19 June 2025

ਪ੍ਰੇਰਨਾਦਾਇਕ ਲੇਖ: ਅਲਵਿਦਾ ਤੋਂ ਪਹਿਲਾਂ—ਗੁਰਸ਼ਰਨ ਸਿੰਘ ਕੁਮਾਰ

ਅੱਜ ਦਾ ਮਨੁੱਖ ਖੋਜ ਕਰ ਰਿਹਾ ਹੈ ਕਿ ਮੰਗਲ ਗ੍ਰਹਿ ’ਤੇ ਜੀਵਨ ਹੈ ਕਿ ਨਹੀਂ ਪਰ ਉਹ ਇਹ ਕਦੀ ਨਹੀਂ ਸੋਚਦਾ ਕਿ ਇਸ ਜੀਵਨ ਵਿਚ ਮੰਗਲ ਹੈ ਕਿ ਨਹੀਂ। ਜਦ ਅਸੀਂ ਕਿਸੇ ਸਫ਼ਰ ਤੇ ਜਾਣਾ ਹੋਵੇ, ਕੋਈ ਇਮਤਿਹਾਨ ਦੇਣਾ ਹੋਏ ਜਾਂ ਕੋਈ ਹੋਰ ਵਿਸ਼ੇਸ਼ ਕੰਮ ਕਰਨਾ ਹੋਏ ਤਾਂ ਪਹਿਲਾਂ ਉਸ ਲਈ ਤਿਆਰੀ ਕਰਦੇ ਹਾਂ। ਸਾਨੂੰ ਸਭ ਨੂੰ ਇਹ ਵੀ ਪਤਾ ਹੈ ਕਿ ਅਸੀਂ ਸਭ ਨੇ ਇਕ ਦਿਨ ਮਰਨਾ ਹੀ ਹੈ। ਮੌਤ ਇਕ ਅਟੱਲ ਸੱਚਾਈ ਹੈ। ਅਸੀਂ ਆਮ ਤੌਰ ਤੇੇ ਇਸ ਗੱਲੋਂ ਅਵੇਸਲੇ ਹੋਏ ਰਹਿੰਦੇ ਹਾਂ। ਮੌਤ ਤੋਂ ਪਹਿਲਾਂ ਜੀਵਨ ਵਿਚ ਇਸ ਦੀ ਕੋਈ ਤਿਆਰੀ ਨਹੀਂ ਕਰਦੇ। ਜਦ ਸਾਡੇ ਤੇ ਬੁਢਾਪਾ ਆਉਂਦਾ ਹੈ ਤਾਂ ਅਸੀਂ ਲੋਕਾਂ ਨੂੰ ਸੁਣਾਉਂਦੇ ਰਹਿੰਦੇ ਹਾਂ ਕਿ ਹੁਣ ਤਾਂ ਅਸੀਂ ਬੁੱਢੇ ਹੋ ਗਏ ਹਾਂ। ਹੁਣ ਅਸੀਂ ਇਥੋਂ ਜਾਣ ਵਾਲੇ ਹਾਂ। ਅਸੀਂ ਆਪਣੇ ਆਪ ਨੂੰ ਗਮਾਂ ਦੇ ਸਮੁੰਦਰ ਵਿਚ ਸੁੱਟ ਕੇ ਲਹਿਰਾਂ ਦੇ ਹਵਾਲੇ ਛੱਡ ਦਿੰਦੇ ਹਾਂ। ਇਸ ਲਈ ਅਸੀਂ ਕਸ਼ਟ ਭੋਗਦੇ ਹੋਏ ਮਰਦੇ ਹਾਂ। ਸਾਨੂੰ ਜ਼ਿੰਦਗੀ ਦੇ ਆਖਰੀ ਸਮੇਂ ਨੂੰ ਸੁਖਾਵਾਂ ਬਣਾਉਣ ਲਈ ਵਿਸ਼ੇਸ਼ ਯਤਨ ਕਰਨੇ ਚਾਹੀਦੇ ਹਨ।

ਅੱਜ ਕੱਲ੍ਹ ਦੇ ਨੌਜੁਆਨਾਂ ਨੂੰ ਬੇਨਤੀ ਹੈ ਕਿ ਜਦੋਂ ਕਦੀ ਮਨ ਵਿਚ ਖਿਆਲ ਆਵੇ ਕਿ ਤੁਹਾਡੇ ਮਾਂ ਪਿਓ ਨੇ ਤੁਹਾਡੇ ਨੇ ਲਈ ਕੀਤਾ ਹੀ ਕੀ ਹੈ ਤਾਂ ਸੜਕ ’ਤੇ ਰੁਲਦੇ ਬੱਚਿਆਂ ਵੱਲ ਦੇਖ ਲਿਆ ਕਰੋ। ਫਿਰ ਆਪੇ ਪਤਾ ਚੱਲ ਜਾਵੇਗਾ ਕਿ ਤੁਹਾਡੇ ਮਾਂ ਪਿਓ ਨੇ ਤੁਹਾਡੇ ਲਈ ਕੀ ਕੀਤਾ ਹੈ। ਉਨ੍ਹਾਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਜਿਵੇਂ ਉਨ੍ਹਾਂ ਨੂੰ ਬਚਪਨ ਵਿਚ ਮਾਂ ਪਿਓ ਦੇ ਸਹਾਰੇ ਦੀ ਲੋੜ ਸੀ ਉਵੇਂ ਹੀ ਬੁਢਾਪੇ ਵਿਚ ਮਾਂ ਪਿਓ ਨੂੰ ਉਨ੍ਹਾਂ ਦੇ ਸਹਾਰੇ ਦੀ ਲੋੜ ਹੁੰਦੀ ਹੈ।

ਕਈ ਲੋਕ ਬੁਢਾਪੇ ਨੂੰ ਇਸ ਲਈ ਮਾੜਾ ਗਿਣਦੇ ਹਨ ਕਿਉਂਕਿ ਇਸ ਉਮਰ ਵਿਚ ਸਰੀਰਕ ਤੌਰ ’ਤੇ ਅਤੇ ਆਰਥਿਕ ਪੱਖੋਂ ਕਮਜ਼ੋਰ ਹੋਣ ਕਰ ਕੇ ਕਾਫੀ ਹੱਦ ਤੱਕ ਬੱਚਿਆਂ ’ਤੇ ਨਿਰਭਰ ਹੋਣਾ ਪੈਂਦਾ ਹੈ। ਇਥੇ ਉਨ੍ਹਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਭਾਗਾਂ ਵਾਲੇ ਹਨ ਕਿਉਂਕਿ ਕਈਆਂ ਨੂੰ ਤਾਂ ਬੁਢਾਪਾ ਨਸੀਬ ਹੀ ਨਹੀਂ ਹੁੰਦਾ।

ਰੱਬ ਨੇ ਸਾਨੂੰ ਨਰੋਇਆ ਸਰੀਰ ਦਿੱਤਾ ਹੈ ਤਾਂ ਇਸ ਨੂੰ ਉਸ ਦੀ ਇਮਾਨਤ ਸਮਝ ਕੇ ਸੰਭਾਲ ਕਰਨੀ ਸਾਡਾ ਮੁਢਲਾ ਫ਼ਰਜ਼ ਹੈ ।ਬੰਦਾ ਜਦ ਕੁਝ ਵੱਡਾ ਹੋ ਜਾਂਦਾ ਹੈ ਤਾਂ ਉਸ ਦੇ ਸਰੀਰ ਦੇ ਸਾਰੇ ਅੰਗ ਕੁਝ ਕਮਜ਼ੋਰ ਪੈ ਜਾਂਦੇ ਹਨ। ਇਸ ਸਮੇਂ ਕਈ ਲੋਕ ਇਹ ਸੋਚਦੇ ਹਨ ਕਿ ਇਸ ਉਮਰ ਵਿਚ ਬਿਮਾਰ ਪੈਣਾ ਅਤੇ ਕਸ਼ਟ ਪਾਉਣਾ ਉਨ੍ਹਾਂ ਦੀ ਕਿਸਮਤ ਵਿਚ ਹੀ ਲਿਖਿਆ ਹੈ। ਉਹ ਲਗਾਤਾਰ ਦਰਦ ਸਹਿੰਦੇ ਰਹਿੰਦੇ ਹਨ। ਇਹ ਧਾਰਨਾ ਬਿਲਕੁਲ ਗ਼ਲਤ ਹੈ। ਸਾਡਾ ਫ਼ਰਜ਼ ਬਣਦਾ ਹੈ ਕਿ ਜੇ ਸਾਨੂੰ ਕੋਈ ਸਰੀਰਕ ਕਸ਼ਟ ਆ ਗਿਆ ਹੈ ਤਾਂ ਅਸੀਂ ਕਿਸੇ ਚੰਗੇ ਡਾਕਟਰ ਕੋਲੋਂ ਇਲਾਜ ਕਰਾ ਕੇ ਤੰਦਰੁਸਤ ਹੋਈਏ ਅਤੇ ਕਸ਼ਟ ਤੋਂ ਛੁਟਕਾਰਾ ਪਾਈਏ। ਕਈ ਲੋਕਾਂ ਨੂੰ ਬੁਢਾਪੇ ਵਿਚ ਇਹ ਵੀ ਤਸੱਲੀ ਹੁੰਦੀ ਹੈ ਕਿ ਉਨ੍ਹਾਂ ਦੇ ਲਾਇਕ ਬੱਚੇ ਉਨ੍ਹਾਂ ਦੀ ਪੂਰੀ ਸੇਵਾ ਸੰਭਾਲ ਕਰ ਰਹੇ ਹਨ। ਇਥੇ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਇਹ ਠੀਕ ਹੈ ਕਿ ਅਸੀਂ ਦੂਜੇ ਤੇ ਨਿਰਭਰ ਰਹਿ ਕੇ ਆਪਣੇ ਨਿੱਜੀ ਕੰਮ ਉਸ ਤੋਂ ਕਰਵਾਈਏ?…… ਨਹੀਂ ਨਾ, ਫਿਰ ਆਪਣੇ ਸਰੀਰ ਵੱਲੋਂ ਅਵੇਸਲੇ ਨਾ ਹੋਵੋ। ਆਪਣੇ ਬੁਢਾਪੇ ਨੂੰ ਤੁਸੀਂ ਆਪ ਸਹਿਜ ਵਿਚ ਰੱਖਣਾ ਹੈ। ਡਾਕਟਰ ਨੂੰ ਆਪਣੀਆਂ ਸਰੀਰਕ ਸਮੱਸਿਆਵਾਂ ਦੱਸ ਕੇ ਤੰਦਰੁਸਤ ਬਣੋ ਅਤੇ ਸੁੱਖ ਪਾਓ। ਇਸ ਤੋਂ ਇਲਾਵਾ ਸਭ ਨੂੰ ਜੁਆਨੀ ਵਿਚ ਹੀ ਆਪਣੇ ਬੁਢਾਪੇ ਲਈ ਕੁਝ ਧਨ ਵੱਖਰਾ ਬਚਾ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਇਸ ਉਮਰ ਵਿਚ ਆਰਥਿਕ ਪੱਖੋਂ ਕਿਸੇ ਦਾ ਮੁਥਾਜ ਨਾ ਹੋਣਾ ਪਏ।

ਜ਼ਿੰਦਗੀ ਨੂੰ ਸੁਖਾਵਾਂ ਬਣਾਉਣ ਲਈ ਹੋਰ ਵੀ ਕਈ ਗੱਲਾਂ ਧਿਆਨ ਯੋਗ ਹਨ ਜਿਵੇਂ ਮਨੁੱਖ ਦੀ ਮਾਨਸਿਕ ਖ਼ੁਸ਼ੀ। ਮਨੁੱਖ ਦੀ ਮਾਨਸਿਕ ਸਥਿਤੀ ਦਾ ਉਸ ਦੀ ਸਿਹਤ ਤੇ ਸਿੱਧਾ ਪ੍ਰਭਾਵ ਪੈਂਦਾ ਹੈ। ਇਸ ਲਈ ਖ਼ੁਸ਼ ਰਹਿਣਾ ਵੀ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ। ਬੇਸ਼ੱਕ ਇਹ ਜ਼ਿੰਦਗੀ ਸਮੱਸਿਆਵਾਂ ਨਾਲ ਭਰੀ ਪਈ ਹੈ ਪਰ ਤੁਹਾਡੀ ਖ਼ੁਸ਼ੀ ਇਸ ਤੇ ਨਿਰਭਰ ਕਰਦੀ ਹੈ ਕਿ ਕਿ ਤੁਸੀਂ ਕਿਸੇ ਘਟਣਾ ਜਾਂ ਸਮੱਸਿਆ ਨੂੰ ਕਿਸ ਤਰਾਂ ਲੈਂਦੇ ਹੋ। ਜੇ ਤੁਸੀਂ ਛੋਟੀ ਛੋਟੀ ਗੱਲ ਨੂੰ ਹੀ ਮਨ ਤੇ ਲਾ ਲਉਗੇ ਤਾਂ ਦੁਖੀ ਹੋਵੋਗੇ ਹੀ। ਭਵਿੱਖ ਦੀ ਚਿੰਤਾ ਬੰਦੇ ਨੂੰ ਅੰਦਰੋਂ ਖੋਖਲਾ ਕਰ ਦਿੰਦੀ ਹੈ। ਇਸ ਲਈ ਭਵਿੱਖ ਬਾਰੇ ਜ਼ਿਆਦਾ ਫਿਕਰ ਕਰਨ ਦੀ ਲੋੜ ਨਹੀਂ। ਹੋ ਸਕਦਾ ਹੈ ਕਿ ਭਵਿੱਖ ਦੀਆਂ ਜਿਹੜੀਆਂ ਅਣਸੁਖਾਵੀਆਂ ਗੱਲਾਂ ਬਾਰੇ ਸੋਚ ਕੇ ਤੁਸੀਂ ਦੁਖੀ ਹੋ ਰਹੇ ਹੋ ਉਹ ਕਦੀ ਵਾਪਰਨ ਹੀ ਨਾ। ਇਸੇ ਤਰ੍ਹਾਂ ਬੀਤੀਆਂ ਗੱਲਾਂ

ਜਾਂ ਘਟਨਾਵਾਂ ਬਾਰੇ ਵੀ ਬਹੁਤਾ ਝੂਰਨ ਦੀ ਲੋੜ ਨਹੀਂ ਜੋ ਗੁਜ਼ਰ ਗਿਆ ਸੋ ਗੁਜ਼ਰ ਗਿਆ। ਜੋ ਤੁਹਾਡੇ ਹੱਥ ਵੱਸ ਹੀ ਨਹੀਂ ਉਸਦਾ ਦੁੱਖ ਕਾਹਦਾ? ਸਭ ਚਿੰਤਾਵਾਂ ਪ੍ਰਮਾਤਮਾ ਤੇ ਛੱਡ ਦਿਉ।ਜੋ ਉਹ ਕਰੇਗਾ ਸਾਡੇ ਲਈ ਠੀਕ ਹੀ ਕਰੇਗਾ। ਕਈ ਘਟਨਾਵਾਂ ਸਾਡੇ ਚੰਗੇ ਮਾੜੇ ਕੀਤੇ ਦਾ ਫ਼ਲ ਹੀ ਹੁੰਦੀਆਂ ਹਨ। ਇਸ ਲਈ ਅਸੀਂ ਅੱਜ ਚੰਗੇ ਕੰਮ ਕਰ ਕੇ ਆਪਣੇ ਖੁਸ਼ਹਾਲ ਭਵਿੱਖ ਦੀ ਨੀਂਹ ਰੱਖ ਸਕਦੇ ਹਾਂ। ਲੋਕ ਭਲਾਈ ਦੇ ਕੰਮ ਕਦੀ ਵਿਅਰਥ ਨਹੀਂ ਜਾਂਦੇ। ਸਾਡੇ ਚੰਗੇ ਜਾਂ ਮਾੜੇ ਕੰਮ ਦਾ ਫ਼ਲ ਸਾਨੂੰ ਇਸੇ ਜਨਮ ਵਿਚ ਮਿਲਨਾ ਹੀ ਮਿਲਨਾ ਹੈ। ਜੇ ਅੱਜ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਤਾਂ ਮੁਸੀਬਤ ਸਮੇਂ ਕੋਈ ਦੋ ਹੱਥ ਸਾਡੀ ਸਹਾਇਤਾ ਲਈ ਵੀ ਜ਼ਰੂਰ ਆ ਹੀ ਜਾਣਗੇ।

ਪ੍ਰਮਾਤਮਾ ਨੇ ਸਭ ਨੂੰ ਇਕ ਦੂਸਰੇ ਤੋਂ ਵੱਖਰੀ ਕਿਸਮ ਦਾ ਬਣਾ ਕੇ ਭੇਜਿਆ ਹੈ। ਸਭ ਦਾ ਕੰਮ ਕਰਨ ਦਾ ਆਪਣਾ ਆਪਣਾ ਢੰਗ ਹੈ। ਹਰ ਇਕ ਦੇ ਹਾਲਾਤ ਅਲੱਗ ਅਲੱਗ ਹਨ। ਸਭ ਦੀ ਸਮਝ ਅਤੇ ਪਸੰਦ ਵੀ ਅਲੱਗ ਅਲੱਗ ਹੀ ਹੈ। ਇਸ ਲਈ ਕਦੀ ਕਿਸੇ ਦੂਸਰੇ ਦੀ ਜ਼ਿੰਦਗੀ ਵਿਚ ਦਖਲ ਨਾ ਦਿਉ। ਦੂਸਰੇ ਨੂੰ ਟੋਕਾ ਟਾਕੀ ਕਰਨ ਤੋਂ ਬਚੋ, ਨਹੀਂ ਤੇ ਤੁਹਾਡੇ ਉਸ ਨਾਲ ਰਿਸ਼ਤੇ ਖਰਾਬ ਹੋਣਗੇ। ਉਦਾਹਰਨ ਦੇ ਤੋਰ ਤੇ ਜੇ ਤੁਸੀਂ ਅੱਜ ਕਿਸੇ ਦੇ ਸ਼ਰਾਬੀ ਪਿਓ ਨੂੰ ਸ਼ਰਾਬੀ ਕਹਿੰਦੇ ਹੋ ਤਾਂ ਬਦਲੇ ਵਿਚ ਉਹ ਤੁਹਾਡੇ ਪਿਓ (ਜਿਸ ਨੇ ਕਦੀ ਸ਼ਰਾਬ ਨੂੰ ਕਦੀ ਹੱਥ ਵੀ ਨਹੀਂ ਲਾਇਆ) ਨੂੰ ਵੀ ਸ਼ਰਾਬੀ ਹੀ ਕਹੇਗਾ। ਤੁਹਾਡੇ ਦਿਲ ਨੂੰ ਠੇਸ ਪਹੁੰਚੇਗੀ। ਤਹਾਡੀ ਖ਼ੁਸ਼ੀ ਗੁੱਸੇ ਵਿਚ ਬਦਲ ਜਾਵੇਗੀ। ਇਸੇ ਲਈ ਕਹਿੰਦੇ ਹਨ ਕਿ ਤੁਹਾਡੀ ਇੱਜ਼ਤ ਤੁਹਾਡੇ ਆਪਣੇ ਹੱਥ ਵਿਚ ਹੈ।

ਜੇ ਕਿਸੇ ਨਾਲ ਤੁਹਾਡਾ ਸੁਭਾਅ ਨਹੀਂ ਮਿਲਦਾ, ਉਹ ਤੁਹਾਡੇ ਨਾਲ ਬੁਰਾ ਵਰਤਦਾ ਹੈ ਜਾਂ ਮੰਦਾ ਬੋਲਦਾ ਹੈ ਤਾਂ ਉਸ ਨੂੰ ਆਪਣੀ ਜ਼ਿੰਦਗੀ ਵਿਚੋਂ ਬੇਦਖਲ ਕਰ ਦਿਉ। ਉਸ ਦੇ ਮਾੜੇ ਵਿਉਹਾਰ ਦਾ ਕੋਈ ਨੋਟਿਸ ਨਾ ਲਉ। ਜੇ ਤੁਸੀਂ ਉਸ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹੋ ਜਾਂ ਉਸ ਦੇ ਕੰਮਾਂ ’ਤੇ ਜ਼ਿਆਦਾ ਧਿਆਨ ਦਿੰਦੇ ਹੋ ਤਾਂ ਉਹ ਹੋਰ ਵੀ ਜ਼ਿਆਦਾ ਚਾਂਬਲੇਗਾ ਅਤੇ ਤੁਹਾਨੂੰ ਹੋਰ ਪ੍ਰੇਸ਼ਾਨ ਕਰੇਗਾ। ਤੁਸੀਂ ਦੁਖੀ ਹੋਵੋਗੇ। ਤਸੀ ਉਸ ਦੇ ਕੰਮਾਂ ਨੂੰ ਅਣਦੇਖਿਆ ਕਰ ਕੇ ਆਪਣੀਆਂ ਖ਼ੁਸ਼ੀਆਂ ਨੂੰ ਬਚਾ ਕੇ ਰੱਖੋ। ਤੁਸੀਂ ਉਸ ਤੋਂ ਬਿਲਕੁਲ ਵਿਰਕਤ ਹੋ ਜਾਓ ਜਿਵੇਂ ਤੁਹਾਡੇ ਲਈ ਉਹ ਹੈ ਹੀ ਨਹੀਂ।

ਆਪਣੇ ਆਪ ਨੂੰ ਕਦੀ ਕਮਜ਼ੋਰ, ਨਿਮਾਣਾ, ਨਿਤਣਾ ਜਾਂ ਹੀਨਾ ਨਾ ਸਮਝੋ ਨਾ ਹੀ ਕਿਸੇ ਦੇ ਸਹਾਰੇ ਰਹੋ। ਸਹਾਰੇ ਬੰਦੇ ਨੂੰ ਕਮਜ਼ੋਰ ਬਣਾਉਂਦੇ ਹਨ। ਆਤਮ ਵਿਸ਼ਵਾਸ ਬੰਦੇ ਦੀ ਤਾਕਤ ਬਣਦਾ ਹੈ।ਜੋ ਕੁਝ ਪ੍ਰਮਾਤਮਾ ਨੇ ਤੁਹਾਨੂੰ ਦਿੱਤਾ ਹੈ ਉਸ ਨਾਲ ਸਬਰ ਕਰੋ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ। ਪਰਾਈ ਆਸ ਛੱਡੋ। ਦੂਸਰੇ ਤੋਂ ਮੰਗਣ ਦੀ ਆਦਤ ਛੱਡੋ। ਇਸ ਨਾਲ ਤੁਹਾਡੀ ਇੱਜ਼ਤ ਘੱਟਦੀ ਹੈ। ਤੁਹਾਡੀ ਅਣਖ ਨੂੰ ਸੱਟ ਵੱਜਦੀ ਹੈ। ਸੰਤੁਸ਼ਟ ਰਹੋ ਅਤੇ ਆਪਣੇ ਬਲ ਤੇ ਭਰੋਸਾ ਰੱਖੋ। ਸਹਿਜ ਵਿਚ ਆਪਣੀ ਜ਼ਿੰਦਗੀ ਬਸਰ ਕਰੋ। ਤੁਹਾਡੀ ਜ਼ਿੰਦਗੀ ਬੁੱਝਦੇ ਹੋਏ ਚਿਰਾਗ ਦੀ ਤਰ੍ਹਾਂ ਨਹੀਂ ਹੋਣੀ ਚਾਹੀਦੀ। ਤੁਹਾਡੇ ਚਿਹਰੇ ਦੇ ਨੂਰ ਵਿਚੋਂ ਨੌਜਵਾਨਾ ਨੂੰ ਆਪਣੀ ਮੰਜ਼ਿਲ ਨਜ਼ਰ ਆਉਣੀ ਚਾਹੀਦੀ ਹੈ। ਪ੍ਰਮਾਤਮਾ ਨੇ ਤੁਹਾਨੂੰ ਹਾਰਨ ਨਹੀਂ ਬਣਾਇਆ। ਤੁਹਾਡੇ ਵਿਚ ਹਾਲੀ ਵੀ ਨਵੀਂਆਂ ਮੱਲਾਂ ਮਾਰਨ ਦੀ ਅਤੇ ਨਵੀਂਆਂ ਉਪਲੱਭਦੀਆਂ ਪ੍ਰਾਪਤ ਕਰਨ ਦੀ ਗੁੰਜਾਇਸ਼ ਹੈ।

ਪ੍ਰਮਾਤਮਾ ਨੂੰ ਅਤੇ ਮੌਤ ਨੂੰ ਕਦੀ ਨਾ ਭੁੱਲੋ। ਪ੍ਰਮਾਤਮਾ ਨੇ ਤੁਹਾਨੂੰ ਬੇਅੰਤ ਦਾਤਾਂ ਦਿਤੀਆਂ ਹਨ ਜੋ ਗਿਣੀਆਂ ਵੀ ਨਹੀਂ ਜਾ ਸਕਦੀਆਂ। ਫਿਰ ਵੀ ਜੇ ਤੁਸੀਂ ਆਪਣੀ ਜ਼ਿੰਦਗੀ ਵਿਚ ਖ਼ੁਸ਼ ਨਾ ਰਹੋ ਤਾਂ ਇਹ ਨਾਸ਼ੁਕਰਾਪਣ ਹੀ ਹੈ। ਇਸ ਧਰਤੀ ਤੇ ਆ ਕੇ ਦੂਜੇ ਲੋਕਾਂ ਨਾਲ ਆਪਣੇ ਸੁਹਿਰਦ ਵਿਉਹਾਰ ਦੁਆਰਾ ਤੁਸੀਂ ਸੁਖਾਵੇਂ ਰਿਸ਼ਤੇ ਆਪ ਬਣਾਉਣੇ ਹਨ ਤਾਂ ਹੀ ਤੁਹਾਡੀ ਜ਼ਿੰਦਗੀ ਸੌਖੀ ਹੋਵੇਗੀ। ਕੁਝ ਸੰਤੁਲਨ ਬਣਾ ਕੇ, ਕੁਝ ਬਰਦਾਸ਼ਤ ਕਰਕੇ ਅਤੇ ਕੁਝ ਅਣਦੇਖਿਆ ਕਰ ਕੇ ਹੀ ਰਿਸ਼ਤੇ ਸੁਖਾਵੇਂ ਬਣਦੇ ਹਨ।

ਤੁਹਾਡਾ ਬੁਢਾਪਾ ਬਿਮਾਰ ਪੈਣ ਲਈ ਅਤੇ ਦੁਖੀ ਹੋਣ ਲਈ ਨਹੀਂ ਹੈ। ਇਹ ਤੁਹਾਡੀ ਜ਼ਿੰਦਗੀ ਦਾ ਸੁਨਹਿਰੀ ਸਮਾਂ ਹੈ। ਤੁਹਾਡੇ ਕੋਲ ਜ਼ਿੰਦਗੀ ਦੇ ਕੀਮਤੀ ਤਜ਼ਰਬੇ ਦਾ ਵਿਸ਼ਾਲ ਭੰਡਾਰ ਹੈ। ਤੁਸੀਂ ਇਸ ਨੂੰ ਲੋੜਵੰਦਾਂ ਵਿਚ ਵੰਡ ਕੇ ਉਨ੍ਹਾਂ ਨੂੰ ਸਿੱਧੇ ਰਾਹ ਪਾ ਸਕਦੇ ਹੋ। ਤੁਸੀਂ ਬੱਚਿਆਂ ਵਿਚ ਚੰਗੇ ਸੰਸਕਾਰ ਭਰ ਸਕਦੇ ਹੋ। ਇਸ ਉਮਰ ਵਿਚ ਤੁਸੀਂ ਕਾਫ਼ੀ ਹੱਦ ਤੱਕ ਸਮਾਜਿਕ ਬੰਧਣਾ ਤੋਂ ਆਜਾਦ ਹੋ ਜਾਂਦੇ ਹੋ। ਤੁਸੀਂ ਆਪਣੀਆਂ ਰੁਕੀਆਂ ਹੋਈਆਂ ਖ਼ਹਿਸ਼ਾਂ ਨੂੰ ਆਪਣੀ ਪਸੰਦ ਅਨੁਸਾਰ ਪੂਰਿਆਂ ਕਰ ਸਕਦੇ ਹੋ। ਇਸ ਸਮੇਂ ਤੁਹਾਡਾ ਸਰੀਰ ਤੰਦਰੁਸਤ ਹੋਣਾ ਚਾਹੀਦਾ ਹੈ ਅਤੇ ਜੇਬ ਵਿਚ ਪੈਸੇ ਹੋਣੇ ਚਾਹੀਦੇ ਹਨ। ਆਪਣੇ ਬੁਢਾਪੇ ਨੂੰ ਖ਼ੁਸ਼ੀ ਨਾਲ ਮਾਣੋ। ਕਿਸੇ ਹੋਰ ਸਵਰਗ ਦੀ ਆਸ ਨਾ ਰੱਖੋ ਅਤੇ ਨਾ ਹੀ ਕਿਸੇ ਨਰਕ ਤੋਂ ਡਰੋ। ਜੇ ਤੁਹਾਡੇ ਕੋਲ ਗੁਜ਼ਾਰੇ ਲਈ ਪ੍ਰਾਪਤ ਧਨ ਹੈ, ਖਾਣ ਲਈ ਭੋਜਨ ਹੈ, ਪਾਉਣ ਲਈ ਕੱਪੜਾ ਹੈ ਅਤੇ ਸੌਣ ਲਈ ਸਿਰ ਤੇ ਛੱਤ ਹੈ ਤਾਂ ਤੁਸੀਂ ਦੁਨੀਆਂ ਦੇ ਸਭ ਤੋਂ ਖ਼ੁਸ਼ਨਸੀਬ ਬੰਦੇ ਹੋ। ਲੋਕਾਂ ਦੀ ਫਾਾਲਤੂ ਪ੍ਰਵਾਹ ਕਰਨੀ ਛੱਡ ਦਿਉ। ਗੁੱਸੇ ਗਿਲਿਆਂ ਦਾ ਫਤੂਰ ਦਿਮਾਗ ਵਿਚੋਂ ਕੱਢ ਦਿਉ। ਸਹਿਜ ਵਿਚ ਖ਼ੁਸ਼ੀ ਨਾਲ ਜੀਓ। ਮੌਤ ਦਾ ਡਰ ਵੀ ਦਿਲ ਵਿਚੋਂ ਕੱਢ ਦਿਉ। ਇਹ ਕੁਦਰਤ ਦਾ ਆਮ ਵਰਤਾਰਾ ਹੈ। ਇੱਥੇ ਸਦਾ ਲਈ ਕੋਈ ਵੀ ਅਮਰ ਨਹੀਂ ਰਿਹਾ। ਫਿਰ ਮੌਤ ਦਾ ਡਰ ਕਾਹਦਾ।ਆਪਣੇ ਅੰਤਿਮ ਸਮੇਂ ਅੇਵੇਂ ਨਾ ਡਰੋ। ਇਹ ਨਾ ਸੋਚੋ ਕਿ ਤੁਹਾਨੂੰ ਕੋਈ ਜਮ ਲੈਣ ਆਉਣਗੇ ਜਾਂ ਕਿਸੇ ਨਰਕ ਵਿਚ ਸੁੱਟਿਆ ਜਾਵੇਗਾ ਜਾਂ ਉਬਲਦੇ ਤੇਲ ਦੇ ਕੜਾਹਿਆਂ ਵਿਚ ਪਾ ਕੇ ਸਾੜਿਆ ਜਾਵੇਗਾ। ਨਰਕ ਸਵਰਗ ਇੱਥੇ ਇਸ ਧਰਤੀ ਤੇ ਹੀ ਹੈ ਜੋ ਤੁਹਾਡੀ ਸੋਚ ਅਤੇ ਕਰਮਾਂ ਅਨੁਸਾਰ ਇਸੇ ਜੀਵਨ ਵਿਚ ਹੀ ਭੁਗਤਣਾ ਪੈਂਦਾ ਹੈ। ਇਸੇ ਲਈ ਕਹਿੰਦੇ ਹਨ ਆਪ ਮਰੇ ਜੱਗ ਪਰਲੋ। ਆਪ ਮਰ ਗਏ ਤਾਂ ਸਭ ਖਤਮ ਸਭ ਧਨ ਦੌਲਤ, ਜਾਇਦਾਦ ਅਤੇ ਰਿਸ਼ਤੇ ਨਾਤਿਆਂ ਤੋਂ ਤੁਹਾਡਾ ਸਬੰਧ ਖਤਮ। ਛੋਟੀਆਂ ਛੋਟੀਆਂ ਸਮੱਸਿਆਵਾਂ ਕਾਰਨ ਦਿਲ ਨਾ ਛੱਡੋ। ਮਰਨ ਤੋਂ ਪਹਿਲਾਂ ਨਾ ਮਰੋ।

ਬੁਢਾਪਾ ਜਿੰਦਗੀ ਦੇ ਨਾਟਕ ਦਾ ਆਖਰੀ ਦ੍ਰਿਸ਼ ਹੈ ਇਸ ਨੂੰ ਸੋਹਣੀ ਤਰ੍ਹਾਂ ਨਿਭਾਓ ਤਾਂ ਕਿ ਦਰਸ਼ਕਾਂ ਦੇ ਮਨਾ ਵਿਚ ਤੁਹਾਡੀ ਯਾਦ ਚੰਗੀ ਤਰ੍ਹਾਂ ਬਣੀ ਰਹੇ। ਬੇਸ਼ੱਕ ਮਨੁੱਖ ਰੋਂਦਾ ਹੋਇਆਂ ਧਰਤੀ ਤੇ ਆਉਂਦਾ ਹੈ ਪਰ ਇਥੋਂ ਰੁਖਸਤ ਸਹਿਜ ਅਤੇ ਖ਼ੁਸ਼ੀ ਨਾਲ ਹੋਣਾ ਚਾਹੀਦਾ ਹੈ। ਇਸ ਸਮੇਂ ਮਨ ਤੇ ਕੋਈ ਬੋਝ ਵੀ ਨਹੀਂ ਹੋਣਾ ਚਾਹੀਦਾ। ਜੇ ਮੌਤ ਆ ਵੀ ਗਈ ਤਾਂ ਖ਼ੁਸ਼ੀ ਖ਼ੁਸ਼ੀ ਸਹਿਜ ਨਾਲ ਇਸ ਦੁਨੀਆਂ ਨੂੰ ਅਲਵਿਦਾ ਕਹੋ। ਜ਼ਿੰਦਗੀ ਨੂੰ ਆਖ਼ਰੀ ਪਲਾਂ ਤੱਕ ਮਾਣੋ।
***
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
+91 94631-89432

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1513
***

ਗੁਰਸ਼ਰਨ ਸਿੰਘ ਕੁਮਾਰ
Mobile:094631-89432/83608-42861 | gursharan1183@yahoo.in |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਸ਼ਰਨ ਸਿੰਘ ਕੁਮਾਰ

View all posts by ਗੁਰਸ਼ਰਨ ਸਿੰਘ ਕੁਮਾਰ →