“ਦਰਦ ਜਾਗਦਾ ਹੈ”—✍️ਭੂਪਿੰਦਰ ਸੱਗੂ
ਇਸ ਲੇਖ ਵਿੱਚ ਮੈਂ ਪਰਵਾਸੀ ਪੰਜਾਬੀ ਕਵੀ, ਗ਼ਜ਼ਲਗੋ ਸ਼ਾਇਰ ਭੂਪਿੰਦਰ ਸੱਗੂ ਦਾ ਜ਼ਿਕਰ ਕਰਨ ਜਾ ਰਹੀ ਹਾਂ। ਉਹਨਾਂ ਦੀ ਸਮੁੱਚੀ ਸ਼ਖਸੀਅਤ ਵਿੱਚੋਂ ਕਲਾ ਦੀ ਝਲਕ ਮਿਲ਼ਦੀ ਹੈ। ਕਾਵਿ ਕਲਾ ਦੀ ਇਸ ਬਖਸ਼ਿਸ਼ ਨੂੰ ਭੂਪਿੰਦਰ ਸੱਗੂ ਬੇਹੱਦ ਪਿਆਰ ਕਰਦੇ ਹਨ ਅਤੇ ਇਸਦੀ ਕੀਮਤ ਸਮਝਦੇ ਹਨ। ਇਹ ਸਭ ਮੈਂ ਉਹਨਾਂ ਨਾਲ਼ ਗੱਲਬਾਤ ਕਰਦਿਆਂ, ਉਹਨਾਂ ਨੂੰ ਸਮਝਦਿਆਂ ਬੜੀ ਸ਼ਿੱਦਤ ਨਾਲ਼ ਮਹਿਸੂਸ ਕੀਤਾ ਹੈ। ਮੇਰੇ ਲਈ ਬੜੀ ਮਾਣ ਦੀ ਗੱਲ ਹੈ ਕਿ ਮੇਰੇ ਕੋਲ਼ ਮੇਰੇ ਸਤਿਕਾਰ ਤੇ ਮੇਰੇ ਮਾਣਮੱਤੇ ਪਿਤਾ ਡਾਕਟਰ ਆਤਮ ਹਮਰਾਹੀ ਜੀ ਦਾ ਵਿਦਵਤਾ ਭਰਪੂਰ ਵਿਰਸਾ ਹੈ ਤਾਂ ਦੂਜੇ ਪਾਸੇ ਮੇਰੇ ਅਸਲੀ ਘਰ ਮੇਰੇ ਸਹੁਰੇ ਪਰਿਵਾਰ ਵਿੱਚ ਮੇਰੇ ਦੋ ਮਾਣਮੱਤੇ ਚਾਚਾ ਜੀ ਵੱਡੇ ਕਲਮਕਾਰ ਹਨ। ਆਪੋ ਆਪਣੀ ਸਮਰੱਥਾ ਦੇ ਨਾਲ਼ ਦੋਵਾਂ ਨੇ ਹੀ ਪੰਜਾਬੀ ਸਾਹਿਤ ਦੀ ਸੇਵਾ ਕਰਨ ਦਾ ਲਕਸ਼ ਧਾਰਨ ਕੀਤਾ ਹੋਇਆ ਹੈ ਅਤੇ ਦੋਵੇਂ ਕਾਮਯਾਬ ਹਨ। ਭੂਪਿੰਦਰ ਸੱਗੂ ਜੀ ਦੇ ਨਾਲ਼ ਨਾਲ਼ ਮੈੰ ਮੇਰੇ ਸਤਿਕਾਰ ਯੋਗ ਚਾਚਾ ਜੀ ਦਰਸ਼ਨ ਬੁਲੰਦਵੀ ਜੀ ਦੀ ਗੱਲ ਕਰ ਰਹੀ ਹਾਂ।
ਹੱਥਲੇ ਲੇਖ ਵਿੱਚ ਮੈੰ ਰਿਸ਼ਤੇਦਾਰੀ ਤੋਂ ਉੱਪਰ ਉੱਠ ਕੇ ਇੱਕ ਸਾਹਿਤਕਾਰ ਹੋਣ ਦੇ ਨਾਤੇ ਭੂਪਿੰਦਰ ਸੱਗੂ ਦੀ “ਦਰਦ ਜਾਗਦਾ ਹੈ” ਦੇ ਆਧਾਰ ’ਤੇ ਸਾਹਿਤਕ ਦੇਣ ਬਾਰੇ ਚਰਚਾ ਕਰਾਂਗੀ।
ਕੀਟਸ ਲਿਖਦਾ ਹੈ, “ਸ਼ੈਲੀ ਹੀ ਮਨੁੱਖ ਹੈ”।
ਨਿੱਜੀ ਸ਼ੈਲੀ ਰਾਹੀਂ ਜਦੋਂ ਕਵੀ ਆਪਣੇ ਸੂਖ਼ਮ ਭਾਵਾਂ ਦੀ ਗੱਲ ਆਪਣੀ ਕਵਿਤਾ ਵਿੱਚ ਕਰਦਾ ਹੈ ਤਾਂ ਸਹਿਜੇ ਹੀ ਉਸਦੇ ਕੋਮਲ ਮਨ ਦਾ ਅੰਦਾਜ਼ਾ ਹੋ ਜਾਂਦਾ ਹੈ। ਮਿਸਾਲ ਵਜੋਂ:
“ਦਰਦ ਜਾਗਦਾ ਹੈ” ਦੀ ਪਹਿਲੀ ਹੀ ਕਵਿਤਾ ਪੜ੍ਹਦਿਆਂ ਜਿੱਥੇ ਕਵੀ ਦੇ ਮਨ ਦੀ ਮਾਰਮਿਕ ਅਵਸੱਥਾ ਸਾਹਵੇਂ ਆਉਂਦੀ ਹੈ, ਉੱਥੇ ਕਵੀ ਮਨ ਦਾ ਰੋਹ ਵੀ ਬਲਸ਼ਾਲੀ ਹੋ ਕੇ ਦਿਖਾਈ ਦਿੰਦਾ ਹੈ। ਇਹ ਰੋਹ, ਸੱਤਵਾਨਾਂ ਦੇ ਖ਼ਿਲਾਫ ਮੈਂ ਭੂਪਿੰਦਰ ਸੱਗੂ ਜੀ ਦੀਆਂ ਹੋਰ ਵੀ ਕਈ ਕਵਿਤਾਵਾਂ ਵਿੱਚ ਮਹਿਸੂਸ ਕੀਤਾ ਹੈ।
’ਦਰਦ ਜਾਗਦਾ ਹੈ’ :
…ਮੌਤ ਦੀ ਗਹਿਰੀ ਨੀਂਦ ਵੱਲ ਜਾਂਦੇ ਵੇਖ
ਦਰਦ ਨੇ ਮੈਨੂੰ
ਹਲੂਣਿਆ, ਝੰਜੋੜਿਆ
ਤੇ ਮੈਨੂੰ ਹੌਸਲਾ ਦੇ ਕੇ ਬੋਲਿਆ
ਅਜੇ ਹੋਰ ਬਹੁਤ ਕੁੱਝ
ਦੇਖਣ ਵਾਲ਼ਾ ਹੈ ਇਸ ਕੈਂਪ ਵਿੱਚ
ਮਾਯੂਸ ਨਾ ਹੋ
ਸੁਕਰਾਤ ਵਾਲ਼ਾ ਦਿਲ ਰੱਖ
ਦਰਦ ਮੈਨੂੰ
ਨੀਮ-ਪਾਗਲ ਹੋਇਆ ਦੇਖ
ਉਸ ਫ਼ੌਲਾਦੀ ਗੇਟ ਵੱਲ ਲੈ ਆਇਆ
ਜਿੱਥੋਂ ਬਾਹਰ ਨਿਕਲਣਾ ਮੁਸ਼ਕਿਲ ਸੀ
ਜਿੱਥੇ “ ਜੇਦੱਮ ਡੈੱਸ ਸਾਇਨ” ਲਿਖਿਆ ਸੀ।
ਜਿਸ ਦਾ ਮਤਲਬ ਹੈ “ਇੱਥੇ ਤੁਹਾਡਾ ਕੋਈ ਨਹੀਂ ਹੈ।”
ਭੁਪਿੰਦਰ ਸੱਗੂ ਹੁਰਾਂ ਦੀ ਇਹ ਪੁਸਤਕ ਦੇ ਸਿਰਲੇਖ ਵਾਲ਼ੀ ਕਵਿਤਾ ਹੀ ਇਸ ਕਿਤਾਬ ਦੀ ਪਹਿਲੀ ਕਵਿਤਾ ਹੈ। ਈਸਟ ਜਰਮਨੀ ਦੇ ਸ਼ਹਿਰ “ਵਾਈਮਾ”! ਵਿੱਚ ਬਣਿਆ ‘ਬੁਖਨਵਾਲਡ ਕਾਨਸੈਨਟ੍ਰੇਸ਼ਨ ਕੈਂਪ’ ਜਿੱਥੇ ਹਿਟਲਰ ਨੇ ਆਪਣੇ ਜ਼ੁਲਮਾਂ ਦੀ ਇੰਤਹਾ ਕੀਤੀ ਸੀ, ਉਸ ਘਟਨਾ ਦਾ ਆਪਣੀ ਕਾਵਿਕ-ਸ਼ੈਲੀ ਵਿੱਚ ਇੰਝ ਜ਼ਿਕਰ ਕਰਨਾ ਭੁਪਿੰਦਰ ਸੱਗੂ ਹੁਰਾਂ ਦੇ ਸੰਵੇਦਨਸ਼ੀਲ ਕਵੀ ਹੋਣ ਦਾ ਦਮ ਭਰਦੀ ਕਵਿਤਾ ਦਾ ਬੇਜੋੜ ਨਮੂਨਾ ਹੈ। ਅਨੇਕਾਂ ਲੋਕ ਦੁਨੀਆਂ ਭਰ ਦੀਆਂ ਸੈਰਾਂ ਕਰਦੇ ਹਨ। ਪਰ ਵਿਚਾਰਨ ਵਾਲ਼ੀ ਗੱਲ ਇਹ ਹੈ ਕਿ ਕਿੰਨ੍ਹੇ ਕੁ ਲੋਕ ਨੇ ਜਿਹੜੇ ਇਸ ਤਰ੍ਹਾਂ ਦੀ ਅਤਿ ਭਾਵੁਕ ਵੇਦਨਾ ਵਾਲ਼ੀ ਕਵਿਤਾ ਰਚ ਸਕਦੇ ਨੇ ਜਾਂ ਰਚਦੇ ਨੇ।
ਸੋ, ਕਲਾਵਾਨ ਹੋਣਾ ਆਪਣੇ ਆਪ ਵਿੱਚ ਭਾਗਸ਼ਾਲੀ ਹੋਣਾ ਹੁੰਦਾ ਹੈ। ਰਸੂਲ ਹਮਜ਼ਾਤੋਵ ਦੇ ਲਿਖਣ ਵਾਂਗ “ਕਲਾ ਕੌਸ਼ਲਤਾ ਜਾਂ ਹੁੰਦੀ ਹੈ ਜਾਂ ਨਹੀਂ“ ਹਰ ਕਲਾ ਦਾ ਆਪਣਾ ਰੰਗ ਹੁੰਦਾ ਹੈ ਤੇ ਹਰ ਕਵੀ ਦਾ ਆਪਣਾ ਨਿਰਾਲਾ ਢੰਗ ਹੁੰਦਾ ਹੈ। ਇਹੀ ਉਸਦੀ ਸ਼ਾਨ ਹੁੰਦੀ ਹੈ। ਕਵੀ ਕਿਸੇ ਦਾ ਮੁਥਾਜ ਨਹੀੰ ਹੁੰਦਾ। ਉਸਦੀ ਤਾਂ ਫਕੀਰਾਂ ਵਾਲ਼ੀ ਰੂਹ ਹੁੰਦੀ ਹੈ। ਉਹ ਤਾਂ ਬੱਸ ਆਪਣੀਆਂ ਕਵਿਤਾਵਾਂ ਵਿੱਚੋਂ ਝਰਦੀ ਰੌਸ਼ਨੀ ਵੰਡਣੀ ਚਾਹੁੰਦਾ ਹੈ। ਆਪਣੀ ਵੇਗਮਈ ਗਾਥਾ ਦੂਸਰਿਆਂ ਤੱਕ ਪਹੁੰਚਾ ਦੇਣੀ ਚਾਹੁੰਦਾ ਹੈ। ਕਵੀ ਕਿਸੇ ਦੁਆਰਾ ਲਿਖੀ ਜਾਣ ਵਾਲ਼ੀ ਭੂਮਿਕਾ ਜਾਂ ਮੁੱਖਬੰਦ ਦਾ ਮੁਥਾਜ ਵੀ ਨਹੀਂ ਹੁੰਦਾ, ਇਹ ਤਾਂ ਕੇਵਲ ਦੁਵੱਲਾ ਸਨੇਹ ਹੁੰਦਾ ਹੈ, ਘਣੀ ਪ੍ਰੀਤ ਹੁੰਦੀ ਹੈ, ਅਪਣੱਤ ਦਾ ਮੁਜ਼ਾਹਰਾ ਹੁੰਦਾ ਹੈ ਅਤੇ ਗੱਲ ਨੂੰ ਯਾਨਿ ਕਵਿਤਾ ਨੂੰ ਅੱਗੇ ਤੋਰਨਾ ਮਾਤਰ ਹੁੰਦਾ ਹੈ। ਭੂੁਪਿੰਦਰ ਸੱਗੂ ਦੀਆਂ ਕਵਿਤਾਵਾਂ ਆਪਣੇ ਆਪ ਵਿੱਚ ਸੰਪੂਰਨ ਹਨ, ਸਵਾਦਲੀਆਂ ਹਨ, ਨਮਕੀਨ ਦਰਦ ਨਾਲ਼ ਭਰੀਆਂ ਅਤੇ ਗੰਨੇ ਦੀ ਪਹਿਲੀ ਪੋਰੀ ਦੀ ਮਿਠਾਸ ਵਰਗੀਆਂ ਮਿੱਠੀਆਂ। “ਦਰਦ ਜਾਗਦਾ ਹੈ” ਦੇ ਕੁੱਝ ਪੱਤਰੇ ਫਰੋਲਣ ਨਾਲ਼ ਹੀ ਮੈਨੂੰ ਇਹ ਅਹਿਸਾਸ ਹੋਇਆ ।
ਪਰਵਾਸੀ ਸਾਹਿਤ ਦੀ ਮਹੱਤਤਾ ਇਸ ਕਰਕੇ ਵੀ ਵਧੇਰੇ ਹੈ, ਕਿਉਂਕਿ ਵਿਦੇਸ਼ਾਂ ਵਿੱਚ ਜਾਣ ਵਾਲ਼ੇ ਸਾਹਿਤਕਾਰਾਂ ਕੋਲ਼ ਜੀਵਨ-ਤਜਰਬੇ ਦਾ ਵਿਸਥਾਰ ਅਤੇ ਵਿਸ਼ਾਲਤਾ ਵੱਧ ਹੁੰਦੀ ਹੈ। ਭੂਪਿੰਦਰ ਸੱਗੂ ਪਰਵਾਸੀ ਪੰਜਾਬੀ ਸਾਹਿਤ ਦੀ ਏਸੇ ਲੜੀ ਦਾ ਇੱਕ ਆਬਦਾਰ ਮੋਤੀ ਹੈ। ਸਾਨੂੰ ਪਰਵਾਸੀ ਸਾਹਿਤਕਾਰਾਂ ਦੀ ਕਦਰ ਬੇਲਾਗ ਅਤੇ ਨਿਰਪੱਖ ਭਾਵਨਾ ਨਾਲ਼ ਕਰਨੀ ਚਾਹੀਦੀ ਹੈ। ਬਹੁਤ ਕੰਮ ਹੋ ਵੀ ਰਿਹਾ ਹੈ। ਡਾ. ਲਖਵਿੰਦਰ ਜੌਹਲ ਹੁਰਾਂ ਦਾ ਖੋਜ ਦਾ ਕੰਮ ਵੀ ਏਸੇ ਵਿਸ਼ੇ ਤੇ ਹੈ। ਦਿੱਲੀ ਯੂਨੀਵਰਸਿਟੀ ਤੋਂ ਗੁਰਪਰੀਤ ਬੋੜਾਵਾਲ ਪਰਵਾਸੀ ਕਵਿਤਾ ਉੱਪਰ ਖੋਜ-ਕਾਰਜ ਕਰ ਰਿਹਾ ਹੈ। ਹੋਰ ਵੀ ਕੰਮ ਹੋਇਆ ਹੋਵੇਗਾ, ਪਰ ਹਾਲੇ ਸੰਭਾਵਨਾ ਬਹੁਤ ਵਧੀਕ ਹੈ।
“ਦਰਦ ਜਾਗਦਾ ਹੈ” ਪੁਸਤਕ ਪਾਠ ਦੇ ਅਗਲੇ ਸਫ਼ਰ ਉੱਤੇ ਤੁਰਨ ਤੋਂ ਪਹਿਲਾਂ ਮੈਂ ਭੂਪਿੰਦਰ ਸੱਗੂ ਜੀ ਦੇ ਪਿਛੋਕੜ ਬਾਰੇ ਗੱਲ ਕਰਨੀ ਚਾਹਾਂਗੀ।
ਭਾਰਤ ਦੇ ਉੱਤਰੀ ਪੰਜਾਬ ਦੇ ਦੁਆਬਾ ਖੇਤਰ ਦੇ ਜ਼ਿਲ੍ਹਾ ਜਲੰਧਰ ਦੀ ਨਕੋਦਰ ਤਹਿਸੀਲ ਦੇ ਪਿੰਡ “ਆਲੋਵਾਲ” ਦੇ ਜੰਮਪਲ਼ ਭੂਪਿੰਦਰ ਸੱਗੂ ਹੁਰਾਂ ਨੇ ਆਪਣੀ ਮੁੱਢਲੀ ਵਿਦਿਆ ਨੈਸ਼ਨਲ ਕਾਲਜ ਨਕੋਦਰ ਤੋਂ ਕੀਤੀ ਤੇ ਬੀ. ਏ. ਤੱਕ ਦੀ ਪੜ੍ਹਾਈ ਕੀਤੀ ਅਤੇ ਉਪਰੰਤ ਵਲਾਇਤ ਚਲੇ ਗਏ। ਸਾਡਾ ਦੁਆਬਾ ਵਿਦੇਸ਼ ਜਾਣ ਵਿੱਚ ਹਮੇਸ਼ਾਂ ਤੋਂ ਮੋਹਰੀ ਰਿਹਾ। ਛੋਟੀ ਕਿਰਸਾਣੀ, ਸੇਪੀਗੀਰੀ ਜਾਂ ਹੋਰ ਛੋਟੇ ਧੰਦਿਆਂ ਪ੍ਰਤੀ ਬੇਰੁਖੀ ਨੇ ਅਤੇ ਛੋਟੇ ਉਦਯੋਗਾਂ ਦੀ ਕਮੀ ਨੇ ਵਿਸ਼ੇਸ਼ ਤੌਰ ਉੱਤੇ ਸਾਡੇ ਦੁਆਬੇ ਦੇ ਲੋਕਾਂ ਨੂੰ ਪ੍ਰਮੁੱਖ ਤੌਰ ਉੱਤੇ ਵਿਦੇਸ਼ੀ ਧਰਤੀ ਉੱਪਰ ਵਸਣ ਲਈ ਸਦਾ ਪ੍ਰੇਰਿਤ ਕੀਤਾ।
ਇਸ ਗੱਲ ਵਿੱਚ ਕੋਈ ਸ਼ੱਕ ਨਹੀੰ ਕਿ ਗਦਰ ਲਹਿਰ, ਜੋ ਵਿਦੇਸ਼ੀ ਧਰਤੀ ਉੱਪਰ ਹੀ ਪਰਵਾਨ ਚੜ੍ਹੀ ਸੀ ਅਤੇ ਦੇਸ਼ ਵਿੱਚ ਫੈਲ ਗਈ ਸੀ, ਉਸਦੇ ਬਹੁਤ ਸਾਰੇ ਕਾਰਕੁੰਨ ਮਲਵਈ ਖਿੱਤੇ ਦੇ ਲੋਕ ਵੀ ਸਨ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨਾਰੰਗਵਾਲ ਦੇ ਹੀ ਚਾਰ ਗਦਰੀ ਬਾਬੇ ਹੋਏ ਹਨ, ਜਿੰਨ੍ਹਾਂ ਦਾ ਜ਼ਿਕਰ ਡਾਕਟਰ ਸਰਬਜੀਤ ਸਿੰਘ ਆਪਣੀ ਪੁਸਤਕ “ਸਾਹਿਤ, ਇਤਿਹਾਸ ਅਤੇ ਵਿਚਾਧਾਰਾ” ਵਿੱਚ ਕਰਦੇ ਹਨ। ਇਹ ਪੁਸਤਕ ਉਹਨਾਂ ਚਾਰੇ ਗਦਰੀ ਬਾਬਿਆਂ ਨੂੰ ਸਮਰਪਿਤ ਕੀਤੀ ਗਈ ਹੈ। ਡਾਕਟਰ ਸਰਬਜੀਤ ਸਿੰਘ ਮੇਰੇ ਪਿਤਾ ਡਾਕਟਰ ਆਤਮ ਹਮਰਾਹੀ ਜੀ ਦੇ ਹੋਣਹਾਰ ਵਿਦਿਆਰਥੀਆਂ ਵਿੱਚੋਂ ਇੱਕ ਹਨ ਅਤੇ ਅੱਜਕੱਲ੍ਹ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਵਿੱਚ ਪੰਜਾਬੀ ਵਿਭਾਗ ਵਿਖੇ ਪ੍ਰਾਧਿਆਪਕ ਹਨ ਅਤੇ ਵਿਭਾਗ ਦੇ “ਪੰਜਾਬੀ ਅਧਿਐਨ ਸਕੂਲ” ਦੇ ਮੌਜੂਦਾ ਚੇਅਰਪਰਸਨ ਵੀ ਹਨ। ਇਸ ਗੱਲ ਦਾ ਜ਼ਿਕਰ ਮੈਂ ਇਸ ਕਰਕੇ ਕਰ ਰਹੀ ਹਾਂ ਕਿ ਯੂਨੀਵਰਸਿਟੀਆਂ ਵਿੱਚ ਬਿਰਾਜਮਾਨ ਸਾਹਿਤਕ ਸ਼ਖਸੀਅਤਾਂ ਦਾ ਧਿਆਨ ਸਮੁੱਚੇ ਪੰਜਾਬੀ ਸਾਹਿਤ ਵੱਲ ਕੇਂਦਰਿਤ ਹੋਣਾ ਚਾਹੀਦਾ ਹੈ। ਸੈਮੀਨਾਰ ਹੋਣੇ ਚਾਹੀਦੇ ਹਨ। ਹਰ ਤਰ੍ਹਾਂ ਦੀ ਪਾਰਦਰਸ਼ਤਾ ਦੇ ਵਿਆਪਤ ਹੋਣ ਦੀ ਸਥਿਤੀ ਪੈਦਾ ਹੋਣੀ ਚਾਹੀਦੀ ਹੈ ਅਤੇ ਦੇਸੀ ਤੇ ਵਿਦੇਸ਼ੀ ਪੰਜਾਬੀ ਸਾਹਿਤ ਦੀ ਪ੍ਰਫੁੱਲਤਾ ਵੱਲ ਸੁਚਾਰੂ ਯਤਨ ਹੋਰ ਤੇਜ਼ ਕੀਤੇ ਜਾਣੇ ਚਾਹੀਦੇ ਹਨ। ਦੁਵੱਲੇ ਸੁਧਾਰਾਂ ਦੀ ਕੋਸ਼ਿਸ਼ ਹੋਰ ਹੋਣੀ ਚਾਹੀਦੀ ਹੈ।
ਭੂਪਿੰਦਰ ਸੱਗੂ ਜੀ ਦੀ ਕਿਤਾਬ “ਦਰਦ ਜਾਗਦਾ ਹੈ” ਦਾ ਸਹਾਰਾ ਲੈ ਕੇ ਮੈਂ ਕੁੱਝ ਹੋਰ ਗੱਲਾਂ ਕਰ ਲਈਆਂ ਹਨ। ਆਸ ਕਰਦੀ ਹਾਂ ਕਿ ਮੇਰੇ ਮਾਣਯੋਗ ਪਾਠਕ ਮੇਰੀ ਇਸ ਜੁਗਤੀ ਨੂੰ ਮੇਰੀ ਸ਼ੈਲੀ ਸਮਝ ਕੇ ਪਰਵਾਨ ਕਰ ਲੈਣਗੇ। ਅਸਲ ਵਿੱਚ ਇਸ ਵਿਸਥਾਰ ਦੀ ਕੜੀ ਮੁੜ ਆਣ ਕੇ ਭੁਪਿੰਦਰ ਸੱਗੂ ਹੁਰਾਂ ਦੀ ਕਵਿਤਾ ਵੱਲ ਹੀ ਜੁੜ ਜਾਣੀ ਸੀ, ਇਸ ਗੱਲ ਦਾ ਮੈਨੂੰ ਪਤਾ ਸੀ। ਗਦਰ-ਸਾਹਿਤ ਸਾਡੇ ਬਹੁਤੇ ਪਰਵਾਸੀ ਕਵੀਆਂ ਲਈ ਪ੍ਰੇਰਣਾਸ੍ਰੋਤ ਦਾ ਕੰਮ ਕਰਦਾ ਰਿਹਾ ਅ ਰਿਹਾ ਹੈ:
ਜਾਹ ਉੁਏ ਪਰਦੇਸੀਆ!
ਤੇਰੇ ਟੁਰ ਜਾਣ ਤੋਂ ਬਾਅਦ
ਥੜ੍ਹੇ ‘ਤੇ ਲੱਗਦੀਆਂ ਰੌਣਕਾਂ ਵੀ
ਪਰਦੇਸੀ ਹੋ ਗਈ
(ਬਾਬੇ ਬੋਹੜ ਨਾਲ਼ ਗੱਲਾਂ)
ਇਹ ਕਵਿਤਾ ਸਮੁੱਚੇ ਪੰਜਾਬ ਦੇ ਥੜ੍ਹੇ ਵੱਲ ਇਸ਼ਾਰਾ ਹੈ, ਉਸ ਦਰਦ ਦੀ ਦਾਸਤਾਨ ਬਿਆਨਦੀ ਕਵਿਤਾ ਹੈ ਇਹ, ਜਿਸ ਦਰਦ ਨਾਲ਼ ਲੰਮੇ ਸਮਿਆਂ ਤੋਂ ਸਾਡੇ ਪਿੰਡਾਂ ਦੇ ਪਿੰਡ ਵਿੰਨ੍ਹੇ ਹੋਏ ਹਨ। ਰੋਜ਼ਮਰ੍ਹਾ ਦੀਆਂ ਪਰਿਵਾਰਿਕ ਖੁਸ਼ੀਆਂ ਤੋਂ ਸੱਖਣੇ, ਆਪਣਿਆਂ ਦਾ ਵਿਗੋਚਾ ਸਹਿੰਦੇ ਲੋਕ ਤਾਂ ਲੋਕ, ਬੋਹੜ ਵੀ ਇਸ ਦਰਦ ਨੂੰ ਮਹਿਸੂਸ ਕਰਦੇ ਹਨ। ਵਿਦੇਸ਼ਾਂ ਤੋੰ ਮੁੜ ਆਉਂਦੇ ਲੋਕਾਂ ਦੀ ਮਨੋਸਥਿਤੀ ਦਰਸਾਉਂਦੀ ਇਹ ਕਵਿਤਾ ਪੰਜਾਬੀ ਸਾਹਿਤ ਦੀ ਝੋਲ਼ੀ ਵਿੱਚ ਪਈ ਇੱਕ ਚਿਹਨਾਤਮਕ ਕਵਿਤਾ ਹੈ, ਜੋ ਆਪਣੇ ਆਪ ਵਿੱਚ ਦੋ ਦੋ ਸੱਭਿਆਚਾਰਾਂ ਦੀ ਗਾਥਾ ਛੁਪਾਈ ਬੈਠੀ ਹੈ।
ਉਦਰੇਵੇਂ ਦੀ ਤਿੱਖੀ ਸੂਲ ਵਰਗੀ ਪੀੜ ਅਤੇ ਵਿਛੋੜੇ ਦੇ ਬਾਣ ਸਹਿੰਦੀ ਮਾਂ ਦੀਆਂ ਕੋਮਲ ਭਾਵਨਾਵਾਂ ਵਿਦੇਸ਼ ਵਿੱਚ ਬੈਠੇ ਕਵੀ ਨੂੰ ਪਿੱਛਲਰਾਤ ਤੱਕ ਵੀ ਸੌਣ ਨਹੀਂ ਦਿੰਦੀਆਂ।
‘ਸ਼ਨੀਲ ਦੀ ਨੀਲੀ ਫਰਾਕ’ ਇਸ ਦਰਦ ਦੀ ਤਸਵੀਰਕਸ਼ੀ ਕਰਦੀ ਕਵਿਤਾ ਹੈ। ‘ਗੈਂਗਰੇਪ’ ਵਰਗੇ ਨਿਰਲੱਜਤਾ ਭਰੇ ਵਿਸ਼ੇ ਨੂੰ ਛੋਂਹਦਾ ਕਵੀ ਹਿਰਦਾ ਔਰਤ ਦੀ ਸਾਮਾਜਿਕ ਸਥਿਤੀ ਦਾ ਗਹਿਰਾ ਵਿਸ਼ਲੇਸ਼ਣ ਕਰਦੀ ਹੋਈ ਕਵਿਤਾ ਲਿਖਦਾ ਲਿਖਦਾ ‘ਦਿੱਲੀ’ ਨੂੰ ਨਿਹੋਰੇ ਜਾ ਮਾਰਦਾ, ਆਪਸੀ ਰਿਸ਼ਤਿਆਂ ਦੇ ਸੌੜੇਪਨ ਵਿੱਚੋਂ ਗੁਜ਼ਰਦਾ ਹੋਇਆ, ਇੰਗਲੈਂਡ ਦੀ ਧਰਤੀ ਉੱਤੇ 2011 ਵਿੱਚ ਫੈਲੇ ਆਤੰਕ ਨਾਲ਼ ਫਿਰ ਤੋਂ ਵਿੰਨ੍ਹਿਆ ਗਿਆ ਹੈ। ਇੱਕ ਵਿਸ਼ਾਲ ਕੈਨਵਸ ਉੱਪਰ ਫੈਲੀ ਭੁਪਿੰਦਰ ਸੱਗੂ ਦੀ ਕਾਵਿ-ਕਲਾ ਮਾਨਵੀ ਬਿਰਤੀਆਂ ਦੀਆਂ ਬਹੁ ਧਰਤਾਲੀ ਪੇਚੀਦਗੀਆਂ ਖੋਹਲਦੀ ਜਾਂਦੀ ਹੈ। ਉਸਦੀ ਪੀੜਿਤ ਆਤਮਾ ਕੁਰਲਾ ਉੱਠਦੀ ਹੈ ਅਤੇ ਉਹ ਆਪਣੇ ਤਿੱਖੇ ਸਵਾਲਾਂ ਨਾਲ਼ ਬੁੱਧੀਜੀਵੀਆਂ ਅੱਗੇ ਜਾ ਖੜ੍ਹਾ ਹੁੰਦਾ ਹੈ:
‘ਚੇਤਨਾ ਦੀ ਜਾਗਰਤੀ
ਮਨ ਦੀ ਆਜ਼ਾਦੀ ਹੁੰਦੀ ਹੈ
ਉਹ ਮਾਨਵ ਦੇ ਜਿਉਣ ਦਾ ਪ੍ਰਮਾਣ ਹੁੰਦਾ ਹੈ।
ਪਰ ਇਹ ਕਿੱਦਾਂ ਦਾ ਬੁੱਧੀਜੀਵੀ ਹੈ!‘
(ਬੁੱਧੀਜੀਵੀ)
ਸਮਾਂ ਵਿਚਾਰਨ ਅਤੇ ਪੂਰਨੇ ਪਾਉਣ ਦਾ ਹੈ…! ਸਮਝਣ ਸਮਝਾਉਣ ਦਾ ਹੈ …!
‘…ਜਿਹੜੀ ਮਾਨਸਿਕਤਾ
ਸਨਮਾਨਾਂ ਦੀ ਦੌੜ ਲਈ
ਬੇਚਾਰਗੀ, ਨਿਰਬਲਤਾ
ਗ਼ੁਲਾਮੀ ਦੀ ਜ਼ਹਿਨੀਅਤ ਸਹਿੰਦੀ ਹੈ…’
ਕਵੀ ਦਾ ਸਪਸ਼ਟ ਸੰਕੇਤ ਹੈ ਕਿ ਹੱਕੀ ਗੱਲਾਂ ਦੀ ਸਾਰਥਿਕਤਾ ਸਮੇਂ ਦੇ ਬੁੱਧੀਜੀਵੀਆਂ ਨੇ ਹੀ ਸਮਝਣੀ ਹੁੰਦੀ ਹੈ। ਵਿਸ਼ਲੇਸ਼ਣਕਾਰੀਆਂ ਦੀ ਸੁਹਿਰਦਤਾ ਜਿੱਥੇ ਮਨ ਵਿੱਚ ਸ਼ਾਂਤੀ ਪੈਦਾ ਕਰ ਸਕਦੀ ਹੈ, ਉੱਥੇ ਚੰਗੇ ਸਾਹਿਤ ਦੀ ਉਸਾਰੀ ਵਿੱਚ ਆਪਣਾ ਪ੍ਰਭਾਵੀ ਅਸਰ ਛੱਡ ਸਕਦੀ ਹੈ। ਇਹ ਸਮੇਂ ਦੇ ਸਮੇਂ ਨੂੰ ਹੀ ਤਿੱਖੇ ਸਵਾਲ ਹਨ। ਜੇ ਇਸ ਕਵਿਤਾ ਵਿਚਲੀ ਸੋਚ ਨੂੰ ਹੋਰ ਸਮਝਣਾ ਹੈ ਤਾਂ ਸ਼੍ਰੀਮਾਨ ਮਿੱਤਰਸੈਨ ਮੀਤ ਜੀ ਨੂੰ ਪੁੱਛਿਆ ਜਾ ਸਕਦਾ ਹੈ।
ਬੇਗਾਨੀ ਧਰਤੀ ਉੱਤੇ ਤੁਰਦਾ ਫਿਰਦਾ ਮਨੁੱਖ ਭੂ-ਹੇਰਵੇ ਦਾ ਸੰਤਾਪ ਤਾਂ ਹੰਢਾਉਂਦਾ ਹੀ ਹੈ, ਸਗੋਂ ਆਪਣੀ ਪਹਿਚਾਣ ਵੀ ਉਸ ਲਈ ਸਮੱਸਿਆ ਦਾ ਸਬੱਬ ਬਣ ਜਾਂਦੀ ਹੈ। ਪਗੜੀ ਨੂੰ ਸੰਭਾਲ਼ਦਾ ਕਵੀ ਕਵਿਤਾ ਰਚਦਾ ਹੈ:
’ …ਬੱਚਿਓ !
ਉਹ ਦਿਖਣ ਨੂੰ ‘ਬਿਨ ਲਾਦੇਨ’ ਵਰਗੈ
ਬੱਚੇ ਇਹ ਨਾਂ ਸੁਣ ਕੇ
ਡਰਾਈਵਰ ਦੇ ਚਿਹਰੇ ‘ਚੋਂ
ਖੂੰਖਾਰ ਦਰਿੰਦੇ ਦਾ ਅਕਸ ਤਲਾਸ਼ਦੇ ਰਹੇ
ਸਫ਼ਰ ਦੌਰਾਨ।
(ਸਫ਼ਰ ਦੌਰਾਨ)
‘ਕਵਿਤਾ’ ਨਾਂ ਦੀ ਪਿਆਰੀ ਜਿਹੀ ਕਵਿਤਾ ਵਿੱਚ, ਕਵੀ ਕਵਿਤਾ ਦੇ ਅਸਲ ਮਕਸਦ ਦੀ ਗੱਲ ਕਰਦਾ ਹੈ। ਕਵੀ ਕਵਿਤਾ ਵਿੱਚ ਬਿੰਬਾਂ, ਪ੍ਰਤੀਕਾਂ ਅਤੇ ਸੂਖ਼ਮ ਅਹਿਸਾਸਾਂ ਦੀ ਹੋਂਦ ਅਤੇ ਵਰਤੋਂ ਦੀ ਸਾਰਥਿਕਤਾ ਅਤੇ ਕਵਿਤਾ ਵਿਚਲੀ ਗਹਿਰਾਈ ਅਤੇ ਕਵਿਤਾ ਦੀ ਅਹਿਮੀਅਤ ਤੋਂ ਜਾਣੂੰ ਹੋਣ ਦੀ ਆਪਣੀ ਸਮਰੱਥਾ ਦਾ ਵੀ ਪੂਰਨਤਾ ਅਹਿਸਾਸ ਕਰਵਾ ਦਿੰਦਾ ਹੈ।
‘ਕੁਕੂਨਸ’ ਕਵਿਤਾ ਵਿੱਚ ਕਵੀ ਪਿਆਰ, ਆਸ ਅਤੇ ਪਰਿਵਰਤਨ ਦਾ ਗੀਤ ਗਾਉਂਦੇ ਕੁਕੂਨਸ ਦੀ ਤਲਾਸ਼ ਕਰਦਾ ਹੋਇਆ ਆਪ ਹੀ ਕੁਕੂਨਸ ਜਾਪਦਾ ਹੈ।
ਪਰਵਾਸੀ ਪੰਜਾਬੀ ਕਵੀ ਭੁਪਿੰਦਰ ਸੱਗੂ ਜੀਵਨ ਦੇ ਹਰ ਪਹਿਲੂ ਨੂੰ ਇੱਕ ਤਿੱਖੀ, ਘੋਖਵੀਂ ਅਤੇ ਪੜਤਾਲੀਆ ਨਜ਼ਰ ਨਾਲ਼ ਦੇਖ ਸਕਣ ਦੇ ਸਮਰੱਥ ਹੈ। ਕੇਵਲ
ਏਨਾ ਹੀ ਨਹੀਂ, ਉਹ ਆਪਣੀ ਗੱਲ ਕਹਿਣ ਦੀ ਦਲੇਰੀ ਵੀ ਰੱਖਦਾ ਹੈ।
‘ਆਖਰੀ ਕਿੱਲ ਠੋਕੇ’, ਐੱਨ. ਐੱਚ. ਐੱਸ ਦਾ ਕੱਟ, ਵਰਗੀਆਂ ਕਵਿਤਾਵਾਂ ਉਸਦੇ ਸੱਚ ਦੀ ਸਮਰੱਥਾ ਦਾ ਪ੍ਰਮਾਣ ਹਨ। ਇਸ ਵਰਤਾਰੇ ਵਿੱਚ ਉਸਦਾ ਆਪਣਾ ਬਾਲਮਨ ਵੀ ਅਣਭੋਲ ਹੀ ਜ਼ਿੰਦਗੀ ਦੀ ਭੱਜਦੌੜ ਵਿੱਚ ਵਿਚਰਦਿਆਂ, ਇੱਕ ਅੰਤਰਘੋਲ਼ ਵਿੱਚ ਤੁਰਿਆ ਰਹਿੰਦਾ ਹੈ, ਜਿੱਥੇ ਉਸ ਕੋਲ਼ ਬਚਪਨ ਦੀਆਂ ਯਾਦਾਂ ਦਾ ਸੈਲਾਬ ਹੈ, ਬਚਪਨ ਵਿੱਚ ਬੰਨ੍ਹੀ ‘ਤੜਾਗੀ ਦੇ ਬੋਰ’ ਹਨ, ਨਾਨੀ ਠਾਕਰੀ ਹੈ, ਸ਼ੋਖ ਚੰਚਲ ਮਨ ਦੀ ਕੈਨਵਸ ਉੱਤੇ ਫੈਲੀਆਂ ਹੋਈਆਂ ਬਚਪਨ ਤੇ ਚੜ੍ਹਦੀ ਜਵਾਨੀ ਦੀਆਂ ਕਈ ਯਾਦਾਂ ਹਨ, ਸੈਂਸੀਆਂ ਦਾ ਵਿਹੜਾ ਹੈ, ਫੂਲਾਂ ਕੁੜੀ ਦੀ ਮਾਸੂਮੀਅਤ ਉਸਦੇ ਮਨ ਦੇ ਵਿਹੜੇ ਝਰਦੀ ਹੈ, ਖੂਹ ਕਿਆਰੀ, ਗੁਰਦਾਸ ਦੀ ਹੱਟੀ, ਨਾਨਕਾ ਪਿੰਡ ਆਦਿ ਆਮ ਪੰਜਾਬੀ ਪਰਵਾਸੀ ਦੀਆਂ ਯਾਦਾਂ ਦੀ ਤਰਜਮਾਨੀ ਕਰਦੀਆਂ ਨਿੱਜੀ ਯਾਦਾਂ ਹਨ ਪਰ ਤਰਾਸਦੀ ਇਹ ਹੈ ਕਿ ਇਹ ਸਾਰਾ ਕੁੱਝ,‘ਨਦੀ ਕਿਨਾਰੇ’ ਨਾਂ ਦੀ ਕਵਿਤਾ ਵਿੱਚ ਡੁੱਬ ਗਿਆ ਹੈ:
‘ਜ਼ਿੰਦਗੀ ਦੀ ਭੱਜ ਦੌੜ ‘ਚ
ਅੱਜ ਮਨੁੱਖ ਤਲਾਸ਼ ਰਿਹੈ
ਪੌਂਡਾਂ, ਡਾਲਰਾਂ ਦੀ ਚਮਕ ‘ਚੋਂ
ਖੁਸ ਚੁੱਕੇ ਸਕੂਨ ਨੂੰ
ਰਿਸ਼ਤਿਆਂ ਦੀਆਂ ਤੰਦਾਂ ‘ਚ
ਉਲਝੇ ਹੋਏ ਮਨੁੱਖ ਕੋਲ
ਏਨੀ ਫੁਰਸਤ ਕਿੱਥੇ
ਕਿ ਸੁਪਨਈ ਅੱਖ ਦੀ
ਇਬਾਰਤ ਨੂੰ ਪੜ੍ਹ ਸਕੇ।‘
ਪ੍ਰਤੀਕਾਤਮਕ ਕਵਿਤਾਵਾਂ ਦਾ ਰਚੇਤਾ ਕਵੀ ਭੁਪਿੰਦਰ ਸੱਗੂ ‘ਰੁੱਖ’ ਨਾਂ ਦੀ ਕਵਿਤਾ ਵਿੱਚ ਮਨੁੱਖ ਨੂੰ ਰੁੱਖ ਨਾਲ਼ ਤਸ਼ਬੀਹ ਦੇ ਕੇ ਕਮਾਲ ਦੀ ਕਾਵਿਕਾਰੀ ਦੇ ਜੌਹਰ ਦਿਖਾਉਣ ਦੀ ਆਪਣੀ ਸਮਰੱਥਾ ਦਾ ਇਜ਼ਹਾਰ ਕਰ ਜਾਂਦਾ ਹੈ । ਉਸਦੀ ਕਵਿਤਾ ਉਸ ਨਾਲ਼ ਇੱਕਮਿਕ ਹੈ ਅਤੇ ‘ਤਾਰਿਆਂ ਦੀ ਛਾਵੇਂ’ ਉਹ ਕਵਿਤਾ ਨੂੰ ਤੇ ਕਵਿਤਾ ਉਸਦੇ ਕਵੀ ਮਨ ਨੂੰ ਮਾਣਦੀ ਹੈ। ਕਵਿਤਾ ਵਿੱਚ ਉਹ ‘ਰੋਜ਼ ਮਿਲਦਾ ਹੈ’ ਬਚਪਨ ਤੇ ਜਵਾਨੀ ਤੋਂ ਬਾਅਦ ਦੇ ਬੈਸਾਖੀਆਂ ਦੇ ਸਹਾਰੇ ਤੁਰਦੇ ਬੁਢਾਪੇ ਨੂੰ ਉਹ ਰੋਜ਼ ਮਿਲਦਾ ਹੈ। ਰੋਜ਼ ਸੂਰਜ ਦੇ ਉਦੈ ਹੋਣ ਨਾਲ਼ ਹੀ ਉਹ ਕਾਇਨਾਤ ਨੂੰ ਨਿਮੰਤਰਣ ਦੇਣ ਲਈ ਨਿਕਲ਼ ਤੁਰਦਾ ਹੈ ਅਤੇ ਆਪਣੀ ਸੁੱਚੀ ਕਿਰਤ ਦੇ ਸੰਗ ਸੰਗ ਉਹ ‘ਅਚਾਨਕ’ ਵਰਗੀ ਬੇਮਿਸਾਲ ਕਵਿਤਾ ਸਿਰਜ ਜਾਂਦਾ ਹੈ। ਮੇਰਾ ਨਮਨ ਹੈ ਇਸ ਮਹਾਨ ਕਵੀ ਦੀ ਇਸ ਕਵਿਤਾ ਨੂੰ! ਮੇਰੀ ਨਿਰਪੱਖ ਸੋਚ ਦੇ ਪਹਿਰੇ ਵਿੱਚ ਤੁਰਦੀ ਕਲਮ ਵਿੱਚ ਕਦੇ ਕਾਣ ਨਾ ਆਵੇ!
‘ਔਰਤ ਦਾ ਚਿਹਰਾ
ਨੀਝ ਲਾ ਕੇ ਤੱਕਿਆ
ਸੰਤਾਲੀ ਦੀ ਤਸਵੀਰ
ਉਸਦੀਆਂ ਅੱਖਾਂ ‘ ਚੋਂ ਝਾਕੀ
ਤੇ ਪਲਾਂ ਹੀ ਪਲਾਂ ਅੰਦਰ
ਸੁੱਕ ਚੁੱਕੇ ਪੰਜ ਦਰਿਆ
ਅੱਖਾਂ ਥਾਣੀਂ ਵਹਿ ਤੁਰੇ।
ਚਿਰੋਕਣੇ ਵਿਛੜ ਚੁੱਕੀ
ਪਤਨੀ ਨੂੰ ਦੇਖ ਕੇ।’
(ਅਚਾਨਕ)
ਜਿਉੰਦੇ ਜੀਆਂ ਦੇ ਸੰਤਾਪ ਦਾ ਸਿਖਰ ਬਿਆਨਦੀ ਇਹ ਇੱਕਲੀ ਕਵਿਤਾ ਹੀ ਕਿਸੇ ਮਹਾਨ ਇਨਾਮ ਦੀ ਹੱਕਦਾਰ ਹੈ। ਮੈਂ ਇਹ ਗੱਲ ਬਿੱਲਕੁਲ ਨਿਰਲੇਪ ਭਾਵਨਾ ਨਾਲ਼ ਆਖ ਰਹੀ ਹਾਂ।
ਭਰੂਣ ਹੱਤਿਆ ਬਾਰੇ ਦਰਦੀਲੀ ਕਵਿਤਾ “ ਕੰਜਕਾਂ” ਉਦਾਸ ਕਰ ਜਾਂਦੀ ਹੈ।
‘ਫੌਜੀ’ ਪਰਵਾਸੀਆਂ ਦੀ ਤਰਾਸਦੀ ਤੇ ਤਨਜ਼ ਕਸਦੀ ਕਵਿਤਾ ਹੈ।
ਇੱਥੇ ਰੁਕਦੀ ਹਾਂ, ਆਪਣੀ ਗੱਲ ਕਹਿਣ ਲਈ ਮੈਂ ਲੱਗਭਗ ਅੱਧੀ ਕਿਤਾਬ ਦੀਆਂ ਕਵਿਤਾਵਾਂ ਦੀ ਗੱਲ ਕਰ ਚੁੱਕੀ ਹਾਂ ਤੇ ਬਾਕੀ ਪਾਠਕਾਂ ਦੀ ਪੜ੍ਹਤ ਲਈ ਛੱਡ ਦਿੰਦੀ ਹਾਂ। “ਦਰਦ ਜਾਗਦਾ ਹੈ” ਨਾਮਵਰ ਕਵੀ ਭੁਪਿੰਦਰ ਸੱਗੂ ਦੀ ਐਸੀ ਸੰਯੁਕਤ ਵਿਸ਼ਿਆਂ ਵਾਲ਼ੀ ਪੁਸਤਕ ਹੈ, ਜੋ ਜੀਵਨ ਦੇ ਬਹੁ ਵਿਸ਼ਿਆਂ ਨੂੰ ਸੰਚਲਿਤ ਕਰਦੀ ਹੈ। ਕਵੀ ਦੇ ਨਿੱਜੀ ਤਜਰਬੇ ਅਤੇ ਅਨੁਭਵ ਹੋਏ ਹੋਣਗੇ, ਜੋ ਵਾਹਕ ਬਣ ਕੇ ਉਸਦੀ ਕਵਿਤਾ ਵਿੱਚ ਉੱਤਰੇ ਅਤੇ ਫੈਲ ਗਏ ਹਨ। ਸੱਚ ਕਹਿਣ ਦੀ ਦਲੇਰੀ, ਉੱਚੀ ਜ਼ਹਿਨੀਅਤ ਦੀ ਪ੍ਰਤੀਕ ਹੋ ਨਿੱਬੜੀ ਹੈ। ਅਜਿਹੇ ਮਨੋਭਾਵ ਜੋ ਪਾਠਕ-ਮਨ ਵਿੱਚ ਵੀ ਪੀੜਾ ਪੈਦਾ ਕਰਦੇ ਹਨ, ਕਰੁਣਾ ਰਸ ਨੂੰ ਉਭਾਰਦੇ ਹਨ। ਨੌਂ ਰਸਾਂ ਦੀ ਛਹਿਬਰ ਝਲਕਦੀ ਹੈ ਭੁਪਿੰਦਰ ਸੱਗੂ ਹੁਰਾਂ ਦੀ ਅਨੂਪਮ ਸ਼ਾਇਰੀ ਵਿੱਚ। ਪ੍ਰੋ ਪੂਰਨ ਸਿੰਘ ਹੁਰਾਂ ਨੇ ਖੁਲ੍ਹੀ ਕਵਿਤਾ ਨਾਲ ਜਿਹੜਾ ਰਾਹ ਖੋਲ੍ਹਿਆ ਹੈ, ਉਸ ਰਾਹ ਤੇ ਚਲਦਿਆਂ ਪੰਜਾਬੀ ਕਵਿਤਾ ਨੇ ਨਵੇਂ ਮੀਲ ਪੱਥਰ ਸਥਾਪਿਤ ਕੀਤੇ ਹਨ । ਭੂਪਿੰਦਰ ਸੱਗੂ ਹੋਰਾਂ ਦੀ ਖੁਲ੍ਹੀ ਕਵਿਤਾ ਨੇ ਮੇਰੇ ਕਵੀ ਮਨ ਨੂੰ ਤਰੰਗਿਤ ਕੀਤਾ ਹੈ, ਝੰਜੋੜਿਆ ਹੈ ਅਤੇ ਮੱਲੋਜੋਰੀ ਮੇਰੀ ਕਲਮ ‘ਸੱਗੂ ਕਾਵਿ ਦੀ ਬਣਦੀ ਉਸਤੁਤੀ’ ਵਿੱਚ ਵਹਿ ਤੁਰੀ ਹੈ। ਮੇਰੇ ਕੋਲ਼ ਇਹ ਕਿਤਾਬ ਕਾਫ਼ੀ ਦਿਨ ਪਹਿਲਾਂ ਦੀ ਪਹੁੰਚੀ ਹੈ ਪਰ ਮੈਂ ਅੱਜ 4 ਤੇ 5 ਫਰਵਰੀ ਦੀ ਵਿਚਕਾਰਲੀ ਰਾਤ ਨੂੰ ਫੋਨ ਦਾ ਇੰਟਰਨੈੱਟ ਬੰਦ ਹੋਣ ਕਾਰਣ ਵਕਤ ਨੂੰ ਸਹੀ ਲੇਖੇ ਲਾ ਸਕੀ ਹਾਂ।
ਕਵੀ ਆਪਣੀ ਸੁਰਤ ਦੇ ਅੰਦਰ ਵੱਜਦੇ ਨਾਦ ਵਿੱਚ ਵਿਭੋਰ ਜਾਪਦਾ ਹੈ। ਮਨੋਵਿਗਿਆਨਕ ਵਿਕਾਰਾਂ, ਸਮਾਜਿਕ ਸਰੋਕਾਰਾਂ ਅਤੇ ਧਰਮ ਦੇ ਅਖਾਉਤੀਪਣ ਦੇ ਖ਼ਿਲਾਫ਼ ਆਪਣੀ ਗੱਲ ਕਹਿੰਦਾ ਆਪਣੀ ਹੀ ਰਉਂ ਵਿੱਚ ਤੁਰਦਾ ਜਾ ਰਿਹਾ ਹੈ। ‘ਮਾਂ’ ਸ਼ਬਦ ਦੀ ਸਾਰਥਿਕਤਾ ਹੀ ਨਹੀਂ ਸਮਝਦਾ, ਸਗੋਂ ਮਾਂ ਦੀ ਸੱਚਮੁਚ ਕਦਰ ਕਰਦਾ ਹੈ, ਮੇਰੇ ਸਾਹਵੇਂ ਉਸਦੀ ਮਾਂ ਦਾ ਹੰਸੂ ਹੰਸੂ ਕਰਦਾ ਚਿਹਰਾ ਆ ਰਿਹੈ…ਮੇਰੀ ਦਾਦੀ ਸੱਸ ਬੀਬੀ ਕਿਸ਼ਨ ਕੌਰ ਦੀ ਸਕੀ ਭੈਣ….ਰਿਸ਼ਤਿਆਂ ਤੋਂ ਉੱਪਰ ਉੱਠ ਕੇ ਮੈਂ ਆਪਣੇ ਇਸ ਬਜ਼ੁਰਗ ਬਾਪ ਵਰਗੇ ਰਿਸ਼ਤੇ ਨੂੰ ਸਾਹਿਤਕ ਦੋਸਤੀ ਦੇ ਪਵਿੱਤਰ ਜਿਹੇ ਰਿਸ਼ਤੇ ਵਿੱਚ ਵਟਦਿਆਂ ਮਹਿਸੂਸ ਕਰ ਕੇ ਮਾਣ ਮਹਿਸੂਸ ਕਰ ਰਹੀ ਹਾਂ…ਜੋ ਮਾਤਰ 10 ਕੁ ਮਹੀਨਿਆਂ ਤੋੰ ਮੇਰੇ ਸੰਪਰਕ ਵਿੱਚ ਆਏ ਅਤੇ ਮੈਂ ਉਹਨਾਂ ਨੂੰ ਮੇਰੇ “ਸਾਹਿਤਧਾਰਾ ਚੈਨਲ” ਦੇ ’ਸਰਬਰਾਹ’ ਦਾ ਦਰਜਾ ਦੇਣ ਦੀ ਖੁਸ਼ੀ ਹਾਸਿਲ ਕਰਦਿਆਂ ਮਾਣ ਮਹਿਸੂਸ ਕਰਦੀ ਹਾਂ। ਇਹੀ ਦਰਜਾ ਮੇਰੇ ਪਿਤਾ ਦਾ ਹੈ ਅਤੇ ਇਹੀ ਦਰਜਾ ਮੇਰੇ ਦੂਸਰੇ ਚਾਚਾ ਜੀ ਦਰਸ਼ਨ ਬੁਲੰਦਵੀ ਜੀ ਦਾ ਹੈ। ਉਹ ਸਾਡੇ ਵੱਡੇਰੇ ਨੇ ਅਤੇ ਪਹਿਲਾਂ ਸਾਡੇ ‘ਸਰਬਰਾਹ‘ ਨੇ।
ਆਪਣੀ ਇਸ ਕਾਿਵ-ਯਾਤਰਾ ਵਿੱਚ ਪਰਵਾਸੀ ਪੰਜਾਬੀ ਕਵੀ ਭੂਪਿੰਦਰ ਸੱਗੂ ਆਲੋਚਕਾਂ ਬਾਰੇ ਇੱਕ ਤਿੱਖੀ ਸੁਰ ਵਾਲ਼ੀ ਕਵਿਤਾ ਲਿਖਦਿਆਂ ਇੱਕ ਤਰ੍ਹਾਂ ਨਾਲ਼ ਆਪਣਾ ਜਾਗਿਆ ਹੋਇਆ ਦਰਦ ਹੀ ਤਾਂ ਦਰਸਾ ਰਹੇ ਨੇ। ਕਮਾਲ ਦੀ ਗੱਲ ਇਹ ਹੈ ਕਿ ਇਹ ਦਰਦ ਨਿੱਜੀ ਨਾ ਹੋ ਕੇ ਸਮੂਹਿਕਤਾ ਵੱਲ ਇਸ਼ਾਰਾ ਹੈ ਅਤੇ ਕਵੀਮਨ ਨੂੰ ਅਥਾਹ ਟੀਸ ਦਿੰਦਾ ਹੈ:
‘…ਮੈਂ ਜਦੋਂ ਚਾਹਾਂ ਸਬੂਤਾ ਨਿਗਲ ਜਾਂਦਾ ਹਾਂ
ਮੇਰੀ ਸੈਨਤ ਬਿਨਾਂ ਕਲਾ ਦੀ ਕੋਈ ਪਰਿਭਾਸ਼ਾ ਨਹੀਂ…’
(ਆਲੋਚਕ)
ਮੈਂ ਆਪਣੇ ਸਤਿਕਾਰਿਤ ਬਜ਼ੁਰਗ, ਦੋਸਤ, ਕਵੀ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦੀ ਹਾਂ ਕਿ ਮਾਣਯੋਗ ਆਲੋਚਕ ਸਾਹਿਬਾਨ ਤਾਂ ਬੜੇ ਨਿਗਾਹਵਾਨ ਹੁੰਦੇ ਨੇ …ਬੱਸ ਪਰਮਸ਼ਕਤੀ ਦੀ ਨਿਗਾਹ ਸਵੱਲੀ ਚਾਹੀਦੀ ਹੈ! ਖੁਲ੍ਹੀ ਕਵਿਤਾ ਤੋਂ ਇਲਾਵਾ ਗ਼ਜ਼ਲ ਦੀ ਵਿਧਾ ਦੇ ਸ਼ੌਕੀਨ ਭੂਪਿੰਦਰ ਸੱਗੂ ਜੀ ਲਈ ਢੇਰ ਸਾਰੀਆਂ ਸ਼ੁਭ-ਇਛਾਵਾਂ ਭੇਜਦੀ ਹੋਈ-
✍️ਮਨਦੀਪ ਕੌਰ ਭੰਮਰਾ
5.2.2021
***
(58)