15 October 2024

ਦੀਵੇ ਬਾਲ ਸਿਰਫ ਹਨੇਰਾ ਦੂਰ ਨਹੀਂ ਕਰਨਾ, ਹਰ ਦਿਲ ਰੁਸ਼ਨਾਉਣਾ ਹੈ–ਸੰਜੀਵ ਝਾਂਜੀ, ਜਗਰਾਉਂ

ਦੀਵਾਲੀ ਇਕ ਅਜਿਹਾ ਤਿਉਹਾਰ ਹੈ ਜਿਸਨੂੰ ਸਾਡੇ ਸਮਾਜ ਦਾ ਹਰ ਵਰਗ ਬੜੇ ਚਾਅ ਮਲ੍ਹਾਰ ਅਤੇ ਸ਼ਰਧਾ ਨਾਲ ਮਨਾਉਂਦਾ ਹੈ। ਇਹ ਤਿਉਹਾਰ ਸਮੁੱਚੇ ਭਾਈਚਾਰੇ ਨੂੰ ਇਕ ਮਾਲਾ ਦੇ ਵਿੱਚ ਪਿਰੋ ਕੇ ਰੱਖਦਾ ਹੈ।  ਇਸ ਦਿਨ ਮਰਿਆਦਾ ਪਰਸ਼ੋਤਮ ਭਗਵਾਨ ਸ਼੍ਰੀਰਾਮ ਚੰਦਰ ਜੀ ਆਪਣੇ ਪਿਤਾ ਅਯੋਧਿਆ ਨਰੇਸ਼ ਮਹਾਰਾਜ ਦਸ਼ਰਥ ਦੇ ਵਚਨਾਂ ਨੂੰ ਫੁਲ ਚੜਾ ਕੇ 14 ਸਾਲਾਂ ਦਾ ਵਨਵਾਸ ਕੱਟਣ ਉਪਰੰਤ ਅਯੁਧਿਆ ਪਰਤੇ ਸਨ ਅਤੇ ਉਨ੍ਹਾਂ ਦੇ ਆਉਣ ਦੀ ਖੁਸ਼ੀ ’ਚ ਲੋਕਾਂ ਨੇ ਆਪਣੇ ਦਰ–ਦਰ ਅਗੇ ਦੀਵੇ ਜਲਾ ਕੇ ਦੀਪਮਾਲਾ ਕੀਤੀ ਸੀ।

ਅਸਲ ’ਚ ਦੀਵੇ ਜਗਾ ਕੇ ਰੌਸ਼ਨੀ ਕਰਨ ਦਾ ਭਾਵ ਸੀ ਕਿ ਦੁਨੀਆਂ ’ਚੋ ਉਹ ਹਨੇਰਾ ਹੁਣ ਖਤਮ ਹੋ ਗਿਆ ਹੈ, ਜਿਹੜਾ ਰਾਕਸ਼ੀ ਸ਼ਕਤੀਆਂ ਨੇ ਪਾਇਆ ਹੋਇਆ ਸੀ।

ਸਿੱਖ ਧਰਮ ’ਚ ਵੀ ਦੀਵਾਲੀ ਦੀ ਵਿਸ਼ੇਸ਼ ਮਹਤੱਤਾ ਹੈ। ਇਸ ਦਿਨ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ’ਚੋਂ 52 ਕੈਦੀਆਂ ਨੂੰ/ਨਾਲ  ਰਿਹਾਅ ਹੋ ਕੇ ਅੰਮ੍ਰਿਤਸਰ ਆਏ ਸਨ ਅਤੇ ਲੋਕਾਂ ਨੇ ਇਨ੍ਹਾਂ ਦੇ ਆਉਣ ਦੀ ਖੁਸ਼ੀ ’ਚ ਦੀਪਮਾਲਾ ਕੀਤੀ ਅਤੇ ਬਹੁਤ ਖੁਸ਼ੀਆਂ ਮਨਾਈਆਂ ਸਨ। ਇਸ ਲਈ ਅੱਜ ਵੀ ਅੰਮ੍ਰਿਤਸਰ ਦੀ ਦੀਵਾਲੀ ਬੜੀ ਹੀ ਧੂਮਧਾਮ ਨਾਲ ਮਨਾਈ ਜਾਂਦੀ ਹੈ।

ਸਦੀਆਂ ਤੋਂ ਇਹ ਤਿਉਹਾਰ ਇਸੇ ਜਜ਼ਬੇ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਅਰਬਾਂ ਰੁਪਏ ਦੇ ਪਟਾਕੇ ਚਲਾਏ ਜਾਂਦੇ ਹਨ। ਦੀਪਮਾਲਾ ਕੀਤੀ ਜਾਂਦੀ ਹੈ। ਸ਼ਗਨ ਕੀਤੇ ਜਾਂਦੇ ਹਨ। ਖ਼ੁਸ਼ੀ ਜ਼ਾਹਰ ਕੀਤੀ ਜਾਂਦੀ ਹੈ। ਪਰ ਲਗਦਾ ਹੈ ਕਿ ਅਸੀਂ ਇਸ ਤਿਉਹਾਰ ਦੇ ਅਸਲ ਮਕਸਦ ਅਤੇ ਸੁਨੇਹੇ ਤੋਂ ਭਟਕੇ ਹੋਏ ਹਾਂ।

ਦੀਵਾਲੀ ਦਾ ਅਸਲ ਸੁਨੇਹਾਂ ਜੋ ਰਾਮਾਇਣ ਮਹਾਂਗ੍ਰੰਥ ’ਚੋਂ ਨਿੱਕਲ ਕੇ ਸਾਹਮਣੇ ਆਉਂਦਾ ਹੈ, ਉਹ ਹੈ, ਇਨਸਾਨੀ ਕਦਰਾਂ–ਕੀਮਤਾਂ ਤੇ ਪਹਿਰਾ ਦੇਣਾ, ਉਹਨਾਂ ਨੂੰ ਆਪਣੀ ਜਿੰਦਗੀ ’ਚ ਲਾਗੂ ਕਰਨ ਅਤੇ ਆਪਣੇ ਪਾਕ–ਪਵਿੱਤਰ ਰਿਸ਼ਤਿਆਂ ਦੀ ਮਰਿਆਦਾਂ ਨੂੰ ਬਹਾਲ ਰੱਖਣਾ ਅਤੇ ਲੋਕਾਂ ਨੂੰ ਮਰਿਆਦਿਤ ਰਹਿਣ ਲਈ ਪ੍ਰੇਰਿਤ ਕਰਨਾ। ਭਗਵਾਨ ਸ਼੍ਰੀ ਰਾਮ ਜੀ ਦੀ ਤਰ੍ਹਾਂ ਹਰ ਰਿਸ਼ਤੇ ਦੀ ਮਰਿਆਦਾ ਦਾ ਉਚਿਤ ਪਾਲਣ ਕਰਨਾ ਅਤੇ ਉਸਦੀ ਮਰਿਆਦਾ ਦਾ ਸਹੀ ਸਤਿਕਾਰ ਕਰਨਾ ਹੈ।

ਰਾਮਾਇਣ ਗ੍ਰੰਥ ’ਚ ਤ੍ਰੇਤਾ ਯੁੱਗ ਵਿੱਚ ਹੋਏ ਅਯੁੱਧਿਆ ਦੇ ਮਹਾਰਾਜਾ ਦਸ਼ਰਥ ਅਤੇ ਜਨਕਪੁਰੀ ਦੇ ਰਾਜਾ ਜਨਕ ਦੇ ਪਰਿਵਾਰਾਂ ਦੀ ਕਥਾ ਹੈ। ਇਸ ’ਚ ਜੋ ਗੱਲ ਸਾਹਮਣੇ ਆਉਂਦੀ ਹੈ, ਉਸ ਅਨੁਸਾਰ ਰਾਜ ਭਾਗ ਦੀ ਲਾਲਸਾ ਵਿੱਚ ਭਗਵਾਨ ਸ਼੍ਰੀਰਾਮ ਚੰਦਰ ਜੀ ਮਹਾਰਾਜ ਦੀ ਸੌਤੇਲੀ ਮਾਂ ਕੈਕਈ ਆਪਣੇ ਪੁੱਤਰ ਭਰਤ ਵਾਸਤੇ ਰਾਜ ਪਾਠ ਹਾਸਲ ਕਰਨ ਨਹੀ ਪਰਿਵਾਰ ਨੂੰ ਤੋੜਣ ਵਾਲੀਆਂ ਚਾਲਾਂ ਚੱਲਦੀ ਹੈ। ਭਗਵਾਨ ਸ਼੍ਰੀਰਾਮ ਚੰਦਰ ਜੀ ਮਹਾਰਾਜ, ਮਾਤਾ ਸੀਤਾ ਅਤੇ ਲਛਮਣ ਦੀ ਸਮੁੱਚੀ ਜੀਵਨ ਲੀਲ੍ਹਾ ’ਚ ਇਕ ਗੱਲ ਸਪੱਸ਼ਟ ਹੁੰਦੀ ਹੈ ਕਿ ਇੱਕ ਭਰਾ, ਇੱਕ ਪਤਨੀ, ਇੱਕ ਪਤੀ ਅਤੇ ਸਭ ਤੋਂ ਵਧੇਰੇ ਇੱਕ ਮਨੁੱਖ ਹੋਣ ਦੀ ਅਤੇ ਇਨਸਾਨੀ ਕਦਰਾਂ ਕੀਮਤਾਂ ਦੀ ਸਥਾਪਤੀ। ਇਸ ਤੋਂ ਇਨ੍ਹਾਂ ਇਨਸਾਨੀ ਕਦਰਾਂ–ਕੀਮਤਾ ਤੇ ਪਹਿਰਾ ਦੇਣਾ ਅਤੇ ਉਹਨਾਂ ਨੂੰ ਆਪਣੀ ਜਿੰਦਗੀ ’ਚ ਪਿਰੋਣ ਦੇ ਨਾਲ–ਨਾਲ ਹਰ ਇੰਸਾਨ ਨੂੰ ਆਪਣੇ ਪਾਕ–ਪਵਿੱਤਰ ਰਿਸ਼ਤਿਆਂ ਦੀ ਮਰਿਆਦਾਂ ਨੂੰ ਬਹਾਲ ਰਖਣ ਦੀ ਲੋਕਾਂ ਨੂੰ ਪ੍ਰੇਰਣਾ ਦੇਣਾ ਹੀ ਦੀਵਾਲੀ ਮਨਾਉਣ ਦਾ ਕਾਰਨ ਜਾਪਦਾ ਹੈ।

ਇਸ ਤੋਂ ਸਾਨੂੰ ਆਪਣੇ  ਰਿਸ਼ਤੇ, ਸਮਾਜਿਕ ਜ਼ਿੰਮੇਵਾਰੀਆਂ ਤੇ ਉਨ੍ਹਾਂ ਨੂੰ ਨਿਭਾਉਣ ਦੇ ਤਰੀਕੇ ਸਭ ਸਪੱਸ਼ਟ ਰੂਪ ’ਚ ਤਹਿ ਹੋਏ ਮਿਲਦੇ ਹਨ। ਇਨ੍ਹਾਂ ਰਿਸ਼ਤਿਆਂ ਅਤੇ ਜੁੰਮੇਵਾਰੀਆਂ ਨੂੰ ਅਸੀਂ ਹਜ਼ਾਰਾਂ ਸਾਲਾਂ ਤੋਂ ਅੱਖੀਂ ਦੇਖ ਤੇ ਹੰਢਾ ਰਹੇ ਹਾਂ। ਪਰ ਸਮੇਂ ਦੇ ਨਾਲ ਨਾਲ ਜਾਂ ਤਾਂ ਸਾਡੀ ਸੋਚ ਅਪੂਰਨ ਹੋ ਰਹੀ ਹੈ ਅਤੇ ਜਾਂ ਫਿਰ ਮੁੜ ਤੋਂ ਸਾਡੇ ਤੇ ਅਸੁਰੀ (ਰਾਕਸ਼ੀ) ਸ਼ਕਤੀਆਂ ਭਾਰੂ ਹੋ ਰਹੀਆਂ ਹਨ।

ਅੱਜ ਸਾਡਾ ਦੇਸ਼ ਵਿਨਾਸ਼, ਸਮਾਜਿਕ ਪਤਨ ਤੇ ਕਦਰਾਂ ਕੀਮਤਾਂ ਦੇ ਖੁਰਨ ਦੇ ਇਸ ਕਿਨਾਰੇ ਤੇ ਖੜ੍ਹਾ ਹੈ ਕਿ ਜਦੋਂ ਵੀ ਅਸੀਂ ਇਸ ਬਾਰੇ ਸੋਚਦੇ ਹਾਂ ਸਾਡੀ ਚਿੰਤਾ ਹੋਰ ਡੂੰਘੀ ਹੋ ਜਾਂਦੀ ਹੈ। ਅੱਜ ਰਿਸ਼ਵਤਖੋਰੀ, ਘਪਲੇਬਾਜ਼ੀ, ਦਲਾਲੀ ਤੇ ਪਤਾ ਨਹੀਂ ਹੋਰ ਕਿੰਨੇ ਹੀ ਮੁਕੱਦਮੇ ਅਦਾਲਤਾਂ ਅੰਦਰ ਚੱਲ ਰਹੇ ਹਨ। ਵਾੜ ਹੀ ਖੇਤ ਨੂੰ ਖਾ ਰਹੀ ਹੈ। ਦੇਸ਼ ਤੇ ਸਾਡਾ ਸਮਾਜ ਦਲਦਲ ’ਚ ਧਸ ਰਿਹਾ ਹੈ। ਅੱਜ ਮੁੜ ਸ਼੍ਰੀ ਰਾਮ ਜੀ ਦੀ ਲੋੜ ਹੈ ਜੋ ਸਾਡੇ ਅੰਦਰ ਤਾਰ ਤਾਰ ਹੋਏ ਪਏ ਰਿਸ਼ਤਿਆਂ ਨੂੰ ਨਿਭਾਉਣ ਦਾ  ਪਾਠ ਪੜ੍ਹਾ ਸਕਣ, ਦੇਸ਼ ’ਚ ਮਾਰ ਧਾੜ ਅਤੇ ਕਤਲੋ ਗਾਰਤ ਕਰਨ ਵਾਲੀਆਂ ਰਾਕਸ਼ੀ ਸ਼ਕਤੀਆਂ ਵਾਲੇ ਰਾਵਣਾਂ ਤੋਂ ਸਾਡੀ ਰੱਖਿਆ ਕਰ ਸਕਣ।

ਦੀਵਾਲੀ ਅਸਲ ’ਚ ਦੀਵੇ ਬਾਲਣ ਦਾ ਤਿਉਹਾਰ ਨਹੀਂ ਹੈ। ਇਸ ਪਿੱਛੇ ਲੰਮਾ ਸੁਨੇਹਾ ਹੈ। ਦੀਵੇ ਬਾਲ ਕੇ ਹਨੇਰਾ ਮਿਟਾਉਣਾ ਹੈ। ਸਿਰਫ ਦੀਵਾਲੀ ਦਾ ਰਾਤ ਦਾ ਹੀ ਹਨੇਰਾ ਨਹੀਂ ਖਤਮ ਕਰਨਾ ਸਗੋਂ ਹਰ ਰਾਤ, ਹਰ ਦਿਨ ਅਤੇ ਹਰ ਦਿਲ ਰੁਸ਼ਣਾਉਣਾ ਹੈ। ਇਨ੍ਹਾਂ ਰੁਸ਼ਣਾਉਣਾ ਹੈ ਕਿ ਹਰ ਦਿਲ ਹਰ ਰਿਸ਼ਤਾ ਪਾਕ ਪਵਿੱਤਰ ਹੋ ਜਾਵੇ। ਬਾਹਰੀ ਰਸਮ ਨਿਭਾਉਣ ਲਈ ਜਗਾਏ ਜਾਂਦੇ ਘਿਓ–ਤੇਲ ਦੇ ਦੀਵਿਆਂ ਦੀ ਥਾਂ ਤੇ ਅੰਦਰੂਨੀ ਪਿਆਰ ਮੁਹੱਬਤ ਦੇ ਦੀਵੇ ਬਾਲਣ ਦੀ ਲੋੜ ਹੈ। ਸਭਨਾਂ ਧਰਮਾਂ ਦਾ ਸਤਿਕਾਰ ਕਰਨ ਦੀ ਲੋੜ ਹੈ।

ਭਾਈਚਾਰਕ ਸਾਂਝ ਦੀਆਂ ਲੜੀਆਂ ਜਗਾਉਣ ਅਤੇ ਪਿਰੋਣ ਦੀ ਜ਼ਰੂਰਤ ਹੈ।

ਆਓ ਦੀਵਾਲੀ ਦੇ ਪਵਿੱਤਰ ਮੌਕੇ ਤੇ ਸ਼੍ਰੀ ਰਾਮ ਜੀ ਦੇ ਆਸ਼ੀਰਵਾਦ ਨਾਲ ਇਹ ਪ੍ਰਣ ਕਰੀਏ ਕਿ ਅਸੀਂ ਸਭਨਾਂ ਨਾਲ ਪਿਆਰ ਤੇ ਸਾਂਝ ਨਾਲ ਰਹਾਂਗੇ, ਹਰ ਰਿਸ਼ਤੇ ਦੀ ਮਰਿਆਦਾ ’ਚ ਪਾਲਣਾ ਕਰਾਗੇ, ਦੇਸ਼ ’ਚ ਫ਼ੈਲੀਆਂ ਭ੍ਰਿਸ਼ਟਾਚਾਰ, ਲੁੱਟ–ਖਸੁੱਟ, ਧੱਕੇਸ਼ਾਹੀ, ਕਤਲ ਅਤੇ ਆਤਮ ਹੱਤਿਆਵਾਂ ਵਰਗੀਆਂ ਰਾਕਸ਼ੀ ਸ਼ਕਤੀਆਂ ਦਾ ਨਾਸ਼ ਕਰਾਂਗੇ।

ਦੇਸ਼-ਰਾਸ਼ਟਰ ਨੂੰ ਹੋਰ ਅੱਗੇ ਲਿਆਉਣ ਅਤੇ ਮਜ਼ਬੂਤ ਬਣਾਉਣ ਲਈ ਕਿਸੇ ਇਕ ਫਿਰਕੇ ਅਤੇ ਕਿਸੇ ਖਾਸ ਪਾਰਟੀ ਦੀ ਸੋਚ ਨੂੰ ਪਰੇ ਕਰਦੇ ਹੋਏ ਅਮਨਪਸੰਦ ਰਾਸ਼ਟਰਵਾਦੀ ਲੀਡਰਾਂ ਨੂੰ ਚੁਣਾਂਗੇ ਤਾਕਿ ਦੇਸ਼ ’ਚ ਫੈਲੀਆਂ ਕੁਰੀਤੀਆਂ ਨੂੰ ਖਤਮ ਕਰਨ ’ਚ ਸਹੀ ਯੋਗਦਾਨ ਪਾ ਸਕੀਏ। ਇਹੋ ਸਾਡੇ ਲਈ ਦੀਵਾਲੀ ਮਨਾਉਣ ਦੀ ਖੁਸ਼ੀ ਹੈ।
***

ਸੰਜੀਵ ਝਾਂਜੀ, ਜਗਰਾਉਂ
ਸੰਪਰਕ: +91 80049 10000


***
2 ਨਵੰਬਰ 2021
***
477
***
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

SANJEEV JHANJI
(GOLD MEDALIST & VIDYA RATAN AWARDEE)
M.Sc.B.Ed
Master of Mass Communication
P.G.Dip. in Journalism & Mass Communication
P.G.Dip. in Human Resorce Development
Fellow Life Member : M.S.P.I. New Delhi
Asso.Member:MANAGEMENT STUDIES PROMOTION INSTITUTE N.DELHI
Mob.: +91 80049 10000

ਸੰਜੀਵ ਝਾਂਜੀ, ਜਗਰਾਉਂ     

SANJEEV JHANJI (GOLD MEDALIST & VIDYA RATAN AWARDEE) M.Sc.B.Ed Master of Mass Communication P.G.Dip. in Journalism & Mass Communication P.G.Dip. in Human Resorce Development Fellow Life Member : M.S.P.I. New Delhi Asso.Member:MANAGEMENT STUDIES PROMOTION INSTITUTE N.DELHI Mob.: +91 80049 10000

View all posts by ਸੰਜੀਵ ਝਾਂਜੀ, ਜਗਰਾਉਂ      →