ਪਿਛਲੇ ਦਿਨੀਂ ਪੰਜਾਬੀ ਦਾ ਉੱਘਾ ਸਾਹਿਤਕਾਰ ਪ੍ਰੇਮ ਗੋਰਖੀ ਸਦੀਵੀ ਵਿਛੋੜਾ ਦੇ ਗਿਆ। ਮੈਂ ਗੋਰਖੀ ਨੂੰ 1973-74 ਤੋਂ ਜਾਣਦਾਂ, ਉਸ ਵਲੋਂ “ਮਿੱਟੀ ਰੰਗੇ ਲੋਕ” ਤੇ “ਦ੍ਰਿਸ਼ਟੀ” ਵਿਚ “ਤਿੱਤਰ ਖੰਭੀ ਜੂਹ” ਲਿਖਣ ਤੋਂ ਵੀ ਪਹਿਲਾਂ ਦਾ। ਲਾਡੋਵਾਲੀ ਰੋਡ ਵਾਲੇ ਉਸਦੇ ਘਰ ਪਸ਼ੂਆਂ ਨੂੰ ਪਾਏ ਜਾਣ ਵਾਲੇ ਪੱਠਿਆਂ ਦੀਆਂ ਪੰਡਾਂ ਕੋਲ ਬਾਣ ਵਾਲੇ ਮੰਜੇ ‘ਤੇ ਬਹਿ ਕੇ ਕਿੰਨੀਆਂ ਗੱਲਾਂ ਕੀਤੀਆਂ, ਬੜਾ ਕੁੱਝ ਕਿਹਾ, ਸੁਣਿਆਂ- ਬਾਅਦ ‘ਚ ਹਰ ਵਾਰ ਜਦੋਂ ਵੀ ਭਾਰਤ ਗਿਆ, (ਪਿਛਲੇ ਸਾਲ ਦੀ ਫੇਰੀ ਨੁੰ ਛੱਡ ਕੇ, ਕਰੋਨਾ ਵਾਲੇ ਸਮੇਂ ਨਹੀਂ ਮਿਲ ਸਕੇ) ਉਹ ਜਰੂਰ ਮਿਲਦਾ। ਨਿਮਰਤਾ ਭਰਪੂਰ, ਕਲਮ ਦਾ ਕਾਮਾ ਤੇ ਬਹੁਤ ਹੀ ਸਹਿਜ ਇਨਸਾਨ ਸੀ, ਉਹ। ਜਦੋਂ ਵੀ ਮਿਲਿਆ ਪੂਰੀ ਅਪਣੱਤ ਤੇ ਸਤਿਕਾਰ ਨਾਲ, ਉਹ ਹਰ ਕਿਸੇ ਨੂੰ ਇੰਝ ਹੀ ਮਿਲਦਾ ਸੀ। ਉਹਨੇ ਆਪਣੀਆਂ ਕਹਾਣੀਆਂ ‘ਚ ਅਣਹੋਇਆਂ/ਅਣਗੌਲ਼ਿਆਂ ਦੀ ਬਾਤ ਪਾਈ, ਅਣਹੋਇਆਂ ਨੂੰ ਹਿੰਮਤ ਦਿੱਤੀ। ਕਿੰਨੇ ਨਵੇਂ ਲਿਖਣ ਵਾਲਿਆਂ ਨੂੰ ਆਪਣੇ ਲੋਕਾਂ ਭਾਵ ਸਾਧਨ ਵਿਹੂਣੇ, ਲੁੱਟੇ-ਪੁੱਟੇ ਤੇ ਕੁੱਟੇ ਜਾਂਦੇ ਲੋਕਾਂ ਬਾਰੇ ਲਿਖਣ ਵਾਸਤੇ ਪ੍ਰੇਰਿਆ। ਪੰਜਾਬੀ ਕਹਾਣੀਕਾਰਾਂ ਅੰਦਰ ਸੰਵਾਦ ਦਾ ਦੀਵਾ ਬਾਲ਼ਿਆ। ਮਿੱਤਰਾਂ ਨੂੰ ਹੀ ਨਹੀਂ ਸਗੋਂ ਪੰਜਾਬੀ ਬੋਲੀ/ਭਾਸ਼ਾ/ਸਾਹਿਤ ਨੂੰ ਗੋਰਖੀ ‘ਤੇ ਮਾਣ ਰਹੇਗਾ। ਹਾਂ, ਕੁੱਝ ਆਪਣੇ ਆਪ ਨੂੰ “ਵੱਡੇ” ਆਖਣ ਵਾਲੇ ਗੋਰਖੀ ਨਾਲ ਕੀਤੇ ਵਿਹਾਰ ਕਰਕੇ ਆਪਣੇ ਮਰਨ ਤੱਕ ਸ਼ਰਮਿੰਦੇ ਹੀ ਰਹਿਣਗੇ। ਦਰਅਸਲ ਉਹ ਸੋਚ ਵਲੋਂ ਬੌਨੇ ਲੋਕ ਹਨ ਜੋ ਢਲਦੇ ਸੂਰਜ ਵੱਲ ਪਿੱਠ ਕਰਕੇ ਲੰਮੇ ਹੋ ਗਏ ਆਪਣੇ ਪ੍ਰਛਾਵੇਂ ਨੂੰ ਦੇਖ ਕੇ ਮਨ ਪ੍ਰਚਾਉਣ ਖਾਤਰ ਝੂਠੀ ਤਸੱਲੀ ਨਾਲ ਜੀਊਣ ਦੇ ਆਦੀ ਹਨ – ਉਨ੍ਹਾਂ ਵਿਚੋਂ ਬਹੁਤੇ ਆਪਣੀ ਅਰਥੀ ਨੂੰ ਮੋਢਾ ਦੇਣ ਵਾਲੇ ਹੀ ਹਨ। ਕਈ ਲੋਕ ਗੋਰਖੀ ਨੂੰ ਦਲਿਤਾਂ ਦਾ ਲੇਖਕ ਹੀ ਆਖੀ ਜਾਂਦੇ ਹਨ, ਉਹ ਗੋਰਖੀ ਨੂੰ ਛੋਟਾ ਕਰਨ ਲਈ ਬਜਿਦ ਹਨ। ਗੋਰਖੀ ਇਨਸਾਨੀਅਤ ਦਾ ਲੇਖਕ ਸੀ, ਮਨੁੱਖਤਾ ਨੂੰ ਪਿਆਰ ਕਰਨ ਵਾਲਾ। ਹਾਂ ਉਸਦੀ ਕਲਮ ਗਰੀਬ-ਗੁਰਬੇ ਦਾ ਹੌਕਾ ਬਣਦੀ ਸੀ, ਉਸਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਹੋ ਕੇ ਸੰਘਰਸ਼ ਕਰਨ ਦੀ ਪ੍ਰੇਰਨਾ ਦਿੰਦੀ ਸੀ। ਗੋਰਖੀ ਇਸ ਧਰਤੀ ਦੇ ਲੋਕਾਂ ਨੂੰ ਮੁਹੱਬਤੀ ਸੁਰ ਵਿਚ ਵਸਦੇ ਦੇਖਣ ਦਾ ਚਾਹਵਾਨ ਸੀ, ਉਸਦੀ ਲਿਖਤ ਦੀਆਂ ਬਾਹਵਾਂ ਧਰਤੀ ਦੇ ਦਿਸਹੱਦਿਆਂ ਤੱਕ ਫੈਲਦੀਆਂ ਸਨ। ਇਨਸਾਨ ਤੇ ਇਨਸਾਨੀਅਤ ਉਸਦੇ ਮੁੱਖ ਸਰੋਕਾਰ ਸਨ। ਸਾਡੀ ਜੁਬਾਨ ਦੀ ਬਦਕਿਸਮਤੀ ਹੈ ਕਿ ਇਹਦੇ “ਬੁੱਧੀਜੀਵੀ ਅਖਵਾਣ ਵਾਲੇ” ਆਪੇ ਬਣੇ ਚੌਧਰੀ ਦੂਜੇ ਨੂੰ (ਜੇ ਉਹ ਆਰਥਕ ਪੱਖੋਂ ਕਮਜ਼ੋਰ ਹੈ ਤਾਂ) ਬੰਦਾ ਹੀ ਨਹੀਂ ਸਮਝਦੇ। ਜੇ ਉਹ ਵੱਡੀ ਕੁਰਸੀ ‘ਤੇ ਹੋਣ ਤਾਂ ਆਪਣੇ ਆਪ ਨੂੰ ਰੱਬ ਹੀ ਸਮਝਦੇ ਹਨ। ਗੋਰਖੀ ਦੀ ਲਿਖਤ ਪੰਜਾਬੀ ਜ਼ੁਬਾਨ ਦਾ ਮਾਣ ਹੈ। ਇਸ ਜ਼ੁਬਾਨ ਵਿਚ ਚੰਗੀ ਲਿਖਤ ਨੂੰ ਇਨਾਮ ਵੀ ਮਿਲਦੇ ਹਨ, ਇਨਾਮ ਦੇਣ ਵਾਸਤੇ ਕਮੇਟੀਆਂ ਵੀ ਬਣਦੀਆਂ ਹਨ। ਕੀ ਕੋਈ ਜਵਾਬ ਦੇ ਸਕਦਾ ਹੈ ਕਿ ਗੋਰਖੀ ਦਾ ਨਾਂ ਆਉਣ ਵੇਲੇ ਇਨ੍ਹਾਂ ਸਾਰੇ “ਅੱਖਾਂ ਵਾਲੇ” ਛੋਟੀ ਤੇ ਬੌਨੀ ਸੋਚ ਵਾਲੇ “ਲਘੂ ਮਨੁੱਖਾਂ” ਨੂੰ ਅੰਧਰਾਤਾ ਕਿਉਂ ਹੋ ਜਾਂਦਾ ਸੀ? ਦਿਸਣੋਂ ਤੇ ਸੁਣਨੋਂ ਕਿਉਂ ਬੰਦ ਹੋ ਜਾਂਦਾ ਸੀ? ਇਸ ਕਰਕੇ ਕਿ ਉਹ (ਗੋਰਖੀ) ਕਿਸੇ ਦੇ ਘਰ “ਫਰਿੱਜ ਰੱਖਣ ਜੋਗਾ” ਜਾਂ “ਮੱਝ ਬੰਨਣ ਜੋਗਾ” ਨਹੀਂ ਸੀ ਜਾਂ ਕਿਸੇ ਦੇ ਧੀ-ਪੁੱਤ ਨੂੰ ਕਿਸੇ ਨੌਕਰੀ ਵਿਚ “ਅਡਜਸਟ” ਕਰਾਉਣ ਜੋਗਾ ਨਹੀਂ ਸੀ? ਜਾਂ ਫੇਰ ਸਰਕਾਰਾਂ ਵਲੋਂ ਇਨਾਮ ਵੰਡਣ ਵਾਲੀਆਂ ਕਮੇਟੀਆਂ ਵਿਚ “ਅੰਨਿਆਂ ਵਲੋਂ ਘਰਦਿਆਂ ਨੂੰ ਸੀਰਨੀ ਵੰਡਣ ਵਾਲੇ” ਹੀ ਪਾਏ ਜਾਂਦੇ ਹਨ। ਕੀ “ਸੀਰਨੀ ਵੰਡਣ ਵਾਲਿਆਂ” ਵਿਚੋਂ ਹੈ ਕੋਈ ਜੋ ਪ੍ਰੇਮ ਗੋਰਖੀ ਨੂੰ ਇਸਦਾ ਜਵਾਬ ਦੇ ਸਕੇ। ਜਿਨ੍ਹਾਂ ਨੇ ਇਸ ਤਰ੍ਹਾਂ ਦੇ ਮਸਲੇ ਬਾਰੇ ਹੋਰ ਜਾਣਨਾ ਹੋਵੇ ਤਾਂ ਉਹ ਮਿੱਤਰ ਸੈਨ ਮੀਤ ਦਾ ਇਸ ਸਬੰਧੀ ਲਿਖਿਆ ਪੜ੍ਹ ਲੈਣ, ਅੱਖਾਂ ਖੁਲ੍ਹ ਜਾਣਗੀਆਂ। ਗੱਲ ਇਕੱਲੇ ਗੋਰਖੀ ਦੀ ਨਹੀਂ ਇਨਾਮ ਦੇਣ ਵਾਲੀਆਂ ਕਮੇਟੀਆਂ ਵਾਲੇ ਤਾਂ ਅਤਰਜੀਤ ਵਰਗੇ ਦੀ ਮੌਤ ਉੇਡੀਕੀ ਜਾਂਦੇ ਹਨ, ਤਾਂ ਕਿ ਉਹਨੂੰ ਵੀ ਇਨਾਮ ਨਾ ਦੇਣਾ ਪਵੇ, ਕੀ ਕਾਰਨ ਹੈ ਕਿ ਹੁਣ ਤੱਕ ਅਤਰਜੀਤ ਵੀ ਇਨ੍ਹਾਂ ਕਮੇਟੀਆਂ ਵਾਲਿਆਂ ਨੂੰ ਨਹੀਂ ਦਿਸਿਆ? ਲੱਖ ਜਤਨ ਕਰਿਉ, ਗੋਰਖੀ ਤੇ ਅਤਰਜੀਤ ਵਰਗਿਆਂ ਨੂੰ ਤੁਸੀਂ ਇਨਾਮਾਂ ਵਿਚੋਂ ਬਾਹਰ ਰੱਖ ਸਕਦੇ ਹੋ ਪਰ ਲੋਕ ਮਨਾਂ ਅਤੇ ਸਾਹਿਤ ਵਿਚੋਂ “ਖਾਰਜ” ਨਹੀਂ ਕਰ ਸਕਦੇ। ਕੀ ਕਾਰਨ ਹੈ ਕਿ ਕਿੰਨੀਆਂ ਜ਼ੁਬਾਨਾਂ ਤੱਕ ਪਹੁੰਚੇ ਹੋਏ ਬਲਵੀਰ ਮਾਧੋਪੁਰੀ ਵਰਗੇ ਗੌਲ਼ੇ ਹੀ ਨਹੀਂ ਜਾਂਦੇ? ਹੋਰ ਵੀ ਹਨ ਇਹ ਨਾਮ ਤਾਂ ਮਿਸਾਲ ਵਜੋਂ ਹੀ ਲਿਖੇ ਹਨ। ਕੀ ਜਿਨ੍ਹਾਂ ਨੂੰ ਭਾਸ਼ਾ ਵਿਭਾਗ ਜਾਂ ਸਾਹਿਤ ਅਕਾਦਮੀ ਦੇ ਇਨਾਮ ਦਿੱਤੇ ਗਏ ਹਨ, ਉਨ੍ਹਾਂ ਦੀ ਲਿਖਤ ਦਾ ਮਿਆਰ ਗੋਰਖੀ ਤੋਂ ਉੱਚਾ ਸੀ ਜਾਂ ਕਾਰਨ ਸਾਹਿਤ ਤੋਂ ਬਾਹਰੇ ਸਨ। ਸ਼ਾਇਦ ਇਹ ਕਦੇ ਵੀ ਕੋਈ ਨਾ ਦੱਸੇ। ਕਾਰਨ – ਬੁੱਕਲ਼ ਵਿਚ ਰੋੜੀ ਭੰਨਣ ਵਾਲਿਆਂ ਦੀਆਂ ਨਜ਼ਰਾਂ ਸਦਾ ਨੀਵੀਆਂ ਹੀ ਹੁੰਦੀਆਂ ਹਨ। ਇਨਾਮ ਤਾਂ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਤੇ ਦਵਿੰਦਰ ਸਤਿਆਰਥੀ ਨੂੰ ਵੀ ਨਹੀਂ ਦਿੱਤਾ ਗਿਆ। ਕੀ ਉਨ੍ਹਾਂ ਦੀ ਆਭ੍ਹਾ, ਕੱਦ ਨੂੰ ਕੋਈ ਛੋਟਾ ਕਰ ਸਕਿਆ। ਡੁੱਬ ਮਰੋ ਇਨਾਮ ਦੇਣ ਵਾਲਿਉ, ਗੋਰਖੀ ਵੀ ਇਨ੍ਹਾਂ ਵਾਂਗ ਹੀ ਦਿਉ ਕੱਦ ਬਣਕੇ ਤੁਹਾਡੇ ਸਾਹਮਣੇ ਖੜ੍ਹਾ ਰਹੇਗਾ। ਸਮਾਂ ਤੁਹਾਨੂੰ ਸਵਾਲ ਪੁੱਛਦਾ ਤੇ ਲਾਹਨਤਾਂ ਪਾਉਂਦਾ ਰਵ੍ਹੇਗਾ। ਪਰ ਗੋਰਖੀ ਨੂੰ ਤੁਸੀਂ ਜਵਾਬ ਦੇਣ ਜੋਗੇ ਨਹੀਂ ਰਹੇ। ਆਪਣੀ ਹੀ ਬੇਸ਼ਰਮੀ ਵਿਚ ਡੁੱਬ ਮਰੋ। ਤੁਸੀਂ ਜਿਨ੍ਹਾਂ ਦੇ ਹੱਥ ਸਾਹਿਤ ਅੰਦਰਲੇ ਸੱਚ ਤੋਲਣ ਤੇ ਉਸਨੂੰ ਸਨਮਾਣ ਦੇਣ ਦਾ ਕੰਡਾ ਹੈ, ਤੁਹਾਡੇ ਵਿਚੋਂ ਬਹੁਤੇ ਇਖਲਾਕੋਂ ਹੀਣੇ ਲੋਕ ਹੀ ਲਗਦੇ ਹਨ ਜਾਂ ਸਾਬਤ ਹੋਏ ਹਨ। ਤੁਹਾਡੇ ਵਰਗੇ “ਝੂਠੇ ਸ਼ਮਲਿਆਂ ਵਾਲੇ” ਤਾਂ ਪੰਜਾਬੀ ਨਾਲ ਦੁਸ਼ਮਣੀ ਕਰਦੇ ਰਹਿਣਗੇ, ਪਰ ਯਾਦ ਰੱਖਿਉ ਪੰਜਾਬੀ ਜ਼ਿੰਦਾ ਰਹੇਗੀ ਤੇ ਇਸ ਜ਼ੁਬਾਨ ਵਿਚ ਕਮਜ਼ੋਰ ਧਿਰ ਨਾਲ ਖੜ੍ਹਨ ਵਾਲੇ ਪ੍ਰੇਮ ਗੋਰਖੀ ਵਰਗੇ ਲੇਖਕ ਵੀ। ਪ੍ਰੇਮ ਗੋਰਖੀ ਪੰਜਾਬੀ ਸਾਹਿਤ ਦਾ ਹੀਰਾ ਸੀ ਤੁਸੀਂ ਉਸਦੀ ਚਮਕ ਸਹਾਰ ਨਾ ਸਕੇ, ਪਰ ਉਹ ਤਾਂ ਰੜਕ ਬਣਕੇ ਰੜਕਦਾ ਰਹੇਗਾ ਤੇ ਤੁਹਾਡੀਆਂ ਅੱਖਾਂ ਨੂੰ ਧੁੰਦਲਾਉਂਦਾ ਹੋਇਆ ਚਮਕਦਾ ਹੀ ਰਹੇਗਾ। ਪਰ ਹੁਣ ਤੁਹਾਥੋਂ ਉਹਦੇ ਲਈ ਕੋਈ ਜਵਾਬ ਨਹੀਂ ਸਰਨਾ। ਜਦੋਂ ਵੀ ਕਦੇ “ਇਨਸਾਨ” ਬਣਕੇ ਤੁਸੀਂ ਸੋਚੋਗੇ ਤਾਂ ਪਛਤਾਵਾ ਤਾਂ ਤੁਹਾਨੂੰ ਵੀ ਹੋਵੇਗਾ ਫੇਰ ਪੁੱਛਿਉ ਜ਼ਰੂਰ ਆਪਣੀ ਮਰੀ ਹੋਈ ਜ਼ਮੀਰ ਨੂੰ ਤੇ ਮਾਫੀ ਮੰਗਿਉ ਆਪਣੇ ਆਪ ਤੋਂ, ਇਸ ਤਰ੍ਹਾਂ ਤੁਹਾਡੇ ਸਾਹ ਸ਼ਾਇਦ ਸੌਖੇ ਨਿਕਲ ਜਾਣ, ਕਿਉਂਕਿ ਮਰਨਾ ਤਾਂ ਸਭ ਨੇ ਹੀ ਹੈ। |