18 September 2024

ਮੈਂ ਗੁਰਮੁਖੀ – ਕੰਵਰ ਬਰਾੜ (ਇੰਗਲੈਂਡ)

ਮੈਂ
 ਗੁਰਮੁਖੀ

-ਕੰਵਰ ਬਰਾੜ

ਲਿਪੀ ਕਿਸੇ ਵੀ ਭਾਸ਼ਾ ਦੀ ਸਥਿਰਤਾ ਤੇ ਸੁਹੱਪਣ ਦਾ ਥੰਮ੍ਹ ਹੁੰਦੀ ਹੈ। 21 ਫ਼ਰਵਰੀ ਨੂੰ UNESCO ਦੇ International Mother Language Day ਨੂੰ ਸਮਰਪਿਤ ਸਾਡੀ ਮਾਤ-ਬੋਲੀ ਦਾ ਸ਼ਿੰਗਾਰ ‘ਗੁਰਮੁਖੀ’ ਬਾਰੇ ਕੁਝ ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾਂ।

ਮੈਂ ਗੁਰਮੁਖੀ
ਦੇਸ਼ ਪੰਜਾਬੋਂ।
ਬਾਬੇ ਨਾਨਕ ਦੀ ਸੋਚ
ਉਪਜੀ ਹਾਂ ੧ਓ ਚੋਂ।

ਮੇਰੇ ਮੁਕਤੇ ਚ ਬਰਕਤ
ਬਾਬੇ ਅੰਗਦ ਦੀ ਗੁੜਤੀ।
ਅੱਖਰ ਪੈਂਤੀ
ਸਮੇਂ ਦੇ ਹਾਣੀ।
ਲਗਾਂ ਮਾਤਰਾਂ
ਮੇਰੀ ਫੁਲਕਾਰੀ।
ਊੜੇ ਵਿੱਚ
ਉਸਤਤ ਉਜਰ ਦੀ।
ਅੰਤਲਾ ੜਾੜਾ
ਮਿਟਾਉਂਦਾ ਸਭ ਪਾੜਾ।

ਸਿਰ ਤੇ ਟਿੱਪੀ
ਚੰਦਰਮਾ ਵਰਗੀ।
ਪੈਰੀਂ ਬਿੰਦੀ
ਸ਼ੱਕਰ ਦਾ ਤਿਣਕਾ।
ਮੇਰਾ ਅੱਧਕ
ਕਮਾਉਂਦਾ ਸਿਦਕ।
ਲਾਂਵ ਲਾ ਮੈਂ
ਮੇਲ ਕਰਾਵਾਂ।
ਦੁਲਾਵਾਂ ਲਾ ਮੈਂ
ਪੈਲਾਂ ਪਾਵਾਂ।

ਸਿਹਾਰੀ ਵੰਡਦੀ
ਵਿੱਦਿਆ ਵਿਚਾਰੀ।
ਬਿਹਾਰੀ ਬਣ ਗਈ
ਪਰ-ਉਪਕਾਰੀ।
ਹੋੜੇ ਦੇ
ਕੰਮ ਹੋਰ ਤੋਂ ਹੋਰ।
ਕਨੌੜੇ ਦੀ
ਸਭਨਾਂ ਸੰਗ ਦੌੜ।
ਔਂਕੜ ਨੇ ਵੀ
ਸੁਰਤ ਸੰਭਾਲੀ।
ਦੂਲੈਂਕੜ ਦੀ ਤਾਂ
ਭੋਲੀ ਸੂਰਤ ਬਾਹਲੀ।

ਮੇਰੇ ਸਵਰ ਤੇ ਵਿਅੰਜਨ
ਰਾਹ ਵੱਲ ਨਿਰੰਜਣ।
ਕੰਨਾਂ ਉੱਕਰੇ
ਮੇਰੇ ਸ਼ਬਦਾਂ ਦਾ ਏਕਾ।

ਮੇਰੇ ਸ਼ਬਦਾਂ ਦੇ
ਤੂੰ ਵਾਕ ਸਿਰਜੀ
ਤੇ ਮੈਂ ਉੱਕਰਾਂਗੀ
ਤੇਰਾ ਇਤਿਹਾਸ
ਬਣਾਂਗੀ ਤੇਰੀ ਅਵਾਜ਼
ਘਰ-ਬਾਰ ਤੇ ਦਰਬਾਰੇ
ਦਾਦੀ ਦੀਆਂ ਲੋਰੀਆਂ
ਧਰਨਿਆਂ ਦੇ ਨਾਹਰੇ।

ਮੈਂ ਗੁਰਮੁਖੀ
ਤੇਰੇ ਪਿੰਡ ਤੋਂ।

(ਪਹਿਲੀ ਵਾਰ 11 ਸਤੰਬਰ 2021)

***
349
***

ਕੰਵਰ ਬਰਾੜ (ਇੰਗਲੈਂਡ)

View all posts by ਕੰਵਰ ਬਰਾੜ (ਇੰਗਲੈਂਡ) →