ਕੈਲਗਰੀ (ਸਤਨਾਮ ਸਿੰਘ ਢਾਅ) : ਅਰਪਨ ਲਿਖਾਰੀ ਸਭਾ ਕੈਲਗਰੀ ਦੀ ਫ਼ਰਵਰੀ ਦੀ ਜ਼ੂਮ ਰਾਹੀਂ ਮਾਸਿਕ ਮੀਟਿੰਗ ਹੋਈ। ਇਸ ਦਾ ਸੰਚਾਲਨ ਸਤਨਾਮ ਸਿੰਘ ਢਾਅ ਨੇ ਕੀਤਾ। ਸਭ ਤੋਂ ਪਹਿਲਾਂ ਸਾਰੇ ਸਾਹਿਤਕ ਦੋਸਤਾਂ ਨੂੰ ਜੀ ਆਇਆਂ ਆਖਿਆ। ਸਭਾ ਵੱਲੋਂ ਗੁਰਦੁਆਰਾ ਨਨਕਾਣਾ ਸਾਹਿਬ ਦੇ ਸ਼ਹੀਦਾਂ, ਕਿਸਾਨ ਮੋਰਚੇ ਵਿੱਚ ਹੋਏ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾਜਲੀ ਭੇਂਟ ਕੀਤੀ ਗਈ। ਨਾਲ ਹੀ ਦਰਸ਼ਣ ਦਰਵੇਸ਼ ਦੇ ਵਿਛੋੜੇ ਅਤੇ ਸਾਡੇ ਸ਼ਹਿਰ ਦੇ ਨਾਮਵਰ ਸ਼ਾਇਰ ਅਤੇ ਪ੍ਰਿੰਸੀਪਲ ਬਹਾਦਰ ਸਿੰਘ ਡਾਲਵੀ ਦੇ ਵਿਛੋੜੇ ਦਾ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਗਿਆ। ਉਨ੍ਹਾਂ ਆਖਿਆ ਕਿ ਇਨ੍ਹਾਂ ਵਿਛੜੀਆਂ ਰੂਹਾਂ ਦੇ ਜਾਣ ਨਾਲ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਢਾਅ ਨੇ ਅੱਜ ਦੀ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਆਖਿਆ ਕਿ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੋਵੇਗੀ।
ਸੁਖਵਿੰਦਰ ਸਿੰਘ ਤੂਰ ਨੇ ਸ਼ੁਰੂਆਤ ਕਰਦਿਆਂ ਕਿਸਾਨ ਮੋਰਚੇ ਬਾਰੇ ਸੁਰਜੀਤ ਪਾਤਰ ਦੀ ਲਿਖੀ ਕਵਿਤਾ ਆਪਣੀ ਬੁਲੰਦ ਅਵਾਜ਼ ਵਿੱਚ ਪੇਸ਼ ਕੀਤੀ ਜਿਸ ਨੂੰ ਸਰੋਤਿਆਂ ਵਲੋਂ ਬਹੁਤ ਸਲਾਹਿਆ ਗਿਆ। ਜਰਨੈਲ ਸਿੰਘ ਤੱਗੜ ਨੇ ਮਾਂ ਬੋਲੀ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਅਮਰਜੀਤ ਕੌਰ ਦੀ ਕਵਿਤਾ ਸੁਣਾਈ। ਕਿਸਾਨ ਮੋਰਚੇ ਬਾਰੇ ਸਰਕਾਰ ਦੇ ਅੜੀਅਲ ਵਤੀਰੇ ਬਾਰੇ ਚਿੰਤਾ ਜਾਹਿਰ ਕੀਤੀ। ਪਾਲ ਢਿੱਲੋਂ ਦੀ ਪਾਣੀ ਅਤੇ ਧਰਤੀ ਬਾਰੇ ਲਿਖੀ ਗ਼ਜ਼ਲ ਆਪਣੇ ਨਿਵੇਕਲੇ ਅੰਦਾਜ਼ ਵਿੱਚ ਸਾਂਝੀ ਕੀਤੀ। ਜਗਦੇਵ ਸਿੰਘ ਸਿੱਧੂ ਨੇ ਬਹੁਤ ਹੀ ਸੰਖੇਪ ਅਤੇ ਭਾਵਪੂਰਤ ਸ਼ਬਦਾਂ ਵਿਚ ਪੰਜਾਬੀ ਜੁਬਾਨ ਨੂੰ ਕਿਸਾਨੀ ਮਸਲੇ ਨਾਲ ਜੋੜਦਿਆਂ ਚਿੰਤਾ ਪ੍ਰਗਟ ਕੀਤੀ ਉਨ੍ਹਾਂ ਆਖਿਆ ਕਿ ਜੇਕਰ ਕਿਸਨੀ ਨਾ ਰਹੀ ਤਾਂ ਖੇਤਾਂ ਵਿਚ ਲੱਗਦੀਆ ਹੇਕਾਂ, ਅਵਾਜ਼ਾਂ ਦੇ ਨਾਲ ਨਾਲ ਪੰਜਾਬੀ ਬੋਲੀ ਦੇ ਬਹੁਤ ਸਾਰੇ ਸ਼ਬਦ ਵੀ ਅਲੋਪ ਹੋ ਜਾਣਗੇ। ਉਨ੍ਹਾਂ ਨੇ ਸੁਚੇਤ ਕੀਤਾ ਕਿ ਇਹ ਮਸਲਾ ਇੱਕਲੇ ਕਿਸਾਨਾਂ ਦਾ ਨਹੀਂ, ਇਹ ਮਸਲਾ ਸਾਡੀ ਹੋਂਦ ਅਤੇ ਰਾਜਾਂ ਦੇ ਅਧਿਕਾਰਾਂ ਦਾ ਵੀ ਹੈ। ਸੋ ਸਾਨੂੰ ਸਾਂਝੇ ਜਤਨਾ ਦੀ ਲੋੜ ਹੈ। ਇਕਬਾਲ ਖ਼ਾਨ ਨੇ ਸ਼ਹੀਦ ਸ੍ਰ. ਭਗਤ ਸਿੰਘ ਦੇ ਚਾਚਾ ਸ੍ਰ. ਅਜੀਤ ਸਿੰਘ ਅਤੇ ਉਨਾਂ ਦੇ ਸਾਥੀਆਂ ਵੱਲੋਂ ਚਲਾਈ ਕਿਸਾਨੀ ਲਹਿਰ ਜੋ ਨੌ ਮਹੀਨੇ ਤੱਕ ਚੱਲੀ ਸੀ, ਦਾ ਜ਼ਿਕਰ ਕਰਦਿਆਂ ਆਖਿਆ ਕਿ ਅੱਜ ਸਰਕਾਰ ਲੋਕਾਂ ਨੂੰ ਪਾੜਨਾ ਚਾਹੰਦੀ ਹੈ ਪਰ ਦੇਸ਼ ਦੇ ਲੋਕ ਜਾਗ ਚੁੱਕੇ ਹਨ। ਇਹ ਕਿਸਾਨਾਂ ਨਾਲ ਹੀ ਨਹੀਂ ਸਗੋਂ ਆਮ ਲੋਕਾਂ ਨਾਲ ਵੀ ਬਹੁਤ ਵੱਡਾ ਧਕਾ ਹੈ। ਅਜੈਬ ਸਿੰਘ ਸੇਖੋਂ ਨੇ ਪੰਜਾਬੀ ਬੋਲੀ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਆਖਿਆ ਕਿ ਸਾਨੂੰ ਆਪਣੇ ਘਰਾਂ ਵਿੱਚ ਬੱਚਿਆਂ ਨਾਲ ਪੰਜਾਬੀ ਵਿਚ ਗੱਲਬਾਤ ਕਰਨੀ ਚਾਹੀਦੀ ਹੈ ਉਨ੍ਹਾਂ ਨੇ ਵੀ ਪੇਂਡੂ ਬੋਲੀ ਦੇ ਸ਼ਬਦਾਂ ਦੀ ਅਹਿਮੀਅਤ ਬਾਰੇ ਦੱਸਦਿਆਂ ਕਿਸਾਨ ਮੋਰਚੇ ਬਾਰੇ ਕਵਿਤਾ ਸੁਣਾੳਂੁਦਿਆਂ ਸੰਘਰਸ਼ੀ ਲੋਕਾਂ ਦੀ ਚੜਦੀ ਕਲਾ ਦੀ ਕਾਮਨਾ ਕੀਤੀ। ਸਰੂਪ ਸਿੰਘ ਮੰਡੇਰ ਨੇ ਕਿਸਾਨ ਮੋਰਚੇ ਬਾਰੇ ਮੋਦੀ ਸਰਕਾਰ ਦੀ ਨੀਤ ਅਤੇ ਨੀਤੀ ਬਾਰੇ ਆਪਣੀ ਲਿਖੀ ਕਵਿਤਾ ਕਵੀਸ਼ਰੀ ਰੰਗ ਵਿੱਚ ਸੁਣਾ ਕੇ ਸਰੋਤਿਆਂ ਵਿੱਚ ਜੋਸ਼ ਪੈਦਾ ਕਰ ਦਿੱਤਾ। ਮਨਮੋਹਣ ਸਿੰਘ ਬਾਠ ਨੇ ਮੁਹੰਮਦ ਰਫ਼ੀ ਦਾ ਗਾਇਆ ਇੱਕ ਫ਼ਿਲਮੀ ਗੀਤ ‘ਇਤਨੀ ਹੁਸੀਨ ਇਤਨੀ ਇਤਨੀ ਯੁਵਾ ਰਾਤ ਕਿਆ ਕਰੇਂ’ ਗਾ ਕੇ ਮਹੌਲ ਨੂੰ ਰੰਗੀਨ ਕਰ ਦਿੱਤਾ। ਕੈਲਗਰੀ ਦੇ ਨਾਮਵਰ ਸ਼ਾਇਰ ਕੇਸਰ ਸਿੰਘ ਨੀਰ ਨੇ ਆਪਣੀ ਇੱਕ ਗ਼ਜ਼ਲ ‘ਜੀਣ ਖਾਤਰ ਜਿੰਦਗੀ ਦਾ ਭੇਤ ਪਾਣਾ ਚਾਹੀਦਾ’ ਸੁਣਾ ਕੇ ਸਰੋਤਿਆਂ ਨੂੰ ਔਕੜਾਂ ਸਮੇਂ ਵੀ ਹੋਸਲੇ ਅਤੇ ਹਿੰਮਤ ਨਾਲ ਜੂਝਣ ਦੇ ਬੱਲ ਦੀ ਪ੍ਰੇਰਨਾ ਦਿੱਤੀ । ਸਭਾ ਵੱਲੋਂ ਕਿਸਾਨ ਮੋਰਚੇ ਦੀ ਹਮਾਇਤ ਕਰਦਿਆਂ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਇਸ ਔਖੀ ਘੜੀ ਵਿੱਚ ਕਿਸਾਨਾਂ ਦੇ ਹੌਸਲਿਆਂ ਦੀ ਸ਼ਲਾਘਾ ਕੀਤੀ ਜਾਂਦੀ ਹੈ। ਅਸੀਂ ਸੰਘਰਸ਼ ਕਰ ਰਹੇ ਲੋਕਾਂ ਨਾਲ਼ ਡੱਟ ਕੇ ਖੜੇ ਹਾਂ। ਬੀਜੇਪੀ ਸਰਕਾਰ ਨੂੰ ਚੇਤਾਵਨੀ ਹੈ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਤੋਂ ਮਾਇਆ ਦੇ ਗਫ਼ੇ ਤਾਂ ਲੈ ਸਕਦੀ ਹੈ ਪਰ ਵੋਟਾਂ ਤਾਂ ਇਨ੍ਹਾਂ ਲੋਕਾਂ ਤੋਂ ਹੀ ਮਿਲ਼ਣੀਆਂ ਹਨ। ਸੋ ਅਸੀਂ ਆਸ ਕਰਦੇ ਹਾਂ ਕਿ ਸਰਕਾਰ ਆਪਣੇ ਅਤੇ ਦੇਸ਼ ਦੇ ਲੋਕਾਂ ਦੇ ਭਵਿੱਖ ਬਾਰੇ ਗੰਭੀਰਤਾ ਨਾਲ ਵਿਚਾਰ ਕਰਕੇ, ਲੋਕ-ਮਾਰੂ ਬਿੱਲਾਂ ਨੂੰ ਕੈਂਸਲ ਕਰਕੇ ਦੇਸ ਵਿੱਚ ਸ਼ਾਤੀ ਦਾ ਮਾਹੌਲ ਸਿਰਜਣ ਲਈ ਸਾਰਥਿਕ ਜਤਨ ਕਰੇ। ਨਹੀਂ ਤਾਂ ਇਸ ਦੇ ਭਿਆਨਿਕ ਸਿੱਟਿਆਂ ਦੀ ਜ਼ਿੰਮੇਂਵਾਰੀ ਸਰਕਾਰ ਦੀ ਹੋਵੇਗੀ। ਅਖ਼ੀਰ ਤੇ ਸਤਨਾਮ ਸਿੰਘ ਢਾਅ ਨੇ ਸਾਰੇ ਹੀ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ। ਢਾਅ ਨੇ ਉਨ੍ਹਾਂ ਲੋਕਾਂ ਦਾ ਵੀ ਧੰਨਵਾਦ ਕੀਤਾ ਜੋ, ਪੰਜਾਬੀ ਬੋਲੀ ਨੂੰ ਪਰਫੁਲਿਤ ਕਰਨ ਲਈ ਯਤਨਸ਼ੀਲ ਹਨ। ਅਗਲੀ ਮੀਟਿੰਗ 13 ਮਾਰਚ ਨੂੰ ਕਰਨ ਦੀ ਜਾਣਕਾਰੀ ਸਾਂਝੀ ਕੀਤੀ। ਹੋਰ ਜਾਣਕਾਰੀ ਲਈ 403-285-6091 ਤੇ ਸਤਨਾਮ ਸਿੰਘ ਢਾਅ ਨੂੰ ਸੰਪਰਕ ਕੀਤਾ ਜਾ ਸਕਦਾ ਹੈ। *** |
ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)
ਪਤਾ:
Satnam Singh Dhah
303 ASPEN RIDGE PL SW
Calgary, AB T3 H 1T2
Canada
Ph.403-285-6091
e-mailsatnam.dhah@gmail.com