ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਹੁਰਾਂ ਦਾ ਨਵਾਂ ਨਾਵਲ “ਦਰਦ ਕਹਿਣ ਦਰਵੇਸ਼” ਹੁਣੇ-ਹੁਣੇ ਮਾਰਕੀਟ ਵਿੱਚ ਉੱਤਰਿਆ ਹੈ। ਮੈਨੂੰ ਉਸ ਨਾਵਲ ਨੂੰ ਪੜ੍ਹਨ ਦਾ ਮੌਕਾ ਮਿਲ਼ਿਆ। ਉਸ ਤੋਂ ਪਹਿਲਾਂ ਮੈਂ ਨਾਵਲ ਦੇ ‘ਬੈਕਪੇਜ’ ਉੱਪਰ ਨਾਵਲਕਾਰ ਦੀ ਨਾਵਲ-ਕਲਾ ਅਤੇ ਪ੍ਰਵਾਸੀ ਸਾਹਿੱਤ ਦੀ ਸਮਾਨਤਾ ਬਾਰੇ ਲਿਖ ਚੁੱਕੀ ਸਾਂ। ਨਾਵਲ ਪੜ੍ਹਨ ਉਪਰੰਤ ਮੈਂ ਜੋ ਮਹਿਸੂਸ ਕੀਤਾ, ਉਹ ਇਹ ਕਿ ਜੱਗੀ ਕੁੱਸਾ ਮੇਰੀ ਜਾਚੇ ਪੰਜਾਬੀ ਲੋਕਾਂ ਦੇ ਆਮ ਜੀਵਨ ਦੀਆਂ ਮੁਸ਼ਕਲਾਂ ਦੀ ਗੱਲ ਬੜੀ ਸਹਿਜ ਬਿਰਤੀ ਨਾਲ਼ ਕਰਦਾ ਹੀ ਰਹਿੰਦਾ ਹੈ। ਇਹ ਬਿਰਤੀ ਇਸ ਗੱਲ ਦਾ ਪ੍ਰਮਾਣ ਹੈ ਕਿ ਉਸ ਨੂੰ ਵਿਦੇਸ਼ ਵਿੱਚ ਰਹਿ ਕੇ ਵੀ ਆਪਣੇ ਵਤਨ ਦੇ ਲੋਕਾਂ ਨਾਲ਼ ਅਥਾਹ ਮੁਹੱਬਤ ਹੈ। ਉਹ ਉਹਨਾਂ ਦੇ ਦੁੱਖਾਂ-ਸੁੱਖਾਂ ਦਾ ਭਾਈਵਾਲ ਬਣਨਾ ਲੋਚਦਾ ਰਹਿੰਦਾ ਹੈ। ਨਿਰੰਤਰ ਲਿਖਣ ਕਲਾ ਦੇ ਸਦਕਾ ਉਹ ਲੱਗਭਗ ਹਰ ਸਾਲ ਇੱਕ ਨਾਵਲ ਪੰਜਾਬੀ ਪਾਠਕਾਂ ਦੀ ਝੋਲ਼ੀ ਪਾ ਰਿਹਾ ਹੈ। ਬਹੁਤੇ ਵਲ਼ ਫ਼ਰੇਬ ਅਤੇ ਗੁੰਝਲ਼ਦਾਰ ਸ਼ੈਲੀ ਤੋਂ ਮੁਕਤ ਉਸ ਦੇ ਨਾਵਲ ਆਪਣੀ ਗੱਲ ਕਿਸੇ ਗੂੜ੍ਹ ਗਿਆਨੀ ਦੀ ਗੱਲ ਵਾਂਗ ਆਪਣਾ ਅਸਰ ਜ਼ਰੂਰ ਛੱਡ ਜਾਂਦੇ ਹਨ ਅਤੇ ਕੋਈ ਨਾ ਕੋਈ ਸਾਰਥਿਕ ਸੁਨੇਹਾ ਪਹੁੰਚਾਉਣ ਵਿੱਚ ਕਾਮਯਾਬ ਰਹਿੰਦੇ ਹਨ। ਬੜੀ ਸੂਖ਼ਮਤਾ ਸਹਿਤ ਉਪਰੋਕਤ ਨਾਵਲ ਦੀ ਗੋਂਦਕਾਰੀ ਹੋਈ ਹੈ। ਵਾਰਤਾਲਾਪ ਦੇ ਸੁਚਾਰੂ ਢੰਗ ਨਾਲ਼ ਸੁਭਾਵਿਕ ਪਾਤਰ ਉਸਾਰੀ ਕੀਤੀ ਗਈ ਹੈ। ਜੱਗੀ ਕੁੱਸਾ ਦੇ ਨਾਵਲਾਂ ਉੱਪਰ ਆਪਣੀ ਕਿਤਾਬ “ਸ਼ਿਵਚਰਨ ਜੱਗੀ ਕੁੱਸਾ ਦੇ ਨਾਵਲਾਂ ਵਿੱਚ ਯਥਾਰਥ” ਲਿਖਦਿਆਂ ਮੈਨੂੰ ਉਸ ਦੀ ਲਿਖਣ-ਸ਼ੈਲੀ ਅਤੇ ਸੁਭਾਅ ਬਾਰੇ ਕੁੱਝ ਗੱਲਾਂ ਜਾਨਣ ਨੂੰ ਮਿਲ਼ੀਆਂ, ਸੋ ਮੈਂ ਇਹ ਗੱਲ ਵੀ ਜਾਣਦੀ ਹਾਂ ਕਿ ਮੇਰੇ ਵਾਂਗ ਉਹ ਵੀ ‘ਦਾਗਿਸਤਾਨ ਦੇ ਉੱਘੇ ਲੇਖਕ ਰਸੂਲ ਹਮਜ਼ਾਤੋਵ’ ਤੋਂ ਪ੍ਰਭਾਵਿਤ ਹੈ। “ਮੇਰਾ ਦਾਗਿਸਤਾਨ” ਨਾਂ ਦੀ ਆਪਣੀ ਜਗਤ ਪ੍ਰਸਿੱਧ ਪੁਸਤਕ ਵਿੱਚ ਰਸੂਲ ਹਮਜ਼ਾਤੋਵ ਆਪਣੀ ਸਥਾਨਿਕਤਾ ਦੀ ਗੱਲ ਬੜੇ ਫ਼ਖ਼ਰ ਨਾਲ਼ ਕਰਦੇ ਹਨ। ਉੱਥੋਂ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਵੀ ਰਸੂਲ ਹਮਜ਼ਾਤੋਵ ਲਈ ਬਹੁਤ ਅਰਥ ਰੱਖਦੀਆਂ ਹਨ। ਠੀਕ ਉਸੇ ਤਰ੍ਹਾਂ ਸਾਡੇ ਇਸ ਭਾਵੁਕ ਨਾਵਲਕਾਰ ਦੀ ਮਨੋਦਸ਼ਾ ਵੀ ਉਸ ਦੁਆਰਾ ਸਿਰਜੇ ਗਏ ਸਥਾਨਕ ਪਾਤਰਾਂ ਦੀ ਘਾੜ੍ਹਤ ਘੜ੍ਹਨ ਦੇ ਨਜ਼ਰੀਏ ਤੋਂ ਭਲੀਭਾਂਤ ਜਾਣੀ ਜਾ ਸਕਦੀ ਹੈ। ਜੱਗੀ ਕੁੱਸਾ ਦੀ ਰੂਹ ਆਪਣੇ ਪਿੰਡ ਦੀ ਜੂਹ ਵਿੱਚ ਵਸਦੀ ਪ੍ਰਤੀਤ ਹੁੰਦੀ ਹੈ ਅਤੇ ਜਾਂ ਆਪਣੇ ਇਲਾਕੇ ਦੇ ਲੋਕਾਂ ਲਈ ਲੂਹਰਦੀ ਰਹਿੰਦੀ ਹੈ। ਉਹ ਆਪਣੇ ਪਾਤਰ ਆਪਣੇ ਪਿੰਡਾਂ ਦੇ ਆਲ਼ੇ ਦੁਆਲ਼ੇ ਵਿੱਚੋਂ ਵੀ ਤਲਾਸ਼ ਕਰਦਾ ਰਹਿੰਦਾ ਹੈ। ਇਹ ਉਸ ਦੇ ਆਪਣੇ ਇਲਾਕਾਈ ਪਿੰਡਾਂ ਨਾਲ਼ ਪਿਆਰ ਦਾ ਸਬੂਤ ਹੈ। ਹਥਲੇ ਨਾਵਲ “ਦਰਦ ਕਹਿਣ ਦਰਵੇਸ਼” ਵਿੱਚ ਨਾਵਲਕਾਰ ਨੇ ਹੋਰ ਛੋਟੇ ਵਿਸ਼ਿਆਂ ਦੇ ਨਾਲ਼ ਚਾਰ ਪ੍ਰਮੁੱਖ ਵਿਸ਼ੇ ਉਠਾਏ ਹਨ। ਪਹਿਲਾ ਉਹ ਹਰ ਜਾਗਰੂਕ ਪੰਜਾਬੀ ਵਾਂਗ ਪੰਜਾਬ ਦੀ ਤਰਸਯੋਗ ਆਰਥਿਕਤਾ ਦੀ ਗੱਲ ਕਰਦਾ ਹੈ। ਬੇਰੁਜ਼ਗਾਰੀ ਦੀ ਚੱਕੀ ਦੇ ਕਰੂਰ ਪੁੜਾਂ ਹੇਠ ਪਿਸਦੀ ਲੋਕਾਈ ਦੇ ਦਰਦ ਬਿਆਨਦਾ ਅਤੇ ਉਹਨਾਂ ਦੀਆਂ ਮਜਬੂਰੀਆਂ ਦੀ ਪੀੜ ਬਿਆਨਦਾ ਖ਼ੁਦ ਖੂਨ ਦੇ ਹੰਝੂ ਰੋਂਦਾ ਪ੍ਰਤੀਤ ਹੁੰਦਾ ਹੈ। ਕਮਜ਼ੋਰ ਆਰਥਿਕਤਾ ਨੌਜੁਆਨ ਬੱਚਿਆਂ ਦੀ ਪੜ੍ਹਾਈ ਉੱਪਰ ਸਿੱਧਾ ਅਸਰ ਪਾਉਂਦੀ ਹੈ, ਜੋ ਗੱਲ ਅੱਗੇ ਜਾ ਕੇ ਸਮਾਜਿਕ ਕੋਹੜ ਦਾ ਰੂਪ ਧਾਰਨ ਕਰ ਲੈਂਦੀ ਹੈ। ਸਮੇਂ ਦੀ ਇਹ ਪੰਜਾਲ਼ੀ ਸਾਡੇ ਸਮਾਜ ਦੇ ਗਲ਼ ਵਿੱਚੋਂ ਨਿਕਲ਼ ਨਹੀਂ ਰਹੀ। ਸਾਡੇ ਨੌਜੁਆਨ ਮੁੰਡੇ ਕੁੜੀਆਂ ਬਹੁਤ ਸਾਰੇ ਜ਼ਰੂਰੀ ਗਿਆਨ ਤੋਂ ਵਾਂਝੇ ਰਹਿ ਜਾਂਦੇ ਹਨ, ਜਿਸ ਗਿਆਨ ਦੀ ਆਮ ਚੰਗੀ ਜੀਵਨ-ਜਾਚ ਜਿਉਣ ਵਿੱਚ ਬਹੁਤ ਲੋੜ ਹੁੰਦੀ ਹੈ। ਮੇਰੇ ਖਿਆਲ ਨਾਲ਼ ਤਾਂ ਬੀ.ਏ. ਤੱਕ ਦੀ ਪੜ੍ਹਾਈ ਲਾਜ਼ਮੀ ਅਤੇ ਮੁਫ਼ਤ ਹੋਣੀ ਚਾਹੀਦੀ ਹੈ ਅਤੇ ਜੇਕਰ ਸਰਕਾਰ ਜਾਂ ਕੋਈ ਪ੍ਰਵਾਸੀ ਲੋਕ ਇਸ ਗੱਲ ਦਾ ਬੀੜਾ ਚੁੱਕ ਸਕਣ, ਤਾਂ ਇਹ ਇੱਕ ਕਰਨਯੋਗ ਅਤੇ ਇਨਕਲਾਬੀ ਕਦਮ ਹੋ ਨਿੱਬੜੇਗਾ ਅਤੇ ਸਮਾਜ ਦੀ ਸੋਚ ਬਦਲ ਜਾਵੇਗੀ। ਸੋਚ ਬਦਲ ਜਾਵੇ ਤਾਂ ਯੁੱਗ ਬਦਲ ਜਾਇਆ ਕਰਦੇ ਹਨ। ਜੱਗੀ ਕੁੱਸਾ ਆਪਣੇ ਬਹੁਤੇ ਨਾਵਲਾਂ ਵਿੱਚ ਸਧਾਰਣ ਲੋਕਾਂ ਦੀ ਏਜੰਟਾਂ ਹੱਥੋਂ ਹੁੰਦੀ ਲੁੱਟ-ਖਸੁੱਟ ਦੀ ਗੱਲ ਜ਼ਰੂਰ ਕਰਦਾ ਹੈ। ਇਸ ਨਾਵਲ ਵਿੱਚ ਵੀ “ਭੋਲੀ” ਨਾਂ ਦੇ ਪਾਤਰ ਨਾਲ਼ ਵਾਪਰਿਆ ਦੁਖਾਂਤ ਸੋਚਣ ਲਈ ਮਜਬੂਰ ਕਰਦਾ ਹੈ ਕਿ ਆਮ ਲੋਕਾਂ ਨੂੰ ਏਜੰਟਾਂ ਜਾਂ ਅਜਿਹੇ ਗ਼ੈਰ-ਜ਼ਿੰਮੇਵਾਰ ਲੋਕਾਂ ਦੇ ਚੁੰਗਲ਼ ਵਿੱਚ ਫਸਣ ਤੋਂ ਪਹਿਲਾਂ ਸੌ ਵਾਰੀ ਸੋਚਣਾ ਚਾਹੀਦਾ ਹੈ। ਭੋਲੀ ਵਰਗੀਆਂ ਕੋਰੀਆਂ ਅਨਪੜ੍ਹ ਔਰਤਾਂ ਕਿਵੇਂ ‘ਸਾਉੂਦੀ ਅਰਬ’ ਵਰਗੇ ਮੁਲਕਾਂ ਵਿੱਚ ਵੇਚ ਦਿੱਤੀਆਂ ਜਾਂਦੀਆਂ ਹਨ। ਨਾਲ਼ ਹੀ ਬੇਜ਼ੁਬਾਨ ਪਸ਼ੂਆਂ ਦੇ ਬੇਓੜਕ ਪਿਆਰ ਦੀ ਗੱਲ ਮਨ ਨੂੰ ਟੁੰਬਣ ਵਾਲ਼ਾ ਬ੍ਰਿਤਾਂਤ ਪੇਸ਼ ਕਰਦੀ ਹੈ। ਗ਼ਰੀਬੀ ਵਿੱਚ ਜੀਵਨ ਬਸਰ ਕਰਦੇ ਜਿਉੜੇ ਵੀ ਸੱਚੀ-ਸੁੱਚੀ ਮੁਹੱਬਤ ਨਾਲ਼ ਲਬਰੇਜ਼ ਹੁੰਦੇ ਹਨ। ਤੀਜਾ ਵਿਸ਼ਾ ਕੁੜੀਆਂ ਦੀ ਬੇਕਦਰੀ ਨਾਲ਼ ਸਬੰਧ ਰੱਖਦਾ ਹੈ। ਨਵਜੰਮੀਆਂ ਬੱਚੀਆਂ ਨੂੰ ਲੋਕ ਕਿਵੇਂ ਦੂਰ ਦੁਰਾਡੇ ਸੁੱਟ ਆਉਂਦੇ ਹਨ। ਦੂਜੇ ਪਾਸੇ ਔਲਾਦ ਦਾ ਸੁੱਖ ਭਾਲਣ ਲਈ ਸੌ-ਸੌ ਪਾਪੜ ਵੇਲਦੇ ਹਨ। ਕਿਰਾਏ ਦੀਆਂ ਕੁੱਖਾਂ ਲੈ ਕੇ ਵੀ ਔਲਾਦ ਪ੍ਰਾਪਤ ਕਰਨਾ ਯੋਗ ਸਮਝਦੇ ਹਨ। ਇਸ ਕੰਮ ਲਈ ਕੀਤੇ ਜਾਂਦੇ ਕੁਕਰਮ ਸਮਾਜ ਦੇ ਕੋਝੇਪਣ ਨਾਲ਼ ਸਬੰਧਤ ਹਨ। “ਡਾਕਟਰ ਭਾਬੀ” ਵਰਗੇ ਲੋਕ ਡਾਕਟਰੀ ਕਿੱਤੇ ਦੀ ਸ਼ਾਨ ਘਟਾਉਂਦੇ ਹਨ। ਅਖੀਰਲਾ ਚੌਥਾ ਅਤੇ ਨਾਵਲਕਾਰ ਦੀ ਸਮਝ ਮੁਤਾਬਿਕ ਮਹੱਤਵਪੂਰਣ ਵਿਸ਼ਾ ਫੇਰ ਉਸੇ ਮੇਰੀ ਪਹਿਲੀ ਗੱਲ ਨਾਲ਼ ਆ ਜੁੜਦਾ ਹੈ ਕਿ ਵਿੱਦਿਆ ਦੇ ਸਹੀ ਚਾਨਣ ਵਿੱਚ ਵਿਦੇਸ਼ਾਂ ਵਿੱਚ ਪਲ਼ ਕੇ ਪ੍ਰਵਾਨ ਚੜ੍ਹੀ ਪੀੜ੍ਹੀ ਦੀ ਨੁਮਾਇੰਦਗੀ ਕਰਦੀ ਪਾਤਰ ਰਮਣੀਕ ਦੇ ਰਾਂਹੀ ਇਹ ਸੁਨੇਹਾ ਦਿੱਤਾ ਗਿਆ ਹੈ ਕਿ ਉੱਥੇ ਦੀ ਨਵੀਂ ਪੀੜ੍ਹੀ ਦੇ ਨੌਜੁਆਨ ਸਥਾਨਕ ਬੱਚਿਆਂ ਦੀ ਸੋਚ ਤੋਂ ਅੱਗੇ ਹਨ, ਇਸ ਗੱਲ ਨਾਲ਼ ਮੈਂ ਪੂਰੀ ਤਰ੍ਹਾਂ ਸਹਿਮਤ ਨਹੀਂ ਹੋਣਾ ਚਾਹੁੰਦੀ। ਇਹ ਗੱਲ ਹੁਣ ਪਾਠਕਾਂ ਨੇ ਸੋਚਣੀ ਹੈ ਕਿ ਕਿੱਥੇ-ਕਿੱਥੇ ਬਦਲਾਓ ਦੀ ਲੋੜ ਹੈ? ਰਮਣੀਕ ਦੀ ਨਵੀਨ ਸੋਚ ਨਾਲ਼ ਆਏ ਬਦਲਾਵ ਨਾਲ਼ ਨਾਵਲ ਦੀ ਕਹਾਣੀ ਨਵਾਂ ਮੋੜ ਲੈ ਕੇ ਕੁੱਝ ਸਾਰਥਿਕ ਸੁਨੇਹੇਂ ਦੇ ਜਾਣ ਵਿੱਚ ਸਫ਼ਲ ਹੋਈ ਹੈ। ਮਾਂ ਦੀ ਮਮਤਾ ਦੀ ਜਿੱਤ ਦਿਖਾਈ ਗਈ ਹੈ, ਪਰ ਰਮਣੀਕ ਦੀ ਜ਼ਿੰਦਗੀ ਦੇ ਅੱਗੇ ਸਵਾਲ ਆਣ ਖੜ੍ਹੇ ਹਨ। ਨਾਵਲਕਾਰ ਦੱਸਣਾ ਚਾਹੁੰਦਾ ਹੈ ਕਿ ਵਿਦੇਸ਼ਾਂ ਦੇ ਪੜ੍ਹੇ ਲਿਖੇ ਨੌਜੁਆਨ ਮੁੰਡੇ ਕੁੜੀਆਂ ਆਪਣੇ ਆਪ ਨੂੰ ਹਰ ਚੁਣੌਤੀ ਲਈ ਤਿਆਰ ਰੱਖਦੇ ਹਨ। ਇਹ ਯੋਗ ਵਿੱਦਿਆ ਦੇ ਕਾਰਣ ਸੰਭਵ ਹੋਇਆ ਹੈ। ਸਰਕਾਰ, ਕਾਨੂੰਨ ਅਤੇ ਸਮੁੱਚੇ ਸਿਸਟਮ ਸਹਾਇਕ ਹਨ। ਕਾਸ਼ ਅਸੀਂ ਇਸ ਸਾਰਥਿਕ ਸੁਨੇਹੇ ਦੀ ਡੂੰਘਾਈ ਨਾਪ ਸਕੀਏ! ਸਭ ਕੁੱਝ ਦੇ ਬਾਵਜੂਦ ਮੈਂ ਜੱਗੀ ਕੁੱਸਾ ਕੋਲ਼ੋਂ ਹਾਲੇ ਸ਼ਾਹਕਾਰ ਨਾਵਲ ਲਿਖੇ ਜਾਣ ਦੀ ਤਵੱਕੋ ਕਰਦੀ ਹਾਂ। “ਲਾਹੌਰ ਬੁੱਕ ਸ਼ਾਪ ਲੁਧਿਆਣਾ” ਦੁਆਰਾ ਛਾਪਿਆ ਗਿਆ ਇਹ ਨਾਵਲ ਪੜ੍ਹਨਯੋਗ ਹੈ, ਜਿਸ ਦੀ ਕੀਮਤ ਮਾਤਰ 150 ਰੁਪਏ ਰੱਖੀ ਗਈ ਹੈ। ਇੱਕੋ ਬੈਠਕ ਵਿੱਚ ਪੜ੍ਹੇ ਜਾਣ ਵਾਲ਼ੇ ਨਾਵਲ “ਦਰਦ ਕਹਿਣ ਦਰਵੇਸ਼” ਦੇ 120 ਪੰਨੇ ਅਤੇ 14 ਕਾਂਡ ਹਨ। ਖ਼ੂਬਸੂਰਤ ਸਰਵਰਕ ਉੱਤੇ ਚਿੱਤਰਕਾਰ ਦੀ ਮਿਹਨਤ ਝਲਕਦੀ ਹੈ। ਚੰਗਾ ਸਾਹਿਤ ਜੀਵਨ ਲਈ “ਲੋਅ” ਹੁੰਦਾ ਹੈ। ਨਾਵਲਕਾਰ ਜੱਗੀ ਕੁੱਸਾ ਇਸ ਨਾਵਲ ਲਈ ਵਧਾਈ ਦਾ ਪਾਤਰ ਹੈ। “ਦਰਦ ਕਹਿਣ ਦਰਵੇਸ਼”, *** |