20 April 2024
ਹਰਮੀਤ ਸਿੰਘ ਅਟਵਾਲ

ਅਦੀਬ ਸੰਮੁਦਰੋਂ ਪਾਰ ਦੇ: ਚੇਤੰਨ ਚਿੰਤਕ ਤੇ ਸਮਰੱਥ ਸਾਹਿਤਕਾਰ ਡਾ. ਗੁਰਦਿਆਲ ਸਿੰਘ ਰਾਏ—-ਹਰਮੀਤ ਸਿੰਘ ਅਟਵਾਲ

ਉੱਘੇ ਆਲੋਚਕ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ ਅਖਬਾਰ’ ਵਿੱਚ ਛਪਦੇ ਹਫਤਾਵਾਰੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” ਦੀ ਅੱਜ (30 ਮੲੀ 2021 ਨੂੰ) 38 ਵੀਂ ਕਿਸ਼ਤ ਛਪੀ ਹੈ ਆਪ ਸਭ ਦੀ ਨਜਰ ਹੈ ਡਾ. ਗੁਰਦਿਆਲ ਸਿੰਘ ਰਾਏ ਬਾਰੇ ਲਿਖਿਆ ਗਿਆ ਲੇਖ:

ਚੇਤੰਨ ਚਿੰਤਕ ਤੇ ਸਮਰੱਥ ਸਾਹਿਤਕਾਰ ਡਾ. ਗੁਰਦਿਆਲ ਸਿੰਘ ਰਾਏ—ਹਰਮੀਤ ਸਿੰਘ ਅਟਵਾਲ

ਚਿੰਤਕ ਸ਼ਬਦ ਦੇ ਕੋਸ਼ਗਤ ਅਰਥ ਹਨ ਧਿਆਨ ਕਰਨ ਵਾਲਾ, ਸੋਚਣ ਵਾਲਾ, ਚਿੰਤਨ ਕਰਨ ਵਾਲਾ, ਅਧਿਐਤਾ ਜਾਂ ਦਾਰਸ਼ਨਿਕ। ਜਿਹੜਾ ਚਿੰਤਕ ਸੁਚੇਤ ਹੋਵੇ ਉਸ ਨੂੰ ਚੇਤੰਨ ਚਿੰਤਕ ਆਖਿਆ ਜਾਂਦਾ ਹੈ ਤੇ ਸਾਹਿਤਕਾਰ ਤਾਂ ਡਾ. ਗੋਪਾਲ ਸਿੰਘ ਦਰਦੀ ਦੇ ਕਹਿਣ ਅਨੁਸਾਰ ਹੁੰਦਾ ਹੀ ਕਲਾਵਾਨ ਹੈ ਜਿਸ ਦੀ ਸਵੈਪਰਗਟਤਾ ਤਾਂ ਸਾਡੇ ਸੁਹਜ ਭਾਵਾਂ ਤੇ ਸੁਆਦਾਂ ਨੂੰ ਹਲੂਣਦੀ ਹੋਈ ਸਾਡੇ ਆਦਰਸ਼ਾਂ ਦੀ ਅਗਵਾਈ ਵੀ ਕਰਦੀ ਹੈ। ਜਿਹੜਾ ਸ਼ਖ਼ਸ ਚੇਤੰਨ ਚਿੰਤਕ ਵੀ ਹੋਵੇ ਤੇ ਸਮਰੱਥ ਸਾਹਿਤਕਾਰ ਵੀ ਹੋਵੇ ਤਾਂ ਉਹ ਆਪਣੇ ਆਪ ਵਿਚ ਸੰਬੰਧਿਤ ਭਾਸ਼ਾ, ਸਾਹਿਤ ਤੇ ਸੱਭਿਆਚਾਰ ਲਈ ਵੀ ਵੱਡਿਆਂ ਭਾਗਾਂ ਵਾਲੀ ਗੱਲ ਹੁੰਦੀ ਹੈ। ਸਾਡੇ ਬਰਤਾਨੀਆ ਵੱਸਦੇ ਡਾ. ਗੁਰਦਿਆਲ ਸਿੰਘ ਰਾਏ ਦੀ ਹੋਂਦ-ਹਸਤੀ ਵੀ ਇੱਕ ਚੇਤੰਨ ਚਿੰਤਕ ਤੇ ਉੱਚ ਪਾਏ ਦੇ ਕਸ਼ੰਗ ਸਾਹਿਤਕਾਰ ਵਾਲੀ ਹੈ ਜਿਸ ਦੀਆਂ ਲਿਖਤਾਂ ਉਸ ਦੀ ਵਿਚਾਰਧਾਰਕ, ਜ਼ਕਾਵਤੀ ਤੇ ਅਦਬੀ ਅਮੀਰੀ ਦੀ ਤਕੜੀ ਧਿਰ ਬਣਕੇ ਖੜਦੀਆਂ ਹਨ, ਸੁਚੱਜਤਾ ਦੀ ਭਰਪੂਰ ਸ਼ਾਹਦੀ ਭਰਦੀਆਂ ਹਨ।

ਡਾ. ਗੁਰਦਿਆਲ ਸਿੰਘ ਰਾਏ

ਡਾ. ਗੁਰਦਿਆਲ ਸਿੰਘ ਰਾਏ ਦਾ ਜਨਮ ਪਿਤਾ ਬਿਸ਼ਨ ਸਿੰਘ ਤੇ ਮਾਤਾ ਗੁਰਬਚਨ ਕੌਰ ਦੇ ਘਰ 1 ਮਈ 1937 ਈ: ਨੂੰ ਸ਼ਹਿਰ ਤਿੰਨਸੁਖੀਆ (ਆਸਾਮ) ਵਿਚ ਹੋਇਆ। ਡਾ. ਰਾਏ ਨੇ ਗਿਆਨੀ ਵੀ ਕੀਤੀ ਹੋਈ ਹੈ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਮਏ (ਪੰਜਾਬੀ) ਵੀ ਕੀਤੀ ਹੋਈ ਹੈ ਤੇ ਕਾਫ਼ੀ ਉੱਚ ਵਿੱਦਿਆ ਬਰਤਾਨੀਆ ਤੋਂ ਵੀ ਹਾਸਲ ਕੀਤੀ ਹੋਈ ਹੈ। ਡਾ. ਰਾਏ ਨੇ ਇੰਗਲੈਂਡ ਆਉਣ ਤੋਂ ਪਹਿਲਾਂ ਜਲੰਧਰ ਤੋਂ ਛਪਦੇ ‘ਅਕਾਲੀ ਪੱਤ੍ਰਿਕਾ’ ਅਖ਼ਬਾਰ ਵਿਚ ਵੀ ਕੰਮ ਕੀਤਾ। ਸਕੂਲ ਅਧਿਆਪਕ ਵੱਜੋਂ ਵੀ ਸੇਵਾ ਨਿਭਾਈ ਤੇ ‘ਪੱਤਣ’ ਨਾਂ ਦਾ ਪੰਜਾਬੀ ਸਹੀਫ਼ਾ ਵੀ ਕੱਢਿਆ। ਉਦੋਂ ਉਨ੍ਹਾਂ ਦਾ ਸਾਰਾ ਪਰਿਵਾਰ ਆਦਮਪੁਰ ਹੀ ਰਹਿੰਦਾ ਸੀ। ਆਰਥਕ ਪੱਖੋਂ ਤੰਗੀ ਸੀ। ਉਦੋਂ ਯੂਕੇ ਦੀ ਲੇਬਰ ਮਨਿਸਟਰੀ ਵੱਲੋਂ ਵਾਊਚਰ ਸਿਸਟਮ ਦਾ ਆਰੰਭ ਹੋਇਆ ਤੇ ਡਾ. ਰਾਏ ਨੇ ਵੀ ਬੇਨਤੀ ਪੱਤਰ ਦਿੱਤਾ। ਵਾਊਚਰ ਮਿਲਣ ਸਦਕਾ ਡਾ. ਰਾਏ ਨੇ ਅਕਤੂਬਰ 1963 ਵਿਚ ਇੰਗਲੈਂਡ ਵਿਚ ਜਾ ਪੈਰ ਧਰਿਆ।

ਡਾ. ਗੁਰਦਿਆਲ ਸਿੰਘ ਰਾਏ ਦੀਆਂ ਹੁਣ ਤਕ ਆਈਆਂ ਪੁਸਤਕਾਂ ਵਿਚ ‘ਅੱਗ’ (ਕਵਿਤਾਵਾਂ), ‘ਮੋਏ ਪੱਤਰ’ ਤੇ ‘ਗੋਰਾ ਰੰਗ ਕਾਲੀ ਸੋਚ’ (ਕਹਾਣੀਆਂ), ‘ਲੇਖਕ ਦਾ ਚਿੰਤਨ’ (ਆਲੋਚਨਾ), ‘ਗੁਆਚੇ ਪਲਾਂ ਦੀ ਤਲਾਸ਼’ (ਨਿਬੰਧ), ‘ਬਰਤਾਨਵੀ ਪੰਜਾਬੀ ਕਲਮਾ (ਨਿਬੰਧ/ਆਲੋਚਨਾ), ‘ਅੱਖੀਆਂ ਕੂੜ ਮਾਰਦੀਆਂ’ (ਜਨਾਬ ਮਕਸੂਦ ਇਲਾਹੀ ਸ਼ੇਖ ਦੀਆਂ 11 ਉਰਦੂ ਕਹਾਣੀਆਂ ਦਾ ਪੰਜਾਬੀ ਅਨੁਵਾਦ) ਤੇ ਬਰਤਾਨਵੀ ਇਸਤਰੀ ਲੇਖਿਕਾਵਾਂ ਦੀਆਂ ਉਰਦੂ ਕਹਾਣੀਆਂ (ਅਨੁਵਾਦ/ਸੰਪਾਦਨ) ਸ਼ਾਮਲ ਹਨ। ਡਾ. ਗੁਰਦਿਆਲ ਸਿੰਘ ਰਾਏ ਰਚਿਤ ਸਾਹਿਤ/ਆਲੋਚਨਾ ਦਾ ਜਦੋਂ ਇਕਾਗਰਚਿਤ ਅਧਿਐਨ ਕੀਤਾ ਜਾਂਦਾ ਹੈ ਤਾਂ ਪਤਾ ਲਗਦਾ ਹੈ ਕਿ ਡਾ. ਰਾਏ ਨੂੰ ਸ਼ਬਦ ਦੀ ਸੁਹਜਵੰਤ ਲੀਲਾ ਦੀ ਸੰਪੂਰਨ ਸਮਝ ਹੈ। ਉਸ ਦੇ ਚਿੰਤਕੀ ਖ਼ਿਆਲਾਂ ਦੀ ਵਿਚਾਰਧਾਰਕ ਡੂੰਘਾਈ ਤੇ ਵਿਸਤਾਰ ਅਤੇ ਉਸ ਦੀ ਸੰਘਣੀ, ਸਰਲ, ਦਿਲਚਸਪ, ਜੀਵੰਤ ਤੇ ਚਿੰਤਨੀ ਸੇਕ ਵਾਲੀ ਸ਼ੈਲੀ ਉਸ ਦੀਆਂ ਕਿਰਤਾਂ ਦੀ ਕੀਰਤੀ ’ਚ ਕਮਾਲ ਦਾ ਵਾਧਾ ਕਰਦੀ ਹੈ। ਉਸ ਦੀ ਲਿਖੀ ਹਰ ਸਤਰ ਪਾਠਕ ਉੱਪਰ ਆਪਣਾ ਅਸਰ ਛੱਡਦੀ ਹੈ। ਸਿਆਣੇ ਕਹਿੰਦੇ ਨੇ ਪ੍ਰਗਤੀ ਪਰੰਪਰਾ ਦੇ ਨਿਖੇੜ ਵਿੱਚੋਂ ਨਹੀਂ ਸਗੋਂ ਉਸ ਦੇ ਨਿਖ਼ਾਰ ਵਿੱਚੋਂ ਉਪਜਦੀ ਹੈ। ਇਹ ਨਿਖ਼ਾਰ ਵੀ ਡਾ. ਰਾਏ ਦੀਆਂ ਰਚਨਾਵਾਂ ਵਿੱਚੋਂ ਵੇਖਿਆ-ਵਾਚਿਆ ਜਾ ਸਕਦਾ ਹੈ। ਕਿਸੇ ਨਾ ਕਿਸੇ ਪੱਧਰ ’ਤੇ ਇਹ ਨਿਖ਼ਾਰ ਹੀ ਸੋਝੀ-ਵਿਸਤਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਚਲਦਾ ਹੈ। ਸਿੱਟੇ ਵੱਜੋਂ ਉਸ ਦੀਆਂ ਰਚਨਾਵਾਂ ਪਕਿਆਈ ਦੀ ਪਰਪੱਕ ਭਾਹ ਮਾਰਦੀਆਂ ਹਨ ਤੇ ਕਚਿਆਈ ਦੀ ਨੀਲਾਹਟ ਤੋਂ ਬਹੁਤ ਹੱਦ ਤਕ ਮੁਕਤ ਹਨ।

ਥਾਂ ਦੇ ਸੰਜਮੀ ਸੁਭਾਅ ਮੁਤਾਬਕ ਇਥੇ ਡਾ. ਗੁਰਦਿਆਲ ਸਿੰਘ ਰਾਏ ਦੇ ਰਚਨਾ ਸੰਸਾਰ ਦੇ ਅੰਤਰਗਤ ਹੋਈਏ ਤਾਂ ਉਸ ਦੀ ਕਾਵਿ-ਪੁਸਤਕ ‘ਅੱਗ’ ਨਜ਼ਰੀ ਪੈਂਦੀ ਹੈ। ‘ਅੱਗ’ ਦਾ ਅੰਤਰੀਵੀ ਭਾਵ ਸਮੇਂ ਦੀ ਸਮਾਜਕ ਆਤਮਾ ਵਿਚ ਲੁਪਤ ਹੈ। ਇਥੇ ਗੁਰਦੀਪ ਸਿੰਘ ਪੁਰੀ (ਇੱਕ ਬਰਤਾਨਵੀ ਪੰਜਾਬੀ ਵਿਦਵਾਨ) ਦੇ ਡਾ. ਰਾਏ ਤੇ ਡਾ. ਰਾਏ ਦੀ ਕਵਿਤਾ ਬਾਰੇ ਪ੍ਰਗਟਾਏ ਵਿਚਾਰਾਂ ਨੂੰ ਹੂਬਹੂ ਲਿਖਣਾ ਵਾਜ਼ਬ ਸਮਝਦੇ ਹਾਂ। ਪੁਰੀ ਦੇ ਵਿਚਾਰ ਹਨ:

‘‘ਡਾ. ਗੁਰਦਿਆਲ ਸਿੰਘ ਰਾਏ ਪਿਆਰੀ ਜਿਹੀ, ਉਦਾਸ ਹੁੰਦੀ ਹੋਈ ਵੀ ਹੱਸਦੀ ਤੇ ਕੁਝ ਦਰਸਾਉਂਦੀ ਹੋਈ ਕਵਿਤਾ ਲਿਖਦਾ ਹੈ। ਉਹ ਯਾਰਾਂ ਦਾ ਯਾਰ ਹੈ, ਦਿਲਦਾਰਾਂ ਦਾ ਦਿਲਦਾਰ ਹੈ। ਸ਼ਾਇਦ ਇਸੇ ਲਈ ਰਾਮ ਸਰੂਪ ਅਣਖੀ ਨੇ ਆਪਣੀ ਇੰਗਲੈਂਡ ਫੇਰੀ ਨਾਲ ਸੰਬੰਧਿਤ ਇੱਕ ਲੇਖ ਵਿਚ ਲਿਖਿਆ ਸੀ ਕਿ ਮੈਂ ਬਰਮਿੰਘਮ ਦੇ ਡਾ. ਗੁਰਦਿਆਲ ਸਿੰਘ ਰਾਏ ਨੂੰ ਆਪਣੀ ਜ਼ਿੰਦਗੀ ਵਿੱਚੋਂ ਸੱਤ ਸਾਲ ਦਿੰਦਾ ਹਾਂ।’’ ਡਾ. ਰਾਏ ਦੇ ‘ਮੋਏ ਪੱਤਰ’ ਤੇ ‘ਗੋਰਾ ਰੰਗ ਕਾਲੀ ਸੋਚ’ ਨਾਂ ਦੇ ਦੋ ਕਹਾਣੀ ਸੰਗ੍ਰਹਿ ਵੀ ਪਾਠਕਾਂ ਕੋਲ ਪੁੱਜੇ ਹਨ ਜਿਨ੍ਹਾਂ ਵਿਚ ਕੁੱਲ 32 ਕਹਾਣੀਆਂ ਹਨ। ‘ਮੋਏ ਪੱਤਰ’ ਦੀਆਂ ਪਹਿਲੀਆਂ 9 ਕਹਾਣੀਆਂ ਵਿਚ ਇੰਗਲੈਂਡ ਅੰਦਰ ਵਾਪਰ ਰਹੀ ਪਰਵਾਸੀ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਦੇ ਦ੍ਰਿਸ਼ ਹਨ ਤੇ ਬਾਕੀ ਦੀਆਂ ਕਹਾਣੀਆਂ ਭਾਰਤੀ ਸਮਾਜਿਕ ਜੀਵਨ ਦਾ ਕਰੁਣਾਮਈ ਜੀਵਨ ਚਿਤਰਣ ਕਥਾਬੱਧ ਕਰਦੀਆਂ ਹਨ। ‘ਗੋਰਾ ਰੰਗ ਕਾਲੀ ਸੋਚ’ ਦੀ ਪਹਿਲੀ ਕਹਾਣੀ ‘ਰੰਗਦਾਰ’ ਇੱਕ ਬਰਤਾਨਵੀ ਸਰੂਪ ਦੇ ਸਟਾਫ ਰੂਮ ਵਿਚ ਹੀ ਟੁਰਦੀ-ਵਧਦੀ ਹੈ ਪਰ ਇਸ ਦਾ ਫੈਲਾਅ ਸਮੁੱਚੇ ਬਰਤਾਨਵੀ ਸਮਾਜ ਦੀ ਇੱਕ ਕੋਝੀ ਸੋਚ ਨਲ ਮੇਲ ਖਾਂਦਾ ਹੈ। ਐੱਸਐੱਸ ਅਮੋਲ, ਪ੍ਰੀਤਮ ਸਿੰਘ ਕੈਂਬੋ, ਨਿਰੰਜਨ ਸਿੰਘ ਨੂਰ, ਜੋਗਿੰਦਰ ਸਿੰਘ ਨਿਰਾਲਾ, ਡਾ. ਚੰਨਣ ਸਿੰਘ ਚੰਨ ਤੇ ਗਿਆਨੀ ਮੱਖਣ ਸਿੰਘ ਮ੍ਰਿੰਗਦ ਨੇ ਵੀ ਡਾ. ਰਾਏ ਦੀਆਂ ਕਹਾਣੀਆਂ ਬਾਰੇ ਆਪਣੇ ਪ੍ਰਭਾਵਸ਼ਾਲੀ ਵਿਚਾਰ ਵਿਅਕਤ ਕੀਤੇ ਹਨ। ਤੱਤਸਾਰ ਇਹੀ ਹੈ ਕਿ ਡਾ. ਰਾਏ ਦੀਆਂ ਕਹਾਣੀਆਂ ਦਾ ਸੁਭਾਅ ਸੁਧਾਰਵਾਦੀ ਹੈ। ਸਿੱਖਿਆਦਾਇਕ ਹੈ। ਸ਼ਾਇਦ ਇਸੇ ਲਈ ਗਿਆਨੀ ਮੱਖਣ ਸਿੰਘ ਜੀ ਨੇ ਡਾ. ਰਾਏ ਨੂੰ ‘ਇੱਕ ਸਮਾਜਿਕ ਵੈਦ’ ਵੀ ਆਖਿਆ ਹੈ। ‘ਗੁਆਚੇ ਪਲਾਂ ਦੀ ਤਲਾਸ਼’ ਵਿਚ 17 ਨਿਬੰਧ ਹਨ ਜਿਨ੍ਹਾਂ ਦੀ ਭੂਮਿਕਾ ਡਾ. ਮਹਿੰਦਰ ਸਿੰਘ ਡਡਵਾਲ ਨੇ ਲਿਖੀ ਹੈ। ਇਹ ਸਾਰੇ ਨਿਬੰਧ ਚਿੰਤਨੀ ਸ਼ੈਲੀ ਵਾਲੇ ਹਨ। ਇੱਕ ਤੋਂ ਵੱਧ ਵਾਰ ਪੜ੍ਹਨ ਵਾਲੇ ਹਨ। ‘ਤਬਦੀਲੀ ਯਕੀਨੀ ਹੈ’, ‘ਮਨੁੱਖਤਾ ਕੋਈ ਸੌਖੀ ਸ਼ੈਅ ਨਹੀਂ’, ‘ਗੱਲਬਾਤ ਲਈ ਬੰਦ ਅਤੇ ਖੁੱਲ੍ਹਾ ਦਿਮਾਗ਼’, ‘ਇੱਛਾ ਤੇ ਸੰਕਲਪ’ ਆਦਿ ਸਾਰੇ ਨਿਬੰਧ ਡਾ. ਰਾਇ ਦੀ ਖੁਰਦਬੀਨੀ ਦਾਰਸ਼ਨਿਕ, ਸਮਾਜਿਕ ਤੇ ਸਾਹਿਤਕ ਸੂਝ ਦਾ ਪੁਖਤਾ ਪ੍ਰਮਾਣ ਹਨ। ਇਸੇ ਤਰ੍ਹਾਂ ‘ਲੇਖਕ ਦਾ ਚਿੰਤਨ’ ਵੀ ਵਾਰਤਕ ਪੁਸਤਕ ਹੈ ਜਿਸ ਵਿਚ 8 ਨਿਬੰਧ ਤੇ ਪੰਜ ਆਲੋਚਨਾਤਮਕ ਲੇਖ ਹਨ। ਪਹਿਲੇ 8 ਨਿਬੰਧ ਤਾਂ ਲੇਖਕਾਂ ਲਈ ਵੀ ਪ੍ਰੇਰਨਾਦਾਇਕ ਹਨ। ਦੂਜੇ ਭਾਗ ਵਿਚ ਬਰਤਾਨਵੀ ਪੰਜਾਬੀ ਨਿਬੰਧਾਂ ਦਾ ਸਰਵੇਖਣ ਵੀ ਪ੍ਰਸਤੁਤ ਹੈ। ਬਰਤਾਨਵੀ ਪੰਜਾਬੀ ਕਵਿਤਾ ਦੀ ਗੱਲ ਵੀ ਕੀਤੀ ਗਈ ਹੈ। ਆਸ਼ਾ ਤੇ ਨਿਰਾਸ਼ਾ ਤੋਂ ਰਹਿਤ ਲੇਖਕ ਦਾ ਵੀ ਜ਼ਿਕਰ ਹੈ। ਪੂਰੀ ਪੁਸਤਕ ਲੇਖਕ ਦੇ ਚਿੰਤਨ ਦੇ ਇਰਦ-ਗਿਰਦ ਹੀ ਸਾਰਥਕਾ ਸਹਿਤ ਘੁੰਮਦੀ ਹੈ। ‘ਬਰਤਾਨਵੀ ਪੰਜਾਬੀ ਕਲਮਾਂ’ ਸਮੀਖਿਆ ਦੀ ਪੁਸਤਕ ਹੈ। ਇਸ ਵਿਚ ਕੁੱਲ 17 ਰਚਨਾਵਾਂ ਹਨ। ਪਹਿਲੀਆਂ ਚਾਰ ਲਿਖਣ ਪ੍ਰਕਿਰਿਆ ਬਾਰੇ ਹਨ। ਦੂਜੇ ਭਾਗ ਵਿਚ 9 ਕਵੀਆਂ ਤੇ ਤੀਜੇ ਭਾਗ ਵਿਚ 4 ਵਾਰਤਕ ਲਿਖਾਰੀਆਂ ਦੀਆਂ ਪੁਸਤਕਾਂ ਦੇ ਪਾਠਗਤ ਅਧਿਐਨ ਦੇ ਆਧਾਰ ’ਤੇ ਉਨ੍ਹਾਂ ਦੀਆਂ ਰਚਨਾਵਾਂ ਬਾਰੇ ਸਿਰਜਣਾਤਮਕ ਆਲੋਚਨਾ ਪ੍ਰਣਾਲੀ ਤਹਿਤ ਵਿਚਾਰ ਸਾਂਝੇ ਕੀਤੇ ਗਏ ਹਨ।

ਬਹੁਤ ਹੀ ਉਦਾਰ-ਚਿੱਤ ਡਾ. ਗੁਰਦਿਆਲ ਸਿੰਘ ਰਾਏ ਨਾਲ ਸਾਡਾ ਸਾਹਿਤਕ ਵਿਹਾਰ ਵਟਾਂਦਰਾ ਅਕਸਰ ਹੁੰਦਾ ਰਹਿੰਦਾ ਹੈ। ਇਸ ਦੇ ਕੁਝ ਅੰਸ਼ ਡਾ. ਰਾਏ ਵੱਲੋਂ ਇੰਨ ਬਿੰਨ ਪੇਸ਼ ਹਨ :-

* ਬਰਤਾਨੀਆ ਵਿਚ ਇੱਕ ਅੰਦਾਜ਼ੇ ਨਾਲ ਲਗਭਗ ਡੇਢ ਕੁ ਸੌ ਲੇਖਕ ਸਮੇਂ-ਸਮੇਂ ਆਪਣੀਆਂ ਕਲਮਾ ਦੇ ਜੌਹਰ ਦਿਖਾਉਂਦੇ ਰਹਿੰਦੇ ਹਨ। ਬਹੁਤ ਸਾਰੇ ਹੁਣ ਵਿਛੜ ਗਏ ਹਨ। ਫਿਰ ਵੀ ਸੱਤਰ-ਅੱਸੀ ਕੁ ਲੇਖਕ ਬਰਤਾਨੀਆ ਦੇ ਵੱਖ-ਵੱਖ ਸ਼ਹਿਰਾਂ ਵਿਚ ਰਹਿ ਰਹੇ ਹਨ।

* ਬਰਤਾਨਵੀ ਪੰਜਾਬੀ ਸਾਹਿਤ ਤੇ ਭਾਰਤੀ ਪੰਜਾਬੀ ਸਾਹਿਤ ਵਿਚ ਬਹੁਤ ਫ਼ਰਕ ਹੈ। ਬਰਤਾਨੀਆ ਵਿਚ ਵੱਸਣ ਵਾਲੇ ਪੰਜਾਬੀਆਂ ਦੀਆਂ ਆਪਣੀ ਕਿਸਮ ਦੀਆਂ ਸਮੱਸਿਆਵਾਂ ਹਨ ਅਤੇ ਪੰਜਾਬ ਵੱਸਦੇ ਪੰਜਾਬੀਆਂ ਦੀਆਂ ਆਪਣੀਆਂ।

* ਪੰਜਾਬੀ ਭਾਸ਼ਾ ਤੇ ਸਾਹਿਤ ਦੇ ਵਾਧੇ ਤੇ ਵਿਕਾਸ ਵਿਚ ਵਲੈਤੀ ਸੰਚਾਰ ਸਾਧਨਾਂ ਦਾ ਯੋਗਦਾਨ ਤਾਂ ਕੋਈ ਵਿਸ਼ੇਸ਼ ਵਰਣਨ ਯੋਗ ਨਹੀਂ ਹੈ। ਪਹਿਲਾਂ ਬੜੀ ਜੱਦੋ-ਜਹਿਦ ਬਾਅਦ 1965/66 ਵਿਚ ਬੀਬੀਸੀ ਵੱਲੋਂ ਹਰ ਐਤਵਾਰ ਸਵੇਰੇ 20 ਕੁ ਮਿੰਟ ਦਾ ਪ੍ਰੋਗਰਾਮ ਆਰੰਭ ਹੋਇਆ ਸੀ ਜਿਸ ਦਾ ਮਨੋਰਥ ਕੇਵਲ ਜਾਂ ਤਾਂ ਥੋੜ੍ਹੀ ਬਹੁਤ ਜਾਣਕਾਰੀ ਦੇਣਾ ਹੁੰਦਾ ਸੀ ਤੇ ਜਾਂ ਫਿਰ ਇੱਕ ਦੋ ਫਿਲਮੀ ਗੀਤ ਲਾ ਕੇ ਮਨੋਰੰਜਨ ਕਰਨਾ। ਜਦੋਂ ਸਹਿਜੇ-ਸਹਿਜੇ ਪੰਜਾਬੀਆਂ ਦੇ ਪੈਰ ਜੰਮਣੇ ਸ਼ੁਰੂ ਹੋਏ ਤਾਂ ਪੰਜਾਬੀ ਅਖ਼ਬਾਰਾਂ ਜਿਵੇਂ ਕਿ ‘ਦੇਸ-ਪ੍ਰਦੇਸ’, ‘ਪੰਜਾਬ ਟਾਈਮਜ਼’ ਆਦਿ ਪ੍ਰਕਾਸ਼ਤ ਹੋਣੇ ਸ਼ੁਰੂ ਹੋਏ। ਪੰਜਾਬੀ ਦੇ ਲੇਖਕਾਂ ਦੀਆਂ ਰਚਨਾਵਾਂ ਵੀ ਹਫ਼ਤਾਵਾਰੀ ਪਰਚਿਆਂ ਅਤੇ ਵਿਸ਼ੇਸ਼ ਅੰਕਾਂ ਵਿਚ ਆਉਣੀਆਂ ਆਰੰਭ ਹੋਈਆਂ। ਸਮੇਂ-ਸਮੇਂ ਸਿਰ ਹੋਰ ਵੀ ਬਹੁਤ ਸਾਰੇ ਪਰਚਿਆਂ ਨੇ ਜਨਮ ਲਿਆ। ਕੁਝ ਚਿਰ ਛਪੇ ਤੇ ਫਿਰ ਕਈ ਕਾਰਣਾਂ ਕਰਕੇ ਬੰਦ ਹੋਏ। ਪੰਜਾਬੀ ਸੰਚਾਰ ਸਾਧਨ ਮੁੱਖ ਰੂਪ ਵਿਚ ਆਪਣੀ ਹੋਂਦ ਦੀ ਬਰਕਰਾਰੀ ਲਈ ਵਿਉਪਾਰਕ ਲੀਹਾਂ ’ਤੇ ਚੱਲਣ ਲਈ ਮਜਬੂਰ ਹਨ। ਫਿਰ ਵੀ ਇਨ੍ਹਾਂ ਪਰਚਿਆਂ ਨੇ ਹੁਣ ਤਕ ਬਰਤਾਨੀਆ ਵਿਚ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਵਾਧੇ ਤੇ ਵਿਕਾਸ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ।

* ਕਈ ਵਾਰ ਇੰਝ ਜ਼ਰੂਰ ਭਾਸਦਾ ਹੈ ਕਿ ਪੰਜਾਬੀ ਵਿਚ ਜਿਤਨੇ ਲੇਖਕ ਹਨ ਉਤਨੇ ਹੀ ਪਾਠਕ ਵੀ। ਅਪਵਾਦ ਹੋ ਸਕਦੇ ਹਨ ਅਤੇ ਹਨ ਵੀ। ਪਾਠਕਾਂ ਦੀ ਘਾਟ ਦਾ ਪਹਿਲਾ ਰੌਲਾ ਪੰਜਾਬੀ ਦੇ ਪਬਲਿਸ਼ਰਾਂ ਵੱਲੋਂ ਹੈ। ਜੇ ਪਾਠਕ ਨਹੀਂ ਹਨ ਤਾਂ ਉਹ ਧੜਾ ਧੜ ਛਾਪ ਕਿਉਂ ਰਹੇ ਹਨ? ਕਈ ਦਫ਼ਾ ਸੁਣਨ ਵਿਚ ਆਉਂਦਾ ਹੈ ਕਿ ਆਮ ਪਾਠਕਾਂ ਵਿਚ ਪੜ੍ਹਨ ਦੀ ਦਿਲਚਪੀ ਤਾਂ ਹੈ ਪਰ ਉਨ੍ਹਾਂ ਤਕ ਉਨ੍ਹਾਂ ਦੀ ਹੈਸੀਅਤ ਦੀ ਦਰ ਮੁਤਾਬਕ ਪੁਸਤਕ ਦੀ ਪਹੁੰਚ ਦਾ ਪ੍ਰਬੰੰਧ ਨਾ ਹੋਵੇ ਤਾਂ ਪਾਠਕ ਕਿੱਥੋਂ ਲੱਭਣ? ਅਕਸਰ ਮੁੱਲ ਦੀ ਕਿਤਾਬ ਦੀ ਤਾਂ ਗੱਲ ਹੀ ਕੀ, ਕਈ ਵਾਰ ਮੁਫ਼ਤ ਵਿਚ ਮਿਲੀਆਂ ਪੁਸਤਕਾਂ ਨੂੰ ਵੀ ਪੜਿ੍ਹਆ ਨਹੀਂ ਜਾਂਦਾ।

* ਲਿਖਣਾ ਅਤੇ ਪੜ੍ਹਨਾ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਲੇਖਕ ਲਈ ਲਿਖਣ ਤੋਂ ਵੀ ਪਹਿਲਾਂ ਅਤੇ ਲਿਖਣ ਦੇ ਨਾਲ ਹੀ ਨਾਲ ਸਦਾ ਪੜ੍ਹਦੇ ਰਹਿਣਾ ਬਹੁਤ ਜ਼ਰੂਰੀ ਹੈ।

* ਜੇ ਲੇਖਕ ਦੀ ਲਿਖਤ ਪਾਠਕਾਂ ਦੀ ਦਰਗਾਹ ਵਿਚ ਕਬੂਲ ਹੋ ਜਾਵੇ ਤਾਂ ਇਹੋ ਹੀ ਬਹੁਤ ਵੱਡਾ ਇਨਾਮ ਹੈ।

* ਛੰਦ-ਬੱਧ ਕਵਿਤਾ ਪਿੰਗਲ ਜਾਂ ਅਰੂਜ ਦੀ ਧਾਰਨੀ ਹੋਣ ਕਾਰਨ ਰਵਾਇਤੀ ਵਜ਼ਨਾਂ ਦੇ ਸਹਾਰੇ ‘ਲੈ’ ਪਰਦਾਨ ਕਰਦੀ ਹੋਈ ਖੁੱਲ੍ਹੀ ਕਵਿਤਾ ਨਾਲੋਂ ਜ਼ਿਆਦਾ ਰੌਚਕ ਪ੍ਰਭਾਵ ਛੱਡਦੀ ਪ੍ਰਤੀਤ ਹੁੰਦੀ ਹੈ।

* ਇਸ ਸਮੇਂ ਵੀ ਵੇਖਣ ਵਿਚ ਆ ਰਿਹਾ ਹੈ ਕਿ ‘ਬਰਤਾਨਵੀ ਪੰਜਾਬੀ ਸਾਹਿਤ’ ਜਾਂ ਹੋਰ ਭਾਰਤ ਬਾਹਰੇ ਦੇਸ਼ਾਂ ਵਿਚ ਰਚੇ ਜਾਂਦੇ ਪੰਜਾਬੀ ਸਾਹਿਤ ਨੂੰ ਵੱਖਰੇ-ਵੱਖਰੇ ਲੇਬਲ ਲਾ ਕੇ ਵੇਖਿਆ, ਪੜ੍ਹਿਆ ਜਾਂ ਵਿਚਾਰਿਆ ਜਾਂਦਾ ਹੈ। ਪੱਖਪਾਤ ਅਤੇ ਜੁੰਡਲੀਵਾਦ ਪ੍ਰਧਾਨ ਹੈ। ਅਜਿਹੀ ਸਥਿਤੀ ਵਿਚ ਜੇ ਨਿਰਪੱਖਤਾ ਨਾਲ ‘ਬਰਤਾਨਵੀ ਪੰਜਾਬੀ ਸਾਹਿਤ’ ਦਾ ਕੋਈ ਵੱਖਰਾ ਇਤਿਹਾਸ ਲਿਖਿਆ ਜਾਵੇ ਤਾਂ ਕੋਈ ਹਰਜ਼ ਨਜ਼ਰ ਨਹੀਂ ਆਉਂਦਾ।

ਨਿਰੰਸਦੇਹ ਡਾ. ਗੁਰਦਿਆਲ ਸਿੰਘ ਰਾਏ ਦੀ ਹਰ ਗੱਲ ਕਾਬਲਿ ਗ਼ੌਰ ਹੈ। ਉਸ ਦੀ ਬਹੁਪੱਖੀ ਸਾਹਿਤਕ ਪ੍ਰਤਿਭਾ ਪਿੱਛੇ ਉਸ ਦਾ ਵਿਸ਼ਾਲ ਤੇ ਵਿਲੱਖਣ ਚਿੰਤਨੀ ਅਨੁਭਵ ਕਾਰਜਸ਼ੀਲ ਹੈ। ਮਾਨਵੀ ਦੁਸ਼ਵਾਰੀਆਂ ਤੇ ਖ਼ੁਸ਼ੀਆਂ ਦੇ ਦਵੰਦ ਨੂੰ ਉਹ ਬਿਹਤਰ ਸਮਝਦਾ ਹੈ। ਉਸ ਦੀ ਧਰਮ ਪਤਨੀ ਸੁਰਜੀਤ ਕੌਰ ਕਲਪਨਾ ਵੀ ਪੰਜਾਬੀ ਦੀ ਨਾਮਵਰ ਕਹਾਣੀਕਾਰ ਹੈ। ਘਰ ਦਾ ਵਧੀਆ ਸਾਹਿਤਕ ਮਾਹੌਲ ਹੈ। ਰੱਬ ਕਰੇ ਇਹ ਮਾਹੌਲ ਚਿਰ ਸਥਾਈ ਰਹੇ। ਦੋਵੇਂਂ ਜੀਅ ਤੰਦਰੁਸਤ ਰਹਿਣ ਤੇ ਪੰਜਾਬੀ ਪਾਠਕਾਂ ਦੀ ਝੋਲੀ ਵਧੀਆ ਪੁਸਤਕਾਂ ਨਾਲ ਭਰਦੇ ਹੋਏ ਲੰਮੀ ਉਮਰ ਦੇ ਮਾਲਕ ਹੋਣ। ਸਾਡੀ ਇਹੀ ਦੁਆ ਹੈ।

***
197
***
ਹਰਮੀਤ ਸਿੰਘ ਅਟਵਾਲ
098155-05287

About the author

ਹਰਮੀਤ ਸਿੰਘ ਅਟਵਾਲ
ਹਰਮੀਤ ਸਿੰਘ ਅਟਵਾਲ
+9815505287 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ