23 May 2024
ਸਮੇਂ ਨਾਲ ਸੰਵਾਦ

ਵੇਲੇ ਦਾ ਰਾਗ—ਕੇਹਰ ਸ਼ਰੀਫ਼

ਸਮੇਂ ਨਾਲ ਇਕਸੁਰ ਹੋ ਕੇ ਤੁਰਨਾ ਬਹੁਤ ਹੀ ਔਖਾ ਕਾਰਜ ਸਮਝਿਆ ਜਾਂਦਾ ਹੈ, ਕਈ ਲੋਕ ਤਾਂ ਇਸ ਨੂੰ ਔਝੜਿਆ ਰਾਹ ਵੀ ਆਖਦੇ ਹਨ। ਗੱਲ ਸੱਚੀ ਹੀ ਹੈ – ਕਿਹੜਾ ਕਾਰਜ ਹੈ ਜਿਹੜਾ ਕਰਨ ਤੋਂ ਪਹਿਲਾਂ ਸੌਖਾ ਲਗਦਾ ਹੋਵੇ। ਪਰ, ਸਮੇਂ ਵਲੋਂ ਪਾਈ ਵੰਗਾਰ ਵਾਲੇ ਰਾਹੇ ਤੁਰਨ ਤੋਂ ਬਿਨਾਂ ਸਰਨਾ ਵੀ ਤਾਂ ਨਹੀਂ ਹੁੰਦਾ – ਅਜਿਹੇ ਔਖੇ ਸਮੇਂ ਹੀ ਤਾਂ ਸਹਿਜ, ਗਿਆਨ ਤੇ ਬੌਧਿਕਤਾ ਭਰਪੂਰ ਸੂਰਬੀਰਤਾ ਦੀ ਪਛਾਣ ਹੁੰਦੀ ਹੈ। ਇਕ ਸਬੀਲ ਜਾਂ ਦਲੀਲ ਬਣਦੀ ਹੈ ਦੂਜੀ ਢੱਠਦੀ ਹੈ। ਇਹ ਬਣਨ, ਢੱਠਣ ਦੀ ਖਿੱਚੋਤਾਣ ਹੀ ਆਖਰ ਸਿਰਜਣਾ ਨੂੰ ਜਨਮ ਦਿੰਦੀ ਹੈ। ਇਸ ਕ੍ਰਿਆ ਨੇ ਅੱਗੇ ਵਧਦਿਆਂ ਕੀਤੀ ਜਾ ਰਹੀ ਸਿਰਜਣਾ ਅੰਦਰ ਨਿਖਾਰ ਪੈਦਾ ਕਰਨਾ ਹੁੰਦਾ ਹੈ। ਸਿਰਜਾਣਤਮਿਕਤਾ ਦਾ ਪਹਿਲਾ ਕਦਮ ਕਿਸੇ ਵਿਸ਼ੇ ਬਾਰੇ ਸਾਧਾਰਨ ਜਹੀ ਚਿੰਤਾ ਹੀ ਹੁੰਦੀ ਹੈ, ਫੇਰ ਇਸ ਚਿੰਤਾ ਪਿਛੇ ਕਾਰਜਸ਼ੀਲ ਸਥਿਤੀਆਂ ਦੇ ਕਾਰਨਾਂ ਨੂੰ ਲੱਭਣ ਦੇ ਅਧਿਅਨ ਭਰੇ ਜਤਨ ਆਰੰਭ ਹੁੰਦੇ ਹਨ ਤੇ ਇੱਥੋਂ ਹੀ ਚਿੰਤਾ ਤੋਂ ਚਿੰਤਨ ਵਲ ਵਧਦਾ ਰਾਹ/ ਜਾਂ ਪ੍ਰਵਾਹ ਕਿਸੇ ਵੀ ਅਗਲੇ ਕਾਰਜ ਦੀ ਅਗਵਾਈ ਕਰਨ ਦਾ ਸਬੱਬ ਬਣ ਜਾਂਦਾ ਹੈ। ਅਜਿਹੇ ਕਾਰਜ ਹੀ ਨਵੀਂ ਸੋਚ ਨੂੰ ਅਮਲ ਵਿਚ ਢਾਲਦੇ ਹਨ। ਇਹ ਸੋਚ ਹੀ ਸਾਂਝ ਪੈਦਾ ਕਰਨ ਵਾਲੀ ਮਨੁੱਖਵਾਦੀ/ਸਰਬੱਤ ਦੇ ਭਲੇ ਵਾਲੀ ਹੋਵੇ ਤਾਂ ਹੀ ਔਝੜੇ ਰਾਹਾਂ ਅਤੇ ਮੁਸ਼ਕਿਲ ਸਥਿਤੀਆਂ ਦਾ ਟਾਕਰਾ ਕਰਨ ਦੇ ਯੋਗ ਹੋ ਸਕਦੀ ਹੈ। ਇਸ ਤਰ੍ਹਾਂ ਦੂਜਿਆਂ ਨੂੰ ਵੀ ਕਿਸੇ ਕਾਰਜ ਵਿਚ ਸ਼ਾਮਲ ਹੋਣ ਵਾਸਤੇ ਪ੍ਰੇਰਿਆ ਜਾ ਸਕਦਾ ਹੈ। ਇਸ ਵਿਚ ਅਮਲ ਰਾਹੀਂ ਜੁੜਨ ਨਾਲ ਹੀ ਇਕੱਲਿਆਂ ਤੋਂ ਕਾਫਲੇ ਬਣਦੇ ਹਨ। ਅਜਿਹੇ ਕਾਫਲਿਆਂ ਨੇ ਸਦਾ ਹੀ ਸਮੇਂ ਦੀ ਅੱਖ ‘ਚ ਅੱਖ ਪਾ ਕੇ ਗੱਲ ਕੀਤੀ, ਤਾਂ ਹੀ ਔਖੇ ਵਕਤਾਂ ਨੂੰ ਪਾਰ ਕਰਦਿਆਂ ਉਨ੍ਹਾਂ ਸੰਘਰਸ਼ੀ ਲੋਕਾਂ ਨੇ ਲੱਖ ਮੁਸੀਬਤਾਂ ਝੱਲੀਆਂ, ਸਿਦਕ ਨਾ ਹਾਰਿਆ ਤੇ ਬਾਅਦ ਅਖੀਰ ‘ਚ ਅਜਿਹੇ ਕਾਫਲਿਆਂ ਦੇ ਗਲ਼ ਹੀ ਸਦਾ ਜਿੱਤ ਦਾ ਹਾਰ ਪਾਇਆ ਗਿਆ ਹੈ।

ਸਮੇਂ ਸਿਰ ਢੁੱਕਦੀ ਗੱਲ ਕਰਨ ਵਾਲੇ ਨੂੰ ਹੀ ਆਮ ਤੌਰ `ਤੇ ਸਿਆਣਾ ਜਾਂ ਸੂਝਵਾਨ ਕਿਹਾ ਜਾਂਦਾ ਹੈ। ਦਾਨੇ-ਬੀਬੇ ਤੇ ਦਾਨਿਸ਼ਵਰ ਬੰਦਿਆਂ ਦੀ ਸਿਫਤ ਇਸੇ ਕਰਕੇ ਹੀ ਕੀਤੀ ਜਾਂਦੀ ਹੈ ਕਿ ਉਹ ਆਪਣੀ ਖਰੀ ਸੋਚ, ਦੇ ਆਸਰੇ ਆਪਣੇ ਨਿਸ਼ਾਨੇ ਭਾਵ ਮੰਜਿ਼ਲ ਵੱਲ ਪ੍ਰਤੀਬੱਧਤਾ, ਨਿੱਖਰੀ ਚੇਤੰਨਤਾ ਦੇ ਆਸਰੇ ਸਮੇਂ ਨੂੰ ਉਂਗਲ ਲਾ ਕੇ ਤੋਰਨ ਦੇ ਸਮਰੱਥ ਹੁੰਦੇ ਹਨ। ਆਪਣੇ ਇਰਾਦੇ ਦੀ ਪਕਿਆਈ ਅਤੇ ਸੁਭਾਅ ਪੱਖੋਂ ਸੰਜਮ ਅਤੇ ਸਹਿਜਤਾ ਕਰਕੇ ਆਪਣੇ ਹੀ ਕੀਤੇ ਅਹਿਦ ਅਨੁਸਾਰ ਉਹ ਸਮੇਂ ਦੀ ਧਾਰਾ ਨੂੰ ਆਪਣੇ ਪੱਖ ਵਿਚ ਮੋੜਨ ਦੇ ਜਤਨ ਹੀ ਨਹੀਂ ਕਰਦੇ ਸਗੋਂ ਆਪਣੇ ਸਿਦਕ, ਸਿਰੜ, ਦ੍ਰਿੜਤਾ ਅਤੇ ਸਹਿਜ ਭਰੇ ਕਦਮਾਂ ਵਾਲੇ ਸਾਹਸ ਦੇ ਆਸਰੇ ਆਪਣੀ ਹਿੰਮਤ ਨਾਲ ਜਿੱਦ (ਜਾਂ ਆਪਣੇ ਨਾਲ ਕੀਤਾ ਵਾਅਦਾ/ਆਪਣੇ ਵਚਨ) ਪੁਗਾਉਂਦੇ ਵੀ ਹਨ। ਇਹ ਕਰਮ ਕਈ ਵਾਰ ਅਜੀਬ ਜਾਪਣ ਲੱਗ ਪੈਂਦਾ ਹੈ ਪਰ ਵਗਦੀ ਧਾਰਾ ਦੀ ਲਗਾਤਾਰਤਾ ਜਦੋਂ ਗਵਾਹੀ ਬਣਨ ਲਗਦੀ ਹੈ ਤਾਂ ਹੈਰਾਨੀ ਵੀ ਹੁੰਦੀ ਹੈ, ਅਤੇ ਖੁਸ਼ੀ ਭਰਿਆ ਧਰਵਾਸ ਵੀ, ਜੋ ਸਮੇਂ ਦਾ ਸੱਚ ਬਣ ਜਾਂਦਾ ਹੈ। ਇਹ ਤੋਰ ਇਸ ਰਾਹ ਦੇ ਪਾਂਧੀਆਂ ਦੀ ਤਾਕਤ ਬਣ ਜਾਂਦੀ ਹੈ। ਆਖਰ, ਇਹ ਤਾਕਤ ਹੀ ਜਿੱਤ ਦੀ ਜਾਮਨ ਹੋ ਨਿੱਬੜਦੀ ਹੈ। ਇਹ ਰਾਹ ਲੰਬਾ ਵੀ ਹੋ ਸਕਦਾ ਹੈ, ਅਕਾਊ ਵੀ ਪਰ ਮੰਜ਼ਿਲ ‘ਤੇ ਪਹੁੰਚਣ ਅਤੇ ਉਦੇਸ਼ ਦੀ ਪ੍ਰਾਪਤੀ ਵਾਸਤੇ ਆਪਣਾ ਪੂਰਾ ਤਾਣ ਲਾ ਕੇ ਹਰ ਹੀਲੇ ਵਾਟ ਮੁਕਾਉਣੀ ਪੈਂਦੀ ਹੈ। ਹੁਣ ਤੱਕ ਸੰਸਾਰ ਦਾ ਹੋਇਆ ਸਮਾਜਕ ਵਿਕਾਸ ਇਸ ਗੱਲ ਦੀ ਗਵਾਹੀ ਬਣਕੇ ਸਾਡੇ ਸਾਹਮਣੇ ਰੂਪਮਾਨ ਹੈ। ਜਿਸ ਸੱਚ ਨੂੰ ਇਸਦੇ ਦੋਖੀ ਵੀ ਝੁਠਲਾ ਨਹੀਂ ਸਕਦੇ, ਗਲਤ ਵੀ ਸਾਬਤ ਨਹੀਂ ਕਰ ਸਕਦੇ।

ਵਕਤ ਦੇ ਕੁੱਝ ਪਲ ਸਾਡੇ ਵਾਸਤੇ ਬਹੁਤ ਕੁੱਝ ਅਜਿਹਾ ਪਰੋਸਦੇ ਹਨ ਜੋ ਸੱਚਮੁੱਚ ਅਜੀਬ ਹੋ ਜਾਂਦੇ ਹਨ – ਇਹੋ ਪਲ ਢਲ ਕੇ ਜਦੋਂ ਅੱਖਾਂ ਸਾਹਮਣੇ ਸੱਚ ਜਿਹਾ ਹੋ ਕੇ ਵਿਚਰਦੇ ਹਨ ਤਾਂ ਹੈਰਾਨੀ ਵੀ ਹੁੰਦੀ ਹੈ ਅਤੇ ਫਰਕ ਦਾ ਵੀ ਪਤਾ ਲਗਦਾ ਹੈ। ਮਿਸਾਲ ਵਜੋਂ ਸ਼ਹਿਨਾਈ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਸ਼ਹਿਨਾਈ ਖੁਸ਼ੀ ਤੇ ਗ਼ਮੀ ਦੋਵੇਂ ਮੌਕਿਆਂ `ਤੇ ਵਜਾਈ ਜਾਂਦੀ ਹੈ। ਪਰ ਵਕਤ ਦੀ ਭਾਵਨਾ ਅਤੇ ਮੌਕਾ-ਮੇਲ਼ ਵਿਚ ਜ਼ਮੀਨ-ਅਸਮਾਨ ਦਾ ਫਰਕ ਹੁੰਦਾ ਹੈ। ਸ਼ਗਨਾਂ ਵਾਲੇ ਖੁਸ਼ੀ ਭਰੇ ਪਲਾਂ ਨੂੰ ਸੋਗ ਦੇ ਉਦਾਸੀ ਭਰੇ ਵਿਰਲਾਪ ਵਾਲੇ ਸੁਰਾਂ ਨਾਲ ਨਹੀਂ ਮੇਲਿਆ ਜਾ ਸਕਦਾ। ਵੈਣਾਂ ਦੇ ਉੱਚੇ ਨੀਵੇਂ ਸੁਰਾਂ ਨੇ ਵਿਸਰਦਿਆਂ ਹੀ ਉਦਾਸ ਅਤੀਤ ਭਾਵ ਬੀਤਿਆ ਹੋਇਆ ਵਕਤ ਬਣ ਕੇ ਰਹਿ ਜਾਣਾ ਹੁੰਦਾ ਹੈ, ਪਰ ਸ਼ਗਨਾਂ ਦੇ ਹੁਲਾਸ ਭਰੇ ਸੁਰਾਂ ਨੇ ਨਿੱਤ ਦਿਨ ਮੌਲਣਾ ਤੇ ਨਿੱਖਰਨਾ ਹੁੰਦਾ ਹੈ। ਇਹੀ ਜਗਤ ਦੇ ਲਗਾਤਾਰ ਹੋ ਰਹੇ ਵਿਕਾਸ ਦਾ ਅੰਗ ਬਣਦਾ ਹੈ ਅਤੇ ਇਹ ਹੀ ਜਗਤ ਦਾ ਪਸਾਰਾ ਹੈ, ਜਿਸ ਤੋਂ ਕਦੇ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ। ਇਨ੍ਹਾਂ ਹਾਲਤਾਂ ਤੋਂ ਮੂੰਹ ਮੋੜਿਆ ਹੀ ਨਹੀਂ ਜਾ ਸਕਦਾ। ਜੇ ਕੋਈ ਇੰਜ ਕਰੇ ਤਾਂ ਉਹ ਸੰਸਾਰ ਨੂੰ ਨਖਿੱਧ ਜਹੀ, ਅਰਥਹੀਣ ਸੋਚ ਦੇਣ ਦੇ ਜਤਨ ਵਿਚ ਹੁੰਦਾ ਹੈ। ਅਜਿਹੀ ਅਰਥਹੀਣ ਸੋਚ ਮਨੁੱਖੀ ਜੀਵਨ ਵਿਚ ਬੇਲੋੜੀ ਉਦਾਸੀ ਤਾਂ ਭਰ ਸਕਦੀ ਹੈ, ਕੁਰਾਹੇ ਵੀ ਪਾ ਸਕਦੀ ਹੈ ਪਰ ਅੱਗੇ ਵੱਲ ਕਦਮ ਨਹੀਂ ਪੁੱਟ ਸਕਦੀ ਅਤੇ ਕਦੇ ਵੀ ਸੱਚ ਸਾਬਤ ਨਹੀਂ ਹੋ ਸਕਦੀ। ਅੱਗੇ ਵਧਣ ਵਾਸਤੇ ਆਸਵੰਦ ਅਤੇ ਹੋਸ਼ਮੰਦ ਹੋਣਾ ਜਰੂਰੀ ਹੁੰਦਾ ਹੈ, (ਯਾਦ ਰਹੇ ਜਜ਼ਬਾਤੀ ਜਾਂ ਭਾਵੁਕ ਮਨੁੱਖ ਜਦੋਂ ਜੋਸ਼ ਨੂੰ ਹੋਸ਼ ਨਾਲੋਂ ਤੋੜਕੇ ਕੋਈ ਕਾਰਜ ਕਰਦਾ ਹੈ ਤਾਂ ਉਸਦਾ ਘਾਟੇ ਵਿਚ ਰਹਿਣਾ ਲਾਜ਼ਮੀ ਹੁੰਦਾ ਹੈ) ਤਾਂ ਹੀ ਦਲੀਲ ਭਰੀ ਸੂਝ ਵਾਲਾ ਮਨੁੱਖ “ਜਾਨ ਨਾਲ ਜਹਾਨ ਵਾਲੀ” ਧਾਰਨਾ ਬਾਰੇ ਸੋਚਦਾ ਹੈ ਕਿਉਂਕਿ ਇਹ ਸਰਬ ਪ੍ਰਵਾਨਤ ਹੈ ਕਿ ਆਸ ਨਾਲ ਹੀ ਜੱਗ ਜੀਊਂਦਾ ਹੈ, ਇਹ ਆਸ ਹੀ ਅੱਗੇ ਤੁਰਨ ਵਾਲੇ ਕਦਮਾਂ ਦਾ ਜੋਸ਼ ਤੇ ਤੋਰ ਦੀ ਰਵਾਨੀ ਬਣਦੀ ਹੈ। ਕਿਸੇ ਮੰਜਿ਼ਲ ‘ਤੇ ਪਹੁੰਚਣ ਵਾਸਤੇ ਕਦਮਾਂ ਦੀ ਹਰਕਤ ਦੂਜਿਆਂ ਨਾਲ ਵੀ ਮੱਥੇ ਦੀ ਲੋਅ ਬਣ ਕੇ ਭਾਈਚਾਰਾ ਕਾਇਮ ਕਰਨ ਵਾਲੇ ਸਾਂਝਾਂ ਭਰੇ ਜੀਊਣ ਦਾ ਮਕਸਦ ਬਣ ਜਾਂਦੀ ਹੈ। ਕਿਸੇ ਮੰਜ਼ਿਲ ‘ਤੇ ਪਹੁੰਚਣ ਵਾਸਤੇ ਕਦਮਾਂ ਦੀ ਹਰਕਤ ਦੂਜਿਆਂ ਨਾਲ ਅਜਿਹਾ ਸਾਂਝ ਭਰੇ ਜੀਊਣ ਦਾ ਮਕਸਦ ਅਤੇ ਨਾਲ ਹੀ ਜੀਵਨ ਅੰਦਰ ਸਫ਼ਲਤਾ ਦੀ ਕੁੰਜੀ ਬਣ ਜਾਂਦੀ ਹੈ। ਸੰਸਾਰ ਅੰਦਰ ਸੂਝਵਾਨ ਦਾਰਸ਼ਨਿਕਾਂ ਵਲੋਂ ਬੌਧਿਕ ਪੱਖੋਂ ਕੀਤੇ ਪ੍ਰਚਾਰ ਨੇ ਆਪਣੇ ਹੱਕਾਂ ਖਾਤਰ ਸਰਗਰਮ ਲੋਕ ਲਹਿਰਾਂ ਦੇ ਆਗੂਆਂ ਨੂੰ ਹੱਲਾਸ਼ੇਰੀ, ਸੇਧ ਅਤੇ ਹੌਸਲਾ ਦਿੱਤਾ ਜਿਸ ਦੇ ਸਿੱਟੇ ਵਜੋਂ ਇਨ੍ਹਾਂ ਲੋਕ ਲਹਿਰਾਂ ਨੇ ਦੁਨੀਆਂ ਦੇ ਵੱਖੋ-ਵੱਖ ਦੇਸ਼ਾਂ ਅਤੇ ਲੋਕ ਸਮੂਹਾ, ਭਾਈਚਾਰਿਆਂ ਦਾ ਮੂਹ-ਮੱਥਾ ਸਵਾਰਨ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ।

ਮਨੁੱਖ ਸਿਰਫ ਆਪਣੇ ਕਰਕੇ ਹੀ ਨਹੀਂ ਜੀਊਂਦਾ, ਪਰਵਾਰ/ਸਮਾਜ ਨਾਲ ਵੀ ਉਸਦਾ ਕੋਈ ਰਿਸ਼ਤਾ/ਵਾਸਤਾ ਹੁੰਦਾ ਹੈ। ਸਮਾਜ ਅੰਦਰਲੇ ਉਤਰਾਅ-ਝੜਾਅ ਹਰ ਇਨਸਾਨ ਨੂੰ ਪ੍ਰਭਾਵਿਤ ਕਰਦੇ ਹਨ। ਚੰਗੇ ਪ੍ਰਭਾਵਾਂ ਨੂੰ ਪ੍ਰਚਾਰਨਾ, ਪ੍ਰਸਾਰਨਾ ਹਰ ਨਾਗਰਿਕ ਦਾ ਫ਼ਰਜ਼ ਹੁੰਦਾ ਹੈ ਪਰ ਭੈੜੇ ਪ੍ਰਭਾਵਾਂ ਦਾ ਜ਼ਹਿਰ ਸਮਾਜ ਅੰਦਰ ਫੈਲ ਕੇ ਸਮਾਜ ਅੰਦਰ ਪ੍ਰੇਮ ਭਾਵ ਨਾਲ ਵਸਦੇ ਲੋਕਾਂ ਦੀ ਸਾਂਝ ਨੂੰ ਗਲਤ ਦਿਸ਼ਾ ਵੱਲ ਨਾ ਤੋਰ ਦੇਵੇ ਇਸ ਕਰਕੇ ਅਜਿਹੇ ਗਲਤ ਰੁਝਾਨਾਂ ਦੀ ਕਾਟ ਕਰਿਦਆਂ ਉਨ੍ਹਾਂ ਦੇ ਖਿਲਾਫ ਖੜ੍ਹੇ ਹੋਣਾ ਸਮਾਜ ਵਿਚ ਵਸਦੇ ਹਰ ਚੇਤੰਨ ਪ੍ਰਾਣੀ ਦਾ ਪਹਿਲਾ ਫ਼ਰਜ਼ ਹੁੰਦਾ ਹੈ। ਜੇ ਕੋਈ ਅਜਿਹਾ ਫ਼ਰਜ਼ ਅਦਾ ਨਹੀਂ ਕਰਦਾ ਤਾਂ ਉਹ ‘ਸਮਾਜੀ ਜੀਵ` ਕਹਾਉਣ ਦਾ ਹੱਕਦਾਰ ਨਹੀਂ ਹੁੰਦਾ, ਬਸ! ਜੂਨ ਪੂਰੀ ਕਰ ਰਿਹਾ ਜੀਊੜਾ ਹੁੰਦਾ ਹੈ। ਇਹ ਆਮ ਹੀ ਕਿਹਾ ਜਾਂਦਾ ਹੈ ਕਿ ਕਿਸੇ ਵੀ ਭੈੜ, ਕੁਚੱਜ ਜਾਂ ਜ਼ੁਲਮ ਦੇ ਖਿਲਾਫ ਨਾ ਬੋਲਣਾ ਜਾਂ ਚੁੱਪ ਰਹਿਣਾ ਉਹਦੇ ਨਾਲ ਸਹਿਮਤੀ ਦੇਣ ਵਰਗਾ ਹੀ ਹੁੰਦਾ ਹੈ। ਅਜਿਹੇ ਲੋਕਾਂ ਦਾ ਵਰਤਮਾਨ ਨੂੰ ਦੂਸ਼ਿਤ ਕਰਨ ਵਾਲਾ ਨਾਂਹਪੱਖੀ ਰੋਲ ਹੁੰਦਾ ਹੈ- ਇਹ ਇਤਹਿਾਸ ਦੇ ਵੀ ਦੋਸ਼ੀ ਹੁੰਦੇ ਹਨ ਤੇ ਆਪਣੇ ਆਪ ਦੇ ਵੀ। ਆਜ਼ਾਦੀ ਦੇ ਸੰਘਰਸ਼ ਸਮੇਤ ਹੋਰ ਬਹੁਤ ਸਾਰੇ ਮੌਕਿਆਂ ਦਾ ਇਤਹਿਾਸ ਇਸ ਦੀ ਗਵਾਹੀ ਦਿੰਦਾ ਹੈ। ਸੰਸਾਰ ਦਾ ਇਤਿਹਾਸ ਹੋਰ ਵੀ ਘਿਨਾਉਣੇ ਰੂਪ ਵਿਚ ਸਾਡੇ ਸਾਹਮਣੇ ਅਣਮਨੁੱਖੀ ਤੱਥ ਪੇਸ਼ ਕਰਦਾ ਹੈ। ਇਤਿਹਾਸ ਬਾਰੇ ਗੱਲ ਕਰਦਿਆਂ ਉਸ ਸਮੇਂ ਜੇ ਅਜਿਹਾ ਨਾ ਹੋਇਆ ਹੁੰਦਾ ਕਹਿਣਾ ਵੀ ਨਾਂਹ-ਵਾਚਕ ਹੀ ਹੁੰਦਾ ਹੈ। ਪਰ, ਯਾਦ ਰੱਖਣ ਵਾਲੀ ਗੱਲ ਇਹ ਹੀ ਹੈ ਕਿ ਬੀਤ ਗਏ ਸਮੇਂ ਬਾਰੇ ਅਸੀਂ ਖੁਸ਼ ਹੋ ਸਕਦੇ ਹਾਂ ਜਾਂ ਉਦਾਸ ਹੋ ਕੇ ਐਵੇਂ ਹੀ ਝੋਰਿਆਂ ਦੇ ਵਸ ਪੈ ਸਕਦੇ ਹਾਂ ਪਰ ਚਾਹੁੰਦੇ ਹੋਏ ਵੀ ਲੰਘ ਗਏ ਸਮੇਂ ਨੂੰ ਅਸੀਂ ਬਦਲ ਨਹੀਂ ਸਕਦੇ। ਅਤੀਤ ਵਿਚ ਹੋਈਆਂ ਗਲਤੀਆਂ ਅਤੇ ਉਸ ਸਮੇਂ ਰਹਿ ਗਈਆਂ ਘਾਟਾਂ ਤੋਂ ਸਿੱਖਦਿਆਂ ਹੋਇਆਂ ਉਨ੍ਹਾਂ ਦੀ ਪੂਰਤੀ ਕਰਨ ਵਾਸਤੇ ਤਾਂ ਵਰਤਮਾਨ ਵਿਚ ਹੀ ਜਾਗਣਾ ਪਵੇਗਾ।

ਆਧੁਨਿਕ ਦੌਰ ਦੇ ਬਹੁਗਿਣਤੀ ਸੱਤਾਧਾਰੀ ਸਿਆਸਤ ਅੰਦਰ ਵਿਚਰ ਰਹੇ ਆਪਣੇ ਆਪ ਨੂੰ ਧਨੰਤਰ ਸਮਝਣ ਵਾਲੇ ਵੀ ਅਮਲ ਵਲੋਂ ਗਏ-ਗੁਜ਼ਰੇ ਜਾਂ ਅ-ਪੂਰਨ ਮਨੁੱਖ ਲਗਦੇ ਹਨ, ਜਿਨ੍ਹਾਂ ਕੋਲ ਸਮਾਜ ਨੂੰ ਅੱਗੇ ਤੋਰਨ ਵਾਲੀ ਨਾ ਸੂਝ ਹੈ, ਨਾ ਸਮਝ, ਜੇ ਉਨ੍ਹਾਂ ਕੋਲ ਹੈ ਤਾਂ ਬੇਗਾਨੀਆਂ ਵੈਸਾਖੀਆਂ ਦਾ ਆਸਰਾ ਅਤੇ ਜ਼ਮੀਰ ਦਾ ਜੀਊਂਦੇ ਨਾ ਹੋਣਾ। ਇਸ ਕਰਕੇ ਉਹ ਲੋਕਤਾ ਦੇ ਦਰਦ ਨੂੰ ਮਹਿਸੂਸ ਕਰਨ ਦਾ ਕਸ਼ਟ ਨਹੀਂ ਸਹਿੰਦੇ। ਆਮ ਕਰਕੇ ਅਜਿਹੇ ਚਲਣ ਨੂੰ ਇਨਸਾਨੀ ਅਵਗੁਣ ਆਖਿਆ ਜਾ ਸਕਦਾ ਹੈ। ਬੇਗਾਨੀਆਂ ਵੈਸਾਖੀਆਂ ਉਨ੍ਹਾਂ ਲੋਕਾਂ ਦੀ ਚਾਲ ਹੀ ਨਹੀਂ ਸਗੋਂ ਚਾਲ-ਚਲਣ ਵੀ ਵਿਗਾੜ ਦਿੰਦੀਆਂ ਹਨ। ਕੁੱਲ ਆਲਮ ਉਨ੍ਹਾਂ ਦੀ ਪੱਤ ਚੌਰਾਹੇ ਰੁਲਦੀ ਵੇਖਦਾ ਹੈ। ਬੇਗਾਨੇ ਵਿਹੜੇ ਨੱਚਣ ਦਾ ਇਹੋ ਸਿੱਟਾ ਹੁੰਦਾ ਹੈ। ਅਜਿਹੇ ਉੱਚੇ ਰੁਤਬਿਆਂ ਵਾਲੇ ਲੋਕਾਂ ਕੋਲ ਆਪਣੇ ਪਿੱਛੇ ਛੱਡਣ ਵਾਸਤੇ ਪਛਤਾਵੇ ਤੋਂ ਬਿਨਾਂ ਹੋਰ ਕੁੱਝ ਵੀ ਨਹੀਂ ਹੁੰਦਾ। ਬਹੁਤ ਵਾਰ ਉਨ੍ਹਾਂ ਦੀ ਔਲਾਦ ਬੇ-ਕਸੂਰ ਹੁੰਦੇ ਹੋਏ ਵੀ ਆਪਣੇ ਵਡੇਰਿਆਂ ਦੀਆਂ ਕਿਸੇ ਵੀ ਤਰ੍ਹਾਂ ਦੇ ਲੋਭ/ਲਾਲਚ ਅਧੀਨ ਕੀਤੀਆਂ ਗਲਤੀਆਂ ਜਾਂ ਮੂਰਖਤਾਵਾਂ ਦੀ ਸਜ਼ਾ ਭੁਗਤਦੇ ਹਨ। ਇਹ ਅੱਜ ਹੀ ਨਹੀਂ ਹੋ ਰਿਹਾ ਬੀਤੇ ਸਮੇਂ ਦਾ ਇਤਿਹਾਸ ਵੀ ਅਜਿਹੇ ਲੋਕਾਂ ਦੀ ਗਵਾਹੀ ਭਰਦਾ ਹੈ। ਅਜਿਹੇ ਲੋਕਾਂ ਨੂੰ ਉਸ ਸਮੇਂ ਦੇ ਜ਼ਾਲਮ ਪਰ ਨਖਿੱਧ ਹਾਕਮ ਜਾਂ ਇਤਿਹਾਸ ਦੇ ਕਾਲੇ ਧੱਬੇ ਕਹਿ ਕੇ ਵੀ ਯਾਦ ਕੀਤਾ ਜਾਂਦਾ ਹੈ। ਪਰ ਇਹੋ ਜਹੇ ਲੋਕ ਹਮੇਸ਼ਾ ਹੀ ਸਮਾਜ ਅੰਦਰ ਰਹੇ ਹਨ, ਅਤੇ ਆਧੁਨਿਕ ਯੁੱਗ ਵੀ ਇਸ ਦੀ ਭੈੜੀ ਮਿਸਾਲ ਬਣਕੇ ਹੀ ਵਿਚਰ ਰਿਹਾ ਹੈ। ਜਿਸ ਯੁੱਗ ਨੂੰ ਅੱਜ ਅਸੀਂ ਡਿਜੀਟਲ ਯੁੱਗ ਆਖ ਰਹੇ ਹਾਂ ਇਹ ਸਿਰਫ ਲੁੱਟ ਅਧਾਰਤ ਸਮਾਂ ਹੀ ਨਹੀਂ ਸਗੋਂ ਮਨੁੱਖ ਨੂੰ ਸਾਹ-ਸਤ ਹੀਣ ਅਤੇ ਉਸ ਦੀ ਕਦਰ ਘਟਾਈ ਕਰਦਿਆ ਉਸ ਵਿਚੋਂ ਮਨੁੱਖ ਹੋਣ ਦਾ ਮਾਣ-ਸਨਮਾਨ ਵੀ ਮਨਫੀ ਕਰ ਰਿਹਾ ਹੈ। ਇਸ ਬਾਰੇ ਸਭ ਨੂੰ ਰਲਕੇ ਸਾਂਝੇ ਤੌਰ ‘ਤੇ ਸੋਚਣਾ ਅਤੇ ਇਸਦਾ ਚਿੰਤਨ-ਮੰਥਨ ਕਰਨਾ ਪਵੇਗਾ – ਨਹੀਂ ਤਾਂ ਇਹ ਦੁਨੀਆਂ ਅੰਦਰ ਬਹੁਤ ਸਾਰੇ ਵਿਗਾੜ (ਇਨਸਾਨੀਅਤ ਦੇ ਦੁਸ਼ਮਣਾਂ ਵਰਗੇ ਵਾਇਰਸ) ਪੈਦਾ ਕਰ ਦੇਵੇਗਾ। ਜਿਸ ਦੇ ਸਿੱਟੇ ਵਜੋਂ ਸਾਡੇ ਕੋਲ ਪਛਤਾਵੇ ਤੋਂ ਬਿਨਾਂ ਹੋਰ ਕੁੱਝ ਵੀ ਨਹੀਂ ਬਚਣਾ। ਇਸ ਬਾਰੇ ਸਾਡੇ ਦਾਨਿਸ਼ਵਰਾਂ/ਬੁੱਧੀਜੀਵੀਆਂ ਨੂੰ ਫੌਰੀ ਤੌਰ ‘ਤੇ ਬਹੁਤ ਸੁਚੇਤ ਹੋਣ ਦੀ ਤੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਜਿਸ ਨਾਲ ਮਨੁੱਖਤਾ ਵਿਰੋਧੀ ਅਜਿਹੇ ਵਾਇਰਸ ਦੇ ਡੰਗ ਵਿਚਲੀ ਜ਼ਹਿਰ ਤੋਂ ਲੋਕਾਂ ਨੂੰ ਬਚਾਉਣ ਦੇ ਸਾਰਥਕ ਢੰਗ-ਤਰੀਕੇ ਲੱਭੇ ਜਾ ਸਕਣ— ਅੱਜ ਇਸ ਤੋਂ ਵੱਡੀ ਮਨੁੱਖਤਾ ਦੀ ਹੋਰ ਕੋਈ ਸੇਵਾ ਨਹੀਂ ਹੋ ਸਕਦੀ। ਪੰਜ ਜੀ (5 G) ਵਾਲੀ ਬਹਿਸ ਨੂੰ ਨੇੜਿਉਂ ਦੇਖਣ ਵਾਲੇ ਇਸ ਬਾਰੇ ਵੱਧ ਦੱਸ ਸਕਦੇ ਹਨ। ਇਹ ਮਨੁੱਖੀ ਹੋਂਦ ਲਈ ਹੀ ਖਤਰਾ ਨਾ ਬਣ ਜਾਵੇ ਇਸ ਕਰਕੇ ਇਸ ਬਾਰੇ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ। ਸਭ ਤੋਂ ਪਹਿਲਾਂ ਜੀਵਨ ਦੀ ਰੱਖਿਆ ਕਰਨਾ ਹੀ ਸਭ ਦਾ ਫ਼ਰਜ਼ ਹੋਣਾ ਚਾਹੀਦਾ ਹੈ।

ਵਰਤਮਾਨ ਅੰਦਰ ਵਿਚਰਦਾ ਮਨੁੱਖ ਹਮੇਸ਼ਾ ਹੀ ਅਤੀਤ ਦੇ ਅਕਸ ਤੋਂ ਸਿੱਖਣ ਅਤੇ ਰਹਿ ਗਈਆਂ ਘਾਟਾਂ ਨੂੰ ਸੁਧਾਰਨ ਦਾ ਜਜ਼ਬਾ/ਅਹਿਦ ਲੈ ਕੇ ਚੱਲਦਾ ਹੈ। ਇਸ ਵਾਸਤੇ ਜਰੂਰੀ ਹੁੰਦਾ ਹੈ ਕਿ ਸਮਾਜ ਦੀ ਅਗਵਾਈ ਕਰਨ ਵਾਲੇ ਆਗੂ ਸਹਿਣਸ਼ੀਲ ਵੀ ਹੋਣ, ਦੂਰਅੰਦੇਸ਼ ਵੀ ਹੋਣ ਅਤੇ ਲੋਕ ਪੀੜਾ ਦੇ ਅਰਥ ਵੀ ਸਮਝਦੇ ਹੋਣ। ਪਰ ਜਿਹੜੇ ਆਗੂ ਲੋਕ ਰਾਜੀ ਵਿਵਸਥਾ ਦੇ ਹੁੰਦਿਆਂ ਲੋਕਾਂ ਨੂੰ ਨਿਗੂਣੇ ਬਣਾਉਣ ਦਾ ਜਤਨ ਕਰਨ ਵਾਲੇ ਸੁਭਾਅ ਦੇ ਮਾਲਕ ਹੋਣ (ਮੈਂ, ਮੈਂ, ਮੈਂ) ਜਾਂ ਕਹਿ-ਕੁਹਾ ਕੇ ਆਪਣੇ ਬਾਰੇ ਬਣਾਈਆਂ ਗਲਤ ਧਾਰਨਾਵਾਂ (ਜਿਨਾਂ ਨੂੰ ਪੜ੍ਹੇ/ਲਿਖੇ ਲੋਕ ਪਰਸੈਪਸ਼ਨਜ਼ ਕਹਿੰਦੇ ਹਨ) ਵਾਲੇ ਭਰਮ ਦੇ ਸ਼ਿਕਾਰ ਹੋ ਜਾਣ ਉਹ ਸਮਾਜ ਲਈ ਹਰ ਵੇਲੇ ਖਤਰਾ ਬਣੇ ਰਹਿੰਦੇ ਹਨ। ਅਜਿਹੇ ਸ਼ਾਸਕਾਂ ਨੇ ਭੂਤਕਾਲ ਅੰਦਰ ਵੀ ਵੱਖੋ ਵੱਖ ਦੇਸ਼ਾਂ ਅੰਦਰ ਤਾਨਾਸ਼ਾਹੀਆਂ ਨੂੰ ਜਨਮ ਦਿੱਤਾ ਅਤੇ ਇਨਸਾਨੀਅਤ ਦਾ ਘਾਣ ਕੀਤਾ। ਅੱਜ ਦੇ ਯੁੱਗ ਅੰਦਰ ਕਿਸੇ ਵੀ ਇਤਿਹਾਸਕ ਦੁਖਾਂਤ ਨੂੰ ਮੁੜ ਦੁਹਰਾਏ ਜਾਣ ਦੀ ਖਾਹਿਸ਼ ਰੱਖਣ ਵਾਲੇ ਵੀ ਹਨ ਜੋ ਸ਼ਾਇਦ ਕਦੇ ਵੀ ਕਾਮਯਾਬ ਨਾ ਹੋਣ। ਆਪਣੇ ਆਪ ਦੀ ਆਪ ਹੀ ਪਿੱਠ ਥਾਪੜ ਕੇ ਆਪ ਨੂੰ “ਮਹਾਨਤਮ” ਸਾਬਿਤ ਕਰਨ ਵਾਲੇ ਭੁਲੇਖਾਵਾਦੀ ਜਾਂ ਜ਼ਿਹਨੀ ਮਰੀਜ਼ ਤਾਂ ਹੋ ਸਕਦੇ ਹਨ, ਪਰ ਉਨ੍ਹਾਂ ਨੂੰ ਚੰਗੇ ਸ਼ਾਸਕ ਜਾਂ “ਲੋਕ ਆਗੂ” ਨਹੀਂ ਕਿਹਾ ਜਾ ਸਕਦਾ। ਇਹੋ ਜਹੇ ਮਾਨਸਿਕ ਰੋਗ ਅੰਦਰ ਗ੍ਰਸਤ ਆਗੂਆਂ ਦੇ ਗੜਵਈ ਜਾਂ ਅੰਧ-ਭਗਤ ਅਜਿਹੇ ਨਖਿੱਧ ਖਾਸ ਕਰਕੇ ਸਿਆਸਤਦਾਨਾਂ ਨੂੰ ਸੰਸਾਰ ਪ੍ਰਸਿੱਧ ਆਗੂ ਵੀ ਐਲਾਨ ਦਿੰਦੇ ਹਨ। ਯਾਦ ਰੱਖਣ ਯੋਗ ਸਬਕ ਇਹ ਹੀ ਹੈ ਕਿ ਅਜਿਹੇ ਲੋਕ ਪਹਿਲਾਂ ਵੀ ਇਤਿਹਾਸ ਦੇ ਕਾਲੇ ਧੱਬੇ ਬਣੇ ਹਨ। ਇਨ੍ਹਾਂ ਮਨਹੂਸ ਕਾਲੇ ਧੱਬਿਆਂ ਨੂੰ ਧੋਣਾ ਵੀ ਏਨਾ ਸੌਖਾ ਨਹੀਂ ਹੁੰਦਾ। ਅਜੇ ਤੱਕ ਕੋਈ ਕਾਸਟਕ ਸੋਢਾ ਅਜਿਹਾ ਨਹੀਂ ਬਣਿਆ ਜੋ ਇਨ੍ਹਾਂ ਦੇ ਲਾਏ ਦਾਗਾਂ ਨੂੰ ਮਿਟਾ ਸਕੇ। ਇਨ੍ਹਾਂ ਵਲੋਂ ਮਨੁੱਖਤਾ ਵਿਰੋਧੀ ਕੀਤੇ ਕਾਰਜਾਂ ਬਾਰੇ ਪੜ੍ਹਦਿਆਂ ਸੁਣਦਿਆਂ ਤਾਂ ਬੰਦੇ ਦੇ ਮਨ ਵਿਚ ਅਜਿਹੇ ਨਾਮੁਰਾਦਾਂ ਪ੍ਰਤੀ ਨਫਰਤ ਹੀ ਪੈਦਾ ਹੁੰਦੀ ਹੈ। ਸੁਚੇਤ ਮਨੁੱਖ ਤਾਂ ਇਥੋਂ ਸਿਖਿਆ ਲੈ ਕੇ ਚੰਗੇ ਕਾਰਜ ਕਰਨ ਵੱਲ ਸਰਗਰਮ ਹੁੰਦਾ ਹੈ ਤਾ ਜੋ ਸਮਾਜ ਦਾ ਮੂੰਹ/ਮੱਥਾ ਸੰਵਾਰਿਆ ਜਾ ਸਕੇ।

ਇਤਿਹਾਸ ਅੰਦਰਲੇ ਮੁਹੰਮਦ ਤੁਗਲਕ (ਜੀਹਨੂੰ ਮੂਰਖ ਰਾਜਾ ਗਿਣਿਆਂ ਜਾਂਦਾ ਹੈ) ਨੂੰ ਇਕੀਵੀਂ ਸਦੀ ਦੇ ਜਾਗ੍ਰਤਿ ਲੋਕ ਕਿਸੇ ਵੀ ਨਾਮ ਨਾਲ ਕਬੂਲ ਨਹੀਂ ਕਰਨ ਲੱਗੇ। ਅੱਜ ਦੀ ਆਧੁਨਿਕਤਾ ਨੂੰ ਪਿਛਲਖੁਰੀ ਨਹੀਂ ਤੋਰਿਆ ਜਾ ਸਕਦਾ। ਵਿਗਿਆਨ ਦੇ ਯੁੱਗ ਅੰਦਰ ਪੱਥਰਯੁੱਗ ਦਾ “ਤੰਤਰਿਕੀ” ਵਿਧਾਨ ਨਹੀਂ ਚੱਲ ਸਕਦਾ। ਅੱਜ ਦੇ ਸਮੇਂ ਵਿਕਸਤ ਹੋਈ ਤਕਨੀਕ ਦੇ ਆਸਰੇ ਰੇਗਿਸਤਾਨ ਅੰਦਰ ਹਰਿਆਲੀ ਪੈਦਾ ਕੀਤੀ ਜਾ ਸਕਦੀ ਹੈ, ਪਰ ਜਿਹੜੇ ਲੋਕ ਤੁਗਲਕੀ ਫਾਰਮੂਲਾ ਵਰਤ ਕੇ ਹਰਿਆਲੀ ਨੂੰ ਰੇਗਿਸਤਾਨ ਬਨਾਉਣਾ ਲੋਚਦੇ ਹੋਣ, ਉਨ੍ਹਾਂ ਦੀ ਖਾਹਿਸ਼ ਪੂਰੀ ਨਹੀਂ ਹੋ ਸਕਦੀ। ਇਹ ਲੋਕ ਮੱਤ ਦੇ ਉਲਟ ਹੈ, ਅੱਖੀਂ ਦੇਖਕੇ ਖੂਹ ਵਿਚ ਛਾਲ ਕੌਣ ਮਾਰਨਾ ਚਾਹੇਗਾ? ਘੜੀ ਦੀਆਂ ਸੂਈਆਂ ਹਮੇਸ਼ਾ ਅੱਗੇ ਵੱਲ ਤੁਰਦੀਆਂ ਹਨ, ਸਮਾਂ ਕਦੇ ਵੀ ਪਿੱਛੇ ਵੱਲ ਨਹੀਂ ਮੁੜਦਾ/ਝਾਕਦਾ। ਲੱਖ ਮੁਸ਼ਕਿਲਾਂ ਦੇ ਬਾਵਜੂਦ ਇਨਸਾਨ ਹਮੇਸ਼ਾਂ ਅਗਲੀਆਂ ਮੰਜ਼ਿਲਾਂ ਸਰ ਕਰਦਾ ਆਇਆ ਹੈ। ਕਮਜ਼ੋਰ ਲੋਕ ਹਮੇਸ਼ਾ ਪਿਛਾਂਹ ਦੇਖਣ ਦੇ ਆਦੀ ਹੁੰਦੇ ਹਨ, ਇਸ ਦੇ ਮਨੋਵਿਗਿਆਨਕ ਕਾਰਨ ਹੁੰਦੇ ਹਨ ਕਿ ਉਹ ਸਾਹਸ ਵਿਹੂਣੇ, ਹਿੰਮਤ ਤੋਂ ਸੱਖਣੇ ਅਤੀਤ ਵਿਚ ਹਾਰਾਂ ਹੰਢਾਉਣ ਦੇ ਆਦੀ ਹੋਏ ਸਮਾਜ ਦੇ ਲੋਕ ਹੁੰਦੇ ਹਨ। ਸ਼ਾਇਦ ਉਨ੍ਹਾਂ ਦੇ ਖੂਨ ਵਿਚ ਹੀ ਅਜਿਹਾ ਕੁੱਝ ਹੁੰਦਾ ਹੈ ਜਾਂ ਉਨ੍ਹਾਂ ਦੇ ਖੂਨ ਅੰਦਰ ਅਜਿਹੇ ਜੀਨਜ਼ (ਕਣ) ਮੌਜੂਦ ਹੁੰਦੇ ਹਨ ਕਿ ਉਹ ਚੰਗਾ ਸੋਚਣ ਦੇ ਯੋਗ ਹੀ ਨਹੀਂ ਰਹਿੰਦੇ। ਉਹ ਤਬਾਹੀ ਨੂੰ ਵੀ ਉਸਾਰੀ ਦੱਸ ਕੇ ਪ੍ਰਚਾਰ ਕਰਦੇ ਹਨ। ਅਜਿਹੀ ਸੋਚ ਦੇ ਮਾਲਕ ਵਿਨਾਸ਼ ਨੂੰ ਵਿਕਾਸ ਦੱਸਦੇ ਹੋਏ ਵੀ ਸ਼ਰਮਿੰਦੇ ਬਿਲਕੁੱਲ ਨਹੀਂ ਹੁੰਦੇ। ਆਮ ਲੋਕ ਹੀ ਅਜਿਹਾ ਸੁਣ ਕੇ ਸ਼ਰਮਿੰਦੇ ਅਤੇ ਹੈਰਾਨ ਹੁੰਦੇ ਹਨ।

ਕਿਸੇ ਵੀ ਮਸਲੇ ਤੇ ਮੁਸ਼ਕਿਲ ਦਾ ਹੱਲ ਦੂਰਅੰਦੇਸ਼ੀ ਸੋਚ ਦੇ ਆਸਰੇ ਹੀ ਹੋ ਸਕਦਾ ਹੈ। ਸ਼ਰਤ ਇਹ ਹੈ ਕਿ ਉਹ ਲੋਕਰਾਜੀ ਪ੍ਰਥਾ ਅਤੇ ਇਨਸਾਫਪਸੰਦੀ ‘ਤੇ ਅਧਾਰਤ ਹੋਵੇ। ਲੋਕਾਂ ਨੂੰ ਰਾਹਤ ਦੇਣਾ, ਲੋਕਾਂ ਅੰਦਰ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਨਾ ਉਸਦਾ ਮਕਸਦ ਹੋਵੇ। ਸਮਾਜ ਅੰਦਰ ਵਿਗਿਆਨਕਤਾ ਦਾ ਪ੍ਰਚਾਰ ਆਉਣ ਵਾਲੀਆਂ ਪੀੜ੍ਹੀਆਂ/ਨਸਲਾਂ ਵਾਸਤੇ ਭਵਿੱਖੀ ਵਿਕਾਸ ਦਾ ਨਕਸ਼ਾ (ਰੋਡਮੈਪ) ਬਣਦਾ ਹੋਵੇ, ਇਸ ਨਾਲ ਹੀ ਭਵਿੱਖ ਦੇ ਉਜਲਾ ਹੋਣ ਦੀ ਆਸ ਕੀਤੀ ਜਾ ਸਕਦੀ ਹੈ। ਅਜੋਕੇ ਸਮਿਆਂ ਵਿਚ ਵੀ “ਨਿੰਬੂ-ਮਿਰਚੀ ਕਲਚਰ” ਦੇ ਨਵ-ਨਿਰਮਾਣ ਆਸਰੇ ਸਮਾਜ ਨੂੰ ਪਿੱਛੇ ਧੱਕਣ ਦੇ ਨਖਿੱਧ ਜਤਨ ਕਰਨ ਵਾਲੇ, ਅੰਧਵਿਸ਼ਵਾਸ ਫੈਲਾਉਣ ਵਾਲੇ ਆਗੂ ਸਮੇਂ ਦੇ ਹਾਣੀ ਨਹੀਂ ਹੋ ਸਕਦੇ। ਕਈ ਅਜਿਹੇ ਤਾਂ ਪਸ਼ੂਆਂ ਦੇ ਮੂਤਰ ਤੇ ਗੋਹੇ ਵਿਚੋਂ ਹੀ ਵਧੀਆ ਪਰਫਿਊਮ/ਜੀਹਨੂੰ ਆਪਾਂ ਪੰਜਾਬੀ ਵਾਲੇ ਅਤਰ ਫੁਲੇਲ ਕਹਿੰਦੇ ਹਾਂ ਉਹਦੇ ਵਰਗੀ ਸੁਗੰਧੀ ਆਉਂਦੀ ਦੱਸਦੇ ਹਨ ਅਸੀਂ ਤਾਂ ਪਸ਼ੂਆਂ ਦੇ ਗੋਹੇ ਦਾ ਫਸਲਾਂ ਵਿਚ ਪਾਉਣ ਵਾਸਤੇ ਢੇਰ /ਰੇਹ ਜਾਂ ਦੇਸੀ ਔਰਗੈਨਿਕ ਖਾਦ ਹੀ ਸੁਣਦੇ ਆਏ ਹਾਂ। ਅਜਿਹੇ ਨਖਿੱਧ ਕਾਰਜ ਕਰਨ ਵਾਲਿਆਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਉਹ ਇਕੀਵੀਂ ਸਦੀ ਵਿਚ ਰਹਿ ਰਹੇ ਹਨ – ਪਰ ਦੇਖ ਹਜ਼ਾਰਾਂ ਸਾਲ ਪਿੱਛੇ ਰਹੇ ਹਨ। ਉਸ ਸਮੇਂ ਵੱਲ ਜਿਸ ਅੰਦਰ ਹਰ ਤਰ੍ਹਾਂ ਦੀਆਂ ਬੇ-ਨਿਯਮੀਆਂ, ਵਿਤਕਰਿਆਂ, ਬੇ-ਇਨਸਾਫੀਆਂ ਅਤੇ ਮਨੁੱਖਾਂ ਅੰਦਰ ਜਨਮ-ਜਾਤ ਤੋਂ ਛੋਟੇ-ਵੱਡੇ ਕਹਿ ਕੇ ਪਾੜੇ ਪਾਉਣ ਦੇ ਅਤਿ ਨਿੰਦਣਯੋਗ ਕਾਰੇ ਹੁੰਦੇ ਰਹੇ। ਉਨ੍ਹਾਂ ਸਮਿਆਂ ਵਿਚ ਤਾਂ ਇਸੇ ਨੂੰ ਪੈਮਾਨਾ ਸਮਝ ਕੇ ਮਹਾਂਰਿਸ਼ੀ ਸ਼ੰਭੂਕ ਵਰਗਿਆਂ ਦੇ ਅਣਗਿਣਤ ਕਤਲ ਹੁੰਦੇ ਰਹੇ ਹਨ। ਇਨਸਾਨ ਨੂੰ ਇਨਸਾਨ ਸਮਝਣ ਤੋਂ ਇਨਕਾਰ ਕੀਤਾ ਜਾਂਦਾ ਰਿਹਾ, ਤਰਸ ਹੀ ਕੀਤਾ ਜਾ ਸਕਦਾ ਜਾਂ ਲਾਅਣਤ ਪਾਈ ਜਾ ਸਕਦੀ ਹੈ, ਐਹੋ ਜਹੇ ਸਮੇਂ ਉੱਤੇ ਅਤੇ ਉਸ ਸਮੇਂ ਨੂੰ ਸੁਨਿਹਰਾ ਯੁੱਗ ਕਹਿਣ ਵਾਲਿਆਂ ਉੱਤੇ। ਇਹੋ ਜਹੇ ਮੂਰਖਮੱਤੇ ਵਰਤਾਰਿਆਂ ਨਾਲ ਜੁੜਨ ਵਾਲੇ ਕਿਹੋ ਜਹੀ ਮਾਨਸਿਕਤਾ ਦੇ “ਲੋਕ`“ ਹੋ ਸਕਦੇ ਹਨ? ਜਾਂ ਫੇਰ ਇਨ੍ਹਾਂ ਨੂੰ “ਸਮੇਂ ਦੇ ਸਰਾਪੇ ਹੋਏ ਜੀਊੜੇ” ਕਿਹਾ ਜਾ ਸਕਦਾ ਹੈ। ਕੀ ਅਜਿਹੇ “ਮਨੁੱਖਾਂ” ਦੀ ਖੋਪਰੀ ਅੰਦਰ ਦਿਮਾਗ ਵੀ ਹੁੰਦਾ ਹੋਵੇਗਾ? ਇਹ ਸੋਚਣਾ ਤਾਂ ਬਣਦਾ ਹੀ ਹੈ। ਸੱਚਮੁੱਚ ਜਰੂਰ ਸੋਚਣਾ ਪਵੇਗਾ।

ਮਨੁੱਖੀ ਭਾਈਚਾਰੇ ਨੂੰ ਜੋੜਨ ਵਾਲੀ ਤੰਦ ਭਾਵ ਖਿਲਰੇ ਮਣਕਿਆਂ ਨੂੰ ਮਾਲ਼ਾ ਬਨਾਉਣ ਵਾਲੀ ਡੋਰ ਤਾਂ ਪ੍ਰੇਮ ਅਤੇ ਸਾਂਝ ਹੈ। ਗੁਰਬਾਣੀ ਵਿਚ ਇਨਸਾਨ ਨੂੰ ਦਿੱਤੀ ਗਈ ਮੱਤ ਦਰਜ ਹੈ “ਜਿਨੁ ਪ੍ਰੇਮ ਕੀਆ ਤਿਨੁ ਹੀ ਪ੍ਰਭੁ ਪਾਇਆ” ਅਤੇ ਸੰਸਾਰ ਨੂੰ ਜਿੱਤਣ ਵਾਸਤੇ ਇਨਸਾਨ ਨੇ ਇਸ ਵਾਸਤੇ ਹੀਲਾ ਕਿੱਥੋਂ ਸ਼ੁਰੂ ਕਰਨਾ ਹੈ ਇਹਦੇ ਬਾਰੇ “ਮਨੁ ਜੀਤੈ ਜਗੁ ਜੀਤ” ਦਾ ਆਦੇਸ਼ ਦਿੱਤਾ ਗਿਆ ਹੈ। ਜੇ ਸਮਾਜ ਅੰਦਰੋਂ ਭਾਈਚਾਰਕ ਸਾਂਝ ਹੀ ਖਤਮ ਹੋ ਗਈ, ਜੇ ਇਕ ਦੂਜੇ ਦੇ ਔਖੇ ਵੇਲੇ ਕਿਸੇ ਦੂਜੇ ਦਾ ਦਰਦ ਮਹਿਸੂਸ ਕਰਨਾ ਹੀ ਛੱਡ ਦਿੱਤਾ ਤਾਂ ਮਨੁੱਖੀ ਹੋਂਦ ਕਿਸ ਕੰਮ? ਅਜਿਹੇ ਸਮੇਂ ਸੰਵੇਦਨਸ਼ੀਲ ਮਨੁੱਖ ਦੂਜੇ ਦੇ ਦੁੱਖ-ਦਰਦ ਦਾ ਦਾਰੂ ਬਣਨਾ ਲੋਚਦਾ ਹੈ। ਇਸ ਤਰ੍ਹਾਂ ਸਮਾਂ ਹੀ ਸੁਖਾਲਾ ਹੋ ਕੇ ਅੱਗੇ ਨਹੀਂ ਤੁਰਦਾ ਸਗੋਂ ਮਨੁੱਖ ਇਕ ਦੂਜੇ ਦੇ ਆਸਰੇ ਬਹੁਤ ਕੁੱਝ ਸਿੱਖਦਾ ਤੇ ਸਿਆਣਾ ਹੋਣ ਦੇ ਰਾਹੇ ਪੈਂਦਾ ਹੈ। ਇੱਥੋਂ ਹੀ ਸੱਭਿਆਤਾਵਾਂ ਦਾ ਸੁਮੇਲ ਤੇ ਵਿਕਾਸ ਹੁੰਦਾ ਹੈ। ਇੱਥੋਂ ਹੀ ਸੈਮੂਅਲ ਹਟਿੰਗਟਨ ਦਾ “ਸੱਭਿਆਤਾਵਾਂ ਦੇ ਭੇੜ” ਵਾਲਾ ਨਖਿੱਧ ਵਿਚਾਰ ਝੂਠਾ ਸਾਬਤ ਹੁੰਦਾ ਹੈ, ਕਿਉਂਕਿ ਸੱਭਿਆਤਾਵਾਂ ਦਾ ਵਿਕਾਸ ਸਾਂਝ ਦੇ ਅਧਾਰ ‘ਤੇ ਲਗਾਤਾਰ ਪਣਪਿਆ ਜੋ ਅਜੇ ਵੀ ਜਾਰੀ ਹੈ। ਇੱਥੇ ਹੋਰ ਵੀ ਮੂਰਖਮੱਤੇ ਵਿਚਾਰ ਜੰਮਦੇ ਰਹੇ ਜਦੋਂ ਫੂਕੋਜਾਮਾ ਵਰਗਾ “ਇਤਹਾਸ ਦੇ ਅੰਤ” ਦੀ ਟਿੰਡ ਖੜਕਾਣੀ ਸ਼ੁਰੂ ਕਰਦਾ ਹੈ। ਆਧੁਨਿਕ ਹੋਣ ਦਾ ਅਰਥ ਬੇ-ਸਿਰ ਪੈਰ ਕਮਲ਼ ਕੁੱਟਣਾ ਨਹੀਂ ਹੁੰਦਾ ਸਗੋਂ ਜ਼ਿੰਦਗੀ ਦੇ ਯਥਾਰਥ ਨੂੰ ਪਹਿਚਾਣ ਕੇ ਮਨੁੱਖਤਾ ਦੀ ਹਰ ਪੱਖੋਂ ਤਕੜੇ ਹੋ ਕੇ ਪਹਿਰੇਦਾਰੀ ਕਰਨਾ ਵੀ ਹੁੰਦਾ ਹੈ। ਸਮਾਜਿਕ ਵਿਕਾਸ ਵਿਚੋਂ ਹੀ ਬੌਧਿਕ ਵਿਕਾਸ ਦੀਆਂ ਪੈੜਾਂ ਉੱਘੜਦੀਆਂ ਹਨ, ਇਸੇ ਬੌਧਿਕਤਾ ਦੇ ਆਸਰੇ ਸੰਸਾਰ ਦੇ ਹਰ ਪੱਖੋਂ ਨੈਣ-ਨਕਸ਼ ਬਦਲਣ ਦੀ ਨਿਸ਼ਾਨਦੇਹੀ ਕਰਦਿਆਂ ਉਸ ਉੱਤੇ ਅਮਲ ਕਰਨ ਬਾਰੇ ਹੌਸਲੇ ਨਾਲ ਅੱਗੇ ਵਧਿਆ ਜਾਂਦਾ ਹੈ। ਸੰਸਾਰ ਦੇ ਸਮਾਜਿਕ ਵਿਕਾਸ ਦਾ ਇਹੋ ਰਾਹ ਵੀ ਹੈ ਤੇ ਸੱਚ ਵੀ। ਇਹ ਕੁੱਝ ਦੇਖਣ, ਪਰਖਣ ਵਾਲੀਆਂ ਅੱਖਾਂ ਤੇ ਸੋਚ ਪਤਾ ਨਹੀਂ ਇਹ ਅਖੌਤੀ ਵਿਦਵਾਨ ਕਿੱਥੇ ਗੁਆ ਆਏ ਹਨ? ਇਹੋ ਜਿਹਾਂ ਦਾ ਝੂਠਾ ਢੋਲ ਪਿੱਟਣ ਵਾਲੇ ਸ਼ਰਮ ਵੀ ਮਹਿਸੂਸ ਨਹੀਂ ਕਰਦੇ।

ਇਹ ਬਹੁਤ ਔਖਾ ਸਮਾਂ ਹੈ ਕਿਉਂਕਿ ਵੱਡੀਆਂ ਹਕੂਮਤਾਂ ਅਤੇ ਫੈਸਲਾਕੁਨ ਅਹੁਦਿਆਂ ‘ਤੇ “ਸਰਬਰਾਹ” ਬਣ ਕੇ ਬੈਠੇ ਬੌਣੀ ਸੋਚ ਵਾਲੇ ਆਪਣੇ ਕੱਦ ਢਲਦੀ ਦੁਪੈਹਰ ਵਾਲੇ ਪ੍ਰਛਾਂਵਿਆਂ ਨਾਲ ਮਿਣਦੇ ਹਨ ਅਤੇ ਆਪਣੇ “ਹੋਣ” ਤੇ “ਹੋਣੀ” ਦਾ ਗੈਰ-ਜ਼ਰੂਰੀ ਦਾਅਵਾ ਕਰਦੇ ਹਨ। ਇਸ ਪੱਖੋਂ ਉਹ ਕਦੇ ਵੀ ਸਹੀ ਨਹੀਂ ਹੋ ਸਕਦੇ, ਹਾਂ ! ਉਹ ਇਹਦੇ ਨਾਲ ਕੁੱਝ ਸਮੇਂ ਵਾਸਤੇ ਦਿਲ ਪਰਚਾ ਸਕਦੇ ਹਨ, ਪਰ ਸੂਰਜ ਡੁੱਬਣ ਬਾਅਦ ਪ੍ਰਛਾਵਾਂ ਨਜ਼ਰ ਨਹੀਂ ਆਉਂਦਾ ਉਦੋਂ ਕੀ ਕਰਨਗੇ? ਅਜਿਹੇ ਲੋਕ ਝੂਠ ਦੇ ਘੋੜੇ `ਤੇ ਅਸਵਾਰ ਹੋ ਕੇ ਗੱਤੇ ਦੀਆਂ ਨਕਲੀ ਤਲਵਾਰਾਂ ਨਾਲ ਲੜਨ ਦਾ ਨਾਟਕ ਕਰਨ ਵਾਲੇ ਬਦਨਾਮੀ ਤੋਂ ਬਿਨਾਂ ਹੋਰ ਕੁੱਝ ਪ੍ਰਾਪਤ ਹੀ ਨਹੀਂ ਕਰ ਸਕਦੇ। ਇਸ ਰਾਹੇ ਤੁਰਨ ਵਾਲੇ ਤਾਬੜਤੋੜ ਜਤਨਾਂ ਦੇ ਬਾਵਜੂਦ ਵੀ ਸੱਚ ਦੇ ਵਿਹੜੇ ਨਹੀਂ ਪਹੁੰਚ ਸਕਦੇ। ਜਿਨ੍ਹਾਂ ਨੂੰ ਸਬੂਤਾਂ ਦੀ ਲੋੜ ਹੋਵੇ ਉਹ ਇਤਿਹਾਸ ਦੇ ਪੰਨੇ ਪਲਟ ਕੇ ਦੇਖ ਲੈਣ। ਉੱਥੇ ਅਜਿਹੇ ਨਖਿੱਧ ਲੋਕਾਂ ਦੇ ਨਾਮ ਦਰਜ ਹਨ ਜਿਨ੍ਹਾਂ ਨੇ ਦੂਜਿਆਂ ਦੀ ਸੋਚ ਅੰਦਰ ਹਨੇਰ ਦੇ ਪਸਾਰੇ ਵਰਗੇ ਕੁਕਰਮ ਹੀ ਕੀਤੇ ਹੀ ਲੱਭਣਗੇ।

ਠੀਕ ਦਿਸ਼ਾ ਵੱਲ ਜਾਣ ਦਾ ਇਰਾਦਾ ਰੱਖਣ ਵਾਲਿਆਂ ਨੂੰ ਆਪਣੀ ਦਸ਼ਾ, ਦਿਸ਼ਾ, ਸੀਮਾਂ ਤੇ ਸਮਰੱਥਾ ਦਾ ਗਿਆਨ ਹੋਣਾ ਚਾਹੀਦਾ ਹੈ, ਸਮੇਂ ਨੂੰ ਉਂਗਲ ਲਾਉਣ ਦੀ ਹਿੰਮਤ ਅਤੇ ਹੌਸਲਾ ਹਰ ਔਕੜ ਦਾ ਰੁਖ ਬਦਲ ਸਕਦਾ ਹੈ। ਅਜੋਕੇ ਸਮੇਂ ਅੰਦਰ ਪੰਜਾਬੀ ਕੌਮ ਦੇ ਨਵ-ਨਿਰਮਾਣ ਦਾ ਸਵਾਲ ਉੱਚਾ ਕਰਨਾ ਜਰੂਰੀ ਵੀ ਹੈ ਤੇ ਹੋ ਵੀ ਰਿਹਾ ਹੈ। ਸਦੀਆਂ ਤੋਂ ਅਸੀਂ “ਸਭੈ ਸਾਂਝੀਵਾਲ ਸਦਾਇਣ..” ਦੇ ਝੰਡਾ ਬਰਦਾਰ ਬਣਕੇ ਆਪਣੀ ਹੋਂਦ ਤੇ ਹੋਣੀ ਦਾ ਪ੍ਰਗਟਾ ਕਰ ਰਹੇ ਹਾਂ। ਸਦੀਆਂ ਤੋਂ ਹੀ ਨਿੱਤ ਦਿਹਾੜੇ ਅਸੀਂ ਸਰਬੱਤ ਦੇ ਭਲੇ ਦਾ ਹੋਕਾ ਦਿੰਦਿਆਂ ਜਾਪ ਕਰਦੇ ਹਾਂ। ਪਰ ਅਫਸੋਸ ਕਿ ਜਾਤਾਂ-ਪਾਤਾਂ ਵਾਲਾ ਰੋਗ ਵੀ ਨਾਲ ਹੀ ਚੁੱਕੀ ਫਿਰਦੇ ਹਾਂ। ਇਸ ਨੂੰ ਆਪਣੇ ਨਾਲੋਂ ਤੋੜ ਕੇ ਸੁੱਟਣਾ ਪਵੇਗਾ। ਇਨਸਾਨ ਨੂੰ ਇਨਸਾਨ ਹੀ ਸਮਝਣਾ ਪਵੇਗਾ। ਧਰਮਾਂ ਵਾਲੇ ਅਤੇ ਸਿਆਸਤਾਂ ਵਾਲੇ ਆਪਣੇ ਵਲੋਂ ਆਮ ਕਰਕੇ ਝੂਠ ਬੋਲਦੇ ਹੋਏ ਵੀ “ਸਦੀਵੀ ਸੱਚ” ਦੇ ਬੋਲ ਬੋਲਣ ਦਾ ਦਾਅਵਾ ਕਰਦੇ ਹਨ, ਬਰਾਬਰੀ ਵਾਲੇ ਸਮਾਜ ਦੀਆਂ ਗੱਲਾਂ ਕਰਦੇ ਹਨ। ਫੇਰ ਇਹ ਬਰਾਬਰੀ ਵਾਲੇ ਸਮਾਜ ਦਾ ਸੁਪਨਾ ਬੁਝਾਰਤ ਕਿਉਂ ਬਣਿਆ ਹੋਇਆ ਹੈ? ਕੀ ਅਜੇ ਤੱਕ ਬਰਾਬਰੀ ਵਾਲੇ ਸਮਾਜ ਦੀ ਅਗਵਾਈ ਦਾ ਦਮ ਭਰਨ ਵਾਲੇ ਸੰਕਲਪ ਨੂੰ ਅਮਲ ਵਿਚ ਤਬਦੀਲ ਕਰਨ ਦਾ “ਗੁਰਮੰਤਰ” ਨਹੀਂ ਘੜ ਸਕੇ? ਜਾਂ ਇਤਹਿਾਸ ਤੋਂ ਸਬਕ ਸਿੱਖ ਕੇ ਸਿਰਜੇ ਹੋਏ ‘ਗੁਰਮੰਤਰ’ ਉੱਤੇ ਅਮਲ ਕਰਨੋਂ ਉੱਕ ਗਏ? ਨਵੀਂ ਪੀੜ੍ਹੀ ਨੂੰ ਖਾਸ ਤੌਰ `ਤੇ ਇਸ ਬਾਰੇ ਸੋਚਣਾ ਪਵੇਗਾ। “ਬੇਗਮਪੁਰੇ” ਦਾ ਸਿਰਜਿਆ ਰਾਹ ਦੇਖਣ ਅਤੇ ਉਸ ਉੱਤੇ ਅਮਲ ਕਰਨ ਵੇਲੇ ਉਨ੍ਹਾਂ ਨੂੰ ਅੰਧਰਾਤਾ ਕਿਉਂ ਹੋ ਜਾਂਦਾ ਹੈ? ਇਹ ਰਾਹ ਤਾਂ ਸੱਚ ਦਾ ਰਾਹ ਹੈ।

ਜਿਨ੍ਹਾਂ ਦਾ ਇਤਿਹਾਸ, ਬੋਲੀ/ਭਾਸ਼ਾ, ਖਿੱਤੇ ਦੀਆਂ ਸਾਂਝਾਂ ਵਾਲਾ ਸੱਭਿਆਚਾਰਕ ਭਾਈਚਾਰਾ ਹੋਵੇ, ਉੱਥੇ ਸਾਂਝਾਂ ਨੂੰ ਛੱਡ ਵਖਰੇਵਿਆਂ ਦੀ ਭਾਲ ਕਿਉਂ ਕੀਤੀ ਜਾਵੇ? ਅਮਨ-ਸ਼ਾਂਤੀ ਵਾਲੇ ਕਿਸੇ ਵੀ ਭਾਈਚਾਰੇ ਨੂੰ ਕਿਉਂ ਭੜਕਾਇਆ ਜਾਵੇ? ਕਿਰਤੀਆਂ, ਕਿਸਾਨਾਂ ਭਾਵ ਹਰ ਵਰਗ ਦੇ ਮਿਹਨਤਕਸ਼ਾਂ ਵਲੋਂ ਆਪਣੀ ਕਿਰਤ ਦੀ ਰਾਖੀ ਵਾਸਤੇ ਕੀਤੇ ਜਾਂਦੇ ਸੰਘਰਸ਼ ਦਾ ਸਾਥ ਦੇਣਾ ਇਨਸਾਫ ਪਸੰਦ ਅਤੇ ਸਿਵਲ ਸੋਸਾਇਟੀ ਦੇ ਲੋਕਾਂ ਦਾ ਲਾਜ਼ਮੀ ਫ਼ਰਜ਼ ਹੁੰਦਾ ਹੈ, ਤਾਂ ਕਿ ਸਮਾਜ ਅੰਦਰ ਅਮਨ-ਚੈਨ ਬਣਿਆਂ ਰਵ੍ਹੇ। ਇੱਥੋਂ ਹੀ ਫਸਲਾਂ ਤੇ ਨਸਲਾਂ ਦੀ ਰਾਖੀ ਕਰਨ ਦਾ ਅਹਿਦ ਵੀ ਲਿਆ ਜਾਂਦਾ ਹੈ। ਸਾਂਝੇ ਸੰਘਰਸ਼ਾ ਵਿਚ ਕਈ ਵਾਰ ਇਹ ਸਵਾਲ ਸਿਰ ਚੁੱਕ ਲੈਂਦੇ ਹਨ ਕਿ ਕੀ ਲੋਕ ਸਿਆਸੀ-ਸਮਾਜੀ ਨਫਰਤੀ ਵਰਤਾਰਿਆਂ ਨੂੰ ਨਾ ਸਮਝ ਸਕੇ, ਕਿਸੇ ਨਾ ਕਿਸੇ ਧੜੇ ਦੇ ਪਿਛਲੱਗ ਹੋਣ ਦੇ ਆਦੀ ਹੋ ਗਏ। ਅਣਜਾਣੇ ਵਿਚ ਕਈ ਵਾਰ ਲੋਕ ਦੋਖੀਆਂ ਵਲੋਂ ਕੀਤੇ ਜਾਂਦੇ ਝੂਠੇ ਤੇ ਸ਼ਰਾਰਤੀ ਪ੍ਰਚਾਰ ਨਾਲ ਗੁਮਰਾਹ ਹੋ ਕੇ ਧਰਮਾਂ ਦੇ ਅਨੁਯਾਈ ਵੀ ਅਜਿਹੇ ਵਰਤਾਰੇ ਦੇ ਸ਼ਿਕਾਰ ਹੋ ਕੇ ਧੜਿਆਂ ਵਿਚ ਵੰਡੇ ਆਮ ਕਰਕੇ ਪਿਆਰ ਤੇ ਸਾਂਝ ਦਾ ਰਾਹ ਤਿਆਗ ਬੈਠਦੇ ਹਨ। ਇਹ ਵੀ ਸੱਚ ਹੈ ਕਿ ਲੋਕਾਂ ਦਾ ਦਰਦ ਮਨ ਵਿਚ ਰੱਖਣ ਵਾਲੇ ਲੋਕ ਪੱਖੀ ਬੁੱਧੀਮਾਨਾਂ/ਬੁੱਧੀਜੀਵੀਆਂ ਨੇ ਆਮ ਲੋਕਾਂ ਵਾਸਤੇ ਹਾਅ ਦਾ ਨਾਅਰਾ ਹੀ ਨਹੀਂ ਮਾਰਿਆ ਸਗੋਂ ਔਖਿਆਂ ਸਮਿਆਂ ਅੰਦਰ ਉਹ ਲੋਕਾਂ ਦੇ ਰਾਹ ਦਸੇਰਾ ਵੀ ਸਾਬਿਤ ਹੁੰਦੇ ਰਹੇ ਹਨ। ਇਨਸਾਨੀਅਤ ਦੀ ਸੇਵਾ ਦਾ ਦਮ ਭਰਨ ਵਾਲਿਆਂ ਨੂੰ ਇਸ ਪਾਸੇ ਪਰਤਣਾ ਪਵੇਗਾ। ਬੁੱਧੀਜੀਵੀਆਂ ਨੂੰ ਸਮਾਜ ਦੇ ਸਾਂਝ ਭਰੇ ਸੁਚੱਜੇ ਮਨੁੱਖੀ ਵਿਹਾਰ ਵਾਲੇ ਪਾਸੇ ਸਮਾਜ ਨੂੰ ਮੋੜਨ ਵਾਸਤੇ ਆਪਣੀ ਬੌਧਿਕ ਸੂਝ, ਗਿਆਨ ਨੂੰ ਨਿਰਸਵਾਰਥ ਅਤੇ ਬੇਖ਼ੌਫ ਹੋ ਕੇ ਵਰਤਣਾ ਪਵੇਗਾ। ਮਨੁੱਖੀ ਮਨਾਂ ਨੂੰ ਹਲੂਣਾ ਦੇਣ ਵਾਸਤੇ ਆਪਣੀ ਸਰਗਰਮ ਭੂਮਿਕਾ ਨਿਭਾਉਣੀ ਪਵੇਗੀ। ਧੜਿਆਂ ਵਿਚ ਵੰਡੇ ਸਮਾਜ ਨੂੰ ਪਾਟੋਧਾੜ ਵਾਲੇ ਇਸ ਚਿੱਕੜ ਵਿਚੋਂ ਕੱਢਣਾਂ ਪਵੇਗਾ। ਉਹ ਹਮੇਸ਼ਾ ਸਾਂਝੇ ਵਿਰਸੇ/ਵਿਰਾਸਤ ਦੇ ਵਾਰਿਸ ਰਹੇ ਹਨ। ਸਾਡੇ ਕੋਲ ਭਗਤੀ ਤੇ ਸ਼ਕਤੀ ਦੇ ਸੁਮੇਲ ਵਾਲਾ ਸਾਂਝਾ ਵਿਰਸਾ ਹੈ, ਇਸ ਦੇ ਸੰਦੇਸ਼ ਤੋਂ ਸੇਧ ਲੈਣੀ ਚਾਹੀਦੀ ਹੈ। ਅਨਿਆਂ ਦੇ ਖਿਲਾਫ ਬਾਦਸ਼ਾਹੀਆਂ ਨੂੰ ਵੰਗਾਰਨ ਦਾ ਜਜ਼ਬਾ ਤੇ ਆਪਣੇ ਲੋਕਾਂ ਵਾਸਤੇ ਲੜਦਿਆਂ ਜੁਆਨੀਆਂ ਦੀ ਪ੍ਰਵਾਹ ਨਾ ਕਰਦਿਆਂ ਜਾਨਾਂ ਵਾਰ ਦੇਣ ਦੀ ਸੂਰਬੀਰਤਾ ਵਾਲਾ ਸਾਂਝਾ ਵਿਰਸਾ ਹੈ। ਇਸ ਸਾਂਝੀ ਵਿਰਾਸਤ ‘ਤੇ ਪਹਿਰਾ ਦੇਣਾ ਸਾਂਝਾ ਫਰਜ਼ ਹੋਣਾ ਚਾਹੀਦਾ ਹੈ। ਅੱਜ ਵਾਲੀ ਇਨਸਾਨਾਂ ਅੰਦਰ ਫੁੱਟਪਾਊ ਤੇ ਨਫਰਤੀ ਸਿਆਸਤ ਦਾ ਜਵਾਬ ਲੋਕਾਂ ਦੀ ਮੁੱਹਬਤਾਂ ਵਾਲੀ ਸਾਂਝ ਭਰੀ ਸਰਗਰਮੀ ਹੋਵੇਗੀ, ਤਾਂ ਜੋ ਹੱਥੋਂ ਨਿਕਲਦੇ ਜਾਂਦੇ ਸਮੇਂ ਦੀਆਂ ਅੱਖਾਂ ਵਿਚ ਅੱਖਾ ਪਾ ਕੇ ਆਪਣੇ ਹੋਣ (ਹੋਂਦ) ਦੀ ਰਾਖੀ ਕੀਤੀ ਜਾ ਸਕੇ। ਅੱਜ ਜੇ ਕਹਿਣਾ ਹੋਵੇ ਤਾਂ ਪਿਛਲੇ ਸੱਤ ਮਹੀਨਿਆਂ ਤੋਂ ਭਾਰਤ ਦੀ ਧਰਤੀ ‘ਤੇ ਆਪਣੀਆਂ ਮੰਗਾ ਖਾਤਰ ਅਤੇ ਆਪਣੀ ਹੋਂਦ ਬਚਾਉਣ ਲਈ ਕਿਸਾਨਾਂ ਵਲੋਂ ਲੜਿਆ ਜਾ ਰਿਹਾ ਅਣਖੀ ਸੰਘਰਸ਼ ਹੀ ਵੇਲੇ ਦਾ ਰਾਗ ਕਿਹਾ ਜਾ ਸਕਦਾ ਹੈ। ਇਹ ਭੁੱਲਣਾ ਨਹੀਂ ਚਾਹੀਦਾ ਕਿ ਸਮਿਆਂ ਨੇ ਕਦੇ ਵੀ ਆਪਣੇ ਆਪ ਕਰਵਟ ਨਹੀਂ ਬਦਲੀ ਇਸ ਤਬਦੀਲੀ ਦੀ ਚਾਲਕ ਸ਼ਕਤੀ ਹਮੇਸ਼ਾ ਸਮਿਆਂ ਤੋਂ ਅੱਗੇ ਹੋ ਕੇ ਤੁਰਨ ਵਾਲਾ ਜਾਗ੍ਰਿਤ, ਸੰਘਰਸ਼ਸ਼ੀਲ ਮਨੁੱਖ ਹੀ ਰਿਹਾ ਹੈ ।
***
241
***
* ਵਿਦਵਾਨ ਲੇਖਕ ਕੇਹਰ ਸ਼ਰੀਫ਼ ਸਬੰਧੀ ਨਾਮਵਰ ਲੇਖਕ/ਆਲੋਚਕ ਸ. ਹਰਮੀਤ ਸਿੰਘ ਅਟਵਾਲ ਜੀ ਦਾ ਲੇਖ ਪੜ੍ਹਨ ਲਈ ਕਲਿੱਕ ਕਰੋ

About the author

kehar sharif
ਕੇਹਰ ਸ਼ਰੀਫ਼, ਜਰਮਨੀ
keharsharif@avcor.de | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਕੇਹਰ ਸ਼ਰੀਫ਼, ਜਰਮਨੀ

View all posts by ਕੇਹਰ ਸ਼ਰੀਫ਼, ਜਰਮਨੀ →