19 June 2025

ਪਹਿਲਗਾਮ ਅਤੇ ਵਿਚਾਰੀ ਅੰਮਾ — ਗੁਰਸ਼ਰਨ ਸਿੰਘ ਕੁਮਾਰ

ਪ੍ਰਮਾਤਮਾ ਨੇ ‘ਕਸ਼ਮੀਰ’ ਨੂੰ ਬੇਅੰਤ ਕੁਦਰਤੀ ਸੁੰਦਰਤਾ ਦੇ ਕੇ ਨਿਵਾਜਿਆ ਹੈ। ਇਸੇ ਲਈ ਇਸ ਨੂੰ ਧਰਤੀ ਦਾ ਸਵਰਗ ਅਤੇ ਹਿੰਦ ਦਾ ਤਾਜ਼ ਕਿਹਾ ਜਾਂਦਾ ਹੈ। ਇੱਥੇ ਸਾਫ ਸੁਥਰੀਆਂ ਨੀਲੀਆਂ ਝੀਲਾਂ ਵਿਚ ਸੈਲਾਨੀਆਂ ਦੀ ਸੈਰ ਲਈ ਸੋਹਣੇ ਸ਼ਿਕਾਰੇ ਉਨ੍ਹਾਂ ਨੂੰ ਆਪਣੀ ਤਰਫ਼ ਖਿੱਚਦੇ ਹਨ। ਫ਼ੁੱਲਾਂ ਨਾਲ ਮਹਿਕਦੇ ਸੁੰਦਰ ਪਾਰਕ ਹੋਰ ਵੀ ਦਿਲ ਲੁਭਉਂਦੇ ਹਨ। ਉੱਤੋਂ ਸਾਫ ਸੁਥਰੀਆਂ ਸੁਹਣੀਆਂ ਸੜਕਾਂ ਅਤੇ ਭਾਂਤ ਭਾਂਤ ਦੀਆਂ ਸਜੀਆਂ ਹੋਈਆਂ ਦੁਕਾਨਾਂ ਸਭ ਨੂੰ ਆਪਣੀ ਤਰਫ਼ ਖਿੱਚ ਪਾਉਂਦੀਆਂ ਹਨ। ਇੱਥੋਂ ਦੇ ਸ਼ੈਲ ਸ਼ਬੀਲੇ ਗੱਭਰੂ ਅਤੇ ਬਾਂਕੀਆਂ ਸੁੰਦਰ ਨਾਰਾਂ ਸਭ ਦਾ ਮਨ ਮੋਹ ਲੈਂਦੀਆਂ ਹਨ। ਦੁਨੀਆਂ ਭਰ ਤੋਂ ਸੈਲਾਨੀ ਇੱਥੇ ਕੁਦਰਤ ਦਾ ਹੁਸਨ ਦੇਖਣ ਲਈ ਆਉਂਦੇ ਹਨ।

1964 ਦੀ ਗੱਲ ਹੈ ਲਾਹੌਰ ਤੋਂ ਕੁਝ ਮੁਟਿਆਰਾਂ ਕਸ਼ਮੀਰ ਘੁੰਮਣ ਆਈਆਂ। ਉਨ੍ਹਾਂ ਵਿਚ ਇਕ 20 ਸਾਲ ਦੀ ਖ਼ੂਬਸੂਰਤ ਮੁਟਿਆਰ ਅੱਲ੍ਹਾ ਰੱਖੀ ਵੀ ਸੀ। ਉਹ ਤਾਂ ਇਥੋਂ ਦੀ ਸੁੰਦਰਤਾ ਦੇਖ ਕੇ ਮਰ ਮਿਟੀ। ਇਕ ਦਿਨ ਅਚਾਨਕ ਉਸ ਦੀ ਮੁਲਾਕਾਤ ਇਕ ਬਹੁਤ ਹੀ ਸੋਹਣੇ ਗਭਰੂ ਕਾਸਮ ਨਾਲ ਹੋ ਗਈ। ਕਾਸਮ ਸ਼ੀ੍ਰ ਨਗਰ ਤੋਂ ਕੋਈ 70 ਕੁ ਕਿਲੋ ਮੀਟਰ ਦੂਰੀ ਤੇ ਇਕ ਛੋਟੇ ਜਿਹੇ ਪਿੰਡ ਢੋਲਣਵਾਲਾ ਵਿਚ ਰਹਿੰਦਾ ਸੀ। ਇਸ ਪਿੰਡ ਵਿਚ ਕੇਵਲ 25-30 ਕੁ ਘਰ ਹੀ ਸਨ। ਅੱਲ੍ਹਾ ਰੱਖੀ ਕਾਸਮ ਨੂੰ ਹੀ ਆਪਣਾ ਦਿਲ ਦੇ ਬੈਠੀ। ਦੋਹਾਂ ਦੀਆਂ ਮੁਲਾਕਾਤਾਂ ਵਧਣ ਲੱਗੀਆਂ। ਅੱਲਾ ਰੱਖੀ ਕਹਿੰਦੀ ਕਿ ਮੇਰਾ ਤਾਂ ਦਿਲ ਕਰਦਾ ਹੈ ਕਿ ਮੈਂ ਇੱਥੇ ਹੀ ਵੱਸ ਜਾਵਾਂ ਅਤੇ ਅੰਤ ਇਸੇ ਮਿੱਟੀ ਵਿਚ ਹੀ ਸਮਾ ਜਾਵਾਂ। ਉਸ ਨੇ ਆਪਣੀਆ ਸਹੇਲੀਆਂ ਹੱਥ ਲਾਹੌਰ ਆਪਣੇ ਮਾਂ ਪਿਉ ਨੂੰ ਚਿੱਠੀ ਭੇਜ ਦਿੱਤੀ ਕਿ ਮੈ ਇੱਥੇ ਹੀ ਵਿਆਹ ਕਰਾ ਰਹੀ ਹਾਂ ਅਤੇ ਮੈਂ ਵਾਪਸ ਲਾਹੌਰ ਨਹੀਂ ਆਵਾਂਗੀ। ਇਸ ਲਈ ਮੇਰੀ ਉਡੀਕ ਨਾ ਕਰਨਾ। ਉੱਧਰ ਕਾਸਮ ਵੀ ਅੱਲ੍ਹਾਂ ਰੱਖੀ ਨੂੰ ਬਹੁਤ ਪਿਆਰ ਕਰਦਾ ਸੀ। ਦੋਹਾਂ ਨੇ ਇਕ ਦਿਨ ਮੋਲਵੀ ਕੋਲ ਜਾ ਕੇ ਨਿਕਾਹ ਕਰਾ ਲਿਆ। ਬੇਸ਼ੱਕ ਦੇਸ਼ ਦੇ ਬਟਵਾਰੇ ਨੂੰ 17 ਸਾਲ ਹੋ ਗਏ ਸਨ ਪਰ ਹਾਲੇ ਵੀ ਥੋਹੜੀ ਜਿਹੀ ਕਾਗਜ਼ੀ ਕਾਰਵਾਈ ਤੋਂ ਬਾਅਦ ਦੋਹਾਂ ਦੇਸ਼ਾਂ ਦੀ ਆਬਾਦੀ ਦਾ ਬਟਵਾਰਾ ਚੱਲ ਰਿਹਾ ਸੀ। ਨਿਕਾਹ ਤੋਂ ਬਾਅਦ ਕਾਸਮ ਨੇ ਕੁਝ ਫਾਰਮ ਭਰ ਕੇ ਅਤੇ ਅੱਲ੍ਹਾ ਰੱਖੀ ਦੇ ਪਾਸਪੋਰਟ ਅਤੇ ਨਿਕਾਹਨਾਮੇ ਦੀਆਂ ਕਾਪੀਆਂ ਨਾਲ ਲਾ ਕੇ ਭਾਰਤ ਦੇ ਇਮੀਗਰੇਸ਼ਨ ਵਿਭਾਗ ਨੂੰ ਭੇਜ ਦਿੱਤੀਆਂ ਸਨ ਤਾਂ ਕਿ ਅੱਲ੍ਹਾ ਰੱਖੀ ਨੂੰ ਭਾਰਤ ਦੀ ਨਾਗਰਿਕਤਾ ਮਿਲ ਜਾਏ ਪਰ ਉੱਧਰੋਂ ਕੋਈ ਜੁਵਾਬ ਨਾ ਆਇਆ। ਲੋਕਾਂ ਨੇ ਵੀ ਕਿਹਾ ਕਿ ਜਦ ਨਿਕਾਹ ਹੋ ਜਾਏ ਤਾਂ ਔਰਤ ਨੂੰ ਆਪੇ ਹੀ ਪਤੀ ਦੇ ਦੇਸ਼ ਦੀ ਨਾਗਰਿਕਤਾ ਮਿਲ ਜਾਂਦੀ ਹੈ ਜਿਵੇਂ ਜਿਸ ਦੇਸ਼ ਵਿਚ ਜਦ ਕੋਈ ਬੱਚਾ ਪੈਦਾ ਹੋਏ ਤਾਂ ਉਹ ਉਸ ਦੇਸ਼ ਦਾ ਹੀ ਨਾਗਰਿਕ ਮੰਨਿਆ ਜਾਂਦਾ ਹੈ। ਇਸ ਲਈ ਕਾਸਮ ਅਤੇ ਅੱਲ੍ਹਾ ਰੱਖੀ ਇਸ ਗੱਲ ਤੋਂ ਚੁੱਪ ਕਰ ਗਏ ਅਤੇ ਨਾ ਹੀ ਉਨ੍ਹਾਂ ਨੇ ਅੱਗੋਂ ਬੱਚਿਆਂ ਦੇ ਵੱਡੇ ਹੋਣ ਤੇ ਉਨ੍ਹਾਂ ਨਾਲ ਇਸ ਗੱਲ ਦਾ ਕੋਈ ਜ਼ਿਕਰ ਕੀਤਾ।

ਅੱਲ੍ਹਾ ਰੱਖੀ ਜਲਦੀ ਹੀ ਕਾਸਮ ਦੇ ਪਿੰਡ ਦੇ ਵਾਤਾਵਰਨ ਵਿਚ ਰਚ ਮਿਚ ਗਈ ਕਿਉਂਕਿ ਉਸ ਦਾ ਆਪਣਾ ਸੁਭਾਅ ਬੜਾ ਮਿਲਾਪੜਾ ਸੀ। ਇਥੇ ਆ ਕਿ ਉਸ ਨੇ ਸਭ ਦਾ ਦਿਲ ਜਿੱਤ ਲਿਆ। ਇੱਥੇ ਹੀ ਉਸ ਦੇ ਅੱਠ ਬੱਚੇ (ਪੰਜ ਲੜਕੇ ਅਤੇ ਤਿੰਨ ਧੀਆਂ) ਹੋਏ।ਇਹ ਉਨ੍ਹਾਂ ਦੀ ਫ਼ੁਲਵਾੜੀ ਸੀ ਜੋ ਵਧ ਫ਼ੁੱਲ ਰਹੀ ਸੀ। ਕਾਸਮ ਅਤੇ ਅੱਲ੍ਹਾ ਰੱਖੀ ਬੱਚਿਆਂ ਨੂੰ ਦੇਖ ਦੇਖ ਕੇ ਫ਼ੁੱਲੇ ਨਹੀਂ ਸਨ ਸਮਾਉਂਦੇ। ਉਨ੍ਹਾਂ ਦਾ ਪਰਿਵਾਰ ਸਾਰੇ ਪਿੰਡ ਵਿਚ ਛਾ ਗਿਆ। ਉਸ ਦੀ ਸਿਆਣਪ ਅਤੇ ਹਰ ਇਕ ਦੇ ਕੰਮ ਆਉਣ ਕਾਰਨ ਅੱਲ੍ਹਾ ਰੱਖੀ ਨੂੰ ਪਿੰਡ ਦੀ ਸਰਪੰਚ ਚੁਣ ਲਿਆ ਗਿਆ।ਸਾਰੇ ਪਿੰਡ ਵਾਲੇ ਉਸ ਨੂੰ ਅੰਮਾ ਕਹਿ ਕੇ ਸਤਿਕਾਰਦੇ ਸਨ। ਇੱਥੇ ਹੀ ਬੱਸ ਨਹੀਂ ਉਸ ਦਾ ਵੱਡਾ ਲੜਕਾ ਫ਼ਜ਼ਲਦੀਨ ਪੜਾਈ ਵਿਚ ਬਹੁਤ ਹੁਸ਼ਿਆਰ ਸੀ ਜਦ ਉਹ 22 ਸਾਲ ਦਾ ਹੋਇਆ ਤਾਂ ਉਹ ਆਈ. ਏ. ਐਸ. ਦਾ ਇਮਤਿਹਾਨ ਪਾਸ ਕਰ ਕੇ ਜੰਮੂ ਕਸ਼ਮੀਰ ਸਰਕਾਰ ਦੇ ਹੋਮ ਵਿਭਾਗ ਵਿਚ ਸੈਕਟਰੀ ਲੱਗ ਗਿਆ। ਉਸ ਦੀ ਸਰਕਾਰੀ ਦਰਬਾਰੇ ਬਹੁਤ ਪਹੁੰਚ ਅਤੇ ਮਾਣ ਇੱਜ਼ਤ ਸੀ। ਛੋਟੇ ਬੱਚੇ ਵੀ ਵੱਡੇ ਹੋ ਕੇ ਆਪਣੇ ਆਪਣੇ ਪੈਰਾਂ ਤੇ ਖੜੇ ਹੋ ਗਏ ਅਤੇ ਨੇੜੇ ਦੇ ਪਿੰਡਾਂ ਵਿਚ ਹੀ ਵਿਆਹੇ ਗਏ। ਅੱਗੋਂ ਉਨ੍ਹਾਂ ਦੇ ਤਿੰਨ ਤਿੰਨ ਚਾਰ ਚਾਰ ਬੱਚੇ ਵੀ ਹੋ ਗਏ। ਹੁਣ ਪਿੰਡ ਵਿਚ ਕਾਸਮ ਅਤੇ ਅੱਲ੍ਹਾ ਰੱਖੀ ਦੇ ਪਰਿਵਾਰ ਦਾ ਪੂਰਾ ਦਬਦਬਾ ਸੀ।

ਸਮਾਂ ਬੀਤਦਾ ਗਿਆ। ਗਵਾਂਢੀ ਮੁਲਕ ਦੇ ਰੰਗ ਢੰਗ ਕੁਝ ਬਦਲਦੇ ਗਏ। ਉਹ ਭਾਰਤ ਖਿਲਾਫ ਅੱਤਵਾਦੀਆਂ ਨੂੰ ਪਨਾਹ ਦਿੰਦਾ ਰਿਹਾ। ਇਹ ਅੱਤਵਾਦੀ ਨਿੱਤ ਭਾਰਤ ਅੰਦਰ ਆ ਕੇ ਕੋਈ ਨਾ ਕੋਈ ਭਿਆਨਕ ਕਾਰਾ ਕਰ ਕੇ ਇੱਥੋਂ ਦੀ ਜਾਨ ਮਾਲ ਦਾ ਨੁਕਸਾਨ ਕਰ ਜਾਂਦੇ। ਇਸ ਦਾ ਸਿੱਟਾ 1965 ਅਤੇ 1971 ਦੀਆਂ ਦੋ ਭਿਆਨਕ ਜੰਗਾਂ ਅਤੇ ਕਈ ਖ਼ੂਨੀ ਝੜਪਾਂ ਵਿਚ ਹੋਇਆ। ਇਨ੍ਹਾਂ ਸਾਰੇ ਕਾਰਿਆਂ ਲਈ ਅੰਮਾ ਦਾ ਪਰਿਵਾਰ ਪਾਕਿਸਤਾਨ ਨੂੰ ਹੀ ਦੋਸ਼ੀ ਮੰਨਦਾ ਸੀ।

2023 ਵਿਚ ਕਾਸਮ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਅੰਮਾਂ ਨੂੰ ਬਹੁਟ ਸਦਮਾ ਪਹੁੰਚਿਆ। ਹੁਣ ਉਹ 78 ਸਾਲ ਦੀ ਹੋ ਗਈ ਸੀ । ਸਰੀਰ ਵੀ ਕਾਫੀ ਕਮਜ਼ੋਰ ਹੋ ਗਿਆ ਸੀ। ਉਸ ਨੂੰ ਚੱਕਰ ਆਉਂਦੇ ਰਹਿੰਦੇ ਸਨ। ਡਰ ਸੀ ਕਿ ਕਿਧਰੇ ਉਹ ਚੱਕਰ ਖਾ ਕੇ ਜ਼ਮੀਨ ’ਤੇ ਹੀ ਨਾ ਡਿੱਗ ਪਏ। ਪਿੰਡ ਦੇ ਸਾਰੇ ਲੋਕ ਹਾਲੇ ਵੀ ਅੰਮਾ ਦੀ ਬਹੁਤ ਇੱਜ਼ਤ ਕਰਦੇ ਸਨ ਅਤੇ ਉਸ ਦੀ ਕਹੀ ਹੋਈ ਹਰ ਗਲ ਮੰਨੀ ਜਾਂਦੀ ਸੀ।
22 ਅਪ੍ਰੈਲ 2025 ਦਾ ਬੜਾ ਸੁਹਣਾ ਦਿਨ ਸੀ। ਸਾਰੇ ਕਸ਼ਮੀਰ ਵਿਚ ਸੈਲਾਨੀਆਂ ਦੀ ਭਰਮਾਰ ਸੀ। ਸਾਰੇ ਹੋਟਲ ਅਤੇ ਸ਼ਿਕਾਰੇ ਭਰੇ ਪਏ ਸਨ। ਅਜਿਹੇ ਦਿਨ ਪਹਿਲਗਾਮ ਦੇ ਟੂਰਿਅਸਟ ਸਪੋਟ ਤੇ ਸੈਲਾਨੀਆਂ ਦੀ ਖ਼ੂਬ ਰੌਣਕ ਸੀ। ਸਾਰੇ ਮੌਜ ਮਸਤੀ ਕਰ ਰਹੇ ਸਨ। ਇਸ ਸਮਂੇ ਦੇਖਦਿਆਂ ਦੇਖਦਿਆਂ ਹੀ ਪਤਾ ਨਹੀਂ ਕਿੱਧਰੋਂ ਚਾਰ ਪੰਜ ਹੱਥਿਆਰ ਬੰਦ ਅੱਤਵਾਦੀ ਆਏ ਅਤੇ ਠਾਹ ਠਾਹ ਗੋਲੀਆਂ ਚਲਾ ਕੇ 26 ਸੈਲਾਨੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਪਤਾ ਨਹੀਂ ਕਿੱਧਰ ਗਾਇਬ ਹੋ ਗਏ। ਹੈਰਾਨੀ ਦੀ ਗਲ ਇਹ ਕਿ ਉਸ ਸਮੇਂ ਉੱਥੇ ਭਾਰਤ ਦਾ ਕੋਈ ਵੀ ਸੁਰੱਖਿਆ ਕਰਮਚਾਰੀ ਅੱਤਵਾਦੀਆਂ ਨੂੰ ਰੋਕਣ ਵਾਲਾ ਨਹੀਂ ਸੀ ਅਤੇ ਨਾ ਹੀ ਕੋਈ ਡਾਕਟਰੀ ਸਟਾਫ ਮੌਜੂਦ ਸੀ। ਸੈਲਾਨੀਆਂ ਨੇ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਦਮ ਤੋੜ ਦਿੱਤਾ। ਚਾਰੇ ਪਾਸੇ ਚੀਖ ਚਿਹਾੜਾ ਮਚ ਗਿਆ। ਇਸ ਕਾਲੇ ਕਾਲੇ ਕਾਰਨਾਮੇ ਨਾਲ ਸਾਰਾ ਭਾਰਤ ਦਹਿਲ ਉੱਠਿਆ। ਉਨ੍ਹਾਂ ਅੰਦਰ ਗੁੱਸੇ ਦੀ ਅੱਗ ਭੜਕ ਪਈ। ਸਭ ਦਾ ਖਿਆਲ ਸੀ ਕਿ ਇਹ ਪਾਕਿਸਤਾਨ ਦੇ ਭੇਜੇ ਹੋਏ ਅੱਤਵਾਦੀਆਂ ਦਾ ਕਾਰਾ ਸੀ।

ਭਾਰਤ ਇਸ ਦਰਿੰਦਗੀ ਦੇ ਕਾਰੇ ਦਾ ਪਾਕਿਸਤਾਨ ਕੋਲੋਂ ਬਦਲਾ ਲੈਣਾ ਚਾਹੁੰਦਾ ਸੀ ਤਾਂ ਕਿ ਅੱਗੇ ਤੋਂ ਉਹ ਅਜਿਹੀ ਹਰਕਤ ਕਰਨ ਤੋਂ ਬਾਜ ਆਏ। ਇਸ ਲਈ ਪਾਕਿਸਤਾਨੀ ਹੁਕਮਰਾਨ ਅਤੇ ਅਵਾਮ ਵੀ ਸਹਿਮੇ ਪਏ ਸਨ। ਦੋਹਾਂ ਮੁਲਕਾਂ ’ਤੇ ਜੰਗ ਦੇ ਬੱਦਲ ਮੰਡਰਾਉਣ ਲੱਗੇ। ਭਾਰਤ ਦੀਆਂ ਖੁਫੀਆ ਰਿਪੋਟਾਂ ਦਾ ਖਿਆਲ ਸੀ ਕਿ ਅੱਤਵਾਦੀ ਹਾਲੇ ਕਿਧਰੇ ਗਏ ਨਹੀਂ ਸਨ। ਉਹ ਇੱਥੇ ਹੀ ਕਿਸੇ ਦੇ ਘਰ ਛਿਪੇ ਹੋਏ ਸਨ। ਉਹ ਦੇਸ਼ ਦਾ ਕਿਹੜਾ ਗੱਦਾਰ ਹੈ ਜਿਸ ਨੇ ਇਨ੍ਹਾਂ ਨੂੰ ਆਪਣੇ ਘਰ ਪਨਾਹ ਦੇ ਰੱਖੀ ਹੈ? ਇਹ ਜਾਣਨ ਲਈ ਕਸ਼ਮੀਰ ਦੇ ਘਰ ਘਰ ਦੀ ਤਲਾਸ਼ੀ ਫੌਜ ਵਲਂੋ ਸ਼ੁਰੂ ਹੋਈ। ਫ਼ਜ਼ਲਦੀਨ ਦੇ ਘਰ ਵੀ ਰੇਡ ਪਈ। ਉਸ ਨੇ ਬਥੇਰਾ ਸਮਝਾਇਆ ਕਿ ਉਹ ਕਸ਼ਮੀਰ ਦੇ ਹੋਮ ਵਿਭਾਗ ਵਿਚ ਸੈਕਟਰੀ ਲੱਗਾ ਹੋਇਆ ਹੈ ਪਰ ਕਿਸੇ ਨੇ ਉਸ ਦੀ ਇਕ ਨਾ ਸੁਣੀ। ਉਹ ਖ਼ੂਨ ਦੇ ਘੁੱਟ ਪੀ ਕੇ ਰਹਿ ਗਿਆ। ਰੇਡ ਵਿਚ ਉਸ ਦੇ ਘਰ ਵਿਚੋਂ ਇਤਰਾਜ ਯੋਗ ਕੋਈ ਚੀਜ਼ ਨਾ ਮਿਲੀ ਪਰ ਉਸ ਦੇ ਮੱਥੇ ਤੇ ਕਾਲਾ ਧੱਬਾ ਜ਼ਰੂਰ ਲੱਗ ਗਿਆ। ਉਸ ਨੂੰ ਜਾਪਿਆ ਜਿਵੇਂ ਕਿਸੇ ਨੇ ਉਸ ਨੂੰ ਸਰੇ ਬਾਜ਼ਾਰ ਨੰਗਾ ਕਰ ਦਿੱਤਾ ਹੋਵੇ। ਐਡੇ ਵੱਡੇ ਅਫ਼ਸਰ ਦੇ ਘਰ ਰੇਡ ਪੈਣੀ ਸ਼ਰਮ ਦੀ ਗਲ ਸੀ। ਕਈ ਲੋਕੀ ਤਾਂ ਉਸ ਦੀ ਪਿੱਠ ਪਿਛੇ ਦੱਬੀ ਆਵਾਜ਼ ਵਿਚ ਦੇਸ਼ ਦਾ ਗੱਦਾਰ ਵੀ ਆਖਦੇ।

ਇੱਥੇ ਹੀ ਬਸ ਨਹੀਂ ਹੋਈ ਇਕ ਵਾਰੀ ਫਿਰ ਖੁਫੀਆ ਪੁਲਿਸ ਦੀ ਘਰ ਘਰ ਰੇਡ ਪਈ। ਹਰ ਇਕ ਦੀਆਂ ਜਨਮ ਪੱਤਰੀਆਂ ਚੈਕ ਕਰ ਕੇ ਨਾਗਰਿਕਤਾ ਘੋਖੀ ਗਈ। ਸਭ ਕੁਝ ਠੀਕ ਠਾਕ ਨਿਕਲਿਆ ਪਰ ਬਦਕਿਸਮਤੀ ਨਾਲ ਆਖਿਰ ਤੇ ਘੁੰਢੀ ਫਸ ਗਈ। ਅੰਮਾ ਦੀ ਕੋਈ ਭਾਰਤੀ ਜਨਮ ਪੱਤਰੀ ਜਾਂ ਪਾਸਪੋਰਟ ਨਹੀਂ ਸੀ।ਉਸ ਦਾ ਪਾਕਿਸਤਾਨ ਦਾ ਪੁਰਾਣਾ ਪਾਸਪੋਰਟ ਪੁਲਿਸ ਦੇ ਹੱਥ ਲੱਗ ਗਿਆ। ਉਹ ਤਾਂ 1964 ਵਿਚ ਪਾਕਿਸਤਾਨ ਦੇ ਪਾਸਪੋਰਟ ਤੇ ਭਾਰਤ ਆਈ ਸੀ ਅਤੇ ਇੱਥੇ ਗ਼ੈਰ ਕਾਨੂੰਨੀ ਵੱਸ ਗਈ ਸੀ। ਉਨ੍ਹਾਂ ਨੇ ਹੁਕਮ ਸੁਣਾ ਦਿੱਤਾ ਕਿ ਅੰਮਾ ਨੂੰ ਪਾਕਿਸਤਾਨ ਜਾਣਾ ਪਵੇਗਾ। ਸਾਰੇ ਪਰਿਵਾਰ ’ਤੇ ਜਿਵੇਂ ਇਕ ਦਮ ਬਿਜ਼ਲੀ ਗ਼ਿਰੀ। ਪੈ ਗਿਆ ਰੱਫੜ। ਫ਼ਜ਼ਲਦੀਨ ਨੇ ਬਥੇਰੀਆਂ ਦਲੀਲਾਂ ਦਿੱਤੀਆਂ ਪਰ ਅਫ਼ਸਰ ਨਾ ਮੰਨੇ। ਉਹ ਇਹ ਕਹਿ ਕੇ ਚਲੇ ਗਏ ਕਿ ਅੰਮਾ ਨੂੰ ਤਿੰਨ ਦਿਨ ਦੇ ਵਿਚ ਵਿਚ ਭਾਰਤ ਛੱਡ ਕੇ ਪਾਕਿਸਤਾਨ ਜਾਣਾ ਪਵੇਗਾ।

ਅੰਮਾ ਜਿਸ ਦਾ ਪਿੰਡ ਵਿਚ ਪੂਰਾ ਦਬਦਬਾ ਸੀ, ਅੱਜ ਕੱਖੋਂ ਹੌਲੀ ਹੋਈ ਪਈ ਸੀ। ਉਸ ਨੇ ਬਥੇਰਾ ਰੌਲਾ ਪਾਇਆ ਕਿ ਕੀ ਇਹ ਮੁਲਕ ਮੇਰਾ ਨਹੀਂ? ਮੇਰਾ ਤਾਂ ਜਨਮ ਹੀ ਲਾਹੌਰ ਦਾ ਹੈ ਜੋ ਸਾਂਝੇ ਹਿੰਦੁਸਤਾਨ ਦਾ ਇਕ ਮੁੱਖ ਸ਼ਹਿਰ ਸੀ। ਉਦੋਂ ਤਾਂ ਪਾਕਿਸਤਾਨ ਹੌਂਦ ਵਿਚ ਵੀ ਨਹੀਂ ਸੀ ਆਇਆ। ਫਿਰ ਮੈਂ ਪਾਕਿਸਤਾਨੀ ਨਾਗਰਿਕ ਕਿਵੇਂ ਹੋ ਗਈ।ਮੈਂ ਬਕਾਇਦਾ ਕਾਸਮ ਨਾਲ ਨਿਕਾਹ ਕਰਾਇਆ ਹੈ। ਕਿਧਰੇ ਭੱਜ ਕੇ ਨਹੀਂ ਆਈ।ਇਹ ਕਿਵੇਂ ਹੋ ਸਕਦਾ ਹੈ ਜੇ ਇਹ ਮੁਲਕ ਮੇਰੇ ਖਾਵੰਦ ਦਾ ਹੈ । ਮੇਰੇ ਬੱਚਿਆਂ ਦਾ ਹੈ ਅਤੇ ਮੇਰੇ ਬੱਚਿਆਂ ਦੇ ਬੱਚਿਆਂ ਦਾ ਵੀ ਹੈ। ਫਿਰ ਇਹ ਮੁਲਕ ਮੇਰਾ ਕਿਉਂ ਨਹੀਂ? ਮੈਂ ਪਿਛਲੇ 61 ਸਾਲ ਤੋਂ ਭਾਰਤ ਵਿਚ ਰਹਿ ਰਹੀ ਹਾਂ ਫਿਰ ਮੈਂ ਅੱਜ ਪਾਕਿਸਤਾਨੀ ਕਿਵੇਂ ਹੋ ਗਈ? ਦੇਖਦੀ ਹਾਂ ਕਿ ਮੈਨੂੰ ਮੇਰੇ ਇਸ ਮੁਲਕ ਵਿਚੋਂ ਕੌਣ ਕੱਢਦਾ ਹੈ। ਉਨ੍ਹਾਂ ਮੈਨੂੰ 81 ਸਾਲ ਦੀ ਬੱੁ ਢੀ ਨੂੰ ਪਾਕਿਸਤਾਨ ਲਿਜਾ ਕੇ ਕੀ ਕਰਨਾ ਹੈ? ਮੇਰੀ ਤਾਂ ਮਿੱਟੀ ਵੀ ਕੋਈ ਇਥੋਂ ਨਹੀਂ ਲਿਜਾ ਸਕਦਾ। ਮੇਰਾ ਫ਼ਜ਼ਲੂ ਸਰਕਾਰ ਦਾ ਬਹੁਤ ਵੱਡਾ ਅਫ਼ਸਰ ਹੈ। ਉਹ ਆਪੇ ਸਭ ਕੁਝ ਠੀਕ ਕਰ ਲਵੇਗਾ। ਉਹ ਚੀਖਦੀ ਰਹੀ ਕਿ ਪਾਕਿਸਤਾਨ ਵਿਚ ਉਸ ਦੇ ਮਾਂ ਪਿਓ ਮਰ ਚੁੱਕੇ ਹਨ। ਹੁਣ ਉੱਥੇ ਉਸ ਨੂੰ ਸਾਂਭਣ ਵਾਲਾ ਕੋਈ ਨਹੀਂ। ਉਹ ਕਿਸ ਕੋਲ ਜਾਵੇਗੀ? ਆਪਣੇ ਬੱਚਿਆਂ ਤੋਂ ਬਿਨਾ ਉੱਥੇ ਉਹ ਮਰ ਜਵੇਗੀ।

ਫ਼ਜ਼ਲਦੀਨ ਇਕ ਦਮ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੂੰ ਮਿਲਿਆ ਪਰ ਉਸ ਨੇ ਸਾਫ ਕਹਿ ਦਿੱਤਾ ਉਸ ਦੇ ਹੱਥ ਵਿਚ ਕੁਝ ਨਹੀਂ ਸੀ ਸਭ ਕੁਝ ਕੇਂਦਰ ਸਰਕਾਰ ਨੇ ਹੀ ਕਰਨਾ ਸੀ। ਫ਼ਜ਼ਲਦੀਨ ਕੇਂਦਰੀ ਗ੍ਰਹਿ ਮੰਤਰੀ ਕੋਲ ਵੀ ਜਾ ਪੁੱਜਾ ਪਰ ਉਸ ਨੇ ਵੀ ਕਹਿ ਦਿੱਤਾ ਕਿ ਕਾਨੂੰਨ ਲਈ ਸਭ ਬਰਾਬਰ ਹਨ। ਅੱਲ੍ਹਾ ਰੱਖੀ ਕੋਲ ਭਾਰਤ ਦੀ ਨਾਗਰਿਕਤਾ ਨਹੀਂ ਉਸ ਨੂੰ ਭਾਰਤ ਛੱਡ ਕੇ ਪਾਕਿਸਤਾਨ ਜਾਣਾ ਹੀ ਪਵੇਗਾ। ਥੱਕ ਹਾਰ ਕਿ ਫ਼ਜ਼ਲਦੀਨ ਵਾਪਸ ਆ ਗਿਆ। ਅੰਮਾ ਨੇ ਪੁੱਛਿਆ ਕਿ ਕੀ ਬਣਿਆ। ਤਾਂ ਫ਼ਜ਼ਲਦੀਨ ਦੀਆਂ ਭੁੱਬਾਂ ਨਿਕਲ ਗਈਆਂ। “ਅੰਮਾ ਮੈਨੂੰ 25 ਸਾਲ ਤੋਂ ਉੱਪਰ ਹੋ ਗਏ ਹਨ ਇਸ ਸਰਕਾਰ ਦੀ ਖਿਦਮਤ ਕਰਦਿਆਂ ਪਰ ਅੱਜ ਮੈਂ ਹਾਰ ਗਿਆ ਹਾਂ। ਉਹ ਮੈਨੂੰ ਵੀ ਸ਼ੱਕ ਦੀ ਨਜ਼ਰ ਨਾਲ ਹੀ ਦੇਖਦੇ ਹਨ। ਇੱਥੇ ਕੋਈ ਅਪੀਲ ਨਹੀਂ, ਕੋਈ ਦਲੀਲ ਨਹੀਂ।”

30 ਅਪ੍ਰੈਲ ਸਵੇਰੇ 7 ਵਜੇ ਹੀ ਅੰਮਾ ਦੇ ਘਰ ਅੱਗੇ ਫੋਜ ਦੀਆਂ ਤਿੰਨ ਗੱਡੀਆਂ ਆ ਕੇ ਰੁਕੀਆਂ। ਚਾਰ ਫ਼ੋਜੀ ਦਗੜ ਦਗੜ ਕਰਦੇ ਸਿੱਧੇ ਘਰ ਅੰਦਰ ਵੜ ਗਏ। ਫ਼ਜ਼ਲਦੀਨ ਨੇ ਕਿੰਨਾ ਚਿਰ ਬੈਠ ਕੇ ਹੌਲੀ ਹੌਲੀ ਉਨ੍ਹਾਂ ਨਾਲ ਗਲ ਬਾਤ ਕੀਤੀ ਉਹ ਫ਼ੌਜੀਆਂ ਦੇ ਤਰਲੇ ਲੈ ਰਿਹਾ ਸੀ ਕਿ ਉਹ ਦੋ ਦਿਨ ਹੋਰ ਰੁਕ ਜਾਣ ਤਾਂ ਉਹ ਆਪ ਜਾ ਕਿ ਸੁਪ੍ਰੀਮ ਕੋਰਟ ਤੋਂ ਸਟੇ ਆਡਰ ਲੈ ਆਵੇਗਾ। ਫ਼ੌਜੀ ਅਫਸਰ ਇਨਕਾਰ ਵਿਚ ਸਿਰ ਫੇਰ ਰਹੇ ਸਨ। ਫ਼ਜ਼ਲਦੀਨ ਬਹੁਤ ਹੀ ਲਾਚਾਰ ਨਜ਼ਰ ਆ ਰਿਹਾ ਸੀ। ਫ਼ਜ਼ਲਦੀਨ ਨੇ ਸਾਰੀ ਗਲ ਅੰਮਾ ਅਤੇ ਬਾਕੀ ਸਾਰੇ ਪਰਿਵਾਰ ਨੂੰ ਦੱਸੀ। ਸਭ ਦੇ ਚਿਹਰੇ ’ਤੇ ਸੋਗ ਦੀ ਲਹਿਰ ਛਾ ਗਈ। ਅੰਮਾ ਵੀ ਨਹਾ ਧੋ ਕੇ ਤਿਆਰ ਹੋ ਗਈ। ਉਸ ਦੀ ਵੱਡੀ ਨੂੰਹ ਨੇ ਅੰਮਾ ਦੇ ਦੋ ਤਿੰਨ ਸੂਟ, ਕੁਝ ਹੋਰ ਸਮਾਨ ਅਤੇ ਦੋ ਤਿੰਨ ਡੰਗ ਦੀ ਰੋਟੀ ਤਿਆਰ ਕਰ ਕੇ ਉਸ ਦਾ ਬੈਗ ਤਿਆਰ ਕਰ ਦਿੱਤਾ।

ਅੰਮਾ ਦਾ ਸਭ ਤੋਂ ਛੋਟਾ ਪੋਤਰਾ ਅਹਿਮਦ ਦੋ ਦਿਨ ਤੋਂ ਕਹਿ ਰਿਹਾ ਸੀ-“ਦਾਦੀ ਤੁਸੀਂ ਬੁੱਧਵਾਰ 30 ਤਰੀਕ ਨੂੰ ਮੇਰੇ ਨਾਲ ਸਕੂਲ ਚੱਲਣਾ ਹੈ। ਉੱਥੇ ਮੈਨੂੰ ਪਹਿਲੀ ਜਮਾਤ ਵਿਚੋਂ ਫਸਟ ਆਉਣ ਦਾ ਇਨਾਮ ਮਿਲਣਾ ਹੈ”। ਦਾਦੀ ਨੂੰ ਤਿਆਰ ਦੇਖ ਕੇ ਪਤਾ ਨਹੀਂ ਉਹ ਕਿਧਰੋਂ ਫ਼ੁੱਲਾਂ ਦਾ ਹਾਰ ਲੈ ਆਇਆ ਅਤੇ ਦਾਦੀ ਦੇ ਗਲ ਵਿਚ ਪਾ ਕੇ ਬੋਲਿਆ-“ਦਾਦੀ ਤੁਸੀਂ ਬੜੀ ਜਲਦੀ ਤਿਆਰ ਹੋ ਗਏ।” ਅੰਮਾ ਦੀਆਂ ਅੱਖਾਂ ਵਿਚੋਂ ਗਲੇਡੂ ਨਿਕਲ ਆਏ। ਉਸ ਨੇ ਲਾਡਲੇ ਅਹਿਮਦ ਨੂੰ ਕੁੱਛੜ ਚੱੁਕਿਆ। ਉਸ ਦਾ ਮੂੰਹ ਚੰੁਮਿਆ ਅਤੇ ਘੁੱਟ ਕੇ ਆਪਣੀ ਛਾਤੀ ਨਾਲ ਲਾ ਲਿਆ ਜਿਵੇਂ ਉਸ ਨੂੰ ਕੋਈ ਖੋਹ ਨਾ ਲਏ।
ਸਾਰੇ ਪਿੰਡ ਵਿਚ ਤੇਜੀ ਨਾਲ ਗਲ ਫੈਲ ਗਈ ਕਿ ਅੰਮਾ ਨੂੰ ਲੈਣ ਲਈ ਫ਼ੋਜੀ ਆਏ ਹਨ। ਸਾਰੇ ਭਰੀਆਂ ਅੱਖਾਂ ਨਾਲ ਅੰਮਾ ਨੂੰ ਗਲੇ ਮਿਲ ਰਹੇ ਸਨ। ਕੋਈ ਨਹੀਂ ਸੀ ਚਾਹੁੰਦਾ ਕਿ ਅੰਮਾ ਭਾਰਤ ਛੱਡ ਕੇ ਜਾਏ ਪਰ ਸਭ ਮਜ਼ਬੂਰ ਸਨ। ਅੰਤ ਅੰਮਾ ਨੂੰ ਫ਼ੋਜ ਦੀ ਗੱਡੀ ਵਿਚ ਬਿਠਾਇਆ ਗਿਆ। ਫ਼ਜ਼ਲਦੀਨ ਕੁਝ ਮੋਹਤਬਰ ਬੰਦਿਆਂ ਨੂੰ ਨਾਲ ਲੈ ਕੇ ਆਪਣੀ ਕਾਰ ਵਿਚ ਫ਼ੋਜ ਦੀ ਗੱਡੀ ਦੇ ਮਗਰ ਮਗਰ ਚੱਲ ਪਿਆ। ਆਖ਼ਰ ਅੰਮਾ ਨੂੰ ਲੈ ਕਿ ਕਾਫ਼ਲਾ ਅਟਾਰੀ ਬਾਰਡਰ ਪੁੱਜਾ। ਫ਼ਜ਼ਲਦੀਨ ਦੀ ਗੱਡੀ ਨੂੰ ਦੂਰ ਹੀ ਰੋਕ ਲਿਆ ਗਿਆ।

ਫ਼ੌਜੀ ਅਧਿਕਾਰੀ ਅੰਮਾ ਨੂੰ ਲੈ ਕੇ ਦਫ਼ਤਰ ਅੰਦਰ ਗਏ। ਉੱਥੇ ਅੰਮਾ ਦਾ ਪਾਕਿਸਤਾਨੀ ਪਾਸਪੋਰਟ, ਨਿਕਾਹਨਾਮਾ ਅਤੇ ਹੋਰ ਕਈ ਕਾਗਜ਼ ਅਫ਼ਸਰਾਂ ਨੂੰ ਦਿਖਾਏ ਗਏ। ਅੰਮਾ ਤੇ ਕਿਸੇ ਨੂੰ ਵੀ ਤਰਸ ਨਾ ਆਇਆ। ਇੱਥੇ ਹੋਰ ਵੀ ਕਈ ਪਰਿਵਾਰ ਐਸੇ ਸਨ ਜਿੰਨਾ ਵਿਚ ਛੋਟੇ ਛੋਟੇ ਬੱਚਿਆਂ ਨੂੰ ਵਿਲਕਦੀਆਂ ਮਾਵਾਂ ਤੋਂ ਅਲੱਗ ਕਰ ਕੇ ਦੂਜੇ ਮੁਲਕ ਭੇਜਿਆ ਜਾ ਰਿਹਾ ਸੀ। ਕਰੀਬ ਦੋ ਵਜੇ ਹਿੰਦੋਸਤਾਨ ਸਾਈਡ ਤੋਂ ਅਟਾਰੀ ਬਾਰਡਰ ਦਾ ਗੇਟ ਖੁਲ੍ਹਿਆ। ਦੋ ਮਹਿਲਾ ਅਧਿਕਾਰੀ ਅੰਮਾ ਦੀਆਂ ਦੋਵੇਂ ਬਾਹਵਾਂ ਫੜ ਕੇ ਪਕਿਸਤਾਨ ਦੇ ਗੇਟ ਵੱਲ ਲੈ ਤੁਰੇ। ਇਕ ਫ਼ੋਜੀ ਨੇ ਅੰਮਾ ਦਾ ਬੈਗ ਚੁੱਕਿਆ ਹੋਇਆ ਸੀ। ਦੂਜੇ ਪਾਸਿਓਂ ਪਾਕਿਸਤਾਨ ਬਾਰਡਰ ਦਾ ਗੇਟ ਵੀ ਖੁਲਿਆ ਤੇ ਕੁਝ ਅਧਿਕਾਰੀ ਅੰਮਾ ਨੂੰ ਲੈਣ ਲਈ ਮੱਧ ਤੱਕ ਅੱਗੇ ਵਧੇ। ਅੰਮਾ ਘਿਸਟਦੀ ਹੌਈ ਅੱਗੇ ਵੱਲ ਵਧ ਰਹੀ ਸੀ ਪਰ ਉਸ ਦੀ ਨਜ਼ਰ ਪਿਛਲੇ ਪਾਸੇ ਭੀੜ ਵਿਚੋਂ ਆਪਣੇ ਅਫ਼ਸਰ ਪੁੱਤਰ ਫ਼ਜ਼ਲੂ ਨੂੰ ਢੂੰਡ ਰਹੀ ਸੀ। ਸ਼ਾਇਦ ਹੁਣ ਵੀ ਕੋਈ ਗਲ ਬਣ ਜਾਏ। ਅਚਾਨਕ ਅੰਮਾ ਨੂੰ ਇਕ ਠੇਡਾ ਲੱਗਿਆ ਅਤੇ ਉਹ ਮਹਿਲਾ ਅਧਿਕਾਰੀਆਂ ਦੀਆਂ ਬਾਹਾਂ ਵਿਚ ਝੂਲ ਕੇ ਡਿੱਗ ਪਈ। ਮਿੰਟਾਂ ਵਿਚ ਹੀ ਉਸ ਦੇ ਪ੍ਰਾਣ ਪੰਖੇਰੂ ਉੱਡ ਗਏ। ਸਾਰੇ ਹੱਕੇ ਬੱਕੇ ਰਹਿ ਗਏ। ਸਾਰੇ ਅਧਿਕਾਰੀਆਂ ਨੇ ਅੰਮਾ ਨੂੰ ਘੇਰਾ ਪਾ ਲਿਆ। ਡਾਕਟਰ ਵੀ ਪਹੁੰਚ ਗਿਆ। ਉਸ ਨੇ ਵੀ ਅੰਮਾ ਦੀ ਨਬਜ਼ ਦੇਖ ਕੇ ਸਿਰ ਫੇਰ ਲਿਆ। ਹੁਣ ਸਾਰੇ ਅਫ਼ਸਰਾਂ ਅੱਗੇ ਸਵਾਲ ਇਹ ਸੀ ਕਿ ਅੰਮਾ ਨੂੰ ਸਪੁਰਦ ਏ ਖਾਕ ਕਰਨ ਦੀ ਜ਼ਿਮੇਵਾਰੀ ਪਾਕਿਸਤਾਨ ਦੀ ਸੀ ਜਾਂ ਭਾਰਤ ਦੀ? ਅੰਮਾ ਦੇ ਗਲੇ ਵਿਚ ਹਾਲੇ ਵੀ ਉਸ ਦੇ ਪੋਤਰੇ ਅਹਿਮਦ ਦਾ ਪਾਇਆ ਹੋਇਆ ਹਾਰ ਚਮਕ ਰਿਹਾ ਸੀ ਜੋ ਉਸ ਦੀ ਜਿੱਤ ਦੀ ਨਿਸ਼ਾਨੀ ਸੀ। ਸਮਾਪਤ
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1537
***

ਗੁਰਸ਼ਰਨ ਸਿੰਘ ਕੁਮਾਰ
Mobile:094631-89432/83608-42861 | gursharan1183@yahoo.in |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਸ਼ਰਨ ਸਿੰਘ ਕੁਮਾਰ

View all posts by ਗੁਰਸ਼ਰਨ ਸਿੰਘ ਕੁਮਾਰ →