15 September 2025

ਲੋਹੇ ਦੀ ਪੇਟੀ — ਅਵਤਾਰ ਐਸ. ਸੰਘਾ

ਉਦੋਂ ਬੜੇ ਭਾਰੇ ਹੜ੍ਹ ਆਏ ਸਨ। ਜਿਸ ਦਿਨ ਹੜ੍ਹ ਆਏ ਸਨ ਉਸਤੋਂ ਇਕ ਦਿਨ ਪਹਿਲਾਂ ਵਜੀਦਪੁਰ ਪਿੰਡ ਦੇ ਲੋਕਾਂ ਨੇ ਹਲਕਾ ਜਿਹਾ ਮੀਂਹ ਪੈਣ ਕਾਰਨ ਗਰਮੀ ਦੀ ਤਪਸ਼ ਤੋਂ ਰਾਹਤ ਮਹਿਸੂਸ ਕੀਤੀ ਸੀ। ਮੀਂਹ ਦਾ ਇਹ ਛਰਾਟਾ ਬਾਸਮਤੀ ਦੀ ਫਸਲ ਲਈ ਬੜਾ ਹੀ ਸੁਖਾਵਾਂ ਤੇ ਲਾਹੇਵੰਦ ਸੀ।ਇਸ ਰਾਤ ਇਹ ਸੋਚ ਕੇ ਕਿਸਾਨ ਬੜੇ ਹੀ ਆਰਾਮ ਨਾਲ ਸੁੱਤੇ ਕਿ ਮੀਂਹ ਦੀ ਇਸ ਸਲ੍ਹਾਬ ਕਾਰਨ ਖੇਤਾਂ ਨੂੰ ਬੜੇ ਹੀ ਆਰਾਮ ਨਾਲ ਵਾਹਿਆ ਜਾ ਸਕੇਗਾ ਤੇ ਇਹਨਾਂ ਝੋਨਾ ਕੱਟੇ ਖੇਤਾਂ ਵਿਚ ਕਣਕ ਦੀ ਬੀਜਾਈ ਕਰ ਦਿੱਤੀ ਜਾਵੇਗੀ।

ਪਿੰਡ ਦੇ ਉੱਚੇ ਹਿੱਸੇ ਵਿਚ ਲੋਕ ਅਜੇ ਸੁੱਤੇ ਹੀ ਪਏ ਸਨ ਕਿ ਪਿੰਡ ਦੇ ਕੁਝ ਨੀਵੇਂ ਹਿੱਸਿਆਂ ਵਿਚ ਲੋਕਾਂ ਨੇ ਮਹਿਸੂਸ ਕੀਤਾ ਜਿਵੇਂ ਪਾਣੀ ਉਹਨਾਂ ਦੇ ਮੰਜਿਆਂ ਉੱਪਰ ਬਿਸਤਰਿਆਂ ਨੂੰ ਛੋਹ ਰਿਹਾ ਹੋਵੇ। ਜ਼ਿਆਦਾ ਮੀਂਹ ਉੱਪਰ ਪਿਆ ਸੀ। ਹੇਠਾਂ ਅਜੇ ਥੋੜ੍ਹਾ ਸਮਾਂ ਪਹਿਲਾਂ ਮੀਂਹ ਸ਼ੁਰੂ ਹੋਇਆ ਸੀ। ਪਾਣੀ ਇੰਨੀ ਤੇਜ਼ੀ ਨਾਲ ਉੱਚਾ ਉੱਠਦਾ ਜਾ ਰਿਹਾ ਸੀ ਕਿ ਲੋਕਾਂ ਨੇ ਜਾਗ ਖੁੱਲ੍ਹਦੇ ਸਾਰ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੀ: ਹੜ੍ਹ ਓਏ! ਹੜ੍ਹ ਓਏ!! ਦੌੜੋ! ਦੌੜੋ!! ਮਰ ਗਏ ਓ ਲੋਕੋ! ਡੁੱਬ ਗਏ ਓ ਲੋਕੋ!

ਬਚਨਾ ਇਸ ਪਿੰਡ ਦੇ ਨੀਵੇਂ ਹਿੱਸੇ ਵਿਚ ਰਹਿ ਰਿਹਾ ਇਕ ਮੱਧਵਰਗੀ ਕਿਸਾਨ ਸੀ। ਉਸਦਾ ਘਰ ਅਰਧ ਪੱਕਾ ਸੀ। ਉਸਦੇ ਨਾਲ ਲੱਗਦਾ ਮਾਰਖੁੰਢਿਆਂ ਦੇ ਭੂਰੇ ਹੁਰਾਂ ਦਾ ਘਰ ਬੜਾ ਮਜਬੂਤ ਸੀ ਤੇ ਨਵਾਂ ਬਣਿਆ ਹੋਇਆ ਸੀ। ਭੁਰੇ ਹੁਰਾਂ ਦੀ ਆਦਤ ਵੈਸੇ ਵੀ ਲੋਕਾਂ ਨੂੰ ਤੰਗ ਕਰਨ ਦੀ ਹੁੰਦੀ ਸੀ। ਉਹ ਲੋਕਾਂ ਦੀਆਂ ਚੀਜਾਂ ਚੋਰੀ ਵੀ ਕਰ ਲਿਆ ਕਰਦੇ ਸਨ। ਇਕ ਵਾਰ ਭੁਰੇ ਹੋਰਾਂ ਬਚਨੇ ਦੇ ਤੰਗੜ ਚੋਰੀ ਕਰ ਲਏ। ਪੰਚਾਇਤ ਦਾ ਇਕੱਠ ਹੋਇਆ ਸੀ ਤੇ ਤੰਗੜ ਮਸਾਂ ਲੱਭੇ ਸਨ। ਭੂਰੇ ਹੋਰੀਂ ਇਕ ਵਾਰ ਖੂਨੀਆਂ ਦੇ ਟੱਬਰ ਦੇ ਖੇਤਾਂ ਵਿਚੋਂ ੩੦-੪੦ ਹਲਵਾ ਕੱਦੂ ਤੋੜ ਲਏ ਸਨ। ਇਹ ਕੱਦੂ ਉਦੋਂ ਲੋਕ ਘਰ ਦੀ ਪੜਛੱਤੀ ਤੇ ਰੱਖ ਲਿਆ ਕਰਦੇ ਸਨ। ਜਦੋਂ ਝੋਨਾ ਲਗਾਉਣ ਦਾ ਸਮਾਂ ਆਉਂਦਾ ਸੀ ਤਾਂ ਉਹ ਇਹਨਾਂ ਕੱਦੂਆਂ ਦੀ ਸਬਜ਼ੀ ਬਣਾ ਕੇ ਲਾਵਿਆਂ ਦੇ ਡੰਗ ਸਾਰ ਦਿਆਂ ਕਰਦੇ ਸਨ।

ਹੜ੍ਹ ਦਾ ਪਾਣੀ ਆਉਣ ਨਾਲ ਬਚਨਾ ਬਹੁਤ ਡਰ ਗਿਆ। ਉਸਨੇ ਜਿੰਨਾ ਹੋ ਸਕਿਆ ਸਮਾਨ ਆਪਣੀ ਰੇਹੜੀ ਤੇ ਲੱਦ ਲਿਆ। ਬਲ਼ਦ ਉਸਨੇ ਪਹਿਲਾਂ ਹੀ ਘਰ ਦੇ ਨਾਲ ਲੱਗਦੇ ਉੱਚੇ ਥਾਂ ਬੰਨ੍ਹੇ ਹੋਏ ਸਨ। ਮਸਲਾ ਇਕ ਵੱਡੀ ਪੇਟੀ ਦਾ ਸੀ। ਬਚਨੇ ਅਤੇ ਉਸਦੀ ਤੀਵੀਂ ਨੇ ਇਹ ਲੋਹੇ ਦੀ ਪੇਟੀ ਪੱਠੇ ਕੁਤਰਨ ਵਾਲੀ ਗੇੜੀ ਨਾਲ ਸੰਗਲ ਲਾ ਕੇ ਬੰਨ੍ਹ ਦਿੱਤੀ। ਬਚਨੇ ਨੂੰ ਮੀਦ ਸੀ ਕਿ ਘਰਾਂ ਵਿਚ ਵੜਿਆ ਪਾਣੀ ਇਕ ਦੋ ਦਿਨ ਵਿਚ ਉੱਤਰ ਜਾਵੇਗਾ ਤੇ ਉਹ ਆਪਣੀ ਬਹੁਮੁੱਲੀ ਪੇਟੀ ਵਾਪਸ ਆ ਕੇ ਸੰਭਾਲ ਲਵੇਗਾ। ਘਰ ਨੇੜਲੀ ਸੜਕ ਉੱਪਰ ਨੂੰ ਅਰਧ ਪਹਾੜੀ ਇਲਾਕੇ ਵਲ ਨੂੰ ਜਾਂਦੀ ਸੀ ਤੇ ਅੱਗੇ ਇਹ ਸੜਕ ਬਚਨੇ ਦੇ ਸੁਹਰੇ ਪਿੰਡ ਨੂੰ ਚਲੀ ਜਾਂਦੀ ਸੀ। ਬਚਨੇ ਦਾ ਸੁਹਰਾ ਪਿੰਡ ਉੱਪਰ ਉੱਚੀ ਥਾਂ ਤੇ ਸੁਰੱਖਿਅਤ ਸੀ।

ਜਿਸ ਸਮੇਂ ਬਚਨੇ ਤੇ ਉਸਦੀ ਘਰਵਾਲੀ ਨੇ ਪੇਟੀ ਨੂੰ ਜਿੰਦਰੇ ਨਾਲ ਚਾਰਾ ਕੁਤਰਨ ਵਾਲੀ ਮਸ਼ੀਨ ਨਾਲ ਬੰਨ੍ਹਿਆ ਉਸ ਸਮੇਂ ਭੂਰੇ ਹੋਰੀਂ ਉਸਨੂੰ ਆਪਣੇ ਅਹਾਤੇ ਦੀ ਬਿਰਲ ਵਿਚੋਂ ਦੇਖ ਰਹੇ ਸੀ। ਭੂਰੇ ਹੋਰੀਂ ਸੋਚਦੇ ਸਨ ਕਿ ਪਾਣੀ ਦਾ ਪਹਿਲਾ ਉਛਾਲਾ ਥੋੜ੍ਹੇ ਚਿਰ ਲਈ ਹੈ। ਇਸ ਲਈ ਬਚਨੇ ਦੇ ਅੰਦਰ ਵੜ੍ਹ ਕੇ ਸੰਗਲ ਤੋੜ ਕੇ ਬਚਨੇ ਦੀ ਪੇਟੀ ਨੂੰ ਕਾਬੂ ਕਰ ਲਿਆ ਜਾਵੇ। ਉਹਨਾਂ ਨੇ ਲੋਹਾ ਕੱਟਣ ਵਾਲੇ ਔਜ਼ਾਰ ਆਪਣੇ ਘਰ ਦੇ ਪਿਛਵਾੜਿਓਂ ਛੱਪੜ ਦੇ ਕੰਢਿਓਂ ਆਪਣੇ ਇਕ ਕਮਰੇ ਵਿਚੋਂ ਚੁੱਕੇ ਤੇ ਬਚਨੇ ਦੇ ਵਾੜੇ ਵਿਚ ਜਾ ਵੜੇ। ਉਹ ਇਕ ਦੂਜੇ ਨੂੰ ਹੱਲਾਸ਼ੇਰੀ ਦੇ ਕੇ ਸੰਗਲ ਨੂੰ ਤੋੜਨ ਦੀ ਕੋਸ਼ਿਸ ਕਰ ਹੇ ਸਨ ਕਿ ਉੱਪਰੋਂ ਪਾਣੀ ਦੀ ਇਕ ਬਹੁਤ ਹੀ ਵੱਡੀ ਛੱਲ ਆਈ ਜੋ ਦੋਹਾਂ ਭਰਾਵਾਂ ਨੂੰ ਹੜ੍ਹਾ ਕੇ ਲੈ ਗਈ। ਪਾਣੀ ਇੰਨਾ ਆਇਆ ਕਿ ਪਿੰਡ ਦਾ ਨੀਵਾਂ ਹਿੱਸਾ ਪਾਣੀ ਨਾਲ ਭਰ ਗਿਆ। ਪਿੰਡ ਦਾ ਇਕ ਪਾਸੇ ਦਾ ਉੱਚਾ ਹਿੱਸਾ ਬਿਲਕੁਲ ਸੁਰੱਖਿਅਤ ਸੀ। ਕੁਝ ਲੋਕ ਵੀ ਆਪਣੇ ਨੀਵੇਂ ਘਰਾਂ ਚੋਂ ਉੱਪਰ ਨੂੰ ਚੜ੍ਹਨ ਵਿਚ ਕਾਮਯਾਬ ਹੋ ਗਏ ਸਨ। ਪਿੰਡ ਦੇ ਨੀਵੇਂ ਪਾਸੇ ਬੈਠੇ ਗੱਡੀਆਂ ਵਾਲੇ ਜਾਨੀ ਨੁਕਸਾਨ ਤੋਂ ਤਾਂ ਬਚ ਗਏ ਪਰ ਚੀਜਾਂ ਵਸਤਾਂ ਉਹਨਾਂ ਦੀਆਂ ਵੀ ਹੜ੍ਹ ਗਈਆਂ ਸਨ। ਜਦ ਚਾਰ ਪੰਜ ਦਿਨਾਂ ਬਾਦ ਵਰਖਾ ਘਟੀ ਤਾਂ ਹੜ੍ਹ ਉੱਤਰ ਗਏ। ਸਮਾਜ ਸੇਵੀ ਸੰਸਥਾਵਾਂ ਰਾਹਤ ਦਾ ਸਮਾਨ ਲੈ ਕੇ ਪਹੁੰਚ ਗਈਆਂ। ਲੋਕਾਂ ਨੇ ਤੇ ਇਹਨਾਂ ਸਮਾਜ ਸੇਵੀਆਂ ਨੇ ਦੇਖਿਆ ਕਿ ਭੂਰੇ ਹੁਰਾਂ ਦੀਆਂ ਲਾਸ਼ਾਂ ਪਾਣੀ ਉੱਪਰ ਤੈਰ ਰਹੀਆਂ ਸਨ। ਪੁਲਿਸ ਨੇ ਆਕੇ ਇਹ ਲਾਸ਼ਾਂ ਬਾਹਰ ਕਢਵਾਈਆਂ ਤੇ ਇਹਨਾਂ ਦਾ ਦਾਹ ਸੰਸਕਾਰ ਕਰਵਾਇਆ। ਪੁਲਿਸ, ਸਮਾਜ ਸੇਵੀ ਇਕਾਈਆਂ ਤੇ ਲੋਕਾਂ ਨੂੰ ਕੋਈ ਬਹੁਤੀ ਹੈਰਾਨੀ ਨਾ ਹੋਈ ਕਿ ਨੇੜੇ ਰਹਿੰਦੇ ਭੂਰੇ ਹੋਰੀਂ ਇਧਰ ਉੱਧਰ ਨੂੰ ਕਿਵੇਂ ਆਏ ਤੇ ਇਥੇ ਆ ਕੇ ਡੁੱਬ ਗਏ। ਉਦੋਂ ਹੜਾਂ ਨਾਲ ਕਾਫੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ।

ਬਚਨਾ ਤੇ ਉਸਦੀ ਘਰਵਾਲੀ ਹੜ੍ਹ ਦੇ ਠੱਲ੍ਹਣ ਤੋਂ ਬਾਦ ਵਾਪਿਸ ਆਪਣਾ ਘਰ ਦੇਖਣ ਆਏ। ਉਹਨਾਂ ਨੂੰ ਬਹੁਤਾ ਫਿਕਰ ਆਪਣੀ ਪੇਟੀ ਦਾ ਸੀ ਜਿਸ ਵਿਚ ਉਹਨਾਂ ਨੇ ਆਪਣੇ ਗਹਿਣੇ ਅਤੇ ਪੈਸੇ ਪਲਾਸਟਿਕ ਦੇ ਮੋਟੇ ਲਫਾਫਿਆਂ ਵਿਚ ਪਾ ਕੇ ਸੰਭਾਲੇ ਹੋਏ ਸਨ। ਮੋਦੀ ਸਰਕਾਰ ਦੀ ਨੋਟਬੰਦੀ ਪਾਲਿਸੀ ਤੋਂ ਬਾਅਦ ਉਹ ਆਪਣੇ ਪੈਸੇ ਘਰ ਹੀ ਰੱਖਣ ਲੱਗ ਪਏ ਸਨ। ਨੋਟਬੰਦੀ ਨੇ ਲੋਕਾਂ ਨੂੰ ਇੰਨਾ ਖੱਜਲ ਖੁਆਰ ਕੀਤਾ ਸੀ ਕਿ ਲੋਕਾਂ ਦੇ ਮਨਾਂ ਵਿਚ ਬੈਕਾਂ ਵੀ ਸ਼ੱਕੀ ਬਣਦੀਆਂ ਜਾ ਰਹੀਆਂ ਸਨ। ਜਦ ਉਹ ਆਪਣੇ ਘਰ ਹੜ੍ਹ ਵਾਲੀ ਥਾਂ ਤੇ ਪਹੁੰਚੇ ਤਾਂ ਉਹਨਾਂ ਨੂੰ ਆਪਣੀ ਪੇਟੀ ਕਿਧਰੇ ਵੀ ਦਿਖਾਈ ਨਾ ਦਿੱਤੀ। ਉਹਨਾਂ ਦੇ ਮਨ ਵਿਚ ਉੱਕਾ ਹੀ ਸ਼ੱਕ ਨਹੀਂ ਸੀ ਕਿ ਨੇੇੜੇ ਰਹਿੰਦੇ ਭੂਰੇ ਹੋਰੀਂ ਕੋਈ ਕਾਰਾ ਕੀਤਾ ਹੋਵੇਗਾ ਪਰ ਹੈਰਾਨੀ ਇਹ ਸੀ ਕਿ ਉਹ ਹੜ੍ਹ ਵਿਚ ਖੁਦ ਹੀ ਡੁੱਬ ਗਏ ਸਨ। ਕੋਈ ਹੋਰ ਬੰਦਾ ਦੂਰੋਂ ਆ ਕੇ ਚੋਰੀ ਕਰਦਾ ਇਹ ਅਸੰਭਵ ਸੀ ਕਿਉਂਕਿ ਪਾਣੀ ਬਹੁਤ ਜਲਦੀ ਵਧ ਗਿਆ ਸੀ। ਪੇਟੀ ਕਿੱਧਰ ਗਈ: ਇਹ ਬਚਨੇ ਵਾਸਤੇ ਇਕ ਬੁਝਾਰਤ ਬਣ ਗਈ ਸੀ।

ਦੋ ਕੁ ਮਹੀਨੇ ਬਾਦ ਸੂਬੇ ਦੀ ਸਰਕਾਰ ਬਦਲ ਗਈ। ਨਵੀਂ ਬਣੀ ਸਰਕਾਰ ਬੜੀ ਹੀ ਇਮਾਨਦਾਰ ਸਿਆਸੀ ਪਾਰਟੀ ਦੀ ਸੀ। ਇਹ ਸਰਕਾਰ ਲੋਕਾਂ ਵਿਚ ਆਪਣੀ ਸਾਖ ਕਾਇਮ ਕਰਨ ਲਈ ਸਾਰਾ ਜ਼ੋਰ ਲਗਾ ਰਹੀ ਸੀ। ਸਰਕਾਰ ਨਵੀਆਂ ਨਵੀਆਂ ਸਕੀਮਾਂ ਲੋਕਾਂ ਅੱਗੇ ਰੱਖ ਕੇ ਉਹਨਾਂ ਨੂੰ ਅਮਲੀ ਜਾਮਾ ਪਹਿਨਾ ਰਹੀ ਸੀ। ਹੜ੍ਹਾਂ ਵਿਚ ਲੋਕਾਂ ਦੀਆਂ ਫਸ਼ਲਾਂ ਤਬਾਹ ਹੋ ਗਈਆਂ ਸਨ, ਕਈਆਂ ਦੇ ਘਰ ਢਹਿ ਗਏ ਸਨ। ਜ਼ਮੀਨ ਵਿਚ ਵੱਡੇ ਵਡੇ ਪਾੜ ਪੈ ਗਏ ਸਨ ਤੇ ਕਈ ਪਸ਼ੂ ਮਰ ਗਏ ਸਨ। ਪਿੰਡ ਦੇ ਲਾਗੇ ਬੈਠੇ ਗੱਡੀਆਂ ਵਾਲਿਆਂ ਦਾ ਸਭ ਕੁਝ ਹੜ੍ਹ ਗਿਆ ਸੀ। ਉਹ ਖੁਦ ਉੱਪਰ ਨੂੰ ਉੱਚੇ ਪਾਸੇ ਵਲ ਨੂੰ ਚਲੇ ਗਏ ਸਨ। ਉਨਾਂ ਦੇ ਇਕ ਪਰਿਵਾਰ ਨੇ ਆਪਣੇ ਇਕ ਵੱਡੇ ਪੇਟੀਨੁਮਾ ਟਰੰਕ ਹੜ੍ਹ ਜਾਣ ਦਾ ਵੇਰਵਾ ਪੰਚਾਇਤ ਨੂੰ ਦਿੱਤਾ ਸੀ। ਕੁਝ ਸਮਾਂ ਗੱਡੀਆਂ ਵਾਲਿਆਂ ਨੂੰ ਪਿੰਡ ਦੇ ਪੰਚਾਇਤ ਘਰ ਵਿਚ ਠਹਿਰਾਇਆ ਗਿਆ ਸੀ। ਬਚਨੇ ਦੇ ਤਿੰਨ ਨੁਕਸਾਨ ਹੋਏ ਸਨ: ਫਸਲ ਦਾ, ਮਕਾਨ ਢਹਿਣ ਦਾ ਤੇ ਸਮਾਨ ਡੁੱਬ ਜਾਣ ਦਾ। ਉਸਦੇ ਵੇਰਵੇ ਨਾਲ ਹੁਣ ਇਹ ਸਬੂਤ ਵੀ ਸੀ ਕਿ ਦੋ ਬੰਦੇ ਉਸਦੇ ਸਮਾਨ ਨੂੰ ਚੋਰੀ ਕਰਨ ਉਸਦੇ ਘਰ ਅੰਦਰ ਗਏ ਸਨ ਜਿਹਨਾਂ ਦੀਆਂ ਉਸ ਸਮੇਂ ਲਾਸ਼ਾਂ ਵੀ ਮਿਲ ਗਈਆਂ ਸਨ। ਲੋਕਾਂ ਨੂੰ ਧੜਾ ਧੜ ਮੁਆਵਜ਼ੇ ਮਿਲ ਰਹੇ ਸਨ। ਸਰਪੰਚ ਬੜ੍ਹਾ ਹੀ ਇਮਾਨਦਾਰ ਸੀ। ਹਲਕੇ ਦਾ ਐਮ.ਐਲ.ਏ. ਵੀ ਬੜਾ ਹੀ ਚੰਗਾ ਸੀ। ਮੁੱਖ ਮੰਤਰੀ ਸਿਰੇ ਦਾ ਇਮਾਨਦਾਰ ਤੇ ਲੋਕ ਪੱਖੀ ਬੰਦਾ ਸੀ। ਆਪ ਘੁੰਮ ਕੇ ਸਭ ਪ਼੍ਰਾਜੈਕਟਾਂ ਦੀ ਪੈਰਵਹੀ ਕਰਦਾ ਸੀ। ਨਿਆਂ ਨੂੰ ਲੰਮਾ ਨਹੀਂ ਸੀ ਪੈਣ ਦੇ ਰਿਹਾ। ਬਹੁਤੇ ਫੈਸਲੇ ਦਰਬਾਰ ਲਗਾ ਕੇ ਬੜੀ ਜਲਦੀ ਕਰੀ ਜਾ ਰਿਹਾ ਸੀ।

ਕੁਝ ਦਿਨਾਂ ਬਾਦ ਪੰਚਾਇਤ ਪਾਸ ਇਕ ਖਬਰ ਪੁੱਜੀ।

“ਰਾਮਗਲੋਲੀਆਂ ਦੇ ਘਰ ਦੇ ਪਿਛਵਾੜੇ ਇਕ ਪੇਟੀ ਪਈ ਏ। ਇਹ ਓਹੀ ਲੱਗਦੀ ਏ ਜਿਸਦੀ ਰਿਪੋਰਟ ਤੁਹਾਡੇ ਪਾਸ ਦਰਜ ਕਰਵਾਈ ਗਈ ਸੀ,“ ਮਹਿਰੂਆਂ ਦੇ ਘੋਲੇ ਨੇ ਇਹ ਗੱਲ ਸਰਪੰਚ ਦੇ ਕੰਨੀਂ ਪਾਈ।

ਸਰਪੰਚ ਨੇ ਬਾਕੀ ਮੈਂਬਰਾਂ ਨੂੰ ਨਾਲ ਲੈ ਕੇ ਇਸ ਕਣਸੋਅ ਤੋਂ ਜਾਣੂ ਹੋਣ ਦੀ ਕੋਸ਼ਿਸ਼ ਕੀਤੀ।

ਰਾਮਗਲੋਲੀਆਂ ਦੇ ਘਰ ਦੇ ਪਿਛਵਾੜੇ ਇਕ ਗੱਡੀਆਂ ਵਾਲੇ ਨੂੰ ਤਰੀਕੇ ਨਾਲ ਲਿਜਾਇਆ ਗਿਆ। ਇਸ ਗੱਡੀਆਂਵਾਲੇ ਨੇ ਇਹ ਪੇਟੀ ਪਹਿਚਾਣ ਲਈ। ਫਿਰ ਸਰਪੰਚ ਨੇ ਰਾਮਗਲੋਲੀਆਂ ਦੇ ਹਿੰਮਤ ਸਿੰਘ ਨਾਲ ਗੱਲ ਕੀਤੀ।

“ਬਾਈ ਸਿੰਹਾਂ, ਗੁੱਸਾ ਨਾ ਕਰੀਂ। ਇਕ ਗੱਲ ਕਰਨੀ ਏ,“ ਸਰਪੰਚ ਕਹਿਣ ਲੱਗਾ।

“ਸਰਪੰਚਾ ਗੁੱਸਾ ਕਾਹਦਾ? ਦੱਸ ਕੀ ਗੱਲ ਏ।“

“ਇਕ ਵੱਡਾ ਟਰੰਕ ਤੁਹਾਡੇ ਪਿਛਵਾੜੇ ਪਿਆ ਏ। ਇਹ ਕੀਹਦਾ ਏ।?“

“ਪਤਾ ਨਹੀਂ ਕੀਹਦਾ ਏ। ਹੜ੍ਹ ਵਿਚ ਕਿਤੇ ਰੁਲਦਾ ਖੁਲਦਾ ਦੇਖਿਆ ਸੀ। ਮੇਰੇ ਮੁੰਡੇ ਨੇ ਸੋਚਿਆ ਮੱਝ ਨੂੰ ਪੱਠੇ ਪਾਉਣ ਲਈ ਖੁਰਲੀ ਦੇ ਤੌਰ ਤੇ ਵਰਤਾਂਗੇ। ਬੱਸ ਐਵੇਂ ਹੀ ਘਰ ਨੂੰ ਚੁੱਕ ਲਿਆਇਆ। ਕੀ ਗੱਲ ਚਾਹੀਦਾ ਏ?“

“ਹਿੰਮਤ ਬਾਈ, ਗੱਲ ਇਵੇਂ ਐ। ਇਹ ਟਰੰਕ ਗੱਡੀਆਂ ਵਾਲਿਆਂ ਦਾ ਏ। ਉਹ ਵਿਚਾਰੇ ਲੱਭ ਰਹੇ ਨੇ ਤੇ ਉਹਨਾਂ ਨੇ ਇਹਦੀ ਰਿਪੋਰਟ ਵੀ ਸਾਡੇ ਪਾਸ ਦਰਜ ਕਰਾ ਰੱਖੀ ਏ।“

“ਕੋਈ ਗੱਲ ਨਹੀਂ ਸਰਪੰਚਾ, ਚੁੱਕ ਕੇ ਲੈ ਜਾਓ, ਅਸੀਂ ਕੀ ਕਰਨਾ ਏ? ਸਾਡਾ ਮੁੰਡਾ ਤਾਂ ਐਵੇਂ ਖਿੱਚ ਲਿਆਇਆ ਸੀ।“

ਸਰਕਾਰ ਨੇ ਹੜ੍ਹ ਦੀ ਰਾਹਤ ਦੇਣ ਦੇ ਨਾਲ ਨਾਲ ਦੂਜਾ ਕੰਮ ਸੜਕਾਂ ਦੀ ਮੁਰੰਮਤ ਦਾ ਸ਼ੁਰੂ ਕੀਤਾ ਹੋਇਆ ਸੀ। ਸੜਕਾਂ ਵਿਚ ਪਏ ਪਾੜ ਠੀਕ ਕੀਤੇ ਜਾ ਰਹੇ ਸਨ। ਕੁਝ ਦਿਨਾਂ ਬਾਦ ਸਕਾਰ ਦੀ ਇਕ ਨਵੀਂ ਸਕੀਮ ਆ ਗਈ ਸੀ। ਇਹ ਪ਼੍ਰਾਜੈਕਟ ਸੀ ਪਿੰਡਾਂ ਦੇ ਛੱਪੜਾਂ ਦੇ ਨਵੀਨੀਕਰਨ ਦਾ। ਛੱਪੜਾਂ ਦੀ ਗਾਰ ਕੱਢ ਕੇ ਉਹਨਾਂ ਦਾ ਕੁਝ ਹਿੱਸਾ ਪੱਕਾ ਕੀਤਾ ਜਾਣਾ ਸੀ। ਇਹ ਵਾਤਾਵਰਨ ਦੀ ਸੰਭਾਲ ਵਲ ਇਕ ਠੋਸ ਕਦਮ ਸੀ। ਛੱਪੜਾਂ ਦੁਆਲੇ ਇੱਟਾਂ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਸਨ। ਵੱਡੀਆਂ ਵੱਡੀਆਂ ਕਰੇਨਾਂ ਤੇ ਮਸ਼ੀਨਾਂ ਵੀ ਆ ਗਈਆਂ ਸਨ। ਹਰ ਪਿੰਡ ਵਿਚ ਐਮ.ਐਲ.ਏ. ਸਾਹਿਬ ਜਾਂਦੇ ਸਨ ਤੇ ਛੱਪੜ ਦਾ ਕੰਮ ਸ਼ੁਰੁ ਕਰਵਾ ਆਉਂਦੇ ਸਨ। ਵਜੀਦਪੁਰ ਵਿਚ ਵੀ ਕੰਮ ਸ਼ੁਰੂ ਹੋ ਗਿਆ ਸੀ। ਜਿਸ ਦਿਨ ਕੰਮ ਚਲਦੇ ਨੂੰ ਤਿੰਨ ਦਿਨ ਹੋ ਗਏ ਤਾਂ ਛੱਪੜ ਵਿਚੋਂ ਇਕ ਪੇਟੀ ਨਿਕਲੀ। ਭੂਰੇ ਦੇ ਮੁੰਡੇ ਗੇਜੇ ਨੇ ਪੇਟੀ ਤੇ ਆਪਣੀ ਮਾਲਕੀਅਤ ਜ਼ਾਹਰ ਕੀਤੀ। ਉਸ ਨੇ ਕਿਹਾ ਕਿ ਇਸ ਪੇਟੀ ਨੂੰ ਬਚਾਉਂਦੇ ਬਚਾਉਂਦੇ ਉਸਦਾ ਬਾਪੂ, ਭਰਾ ਤੇ ਚਾਚਾ ਹੜ੍ਹ ਵਿਚ ਹੜ੍ਹ ਗਏ। ਗੇਜੇ ਨੇ ਅੱਗੇ ਕਿਹਾ ਕਿ ਉਹ ਪਿੰਡ ਵਿਚ ਇਕੱਠ ਸਮੇਂ ਐਮ.ਐਲ.ਏ. ਦੀ ਹਾਜਰੀ ਵਿਚ ਇਸ ਪੇਟੀ ਉੱਤੇ ਆਪਣੀ ਮਾਲਕੀਅਤ ਦਾ ਇਜ਼ਹਾਰ ਕਰੇਗਾ।

ਥੋੜ੍ਹੇ ਦਿਨਾਂ ਬਾਦ ਪਿੰਡ ਦੀ ਚੌਪਾਲ ਤੇ ਪੰਚਾਇਤ ਤੇ ਲੋਕਾਂ ਦਾ ਆਮ ਇਕੱਠ ਹੋਇਆ। ਛੱਪੜ ਚੋਂ ਮਿਲੀਆਂ ਚੀਜਾਂ ਵਸਤਾਂ ਬਾਰੇ ਲੋਕਾਂ ਨਾਲ ਵਿਚਾਰ ਕਰਕੇ ਉਹਨਾਂ ਨੂੰ ਵਾਪਸ ਦਿਵਾਉਣੀਆਂ ਸਨ। ਜੇ ਕਿਸੇ ਚੀਜ ਦੀ ਮਾਲਕੀ ਦਾ ਪਤਾ ਨਾ ਲੱਗੇ ਤਾਂ ਉਹ ਨੀਲਾਮ ਕਰ ਦਿੱਤੀ ਜਾਣ ਦੀ ਗੱਲ ਚੱਲੀ। ਸਭ ਤੋਂ ਪਹਿਲਾਂ ਇਕ ਟਾਹਲੀ ਦੀ ਕਾਲੀ ਸਿਆਹ ਲੱਕੜੀ ਦੀ ਗੱਲ ਚੱਲੀ। ਬਰੀਕੀ ਨਾਲ ਛਾਣ ਬੀਣ ਕਰਨ ਤੋਂ ਬਾਦ ਪਤਾ ਲੱਗ ਗਿਆ ਕਿ ਇਹ ਭਾਨੀਮਾਰਾਂ ਦੇ ਫੱਕਰ ਹੋਰਾਂ ਦੀ ਸੀ। ਇਹ ਮੋਛਾ ਵੀ ਕਿਸੇ ਸਮੇਂ ਦਾ ਹੜ੍ਹ ਕੇ ਛੱਪੜ ਦੇ ਪਾਣੀ ਵਿਚ ਹੀ ਗੁਆਚ ਚੁੱਕਾ ਸੀ। ਕਾਲਾ ਸਿਆਹ ਹੋਣ ਕਰਕੇ ਇਹ ਬਹੁਤ ਭਾਰਾ ਸੀ ਤੇ ਇਹ ਪਾਣੀ ਉੱਪਰ ਨਹੀਂ ਤਰਿਆ ਸੀ। ਅੱਕ ਦੇ ਬੂਟਿਆਂ ਵਿਚ ਫਸ ਕੇ ਗਾਰ ਹੇਠਾਂ ਹੀ ਦੱਬ ਹੋ ਗਿਆ ਸੀ। ਫੱਕਰ ਨੂੰ ਇਹ ਗੁਆਚੀ ਹੋਈ ਮਹਿੰਗੀ ਲੱਕੜੀ ਵਾਪਸ ਮਿਲ ਗਈ– ਉਹ ਬੜਾ ਖੁਸ਼ ਹੋਇਆ। ਦੂਜੀ ਵੱਡੀ ਪ਼੍ਰਾਪਤੀ ਲੋਹੇ ਦੀ ਪੇਟੀ ਸੀ। ਇਹਦੇ ਤੇ ਬਚਨਾ ਤੇ ਗੇਜਾ ਦੋਨੋਂ ਮਾਲਕੀ ਜਿਤਾ ਰਹੇ ਸਨ। ਫੈਸਲਾ ਕਰਨਾ ਔਖਾ ਸੀ।

“ਮੇਰਾ ਬਾਪ ਤੇ ਚਾਚਾ ਇਸ ਪੇਟੀ ਨੂੰ ਬਚਾਉਂਦੇ ਬਚਾਉਂਦੇ ਆਪ ਮਾਰੇ ਗਏ“, ਗੇਜੇ ਨੇ ਭਰੀ ਸਭਾ ਵਿਚ ਕਿਹਾ, “ਪੇਟੀ ਸਾਡੀ ਏ। ਇਹ ਸਾਨੂੰ ਦਿੱਤੀ ਜਾਵੇ।“ ਬਚਨਾ ਚੱਕਰ ਵਿਚ ਪੈ ਗਿਆ। ਉਹ ਇਸ ਉੱਤੇ ਆਪਣੀ ਮਾਲਕੀ ਕਿਵੇਂ ਸਿੱਧ ਕਰੇ?

“ਗੇਜੇ, ਤੈਨੂੰ ਪਤਾ ਏ ਕਿ ਇਸ ਪੇਟੀ ਵਿਚ ਕੀ ਏ? ਜੇ ਤੂੰ ਦੱਸੋ ਦੇਵੇਂ ਤਾਂ ਅਸੀਂ ਖੋਲ੍ਹ ਕੇ ਦੇਖ ਲਵਾਂਗੇ। ਜੇ ਤੇਰੀਆਂ ਦੱਸੀਆਂ ਦੋ ਚੀਜ਼ਾਂ ਵੀ ਵਿਚ ਹੋਣ ਤਾਂ ਇਹ ਤੈਨੂੰ ਮਿਲ ਜਾਵੇਗੀ,“ ਸਰਪੰਚ ਨੇ ਅਸਲੀਅਤ ਜਾਨਣ ਲਈ ਇਹ ਸਵਾਲ ਪਾ ਦਿੱਤਾ।

“ਇਸ ਵਿਚ ਜੋ ਕੁਝ ਵੀ ਹੈ ਉਹ ਮੈਂ ਤਾਂ ਪਾਇਆ ਹੀ ਨਹੀਂ। ਉਹ ਤਾਂ ਮੇਰੇ ਘਰਦਿਆਂ ਨੇ ਪਾਇਆ ਹੋਊ। ਮੈਂ ਕਿਵੇਂ ਦੱਸ ਸਕਦਾ ਹਾਂ ਕਿ ਇਸ ਵਿਚ ਕੀ ਏ?“ ਗੇਜਾ ਬੋਲਿਆ।

“ਤੇਰੇ ਘਰ ਦਾ ਕੋਈ ਦੱਸ ਦੇਵੇ?“ ਸਰਪੰਚ ਕਹਿਣ ਲੱਗਾ।
ਗੇਜਾ ਅਜੇ ਚੁੱਪ ਹੀ ਸੀ।

“ਮੈਂ ਦੱਸ ਦਿੰਦੀ ਹਾਂ?“ ਇਕਦਮ ਬਚਨੇ ਦੇ ਘਰਵਾਲੀ ਬੋਲ ਪਈ। ਸਾਰਿਆਂ ਦੇ ਕੰਨ ਖੜ੍ਹੇ ਹੋ ਗਏ। ਜ਼ਾਹਰ ਹੋ ਗਿਆ ਕਿ ਇਹ ਬਚਨੇ ਦੀ ਹੀ ਏ। ਬਚਨੇ ਹੋਰੀਂ ਮੋਟਾ ਮੋਟਾ ਦੱਸ ਦਿੱਤਾ ਕਿ ਇਸ ਵਿਚ ਕੀ ਏ? ਇਸ ਪ਼੍ਰਕਾਰ ਇਹ ਪੇਟੀ ਉਹਨਾਂ ਨੂੰ ਦੇ ਦਿੱਤੀ ਗਈ। ਉਹ ਆਪਣੀ ਗੁਆਚੀ ਬਹੁਮੁੱਲੀ ਚੀਜ਼ ਪ਼੍ਰਾਪਤ ਕਰਕੇ ਬੜੇ ਖੁਸ਼ ਹੋਏ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1604
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Dr. Avtar S. Sangha
BA ( Hons. English) MA English, Ph.D English--- Punjab
Graduate Dip In Education--- NSW ( Australia)
Lecturer in English in a college in Punjab for 25 years.
Teacher in Sydney--- 6 years
Now retired
Author of 8 books
**
sangha_avtar@hotmail.com

My latest book of short English fiction STORM IN A TEACUP AND OTHER STORIES can be seen on
DESIBUZZ CANADA
**
The Punjabi book of short stories edited by me and published by Azad Book Depot Amritsar 5 PARVAASI KAHANIKAAR is now available in the market.
**

ਅਵਤਾਰ ਐਸ ਸੰਘਾ

Dr. Avtar S. Sangha BA ( Hons. English)  MA English,  Ph.D English--- Punjab Graduate Dip In Education--- NSW ( Australia) Lecturer in English  in a college  in Punjab for 25 years. Teacher in Sydney--- 6 years Now retired Author of 8 books ** sangha_avtar@hotmail.com My latest book of short English fiction STORM IN A TEACUP AND OTHER STORIES can be seen on DESIBUZZ CANADA ** The Punjabi book of short stories  edited by me and published  by Azad Book Depot Amritsar  5 PARVAASI KAHANIKAAR  is now available in the market. **

View all posts by ਅਵਤਾਰ ਐਸ ਸੰਘਾ →