“ਹੱਸਦਾ ਹੋਇਆ ਚਿਹਰਾ ਭਾਵੇਂ ਤੁਹਾਡੀ ਸ਼ਾਨ ਵਧਾਉਂਦਾ ਹੈ
ਮਨੁੱਖਾ ਜੀਵਨ ਬੜੀ ਮੁਸ਼ਕਲ ਨਾਲ ਮਿਲਦਾ ਹੈ। ਇਸ ਲਈ ਜ਼ਿੰਦਗੀ ਨੂੰ ਕੱਟੋ ਨਾ, ਇਸ ਨੂੰ ਖ਼ੁਸ਼ ਰਹਿ ਕੇ ਜੀਓ। ਮਨੁੱਖਾ ਦੇਹੀ ਨੂੰ ਵੱਡੇ ਵੱਡੇ ਦੇਵੀ ਦੇਵਤਾ ਵੀ ਤਰਸਦੇ ਹਨ ਕਿਉਂਕਿ ਸਰੀਰ ਤੋਂ ਬਿਨਾ ਉਹ ਕੋਈ ਵੀ ਕੰਮ ਨਹੀਂ ਕਰ ਸਕਦੇ।ਉਨ੍ਹਾਂ ਬਾਰੇ ਫੈਲਾਈਆਂ ਅਲੋਕਿਕ ਗੱਲਾਂ ਕੇਵਲ ਮਿਥਿਹਾਸਿਕ ਕਹਾਣੀਆਂ ਹੀ ਘੜੀਆਂ ਗਈਆਂ ਹਨ ਜੋ ਉਨ੍ਹਾਂ ਨੂੰ ਵੱਡਿਆਉਣ ਲਈ ਹੀ ਹਨ। ਮਨੁੱਖੀ ਸਾਹ ਬੜੇ ਕੀਮਤੀ ਹਨ ਭਾਵ ਸਮਾਂ ਬੜਾ ਕੀਮਤੀ ਹੈ। ਇਸ ਨੂੰ ਐਂਵੇਂ ਵਿਅਰਥ ਨਹੀਂ ਗੁਵਾਉਣਾ ਚਾਹੀਦਾ।ਗੁਜ਼ਰਿਆ ਸਮਾਂ ਦੁਬਾਰਾ ਹੱਥ ਨਹੀਂ ਆਉਂਦਾ। ਸਾਹਾਂ ਨੂੰ ਕੰਟਰੋਲ ਕਰ ਕੇ ਆਪਣੀ ਉਮਰ ਨੂੰ ਕਿਸੇ ਹੱਦ ਤੱਕ ਵਧਾਇਆ ਜਾ ਸਕਦਾ ਹੈ। ਜੇ ਅਸੀਂ ਨਸ਼ੇ ਕਰਾਂਗੇ ਤਾਂ ਸਾਡੇ ਸਾਹ ਤੇਜ ਚੱਲਣਗੇ। ਜੇ ਅਸੀਂ ਕ੍ਰੋਧ ਕਰਾਂਗੇ ਤਾਂ ਵੀ ਸਾਡਾ ਬਲੱਡ ਪ੍ਰੈਸ਼ਰ ਵਧੇਗਾ। ਇਸ ਨਾਲ ਵੀ ਸਾਡੇ ਸਾਹ ਬਹੁਤ ਤੇਜ ਚੱਲਣਗੇ। ਸਾਡੀ ਉਮਰ ਆਪੇ ਘਟੇਗੀ। ਜੇ ਅਸੀਂ ਸਾਦਾ ਭੋਜਨ ਕਰਾਂਗੇ ਅਤੇ ਸਹਿਜ ਦੀ ਜ਼ਿੰਦਗੀ ਜੀਵਾਂਗੇ ਤਾਂ ਸਾਡੇ ਸਾਹ ਵੀ ਆਰਾਮ ਨਾਲ ਧੀਮੀ ਗਤੀ ਵਿਚ ਚੱਲਣਗੇ। ਸਾਡੀ ਜ਼ਿੰਦਗੀ ਵਧੇਗੀ ਇਹ ਹੀ ਕਾਰਨ ਹੈ ਕਿ ਸਾਡੇ ਦੇਸ਼ ਦੇ ਪੁਰਾਣੇ ਰਿਸ਼ੀ ਮੁਨੀ ਆਦਿ ਸਮਾਧੀ ਲਾ ਕੇ, ਆਪਣੇ ਸਾਹਾਂ ਨੂੰ ਕੰਟਰੋਲ ਕਰ ਕੇ ਆਪਣੀ ਉਮਰ ਕਾਫ਼ੀ ਹੱਦ ਤੱਕ ਵਧਾ ਲੈਂਦੇ ਸਨ। ਉਹ ਸੌ ਸੌ-ਦੋ ਦੋ ਸੌ ਸਾਲ ਅੇਵੇਂ ੇ ਹੀ ਜੀਅ ਲੈਂਦੇ ਸਨ। ਅੱਜ ਕੱਲ੍ਹ ਅਜਿਹਾ ਨਹੀਂ ਹੁੰਦਾ। ਬੇਸ਼ੱਕ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ। ਮਨੁੱਖ ਚੰਨ ’ਤੇ ਪਹੁੰਚ ਗਿਆ ਹੈ ਅਤੇ ਮੰਗਲ ’ਤੇ ਪਹੁੰਚਣ ਦੀ ਤਿਆਰੀ ਕਰ ਰਿਹਾ ਹੈ।ਪਰ ਉਹ ਮਾਨਸਿਕ ਤੌਰ ਤੇ ਬਿਮਾਰ ਹੀ ਹੈ।ਉਹ ਕ੍ਰੋਧ, ਲਾਲਚ ਅਤੇ ਨਸ਼ਿਆਂ ਵਿਚ ਗ੍ਰਸਿਆ ਪਿਆ ਹੈ। ਇਸ ਲਈ ਉਸ ਦੀ ਉਮਰ ਘਟਦੀ ਜਾ ਰਹੀ ਹੈ। ਪ੍ਰਮਾਤਮਾ ਨੇ ਸਾਨੂੰ ਨਰੋਇਆ ਸਰੀਰ, ਗੁਜ਼ਾਰੇ ਜੋਗਾ ਧਨ ਦੌਲਤ ਅਤੇ ਹੋਰ ਵਸੀਲੇ ਦੇ ਕੇ ਇਸ ਧਰਤੀ ਤੇ ਪੈਦਾ ਕੀਤਾ ਹੈ ਤਾਂ ਕਿ ਇਨ੍ਹਾਂ ਦਾ ਇਸਤੇਮਾਲ ਕਰਕੇ ਅਸੀਂ ਸਫ਼ਲਤਾ ਪੂਰਕ ਆਪਣੀ ਜ਼ਿੰਦਗੀ ਬਸਰ ਕਰ ਸਕੀਏ। ਫਿਰ ਸਾਡੇ ਮਾਂ ਮਾਂ ਪਿਓ, ਭੈਣ ਭਰਾ, ਰਿਸ਼ਤੇਦਾਰ ਅਤੇ ਮਿਤੱਰ ਸਾਡੀ ਸਹਾਇਤਾ ਲਈ ਦਿੱਤੇ ਹਨ। ਫਿਰ ਵੀ ਜੇ ਅਸੀਂ ਜ਼ਿੰਦਗੀ ਤੋਂ ਨਿਰਾਸ਼ ਰਹੀਏ ਤਾਂ ਇਹ ਸਾਡੀ ਗ਼ਲਤੀ ਹੈ।ਤੰਦਰੁਸਤ ਰਹਿ ਕੇ ਇਕ ਸ਼ਾਨਦਾਰ ਜ਼ਿੰਦਗੀ ਜਿਉਣਾ ਹਰ ਮਨੁੱਖ ਦਾ ਫ਼ਰਜ਼ ਹੈ। ਤੰਦਰੁਸਤ ਰਹਿਣ ਲਈ ਮਨੁੱਖ ਨੂੰ ਕੁਝ ਨਿਯਮਾਂ ਦਾ ਪਾਲਣ ਕਰਨ ਦੀ ਲੋੜ ਹੈ। ਫਿਰ ਉਸ ਦੇ ਸਾਹਾਂ ਦਾ ਇਹ ਸਫ਼ਰ ਸੌਖਾ ਲੰਘਦਾ ਹੈ।ਤੰਦਰੁਸਤ ਰਹਿਣ ਲਈ ਕੁਝ ਦਵਾਈਆਂ ਹਨ ਜੋ ਕਿਤੋਂ ਮੁੱਲ ਨਹੀਂ ਮਿਲਦੀਆਂ ਸਗੋਂ ਮਨੁੱਖ ਨੂੰ ਕੁਦਰਤ ਮੁਫ਼ਤ ਦਿੰਦੀ ਹੈ। ਸਭ ਤੋਂ ਪਹਿਲਾਂ ਰੋਜ ਸਵੇਰ ਦੀ ਸੈਰ ਜ਼ਰੂਰ ਕਰੋ ਇਸ ਸਮੇਂ ਪਾਰਕ ਵਿਚ ਤਾਜ਼ਾ ਹਵਾ ਹੁੰਦੀ ਹੈ। ਤੁਹਾਨੂੰ ਸਾਫ ਸੁਥਰੀ ਆਕਸੀਜਨ ਮਿਲਦੀ ਹੈ ਜੋ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੀ ਹੈ। ਸੜਕਾਂ ਤੇ ਗੱਡੀਆਂ ਦਾ ਸ਼ੋਰ ਸ਼ਰਾਬਾ ਤੇ ਧੂੰਆਂ ਵੀ ਘੱਟ ਹੁੰਦਾ ਹੈ। ਇਸ ਦੇ ਨਾਲ ਹੀ ਕੋਈ ਹਲਕੀ ਫੁਲਕੀ ਵਰਜਿਸ਼ ਵੀ ਕਰਨੀ ਚਾਹੀਦੀ ਹੈ ਤਾਂ ਕਿ ਸਰੀਰ ਦੇ ਸਾਰੇ ਅੰਗ ਹਰਕਤ ਵਿਚ ਰਹਿਣ। ਸਰੀਰ ਦੀ ਸਫਾਈ ਲਈ ਰੋਜਾਨਾ ਇਸ਼ਨਾਨ ਕਰਨਾ ਵੀ ਬਹੁਤ ਜ਼ਰੂਰੀ ਹੈ। ਜ਼ਿੰਦਗੀ ਵਿਚ ਹਾਸਾ ਵੀ ਬਹੁਤ ਜ਼ਰੂਰੀ ਹੈ। ਇਸੇ ਲਈ ਕਹਿੰਦੇ ਹਨ ਕਿ ‘ਹੱਸਦਿਆਂ ਦੇ ਘਰ ਵੱਸਦੇ।’ ਦੂਜਿਆਂ ਤੇ ਨਾ ਹੱਸੋ ਸਗੋਂ ਦੂਜਿਆਂ ਦੇ ਨਾਲ ਹੱਸੋ ਕਿਉਂਕਿ ਹੱਸਦਾ ਹੋਇਆ ਚਿਹਰਾ ਭਾਵੇਂ ਤੁਹਾਡੀ ਸ਼ਾਨ ਵਧਾਉਂਦਾ ਹੈ ਪਰ ਹੱਸ ਕੇ ਕੀਤਾ ਹੋਇਆ ਕੰਮ ਤੁਹਾਡੀ ਪਛਾਣ ਬਣਾਉਂਦਾ ਹੈ। ਤਾਕਤ, ਪੈਸੇ ਅਤੇ ਅਹੁਦੇ ਤੋਂ ਬੇਸ਼ੱਕ ਉੱਚੇ ਬਣੋ ਪਰ ਆਪਣੇ ਕਿਰਦਾਰ ਨੂੰ ਵੀ ਮਹਾਨ ਬਣਾਓ। ਯਾਦ ਰੱਖੋ ਹਰ ਮਨੁੱਖ ਦੀ ਜ਼ਿੰਦਗੀ ਵਿਚ ਹਾਰਾਂ ਜਿੱਤਾਂ ਅਤੇ ਦੁੱਖ ਸੁੱਖ ਆਉਂਦੇ ਹੀ ਰਹਿੰਦੇ ਹਨ ਇਨ੍ਹਾਂ ਤੋਂ ਕੋਈ ਨਹੀਂ ਬਚਿਆ ਰਹਿ ਸਕਦਾ ਇਸ ਲਈ ਜ਼ਿੰਦਗੀ ਦਾ ਆਮ ਵਰਤਾਰਾ ਸਮਝ ਕੇ ਬਹੁਤਾ ਦੁਖੀ ਜਾਂ ਬਹੁਤਾ ਖ਼ੁਸ਼ ਨਹੀਂ ਹੋਣਾ ਚਾਹੀਦਾ। ਬੇਸ਼ੱਕ ਤੁਸੀਂ ਕਿਸੇ ਥਾਂ ਹਾਰ ਜਾਓ ਪਰ ਜ਼ਿੰਦਗੀ ਵਿਚ ਤੁਹਾਨੂੰ ਓਨੀ ਦੇਰ ਕੋਈ ਨਹੀਂ ਹਰਾ ਸਕਦਾ ਜਿੰਨੀ ਦੇਰ ਤੁਸੀਂ ਆਪ ਹਾਰ ਨਾ ਮੰਨੋ। ਇੱਥੇ ਆਪਣੇ ਆਪ ’ਤੇ ਅਤੇ ਰੱਬ ’ਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ। ਇਸੇ ਤਰ੍ਹਾਂ ਜੇ ਕਦੀ ਤੁਹਾਡੇ ਤੇ ਕੋਈ ਦੁੱਖ ਆ ਵੀ ਜਾਏ ਤਾਂ ਵੀ ਘਬਰਾਉਣਾ ਨਹੀਂ ਚਾਹੀਦਾ। ਬੰਦੇ ਨੂੰ ਆਪਣਾ ਦੁੱਖ ਆਪਣੇ ਸਰੀਰ ’ਤੇ ਹੀ ਝੱਲਣਾ ਪੈਂਦਾ ਹੈ। ਤੁਸੀਂ ਲਗਾਤਾਰ ਨੇਕ ਕੰਮ ਕਰਦੇ ਰਹੋ। ਤੁਹਾਡੇ ਕੁਝ ਹਮਦਰਦ ਬਣ ਜਾਣਗੇ। ਉਹ ਔਖੇ ਸਮੇਂ ਤੁਹਾਡੇ ਨਾਲ ਖੜਨਗੇ ਅਤੇ ਤੁਹਾਡੇ ਜ਼ਖ਼ਮਾਂ ’ਤੇ ਮਲ੍ਹਮ ਦਾ ਕੰਮ ਕਰਨਗੇ। ਤੁਹਾਨੂੰ ਆਪਣੇ ਦੁੱਖ ਦਾ ਦਰਦ ਕੁਝ ਘੱਟ ਮਹਿਸੂਸ ਹੋਵੇਗਾ। ਤੁਹਾਨੂੰ ਇਸ ਤੋਂ ਇਲਾਵਾ ਕੇਵਲ ਧਰਮ ਦਾ ਹੀ ਸਹਾਰਾ ਹੋਵੇਗਾ।ਬੰਦੇ ਦੀ ਸੰਗਤ ਚੰਗੀ ਅਤੇ ਨੇਕ ਹੋਣੀ ਚਾਹੀਦੀ ਹੈ। ਇਸ ਲਈ ਰੋਜ ਮੰਦਰ, ਮਸਜਿਦ ਜਾਂ ਗੁਰਦੁਆਰੇ ਆਦਿ ਜਾਣਾ ਚਾਹੀਦਾ ਹੈ। ਉੱਥੇ ਤੁਹਾਨੂੰ ਚੰਗੇ ਵਿਚਾਰ ਅਤੇ ਚੰਗੀ ਸੰਗਤ ਮਿਲੇਗੀ। ਤੁਹਾਡੇ ਸਾਹਾਂ ਦਾ ਸਫ਼ਰ ਸੋਖਾ ਹੋਵੇਗਾ।ਤੁਹਾਡੀ ਤੰਦਰੁਸਤੀ ਲਈ ਤੁਹਾਡਾ ਖਾਦਾ ਪੀਤਾ ਭੋਜਨ ਚੰਗੀ ਤਰ੍ਹਾਂ ਹਜਮ ਹੋਣਾ ਚਾਹੀਦਾ ਹੈ ਤਾਂ ਕਿ ਉਸ ਨਾਲ ਤੁਹਾਨੂੰ ਤਾਕਤ ਮਿਲ ਸਕੇ। ਇਸ ਲਈ ਸਦਾ ਸਾਦਾ ਅਤੇ ਤਾਜ਼ਾ ਭੋਜਨ ਖਾਣਾ ਚਾਹੀਦਾ ਹੈ। ਜੰਕ ਫੁਡ, ਡਿੱਬਾ ਬੰਦ ਭੋਜਨ ਅਤੇ ਤਲੀਆਂ ਹੋਈਆਂ ਚੀਜਾਂ ਨਹੀਂ ਖਾਣੀਆਂ ਚਾਹਦੀਆਂ। ਇਸ ਨਾਲ ਬੰਦਾ ਕਬਜ਼ੀ ਤੋਂ ਵੀ ਬਚਿਆ ਰਹੇਗਾ ਅਤੇ ਪੇਟ ਸਾਫ ਰਹੇਗਾ। ਨਸ਼ਿਆਂ ਤੋ ਵੀ ਬਚਣਾ ਚਾਹੀਦਾ ਹੈ। ਚਿੰਤਾ ਚਿਤਾ ਸਮਾਨ ਹੈ। ਇਹ ਸਰੀਰ ਨੂੰ ਘੁਣ ਦੀ ਤਰਾਂ ਖਾ ਜਾਂਦੀ ਹੈ। ਇਸ ਲਈ ਜੇ ਕੋਈ ਸਮੱਸਿਆਂ ਆ ਵੀ ਜਾਏ ਤਾਂ ਇਸ ਨੂੰ ਜ਼ਿੰਦਗੀ ਦਾ ਆਮ ਵਰਤਾਰਾ ਸਮਝ ਕੇ ਜਲਦੀ ਤੋਂ ਜਲਣੀ ਹੱਲ ਕਰਨਾ ਚਾਹੀਦਾ ਹੈ। ਫਾਲਤੂ ਦੀ ਲੜਾਈ ਅਤੇ ਕਲੇਸ਼ ਤੋਂ ਬਚਣਾ ਚਾਹੀਦਾ ਹੈ। ਕਈ ਵਾਰੀ ਥੋੜ੍ਹਾ ਝੁਕਣ ਨਾਲ ਵੀ ਰਿਸ਼ਤਿਆਂ ਦੀ ਖ਼ੁਸ਼ਬੂ ਬਣੀ ਰਹਿੰਦੀ ਹੈ।ਕਈ ਵਾਰੀ ਉੱਥੇ ਵੀ ਚੁੱਪ ਰਹਿਣਾ ਪੈਂਦਾ ਹੈ ਜਿੱਥੇ ਬੋਲਣ ਨੂੰ ਬਹੁਤ ਕੁਝ ਹੋਵੇ। ਇਸ ਨਾਲ ਮਨ ਦੀ ਸ਼ਾਤੀ ਬਣੀ ਰਹਿੰਦੀ ਹੈ। ਮਨ ਦੀ ਸ਼ਾਤੀ ਕਿਸੇ ਮਨੁੱਖ ਦੀ ਸਭ ਤੋਂ ਵੱਡੀ ਦੌਲਤ ਅਤੇ ਖ਼ੁਸ਼ੀ ਹੈ। ਆਪਣੇ ਬਜ਼ੁਰਗਾਂ ਦੀ ਇੱਜ਼ਤ ਕਰੋ ਅਤੇ ਬੱਚਿਆਂ ਨਾਲ ਪਿਆਰ ਕਰੋ। ਬੁਢਾਪੇ ਵਿਚ ਇਕੱਲ੍ਹੇ ਰਹਿਣ ਤੋਂ ਬਚੋ। ਆਪਣੇ ਦੋਸਤਾਂ ਦਾ ਦਾਇਰਾ ਬਣਾਓ।ਸੱਚੇ ਦੋਸਤ ਤੁਹਾਡੇ ਦੁੱਖ ਸੁੱਖ ਵਿਚ ਸਾਥ ਦਿੰਦੇ ਹਨ। ਆਪਣੇ ਜੀਵਨ ਸਾਥੀ ਨਾਲ ਮਿਲ ਕੇ ਰਹੋ। ਉਸ ਦੀਆਂ ਗ਼ਲਤੀਆਂ ਨੂੰ ਨਜ਼ਰ ਅੰਦਾਜ ਕਰਦੇ ਹੋਏ ਉਸ ਦੇ ਗੁਣਾਂ ਦੀ ਕਦਰ ਕਰੋ। ਬੁਢਾਪੇ ਵਿਚ ਜੀਵਨ ਸਾਥੀ ਹੀ ਸਾਥ ਦਿੰਦਾ ਹੈ। ਕਿਸੇ ਦੀ ਕਦਰ ਸਾਨੂੰ ਉਦੋਂ ਹੀ ਪਤਾ ਲੱਗਦੀ ਹੈ ਜਦੋਂ ਉਹ ਇਨਸਾਨ ਸਾਡੇ ਤੋਂ ਦੂਰ ਹੋ ਜਾਂਦਾ ਹੈ। ਤੁਹਾਡਾ ਜੀਵਨ ਇਕ ਆਦਰਸ਼ ਜੀਵਨ ਬਣ ਸਕਦਾ ਹੈ ਜੇ ਤੁਸੀਂ ਉਪਰੋਕਤ ਅਸੂਲਾਂ ਦਾ ਪਾਲਣ ਕਰੋ। ਅਪਣੇ ਆਪ ਨੂੰ ਚੰਗੇ ਵਾਤਾਵਰਨ ਵਿਚ ਢਾਲੋ।
*** |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |