19 March 2024
ਸਮੇਂ ਨਾਲ ਸੰਵਾਦ

ਅਦੀਬ ਸਮੁੰਦਰੋਂ ਪਾਰ ਦੇ: ਖੁੱਲ੍ਹੀਆਂ ਤੇ ਪਾਰਖੂ ਅੱਖਾਂ ਦਾ ਕਦਰਦਾਨ ‘ਕੇਹਰ ਸ਼ਰੀਫ਼’—- ਹਰਮੀਤ ਸਿੰਘ ਅਟਵਾਲ

(ਨੋਟ: ਜਲੰਧਰੋਂ ਛਪਦੇ ਅਖਬਾਰ “ਪੰਜਾਬੀ ਜਾਗਰਣ” ਵਿਚ ਸ. ਹਰਮੀਤ ਸਿੰਘ ਅਟਵਾਲ ਹੋਰਾਂ ਨੇ ਆਪਣੇ ਹਫਤਾਵਾਰੀ ਅਦਬੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” ਵਿਚ ਕੇਹਰ ਸ਼ਰੀਫ਼ ਵਲੋਂ ਲਿਖੀ ਜਾਂਦੀ ਵਾਰਤਕ ਬਾਰੇ ਸਮੀਖਿਆ ਕਰਦਾ ਹੇਠਾਂ ਪੇਸ਼ ਕੀਤਾ ਲੇਖ ਲਿਖਿਆ ਹੈ। ਇਹ ਲੇਖ ‘ਪੰਜਾਬੀ ਜਾਗਰਣ’ ਦੇ ਧੰਨਵਾਦ ਨਾਲ ‘ਲਿਖਾਰੀ’ ਦੇ ਪਾਠਕਾਂ ਲਈ ਵੀ ਹਾਜ਼ਰ ਕੀਤਾ ਜਾ ਰਿਹਾ ਹੈ।)–ਲਿਖਾਰੀ

ਹਰਮੀਤ ਸਿੰਘ ਅਟਵਾਲ
ਹਰਮੀਤ ਸਿੰਘ ਅਟਵਾਲ

ਅਦੀਬ ਸਮੁੰਦਰੋਂ ਪਾਰ ਦੇ: ਖੁੱਲ੍ਹੀਆਂ ਤੇ ਪਾਰਖੂ ਅੱਖਾਂ ਦਾ ਕਦਰਦਾਨ ‘ਕੇਹਰ ਸ਼ਰੀਫ਼’—- ਹਰਮੀਤ ਸਿੰਘ ਅਟਵਾਲ

ਖੁੱਲ੍ਹੀਆਂ ਤੇ ਪਾਰਖੂ ਅੱਖਾਂ ਆਂਤ੍ਰਿਕ ਜਾਗ੍ਰਿਤੀ ਦੀਆਂ ਪ੍ਰਤੀਕ ਹਨ। ਜਾਗ੍ਰਿਤੀ ਗਿਆਨ ਬਿਨਾਂ ਨਹੀਂ ਆਉਦੀ। ਗਿਆਨਹੀਣ ਭਾਵ ਅਗਿਆਨੀ ਪ੍ਰਾਣੀਆਂ ਦੀਆਂ ਅੱਖਾਂ ਦਾ ਅਸਲ ਅਰਥਾਂ ਵਿਚ ਖੁੱਲ੍ਹਣਾ ਤੇ ਪਾਰਖੂ ਹੋਣਾ ਲਗਪਗ ਅਸੰਭਵ ਹੁੰਦਾ ਹੈ। ਉਨ੍ਹਾਂ ਉੱਪਰ ‘ਅੰਧੀ ਰਈਅਤ ਗਿਆਨ ਵਿਹੂਣੀ ਭਾਇ ਭਰੇ ਮੁਰਦਾਰ॥’ ਵਾਲੀ ਗੁਰਬਾਣੀ ਦੀ ਗੱਲ ਪੂਰੀ ਤਰ੍ਹਾਂ ਢੁੱਕਦੀ ਹੈ। ਦਰਅਸਲ ਗਿਆਨ ਨਾਲ ਹੀ ਅੰਦਰਲੀ ਅੱਖ ਖੁੱਲ੍ਹਦੀ ਹੈ, ਅੰਦਰ ਸੁੱਧ ਬੁੱਧ ਦਾ ਪ੍ਰਕਾਸ਼ ਹੁੰਦਾ ਹੈ, ਗਿਆਨਮਈ ਚਾਨਣ ਦੀਆਂ ਕਿਰਨਾਂ/ਰਿਸ਼ਮਾਂ ਇਕ ਵੱਖਰੀ ਕਿਸਮ ਦਾ ਦਿਨ ਚੜ੍ਹਾਉਂਦੀਆਂ ਹਨ। ਇਹ ਅੰਤਰੀਵੀ ਗਿਆਨ/ਜਾਗ੍ਰਿਤੀ/ਪ੍ਰਕਾਸ਼ ਜਾਂ ਚਾਨਣ ਜਦੋਂ ਬਾਹਰਲੇ ਹਨੇਰੇ ਨੂੰ ਟੱਕਰਦਾ ਹੈ ਤਾਂ ਜਿੱਥੇ ਮੰਦੇ ਚੰਗੇ ਦਾ ਵਖਰੇਵਾਂ ਕੁਦਰਤਨ ਅਟੱਲ ਹੋ ਜਾਂਦਾ ਹੈ ਉਥੇ ਹਨੇਰੇ ਕੋਲ ਵੀ ਭੱਜਣ ਤੋਂ ਸਿਵਾਏ ਕੋਈ ਹੋਰ ਚਾਰਾ ਨਹੀਂ ਬਚਦਾ। ਜਿਵੇਂ ਸਿਆਣੇ ਕਹਿੰਦੇ ਨੇ ਸੰਗੀਤ ਵਿਚ ਵਾਦੀਸੁਰ ਵਿਵਰਜਿਤ ਹੁੰਦੀ ਹੈ ਪਰ ਪ੍ਰਬੀਨ ਕਲਾਕਾਰ ਇਸ ਨੂੰ ਵੀ ਸੰਵਾਦੀ ਬਣਾ ਦਿੰਦੇ ਹਨ। ਇਸੇ ਤਰ੍ਹਾਂ ਗਿਆਨਵਾਨ ਤੇ ਪਾਰਖੂ ਅੱਖ ਕਈ ਵਾਰੀ ਮੰਦੇ ਵਿੱਚੋਂ ਵੀ ਕੁਝ ਚੰਗਾ ਲੱਭ ਲੈਂਦੀ ਹੈ। ਨਚੋੜਨੁਮਾ ਤੇ ਟਣਕਾਵਾਂ ਤੱਤ ਇਹੀ ਹੈ ਕਿ ਖੇਤਰ ਭਾਵੇਂ ਅਬੂਦੀਅਤ ਦਾ ਹੋਵੇ ਜਾਂ ਮਾਅਬੂਦੀਅਤ ਦਾ, ਖੁੱਲ੍ਹੀਆਂ ਤੇ ਪਾਰਖੂ ਅੱਖਾਂ ਸਦਾ ਸਫ਼ਲ ਹੁੰਦੀਆਂ ਹਨ।

ਕੇਹਰ ਸ਼ਰੀਫ
ਕੇਹਰ ਸ਼ਰੀਫ

ਸਾਡੇ ਜਰਮਨ ਵਸਦੇ ਤਾਰਕਿਕ ਵਾਰਤਕਕਾਰ ਕੇਹਰ ਸ਼ਰੀਫ਼ ਨੇ ਤਾਂ ਆਪਣੇ 239 ਪੰਨਿਆਂ ਦੇ ਲੇਖ ਸੰਗ੍ਰਹਿ ‘ਸਮੇਂ ਨਾਲ ਸੰਵਾਦ’ ਦੇ ਆਰੰਭ ਵਿਚ ‘ਮੇਰੀ ਸਿਰਜਣਾ ਦੇ ਪਲਾਂ ਦਾ ਪਿਛੋਕੜ’ ਤਹਿਤ ਇਸ ਪ੍ਰਥਾਇ ਇਕ ਬੜਾ ਭਾਵਪੂਰਤ ਵਾਕਿਆ ਦਰਜ ਕੀਤਾ ਹੈ। ਕੇਹਰ ਸ਼ਰੀਫ਼ ਨੇ ਲਿਖਿਆ ਹੈ ਕਿ ‘ਸੂਝ ਸਮਝ ਕਿਵੇਂ ਪਣਪਦੀ ਹੈ। ਇਸ ਦੇ ਸ੍ਰੋਤ ਕੋਈ ਪੈਦਾ ਨਹੀਂ ਕਰਦਾ। ਇਹ ਤਾਂ ਸਮਾਜਿਕ, ਆਰਥਿਕ ਸਥਿਤੀਆਂ ਅਤੇ ਕੁਦਰਤੀ ਵਰਤਾਰੇ ਹੀ ਹਨ ਜੋ ਮਨੁੱਖ ਨੂੰ ਪ੍ਰਭਾਵਿਤ ਕਰਦੇ ਹਨ। ਬਸ! ਮਨੁੱਖ ਕੋਲ ਹੋਣੀਆਂ ਚਾਹੀਦੀਆਂ ਹਨ ਖੁੱਲ੍ਹੀਆਂ ਤੇ ਪਾਰਖੂ ਅੱਖਾਂ, ਤਰਕਪੂਰਨ ਸੋਚ ਜੋ ਇਨ੍ਹਾਂ ਵਰਤਾਰਿਆਂ ਨੂੰ ਨੀਝ ਨਾਲ ਤੱਕਣ ਤੇ ਪਰਖਣ ਦੀ ਆਸ ਭਰਪੂਰ ਰੀਝ ਅਤੇ ਸੂਝ ਰੱਖਦੀਆਂ ਹੋਣ। … ਸਾਡਿਆਂ ਪਿੰਡਾਂ ਦੇ ਸਾਰੇ ਰਾਹ ਅਤੇ ਸੜਕਾਂ ਉਦੋਂ ਕੱਚੀਆਂ ਹੁੰਦੀਆਂ ਸਨ। ਚੀਕਣੀ ਮਿੱਟੀ ਹੋਣ ਕਰਕੇ ਬਾਰਸ਼ ਸਮੇਂ ਸਾਡਿਆਂ ਪਿੰਡਾਂ ਦਾ ਚਿੱਕੜ ਬੜਾ ਮਸ਼ਹੂਰ ਸੀ। … ਮਾਂ ਆਪਣੀਆਂ ਸੋਚਾਂ ਵਿਚ ਅੱਗੇ-ਅੱਗੇ ਤੁਰੀ ਗਈ ਅਤੇ ਮੈਂ ਆਪਣੀ ਨਿਆਣਬੁੱਧ ਵਾਲੀ ਬਿਰਤੀ ਨਾਲ ਪਿੱਛੇ-ਪਿੱਛੇ। ਥੋੜ੍ਹੀ ਦੂਰ ਜਾਣ ਤੋਂ ਬਾਅਦ ਜਦੋਂ ਮਾਂ ਨੇ ਪਿੱਛੇ ਮੁੜਕੇ ਦੇਖਿਆ ਤਾਂ ਮੇਰੇ ਕੱਪੜੇ ਚਿੱਕੜ ਨਾਲ ਲਿੱਬੜੇ ਹੋਏ ਸਨ। ਤੁਰਦਿਆਂ ਹੋਇਆਂ ਪਜਾਮਾ ਖਿੱਚ-ਧੂਹ ਕੇ ਮੈਂ ਆਪ ਹੀ ਗੋਡਿਆਂ ਤਕ ਟੰਗ ਲਿਆ ਸੀ। ਮੌਜੇ ਚਿੱਕੜ ਨਾਲ ਭਰੇ ਪਏ ਸਨ, ਤੁਰਨ ਵੇਲੇ ਔਖਿਆਂ ਕਰ ਰਹੇ ਸਨ। ਮਾਂ ਨੂੰ ਇਹ ਕੁਝ ਦੇਖਕੇ ਗੁੱਸਾ ਆਇਆ। ਉਹਨੇ ਇਹ ਕੁਝ ਦੇਖਕੇ ਮਾਵਾਂ ਵਾਲੀ ਝਿੜਕ ਨਾਲ ਹੀ ਆਖਿਆ ਸੀ ‘ਪੁੱਤ ਇਉ ਨਹੀਂ, ਅੱਖਾਂ ਖੋਲ੍ਹਕੇ ਤੁਰੀ ਦਾ ਹੁੰਦਾ।’ ਉਹਦੇ ਵਾਸਤੇ ਕੱਪੜਿਆਂ ਦਾ ਲਿਬੜਨਾ ਦੁੱਖਦਾਈ ਸੀ, ਇਸ ਕਰਕੇ ਉਸ ਗੁੱਸੇ ਸੀ ਪਰ ਇਹ ਅੱਖਾਂ ਖੋਲ੍ਹਕੇ ਤੁਰਨ ਵਾਲੇ ਸ਼ਬਦ ਉਸ ਨੇ ਸਹਿਜ ਨਾਲ ਹੀ ਕਹੇ ਸਨ। ਬਹੁਤ ਦੇਰ ਬਾਅਦ ਜਦੋਂ ਅਚੇਤ ਹੀ ਮਾਂ ਵੱਲੋਂ ਕਿਹਾ ਅੱਖਾਂ ਖੋਲ੍ਹਕੇ ਤੁਰਨ ਦਾ ਇਹ ਖ਼ਿਆਲ ਚੇਤੇ ਆਇਆ ਤਾਂ ਇਹ ਸੁਚੇਤ ਰੂਪ ਧਾਰ ਕੇ ਆਇਆ ਅਤੇ ਜ਼ਿੰਦਗੀ ਦੇ ਫਲਸਫ਼ੇ ਦਾ ਮੂਲ ਬਣ ਗਿਆ। ਇਹ ਚੇਤਨਾ ਦਾ ਸਰੂਪ ਧਾਰ ਗਿਆ। ਹਰ ਵੇਲੇ ਮਨ ਮਸਤਕ ਵਿਚ ਵਿਚਰਦਾ ਖ਼ਿਆਲਾਂ, ਵਿਚਾਰਾਂ ਤੇ ਵਿਚਾਰਧਾਰਾਵਾਂ ਦੀ ਪਰਖ ਕਰਨ ਵਾਲੀ ਚੂਲ ਬਣ ਗਿਆ। ਹੁਣ ਜਦੋਂ ਵੀ ਕਦੇ ਕਿਸੇ ਗੱਲ/ਵਿਚਾਰ ਨੂੰ ਪਕੜਨ ਲਗਦਾ ਹਾਂ ਤਾਂ ਕਈ ਦਹਾਕੇ ਪਹਿਲਾਂ ਇਹ ਜਹਾਨ ਛੱਡ ਚੁੱਕੀ ਮਾਂ ਕੰਨ ਕੋਲ ਹੋ ਕੇ ਕਹਿੰਦੀ ਹੈ ‘ਪੁੱਤ ਅੱਖਾਂ ਖੋਲ੍ਹਕੇ ਤੁਰੀਦਾ ਹੁੰਦਾ।’ ਅਜਿਹਾ ਫਲਸਫ਼ਾ ਪੱਲੇ ਬੰਨ੍ਹ ਲੈਣ ਤੋਂ ਬਾਅਦ ਭਲਾ ਕੌਣ ਹੈ ਜੋ ਅੱਖਾਂ ਬੰਦ ਕਰ ਸਕਦਾ ਹੋਵੇ?… ਸੱਚ ਤਾਂ ਇਹ ਹੈ ਕਿ ਜਿਨ੍ਹਾਂ ਦੀਆਂ ਮਾਵਾਂ ਜਾਂ ਵਡੇਰੇ ਕੰਨ ਕੋਲ਼ ਵੱਸਦੇ ਹੋਣ, ਉਹ ਅੱਖਾਂ ਬੰਦ ਕਰ ਹੀ ਨਹੀਂ ਸਕਦੇ।

ਕੇਹਰ ਸ਼ਰੀਫ਼ ਦਾ ਜਨਮ ਪਿਤਾ ਬੰਤਾ ਰਾਮ ਤੇ ਮਾਤਾ ਬਿਸ਼ਨ ਕੌਰ ਦੇ ਘਰ 10 ਅਪ੍ਰੈਲ 1950 ਈ: ਨੂੰ ਪਿੰਡ ਠਠਿਆਲਾ ਢਾਹਾ (ਨਵਾਂ ਸ਼ਹਿਰ) ਵਿਖੇ ਹੋਇਆ। ਪਿਛਲੇ ਚਾਰ ਦਹਾਕੇ ਭਾਵ 1980 ਤੋਂ ਉਹ ਜਰਮਨੀ ਦੇ ਸ਼ਹਿਰ ਵਿਟਨ ਵਿਚ ਰਹਿ ਰਿਹਾ ਹੈ। ਉਸ ਦੀ ਮੌਲਿਕ ਉਪਰੋਕਤ ਵਰਣਿਤ ਪੁਸਤਕ ‘ਸਮੇਂ ਨਾਲ ਸੰਵਾਦ’ ਵਾਰਤਕ ਦੀ ਹੈ। ਆਪਣੀ ਵਿੱਦਿਆ ਬਾਰੇ ਉਸ ਦਾ ਆਖਣਾ ਹੈ ਕਿ ‘ਵਿੱਦਿਅਕ ਪੱਖੋਂ ਮੈਂ ਕੋਈ ਡਿਗਰੀਧਾਰੀ ਨਹੀਂ ਪਰ ‘ਅਨਪੜ੍ਹ’ ਵੀ ਨਹੀਂ।’ ਕੇਹਰ ਸ਼ਰੀਫ਼ ਦੀ ਹੋਰ ਕਈ ਪੁਸਤਕਾਂ ਵਿਚ ਹਿੱਸੇਦਾਰੀ ਵੀ ਹੈ। ਕਈ ਕਿਤਾਬਾਂ ਉਸ ਨੇ ਸੰਪਾਦਿਤ ਵੀ ਕੀਤੀਆਂ ਹਨ। ਕਈ ਸਾਂਝੀਆਂ ਸੰਪਾਦਿਤ ਹਨ। ਪੰਜਾਬੀ ਸੱਥ ਵੱਲੋਂ ਹੁਣ ਤਕ ਛਾਪੀਆਂ ਗਈਆਂ ਕਿਤਾਬਾਂ ਵਿੱਚੋਂ ਦਰਜਨ ਕੁ ਕਿਤਾਬਾਂ ਦੇ ਮੁੱਖਬੰਧ ਵੀ ਕੇਹਰ ਸ਼ਰੀਫ਼ ਨੇ ਹੀ ਲਿਖੇ ਹਨ। ਬਹੁਤ ਸਾਰੀਆਂ ਹਿੰਦੀ ਕਹਾਣੀਆਂ ਦਾ ਅਨੁਵਾਦ ਵੀ ਕੇਹਰ ਸ਼ਰੀਫ਼ ਨੇ ਕੀਤਾ ਹੈ। ਇਥੇ ਸਾਂਝੀ ਸੰਪਾਦਿਤ ਪੁਸਤਕ ‘ਪਰਵਾਸ ਦੇ ਰੰਗ’ ਦੀ ਗੱਲ ਕਰੀਏ ਤਾਂ ਪਤਾ ਲਗਦਾ ਹੈ ਕਿ 144 ਪੰਨਿਆਂ ਦੀ ਇਹ ਪੁਸਤਕ ਜਰਮਨੀ ਵਿਚ ਵੱਸਦੇ ਪੰਜਾਬੀ ਕਲਮਕਾਰਾਂ ਦੀ ਜਗ ਬੀਤੀ ਤੇ ਹੱਡ ਬੀਤੀ ਦੀ ਬਾਤ ਪਾਉਂਦੀ ਹੈ। ਇਹ ਸਾਰੀ ਪੁਸਤਕ ਬੜੇ ਇਕਾਗਰਮਨ ਨਾਲ ਪੜ੍ਹਨ ਵਾਲੀ ਹੈ। ਇਸ ਵਿਚ ਜਰਮਨ ਵੱਸਦੇ 12 ਲੇਖਕਾਂ ਦੀਆਂ ਰਚਨਾਵਾਂ ਹਨ। ਕੇਹਰ ਸ਼ਰੀਫ਼ ਦੀ ਰਚਨਾ ‘ਪਰਵਾਸ ਤੇ ਧਰਵਾਸ’ ਵੀ ਹੈ ਜਿਸ ਦੇ ਅੰਤ ਵਿਚ ਉਸ ਨੇ ਲਿਖਿਆ ਹੈ:

‘ਸਮੇਂ ਨੇ ਅੱਗੇ ਵੱਧ ਤੁਰਦੇ ਜਾਣਾ ਹੈ। ਜਿਹੜਾ ਸਮੇਂ ਦੇ ਨਾਲ ਤੁਰੇਗਾ, ਉਹ ਹੀ ਸਮੇਂ ਦਾ ਹਾਣੀ ਅਖਵਾ ਸਕਦਾ ਹੈ। ਬਾਕੀ ਜੂਨ ਪੂਰੀ ਕਰਨ ਵਾਲਿਆਂ ਦੀ ਗਿਣਤੀ ਕਾਫ਼ੀ ਹੈ। ਪਰਵਾਸ ਤੋਂ ਆਵਾਸ ਦਾ ਸਫ਼ਰ ਹੰਢਾਉਦਿਆਂ ਅਸੀਂ ਨਦੀ ਦੇ ਪਾਣੀ ਵਾਲੇ ਵਹਾਅ ਤੇ ਰਵਾਨੀ ਨੂੰ ਆਪਣੀ ਜ਼ਿੰਦਗੀ ਵਿਚ ਸ਼ਾਮਲ ਕਰਨਾ ਹੈ। ਇਸ ਤੋਂ ਬਿਨਾਂ ਜ਼ਿੰਦਗੀ ਠਹਿਰ ਜਾਵੇਗੀ। ਠਹਿਰੀ ਹੋਈ ਜ਼ਿੰਦਗੀ ਖੜ੍ਹੇ ਪਾਣੀ ਵਰਗੀ ਹੋ ਜਾਂਦੀ ਹੈ ਜੋ ਕੁਝ ਚਿਰ ਬਾਅਦ ਬਦਬੂ ਮਾਰਨ ਲੱਗ ਜਾਂਦਾ ਹੈ। ਪਰਵਾਸ ਕਦੇ ਵੀ ਨਾਂਹ ਪੱਖੀ ਨਹੀਂ ਹੁੰਦਾ। ਵਿਰਸੇ ਦਾ ਸਵਾਲ ਪਿੱਛੇ ਝਾਕੀ ਜਾਣ ਦਾ ਨਹੀਂ, ਸਗੋਂ ਨਵੀਆਂ ਹਾਲਤਾਂ, ਨਵੇਂ ਮੌਕੇ ਇਸ ਸਥਿਤੀ ਨੂੰ ਹਮੇਸ਼ਾ ਹੀ ਖ਼ੁਸ਼ਗਵਾਰ ਬਣਾਉਣ ਦਾ ਕਾਰਜ ਨਿਭਾਉਦੇ ਹਨ।’ (ਪੰਨਾ-59)

ਜਿਵੇਂ ਕਿ ਉੱਪਰ ਜ਼ਿਕਰ ਆਇਆ ਹੈ, ਕੇਹਰ ਸ਼ਰੀਫ਼ ਦੀ ਮੌਲਿਕ ਵਾਰਤਕ ਪੁਸਤਕ ਦਾ ਨਾਂ ਹੈ ‘ਸਮੇਂ ਨਾਲ ਸੰਵਾਦ’ ਜੋ ਕਿ 2008 ਵਿਚ ਆਈ ਹੈ। ਇਸ ਪੁਸਤਕ ਵਿਚ ਕੁਲ 51 ਲੇਖ ਹਨ। ਸਫਲ ਵਾਰਤਕ ਦੇ ਗੁਣਾਂ ਦੀ ਗੱਲ ਕਰਦਿਆਂ ਪ੍ਰਸਿੱਧ ਚਿੰਤਕ ਤੇ ਸ਼ਾਇਰ ਡਾ. ਰਣਧੀਰ ਸਿੰਘ ਚੰਦ ਨੇ ਆਪਣੀ ਪੁਸਤਕ ‘ਸਮੀਖਿਆ ਸ਼ਾਸਤਰ’ ਵਿਚ ਲਿਖਿਆ ਹੈ ਕਿ ਵਧੀਆ ਵਾਰਤਕ ਵਿਚ ਮਹੱਤਵਪੂਰਨ ਗੱਲ ਵਿਸ਼ੇ ਦਾ ਨਿਭਾਉ ਹੁੰਦੀ ਹੈ। ਇਸ ਪ੍ਰਸੰਗ ਵਿਚ ਨਿਬੰਧਕਾਰ ਦਾ ਜੀਵਨ ਅਨੁਭਵ, ਚਿੰਤਨ ਅਤੇ ਤਰਕ-ਬਿਰਤੀ ਵਡੇਰੀ ਭੂਮਿਕਾ ਨਿਭਾਉਂਦੇ ਹਨ। ਨਿਬੰਧਕਾਰ ਲਈ ਜ਼ਰੂਰੀ ਹੁੰਦਾ ਹੈ ਕਿ ਉਹ ਆਪਣੇ ਭਾਵਾਂ ਦੀ ਪੁੱਠ ਦੁਆਰਾ ਵਿਸ਼ੇ ਨੂੰ ਰੌਚਿਕ ਬਣਾ ਕੇ ਇਉ ਪੇਸ਼ ਕਰੇ ਕਿ ਭਾਵਾਂ ਤੇ ਵਿਚਾਰਾਂ ਦੇ ਆਪਸੀ ਆਦਾਨ ਪ੍ਰਦਾਨ ਦੇ ਨਾਲ-ਨਾਲ ਉਸ ਦੀ ਮਾਨਸਿਕ ਪ੍ਰਕਿਰਿਆ ਵੀ ਉਜਾਗਰ ਹੁੰਦੀ ਰਹੇ। ਇਹ ਗੁਣ ਨਿਬੰਧ ਨੂੰ ਵਧੇਰੇ ਸਜੀਵ ਅਤੇ ਮੌਲਿਕ ਬਣਾਉਣ ਵਿਚ ਸਹਾਈ ਹੁੰਦਾ ਹੈ।’ ਕੇਹਰ ਸ਼ਰੀਫ਼ ਦੇ ਇਸ ਲੇਖ ਸੰਗ੍ਰਹਿ ਦੀ ਅੰਤਰੀਵਤਾ ਇਨ੍ਹਾਂ ਵਾਰਤਕ ਸਬੰਧੀ ਵਿਚਾਰਾਂ ਨਾਲ ਮੇਲ ਖਾਂਦੀ ਹੈ। ਉਸ ਦੀ ਵਾਰਤਕ ਵਿਚ ਕਈ ਫ਼ਿਕਰੇ ਅਟੱਲ ਸਚਾਈਆਂ ਵਰਗੇ ਹਨ। ਮਿਸਾਲ ਵੱਜੋਂ:

* ਕੋਈ ਵੀ ਸਿਆਣਾ ਇਨਸਾਨ ਕਿਸੇ ਦੂਸਰੇ ਦੀ ਨਿਰਾਦਰੀ ਨਹੀਂ ਕਰ ਸਕਦਾ।

* ਮਨ ਦੇ ਪਰਦੇ ਉੱਤੇ ਹਰ ਵੇਲੇ ਦੀ ਹਰਕਤ ਆਪਣਾ ਅਕਸ ਉੱਕਰਦੀ ਰਹਿੰਦੀ ਹੈ।

* ਜ਼ਿੰਦਗੀ ਨੂੰ ਕਦੇ ਵੀ ਪਛਤਾਵੇ ਵਰਗੀ ਨਹੀਂ ਸਮਝਿਆ ਜਾਣਾ ਚਾਹੀਦਾ।

* ਦੋਸਤੀ ਮੋਹ ਦੀ ਸਿਖ਼ਰ ਤੇ ਅਪਣੱਤ ਦੇ ਮਘਦੇ ਅਹਿਸਾਸ ਦਾ ਨਾਂ ਹੈ।

* ਜਦੋਂ ਕਿਸੇ ਦੇ ਹਾਸੇ ਚੋਰੀ ਹੋ ਜਾਣ ਤਾਂ ਉਸ ਕੋਲ ਬਚਦਾ ਹੀ ਕੀ ਹੈ?

* ਕੋਈ ਆਪਣਾ ਮਨ ਦੇ ਵਿਹੜੇ ਆਵੇ ਤਾਂ ਅੱਧੀ ਰਾਤੀਂ ਖਿੜੀ ਦੁਪਹਿਰ ਦਾ ਭੁਲੇਖਾ ਪੈ ਜਾਂਦਾ ਹੈ।

* ਮਤਲਬੀ ਮਨੁੱਖ ਹਮੇਸ਼ਾਂ ਹੀ ਬੌਣੀ ਸੋਚ ਦਾ ਮਾਲਕ ਹੁੰਦਾ ਹੈ।

ਕੇਹਰ ਸ਼ਰੀਫ਼ ਨਾਲ ਹੋਈ ਸਾਹਿਤਕ ਵਿਚਾਰ ਦੇ ਵੀ ਕੁਝ ਅੰਸ਼ ਹਾਜ਼ਰ ਹਨ:

* ਜਰਮਨੀ ਅੰਦਰ ਪੰਜਾਬੀ ਸਾਹਿਤ ਦਾ ਬਹੁਤਾ ਬੋਲਬਾਲਾ ਨਹੀਂ। ਲੇਖਕ ਵੀ ਬਹੁਤੇ ਨਹੀਂ। ਰਹਿੰਦੇ ਵੀ ਦੂਰ ਦੂਰ ਹਨ। ਮੈਂ ਪੱਤਰਕਾਰੀ ਨਾਲ ਸਦਾ ਜੁੜਿਆ ਰਿਹਾ ਹਾਂ। ‘ਮੀਡੀਆ ਪੰਜਾਬ ਜਰਮਨੀ’ (2006 ਤੋਂ ਆਨ ਲਾਈਨ ਅਖ਼ਬਾਰ) ਅਤੇ ‘ਅੰਗ ਸੰਗ ਪੰਜਾਬ’ (ਤਿਮਾਹੀ- ਸ਼ਾਮ ਸਿੰਘ ਵੱਲੋਂ) ਨਾਲ ਸਹਾਇਕ ਸੰਪਾਦਕ ਵੱਜੋਂ ਜੁੜਿਆ ਹੋਇਆ ਹਾਂ। ਹਿਊਸਟਨ (ਅਮਰੀਕਾ) ਤੋਂ ਚਲਦੇ ਰੇਡੀਓ ‘ਵਾਇਸ ਆਫ਼ ਪੰਜਾਬ’ ਨਾਲ ਗਾਹੇ ਬਗਾਹੇ ਜੁੜਦਾ ਹਾਂ।

* ਸਾਹਿਤ, ਮਨ ਦੀ ਮੈਲ਼ ਧੋਂਦਾ ਹੈ ਅਤੇ ਪੰਜਾਬੀ ਅਦਬ, ਸਾਰੀ ਦੁਨੀਆ ਨਾਲ ਜੋੜਦਾ ਹੈ।

* ਜਰਮਨ ਦੇ ਜਿਨ੍ਹਾਂ ਲੇਖਕਾਂ ਦਾ ਮੈਨੂੰ ਪਤਾ ਹੈ ਉਨ੍ਹਾਂ ਵਿਚ ਅਮਰਜੀਤ ਸਿੱਧੂ, ਅੰਜੂਜੀਤ ਸ਼ਰਮਾ, ਪਵਨ ਪਰਵਾਸੀ, ਨੀਲੂ ਜਰਮਨੀ, ਰਾਜਵਿੰਦਰ ਅਤੇ ਦੋ ਪਾਕਿਸਤਾਨੀ  ਨਾਮ ਮਸਊਦ ਚੌਧਰੀ ਅਤੇ ਸ਼ਾਕਿਰ ਅਲੀ ਅਮਜ਼ਦ ਹਨ।

* ਅੰਮ੍ਰਿਤਾ ਪ੍ਰੀਤਮ ਦੀ ਕਹੀ ਗੱਲ ਬੜੀ ਪਤੇ ਦੀ ਹੈ ਕਿ ‘ਦੀਵੇ ਦੀ ਲੋਅ ਨੂੰ ਚਿਮਟੇ ਨਾਲ ਨਹੀਂ, ਦੀਵੇ ਨਾਲ ਹੀ ਫੜਿਆ ਜਾ ਸਕਦਾ ਹੈ।’ ਚੁੰਬਕ ਨੈਗੇਟਿਵ ਤੇ ਪਾਜ਼ੇਟਿਵ ਨਾਲ ਕਾਰਜਸ਼ੀਲ ਹੁੰਦਾ ਹੈ। ਹੁਣ ਦੀ ਗੱਲ ਕਰੀਏ ਤਾਂ ਕੋਰੋਨਾ ਕਾਲ ਵਿਚ ਨਵੀਂ ਟਰਮ ਆਈ ਹੈ ‘ਰਹੋ ਨੈਗੇਟਿਵ ਤੇ ਸੋਚੋ ਪਾਜ਼ੇਟਿਵ’। ਸਮੇਂ ਨਾਲ ਗੱਲ ਕਰਨ ਦਾ ਇਹ ਰਾਹ ਮੈਨੂੰ ਚੰਗਾ ਲਗਦਾ ਹੈ।

* ਪੰਜਾਬੀ ਅੰਦਰ ਆਲੋਚਨਾ ਦਾ ਮਸਲਾ ਵਿਵਾਦ ਵਾਲਾ ਹੀ ਰਿਹਾ ਹੈ। ਇਹ ਸੰਤੁਸ਼ਟੀਜਨਕ ਬਿਲਕੁਲ ਨਹੀਂ। ਆਪੋ ਆਪਣੇ ਧੜੇ ਕਾਇਮ ਕਰਕੇ ‘ਨਿਰਪੱਖ’ ਆਲੋਚਨਾ ਦਾ ਲੰਬੇ ਸਮੇਂ ਤੋਂ ਦੰਭ ਕੀਤਾ ਜਾ ਰਿਹਾ ਹੈ। ਅਕਾਦਮਿਕ ਪੱਧਰ ਦੀ ਆਲੋਚਨਾ ਆਪਣੀ ਸੀਮਾਂ ਤੋਂ ਬਾਹਰ ਨਹੀਂ ਜਾਂਦੀ।

* ਲੇਖਕ ਦਾ ਮਾਣ-ਸਨਮਾਨ ਹੋਵੇ ਤਾਂ ਚੰਗਾ ਹੈ ਪਰ ਜੁਗਾੜ ਨਾਲ ਅਜਿਹਾ ਕਰਨਾ ਕਰਵਾਉਣਾ ਚੰਗਾ ਨਹੀਂ ਕਿਹਾ ਜਾ ਸਕਦਾ।

* ਲੇਖਕਾਂ ਦੇ ਅਨੁਸਾਰ ਸੱਚਮੁੱਚ ਹੀ ਪਾਠਕਾਂ ਦੀ ਗਿਣਤੀ ਸਾਡੇ ਘੱਟ ਹੈ। ਕਾਰਨ ਸਾਫ਼ ਹੈ ਕਿ ਸਾਡੇ ਸਮਾਜ ਵਿਚ ਬਚਪਨ ਤੋਂ ਬੱਚੇ ਨੂੰ ਕਿਤਾਬ ਨਾਲ ਨਹੀਂ ਜੋੜਿਆ ਜਾਂਦਾ।

* ਬਿਨਾਂ ਪੜ੍ਹੇ ਕੋਈ ਲੇਖਕ ਬਣ ਹੀ ਨਹੀਂ ਸਕਦਾ। ਜੇ ਘੜੇ ਵਿੱਚੋਂ ਪਾਣੀ ਕੱਢਣਾ ਹੋਵੇ ਤਾਂ ਪਹਿਲਾਂ ਉਸ ਵਿਚ ਪਾਣੀ ਪਾਉਣਾ ਪਵੇਗਾ, ਫੇਰ ਹੀ ਵਿੱਚੋਂ ਕੁਝ ਨਿਕਲੂ।

ਨਿਰਸੰਦੇਹ ਖੁੱਲ੍ਹੀਆਂ ਤੇ ਪਾਰਖੂ ਅੱਖਾਂ ਦਾ ਕਦਰਦਾਨ ਕੇਹਰ ਸ਼ਰੀਫ਼ ਖ਼ੁਦ ਵੀ ਖੁਰਦਬੀਨੀ ਸੂਝ ਰੱਖਦਾ ਹੈ ਤੇ ਲਿਖਦਾ ਵੀ ਉੱਚ ਪਾਏ ਦਾ ਹੈ।
***
134
***

(ਇਹ ਲੇਖ 4 ਅਪਰੈਲ 2021 ਦੇ “ਪੰਜਾਬੀ ਜਾਗਰਣ ” ਵਿਚ ਛਪਿਆ ਹੈ।) 

About the author

ਹਰਮੀਤ ਸਿੰਘ ਅਟਵਾਲ
ਹਰਮੀਤ ਸਿੰਘ ਅਟਵਾਲ
+9815505287 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ