|
ਘਰ ਵਾਲਿਆਂ ਦੇ ਸਖਤ ਸੁਭਾਅ ਕਾਰਨ ਪ੍ਰੀਤਮ ਨੂੰ ਦੁਨੀਆਂ ਦਾਰੀ ਦੀ ਕੋਈ ਜ਼ਿਆਦਾ ਸਮਝਦਾਰੀ ਨਹੀਂ ਸੀ। ਉਹ ਮਨ ਦਾ ਸਾਫ ਅਤੇ ਭੋਲਾ-ਭਾਲਾ ਪਰ ਦਿਲੋਂ ਸੱਚਾ ਸੁੱਚਾ ਅਤੇ ਪੂਰਾ ਇਮਾਨਦਾਰ ਸੀ। ਉਹ ਮਿਹਨਤ ਤਾਂ ਬਹੁਤ ਕਰਦਾ ਸੀ ਪਰ ਉਸ ਦੀ ਮਿਹਨਤ ਦਾ ਫ਼ਲ ਉਸ ਨੂੰ ਕਦੀ ਨਾ ਮਿਲਦਾ। ਦੂਜੇ ਲੋਕ ਉਸ ਦੀਆਂ ਪ੍ਰਾਪਤੀਆਂ ਨੂੰ ਆਪਣੀਆਂ ਦਸ ਕੇ ਸਾਰੀ ਸ਼ਾਬਾਸ਼ ਆਪ ਲੈ ਜਾਂਦੇ। ਪਰ ਉਹ ਕਦੀ ਇਹ ਭੇਤ ਨਾ ਖੋਲਦਾ ਕਿ ਇਹ ਕੰਮ ਉਸ ਨੇ ਕੀਤਾ ਹੈ। ਪ੍ਰੀਤਮ ਨੇ ਜਦ ਦਸਵੀਂ ਦਾ ਇਮਤਿਹਾਨ ਪਾਸ ਕੀਤਾ ਤਾਂ ਉਸ ਦੀ ਅੱਗੋਂ ਪੜ੍ਹਾਈ ਰੋਕ ਦਿੱਤੀ ਗਈ। ਉਸ ਦੇ ਪਿਤਾ ਨੇ ਉਸ ਨੂੰ ਇਕ ਕੱਪੜੇ ਦੀ ਦੁਕਾਨ ਤੇ ਨੌਕਰ ਰਖਵਾ ਦਿੱਤਾ ਜਿੱਥੇ ਉਸ ਨੂੰ 8/9 ਘੰਟੇ ਰੋਜਾਨਾ ਸਖਤ ਮਿਹਨਤ ਕਰ ਕੇ ਮਹੀਨੇ ਬਾਅਦ ਕੇਵਲ 2000/- ਰੁਪਏ ਮਿਲਦੇ। ਫਿਰ ਵੀ ਉਸ ਨੇ ਦਿਲ ਨਾ ਛੱਡਿਆ ਤੇ ਏਨੀ ਸਖਤ ਮਿਹਨਤ ਕਰਨ ਦੇ ਬਾਵਜੂਦ ਰਾਤ ਨੂੰ ਉਸ ਨੇ ਆਪਣੇ ਤੋਰ ਤੇ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ। ਕਹਿੰਦੇ ਹਨ ਕਿ ਮਿਹਨਤ ਕਰਨ ਵਾਲੇ ਦੀ ਕਦੀ ਹਾਰ ਨਹੀਂ ਹੁੰਦੀ। ਪ੍ਰੀਤਮ ਦੀ ਮਿਹਨਤ ਵੀ ਰੰਗ ਲਿਆਈ। ਉਹ ਪ੍ਰਾਈਵੇਟ ਤੋਰ ਤੇ ਇਮਤਿਹਾਨ ਦੇ ਕੇ ਪਹਿਲਾਂ ਬੀ.ਏ. ਅਤੇ ਫਿਰ ਐਮ.ਏ. ਪਾਸ ਕਰ ਗਿਆ। ਉਸ ਨੇ ਦੁਕਾਨ ਦੀ ਨੌਕਰੀ ਛੱਡ ਦਿੱਤੀ। ਹੁਣ ਉਸ ਨੂੰ ਪੰਜਾਬ ਸਰਕਾਰ ਦੇ ਨਹਿਰੀ ਵਿਭਾਗ ਵਿਚ ਕਲਰਕ ਦੀ ਨੌਕਰੀ ਮਿਲ ਗਈ। ਉਸ ਦੀ ਜ਼ਿੰਦਗੀ ਕਾਫੀ ਸੈਟ ਹੋ ਗਈ। ਹੁਣ ਘਰ ਵਿਚ ਪ੍ਰੀਤਮ ਦੇ ਵਿਆਹ ਦੀਆਂ ਗੱਲਾਂ ਹੋਣ ਲੱਗੀਆਂ। ਬਚਪਨ ਵਿਚ ਹੀ ਪ੍ਰੀਤਮ ਨੇ ਸੁਣ ਰੱਖਿਆ ਸੀ ਕਿ ਪਹਿਲਾਂ ਔਰਤਾਂ ਤੇ ਬਹੁਤ ਜ਼ੁਲਮ ਹੁੰਦੇ ਰਹੇ ਸਨ। ਉਹ ਸੋਚਦਾ ਕਿ ਉਹ ਆਪਣੀ ਪਤਨੀ ਤੇ ਕੋਈ ਜ਼ੁਲਮ ਨਹੀਂ ਹੋਣ ਦੇਵੇਗਾ। ਉਸ ਨੂੰ ਆਪਣੀਆਂ ਪਲਕਾਂ ਤੇ ਬਿਠਾ ਕੇ ਰੱਖੇਗਾ। ਸਿਮਰਨ ਆਪਦੇ ਮਾਂ-ਪਿਓ ਦੀ ਇਕਲੋਤੀ ਬੇਟੀ ਸੀ। ਉਸ ਦਾ ਪਿਤਾ ਹਰਨਾਮ ਸਿੰਘ ਬਹੁਤ ਸ਼ਰੀਫ ਬੰਦਾ ਸੀ ਅਤੇ ਚੰਡੀਗੜ੍ਹ ਬਿਜਲੀ ਵਿਭਾਗ ਵਿਚ ਸੁਪਰਡੈਂਟ ਲੱਗਾ ਹੋਇਆ ਸੀ। ਉਸ ਦੀ ਪਤਨੀ ਘਰੇਲੂ ਔਰਤ ਸੀ ਅਤੇ ਸਾਰਾ ਦਿਨ ਸਮਾਜ ਸੇਵਾ ਦਾ ਹੀ ਕੰਮ ਕਰਦੀ ਰਹਿੰਦੀ। ਉਸ ਨੂੰ ਰੋਜ਼ ਨਵੇਂ ਨਵੇਂ ਬੰਦਿਆਂ ਨੂੰ ਮਿਲਣਾ ਪੈਂਦਾ ਸੀ ਇਸ ਲਈ ਉਹ ਹਮੇਸ਼ਾਂ ਬਹੁਤ ਬਣ-ਠਣ ਕੇ ਰਹਿੰਦੀ। ਨਿੱਤ ਨਵੇਂ ਫ਼ੈਸਨ ਕਰਨਾ ਉਸ ਦੀ ਆਦਤ ਸੀ। ਉਨ੍ਹਾਂ ਦੀ ਬੇਟੀ ਸਿਮਰਨ ਹੁਣ ਜਵਾਨ ਸੀ। ਉਹ ਖ਼ੂਬਸੂਰਤ ਵੀ ਬਹੁਤ ਸੀ ਜਿਸ ਦਾ ਉਸ ਨੂੰ ਘੁਮੰਡ ਵੀ ਬਹੁਤ ਸੀ। ਉਹ ਵੀ ਮਾਂ ਦੇ ਪੂਰਨਿਆਂ ਤੇ ਚੱਲਦੀ ਸੀ। ਹੁਣ ਸਿਮਰਨ ਦੇ ਮਾਂ-ਪਿਓ ਨੂੰ ਉਸ ਦੇ ਵਿਆਹ ਦਾ ਫ਼ਿਕਰ ਹੋਣ ਲੱਗਾ। ਉਨ੍ਹਾਂ ਨੂੰ ਕਿਸੇ ਨੇ ਪ੍ਰੀਤਮ ਦੀ ਦੱਸ ਪਾਈ। ਉਨ੍ਹਾਂ ਨੂੰ ਮੁੰਡਾ ਪਸੰਦ ਆ ਗਿਆ ’ਤੇ ਗੱਲ ਪੱਕੀ ਹੋ ਗਈ ਅਤੇ ਉਨ੍ਹਾਂ ਨੇ ਦੋਹਾਂ ਦਾ ਸਧਾਰਨ ਜਿਹਾ ਵਿਆਹ ਕਰ ਦਿੱਤਾ। ਨਵੇਂ ਫੈਸ਼ਨ ਦੀ ਲੜਕੀ ਹੋਣ ਕਰ ਕੇ ਸਿਮਰਨ ਦੇ ਸੁਪਨੇ ਬਹੁਤ ਉੱਚੇ ਸਨ। ਉਸ ਦੀ ਖਾਹਿਸ਼ ਸੀ ਕਿ ਕੋਈ ਸੋਹਣਾ ਜਿਹਾ ਰਾਜਕੁਮਾਰ ਘੋੜੀ ਤੇ ਬੈਠ ਕੇ ਆਵੇ ਅਤੇ ਉਸ ਨੂੰ ਨਾਲ ਬਿਠਾ ਕੇ ਆਪਣੇ ਮਹਿਲਾਂ ਵਿਚ ਲੈ ਜਾਏ। ਪਰ ਇਹ ਸਭ ਸੁਪਨਿਆਂ ਵਿਚ ਹੀ ਹੁੰਦਾ ਹੈ ਹਕੀਕਤ ਬੜੀ ਸਖਤ ਅਤੇ ਬੇ-ਰਹਿਮ ਹੁੰਦੀ ਹੈ। ਸਾਲ ਕੁ ਤਾਂ ਦੋਹਾਂ ਦੀ ਜ਼ਿੰਦਗੀ ਸੋਹਣੀ ਚੱਲੀ ਪਰ ਜਲਦੀ ਹੀ ਸਿਮਰਨ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਉਹ ਰੋਜ਼ ਸਵੇਰੇ ਫੈਸ਼ਨੇਬਲ ਕੱਪੜੇ ਪਾ ਕੇ ਸਮਾਜ ਸੇਵਾ ਦੇ ਬਹਾਨੇ ਘਰੋਂ ਨਿਕਲ ਜਾਂਦੀ ਅਤੇ ਰਾਤ ਦੇਰ ਨਾਲ ਘਰ ਮੁੜਦੀ। ਇਹ ਸਭ ਪ੍ਰੀਤਮ ਨੂੰ ਪਸੰਦ ਨਹੀਂ ਸੀ। ਵਿਆਹ ਤੋਂ ਪਹਿਲਾਂ ਪ੍ਰੀਤਮ ਆਪਣੀ ਸਧਾਰਨ ਜ਼ਿੰਦਗੀ ਜੀਅ ਰਿਹਾ ਸੀ। ਉਸ ਨੂੰ ਕਿਸੇ ਕਿਸਮ ਦਾ ਕੋਈ ਐੇਬ ਨਹੀਂ ਸੀ। ਉਹ ਨਾ ਤਾਂ ਸ਼ਰਾਬ ਪੀਂਦਾ ਸੀ ਨਾ ਹੀ ਕੋਈ ਹੋਰ ਨਸ਼ਾ ਕਰਦਾ ਸੀ। ਉਸ ਦੇ ਕੱਪੜੇ ਸਧਾਰਨ ਪਰ ਸਾਫ ਸੁਥਰੇ ਅਤੇ ਪ੍ਰੈਸ ਕੀਤੇ ਹੋਏ ਹੁੰਦੇ ਸਨ।ਉਹ ਜ਼ਿਆਦਾ ਤੋਰ ਤੇ ਆਪਣੇ ਕਮਰੇ ਵਿਚ ਹੀ ਬੈਠ ਕੇ ਕੋਈ ਕਿਤਾਬ ਪੜ੍ਹਦਾ ਰਹਿੰਦਾ ਜਾਂ ਕਾਪੀ ਵਿਚ ਕੁਝ ਲਿਖਦਾ ਰਹਿੰਦਾ। ਉਹ ਅਖ਼ਬਾਰਾਂ ਅਤੇ ਰਿਸਾਲਿਆਂ ਨੂੰ ਆਪਣੀਆਂ ਰਚਨਾਵਾਂ ਭੇਜਦਾ ਰਹਿੰਦਾ ਜਿੰਨ੍ਹਾਂ ਵਿਚੋਂ ਕੁਝ ਛਪ ਵੀ ਜਾਂਦੀਆਂ। ਉਸ ਨੂੰ ਪਾਠਕਾਂ ਚਿੱਠੀਆਂ ਅਤੇ ਫੋਨ ਵੀ ਆਉਂਦੇ ਰਹਿੰਦੇ। ਇਸ ਨਾਲ ਉਸ ਨੂੰ ਜ਼ਿੰਦਗੀ ਵਿਚ ਬਹੁਤ ਸਕੂਨ ਮਿਲਦਾ। ਵਿਆਹ ਤੋਂ ਬਾਅਦ ਉਸ ਦੀ ਇਸ ਰੂਟੀਨ ਵਿਚ ਕੁਝ ਵਿਘਨ ਪੈਣ ਲੱਗਾ ਕਿਉਂਕਿ ਉਸ ਦੀ ਪਤਨੀ ਨੂੰ ਇਹ ਸਭ ਕੁਝ ਪਸੰਦ ਨਹੀਂ ਸੀ। ਫਿਰ ਵੀ ਉਹ ਆਪਣੀ ਪਤਨੀ ਸਿਮਰਨ ਨੂੰ ਬਹੁਤ ਪਿਆਰ ਕਰਦਾ ਸੀ। ਉਹ ਉਸ ਦੀ ਕਿਸੇ ਗੱਲ ਨੂੰ ਭੂੰਝੇ ਨਾ ਪੈਣ ਦਿੰਦਾ ਉਸ ਦੀ ਹਰ ਗੱਲ ਮੰਨਦਾ ਸੀ। ਉਹ ਆਪਣੀ ਸਾਰੀ ਕਮਾਈ ਲਿਆ ਕੇ ਸਿਮਰਨ ਦੇ ਹੱਥ ਤੇ ਰੱਖ ਦਿੰਦਾ, ਜਿਸ ਦਾ ਕਦੀ ਉਹ ਹਿਸਾਬ ਨਾ ਮੰਗਦਾ। ਉਹ ਪ੍ਰੀਤਮ ਦੇ ਇਨ੍ਹਾਂ ਕੰਮਾਂ ਨੂੰ ਫ਼ਜੂਲ ਕੰਮ ਸਮਝਦੀ ਸੀ। ਉਹ ਮਜਾਕ ਨਾਲ ਘਰ ਆਏ ਮਹਿਮਾਨ ਸਾਹਮਣੇ ਪ੍ਰੀਤਮ ਨੂੰ ਇਨ੍ਹਾਂ ਆਦਤਾਂ ਕਰ ਕੇ ਭੰਡਦੀ। ਉਸ ਨੂੰ ਤਾਂ ਆਪਣੇ ਸੁਹੱਪਣ ਦਾ ਬਹੁਤ ਘੁਮੰਡ ਸੀ। ਉਹ ਚਾਹੁੰਦਾ ਸੀ ਕਿ ਹਰ ਸਮੇਂ ਕੋਈ ਉਸ ਦੀ ਸੁੰਦਰਤਾ ਦੇ ਗੀਤ ਗਾਉਂਦਾ ਰਹੇ ਅਤੇ ਉਹ ਸਹਮਣੇ ਬੈਠੀ ਰਹੇ। ਇਸ ਤਰ੍ਹਾਂ ਦੋਵੇਂ ਪਤੀ ਪਤਨੀ ਦੇ ਵਿਚਾਰ ਆਪਸ ਵਿਚ ਨਹੀਂ ਸਨ ਮਿਲਦੇ। ਉਨ੍ਹਾਂ ਦੇ ਰਿਸ਼ਤਿਆਂ ਵਿਚ ਫਾਸਲਾ ਵਧਦਾ ਗਿਆ। ਜ਼ਿਆਦਾ ਦੂਰ ਦੇਖਣ ਦੀ ਚਾਹਤ ਕਾਰਨ ਸਿਮਰਨ ਨੇੜੇ ਦੀਆਂ ਚੀਜ਼ਾਂ ਦੇਖਣ ਤੋਂ ਵਾਂਝੀ ਰਹਿ ਗਈ। ਉਸ ਨੂੰ ਪ੍ਰੀਤਮ ਦੇ ਗੁਣ ਕੋਈ ਨਾ ਨਜ਼ਰ ਆਏ। ਉਸ ਦੀਆਂ ਸਾਰੀਆਂ ਕਮੀਆਂ ਨਜ਼ਰ ਆਈਆਂ। ਗ੍ਰਹਿਸਥੀ ਨੂੰ ਸੋਹਣੀ ਤਰ੍ਹਾਂ ਚਲਾਉਣ ਲਈ ਜਿੰਨਾ ਪ੍ਰੀਤਮ ਝੁਕਦਾ ਓਨਾ ਹੀ ਸਿਮਰਨ ਉਸ ਨੂੰ ਦਬਾਉਂਦੀ ਗਈ ਅਤੇ ਉਸ ’ਤੇ ਹਾਵੀ ਹੁੰਦੀ ਗਈ। ਸਿਮਰਨ ਦੇ ਫੈਸ਼ਨ ਦੇ ਖ਼ਰਚੇ ਵਧਦੇ ਗਏ ਨਾਲ ਹੀ ਉਸ ਦੇ ਚਾਹੁਣ ਵਾਲਿਆਂ ਦਾ ਘੇਰਾ ਵੱਡਾ ਹੁੰਦਾ ਗਿਆ। ਇਸ ਤਰ੍ਹਾਂ ਉਸ ਨੇ ਆਪਣੇ ਤੋਂ 12 ਸਾਲ ਵੱਡੇ ਬਿਜਨਸਮੈਂਨ ਪਰਮਜੀਤ ਨੂੰ ਆਪਣੇ ਜਾਲ ਵਿਚ ਫਸਾ ਹੀ ਲਿਆ ਅਤੇ ਗ਼ੈਰ ਕਾਨੂੰਨੀ ਤੋਰ ’ਤੇ ਉਸ ਨਾਲ ਹੀ ਜਾ ਕੇ ਰਹਿਣ ਲੱਗ ਪਈ। ਇਸ ਨਾਲ ਸਮਾਜ ਵਿਚ ਪ੍ਰੀਤਮ ਦੀ ਬਹੁਤ ਬਦਨਾਮੀ ਹੋਈ ਪਰ ਉਹ ਚੁੱਪ ਕਰ ਕੇ ਸਭ ਕੁਝ ਸਹਿ ਗਿਆ। ਹੁਣ ਸਿਮਰਨ ਕੋਲ ਬਹੁਤ ਧਨ ਆ ਗਿਆ। ਸੁੰਦਰਤਾ ਦੇ ਨਾਲ ਨਾਲ ਉਸ ਨੂੰ ਆਪਣੇ ਪੈਸੇ ਦਾ ਵੀ ਬਹੁਤ ਘੁਮੰਢ ਹੋ ਗਿਆ। ਦੋ ਸਾਲ ਤੱਕ ਉਨ੍ਹਾਂ ਦੇ ਕੋਈ ਅੋਲਾਦ ਨਾ ਹੋਈ। ਉਸ ਨੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਪਰਮਜੀਤ ਦੀ ਸਾਰੀ ਜਾਇਦਾਦ ਆਪਣੇ ਨਾਮ ਲਿਖਵਾ ਲਈ। ਇਕ ਦਿਨ ਪਰਮਜੀਤ ਨੂੰ ਅਚਾਨਕ ਹਾਰਟ ਅਟੈਕ ਆਇਆ ਤੇ ਉਹ ਸਿਮਰਨ ਨੂੰ ਇਕੱਲਿਆਂ ਛੱਡ ਕੇ ਇਸ ਦੁਨੀਆਂ ’ਤੋਂ ਰੁਖਸਤ ਹੋ ਗਿਆ। ਹੁਣ ਸਿਮਰਨ ਕਰੌੜਾਂ ਰੁਪਏ ਦੀ ਜਾਇਦਾਤ ਦੀ ਇਕੱਲੀ ਮਾਲਕ ਬਣ ਗਈ। ਕਹਿੰਦੇ ਹਨ ਕਿ ਜੇ ਕਿਸੇ ਨੂੰ ਬਿਨਾ ਲਿਆਕਤ ਨੂੰ ’ਤੋਂ ਜ਼ਿਆਦਾ ਧਨ ਜਾਂ ਅਹੁਦਾ ਮਿਲ ਜਾਏ ਤਾਂ ਉਸ ਦਾ ਦਿਮਾਗ਼ ਖ਼ਰਾਬ ਹੋ ਜਾਂਦਾ ਹੈ। ਫਿਰ ਉਸ ਨੂੰ ਆਪਣੇ ’ਤੋਂ ਥੱਲੇ ਦੇ ਬੰਦੇ ਨਜ਼ਰ ਨਹੀਂ ਆਉਂਦੇ। ਇਹ ਹੀ ਹਾਲ ਸਿਮਰਨ ਦਾ ਹੋਇਆ। ਹੁਣ ਉਸ ਦਾ ਦਿਮਾਗ਼ ਸੱਤਵੇਂ ਆਸਮਾਨ ’ਤੇ ਪਹੁੰਚ ਗਿਆ। ਪੈਸੇ ਦੇ ਬਲਬੂਤੇ ’ਤੇ ਉਸ ਨੇ ਰਾਜਨੇਤਾਵਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਨਾਲ ਆਪਣੇ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ। ਸਮਾਂ ਬੀਤਦਾ ਗਿਆ। ਸਿਮਰਨ ਅਤੇ ਪ੍ਰੀਤਮ ਦੇ ਵਿਛੋੜੇ ਨੂੰ 30 ਸਾਲ ਹੋ ਗਏ ਪਰ ਸਿਮਰਨ ਨੇ ਕਦੀ ਪ੍ਰੀਤਮ ਦੇ ਘਰ ਵੱਲ ਨਾ ਦੇਖਿਆ ਕਿ ਉਹ ਜ਼ਿੰਦਾ ਵੀ ਹੈ ਜਾਂ ਨਹੀਂ। ਸਗੋਂ ਉਹ ਸੋਚਦੀ ਉਹ ਆਪੇ ਹੁਣ ਤੱਕ ਮਰ ਮੁੱਕ ਗਿਆ ਹੋਣਾ ਹੈ। ਇਸ ਸਮੇਂ ਉਸ ਦਾ ਸਰਕਲ ਬਹੁਤ ਵੱਡਾ ਹੋਣ ਦੇ ਬਾਵਜੂਦ ਅੰਦਰੋਂ ਉਹ ਇਕੱਲੀ ਹੀ ਸੀ, ਬਿਲਕੁਲ ਇਕੱਲੀ। ਉਸ ਦਾ ਅਸਲ ਹਮਦਰਦ ਕੋਈ ਵੀ ਨਹੀਂ ਸੀ।ਕਈ ਵਾਰੀ ਰਾਤ ਨੂੰ ਸਾਰੇ ਦਿਨ ਦੀ ਥੱਕੀ ਹੋਈ ਜਦ ਉਹ ਬਿਸਤਰ ਤੇ ਪੈਂਦੀ ਤਾਂ ਠੰਢੀਆਂ ਕਾਲੀਆਂ ਰਾਤਾਂ ਉਸ ਨੂੰ ਬਹੁਤ ਤੰਗ ਕਰਦੀਆਂ। ਉਸ ਨੂੰ ਪ੍ਰੀਤਮ ਦੀਆਂ ਗੱਲਾਂ ਯਾਦ ਆਉਂਦੀਆਂ। ਉਹ ਕਹਿੰਦਾ ਹੁੰਦਾ ਸੀ-“ਪਤੀ ਪਤਨੀ ਇਕ ਦੂਜੇ ਨਾਲ ਮਿਲ ਕੇ ਹੀ ਪੂਰੇ ਹੁੰਦੇ ਹਨ। ਨਹੀਂ ਤੇ ਉਹ ਅਧੂਰੇ ਹੀ ਰਹਿੰਦੇ ਹਨ।” ਇਤਨਾ ਧਨ ਕੋਲ ਹੋਣ ਦੇ ਬਾਵਜੂਦ ਵੀ ਉਹ ਅਧੂਰੀ ਹੀ ਸੀ ਪਰ ਹੁਣ ਕੁਝ ਨਹੀਂ ਸੀ ਹੋ ਸਕਦਾ। ਉਹ ਆਪਣੀਆਂ ਖਾਹਿਸ਼ਾਂ ਕਾਰਨ ਬਹੁਤ ਦੂਰ ਨਿਕਲ ਆਈ ਸੀ। ਹੁਣ ਵਾਪਸੀ ਸੰਭਵ ਹੀ ਨਹੀਂ ਸੀ। ਹੁਣ ਸਿਮਰਨ ਨੂੰ ਸਰਕਾਰੀ ਪ੍ਰੋਗਰਾਮਾਂ ਤੇ ਵੀ ਸੱਦਾ-ਪੱਤਰ ਆਉਂਦੇ, ਜਿੱਥੇ ਉਹ ਬੜੀ ਸ਼ਾਨ ਨਾਲ ਜਾਂਦੀ। ਪਿਛਲੇ ਹਫਤੇ ਹੀ ਉਸ ਨੂੰ ਭਾਰਤ ਸਰਕਾਰ ਦਵਾਰਾ 26 ਜਨਵਰੀ ਦੇ ਵੱਡੇ ਪੱਧਰ ਤੇ ਮਨਾਏ ਜਾਣ ਦਾ ਸੱਦਾ-ਪੱਤਰ ਆਇਆ ਸੀ। ਪਦਮ ਵਿਭੂਸ਼ਨ ਭਾਰਤ ਦਾ ਦੂਜਾ ਸਭ ਤੋਂ ਉੱਚਾ ਸਨਮਾਨ ਹੈ, ਜੋ ਦੇਸ਼ ਲਈ ਬੇਮਿਸਾਲ ਅਤੇ ਵਿਲੱਖਣ ਸੇਵਾਵਾਂ ਲਈ ਦਿੱਤਾ ਜਾਂਦਾ ਹੈ।ਇਸ ਦੇ ਨਾਲ ਹੀ ਪਦਮ ਸ਼੍ਰੀ ਇਨਾਮ ਵੀ ਦਿੱਤੇ ਜਾਂਦੇ ਹਨ। ਇਹ ਪੁਰਸਕਾਰ ਕਲਾ, ਸਾਹਿਤ, ਵਿਗਿਆਨ ਅਤੇ ਸਮਾਜ ਸੇਵਾ ਵਰਗੇ ਵੱਖ ਵੱਖ ਖੇਤਰਾਂ ਵਿਚ ਹਰ ਸਾਲ ਰਾਸ਼ਟਰਪਤੀ ਦੁਆਰਾ ਹਰ ਸਾਲ 26 ਜਨਵਰੀ ਨੂੰ ਦਿੱਤੇ ਜਾਂਦੇ ਹਨ। ਇਸ ਵਿਚ ਵਿਦੇਸ਼ੀ ਡੈਲੀਗੇਟ ਵੀ ਬੁਲਾਏ ਗਏ ਸਨ। ਅਜਿਹਾ ਸੱਦਾ ਪੱਤਰ ਮਿਲਣਾ ਕਿਸੇ ਦੇ ਮਾਣ ਅਤੇ ਸ਼ਾਨ ਦੀ ਗੱਲ ਸੀ। ਸਿਮਰਨ ਵੀ ਇਹ ਸੱਦਾ ਪੱਤਰ ਮਿਲਣ ਤੇ ਆਪਣੇ ਆਪ ਨੂੰ ਬਹੁਤ ਭਾਗਾਂ ਵਾਲੀ ਸਮਝਦੀ ਸੀ। ਉਹ ਉੱਥੇ ਜਾਣ ਲਈ ਨਵੇਂ ਬਰੈਂਡਿਡ ਕੱਪੜੇ, ਨਵੀਂ ਜੁੱਤੀ ਅਤੇ ਮਹਿੰਗੇ ਗਹਿਣੇ ਖ਼ਰੀਦਣ ਵਿਚ ਰੁੱਝੀ ਹੋਈ ਸੀ ਤਾਂ ਕਿ ਉਹ ਸਭ ਤੋਂ ਅਮੀਰ ਅਤੇ ਸੋਹਣੀ ਲੱਗੇ ਅਤੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਸਕੇ। 26 ਜਨਵਰੀ ਨੂੰ ਸਿਮਰਨ ਆਪਣੀ ਸਹੇਲੀ ਰਜਨੀ ਨੂੰ ਨਾਲ ਲੈ ਕੇ ਆਪਣੀ ਨਵੀਂ ਟਿਓਟਾ ਕਾਰ ਲੈ ਕੇ ਪ੍ਰੋਗਰਾਮ ਵਾਲੇ ਸਥਾਨ ਵੱਲ ਚੱਲ ਪਈ। ਉੱਥੇ ਬਹੁਤ ਭੀੜ ਅਤੇ ਗਹਿਮਾਂ ਗਹਿਮੀ ਸੀ ਅਤੇ ਸਿਕਿਉਰਟੀ ਵਾਲੇ ਵੀ ਬਹੁਤ ਸਨ। ਉਨ੍ਹਾਂ ਦਾ ਪਾਸ ਦੇਖ ਕੇ ਸਿਕਿਉਰਟੀ ਵਾਲਿਆਂ ਨੇ ਉਨ੍ਹਾਂ ਨੂੰ ਵੀ.ਆਈ. ਗੈਲਰੀ ਵਿਚ ਸਭ ਤੋਂ ਅਗਲੀਆਂ ਕੁਰਸੀਆਂ ਤੇ ਬਿਠਾ ਦਿੱਤਾ। ਦੋਵੇਂ ਬਹੁਤ ਖ਼ੁਸ਼ ਸਨ। ਉਨ੍ਹਾਂ ਵਿਚ ਇਹ ਪ੍ਰੋਗਰਾਮ ਪਹਿਲੀ ਵਾਰੀ ਦੇਖਣ ਦਾ ਬਹੁਤ ਚਾਅ ਸੀ। ਉਹ ਇਥੇ ਮਿਲ ਰਹੀ ਇੱਜ਼ਤ ਮਾਣ ਨਾਲ ਬਹੁਤ ਖ਼ੁਸ਼ ਸਨ। ਸਟੇਜ ਬਹੁਤ ਸੋਹਣੀ ਤਰ੍ਹਾਂ ਮਹਿੰਗੇ ਪਰਦਿਆਂ, ਕਾਲੀਨਾ, ਫ਼ੁੱਲਾਂ ਅਤੇ ਸ਼ਾਨਦਾਰ ਫਰਨੀਚਰ ਨਾਲ ਸਜਿਆ ਹੋਇਆ ਸੀ। ਸਾਰੇ ਸੈਲੀਬਰੀਟੀਜ਼ ਵਾਰੋ ਵਾਰੀ ਆ ਕੇ ਅਪੋ ਆਪਣੀਆਂ ਕੁਰਸੀਆਂ ਤੇ ਸਜ ਚੁੱਕੇ ਸਨ। ਦੇਸ਼ ਦੇ ਪ੍ਰਧਾਨ ਮੰਤਰੀ ਵੀ ਸਟੇਜ ਤੇ ਆ ਕੇ ਸਜ ਚੁੱਕੇ ਸਨ। ਥੋੜ੍ਹੀ ਦੇਰ ਬਾਅਦ ਸਟੇਜ ਤੋਂ ਅਨਾਉਂਸਮੈਂਟ ਹੋਈ ਕਿ ਦੇਸ਼ ਦੇ ਰਾਸ਼ਟਰਪਤੀ ਸਟੇਜ ਤੇ ਪਧਾਰ ਰਹੇ ਹਨ। ਸਾਰੇ ਸਾਹ ਰੋਕ ਆਪਣੀ ਆਪਣੀ ਥਾਂ ਤੇ ਰਾਸ਼ਟਰਪਤੀ ਜੀ ਦੇ ਦਰਸ਼ਨ ਕਰਨ ਲਈ ਅਤੇ ਉਨ੍ਹਾਂ ਦੇ ਸਵਾਗਤ ਲਈ ਆਪੋ ਆਪਣੀਆਂ ਸੀਟਾਂ ਤੇ ਖੜੇ ਹੋ ਗਏ। ਸਟੇਜ ’ਤੇ ਰਾਸ਼ਟਰਪਤੀ ਸਾਹਿਬ ਧੀਮੇ ਕਦਮਾਂ ਨਾਲ ਆਉਂਦੇ ਦਿੱਸੇ ਨਾਲ ਹੀ ਮਿਲਟਰੀ ਬੈਂਡ ਦੀ ਮਿੱਠੀ ਮਿੱਠੀ ਧੁਨ ‘ਦੇਹ ਸ਼ਿਵਾ ਬਰ ਮੋਹਿ ਇਹੈ’ ਵਜ ਰਹੀ ਸੀ। ਸਾਰੇ ਪਾਸੇ ਸੱਨਾਟਾ ਸੀ। ਪ੍ਰੋਗਰਾਮ ਇਸ ਸਮੇਂ ਆਪਣੀ ਚਰਮ-ਸੀਮਾ ’ਤੇ ਸੀ। ਵੱਡੇ ਵੱਡੇ ਧਨਵਾਨ ਅਤੇ ਸਰਕਾਰੀ ਨੁਮਾਇੰਦੇ ਹਾਜ਼ਰ ਸਨ। ਸਭ ਸਾਹ ਰੋਕ ਕੇ ਉਤਸਕਤਾ ਨਾਲ ਸਟੇਜ ਦਾ ਪ੍ਰੋਗਰਾਮ ਦੇਖ ਰਹੇ ਸਨ। ਸਿਮਰਨ ਵੀ ਰਜਨੀ ਨਾਲ ਬੈਠੀ ਪਰੋਗਰਾਮ ਦਾ ਆਨੰਦ ਮਾਣ ਰਹੀ ਸੀ। ਜਿਸ ਪ੍ਰਮੁੱਖ ਹਸਤੀ ਦਾ ਨਾਮ ਬੋਲਿਆ ਜਾਂਦਾ ੳਹ ਸਟੇਜ ਤੇ ਬੜੀ ਸ਼ਾਨ ਨਾਲ ਆਉਂਦਾ। ਨਾਲ ਹੀ ਬੈਂਡ ਦੀ ਮਿੱਠੀ ਮਿੱਠੀ ਧੁਨ ਵਜਦੀ। ਉਹ ਰਾਸ਼ਟਰਪਤੀ ਕੇੋਲੋਂ ਇਨਾਮ ਹਾਸਲ ਕਰਦਾ ਅਤੇ ਬਹੁਤ ਸਾਰੀਆਂ ਤਾੜੀਆਂ ਨਾਲ ਉਸ ਦਾ ਸਨਮਾਨ ਕੀਤਾ ਜਾਂਦਾ। ਅਚਾਨਕ ਸਟੇਜ ਤੋਂ ਅਗਲੇ ਇਨਾਮ ਪ੍ਰਾਪਤ ਕਰਤਾ ਦਾ ਨਾਮ ਪੁਕਾਰਿਆ ਗਿਆ-ਪ੍ਰੀਤਮ ਸਿੰਘ ਪ੍ਰੀਤ—ਸਰਵੋਤਮ ਪੰਜਾਬੀ ਸਾਹਿਤਕਾਰ—ਪਦਮ ਵਿਭੂਸ਼ਨ। ਇਹ ਸੁਣ ਕੇ ਸਿਮਰਨ ਇਕ ਦਮ ਤ੍ਰਭਕ ਪਈ। ਉਹ ਸੋਚਦੀ ਇਹ ਕਿਵੇਂ ਹੋ ਸਕਦਾ ਹੈ? ਉਹ ਤਾਂ ਉਸ ਨੂੰ ਬਹੁਤ ਪਿੱਛੇ ਛੱਡ ਆਈ ਸੀ। ਦੂਜੀ ਵਾਰ ਫਿਰ ਉਹੋ ਹੀ ਆਵਾਜ ਪਈ। ਉਨ੍ਹਾਂ ਨੇ ਦੇਖਿਆ ਕਿ ਇਕ ਪਤਲਾ ਜਿਹਾ ਖੁਲ੍ਹੀ ਦਾੜ੍ਹੀ ਵਾਲਾ ਬਜ਼ੁਰਗ ਸਰਦਾਰ ਚਿੱਟੇ ਕੱਪੜੇ ਪਾਈ, ਪਿਆਰੀ ਜਿਹੀ ਆਸਮਾਨੀ ਪੱਗ ਬਨ੍ਹੀ ਸਲੀਕੇ ਨਾਲ ਰਾਸ਼ਟਰਪਤੀ ਵਲ ਵਧ ਰਿਹਾ ਸੀ। ਨਾਲ ਹੀ ਬੈਂਡ ਤੇ ਮਿੱਠੀ ਮਿੱਠੀ ਧੁਨ ਵਜ ਰਹੀ ਸੀ। ਇਹ ਪ੍ਰੀਤਮ ਹੀ ਸੀ। ਸਿਮਰਨ ਦੀਆਂ ਅੱਖਾਂ ਵਿਚੋਂ ਲਗਾਤਾਰ ਅੱਥਰੂ ਵਗ ਰਹੇ ਸਨ। ਇਹ ਦੇਖ ਕੇ ਰਜਨੀ ਬਹੁਤ ਹੈਰਾਨ ਹੋਈ। ਉਸ ਨੇ ਸਿਮਰਨ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਰਜਨੀ ਨੂੰ ਘਰ ਚੱਲਣ ਲਈ ਇਸ਼ਾਰਾ ਕੀਤਾ। ਰਜਨੀ ਸਿਮਰਨ ਨੂੰ ਲੈ ਕੇ ਉਸੇ ਸਮੇਂ ਘਰ ਨੂੰ ਚੱਲ ਪਈ। ਰਸਤੇ ਵਿਚ ਸਿਮਰਨ ਦੀ ਪੁਰਾਣੀ ਜ਼ਿੰਦਗੀ ਉਸ ਦੀਆਂ ਅੱਖਾਂ ਅੱਗੋਂ ਫਿਲਮ ਦੀ ਤਰ੍ਹਾਂ ਲੰਘ ਰਹੀ ਸੀ। ਸਿਮਰਨ ਅਤੇ ਪ੍ਰੀਤਮ ਦੇ ਵਿਛੋੜੇ ਨੂੰ 30 ਸਾਲ ਹੋ ਗਏ ਪਰ ਸਿਮਰਨ ਨੇ ਕਦੀ ਪ੍ਰੀਤਮ ਦੇ ਘਰ ਵੱਲ ਨਾ ਦੇਖਿਆ ਕਿ ਉਹ ਜ਼ਿੰਦਾ ਵੀ ਹੈ ਜਾਂ ਨਹੀਂ। ਸਗੋਂ ਉਹ ਸੋਚਦੀ ਉਹ ਆਪੇ ਹੁਣ ਤੱਕ ਮਰ ਮੁੱਕ ਗਿਆ ਹੋਣਾ ਹੈ। ਇਸ ਸਮੇਂ ਸਿਮਰਨ ਦਾ ਸਰਕਲ ਬਹੁਤ ਵੱਡਾ ਹੋਣ ਦੇ ਬਾਵਜੂਦ ਅੰਦਰੋਂ ਉਹ ਇਕੱਲੀ ਹੀ ਸੀ, ਬਿਲਕੁਲ ਇਕੱਲੀ। ਉਸ ਦਾ ਅਸਲ ਹਮਦਰਦ ਕੋਈ ਵੀ ਨਹੀਂ ਸੀ।ਕਈ ਵਾਰੀ ਰਾਤ ਨੂੰ ਸਾਰੇ ਦਿਨ ਦੀ ਥੱਕੀ ਹੋਈ ਜਦ ਉਹ ਬਿਸਤਰ ਤੇ ਪੈਂਦੀ ਤਾਂ ਠੰਢੀਆਂ ਕਾਲੀਆਂ ਰਾਤਾਂ ਉਸ ਨੂੰ ਬਹੁਤ ਤੰਗ ਕਰਦੀਆਂ। ਉਸ ਨੂੰ ਪ੍ਰੀਤਮ ਦੀਆਂ ਗੱਲਾਂ ਯਾਦ ਆਉਂਦੀਆਂ। ਉਹ ਕਹਿੰਦਾ ਹੁੰਦਾ ਸੀ-“ਪਤੀ ਪਤਨੀ ਇਕ ਦੂਜੇ ਨਾਲ ਮਿਲ ਕੇ ਹੀ ਪੂਰੇ ਹੁੰਦੇ ਹਨ। ਨਹੀਂ ਤੇ ਉਹ ਅਧੂਰੇ ਹੀ ਰਹਿੰਦੇ ਹਨ।” ਇਤਨਾ ਧਨ ਕੋਲ ਹੋਣ ਦੇ ਬਾਵਜੂਦ ਵੀ ਉਹ ਅਧੂਰੀ ਹੀ ਸੀ ਪਰ ਹੁਣ ਕੁਝ ਨਹੀਂ ਸੀ ਹੋ ਸਕਦਾ। ਉਹ ਆਪਣੀਆਂ ਖਾਹਿਸ਼ਾਂ ਕਾਰਨ ਬਹੁਤ ਦੂਰ ਨਿਕਲ ਆਈ ਸੀ। ਹੁਣ ਵਾਪਸੀ ਸੰਭਵ ਹੀ ਨਹੀਂ ਸੀ। ਘਰ ਪਹੁੰਚ ਕੇ ਵੀ ਸਿਮਰਨ ਦੀਆਂ ਅੱਖਾਂ ਵਿਚੋਂ ਅੱਥਰੂ ਵਗ ਰਹੇ ਸਨ। ਰਜਨੀ ਨੇ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਰੋਂਦਿਆਂ ਹੋਇਆ ਕਿਹਾ ਕਿ-“ਕਦੀ ਪ੍ਰੀਤਮ ਮੇਰਾ ਪਤੀ ਸੀ।” ਹਾਏ ਮੈ ਕੌਡੀਆਂ ਦੀ ਤਲਾਸ਼ ਵਿਚ ਅਨਮੋਲ ਹੀਰਾ ਗੁਵਾ ਬੈਠੀ। ਉਹ ਹਾਲੀ ਵੀ ਰੋਈ ਜਾ ਰਹੀ ਸੀ |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |

by
ਪ੍ਰੀ