4 February 2026

ਕਹਾਣੀ: ਮੈਹਲੇ ਮਾਜਰਾ — ਅਵਤਾਰ ਐਸ. ਸੰਘਾ

ਸਿਡਨੀ ਦੀ ਇੱਕ ਸੀਨੀਅਰ ਸਿਟੀਜਨਜ਼ ਦੀ ਸੱਥ ਵਿੱਚ ਦੋ 83 ਸਾਲ ਅਤੇ 85 ਸਾਲ ਦੇ ਬਜ਼ੁਰਗ ਆਉਂਦੇ ਹੁੰਦੇ ਸਨ। ਇੱਕ ਦਾ ਨਾਮ ਰਾਮ ਸਿੰਘ ਸੀ ਤੇ ਦੂਜੇ ਦਾ ਨਾਮ ਰਲਾ ਸਿੰਘ। ਸ਼ਾਇਦ ਇਹਨਾਂ ਦੇ ਪੋਤੇ/ਪੋਤੀਆਂ ਜਾਂ ਦਹੋਤੇ/ਦੋਹਤੀਆਂ ਇਹਨਾਂ ਨੂੰ ਸੱਥ ਵਿੱਚ ਛੱਡ ਜਾਇਆ ਕਰਦੇ ਸਨ। ਸੱਥ ਸਿਰਫ ਐਤਵਾਰ ਵਾਲੇ ਦਿਨ ਹੀ ਲੱਗਦੀ ਹੁੰਦੀ ਸੀ। ਬਜ਼ੁਰਗ ਪਹਿਲਾਂ ਨੇੜੇ ਪੈਂਦੇ ਗੁਰੂ ਘਰ ਵਿੱਚ ਮੱਥਾ ਟੇਕਿਆ ਕਰਦੇ ਸਨ। ਫਿਰ ਲੰਗਰ ਛੱਕ ਕੇ ਸੱਥ ਵੱਲ ਦੇ ਪਾਸੇ ਨੂੰ ਆ ਜਾਇਆ ਕਰਦੇ ਸਨ। ਸੱਥ ਵਿੱਚ ਹਲਕਾ ਫੁਲਕਾ ਸੱਭਿਆਚਾਰਕ ਪ੍ਰੋਗਰਾਮ ਹੋਇਆ ਕਰਦਾ ਸੀ। ਬਹੁਤੇ ਹਾਜ਼ਰ ਸੀਨੀਅਰਜ਼ ਕੁਝ ਨਾ ਕੁਝ ਸੁਣਾਇਆ ਕਰਦੇ ਸਨ। ਕੋਈ ਕਵਿਤਾ ਸੁਣਾਉਂਦਾ ਸੀ, ਕੋਈ ਛੋਟੀ ਮੋਟੀ ਕਹਾਣੀ ਸੁਣਾਉਂਦਾ ਸੀ, ਕੋਈ ਇੱਕ ਦੋ ਚੁਟਕਲੇ ਸੁਣਾ ਦਿਆ ਕਰਦੇ ਸੀ, ਕੋਈ ਇਤਿਹਾਸ ਨਾਲ ਸੰਬੰਧਿਤ ਕੋਈ ਗੱਲ ਕਰਦਾ ਸੀ ਤੇ ਕੋਈ ਆਪਣੀ ਹੱਡਬੀਤੀ ਸੁਣਾ ਦਿਆ ਕਰਦਾ ਸੀ। ਸੱਥ ਖਤਮ ਹੋਣ ਤੋਂ ਬਾਅਦ ਗਰੁੱਪ ਫੋਟੋ ਹੁੰਦੀ ਸੀ। ਮੈਂ ਇਸ ਸੱਥ ਵਿੱਚ ਬਤੌਰ ਪੱਤਰਕਾਰ ਜਾਂ ਸੀਨੀਅਰ ਸਿਟੀਜ਼ਨ ਜਾਇਆ ਕਰਦਾ ਸਾਂ। ਮੈਂ ਇਹ ਫੋਟੋ ਅਤੇ ਸੱਥ ਦੀ ਰਿਪੋਰਟ ਆਪਣੀ ਅਖਬਾਰ ਵਿੱਚ ਲਗਾ ਦਿਆ ਕਰਦਾ ਸਾਂ।

ਰਾਮ ਸਿੰਘ ਤੇ ਰਲਾ ਸਿੰਘ ਹਮਉਮਰ ਤਾਂ ਸਨ ਹੀ। ਉਹਨਾਂ ਦੇ ਘਰ ਦੇ ਹਾਲਾਤ ਵੀ ਤਕਰੀਬਨ ਮਿਲਦੇ ਜੁਲਦੇ ਹੀ ਸਨ। ਇੱਕ ਸ਼ਾਇਦ ਆਪਣੇ ਲੜਕੇ ਦੇ ਪਰਿਵਾਰ ਨਾਲ ਰਹਿੰਦਾ ਸੀ ਤੇ ਦੂਜਾ ਆਪਣੀ ਲੜਕੀ ਦੇ ਪਰਿਵਾਰ ਨਾਲ। ਦੋਨੇ ਬਜ਼ੁਰਗ ਪੁਰਾਣੇ ਦਸਵੀਂ ਪਾਸ ਤਾਂ ਲੱਗਦੇ ਹੀ ਸਨ। ਸ਼ਾਇਦ ਇਸ ਤੋਂ ਵੱਧ ਵੀ ਮਾੜੇ ਮੋਟੇ ਹੋਣ। ਇੱਕ ਦਿਨ ਸੱਥ ਵਿੱਚ ਰਾਮ ਸਿੰਘ ਨੇ ਆਪਣੇ ਪਿੰਡ ਮਹਿਲਾਂ ਮਾਜਰੀ ਨਾਲ ਸੰਬੰਧਿਤ ਇੱਕ ਘਟਨਾ ਸੁਣਾਈ। ਘਟਨਾ ਭਾਰੀ ਹੜ੍ਹਾਂ ਨਾਲ ਸੰਬੰਧਿਤ ਸੀ। ਇਹ ਹੜ੍ਹ ਦੋ ਕੁ ਮਹੀਨੇ ਪਹਿਲਾਂ ਹੀ ਪੰਜਾਬ ਵਿੱਚ ਆਏ ਸਨ। ਸੂਬੇ ਦੇ ਹੇਠਲੇ ਜਿਲ੍ਹਿਆਂ ਵਿੱਚ ਦੋਹਾਂ ਦਰਿਆਵਾਂ ਸਤਲੁਜ ਅਤੇ ਬਿਆਸ ਦਾ ਪਾਣੀ ਦੂਰ ਦੂਰ ਤੱਕ ਫੈਲ ਗਿਆ ਸੀ ਤੇ ਜਾਨੀ ਅਤੇ ਮਾਲੀ ਨੁਕਸਾਨ ਕਾਫੀ ਹੋਇਆ ਸੀ।

ਰਾਮ ਸਿੰਘ ਹੌਲੀ ਹੌਲੀ ਸਟੇਜ ਤੱਕ ਪਹੁੰਚਿਆ ਤੇ ਆਪਣੇ ਪਿੰਡ ਦੇ ਹੜ੍ਹਾਂ ਬਾਰੇ ਬੋਲਣ ਲੱਗ ਪਿਆ। ਕਹਿੰਦਾ, “ਪਹਿਲਾਂ ਇੱਕ ਦਿਨ ਮੀਂਹ ਦਾ ਛਰਾਟਾ ਪਿਆ ਤੇ ਲੋਕਾਂ ਨੇ ਅੰਤਾਂ ਦੀ ਤਪਸ਼ ਤੋਂ ਰਾਹਤ ਮਹਿਸੂਸ ਕੀਤੀ। ਇਹ ਛਰਾਟਾ ਬਾਸਮਤੀ ਦੀ ਫਸਲ ਲਈ ਬੜਾ ਸੁਖਾਵਾਂ ਤੇ ਲਾਹੇਮੰਦ ਸੀ। ਇਹ ਰਾਤ ਕਿਸਾਨ ਇਹ ਸੋਚ ਕੇ ਬੜੇ ਹੀ ਆਰਾਮ ਨਾਲ ਸੁੱਤੇ ਕਿ ਮੀਂਹ ਦੀ ਇਸ ਸਲ੍ਹਾਬ ਕਾਰਨ ਖੇਤਾਂ ਨੂੰ ਬੜੇ ਹੀ ਆਰਾਮ ਨਾਲ ਵਾਹਿਆ ਜਾ ਸਕਦਾ ਸੀ ਤੇ ਇਹਨਾਂ ਝੋਨਾ ਵੱਢੇ ਖੇਤਾਂ ਵਿੱਚ ਕਣਕ ਦੀ ਬਿਜਾਈ ਕਰ ਦਿੱਤੀ ਜਾਵੇਗੀ। ਝੋਨਾ ਬਾਸਮਤੀ ਤੋਂ ਪਹਿਲਾਂ ਵੱਢ ਲਿਆ ਜਾਂਦਾ ਸੀ ਤੇ ਇਹਨਾਂ ਖੇਤਾਂ ਵਿੱਚ ਕਿਸਾਨ ਅਕਸਰ ਪਛੇਤੀ ਕਣਕ ਬੀਜਿਆ ਕਰਦੇ ਸਨ। ਪਿੰਡ ਦੇ ਉੱਚੇ ਹਿੱਸੇ ਵਿੱਚ ਅਜੇ ਲੋਕ ਸੁੱਤੇ ਹੀ ਪਏ ਸਨ ਕਿ ਪਿੰਡ ਦੇ ਕੁਝ ਨੀਵੇਂ ਹਿੱਸਿਆਂ ਵਿੱਚ ਲੋਕਾਂ ਨੇ ਮਹਿਸੂਸ ਕੀਤਾ ਜਿਵੇਂ ਪਾਣੀ ਉਹਨਾਂ ਦੇ ਮੰਜਿਆਂ ਉੱਪਰ ਬਿਸਤਰਿਆਂ ਨੂੰ ਛੂਹ ਰਿਹਾ ਹੋਵੇ। ਜ਼ਿਆਦਾ ਮੀਹ ਉੱਪਰਲੇ ਇਲਾਕਿਆਂ ਵਿੱਚ ਪਿਆ ਸੀ, ਹੇਠਾਂ ਅਜੇ ਥੋੜਾ ਸਮਾਂ ਪਹਿਲਾਂ ਮੀਂਹ ਸ਼ੁਰੂ ਹੋਇਆ ਸੀ। ਪਾਣੀ ਇੰਨੀ ਤੇਜ਼ੀ ਨਾਲ ਉੱਚਾ ਉੱਠਦਾ ਜਾ ਰਿਹਾ ਸੀ ਕਿ ਲੋਕਾਂ ਨੇ ਜਾਗ ਖੁੱਲ੍ਹਦੇ ਸਾਰ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੀ: ‘ਹੜ੍ਹ ਓਏ! ਹੜ੍ਹ ਓਏ! ਦੌੜੋ! ਦੌੜੋ! ਮਰ ਗਏ ਓ ਲੋਕੋ! ਡੁੱਬ ਗਏ ਓ ਲੋਕੋ!!’

ਬਚਨਾ ਪਿੰਡ ਦੇ ਨੀਵੇਂ ਪਾਸੇ ਰਹਿ ਰਿਹਾ ਸੀ। ਇੱਕ ਮੱਧ ਵਰਗੀ ਕਿਸਾਨ ਸੀ। ਉਸਦਾ ਘਰ ਅੱਧਾ ਪੱਕਾ ਸੀ ਤੇ ਅੱਧਾ ਕੱਚਾ। ਉਸਦੇ ਨਾਲ ਲੱਗਦਾ ਮਾਰ ਖੁੰਡਿਆਂ ਦੇ ਭੂਰੇ ਹੋਰਾਂ ਦਾ ਘਰ ਨਵਾਂ ਬਣਿਆ ਹੋਇਆ ਸੀ ਤੇ ਪੂਰਾ ਮਜਬੂਤ ਸੀ। ਭੂਰੇ ਹੋਰਾਂ ਦੀ ਆਦਤ ਵੈਸੇ ਵੀ ਲੋਕਾਂ ਨੂੰ ਤੰਗ ਕਰਨ ਦੀ ਹੁੰਦੀ ਸੀ। ਲੋਕਾਂ ਦੀਆਂ ਚੀਜ਼ਾਂ ਚੋਰੀ ਵੀ ਕਰ ਲਿਆ ਕਰਦੇ ਸਨ। ਇੱਕ ਵਾਰ ਭੂਰੇ ਹੋਰੀਂ ਬਚਨੇ ਦੇ ਤੰਗੜ ਚੋਰੀ ਕਰਕੇ ਲੈ ਗਏ ਸਨ। ਪੰਚਾਇਤ ਦਾ ਇਕੱਠ ਹੋਇਆ ਸੀ ਤੇ ਤੰਗੜ ਮੁਸ਼ਕਿਲ ਨਾਲ ਲੱਭੇ ਸਨ। ਭੂਰੇ ਹੁਰੀਂ ਇੱਕ ਵਾਰ ਖੂਨੀਆਂ ਦੇ ਟੱਬਰ ਦੇ ਖੇਤਾਂ ਵਿੱਚੋਂ 30-40 ਹਲਵਾ ਕੱਦੂ ਤੋੜ ਲਿਆਏ ਸਨ। ਇਸ ਪ੍ਰਕਾਰ ਦੇ ਕੱਦੂ ਲੰਮਾ ਸਮਾਂ ਸੰਭਾਲੇ ਜਾ ਸਕਦੇ ਹੁੰਦੇ ਸਨ। ਜਦੋਂ ਝੋਨਾ ਲਗਾਉਣ ਦਾ ਸਮਾਂ ਆਉਂਦਾ ਹੁੰਦਾ ਸੀ ਉਦੋਂ ਬਰਸਾਤਾਂ ਵਿੱਚ ਲਾਵਿਆਂ ਲਈ ਸਬਜੀ ਬਰਸਾਤ ਵਿੱਚ ਅੰਤਾਂ ਦੀ ਮਹਿੰਗੀ ਮਿਲਦੀ ਸੀ ਜਾਂ ਔਖੀ ਮਿਲਦੀ ਹੁੰਦੀ ਸੀ। ਲੋਕ ਉਦੋਂ ਆਪਣੀ ਪੜਛੱਤੀ ਉੱਪਰੋਂ ਕੱਦੂ ਚੁੱਕ ਕੇ ਵਿੱਚ ਮੇਥੇ ਪਾ ਕੇ ਕਰਾਰੇ ਜਿਹੇ ਬਣਾ ਕੇ ਲਾਵਿਆਂ ਦੀ ਰੋਟੀ ਦਾ ਡੰਗ ਸਾਰ ਲਿਆ ਕਰਦੇ ਸਨ। ਲੋਕਾਂ ਨੂੰ 10-15 ਲਾਵੇ ਲੱਭਣੇ ਪੈਂਦੇ ਹੁੰਦੇ ਸਨ ਇਹ ਲਾਵੇ ਆਪਣੇ ਮਿਹਨਤਾਨੇ ਦੇ ਨਾਲ ਦੋ ਡੰਗ ਦੀ ਰੋਟੀ ਵੀ ਮੰਗਿਆ ਕਰਦੇ ਸਨ। ਲਾਵਿਆਂ ਨੂੰ ਕੱਦੂ ਦੀ ਸਬਜੀ ਨਾਲ ਲੱਸੀ ਦਾ ਬਾਲਟਾ ਤੇ ਉਹਨਾਂ ਨਾਲ ਅੰਬ ਦਾ ਅਚਾਰ। ਸਸਤਾ, ਸਵਾਦ ਤੇ ਸੌਖਾ ਭੋਜਨ। ਭੁੱਖ ਵਿੱਚ ਛੋਲੇ ਵੀ ਬਦਾਮ। ਕਿਸਾਨ ਵੀ ਖੁਸ਼ ਤੇ ਲਾਵੇ ਵੀ ਖੁਸ਼। ਲਾਵੇ ਉਸ ਸਮੇਂ ਪਿੰਡ ਦੇ ਆਦਿਧਰਮੀ ਹੀ ਹੋਇਆ ਕਰਦੇ ਸਨ। ਯੂ.ਪੀ ਤੇ ਬਿਹਾਰ ਦੇ ਭਈਏ ਘੱਟ ਹੁੰਦੇ ਸਨ। ਹੜ੍ਹਾਂ ਦਾ ਪਾਣੀ ਆਉਣ ਨਾਲ ਬਚਨਾ ਬਹੁਤ ਡਰ ਗਿਆ ਸੀ। ਜਿੰਨਾ ਹੋ ਸਕਿਆ ਉਸਨੇ ਕਾਹਲੀ ਕਾਹਲੀ ਸਮਾਨ ਆਪਣੀ ਰੇਹੜੀ ਤੇ ਲੱਦ ਲਿਆ। ਉਸਨੇ ਬਲਦ ਪਹਿਲਾਂ ਹੀ ਉੱਚੀ ਥਾਂ ਤੇ ਬੰਨ੍ਹੇ ਹੋਏ ਸਨ। ਮਸਲਾ ਇੱਕ ਵੱਡੀ ਲੋਹੇ ਦੀ ਪੇਟੀ ਦਾ ਸੀ। ਬਚਨੇ ਤੇ ਉਸਦੀ ਘਰਵਾਲੀ ਨੇ ਵੱਡੀ ਲੋਹੇ ਦੀ ਪੇਟੀ ਪੱਠੇ ਕੁਤਰਨ ਵਾਲੀ ਗੇੜੀ ਨਾਲ ਸੰਗਲ ਲਗਾ ਕੇ ਬੰਨ੍ਹ ਦਿੱਤੀ। ਬਚਨੇ ਨੂੰ ਉਮੀਦ ਸੀ ਕਿ ਘਰਾਂ ਵਿੱਚ ਵੜਿਆ ਪਾਣੀ ਦੋ ਤਿੰਨ ਦਿਨ ਵਿੱਚ ਉੱਤਰ ਜਾਵੇਗਾ ਤੇ ਉਹ ਆਪਣੀ ਬਹੁਮੁੱਲੀ ਪੇਟੀ ਆ ਕੇ ਸੰਭਾਲ ਲਵੇਗਾ। ਘਰ ਨੇੜੇ ਦੀ ਸੜਕ ਉੱਪਰ ਨੂੰ ਅਰਧ ਪਹਾੜੀ ਇਲਾਕੇ ਵੱਲ ਨੂੰ ਜਾਂਦੀ ਸੀ। ਅੱਗੇ ਇਹ ਸੜਕ ਬਚਨੇ ਦੇ ਸਹੁਰੇ ਪਿੰਡ ਨੂੰ ਚਲੀ ਜਾਂਦੀ ਸੀ। ਬਚਨੇ ਦਾ ਸਹੁਰਾ ਪਿੰਡ ਉੱਪਰ ਉੱਚੀ ਥਾਂ ਤੇ ਸੁਰੱਖਿਅਤ ਸੀ।

ਜਿਸ ਸਮੇਂ ਬਚਨੇ ਤੇ ਉਸਦੀ ਘਰਵਾਲੀ ਨੇ ਪੇਟੀ ਨੂੰ ਜੰਦਰੇ ਨਾਲ ਚਾਰਾ ਕੁਤਰਣ ਵਾਲੀ ਮਸ਼ੀਨ ਨਾਲ ਬੰਨ੍ਹਿਆ, ਉਸ ਸਮੇਂ ਭੂਰੇ ਹੋਰੀਂ ਉਹਨਾਂ ਨੂੰ ਆਪਣੇ ਅਹਾਤੇ ਵਿੱਚੋਂ ਇੱਕ ਬਿਰਲ ਰਾਹੀਂ ਦੇਖ ਰਹੇ ਸਨ। ਭੂਰੇ ਹੋਰੀਂ ਸੋਚਦੇ ਸਨ ਕਿ ਪਾਣੀ ਦਾ ਪਹਿਲਾ ਉਛਾਲਾ ਥੋੜ੍ਹੇ ਚਿਰ ਲਈ ਹੈ। ਇਸ ਲਈ ਬਚਨੇ ਦੇ ਘਰ ਅੰਦਰ ਵੜ ਕੇ ਸੰਗਲ ਵੱਢ ਕੇ ਪੇਟੀ ਨੂੰ ਕਾਬੂ ਕਰ ਲਿਆ ਜਾਵੇ। ਉਹਨਾਂ ਨੇ ਲੋਹਾ ਕੱਟਣ ਵਾਲੇ ਔਜ਼ਾਰ ਆਪਣੇ ਘਰ ਦੇ ਪਿਛਵਾੜਿਓਂ ਚੁੱਕੇ ਤੇ ਬਚਨੇ ਦੇ ਵਾੜੇ ਵਿੱਚ ਜਾ ਵੜੇ। ਉਹ ਇੱਕ ਦੂਜੇ ਨੂੰ ਹੱਲਾਸ਼ੇਰੀ ਦੇ ਕੇ ਸੰਗਲ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਉੱਪਰੋਂ ਪਾਣੀ ਦੀ ਇੱਕ ਵੱਡੀ ਛੱਲ ਆਈ ਤੇ ਦੋਹਾਂ ਭਰਾਵਾਂ ਨੂੰ ਹੜ੍ਹਾ ਕੇ ਲੈ ਗਈ। ਪਾਣੀ ਇੰਨਾ ਆਇਆ ਕਿ ਪਿੰਡ ਦਾ ਨੀਵਾਂ ਪਾਸਾ ਪਾਣੀ ਨਾਲ ਭਰ ਗਿਆ। ਪਿੰਡ ਦਾ ਉੱਚਾ ਪਾਸਾ ਪੂਰਾ ਸੁਰੱਖਿਅਤ ਸੀ। ਪਿੰਡ ਦੇ ਨੀਵੇਂ ਪਾਸੇ ਬੈਠੇ ਗੱਡੀਆਂ ਵਾਲੇ ਵੀ ਜਾਨੀ ਨੁਕਸਾਨ ਤੋਂ ਬਚ ਗਏ ਸਨ ਪਰ ਉਹਨਾਂ ਦੀਆਂ ਚੀਜ਼ਾਂ ਵਸਤਾਂ ਹੜ੍ਹ ਗਈਆਂ ਸਨ। ਜਦ ਚਾਰ ਪੰਜ ਦਿਨਾਂ ਬਾਅਦ ਵਰਖਾ ਘਟੀ ਤਾਂ ਹੜ੍ਹ ਉੱਤਰ ਗਏ। ਸਮਾਜ ਸੇਵੀ ਸੰਸਥਾਵਾਂ ਰਾਹਤ ਦਾ ਸਮਾਨ ਲੈ ਕੇ ਪਹੁੰਚ ਗਈਆਂ। ਲੋਕਾਂ ਨੇ ਤੇ ਇਹਨਾਂ ਸਮਾਜ ਸੇਵੀ ਸੰਸਥਾਵਾਂ ਨੇ ਦੇਖਿਆ ਕਿ ਭੂਰੇ ਹੋਰਾਂ ਦੀਆਂ ਲਾਸ਼ਾਂ ਪਾਣੀ ਉੱਪਰ ਤੈਰ ਰਹੀਆਂ ਸਨ। ਪੁਲਿਸ ਨੇ ਆ ਕੇ ਇਹਨਾਂ ਲਾਸ਼ਾਂ ਨੂੰ ਬਾਹਰ ਕਢਵਾਇਆਂ ਤੇ ਇਹਨਾਂ ਦਾ ਦਾਹ ਸੰਸਕਾਰ ਕਰਵਾਇਆ।

ਹੜ੍ਹ ਠਲ੍ਹਣ ਤੋਂ ਬਾਅਦ ਬਚਨਾਂ ਤੇ ਉਸਦੀ ਘਰਵਾਲੀ ਆਪਣਾ ਘਰ ਦੇਖਣ ਆਏ। ਉਹਨਾਂ ਨੂੰ ਬਹੁਤਾ ਫਿਕਰ ਆਪਣੀ ਪੇਟੀ ਦਾ ਸੀ ਜਿਸ ਵਿੱਚ ਉਸਨੇ ਆਪਣੇ ਗਹਿਣੇ ਤੇ ਪੈਸੇ ਮੋਟੇ ਪਲਾਸਟਿਕ ਦੇ ਲਿਫਾਫਿਆਂ ਵਿੱਚ ਪਾ ਕੇ ਸੰਭਾਲੇ ਹੋਏ ਸਨ। ਸਰਕਾਰ ਦੀ ਨੋਟਬੰਦੀ ਪਾਲਸੀ ਤੋਂ ਬਾਅਦ ਉਹ ਆਪਣੇ ਪੈਸੇ ਘਰ ਹੀ ਰੱਖਦੇ ਹਨ। ਨੋਟਬੰਦੀ ਨੇ ਲੋਕਾਂ ਨੂੰ ਇਨਾ ਖੱਜਲ ਖੁਆਰ ਕੀਤਾ ਸੀ ਕਿ ਲੋਕਾਂ ਦੇ ਮਨਾਂ ਵਿੱਚ ਬੈਂਕਾਂ ਵੀ ਸ਼ੱਕੀ ਬਣਦੀਆਂ ਜਾ ਰਹੀਆਂ ਸਨ। ਜਦ ਉਹ ਆਪਣੇ ਘਰ ਵਾਲੀ ਥਾਂ ਤੇ ਪਹੁੰਚੇ ਤਾਂ ਉਹਨਾਂ ਨੂੰ ਆਪਣੀ ਪੇਟੀ ਵੀ ਨਜ਼ਰ ਨਾ ਆਈ। ਉਹਨਾਂ ਨੂੰ ਪੂਰਾ ਯਕੀਨ ਸੀ ਕਿ ਗੁਆਂਢੀ ਭੂਰੇ ਹੋਰੀਂ ਕੋਈ ਕਾਰਾ ਕੀਤਾ ਹੋਊ ਪਰ ਹੈਰਾਨੀ ਇਹ ਸੀ ਕਿ ਉਹ ਤਾਂ ਖੁਦ ਹੀ ਹੜ੍ਹ ਵਿੱਚ ਰੁੜ੍ਹ ਗਏ ਸਨ। ਕੋਈ ਹੋਰ ਬੰਦਾ ਦੂਰੋਂ ਆ ਕੇ ਚੋਰੀ ਕਰਦਾ – ਇਹ ਅਸੰਭਵ ਸੀ। ਪੇਟੀ ਕਿੱਧਰ ਗਈ ਸੀ – ਇਹ ਬਚਨੇ ਵਾਸਤੇ ਬਿਲਕੁਲ ਬੁਝਾਰਤ ਬਣ ਗਈ। ਕੁਝ ਦਿਨਾਂ ਬਾਅਦ ਸਰਪੰਚ ਪਾਸ ਖ਼ਬਰ ਪੁੱਜੀ ਕਿ ਪੇਟੀ ਰਾਮ ਗਲੋਲੀਆਂ ਦੇ ਘਰ ਦੇ ਪਿਛਵਾੜੇ ਥੋੜ੍ਹੇ ਡੂੰਗੇ ਪਾਣੀ ਵਿੱਚ ਪਈ ਸੀ। ਸਰਪੰਚ ਨੇ ਹੁਸ਼ਿਆਰੀ ਵਰਤ ਕੇ ਆਪਣੇ ਲੜਕੇ ਨੂੰ ਨਾਲ ਲੈ ਕੇ ਪੇਟੀ ਖਿੱਚ ਕੇ ਕਾਬੂ ਕਰ ਲਈ। ਦੋ ਤਿੰਨ ਰਾਹਗੀਰਾਂ ਨੇ ਸਰਪੰਚ ਨਾਲ ਸਤਿ ਸ਼੍ਰੀ ਅਕਾਲ ਸਾਂਝੀ ਵੀ ਕੀਤੀ ਪਰ ਉਹਨਾਂ ਨੂੰ ਪਤਾ ਹੀ ਨਾ ਲੱਗਿਆ ਕਿ ਸਰਪੰਚ ਛੱਪੜ ਵਿੱਚ ਬਾਸਮਤੀ ਦੀ ਪਰਾਲੀ ਭਿਉਂ ਰਿਹਾ ਸੀ ਜਾਂ ਪੇਟੀ ਕੱਢ ਰਿਹਾ ਸੀ। ਪਰਾਲੀ ਦੀਆਂ ਬੇੜਾਂ ਵੱਟ ਕੇ ਪਛੇਤੀ ਕਣਕ ਦੀਆਂ ਭਰੀਆਂ ਬੰਨ੍ਹਣੀਆਂ ਸਨ। ਸਰਪੰਚ ਨੇ ਪੇਟੀ ਚਕਾ ਕੇ ਟਰੈਕਟਰ ਦੀ ਟਰਾਲੀ ਤੇ ਲੱਦੀ। ਪਰਾਲੀ ਹੇਠ ਲਗਵਾਈ ਤੇ ਆਪਣੀ ਗੱਡੀ ਸਾਡੀ ਹਵੇਲੀ ਵੱਲ ਲੈ ਗਿਆ। ਕੁਝ ਚੀਜ਼ਾਂ ਦੂਰੋਂ ਹੜ੍ਹ ਕੇ ਪਿੰਡ ਦੇ ਛੱਪੜ ਵਿੱਚ ਪਹੁੰਚ ਗਈਆਂ ਸਨ। ਇਹਨਾਂ ਵਿੱਚ ਟਾਹਲੀ ਦੀ ਕਾਲੀ ਸ਼ਿਆਹ ਲੱਕੜੀ ਦਾ ਇੱਕ ਮੋਛਾ ਸੀ ਜਿਹੜਾ ਜਿਆਦਾ ਭਾਰਾ ਹੋਣ ਕਰਕੇ ਤੇ ਅੱਕਾਂ ਵਿੱਚ ਫਸਣ ਕਰਕੇ ਪਾਣੀ ਉੱਪਰ ਨਹੀਂ ਤੈਰਿਆ ਸੀ। ਸਰਪੰਚ ਨੇ ਵੀ ਕਿਸੇ ਨੂੰ ਪਤਾ ਨਾ ਲੱਗਣ ਦਿੱਤਾ ਇਹ ਵੀ ਚੁੱਕਿਆ ਤੇ ਟਰਾਲੀ ਤੇ ਲੱਦੀ ਪਰਾਲੀ ਹੇਠ ਛੁਪਾ ਲਿਆ। ਜੋ ਰਾਹਤ ਸਰਕਾਰ ਨੇ ਪਿੰਡ ਵਾਸਤੇ ਭੇਜੀ ਸੀ ਉਹ ਵੀ ਪੰਚਾਇਤ ਨੇ ਬੜੀ ਘੱਟ ਮਾਤਰਾ ਵਿੱਚ ਹੜ੍ਹ ਪੀੜ੍ਹਤਾਂ ਤੱਕ ਪਹੁੰਚਾਈ। ਪਤਾ ਲੱਗਾ ਸੀ ਕਿ ਗੱਡੀਆਂ ਵਾਲਿਆਂ ਦਾ ਕੁਝ ਸਮਾਨ ਵੀ ਪੰਚਾਇਤ ਦੇ ਹੱਥ ਲੱਗ ਗਿਆ ਸੀ। ਇਹਦੇ ਵਿੱਚੋਂ ਵੀ ਮਸਾਂ ਅੱਧਾ ਕੁ ਸਮਾਨ ਉਹਨਾਂ ਨੂੰ ਵਾਪਸ ਕੀਤਾ। ਪੰਚਾਇਤ ਇਵੇਂ ਅਕਸਰ ਹੀ ਕਰਦੀ ਆਈ ਸੀ। ਪਿਛਲੇ ਸਾਲ ਕਣਕ ਦੀ ਫਸਲ ਭਾਰੀ ਵਰਖਾ ਨਾਲ ਤਬਾਹ ਹੋ ਗਈ ਸੀ। ਸਰਕਾਰ ਨੇ ਪਿੰਡਾਂ ਲਈ ਖਰਾਬੇ ਦੇ ਪੈਸੇ ਭੇਜੇ ਸਨ। ਇਹ ਪੈਸੇ ਵੀ ਚੰਦ ਚਲਦੇ ਪੁਰਜੇ ਬੰਦੇ ਲੈ ਗਏ ਸਨ। ਗਰੀਬ ਤਬਕਾ ਇਹਨਾਂ ਤੋਂ ਰਹਿ ਹੀ ਗਏ ਸਨ। ਜਿੰਨੀ ਵਾਰੀ ਵੀ ਪਿੰਡ ਤੇ ਭਾਰੀ ਪਈ ਪੰਚਾਇਤ ਆਪਣੀ ਮੀਟਿੰਗ ਬੁਲਾ ਕੇ ਇਸ ਤੇ ਵਿਚਾਰ ਕਰਦੀ ਰਹੀ। ਪੰਚਾਇਤ ਮੈਂਬਰ ਅਕਸਰ ਆਪਣਾ ਤੇ ਆਪਣੇ ਖਾਸ ਖਾਸ ਬੰਦਿਆਂ ਦਾ ਪੇਟ ਪਾਲਦੇ ਰਹੇ। ਗਰੀਬ ਜਨਤਾ ਉਵੇਂ ਦੀ ਉਵੇਂ ਰਹਿੰਦੀ ਰਹੀ, ਬਲਕਿ ਗਰੀਬ ਲੋਕ ਹੋਰ ਗਰੀਬ ਹੁੰਦੇ ਗਏ। ਆਖਰਕਾਰ ਸਧਾਰਨ ਲੋਕ ਆਪਣੀਆਂ ਜੱਦੀ ਜਾਇਦਾਦਾਂ ਕੌਡੀਆਂ ਦੇ ਭਾਅ ਵੇਚ ਕੇ, ਟਰੈਵਲ ਏਜੈਂਟਾਂ ਦੇ ਹੱਥੇ ਚੜ੍ਹ ਕੇ, ਬਾਹਰ ਨੂੰ ਦੌੜਨ ਲੱਗ ਪਏ। ਕਰਜ਼ਈ ਕਰਜਾਈ ਕਿਸਾਨ ਆਤਮ ਹੱਤਿਆਵਾਂ ਕਰਦੇ ਰਹੇ। ਰਹਿੰਦਾ ਖੂੰਹਦਾ ਦੀਵਾਲਾ ਨਸ਼ਿਆਂ ਨੇ ਕੱਢ ਦਿੱਤਾ। ਨੇਤਾ ਖੁਦ ਨਸ਼ਿਆਂ ਦਾ ਧੰਦਾ ਕਰਦੇ ਰਹੇ। ਸਰਕਾਰਾਂ ਦੀ ਹੜ੍ਹ ਨੀਤੀ ਬਾਰੇ ਸੁਣ ਲਓ। ਨਾ ਕਦੀ ਡੈਮਾਂ ਨੂੰ ਚੱਜ ਨਾਲ ਮੁਰੰਮਤ ਕਰਵਾਇਆ ਜਾਂਦਾ ਤੇ ਨਾ ਹੀ ਦਰਿਆਵਾਂ ਦੇ ਮੱਧ ਵਿੱਚੋਂ ਰੇਤ ਚੁੱਕ ਕੇ ਉਹਨਾਂ ਨੂੰ ਡੂੰਘਾ ਕੀਤਾ ਜਾਂਦਾ ਏ। ਦਰਿਆਵਾਂ ਦਾ ਮੱਧ ਆਲੇ ਦੁਆਲੇ ਦੇ ਖੇਤਾਂ ਤੋਂ ਉੱਚਾ ਹੋ ਰਿਹਾ ਹੈ। ਚੋਰੀ ਛਿਪੇ ਟਿੱਪਰ ਦੌੜੇ ਦੌੜੇ ਆਉਂਦੇ ਹਨ ਤੇ ਦਰਿਆਵਾਂ ਦੇ ਕੰਢਿਆਂ ਤੋਂ ਮਾਈਨਿੰਗ ਕਰਕੇ ਦੌੜ ਜਾਂਦੇ ਹਨ। “ਗਿਰਝਾਂ ਗਾਲ੍ਹੜ ਦੇਵਣ ਦਾਦ, ਉੱਲੂ ਗਾਉਣ ਬਸੰਤ ਬਹਾਰ।”

“ਬਾਈ ਜੀ, ਭਾਖੜਾ ਡੈਮ ਬਾਰੇ ਕੁਝ?” ਸੱਥ ਚ ਬੈਠੇ ਸੇਵਾ ਮੁਕਤ ਬੈਂਕ ਮੈਨੇਜਰ ਧਨੋਆ ਸਾਹਿਬ ਨੇ ਰਾਮ ਸਿੰਘ ਨੂੰ ਸਵਾਲ ਪੁੱਛ ਲਿਆ।

“ਕਹਿੰਦੇ, ਬਣਵਾਇਆ ਤਾਂ ਅਮਰੀਕਾ ਦੇ ਇੱਕ ਇੰਜੀਨੀਅਰ ਨੇ ਸੀ। ਨਾਮ ਮੈਨੂੰ ਭੁੱਲ ਗਿਆ।”

“ਬਾਈ ਜੀ, ਉਹਦਾ ਨਾਮ ਸਲੋਕਮ ਸੀ।”

“ਤੁਸੀਂ ਠੀਕ ਫਰਮਾਇਆ। ਉਸਨੇ ਡੈਮ ਦੀ ਮਨਿਆਦ 100 ਸਾਲ ਕਹੀ ਸੀ। 100 ਸਾਲ ਹੋਣ ਵਾਲੇ ਹਨ। ਇਹ ਡੈਮ ਸਰ ਛੋਟੂ ਰਾਮ ਦੇ ਦਿਮਾਗ ਦੀ ਉਪਜ ਸੀ। ਸੁਣਿਐ ਸਭ ਤੋਂ ਪਹਿਲਾਂ ਉਸਨੇ ਬਿਲਾਸਪੁਰ ਦੇ ਰਾਜੇ ਨਾਲ 1944 ਵਿੱਚ ਡੈਮ ਬਾਰੇ ਇਕਰਾਰਨਾਮੇ ਤੇ ਦਸਤਖਤ ਕੀਤੇ ਤੇ ਕਰਵਾਏ ਸਨ। ਡੈਮ 1948 ਵਿੱਚ ਬਣਨਾ ਸ਼ੁਰੂ ਹੋ ਗਿਆ ਸੀ। ਕਹਿੰਦੇ, ਨਹਿਰੂ ਨੇ ਕੰਕਰੀਟ ਦੀ ਪਹਿਲੀ ਬਾਲਟੀ ਦਰਿਆ ਵਿੱਚ ਡੈਮ ਵਾਲੀ ਥਾਂ ਤੇ ਸੁੱਟ ਕੇ ਇਸ ਨੂੰ ਸ਼ੁਰੂ ਕਰਵਾਇਆ ਸੀ। ਡੈਮ 1963 ਤੱਕ ਬਣ ਕੇ ਪੂਰਾ ਹੋ ਗਿਆ ਸੀ। ਸਰਕਾਰ ਨੂੰ ਡੈਮ ਦੀ ਮੁਰੰਮਤ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਏ। ਜਦ ਹੜ੍ਹ ਆਉਂਦੇ ਹਨ ਤਾਂ ਸਰਕਾਰਾਂ ਮਾੜੀਆਂ ਮਾੜੀਆਂ ਜਾਗਦੀਆਂ ਹਨ। ਨੇੜੇ ਆਈ ਜੰਝ ਵਿੰਨ੍ਹੋ ਕੁੜੀ ਦੇ ਕੰਨ। ਲੋਕ ਡੁੱਬਣੇ ਸ਼ੁਰੂ ਹੋ ਜਾਂਦੇ ਹਨ ਤੇ ਸਰਕਾਰ ਹੈਲੀਕਾਪਟਰ ਤੇ ਬੈਠ ਕੇ ਪਾਣੀ ਦੀਆਂ ਛੱਲਾਂ ਦੇ ਨਜ਼ਾਰੇ ਦੇਖ ਕੇ ਮਗਰਮੱਛ ਦੇ ਹੰਝੂ ਵਹਾਉਣ ਲੱਗ ਪੈਂਦੀ ਏ। ਤੁਸੀਂ ਸਾਰੇ ਤਾਂ ਬਹੁਤ ਪੜ੍ਹੇ ਲਿਖੇ ਹੋ। ਵੱਡੀਆਂ ਵੱਡੀਆਂ ਨੌਕਰੀਆਂ ਤੋਂ ਸੇਵਾ ਮੁਕਤ ਹੋ ਕੇ ਇਸ ਦੇਸ਼ ਵਿੱਚ ਆਪਣੇ ਬੱਚਿਆਂ ਪਾਸ ਆਏ ਹੋਏ ਹੋ। ਸੁਣਿਐ, ਡੈਮ ਨੂੰ ਮੁਰੰਮਤ ਕਰਨ ਵਾਲਾ ਵੀ ਕੋਈ ਪ੍ਰੋਜੈਕਟ ਹੁੰਦਾ ਏ। ਮੈਨੂੰ ਨਾਮ ਯਾਦ ਨਹੀਂ ਆ ਰਿਹਾ—–।”

“ਬਾਈ ਜੀ, ਉਹ ਡਰਿਪ (Drip) ਹੁੰਦਾ ਏ”, ਦਰਸ਼ਕਾਂ ‘ਚ ਬੈਠੇ ਇੱਕ ਸਰਦਾਰ ਜੀ ਬੋਲੇ। ਉਹ ਕਿਸੇ ਡੈਮ ਤੋਂ ਹੀ ਸੇਵਾ ਮੁਕਤ ਹੋਏ ਸਨ।

“ਇਸ ਦਾ ਕੀ ਭਾਵ?” ਇੱਕ ਹੋਰ ਬੋਲ ਪਿਐ।

“ਡਰਿੱਪ ਦਾ ਪੂਰਾ ਮਤਲਬ ਏ – The Dam Rehabilitation and Improvement Project.” ਉਹੀ ਸਰਦਾਰ ਜੀ ਫਿਰ ਬੋਲ ਪਏ। ਰਾਮ ਸਿੰਘ ਨੇ ਇੱਕਦਮ ਹੁੰਗਾਰਾ ਭਰ ਦਿੱਤਾ, “ਹਾਂ, ਹਾਂ, ਇਹੀ ਹੁੰਦਾ ਏ। ਇਸਦਾ ਕੰਮ ਡੈਮ ਦੀ ਸਮੇਂ ਸਮੇਂ ਤੇ ਦੇਖਭਾਲ ਕਰਨੀ ਹੁੰਦਾ ਏ। ਡੈਮ ਚੋਂ ਗਾਰ ਕੱਢਣੀ ਹੁੰਦਾ ਏ। ਇਹ ਵੀ ਤਾਂ ਹੀ ਕੰਮ ਕਰੂ ਜੇ ਇਹਨੂੰ ਕੋਈ ਸਰਕਾਰ ਚੋਂ ਕਹੂ। ਜੇ ਫੱਟਾ ਸਾਹ ਦੇਊ ਤਾਂਹੀ ਬਾਜ਼ੀਗਰ ਛਾਲ ਮਾਰੂ।”

ਇੰਨਾ ਕੁਝ ਕਹਿ ਕੇ ਰਾਮ ਸਿੰਘ ਮਾਈਕ ਤੋਂ ਪਰੇ ਹੋਣ ਹੀ ਲੱਗਾ ਸੀ ਤਾਂ ਸੱਥ ਵਿੱਚੋਂ ਸੂਬੇਦਾਰ ਵਰਿਆਮ ਸਿੰਘ ਬੋਲ ਪਿਆ, “ਬਾਈ ਜੀ, ਜੇ ਪੇਟੀ ਲੋਕਾਂ ਦੇ ਸਾਹਮਣੇ ਵੀ ਆ ਜਾਂਦੀ ਫਿਰ ਉਹਦੇ ਮਾਲਕ ਦੀ ਸ਼ਨਾਖਤ ਕਿਵੇਂ ਹੁੰਦੀ? ਪੰਚਾਇਤ ਕਿਵੇਂ ਫੈਸਲਾ ਕਰਦੀ ਕਿ ਪੇਟੀ ਕਿਹਨੂੰ ਦਿੱਤੀ ਜਾਵੇ?”

“ਸੂਬੇਦਾਰਾ ਫੈਸਲੇ ਕਰਨੇ ਬਹੁਤ ਔਖੇ ਨਹੀਂ ਹੁੰਦੇ। ਨੀਤ ਸਾਫ ਹੋਣੀ ਚਾਹੀਦੀ ਏ। ਸਾਰਾ ਮਸਲਾ ਵੋਟਾਂ ਲੈਣ ਦਾ ਹੀ ਹੁੰਦਾ ਏ। ਵੋਟਾਂ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ। ਨੇਤਾ ਦੱਸਦੇ ਕਸਤੂਰੀ ਹਨ, ਵੇਚਦੇ ਹਿੰਗ ਹਨ। ਉਦਾਂ ਪਾਣੀ ਨੂੰ ‘ਪਿਤਾ’ ਕਹੀ ਜਾਣਗੇ। ਆਪਣੇ ਸਵਾਰਥ ਲਈ ਬਣਾਉਟੀ ਹੜ੍ਹ ਛੱਡ ਕੇ ਤਬਾਹੀ ਦੇ ਮੰਜ਼ਰ ਖੜ੍ਹੇ ਕਰ ਦੇਣਗੇ।”

“ਬਾਈ ਜੀ, ਮੰਨ ਲਓ, ਤੁਸੀਂ ਸਰਪੰਚ ਹੁੰਦੇ, ਤੁਸੀਂ ਪੇਟੀ ਦੇ ਮਾਲਕ ਦੀ ਸ਼ਨਾਖਤ ਕਿਵੇਂ ਕਰਦੇ? ਕੀ ਸ਼ਨਾਖਤ ਨਾ ਹੋਣ ਦੀ ਸੂਰਤ ਵਿੱਚ ਪੇਟੀ ਮਾਲਖਾਨੇ ਜਮ੍ਹਾ ਕਰਵਾ ਦਿੰਦੇ?” ਸੂਬੇਦਾਰ ਫਿਰ ਬੋਲ ਪਿਆ।

“ਸੂਬੇਦਾਰਾ, ਕਿਉਂ ਬੱਚਿਆਂ ਵਾਲੀਆਂ ਗੱਲਾਂ ਕਰਦੇ ਹੋ? ਜੇ ਮੈਂ ਸਰਪੰਚ ਹੁੰਦਾ ਤਾਂ ਮੈਂ ਦੇਖਦਾ ਕਿ ਕੌਣ ਕੌਣ ਆਪਣੇ ਆਪ ਨੂੰ ਮਾਲਕ ਕਹਿੰਦਾ ਏ। ਫਿਰ ਮੈਂ ਕਹਿੰਦਾ ‘ਜਿਹੜਾ ਬੰਦਾ ਪੇਟੀ ਵਿੱਚ ਸਮਾਨ ਚੋਂ ਅੱਧਾ ਪਚੱਧਾ ਸਮਾਨ ਦਾ ਨਾਮ ਵੀ ਦੱਸ ਦੇਵੇ, ਪੇਟੀ ਉਹਦੀ ਹੋਣੀ ਸੀ। ਇੰਜ ਕਰਨ ਨਾਲ ਝੂਠ ਸੱਚ ਦੀ ਇੱਕਦਮ ਪਰਖ ਹੋ ਜਾਣੀ ਸੀ।ਦਿਲ ਚੰਗਾ ਤਾਂ ਕਟੋਰੇ ਵਿੱਚ ਗੰਗਾ।”

“ਗੱਲ ਬਾਈ ਜੀ ਠੀਕ ਏ। ਚਾਹੀਦਾ ਇਵੇਂ ਹੀ ਸੀ। ਬਾਈ ਫਿਰ ਵੀ ਪੂਰਾ ਹੰਢਿਆ ਬੰਦਾ ਏ”, ਕਈਆਂ ਨੇ ਬਾਈ ਦਾ ਪੱਖ ਲੈ ਕੇ ਸੂਬੇਦਾਰ ਨੂੰ ਚੁੱਪ ਕਰਾ ਦਿੱਤਾ।

ਇੰਨੇ ਚਿਰ ਨੂੰ ਰਲਾ ਸਿੰਘ ਵੀ ਬੋਲ ਪਿਆ, “ਸਕੱਤਰ ਸਾਹਿਬ ਮੈਨੂੰ ਵੀ ਆਪਣੇ ਪਿੰਡ ਦੀ ਇੱਕ ਪੁਰਾਣੀ ਘਟਨਾ ਯਾਦ ਆ ਗਈ। ਕੀ ਮੈਂ ਵੀ ਆਪਣੀ ਗੱਲ ਕਰ ਲਵਾਂ?”

“ਕਿਉਂ ਨਹੀਂ, ਬਾਈ ਜੀ। ਤੁਸੀਂ ਤਾਂ ਹੁਣ 85 ਕੁ ਟੱਪ ਕੇ ਗਏ ਲੱਗਦੇ ਹੋ। ਤੁਹਾਨੂੰ ਤਾਂ ਪੁਰਾਣੀਆਂ ਬਥੇਰੀਆਂ ਗੱਲਾਂ ਯਾਦ ਹੋਣਗੀਆਂ। ਹੋ ਜਾਵੇ ਫਿਰ ਕੋਈ ਕਰਾਰੀ ਕਰਾਰੀ ਪੁਰਾਣੀ ਯਾਦਗਾਰ ਸਾਂਝੀ”, ਸਕੱਤਰ ਨੇ ਸਭ ਨੂੰ ਬਾਈ ਰਲਾ ਸਿੰਘ ਦੀ ਗੱਲ ਸੁਣਨ ਲਈ ਤਿਆਰ ਕਰ ਲਿਆ, “ਕੀ ਬੈਠੇ ਬੈਠੇ ਹੀ ਬੋਲੋਗੇ ਜਾਂ ਉੱਠ ਕੇ ਮੂਹਰੇ ਆਓਗੇ?”

————— “ਜੋਗਜੋਰਾ ਸਿਹਾਂ, ਮੈਥੋਂ ਮਾਈਕ ਮੂਹਰੇ ਨਹੀਂ ਖੜ੍ਹ ਹੋਣਾ। ਮੈਂ ਮੂਹਰੇ ਆ ਕੇ ———— ਕੁਰਸੀ ਤੇ ਬੈਠ ਜਾਂਦਾ ਹਾਂ। ———– ਤੁਸੀਂ ਮਾਈਕ ——— ਮੇਰੇ ਮੂਹਰੇ ਸੈੱਟ ਕਰ ਦਿਓ। ਮੈਂ ਬੈਠਾ ਬੈਠਾ——— ਹੀ ਬੋਲਾਂਗਾ।”

“ਬਹੁਤ ਅੱਛਾ, ਬਾਈ ਜੀ, ਆ ਜਾਓ।”

ਰਲਾ ਸਿੰਘ ਸੋਟੀ ਨਾਲ ਤੁਰਦਾ ਮੂਹਰੇ ਨੂੰ ਆ ਗਿਆ ਤੇ ਆ ਕੇ ਮਾਈਕ ਦੇ ਮੂਹਰੇ ਕੁਰਸੀ ਤੇ ਬੈਠ ਗਿਆ। ਕਹਿਣ ਲੱਗਾ, “ਵੀਰੋ ਤੇ ਭੈਣੋ, ਮੈਨੂੰ ਸ. ਰਾਮ ਸਿੰਘ ਦੇ ਪਿੰਡ ਮਹਿਲਾਂ ਮਾਜਰੀ ਤੋਂ ਆਪਣਾ ਪਿੰਡ ———- ਮੈਹਲੇ ਮਾਜਰਾ ਯਾਦ ਆ ਗਿਆ। ਮੈਂ ਪੁਆਧ ਦੇ ਉਸ ਇਲਾਕੇ ਤੋਂ ਹਾਂ ਜਿੱਥੇ ਚੰਡੀਗੜ੍ਹ ਸ਼ਹਿਰ ਵਸਿਆ ਹੋਇਆ ਏ। ਇਹ ਖੂਬਸੂਰਤ ਸ਼ਹਿਰ ———- 1950 ਵਿੱਚ 28 ਪਿੰਡ ਉਜਾੜ ਕੇ ਬਣਿਆ ਸੀ। ਅੱਜ ਦੀ ਪੀ.ਜੀ.ਆਈ ਦੀ ਥਾਂ ਤੇ ਵਸਦਾ ਰਸਦਾ ਪਿੰਡ ਸ਼ਹਿਜਾਦਪੁਰ ਹੁੰਦਾ ਸੀ। ਸਭ ਤੋਂ ਪਹਿਲਾਂ 19 ਸੈਕਟਰ ਦੀ ਥਾਂ ਤੇ ———- ਵਸਿਆ ਹੋਇਆ ਪਿੰਡ ਨਗਲਾ ਉਜਾੜ ਕੇ ਇੱਥੇ ਚੰਡੀਗੜ੍ਹ ਦੀ ਪਲਾਨਿੰਗ ਕਰਨ ਵਾਲੇ ਫਰਾਂਸੀਸੀ ਕਾਰੀਗਰ ਕਾਰਬੂਜੀਏ ਨੇ ———- ਆਪਣਾ ਦਫਤਰ ਬਣਾਇਆ ਸੀ। ਇੱਥੇ ਹੀ 1952 ਵਿੱਚ ਪਹਿਲਾਂ ਬੱਸ ਅੱਡਾ ਤੇ ਪਹਿਲਾ ———- ਡਾਕਖਾਨਾ ਬਣਿਆ ਸੀ। ਕਾਰਬੂਜੀਏ ਨੂੰ ਬੱਸ ਅੱਡੇ ਤੇ ਡਾਕਖਾਨੇ ਦੀ ਆਪ ਵੀ ਬਹੁਤ ਜਰੂਰਤ ਹੋਇਆ ਕਰਦੀ ਸੀ। ਉਦੋਂ ਇਸ ਪ੍ਰਕਾਰ ਦੀਆਂ ਸੇਵਾਵਾਂ ———- ਅਤਿ ਜਰੂਰੀ ਸੇਵਾਵਾਂ ਵਿੱਚੋਂ ਹੁੰਦੀਆਂ ਸਨ। ਸੈਕਟਰ 17 ਤੇ ਸੈਕਟਰ 22 ਪਿੰਡ ———- ਰੁੜਕੀ ਪੜਾਓ ਤੇ ਕਾਲੀਬੜ ਉਜਾੜ ਕੇ ਬਣੇ ਸਨ। ਸੈਕਟਰ 17 ਵਿੱਚ ———- ਨੀਲਮ ਸਿਨਮਾ ਦੀ ਥਾਂ ਤੇ ਇੱਕ ਕਿਸਾਨ ਬਸਤਾ ਸਿੰਘ ਦੇ ਖੇਤ ਹੋਇਆ ਕਰਦੇ ਸਨ। ਸੁਖਨਾ ਝੀਲ ਦੀ ਥਾਂ ਤੇ ———- ਭੰਗੀ ਮਾਜਰਾ ਹੁੰਦਾ ਸੀ ਤੇ ਇੱਥੇ ਦਾ ਵਰਿਆਮੇ ਦਾ ਛੱਪੜ ਬੜਾ ਮਸ਼ਹੂਰ ਹੁੰਦਾ ਸੀ। ਹੁਣ ਸੈਕਟਰ 2 ਤੇ 3 ਦੀ ਥਾਂ ਤੇ ਪਿੰਡ ———- ਮੈਹਲੇ ਮਾਜਰਾ ਹੁੰਦਾ ਸੀ। ਹੁਣ ਇੱਥੇ ਸਕੱਤਰੇਤ ਏ ———- ਤੇ ਵੱਡੇ ਵੱਡੇ ਰਾਜਨੇਤਾਵਾਂ ਦੀਆਂ ਰਿਹਾਇਸ਼ਾਂ ਹਨ। ਕੇਂਦਰ ਵਿੱਚ ਨਹਿਰੂ ਦੀ ਸਰਕਾਰ ਸੀ ਤੇ ਪੰਜਾਬ ਵਿੱਚ ———- ਕੈਰੋਂ ਦੀ।

ਜਦ ਇਹ ਪਿੰਡ ਉਜਾੜੇ ਗਏ ਉਦੋਂ ———- ਨਾ ਤਾਂ ਸਰਕਾਰ ਨੇ ਕੋਈ ਰਸਤਿਆਂ ਦਾ, ਨਾ ਛੱਪੜਾਂ ਦੀਆਂ ਥਾਵਾਂ ਦਾ ਤੇ ਨਾ ਹੀ ਸ਼ਾਮਲਾਟਾਂ ਦਾ ਕੋਈ ਮੁਆਵਜ਼ਾ ਦਿੱਤਾ। ਲੋਕਾਂ ਨੂੰ ਘਰਾਂ ਦੀਆਂ ਕੀਮਤਾਂ ਵੀ ———- ਮਾੜੀਆਂ ਮੋਟੀਆਂ ਹੀ ਦਿੱਤੀਆਂ ਗਈਆਂ। ਸਭ ਨੂੰ ਘਰ ਛੱਡਣ ਲਈ ਮਜਬੂਰ ਕਰ ਦਿੱਤਾ ਗਿਆ। ਸਾਨੂੰ ———- ਨਾਲ ਲੱਗਦੇ ਮਨੀਮਾਜਰੇ ਦੇ ਨੇੜੇ ਨਿੱਕੇ ਨਿੱਕੇ ਜ਼ਮੀਨ ਦੇ ਪਲਾਟ ਦੇ ਦਿੱਤੇ। ਸਾਡੀ ਜਮੀਨ ———- ਭੰਗ ਦੇ ਭਾਅ ਅਕਵਾਇਰ ਕਰ ਲਈ ਗਈ। ਅੱਜ ਇਸ ਥਾਂ ਤੇ ਮੁੱਖ ਮੰਤਰੀ ਤੇ ਹੋਰ ਰਾਜਨੇਤਾਵਾਂ ਦੀਆਂ ਰਿਹਾਇਸ਼ਾਂ ———- ਤੇ ਨਿਆਂ ਦੇਣ ਦਾ ਵੱਡਾ ਅਦਾਰਾ ਸਕੱਤਰੇਤ ਹੈ। ਇਸਨੂੰ ਮਜ਼ਾਕ ਨਾ ਕਿਹਾ ਜਾਵੇ ———- ਤਾਂ ਹੋਰ ਕੀ ਏ? ਮੈਨੂੰ ਉੱਠ ਕੇ ਤੁਹਾਡੇ ਸਾਹਮਣੇ ਇਸ ਲਈ ਆਉਣਾ ਪਿਆ ਕਿਉਂਕਿ ਮੇਰਾ ਸਾਥੀ ———- ਰਾਮ ਸਿੰਘ ਵੀ ਪੰਜਾਬ ਦੇ ਇਸੇ ਪ੍ਰਕਾਰ ਦੇ ਨਾਮ ਦੇ ਕਿਸੇ ਪਿੰਡ ਦਾ ਰਹਿਣ ਵਾਲਾ ਏ। ਜਦ ਉਸਨੇ ਆਪਣੇ ਪਿੰਡ ਦਾ ਨਾਮ ਮਹਿਲਾਂ ਮਾਜਰੀ ਦੱਸਿਆ ———- ਤਾਂ ਮੇਰੇ ਮਨ ਵਿੱਚ ਵੀ ਇਕਦਮ ਖਿਆਲ ਆ ਗਿਆ ਕਿ ———- ਮੈਂ ਵੀ ਦੇਸ਼ ਦੇ ਰਾਜਨੇਤਾਵਾਂ ਦੇ ਰਾਜ ਪਾੜ ਖੋਲਾਂ। ਸਾਨੂੰ ਸਿਰਫ 1952 ਵਿੱਚ ਹੀ ਨਹੀਂ ਉਜਾੜਿਆ ਗਿਆ ———- ਸਾਡੇ ਨਾਲ 1966 ਵਿੱਚ ਵੀ ਬਹੁਤ ਬੁਰੀ ਹੋਈ। ਜਿੱਥੇ ਸਾਨੂੰ ਆਬਾਦ ਕੀਤਾ ਗਿਆ ਸੀ ਉਹ ਥਾਂ 1966 ਵਿੱਚ ———- ਹਰਿਆਣਾ ਬਣਨ ਨਾਲ ਹਰਿਆਣਾ ਵਿੱਚ ਆ ਗਿਆ। ਫਿਰ ਸਾਨੂੰ ਉਜਾੜ ਕੇ ਉਸ ਪਾਸੇ ਪਲਾਟ ਦਿੱਤੇ ਜਿੱਧਰ ਪੰਜਾਬ ਦਾ ਇਲਾਕਾ ਸੀ। ਇਸ ਪ੍ਰਕਾਰ ਅਸੀਂ ———- ਜੀਵਨ ਵਿੱਚ ਉੱਜੜਦੇ ਪੁੱਜੜਦੇ ਹੀ ਰਹੇ। ਸਿਆਸੀ ਲੋਕ ਸਾਨੂੰ ਮੋਹਰਾ ਬਣਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਰਹੇ ਤੇ ———- ਆਖਰ ਕਾਰ ਘੁੰਮਦੇ ਘੁੰਮਦੇ ਅਸੀਂ ਸਿਡਨੀ ਪਹੁੰਚ ਗਏ ਹਾਂ। ਜੋ ਵਾਅਦੇ ———- ਨਹਿਰੂ ਤੇ ਗਾਂਧੀ ਨੇ ਸਾਡੇ ਨਾਲ ਸਨ 47 ਵਿੱਚ ਕੀਤੇ, ਉਹ ਵੀ ਪੂਰੇ ਨਾ ਕੀਤੇ ਗਏ। ਇੰਨਾ ਕੁਝ ਕਹਿੰਦਾ ਹੋਇਆ ———- ਖਿਮਾ ਦਾ ਜਾਚਕ ਹਾਂ।”

ਸੂਬੇਦਾਰ ਨੇ ਰਲਾ ਸਿੰਘ ਨੂੰ ਵੀ ਸਵਾਲ ਕਰ ਦਿੱਤਾ, “ਬਾਈ ਜੀ, ਤੁਸੀਂ ਤਾਂ ਫਿਰ ਸਾਰੀ ਜ਼ਿੰਦਗੀ ਚੰਡੀਗੜ੍ਹ ਹੀ ਰਹੇ ਹੋਵੋਗੇ। ਸ਼ਹਿਰ ਦੇ ਵਸਣ ਵੇਲੇ ਦੀ ਕੋਈ ਹੋਰ ਗੱਲ ਵੀ ਸੁਣਾ ਜਾਓ।”

ਰਲਾ ਸਿੰਘ ਉੱਠਦਾ ਉੱਠਦਾ ਫਿਰ ਬੈਠ ਗਿਆ ਤੇ ਕਹਿਣ ਲੱਗਾ, “ਜਿੱਥੇ ਪੰਜਾਬ ਯੂਨੀਵਰਸਿਟੀ ਏ ਉੱਥੇ ਪਿੰਡ ———- ਕਾਂਜੀ ਮਾਜਰਾ ਹੁੰਦਾ ਸੀ। ਜੇ ਤੁਸੀਂ ਹੁਣ ਵੀ 19 ਸੈਕਟਰ ਦੇ ਟੈਕਸੀ ਸਟੈਂਡ ਤੇ ਜਾਓ ਤਾਂ ਦੇਖੋਗੇ ਕਿ ਡਰਾਈਵਰਾਂ ਨੇ ———- ਅਜੇ ਤੱਕ ਵੀ ਉਸਦਾ ਨਾਮ ਨਾਗਲਾ ਟੈਕਸੀ ਸਟੈਂਡ ਹੀ ਰੱਖਿਆ ਹੋਇਆ ਏ। ਜਿੱਥੇ 36 ਸੈਕਟਰ ਵਾਲਾ ———- ਲੜਕੀਆਂ ਦਾ ਡੀ.ਏ.ਵੀ ਕਾਲਜ ਏ ———- ਉੱਥੇ ਅਜਮੇਰ ਸਿੰਘ ਦੀ ਜ਼ਮੀਨ ਹੁੰਦੀ ਸੀ ਤੇ ਕਾਬਲ ਸਿੰਘ ਦਾ ———- ਅੰਬਾਂ ਦਾ ਬਾਗ ਹੁੰਦਾ ਸੀ। ਟ੍ਰਿਬਿਊਨ ਦੇ ਦਫਤਰ ਵਾਲੇ ਥਾਂ ਤੇ ਪਿੰਡ ਕਾਂਥਲਾ ਹੁੰਦਾ ਸੀ। ਅਲਾਂਟੇ ਮਾਲ ਵਾਲੀ ਥਾਂ ਤੇ ———- ਪਿੰਡ ਜੈਪੁਰਾ ਸੀ। ਇੱਥੋਂ ਦੇ ਤਿੰਨ ਹਲਟ ਬੜੇ ਮਸ਼ਹੂਰ ਹੋਇਆ ਕਰਦੇ ਸਨ। ਸੈਣੀ ਮਾਜਰਾ ਦੀ ਥਾਂ ਤੇ ———- ਸੈਕਟਰ 25 ਏ। ਅਜੇ ਕੱਲ ਦੀਆਂ ਤਾਂ ਗੱਲਾਂ ਹਨ।”

“1952 ਵਿੱਚ ਤੁਹਾਡੀ ਉਮਰ ਕਿੰਨੀ ਸੀ, ਬਾਈ ਜੀ?”

“ਤਕਰੀਬਨ ———- 15 ਸਾਲ। ਅਸੀਂ ਤਾਂ ਢਿੱਲੋਂ ਥੀਏਟਰ ਵਾਲੀ ਥਾਂ ਤੇ ਮੱਝਾਂ ਚਾਰਦੇ ਹੁੰਦੇ ਸੀ। ਮਨੀ ਮਾਜਰੇ ਦੇ ———- ਜੱਗਰ ਬੜੇ ਮਸ਼ਹੂਰ ਹੁੰਦੇ ਸਨ। ਨੀਲਮ ਥੀਏਟਰ ਵਾਲੀ ਥਾਂ ਤੇ ਬਸਤਾ ਸਿਹੁੰ ਦੇ ———- ਖੇਤਾਂ ਪਾਸ ਡੇਅਰੀ ਹੁੰਦੀ ਸੀ। ਮੈਂ ਉੱਥੇ ———- ਮੱਝ ਦਾ ਦੁੱਧ ਵੇਚਣ ਜਾਂਦਾ ਹੁੰਦਾ ਸੀ। ਸ਼ੁਕਰ ਹੈ ਰੱਬ ਦਾ। ਲੀਡਰਾਂ ਨੇ ਸਾਨੂੰ ———- ਉਜਾੜਨ ਦੀ ਕੋਈ ਕਸਰ ਨਹੀਂ ਛੱਡੀ। ਰੱਬ ਨੇ ਸਾਡਾ ਵਾਸਾ ———- ਸਿਡਨੀ ਵਿੱਚ ਕਰ ਦਿੱਤਾ। ਉਸ ਦੇਸ਼ ਵਿੱਚ ਉਜਾੜੇ ਤਾਂ ———- ਹੁੰਦੇ ਹੀ ਰਹਿੰਦੇ ਹਨ ਪਰ ਸਰਕਾਰਾਂ ਵਸੇਬੇ ਚੱਜ ਨਾਲ ਨਹੀਂ ਕਰਦੀਆਂ।”

“ਬਾਈ ਜੀ, ਬਹੁਤ ਖੂਬ?”

ਰਲਾ ਸਿੰਘ ਉੱਠ ਕੇ ਹੌਲੀ ਹੌਲੀ ਆਪਣੀ ਸੀਟ ਤੇ ਜਾ ਬੈਠਾ। ਫਿਰ ਸਟੇਜ ਚਾਲਕ ਸੱਥ ਨੂੰ ਇਵੇਂ ਮੁਖਾਤਿਬ ਹੋਇਆ, “ਅੱਜ ਦੀ ਸੱਥ ਵਿੱਚ ਤੁਸੀਂ ਦੋ ਬਜ਼ੁਰਗਾਂ ਦੇ ਵਿਚਾਰ ਵੀ ਸੁਣੇ ਹਨ। ਦੋਹਾਂ ਬਜ਼ੁਰਗਾਂ ਨੇ ਭਾਰਤ ਦੇ ਸਿਆਸੀ ਘੜੰਮ ਚੌਧਰੀਆਂ ਦੀਆਂ ਕੋਝੀਆਂ ਚਾਲਾਂ ਤੇ ਬੜਾ ਸੋਹਣਾ ਚਾਨਣਾ ਪਾਇਆ ਹੈ। ਚੰਡੀਗੜ੍ਹ ਦੀ ਥਾਂ ਉਜੜੇ ਪਿੰਡਾਂ ਬਾਰੇ ਸੋਚ ਕੇ ਮੈਨੂੰ ਦੇਵ ਥਰੀਕੇ ਵਾਲੇ ਦੀਆਂ ਸਤਰਾਂ ਯਾਦ ਆ ਗਈਆਂ:-

ਹਾਏ ਓਏ ਰੱਬਾ ਮੇਰਿਆ ਮੈਂ ਪਿੰਡ ਹੈ ਗਵਾ ਲਿਆ
ਸ਼ਹਿਰ ਦੀਆਂ ਕੋਠੀਆਂ ਨੇ ਪਿੰਡ ਮੇਰਾ ਖਾ ਲਿਆ।
ਦਿਸਣ ਸਵੇਰੇ ਹੁਣ ਕੋਠੀਆਂ ਕੋਠੀਆਂ
ਪਿੰਡ ਦੇ ਚੁਫੇਰੇ ਹੁਣ ਕੋਠੀਆਂ ਕੋਠੀਆਂ।
ਕੱਚਿਆਂ ਬਨੇਰਿਆਂ ਨੂੰ ਕੋਠੀਆਂ ਨੇ ਢਾਅ ਲਿਆ
ਹਾਏ ਉਏ ਰੱਬਾ ਮੇਰਿਆ ਮੈਂ ਪਿੰਡ ਹੈ ਗਵਾ ਲਿਆ।

ਪਿੰਡ ਵੀ ਉਦਾਸ ਏ ਤੇ ਦੇਵ ਵੀ ਉਦਾਸ ਏ
ਪੈਸਾ ਭਾਵੇਂ ਬਹੁਤ ਹੀ ਥਰੀਕਿਆਂ ਦੇ ਪਾਸ ਏ।
ਪਹਿਲਾਂ ਵਾਲਾ ਮੋਹ ਹੁਣ ਦਿਲਾਂ ਚੋਂ ਗਵਾ ਲਿਆ
ਹਾਏ ਓਏ ਰੱਬਾ ਮੇਰਿਆ ਮੈਂ ਪਿੰਡ ਹੈ ਗਵਾ ਲਿਆ।

ਇਨਾਂ ਕੁਝ ਕਹਿੰਦਾ ਹੋਇਆ ਮੈਂ ਤੁਹਾਡਾ ਸਭ ਦਾ ਧੰਨਵਾਦ ਕਰਦਾ ਹਾਂ। ਇਸ ਦੇ ਨਾਲ ਹੀ ਅੱਜ ਦੀ ਇਹ ਮਹਿਫਿਲ ਖਤਮ ਕਰਦਾ ਹਾਂ।”

ਇਸ ਪ੍ਰਕਾਰ ਸੱਥ ਖਤਮ ਹੋ ਗਈ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1732
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Dr. Avtar S. Sangha
BA ( Hons. English) MA English, Ph.D English--- Punjab
Graduate Dip In Education--- NSW ( Australia)
Lecturer in English in a college in Punjab for 25 years.
Teacher in Sydney--- 6 years
Now retired
Author of 8 books
**
sangha_avtar@hotmail.com

My latest book of short English fiction STORM IN A TEACUP AND OTHER STORIES can be seen on
DESIBUZZ CANADA
**
The Punjabi book of short stories edited by me and published by Azad Book Depot Amritsar 5 PARVAASI KAHANIKAAR is now available in the market.
**

ਅਵਤਾਰ ਐਸ ਸੰਘਾ

Dr. Avtar S. Sangha BA ( Hons. English)  MA English,  Ph.D English--- Punjab Graduate Dip In Education--- NSW ( Australia) Lecturer in English  in a college  in Punjab for 25 years. Teacher in Sydney--- 6 years Now retired Author of 8 books ** sangha_avtar@hotmail.com My latest book of short English fiction STORM IN A TEACUP AND OTHER STORIES can be seen on DESIBUZZ CANADA ** The Punjabi book of short stories  edited by me and published  by Azad Book Depot Amritsar  5 PARVAASI KAHANIKAAR  is now available in the market. **

View all posts by ਅਵਤਾਰ ਐਸ ਸੰਘਾ →