬਰਦਾਸ਼ਤ ਕਰੋ ਅਤੇ ਕਾਮਯਾਬੀ ਲਈ ਤਿਆਰ ਰਹੋ।
ਆਪਣੇ ਕੀਮਤੀ ਸਮੇਂ ਨੂੰ ਵਿਅਰਥ ਨਾ ਗਵਾਵੋ। ਜ਼ਿੰਦਗੀ ਵਿਚ ਕਾਮਯਾਬ ਹੋਣ ਲਈ ਸਭ ਤੋਂ ਪਹਿਲਾਂ ਆਪਣੀ ਮੰਜ਼ਿਲ ਮਿਥੋ। ਇਹ ਸੋਚੋ ਕਿ ਤੁਸੀਂ ਪਹੁੰਚਣਾ ਕਿੱਥੇ ਹੈ। ਮੰਜ਼ਿਲ ਦੀ ਚੋਣ ਆਪਣੀ ਲਿਆਕਤ ਅਤੇ ਕਾਰਜ਼ ਸ਼ਕਤੀ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਕਰੋ। ਨਹੀਂ ਤੇ ਤੁਹਾਡੇ ਪੱਲੇ ਨਿਰਾਸ਼ਾ ਹੀ ਪਵੇਗੀ ਕਿਉਂਕਿ ਕੁਦਰਤ ਹਮੇਸ਼ਾਂ ਸਾਵਾਂ ਤੋਲਦੀ ਹੈ। ਇੱਥੇ ‘ਇਕ ਹੱਥ ਦੇ ਅਤੇ ਦੂਜੇ ਹੱਥ ਲੈ’ ਵਾਲਾ ਹਿਸਾਬ ਹੈ। ਆਪਣੇ ਵਿੱਤ ਤੋਂ ਬਾਹਰੀ ਤਮੰਨਾ ਨਾ ਰੱਖੋ।
ਇਕ ਵਾਰੀ ਮੰਜ਼ਿਲ ਮਿੱਥ ਲਈ ਤਾਂ ਦਿਨੇ ਰਾਤੀਂ ਆਪਣੀ ਕਾਮਯਾਬੀ ਦੇ ਸੁਪਨੇ ਦੇਖੋ। ਇਹ ਸੁਪਨੇ ਹੀ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਲੈ ਜਾਣ ਵਿਚ ਸਹਾਈ ਹੋਣਗੇ। ਜਦੋਂ ਬੰਦਾ ਸੁਪਨੇ ਦੇਖਣਾ ਬੰਦ ਕਰ ਦਿੰਦਾ ਹੈ ਤਾਂ ਖੁਦ ਵੀ ਮੁਰਦਾ ਹੋ ਜਾਂਦਾ ਹੈ। ਸੁਪਨਿਆਂ ਦਾ ਮਰ ਜਾਣਾ ਬਹੁਤ ਦੁਖਦਾਈ ਹੁੰਦਾ ਹੈ। ਇਸੇ ਲਈ ਕਹਿੰਦੇ ਹਨ ਜਦ ਤੱਕ ਸਵਾਸ ਤਦ ਤੱਕ ਆਸ।
ਤੁਹਾਡੇ ਉੱਚੇ ਤੋਂ ਉੱਚੇ ਵਿਚਾਰ ਵੀ ਬੇਅਰਥ ਹਨ ਜੇ ਤੁਸੀਂ ਉਨ੍ਹਾਂ ਨੂੰ ਅਮਲੀ ਜਾਮਾ ਨਹੀਂ ਦਿੰਦੇ। ਬਿਨਾ ਕਰਮ ਤੋਂ ਫ਼ਲ ਦੀ ਉਮੀਦ ਰੱਖਣਾ ਬੇਅਰਥ ਹੈ। ਤੁਸੀਂ ਆਪਣੇ ਕਰਮ ਨਾਲ ਆਪਣੀ ਕਿਸਮਤ ਬਦਲ ਸਕਦੇ ਹੋ। ਮੰਜ਼ਿਲ ਮਿਥਣ ਤੋਂ ਬਾਅਦ ਉਸ ਦੀ ਪ੍ਰਾਪਤੀ ਲਈ ਲਗਾਤਾਰ ਯਤਨ ਸ਼ੁਰੂ ਕਰ ਦਿਓ। ਤੁਹਾਡਾ ਹਰ ਕਦਮ ਮੰਜ਼ਿਲ ਦੀ ਪ੍ਰਾਪਤੀ ਵਲ ਹੋਣਾ ਚਾਹੀਦਾ ਹੈ।
ਕਦੀ ਦੂਸਰੇ ਦੀ ਆਸ ’ਤੇ ਨਾ ਜੀਓ। ਇਹ ਨਾ ਸੋਚੋ ਕਿ ਕੋਈ ਦੂਸਰਾ ਆ ਕੇ ਇਕ ਦਿਨ ਤੁਹਾਨੂੰ ਸਫ਼ਲਤਾ ਦੀ ਟੀਸੀ ਤੇ ਬਿਠਾ ਦੇਵੇਗਾ। ਦੁਨੀਆਂ ਵਿਚ ਕੇਵਲ ਇਕ ਬੰਦਾ ਹੀ ਤੁਹਾਡੀ ਕਿਸਮਤ ਬਦਲ ਸਕਦਾ ਹੈ, ਉਹ ਹੈ ਤੁਸੀਂ ਖੁਦ। ਤੁਹਾਨੂੰ ਆਪਣੀ ਜੰਗ ਆਪ ਹੀ ਲੜ੍ਹਨੀ ਪਵੇਗੀ। ਆਪਣੀ ਮੰਜ਼ਿਲ ਦੀ ਪ੍ਰਾਪਤੀ ਲਈ ਖੁਦ ਹੀ ਯਤਨ ਕਰਨੇ ਪੈਣਗੇ।
ਆਪਣੇ ਵਿਚਾਰ ਹਮੇਸ਼ਾਂ ਹਾਂ ਪੱਖੀ ਰੱਖੋ। ਜੇ ਤੁਹਾਡੇ ਅੰਦਰ ਕਾਬਲੀਅਤ ਹੈ ਅਤੇ ਤੁਸੀਂ ਮਿਹਨਤ ਵੀ ਪੂਰੀ ਕਰ ਰਹੇ ਹੋ ਤਾਂ ਸਮਝੋ ਕਿ ਤੁਸੀਂ ਸ਼ੁਰੂ ਵਿਚ ਹੀ ਅੱਧੀ ਜੰਗ ਜਿੱਤ ਲਈ ਹੈ। ਅਸਫ਼ਲਤਾ ਬਾਰੇ ਕਦੀ ਨਾ ਸੋਚੋ। ਕਾਮਯਾਬੀ ਨੂੰ ਮੁੱਖ ਰੱਖ ਕੇ ਅੱਗੇ ਵਧੋ। ਜੇ ਕਿਸੇ ਕਾਰਨ ਤੁਹਾਨੂੰ ਕਾਮਯਾਬੀ ਹੱਥ ਨਾ ਲੱਗੇ ਤਾਂ ਵੀ ਘਬਰਾਓ ਨਾ। ਆਪਣੀ ਕਾਬਲੀਅਤ ਅਤੇ ਕਾਰਜ਼-ਸ਼ਕਤੀ ਨੂੰ ਸੁਧਾਰੋ। ਫਿਰ ਤੋਂ ਕੋਸ਼ਿਸ਼ ਕਰੋ। ਲੋੜ ਪਏ ਤਾਂ ਆਪਣੇ ਕੰਮ ਕਰਨ ਦੇ ਢੰਗ ਬਦਲਣ ਵਿਚ ਵੀ ਕੋਈ ਹਰਜ਼ ਨਹੀਂ। ਤੁਹਾਡੀ ਅਸਫ਼ਲਤਾ ਵੀ ਤੁਹਾਨੂੰ ਕੁਝ ਨਾ ਕੁਝ ਨਵਾਂ ਸਬਕ ਦੇ ਕੇ ਹੀ ਜਾਂਦੀ ਹੈ। ਬੰਦਾ ਹਾਰਦਾ ਉਦੋਂ ਹੈ ਜਦੋਂ ਉਹ ਦਿਲ ਛੱਡ ਜਾਂਦਾ ਹੈ।
ਕਾਮਯਾਬੀ ਲਈ ਕਦੀ ਕਾਹਲੀ ਨਾ ਕਰੋ। ਹਰ ਕਿਸਮ ਦੇ ਡਰ ਅਤੇ ਸ਼ੱਕ ਨੂੰ ਮਨ ਵਿਚੋਂ ਕੱਢ ਦਿਓ। ਡਰ ਅਤੇ ਸ਼ੱਕ ਜਿਹਾ ਕੋਈ ਵਾਇਰਸ ਨਹੀਂ ਅਤੇ ਹੌਸਲੇ ਜਿਹੀ ਕੋਈ ਵੈਕਸੀਨ ਨਹੀਂ। ਚਾਹੇ ਜ਼ਿੰਦਗੀ ਵਿਚ ਸਭ ਕੁਝ ਹਾਰ ਜਾਵੋ ਪਰ ਜਿੱਤਣ ਦੀ ਉਮੀਦ ਜ਼ਿੰਦਾ ਰੱਖੋ। ਇਹ ਵੀ ਯਾਦ ਰੱਖੋ ਕਿ ਮੰਜ਼ਿਲਾਂ ਹੋਰ ਵੀ ਹਨ। ਜੇ ਤੁਹਾਡੀ ਕੋਸ਼ਿਸ਼ ਨੂੰ ਫ਼ਲ ਨਹੀਂ ਪਿਆ ਤਾਂ ਹੋ ਸਕਦਾ ਹੈ ਕਿ ਰੱਬ ਨੇ ਤੁਹਾਡੇ ਲਈ ਕੋਈ ਹੋਰ ਵੀ ਵਡੇਰੀ ਕਾਮਯਾਬੀ ਰੱਖੀ ਹੋਵੇ। ਇੱਥੇ ਇਕ ਕਹਾਣੀ ਯਾਦ ਆ ਰਹੀ ਹੈ-“ਇਕ ਵਾਰੀ ਗੁਰਬਚਨ ਅਤੇ ਸੁਰਿੰਦਰ ਨੇ ਅਕਾਉਂਟੈਟ ਦੀ ਨੌਕਰੀ ਲਈ ਇਮਤਿਹਾਨ ਦਿੱਤਾ। ਗੁਰਬਚਨ ਪਾਸ ਹੋ ਗਿਆ ਪਰ ਸੁਰਿੰਦਰ ਰਹਿ ਗਿਆ। ਉਸ ਨੂੰ ਬੜਾ ਦੁੱਖ ਲੱਗਾ ਪਰ ਉਸ ਨੇ ਹੌਸਲਾ ਨਾ ਛੱਡਿਆ। ਹੋਰ ਮਿਹਨਤ ਕੀਤੀ। ਫਿਰ ਉਸ ਨੇ ਆਈ.ਏ.ਐਸ. ਦਾ ਇਮਤਿਹਾਨ (ਜੋ ਕਿ ਭਾਰਤ ਸਰਕਾਰ ਦਾ ਸਭ ਤੋਂ ਵੱਡਾ ਇਮਤਿਹਾਨ ਹੈ) ਦਿੱਤਾ। ਉਸ ਵਿਚ ਉਹ ਪਾਸ ਹੋ ਗਿਆ ਅਤੇ ਸਭ ਤੋਂ ਵੱਡਾ ਅਫ਼ਸਰ ਬਣ ਕੇ ਗੁਰਬਚਨ ਦੇ ਦਫ਼ਤਰ ਵਿਚ ਹੀ ਲੱਗ ਗਿਆ। ਇਕ ਦਿਨ ਦੋਵੇਂ ਮਿਲੇ ਤਾਂ ਸੁਰਿੰਦਰ ਨੇ ਬੜੇ ਮਾਣ ਨਾਲ ਕਿਹਾ ਅਸੀਂ ਦੋਵਾਂ ਨੇ ਅਕਾਉਂਟੈਂਟ ਦਾ ਇਮਤਿਹਾਨ ਇਕੱਠਾ ਦਿੱਤਾ ਸੀ ਜਿਸ ਵਿਚ ਤੁਸੀਂ ਪਾਸ ਹੋ ਗਏ ਸੀ ਅਤੇ ਖ਼ੁਸ਼ ਕਿਸਮਤੀ ਨਾਲ ਮੈਂ ਫੇਲ੍ਹ ਹੋ ਗਿਆ ਸੀ ਜਿਸ ਦਾ ਨਤੀਜਾ ਅੱਜ ਮੈਂ ਐਡਾ ਵੱਡਾ ਅਫ਼ਸਰ ਬਣ ਗਿਆ ਹਾਂ। ਜੇ ਉਸ ਸਮੇਂ ਸੁਰਿੰਦਰ ਦਿਲ ਛੱਡ ਜਾਂਦਾ ਤਾਂ ਉਸ ਨੇ ਕਦੀ ਐਡੇ ਉੱਚੇ ਅਹੁਦੇ ਤੇ ਨਹੀਂ ਸੀ ਪਹੁੰਚ ਸਕਣਾ।”
ਕਦੀ ਇਹ ਨਾ ਸੋਚੋ ਕਿ ਜਿਸ ਖੇਤਰ ਵਿਚ ਤੁਸੀਂ ਜਾਣਾ ਹੈ ਉਹ ਹੁਣ ਪੂਰੀ ਤਰ੍ਹਾਂ ਭਰ ਚੁੱਕਾ ਹੈ ਅਤੇ ਉੱਥੇ ਹੁਣ ਕਿਸੇ ਨਵੇਂ ਬੰਦੇ ਦਾ ਦਾਖਲਾ ਸੰਭਵ ਨਹੀਂ। ਇਸ ਲਈ ਤੁਹਾਡੇ ਕੁਝ ਕਰ ਕੇ ਦਿਖਾਉਣ ਦੇ ਸਭ ਦਰਵਾਜ਼ੇ ਬੰਦ ਹੋ ਗਏ ਹਨ। ਪ੍ਰਮਾਤਮਾ ਦੇ ਘਰ ਦੇਰ ਹੈ ਹਨੇਰ ਨਹੀਂ। ਇਕ ਦਰ ਬੱਝਾ ਸੋ ਦਰ ਖੁਲ੍ਹੇ। ਦੁਨੀਆਂ ਵਿਚ ਹਾਲੀ ਤੱਕ ਕੋਈ ਵੀ ਵਿਸ਼ਾ ਅੰਤ ਤੱਕ ਨਹੀਂ ਪਹੁੰਚਿਆ। ਹਰ ਵਿਸ਼ੇ ਵਿਚ ਕੁਝ ਵਧੀਆ ਅਤੇ ਨਵਾਂ ਕਰ ਕੇ ਦਿਖਾਉਣ ਦੀ ਗੁੰਜਾਇਸ਼ ਹੈ। ਜੇ ਤੁਹਾਨੂੰ ਪਸੰਦ ਦੇ ਵਿਸ਼ੇ ਵਿਚ ਰੁਜ਼ਗਾਰ ਨਹੀਂ ਮਿਲਿਆ ਤਾਂ ਕੋਈ ਗੱਲ ਨਹੀਂ। ਆਪਣੀ ਕਾਬਲੀਅਤ ਨੂੰ ਤੁਸੀਂ ਆਪਣਾ ਸ਼ੌਂਕ ਬਣਾ ਕੇ ਪੂਰੀ ਪ੍ਰਵੀਨਤਾ ਦਿਖਾ ਸਕਦੇ ਹੋ ਅਤੇ ਆਪਣਾ ਨਾਮ ਰੋਸ਼ਨ ਕਰ ਸਕਦੇ ਹੋ। ਇਸ ਸਮੇਂ ਹਜ਼ਾਰਾਂ ਨਵੇਂ ਵਿਸ਼ਿਆਂ ਤੇ ਖੋਜ ਹੋ ਰਹੀ ਹੈ। ਸਾਰੇ ਵਿਸ਼ੇ ਤੁਹਾਡੇ ਕਲਾਤਮਕ ਹੱਥਾਂ ਦੀ ਉਡੀਕ ਕਰ ਰਹੇ ਹਨ। ਪੁਲਾੜ ਵਿਚ ਨਿੱਤ ਨਵੀਂਆਂ ਖੋਜਾਂ ਹੋ ਰਹੀਆਂ ਹਨ। ਵਿਗਿਆਨੀ ਮੰਗਲ ਗ੍ਰਹਿ ਤੇ ਜੀਵਨ ਦੀ ਖੋਜ ਕਰ ਰਹੇ ਹਨ। ਇੰਟਰਨੈੱਟ ਨਿੱਤ ਨਵੀਂਆਂ ਪੁਲਾਂਘਾਂ ਪੁੱਟ ਕੇ ਗਿਆਨ ਦਾ ਭੰਡਾਰਾ ਬਣ ਰਿਹਾ ਹੈ।
ਪੁਰਾਣੇ ਵਿਸ਼ੇ ਜਿਵੇਂ ਬੁੱਤਸਾਜੀ, ਚਿੱਤਰਕਾਰੀ ਅਤੇ ਸਾਹਿਤਕਾਰੀ ਆਦਿ ਵਿਚ ਵੀ ਹਾਲੀ ਬਹੁਤ ਗੁੰਜਾਇਸ਼ ਹੈ। ਸਭ ਤੋਂ ਵਧੀਆ ਬੁੱਤ ਹਾਲੀ ਘੜੇ ਜਾਣੇ ਹਨ ਅਤੇ ਚਿੱਤਰ ਬਣਾਏ ਜਾਣੇ ਹਨ। ਹੋਰ ਵਧੀਆ ਸਾਹਿਤ ਹਾਲੀ ਲਿਖਿਆ ਜਾਣਾ ਹੈ ਆਉਣ ਵਾਲੇ ਸਮੇਂ ਵਿਚ ਜਿਸ ਦੇ ਚਰਚੇ ਹੋਣੇ ਹਨ। ਖ਼ਿਡਾਰੀਆਂ ਨੇ ਹਾਲੀ ਖੇਡਾਂ ਵਿਚ ਕਈ ਤਮਗੇ ਫੁੰਡਣੇ ਹਨ। ਫੌਜੀ ਵੀਰਾਂ ਨੇ ਬਹਾਦਰੀ ਵਿਚ ਕਈ ਵੀਰ ਚੱਕਰ ਜਿੱਤਣੇ ਹਨ। ਤੁਸੀਂ ਵੀ ਆਪਣੀ ਜਗ੍ਹਾ ਆਪ ਬਣਾਓ ਅਤੇ ਕੁਝ ਕਰ ਕੇ ਦਿਖਾਓ। ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਕਿ ਉਸ ਨੇ ਤੁਹਾਡੀ ਕਿਸਮਤ ਵਿਚ ਕੀ ਲਿਖਿਆ ਹੈ। ਤੁਹਾਨੂੰ ਸੱਚੀ ਖ਼ੁਸ਼ੀ ਤਾਂ ਹੀ ਮਿਲੇਗੀ ਜੇ ਤੁਸੀਂ ਆਪਣੀ ਜ਼ਿੰਦਗੀ ਵਿਚ ਸਫ਼ਲ ਹੋਵੋਗੇ ਕਿਉਂਕਿ ਇਹ ਤੁਹਾਡੀ ਖੁਦ ਦੀ ਮਿਹਨਤ ਦਾ ਫ਼ਲ ਹੋਵੇਗਾ।
ਆਓ ਅਸੀਂ ਸਾਰੇ ਰਲ ਕਿ ਇਕ ਐਸੇ ਸਮਾਜ ਦੀ ਸਿਰਜਨਾ ਕਰੀਏ ਜਿਸ ਵਿਚ ਸਭ ਮਨੁੱਖ ਬਰਾਬਰ ਹੋਣ ਅਤੇ ਹਰ ਇਕ ਨੂੰ ਆਪਣੀ ਕਾਬਲੀਅਤ ਅਨੁਸਾਰ ਮਿਹਨਤ ਕਰ ਕੇ ਕਾਮਯਾਬ ਹੋਣ ਦਾ ਪੂਰਾ ਮੌਕਾ ਮਿਲੇ।
***
203
***