10 October 2024

ਗੁਰਭਜਨ ਗਿੱਲ ਹੁਰਾਂ ਦੀ ਕਾਵਿ ਪੁਸਤਕ: ”ਚਰਖ਼ੜੀ” -ਇੱਕ ਵਿਸ਼ਲੇਸ਼ਣ—ਮਨਦੀਪ ਕੌਰ ਭੰਮਰਾ

 

prof.gurbhajan s. gillਗੁਰਭਜਨ ਗਿੱਲ ਪੰਜਾਬੀ ਸਾਹਿਤਕਾਰੀ ਦੇ ਖੇਤਰ ਵਿੱਚ ਇੱਕ ਜਾਣੇ-ਪਛਾਣੇ ਹਸਤਾਖਰ ਹਨ। ਉਹ ਆਪਣੀ ਲਗਨ ਅਤੇ ਸਾਧਨਾ ਸਦਕਾ ਵੀਹ ਤੋਂ ਉੱਪਰ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਿਆਂ ਪੰਜਾਬੀ ਸਾਹਿਤ ਦੀ ਝੋਲ਼ੀ ਵਿੱਚ ਪਾ ਚੁੱਕੇ ਹਨ। ਗੁਰਭਜਨ ਗਿੱਲ ਉਹਨਾਂ ਸੁਖ਼ਨਵਰਾਂ ਵਿੱਚੋਂ ਹਨ, ਜਿੰਨ੍ਹਾਂ ਨੇ ਪ੍ਰੋ. ਮੋਹਨ ਸਿੰਘ ਤੋਂ ਲੈ ਕੇ ਅਜੋਕੀ ਪੀੜ੍ਹੀ ਤੱਕ ਪਹੁੰਚਦਿਆਂ ਅਨੇਕਾਂ ਨਾਮਵਰ ਸਾਹਿਤਕਾਰਾਂ ਦਾ ਸੰਗ-ਸਾਥ ਮਾਣਿਆਂ ਹੈ। ਅਜਿਹੇ ਲੋਕ ਇੱਕ ਤਰ੍ਹਾਂ ਨਾਲ਼ ਪੁਰਾਣੀ ਅਤੇ ਨਵੀਂ ਪੀੜ੍ਹੀ ਦੇ ਵਿਚਕਾਰ ਪੁਲ਼ ਦਾ ਕੰਮ ਕਰ ਰਹੇ ਹਨ ਅਤੇ ਉਹਨਾਂ ਮਹਾਨ ਸ਼ਖ਼ਸੀਅਤਾਂ ਦੁਆਰਾ ਕੀਤੇ ਕੰਮਾਂ ਦੇ ਗਵਾਹ ਹਨ ਜਿੰਨ੍ਹਾਂ ਵਿੱਚ ਕਈ ਉੱਘੇ ਸਾਹਿਤਕਾਰ, ਹਰ ਖੇਤਰ ਦੀਆਂ ਅਨੇਕ ਨਾਮਵਰ ਸ਼ਖ਼ਸੀਅਤਾਂ ਅਤੇ ਹੁਣ ਤੱਕ ਸਾਡੀ ਅਤੇ ਅਗਲੀ ਪੀੜ੍ਹੀ ਦੇ ਦਰਜਨਾਂ ਨਾਮ ਹਨ ਜਿੰਨ੍ਹਾਂ ਦਾ ਉਹਨਾਂ ਨਾਲ਼ ਸਨੇਹ, ਰਾਬਤਾ ਅਤੇ ਵਾਸਤਾ ਹੈ। ਪ੍ਰੋ. ਮੋਹਨ ਸਿੰਘ ਮੇਲੇ ਦੇ ਪ੍ਰਬੰਧ ਵਿੱਚ ਸਰਦਾਰ ਜਗਦੇਵ ਸਿੰਘ ਜੱਸੋਵਾਲ ਹੁਰਾਂ ਦਾ ਸਾਥ ਦਿੱਤਾ ਹੈ। ਡਾਕਟਰ ਐੱਸ. ਪੀ. ਸਿੰਘ ਹੁਰਾਂ ਦੇ ਵਿਦਿਆਰਥੀ ਪ੍ਰੋਫ਼ੈਸਰ ਗੁਰਭਜਨ ਸਿੰਘ ਗਿੱਲ ਸਾਡੇ ਕੋਲ਼ ਇੱਕ ਤਰ੍ਹਾਂ ਨਾਲ਼ ਨਾਯਾਬ ਸ਼ਖਸੀਅਤ ਹੈ, ਜਿੰਨਾਂ ਕੋਲ਼ੋਂ ਬੇਹਿਸਾਬ ਜਾਣਕਾਰੀ ਦਾ ਖ਼ਜ਼ਾਨਾ ਯਾਦਾਂ ਦੇ ਝਰੋਖਿਆਂ ਵਿੱਚ ਸੰਭਾਲ਼ਿਆ ਪਿਆ ਹੈ, ਅਣਗਿਣਤ ਗੱਲਾਂ, ਯਾਦਾਂ, ਭੇਦ, ਖੁਸ਼ੀਆਂ ਤੇ ਗ਼ਮੀਆਂ ਦੇ ਪਲ ਉਹਨਾਂ ਦੇ ਵਿਸ਼ਾਲ ਹਿਰਦੇ ਵਿੱਚ ਸੰਭਾਲ਼ੇ ਪਏ ਹਨ।ਕਵੀਮਨ ਦੇ ਅੰਤਰਮਨ ਵਿੱਚ ਏਨਾ ਵੇਗ ਹੁੰਦਾ ਹੈ ਕਿ ਉਸ ਲਈ ਇੱਕ ਜਨਮ ਕਾਫ਼ੀ ਨਹੀੰ ਹੁੰਦਾ। ਜੋ ਉਹ ਕਹਿਣਾ ਚਾਹੁੰਦਾ ਹੈ, ਉਹ ਹਜ਼ਾਰਾਂ, ਲੱਖਾਂ ਸ਼ਬਦ ਸਿਰਜ ਕੇ ਵੀ ਨਹੀੰ ਆਖ ਸਕਦਾ ਹੁੰਦਾ। ਉਸਦੀ ਸੰਪੂਰਨਤਾ ਨੂੰ ਪਹੁੰਚਣ ਦੀ ਲਲਕ ਉਸ ਨੂੰ ਕਲਮ ਦਾ ਸ਼ਾਹ ਅਸਵਾਰ ਬਣਾਈ ਰੱਖਦੀ ਹੈ। ਉਹ ਨਿਰੰਤਰ ਲਿਖਦਾ ਰਹਿੰਦਾ ਹੈ। “ਸੁਰਤਾਲ” ਦੀ ਭੂਮਿਕਾ ਵਿੱਚ ਸਾਡੇ ਸਿਰਮੌਰ ਸ਼ਾਇਰ ਸੁਰਜੀਤ ਪਾਤਰ ਜੀ ਲਿਖਦੇ ਹਨ: “ਗੁਰਭਜਨ ਗਿੱਲ ਨਿਰੰਤਰ ਲਿਖਣ ਵਾਲ਼ਾ ਕਵੀ ਹੈ। ਕਦੇ ਕਦਾਈਂ, ਵਰੵੇ ਛਿਮਾਹੀਂ ਲਿਖਣ ਵਾਲ਼ਾ ਕਵੀ ਨਹੀਂ ਹੈ।”

ਹੁਣੇ ਹੁਣੇ ਯਾਨਿ 2021 ਵਿੱਚ ਛਪੀ ਪੁਸਤਕ “ਸੁਰਤਾਲ” ਦਾ ਰਿਵਿਊ ਕਰਨ ਤੋਂ ਪਹਿਲਾਂ ਮੈਂ ਉਹਨਾਂ ਦੀ ਪੁਸਤਕ “ਚਰਖ਼ੜੀ” ਦੀ ਚਰਚਾ ਕਰਨ ਜਾ ਰਹੀ ਹਾਂ, ਸੁਰਤਾਲ ਗ਼ਜ਼ਲ ਸੰਗ੍ਰਿਹ ਹੈ ਅਤੇ ਚਰਖੜੀ ਖੁੱਲ੍ਹੀ ਕਵਿਤਾ ਦੀ ਪੁਸਤਕ ਹੈ।

ਹੱਥਲੀ ਪੁਸਤਕ ਚਰਖ਼ੜੀ ‘ਸਵੀਨਾ ਪ੍ਰਕਾਸ਼ਨ’ ਦੁਆਰਾ ਛਾਪੀ ਗਈ ਹੈ। ਸਾਡੀ ਅਮਰੀਕਾ ਵੱਸਦੀ ਸਾਹਿਤਕਾਰ ਹੈ ਪਰਵੇਜ਼ ਸੰਧੂ, ਜਿਸਨੇ ਆਪਣੀ ਬੇਵਕਤੀ ਟੁਰ ਗਈ ਜਵਾਨ ਬੇਟੀ, ਸਵੀਨਾ ਦੀ ਯਾਦ ਵਿੱਚ ਇਹ ਪ੍ਰਕਾਸ਼ਨ ਸ਼ੁਰੂ ਕੀਤਾ ਹੈ।

‘ਸਿੰਘ ਬਰਦਰਜ਼’ ਇਸ ਦੇ ਡਿਸਟਰੀਬਿਊਟਰ ਹਨ।

ਸਵਰਨਜੀਤ ਸਵੀ ਹੁਰਾਂ ਦੁਆਰਾ ਇਸਦਾ ਸੁੰਦਰ ਸਰਵਰਕ ਬਣਾਇਆ ਗਿਆ ਹੈ।

ਤਿੰਨ ਸੌ ਰੁਪਏ ਦੀ ਕੀਮਤ ਵਾਲ਼ੀ ਇਹ ਪੁਸਤਕ ਗੁਰਭਜਨ ਗਿੱਲ ਹੁਰਾਂ ਦੀ ਨਵੀਂ ਕਾਵਿ ਪੁਸਤਕ ਹੈ, ਜਿਸਦੇ 232 ਸਫ਼ੇ ਹਨ। ਇਸ ਵਿੱਚ ਸਜੱਗ ਕਵੀ ਨੇ ਬਹੁਤ ਸਾਰੇ ਵਿਸ਼ਿਆਂ ਨੂੰ ਕਲਮਬੱਧ ਕੀਤਾ ਹੈ। ਸੂਰਜ, ਸਮਾਜ, ਸਭਿਆਚਾਰ, ਰਾਜਨੀਤੀ, ਧਰਮ, ਕਵਿਤਾ, ਮਾਪੇ, ਬਚਪਨ, ਹਥਿਆਰ, ਸਮਾਜ ਵਿਚਲੇ ਕੁੱਝ ਪਾਤਰ ਜੋ ਉਸਦੀ ਯਾਦ ਦਾ ਹਿੱਸਾ ਬਣੇ ਹੋਏ ਹਨ ਤੋਂ ਇਲਾਵਾ ਕੁੱਝ ਸਮਕਾਲੀਨ ਸ਼ਖ਼ਸੀਅਤਾਂ ਦੇ ਬਾਰੇ ਲਿਖਿਅਾ ਹੈ। ”ਚਰਖ਼ੜੀ” ਪੁਸਤਕ ਦੀ ਮੁੱਖ ਭੂਮਿਕਾ ਵਿੱਚ ਸਾਡੇ ਸਮੇਂ ਦੇ ਸੂਝਵਾਨ ਆਲੋਚਕ ਅਤੇ ਚਿੰਤਕ ਡਾਕਟਰ ਸਰਬਜੀਤ ਸਿੰਘ “ਸੱਭਿਆਚਾਰਕ ਸੰਵੇਦਨਾ ਦੀ ਕਵਿਤਾ” ਦੇ ਸਿਰਲੇਖ ਹੇਠ ਲਿਖਦੇ ਹਨ:

“… ਉਹ ਕਾਵਿ ਕਰਮ ਅਤੇ ਸਾਹਿਤਕ ‘ਤੇ ਸਭਿਆਚਾਰਕ ਸੰਸਥਾਵਾਂ ਵਿੱਚ ਨਿਰੰਤਰ ਗਤੀਸ਼ੀਲ ਹੈ। ਉਹ ਬੁਨਿਆਦੀ ਤੌਰ ਤੇ ਪ੍ਰਗੀਤਕ ਸ਼ਾਇਰ ਹੈ।…” ਸੰਜੀਦਗੀ ਅਤੇ ਮਿਹਨਤ ਨਾਲ਼ ਲਿਖੀ ਮੁੱਖ ਭੂਮਿਕਾ ਵਿੱਚ ਕਿਤਾਬ ਦਾ ਵਿਸ਼ਿਅਕ ਅਤੇ ਸਿਧਾਂਤਕ ਪੱਖ ਤੋਂ ਵਿਵਰਣ ਅਤੇ ਨਿਚੋੜ ਹੈ, ਜੋ ਆਪਣੇ ਆਪ ਵਿੱਚ ਪੜ੍ਹਨ ਯੋਗ ਹੈ। ਪੁਸਤਕ ਦੇ ਬੈਕ ਪੇਜ ਉੱਤੇ ਡਾਕਟਰ ਸ.ਪ. ਸਿੰਘ ਵੱਲੋਂ ਕੁੱਝ ਸ਼ਬਦ ਲਿਖੇ ਗਏ ਹਨ, ਜਿਸ ਵਿੱਚ ਪ੍ਰੋਫ਼ੈਸਰ ਗੁਰਭਜਨ ਗਿੱਲ ਹੁਰਾਂ ਬਾਰੇ ਮੁੱਢਲੀ ਅਤੇ ਅਕਾਦਮਿਕ ਜਾਣਕਾਰੀ ਦਿੱਤੀ ਗਈ ਹੈ। ਡਾਕਟਰ ਸੁਖਦੇਵ ਸਿੰਘ ਸਿਰਸਾ ਅਤੇ ਡਾਕਟਰ ਗੁਰਇਕਬਾਲ ਸਿੰਘ ਹੁਰਾਂ ਨੇ ਲਿਖਿਆ ਹੈ ਅਤੇ ਦੂਜੇ ਪਾਸੇ ਸਾਡੇ ਜਾਪਾਨੀ ਪੰਜਾਬੀ ਕਵੀ ਪਰਮਿੰਦਰ ਸੋਢੀ ਨੇ ਆਪਣੇ ਕਾਵਿਕ ਸ਼ਬਦ ਲਿਖੇ ਹਨ। ਕੁੱਝ ਇਸ ਤਰ੍ਹਾਂ ਕਿ:

ਜ਼ਿੰਦਗੀ ਦੇ ਟੋਟੇ ਜੋੜਦਾ
ਰਿਸ਼ਤਿਆਂ ਦੇ ਤਾਣੇ ਬੁਣਦਾ
ਦੋਸਤੀ ਦੀਆਂ ਇੱਟਾਂ ਚਿਣਦਾ
ਮੁਹੱਬਤਾਂ ਦਾ ਪੁਲ ਬੁਣਦਾ
ਵਗਦੇ ਪਾਣੀਆਂ ਦੇ ਗੀਤ ਲਿਖਦਾ…

ਸੱਚਮੁਚ ਉਸਦੀ ਇਬਾਰਤ ਪਿਆਰ ਦੀ ਇਮਾਰਤ ਹੈ…ਜਿਸਨੂੰ ਉਹ ਨਿਰੰਤਰ ਸਿਰਜ ਰਿਹਾ ਹੈ।

ਉਸ ਦੀ ਕਲਮ ਨਿਰੰਤਰ ਤੁਰ ਰਹੀ ਹੈ। ਉਹ ਸ਼ਬਦਾਂ ਦੀ ਪਰਕਰਮਾ ਕਰਦੀ ਕਰਦੀ “ਚਰਖ਼ੜੀ” ਹੋ ਗਈ ਹੈ, ਆਵੇਸ਼ੀ ਗਤੀ ਵਿੱਚ ਘੁੰਮਦੀ ਹੋਈ। ਕਵਿਤਾ ‘ਚਰਖ਼ੜੀ’ ਹੀ ਇਸ ਪੁਸਤਕ ਦੀ ਪਹਿਲੀ ਕਵਿਤਾ ਹੈ। ਚਰਖ਼ੜੀ ਜਿਵੇਂ ਜੀਵਨ ਦੀ ਗਤੀਸ਼ੀਲਤਾ ਦਾ ਪ੍ਰਤੀਕ ਹੋਵੇ। ਇਸ ਪੁਸਤਕ ਦੀਆਂ ਕਵਿਤਾਵਾਂ ਦਾ ਸਿਰਜਣਕਾਲ ਅਸਲ ਵਿੱਚ ਸੰਸਾਰ ਪੱਧਰ ‘ਤੇ ਆਈ ਜੀਵਨ ਦੀ ਖੜੋਤ ਦਾ ਕਾਲ ਹੈ। ਜਿਸਨੂੰ ‘ਕਰੋਨਾ ਕਾਲ’ ਆਖਦੇ ਹਾਂ। ਪਰ ਹੈਰਾਨੀ ਅਤੇ ਖ਼ੁਸ਼ੀ ਵਾਲ਼ੀ ਗੱਲ ਹੈ ਕਿ ਇਹ ਸਮਾਂ ਸਾਹਿਤ ਦਾ ਕਾਲ ਭਾਵ ਸਮਾਂ ਹੋ ਨਿੱਬੜਿਆ ਹੈ। ਗੁਰਭਜਨ ਗਿੱਲ ਹੁਰਾਂ ਨੇ ਇਸ ਕਾਲ ਵਿੱਚ ਭਰਪੂਰ ਕਵਿਤਾ ਸਿਰਜੀ ਹੈ, ਜਿਸ ਸਦਕਾ ਨਿਰਾਸਤਾ ਦੇ ਬਾਵਜੂਦ ਆਸ ਦੀ ਕਿਰਨ ਬੱਝਦੀ ਹੈ। ਚਰਖ਼ੜੀ ਦਾ ਬਿੰਬ ਇਸੇ ਆਸ਼ਾਵਾਦੀ ਪ੍ਰਵਿਰਤੀ ਦਾ ਚਿਹਨ ਹੈ। ਇਸ ਖੜੋਤ ਦੇ ਸਮੇਂ ਵਿੱਚ ਚਰਖ਼ੜੀ ਵਰਗੀ ਨਰੋਈ ਕਾਵਿ ਪੁਸਤਕ ਦਾ ਪੰਜਾਬੀ ਪਾਠਕਾਂ ਦੀ ਝੋਲ਼ੀ ਵਿੱਚ ਪਾਉਣਾ ਗੁਰਭਜਨ ਗਿੱਲ ਹੁਰਾਂ ਦੀ ਇੱਕ ਨਿੱਗਰ ਪ੍ਰਾਪਤੀ ਹੈ। ਬੇਸ਼ੱਕ ਕਵੀ ਦਾ ਮਨ ਚੁਫ਼ੇਰ ਵਿੱਚ ਫ਼ੈਲੀ ਘੁਟਨ ਨਾਲ਼ ਪੀੜਿਤ ਹੈ, ਕਵੀ ਦਾ ਹੱਸਾਸ ਮਨ ਮਹਿਸੂਸ ਕਰਦਾ ਹੈ ਕਿ ਵਕਤ ਦੀ ਇਸ ਕਰੂਰ ਬਰਬਰਤਾ ਨੇ ਸਾਡੇ ਜਿਉਣ ਦਾ ਸੁਆਦ ਤਾਂ ਖੋਹਿਆ ਹੀ ਸੀ, ਮਰਨਾ ਤੇ ਮਰ ਕੇ ਸੜਨਾ ਵੀ ਮੁਹਾਲ ਕਰ ਦਿੱਤਾ ਸੀ। ਸੋ, ਇਸ ਭਿਆਨਕ ਮੰਜ਼ਰ ਦੇ ਸਾਹਵੇਂ ਕਵੀ ਮਨ ਦਾ ਭਰ ਭਰ ਉੱਛਲਣਾ, ਦੋਸਤੀਆਂ ਤੋਂ ਵਾਂਝੇ ਹੋਣਾ, ਘਰਾਂ ਵਿੱਚ ਕੈਦ ਹੋ ਕੇ ਰਹਿ ਜਾਣਾ, ਅਜਿਹੇ ਸਮੇਂ ਵਿੱਚ ਜਿਵੇਂ ਕਲਮਵਾਨਾਂ ਲਈ ਕਵਿਤਾ ਦਾ ਆਸਰਾ ਲੈਣਾ ਹੀ ਜੀਵਨ ਰਹਿ ਗਿਆ ਹੋਵੇ। ਉਂਜ ਇਹ ਬਹੁਤ ਮੁਬਾਰਿਕ ਪਲ ਹੁੰਦੇ ਨੇ ਜਦੋਂ ਕਵਿਤਾ ਸਿਰਜੀ ਜਾਂਦੀ ਹੈ। ਇਹ ਗੁਣ ਵਰਦਾਨ ਵਾਂਗ ਹੁੰਦਾ ਹੈ। ਸੋ, ਇਸ ਖੜੋਤੇ ਸਮੇੰ ਵਿੱਚ ‘ਚਰਖ਼ੜੀ’ ਦੀ ਸਾਮਾਜਿਕ ਸਰੋਕਾਰਾਂ ਅਤੇ ਸਭਿਆਚਾਰਕ ਰੰਗਤ ਵਾਲ਼ੀ ਕਵਿਤਾ ਦਾ ਸਵਾਗਤ ਹੈ।

ਕਵੀਮਨ ਦੀਆਂ ਯਾਦਾਂ ਦੀਆਂ ਤਹਿਆਂ ਵਿੱਚ ਤੈਰਦੇ ਹੋਏ ਸੱਚ ਇਸ ਪੁਸਤਕ ਵਿੱਚ ਭਰ ਵਗਦੇ ਦਰਿਆ ਵਾਂਗ ਹਨ। ਕਵੀ ਦੇ ਮਨ ਵਿੱਚ ਸ਼ਬਦ ਸਭਿਆਚਾਰ ਲਈ ਅਥਾਹ ਸਤਿਕਾਰ ਹੈ।

‘ਸੂਰਜ ਦੀ ਕੋਈ ਜ਼ਾਤ ਨਹੀਂ ਹੁੰਦੀ’ ਵਿੱਚ ਉਹ ਪਹਿਲੇ ਮਹਾਂਕਾਵਿ ਦੇ ਸਿਰਜਣਹਾਰ ਮਹਾਂਕਵੀ, ਮਹਾਂਰਿਸ਼ੀ ਬਾਲਮੀਕ ਜੀ ਨੂੰ ‘ ਸ੍ਵੈਮਾਣ ਦਾ ਉੱਚ ਦੋਮਾਲੜਾ ਬੁਰਜ ‘ਆਖ ਕੇ ਆਪਣੀ ਸ਼ਰਧਾਵਾਨਤਾ ਦਰਸਾਉਂਦੇ ਹਨ। ਜ਼ਾਤਪਾਤ ਦੇ ਹਰ ਬੰਧਨ ਤੋਂ ਮੁਕਤ ਕਵੀ ਦਾ ਸਚਿਆਰ ਮਨ ਉਸ ਸੂਰਜੀ ਪ੍ਰਤਿਭਾ ਅੱਗੇ ਨਤਮਸਤਕ ਹੈ। ਉਹ ਲਿਖਦਾ ਹੈ ਕਿ ਸੂਰਜ ਨੂੰ ਦੀਵਾ ਨਹੀਂ ਬਣਾਇਆ ਜਾ ਸਕਦਾ:

ਸੂਰਜ ਨੂੰ ਕਿਸੇ ਵੀ ਜ਼ਾਵੀਏ ਤੋਂ ਨਿਹਾਰੋ
ਸੂਰਜ ਹੀ ਰਹਿੰਦਾ ਹੈ…ਪੰਨਾ: 29

‘ਨੰਦੋ ਬਾਜ਼ੀਗਰਨੀ’ ਨਾਂ ਦੀ ਕਵਿਤਾ ਕਵੀ ਦੀ ਕਾਵਿ-ਕਲਾ ਦਾ ਇਸ ਸੰਭਾਲ਼ੀ ਹੋਈ ਯਾਦ ਵਿੱਚੋਂ ਉਗਮਿਆ ਸੱਚ ਹੈ। ਸਾਡੇ ਉਹਨਾਂ ਕੀਮਤੀ ਵੇਲ਼ਿਆਂ ਦੇ ਸੱਚ ਨੂੰ ਕਵੀ ਨੇ ਏਨੀ ਸ਼ਿੱਦਤ ਨਾਲ਼ ਕਾਵਿਬੱਧ ਕੀਤਾ ਹੈ ਕਿ ਇਹ ਸਭਿਆਚਾਰਕ ਪ੍ਰਮਾਣਿਕਤਾ ਦਾ ਕਾਵਿ ਬਣ ਕੇ ਉਜਾਗਰ ਹੋਇਆ ਹੈ। ਉਹਨਾਂ ਸਮਿਆਂ ਵਿੱਚ ਅੱਜ ਤੋਂ ਸੱਠ ਸੱਤਰ ਦਹਾਕੇ ਪਹਿਲਾਂ ਨੰਦੋ ਬਾਜ਼ੀਗਰਨੀ ਵਰਗੇ ਪਾਤਰ ਸਾਡੇ ਘੁੱਗ ਵੱਸਦੇ ਪਿੰਡਾਂ ਵਿੱਚ ਆਮ ਵਿੱਚਰਦੇ ਸਨ। ਨੰਦੋ ਸਾਡੇ ਉਸ ਸਾਂਝੇ ਅਤੀਤ ਦਾ ਇੱਕ ਸਜੱਗ ਅਤੇ ਸਜੀਵ ਪਾਤਰ ਹੈ। ਸਮਾਜ ਦਾ ਇਹ ਤੁਰਦਾ ਫਿਰਦਾ ਪਾਤਰ ਸਾਡੀਆਂ ਸੁਆਣੀਆਂ ਅਤੇ ਕੁੜੀਆਂ ਦੀਆਂ ਨਿੱਕੀਆਂ ਨਿੱਕੀਆਂ ਲੋੜਾਂ ਪੂਰੀਆਂ ਕਰਦਾ ਸੀ। ਜੀਵਨ ਦੀਆਂ ਸੁੱਖਾਂ ਤੇ ਖ਼ੈਰਾਂ ਮੰਗਦੀ ਨੰਦੋ, ਆਪਣੀਆਂ ਨਿੱਜੀ ਖੁਸ਼ੀਆਂ ਕੁਰਬਾਨ ਕਰਦੀ ਨੰਦੋ, ਕਵੀਮਨ ਦੇ ਬਾਲ ਮੱਥੇ ਵਿੱਚ ਯਾਦ ਬਣ ਕੇ ਵੱਸੀ ਸਤਿਕਾਰ ਦੀ ਪਾਤਰ ਨੰਦੋ, ਕੋਈ ਕਿਸੇ ਨੂੰ ਏਦਾਂ ਵੀ ਯਾਦ ਰੱਖ ਸਕਦਾ ਹੈ, ਬਿਨਾਂ ਕਿਸੇ ਰਿਸ਼ਤੇ ਦੇ ਤਾਂ ਉਹ ਕਵੀਮਨ ਹੋ ਸਕਦੈ -ਨਿਰਮਲ ਅਤੇ ਨਿਰਛਲ ਕਵੀਮਨ:

ਨੰਦੋ ਦੇ ਮੱਥੇ ਤੇ ਚੰਦ ਸੀ
ਜੋ ਸਾਰੀ ਉਮਰ ਚੌਧਵੀਂ ਰਾਤ ਤੀਕ ਵੀ,
ਪੂਰਾ ਨਾ ਚਮਕ ਸਕਿਆ।
ਮਰੀਅਲ ਫਾਂਕ ਜਿਹਾ ਏਕਮ ਦਾ ਚੰਦ।
ਠੋਡੀ ਤੇ ਖੁਣਿਆ ਪੰਜ ਦਾਣਾ,
ਬੜੇ ਜਨੌਰਾਂ ਨੇ ਚੁਗਣਾ ਚਾਹਿਆ।
ਪਰ ਨੰਦੋ ਪੂਰੀ ਮਰਦ ਬੱਚੀ,
ਚਿੜੀ ਨਾ ਫਟਕਣ ਨਾ ਦਿੰਦੀ।…-ਪੰਨਾ:23

‘ਨੰਦੋ ਬਾਜ਼ੀਗਰਨੀ’ ਨਾਂ ਦੀ ਇਹ ਕਵਿਤਾ ਪੂਰੇ ਇੱਕ ਫ਼ਿਰਕੇ ਦੇ ਸਭਿਆਚਾਰ ਨੂੰ ਦਰਸਾਉਂਦੀ ਕਵਿਤਾ ਹੈ। ਅਸਲ ਵਿੱਚ ਮਾਨਵ ਜਾਤੀ ਮੁੱਢਲੇ ਦੌਰ ਵਿੱਚ ਖਾਨਾ-ਬਦੋਸ਼ਾਂ ਵਾਲ਼ਾ ਜੀਵਨ ਹੀ ਬਿਤਾਉਂਦੀ ਸੀ। ਬਹੁਤੇ ਲੋਕ ਮੋਹੜੀਆਂ ਗੱਡ ਕੇ ਟਿਕ ਗਏ ਅਤੇ ਹੌਲੀ-ਹੌਲੀ ਵੱਸਦੇ ਗਏ। ਪਰ, ਬਾਜ਼ੀਗਰ ਅਰਥਾਤ ਖਾਨਾ-ਬਦੋਸ਼ ਪਰਿਵਾਰ ਅੱਜ ਤੱਕ ਜਿਉਂ ਦੇ ਤਿਉਂ ਜਿਉਂਦੇ ਅਤੇ ਵਿਚਰਦੇ ਹਨ। ਸ਼ਿਵਚਰਨ ਜੱਗੀ ਕੁੱਸਾ ਦਾ ਨਾਵਲ ” ਦਰਦ ਕਹਿਣ ਦਰਵੇਸ਼” ਇਸੇ ਵਰਗ ਦੀ ਇੱਕ ਪਾਤਰ ਦੁਆਲ਼ੇ ਘੁੰਮਦਾ ਹੈ। ਸੋ, ਜਦੋਂ ਸਾਡੇ ਸਮਰੱਥ ਸਾਹਿਤਕਾਰ ਅਜਿਹੇ ਮਹਾਨ, ਕਿਰਤੀ, ਅਣਖੀ, ਮਿਹਨਤੀ ਅਤੇ ਸੱਚੇ-ਸੁੱਚੇ ਪਾਤਰਾਂ ਦਾ ਜੀਵਨ ਚਿੱਤਰਣ ਕਰਦੇ ਹਨ, ਤਾਂ ਨਰੋਏ ਸਾਹਿਤ ਦੀ ਉਸਾਰੀ ਹੁੰਦੀ ਹੈ। “ਨੰਦੋ ਬਾਜ਼ੀਗਰਨੀ” ਇੱਕ ਪ੍ਰਤੀਕ ਵਜੋਂ ਸਾਹਮਣੇ ਆਇਆ ਪਾਤਰ ਹੈ, ਜਿਸ ਰਾਹੀਂ ਔਰਤ ਦੀ ਉਸ ਅਵਸੱਥਾ ਦਾ ਭਰਪੂਰ ਜ਼ਿਕਰ ਹੋਇਆ ਹੈ ਜਿੱਥੇ ਉਸ ਨੂੰ ਮਰਦ ਪ੍ਰਧਾਨ ਸਮਾਜ ਦੀ ਮੈਲ਼ੀ, ਕਰੂਰ, ਲਾਲਚੀ ਅਤੇ ਬੇਕਿਰਕ ਬਿਰਤੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉਸਨੂੰ ਬੇਦਰਦ ਜ਼ਮਾਨੇ ਨਾਲ਼ ਭਿੜਨਾ ਪੈਂਦਾ ਹੈ, ਆਪਣੀ ਇੱਜ਼ਤ ਦੀ ਰਾਖੀ ਲਈ ਜੂਝਣਾ ਪੈਂਦਾ ਹੈ। ਮੈਂ ਸਮਝਦੀ ਹਾਂ ਕਿ ਨੰਦੋ ਬਾਜ਼ੀਗਰਨੀ ਬਾਰੇ ਕਵਿਤਾ ਲਿਖਦਿਆਂ ਕਵੀ ਦੇ ਮਨ ਅੰਦਰ ਔਰਤ ਜਾਤ ਦੇ ਪ੍ਰਤੀ ਸਤਿਕਾਰ ਹੈ, ਉਸਨੂੰ ਔਰਤ ਜਾਤੀ ਦੀਆਂ ਸਮੂਹ ਸਮੱਸਿਆਵਾਂ ਦਾ ਗਿਆਨ ਹੈ। ਇਸ ਬੇਗ਼ੈਰਤ ਅਤੇ ਗ਼ੈਰ-ਜ਼ਿੰਮੇਵਾਰ ਸਮਾਜ ਵਿੱਚ ਨਾਰੀ ਜੀਵਨ ਦੇ ਅਪਮਾਨ ਅਤੇ ਸਨਮਾਨ ਦੀ ਗੱਲ ਕਰਦਾ ਕਵੀ ਉਸਦੀ ਨਿੱਜੀ ਸਮਰੱਥਾ ਨੂੰ ਵੀ ਉਜਾਗਰ ਕਰਦਾ ਹੈ। ਇੰਝ ਇਹ ਇੱਕੋ ਕਵਿਤਾ ਸਮਾਜ ਦੇ ਇੱਕ ਪੂਰੇ ਅੱਧ ਦੀ ਗੱਲ ਕਰ ਗਈ ਹੈ।

ਨੰਦੋ ਇੱਕ ਐਸੀ ਔਰਤ ਦੇ ਜੀਵਨ ਬਾਰੇ, ਉਸਦੀਆਂ ਲੋੜਾਂ ਥੁੜਾਂ, ਗੁਣਾਂ, ਸੂਝ-ਸਿਆਣਪ, ਅਣਖਾਂ, ਦੁੱਖਾਂ, ਸੁੱਖਾਂ ਸਾਮਾਜਿਕ ਸਰੋਕਾਰਾਂ ਅਤੇ ਉਸ ਫ਼ਿਰਕੇ ਦੀਆਂ ਮਾਨਤਾਵਾਂ ਅਤੇ ਹੋਰ ਬਹੁਤ ਸਾਰੇ ਮਾਪਦੰਡਾਂ ਦੀ ਕਾਵਿਕਾਰੀ ਹੈ, ਜੋ ਜੀਵਨ ਦੀਆਂ ਬੁਨਿਆਦੀ ਖੁਸ਼ੀਆਂ ਤੋਂ ਵੀ ਵਾਂਝੀ ਰਹਿ ਜਾਂਦੀ ਹੈ। ਇਹ ਕਵਿਤਾ ਕਵੀ ਦੇ ਵਿਸ਼ਾਲ ਅਨੁਭਵ ਨੂੰ ਦਰਸਾਉਂਦੀ ਹੈ ਅਤੇ ਇਸ ਨੇ ਇਸ ਪੁਸਤਕ ਵਿਚਲੀਆਂ ਹੋਰ ਕਵਿਤਾਵਾਂ ਨੇ ਖੁੱਲ੍ਹੀ ਕਵਿਤਾ ਦੇ ਚੱਲ ਮਿਆਰਾਂ ਉੱਤੇ ਮੋਹਰ ਲਾਈ ਹੈ। ਖੁੱਲ੍ਹੀ ਕਵਿਤਾ ਬਾਰੇ ਖੁੱਲ੍ਹ ਕੇ ਵਿਚਾਰ ਕਰਨ ਦੀ ਲੋੜ ਹੈ। ਅਜੋਕੇ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਦੀ ਜ਼ਰੂਰਤ ਅਤੇ ਪ੍ਰਭਾਵ ਵਧੇਗਾ, ਮੈੰ ਸਮਝਦੀ ਹਾਂ ਕਿ ਇਸ ਪੁਸਤਕ ਵਿਚਲੀ ਬਹੁਤ ਸਾਰੀ, ਨਿਰਦਈ ਮਨੁੱਖਾਂ ਦੀਆਂ ਸੁੱਤੀਆਂ ਬਿਰਤੀਆਂ ਨੂੰ ਚੰਡਣ ਵਾਲ਼ੀ ਕਵਿਤਾ ਹੈ, ਜਿਸ ਨੂੰ ਸਿਰਜ ਕੇ ਪ੍ਰੋਫ਼ੈਸਰ ਗੁਰਭਜਨ ਗਿੱਲ ਇੱਕ ਨਿਧੱੜਕ ਕਵੀ ਵਜੋਂ ਉੱਭਰ ਕੇ ਸਾਹਮਣੇ ਆਏ ਹਨ। ਇਹ ਗੱਲ ਮੈਂ “ਚਰਖ਼ੜੀ-ਕਾਵਿ” ਦੇ ਆਧਾਰ ‘ਤੇ ਆਖ ਰਹੀ ਹਾਂ। ‘ਉਹ ਕਲਮ ਕਿੱਥੇ ਹੈ ਜਨਾਬ’ ਕਵਿਤਾ ਵਿੱਚ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ ਕਵੀ ਲਿਖਦਾ ਹੈ:

ਉਹ ਕਲਮ ਕਿੱਥੇ ਹੈ ਜਨਾਬ
ਜਿਸ ਨਾਲ਼ ਸੂਰਮੇ ਨੇ ਪਹਿਲੀ ਵਾਰ,
ਇਨਕਲਾਬ ਜ਼ਿੰਦਾਬਾਦ ਲਿਖਿਆ ਸੀ—ਪੰਨਾ:45

ਚਰਖ਼ੜੀ ਦੀਆਂ ਸਾਰੀਆਂ ਕਵਿਤਾਵਾਂ ਨੂੰ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਗੁਰਭਜਨ ਗਿੱਲ ਆਮ ਮਨੁੱਖਤਾ ਦੇ ਨਾਲ਼ ਖੜ੍ਹਾ ਕਵੀ ਹੈ। ਉਹ ਆਪਣੀ ਸੀਮਾ ਨਿਰਧਾਰਿਤ ਕਰਕੇ ਕਲਮ ਦੀ ਸ਼ਕਤੀ ਵਰਤਦਿਆਂ ਕਦੇ ਰੋਹ ਭਰੀ ਕਵਿਤਾ ਸਿਰਜਦਾ ਹੈ ਅਤੇ ਕਦੇ ਚੇਤੰਨ ਕਰਦਾ ਹੈ ਤੇ ਕਦੇ ਉਦਾਸ ਹੁੰਦਾ ਹੈ। ਉਸਦੀ ਇਸ ਮਨੋਦਸ਼ਾ ਦਾ ਕਾਰਣ ਆਮ ਲੋਕਾਈ ਦੇ ਦਰਦ ਹਨ, ਜਿਸ ਵਿੱਚ ਅਸੀਂ ਸਾਰੇ ਪਿਸ ਰਹੇ ਹਾਂ, ਸਾਡੇ ਬੱਚਿਆਂ ਦਾ ਭਵਿੱਖ ਧੁੰਦਲਾ ਹੋ ਚੁੱਕਾ ਹੈ, ਸਾਡੇ ਪੇਟ ਭੁੱਖੇ ਹਨ। ਪੇਟ ਦੀ ਭੁੱਖ ਅਤੇ ਰੋਟੀ ਦੇ ਬੇਹੱਦ ਜ਼ਰੂਰੀ ਮਸਲੇ ਦੀ ਗੱਲ ਡਾਕਟਰ ਲਖਵਿੰਦਰ ਸਿੰਘ ਜੌਹਲ ਹੁਰਾਂ ਦੀ ਕਵਿਤਾ ਵਿੱਚ ਥਾਂ ਪੁਰ ਥਾਂ ਪੜ੍ਹੀ ਜਾ ਸਕਦੀ ਹੈ। ਸਾਡੇ ਚਿੰਤਕ ਕਵੀਆਂ ਦਾ ਜਨ ਸਾਧਾਰਣ ਦੇ ਮਸਲਿਆਂ ਲਈ ਸਜੱਗ ਹੋਣਾ, ਦੁਹਾਈ ਦੇਣ ਵਾਂਗ ਹੈ। ਕਲਮ ਤਾਂ ਹੋਕੇ ਦੇ ਸਕਦੀ ਹੈ, ਚੇਤਨਾ ਜਗਾ ਸਕਦੀ ਹੈ, ਲਹੂ ਵਿੱਚ ਕ੍ਰਾਂਤੀ ਪੈਦਾ ਕਰ ਸਕਦੀ ਹੈ ਜਿਸ ਨੂੰ ਪੜ੍ਹ ਸੁਣ ਕੇ ਪਾਠਕ ਦਾ ਮਨ ਤਰੰਗਿਤ ਅਤੇ ਜਾਗ੍ਰਿਤ ਹੁੰਦਾ ਹੈ। ਸਮਾਂ ਮੰਗ ਕਰਦਾ ਹੈ ਕਿ ਵੱਧ ਤੋਂ ਵੱਧ ਪੜ੍ਹਨ ਦੀ ਆਦਤ ਪਾਈ ਜਾਵੇ ਅਤੇ ਪੁਸਤਕਾਂ ਖ਼ਰੀਦ ਕੇ ਪੜ੍ਹੀਆਂ ਜਾਣ। ਏਨੇ ਜੋਗੇ ਅਸੀਂ ਪੰਜਾਬੀ ਹਾਂ! ਬੱਸ ਸਾਨੂੰ ਹਾਲੇ ਆਦਤ ਨਹੀਂ ਹੈ ਕਿ ਕਿਤਾਬ ਨੂੰ ਆਪਣੀ ਖ਼ਰੀਦ ਦਾ ਹਿੱਸਾ ਬਣਾ ਸਕੀਏ।

ਗੁਰਭਜਨ ਗਿੱਲ ਕਿਉਂਕਿ ਆਮ ਮਨੁੱਖਤਾ ਦੇ ਨਾਲ਼ ਖੜ੍ਹਾ ਕਵੀ ਹੈ। ਹੁਣ ਤੱਕ ਉਸਦੇ ਸੰਵੇਦਨਸ਼ੀਲ ਮਨ ਅੰਦਰ ਸਮੇਂ ਨਾਲ਼ ਪਰਿਵਰਤਨ ਦੇ ਚਿੰਨ੍ਹ ਉੱਭਰੇ ਅਤੇ ਫ਼ੈਲੇ ਹਨ। ਸਮਕਾਲ ਦੀਆਂ ਦਰਪੇਸ਼ ਸਮੂਹਿਕ ਕਠਿਨਾਈਆਂ ਨੇ ਉਸਨੂੰ ਫ਼ਿਕਰਮੰਦ ਕੀਤਾ ਹੋਇਆ ਹੈ। ਇਹ ਬੜਾ ਸੁਭਾਵਿਕ ਵੀ ਹੈ ਅਤੇ ਜ਼ਰੂਰੀ ਵੀ ਕਿ ਆਪਣੀ ਸੰਵੇਦਨਾ ਦ੍ਰਿੜਤਾ ਨਾਲ਼ ਪ੍ਰਗਟਾਈ ਜਾਵੇ। ਕਲਮ ਦਾ ਧਰਮ ਨਿਭਾਹਿਆ ਜਾਵੇ। ਉਸਦੀ ਕਵਿਤਾ ਵਿੱਚ ਸਾਫ਼ ਝਲਕਦਾ ਹੈ ਕਿ ਉਸਦੇ ਚਿੰਤਨਸ਼ੀਲ ਮਨ ਅੰਦਰ ਵੀ ਕੋਝੀ ਰਾਜਨੀਤੀ ਅਤੇ ਕੂਟਨੀਤੀ ਦੇ ਪ੍ਰਤੀ ਨਫ਼ਰਤ ਹੈ, ਸਮੇਂ ਦੇ ਹਾਕਮਾਂ ਨਾਲ਼ ਗਿਲਾ ਹੈ, ਇਸ ਤਰ੍ਹਾਂ ਦੇ ਰਾਜਨੀਤਕ ਜੰਜਾਲ਼ ਤੋਂ ਮੁਕਤ ਹੋਣ ਲਈ ਉਹ ਆਪਣੀ ਕਵਿਤਾ ਰਾਹੀਂ ਜਾਗ੍ਰਿਤ ਅਤੇ ਪ੍ਰੇਰਿਤ ਕਰਦਾ ਹੈ। ਉਸਨੂੰ ਰਾਜਨੀਤੀ ਤੋਂ ਇਲਾਵਾ ਅਫ਼ਸਰਸ਼ਾਹੀ ਵੀ ਕੋਝੀ ਲੱਗਦੀ ਹੈ। ਅਜਿਹੇ ਉਲਝੀ ਤਾਣੀਂ ਵਾਲੇ ਪ੍ਰਬੰਧ ਵਿੱਚ ਗ੍ਰਸਤ ਹੋਏ ਲੋਕਾਂ ਦੀ ਪੀੜ ਨੂੰ ਸਮਝਦਾ ਕਲਮ ਦਾ ਧਰਮ ਅਤੇ ਫ਼ਰਜ਼ ਨਿਭਾਹੁੰਦਾ ਅਤੇ ਆਗਾਹ ਕਰਦਾ ਹੋਇਆ ਕਵੀ ਲਿਖਦਾ ਹੈ:

ਰਾਵਣ ਨੂੰ ਤਿੰਨ ਸੌ ਪੈਂਹਠ ਦਿਨਾਂ ਵਿੱਚੋਂ,
ਸਿਰਫ਼ ਦੱਸ ਦਿਨ ਹੀ ਦੁਸ਼ਮਣ ਨਾ ਸਮਝਣਾ
ਪਲ ਪਲ ਜਾਨਣਾ ਤੇ ਪਛਾਨਣਾ।
ਕਿਵੇਂ ਚੂਸ ਜਾਂਦਾ ਹੈ ਸਾਡੀ ਰੱਤ।
ਸੁੱਤਿਆਂ ਸੁੱਤਿਆਂ ਖੋਰ ਕੇ ਪੀ ਜਾਂਦਾ ਹੈ,
ਸਾਡਾ ਸ੍ਵੈਮਾਣ ਅਣਖ ਤੇ ਹੋਰ ਬਹੁਤ ਕੁੱਝ…-ਪੰਨਾ:27

ਕਵੀਮਨ ਅੰਦਰ ਅਨੇਕਾਂ ਵਿਚਾਰ ਅਤੇ ਵਲਵਲੇ ਚੱਲਦੇ ਰਹਿੰਦੇ ਹਨ। ਗੁਰਭਜਨ ਗਿੱਲ ਅਜਿਹਾ ਹੀ ਕਵੀ ਹੈ, ਜਿਸ ਕੋਲ਼ ਅਨੇਕ ਵਿਸ਼ੇ ਹਨ। ਇਸ ਪੁਸਤਕ ਵਿਚਲੀ ਬਹੁਤੀ ਕਵਿਤਾ ਕਵੀ ਮਨ ਵਿੱਚ ਪੈਦਾ ਹੁੰਦੇ ਰਾਜਨੀਤਕ ਵਿਦਰੋਹ ਦੀ ਕਵਿਤਾ ਹੈ। ਅਜਿਹੀ ਰਾਜਨੀਤੀ ਜੀਵਨ ਜੋ ਵਿੱਚੋਂ ਅਮਨ ਨੂੰ ਭੰਗ ਕਰਦੀ ਹੈ ਜੰਗ ਦਾ ਸਾਮਾਨ ਪੈਦਾ ਕਰਦੀ ਹੈ ਅਤੇ ਜਿਉਣਾ ਦੁੱਭਰ ਕਰਦੀ ਹੈ। ਨਾਲ਼ ਹੀ ਉਹ ਲੋਕਾਂ ਦੀ ਕਮਜ਼ੋਰੀ ਵੀ ਵੇਖ ਰਿਹਾ ਹੈ, ਲੋਕ ਉਸਨੂੰ ਨਿਤਾਣੇ ਜਾਪਦੇ ਹਨ ਪਰ ਉਹ ਲੋਕ ਸ਼ਕਤੀ ਦੀ ਹਿੰਮਤ ਨੂੰ ਹੁਲਾਰਾ ਦੇਣ ਚਾਹੁੰਦਾ ਹੈ। ਉਸਦੀ ਕਵਿਤਾ ਵਿੱਚ ਤਿੱਖਾਪਣ ਹੈ, ਮਨ ਵਿੱਚ ਵਿਰੋਧ ਤੇ ਕਰੋਧ ਹੈ, ਭ੍ਰਿਸ਼ਟ ਸਮਾਜ ਪ੍ਰਤੀ ਗ਼ੁੱਸਾ ਹੈ। ਲੋਕਤੰਤਰ ਵਿੱਚ ਵੋਟਾਂ ਦੇ ਸਮੇਂ ਲੋਕਾਂ ਨਾਲ਼ ਨਾ ਪੂਰੇ ਕੀਤੇ ਜਾਣ ਵਾਲ਼ੇ ਵਾਅਦੇ ਕਵੀ ਮਨ ਨੂੰ ਤਕਲੀਫ਼ ਦਿੰਦੇ ਹਨ। ਉਹ ਨਿਰੰਤਰ ਆਪਣੀ ਕਾਵਿ ਸਾਧਨਾ ਅਤੇ ਸਮਾਜੀ ਕਾਵਿ ਸੇਵਾ ਨਾਲ ਆਮ ਲੋਕਾਂ ਦੇ ਅਤੇ ਪਿਸਦੀ ਹੋਈ ਪਰ ਸੰਘਰਸ਼ਸ਼ੀਲ ਕਿਰਸਾਣੀ ਦੇ ਦਰਦਾਂ ਨੂੰ ਜ਼ੁਬਾਨ ਦੇਣ ਦੇ ਆਹਰ ਵਿੱਚ ਜੁੱਟਿਆ ਹੋਇਆ ਕਵੀ ਬਣ ਚੁੱਕਾ ਹੈ।

“ਬਦਲ ਗਏ ਮੰਡੀਆਂ ਦੇ ਭਾਅ” ਲੋਕ ਜੀਵਨ ਦੇ ਦਰਦਾਂ ਦੀ ਦੁਹਾਈ ਹੈ। ‘ਉਸਨੇ ਕਿਸਾਨ ਪੁੱਤਰ ਹੋਣ ਦਾ ਫ਼ਰਜ਼ ਨਿਭਾਹਿਆ ਹੈ। ਅਸਲ ਵਿੱਚ ਇਹ ਜੱਟ ਦੇ ਸਨਮਾਨ ਅਤੇ ਸਵੈਮਾਣ ਨੂੰ ਵੱਜੀ ਸੱਟ ਦਾ ਪ੍ਰਤੀਕਰਮ ਹੈ।
(” ਬਰਤਾਨਵੀ ਸੱਜਣ ਸੁਹੇਲੜੇ ” ਪੁਸਤਕ ਵਿੱਚ ਡਾਕਟਰ ਆਤਮ ਹਮਰਾਹੀ ਦਾ ਲਿਖਿਆ ਕਾਵਿ ਚਿੱਤਰ ” ਜੱਟ ਦਾ ਮਰਿਆਦਾ ਸ਼ਾਸਤਰ ਪੜ੍ਹਨਯੋਗ ਹੈ।)
‘ ਜੱਟ ਤਾਂ ਵੱਟ ਨਾ ਛੱਡੇ, ਇਹ ਜ਼ਮੀਨਾਂ ਭਾਲ਼ਦੇ ਨੇ, ਜੱਟ ਤਾਂ ਹੁਣ ਕਹੀ ਦੇ ਨਾਲ਼ ਬੇਥਵ੍ਹੇ ਜ਼ੁਲਮ ਦੇ ਕਲਮ ਵੀ ਚੁੱਕੂਗਾ, ਇਸ ਔਖੇ ਸਮੇੰ ਨੇ ਇਹ ਸਾਬਤ ਕਰ ਦਿੱਤਾ ਹੈ।’

ਅਸਲ ਵਿੱਚ ਅਜੋਕੇ ਸਮੇਂ ਦੁੱਖ ਦੀ ਘਣਤਾ ਲੋਹੇ ਦੇ ਵੱਦਾਣ ਦੀ ਸੱਟ ਵਾਂਗ ਸਾਡੇ ਦਿਮਾਗਾਂ ਦੇ ਅਹਿਰਣਾਂ ਉੱਤੇ ਵੱਜੀ ਹੈ ਅਤੇ ਅਸੀਂ ਸਾਰੇ ਤੜਫ਼ ਉੱਠੇ ਹਾਂ, ਜਾਗ੍ਰਿਤ ਹੋ ਗਏ ਹਾਂ, ਅੰਤਰਵਿਰੋਧਾਂ ਦੇ ਬਾਵਜੂਦ ਅਸੀਂ ਕੁੱਝ ਹੱਦ ਤੀਕ ਇਕੱਠੇ ਹੋ ਗਏ ਹਾਂ। ਗੱਲ ਤਾਂ ਬਣੇਗੀ ਜੋ ਹੋਰ ਇਕੱਠੇ ਰਹੀਏ ਤੇ ਟੁੱਟੀਏ ਨਾ। ਹੁਣ ਆਪਣੀਆਂ ਕਲਮਾਂ ਦੀਆਂ ਨੋਕਾਂ ਅਸੀੰ ਤਿੱਖੀਆਂ ਕਰ ਲਈਆਂ ਹਨ। ਪਰ ਮੈਂ ਇਹ ਗੱਲ ਕਹਿਣ ਤੋਂ ਗੁਰੇਜ਼ ਨਾ ਕਰਾਂ ਤਾਂ ਚੰਗਾ ਹੈ, ਕਿ ਹਾਲੇ ਸਟੀਕ ਹੱਲ ਅਸੀਂ ਸੋਚਣੇ ਹਨ, ਸ਼ਾਇਦ ਹੀ ਨਹੀਂ ਪੱਕੇ ਤੌਰ ‘ਤੇ ਸਾਨੂੰ ਰਾਜਨੀਤਕ ਹੱਲ ਲੱਭਣੇ ਪੈਣਗੇ। ਕਵਿਤਾ ਨੂੰ ਇੱਕ ਸਾਧਨ ਅਤੇ ਹਥਿਆਰ ਬਣਾ ਲੈਣ ਤੱਕ ਹੀ ਠੀਕ ਹੈ। ਸਾਨੂੰ ਆਪਣੀ ਦ੍ਰਿਸ਼ਟੀ ਅਤੇ ਅਹਿਸਾਸ ਹੋਰ ਪ੍ਰਚੰਡ ਕਰਨੇ ਪੈਣਗੇ। ਠੋਸ ਅਤੇ ਅਰਥਪੂਰਣ ਰਾਜਨੀਤਕ ਹੱਲ ਸਾਨੂੰ ਲੱਭਣੇ ਪੈਣਗੇ। ਪ੍ਰੋਫ਼ੈਸਰ ਗੁਰਭਜਨ ਗਿੱਲ ਹੁਰਾਂ ਦੀ ਇਸ ਪੁਸਤਕ ਵਿਚਲੀ ਲੱਗਭਗ ਸਾਰੀ ਕਵਿਤਾ ਅਜਿਹੇ ਸੁਨੇਹੇ ਦੇ ਰਹੀ ਹੈ ਅਤੇ ਸਾਡੀ ਸੋਚ ਨੂੰ ਹੋਰ ਤਿਖੇਰੀ ਕਰਨ ਦਾ ਯਤਨ ਕਰ ਰਹੀ ਹੈ।

ਉਂਜ ਤਾਂ ਅਸੀਂ ਪਹਿਲਾਂ ਵੀ ਜਿਸ ਸਮਾਜ ਅਤੇ ਨਿਜ਼ਾਮ ਵਿੱਚ ਰਹਿ ਰਹੇ ਸਾਂ, ਉਹ ਕੋਈ ਬਹੁਤਾ ਸੰਪੂਰਨ ਸਮਾਜ ਨਹੀਂ ਸੀ। ਸਾਡੇ ਬਹੁਤ ਕਵੀਆਂ ਨੇ ਉੱਚੀ ਸੁਰਾਂ ਵਿੱਚ ਦੁਹਾਈਆਂ ਦਿੱਤੀਆਂ, ਕਾਵਿ ਸਿਰਜੇ ਪਰ ਉਹ ਬਹੁਤੇ ਲੋਕ ਅਣਗੌਲ਼ੇ ਰਹਿ ਗਏ ਹਨ। ਇਹ ਸਾਡਾ ਹੀ ਦੁਖਾਂਤ ਹੈ ਕਿ ਅਸੀੰ ਮੁੱਲਵਾਨ ਸਾਹਿਤ ਤੋਂ ਵਾਂਝੇ ਰਹਿ ਜਾਂਦੇ ਹਾਂ। ਸਮੇਂ ਦੀ ਮੰਗ ਹੈ ਕਿ ਆਮ ਲੋਕ ਵੀ ਚੰਗੇ ਸਾਹਿਤ ਨਾਲ਼ ਜੁੜਨ ਜਾਂ ਉਹਨਾਂ ਨੂੰ ਪ੍ਰੇਰ ਕੇ ਜੋੜਿਆ ਜਾਵੇ।

ਅਮਨ ਅਤੇ ਸ਼ਾਂਤੀ ਚਾਹੁੰਦਾ ਕਵੀ ਪਰਮਾਣੂੰ ਦੇ ਖਿਲਾਫ਼ ਵੀ ਆਵਾਜ਼ ਉਠਾਉਂਦਾ ਹੈ। ਪਰਮਾਣੂੰ ਦਾ ਬੇਲਗ਼ਾਮ ਘੋੜਾ, ਹੰਕਾਰਿਆ ਹੋਇਆ ਮਸਤ ਹਾਥੀ ਮਨੁੱਖਤਾ ਦੇ ਸੁਪਨਿਆਂ ਨੂੰ ਲੀਰੋ ਲੀਰ ਕਰ ਜਾਵੇ ਤੇ ਕਵੀ ਮਨ ਕੁਰਲਾਵੇ ਵੀ ਨਾ, ਇਹ ਕਿੰਝ ਹੋ ਸਕਦਾ ਹੈ? ਸਦੀਆਂ ਤੋਂ ਬੀਰ ਕਲਮਵਾਨਾਂ ਨੇ ਸਮੇਂ ਦੇ ਹਾਕਮਾਂ ਦੇ ਖ਼ਿਲਾਫ਼ ਆਪੋ ਆਪਣੇ ਢੰਗ ਨਾਲ਼ ਪ੍ਰਚੰਡ ਰੋਹ ਦਾ ਵਿਖਾਵਾ ਕੀਤਾ ਹੈ। ਕਵੀ ਲਿਖਦਾ ਹੈ:

ਤੂੰ ਹੀ ਖਿਲਾਰੇ ਸਨ ਸਵੇਰ ਸਾਰ,
ਸਕੂਲੀ ਬੱਚਿਆਂ ਦੇ ਬਸਤੇ।
ਕਾਮਿਆਂ ਦੇ ਦੁਪਹਿਰ ਦੇ ਰੋਟੀ ਵਾਲ਼ੇ ਡੱਬੇ।
ਚੌਂਕੇ ‘ਚ ਗੁੰਨ੍ਹੇ ਆਟੇ ‘ ਚ ਜ਼ਹਿਰ ਪਾਇਆ।
ਉਡਾਏ ਭੜੋਲੀਆਂ ਸਣੇ ਅੰਨ ਭੰਡਾਰ।
ਹਵਾ ‘ ਚ ਉਡਾਏ ਸੀ ਪਰਖ਼ਚੇ ਕਰਕੇ ਤੂੰਬੇ।
ਸੂਰਜ ਨੇ ਸੁਣਿਆ ਤੇਰਾ ਰਾਵਣੀ ਹਾਸਾ।
ਵੇਖਿਆ ਤੇਰਾ ਜਬਰ ਅਤੇ ਧਰਤੀ ਦਾ ਸਬਰ।-ਪੰਨਾ: 39

ਵੇਖੋ, ਸਾਡਾ ਕਵੀ ਕਿੰਨੀ ਦ੍ਰਿੜਤਾ ਦੇ ਨਾਲ਼ ਆਪਣੀ ਧਰਤੀ ਦੇ ਲੋਕਾਂ ਦੇ ਹੱਕ ਵਿੱਚ ਸਾਜਿਸ਼ੀ ਅਤੇ ਕਰੂਰ ਤਾਕਤਾਂ ਦੇ ਸਾਹਵੇਂ ਤਕੜਾ ਹੋ ਕੇ ਖੜ੍ਹ ਗਿਆ ਹੈ। ਸਾਜ਼ਿਸ਼ੀ ਤਾਕਤਾਂ ਦੇ ਗ਼ਲਤ ਮਨਸੂਬਿਆਂ ਨੂੰ ਉਹ ਜਾਣਦਾ, ਪਛਾਣਦਾ ਅਤੇ ਵੰਗਾਰਦਾ ਹੈ। ਆਪਣੇ ਸਮਿਆਂ ਲਈ ਹੋਰ ਕਵੀ ਕੀ ਕਰ ਸਕਦਾ ਹੈ? ਅੰਨ੍ਹੀ ਮਨੁੱਖੀ ਵਹਿਸ਼ਤ ਅਤੇ ਦਰਿੰਦਗੀ ਨੂੰ ਝੁਠਲਾਉਂਦਾ ਕਵੀ ਹੀਰੋਸ਼ੀਮਾ ਅਤੇ ਨਾਗਾਸਾਕੀ ਦਾ ਜ਼ਿਕਰ ਵੀ ਕਰਦ ਹੈ:

ਤੈਨੂੰ ਭਰਮ ਸੀ,
ਲਾਸ਼ਾਂ ਦੇ ਅੰਬਾਰ ਤੱਕ ਡੋਲ ਜਾਣਗੇ;
ਪਹਾੜ ਜਿੱਡੇ ਜੇਰੇ।-ਪੰਨਾ : 40

ਇਸ ਅਜਬ ਨਿਜ਼ਾਮ ਅੰਦਰ ਟੋਟੇ ਟੋਟੇ ਹੋਈ ਪਰ ਬਲਵਾਨ ਮਨੁੱਖਤਾ ਦੀ ਅਦੁੱਤੀ ਸਹਿਣਸ਼ੀਲਤਾ ਦੇ ਬਾਵਜੂਦ ਉਸਦਾ ਭਿਆਨਕ ਮੰਜ਼ਰ ਕਵੀ ਦੀ ਸੋਚ ਨੂੰ ਤਿੱਖੀ ਕੁਹਾੜੀ ਜਾਂ ਤੇਸੇ ਵਾਂਗ ਛਿੱਲ ਦਿੰਦਾ ਹੈ। ਉਸਦੀ ਆਤਮਾ ਕੁਰਲਾ ਉੱਠਦੀ ਹੈ। ਸ਼ਹੀਦ ਜਿਵੇਂ ਉਸਨੂੰ ਕਚੋਟ ਕਚੋਟ ਕੇ ਪੁੱਛਦੇ ਹੋਣ ਕਿ ਕੀ ਅਸੀਂ ਇਸੇ ਲਈ ਸ਼ਹੀਦੀਆਂ ਦਿੱਤੀਆਂ ਸਨ? ਇਹ ਕੇਹੀ ਆਜ਼ਾਦੀ ਹੈ?

ਉਸਨੂੰ ਤਾਂ ਕੰਧਾਂ ਵੀ ਵੈਣ ਪਾਉਂਦੀਆਂ ਦਿਸਦੀਆਂ ਹਨ। ਉਸਦਾ ਚਿੰਤਕੀ ਦਿਮਾਗ਼ ਸਮਕਾਲੀ ਸਮਾਜ ਨੂੰ ਵੰਗਾਰਦਾ ਹੈ, ਚੇਤੰਨ ਕਰਦਾ ਹੈ, ਬਚਣ ਲਈ ਹੱਲ ਲੱਭਣ ਲਈ ਪ੍ਰੇਰਦਾ ਹੈ। ਹੁਣ ਉਹ ਹੱਕ ਸੱਚ ਅਤੇ ਇਨਸਾਫ਼ ਲਈ ਜੂਝਦਾ ਕਵੀ ਬਣ ਚੁੱਕਾ ਹੈ।

‘ਚਰਖ਼ੜੀ ਕਾਵਿ’ ਅਜਿਹਾ ਕਾਵਿ ਸੰਗ੍ਰਿਹ ਹੈ ਜਿਸ ਦੀਆਂ ਕਵਿਤਾਵਾਂ ਵਿੱਚ ਕਵੀ ਦੇ ਅੰਤਰਮਨ ਦੀਆਂ ਬਹੁਪਰਤਾਂ ਨੂੰ ਦਰਸਾਉਂਦੀਆਂ, ਲੋਕਪੱਖੀ ਝਲਕਾਂ ਹਨ। ਲੋਕਤਾ ਦੇ ਦਰਦ ਦੱਸਣ ਅਤੇ ਹਰਨ ਦੀ ਕੋਸ਼ਿਸ਼ ਕਰਦਾ ਕਵੀ ਸੂਰਜ, ਲਾਲਟੈਣ ਅਤੇ ਰੌਸ਼ਨੀ ਦੀ ਚਾਹਤ ਕਰਦਿਆਂ ਕਲਮ ਅਤੇ ਕਵਿਤਾ ਰਾਹੀੰ ਚਾਨਣ ਬਿਖੇਰਨਾ ਚਾਹੁੰਦਾ ਹੈ। ਦੋਸਤੀਆਂ, ਰਿਸ਼ਤਿਆਂ, ਬੱਚਿਆਂ, ਰੱਬ, ਵਿਸ਼ਵਾਸ, ਧਰਮ ਆਦਿਕ ਬਾਰੇ ਕਵਿਤਾ ਲਿਖਣ ਤੋਂ ਇਲਾਵਾ ਉਹ ਮਾਂ ਦੀ ਗੱਲ ਵਿਸਥਾਰ ਵਿੱਚ ਕਰਦਾ ਹੈ।

ਕਵੀ ਦੀ ਜ਼ਿੰਦਗੀ ਵਿੱਚ ਮਾਂ ਦੀ ਬਹੁਤ ਅਹਿਮੀਅਤ ਹੈ। ਜਦੋਂ ਸਾਰੀ ਕਾਇਨਾਤ ਸੌੰ ਜਾਂਦੀ ਹੈ ਪਰ ਮਾਂ ਉਦੋਂ ਵੀ ਜਾਗਦੀ ਹੁੰਦੀ ਹੈ। ਮਾਂ ਉਸ ਨੂੰ ਰੱਬ ਵਾਂਗ ਲੱਗਦੀ ਹੈ ਅਤੇ ਉਹ ਲਿਖਦਾ ਹੈ:

ਮਾਂ ਵੱਡਾ ਸਾਰਾ ਰੱਬ ਹੈ।
ਧਰਤੀ ਜਿੱਡਾ ਜੇਰਾ।
ਅੰਬਰ ਜਿੱਡੀ ਅੱਖ
ਸਮੁੰਦਰ ਤੋਂ ਡੂੰਘੀ ਨੀਝ।
ਪੌਣਾਂ ਤੋਂ ਤੇਜ਼ ਉਡਾਰੀ।
ਬਾਗ ਹੈ ਚੰਦਨ ਰੁੱਖਾਂ ਦਾ,
ਮਹਿਕਵੰਤੀ ਬਹਾਰ।-ਪੰਨਾ:50

ਤੇ ਫੇਰ ਹੋਰ ਕਵਿਤਾ ਵਿੱਚ ਲਿਖਦੇ ਹਨ:

ਮਾਂ ਕੋਲ਼ ਕਿੰਨਾ ਕੁਝ ਸੀ।
ਨਾਂਹ ਤੋਂ ਬਗ਼ੈਰ ਹੋਰ ਸਾਰਾ ਕੁਝ।
ਮਾਂ ਊੜੇ ਨੂੰ ਜੂੜੇ ਤੋਂ ਪਛਾਣ ਕੇ ਅਕਸਰ ਆਖਦੀ,
ਪੁੱਤ ਇਹਦਾ ਪੱਲਾ ਨਾ ਛੱਡੀੰ।
ਇਹੀ ਤਾਰਨਹਾਰ ਹੈ।-ਪੰਨਾ:52

ਮਾਂ ਦੀ ਸਮਰੱਥਾ ਉੱਪਰ ਕਵੀ ਨੂੰ ਡਾਢਾ ਮਾਣ ਹੈ। ਧਰਤੀ ਜਿੱਡੇ ਜੇਰੇ ਵਾਲ਼ੀ ਮਾਂ ਦੀਆਂ ਵੱਡੀਆਂ ਛੋਟੀਆਂ ਸਭ ਯਾਦਾਂ ਉਸਦੇ ਅੰਤਰਮਨ ਨੂੰ ਸਹਾਰਾ ਅਤੇ ਠੁੰਮ੍ਹਣਾਂ ਦਿੰਦੀਆਂ ਹਨ। ਮਾਂ ਦੇ ਲਡਾਏ ਲਾਡ ਉਸਨੂੰ ਯਾਦ ਰਹਿੰਦੇ ਹਨ। ਦੂਰ ਜਾ ਚੁੱਕੀ ਮਾਂ ਵੀ ਉਸਨੂੰ ਹਰ ਪਲ ਕੋਲ਼ ਮਹਿਸੂਸ ਹੁੰਦੀ ਹੈ। ਹੁਨਰਮੰਦ ਮਾਂ ਉਸ ਨੂੰ ਰੱਬ ਵਰਗੀ ਜਾਪਦੀ ਹੈ। ਮਾਂ ਕਰੋਸ਼ੀਏ ਨਾਲ਼ ਰੁਮਾਲ ਅਤੇ ਰੀਝਾਂ ਦੇ ਮੇਜ਼ਪੋਸ਼ ਬੁਣਦੀ, ਅੰਤਰੀਵੀ ਸੰਸਾਰ ਦੇ ਇੱਕ ਅਲੋਕਾਰ ਭਾਵ ਵਿੱਚ ਵਿੱਚਰਦੀ ਰਿਸ਼ਤਿਆਂ ਦੀ ਵੰਨ ਸੁਵੰਨੀ ਤਾਣੀਂ ਬੁਣਦੀ ਰਹਿੰਦੀ ਹੈ। ਅਸਲ ਵਿੱਚ ਕਰੋਸ਼ੀਆ ਬੁਣਨਾ ਮਾਨਸਿਕ ਗੁੰਝਲ਼ਾਂ ਨੂੰ ਸੁਲਝਾਉਣ ਦਾ ਇੱਕ ਸਾਰਥਿਕ ਸਾਧਨ ਹੈ। ਇਹ ਬੜੀ ਨਾਯਾਬ ਕਲਾ ਹੈ। ਹੈਰਾਨੀ ਦੀ ਗੱਲ ਹੈ ਕਿ ਅੱਖਾਂ ਤੋਂ ਮਨਾਖੇ ਲੋਕ ਵੀ ਇਸ ਕਲਾ ਨੂੰ ਬੁਣ ਲੈਂਦੇ ਹਨ। ‘ਕਰੋਸ਼ੀਏ ਨਾਲ਼ ਮਾਂ’ ਨਾਮੀ ਕਵਿਤਾ ਵਿੱਚ ਲਿਖਦਾ ਹੈ:

ਕਰੋਸ਼ੀਆ ਉਸ ਲਈ,
ਉਸ ਸਿਦਕ ਦਾ ਨਾਮ ਹੈ,
ਜੋ ਸਾਡੇ ਰਿਸ਼ਤਿਆਂ ਨੂੰ
ਹਰ ਪਲ ਅੱਗੇ ਤੋਰਦਾ ਹੈ।
ਦਿਨ ਰਾਤ ਦੇ ਆਪਸ ‘ਚ
ਫ਼ਸੇ ਕੁੰਡਿਆਂ ਵਾਂਗ,
ਨਿਰੰਤਰ ਅਨਹਦ ਨਾਦ ਜਿਹਾ।-ਪੰਨਾ:59

ਇਹ ਸੱਚ ਹੈ, ਇੰਨਬਿੰਨ ਸੱਚ -ਮੈਂ ਜਾਣਦੀ ਹਾਂ ਅਤੇ ਇਹ ਮੇਰਾ ਵੀ ਜ਼ਾਤੀ ਅਨੁਭਵ ਹੈ-

ਮਾਂ ਸਭ ਤੋਂ ਸਚਿਆਰੀ ਹੁੰਦੀ ਹੈ,
ਕਰੋਸ਼ੀਆ ਬੁਣਦਿਆਂ,
ਬੋਲਦੀ ਨਹੀਂ,
ਪਰ ਤੰਦਾਂ ਨਾਲ਼ ਲਗਾਤਾਰ,
ਵਾਰਤਾਲਾਪ ਕਰਦੀ।
ਕਿਰਤ ਦਾ ਨਿੱਤ-ਨੇਮ ਕਰਦੀ,
ਮਾਂ ਤੋਂ ਵੱਡਾ,
ਮੈਨੂੰ ਕੋਈ ਹੋਰ ਧਰਮਾਤਮਾ ਨਹੀੰ ਦਿਸਿਆ।
ਐਨਕ ਦੇ ਸਹਾਰੇ,
ਬਾਰੀਕ ਤੰਦਾਂ ਜੋੜਦੀ ਮਾਂ,
ਮੇਰੀ ਧਰਤੀ ਬਣ ਜਾਂਦੀ ਹੈ,
ਤੇ ਅਗਲੇ ਪਲ ਅੰਬਰ।-ਪੰਨਾ:60

‘ਮਾਂਵਾਂ ਨਹੀੰ ਥੱਕਦੀਆਂ’ ਨਾਂ ਦੀ ਕਵਿਤਾ ਮਾਂ ਬਾਰੇ ਕਵੀ ਦੇ ਸੰਵੇਦਨਸ਼ੀਲ ਮਨ ਵਿੱਚ ਉਪਜੇ ਕਮਾਲ ਦੇ ਅਤੇ ਸਾਰਥਿਕ ਖ਼ਿਆਲ ਪਰੋਏ ਹੋਏ ਹਨ। ਮਾਵਾਂ ਕਿਵੇਂ ਸਾਰੀ ਉਮਰ ਆਪਣੇ ਬੱਚਿਆਂ ਲਈ, ਪਰਿਵਾਰ ਲਈ ਜੂਝਦੀਆਂ ਹਨ। ਜਨਮ ਦੇਣ ਤੋਂ ਲੈ ਕੇ ਖੇਤਾਂ ਖਲਿਆਣਾਂ ਵਿੱਚ ਮਾਂਵਾਂ ਸਾਰਾ ਸਾਰਾ ਦਿਨ ਟੁੱਟ ਟੁੱਟ ਮਰਦੀਆਂ ਹਨ। ਇੱਥੇ, ਕਵੀ ਦੀ ਅੰਤਰਦ੍ਰਿਸ਼ਟੀ ਨਾਲ਼ ਦੇਖੋ ਤਾਂ ਪੂਰੇ ਸੰਸਾਰ ਦੀਆਂ ਮਾਵਾਂ ਥੱਕਦੀਆਂ ਨਹੀਂ ਪਰ ਉਦੋਂ ਜ਼ਰੂਰ ਥੱਕ ਜਾਂਦੀਆਂ ਹਨ:

ਮਾਵਾਂ ਉਦੋਂ ਥੱਕ ਹਾਰ ਜਾਂਦੀਆਂ ਹਨ
ਜਦ ਪੁੱਤਰ ਦੀ ਜੇਬ ‘ਚੋਂ
ਅਵੱਲੀ ਜਿਹੀ ਕੋਈ ਪੁੜੀ ਦੇਖਦੀਆਂ।
ਬਟੂਏ ‘ਚ ਲੁਕਾਈ ਕੋਈ
ਕਾਲ਼ੀ ਕਰਤੂਤ ਵੇਖਦੀਆਂ
ਥੱਕ ਜਾਂਦੀਆਂ ਹਨ ਮਾਂਵਾਂ।-ਪੰਨਾ: 65

ਇੰਜ ਆਖ ਸਕਦੇ ਹਾਂ ਕਿ ਗੁਰਭਜਨ ਗਿੱਲ ਹੁਰਾਂ ਦੀ ਬਹੁਤੀ ਕਵਿਤਾ ਉਹਨਾਂ ਦੇ ਅੰਤਰਮਨ ਵਿੱਚ ਛੁਪੀਆਂ ਯਾਦਾਂ ਦੀ ਤਸਵੀਰਕਸ਼ੀ ਕਰਦੀ ਕਵਿਤਾ ਹੈ। ਇੱਕ ਸਮਾਂ ਸੀ ਜਦੋਂ ਬਿਜਲਈ ਰੌਸ਼ਨੀ ਨਹੀਂ ਹੁੰਦੀ ਸੀ। ਉਦੋਂ ਦੀਵੇ, ਲੈਂਪ ਜਾਂ ਲਾਲਟੈਣਾਂ ਹੁੰਦੀਆਂ ਸਨ। ਲਾਲਟੈਣ ਜਿਵੇਂ ਕਵੀ ਮਨ ਦੇ ਸਾਰੇ ਹਨ੍ਹੇਰੇ ਖੂੰਜਿਆਂ ਨੂੰ ਚਾਨਣ ਪ੍ਰਦਾਨ ਕਰਦੀ ਇੱਕ ਯਾਦ ਹੋਵੇ:

ਲਾਲਟੈਣ ਨੇ ਮੇਰਾ ਸੰਸਾਰ ਬਦਲਿਆ।
ਇਸ ਦੀ ਲੋਏ ਲੋਏ ਜਾਗਦਿਆਂ,
ਮੈਨੂੰ ਸੁੰਦਰ ਸੁਪਨੇ ਆਉਂਦੇ।
ਸੁੱਤਿਆਂ ਨੂੰ ਫ਼ੇਰ ਜਗਾਉਂਦੇ।
ਚਾਨਣ ਯਾਰ ਬਣ ਗਿਆ,
ਲਾਲਟੈਣ ਦੇ ਆਉਣ ਨਾਲ਼।-ਪੰਨਾ:62

ਯਾਦਾਂ ਦੇ ਇਸ ਝਰੋਖੇ ਵਿੱਚ ਇੰਝ ਬੇਸ਼ੁਮਾਰ ਯਾਦਾਂ ਕਵੀ ਦੇ ਰਾਹੀਂ ਸਮੇਂ ਦੇ ਕਈ ਸੱਚ ਉਜਾਗਰ ਕਰਦਿਆਂ ਤੁਰੀ ਜਾ ਰਹੀ ਕਵਿਤਾ “ਚਰਖ਼ੜੀ” ਦੇ ਪੰਨਿਆਂ ‘ਤੇ ਫ਼ੈਲੀ ਪੰਜਾਬ ਦੇ ਆਮ ਲੋਕਮਾਨਸ ਦੇ ਜੀਵਨ ਦਾ ਰੁਪਾਂਤਰਣ ਕਰ ਰਹੀ ਹੈ। ਇਹ ਕਿਤਾਬ ਇੱਕ ‘ਸਾਮਾਜਿਕ ਅਤੇ ਸੱਭਿਆਚਾਰਿਕ ਦਸਤਾਵੇਜ਼ ਹੈ।

‘ਮਜ਼ਦੂਰ ਦਿਹਾੜਾ’ ਨਾਂ ਦੀ ਕਵਿਤਾ ਲੋਕਤਾ ਦਾ ਵਿਰਦ ਗਾਉਂਦੀ ਕਵਿਤਾ ਹੈ। ਕਵੀ ਮਜ਼ਦੂਰ ਦੇ ਜੀਵਨ ਦੇ ਅਸਲੀ ਸੱਚ ਨੂੰ ਜਾਣਦਾ ਹੈ। ਉਹ ਸਮਝਦਾ ਹੈ ਕਿ ਦਿਹਾੜੀ ਟੁੱਟਿਆਂ ਮਜ਼ਦੂਰ ਦਾ ਸੁਪਨਾ ਟੁੱਟਦਾ ਹੈ, ਉਸਦਾ ਪੇਟ ਭੁੱਖਾ ਰਹਿੰਦਾ ਹੈ।
ਗੁਰਭਜਨ ਗਿੱਲ ਅੰਤਰੀਵ ਮਨੋਂ ਧਾਰਮਿਕ ਬਿਰਤੀ ਵਾਲ਼ੀ ਰੂਹ ਹੈ। ਗੁਰੂ ਸਾਹਿਬਾਂ ਵਿੱਚ ਉਸਦਾ ਵਿਸ਼ਵਾਸ ਹੈ, ਕਾਰਣ ਇਹ ਕਿ ਉਹ ਮਨੁੱਖ ਜਾਤੀ ਲਈ ਸੰਘਰਸ਼ਸ਼ੀਲ ਰਹੇ ਹਨ। ਗੁਰਭਜਨ ਗਿੱਲ ਮਾਨਵਤਾ ਦਾ ਹਾਮੀ ਕਵੀ ਹੈ।

ਸਾਡੇ ਉੱਘੇ ਵਿਦਵਾਨ ਅਤੇ ਚਿੰਤਕ ਡਾਕਟਰ ਸੁਖਦੇਵ ਸਿੰਘ ਸਿਰਸਾ ਉਸ ਬਾਰੇ ਲਿਖਦੇ ਹਨ, “ਮਾਨਵਵਾਦੀ ਰਚਨਾ ਦ੍ਰਿਸ਼ਟੀ ਅਤੇ ਪ੍ਰਤੀਬੱਧ ਕਲਾ-ਧਰਮੀ ਹੋਣ ਕਰਕੇ ਗੁਰਭਜਨ ਗਿੱਲ ਦੀ ਕਵਿਤਾ ਦਰਪੇਸ਼ ਮਨੁੱਖੀ ਸਰੋਕਾਰਾਂ ਨਾਲ਼ ਦਸਤਪੰਜਾ ਲੈਂਦੀ ਹੈ। …”

ਮਾਨਵਤਾ ਦੇ ਮਸੀਹਾ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਜੀ ਬਾਰੇ ‘ਮੇਰਾ ਬਾਬਲ’ ਨਾਂ ਦੀ ਕਵਿਤਾ ਵਿੱਚ ਲਿਖਦੇ ਹਨ:

ਮੇਰਾ ਬਾਬਲ ਦਿੱਲੀ ਅੰਦਰ,
ਅੱਜ ਵੀ ਸਾਨੂੰ ਵੇਖ ਰਿਹਾ ਹੈ।
ਜ਼ੋਰ ਨਾਲ਼ ਹਾਂ ਜ਼ਬਰ ਨਾਲ਼ ਹਾਂ।
ਸ਼ਬਦ ਨਾਲ਼ ਹਾਂ ਕਬਰ ਨਾਲ਼ ਹਾਂ।-ਪੰਨਾ: 70

ਆਪਣੀ ਵੀ ਸਾਡੀ ਅਲਗ਼ਰਜ਼ੀ ਹੈ- ਇਹ ਗੱਲ ਵੀ ਕਵੀ ਕਰਦਾ ਹੈ।

ਗੁਰਭਜਨ ਗਿੱਲ ਹੁਰਾਂ ਦੀ ਕੁੱਝ ਕਵਿਤਾ ਇੱਕ ਤਰ੍ਹਾਂ ਨਾਲ਼ ਹੋਕਾ ਦੇ ਰਹੀ ਕਵਿਤਾ ਹੈ। ‘ਪਤਾ ਰੱਖਿਆ ਕਰੋ’, ‘ ਜਿੰਨਾਂ ਕੋਲ਼ ਹਥਿਆਰ ਹਨ’, ‘ਸਰਹਿੰਦ ਦਾ ਸੁਨੇਹਾ’, ‘ਉਹਨਾਂ ਨੂੰ ਕਹੋ’, ‘ ਸ਼ੀਸ਼ਾ ਸਵਾਲ ਕਰਦਾ ਹੈ’, ਆਦਿਕ ਕਵਿਤਾਵਾਂ ਹੋਕੇ ਦੇ ਨਾਲ਼ ਨਾਲ਼ ਇਤਿਹਾਸਿਕ ਤੱਥਾਂ ਨੂੰ ਵੀ ਸੰਭਾਲ਼ਦੀਆਂ ਹੋਈਆਂ ਕਵਿਤਾਵਾਂ ਹਨ। ਮਾਂ ਨੂੰ ਮੁੜ ਮੁੜ ਯਾਦ ਕਰਦੀ ਉਸਦੀ ਆਤਮਾ, ਟੁਰ ਗਈ ਮਾਂ ਲਈ ਵਿਲਕਦੀ ਆਤਮਾ ਕਵਿਤਾ ਦਾ ਹੀ ਸਹਾਰਾ ਲੈਂਦੀ ਹੈ। ‘ਕਵਿਤਾ ਲਿਖਿਆ ਕਰੋ’, ‘ ਮਿਲ਼ ਜਾਇਆ ਕਰ’, ਕੋਲ਼ੋਂ ਲੰਘਦੇ ਹਾਣੀਓਂ’, ‘ ਸਾਈੰ ਲੋਕ ਗਾਉਂਦੇ’, ਆਦਿਕ ਕਵਿਤਾਵਾਂ ਕਵੀ ਦੀ ਰੂਹ ਦੀ ਪਰਕਰਮਾ ਕਰਦੀਆਂ ਕਵਿਤਾਵਾਂ ਹਨ।

ਬੱਚਿਆਂ ਦੇ ਪ੍ਰਤੀ ਕਵੀ ਦਾ ਸਜੱਗ ਹੋਣਾ, ਉਸਦੇ ਮਨ ਦੀ ਕੋਮਲਤਾ ਦਾ ਪ੍ਰਗਟਾਵਾ ਕਰਦਾ ਹੈ। ਖ਼ਾਸ ਤੌਰ ‘ਤੇ ਉਹਨਾਂ ਦਾ ਆਪਣੀ ਪੋਤਰੀ ” ਆਸੀਸ” ਲਈ ਲੋਹੜੇ ਦਾ ਪਿਆਰ ਕਵੀਮਨ ਦੀ ਆਤਮਾ ਦੀ ਚਾਨਣ ਹੈ।

‘ਕੰਧ ਤੇ ਲਿਖਿਆ ਪੜ੍ਹੋ’, ‘ਸਿਤਾਰਵਾਦਨ ਸੁਣਦਿਆਂ, ‘ਸੂਰਜ ਨਾਲ਼ ਖੇਡਦਿਆਂ’ ਗੱਲ ਕੀ ਕਵੀ ਨੇ ਜੀਵਨ ਦੇ ਹਰ ਪਹਿਲੂ ਨੂੰ ਜਾ ਛੋਹਿਆ ਹੈ। ਉਸਦੇ ਵਿਸ਼ਿਆਂ ਦੀ ਬਹੁਲਤਾ ਦੇ ਨਾਲ਼ ਨਾਲ਼ ਵਿਸ਼ਾਲਤਾ ਕੇਵਲ ਇੱਕ ਕਵਿਤਾ ਵਿੱਚ ਹੀ ਨਹੀੰ ਸਮਾਉਂਦੀ ਸਗੋਂ ਉਹ ਇੱਕ ਇੱਕ ਵਿਸ਼ੇ ‘ਤੇ ਅਧਿਕ ਵਾਰ ਕਵਿਤਾ ਲਿਖਦਾ ਹੈ, ਜਿਵੇਂ ਉਸਦੀ ਸੰਤੁਸ਼ਟੀ ਨਾਂ ਹੁੰਦੀ ਹੋਵੇ, ਜਿਵੇਂ ਗੱਲ ਪੂਰੀ ਨਾ ਹੁੰਦੀ ਹੋਵੇ। ਜਾਪਦੈ, ਉਸਦਾ ਮਨ ਉੱਪਰ ਤੱਕ ਭਰੀ ਹੋਈ ਛਲਕਦੀ ਗਾਗਰ ਵਾਂਗ ਉੱਛਲਦਾ ਹੋਵੇ। ਉਸਦੇ ਮਨ ਦੀ ਕੋਮਲਤਾ ਅਤੇ ਸੰਵੇਦਨਸ਼ੀਲਤਾ ਵੇਖੋ ਕਿ ਉਹ ਕੁੱਤੇ ਨੂੰ ਵੀ ਕੁੱਤਾ ਕਹਿਣ ਨੂੰ ਤਿਆਰ ਨਹੀਂ। ਪਾਲਤੂ ਕੁੱਤੇ ਸਾਡੇ ਘਰਾਂ ਵਿੱਚ ਅਜ਼ੀਮ ਮੁਹੱਬਤੀ ਖੁਸ਼ਬੋ ਵੰਡਦੇ ਹਨ। ਪਰਿਵਾਰਾਂ ਦੇ ਜੀਅ ਬਣ ਜਾਂਦੇ ਹਨ ਅਤੇ ਅੰਤਾਂ ਦਾ ਮੋਹ ਲੈਂਦੇ ਹਨ। ਇਹ ਸੱਚਮੁਚ ਦਰਵੇਸ਼ ਹੁੰਦੇ ਹਨ:
ਸੁੰਨੀਆਂ ਲਕੀਰਾਂ ‘ਚ ਰੰਗ ਭਰਨ ਆਇਆ ਦਰਵੇਸ਼ ਹੈ।-ਪੰਨਾ:124.

ਸਰਬੱਤ ਦਾ ਭਲਾ ਸੋਚਦਾ ਕਵੀ ‘ਆਸੀਸ’ ਵਰਗੀ ਕਵਿਤਾ ਸਿਰਜਦਾ ਜਾਂਦਾ ਹੈ। ਨਿੱਘੇ ਸੁਨੇਹੇ ਵੰਡਦਾ ਹੈ।

ਘੁੰਮ ਘੁੰਮਾ ਕੇ ਕਵੀ ਮੁੜ ਰਾਜਨੀਤੀ ਵੱਲ ਆ ਜਾਂਦਾ ਹੈ। ‘ਦਿੱਲੀ ਆਪ ਨਹੀਂ ਉੱਜੜਦੀ’ ਨਾਂ ਦੀ ਕਵਿਤਾ ਵਿੱਚ ਕਵੀ ਆਪਣੇ ਮਨ ਦੇ ਸਾਰੇ ਗ਼ੁਬਾਰ ਕੱਢ ਦੇਣਾ ਚਾਹੁੰਦੈ। ਉਸਨੂੰ ਉਹਨਾਂ ਸਾਰੀਆਂ ਰਾਜਸੀ ਤਾਕਤਾਂ ਨਾਲ਼ ਰੰਜਸ਼ ਹੈ, ਜਿਹੜੀਆਂ ਦਿੱਲੀ ‘ਤੇ ਰਾਜ ਕਰਦੀਆਂ ਕਦੇ ਵੀ ਲੋਕ-ਹਿਤੈਸ਼ੀ ਨਹੀੰ ਹੋਈਆਂ। ਉਸਦੇ ਮਨ ਦੀ ਸਾਰੀ ਕੜਵਾਹਟ ਇਸ ਕਵਿਤਾ ਵਿੱਚ ਇਸ ਤਰ੍ਹਾਂ ਫ਼ੈਲੀ ਹੋਈ ਹੈ ਕਿ ਉਹ ਇਸ ਦਿੱਲੀ ਨੂੰ ਤਬਾਹ ਕਰ ਦੇਵੇ ਜੋ ਅਨੇਕਾਂ ਵਾਰ ਉੱਜੜ ਕੇ ਵੀ ਆਪ ਨਹੀਂ ਉੱਜੜਦੀ। ਉਹ ਲਿਖਦਾ ਹੈ:

ਉੱਜੜੇ ਮਨਾਂ ਲਈ ਦਿੱਲੀ,
ਤਖ਼ਤ ਨਹੀਂ ਤਖ਼ਤਾ ਹੈ।
ਜਿੱਥੇ ਫਾਹੇ ਲੱਗਦੇ ਨੇ ਹੁਣ ਵੀ ਸੁਨਹਿਰੇ ਖ੍ਵਾਬ।
ਦਿੱਲੀ ਨਹੀੰ ਉੱਜੜਦੀ ਸਿਰਫ਼ ਉਜਾੜਦੀ ਹੈ।-ਪੰਨਾ:133

ਯਾਦਾਂ ਦੇ ਝਰੋਖੇ ਵਿੱਚੋਂ ਫ਼ੇਰ ਅਮਰ ਕੂਕੇ ਸ਼ਹੀਦਾਂ ਲਈ ਨਮਨ ਭਾਵ ਪ੍ਰਗਟ ਹੁੰਦੇ ਹਨ ਤਾਂ ਕਵੀ ‘ ‘ ਕੂਕੇ ਸ਼ਹੀਦਾਂ ਨੂੰ ਚਿਤਵਦਿਆਂ’ ਨਾਂ ਦੀ ਕਵਿਤਾ ਵਿੱਚ ਕਹਿ ਉੱਠਦਾ ਹੈ:

ਅਗਨ ਤੇ ਲਗਨ ਦੀਆਂ ਛਿਆਹਠ ਮੋਮਬੱਤੀਆਂ ਬਲ਼ਦੀਆਂ
ਮਲੇਰਕੋਟਲੇ ਦੇ ਰੱਕੜ ‘ਚ ਨਿਰੰਤਰ ਜਗਦੀਆਂ ਮਘਦੀਆਂ।
ਫ਼ਰੰਗੀ ਹਕੂਮਤ ਨੂੰ ਵੰਗਾਰਦੀਆਂ, ਜੈਕਾਰੇ ਗੂੰਜਾਰਦੀਆਂ।
-ਪੰਨਾ : 134

ਦੀਪਿਕਾ ਪਾਦੂਕੋਨ ਦੇ ਜਵਾਹਰਲਾਲ ਯੂਨੀਵਰਸਿਟੀ ਵਿੱਚ ‘ਆਇਸ਼ੀ ਘੋਸ਼’ ਨੂੰ ਜਾ ਕੇ ਮਿਲਣ ਲਈ ਸ਼ਾਬਾਸ਼ੀ ਦੇਣਾ ਕਵੀਮਨ ਅੰਦਰ ਦਲੇਰ ਔਰਤਾਂ ਪ੍ਰਤੀ ਸਤਿਕਾਰ ਦਾ ਇੱਕ ਹੋਰ ਸਬੂਤ ਹੈ।

ਟੁਰਦਾ ਟੁਰਦਾ ਕਵੀ ਇਸ ਬ੍ਰਹਿਮੰਡ ਦੇ ਅੰਤਿਮ ਸੱਚ ਸਾਡੇ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਜਾ ਪਰਸਦਾ ਹੈ। “ਭੈਣ ਨਾਨਕੀ ਵੀਰ ਨੂੰ ਲੱਭਦਿਆਂ” ਕਵਿਤਾ ਵਿੱਚ ਉਹ ਗੁਰੂ ਨਾਨਕ ਨੂੰ ਲੋਕਤਾ ਦਾ ਮਸੀਹਾ ਹੀ ਤਾਂ ਸਮਝਦਾ ਹੈ।

ਸੋ, ‘ ਚਰਖ਼ੜੀ’ ਕਾਵਿ ਪੁਸਤਕ ਜੀਵਨ ਦੇ ਵਿਭਿੰਨ ਪਹਿਲੂਆਂ ਤੇ ਨਜ਼ਰਸਾਨੀ ਅਤੇ ਚੁਣੇ ਹੋਏ ਵਿਸ਼ਿਆਂ ਤੇ ਧੁਰ ਤੱਕ ਰਸਾਈ ਕਰਦੀਆਂ ਵਿਚਾਰਸ਼ੀਲ ਕਵਿਤਾਵਾਂ ਦਾ ਸੰਗ੍ਰਹਿ ਹੈ। ਮੈਂ ਸਮਝਦੀ ਹਾਂ ਕਿ ਇਹ ਦੇਸ਼ ਦੀ ਰਾਜਨੀਤਕ, ਖ਼ਾਸ ਕਰਕੇ ਪੰਜਾਬ ਦੀ ਸਾਮਾਜਿਕ, ਸੱਭਿਆਚਾਰਕ, ਭਾਵਾਤਮਕ, ਦਵੰਧਆਤਮਿਕ, ਗੁੰਝਲਦਾਰ, ਸਥਿਤੀਆਂ ਦੀ ਪੇਸ਼ਕਾਰੀ ਕਰਦੀਆਂ ਕਵਿਤਾਵਾਂ ਦਾ ਤ੍ਰੈਕਾਲ ਵਿੱਚ ਫ਼ੈਲਿਆ ਅਤੇ ਸਿਰਜਿਆ ਸੰਗ੍ਰਹਿ ਹੈ, ਜੋ ਕਵੀਮਨ ਦੇ ਆਵੇਸ਼ੀ ਵਲਵਲਿਆਂ ਦਾ ਪ੍ਰਗਟਾਵਾ ਹੋ ਨਿੱਬੜਿਆ ਹੈ।

‘ਪਰਜਾਪਤ’ ਨਾਂ ਦੀ ਕਵਿਤਾ ਸਿਰਜਣਕਾਰੀ ਦੀ ਕਮਾਲ ਦੀ ਕਰਤਾਰੀ ਸ਼ਕਤੀ, ਜ਼ਾਤਪਾਤ ਦੇ ਖ਼ਿਲਾਫ਼ ਬਗਾਵਤੀ ਸੁਰ ਵਾਲ਼ੀ ਅਤੇ ਸੁੱਚੀ ਕਿਰਤ ਦੀ ਕਦਰਦਾਨੀ ਕਰਦੀ ਕਵਿਤਾ ਹੈ।

ਦਿਨ ਦੇ ਚੜਾਅ ਨਾਲ਼ ਸੁਰੂ ਹੁੰਦਾ ਪੰਜਾਬੀ ਜਨਜੀਵਨ ‘ਦਰਦਨਾਮਾ’ ਕਹਿੰਦਿਆਂ’, ਸਾਡੀ ਚਿੰਤਾ ਨਾ ਕਰਨਾ’ ਵਰਗੀਆਂ ਦਰਦਭਿੰਨ੍ਹੀਆਂ ਕਵਿਤਾਵਾਂ ਸਿਰਜਦਿਆਂ ਕਵੀ ਝੁੱਗੀਆਂ ਵਾਲਿਆਂ ਦੇ ਤਿੜਕੇ ਸੁਪਨਿਆਂ ਦਾ ਦਰਦ ਵੀ ਬਿਆਨ ਕਰ ਜਾਂਦਾ ਹੈ। ਉਹਨਾਂ ਜ਼ਿੰਦਾਦਿਲ ਲੋਕਾਂ ਦੇ ਜੀਵਨ ਦੀ ਨਿਸ਼ਾਨਦੇਹੀ ਹੋਇਆ ਕਵੀ ਲਿਖਦਾ ਹੈ:

ਸਾਨੂੰ ਨਹੀਂ ਪਤਾ ਘਰ ਕਿਹੋ ਜਿਹਾ ਹੁੰਦਾ
ਸੁਪਨੇ ਵੀ
ਹਨ੍ਹੇਰੀ ‘ਚ ਉੱਡਦੀ ਪੱਲੀ ਦੇ ਆਉਂਦੇ ਨੇ
ਝੁੱਗੀ ਉੱਪਰ ਤਰਪਾਲ ਵਾਲੇ
ਖ਼ੁਦ ਨੂੰ ਬਾਦਸ਼ਾਹ ਸਮਝਦੇ ਨੇ
ਮੀਂਹ ਕਣੀ ‘ਚ ਬੇਫ਼ਿਕਰ ਸੌਂਦੇ ਨੇ।-ਪੰਨਾ: 155

ਕਵੀ ਕੋਲ ਬੇਸ਼ੱਕ ਇਹਨਾਂ ਲੋਕਾਂ ਦੇ ਦਰਦਾਂ ਦਾ ਠੋਸ ਹੱਲ ਨਹੀੰ ਪਰ ਉਸ ਕੋਲ਼ ਅਜਿਹੇ ਲੋਕਾਂ ਦੇ ਦਰਦਾਂ ਦੀ ਥਾਹ ਪਾਉਣ ਵਾਲ਼ਾ ਮਰਮੀ ਦਿਲ ਜ਼ਰੂਰ ਹੈ ਅਤੇ ਸੰਬੰਧਿਤ ਦੋਸ਼ੀ ਧਿਰਾਂ ਨੂੰ ਵੰਗਾਰਨ ਦੀ ਜੁਰਅੱਤ ਹੈ। ਇਸ ਤੋਂ ਇਲਾਵਾ ਗੁਰਭਜਨ ਗਿੱਲ ਦੀ ਕਵਿਤਾ ਵਿੱਚ ਹੋਰ ਵੀ ਸਟਾਇਰ ਭਾਵ ਤਨਜ਼ ਹੈ। ਉਸ ਕੋਲ਼ ਵਿਸ਼ਾਲ ਸ਼ਬਦ-ਭੰਡਾਰ ਹੈ, ਜੋ ਪੰਜਾਬੀ ਮਾਂ ਬੋਲੀ ਦੀ ਅਮੀਰ ਸਰਮਾਇਆ ਹੈ, ਜੋ ਸਾਡੇ ਸਭਨਾਂ ਦੇ ਹਿੱਸੇ ਆਇਆ ਹੈ। ਕਵੀ ਭਾਸ਼ਾ ਦੀ ਸੁਯੋਗ ਵਰਤੋਂ ਕਰਦਿਆਂ ਪੰਜਾਬੀ ਮਾਂ ਬੋਲੀ ਲਈ ਸੁਹਿਰਦ ਹੈ। ਉਲਝੀ ਹੋਈ ਸਾਮਾਜਿਕ ਤਾਣੀਂ ਅਤੇ ਵਿਵਸਥਾ ਪ੍ਰਤੀ ਫ਼ਿਕਰਮੰਦ ਹੁੰਦਿਆਂ, ਬਾਰ ਬਾਰ ਜ਼ਿੰਮੇਵਾਰ ਰਾਜਨੀਤਕ ਪ੍ਰਬੰਧ ਉੱਤੇ ਤਿੱਖੇ ਕਟਾਖਸ਼ ਕਰਨ ਤੋਂ ਰੁਕਦਾ ਨਹੀਂ।

‘ਨੇਤਾ ਜੀ ਨੇ ਮੈਨੂੰ ਪੁੱਛਿਆਂ’, ‘ ਉਹ ਕੁੱਝ ਵੀ ਕਰ ਸਕਦੇ ਨੇ’, ਆਦਿਕ ਇਸ ਗੱਲ ਦੀ ਗਵਾਹੀ ਭਰਦੀਆਂ ਕਵਿਤਾਵਾਂ ਹਨ। ਧਰਮ ਦੇ ਨਾਂ ਹੇਠ ਫ਼ੈਲੀਆਂ ਦੋਸ਼ਪੂਰਣ ਵਿਵਸਥਾਵਾਂ ਤੋਂ ਵੀ ਉਹ ਅਣਭਿੱਜ ਨਹੀਂ। ਉਹ ਅੰਨ੍ਹੀ ਸ਼ਰਧਾ ਵਿੱਚ ਯਕੀਨ ਨਾ ਰੱਖਦਾ ਹੋਇਆ ਵੀ ਆਪਣੇ ਸਿੱਖ ਧਰਮ ਉੱਪਰ ਅਤੇ ਗੁਰੂ ਸਾਹਿਬਾਨ ਉੱਪਰ ਆਸਥਾ ਰੱਖਦਾ ਹੈ। ਬੋਲਦੇ ਹੋਏ ਸ਼ਬਦ ਉਸਦੇ ਕੰਨਾਂ ਵਿੱਚ ਸਾਂ ਸਾਂ ਕਰਦੇ ਹਨ ਉਸਦੀ ਚੁੱਪ ਵਿੱਚ ਵੀ ਹਾਲੇ ਬਹੁਤ ਕੁੱਝ
ਛੁਪਿਆ ਹੈ, ਜੇ ਕੋਈ ਸੁਣਨ ਵਾਲ਼ਾ ਹੋਵੇ:

ਧਰਤੀ ਕਿਓਂ ਉਪਰਾਮ ਇਸ ਤਰ੍ਹਾਂ,
ਧੀਆਂ ਪੁੱਤਰ ਕਿੱਧਰ ਸਾਰੇ।

ਗੁਰਭਜਨ ਗਿੱਲ ਹੁਰਾਂ ਦੇ ਰਚਨਾ ਸੰਸਾਰ ਬਾਰੇ ਢੇਰ ਲਿਖਿਆ ਜਾ ਸਕਦਾ ਹੈ, ਉਹਨਾਂ ਕੋਲ਼ ਏਨੀ ਵਿਸ਼ਾਲਤਾ ਹੈ। ਮੇਰੀ ਤਾਂ ਇਹ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਕਿ ਮੈਂ ਆਪਣੇ ਪਿਤਾ ਡਾਕਟਰ ਆਤਮ ਹਮਰਾਹੀ ਹੁਰਾਂ ਦੇ ਗੁਰਭਜਨ ਗਿੱਲ ਹੁਰਾਂ ਪ੍ਰਤੀ ਛੋਟੇ ਵੀਰ ਵਰਗੇ ਭਰਾਤਰੀ ਭਾਵ ਨੂੰ ਨਮਨ ਕਰ ਸਕਾਂ, ਉੰਜ ਇਹ ਸੂਰਜ ਨੂੰ ਦੀਵਾ ਦਿਖਾਉਣ ਵਾਲ਼ੀ ਗੱਲ ਹੈ।

ਸਾਡੇ ਆਮ ਜੀਵਨ ਦੀਆਂ ਅਨੇਕਾਂ ਮੁਸ਼ਕਲਾਂ ਅਤੇ ਦੁਸ਼ਵਾਰੀਆਂ ਦੇ ਬਾਵਜੂਦ ਉਹ ‘ ਮਿਲੋ ਤਾਂ ਇੰਜ ਮਿਲੋ’ ਵਰਗੀ ਕਵਿਤਾ ਕਹਿ ਜਾਂਦਾ ਹੈ। ਇਹ ਗੱਲ ਉਸਦੇ ਆਸ਼ਾਵਾਦੀ ਹੋਣ ਹੋਣ ਦਾ ਪ੍ਰਮਾਣ ਹੈ। ਉਹ ਸੁਨੇਹਾ ਦਿੰਦਾ ਹੈ:

ਮਿਲੋ ਤਾਂ ਇੰਜ ਮਿਲੋ,
ਜਿਵੇਂ ਫੁੱਲਾਂ ਨੂੰ ਰੰਗ ਮਿਲ਼ਦੇ ਨੇ।
ਰੰਗਾਂ ਨੂੰ ਖੁਸ਼ਬੂ,
ਤੇ ਖੁਸ਼ਬੂ ਨੂੰ ਅਹਿਸਾਸ।-ਪੰਨਾ:171

ਆਪਣੇ ਆਲ਼ੇ ਦੁਆਲ਼ੇ ਦੇ ਖੰਡਿਤ ਸਮਾਜ ਅਤੇ ਘੋਰ ਸੰਤਾਪੇ ਸਮੇੰ ਵਿੱਚ ਉਹ ਆਪਣੇ ਆਪ ਨੂੰ ਪੀੜਿਤ ਹੋਇਆ ਮਹਿਸੂਸ ਕਰਦੇ ਹਨ।
ਅਸਲ ਵਿੱਚ ਉਨ੍ਹਾਂ ਦੀ ਇਹ ਸਾਹਿਤਕ-ਮਨੋ-ਅਵੱਸਥਾ ਹਜ਼ਾਰਾਂ ਨੌਜੁਆਨਾਂ ਦੀ ਮਾਨਸਿਕ ਅਵੱਸਥਾ ਦੀ ਪ੍ਰਤਿਨਿਧਤਾ ਕਰਦੀ ਹੈ ਜਿਹੜੇ ਸਮਾਜ ਲਈ ਕੁੱਝ ਕਰਨਾ ਚਾਹੁੰਦੇ ਹਨ, ਪਰ ਬੇਬੱਸ ਹਨ। ਕਰੋਨਾ ਵਰਗੇ ਭਿਆਨਕ ਤਰ੍ਹਾਂ ਦੇ ਵਾਇਰਸ ਕਰੋਪੀ ਬਣ ਕੇ ਸਗਲ ਸ੍ਰਿਸ਼ਟੀ ਨੂੰ ਨੁਕਸਾਨ ਪੁਚਾਉਣ ਲਈ ਤਾਰੂ ਹਨ। ਅਜਿਹੇ ਵਿੱਚ ਸਰਕਾਰਾਂ ਦੀ ਬੇਰੁਖੀ ਅਤੇ ਲਾਪਰਵਾਹੀ ਕਾਰਣ ਮਨੁੱਖਤਾ ਪਿਸ ਰਹੀ ਹੈ। ਕਵੀ ਦਾ ਹਿਰਦਾ ਪੀੜਿਤ ਹੈ ਅਤੇ ਉਹ ‘ਅੰਨ੍ਹਾ ਖੂਹ’ ਨਾਮੀਂ ਕਵਿਤਾ ਵਿੱਚ ਕਹਿ ਉੱਠਦਾ ਹੈ:

ਕਿਸ ਨੂੰ ਦਰਦ ਸੁਣਾਵਾਂ ਕਿੱਥੇ?
ਸੱਚ ਪੁੱਛੋ ਤਾਂ ਸ਼ਰਮਸਾਰ ਹਾਂ।
ਆਪਣੇ ਮਨ ਦੇ ਸ਼ੀਸ਼ੇ ਬਾਝੋਂ,
ਹੋਰ ਕਿਸੇ ਨੂੰ ਕਹਿ ਨਹੀੰ ਸਕਦਾ!
ਆਪਣਿਆਂ ਨੂੰ ਕੋਲ਼ ਬੁਲਾ ਕੇ
ਦੁੱਖ ਸੁੱਖ ਕੁਝ ਵੀ ਦੱਸ ਨਹੀੰ ਸਕਦਾ।
ਰੋ ਨਹੀਂ ਸਕਦਾ, ਹੱਸ ਨਾ ਸਕਦਾ।
ਗਲ਼ਵੱਕੜੀ ਵਿੱਚ ਕੱਸ ਨਹੀੰ ਸਕਦਾ।
ਅਜਬ ਚਰਖ਼ੜੀ ਪਿੰਜਦੀ ਰੂਹ ਹੈ।
ਟਿੰਡਾਂ ਭਰ ਭਰ ਆਉਂਦੇ ਅੱਥਰੂ
ਜ਼ਿੰਦਗੀ ਬਣ ਗਈ ਅੰਨ੍ਹਾ ਖੂਹ ਹੈ।
ਇਸ ਦੀ ਹਾਥ ਪਵੇ ਨਾ ਮੈਥੋਂ।
ਕਿੰਨਾ ਜ਼ਹਿਰੀ ਪਾਣੀ ਹਾਲੇ,
ਅੱਖੀਆਂ ਅੰਦਰੋਂ ਸਿੰਮਣਾ ਬਾਕੀ।
ਕਿੱਦਾਂ, ਕਿੱਥੇ ਚੜ੍ਹ ਕੇ, ਖੋਲ੍ਹਾਂ,
ਮਨ ਮੰਦਰ ਦੀ ਕਿਹੜੀ ਤਾਕੀ।
ਸਭ ਦਰਵਾਜ਼ੇ ਜਾਮ ਪਏ ਨੇ।-ਪੰਨਾ:186

ਪਿੰਜੀ ਹੋਈ ਰੂਹ ਨਾਲ਼ ਵੀ ਉਹ ਆਸ ਉਮੀਦ ਦੀ ਸੂਹੀ ਕੰਨੀ ਫ਼ੜ ਕੇ ਬੈਠਣ ਦਾ ਸੁਨੇਹਾ ਦਿੰਦਾ ਹੈ। ਉਸਦਾ ਮੰਨਣਾ ਹੈ ਕਿ ਸਹਿਜ, ਸੰਤੋਖ ਹੀ ਜੀਵਨ ਨੂੰ ਘੁੰਮਣ-ਘੇਰੀ ਵਿੱਚੋਂ ਕੱਢ ਸਕਦਾ ਹੈ। ਇਸੇ ਕਰਕੇ ਉਹ ‘ਸੱਥਾਂ ਚੌਕ ਚੁਰਸਤੇ ਚੁੱਪ ਨੇ’ ਵਰਗੀ ਕਵਿਤਾ ਸਿਰਜਦਾ ਹੋਇਆ ਵੀ ‘ਆਸ ਉਮੀਦ ‘ਤੇ ਜੱਗ ਜੀਂਦਾ ਹੈ’ ਵਰਗੀ ਆਸਵੰਦੀ ਭਰਪੂਰ ਕਵਿਤਾ ਵੀ ਕਹਿ ਜਾਂਦਾ ਹੈ। ਸਾਂਝੇ ਦੁਸ਼ਮਣ ਨੂੰ ਪਛਾਣਦੀ ਉਸਦੀ ਪਾਰਖੂ ਅੱਖ ‘ਮੇਰੇ ਨਾਲ਼ ਆਵਾਜ਼ ਮਿਲਾਉ’ ਦਾ ਸੱਦਾ ਦਿੰਦੀ ਹੈ। ‘ਖੇਡ ਮੈਦਾਨ ਉਦਾਸ ਨਾ ਰਹਿਣੇ’ ਕਵਿਤਾ ਲਿਖਦਾ ਕਵੀ ਉਦਾਸ ਹੁੰਦਾ ਹੋਇਆ ਵੀ ਬੇਆਸ ਨਹੀਂ ਹੈ, ਸਗੋੰ ਉਹ ਨੌਜੁਆਨ ਸੀਨਿਆਂ ਵਿੱਚ ਨਵੀਂ ਰੂਹ ਫ਼ੂਕਣ ਦੀ ਕੋਸ਼ਿਸ਼ ਕਰਦਾ ਹੈ। ਅਜਿਹਾ ਕਰਦਾ ਉਹ ਸਾਡੇ ਸਮਿਆਂ ਦਾ ਵੱਡ ਵਡੇਰਾ ਕਵੀ ਹੋ ਨਿੱਬੜਿਆ ਹੈ।
ਉਹ ਲਿਖਦਾ ਹੈ:

ਖੇਡ ਪਿੜਾਂ ਵਿੱਚ ਡੁੱਲ੍ਹਿਆ ਜਿਹੜਾ ਖ਼ੂਨ ਪਸੀਨਾ।
ਅੱਜ ਤੱਕ ਕਦੇ ਨਾ ਗਿਆ ਅਜਾਈਂ।
ਰੱਖ ਦਿਲ ਮੇਰੇ ਹੌਸਲਾ,
ਸੂਰਜ ਛਿਪੇ ਹਨ੍ਹੇਰ ਜੇ ਹੋਇਆ…
-ਪੰਨਾ: 198

ਅੰਤ ਇਹ ਕਹਾਂਗੀ ਕਿ ਗੁਰਭਜਨ ਗਿੱਲ ਹੁਰਾਂ ਦੀ ਇਹ ਪੁਸਤਕ ਕਿਸੇ ਪਹਾੜੀ ਇਲਾਕੇ ਦੀ ਸੈਰ ਕਰਨ ਵਾਂਗ ਵੀ ਲੱਗਦੀ ਹੈ, ਜਿੱਥੇ ਕਿਤੇ ਨੀਵਾਣਾਂ ਅਤੇ ਕਿਤੇ ਉਚਾਈਆਂ ਹਨ। ਕਵੀ ਦਾ ਮਨ ਕਿਤੇ ਗਹਿਰੀ ਖਾਈ ਵਿੱਚ ਡਿੱਗ ਜਾਂਦਾ ਹੈ ਅਤੇ ਪਾਠਕ ਨੂੰ ਵੀ ਨਾਲ਼ ਤੋਰਦਾ ਹੈ ਅਤੇ ਕਿਤੇ ਉੱਚੇ ਪਹਾੜਾਂ ਉੱਤੇ ਚੜ੍ਹ ਜਾਂਦਾ ਹੈ। ਕਦੇ ਪਿਆਰ ਅਤੇ ਸਨੇਹ ਦੀ ਕੂਲ ਵਗਦੀ ਹੈ ਅਤੇ ਕਿਤੇ ਰੋਹ ਦੀ ਜਵਾਲਾ ਜਗਦੀ ਹੈ। ਲੋਕਤਾ ਦਾ ਵਿਰਦ ਗਾਉਂਦਾ, ਸਮੁੱਚੇ ਜਨਮਾਣਸ ਦੀਆਂ ਪੀੜਾਂ ਵਿੱਚ ਫਾਥਾ ਉਸਦਾ ਸਮੁੱਚਾ ਆਪਾ ਉਸਦੀ ਕਵਿਤਾ ਵਿੱਚ ਰਮਿਆ ਹੋਇਆ ਹੈ। ਮੈਂ ਨਿਮਰਤਾ ਸਹਿਤ ਕਹਿਣਾ ਚਾਹਾਂਗੀ ਕਿ ਜਿਹੜੇ ਲੋਕ ਕਵਿਤਾ ਨੂੰ ਛੁਟਿਆਉਂਦੇ ਹਨ, ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਕਵਿਤਾ ਕਿੱਡੀ ਬੁਲੰਦ ਹੁੰਦੀ ਹੈ। “ਚਰਖ਼ੜੀ” ਕਾਵਿ ਪੁਸਤਕ ਉਸ ਬੁਲੰਦੀ ਨੂੰ ਛੋਹ ਰਹੀ ਪੁਸਤਕ ਹੈ। ਇਹ ਆਪਣੇ ਸਮੇਂ ਦਾ ਇੱਕ ਸਾਮਾਜਿਕ ਅਤੇ ਸੱਭਿਆਚਾਰਿਕ ਦਸਤਾਵੇਜ਼ ਬਣ ਗਿਆ ਹੈ।

ਇਸ ਵਿੱਚ ਕੁੱਝ ਵਿਅਕਤੀ ਚਿੱਤਰ ਵੀ ਪੇਸ਼ ਕੀਤੇ ਗਏ ਹਨ, ਇਸ ਪੁਸਤਕ ਦੀ ਪ੍ਰਕਾਸ਼ਕ ਅਤੇ ਸਾਡੀ ਲੇਖਿਕਾ ਪਰਵੇਜ਼ ਸੰਧੂ ਸਮੇਤ ਨਾਮਧਾਰੀ ਸਤਿਗੁਰੂ ਜਗਜੀਤ ਸਿੰਘ, ਜਗਦੇਵ ਸਿੰਘ ਜੱਸੋਵਾਲ, ਜਰਨੈਲ ਸਿੰਘ ਸੇਖਾ, ਰਾਜਪਾਲ ਸਿੰਘ, ਸੰਗੀਤਕਾਰ ਖੱਯਾਮ, ਭੂਸ਼ਨ ਧਿਆਨਪੁਰੀ ਅਤੇ ਨਿਰਮਲ ਨੀਰ ਨਾਮ ਸ਼ਾਮਲ ਹਨ।

ਸਮੁੱਚੇ ਤੌਰ ‘ਤੇ ਚਰਖ਼ੜੀ ਕਾਵਿ ਸੰਗ੍ਰਹਿ ਖੁੱਲ੍ਹੀ ਪਰ ਸਰੋਦੀ ਕਵਿਤਾ ਦਾ ਸੰਕਲਨ ਹੈ। ਇਸ ਵਿੱਚ ਜੀਵਨ ਦੇ ਬੇਸ਼ੁਮਾਰ ਰੰਗ ਵਿੱਦਮਾਨ ਹਨ। ਜੀਵਨ ਸੰਘਰਸ਼ ਵਿੱਚ ਟੁੱਟ ਰਹੇ ਮਾਪ-ਦੰਡਾਂ ਦੇ ਵਿਰੁੱਧ ਇੱਕ ਬਿਗਲ ਹੈ। ਰਾਜਨੀਤਕ ਅਨਿਆਂ ਦੇ ਖ਼ਿਲਾਫ਼ ਨਾਅਰਾ ਹੈ। ਆਮ ਲੋਕਾਈ ਦੇ ਸਮੂਹਿਕ ਦਰਦਾਂ ਦਾ ਭਾਰ ਚੁੱਕੀ ਬੈਠੀ ਕਵੀ ਦੀ ਆਤਮਾ ਦਾ ਝਲਕਾਰਾ ਹੈ। ਉਸਦੇ ਸੰਵੇਦਨਸ਼ੀਲ ਮਨ ਦੀ ਚਾਹਤ ਹੈ ਕਿ ਸਾਮਾਜਿਕ, ਆਰਥਿਕ, ਧਾਰਮਿਕ, ਭਾਵਨਾਤਮਕ ਅਤੇ ਰਾਜਨੀਤਕ ਕਾਣੀਵੰਡ ਦਾ ਸ਼ਿਕਾਰ ਹੋਈ ਪਿਸ ਰਹੀ ਲੋਕਾਈ ਲਈ ਕੋਈ ਨਿੱਗਰ ਹੱਲ ਲੱਭੇ ਜਾਣ!

ਕਿੱਤੇ ਵਜੋਂ ਪੰਜਾਬੀ ਪ੍ਰਾਧਿਆਪਕ ਅਤੇ ਲੰਮਾ ਅਰਸਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸੰਚਾਰ ਵਿਭਾਗ ਵਿੱਚ ਅਤੇ ਵੱਖ ਵੱਖ ਅਹੁਦਿਆਂ ਤੇ ਸੇਵਾਵਾਂ ਦੇ ਚੁੱਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਦ੍ਰਿੜ ਨਿਸ਼ਚੇ ਵਾਲੇ ਸਪੂਤ ਕਵੀ ਅਤੇ ਸਮਰੱਥ ਗ਼ਜ਼ਲਗੋ ਪ੍ਰੋਫ਼ੈਸਰ ਗੁਰਭਜਨ ਗਿੱਲ ਹੁਰਾਂ ਕੋਲ਼ ਵਿਆਪਕ ਸ਼ਬਦ ਭੰਡਾਰ ਹੈ, ਸੁੱਘੜ ਵਿਚਾਰ ਹਨ। ਇਸ ਪੁਸਤਕ ਨਾਲ਼ ਉਹ ਪੰਜਾਬੀ ਕਵਿਤਾ ਵਿੱਚ ਨਵੇੰ ਮਾਪ-ਦੰਡ ਸਥਾਪਿਤ ਕਰਨ ਵਿੱਚ ਕਾਮਯਾਬ ਹਨ। ਸੂਝਵਾਨ ਕਵੀ ਸਮੇਂ, ਸਮਾਜ ਅਤੇ ਜੀਵਨ ਦੇ ਪਾਰ ਦੇਖ ਸਕਦਾ ਹੈ।

ਜੇ ਮੈਂ ਕਹਾਂ ਕਿ ਪ੍ਰੋ. ਗੁਰਭਜਨ ਗਿੱਲ ਪੰਜਾਬੀ ਕਾਵਿ ਜਗਤ ਦੇ ਅਜੋਕੇ ਪੜਾਅ ਉੱਤੇ, ਪੰਜਾਬੀ ਸਾਹਿਤ ਦੇ ਵਿਹੜੇ ਵਿੱਚ ਉੱਗਿਆ ਛਾਂ-ਦਾਰ ਅਤੇ ਸੰਘਣਾ ਬਰੋਟਾ ਬਣ ਚੁੱਕਾ ਹੈ, ਕਿਉੰਕਿ ਉਸਦੀ ਇਸ ਪੁਸਤਕ “ਚਰਖ਼ੜੀ” ਵਿਚਲੀ ਕਵਿਤਾ ਬੋਹੜ ਵਰਗੀ ਵਿਆਪਕਤਾ ਅਤੇ ਪਿੱਪਲ਼ ਵਰਗੀ ਸੰਵੇਦਨਾ ਨਾਲ਼ ਓਤਪੋਤ ਹੈ। ਸ਼ਾਲਾ ਸਾਡਾ ਮਾਣਮੱਤਾ ਕਵੀ ਉਮਰ-ਦਰਾਜ਼ ਹੋਵੇ!
ਅੱਲਾ ਕਰੇ ਜ਼ੋਰਿ-ਏ-ਕਲਮ ਔਰ ਜ਼ਿਆਦਾ!
ਮਨਦੀਪ ਕੌਰ ਭੰਮਰਾ
2.9.2021
***
311
***

ਨੋਟ: ‘ਚਰਖ਼ੜੀ’ ਬਾਰੇ ਉਜਾਗਰ ਸਿੰਘ ਪਟਿਆਲਾ ਦੀ ਰਚਨਾ ਪੜ੍ਹਨ ਲਈ ਕਲਿੱਕ ਕਰੋ

mandeep Kaur