21 September 2024

ਦੋ ਕਵਿਤਾਵਾਂ— ਮਨਦੀਪ ਕੌਰ ਭੰਮਰਾ

ਹਾਲੇ ਕਿਸਾਨਾਂ ਨੇ ਘਰ ਮੁੜਨਾ ਹੈ

ਉਦਾਸੀ ਦੇ ਸਾਰੇ ਰੰਗ
ਡੀਕ ਲਾ ਕੇ ਪੀ ਲਵੋ ਤੇ ਲਿਬਾਸ ਦੇ ਨਾਂ ‘ਤੇ
ਇਨਸਾਨੀਅਤ ਦਾ ਚੋਲ਼ਾ ਪਾ ਲਵੋ…!
ਆਪਣੇ ਆਪ ਨੂੰ ਕੰਮ ਦੀ ਲਗਨ
ਦੇ ਹਵਾਲੇ ਕਰ ਦਿਓ…!
ਤੇ ਜਿਉਣਾਂ ਭੁੱਲ ਜਾਓ…!
ਸ਼ਖਸੀ ਤੇ ਨਿੱਜੀ ਮੁਹੱਬਤ ਨੂੰ
ਮੁੱਢੋਂ ਖ਼ਾਰਜ ਕਰਦਿਓ…!
ਕੋਈ ਗਿਲਾ ਨਾ ਕਰੋ….!
ਤੇ ਭਾਵਾਂ ਦੀ ਸੁੰਨ ਨਗਰੀ ਵਿੱਚ ਵਾਸਾ ਕਰੋ…!
ਫਿਰ ਸਿਆਹ ਸ਼ਬਦਾਂ ਵਾਲ਼ੀ
ਕਵਿਤਾ ਲਿਖੋ ਚਾਹੇ ਨਾ ਵੀ ਲਿਖੋ…
ਘੁੱਪ ਹਨ੍ਹੇਰੇ ਵਿੱਚ ਚਾਨਣ ਤਲਾਸ਼ਦੇ ਰਹੋ…
ਜੀਵਨ ਦੀਆਂ ਘੁਮਾਵਦਾਰ
ਗਲ਼ੀਆਂ ਵਿੱਚ ਸਪਾਟ ਦੌੜਦੇ ਰਹੋ…!
ਅੰਨ੍ਹੇ ਖੂਹ ਦੀ ਤਲਾਸ਼ ਵਿੱਚ ਭਟਕਦੇ ਰਹੋ…!
ਸੁੰਨ ਸਮਾਧੀ ਵਿੱਚ ਬੈਠਾ ਕੋਈ ਪੂਰਨ
ਆਪਣੀ ਮਾਂ ਇੱਛਰਾਂ ਦੇ ਹੇਰਵੇ ਵਿੱਚ
ਲੁੱਛਦਾ ਜ਼ਰੂਰ ਮਿਲ਼ ਜਾਵੇਗਾ…!
ਲੂਣਾ ਦੀ ਹੋਂਦ ਦੇ ਅਹਿਸਾਸ ਤੋਂ
ਸੱਖਣਾ ਉਸਦਾ ਜੀਵਨ
ਕਿਸੇ ਅੰਤਹੀਣ ਸਫ਼ਰ ਲਈ
ਤਿਆਰ ਹੋ ਰਿਹਾ ਹੋਵੇਗਾ…!
ਇਸ ਜੀਵਨ ਵਿੱਚ
ਹੁਣ ਐਸੀ ਹੀ ਵਿਡੰਬਨਾ ਬਚੀ ਹੈ…!
ਸੂਰਜਾਂ ਨੇ ਕਾਲ਼ੇ ਪਰਛਾਵੇਂ
ਗ੍ਰਹਿਣ ਕਰ ਲਏ ਹਨ…!
ਚੰਦਰਮਾ ਨੂੰ ਗ੍ਰਹਿਣ ਲੱਗ ਚੁੱਕਾ ਹੈ…!
ਸਿਤਾਰੇ ਟਿਮਟਿਮਾਉਣਾ ਭੁੱਲ ਚੁੱਕੇ ਹਨ…!
ਦਿਨ ਰਾਤ ਹੋ ਗਏ ਹਨ
ਰਾਤਾਂ ਚਾਨਣੀਆਂ ਨਹੀਂ ਰਹੀਆਂ
ਪਰ ਚੰਗੀ ਮਨੁੱਖਤਾ ਹਾਲੇ ਜਾਗ ਰਹੀ ਹੈ….
ਨਵੇਂ ਨਿੱਕੇ ਚਾਨਣ ਅੱਖਾਂ ਖੋਹਲ ਰਹੇ ਹਨ..
ਨਵੇਂ ਬਲੂਰ ਨਵੇਂ ਦਿੱਸਹੱਦੇ ਤਲਾਸ਼ ਲੈਣਗੇ…!
ਉਡੀਕ ਦਾ ਪੱਲਾ ਨਹੀਂ ਛੱਡਣਾ ਹੈ…!
ਮਨੁੱਖਤਾ ਨੇ ਹਾਲੇ ਟਹਿਕਣਾ ਹੈ…!
ਨਵੇਂ ਚਾਨਣ ਲੱਭਣੇ ਨੇ…!
ਪਿਆਰ ਦੀ ਕਵਿਤਾ ਹਾਲੇ ਲਿਖਣੀ ਹੈ…!
ਇਹ ਮੇਰੀਆਂ ਆਪੇ ਸੰਗ ਗੱਲਾਂ ਨੇ…!
ਨਿਰੀ ਕਵਿਤਾ ਨਹੀਂ ਹੈ..
ਨਿਰੀ ਆਸਵੰਦੀ ਹੈ ਕਿ
ਹਾਲੇ ਕਿਸਾਨਾਂ ਨੇ ਘਰ ਮੁੜਨਾ ਹੈ…!
***
(ਕਲਾਵਾ) ਵਿੱਚੋਂ( 17.3.2021)
***

ਨਦਰਿ/✍️ਮਨਦੀਪ ਕੌਰ ਭੰਮਰਾ

ਚੁੱਪ ਚੰਗੀ ਹੁੰਦੀ , ਬਹੁਤਾ ਨਾ ਹੁੰਦਾ ਚੰਗਾ ਬੋਲਣਾ,
ਚੁੱਪ ਹੋ ਰਹਣਾ, ਦੁੱਖ ਦੂਜੇ ਅੱਗੇ ਨਾ ਨੰਗਾ ਫੋਲਣਾ,
ਦੁੱਖਾਂ ਵਿੱਚ ਬੀਤੇ ਚਾਹੇ ਸੁੱਖਾਂ ਵਿੱਚ ਬੀਤੇ ਜ਼ਿੰਦਗੀ,
ਗ਼ਮ ਦੀਆਂ ਰਾਤਾਂ ਵਿੱਚ ਨਹੀਂ ਹੁੰਦਾ ਚੰਗਾ ਡੋਲਣਾ!

ਆ ਹੀ ਜਾਂਦੀ ਪਛਾਣ ਇੱਕ ਦਿਨ ਦੁਸ਼ਮਣ ਦੀ ਵੀ,
ਹੌਸਲੇ ਪਸਤ ਕਰ ਨਹੀਂ ਸਕਦੀ ਚਾਲ ਦੁਸ਼ਮਣ ਦੀ,
ਤਿਰਛੀ ਨਜ਼ਰ ਦੇ ਵਾਰ ਅਸਾਂ ਨੇ ਬੜੇ ਝੱਲ  ਗੁਜ਼ਰੇ,
ਕਹਿਰੀ ਨਜ਼ਰ ਰਹੀ ਸਦਾ ਸਾਡੇ ਵੱਲ ਦੁਸ਼ਮਣ ਦੀ!

ਹਾਰਿਆ  ਉਹੀ ਹਮੇਸ਼ਾਂ ਭਾਵੇਂ  ਹਾਰਦੇ ਅਸੀਂ ਜਾਪੇ,
ਹੱਸ ਕੇ ਜਿਉਂ ਜਾਣ ਦਾ  ਵੱਲ ਸਿਖਾ ਗਏ ਸੀ  ਮਾਪੇ,
ਗੁਰੂ ਨਾਨਕ ਨੇ ਰਸਤੇ ਦਿਖਾਏ ਆਪ  ਅੱਗੇ ਆ ਕੇ,
ਮਿਟਾ ਚੁੱਕੇ ਸੀ ਅਸੀਂ ਤਾਂ ਅਪਣੀ ਹਸਤੀ ਹੀ ਆਪੇ!

ਰਹਿਮਤ ਦੇ  ਸਾਏ ਅਮੀਰੀ ‘ਚ ਹੋਣ ਜ਼ਰੂਰੀ ਨਹੀਂ,
ਕਿਸਮਤ ਦੇ ਨਾਲ਼  ਸੱਚੇ ਸਾਧਨ ਹੋਣ ਜ਼ਰੂਰੀ ਨਹੀਂ,
ਮਸ਼ਹੂਰ ਹੋਣ ਵਾਸਤੇ ਮਗ਼ਰੂਰ ਹੋਣਾ ਜ਼ਰੂਰੀ ਨਹੀਂ,
ਫ਼ਕੀਰੀ ਦੇ ਗਹਿਣੇ ਹਰੇਕ ਕੋਲ਼ ਹੋਣ ਜ਼ਰੂਰੀ ਨਹੀਂ!

ਅਮਲਾਂ ਦੇ ਨਾਲ਼ ਨਿਬੇੜੇ ਬਾਤ ਕਿਸੇ ਪੁੱਛਣੀ  ਨਹੀਂ,
ਕਰਮਾਂ ‘ਤੇ ਮੁੱਕਣੇ ਨਿਬੇੜੇ ਜ਼ਾਤ ਕਿਸੇ ਪੁੱਛਣੀ ਨਹੀਂ,
ਡਰ ਅਰਸ਼ੋਂ ਡਿੱਗਣ ਦਾ,ਫ਼ਰਸ਼ ‘ਤੋਂ ਡਿੱਗਣ ਦਾ  ਕੀ,
ਬੁਰੇ ਕਰਮਾਂ ਤੋਂ ਕਰ ਤੌਬਾ ਬਾਤ ਕਿਸੇ ਪੁੱਛਣੀ ਨਹੀਂ!

ਸਾਰੀ ਖੇਡ ਨਫ਼ਰਤ  ਵਾਲ਼ੀ ਜੋ ਉਹਦੇ ਹਿੱਸੇ ਆਈ,
ਕੁੱਤਾ ਰਾਜ ਬਹਾਲ਼ੀਐ ਮੁੜ ਚੱਕੀ ਚੱਟੇ ਹਿੱਸੇ ਆਈ,
ਲਬ ਕੁੱਤਾ ਅੰਦਰ ਵੜ ਬੈਠੈ ਨਾ ਭਜਾਵੇ ਆਪ  ਕਦੇ,
ਨਦਰਿ ਕਰੇ ਅਪਣੀ,ਉਹ ਨਦਰਿ ਨਾ ਹਿੱਸੇ ਆਈ!

ਉੱਚੀ  ਸੋਚ ਦਾ ਗਹਿਣਾ ਪਾਉਣਾ ਚਾਹੇ ਜਦ ਕੋਈ,
ਸੁੱਚੀ ਸੋਚ  ਮਨ ਵਿੱਚ ਵਸਾਉਣਾ ਚਾਹੇ   ਜਦ ਕੋਈ,
ਉਹਦੀ ਅੱਖ ਦਾ ਵਾਲ਼ ਬਣਕੇ ਰੜਕੇ ਫਿਰ  ਉਹੀਓ,
ਜਰੇ ਨਾ ਉਹ, ਸ਼ਾਨ ਸੰਗ ਜਿਉਣਾਂ ਚਾਹੇ ਜਦ ਕੋਈ!
***
(14.3.2021) ‘ਨਿਆਜ਼ਬੋ” ਵਿੱਚੋਂ
***
114 

mandeep Kaur