18 October 2025

ਕੌਣ ਸੀ ਦੁੱਲਾ ਭੱਟੀ? — ਸੰਜੀਵ ਝਾਂਜੀ, ਜਗਰਾਉ

ਸੁੰਦਰੀ ਅਤੇ ਮੁੰਦਰੀ ਦਾ ਵਿਆਹ ਕਰਨ ਕਾਰਨ ਦੁੱਲਾਂ ਭੱਟੀ ਅਮਰ ਹੋ ਗਿਆ
ਲੁੱਟਾਂ-ਖੋਹਾਂ ਕਰਨੀਆਂ ਅਤੇ ਡਾਕੇ ਮਾਰਨ ਵਾਲੇ ਡਾਕੂ ਹਮੇਸ਼ਾ ਬਦਨਾਮ ਹੀ ਹੋਇਆ ਕਰਦੇ ਅਤੇ ਆਮ ਲੋਕਾਂ ’ਚ ਇਨ੍ਹਾਂ ਦਾ ਡਰਭੈਅ ਬਣਿਆ ਹੁੰਦਾ ਹੈ ਪਰ ਇਹ ਗਾਥਾ ਪੰਜਾਬ ਦੇ ਮਸ਼ਹੂਰ ਲੋਕ ਨਾਇਕਾਂ ਜੱਗਾ ਡਾਕੂ, ਜਿਊਣਾ ਮੌੜ ਅਤੇ ਦੁੱਲਾ ਭੱਟੀ ਦੇ ਕੰਮ, ਸੁਭਾਅ ਅਤੇ ਵਤੀਰੇ ਨਾਲ ਮੇਲ ਨਹੀਂ ਖਾਂਦੀ। ਡਾਕੇ ਮਾਰਨੇ ਤੇ ਲੁੱਟ ਦਾ ਮਾਲ ਦੀਨਦੁਖੀਆਂ ਅਤੇ ਲੋੜਵੰਦਾਂ ਤੇ ਲਗਾ ਦੇਣ ਕਾਰਨ ਹੀ ਇਨ੍ਹਾਂ ਨੇ ਪੰਜਾਬੀਆਂ ਦੇ ਦਿਲਾਂ ’ਚ ਡੂੰਘੀ ਅਮਿਟ ਛਾਪ ਛੱਡੀ ਹੈ। ਅੱਜ ਵੀ ਇਹ ਪੰਜਾਬੀਆਂ ਦੀਆਂ ਜ਼ੁਬਾਨਾਂ ਤੇ ਰਾਜ ਕਰਦੇ ਹਨ। ਸੁੰਦਰੀ ਅਤੇ ਮੁੰਦਰੀ ਨਾਮੀਂ ਦੋ ਹਿੰਦੂ ਕੁੜੀਆਂ ਨੂੰ ਜ਼ਾਲਮਾਂ ਦੀਆਂ ਬੁਰੀਆਂ ਨਜ਼ਰਾਂ ਤੋਂ ਬਚਾ ਕੇ ਉਨ੍ਹਾਂ ਦਾ ਪਿਓ ਬਣ ਕੇ ਉਨ੍ਹਾਂ ਦਾ ਵਿਆਹ ਕਰਨ ਕਾਰਨ ਦੁੱਲਾ ਭੱਟੀ ਸਦਾ ਸਦਾ ਲਈ ਅਮਰ ਹੋ ਗਿਆ। ਹਰ ਸਾਲ ਅਸੀਂ ‘‘ਸੁੰਦਰ ਮੁੰਦਰੀਏ!  ਹੋ, ਤੇਰਾ ਕੌਣ ਵਿਚਾਰਾ  ਹੋ ’’ ਗੀਤ ਗਾ ਕੇ ਉਸਨੂੰ ਯਾਦ ਕਰਦੇ ਹਾਂ। ਇਹ ਦੁੱਲਾ ਭੱਟੀਆਂ ਵਾਲਾ ਪੰਜਾਬ ਦੇ ਇਤਿਹਾਸ ਦਾ ਇਕ ਅਮਰ ਕਿਰਦਾਰ ਹੈ।
ਘੁੱਟ-ਘੁੱਟ ਪੀਲੋ ਦੋਸਤੋ, ਵਗੇ ਇਲਮ ਦੀ ਨਹਿਰ ।
ਵਾਰ ਦੁੱਲੇ ਰਜਪੂਤ ਦੀ, ਗੌਣ ਖੜੋਤੇ ਸ਼ਾਇਰ । (ਬਾਬੂ ਰਜਬ ਅਲੀ)
ਕੀ ਤੁਸੀਂ ਦੁੱਲੇ ਭੱਟੀ ਬਾਰੇ ਕੁਝ ਹੋਰ ਵੀ ਜਾਣਦੇ ਹੋ? ਦੁੱਲਾ ਭੱਟੀ ਦਾ ਜਨਮ ਮੁਗਲ ਬਾਦਸ਼ਾਹ ਅਕਬਰ ਦੇ ਰਾਜਕਾਲ ਦੋਰਾਨ ਸੋਲਵੀਂ ਸਦੀ ਦੇ ਸੱਤਵੇਂ ਦਹਾਕੇ  ਦੇ ਆਖਰੀ ਸਾਲ (1569) ਵਿੱਚ ਮੁਸਲਿਮ ਰਾਜਪੂਤ ਰਾਏ ਫ਼ਰੀਦ ਖ਼ਾਨ ਭੱਟੀ ਦੇ ਘਰ ਮਾਤਾ ਲੱਧੀ ਦੀ ਕੁੱਖੋਂ ਸਾਂਦਲ ਬਾਰ ਦੇ ਇਲਾਕੇ ਦੇ ਇਕ ਪਿੰਡ ਭੱਟੀਆਂ/ਦੁੱਲੇਕੀ  (ਅੱਜਕਲ੍ਹ ਦੁੱਲੇਕੀ ਬਾਈਪਾਸ ਦਾ ਇਲਾਕਾ) ਵਿੱਖੇ ਹੋਇਆ। ਰਾਏ ਫ਼ਰੀਦ ਖ਼ਾਨ ਭੱਟੀ ਇਸ ਇਲਾਕੇ ਦਾ ਸਰਦਾਰ ਸੀ। ਇਹ ਇਲਾਕਾ ਅੱਜਕਲ੍ਹ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਹਾਫਿਜ਼ਾਬਾਦ ਦੀ ਤਹਿਸੀਲ ਪਿੰਡੀ ਭੱਟੀਆਂ ਵਿੱਚ ਪੈਂਦਾ ਹੈ।
ਦੁੱਲੇ ਦੇ ਜਨਮ ਤੋਂ ਕੁਝ ਚਿਰ ਪਹਿਲਾਂ ਅਕਬਰ ਨੇ ਇਲਾਕੇ ਦੀਆਂ ਸਾਰੀਆਂ ਜ਼ਮੀਨਾਂ ਦੀ ਮਿਣਤੀ ਕਰਵਾ ਕੇ ਲਗਾਨ ਸਰਦਾਰਾਂ/ਜ਼ਿਮੀਦਾਰਾਂ ਦੀ ਥਾਂ ਖੁੱਦ ਇੱਕਠਾ ਕਰਨਾ ਸ਼ੁਰੂ ਕਰ ਦਿੱਤਾ। ਪਰ ਲਗਾਨ/ਮਾਮਲਾ ਇਕੱਠਾ ਕਰਨਾ ਜ਼ਿਮੀਂਦਾਰ ਆਪਣਾ ਹੱਕ ਸਮਝਦੇ ਸਨ। ਜਿਸ ਕਾਰਨ ਉਹ ਭੜਕ ਗਏ ਤੇ ਬਗ਼ਾਵਤ ਕਰ ਦਿੱਤੀ । ਰਾਏ ਫ਼ਰੀਦ ਖ਼ਾਨ ਭੱਟੀ ਵੀ ਬਗ਼ਾਵਤੀ ਹੋ ਗਿਆ ਪਰ ਮੁਗ਼ਲਾਂ ਦੀਆਂ ਵੱਡੀਆਂ ਫੌਜਾਂ ਨੇ ਜਲਦੀ ਹੀ ਬਗ਼ਾਵਤ ਨੂੰ ਕੁਚਲ ਦਿੱਤਾ। ਰਾਏ ਫ਼ਰੀਦ ਖ਼ਾਨ ਭੱਟੀ,  ਉਸਦੇ ਪਿਤਾ ਸਾਂਦਲ ਖ਼ਾਨ ਭੱਟੀ ਅਤੇ ਸਾਥੀਆਂ ਨੂੰ ਫਾਂਸੀ ਤੇ ਲਟਕਾ ਦਿੱਤਾ ਅਤੇ ਜਗੀਰ ਜ਼ਬਤ ਕਰ ਲਈ। ਕਹਿੰਦੇ ਹਨ ਕਿ ਫ਼ਰੀਦ ਖ਼ਾਨ, ਉਸ ਦੇ ਪਿਤਾ ਸਾਂਦਲ ਖ਼ਾਨ ਉਰਫ ਬਿਜਲੀ ਖਾਨ ਤੇ ਉਨ੍ਹਾਂ ਦੇ ਸਾਥੀਆਂ ਦੀਆਂ ਲਾਸ਼ਾਂ ਤੂੜੀ ਨਾਲ ਭਰ ਕੇ ਲਾਹੌਰ ਦੇ ਸ਼ਾਹੀ ਕਿਲ੍ਹੇ ਦੇ ਦਰਵਾਜ਼ੇ ’ਤੇ ਲਟਕਾ ਦਿੱਤੀਆਂ ਗਈਆਂ ਸਨ।
ਦੁੱਲੇ ਦਾ ਜਨਮ ਇਸ ਘਟਨਾ ਤੋਂ ਚਾਰ ਕੁ ਮਹੀਨੇ ਬਾਅਦ ਹੋਇਆ। ਉਹ ਬਚਪਨ ਤੋਂ ਹੀ ਬੜਾ ਦਲੇਰ ਅਤੇ ਹੱਕ ਸੱਚ ਦਾ ਹਾਮੀ ਸੀ। ਤੀਰ, ਤਲਵਾਰ ਆਦਿ ਚਲਾਉਣਾ ਉਸਨੂੰ ਬੜਾ ਪਸੰਦ ਸੀ। ਜਦੋਂ ਉਸਨੂੰ ਆਪਣੇ ਪਿਓ ਦਾਦੇ ਦੀ ਮੌਤ ਦੀ ਹੋਣੀ ਬਾਰੇ ਪਤਾ ਲੱਗਾ ਤਾਂ ਉਸ ਵਿੱਚ ਬਦਲਾ ਲੈਣ ਦੀ ਚਿੰਗਾਰੀ ਸੁਲਗ ਉੱਠੀ।  ਉਸ ਨੇ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਅਕਬਰ ਅਤੇ ਮੁਗ਼ਲ ਰਾਜ ਖ਼ਿਲਾਫ਼ ਬਗ਼ਾਵਤ ਕਰ ਦਿੱਤੀ। ਮੁਗ਼ਲਾਂ ਦੇ ਕਈ ਹੰਕਾਰੀ ਅਤੇ ਨਿਰਦਈ ਵਜ਼ੀਰਾਂ ਆਦਿ ਨੂੰ ਕਤਲ ਕਰ ਦਿੱਤਾ। ਉਸ ਨੇ ਅਨੇਕਾਂ ਗ਼ਰੀਬ ਘਰਾਂ ਦੀਆਂ ਕੁੜੀਆਂ ਦੇ ਵਿਆਹ ਕੀਤੇ। ਇਲਾਕੇ ਦੇ ਲੋਕਾਂ ਪ੍ਰਤੀ ਉਸ ਦਾ ਵਿਵਹਾਰ ਬਹੁਤ ਹੀ ਪਿਆਰ ਭਰਿਆ ਸੀ।
ਉਸ ਦੇ ਕਈ ਡਾਕੇ ਬੜੇ ਮਸ਼ਹੂਰ ਹੋਏ ਸਨ। ਅਕਬਰ ਲਈ ਖ਼ਾਸ ਅਰਬੀ ਘੋੜੇ ਲੈ ਕੇ ਜਾਂਦੇ ਕਾਬੁਲ ਦੇ ਵਪਾਰੀ ਅਤੇੇ ਸ਼ਾਹ ਇਰਾਨ ਵੱਲੋਂ ਭੇਜੇ ਗਏ ਤੋਹਫ਼ੇ ਲੁੱਟ ਕੇ ਉਸਨੇ ਅਕਬਰ ਨੂੰ ਸਿੱਧੀ ਚਣੌਤੀ ਦੇ ਦਿੱਤੀ। ਸਰਕਾਰੀ ਖ਼ਜ਼ਾਨਾ ਅਤੇ ਹੋਰ ਲੁੱਟ ਦਾ ਸਾਮਾਨ ਗ਼ਰੀਬਾਂ ਵਿੱਚ ਵੰਡਣ ਕਾਰਨ ਉਹ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਲੱਗਾ। ਲੋਕ ਦੁੱਲੇ ਨੂੰ ਹੀਰੋ ਸਮਝਣ ਲੱਗੇ। ਦੁੱਲੇ ਦੀ ਪਰੋਪਕਾਰੀ ਚੜ੍ਹਤ ਨੂੰ ਕੁਚਲਣ ਦੀ ਸਰਕਾਰ ਨੇ ਬੜੀ ਕੋਸ਼ਿਸ਼ ਕੀਤੀ। ਅਕਬਰ ਨੇ ਉਸ ਨੂੰ ਕਾਬੂ ਕਰਨ ਲਈ ਆਪਣੇ ਦੋ ਬਹੁਤ ਹੀ ਕਾਬਲ ਜਰਨੈਲ ਮਿਰਜ਼ਾ ਅਲਾਉਦੀਨ ਅਤੇ ਮਿਰਜ਼ਾ ਜ਼ਿਆਉਦੀਨ ਖ਼ਾਨ ਵੱਡੀ ਗਿਣਤੀ ’ਚ ਫੌਜ਼ ਸਮੇਤ ਲਾਹੌਰ ਭੇਜੇ। ਦੁੱਲੇ ਨੂੰ ਫੜਣ ਲਈ ਹਰ ਹੀਲਾ ਕੀਤਾ ਗਿਆ, ਉਸਦੇ ਘਰ/ਇਲਾਕੇ ਦੀਆਂ ਔਰਤਾਂ ਤੱਕ ਨੂੰ ਬੰਦੀ ਬਣਾ ਲਿਆ ਗਿਆ ਪਰ ਸਰਕਾਰ ਨੂੰ ਸਫਲਤਾ ਨਾ ਮਿਲੀ। ਫਿਰ ਸਰਕਾਰ ਨੇ ਧੋਖੇ ਦਾ ਸਹਾਰਾ ਲਿਆ। ਦੁੱਲੇ ਭੱਟੀ ਦਾ ਚਾਚਾ ਜਲਾਲੂਦੀਨ ਮੁਗ਼ਲਾਂ ਦਾ ਮੁਖ਼ਬਰ ਬਣ ਗਿਆ। ਵਿਚੋਲੇ ਪਾ ਕੇ ਸਮਝੋਤੇ ਦੀ ਗੱਲਬਾਤ ਕਰਨ ਲਈ ਦੁੱਲੇ ਨੂੰ ਸੱਦਿਆ ਗਿਆ। ਗੱਲਬਾਤ ਦੋਰਾਨ ਉਸ ਨੂੰ ਰੋਟੀ ਵਿੱਚ ਨਸ਼ਾ ਮਿਲਾ ਕੇ ਦੇ ਦਿੱਤਾ। ਸਿੱਟੇ ਵੱਜੋਂ ਉਹ ਬੇਹੋਸ਼ ਹੋ ਗਿਆ।  ਉਸ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਤੇ ਲਾਹੌਰ ਬੰਦ ਕਰ ਦਿੱਤਾ ਗਿਆ। ਆਖ਼ਰ 26 ਮਾਰਚ 1599 ਵਿੱਚ ਮਹਿਜ਼ 30 ਕੁ ਸਾਲ ਦੀ ਉਮਰ ਵਿੱਚ ਦੁੱਲਾ ਭੱਟੀ ਨੂੰ ਲਾਹੌਰ ਵਿੱਚ  ਕੋਤਵਾਲੀ ਦੇ ਸਾਹਮਣੇ ਫਾਂਸੀ ਲਗਾ ਦਿੱਤੀ ਗਈ । (ਕੁਝ ਇਤਿਹਾਸਕਾਰ ਜਨਮ ਦਾ ਸਮਾਂ 1547 ਅਤੇ ਮੌਤ ਦਾ ਸਮਾਂ 1589 ਮੰਨਦੇ ਹਨ।) ਕਹਿੰਦੇ ਹਨ ਕਿ ਉਸ ਦੀਆਂ ਆਖ਼ਰੀ ਰਸਮਾਂ ਮਹਾਨ ਸੂਫ਼ੀ ਸੰਤ ਸ਼ਾਹ ਹੁਸੈਨ ਨੇ ਨਿਭਾਈਆਂ ਸਨ।
ਉਸ ਦੀ ਕਬਰ ਲਾਹੌਰ ਦੇ ਮਿਆਣੀ ਸਾਹਿਬ ਕਬਰਿਸਤਾਨ ਵਿੱਚ ਬਣੀ ਹੋਈ ਹੈ। ਫਾਂਸੀ ਤਾਂ ਲੱਗ ਗਈ ਪਰ ਇਲਾਕੇ ਦੇ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਦੁੱਲਾ ਭੱਟੀ ਅਮਰ ਹੋ ਗਿਆ। ਪੀੜ੍ਹੀਆਂ ਦੀਆਂ ਪੀੜ੍ਹੀਆਂ ਲੰਘਣ ਦੇ ਬਾਬਜੂਦ ਅੱਜ ਵੀ ਪੰਜਾਬੀ ਉਸਨੂੰ ਯਾਦ ਸਲਾਮ ਕਰਦੇ ਹਨ। ‘‘ਸੁੰਦਰ ਮੁੰਦਰੀਏ!  ਹੋ, ਤੇਰਾ ਕੌਣ ਵਿਚਾਰਾ  ਹੋ, ਦੁੱਲਾ ਭੱਟੀ ਵਾਲਾ  ਹੋ ’’ ਗੀਤ ਅਸਲ ਵਿੱਚ ਉਸਦੇ ਨੇਕ ਕਾਰਜਾਂ ਪ੍ਰਤੀੇ ਉਸਨੂੰ ਸੱਚੀ ਸ਼ਰਧਾਂਜਲੀ ਹੀ ਹੈ।
***
ਸੰਜੀਵ ਝਾਂਜੀ, ਜਗਰਾਉ।
(ਮੋਬਾਇਲ : 0 80049 10000)

SANJEEV JHANJI
M.Sc.B.Ed
Master of Mass Communication
Post grad.Dip. in Journalism & Mass Communication
PGDHRD
MOB: +91 80049 10000

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1458
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

SANJEEV JHANJI
(GOLD MEDALIST & VIDYA RATAN AWARDEE)
M.Sc.B.Ed
Master of Mass Communication
P.G.Dip. in Journalism & Mass Communication
P.G.Dip. in Human Resorce Development
Fellow Life Member : M.S.P.I. New Delhi
Asso.Member:MANAGEMENT STUDIES PROMOTION INSTITUTE N.DELHI
Mob.: +91 80049 10000

ਸੰਜੀਵ ਝਾਂਜੀ, ਜਗਰਾਉਂ     

SANJEEV JHANJI (GOLD MEDALIST & VIDYA RATAN AWARDEE) M.Sc.B.Ed Master of Mass Communication P.G.Dip. in Journalism & Mass Communication P.G.Dip. in Human Resorce Development Fellow Life Member : M.S.P.I. New Delhi Asso.Member:MANAGEMENT STUDIES PROMOTION INSTITUTE N.DELHI Mob.: +91 80049 10000

View all posts by ਸੰਜੀਵ ਝਾਂਜੀ, ਜਗਰਾਉਂ      →