|
ਆਸਟਰੇਲੀਆ ਜਿਹੇ ਦੇਸ਼ ਵਿੱਚ ਬਹੁਤਾ ਅਮੀਰ ਹੋਣ ਦੀ ਜ਼ਰੂਰਤ ਹੀ ਨਹੀਂ। ਜੇਕਰ ਕਿਸੇ ਦੀ ਆਮਦਨ ਇਥੇ ਬਹੁਤੀ ਨਾ ਵੀ ਹੋਵੇ ਤਾਂ ਵੀ ਉਹ ਵਧੀਆ ਭੋਜਨ ਖਾ ਸਕਦਾ ਹੈ, ਵਧੀਆ ਕੱਪੜੇ ਪਹਿਨ ਸਕਦਾ ਹੈ ਤੇ ਠੀਕ ਜਿਹੇ ਮਕਾਨ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕਰ ਸਕਦਾ ਹੈ। ਇਹ ਤਿੰਨੇ ਸਹੂਲਤਾਂ ਤੇ ਜਰੂਰਤਾਂ ਮਨੁੱਖ ਦੀ ਉਦੋਂ ਕੁ ਤੋਂ ਆਰਾਮ ਨਾਲ ਪੂਰੀਆਂ ਹੋਣ ਲੱਗ ਪੈਂਦੀਆਂ ਹਨ ਜਦ ਉਹ ਇੱਥੇ ਪੰਜ ਕੁ ਸਾਲ ਸਧਾਰਨ ਜਿਹੇ ਕੰਮ ਕਰ ਲਵੇ। ਮਨੁੱਖ ਦੇ ਸਾਰੇ ਜੀਵਨ ਕਾਲ ਵਿੱਚ ਜੇ ਕਿਸੇ ਨੂੰ 8-10 ਸਾਲ ਕੰਮ ਕਰਨਾ ਵੀ ਪੈ ਜਾਵੇ ਤਾਂ ਉਹਨੂੰ ਬੋਝ ਨਹੀਂ ਸਮਝਣਾ ਚਾਹੀਦਾ। ਨਾਲੇ ਅਮੀਰ ਬਣਨ ਲਈ ਕੋਈ ਤਾਂ ਲੋਚੇ ਜੇ ਉਹਦੀ ਉਮਰ ਸਵਾ ਕੁ ਸੌ ਸਾਲ ਜਾਂ ਇਸ ਤੋਂ ਉੱਪਰ ਹੋਵੇ। ਮਨੁੱਖ ਦੀ ਉਮਰ ਅਕਸਰ ਮਸਾਂ 80 ਕੁ ਸਾਲ ਹੁੰਦੀ ਏ। 68 ਸਾਲ ਦੀ ਉਮਰ ਤੋਂ ਬਾਅਦ ਸਰਕਾਰ ਅਕਸਰ ਬੁਢਾਪਾ ਪੈਨਸ਼ਨ ਦੇਣ ਲੱਗ ਪੈਂਦੀ ਹੈ। ਸਧਾਰਨ ਰਿਹਾਇਸ਼, ਸਧਾਰਨ ਭੋਜਨ ਤੇ ਸਧਾਰਨ ਪਹਿਰਾਵੇ ਲਈ ਇਹ ਪੈਨਸ਼ਨ ਕਾਫੀ ਹੈ। ਇਸ ਉਮਰ ਵਿੱਚ ਮਨੁੱਖ ਪੈਨਸ਼ਨ ਲੈਂਦਾ ਲੈਂਦਾ ਇਕ ਦੋ ਦਿਨ ਕੰਮ ਵੀ ਕਰ ਸਕਦਾ ਹੈ। ਅਸੀਂ ਸਭ ਜਾਣਦੇ ਹਾਂ ਕਿ ਮਨੁੱਖ 75 ਕੁ ਸਾਲ ਤੱਕ ਤਾਂ ਆਰਾਮ ਨਾਲ ਕਾਰਜਸ਼ੀਲ ਰਹਿ ਸਕਦਾ ਹੈ। ਜੇ ਉਹ 65 ਤੋਂ ਬਾਅਦ ਬਿਲਕੁਲ ਵਿਹਲਾ ਰਹਿਣ ਲੱਗ ਜਾਵੇ ਤਾਂ ਉਹ ਵਿਹਲਾ ਰਹਿ ਕੇ ਥਕਾਨ ਮਹਿਸੂਸ ਕਰੇਗਾ ਹੀ। ਘਰ ਸੁੱਤੇ ਪਏ ਅਤੇ ਪਾਸੇ ਪਲਟਦੇ ਬੰਦੇ ਦੇ ਮੌਰ, ਬਾਹਾਂ, ਲੱਤਾਂ ਤੇ ਪੈਰ ਦੁਖਣ ਲੱਗ ਪੈਂਦੇ ਹਨ। ਚੱਜ ਨਾਲ ਭੋਜਨ ਵੀ ਨਹੀਂ ਪਚਦਾ। ਦਿਨ ਭਰ ਦੇ ਵਿਹਲੇਪਣ ਦੀ ਥਕਾਵਟ ਨੂੰ ਘਟਾਉਣ ਲਈ ਸ਼ਾਮ ਦੀ ਸੈਰ ਕਾਫੀ ਨਹੀਂ। ਰਾਤ ਨੂੰ ਸੁੱਤਾ ਬੰਦਾ ਕਰਵਟਾਂ ਲੈਂਦਾ ਰਹਿੰਦਾ ਹੈ, ਵੱਖ ਲੈ ਲੈ ਕੇ ਸਾਈਡਾਂ ਦੁਖਣ ਲੱਗ ਪੈਂਦੀਆਂ ਹਨ। ਲੋਕਾਂ ਨੇ ਬਾਹਰਲੇ ਦੇਸ਼ਾਂ ਵਿੱਚ ਰਹਿੰਦੇ ਲੋਕਾਂ ਬਾਰੇ ਇਹ ਗੱਲ ਆਮ ਪ੍ਰਚਲਿਤ ਕੀਤੀ ਹੋਈ ਹੈ ਕਿ ਉਹਨਾਂ ਪਾਸ ਸਮਾਂ ਹੀ ਨਹੀਂ ਹੈ। ਉਹਨਾਂ ਦੀ ਜ਼ਿਦਗੀ ਮਸ਼ੀਨ ਬਣ ਜਾਂਦੀ ਏ, ਉਹ ਦੌੜੇ ਦੌੜੇ ਮਸਾਂ ਕਦੀ ਪੰਜਾਬ ਵਿੱਚ ਗੇੜਾ ਮਾਰਦੇ ਹਨ ਆਦਿ। ਇਸ ਪ੍ਰਕਾਰ ਦੀਆਂ ਧਾਰਨਾਵਾਂ ਲੋਕਾਂ ਨੇ ਐਵੇਂ ਫਜ਼ੂਲ ਬਣਾਈਆਂ ਹੋਈਆਂ ਹਨ। ਇਨ੍ਹਾਂ ਵਿਕਸਿਤ ਦੇਸ਼ਾਂ ਵਿੱਚ ਕਈ ਕੰਮ ਤਾਂ ਵਿਹਲਿਆਂ ਜਿਹੇ ਹੀ ਹਨ। ਸਿਕਿਉਰਟੀ ਗਾਰਡ ਨੂੰ ਨਾ ਬਹੁਤੀ ਜੋਖਮ ਹੈ ਨਾ ਭਾਰਾ ਕੰਮ ਏ, ਵਿਹਲ ਹੀ ਵਿਹਲ ਹੈ। ਖੜ੍ਹੇ ਰਹੋ ਜਾਂ ਕਿਤੇ ਬੈਠ ਕੇ ਅਖਬਾਰ ਪੜ੍ਹੀ ਜਾਓ, ਸੋਸ਼ਲ ਮੀਡੀਆ ਦੇਖੀ ਜਾਓ। ਰੇਲਵੇ ਦੇ ਸੀ. ਐਸ. ਏ. ਨੂੰ ਕਿੰਨਾ ਕੁ ਜਸਮਾਨੀ ਕੰਮ ਏ? ਗਾਰਡ ਨੂੰ ਵੀ ਕਿੰਨਾ ਕੁ ਜਸਮਾਨੀ ਕੰਮ ਏ? ਹਰ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਦੇਸ਼ ਵਿੱਚ ਤੇ ਵਿਦੇਸ਼ ਵਿੱਚ ਵੀ ਬਹੁਤ ਹੀ ਇਮਾਨਦਾਰੀ ਨਾਲ, ਸਕੀਮ ਨਾਲ ਤੇ ਦੂਰ ਦ੍ਰਿਸ਼ਟੀ ਨਾਲ ਸਾਧਾਰਨ ਕੰਮ ਕਰਦਾ ਜਾਵੇ। ਇਸ ਕੰਮ ਵਿੱਚ ਠਰੰਮਾ ਹੋਵੇ, ਕਦੀ ਕਦੀ ਸੈਰ ਸਪਾਟਾ ਵੀ ਹੋਵੇ। ਜ਼ਰੂਰੀ ਨਹੀਂ ਕਿ ਸੈਰ ਸਪਾਟਾ ਮਹਿੰਗਾ ਹੋਵੇ। ਅਸੀਂ ਜਾਣਦੇ ਹਾਂ ਆਸਟਰੇਲੀਆ ਇੱਕ ਜਜੀਰੇ ਦੇ ਰੂਪ ਵਿੱਚ ਮਹਾਂਦੀਪ ਹੈ। ਇਹਦੇ ਅੰਦਰ ਅੰਦਰ ਵੀ ਅੰਤਾਂ ਦੀਆਂ ਸੈਰ ਸਪਾਟਾ ਕਰਨ ਵਾਲੀਆਂ ਥਾਵਾਂ ਹਨ। ਸਾਰਾ ਆਸਟਰੇਲੀਆ ਰੇਲ ਗੱਡੀ ਰਾਹੀਂ ਵੀ ਘੁੰਮਿਆ ਜਾ ਸਕਦਾ ਹੈ। ਮਨੁੱਖ ਨੂੰ ਹਵਾਈ ਉਡਾਨਾਂ ਦਾ ਮਾੜਾ ਮੋਟਾ ਤਜਰਬਾ ਤਾਂ ਜਰੂਰ ਹੋਣਾ ਚਾਹੀਦਾ ਹੈ। ਸੇਵਾ ਮੁਕਤ ਸੈਲਾਨੀਆਂ ਨੂੰ ਤਾਂ ਇਥੇ ਕਿਰਾਇਆਂ ਵਿੱਚ ਕੁਝ ਛੋਟਾਂ ਵੀ ਹੁੰਦੀਆਂ ਹਨ। ਜੇ ਮਨੁੱਖ ਪਲਾਨਿੰਗ ਨਾਲ ਚੱਲਦਾ ਹੈ ਤਾਂ ਉਹ ਸਮੁੰਦਰੀ ਸਫਰ (Cruises) ਦੇ ਵੀ ਕਦੀ ਕਦਾਈੱ ਨਜ਼ਾਰੇ ਲੈ ਸਕਦਾ ਹੈ। ਇੱਥੇ ਧੱਕਾ ਮੁੱਕੀ ਕਿਤੇ ਹੈ ਹੀ ਨਹੀਂ। ਸਭ ਪਾਸੇ ਸ਼ਾਂਤੀ ਦਾ ਆਲਮ ਪਸਰਿਆ ਹੋਇਆ ਹੈ। ਪੰਜਾਬੀਆਂ ਲਈ ਤਾਂ ਇੱਕ ਹੋਰ ਵੀ ਬਹੁਤ ਵੱਡੀ ਸਹੂਲਤ ਹੈ। ਥਾਂ ਥਾਂ ਗੁਰੂ ਘਰ ਹਨ। ਯਾਤਰੀ ਨਤਮਸਤਕ ਹੋਵੇ ਤੇ ਲੰਗਰ ਦਾ ਆਨੰਦ ਮਾਣੇ। ਕਈ ਥਾਂਈ ਰਿਹਾਇਸ਼ ਵੀ ਮਿਲ ਜਾਂਦੀ ਏ। ਜਦ ਕੋਈ ਵਿਅਕਤੀ ਇਸ ਦੇਸ਼ ਵਿੱਚ ਨੂੰ ਪ੍ਰਵਾਸ ਦੇ ਸਾਰੇ ਵਰਤਾਰੇ ਇਮਾਨਦਾਰੀ ਨਾਲ ਤੈਅ ਕਰਕੇ ਆਉਂਦਾ ਹੈ ਤਾਂ ਉਸ ਨੂੰ ਆਉਂਦੇ ਸਾਰ ਸਰਕਾਰ ਕੁਝ ਆਰਥਿਕ ਮਦਦ ਕਰਨ ਲੱਗ ਪੈਂਦੀ ਹੈ। ਪੱਕੇ ਪਰਵਾਸੀ ਦੇ ਬੱਚੇ ਇੱਥੋਂ ਦੇ ਸਕੂਲਾਂ ਵਿੱਚ ਮੁਫਤ ਪੜ੍ਹਦੇ ਹਨ। ਘੱਟ ਆਮਦਨ ਵਾਲਿਆਂ ਨੂੰ ਸਰਕਾਰ ਘੱਟ ਕਿਰਾਏ ਵਾਲੇ ਘਰ ਵੀ ਦੇ ਦਿੰਦੀ ਹੈ। ਸਿਫਾਰਿਸ਼ਾਂ ਕਰਨ ਜਾਂ ਕਰਵਾਉਣ ਦੀ ਬਹੁਤੀ ਜਰੂਰਤ ਨਹੀਂ ਪੈਂਦੀ। ਸਿਆਸੀ ਬੰਦਿਆਂ ਨੂੰ ਤੁਸੀਂ ਜਦ ਮਰਜ਼ੀ ਸਿੱਧੇ ਜਾ ਕੇ ਮਿਲ ਲਓ। ਐਮ. ਪੀ. ਤੁਹਾਡੀ ਮਦਦ ਲਈ ਤਤਪਰ ਰਹਿੰਦੇ ਹਨ। ਜਿਨ੍ਹਾਂ ਲੋਕਾਂ ਨੂੰ ਕੰਮ ਨਹੀਂ ਮਿਲਦਾ ਉਹ ਜੌਬ ਫਾਈਂਡ (Job Find) ਕੇਂਦਰਾਂ ਵਿੱਚ ਜਾ ਕੇ ਜ਼ਾਬਤਾ ਪੂਰਾ ਕਰ ਆਉਂਦੇ ਹਨ। ਅਖਬਾਰਾਂ ਫੋਲਕੇ ਤੇ ਕੰਪਿਊਟਰਾਂ ਤੇ ਬੈਠ ਕੇ ਕਹਿ ਦਿੰਦੇ ਹਨ ਕਿ ਅਜੇ ਤੱਕ ਕੋਈ ਚੰਗੀ ਜੌਬ ਨਹੀਂ ਮਿਲੀ। ਉੱਥੇ ਚਾਹ ਪਾਣੀ ਮੁਫਤ ਮਿਲਦਾ ਹੈ। ਬਾਕੀ ਰਹੀ ਗੱਲ ਘਰ ਬੰਨ੍ਹਣ ਦੀ। ਘਰ ਸ਼ੁਰੂ ਕਰਨ ਲਈ ਇੱਥੇ ਬੜੀਆਂ ਸਹੂਲਤਾਂ ਹਨ। ਸਭ ਤੋਂ ਪਹਿਲੀ ਸਹੂਲਤ ਹੈ ਗਰਾਜ ਸੇਲਾਂ ਦੀ। ਹਰ ਇਲਾਕੇ ਵਿੱਚ ਸ਼ਨੀਵਾਰ ਨੂੰ ਗਰਾਜ ਸੇਲਾਂ ਲੱਗਦੀਆਂ ਹੀ ਰਹਿੰਦੀਆਂ ਹਨ। ਇਹਨਾਂ ਸੇਲਾਂ ਵਿੱਚ ਕਈ ਚੀਜ਼ਾਂ ਬਹੁਤ ਸੋਹਣੀ ਹਾਲਤ ਵਿੱਚ ਕੌਡੀਆਂ ਦੇ ਭਾਅ ਮਿਲ ਜਾਂਦੀਆਂ ਹਨ। 500 ਡਾਲਰ ਦੀ ਚੀਜ਼ 40-50 ਡਾਲਰਾਂ ਦੀ ਮਿਲ ਜਾਂਦੀ ਹੈ। ਕਈ ਚੀਜ਼ਾਂ ਹੋਰ ਵੀ ਸਸਤੀਆਂ ਮਿਲ ਜਾਂਦੀਆਂ ਹਨ। ਇਹਨਾਂ ਤੋਂ ਇਲਾਵਾ ਕਲੀਅਰੈਂਸ ਸੇਲਾਂ ਹਨ। ਗੋਰੇ ਕ੍ਰਿਸਮਸ ਦੇ ਮੂਹਰੇ ਅਕਸਰ ਦੁਕਾਨਾਂ ਦਾ ਸਮਾਨ ਸਸਤੇ ਭਾਅ ਤੇ ਕੱਢ ਕੇ ਨਵੇਂ ਸਾਲ ਤੋਂ ਨਵਾਂ ਸਮਾਨ ਪਾਉਂਦੇ ਹਨ। ਇਹਨਾਂ ਦਿਨਾਂ ਵਿੱਚ ਜਿੰਨਾ ਮਰਜ਼ੀ ਵਧੀਆ ਸਮਾਨ ਸਸਤੇ ਦਾਮਾਂ ਤੇ ਖਰੀਦ ਲਓ। ਮਰੇ ਬੰਦੇ ਤੇ ਸੇਲਸ (deceased sales) ਵੀ ਲੱਗਦੀਆਂ ਹਨ। ਕਦੀ ਵਿਅਕਤੀ ਛੜੇ ਛੜਾਂਗ ਹੀ ਮਰ ਜਾਂਦੇ ਹਨ। ਭਾਵ ਇਹ ਕਿ ਉਹਨਾਂ ਦਾ ਪਰਿਵਾਰ ਨਹੀਂ ਹੁµਦਾ। ਮਰਨ ਤੋਂ ਬਾਅਦ ਉਹਨਾਂ ਦਾ ਸਮਾਨ ਸਸਤੀ ਸੇਲ ਤੇ ਲਗਾ ਦਿੱਤਾ ਜਾਂਦਾ ਹੈ। ਸਿਡਨੀ ਜਿਹੇ ਸ਼ਹਿਰਾਂ ਵਿੱਚ ਗੋਰਿਆਂ ਦੇ ਸਮਾਜ ਸੇਵੀ ਸੰਸਥਾਨ ਵੀ ਬੜੀ ਇਮਾਨਦਾਰੀ ਨਾਲ ਚੱਲ ਰਹੇ ਹਨ। ਮਿਸਾਲ ਦੇ ਤੌਰ ਤੇ ਸਾਲਵੇਸ਼ਨ ਆਰਮੀ (Salvation Army) ਹੈ ਤੇ ਵਿਨਸੈਂਟ ਦਾ ਪਾਲ (Vincent de Paul) ਹੈ। ਨਵਾਂ ਪਰਵਾਸੀ ਆਉਂਦੇ ਸਾਰ ਇਹਨਾਂ ਨੂੰ ਫੋਨ ਮਾਰੇ। ਇਹ ਤੁਹਾਡੀ ਮਦਦ ਲਈ ਇਕਦਮ ਆ ਟਪਕਦੇ ਹਨ। ਇਹ ਤੁਹਾਡਾ ਪਾਸਪੋਰਟ ਦੇਖਦੇ ਹਨ ਤੇ ਝੱਟ 100 ਡਾਲਰ ਦਾ ਕਿਸੇ ਸਟੋਰ ਦੇ ਨਾਮ ਚੈੱਕ ਕੱਟ ਦਿੰਦੇ ਹਨ। ਤੁਸੀਂ ਉਸ ਸਟੋਰ ਤੇ ਜਾਓ ਤੇ 100 ਡਾਲਰ ਦੇ ਸਮਾਨ ਦੀ ਟਰਾਲੀ ਭਰ ਕੇ ਲੈ ਆਓ। ਇਹ ਸੰਸਥਾਨ ਨਵੇਂ ਪਰਵਾਸੀ ਨੂੰ ਰਸੋਈ ਦੇ ਬਰਤਨ, ਕੁਝ ਫਰਨੀਚਰ, ਗੱਦੇ, ਕੰਬਲ, ਚਾਦਰ ਆਦਿ ਵੀ ਦੇ ਜਾਂਦੇ ਹਨ। ਭਾਵੇਂ ਇਹ ਸਮਾਨ ਕੁਝ ਪੁਰਾਣਾ ਹੁੰਦਾ ਏ ਫਿਰ ਵੀ ਕੰਮ ਚਲਾਉਣ ਲਈ ਬੜਾ ਵਧੀਆ ਧੋਤਾ ਹੋਇਆ ਹੁੰਦਾ ਹੈ। ਇੱਥੋਂ ਤੱਕ ਇਹ ਸੰਸਥਾਨ ਪਰਵਾਸੀ ਨੂੰ ਇਹ ਵੀ ਹਦਾਇਤ ਕਰਦੇ ਹਨ ਕਿ ਉਹ ਇਹਨਾਂ ਦੇ ਸਟੋਰ ਤੋਂ ਜਾ ਕੇ ਦੋ ਪੈਂਟਾਂ, ਦੋ ਕਮੀਜਾਂ, ਦੋ ਜੋੜੇ ਜੁੱਤੀਆਂ, ਟੋਪੀਆਂ ਆਦਿ ਲੈ ਆਵੇ। ਇਵੇਂ ਹੀ ਇਹ ਸਾਰਾ ਕੁਝ ਆਪਣੀ ਘਰਵਾਲੀ ਤੇ ਬੱਚਿਆਂ ਲਈ ਲੈ ਆਵੇ। ਜੇ ਪਰਵਾਸੀ ਮਹੀਨੇ ਕੁ ਬਾਅਦ ਫਿਰ ਫੋਨ ਕਰਕੇ ਕਹੇ ਕਿ ਬੱਚਾ ਛੋਟਾ ਹੈ, ਠੰਡ ਬਹੁਤ ਹੈ, ਬੈਡ ਵਾਸਤੇ ਕੁਝ ਗਰਮ ਗਧੇਲੇ ਚਾਹੀਦੇ ਹਨ ਇਹ ਸੰਸਥਾਨ ਇਹ ਵੀ ਸਭ ਆ ਕੇ ਦੇ ਜਾਂਦੇ ਹਨ। ਕਈ ਪਰਵਾਸੀ ਆਪਣੇ ਦੇਸ਼ਾਂ ਵਿੱਚੋਂ ਕੰਮ ਦੇ ਥੱਕੇ ਹਾਰੇ ਆਉਂਦੇ ਹਨ ਤੇ ਆ ਕੇ ਛੇ ਕੁ ਮਹੀਨੇ ਸਰਕਾਰ ਤੇ ਇਹਨਾਂ ਸੰਸਥਾਵਾਂ ਦੇ ਸਿਰ ਤੇ ਹੀ ਰੋਟੀਆਂ ਖਾਂਦੇ ਰਹਿੰਦੇ ਹਨ। ਕੁਝ ਚਿਰ ਆਰਾਮ ਕਰਨ ਤੋਂ ਬਾਅਦ ਫਿਰ ਕਿਸੇ ਕੰਮ ਕਿੱਤੇ ਵੱਲ ਨੂੰ ਵੱਧਦੇ ਹਨ। ਜੋ ਪਰਵਾਸੀ ਇਨ੍ਹਾਂ ਵਿਕਸਿਤ ਦੇਸ਼ਾਂ ਵਿੱਚ ਆ ਕੇ ਦੁਖੀ ਹਨ ਉਹ ਬੇਵਕੂਫ ਹਨ। ਮਨੁੱਖ ਨੂੰ ਆਪਣੀ ਲਾਲਸਾ ਤੇ ਤਮ੍ਹਾਂ ਘਟਾਉਣੀ ਆਉਣੀ ਲਾਜ਼ਮੀ ਹੈ। ਜਿਹੜੇ ਪਰਵਾਸੀ ਪੰਜਾਬ ਵਿੱਚ ਵੱਡੀਆਂ ਕੋਠੀਆਂ ਬਣਾ ਕੇ ਪੈਸਾ ਖਰਾਬ ਕਰਕੇ ਆਪਣਾ ਰੋਹਬ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਉਹ ਵੀ ਬਹੁਤੇ ਸਿਆਣੇ ਨਹੀਂ ਜਾਪਦੇ। ਪੰਜਾਬ ਵਿੱਚ ਜਾਇਦਾਦ ਤੇ ਅਮੀਰੀ ਤਿੰਨ ਵੱਡੇ ਕੰਮ ਆਇਆ ਕਰਦੀ ਸੀ। (1) ਪੜ੍ਹਾਈ ਤੇ ਪੈਸੇ (2) ਵੱਢੀ ਦੇ ਕੇ ਨੌਕਰੀ ਲੱਭਣ ਲਈ ਪੈਸੇ (3) ਵਿਆਹ ਜਾਂ ਵਿਆਹ ਲਈ ਰਿਸ਼ਤਾ ਲੱਭਣ ਲਈ ਜਾਇਦਾਦ ਦਾ ਰੋਅਬ। ਜੱਟਾਂ ਵਿੱਚ ਚੰਗਾ ਵਿਆਹ ਉਹਦਾ ਹੁੰਦਾ ਸੀ ਜਿਹਦੇ ਕੋਲ ਸਰਦੀ ਪੁੱਜਦੀ ਜ਼ਮੀਨ ਹੋਵੇ ਤੇ ਚੰਗਾ ਘਰ ਹੋਵੇ। ਪੜ੍ਹਾਈ ‘ਤੇ ਟਾਂਵੇ ਟਾਂਵੇ ਜੱਟ ਹੀ ਪੈਸੇ ਲਗਾਉਂਦੇ ਸਨ। ਹਾਂ ਬਾਹਰ ਪਹੁੰਚਣ ਲਈ ਅੰਤਾਂ ਦਾ ਖਰਚ ਕਰਨ ਲਈ ਵੀ ਤਿਆਰ ਹੋ ਜਾਇਆ ਕਰਦੇ ਸਨ। ਨੌਕਰੀ ਲੈਣ ਲਈ ਵੱਢੀ ਦੇਣ ਤੇ ਜ਼ਰੂਰ ਕਈਆਂ ਨੇ ਕੁਝ ਖਰਚਾ ਕੀਤਾ ਹੋਊ। ਜਿਹੜਾ ਬੰਦਾ ਆਸਟ੍ਰੇਲੀਆ, ਅਮਰੀਕਾ, ਕੈਨੇਡਾ ਜਿਹੇ ਦੇਸ਼ ਵਿੱਚ ਆ ਗਿਆ ਉਹਨੂੰ ਇਹ ਸਭ ਕੁਝ ਤੋਂ ਮੁਕਤੀ ਮਿਲ ਜਾਂਦੀ ਹੈ। ਪੜ੍ਹਾਈ ਮੁਫਤ ਹੈ ਜਾਂ ਹੈਕਸ (HECS) ਰਾਹੀਂ ਹੈ, ਨੌਕਰੀ ਵੱਢੀ ਤੋਂ ਬਗੈਰ ਮਿਲਦੀ ਹੈ, ਵਿਆਹ ਦਾ ਤਾਂ ਪਤਾ ਹੀ ਨਹੀਂ ਲੱਗਦਾ ਕੋਈ ਕਦੋਂ ਕਰਵਾ ਕੇ ਆ ਜਾਵੇ। ਮਾਪੇ ਸੋਚਦੇ ਰਹਿੰਦੇ ਹਨ ਕਿ ਪੰਜਾਬ ਵਿੱਚ ਵੱਡੀ ਸਾਰੀ ਕੋਠੀ ਪਾ ਲਈਏ, ਜਾ ਕੇ ਭਾਰਾ ਵਿਆਹ ਕਰਵਾਵਾਂਗੇ, ਮੂੰਦੀਆਂ ਛੱਲੇ ਪੁਆਵਾਂਗੇ, ਗਾਣੇ ਵਾਲੀ ਸੱਦਾਂਗੇ, 500 ਬੰਦੇ ਬਰਾਤ ਆਊ ਪਰ ਹੁੰਦਾ ਕੀ ਏ ਕਿ ਇੱਧਰ ਸਿਡਨੀ, ਵੈਨਕੂਵਰ, ਲੰਡਨ, ਲਾਸ ਏਂਜਲਸ ਵਿੱਚ ਮਾਪਿਆਂ ਨੂੰ ਉਦੋਂ ਪਤਾ ਲੱਗਦਾ ਏ ਜਦ ਬੱਚੇ ਆਪਣਾ ਵਰ ਆਪ ਲੱਭ ਕੇ ਵਿਆਹ ਕਰਵਾ ਕੇ ਘਰ ਆ ਵੜਦੇ ਹਨ। ਮਾਪਿਆਂ ਦੇ ਸੁਪਨੇ ਧਰੇ ਧਰਾਏ ਰਹਿ ਜਾਂਦੇ ਹਨ। ਤੁਸੀਂ ਦੱਸੋ ਬੰਦਾ ਕਾਹਦੇ ਲਈ ਜ਼ਿਆਦਾ ਕੰਮ ਕਰੇ ਤੇ ਕਾਹਦੇ ਲਈ ਧਨ ਜੋੜੇ? ਬੱਚਿਆਂ ਦੀ ਪੜ੍ਹਾਈ ਤਕਰੀਬਨ ਮੁਫਤ ਜਿਹੀ ਹੈ, ਨੌਕਰੀ ਪ੍ਰਤਿਭਾ ਜਾਂ ਹੁਨਰ ਦੇ ਅਧਾਰ ਤੇ ਮਿਲਣੀ ਹੈ, ਵੱਢੀ ਚਲਣੀ ਨਹੀਂ, ਵਿਆਹ ਤੇ ਵੀ ਸਧਾਰਨ ਖਰਚਾ ਹੀ ਹੋਣਾ ਹੈ, ਤੁਹਾਡਾ ਮਰ ਮਰ ਕੇ 4-5 ਮਿਲੀਅਨ ਡਾਲਰ ਦਾ ਬਣਾਇਆ ਘਰ ਕੀ ਕਰੂ? ਤੁਸੀਂ 12-14 ਲੱਖ ਦੇ ਘਰ ਵਿੱਚ ਰਹਿ ਕੇ ਵੀ ਵਧੀਆ ਗੁਜ਼ਾਰਾ ਕਰ ਸਕਦੇ ਹੋ। 80 ਕੁ ਸਾਲ ਤੱਕ ਪਹੁੰਚ ਕੇ ਬੰਦੇ ਦੀ ਭੜੀਂ ਬੋਲ ਜਾਂਦੀ ਏ। ਜੇ ਮੇਰੀ ਉਮਰ 125 ਸਾਲ ਜਾਂ ਇਸ ਤੋਂ ਉੱਪਰ ਹੋਵੇ ਤਾਂ ਮੈਂ 20 ਕੁ ਸਾਲ ਜਰੂਰ ਦੌੜ ਦੌੜ ਕੇ ਕੰਮ ਕਰਾਂਗਾ ਤਾਂ ਕਿ ਆਖਰੀ 50 ਸਾਲ ਮਜ਼ੇ ਦੇ ਕੱਟ ਸਕਾਂ। 80 ਸਾਲ ਦੀ ਉਮਰ ਭੋਗਣ ਲਈ ਮੈਨੂੰ ਵੱਧ ਕੰਮ ਕਰਨ ਦੀ ਕੀ ਜਰੂਰਤ ਹੈ? ਬੱਚੇ ਇੱਥੇ ਆਪਣੇ ਜੋਗੀ ਕਮਾਈ ਕਰਨ ਦੇ ਆਪ ਹੀ ਸਮਰੱਥ ਹਨ। ਆਸਟਰੇਲੀਆ ਤਾਂ ਐਸਾ ਮਹਾਂਦੀਪ ਹੈ ਜਿੱਥੇ ਦੁਨੀਆਂ ਦੇ ਦੋ ਵੱਡੇ ਯੁੱਧ ਵੀ ਨਹੀਂ ਪਹੁੰਚੇ ਸਨ, ਕਰੋਨਾ ਵੀ ਮਸਾਂ ਥੱਕ ਟੁੱਟ ਕੇ ਇੱਥੇ ਪਹੁੰਚ ਕੇ ਖਤਮ ਹੀ ਹੋ ਗਿਆ ਸੀ, ਇੱਥੇ ਸੁਨਾਮੀ ਵੀ ਕਦੀ ਘੱਟ ਹੀ ਆਉਂਦੀ ਹੈ, ਭੁਚਾਲ ਪੱਖੋਂ ਵੀ ਇਹ ਦੇਸ਼ ਕੁਝ ਸੁਰੱਖਿਤ ਹੀ ਨਜ਼ਰ ਆਉਂਦਾ ਰਿਹਾ ਏ, ਢਾਈ ਕਰੋੜ ਦੇ ਕਰੀਬ ਆਬਾਦੀ ਏ, ਅੰਦਰੋਂ ਸਾਰਾ ਖਾਲੀ ਪਿਆ ਏ, ਸਿਰਫ 5% ਜਮੀਨ ਹੀ ਆਬਾਦੀ ਦੇ ਨਿਰਵਾਹ ਲਈ ਕਾਫੀ ਹੈ, ਅਪਰਾਧ ਦਰ ਨਾ ਮਾਤਰ ਹੈ, ਦਿਹਾਤ ਵਿੱਚ ਤਾਂ ਅਪਰਾਧ ਹੈ ਹੀ ਨਹੀਂ। ਕੱਛਾਂ ਬਜਾਓ, ਬੀਚਾਂ ਤੇ ਖੜ੍ਹਕੇ ਨਜ਼ਾਰੇ ਲਵੋ, ਫੈਰੀ ਤੇ ਸਮੁੰਦਰ ਦੀਆਂ ਸੈਰਾਂ ਕਰੋ, ਕਦੀ ਕਦਾਈਂ ਕੋਈ ਲੋਕਲ ਹਵਾਈ ਯਾਤਰਾ ਕਰ ਲਿਆ ਕਰੋ, ਕਈ ਵਾਰ ਜੈੱਟ ਸਟਾਰ ਦੀ ਹਵਾਈ ਟਿਕਟ ਚੰਦ ਛਿਲੜਾਂ ਦੀ ਲੱਗੀ ਹੁੰਦੀ ਏ, ਰੇਲ ਗੱਡੀਆਂ ਖਾਲੀ ਚਲਦੀਆਂ ਹਨ, ਚੌੜੇ ਹੋ ਕੇ ਬੈਠੋ, ਲੰਬੇ ਲੰਬੇ ਸਫਰ ਕਰੋ, ਕਦੀ ਐਡੀਲੇਡ, ਕਦੀ ਪਰਥ, ਕਦੀ ਡਾਰਵਿਨ ਤੇ ਕਦੀ ਬ੍ਰਿਸਬੇਨ ਦੇ ਨਜ਼ਾਰੇ ਦੇਖੋ। ਜੇਕਰ ਇੰਜ ਨਹੀਂ ਕਰੋਗੇ ਤਾਂ ਵਿਹਲੇ ਸੌਂ ਸੌਂ ਕੇ ਤੇ ਉਸਲਵੱਟੇ ਲੈ ਲੈ ਕੇ ਥੱਕ ਜਾਓਗੇ। ਵਿਹਲੇ ਰਹਿ ਰਹਿ ਕੇ ਨਾ ਮਰੋ, ਮਾੜਾ ਮੋਟਾ ਚਲਦੇ ਫਿਰਦੇ ਰਹੋ, ਮੁਫਤ ਬੱਸਾਂ ਵਿੱਚ ਪਿਕਨਿਕ ਤੇ ਜ਼ਰੂਰ ਜਾਇਆ ਕਰੋ, ਰੇਲ ਦੇ ਮੁਫਤ ਵਾਊਚਰਾਂ ਦਾ ਜ਼ਰੂਰ ਲਾਭ ਲਓ, ਢਾਈ ਡਾਲਰ ਖਰਚ ਕਰਕੇ ਸਾਰਾ ਦਿਨ ਰੇਲ-ਫੈਰੀ ਤੇ ਬੱਸਾਂ ਤੇ ਘੁੰਮੀ ਜਾਇਆ ਕਰੋ, ਵਲੰਟੀਅਰ ਬਣਕੇ ਕੋਈ ਕੰਮ ਕਰੀ ਜਾਓ, ਸੱਭਿਆਚਾਰਕ ਪ੍ਰੋਗਰਾਮਾਂ ਦਾ ਆਨੰਦ ਮਾਣੋ, ਖੇਡਾਂ ਦੇਖੋ, ਤਿਓਹਾਰਾਂ ਨੂੰ ਵੱਧ ਚੜ੍ਹਕੇ ਮਨਾਓ, ਮੇਲਿਆਂ ਵਿੱਚ ਜਾਓ, ਗੁਰੂਘਰ ਜ਼ਰੂਰ ਜਾਓ, ਦੂਜੇ ਦੇਸ਼ਾਂ ਦੇ ਲੋਕਾਂ ਨਾਲ਼ ਗੱਪਾਂ ਮਾਰੋ, ਹੈਲੋ ਹਾਏ ਕਰਦੇ ਰਹੋ ਆਦਿ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
Dr. Avtar S. Sangha
BA ( Hons. English) MA English, Ph.D English--- Punjab
Graduate Dip In Education--- NSW ( Australia)
Lecturer in English in a college in Punjab for 25 years.
Teacher in Sydney--- 6 years
Now retired
Author of 8 books
**
sangha_avtar@hotmail.com
My latest book of short English fiction STORM IN A TEACUP AND OTHER STORIES can be seen on
DESIBUZZ CANADA
**
The Punjabi book of short stories edited by me and published by Azad Book Depot Amritsar 5 PARVAASI KAHANIKAAR is now available in the market.
**

by 