17 September 2024

ਵਲੈਤੀ ਪੰਜਾਬੀ ਸਾਹਿਤ ਦਾ ਭਵਿੱਖ: ਰੂਪ ਢਿਲੋਂ ਦੀ ਉਦਾਹਰਣ—ਕੰਵਰ ਬਰਾੜ (ਇੰਗਲੈਂਡ)

ਇੰਗਲੈਂਡ ਵਸਦੇ ਲੱਖਾਂ ਪੰਜਾਬੀ ਲੋਕ ਘਰਾਂ ਵਿੱਚ ਪੰਜਾਬੀ ਬੋਲੀ ਬੋਲਦੇ ਨੇ, ਪਰ ਜਦੋਂ ਇੰਗਲੈਂਡ ਵਿੱਚ ਪੰਜਾਬੀ ਭਾਸ਼ਾ ਨਾਲ ਸਾਹਿਤਕ ਪੱਧਰ ਤੇ ਜੁੜੇ ਬਾਸ਼ਿੰਦਿਆਂ ਦੀ ਗੱਲ ਚੱਲਦੀ ਹੈ ਤਾਂ ਅੰਕੜੇ ਤਿੰਨ ਕੁ ਅੰਕਾਂ ਤੱਕ ਸੁੰਗੜ ਕੇ ਰਹਿ ਜਾਂਦੇ ਹਨ।

ਸਾਨੂੰ ਇਸ ਵਿਸ਼ੇ ਬਾਰੇ ਇਕੱਲੀ ਚਿੰਤਾ ਨਹੀਂ ਚਿੰਤਨ ਜ਼ਰੂਰ ਕਰਨਾ ਪੈਣਾ ਕਿ ਪੱਛਮੀ ਮੁਲਕਾਂ ਵਿੱਚ ਪੰਜਾਬੀ ਨੂੰ ਕਿਵੇਂ ਸਾਹਿਤਕ ਪੱਧਰ ਤੇ ਜਿਉਂਦਾ ਰੱਖਿਆ ਜਾ ਸਕੇ।

ਜੇ ਇੰਗਲੈਂਡ ਵੱਲ ਨੂੰ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਦੇ ਪ੍ਰਵਾਸ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਤਿੰਨ ਕੁ ਹਿੱਸਿਆ ਵਿੱਚ ਵੰਡਿਆ ਜਾ ਸਕਦਾ।

ਪਹਿਲਾ ਸਮੂਹ “ਪੁਰਾਣੇ ਵਲੈਤੀਏ” ਜੋ ਖ਼ਾਸ ਤੋਰ ਤੇ ਬਰਤਾਨਵੀਂ ਰਾਜ ਤੋ ਬਾਅਦ ਸੱਠਵਿਆਂ ਤੱਕ ਸਿੱਧੇ ਜਾਂ ਅਸਿੱਧੇ ਤੌਰ (ਵਾਇਆ ਅਫ਼ਰੀਕਾ) ਤੇ ਇੱਥੇ ਆ ਵੱਸੇ।

ਦੁਜਾ ਸਮੂਹ “ਕ੍ਰਾਂਤੀਕਾਰੀ ਵਲੈਤੀਏ” ਜੋ ਸੱਤਰਵਿਆਂ ਤੋਂ ਨੱਬੇਵਿਆਂ ਤੱਕ ਪੰਜਾਬ ਵਿੱਚ ਚੱਲੀਆਂ ਲੋਕ ਤੇ ਸਮਾਜਿਕ ਲਹਿਰਾਂ ਦੇ ਉਜਾੜੇ ਵਲੈਤ ਆ ਗਏ।

ਤੇ ਤੀਜਾ ਗਰੁੱਪ ਮੇਰੇ ਵਰਗੇ “ਆਰਥਿਕ ਪਰਵਾਸੀ” ਜੋ ਪਿਛਲੇ ਵੀਹ ਕੁ ਵਰਿ੍ਅਾਂ ਤੋਂ ਕਿਸੇ ਪੜ੍ਹਨ ਪੜ੍ਹਾਉਣ, ਵਿਆਹੁਣ ਤੇ ਕੰਮ-ਕਾਰ ਕਰਨ ਵਾਸਤੇ ਵਲੈਤ ਪਹੁੰਚੇ।

ਇਹਨਾਂ ਤਿੰਨੇ ਪਰਵਾਸੀ ਪੰਜਾਬੀ ਗਰੁੱਪਾਂ ਦਾ “ਪੰਜਾਬੀ ਭਾਸ਼ਾ” ਨਾਲ ਸੰਬੰਧ ਬੜਾ ਦਿਲਚਸਪ ਤੇ ਵਿਚਾਰਨਯੋਗ ਹੈ।

ਜੇ ਸਭ ਤੋਂ ਪਹਿਲਾਂ ਆਰਥਿਕ ਪਰਵਾਸੀਆਂ ਦੀ ਗੱਲ ਕਰੀਏ ਤਾਂ ਇੰਗਲੈਂਡ ਆਉਣ ਤੋਂ ਪਹਿਲਾਂ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਪੜ੍ਹੀ ਤੇ ਸਮਝੀ ਹੋਣ ਦੇ ਬਾਵਜੂਦ ਵੀ ਪੰਜਾਬੀ ਦੀ ਪਰਫੁਲਤਾ ਵਿੱਚ ਅਜੇ ਬਹੁਤ ਹਿੱਸਾ ਨਹੀਂ ਪਾ ਰਹੇ। ਇੱਕ ਤਾਂ ਇਹ ਗਿਣਤੀ ਵਿੱਚ ਘੱਟ ਨੇ ਤੇ ਦੂਜਾ ਅਜੇ ਆਪਣੇ ਆਰਥਿਕ ਝੁਮੇਲਿਆਂ ਵਿੱਚ ਐਸੇ ਫਸੇ ਆ ਕੇ ਅਜੇ ਇਹਨਾਂ ਕੋਲ ਲਿਖਣ ਪੜ੍ਹਨ ਦਾ ਸਮਾਂ ਨਹੀਂ। ਜੇ ਇਹਨਾਂ ਕੋਲ ਕੋਈ ਸਮਾਂ ਹੁੰਦਾ ਵੀ ਹੈ ਤਾਂ ਪੰਜਾਬ ਦਾ ਤਾਜਾ ਹੇਜ, ਉੱਥੋਂ ਦੀਆਂ ਦਿਨ ਦਿਹਾੜੇ ਦੀਆਂ ਸਮੱਸਿਆਵਾਂ ਬਾਰੇ ਸੋਸ਼ਲ ਮੀਡੀਏ ਰਾਹੀਂ ਖ਼ਬਰਾਂ ਨੂੰ ਪੜ੍ਹ, ਦੇਖ ਤੇ ਸੁਣ ਕੇ ਪੰਜਾਬੀ ਵਾਲਾ ਚਾਅ ਲਾਹ ਲੈਂਦੇ ਆ। ਇੱਕ ਗੱਲ ਜ਼ਰੂਰ ਹੈ ਕਿ ਇਸ ਸਮੂਹ ਦੇ ਗਿਣੇ ਚੁਣੇ ਪੰਜਾਬੀ, ਪੰਜਾਬੀ ਮੀਡੀਏ ਨਾਲ ਪੂਰਨ ਤੋਰ ਤੇ ਜੁੜ ਰੇਡੀਓ ਤੇ ਅਖ਼ਬਾਰਾਂ ਵਿੱਚ ਬਹੁਤ ਸੋਹਣਾ ਕੰਮ ਕਰ ਰਹੇ ਨੇ। ਤੇ ਮੈਨੂੰ ਯਕੀਨ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਜਮਾਤ ਦੇ ਹੋਰ ਵੀ ਪੰਜਾਬੀ ਆਪਣੀ ਭਾਸ਼ਾ ਨੂੰ ਸਮਾਂ ਦੇ ਪਾਉਣਗੇ। ਪਰ ਅੱਜ ਦੇ ਵਕਤ ਇਹਨਾਂ ਵਿੱਚੋਂ ਬਹੁਤਿਆਂ ਦਾ ਪੰਜਾਬੀ ਦੇ ਕਿਤਾਬੀ ਸਾਹਿਤ ਵੱਲ ਕੋਈ ਬਹੁਤਾ ਰੁਝਾਨ ਨਹੀਂ।

ਕ੍ਰਾਂਤੀਕਾਰੀ ਵਲੈਤੀਆਂ ਦਾ ਇੰਗਲੈਂਡ ਤੋਂ ਪੰਜਾਬੀ ਸਾਹਿਤ ਸਿਰਜਣ ਵਿੱਚ ਹੁਣ ਤੱਕ ਬਹੁਤ ਸੁਚੱਜਾ ਯੋਗਦਾਨ ਰਿਹਾ। ਇਹਨਾਂ ਦੀ ਪੰਜਾਬੀ ਦੀ ਸਮਝ ਉਚੇਰੇ ਪੱਧਰ ਦੀ ਰਹੀ, ਜਦੋਂ ਇਹਨਾਂ ਪੰਜਾਬ ਛੱਡਿਆ ਤਾਂ ਸਿੱਖਿਆ ਦਾ ਪੱਧਰ ਉਚੇਰਾ ਸੀ ਤੇ ਸਾਹਿਤ ਨਾਲ ਜੁੜਨਾ ਵਿਦਿਆਰਥੀ ਜ਼ਿੰਦਗੀ ਦਾ ਮੁੱਖ ਅੰਗ ਸੀ। ਇਹਨਾਂ ਵਿੱਚੋਂ ਬਹੁਤੇ ਪਿਛਲੇ ਦੋ ਕੁ ਦਹਾਕਿਆਂ ਤੋਂ ਪੈਸੇ ਕਮਾ ਕੇ ਕੰਮਾਂ ਕਾਰਾਂ ਤੋਂ ਵਿਹਲੇ ਹੋ ਪੰਜਾਬੀ ਸਾਹਿਤ ਨਾਲ ਜੁੜੇ ਤੇ ਪੰਜਾਬੀ ਦੀ ਪਰਫੁਲਤਾ ਲਈ ਇੰਗਲੈਂਡ ਵਿੱਚ ਚੰਗਾ ਕੰਮ ਕੀਤਾ। ਭਾਵੇਂ ਇਸ ਜਮਾਤ ਦੇ ਬਹੁਤੇ ਲਿਖਾਰੀਆਂ ਦੀਆ ਲਿਖਤਾਂ ਵਿੱਚੋਂ ਖੱਬੇਪੱਖੀ ਸਾਹਿਤ ਦੀ ਝਲਕ ਪੈਂਦੀ ਹੈ ਪਰ ਇਹਨਾਂ ਲਿਖਤਾਂ ਦਾ ਕੇਂਦਰ ਮੁੱਖ ਤੌਰ ਤੇ ਚੜ੍ਹਦਾ ਤੇ ਲਹਿੰਦਾ ਪੰਜਾਬ ਰਿਹਾ, ਇਸ ਸਾਹਿਤ ਨੇ ਹਮੇਸ਼ਾ ਜੋੜਨ ਦੀ ਗੱਲ ਕੀਤੀ ਨਾ ਕਿ ਤੋੜਨ ਦੀ । ਜਿਓਂ ਜਿਓਂ ਇਸ ਜਮਾਤ ਦੇ ਲਿਖਾਰੀ ਬਜ਼ੁਰਗ ਹੋ ਰਹੇ ਨੇ, ਇਹਨਾਂ ਵਰਗਾ ਸਾਹਿਤ ਇੰਗਲੈਂਡ ਵਿੱਚੋਂ ਪੈਦਾ ਹੁੰਦੇ ਰਹਿਣਾ ਮੁਸ਼ਕਲ ਲੱਗਦਾ। ਕਿਉਂਕਿ ਲੋਕ ਲਹਿਰਾਂ ਨਾਲ ਜੁੜੇ ਇਹ ਲੋਕ ਇਕ ਵੱਖਰੇ ਤਰਾਂ ਦਾ ਪੰਜਾਬ ਪ੍ਰਤੀ ਦਰਦ ਤੇ ਚਾਅ ਲੈ ਕੇ ਵਲੈਤ ਪਹੁੰਚੇ ਸੀ ਜਿਸ ਵਿੱਚੋਂ ਪੂਰਬ ਤੇ ਪੱਛਮ ਨੂੰ ਸੁਮੇਲਦਾ ਸਾਹਿਤ ਉਪਜਿਆ।

ਪੁਰਾਣੇ ਵਲੈਤੀਆਂ ਦਾ ਪੰਜਾਬੀ ਨਾਲ ਸੰਬੰਧ ਗੁਰਬਾਣੀ ਰਾਹੀਂ ਸੀ, ਇਹ ਗੁਰੂ-ਘਰਾਂ ਰਾਹੀਂ ਪੰਜਾਬੀ ਨਾਲ ਜੁੜੇ, ਜਿਸ ਨੇ ਇਹਨਾਂ ਨੂੰ ਨਵੀਂ ਦੁਨੀਆ ਵਿੱਚ ਵਿਚਰਨ ਤੇ ਇਸ ਨਵੀਂ ਧਰਤੀ ਨੂੰ ਆਪਣਾ ਬਣਾਉਣ ਦੇ ਜਜ਼ਬੇ ਦੇ ਸਾਹਮਣੇ ਆਉਂਦੀਆਂ ਔਕੜਾਂ ਨਾਲ ਨਜਿੱਠਣ ਦੀ ਸ਼ਕਤੀ ਦਿੱਤੀ। ਪੁਰਾਣੇ ਵਲੈਤੀਏ ਖ਼ੁਦ ਪੰਜਾਬੀ ਵਿੱਚ ਲਿਖਣ ਲਿਖਾਉਣ ਦਾ ਬਹੁਤਾ ਕੰਮ ਨਹੀਂ ਕਰ ਸਕੇ, ਪਰ ਉਹਨਾਂ ਨੂੰ ਇਸ ਗੱਲ੍ਹ ਦਾ ਸਿਹਰਾ ਜ਼ਰੂਰ ਜਾਂਦਾ ਕਿ ਉਹਨਾਂ ਆਪਣੇ ਬੱਚਿਆਂ ਨਾਲ ਘਰਾਂ ਵਿੱਚ ਪੰਜਾਬੀ ਬੋਲੀ ਤੇ ਭਾਈਚਾਰਕ ਸਮਾਗਮਾਂ ਵਿੱਚ ਸ਼ਾਮਿਲ ਹੋ ਆਪਣੀ ਪੰਜਾਬੀ ਭਾਸ਼ਾ ਤੇ ਆਪਣੀ ਪੰਜਾਬੀ ਦਿੱਖ ਨੂੰ ਕਾਇਮ ਰੱਖਿਆ।

ਤੇ ਇਹਨਾਂ ਵੱਖੋ ਵੱਖਰੇ ਹਿੱਸਿਆ ਵਿੱਚ ਵੰਡੇ ਪੰਜਾਬੀ ਪਰਵਾਸੀਆਂ ਨੂੰ ਇੱਕਠਿਆਂ ਕਰਨ ਵਾਲੀ ਕੜੀ ਹੈ – ਇਹਨਾਂ ਦੇ ਇੱਥੋਂ ਦੇ ਜੰਮਪਲ ਬੱਚੇ “ਅਸਲ ਵਲੈਤੀਏ” ਤੇ ਉਹਨਾਂ ਸਭ ਦਾ ਪੰਜਾਬੀ ਭਾਸ਼ਾ ਨਾਲ ਸੰਬੰਧ ਜਾਂ ਨਾ-ਸੰਬੰਧ ਇੱਕੋ ਜਿਹਾ।

ਬਹੁਤਾਤ ਵਿੱਚ ਇੰਨਾਂ ਅਸਲ ਵਲੈਤੀਆਂ ਨੇ ਬਚਪਨ ਵਿੱਚ ਘਰ ਵਿੱਚ ਚਾਹੇ ਪੰਜਾਬੀ ਬੋਲੀ ਹੋਵੇ (ਜਿਸਦੇ ਲਈ ਸਮਾਂ ਤੇ ਰਿਵਾਜ ਹੁਣ ਦਿਨੋ ਦਿਨ ਘਟ ਰਿਹਾ) ਪਰ ਸਕੂਲਾਂ ਵਿੱਚ ਪੰਜਾਬੀ ਦੀ ਪੜਾਈ ਨਾ ਹੋਣ ਕਾਰਨ ਤੇ ਪੰਜਾਬੀ ਵਪਾਰ ਦੀ ਭਾਸ਼ਾ ਨਾ ਹੋਣ ਕਾਰਨ ਅੱਧ ਉਮਰ ਤੱਕ ਪਹੁੰਚਦਿਆਂ ਇੱਥੋਂ ਦੇ ਜੰਮੇ ਪਲਿਆਂ ਬਹੁਤਿਆਂ ਦਾ ਪੰਜਾਬੀ ਭਾਸ਼ਾ ਨਾਲ ਕੋਈ ਸਰੋਕਾਰ ਨਹੀਂ ਰਹਿੰਦਾ।

ਕੁਝ ਰੂਹਾਂ ਐਸੀਆਂ ਹੁੰਦੀਆਂ ਜੋ ਵੱਖਰੇ ਰਾਹਾਂ ਤੇ ਚੱਲ ਦੂਜਿਆਂ ਲਈ ਉਦਾਹਰਨ ਹੀ ਨਹੀਂ ਬਣਦੀਆਂ ਸਗੋਂ ਨਵੇਂ ਰਸਤਿਆਂ ਦਾ ਮੁੱਢ ਬੰਨ੍ਹਦੀਆਂ ਨੇ।

ਅਜਿਹੇ ਹੀ ਲੋਕਾਂ ਵਿੱਚੋਂ ਇੱਕ ਹੈ ਪੰਜਾਬੀ ਲਿਖਾਰੀ – ਰੂਪ ਢਿਲੋਂ ।

ਰੂਪ ਢਿਲੋਂ ਇੰਗਲੈਂਡ ਦਾ ਜੰਮਪਲ ਤੇ ਦੂਜੀ ਪੀੜ੍ਹੀ ਦੇ ਪੰਜਾਬੀਆਂ ਦੇ ਸਮੂਹ ਦਾ ਹਿੱਸਾ, ਜਿਸ ਨੇ ਬਚਪਨ ਵਿੱਚ ਘਰ ਵਿੱਚ ਪੰਜਾਬੀ ਬੋਲੀ, ਪਰ ਸਕੂਲਾਂ ਤੋ ਪੰਜਾਬੀ ਵਿੱਚ ਜਾਂ ਪੰਜਾਬੀ ਦੀ ਕੋਈ ਵਿੱਦਿਆ ਹਾਸਿਲ ਨਹੀਂ ਕੀਤੀ। ਰੂਪ ਬਚਪਨ ਵਿੱਚ ਅੰਗਰੇਜ਼ੀ ਸਾਹਿਤ ਦਾ ਚੰਗਾ ਪਾਠਕ ਸੀ ਤੇ ਉਹਦੇ ਮੁਤਾਬਕ ਤੀਹ ਕੁ ਸਾਲ ਦੀ ਉਮਰ ਵਿੱਚ ਪੰਜਾਬੀ ਖ਼ੁਦ ਕਿਤਾਬਾਂ ਤੇ ਇੰਟਰਨੈਟ ਤੋਂ ਪੜ੍ਹਨੀ ਲਿਖਣੀ ਸਿੱਖਣ ਤੋਂ ਬਾਅਦ ਪੰਜਾਬੀ ਲਿਖਾਰੀ ਬਣਨ ਵੱਲ ਹੋ ਤੁਰਿਆ। ਪਹਿਲਾਂ-ਪਹਿਲ ਉਹ ਅੰਗਰੇਜ਼ੀ ਵਿੱਚ ਪੰਜਾਬੀ ਸਮਾਜ ਬਾਰੇ ਲਿਖਣਾ ਚਾਹੁੰਦਾ ਸੀ ਪਰ ਉਸਨੇ ਸੌਖਾ ਰਾਹ ਛੱਡ ਪੰਜਾਬੀ ਵਿੱਚ ਲਿਖਣ ਦਾ ਔਖਾ ਰਸਤਾ ਅਪਣਾਇਆ।

ਛੇ ਸੱਤ ਦੇ ਕਰੀਬ ਕਿਤਾਬਾਂ ਛਪਵਾ ਚੁੱਕੇ ਰੂਪ ਢਿਲੋਂ ਨੇ ਜਿੱਥੇ ਇੱਕ ਵਿਲੱਖਣ ਢੰਗ ਨਾਲ ਪੰਜਾਬੀ ਸਿੱਖ ਪੰਜਾਬੀ ਦਾ ਲਿਖਾਰੀ ਬਣਨ ਦਾ ਹੰਭਲਾ ਕੀਤਾ ਉਥੇ ਹੀ ਉਹ ਇੱਕ ਵੱਖਰੀ ਧਾਰਾ ਖੜ੍ਹੀ ਕਰ ਰਿਹਾ, ਜਿਸ ਨੂੰ ਉਸਨੇ ਵਿਚਿੱਤਰਵਾਦ ਦਾ ਨਾਮ ਦਿੱਤਾ।

ਰੂਪ ਢਿਲੋਂ ਕੋਈ ਰਵਾਇਤੀ ਲੇਖਕ ਨਹੀਂ ਜਿਸਦੀ ਕਲਪਨਾ ਸਥਾਪਿਤ ਪੰਜਾਬੀ ਲੇਖਕਾਂ ਨਾਲ ਮੇਲ ਖਾਂਦੀ ਹੋਵੇ। ਮੈਨੂੰ ਪਿਛਲੇ ਦਿਨੀਂ ਉਸਦੀਆਂ ਰਚਨਾਵਾਂ “ਡੂੰਘਾ ਪਾਣੀ”, “ਕਲਦਾਰ” ਆਦਿ ਪੜ੍ਹਨ ਦਾ ਮੋਕਾ ਮਿਲਿਆ। ਇੱਕ ਵੱਖਰੀ ਤਰ੍ਹਾਂ ਦਾ ਸਾਹਿਤ ਜੋ ਪੰਜਾਬੀ ਸਾਹਿਤ ਨੂੰ ਨਵੇਂ ਤਜਰਬਿਆਂ ਨਾਲ ਸਮੇਂ ਦਾ ਹਾਣੀ ਬਣਾਉਣ ਦੀ ਕੋਸ਼ਿਸ਼ ਕਰਦਾ।

ਸਾਡਾ ਬਹੁਤਾ ਪੰਜਾਬੀ ਸਾਹਿਤ ਬੀਤੇ ਸਮੇਂ ਜਾਂ ਬੀਤੀਆਂ ਘਟਨਾਵਾਂ ਤੇ ਆਧਾਰਿਤ ਹੈ ਕਿਉਂਕਿ ਸਾਡੇ ਪਿਛੋਕੜ ਵਿੱਚ ਜੋ ਹੋਇਆ ਤੇ ਵਰਤਮਾਨ ਵਿੱਚ ਜੋ ਹੋ ਰਿਹਾ ਉਸ ਬਾਰੇ ਸਦੀਆਂ ਤੱਕ ਲਿਖਿਆ ਪੜ੍ਹਿਆ ਜਾ ਸਕਦਾ। ਪਰ ਇਸਦਾ ਨਕਾਰਾਤਮਕ ਪ੍ਰਭਾਵ ਇਹ ਹੈ ਕਿ ਇਹਨੇ ਪੰਜਾਬੀ ਸਾਹਿਤ ਦੀ ਵਿਸ਼ਾਲਤਾ ਨੂੰ ਕੁਝ ਹੱਦ ਤੱਕ ਸੋੜਿਆਂ ਕਰ ਦਿੱਤਾ ।

ਰੂਪ ਆਪਣੀਆਂ ਰਚਨਾਵਾਂ ਵਿੱਚ ਭਵਿੱਖੀ ਜੀਵਨ ਨੂੰ ਝਲਕਾਉਣ ਲਈ ਕਲਪਨਾ ਦੀ ਉਡਾਰੀ ਲਾਉਂਦਾ ਤੇ ਨਾਲ ਹੀ ਪੰਜਾਬੀ ਰਚਨਾ ਦੇ ਥੀਮ ਨੂੰ ਪੱਛਮੀ ਦੇਸ਼ਾਂ ਵਿੱਚ ਜੰਮਪਲ ਪਾਠਕਾਂ ਦੀ ਸੋਚ ਦੇ ਬਰਾਬਰ ਕਰਦਾ। ਵਿੱਚ ਵਿੱਚਕਾਰ ਰਚਨਾਵਾਂ ਨੂੰ ਠੋਸ ਪੰਜਾਬੀ ਪਾਤਰਾਂ ਨਾਲ ਜੋੜਨਾ ਇੱਕ ਵੱਖਰੀ ਤਰ੍ਹਾਂ ਦਾ ਪ੍ਰਭਾਵ ਛੱਡਦਾ।

ਸਾਨੂੰ ਪੰਜਾਬ ਦੇ ਜੰਮਿਆ ਨੂੰ ਰੂਪ ਢਿਲੋਂ ਦੇ ਵਾਕਾਂ ਦੀ ਬਣਤਰ ਤੇ ਕਹਾਣੀਆਂ ਦੇ ਵਰਤਾਰੇ ਚਾਹੇ ਥੋੜੇ ਓਪਰੇ ਲੱਗਣ ਪਰ ਇੱਥੋਂ ਦੇ ਜੰਮਪਲ ਪੰਜਾਬੀ ਪਾਠਕਾਂ ਨੂੰ ਪੰਜਾਬੀ ਬੋਲੀ ਨਾਲ ਜੋੜਨ ਲਈ ਸੰਪੂਰਨ ਹਨ। ਕਿਉਂਕਿ ਜਿੱਦਾ ਇੱਥੋਂ ਦੇ ਜੰਮੇ ਪਲੇ ਪੰਜਾਬੀ ਪੰਜਾਬੀ ਬੋਲੀ ਬੋਲਦੇ ਹਨ ਰੂਪ ਢਿਲੋਂ ਉਸੇ ਤਰ੍ਹਾਂ ਦੀ ਪੰਜਾਬੀ ਰੂਪ ਲਿਖਦਾ। ਜਿਸ ਤੇ ਅੰਗਰੇਜ਼ੀ ਦੀ ਵਿਆਕਰਣ ਦਾ ਅਸਰ ਹੈ, ਅਸੀਂ ਇਸ ਨੂੰ ਗਲਤ ਨਹੀਂ ਕਹਿ ਸਕਦੇ ਕਿਉਂਕਿ ਇਸ “ਬ੍ਰਟਿਸ਼ ਬੋਇ” ਸ਼ੈਲੀ ਵਿੱਚ ਪੰਜਾਬੀ ਵਾਰਤਾਲਾਪ ਨੂੰ ਉਪ ਬੋਲੀ ਵਜੋਂ ਸਵੀਕਾਰ ਕਰਨਾ ਪੈਣਾ ਤਾਂ ਜੋ ਇਸ ਨੂੰ ਅੱਗੇ ਵਿਕਸਿਤ ਕਰਨ ਦੇ ਉਪਰਾਲੇ ਕੀਤੇ ਜਾ ਸਕਣ।

ਜਦ ਮੈਂ ਪੰਜਾਬ ਦਾ ਜੰਮਿਆ ਪਲਿਆ ਕਿਸੇ ਰਵਾਇਤੀ ਪੰਜਾਬੀ ਰਚਨਾ ਦੇ ਵਾਕ ਵਿੱਚ “ਤੂਤਾਂ ਦੀ ਛਾਂ” ਦਾ ਜ਼ਿਕਰ ਪੜਦਾਂ ਹਾਂ ਤਾਂ ਮੇਰੇ ਖਿਆਲਾਂ ਵਿੱਚ ਤੂਤਾਂ ਦੀ ਛਾਂ ਦੀ ਠੰਡਕ ਤੇ ਛਟੀਆਂ ਦੇ ਬਣੇ ਟੋਕਰੇ ਟੋਕਰੀਆਂ ਦੀਆਂ ਖ਼ੂਬਸੂਰਤ ਤਸਵੀਰਾਂ ਟੱਪਣ ਲੱਗਦੀਆਂ ਹਨ ਤੇ ਇਹਨਾਂ ਟੋਕਰਿਆਂ ਦੇ ਘਾੜੇ ਜੋ ਲਾਗਲੇ ਪਿੰਡੋਂ ਆਉਂਦੇ ਸੀ ਉਹਨਾਂ ਦਾ ਜਨ ਜੀਵਨ ਸਾਹਮਣੇ ਆਉਣ ਲੱਗਦਾ। ਜਿਸ ਕਰਕੇ ਮੈਨੂੰ ਅੱਜ ਵੀ ਸਥਾਪਿਤ ਤੇ ਰਵਾਇਤੀ ਪੰਜਾਬੀ ਸਾਹਿਤ ਪੜ੍ਹਨਾ ਚੰਗਾ ਲੱਗਦਾ। ਪਰ ਸਾਡੇ ਪੱਛਮੀ ਦੇਸ਼ਾਂ ਦੇ ਸ਼ਹਿਰਾਂ ਵਿੱਚ ਵੀਡੀਓਗੇਮਜ ਤੇ ਇੰਟਰਨੈਟ ਦੇ ਜ਼ਮਾਨੇ ਵਿੱਚ ਜੰਮੇ ਪੱਲੇ ਬੱਚਿਆਂ ਦਾ “ਤੂਤਾਂ ਦੀ ਛਾਂ” ਦੇ ਸੰਕਲਪ ਨਾਲ ਜੁੜਨਾ ਮੁਸ਼ਕਲ ਹੈ। ਇਹ ਵਾਕ ਉਹਨਾਂ ਲਈ ਕੋਈ ਮਿਹਣੇ ਨਹੀਂ ਰੱਖਦਾ। ਉਹਨਾਂ ਦੀ ਪੰਜਾਬੀ ਸਾਹਿਤ ਵਿੱਚ ਰੋਚਿਤਕਾ ਵਧਾਉਣ ਲਈ ਸਮੇਂ ਦੇ ਹਾਣ ਦੇ ਵਿਸ਼ੇ ਲੱਭਣੇ ਪੈਣੇ ਨੇ। ਜਦੋਂ ਰੂਪ ਉਹਨਾਂ ਨਾਲ ਸਪੇਸ ਵਿੱਚ ਉੱਡਣ ਵਾਲੇ ਉੱਡਣ ਖਿਟੋਲਿਆਂ ਬਾਰੇ ਬਾਤ ਪਾਉਂਦਾ ਤਾਂ ਉਹਨਾਂ ਨੂੰ ਅਪਣੱਤ ਮਹਿਸੂਸ ਹੂੰਦੀ ਹੈ ਤੇ ਸ਼ਾਇਦ ਇਹੀ ਸਭ ਤੋਂ ਵਧੀਆ ਢੰਗ ਹੋਵੇ ਬਾਹਰਲੇ ਮੁਲਕਾਂ ਦੇ ਜੰਮੇ ਪਲੇ ਪੰਜਾਬੀਆਂ ਨੂੰ ਪੰਜਾਬੀ ਨਾਲ ਜੋੜਨ ਦਾ।

ਜੇ ਅਸੀਂ ਪੰਜਾਬੀ ਨੂੰ ਵਾਕਿਆ ਹੀ ਇੰਗਲੈਂਡ ਵਰਗੇ ਮੁਲਕਾਂ ਵਿੱਚ ਪ੍ਰਫੁਲਤ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਰੂਪ ਢਿਲੋਂ ਜਿਹੇ ਪੰਜਾਬੀ ਲਿਖਾਰੀਆਂ ਨੂੰ ਮੁੱਖ ਧਾਰਾ ਵਿੱਚ ਸ਼ਾਮਿਲ ਕਰ ਸੰਵਾਦ ਰਚਾਉਣਾ ਪੈਣਾ, ਤਾਂ ਜੋ ਇੱਥੋਂ ਦੇ ਜੰਮੇ ਪਲੇ ਪੰਜਾਬੀਆਂ ਨੂੰ ਪੰਜਾਬੀ ਸਾਹਿਤ ਨਾਲ ਜੋੜ ਰੂਪ ਵਰਗੇ ਹੋਰ ਲਿਖਾਰੀ ਪੈਦਾ ਕੀਤੇ ਜਾ ਸਕਣ।

ਤੁਹਾਡਾ ਇਸ ਵਿਸ਼ੇ ਬਾਰੇ ਕੀ ਵਿਚਾਰ ਹੈ?
***
290
***

ਕੰਵਰ ਬਰਾੜ (ਇੰਗਲੈਂਡ)

View all posts by ਕੰਵਰ ਬਰਾੜ (ਇੰਗਲੈਂਡ) →