23 May 2024
artist at work

ਆਪਣੀ ਆਪਣੀ ਧਰਤੀ-ਆਪਣਾ ਆਪਣਾ ਆਸਮਾਨ—-ਗੁਰਸ਼ਰਨ ਸਿੰਘ ਕੁਮਾਰ

ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ,
ਕਹੀਂ ਜ਼ਮੀਂ ਤੋ ਕਹੀਂ ਆਸਮਾਂ ਨਹੀਂ ਮਿਲਤਾ।—ਨਿਦਾ ਫ਼ਾਜ਼ਲੀ

ਪ੍ਰਮਾਤਮਾ ਨੇ ਮਨੁੱਖ ਨੂੰ ਇਸ ਧਰਤੀ ’ਤੇ ਬਾਕੀ ਜੀਵਾਂ ਤੋਂ ਉੱਪਰ ਸਰਦਾਰੀ ਦੇ ਕੇ ਭੇਜਿਆ ਹੈ। ਬਾਕੀ ਸਭ ਜੀਵਾਂ ਦਾ ਮੁੱਖ ਮੁੱਦਾ ਪੇਟ ਭਰਨਾ ਅਤੇ ਅੱਗੋਂ ਔਲਾਦ ਪੈਦਾ ਕਰ ਕੇ ਆਪਣੀ ਨਸਲ ਨੂੰ ਅੱਗੇ ਤੋਰਨਾ ਹੁੰਦਾ ਹੈ ਪਰ ਮਨੁੱਖ ਦੇ ਜੀਵਨ ਦਾ ਮਕਸਦ ਇਸ ਤੋਂ ਕਿਤੇ ਉਚੇਰਾ ਹੁੰਦਾ ਹੈ। ਉਸ ਦੇ ਜੀਵਨ ਦਾ ਮਨੋਰਥ ਕੇਵਲ ਬੱਚੇ ਪੈਦਾ ਕਰਨਾ ਹੀ ਨਹੀਂ ਹੁੰਦਾ। ਨਾ ਹੀ ਉਹ ਕੇਵਲ ਰੋਟੀ, ਕੱਪੜੇ ਅਤੇ ਮਕਾਨ ਲਈ ਹੀ ਜ਼ਿੰਦਾ ਰਹਿ ਸਕਦਾ ਹੈ। ਸਰੀਰਕ ਜ਼ਰੂਰਤਾਂ ਦੇ ਨਾਲ ਨਾਲ ਉਸ ਦੀਆਂ ਕੁਝ ਮਾਨਸਿਕ ਜ਼ਰੂਰਤਾਂ ਵੀ ਹੁੰਦੀਆਂ ਹਨ। ਮਨੁੱਖ ਦੀ ਰੂਹ ਨੂੰ ਵੀ ਕੁਝ ਖ਼ੁਰਾਕ ਦੀ ਜ਼ਰੂਰਤ ਹੁੰਦੀ ਹੈ। ਮਨੁੱਖ ਦੀ ਰੂਹ ਦੀ ਸਭ ਤੋਂ ਮੁੱਖ ਖ਼ੁਰਾਕ ਹੈ ‘ਪਿਆਰ’। ਜਿਵੇਂ ਕਿਸੇ ਪੌਦੇ ਨੂੰ ਮੌਲਣ ਲਈ ਮਿੱਟੀ, ਪਾਣੀ, ਹਵਾ ਅਤੇ ਖਾਦ ਦੀ ਜ਼ਰੂਰਤ ਹੁੰਦੀ ਹੈ ਉਵੇਂ ਹੀ ਮਨੁੱਖੀ ਜ਼ਿੰਦਗੀ ਨੂੰ ਮੌਲਣ ਲਈ ‘ਪਿਆਰ’ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਜਿਸ ਮਨੁੱਖ ਨੂੰ ਜ਼ਿੰਦਗੀ ਵਿਚ ਪਿਆਰ ਨਹੀਂ ਮਿਲਦਾ ਉਸ ਦੀ ਜ਼ਿੰਦਗੀ ਮੁਰਝਾ ਜਾਂਦੀ ਹੈ। ਉਹ ਸਾਰੀ ਜ਼ਿੰਦਗੀ ਹੀ ਆਪਣੇ ਅਧੂਰੇ ਵਜੂਦ ਨੂੰ ਲੈ ਕੇ ਵਿਚਰਦਾ ਹੈ। ਕਈ ਵਾਰੀ ਉਸ ਵਿਚ ਮਾਨਸਿਕ ਤੌਰ ਤੇ ਵੀ ਉਲਾਰ ਆ ਜਾਂਦਾ ਹੈ। ਕਈ ਵਾਰੀ ਉਹ ਖ਼ੁਦਕੁਸ਼ੀ ਕਰ ਕੇ ਮੌਤ ਨੂੰ ਹੀ ਗਲੇ ਲਾ ਲੈਂਦਾ ਹੈ। ਪਿਆਰ ਦੇ ਦੋ ਮਿੱਠੇ ਬੋਲ ਉਸ ਦੀ ਰੂਹ ਦੀ ਖ਼ੁਰਾਕ ਨੂੰ ਪੂਰਾ ਕਰਦੇ ਹਨ। ਉਸ ਦੇ ਤੱਪਦੇ ਹਿਰਦੇ ਲਈ ਮਲੱਮ ਦਾ ਕੰਮ ਕਰਦੇ ਹਨ। ਉਸ ਦੇ ਮਨ ਨੂੰ ਠੰਢਕ ਪਹੁੰਚਦੀ ਹੈ। ਸ਼ਾਬਾਸ਼ ਅਤੇ ਉਤਸ਼ਾਹ ਦਾ ਥਾਪੜਾ ਮਨੁੱਖ ਦੇ ਜੀਵਨ ਵਿਚ ਖੇੜ੍ਹਾ ਲਿਆ ਦਿੰਦਾ ਹੈ। ਉਸ ਦੀ ਸਿਫ਼ਤ ਵਿਚ ਕਹੇ ਹੋਏ ਦੋ ਬੋਲ ਉਸ ਦੀਆਂ ਸੁੱਤੀਆਂ ਸ਼ਕਤੀਆਂ ਜਗਾਉਂਦੇ ਹਨ ਅਤੇ ਉਹ ਆਪਣੀ ਪੂਰੀ ਸਮਰੱਥਾ ਨਾਲ ਸਫ਼ਲਤਾ ਲਈ ਅੱਗੇ ਵਧਦਾ ਹੈ। ਪਰ ਅਫ਼ਸੋਸ ਅਸੀਂ ਕਿਸੇ ਦੂਸਰੇ ਦੀ ਸਿਫ਼ਤ ਕਰਨ ਲੱਗੇ ਕੰਜੂਸੀ ਕਰ ਜਾਂਦੇ ਹਾਂ ਜਾਂ ਕਈ ਲੋਕ ਆਪਣੇ ਲਾਲਚ ਵੱਸ ਉਸ ਦੀ ਝੂਠੀ ਤਾਰੀਫ਼ ਕਰ ਕੇ ਐਵੇਂ ਹੀ ਉਸ ਨੂੰ ਆਸਮਾਨ ਤੇ ਚਾੜ੍ਹ ਦਿੰਦੇ ਹਨ। ਉਸ ਉੱਚਾਈ ਤੋਂ ਜਦ ਉਹ ਸਖ਼ਤ ਜ਼ਮੀਨ ਤੇ ਡਿੱਗਦਾ ਹੈ ਤਾਂ ਉਸ ਦੀ ਰੂਹ ਫੱਟੜ ਹੋ ਜਾਂਦੀ ਹੈ। ਫਿਰ ਉਸ ਨੂੰ ਪਤਾ ਲਗਦਾ ਹੈ ਕਿ ਉਸ ਨਾਲ ਕਿੱਡਾ ਵੱਡਾ ਧੋਖਾ ਹੋਇਆ ਹੈ।

‘ਪਿਆਰ’ ਘਰ ਤੋਂ ਸ਼ੁਰੂ ਹੁੰਦਾ ਹੈ। ਬਚਪਨ ਵਿਚ ਇਹ ਪਿਆਰ ਮਨੁੱਖ ਨੂੰ ਉਸ ਦੇ ਮਾਤਾ-ਪਿਤਾ, ਦਾਦਾ-ਦਾਦੀ, ਨਾਨਾ-ਨਾਨੀ, ਭੈਣ ਭਰਾ ਅਤੇ ਹੋਰ ਸਨੇਹੀਆਂ ਤੋਂ ਮਿਲਦਾ ਹੈ ਪਰ ਕਈ ਬੱਚੇ ਅਣਚਾਹੇ ਪੈਦਾ ਹੁੰਦੇ ਹਨ ਜਾਂ ਉਨ੍ਹਾਂ ਦੇ ਮਾਂ ਪਿਓ ਜਲਦੀ ਹੀ ਰੱਬ ਨੂੰ ਪਿਆਰੇ ਹੋ ਜਾਂਦੇ ਹਨ, ਉਹ ਪਿਆਰੇ ਨਿੱਘ ਤੋਂ ਵਾਂਝੇ ਰਹਿ ਜਾਂਦੇ ਹਨ। ਉਹਨਾਂ ਦੇ ਜੀਵਨ ਦੇ ਵਿਕਾਸ ਵਿਚ ਕੁਝ ਕਮੀ ਰਹਿ ਜਾਂਦੀ ਹੈ। ਜਦ ਬੱਚਾ ਜੁਆਨ ਹੁੰਦਾ ਹੈ ਤਾਂ ਉਸ ਨੂੰ ਇਹ ਪਿਆਰ ਆਪਣੇ ਜੀਵਨ ਸਾਥੀ ਅਤੇ ਦੋਸਤਾਂ ਮਿੱਤਰਾਂ ਤੋਂ ਮਿਲਦਾ ਹੈ। ਜੇ ਕਿਸੇ ਮਨੁੱਖ ਨੂੰ ਘਰ ਵਿਚੋਂ ਪਿਆਰ ਦੀ ਪੂਰਤੀ ਨਾ ਹੋਏ ਤਾਂ ਉਹ ਇਹ ਕਮੀ ਬਾਹਰੋਂ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਜੇ ਬਾਹਰੋਂ ਵੀ ਇਹ ਕਮੀ ਪੂਰੀ ਨਾ ਹੋਏ ਤਾਂ ਉਹ ਆਪਣੇ ਆਪ ਨੂੰ ਇਸ ਦੁਨੀਆਂ ਵਿਚ ਇਕੱਲਾ ਅਤੇ ਫ਼ਾਲਤੂ ਜਿਹਾ ਮਹਿਸੂਸ ਕਰਦਾ ਹੈ। ਉਸ ਦੀ ਜ਼ਿੰਦਗੀ ਮਕਸਦਹੀਨ ਹੋ ਕੇ ਰਹਿ ਜਾਂਦੀ ਹੈ। ਇਸੇ ਲਈ ਕਈ ਬਜ਼ੁਰਗ ਜਦ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਹਨ ਤਾਂ ਉਹ ਪਾਲਤੂ ਜਾਨਵਰਾਂ ਜਾਂ ਫ਼ੁੱਲ ਬੂਟਿਆਂ ਨਾਲ ਹੀ ਪਿਆਰ ਪਾ ਲੈਂਦੇ ਹਨ। ਉਨ੍ਹਾਂ ਨੂੰ ਪੇੜ ਪੌਦੇ ਅਤੇ ਪਸ਼ੂ ਪੰਛੀ ਆਪਣੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹੀ ਜਾਪਦੇ ਹਨ। ਇਸ ਸਾਥ ਨਾਲ ਵੀ ਉਨ੍ਹਾਂ ਦਾ ਜੀਵਨ ਕੁਝ ਸੰਭਲ ਜਾਂਦਾ ਹੈ ਅਤੇ ਅਗਲਾ ਪੰਧ ਸੌਖਾ ਹੋ ਜਾਂਦਾ ਹੈ।

ਫਿਰ ਵੀ ਜੇ ਦੇਖਿਆ ਜਾਏ ਤਾਂ ‘ਪਿਆਰ’ ਜ਼ਿੰਦਗੀ ਵਿਚ ਸਭ ਕੁਝ ਹੀ ਤਾਂ ਨਹੀਂ ਹੁੰਦਾ। ਪਿਆਰ ਤੋਂ ਬਿਨਾਂ ਵੀ ਜ਼ਿੰਦਗੀ ਵਿਚ ਕਈ ਕੰਮ ਮਨੁੱਖ ਦੀ ਰੂਹ ਦੀ ਖ਼ੁਰਾਕ ਬਣਦੇ ਹਨ ਅਤੇ ਉਸ ਨੂੰ ਮਾਨਸਿਕ ਖ਼ੁਸ਼ੀ ਦਿੰਦੇ ਹਨ। ਇਹ ਕੰਮ ਮਨੁੱਖ ਦੀ ਖ਼ੁਸ਼ਕ ਜ਼ਿੰਦਗੀ ਵਿਚ ਰੰਗ ਭਰ ਕੇ ਉਸ ਨੂੰ ਜੀਵਨ ਦਾ ਆਹਰ ਬਖ਼ਸ਼ਦੇ ਹਨ। ਹਰ ਮਨੁੱਖ ਚਾਹੁੰਦਾ ਹੈ ਕਿ ਉਹ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹੇ। ਉਸ ਦਾ ਸਮਾਜ ਵਿਚ ਉੱਚਾ ਨਾਮ ਹੋਵੇ। ਉਹ ਵੀ ਸਫ਼ਲ ਮਨੁੱਖਾਂ ਦੀ ਤਰ੍ਹਾਂ ਜ਼ਿੰਦਗੀ ਦੇ ਆਸਮਾਨ ਉੱਤੇ ਧਰੂ ਤਾਰੇ ਦੀ ਤਰ੍ਹਾਂ ਚਮਕੇ ਪਰ ਆਸਮਾਨ ਵਿਚ ਉਹ ਓਨੀ ਹੀ ਉੱਚੀ ਉਡਾਰੀ ਮਾਰ ਸਕਦਾ ਹੈ ਜਿੰਨਾ ਉਸ ਦੇ ਖੰਭਾਂ ਵਿਚ ਬਲ ਹੁੰਦਾ ਹੈ।

ਬੇਸ਼ੱਕ ਸਭ ਮਨੁੱਖ ਇਕੋ ਹੀ ਧਰਤੀ ’ਤੇ ਅਤੇ ਇਕੋ ਹੀ ਆਸਮਾਨ ਹੇਠਾਂ ਰਹਿੰਦੇ ਹਨ ਪਰ ਫਿਰ ਵੀ ਸਭ ਦੀ ਧਰਤੀ ਅਤੇ ਆਸਮਾਨ ਇਕੋ ਜਿਹਾ ਨਹੀਂ। ਸਭ ਦੀ ਧਰਤੀ ਇਕੋ ਜਿਹੀ ਨਹੀਂ ਕਿਉਂਕਿ ਸਭ ਨੂੰ ਵਿਰਾਸਤ ਵਿਚ ਅਲੱਗ ਅਲੱਗ ਧਨ ਦੌਲਤ, ਸੁੱਖ ਸਹੂਲਤਾਂ ਅਤੇ ਮੌਕੇ ਮਿਲੇ ਹਨ। ਸਭ ਦੀ ਪਰਵਰਿਸ਼ ਅਲੱਗ ਅਲੱਗ ਹਾਲਤ ਵਿਚ ਅਤੇ ਅਲੱਗ ਅਲੱਗ ਢੰਗ ਨਾਲ ਹੋਈ ਹੈ। ਸਭ ਨੂੰ ਅਲੱਗ ਅਲੱਗ ਪਿਆਰ, ਵਿੱਦਿਆ ਅਤੇ ਸੰਸਕਾਰ ਮਿਲੇ ਹਨ। ਸਭ ਦਾ ਜੋਸ਼, ਸਰੀਰਕ ਬਲ, ਬੁੱਧੀ, ਵਿਕਾਸ ਅਤੇ ਸਮਰੱਥਾ ਅਲੱਗ ਅਲੱਗ ਹੈ। ਇਹ ਸਭ ਕੁਝ ਹੀ ਕਿਸੇ ਮਨੁੱਖ ਦੀ ਧਰਤੀ ਹੈ। ਅਜਿਹੀ ਉਪਜਾਊ ਧਰਤੀ ਹੀ ਮਨੁੱਖ ਦੀ ਉਡਾਣ ਨੂੰ ਆਸਮਾਨ ਵਿਚ ਹੁਲਾਰਾ ਦਿੰਦੀ ਹੈ। ਇਸੇ ਧਰਤੀ ਵਿਚ ਹੀ ਮਨੁੱਖ ਦੀ ਮਿਹਨਤ ਅਤੇ ਉੱਚੇ ਇਰਾਦਿਆਂ ਨਾਲ ਸਫ਼ਲਤਾ ਦੇ ਬੀਜ ਫੁੱਟਦੇ ਹਨ। ਇਹ ਹੀ ਬੀਜ ਫੁੱਟ ਕੇ ਅੱਗੋਂ ਮੌਲਦੇ ਹਨ ਅਤੇ ਉਸ ਦੀਆਂ ਜਿੱਤਾਂ ਅਤੇ ਪ੍ਰਾਪਤੀਆਂ ਦੇ ਰੂਪ ਵਿਚ ਆਸਮਾਨ ਵਿਚ ਫੈਲਦੇ ਹਨ। ਕੋਈ ਮਨੁੱਖ ਆਪਣੀ ਜ਼ਰਖੇਜ਼ ਧਰਤੀ ਨੂੰ ਆਪਣੀ ਇਕਾਗਰਤਾ, ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਕੁਝ ਹੱਦ ਤੱਕ ਵਧਾ ਵੀ ਸਕਦਾ ਹੈ ਅਤੇ ਮੱਲਾਂ ਮਾਰ ਸਕਦਾ ਹੈ। ਇਹ ਹੀ ਉਸ ਦਾ ਆਸਮਾਨ ਹੈ। ਉਹ ਆਪਣੀ ਧਰਤੀ ਨਾਲੋਂ ਬਿਲਕੁਲ ਟੁੱਟ ਕੇ ਕਦੀ ਆਸਮਾਨ ਨਹੀਂ ਛੂਹ ਸਕਦਾ। ਇਸ ਹਿਸਾਬ ਸਿਰ ਹੀ ਹਰ ਮਨੁੱਖ ਦੀ ਜ਼ਿੰਦਗੀ ਦੀ ਪ੍ਰਾਪਤੀ ਅਲੱਗ ਅਲੱਗ ਹੈ। ਇਸ ਲਈ ਆਪਣੀ ਖ਼ੁਸ਼ੀ ਅਤੇ ਪ੍ਰੇਸ਼ਾਨੀ ਦੀ ਤੁਲਨਾ ਕਿਸੇ ਦੂਸਰੇ ਨਾਲ ਨਾ ਕਰੋ ਕਿਉਂਕਿ ਕਾਮਯਾਬੀ ਦੇ ਰਸਤੇ ਸਾਰਿਆਂ ਲਈ ਇਕੋ ਜਿਹੇ ਨਹੀਂ ਹੁੰਦੇ। ਉਰਦੂ ਦੇ ਸ਼ਾਇਰ ਨਿਦਾ ਫ਼ਾਜ਼ਲੀ ਨੇ ਬਹੁਤ ਸੋਹਣਾ ਕਿਹਾ ਹੈ:

ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ,
ਕਹੀਂ ਜ਼ਮੀਂ ਤੋ ਕਹੀਂ ਆਸਮਾਂ ਨਹੀਂ ਮਿਲਤਾ।

ਮਨੁੱਖਾ ਜੀਵਨ ਅਨਮੋਲ ਹੈ। ਸਾਨੂੰ ਜ਼ਿੰਦਗੀ ਇਕੋ ਵਾਰੀ ਹੀ ਮਿਲਦੀ ਹੈ। ਇਸ ਨੂੰ ਖੁਲ੍ਹ ਕੇ ਜੀਓ। ਜ਼ਿੰਦਗੀ ਤਾਂ ਫੁੱਲਾਂ ਵਾਂਗ ਹੱਲਕੀ ਹੈ ਦੋਸਤੋ, ਭਾਰੀ ਤਾਂ ਖਾਹਿਸ਼ਾਂ ਦੀ ਪੰਡ ਹੈ ਜੋ ਅਸੀਂ ਬਿਨਾਂ ਵਜ੍ਹਾ ਹੀ ਚੁੱਕੀ ਫਿਰਦੇ ਹਾਂ। ਸਾਡੇ ਜ਼ਿਆਦੇ ਦੁੱਖ ਆਪਣੇ ਹੀ ਸਹੇੜੇ ਹੋਏ ਹੁੰਦੇ ਹਨ। ਅਸੀਂ ਉਨ੍ਹਾਂ ਗੱਲਾਂ ਜਾਂ ਘਟਨਾਵਾਂ ਬਾਰੇ ਸੋਚ ਸੋਚ ਕੇ ਹੀ ਚਿੰਤਾ ਮਗਨ ਅਤੇ ਦੁਖੀ ਰਹਿੰਦੇ ਹਾਂ ਜਿਹੜੀਆਂ ਸਾਡੀ ਜ਼ਿੰਦਗੀ ਵਿਚ ਕਦੀ ਵਾਪਰਨੀਆਂ ਹੀ ਨਹੀਂ। ਕਈ ਵਾਰੀ ਅਸੀਂ ਆਪਣੀਆਂ ਇੱਛਾਵਾਂ ਨੂੰ ਆਪਣੀ ਸਮਰੱਥਾ ਤੋਂ ਜਿਆਦਾ ਵਧਾ ਲੈਂਦੇ ਹਾਂ, ਜੋ ਪੂਰੀਆਂ ਨਹੀਂ ਹੋ ਸਕਦੀਆਂ। ਇਸ ਲਈ ਅਸੀਂ ਹਰ ਸਮੇਂ ਦੁਖੀ ਹੀ ਰਹਿੰਦੇ ਹਾਂ। ਕਿਸੇ ਕਵੀ ਨੇ ਇਸ ਬਾਰੇ ਠੀਕ ਹੀ ਲਿਖਿਆ ਹੈ:

ਐਵੇਂ ਨਾ ਹੰਕਾਰਿਆ ਕਰ,
ਚਾਦਰ ਦੇਖ ਕੇ ਪੈਰ ਪਸਾਰਿਆ ਕਰ।

ਇਹ ਯਾਦ ਰੱਖੋ ਕਿ ਜੇ ਅਸੀਂ ਕਿਸੇ ਕਠਿਨ ਕੰਮ ਨੂੰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਸ ਵਿਚ ਕੇਵਲ ਸਾਡੇ ਅਸਫ਼ਲ ਹੋਣ ਦੀ ਗੁੰਜਾਇਸ਼ ਹੁੰਦੀ ਹੈ ਪਰ ਜੇ ਅਸੀਂ ਉਸ ਕੰਮ ਨੂੰ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਆਪਣੀ ਅਸਫ਼ਲਤਾ ਆਪੇ ਹੀ ਪੱਕੀ ਕਰ ਲੈਂਦੇ ਹਾਂ। ਇੱਥੇ ਹੇਠ ਲਿਖੀਆਂ ਪੰਕਤੀਆਂ ਠੀਕ ਹੀ ਢੁਕਦੀਆਂ ਹਨ:

ਪੈਰਾਂ ’ਚ ਜੇ ਜਾਨ ਹੋਵੇ ਤਾਂ ਮੰਜ਼ਿਲ ਦੂਰ ਨਹੀ।
ਪੰਖਾਂ ਵਿਚ ਜੇ ਜਾਨ ਹੋਵੇ ਤਾਂ ਚੰਨ ਤਾਰੇ ਦੂਰ ਨਹੀਂ।

ਜਿੱਤ ਸਭ ਨੂੰ ਚੰਗੀ ਲੱਗਦੀ ਹੈ ਪਰ ਜਿਹੜਾ ਜ਼ਿੰਦਗੀ ਵਿਚ ਜਿੱਤ ਚਾਹੁੰਦਾ ਹੈ ਉਸ ਨੂੰ ਹਾਰ ਨੂੰ ਬਰਦਾਸ਼ਤ ਕਰਨ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਜ਼ਿੰਦਗੀ ਦੀ ਅਸਲੀ ਖੇਡ ਦੇ ਨਿਯਮ ਇਹ ਹੀ ਸਿਖਾਉਂਦੇ ਹਨ। ਆਪਣੇ ਮਨ ਵਿਚ ਧਿਆਨ ਰੱਖੋ ਕਿ ਤੁਸੀਂ ਕੋਈ ਆਮ ਆਦਮੀ ਨਹੀਂ। ਤੁਹਾਡਾ ਜਨਮ ਕਿਸੇ ਖ਼ਾਸ ਮਕਸਦ ਲਈ ਹੋਇਆ ਹੈ। ਉਸ ਮਕਸਦ ਨੂੰ ਪੂਰਾ ਕਰਨ ਤੋਂ ਪਹਿਲਾਂ ਕਦੀ ਹਾਰ ਨਾ ਮੰਨੋ। ਡੱਟੇ ਰਹੋ। ਇਹ ਹੀ ਤੁਹਾਡੀ ਜ਼ਿੰਦਗੀ ਦੀ ਜੰਗ ਹੈ, ਜਿਸ ਨੂੰ ਤੁਸੀਂ ਹਰ ਹਾਲ ਵਿਚ ਜਿੱਤਣਾ ਹੀ ਹੈ। ਤੁਹਡੀ ਮੰਜ਼ਿਲ ਕਿਹੜੀ ਹੈ? ਤੁਸੀਂ ਕਿਸ ਰਾਹ ਤੇ ਚੱਲ ਕੇ ਉੱਥੇ ਪਹੁੰਚਣਾ ਹੈ? ਇਸ ਦਾ ਫੈਸਲਾ ਤੁਸੀਂ ਖ਼ੁਦ ਕਰਨਾ ਹੈ।

ਆਮ ਤੋਰ ਤੇ ਬੰਦੇ ਦਾ ਹੁਨਰ ਹੀ ਉਸ ਦਾ ਸ਼ੌਕ ਹੁੰਦਾ ਹੈ। ਉਸੇ ਕੰਮ ਵਿਚ ਹੀ ਉਸ ਦੀ ਸਭ ਤੋਂ ਜ਼ਿਆਦਾ ਇਕਾਗਰਤਾ ਹੁੰਦੀ ਹੈ। ਇਸੇ ਲਈ ਉਸੇ ਕੰਮ ਵਿਚ ਹੀ ਉਹ ਆਪਣੇ ਸ਼ਾਹਕਾਰ ਬਣਾਉਂਦਾ ਹੈ ਅਤੇ ਆਪਣੀ ਮਾਨਸਿਕ ਤਸੱਲੀ ਹਾਸਲ ਕਰਦਾ ਹੈ ਅਤੇ ਦੁਨੀਆਂ ਤੋਂ ਵਾਹ ਵਾਹ ਖੱਟਦਾ ਹੈ। ਬੰਦੇ ਦਾ ਸ਼ੌਕ ਅਤੇ ਰੁਜ਼ਗਾਰ ਦੋ ਅਲੱਗ ਅਲੱਗ ਚੀਜ਼ਾਂ ਹਨ। ਜਦ ਕਿਸੇ ਬੰਦੇ ਦਾ ਸ਼ੌਕ ਅਤੇ ਰੁਜ਼ਗਾਰ ਇਕ ਹੀ ਹੋਣ ਤਾਂ ਉਹ ਬਹੁਤ ਜਲਦੀ ਆਪਣੀ ਮੰਜ਼ਿਲ ’ਤੇ ਪਹੁੰਚਦਾ ਹੈ। ਉਸ ਦੇ ਕੰਮ ਵਿਚ ਪ੍ਰਵੀਨਤਾ ਵੀ ਬਹੁਤ ਆਉਂਦੀ ਹੈ।

ਹਰ ਬੰਦੇ ਦਾ ਸ਼ੌਕ ਆਪਣਾ ਆਪਣਾ ਹੁੰਦਾ ਹੈ ਜਿਸ ਨੂੰ ਪੂਰਾ ਕਰਕੇ ਉਸ ਨੂੰ ਆਤਮਿਕ ਸ਼ਾਂਤੀ ਮਿਲਦੀ ਹੈ ਅਤੇ ਉਹ ਆਪਣੀ ਜ਼ਿੰਦਗੀ ਨੂੰ ਕਾਮਯਾਬ ਸਮਝਦਾ ਹੈ। ਜਿਵੇਂ ਇਕ ਸਿਪਾਹੀ ਨੂੰ ਜੰਗ ਜਿੱਤਣ ਦਾ ਜਾਂ ਆਪਣੇ ਦੇਸ਼ ਲਈ ਸ਼ਹੀਦ ਹੋਣ ਦਾ ਚਾਅ ਹੁੰਦਾ ਹੈ। ਇਸੇ ਤਰ੍ਹਾਂ ਇਕ ਖਿਡਾਰੀ ਨੂੰ ਤਗਮੇ ਜਿੱਤਣ ਦਾ ਸਰੂਰ ਹੁੰਦਾ ਹੈ। ਕਈ ਲੋਕਾਂ ਲਈ ਸਾਹਿਤ ਹੀ ਰੂਹ ਦੀ ਖੁਰਾਕ ਹੁੰਦੀ ਹੈ। ਉਹ ਨਵਾਂ ਸਾਹਿਤ ਪੜ੍ਹ ਕੇ ਆਪਣੇ ਗਿਆਨ ਵਿਚ ਵਾਧਾ ਕਰਦੇ ਹਨ। ਕਿਤਾਬਾਂ ਹੀ ਉਨ੍ਹਾਂ ਦੀਆਂ ਸਾਥੀ ਹੁੰਦੀਆਂ ਹਨ। ਕਈ ਲੋਕ ਪ੍ਰਮਾਤਮਾ ਦੀ ਭਗਤੀ ਨੂੰ ਹੀ ਰੂਹ ਦੀ ਖ਼ੁਰਾਕ ਮੰਨਦੇ ਹਨ। ਨਾਮ ਜਪ ਕੇ ਹੀ ਉਹ ਜਨਮ ਮਰਨ ਤੋਂ ਮੁਕਤ ਹੋਣਾ ਚਾਹੁੰਦੇ ਹਨ। ਕਈ ਲੋਕ ਮਨੁੱਖਤਾ ਦੀ ਸੇਵਾ ਨੂੰ ਹੀ ਆਪਣਾ ਇਸ਼ਟ ਮੰਨ ਕੇ ਸਾਰੀ ਉਮਰ ਇਸ ਕੰਮ ’ਤੇ ਹੀ ਲਾ ਦਿੰਦੇ ਹਨ। ਇਸੇ ਤਰ੍ਹਾਂ ਵਿਗਿਆਨਿਕਾਂ, ਖੋਜੀਆਂ, ਵਿਦਵਾਨਾਂ ਅਤੇ ਕਲਾਕਾਰਾਂ ਦਾ ਆਪਣਾ ਆਪਣਾ ਇਸ਼ਟ ਹੁੰਦਾ ਹੈ। ਕਈ ਬੰਦੇ ਧਨ ਦੇ ਅੰਬਾਰ ਇਕੱਠੇ ਕਰਨ ਨੂੰ ਜਾਂ ਰਾਜ ਦਰਬਾਰ ਵਿਚ ਉੱਚੀ ਪੋਜ਼ੀਸ਼ਨ ਹਾਸਲ ਕਰਨ ਨੂੰ ਹੀ ਆਪਣੀ ਮੰਜ਼ਿਲ ਮੰਨ ਲੈਂਦੇ ਹਨ ਅਤੇ ਜ਼ਿੰਦਗੀ ਦੀ ਸਾਰੀ ਸ਼ਕਤੀ ਇਸ ਪਾਸੇ ਹੀ ਲਾ ਦਿੰਦੇ ਹਨ। ਇਨ੍ਹਾਂ ਸਭ ਦੀ ਆਪਣੀ ਆਪਣੀ ਧਰਤੀ ਅਤੇ ਆਸਮਾਨ ਵੀ ਆਪਣਾ ਆਪਣਾ ਹੀ ਹੈ।

ਚਮਕਣ ਵਾਲੀਆਂ ਚੀਜ਼ਾਂ ਸੋਹਣੀਆਂ ਤਾਂ ਲੱਗਦੀਆਂ ਹਨ ਪਰ ਉਹ ਸਾਰੀਆਂ ਸੋਨਾ ਨਹੀਂ ਹੁੰਦੀਆਂ। ਇਸ ਲਈ ਦੂਜਿਆਂ ਦੀ ਰੀਸ ਨਾ ਕਰੋ। ਆਪਣਾ ਬਲ, ਬੁੱਧੀ ਅਤੇ ਸਾਧਨਾ ਨੂੰ ਧਿਆਨ ਵਿਚ ਰੱਖਦੇ ਹੋਏ ਅੱਗੇ ਵਧੋ। ਜ਼ਿੰਦਗੀ ਜਿਉਣ ਦਾ ਸਭ ਦਾ ਆਪਣਾ ਆਪਣਾ ਦ੍ਰਿਸ਼ਟੀਕੋਣ ਹੁੰਦਾ ਹੈ। ਬਹੁਤ ਸਾਰੇ ਲੋਕ ਇਸ ਦੁਨੀਆਂ ’ਤੋਂ ਰੋਂਦੇ ਕਲਪਦੇ ਹੀ ਤੁਰ ਜਾਂਦੇ ਹਨ। ਉਨ੍ਹਾਂ ਦੀ ਸਾਰੀ ਜ਼ਿੰਦਗੀ ਦੂਜਿਆਂ ਨਾਲ ਗੁੱਸੇ ਗਿਲੇ ਅਤੇ ਝੋਰਿਆਂ ਵਿਚ ਹੀ ਗੁਜ਼ਰ ਜਾਂਦੀ ਹੈ। ਉਨ੍ਹਾਂ ਨੂੰ ਜਾਪਦਾ ਹੈ ਜਿਵੇਂ ਰੱਬ ਨੇ ਉਨ੍ਹਾਂ ਨੂੰ ਇਸ ਧਰਤੀ ’ਤੇ ਦੁੱਖ ਸਹਿਣ ਲਈ ਹੀ ਭੇਜਿਆ ਹੋਵੇ। ਇਸ ਲਈ ਰੱਬ ਨੇ ਉਨ੍ਹਾਂ ਨੂੰ ਜਨਮ ਦੇ ਕੇ ਬਹੁਤ ਵੱਡਾ ਜ਼ੁਲਮ ਕੀਤਾ ਹੋਵੇ। ਜਿੰਦਗੀ ਵਿਚ ਉਨ੍ਹਾਂ ਨੂੰ ਕੋਈ ਚੀਜ਼ ਚੰਗੀ ਦਿਖਾਈ ਨਹੀਂ ਦਿੰਦੀ। ਉਨ੍ਹਾਂ ਦੀ ਜ਼ਿੰਦਗੀ ਇਕ ਸਰਾਪ ਬਣ ਕੇ ਹੀ ਰਹਿ ਜਾਂਦੀ ਹੈ। ਉਹ ਮਹਿਸੂਸ ਕਰਦੇ ਹਨ ਕਿ ਰੱਬ ਨੇ ਉਨ੍ਹਾਂ ਨਾਲ ਬਹੁਤ ਵੱਡੀ ਜ਼ਿਆਦਤੀ ਕੀਤੀ ਹੈ।

ਦੂਜੇ ਪਾਸੇ ਕਈ ਲੋਕ ‘ਜਹਾਂ ਜਾਈਏ, ਤਹਾਂ ਸੁਹੇਲੇ’ ਦਾ ਮਾਹੌਲ ਬਣਾ ਕੇ ਜ਼ਿੰਦਗੀ ਜਿਉਂਦੇ ਹਨ। ਉਹ ਹਰ ਪਾਸੇ ਖ਼ੁਸ਼ੀਆਂ ਅਤੇ ਖ਼ੁਸ਼ਬੋਆਂ ਖਿਲਾਰਦੇ ਹਨ। ਉਹ ਰਸਤੇ ਦੇ ਕੱਖ, ਕੰਡੇ ਅਤੇ ਰੋੜਿਆਂ ਨੂੰ ਸਾਫ ਕਰ ਕੇ ਫੁੱਲਾਂ ਨਾਲ ਸਜਾਉਂਦੇ ਹਨ। ਉਹ ਹਰ ਇਕ ਨੂੰ ਖੇੜੇ ਹੀ ਵੰਡਦੇ ਹਨ। ਉਹ ਸਭ ਪਾਸੇ ਨਰੋਇਆ ਮਾਹੋਲ ਹੀ ਸਿਰਜਦੇ ਹਨ। ਉਹ ਸਦਾ ਚੜ੍ਹਦੀ ਕਲਾ ਵਿਚ ਰਹਿ ਕੇ ਜ਼ਿੰਦਗੀ ਦੀ ਜੰਗ ਵਿਚ ਜੇਤੂ ਹੋ ਕੇ ਹੀ ਨਿੱਤਰਦੇ ਹਨ। ਉਹ ਜਾਣਦੇ ਹਨ ਕਿ ਖ਼ੁਸ਼ੀ ਮੁਫ਼ਤ ਵਿਚ ਮਿਲਦੀ ਹੈ। ਇਸ ਲਈ ਉਹ ਖ਼ੁਸ਼ ਹੋਣ ਲਈ ਅਮੀਰ ਹੋਣ ਦਾ ਇੰਤਜਾਰ ਨਹੀਂ ਕਰਦੇ। ਉਹ ਸਦਾ ਹੀ ਸਹਿਜ ਵਿਚ ਰਹਿੰਦੇ ਹਨ। ਉਹ ਹਮੇਸ਼ਾਂ ਵਾਹਿਗੁਰੂ ਦੇ ਸ਼ੁਕਰਾਨੇ ਵਿਚ ਰਹਿੰਦੇ ਹਨ ਕਿਉਂਕਿ ਉਹ ਸੋਚਦੇ ਹਨ ਕਿ ‘ਜਿੰਨੇ ਜੋਗੇ ਅਸੀਂ ਹਾਂ, ਪ੍ਰਮਾਤਮਾਂ ਨੇ ਉਸ ਤੋਂ ਕਿਤੇ ਵੱਧ ਸਾਨੂੰ ਦਿੱਤਾ ਹੈ।’

ਐਵੇਂ ਸ਼ਿਕਵੇ ਸ਼ਿਕਾਇਤਾਂ ਵਿਚ ਰੋ ਧੋ ਕੇ ਆਪਣੀ ਜ਼ਿੰਦਗੀ ਨੂੰ ਨਰਕ ਨਾ ਬਣਾਓ। ਮੰਨਿਆ ਕਿ ਤੁਸੀਂ ਸਾਰੀ ਦੁਨੀਆਂ ਨੂੰ ਖ਼ੁਸ਼ ਨਹੀਂ ਕਰ ਸਕਦੇ ਪਰ ਇਕ ਬੰਦੇ ਨੂੰ ਤਾਂ ਖ਼ੁਸ਼ ਕਰ ਲਓ। ਭਲਾ ਕਿਸ ਨੂੰ? ਜਿਸ ਨੂੰ ਤੁਸੀਂ ਰੋਜ ਸ਼ੀਸ਼ੇ ਵਿਚ ਦੇਖਦੇ ਹੋ। ਬੀਤੇ ਕੱਲ੍ਹ ਦਾ ਜਾਂ ਆਉਣ ਵਾਲੇ ਕੱਲ੍ਹ ਦਾ ਫ਼ਿਕਰ ਨਾ ਕਰੋ। ਇਹ ਸਭ ਫ਼ਿਕਰ ਪ੍ਰਮਾਤਮਾ ’ਤੇ ਛੱਡ ਦਿਓ, ਜਿਸ ਨੇ ਤੁਹਾਨੂੰ ਜਨਮ ਦਿੱਤਾ ਹੈ। ਅੱਜ ਨੂੰ ਖ਼ੁਸ਼ਹਾਲ ਬਣਾਓ ਅਤੇ ਸ਼ਾਂਤੀ ਨਾਲ ਜੀਓ। ਤੁਹਾਡੇ ਹੱਥ ਵਿਚ ਕੇਵਲ ਅੱਜ (ਵਰਤਮਾਨ) ਹੈ। ਤੁਸੀਂ ਅੱਜ ਮਿਹਨਤ ਅਤੇ ਚੰਗੇ ਕਰਮ ਕਰ ਕੇ ਸੁਨਹਿਰੀ ਭਵਿੱਖ ਦੀ ਸਿਰਜਨਾ ਕਰ ਸਕਦੇ ਹੋ। ਇਸ ਸਮੇਂ ਦਾ ਪੂਰਾ ਉਪਯੋਗ ਕਰੋ। ਵਿਹਲੇ ਬੈਠ ਕੇ ਜਾਂ ਸੌਂ ਕੇ ਸਮੇਂ ਨੂੰ ਜ਼ਾਇਆ ਨਾ ਕਰੋ। ਆਪਣੇ ਦਿਮਾਗ਼ ਦੇ ਕਪਾਟ ਖੋਲ੍ਹੋ ਅਤੇ ਸਰੀਰ ਦੇ ਸਾਰੇ ਅੰਗਾਂ ਦੀ ਪੂਰੀ ਤਰ੍ਹਾਂ ਵਰਤੋਂ ਕਰੋ। ਦੁਨੀਆਂ ਵਿਚ ਜੇਤੂ ਬਣ ਕੇ ਬਾਦਸ਼ਾਹਾਂ ਦੀ ਤਰ੍ਹਾਂ ਜੀਓ। ਤੁਸੀਂ ਆਪਣੀ ਜ਼ਿੰਦਗੀ ਦੇ ਬਾਦਸ਼ਾਹ ਖ਼ੁਦ ਹੋ। ਆਪਣੀ ਸਲਤਨਤ ਨੂੰ ਪੂਰੀ ਤਰ੍ਹਾਂ ਤੰਦਰੁਸਤ ਅਤੇ ਖ਼ੁਸ਼ਹਾਲ ਰੱਖੋ। ਜਿਵੇਂ ਪੱਥਰ ਬਣੀ ਅਹੱਲਿਆ ਰਾਮ ਦੀ ਇਕ ਛੋਹ ਨੂੰ ਉਡੀਕ ਰਹੀ ਸੀ ਉਵੇਂ ਹੀ ਕਾਮਯਾਬੀ ਤੁਹਾਡੇ ਉੱਦਮੀ ਹੱਥਾਂ ਦੀ ਛੋਹ ਨੂੰ ਉਡੀਕ ਰਹੀ ਹੈ।
***
233
***

# 1183, ਫੇਜ਼-10, ਮੁਹਾਲੀ
ਮੋਬਾਇਲ:-94631-89432
83608-42861

About the author

ਗੁਰਸ਼ਰਨ ਸਿੰਘ ਕੁਮਾਰ
ਗੁਰਸ਼ਰਨ ਸਿੰਘ ਕੁਮਾਰ
Mobile:094631-89432/83608-42861 | gursharan1183@yahoo.in | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਸ਼ਰਨ ਸਿੰਘ ਕੁਮਾਰ

View all posts by ਗੁਰਸ਼ਰਨ ਸਿੰਘ ਕੁਮਾਰ →