17 September 2024

ਗੁਰਭਜਨ ਗਿੱਲ ਦਾ ਕਾਵਿ ਸੰਗ੍ਰਹਿ ਚਰਖ਼ੜੀ: ਸਮਾਜਿਕ ਚਿੰਤਵਾਂ ਦਾ ਗਲੋਟਾ–ਉਜਾਗਰ ਸਿੰਘ, ਪਟਿਆਲਾ

‘ਚਰਖ਼ੜੀ’ ਸ਼ਬਦ ਸਿੱਖ ਇਤਿਹਾਸ ਵਿੱਚ ਪਵਿਤਰਤਾ ਦਾ ਪ੍ਰਤੀਕ ਬਣਕੇ ਗਿਆਨ ਦੀ ਰੌਸ਼ਨੀ ਫ਼ੈਲਾ ਰਿਹਾ ਹੈ। 

ਗੁਰਭਜਨ ਗਿੱਲ ਮਾਖ਼ਿਓਂ ਮਿੱਠੀ ਸ਼ਬਦਾਵਲੀ ਦਾ ਵਣਜ਼ਾਰਾ ਹੈ, ਜਿਨ੍ਹਾਂ ਦੀ ਕਲਮ ਦੀ ਸਿਆਹੀ ਸਾਹਿਤਕ ਖੇਤਰ ਵਿੱਚ ਸੁਨਹਿਰੀ ਸ਼ਬਦਾਂ ਦੀ ਖ਼ੁਸ਼ਬੂ ਨਾਲ ਸਮਾਜਿਕ ਵਾਤਾਵਰਨ ਨੂੰ ਸ਼ਰਸਾਰ ਕਰ ਰਹੀ ਹੈ। ਉਨ੍ਹਾਂ ਦਾ ਚਰਖ਼ੜੀ ਕਾਵਿ ਸੰਗ੍ਰਹਿ ਵੀ ਸਮਾਜਿਕ ਦੁਸੰਗਤੀਆਂ ਨੂੰ ਆਪਣੀ ਸਰਲ ਅਤੇ ਆਮ ਜੀਵਨ ਵਿੱਚ ਬੋਲੀ ਜਾਣ ਵਾਲੀ ਸ਼ਬਦਾਵਲੀ ਰਾਹੀਂ ਸਮਾਜ ਨੂੰ ਮਿੱਠੀ ਮਿੱਠੀ ਟਣਕੋਰ ਲਾ ਕੇ ਪ੍ਰੇਰਨਾ ਦੇ ਰਿਹਾ ਹੈ ਕਿ ਵਕਤ ਨੂੰ ਸੰਭਾਲ ਲਵੋ। 

ਹੱਥੋਂ ਨਿਕਲਿਆ ਵਕਤ ਪਕੜਿਆ ਨਹੀਂ ਜਾਣਾ, ਜਿਸਦਾ ਪਛਤਾਵਾ ਸਮਾਜ ਨੂੰ ਸਾਰੀ ਜ਼ਿੰਦਗੀ ਕਰਨਾ ਪਵੇਗਾ। ਭਾਰਤੀਆਂ ਖਾਸ ਤੌਰ ਤੇ ਪੰਜਾਬੀਆਂ ਨੂੰ ਆਪਣੀ ਵਿਰਾਸਤ ‘ਤੇ ਪਹਿਰਾ ਦਿੰਦਿਆਂ ਆਪਣੀ ਪਛਾਣ ਬਣਾਕੇ ਜ਼ੁਲਮ ਦੇ ਵਿਰੁਧ ਆਵਾਜ਼ ਬੁਲੰਦ ਕਰਨ ਲਈ ਪ੍ਰੇਰਨਾ ਦੇ ਰਿਹਾ ਹੈ। ਚਰਖ਼ੜੀ ਪਤੰਗ ਦੀ ਡੋਰ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਜ਼ਿੰਦਗੀ ਦੀਆਂ ਤਹਿਾਂ ਦਾ ਸੂਚਕ ਬਣਕੇ ਇਸ ਪੁਸਤਕ ਦੇ ਰੂਪ ਵਿੱਚ ਪ੍ਰਗਟ ਹੋਈ ਹੈ। ਚਰਖ਼ੜੀ ਦੀਆਂ ਕਵਿਤਾਵਾਂ ਮਨੋਰੰਜਨ ਦਾ ਪ੍ਰਗਟਾਵਾ ਨਹੀਂ ਕਰਦੀਆਂ ਸਗੋਂ ਇਹ ਕਵਿਤਾਵਾਂ ਤਾਂ ਸਮਾਜ ਵਿੱਚਲੀਆਂ ਚਲੰਤ ਘਟਨਾਵਾਂ ਅਤੇ ਸਮੱਸਿਆਵਾਂ ਦੇ ਹਲ ਲਈ ਮਾਨਵਤਾ ਨੂੰ ਜਾਗ੍ਰਤ ਕਰਨ ਦਾ ਸਨੇਹਾ ਦੇ ਰਹੀਆਂ ਹਨ। ਦਰਦਨਾਮਾ ਸਿਰਲੇਖ ਵਾਲੀ ਕਵਿਤਾ ਵਿੱਚ ਕਵੀ ਲਿਖਦਾ ਹੈ:

ਇਹ ਮਾਰੂ ਹਥਿਆਰ ਪਾੜਦੇ ਸਾਡੇ ਬਸਤੇ।
ਬੰਬ ਬੰਦੂਕਾਂ ਖਾ ਚਲੀਆਂ ਨੇ ਪਿਆਰ ਚੁਰੱਸਤੇ।
ਮਿੱਧਣ ਸੁਰਖ਼ ਗੁਲਾਬ ਨਾ ਸਮਝਣ ਹਾਥੀ ਮਸਤੇ।
ਤਿੜਕ ਰਹੇ ਰੰਗ ਰੱਤੜੇ ਚੂੜੇ ਸਣੇ ਕਲ੍ਹੀਰੇ।
ਕਿਵੇਂ ਤਿਰੰਗੇ ਦੇ ਵਿੱਚ ਲਿਪਟੇ,
ਸੁੱਤੇ ਨੀਂਦ ਸਦੀਵੀ ਜਿਹੜੀ ਭੈਣ ਦੇ ਵੀਰੇ।
ਸਰਹੱਦਾਂ ਉਰਵਰ ਪਾਰ ਇਹ ਹੋਕਾ ਲਾਉ,
ਧਰਮ, ਜ਼ਾਤ ਦੇ ਪਟੇ ਉਤਾਰੋ।
ਬਰਖ਼ੁਰਦਾਰੋ, ਆਪਣੀ ਹੋਣੀ ਆਪ ਸੰਵਾਰੋ,
ਅੰਨ੍ਹੇ ਬੋਲੇ ਤਖ਼ਤ ਤਾਜ ਨੂੰ ਇਹ ਵੀ ਆਖ ਸੁਣਾਉ।

ਪ੍ਰੋ. ਗੁਰਭਜਨ ਸਿੰਘ ਗਿੱਲ
ਪ੍ਰੋ.ਗੁਰਭਜਨ ਸਿੰਘ ਗਿੱਲ

ਗੁਰਭਜਨ ਗਿੱਲ ਦੀ ਕੋਈ ਇਕ ਕਵਿਤਾ ਵੀ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਬਣਦੀ ਭਾਵੇਂ ਉਹ ਇਨਸਾਨ ਸਕੂਨ ਤਾਂ ਜ਼ਰੂਰ ਦਿੰਦੀਆਂ ਹਨ। ਚਰਖ਼ੜੀ ਦੀਆਂ 91 ਕਵਿਤਾਵਾਂ, ਗੀਤ ਅਤੇ ਰੁਬਾਈਆਂ ਸਮਾਜਿਕ ਹਾਲਾਤ ਨੂੰ ਦ੍ਰਿਸ਼ਟਾਂਤਮਿਕ ਤੌਰ ‘ਤੇ ਵਿਖਾਕੇ ਪਾਠਕਾਂ ਨੂੰ ਜਾਗ੍ਰਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਤਾਂ ਜੋ ਪਾਠਕ ਸਮਾਜਿਕ, ਸਭਿਆਚਾਰਿਕ ਅਤੇ ਧਾਰਮਿਕ ਸੋਚ ਵਿੱਚ ਤਬਦੀਲੀ ਲਿਆਉਣ ਲਈ ਪ੍ਰਬੰਧਕੀ ਢਾਂਚੇ ਦੀ ਕੋਝੀ ਚਾਲ ਨੂੰ ਠੱਲ ਪਾ ਸਕੇ। 

ਵਿਰਾਸਤ ਨਾਲੋਂ ਟੁਟਕੇ ਕੋਈ ਵੀ ਕੌਮ ਚਿਰ ਸਥਾਈ ਨਹੀਂ ਰਹਿ ਸਕਦੀ। ਆਪਣੀ ਪਹਿਲੀ ਨਜ਼ਮ ਚਰਖ਼ੜੀ ਵਿੱਚ ਹੀ ਕਵੀ ਨੇ ਅਨੇਕਾਂ ਵਿਸ਼ਿਆਂ ਨੂੰ ਛੂੰਹਦਿਆਂ ਵਰਤਮਾਨ ਸਮੇਂ ਦੀਆਂ ਤਬਦੀਲੀਆਂ ਦੀ ਦੌੜ ਵਿੱਚ ਲਿਪਟਕੇ ਆਪਸੀ ਰਿਸ਼ਤਿਆਂ ਦੇ ਹੋ ਰਹੇ ਘਾਣ ਬਾਰੇ ਜਾਣੂੰ ਕਰਵਾਇਆ ਹੈ। ਨੰਦੋ ਬਾਜ਼ੀਗਰਨੀ ਅਲੋਪ ਹੋ ਰਹੇ ਚੇਟਕਾਂ ਦਾ ਵਾਸਤਾ ਪਾਉਂਦੀ ਇਨਸਾਨੀਅਤ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਨੈਤਿਕਤਾ ਦਾ ਪੱਲਾ ਫੜਕੇ ਹੀ ਸਰਵੋਤਮ ਇਨਸਾਨ ਬਣਿਆਂ ਜਾ ਸਕਦਾ ਹੈ। ਨੰਦੋ ਬਾਜ਼ੀਗਰਨੀ ਦੀ ਸੋਚ ਨੂੰ ਸਲਾਮ ਕਰਨਾ ਬਣਦਾ ਹੈ ਕਿ ਉਹ ਸਾਡੇ ਸਮਾਜ ਦੀ ਮਾਨਸਿਕ ਦੁਰਦਸ਼ਾ ਨੂੰ ਸਮਝਦੀ ਹੋਈ ਚੇਤਨਤਾ ਪੈਦਾ ਕਰਨਾ ਚਾਹੁੰਦੀ ਹੈ। ਪੈਸੇ ਦੀ ਦੌੜ ਵਿੱਚ ਸਮਾਜ ਆਪਣਾ ਆਪਾ ਗੁਆਚ ਰਿਹਾ ਹੈ। ਦੁਸਹਿਰਾ ਯੁੱਧ ਦਾ ਆਖ਼ਰੀ ਦਿਨ ਨਹੀਂ ਹੁੰਦਾ, ਵਿੱਚ ਕਵੀ ਮਾਨਵਤਾ ਨੂੰ ਅਜਿਹੇ ਢੌਂਗ ਕਰਨ ਦੀ ਥਾਂ ਆਪਣੇ ਅੰਦਰਲੇ ਰਾਵਣ ਨੂੰ ਮਾਰਨ ਦੀ ਖੇਚਲ ਕਰਨ ਲਈ ਪ੍ਰੇਰਦਾ ਹੈ। ਸਮਾਜ ਦਾ ਬੁਰਾਈਆਂ ਨਾਲ ਲੜਨ ਲਈ ਹਮੇਸ਼ਾ ਤਤਪਰ ਰਹਿਣਾ ਜ਼ਰੂਰੀ ਹੈ। ਪਰਜਾਪੱਤ ਕਵਿਤਾ ਵਿਚ ਸ਼ਾਇਰ ਲਿਖਦੇ ਹਨ:

ਕਹਿਣਗੇ, ਅਸੀਂ ਭਿੱਟੇ ਗਏ! ਤੁਸੀਂ ਨਹਾ ਕੇ ਆਉ!
ਪੁੱਛਣ ਵਾਲਾ ਹੀ ਕੋਈ ਨਹੀਂ,
ਭਿੱਟੇ ਗਏ ਤੁਸੀਂ ਤੇ ਨਹਾਈਏ ਅਸੀ!

ਗਿਆਨ ਦੇ ਮੋਤੀ ਲੱਭਣੇ ਤਾਂ ਸੌਖੇ ਹਨ ਪ੍ਰੰਤੂ ਉਨ੍ਹਾਂ ਤੇ ਪਹਿਰਾ ਦੇਣਾ ਮੁਸ਼ਕਲ  ਅਤਿਅੰਤ ਅਤੇ ਜ਼ਰੂਰੀ ਹੈ।  ਸੂਰਜ ਦੀ ਜ਼ਾਤ ਨਹੀਂ ਹੁੰਦੀ ਕਵਿਤਾ ਵਿੱਚ ਕਵੀ ਮਨ ਦੀ ਰੌਸ਼ਨੀ ਪੈਦਾ ਕਰਨ ਦੀ ਤਾਕੀਦ ਕਰਦਾ ਹੈ। ਉਹ ਪੁੱਛਦੇ ਨੇ ਅੱਥਰਾ ਘੋੜਾ ਕੀ ਹੁੰਦੈ ਕਵਿਤਾ ਵਿੱਚ ਗੁਰਭਜਨ ਗਿੱਲ ਸਿਆਸਤਦਾਨਾ ਦੀਆਂ ਫਰੇਬੀ ਚਾਲਾਂ ਦਾ ਪਰਦਾ ਫ਼ਾਸ਼ ਕਰਦਾ ਹੈ। ਇਤਿਹਾਸ ਵਿੱਚੋਂ ਧਾਰਮਿਕ ਉਦਾਹਰਨਾ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਅਜ਼ਬ ਸਰਕਸ, ਡਾਰਵਿਨ ਝੂਠ ਬੋਲਦਾ ਅਤੇ ਉਹ ਕਲਮ ਕਿੱਥੇ ਹੈ ਜਨਾਬ ਕਵਿਤਾਵਾਂ ਵਿੱਚ ਵੀ ਭਰਿਸ਼ਟ ਨਿਜ਼ਾਮ ਤੇ ਕਿੰਤੂ ਪ੍ਰੰਤੂ ਕਰਦੇ ਹਨ। ਝੁਗੀਆਂ ਵਾਲੇ ਸਿਰਲੇਖ ਵਾਲੀ ਕਵਿਤਾ ਵਿੱਚ ਕਵੀ ਲਿਖਦਾ ਹੈ,

ਵੋਟਾਂ ਵਾਲੇ ਵੀ ਪੰਜ ਸਾਲਾਂ ਬਾਅਦ, ਆਟਾ ਦਾਲ, ਸ਼ਰਾਬ ਦੀ ਬੋਤਲ।
ਭੁੱਕੀ, ਅਫ਼ੀਮ ਤੇ ਹੋਰ ਨਿੱਕ ਸੁੱਕ, ਝੁੱਗੀਆਂ ਪੰਜੀਂ ਸਾਲੀਂ ਦੀਵਾਲੀ।

‘ਨੇਤਾ ਜੀ ਨੇ ਮੈਨੂੰ ਪੁੱਛਿਆ’ ਕਵਿਤਾ ਵਿਚ ਗੁਰਭਜਨ ਗਿੱਲ ਲਿਖਦਾ ਹੈ,

ਤੇਰੀ ਚੁੱਭ ਤੈਨੂੰ ਮਹਿੰਗੀ ਪੈ ਸਕਦੀ ਹੈ।
ਇਹ ਆਖ਼ਰੀ ਮੌਕਾ ਹੈ, ਪੱਥਰ ਹੋ ਜਾਵੇਂਗਾ।
ਮੈਂ ਕਿਹਾ, ਰਾਹ ਦਾ ਪੱਥਰ ਨਹੀਂ, ਮੀਲ ਪੱਥਰ ਬਣਾਂਗਾ।
ਸੁਣੋ ਜੇ ਸੁਣ ਸਕਦੇ ਹੋ।
ਟੈਂਕੀਆਂ ਤੇ ਚੜ੍ਹਨ ਵਾਲੇ, ਹਰ ਮੌਸਮ ਹੱਕ ਮੰਗਦੇ।
ਤਿਲ ਤਿਲ ਕਰਕੇ ਮਰਨ ਵਾਲੇ, ਲਾਠੀਆਂ, ਗੋਲੀਆਂ ਤੇ ਬੁਛਾੜਾਂ।
ਨੰਗੇ ਪਿੰਡੇ ਜਰਨ ਵਾਲੇ, ਆਪਣੇ ਹੀ ਭਾਈਬੰਦ ਹਨ।
Ñੋਕਾਂ ਦੀਆਂ ਮਾਵਾਂ ਧੀਆਂਪੁੱਤਰਾਂ ਨੂੰ, ਨੁਹਾ ਧੁਆ ਕੇ ਸਕੂਲ ਤੋਰਦੀਆਂ।
ਸੁਪਨਚੋਗ ਚੁਗਣ ਲਈ, ਪਰ ਸਾਡੀਆਂ ਮਾਵਾਂ।
ਰੱਦੀ, ਮੋਮੀ ਲਿਫ਼ਾਫ਼ੇ ਤੇ ਕਿਲ ਕਾਂਟੇ, ਚੁਕਣ ਲਈ ਤੋਰਦੀਆਂ ਨੇ।

‘ਬਦਲ ਗਏ ਮੰਡੀਆਂ ਦੇ ਭਾਅ’ ਕਵਿਤਾ ਵਿੱਚ ਕਿਸਾਨੀ ਕਰਜ਼ੇ ਦੀ ਗੱਲ ਕਰਦੇ ਹੋਏ ਆਧੁਨਿਕ ਤਕਨੀਕ ਦੇ ਨਾਂ ਤੇ ਖੇਤੀ ਉਤਪਾਦਨ ਲਈ ਕੀਤੇ ਜਾ ਰਹੇ ਖ਼ਰਚਿਆ ਨੂੰ ਘਟਾਉਣ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਦੀ ਸਲਾਹ ਵੀ ਦਿੰਦੇ ਹਨ। ਜਾਗਦੀ ਹੈ ਮਾਂ ਅਜੇ, ਮੇਰੀ ਮਾਂ, ਭੱਠੇ ‘ਚ ਤਪਦੀ ਮਾਂ, ਮੇਰੀ ਮਾਂ ਤਾਂ ਰੱਬ ਦੀ ਕਵਿਤਾ, ਕਰੋਸ਼ੀਏ ਨਾਲ ਮਾਂ, ਬਹੁਤ ਯਾਦ ਆਉਂਦੀ ਹੈ ਲਾਲਟੈਣ, ਕੋਲੋਂ ਲੰਘਦੇ ਹਾਣੀਓ, ਲੰਮੀ ਉਮਰ ਇਕੱਠਿਆਂ, ਜਦੋਂ ਬਹੁਤ ਕੁਝ ਗੁਆਚਦੈ ਮਾਂ ਸਣੇ ਅਤੇ ਮਾਵਾਂ ਨਹੀਂ ਥੱਕਦੀਆਂ ਕਵਿਤਾਵਾਂ ਵਿੱਚ ਮਾਂ ਦੀ ਪਰਿਵਾਰਾਂ ਲਈ ਦੇਣ ਅਤੇ ਇਸਤਰੀ ਜ਼ਾਤੀ ਦੀ ਅਹਿਮੀਅਤ ਦਰਸਾਉਂਦੀਆਂ ਹਨ ਕਿ ਇਸਤਰੀ ਦਾ ਸਿਹਤਮੰਦ ਸਮਾਜ ਦੀ ਉਸਾਰੀ ਵਿੱਚ ਯੋਗਦਾਨ ਕਿਤਨਾ ਮਹੱਤਵਪੂਰਨ ਹੈ। 

ਇਸਤਰੀ ਜਿਤਨੀ ਦੇਰ ਪੜ੍ਹੀ ਲਿਖੀ ਨਹੀਂ ਹੁੰਦੀ, ਉਤਨੀ ਦੇਰ ਸਮਾਜ ਤਰੱਕੀ ਨਹੀਂ ਕਰ ਸਕਦਾ। ਔਰਤ ਪਰਮਾਤਮਾ ਦੀ ਬਿਹਤਰੀਨ ਸਿਰਜਣਾ ਹੈ। ਇਸਤਰੀ, ਮਾਂ, ਭੈਣ, ਪਤਨੀ ਅਤੇ ਭਾਵੇਂ ਸਪੁੱਤਰੀ ਦੇ ਰੂਪ ਵਿੱਚ ਹੋਵੇ ਜੇ ਉਹ ਗਿਆਨ ਦੀ ਗੁਥਲੀ ਹੋਵੇਗੀ ਤਾਂ ਬਿਹਤਰੀਨ ਸਮਾਜ ਸਿਰਜਿਆ ਜਾ ਸਕਦਾ ਹੈ। ਕਵੀ ਇਸਤਰੀ ਦੀ ਮਹੱਤਤਾ ਨੂੰ ਸਮਝਣ ਦੀ ਦਲੀਲ ਦਿੰਦਾ ਹੈ। 

ਗੁਰਭਜਨ ਗਿੱਲ ਦੀਆਂ ਬਹੁਤੀਆਂ ਕਵਿਤਾਵਾਂ ਵਿੱਚ ਕਿਤੇ ਨਾ ਕਿਤੇ ਮਾਂ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਲੰਮੀ ਉਮਰ ਇਕੱਠਿਆਂ ਕਵਿਤਾ ਵਿੱਚ ਬੱਚਿਆਂ ਦੇ ਮਾਪਿਆਂ ਨਾਲੋਂ ਭੰਗ ਹੋ ਰਹੇ ਮੋਹ ਬਾਰੇ ਸਲੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਮਾਪੇ ਹਰ ਔਖੀ ਘੜੀ ਵਿੱਚ ਬੱਚਿਆਂ ਦੀ ਪਰਵਰਿਸ਼ ਕਰਦੇ ਹਨ ਪ੍ਰੰਤੂ ਜਦੋਂ ਮਾਪਿਆਂ ਤੇ ਬੁਢਾਪਾ ਆਉਂਦਾ ਹੈ, ਤੇਰੀ ਮਾਂ ਕਹਿਕੇ ਪਾਸਾ ਵੱਟਣਾ ਲਾਹਣਤ ਦੇ ਬਰਾਬਰ ਹੈ। 

ਮਾਪੇ ਸੀਮਤ ਸਾਧਨਾ ਵਿੱਚ ਵੀ ਬੱਚੇ ਪਾਲਦੇ ਰਹੇ ਪ੍ਰੰਤੂ ਅੱਜ ਕਲ੍ਹ ਸਾਰੇ ਸਾਧਨ ਹੋਣ ਦੇ ਬਾਵਜੂਦ ਮਾਪਿਆਂ ਦੀ ਨਿਰਾਦਰੀ ਕੀਤੀ ਜਾ ਰਹੀ ਹੈ। ਜੇ ਇਹ ਕਹਿ ਲਿਆ ਜਾਵੇ ਕਿ ਇਹ ਪੁਸਤਕ ਇਸਤਰੀਆਂ, ਗ਼ਰੀਬਾਂ ਮਜ਼ਦੂਰਾਂ, ਦੱਬੇ ਕੁਚਲੇ ਅਤੇ ਲਿਤਾੜੇ ਜਾ ਰਹੇ ਵਰਗਾਂ ਦੀਆਂ ਨਪੀੜੀਆਂ ਭਾਵਨਵਾਂ ਦੀ ਤਰਜਮਾਨੀ ਕਰਦੀ ਹੈ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਸਮਾਜਿਕ ਨਾ ਬਰਾਬਰੀ ਦੇ ਵਿਰੁਧ ਅਤੇ ਅਤੇ ਮਨੁੱਖੀ ਹੱਕਾਂ ਦੀ ਵਕਾਲਤ ਵੀ ਕਰਦੀ ਹੈ। ਕੋਈ ਅਜਿਹਾ ਵਿਸ਼ਾ ਨਹੀਂ ਜਿਸ ਰਾਹੀਂ ਸਮਾਜ ਵਿੱਚ ਅਨਿਅਏ ਹੋ ਰਿਹਾ ਹੋਵੇ, ਉਸ ਵਿਰੁੱਧ ਸ਼ਾਇਰ ਨੇ ਆਵਾਜ਼ ਨਾ ਬੁਲੰਦ ਕੀਤੀ ਹੋਵੇ ਪ੍ਰੰਤੂ ਕਵੀ ਦਾ ਕੋਮਲ ਮਨ ਬਹੁਤ ਹੀ ਭਾਵਪੂਰਤ ਸ਼ਬਦਾਵਲੀ ਵਿੱਚ ਸਹਿੰਦੇ ਸਹਿੰਦੇ ਤੁਣਕੇ ਮਾਰਦਾ  ਹੈ। ਵਿਸ਼ਾ ਚੁਣਨਾ ਤਾਂ ਵੱਡੀ ਗੱਲ ਨਹੀਂ ਪ੍ਰੰਤੂ ਵਿਸ਼ੇ ਨਾਲ ਇਨਸਾਫ ਕਰਨਾ ਬਹੁਤ ਮਹੱਤਵਪੂਰਨ ਹੈ। 

ਗੁਰਭਜਨ ਗਿੱਲ ਇਹ ਜ਼ਿੰਮੇਵਾਰੀ ਨਿਭਾਉਣ ਵਿੱਚ ਸਫ਼ਲ ਸਾਬਤ ਹੋਏ ਹਨ। ਪਦਾਰਥਵਾਦ ਦਾ ਭੂਤ ਸਮਾਜ ਨੂੰ ਘੁਣ ਵਾਂਗ ਖਾ ਰਿਹਾ ਹੈ। ਕਵੀ ਸਮਾਜ ਵਿੱਚ ਸੁਧਾਰ ਲਿਆਉਣ ਲਈ ਸ੍ਰੀ ਗੁਰੂ ਨਾਨਕ ਦੇਵ, ਸ੍ਰੀ ਗੁਰੂ ਅਰਜਨ ਦੇਵ, ਸ੍ਰੀ ਗੁਰੂ ਤੇਗ ਬਹਾਦਰ, ਭੈਣ ਨਾਨਕੀ ਵੀਰ ਨੂੰ ਲੱਭਦਿਆਂ, ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਤੋਂ ਨਸੀਹਤ ਲੈਣ ਦੀ ਪ੍ਰੇਰਨਾ ਦਿੰਦਾ ਹੈ। ਹਰ ਸਮੱਸਿਆ ਦੇ ਹਲ ਲਈ ਗੁਰੂਆਂ ਦੀ ਵਿਚਾਰਧਾਰਾ ਦਾ ਸਹਾਰਾ ਲੈ ਕੇ ਕਵਿਤਾਵਾਂ ਰਾਹੀਂ ਪ੍ਰੇਰਨਾ ਦਿੰਦੇ ਹਨ। ਅਮੀਰ ਵਿਰਾਸਤ ਤੋਂ ਮੁਖ ਮੋੜਨਾ ਸਮਾਜ ਲਈ ਭਾਰੂ ਪੈ ਰਿਹਾ ਹੈ। 

ਧਾਰਮਿਕ ਕੱਟੜਤਾ ਸਮਾਜ ਨੂੰ ਖੋਖਲਾ ਕਰ ਰਹੀ ਹੈ। ਕਵੀ ਦੀਆਂ ਕਵਿਤਾਵਾਂ ਦੇ ਵਿਸ਼ੇ ਹਰ ਸਮਾਜਿਕ ਬਿਮਾਰੀ ਦੀਆਂ ਪਰਤਾਂ ਖੋਲ੍ਹਦੇ ਹਨ। ਗ਼ਰੀਬੀ, ਹੱਕ ਸੱਚ ਦੀ ਲੜਾਈ, ਬਲਤਕਾਰ, ਭਰੂਣ ਹੱਤਿਆ ਅਤੇ ਕਰਜ਼ਿਆਂ ਦੀ ਹੋੜ੍ਹ ਬਾਰੇ ਕਵਿਤਾਵਾਂ ਲਿਖਕੇ ਸਮਾਜ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਹਨ। ਆਪਣੀਆਂ ਕਵਿਤਾਵਾਂ ਵਿੱਚ ਰਾਜਨੀਤਕ ਭਰਿਸ਼ਟਚਾਰ ਅਤੇ ਬੇਹੂਦਗੀ ਦੀ ਤਸਵੀਰ ਪੇਸ਼ ਕਰ ਦਿੰਦੇ ਹਨ। ਸਮਾਜ ਵਿੱਚ ਮਾਫੀਆ ਪ੍ਰਣਾਲੀ ਦੇ ਘਾਤਕ ਪ੍ਰਣਾਮ ਗ਼ਰੀਬਾਂ ਨੂੰ ਹੋਰ ਗ਼ਰੀਬ ਕਰ ਰਹੇ ਹਨ। ਪਤਾ ਹੋਵੇ ਤਾਂ ਦੱਸਦਾ ਕਵਿਤਾ ਵਿੱਚ ਕਾਰਪੋਰੇਟ ਦੇ ਹਮਲੇ ਬਾਰੇ ਲਿਖਦੇ ਹਨ,

ਦਰਜੀ ਦੀ ਮਸ਼ੀਨ ਖਾ ਗਏ ਕਾਰਪੋਰੇਟ, ਹੱਟੀਆਂ ਨੂੰ ਉਜਾੜ ਗਏ ਮਾਲ।
ਭੱਠੀਆਂ ਤੋਂ ਦਾਣੇ ਦੇ ਪੈਕਿਟਾਂ ਜਾ ਲੁਕੇ, ਥੈਲੀਸ਼ਾਹਾਂ ਦੇ ਕਰਿੰਦੇ ਬਣ ਗਏ।
ਕੁਆਰ ਗੰਦਲ ਐਲੋਵੀਰਾ ਬਣ ਕੇ, ਜਾ ਬੈਠੀ ਹੈ ਮੁਨਾਫ਼ੇ ਦੀਆਂ ਡੱਬੀਆਂਚ।

ਸਾਈਂ ਲੋਕ ਗਾਉਂਦੇ ਕਵਿਤਾ ਵਿੱਚ ਸੁਹਜਾਤਮਿਕ ਢੰਗ ਨਾਲ ਦੱਸਿਆ ਹੈ ਕਿ ਕੋਮਲ ਕਲਾਵਾਂ ਬੜਾ ਕੁਝ ਕਹਿ ਜਾਂਦੀਆਂ ਹਨ। ਕਵਿਤਾ ਲਿਖਿਆ ਕਰੋ ਬਿੰਬਾਤਮਿਕ ਕਵਿਤਾ ਹੈ, ਜਿਸ ਵਿੱਚ ਅਨੇਕ ਨੁਕਤੇ ਉਠਾਉਂਦਿਆਂ ਕਵੀ ਨੇ ਸਬਰ ਸੰਤੋਖ ਦਾ ਪੱਲਾ ਫੜਨ, ਸਹਿਜਤਾ ਗ੍ਰਹਿਣ ਕਰਨ, ਕੁੜੀਆਂ ਨੂੰ ਧੀਆਂ ਸਮਝਣ, ਪੀੜ ਸਮੂਹਕ ਹੋਣਾ ਆਦਿ ਬਾਰੇ ਕਵਿਤਾਵਾਂ ਇਥੇ ਸੂਤਰਧਾਰ ਦਾ ਕੰਮ ਕਰਦੀਆਂ ਹਨ। 

ਕਾਲਾ ਟਿੱਕਾ ਕਵਿਤਾ ਰਾਜ ਕਰ ਰਹੀ ਕੇਂਦਰ ਸਰਕਾਰ ‘ਤੇ ਵਿਅੰਗ ਕਰਦੀ ਉਨ੍ਹਾਂ ਦੀਆਂ ਆਪ ਹੁਦਰੀਆਂ ਨੂੰ ਨੰਗਿਆਂ ਕਰਦੀ ਹੈ। ਥੋੜ੍ਹੇ ਜਹੇ ਪੈਸਿਆਂ ਵਿੱਚ ਕਵਿਤਾ ਬਿਹਤਰੀਨ ਸੰਦੇਸ਼ ਦਿੰਦੀ ਹੈ ਕਿ ਇਨਸਾਨ ਨੂੰ ਸਿਆਣਪ ਨਾਲ ਹਰ ਕੰਮ ਕਰਨਾ ਚਾਹੀਦਾ ਪੈਸਾ ਹਰ ਥਾਂ ਕੰਮ ਨਹੀਂ ਆਉਂਦਾ। 

ਗੁਰਭਜਨ ਗਿੱਲ ਦੀ ਇਸ ਪੁਸਤਕ ਵਿੱਚ ਕੇਂਦਰ ਵਿੱਚ ਰਾਜ ਕਰ ਰਹੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਬਾਰੇ ਬੜੇ ਹੀ ਸੁਚੱਜੇ ਢੰਗ ਨਾਲ ਚੋਟਾਂ ਲਾਈਆਂ ਹਨ, ਜਿਹੜੀਆਂ ਸਮਝਦਾਰ ਪਾਠਕ ਲਈ ਉਸਾਰੂ ਯੋਗਦਾਨ ਪਾ ਰਹੀਆਂ ਹਨ। ਸਿੱਧੇ ਢੰਗ ਨਾਲ ਟਕਰਾਓ ਪੈਦਾ ਕਰਨ ਵਾਲੀਆਂ ਕਵਿਤਾਵਾਂ ਨਹੀਂ ਹਨ ਪ੍ਰੰਤੂ ਬੁੱਧੀਜੀਵੀਆਂ ਦੀ ਮਾਨਸਕਤਾ ਨੂੰ ਕੁਰੇਦਣ ਦਾ ਕੰਮ ਕਰ ਰਹੀਆਂ ਹਨ। ਬੂਬੂ ਨੂੰ ਕੁੱਤਾ ਨਾ ਕਹੋ ਮਨੁੱਖਤਾ ਦੀ ਮੂਰਖਤਾ ਦਾ ਪ੍ਰਗਟਾਵਾ ਕਰਦੀ ਹੈ, ਜਦੋਂ ਉਹ ਕਹਿੰਦੇ ਹਨ ‘‘ਰੋਟੀ ਵੇਖ ਕੇ ਪੂਛ ਨਹੀਂ ਹਿਲਾਉਂਦਾ।’’ ਭਾਵ ਇਨਸਾਨ ਵਫ਼ਦਾਰ ਨਹੀਂ ਬਣਦਾ, ਕੁੱਤਾ ਇਨਸਾਨ ਤੋਂ ਵਧੇਰੇ ਵਫ਼ਦਾਰ ਹੈ। 

ਅਸੀਸ ਕਵਿਤਾ ਵਿੱਚ ਸੋਚ ਬਦਲਣ ਨਾਲ ਸਮਾਜ ਬਦਲ ਸਕਦਾ ਹੈ। ਭਾਸੋ ਜਦ ਵੀ ਬੋਲਦੈ ਕਵਿਤਾ ਇਕ ਸਾਧਨ ਬਣਾਕੇ ਕਵੀ ਨੇ ਇਨਸਾਨੀਅਤ ਦੀ ਸੋਚ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਦਿੱਲੀ ਆਪ ਨਹੀਂ ਉਜੜਦੀ ਸੰਕੇਤਕ ਕਵਿਤਾ ਹੈ, ਜਿਸ ਰਾਹੀਂ ਦਰਸਾਇਆ ਗਿਆ ਹੈ ਕੁਝ ਲੋਕਾਂ ਦੀ ਮਾਨਸਿਕਤਾ ਮਨੁੱਖਤਾ ਨੂੰ ਨੁਕਸਾਨ ਪਹੁੰਚਾਉਣ ਤੱਕ ਸੀਮਤ ਹੁੰਦੀ ਹੈ। ਪ੍ਰਕਾਸ਼ ਜਾਈ ਕਵਿਤਾ ਵਿਦਵਾਨ ਇਸਤਰੀਆਂ ਦੀ ਜਦੋਜਹਿਦ ਦਾ ਪ੍ਰਤੀਕ ਬਣਦੀ ਹੈ। ਗੁਰਭਜਨ ਗਿੱਲ ਦੀਆਂ ਬਹੁਤੀਆਂ ਕਵਿਤਾਵਾਂ ਵਰਤਮਾਨ ਰਾਜ ਪ੍ਰਬੰਧ ਦੀਆਂ ਗ਼ਲਤ ਨੀਤੀਆਂ ਦੇ ਵਿਰੁੱਧ ਲੋਕਾਈ ਨੂੰ ਜਾਗ੍ਰਤ ਕਰਦੀਆਂ ਹਨ।
**
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
***

15 ਅਕਤੂਬਰ 2021
***
443
***

ਨੋਟ: ‘ਚਰਖ਼ੜੀ’ ਸਬੰਧੀ ਮਨਦੀਪ ਕੌਰ ਭੰਵਰਾ ਦੀ ਰਚਨਾ ਪੜ੍ਹਨ ਲਈ ਕਲਿੱਕ ਕਰੋ

ੳੁਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ