18 December 2025

ਉਜਾਗਰ ਸਿੰਘ ਜ਼ਲੀਲ ਹੋਣੋਂ ਬਚ ਗਿਆ — ਅਵਤਾਰ ਐਸ. ਸੰਘਾ

ਉਸ ਕਾਲਜ ਵਿੱਚ ਪ੍ਰਿੰਸੀਪਲ ਜਦ ਵੀ ਸੇਵਾ ਮੁਕਤ ਹੁੰਦਾ ਸੀ ਉਦੋਂ ਉੱਥੇ ਇਸ ਅਸਾਮੀ ਲਈ ਦੋ ਪ੍ਰੋਫੈਸਰ ਅਗਲੇ ਉਮੀਦਵਾਰ ਹੋਇਆ ਕਰਦੇ ਸਨ। ਇਵੇਂ ਹੁੰਦਾ ਮੈਂ ਪਿਛਲੇ 40 ਸਾਲ ਤੋਂ ਦੇਖ ਰਿਹਾ ਸਾਂ। ਕਾਲਜ 1960 ਵਿੱਚ ਖੁੱਲ੍ਹਿਆ ਸੀ। ਖੋਲ੍ਹਣ ਵਾਲੇ ਅਨਪੜ੍ਹ, ਅਰਧ ਪੜ੍ਹੇ ਲਿਖੇ ਤੇ ਅਣਭੋਲ ਜਿਹੇ ਜਿਮੀਂਦਾਰ ਸਨ। ਪਹਿਲਾਂ ਇਹਨਾਂ ਦੀ ਇੱਕ 51 ਮੈਂਬਰੀ ਕਮੇਟੀ ਬਣੀ। ਫਿਰ ਇਸ ਵਿੱਚੋਂ ਇੱਕ 11 ਮੈਂਬਰੀ ਕਾਰਜਕਾਰੀ ਕਮੇਟੀ ਨਿਕਲੀ। ਨਿਯਮਾਂ ਮੁਤਾਬਕ ਕਮੇਟੀ ਨੂੰ ਇੱਕ ਸੁਸਾਇਟੀ ਦੇ ਤੌਰ ਤੇ ਰਜਿਸਟਰ ਕਰਵਾ ਲਿਆ ਗਿਆ। ਇਸ ਕਾਰਜਕਾਰੀ ਕਮੇਟੀ ਦੇ ਤਿੰਨ ਚਾਰ ਸੂਝਵਾਨ ਮੈਂਬਰ ਪ੍ਰਧਾਨ, ਮੈਨੇਜਰ, ਸਕੱਤਰ ਤੇ ਵਿੱਤ ਸਕੱਤਰ ਬਣ ਗਏ। ਪ੍ਰਧਾਨ ਖਾਸ ਪੜ੍ਹਿਆ ਲਿਖਿਆ ਨਹੀਂ ਸੀ। ਹਾਂ, ਉਹ ਵੱਡਾ ਜਿਮੀਂਦਾਰ ਜ਼ਰੂਰ ਸੀ। ਇਲਾਕੇ ਵਿੱਚ ਉਸਦਾ ਰਸੂਖ ਵੀ ਚੰਗਾ ਸੀ।

ਕਾਰਜਕਾਰੀ ਕਮੇਟੀ ਦੇ ਅਹੁਦੇਦਾਰ ਵੀ ਵਿੱਦਿਅਕ ਢਾਂਚੇ ਨਾਲ ਸੰਬੰਧਤ ਕਾਇਦੇ ਕਾਨੂੰਨਾਂ ਦੇ ਬਹੁਤੇ ਵਾਕਿਫ ਨਹੀਂ ਸਨ। ਨੇੜੇ ਚਲਦੇ ਪੁਰਾਣੇ ਕਾਲਜ ਦੀ ਕਮੇਟੀ ਨਾਲ ਰਾਬਤਾ ਰੱਖਣ ਦੀ ਪੈਰ ਪੈਰ ਤੇ ਜ਼ਰੂਰਤ ਸੀ। ਇਸ ਨਾਲ ਲੱਗਦੇ ਕਾਲਜ ਨੇ ਜਿਹੜਾ ਪ੍ਰਿੰਸੀਪਲ ਲੱਭ ਕੇ ਦਿੱਤਾ ਉਹੀ ਇਸ ਅਦਾਰੇ ਨੇ ਰੱਖ ਲਿਆ। ਇਹ ਪ੍ਰਿੰਸੀਪਲ 52 ਕੁ ਸਾਲ ਦਾ ਸੀ ਪਰੰਤੂ ਲੱਗਦਾ ਵੱਧ ਉਮਰ ਦਾ ਸੀ। ਦਾੜ੍ਹੀ ਬੰਨ੍ਹਦਾ ਸੀ, ਰੰਗਦਾ ਨਹੀਂ ਸੀ। ਰੰਗ ਦਾ ਗੋਰਾ ਸੀ। ਕਾਲਜ ਸ਼ਹਿਰ ਤੋਂ ਤਕਰੀਬਨ ਇੱਕ ਕਿਲੋਮੀਟਰ ਦੀ ਦੂਰੀ ਤੇ ਸੀ। ਪ੍ਰਿੰਸੀਪਲ ਕਾਲਜ ਨੂੰ ਪੈਦਲ ਹੀ ਜਾਂਦਾ ਹੁੰਦਾ ਸੀ। ਉਹ ਅੰਗਰੇਜ਼ੀ ਪੜ੍ਹਾਉਂਦਾ ਸੀ। ਉਸ ਤੇ ਅੰਗਰੇਜ਼ੀ ਕਵਿਤਾ ਦਾ ਇੰਨਾ ਅਸਰ ਸੀ ਕਿ ਉਹ ਤੁਰਿਆ ਜਾਂਦਾ ਵੀ ਇੰਜ ਲੱਗਦਾ ਹੁੰਦਾ ਸੀ ਜਿਵੇਂ ਅੰਗਰੇਜ਼ੀ ਦੇ ਰੋਮੈਂਟਿਕ ਕਵੀਆਂ ਵਾਂਗ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣ ਰਿਹਾ ਹੋਵੇ। ਉਹ ਅੰਗਰੇਜ਼ੀ ਕਵੀ ਵਿਲੀਅਮ ਵਰਡਜ਼ਵਰਥ ਦੀਆਂ ਲੂਸੀ ਕਵਿਤਾਵਾਂ ਨੂੰ ਇੰਨਾ ਜ਼ੋਰ ਦੇ ਕੇ ਪੜ੍ਹਾਉਂਦਾ ਹੁੰਦਾ ਸੀ ਕਿ ਵਿਦਿਆਰਥੀ ਉਸਨੂੰ ਵਰਡਜ਼ਵਰਥ ਹੀ ਸੱਦਣ ਲੱਗ ਪਏ ਸਨ ਜਾਂ ਫਿਰ ਕਈ ਲੋਕ ਉਸਨੂੰ ‘ਬਾਬਾ’ ਕਹਿ ਕੇ ਮੁਖਾਤਿਬ ਹੋਇਆ ਕਰਦੇ ਸਨ। ਉਹ ਇੰਨਾਂ ਸਾਦੀ ਸੋਚ ਦਾ ਮਾਲਕ ਸੀ ਕਿ ਸਰਦੀਆਂ ਸ਼ੁਰੂ ਹੁੰਦੇ ਸਾਰ ਉਸਨੇ ਇੱਕ ਕਾਲਾ ਗਰਮ ਸੂਟ ਸਿਲਵਾਇਆ। ਜਦ ਸੂਟ ਦਰਜੀ ਤੋਂ ਮਿਲਿਆ ਤਾਂ ਕੋਟ ਉੱਪਰ ਹਲਕੀਆਂ ਹਲਕੀਆਂ ਚਾਕ ਦੀਆਂ ਲਾਈਨਾਂ ਵੱਜੀਆਂ ਹੋਈਆਂ ਸਨ। ਜਾਹਰ ਸੀ ਕਿ ਇਹ ਲਾਈਨਾਂ ਕੋਟ ਨੂੰ ਡਰਾਈਕਲੀਨ ਕਰਵਾਉਣ ਨਾਲ ਲੱਥਣੀਆਂ ਸਨ। ਠੰਡ ਸ਼ੁਰੂ ਹੋ ਚੁੱਕੀ ਸੀ। ਸ਼ਾਇਦ ਸਾਹਿਬ ਨੇ ਡਰਾਈ ਕਲੀਨ ਕਰਵਾਉਣ ਦੀ ਘੌਲ਼ ਕੀਤੀ। ਉਹ ਇਵੇਂ ਲਾਈਨਾਂ ਵਾਲੇ ਕੋਟ ਨੂੰ ਪਹਿਨ ਕੇ ਹੀ ਕਈ ਦਿਨ ਕਾਲਜ ਨੂੰ ਆਉਂਦਾ ਰਿਹਾ। ਨਾ ਉਸਨੂੰ ਕੋਈ ਸ਼ਰਮ ਮਹਿਸੂਸ ਹੋਈ ਨਾ ਹੀ ਵਿਦਿਆਰਥੀ ਉਸ ਤੇ ਹੱਸੇ। ਖੈਰ ਪੜ੍ਹਾਉਂਦਾ ਬਹੁਤ ਵਧੀਆ ਸੀ। ਕਾਲਜ ਨੂੰ ਸੰਵਾਰਨ ਦਾ ਕੰਮ ਉਸਨੇ ਪੂਰੀ ਤਨਦੇਹੀ ਨਾਲ ਕੀਤਾ। ਪੇੜ ਪੌਦੇ ਥਾਂ ਥਾਂ ਲਵਾ ਦਿੱਤੇ। ਕਾਲਜ ਦੀ ਛੋਟੀ ਜਿਹੀ ਇਮਾਰਤ ਦਾ ਉਜਾੜ ਆਲਾ ਦੁਆਲਾ ਚੰਦ ਕੁ ਮਹੀਨਿਆਂ ਵਿੱਚ ਹੀ ਹਰਾ ਭਰਾ ਹੋ ਗਿਆ। ਉਸਦਾ ਵਿਰੋਧੀ ਵੀ ਕੋਈ ਨਹੀਂ ਸੀ। ਉਸ ਨੂੰ ਸਰਬ ਸੰਮਤੀ ਨਾਲ ਜਾਂ ਕਿਸੇ ਦੇ ਕਹਿਣ ਤੇ ਕਿਸੇ ਕਾਲਜ ਤੋਂ ਲਿਆਂਦਾ ਗਿਆ ਸੀ। ਉਸਦਾ ਵਿਰੋਧ ਤਾਂ ਹੁੰਦਾ ਜੇ ਉਹ ਕਿਸੇ ਇੰਟਰਵਿਊ ਰਾਹੀਂ ਹੋਰ ਉਮੀਦਵਾਰਾਂ ਨਾਲ ਖਹਿ ਕੇ ਚੁਣ ਹੁੰਦਾ। ਇਸ ਨਵੇਂ ਅਦਾਰੇ ਨੇ ਪੜ੍ਹਾਈ ਦਾ ਮਾਹੌਲ ਪੂਰੀ ਤਰ੍ਹਾਂ ਸਿਰਜ ਕੇ ਰੱਖ ਦਿੱਤਾ। ਵਿਦਿਆਰਥੀ ਸਿਆਸਤ ਅਜੇ ਇਸ ਅਦਾਰੇ ਵੱਲ ਨੂੰ ਨਹੀਂ ਆਈ ਸੀ। ਪ੍ਰੋਫੈਸਰ ਵੀ ਸਿਆਸਤ ਤੋਂ ਅਣਭਿੱਜੇ ਸਨ। ਟਰੇਂਡ ਯੂਨੀਅਨ ਵਾਲੇ ਕਾਲਜ ਦੇ ਮਾਹੌਲ ਦੀ ਮਾੜੀ ਮਾੜੀ ਮੁਸ਼ਕ ਲੈ ਰਹੇ ਸਨ ਪਰ ਇਹ ਚਲਦੇ ਸਿਸਟਮ ਦਾ ਚੱਕਾ ਜਾਮ ਕਰਨ ਲਈ ਅਜੇ ਇੱਥੇ ਢੁੱਕੇ ਨਹੀਂ ਸਨ। ਵੈਸੇ ਵੀ ਉਦੋਂ ਦੇਸ਼ ਅਜੇ ਸਿਆਸੀ ਤੌਰ ਤੇ ਇੰਨਾ ਜਾਗਰਤ ਅਤੇ ਚੇਤਨ ਨਹੀਂ ਹੋਇਆ ਸੀ ਜਿੰਨਾ ਜਲਦੀ ਬਾਅਦ ਸ਼ੁਰੂ ਹੋਈ ਨਕਸਲਵਾੜੀ ਲਹਿਰ ਨੇ ਸ਼ੁਰੂ ਕਰ ਦਿੱਤਾ ਸੀ।

ਇੰਝ ਚਾਰ ਕੁ ਸਾਲ ਬੀਤ ਗਏ। ਪ੍ਰੋਫੈਸਰਾਂ ਦੀ ਗਿਣਤੀ ਗਿਆਰਾਂ ਬਾਰਾਂ ਕੁ ਹੀ ਸੀ। ਕਾਲਜ ਨੂੰ ਯੂਨੀਵਰਸਿਟੀ ਦੀ ਮਾਨਤਾ ਮਿਲ ਗਈ ਸੀ। ਲੋਕ ਮਾੜੇ ਮਾੜੇ ਇਸ ਪ੍ਰਕਾਰ ਦੇ ਕਿਆਫੇ ਵੀ ਲਗਾਉਣ ਲੱਗ ਪਏ ਸਨ ਕਿ ਇਸ ਮੋਢੀ ਪ੍ਰਿੰਸੀਪਲ ਤੋਂ ਬਾਅਦ ਕੌਣ ਇਸਦੀ ਥਾਂ ਲਊ। ਇਹ ਥਾਂ ਲੈਣ ਲਈ ਕਾਲਜ ਦੇ ਦੋ ਲੈਕਚਰਾਰ ਤਿਆਰੀ ਕੱਸ ਰਹੇ ਲੱਗਦੇ ਸਨ। ਅੰਗਰੇਜ਼ੀ ਵਾਲਾ ਸਰਮੁੱਖ ਸਿੰਘ ਤੇ ਪੰਜਾਬੀ ਵਾਲਾ ਹਰਭਜਨ ਸਿੰਘ। ਅੰਗਰੇਜੀ ਵਾਲਾ ਐਮ.ਏ. ਦੇ ਦੋ ਵਾਰ ਪਰਚੇ ਦੇਣ ਤੋਂ ਵੀ ਐਮ. ਏ ਦੀ ਸੈਕੰਡ ਡਿਵੀਜ਼ਨ ਨਹੀਂ ਬਣਾ ਸਕਿਆ ਸੀ। ਸ਼ੁਰੂ ਸ਼ੁਰੂ ਵਿੱਚ ਕਾਲਜ ਵਾਲਿਆਂ ਨੇ ਉਸਨੂੰ ਦੋ ਜਮਾਤਾਂ (ਪ੍ਰੈਪ ਤੇ ਬੀ. ਏ ਭਾਗ ਪਹਿਲਾ) ਨੂੰ ਪੜ੍ਹਾਉਣ ਲਈ ਰੱਖ ਲਿਆ ਸੀ ਕਿਉਂਕਿ ਕਾਲਜ ਅਜੇ ਮਾਨਤਾ ਪ੍ਰਾਪਤ ਨਹੀਂ ਸੀ। ਉਨ੍ਹਾਂ ਸਾਲਾਂ ਵਿੱਚ ਮਾਨਤਾ ਪ੍ਰਾਪਤ ਕਾਲਜਾਂ ਵਿੱਚ ਵੀ ਸਭ ਤੋਂ ਹੇਠਲੀਆਂ ਦੋ ਜਮਾਤਾਂ ਨੂੰ ਅੰਗਰੇਜੀ ਪੜ੍ਹਾਉਣ ਲਈ ਥਰਡ ਡਿਵੀਜ਼ਨਰ ਐਮ. ਏ ਪਾਸ ਵੀ ਯੋਗ ਸਮਝੇ ਜਾਂਦੇ ਸਨ। ਹੁਣ ਤੀਜੀ ਵਾਰੀ ਐਮ. ਏ ਦੇ ਪਰਚੇ ਦੇ ਕੇ ਸਰਮੁੱਖ ਨੇ ਸਾਵੇਂ ਸਿੱਕੇ ਨੰਬਰਾਂ ਨਾਲ ਸੈਕੰਡ ਡਿਵੀਜ਼ਨ ਬਣਾ ਲਈ ਸੀ। ਇਸ ਪ੍ਰਕਾਰ ਹੁਣ ਉਹ ਪ੍ਰਿੰਸੀਪਲ ਦੀ ਅਸਾਮੀ ਲਈ ਅਰਜ਼ੀ ਪਾਉਣ ਦੇ ਯੋਗ ਹੋ ਗਿਆ ਸੀ। ਸਰਮੁੱਖ ਸਿµਘ ਨੂੰ ਇੱਕ ਹੋਰ ਲੱਤ ਵੀ ਸੀ। ਉਹ ਸਾਧਾਂ ਸੰਤਾਂ ਦੇ ਡੇਰਿਆਂ ਨੂੰ ਬੜਾ ਮੰਨਦਾ ਸੀ। ਵਹਿਮਾ ਭਰਮਾਂ ਵਿੱਚ ਵੀ ਬੜਾ ਯਕੀਨ ਰੱਖਦਾ ਸੀ। ਪਹਿਲਾ ‘ਬਾਬਾ’ ਪ੍ਰਿੰਸੀਪਲ ਸੇਵਾ ਮੁਕਤ ਹੋ ਗਿਆ। ਨਵੀਂ ਨਿਯੁਕਤੀ ਲਈ ਅਰਜ਼ੀਆਂ ਦਾ ਇਸ਼ਤਿਹਾਰ ਅਖਬਾਰ ਵਿੱਚ ਆ ਗਿਆ। ਸੁਣਨ ‘ਚ ਆਇਆ ਸੀ ਕਿ ਦਸ ਕੁ ਉਮੀਦਵਾਰਾਂ ਨੇ ਅਰਜ਼ੀਆਂ ਭੇਜੀਆਂ ਸਨ। ਇੰਟਰਵਿਊ ਕਮੇਟੀ ਹੀ ਕਰਦੀ ਹੁੰਦੀ ਸੀ। ਯੂਨੀਵਰਸਿਟੀ ਤੇ ਡੀ.ਪੀ.ਆਈ ਦੇ ਨੁਮਾਇੰਦੇ ਇੰਟਰਵਿਊ ਪੈਨਲ ਵਿੱਚ ਨਹੀਂ ਬਹਿੰਦੇ ਸਨ। ਐਮ. ਏ ਵਿੱਚ ਸੈਕੰਡ ਡਿਵੀਜ਼ਨ ਤੋਂ ਇਲਾਵਾ ਯੋਗਤਾ ਦੀ ਦੂਜੀ ਸ਼ਰਤ ਦਸ ਸਾਲ ਦਾ ਮਾਨਤਾ ਪ੍ਰਾਪਤ ਕਾਲਜ ਦੇ ਵਿੱਚ ਪੜ੍ਹਾਉਣ ਦਾ ਤਜ਼ਰਬਾ ਸੀ। ਸਰਮੁੱਖ ਤੇ ਹਰਭਜਨ ਸਿੰਘ ਦੋਹਾਂ ਦਾ ਦਸ ਦਸ ਸਾਲ ਦਾ ਪੜ੍ਹਾਉਣ ਦਾ ਤਜਰਬਾ ਹੈਗਾ ਹੀ ਸੀ। ਦੋਹਾਂ ਨੇ ਕਮੇਟੀ ਨੂੰ ਆਪਣੇ ਹੱਕ ਵਿੱਚ ਕਰਨ ਦੀ ਪੂਰੀ ਦੌੜ ਲਗਾ ਦਿੱਤੀ। ਇਹ ਖਾਲਸਾ ਕਾਲਜ ਸੀ ਪਰ ਸੀ ਕਾਂਗਰਸ ਪਾਰਟੀ ਦੇ ਹੱਥ। ਦੋਨੋਂ ਉਮੀਦਵਾਰ ਪਗੜੀਧਾਰੀ ਸਰਦਾਰ ਸਨ। ਲੱਗਦਾ ਸੀ ਕਿ ਪੰਜਾਬੀ ਵਾਲਾ ਹਰਭਜਨ ਸਿੰਘ ਮੱਲ ਮਾਰ ਜਾਊ ਪਰੰਤੂ ਹੋ ਗਿਆ ਇਸ ਤੋਂ ਉਲਟ। ਸਰਮੁੱਖ ਸਿੰਘ ਨੇ ਕਮੇਟੀ ਦੇ ਪ੍ਰਧਾਨ ਦੇ ਮੱਥੇ ਇੱਕ ਡੇਰੇ ਦਾ ਸਾਧ ਲਗਾ ਦਿੱਤਾ। ਇਸ ਪ੍ਰਕਾਰ ਆਪਣੀ ਚੋਣ ਕਰਵਾ ਲਈ।

ਕਾਰਜ ਭਾਗ ਸੰਭਾਲਣ ਤੋਂ ਬਾਅਦ ਸਭ ਤੋਂ ਪਹਿਲਾਂ ਪ੍ਰਿੰਸੀਪਲ ਸਰਮੁੱਖ ਸਿੰਘ ਨੇ ਇੱਕ ਸਾਧ ਸੱਦ ਕੇ ਆਪਣੇ ਘਰ ਹਵਨ ਕਰਵਾਇਆ। ਫਿਰ ਇੱਕ ਪੰਡਿਤ ਤੋਂ ਕਾਲਜ ਨੂੰ ਚਾਰੇ ਪਾਸਿਓਂ ਠੁਕਵਾਇਆ ਤਾਂ ਕਿ ਇਸ ਅੰਦਰ ਕੋਈ ਮਾੜੀਆਂ ਰੂਹਾਂ ਨਾ ਪ੍ਰਵੇਸ਼ ਕਰਨ। ਪ੍ਰਿੰਸੀਪਲ ਤਾਂ ਨਵਾਂ ਆ ਗਿਆ ਪਰੰਤੂ ਕਾਲਜ ਦੇ ਭਾਗ ਫੁੱਟ ਗਏ। ਨਾਲ ਹੀ ਹਰਭਜਨ ਸਿੰਘ ਦੇ ਭਾਗ ਵੀ ਫੁੱਟ ਗਏ। ਹੁਣ ਕਾਲਜ ਵਿੱਚ ਚੌਧਰ ਵਾਲੇ ਕੰਮਾਂ ਲਈ ਜਿੰਨੀਆਂ ਵੀ ਡਿਊਟੀਆਂ ਲੱਗਦੀਆਂ ਉਹਨਾਂ ਵਿੱਚ ਹਰਭਜਨ ਸਿੰਘ ਦਾ ਨਾਮ ਕਦੀ ਨਾ ਹੁੰਦਾ। ਕਾਲਜ ਵਿੱਚ ਕੋਈ ਨਵੀਂ ਪਾਲਸੀ ਘੜਨ ਵਿੱਚ ਹਰਭਜਨ ਸਿੰਘ ਦੀ ਸਲਾਹ ਕਦੀ ਨਾ ਲਈ ਜਾਂਦੀ। ਉਦੋਂ ਪੰਜਾਬ ਦਾ ਮਾਹੌਲ ਕਾਫੀ ਚੰਗਾ ਹੁੰਦਾ ਸੀ। ਕਾਲਜ ਦੇ ਕੰਮ ਕਰਕੇ ਲੈਕਚਰਾਰ ਫਖਰ ਮਹਿਸੂਸ ਕਰਦੇ ਹੁੰਦੇ ਸਨ। ਇਹਨਾਂ ਕੰਮਾਂ ਵਿੱਚ ਵਾਈਸ ਪ੍ਰਿੰਸੀਪਲ ਦੀ ਡਿਊਟੀ ਵੀ ਹੁੰਦੀ ਸੀ। ਭਾਵੇਂ ਇਹ ਅਹੁਦਾ ਨਿਸ਼ਚਿਤ ਤੇ ਨਿਰਧਾਰਿਤ ਨਹੀਂ ਹੁੰਦਾ ਸੀ ਫਿਰ ਵੀ ਜਦ ਪ੍ਰਿੰਸੀਪਲ ਕਿਸੇ ਕਾਰਨ ਕਰਕੇ ਗੈਰ ਹਾਜ਼ਰ ਹੁੰਦਾ ਸੀ ਤਾਂ ਉਹ ਆਪਣੀ ਥਾਂ ਤੇ ਕਿਸੇ ਸੀਨੀਅਰ ਲੈਕਚਰਾਰ ਨੂੰ ਬਿਠਾ ਕੇ ਹੀ ਜਾਂਦਾ ਹੁੰਦਾ ਸੀ। ਹੋਰ ਚੌਧਰ ਵਾਲੇ ਕੰਮ ਐਨ.ਸੀ.ਸੀ. ਅਫਸਰੀ, ਐਨ. ਐਸ. ਐਸ. ਇੰਚਾਰਜੀ, ਬਰਸਰੀ, ਟਾਈਮ ਟੇਬਲ ਇੰਚਾਰਜੀ, ਕਾਲਜ ਦੇ ਰਸਾਲੇ ਦੀ ਚੀਫ ਐਡੀਟਰੀ, ਪ੍ਰੀਖਿਆਵਾਂ ਕਰਵਾਉਣ ਸਮੇਂ ਸੈਂਟਰ ਸੁਪਰਡੰਟੀ ਆਦਿ ਹੁੰਦੇ ਸਨ। ਇਹਨਾਂ ਵਿੱਚੋਂ ਕਿਸੇ ਵੀ ਕੰਮ ਲਈ ਹਰਭਜਨ ਸਿੰਘ ਦੀ ਡਿਊਟੀ ਨਹੀਂ ਲੱਗਦੀ ਸੀ। ਇੱਥੋਂ ਤੱਕ ਕਿ ਕਾਲਜ ਦੇ ਰਸਾਲੇ ਵਿੱਚ ਉਹ ਤਸਵੀਰ ਵੀ ਨਹੀਂ ਲੱਗਦੀ ਸੀ ਜਿਸ ਵਿੱਚ ਹਰਭਜਨ ਸਿੰਘ ਸੋਹਣਾ ਤੇ ਭਰਵਾਂ ਦਿਖਦਾ ਹੋਵੇ। ਭਾਵ ਇਹ ਕਿ ਪ੍ਰਿੰਸੀਪਲ ਸਰਮੁੱਖ ਸਿੰਘ ਨੇ ਹਮੇਸ਼ਾ ਹਰਭਜਨ ਸਿੰਘ ਨੂੰ ਪੂਰੀ ਤਰ੍ਹਾਂ ਖੁੱਡੇ ਲਾਈਨ ਲਗਾ ਕੇ ਰੱਖਿਆ। ਸਮਾਂ ਬੀਤਦਾ ਗਿਆ ਬੀਤਦਾ ਗਿਆ। ਕਾਲਜ ਵਧੀਆ ਤਾਂ ਨਹੀਂ ਚੱਲਿਆ, ਵੈਸੇ ਚੱਲਦਾ ਜਰੂਰ ਰਿਹਾ। ਸਿਆਸਤ ਵੀ ਕਾਲਜ ਵਿੱਚ ਪੈਰ ਪਸਾਰਦੀ ਗਈ। ਜਦ ਕਿਸੇ ਨੇ ਪ੍ਰਿੰਸੀਪਲ ਨਾਲ ਗੱਲ ਕਰਨੀ ਕਿ ਸਿਆਸਤ ਕਾਫੀ ਵੱਧਦੀ ਜਾ ਰਹੀ ਏ, ਹੜਤਾਲਾਂ ਵੀ ਹੋਣ ਲੱਗ ਪਈਆਂ ਹਨ, ਪ੍ਰੋਫੈਸਰਾਂ ਦੇ ਵਿਰੋਧੀ ਗੁੱਟ ਦਾ ਬੋਲਬਾਲਾ ਵੀ ਵੱਧਦਾ ਜਾ ਰਿਹਾ ਏ, ਤੁਹਾਨੂੰ ਕੋਈ ਖਤਰਾ ਤਾਂ ਨਹੀਂ ਤਾਂ ਪ੍ਰਿੰਸੀਪਲ ਨੇ ਕਹਿਣਾ, “ਤੁਹਾਨੂੰ ਪਤਾ ਮੈਂ ਛੋਟਾ ਹੁੰਦਾ ਕਬੱਡੀ ਵੀ ਖੇਡਦਾ ਰਿਹਾ ਹਾਂ। ਮੇਰੇ ਤਾਂ ਹੁਣ ਤਿੰਨ ਕੁ ਸਾਲ ਹੀ ਰਹਿ ਗਏ। ਮੈਂ ਤਾਂ ਕਬੱਡੀ ਕਬੱਡੀ ਕਰਕੇ ਹੰਧਿਆਂ ਨੂੰ ਛੂਹ ਹੀ ਲਊਂ, ਮੈਥੋਂ ਬਾਅਦ ਆਉਣ ਵਾਲੇ ਦਾ ਕੀ ਬਣੂ ਮੈਨੂੰ ਪਤਾ ਨਹੀਂ।” ਜੇ ਕਿਸੇ ਚਮਚੇ ਨੇ ਪ੍ਰਿੰਸੀਪਲ ਪਾਸ ਬੈਠ ਕੇ ਚਾਹ ਦੀਆਂ ਚੁਸਕੀਆਂ ਲੈਂਦੇ ਨੇ ਹਰਭਜਨ ਸਿੰਘ ਦਾ ਨਾਂ ਲੈ ਦੇਣਾ ਤਾਂ ਉਸ ਨੇ ਕਹਿਣਾ, “ਉਹ ਭਾਵੇਂ ਮੈਨੂੰ ਖਰਾਬ ਕਰਨ ਲਈ ਅੱਡੀਆਂ ਤੱਕ ਜ਼ੋਰ ਲਗਾ ਲਏ, ਉਹਨੂੰ ਮੈਂ ਕਾਮਯਾਬ ਨਹੀਂ ਹੋਣ ਦਿੰਦਾ। ਇਹ ਮੈਂ ਲਲਕਾਰ ਕੇ ਕਹਿੰਦਾ ਹਾਂ। ਮੈਨੂੰ ਪਤਾ ਹੈ ਕਿ ਉਹ ਉਦੋਂ ਤੋਂ ਹੀ ਵਿਸ਼ ਘੋਲ ਰਿਹਾ ਏ ਜਦ ਦਾ ਮੈਂ ਇਸ ਕੁਰਸੀ ਤੇ ਬਿਰਾਜਮਾਨ ਹੋਇਆ ਹਾਂ। ਮੈਂ ਕੁਸ਼ਤੀ ਵੀ ਲੜਦਾ ਰਿਹਾ ਹਾਂ। ਤੁਹਾਨੂੰ ਪਤਾ ਹੀ ਹੈ ਕਿ ਮੈਂ ਆਪਣਾ ਕੈਰੀਅਰ ਪੁਲਿਸ ਮਹਿਕਮੇ ਤੋਂ ਸ਼ੁਰੂ ਕੀਤਾ ਸੀ। ਬੀ. ਏ ਕਰਕੇ ਪੁਲਿਸ ਵਿੱਚ ਚਲਾ ਗਿਆ ਸਾਂ। ਫਿਰ ਸ਼ਾਮ ਦੀਆਂ ਜਮਾਤਾਂ ਲਗਾ ਕੇ ਅੰਗਰੇਜ਼ੀ ਦੀ ਐਮ. ਏ ਕੀਤੀ। ਫਿਰ ਐਮ. ਏ ਨੂੰ ਸੁਧਾਰਿਆ। ਸਾਲਾ ਅੰਗਰੇਜ਼ੀ ਮਜ਼ਮੂਨ ਹੀ ਐਸਾ ਏ। ਸੈਕੰਡ ਡਿਵੀਜ਼ਨ ਬੜੀ ਔਖੀ ਆਉਂਦੀ ਏ। ਭਜਨੇ ਜਿਹਿਆਂ ਵਾਂਗੂ ਗੁਰਮੁਖੀ ਦੀ ਐਮ. ਏ ਤਾਂ ਮੈਂ ਛੇ ਮਹੀਨੇ ਪੜ੍ਹ ਕੇ ਕਰ ਦਿਆਂ। ਭਜਨੇ ਦਾ ਤਾਂ ਉਹ ਹਾਲ ਏ – ਸੁੱਕੇ ਪੱਤੇ ਅੱਗ ਨਾਲ਼ ਯਾਰੀ। ਮਾੜੀ ਮੇਖ ਮੱਖਣ ‘ਚ ਕੀ ਮੋਰੀ ਕਰੂ?”

ਸਰਮੁੱਖ ਦੀ ਸੇਵਾ ਮੁਕਤੀ ਤੋਂ ਬਾਅਦ ਕਮੇਟੀ ਕਿਸੇ ਕਾਰਨ ਕਰਕੇ ਨਵੀਂ ਨਿਯੁਕਤੀ ਕਰਨ ਵਿੱਚ ਕੁਝ ਲੇਟ ਹੋਈ ਜਾ ਰਹੀ ਸੀ। ਸ਼ਾਇਦ ਪ੍ਰਧਾਨ ਸਾਹਿਬ ਇੰਗਲੈਂਡ ਗਏ ਹੋਏ ਸਨ। ਉਹ ਆਪਣੇ ਰਿਸ਼ਤੇਦਾਰਾਂ ਨੂੰ ਵੀ ਮਿਲ ਰਹੇ ਸਨ ਤੇ ਸੰਸਥਾ ਵਾਸਤੇ ਉਗਰਾਹੀ ਵੀ ਕਰ ਰਹੇ ਸਨ। ਬਾਅਦ ਵਿੱਚ ਪਤਾ ਲੱਗਾ ਕਿ ਕਮੇਟੀ ਦੇ ਸਕੱਤਰ ਸਾਹਿਬ ਵੀ ਪ੍ਰਧਾਨ ਨਾਲ਼ ਬਾਹਰਲੇ ਮੁਲਕ ਦੇ ਦੌਰੇ ਤੇ ਸੀ। ਪਿੱਛੇ ਦੋ ਅਹੁਦੇਦਾਰ ਮੈਨੇਜਰ ਤੇ ਵਿੱਤ ਸਕੱਤਰ ਹੀ ਸਨ। ਇਨ੍ਹਾਂ ਦੋਵਾਂ ਦੀਆਂ ਅੱਖਾਂ ਮੂਹਰੇ ਕਾਰਜਕਾਰੀ ਪ੍ਰਿੰਸੀਪਲ ਰੱਖਣ ਲਈ ਦੋ ਨਾਮ ਘੁੰਮ ਰਹੇ ਸਨ – ਰਾਜਨੀਤੀ ਸ਼ਾਸਤਰ ਵਾਲਾ ਰਾਜਿੰਦਰ ਸਿੰਘ ਤੇ ਇਤਿਹਾਸ ਵਾਲਾ ਸ਼ਾਮ ਸਿੰਘ। ਵੈਸੇ ਵੀ ਹੁਣ ਤੱਕ ਸਟਾਫ ਅਠਾਰਾਂ ਮੈਂਬਰ ਹੋ ਚੁੱਕਾ ਸੀ।  ਕੰਪਿਊਟਰ ਸਾਇੰਸ ਦਾ ਮਜ਼ਮੂਨ ਵੀ ਚੰਗਾ ਜ਼ੋਰ ਫੜ ਗਿਆ ਸੀ। ਰਾਜਿੰਦਰ ਸਿੰਘ ਤੇ ਸ਼ਾਮ ਸਿੰਘ ਦੀ ਖਹਿਬਾਜੀ ਵੀ ਚਲਦੀ ਰਹਿੰਦੀ ਸੀ। ਹੁਣ ਪੱਕੀ ਚੋਣ ਕਰਨ ਲਈ ਯੂਨੀਵਰਸਿਟੀ ਤੇ ਡੀ.ਪੀ.ਆਈ ਦੇ ਨੁਮਾਇੰਦੇ ਹੋਣੇ ਵੀ ਜਰੂਰੀ ਹੋ ਗਏ ਸਨ। ਸੋਚ ਵਿਚਾਰ ਕਰਕੇ ਮੈਨੇਜਰ ਸਾਹਿਬ ਨੇ ਰਾਜਿੰਦਰ ਸਿੰਘ ਨੂੰ ਕਾਰਜਕਾਰੀ ਕੰਮ ਸੰਭਾਲਣ ਲਈ ਚਿੱਠੀ ਦੇ ਦਿੱਤੀ। ਇੰਝ ਹੋਣ ਨਾਲ ਰਾਜਿੰਦਰ ਸਿੰਘ ਦੇ ਖੇਮੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਚਾਰਜ ਸੰਭਾਲਣ ਸਾਰ ਹੀ ਰਾਜਿੰਦਰ ਸਿੰਘ ਨੇ ਸਾਰੇ ਸਿਸਟਮ ਵਿੱਚ ਵਿਆਪਕ ਤਬਦੀਲੀਆਂ ਕਰ ਦਿੱਤੀਆਂ। ਚੌਧਰ ਵਾਲੇ ਸਾਰੇ ਕੰਮ ਆਪਣੇ ਗੁੱਟ ਦੇ ਪ੍ਰੋਫੈਸਰਾਂ ਨੂੰ ਦੇ ਦਿੱਤੇ। ਹਲਕੇ ਦਰਜੇ ਦੇ ਕੰਮ ਸ਼ਾਮ ਸਿੰਘ ਵਾਲੇ ਗੁੱਟ ਨੂੰ ਦਿੱਤੇ ਜਾਣੇ ਸ਼ੁਰੂ ਹੋ ਗਏ। ਸ਼ਾਮ ਸਿੰਘ ਨੂੰ ਨਾ ਕੋਈ ਚੌਧਰ ਕਰਨ ਵਾਲਾ ਕੰਮ ਸੰਭਾਲਿਆ ਜਾਂਦਾ ਤੇ ਨਾ ਹੀ ਕੋਈ ਐਸਾ ਕੰਮ ਸੰਭਾਲਿਆ ਜਾਂਦਾ ਜਿਸ ਦੀ ਅਖਬਾਰਾਂ ਵਿੱਚ ਖਬਰ ਲੱਗਣੀ ਹੋਵੇ। ਸ਼ਾਮ ਸਿੰਘ ਚੰਗਾ ਵਕਤਾ ਸੀ। ਕਾਲਜ ਵਿੱਚ ਉਸ ਸਾਲ ਬਸੰਤ ਪੰਚਮੀ ਦੇ ਮੌਕੇ ਤੇ ਕੀਰਤਨ ਦਰਬਾਰ ਕਰਵਾਇਆ ਗਿਆ। ਇੱਕ ਪ੍ਰਸਿੱਧ ਕੀਰਤਨੀ ਜਥੇ ਨੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ। ਸਾਰੇ ਪ੍ਰੋਗਰਾਮ ਵਿੱਚ ਚੌਧਰ ਪ੍ਰੋ: ਕਰਮ ਸਿµਘ ਦੀ ਰਹੀ, ਭਾਵੇਂ ਪਹਿਲਾਂ ਸਰਮੁੱਖ ਸਿੰਘ ਦੇ ਵੇਲੇ ਇਸ ਪ੍ਰਕਾਰ ਦੇ ਕਾਰਜ ਦੀ ਸਾਂਭ ਸੰਭਾਲ ਤੇ ਸਟੇਜ ਸਕੱਤਰੀ ਸ਼ਾਮ ਸਿੰਘ ਕਰਦਾ ਹੁੰਦਾ ਸੀ। ਸੈਸ਼ਨ ਦੇ ਅੰਤ ਵਿੱਚ ਕਾਲਜ ਦੇ ਰਸਾਲੇ ਵਿੱਚ ਸ਼ਾਮ ਸਿੰਘ ਦੀ ਇੱਕ ਵੀ ਫੋਟੋ ਨਜ਼ਰ ਨਾ ਆਈ। ਸ਼ਾਮ ਸਿੰਘ ਦੀ ਸੇਵਾ ਮੁਕਤੀ ਦੇ ਛੇ ਸਾਲ ਰਹਿੰਦੇ ਸਨ ਤੇ ਰਾਜਿੰਦਰ ਸਿੰਘ ਦੇ ਅਜੇ 11 ਸਾਲ ਬਾਕੀ ਸਨ। ਰਾਜਿੰਦਰ ਸਿੰਘ ਨੂੰ ਆਸ ਸੀ ਕਿ ਉਹ ਪੱਕੇ ਤੌਰ ਤੇ ਹੀ ਪ੍ਰਿੰਸੀਪਲ ਦੀ ਕੁਰਸੀ ਤੇ ਬਿਰਾਜਮਾਨ ਹੋ ਜਾਵੇਗਾ। ਉਹ ਸੋਚਦਾ ਸੀ ਕਿ ਪ੍ਰਧਾਨ ਤੇ ਸਕੱਤਰ ਦੇ ਬਾਹਰੋਂ ਆਉਣ ਨਾਲ ਕਾਲਜ ਦੀ ਆਰਥਿਕ ਹਾਲਤ ਕਾਫੀ ਚੰਗੀ ਹੋ ਜਾਏਗੀ। ਉਹ ਇਸ ਖੁਸ਼ਹਾਲ ਅਦਾਰੇ ਵਿੱਚ ਸਾਰੀ ਉਮਰ ਪ੍ਰਿੰਸੀਪਲ ਰਹਿ ਕੇ ਇਲਾਕੇ ਵਿੱਚ ਆਪਣੀ ਨਰੋਈ ਸਾਖ ਕਾਇਮ ਕਰ ਲਵੇਗਾ। ਸੁਣਿਆ ਸੀ ਕਿ ਉਹ ਬੋਚ ਬੋਚ ਕੇ ਪੈਰ ਰੱਖਦਾ ਸੀ ਤੇ ਕਿਸੇ ਯੂਨੀਵਰਸਿਟੀ ਤੋਂ ਪੀ. ਐਚ. ਡੀ. ਦੀ ਡਿਗਰੀ ਵਾਸਤੇ ਰਿਸਰਚ ਵੀ ਕਰ ਰਿਹਾ ਸੀ। ਉਹ ਪ੍ਰਧਾਨ ਦੇ ਗੁੱਟ ਵਿੱਚ ਆਪਣੀ ਮਜਬੂਤ ਸਾਖ ਵੀ ਕਾਇਮ ਕਰੀ ਜਾ ਰਿਹਾ ਸੀ।

ਪ੍ਰਧਾਨ ਤੇ ਸਕੱਤਰ ਅੱਛੇ ਖਾਸੇ ਪੈਸੇ ਉਗਰਾਹ ਕੇ ਵਾਪਸ ਆ ਗਏ। ਸਾਇੰਸ ਦੇ ਮਜਮੂਨ ਚਲਾਉਣ ਦੀ ਤਿਆਰੀ ਪੂਰੀ ਜ਼ੋਰਾਂ ਤੇ ਸੀ। ਖੇਡਾਂ ਦੇ ਖੇਤਰ ਵਿੱਚ ਵੀ ਕਾਲਜ ਨੇ ਚੰਗਾ ਨਾਮਣਾ ਖੱਟਿਆ ਸੀ। ਸਾਰਾ ਸਟਾਫ ਸੋਚਾਂ ਵਿੱਚ ਸੀ ਕਿ ਹੁਣ ਪ੍ਰਿੰਸੀਪਲ ਦੀ ਕੁਰਸੀ ਤੇ ਪੱਕੇ ਤੌਰ ਤੇ ਕੌਣ ਬੈਠੂ। ਰਾਜਿੰਦਰ ਸਿੰਘ ਨੇ ਆਪਣਾ ਪ੍ਰਭਾਵ ਵਧਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਸੀ। ਉਸਨੂੰ ਕਾਰਜਕਾਰੀ ਮੁਖੀ ਦੇ ਤੌਰ ਤੇ ਦੋ ਵਾਰੀ ਸਮਾਂ ਦੇ ਦਿੱਤਾ ਗਿਆ ਸੀ। ਇੱਕ ਵਾਰ ਇੱਕ ਸਾਲ ਦਾ ਤੇ ਦੂਜੀ ਵਾਰ ਛੇ ਮਹੀਨੇ ਦਾ। ਹੁਣ ਪ੍ਰਧਾਨ ਤੇ ਸਕੱਤਰ ਨੇ ਮੀਟਿੰਗ ਬੁਲਾ ਕੇ ਕਮੇਟੀ ਤੋਂ ਪਾਸ ਕਰਵਾ ਲਿਆ ਸੀ ਕਿ ਪ੍ਰਿੰਸੀਪਲ ਦੀ ਪੱਕੇ ਤੌਰ ਤੇ ਨਿਯੁਕਤੀ ਲਈ ਪੈਨਲ ਬੁਲਾ ਲਿਆ ਜਾਵੇ। ਹੁਣ ਯੂ. ਜੀ. ਸੀ. ਨੇ ਪ੍ਰਿੰਸੀਪਲ ਲਈ ਯੋਗਤਾ ਪੀ. ਐਚ. ਡੀ. ਵੀ ਕਰ ਦਿੱਤੀ ਸੀ। ਕਾਲਜ ਵਿੱਚ ਪੀ. ਐਚ. ਡੀ. ਡਿਗਰੀ ਪ੍ਰਾਪਤ ਸਿਰਫ ਦੋ ਪ੍ਰੋਫੈਸਰ ਹੀ ਸਨ – ਕੰਪਿਊਟਰ ਸਾਇੰਸ ਵਾਲਾ ਉਜਾਗਰ ਸਿੰਘ ਭੰਗੂ ਤੇ ਸਰੀਰਕ ਸਿੱਖਿਆ ਵਾਲਾ ਜਗਤ ਸਿੰਘ ਵੜੈਚ। ਜਾਹਰ ਸੀ ਕਿ ਪ੍ਰਿੰਸੀਪਲ ਦੀ ਅਸਾਮੀ ਲਈ ਸਿਰਫ ਇਹ ਦੋਨੇ ਹੀ ਅਰਜ਼ੀ ਦੇ ਸਕਦੇ ਸਨ। ਰਾਜਿੰਦਰ ਸਿੰਘ ਦਾ ਥੀਸਿਸ ਤਾਂ ਤਿਆਰ ਸੀ ਪਰ ਅਜੇ ਵਾਈਵਾ ਰਹਿੰਦਾ ਸੀ। ਜਾਹਰ ਸੀ ਕਿ ਉਸਨੂੰ ਘੱਟ ਤੋਂ ਘੱਟ ਛੇ ਮਹੀਨੇ ਲੱਗ ਜਾਣੇ ਸਨ। ਯੂ. ਜੀ. ਸੀ. ਉਸਨੂੰ ਤੀਜੀ ਐਕਸਟੈਂਸ਼ਨ ਦੇਣ ਦੀ ਮਨਜ਼ੂਰੀ ਨਹੀਂ ਦੇ ਰਿਹਾ ਸੀ। ਦੇਖਣ ਪਾਖਣ ਵਿੱਚ ਸਭ ਤੋਂ ਯੋਗ ਵਿਅਕਤੀ ਡਾ: ਉਜਾਗਰ ਸਿµਘ ਭੰਗੂ ਹੀ ਲੱਗਦਾ ਸੀ। ਜ਼ੋਰ ਸਭ ਤੋਂ ਵੱਧ ਸਰੀਰਕ ਸਿੱਖਿਆ ਵਾਲੇ ਡਾ: ਵੜੈਚ ਦਾ ਲੱਗਿਆ ਹੋਇਆ ਸੀ। ਵੜੈਚ ਭਾਵੇਂ ਡਾਕਟਰ ਸੀ ਪਰ ਸੀ ਪੂਰਾ ਧੂਸਮਾਰ।

ਦਫਤਰ ਨੇ ਪਹੁੰਚੀਆਂ ਅਰਜ਼ੀਆਂ ਕਮੇਟੀ ਮੂਹਰੇ ਰੱਖ ਦਿੱਤੀਆਂ। ਸ਼ਰਤ ਪੀ. ਐਚ. ਡੀ. ਹੋਣ ਕਰਕੇ ਉਮੀਦਵਾਰ ਮਸਾਂ ਪੰਜ ਹੀ ਸਨ। ਦੋ ਤਾਂ ਕਾਲਜ ਦੇ ਹੀ ਸਨ। ਬਾਹਰਲਿਆਂ ਤਿੰਨਾਂ ਵਿੱਚੋਂ ਦੋ ਨੇ ਥੀਸਿਸ ਜਮ੍ਹਾਂ ਕਰਵਾਏ ਹੋਏ ਸਨ। ਉਹਨਾਂ ਦਾ ਵਾਈਵਾ ਹੋਣਾ ਅਜੇ ਬਾਕੀ ਸੀ। ਉਹਨਾਂ ਸੋਚਿਆ ਸੀ ਕਿ ਸ਼ਾਇਦ ਕੰਮ ਬਣ ਹੀ ਜਾਵੇ, ਸ਼ਾਇਦ ਪੈਨਲ ਕਹਿ ਦੇਵੇ ਕਿ ਛੇ ਮਹੀਨੇ ਵਿੱਚ ਆਪਣੀ ਡਿਗਰੀ ਪੂਰੀ ਕਰ ਲਓ। ਤੀਜਾ ਕਿਸੇ ਨੇੜੇ ਦੇ ਕਾਲਜ ਵਿੱਚੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਕੱਢਿਆ ਹੋਇਆ ਸੀ। ਲਾ ਪਾ ਕੇ ਅਸਲੀ ਮੁਕਾਬਲਾ ਤਾਂ ਡਾ: ਭੰਗੂ ਤੇ ਡਾ: ਵੜੈਚ ਵਿੱਚ ਹੀ ਸੀ। ਦੋਨੋਂ ਜਣੇ ਪੂਰੀ ਸਰਗਰਮੀ ਨਾਲ ਕਮੇਟੀ ਮੈਂਬਰਾਂ ਨੂੰ ਮਿਲ ਰਹੇ ਸਨ ਤੇ ਯੂਨੀਵਰਸਿਟੀ ਤੇ ਡੀ. ਪੀ. ਆਈ. ਦੇ ਨੁਮਾਇੰਦਿਆਂ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਵੀ ਕਰੀ ਰਹੇ ਸਨ। ਭੰਗੂ ਦੇ ਸੰਗੀ ਸਾਥੀ ਉਸ ਲਈ ਪੂਰਾ ਜ਼ੋਰ ਲਗਾ ਰਹੇ ਸਨ ਤੇ ਵੜੈਚ ਦਾ ਗੁੱਟ ਇੰਨਾ ਪੱਬਾਂ ਭਾਰ ਹੋਇਆ ਪਿਆ ਸੀ ਕਿ ਮੌਕਾ ਬਿਲਕੁਲ ਵੀ ਹੱਥੋਂ ਜਾਣ ਨਹੀਂ ਸੀ ਦੇਣਾ ਚਾਹੁੰਦਾ। ਇµਟਰਵਿਊ ਦਾ ਦਿਨ ਨੇੜੇ ਆ ਰਿਹਾ ਸੀ। ਬੁਲਾਵਾ ਸਿਰਫ ਇਹਨਾਂ ਦੋਹਾਂ ਨੂੰ ਹੀ ਭੇਜਿਆ ਗਿਆ ਸੀ ਕਿਉਂਕਿ ਬਾਕੀ ਕਿਸੇ ਦੀ ਯੋਗਤਾ ਵੀ ਲੋੜੀਂਦੀ ਨਹੀਂ ਸੀ। ਕਾਲਜ ਦੇ ਦਫਤਰ ਵਿੱਚ ਇੰਟਰਵਿਊ ਹੋਈ। ਅੰਦਰੋਂ ਕਣਸੋਅ ਮਿਲਣੀ ਸ਼ੁਰੂ ਹੋ ਗਈ ਸੀ ਕਿ ਡਾ: ਵੜੈਚ ਕਾਮਯਾਬ ਹੋ ਰਿਹਾ ਸੀ। ਇਸ ਲਈ ਉਹ ਤਾਂ ਖੁਸ਼ ਹੈ ਹੀ ਸੀ ਪਰੰਤੂ ਦੂਸਰੇ ਦਿਨ ਦੁਪਹਿਰੇ ਜਿਹੇ ਇੱਕ ਨਵੀਂ ਖਬਰ ਆ ਗਈ। ਡਾ: ਭੰਗੂ ਨੂੰ ਬਰਕਲੇ ਯੂਨੀਵਰਸਿਟੀ ਯੂ. ਐਸ. ਏ. ਨੇ ਫੇਲੋਸ਼ਿੱਪ ਦੇ ਦਿੱਤੀ ਸੀ। ਉਸ ਨੇ ਕੁਝ ਸਮਾਂ ਪਹਿਲਾਂ ਇਹਦੇ ਵਾਸਤੇ ਚੁਪਚਾਪ ਫਾਰਮ ਭਰਿਆ ਸੀ। ਜੇ ਉਹ ਕਾਲਜ ਵਿੱਚ ਰਹਿ ਜਾਂਦਾ ਤਾਂ ਉਸ ਦੀ ਹਾਲਤ ਉਦੋਂ ਤੱਕ ਹਰਭਜਨ ਸਿੰਘ ਤੇ ਸ਼ਾਮ ਸਿੰਘ ਜਿਹੀ ਹੀ ਰਹਿਣੀ ਸੀ ਜਦ ਤੱਕ ਡਾ: ਵੜੈਚ ਪ੍ਰਿੰਸੀਪਲ ਦੀ ਕੁਰਸੀ ‘ਤੇ ਬਿਰਾਜਮਾਨ ਰਹਿਣਾ ਸੀ।

ਕੁਦਰਤ ਨੇ ਡਾ: ਉਜਾਗਰ ਸਿੰਘ ਭੰਗੂ ਨੂੰ ਯੂ. ਐਸ. ਏ.  ਫੇਲੋਸ਼ਿੱਪ ਦੁਆ ਕੇ ਕਾਲਜ ਵਿੱਚ ਡਾ: ਵੜੈਚ ਦੀ ਲਗਾਤਾਰ ਅਧੀਨਗੀ ਤੋਂ ਬਚਾ ਲਿਆ ਸੀ। ਇੰਝ ਉਹ ਜ਼ਲੀਲ ਹੋਣੋ ਬਚ ਗਿਆ ਸੀ।
***
ਅਵਤਾਰ ਐਸ. ਸੰਘਾ
ਸਿਡਨੀ ਆਸਟਰੇਲੀਆ
ਫੋਨ ਨੰਬਰ:- +61 437 64

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1685
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Dr. Avtar S. Sangha
BA ( Hons. English) MA English, Ph.D English--- Punjab
Graduate Dip In Education--- NSW ( Australia)
Lecturer in English in a college in Punjab for 25 years.
Teacher in Sydney--- 6 years
Now retired
Author of 8 books
**
sangha_avtar@hotmail.com

My latest book of short English fiction STORM IN A TEACUP AND OTHER STORIES can be seen on
DESIBUZZ CANADA
**
The Punjabi book of short stories edited by me and published by Azad Book Depot Amritsar 5 PARVAASI KAHANIKAAR is now available in the market.
**

ਅਵਤਾਰ ਐਸ ਸੰਘਾ

Dr. Avtar S. Sangha BA ( Hons. English)  MA English,  Ph.D English--- Punjab Graduate Dip In Education--- NSW ( Australia) Lecturer in English  in a college  in Punjab for 25 years. Teacher in Sydney--- 6 years Now retired Author of 8 books ** sangha_avtar@hotmail.com My latest book of short English fiction STORM IN A TEACUP AND OTHER STORIES can be seen on DESIBUZZ CANADA ** The Punjabi book of short stories  edited by me and published  by Azad Book Depot Amritsar  5 PARVAASI KAHANIKAAR  is now available in the market. **

View all posts by ਅਵਤਾਰ ਐਸ ਸੰਘਾ →