22 July 2024
ਸਤਨਾਮ ਢਾਹ ਤੇ ਸਾਧੂ ਬਿਨਿੰਗ

ਪੰਜਾਬੀ ਸਾਹਿਤ ਦਾ ਬਹੁ-ਪੱਖੀ ਲੇਖਕ ਸਾਧੂ ਬਿਨਿੰਗ—ਮੁਲਾਕਾਤੀ: ਸਤਨਾਮ ਸਿੰਘ ਢਾਅ (ਕੈਲਗਰੀ,ਕੈਨੇਡਾ)

ਕੈਨੇਡਾ ਭਰ ਦੇ ਲੋਕ ਸਾਧੂ ਬਿਨਿੰਗ ਨੂੰ ਪੰਜਾਬੀ ਬੋਲੀ ਦੇ ਝੰਡਾ ਬਰਦਾਰ ਦੇ ਨਾਂ ਨਾਲ ਜਾਣਦੇ ਹਨ। ਕਿਉਂਕਿ ਇਕ ਤਾਂ ਪਿਛਲੇ ਕਈ ਸਾਲਾਂ ਤੋਂ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਵਿਚ ਪੰਜਾਬੀ ਪੜ੍ਹਾਉਣ ਦੀ ਸੇਵਾ ਕਰ ਰਿਹਾ ਹੈ, ਨਾਲ ਦੀ ਨਾਲ ਬਹੁਤ ਸਾਰੇ ਵਿਸ਼ਿਆਂ ’ਤੇ ਕਲਮ ਰਾਹੀਂ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਵੀ ਕਰ ਰਿਹਾ ਹੈ। ਜਿਸ ਤਰ੍ਹਾਂ ਅਸੀਂ ਸਾਰੇ ਆਪਣੀਆਂ ਆਰਥਿਕ ਲੋੜਾਂ ਤੇ ਥੋੜਾਂ ਦੇ ਮਾਰੇ ਪਰਦੇਸਾਂ ਨੂੰ ਆਏ ਹਾਂ, ਉਸੇ ਤਰ੍ਹਾਂ ਸਾਧੂ ਬਿਨਿੰਗ ਵੀ ਉੱਨੀ ਵੀਹ ਸਾਲ ਦੀ ਉਮਰ ਵਿਚ ਆਪਣੇ ਪਿਤਾ ਜੀ ਦੇ ਸੱਦੇ ’ਤੇ ਆਪਣੀ ਮਾਤਾ ਜੀ ਅਤੇ ਆਪਣੇ ਛੋਟੇ ਭਰਾ ਨਾਲ ਕੈਨੇਡਾ ਆਇਆ। ਰੋਟੀ ਰੋਜ਼ੀ ਲਈ ਉਸ ਨੇ ਵੀ ਉਹ ਸਾਰੇ ਕੰਮ ਕੀਤੇ ਜਿਹੜੇ ਅੱਜ ਨਵੇਂ ਆਏ ਇੰਮੀਗਰੈਂਟ ਕਰਦੇ ਹਨ। ਬਹੁਤ ਘਟ ਲੋਕ ਹਨ ਜਿਨ੍ਹਾਂ ਨੂੰ ਇਨ੍ਹਾਂ ਤੰਗੀਆਂ ਤੁਰਸ਼ੀਆਂ ਵਿੱਚੋਂ ਨਾ ਲੰਘਣਾ ਪਿਆ ਹੋਵੇਗਾ। ਸਾਧੂ ਬਿਨਿੰਗ ਵਿਚ ਅਤੇ ਦੂਜੇ ਲੋਕਾਂ ਵਿਚ ਫ਼ਰਕ ਏਨਾ ਹੈ ਕਿ ਉਹਨੇ ਰਾਤੋ ਰਾਤ ਅਮੀਰ ਹੋਣ ਜਾਂ ਆਪਣਾ ਨਾਂ ਬਣਾਉਣ ਲਈ ਹੱਥ ਪੈਰ ਨਹੀਂ ਮਾਰੇ। ਜਾਂ ਫੇਰ ਇਹ ਕਹਿ ਲਈਏ ਕਿ ਬਹੁਤੇ ਲੋਕਾਂ ਵਾਂਗ ਕੰਮ ਕਰ ਲਿਆ ਤੇ ਰਿਲੈਕਸ ਹੋਣ ਲਈ ਦੋ ਪੈਗ ਵਿਸਕੀ ਲਾ ਕੇ ਸੌਂ ਗਿਆ ਸਵੇਰੇ ਫੇਰ ਕੰਮ ’ਤੇ। ਇਕ ਘਰ ਬਣਾ ਲਿਆ ਦੋ ਸਾਲਾਂ ਤਕ ਇਕ ਹੋਰ ਨਵਾਂ ਤੇ ਵੱਡਾ ਘਰ ਬਣਾਉਣਾ ਉਹਦਾ ਸ਼ੌਕ ਨਹੀਂ ਰਿਹਾ। ਸ਼ਾਇਦ ਕੁਝ ਲੋਕ ਕਹਿਣਗੇ ਫੇਰ ਉਹ ਆਇਆ ਇੱਥੇ ਕੀ ਕਰਨ ਹੈ? ਤੁਹਾਡੇ ਇਸ ਸਵਾਲ ਦਾ ਜਵਾਬ ਹੀ ਅਗਲਿਆਂ ਸਫ਼ਿਆਂ ਵਿਚ ਦੇਣ ਦਾ ਯਤਨ ਕੀਤਾ ਗਿਆ ਹੈ। ਸਾਧੂ ਬਿਨਿੰਗ ਉਹ ਸਿਰੜੀ ਤੇ ਮਿਹਨਤੀ ਇਨਸਾਨ ਹੈ, ਜੋ ਉੰਨੀ ਸੌ ਸਤਾਹਟ ਵਿਚ ਕੈਨੇਡਾ ਆਇਆ। ਮਜ਼ਦੂਰੀ ਕਰਕੇ, ਨਾਲ ਯੂਨੀਵਰਸਿਟੀ ਜਾ ਕੇ ਡਿਗਰੀ ਕੀਤੀ। ਅੱਜ ਕੱਲ੍ਹ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਵਿਚ ਪੰਜਾਬੀ ਪੜ੍ਹਾਉਂਦਾ ਹੈ। ਉਹ ਬਹੁ-ਵਿਧੀ ਲੇਖਕ ਵੀ ਹੈ। ਉਸ ਨੇ ਤਕਰੀਬਨ ਪੰਦਰਾਂ ਕਿਤਾਬਾਂ ਲਿਖੀਆਂ ਹਨ। ਕੁਝ ਕਿਤਾਬਾਂ ਸੁਖਵੰਤ ਹੁੰਦਲ ਤੇ ਹੋਰ ਲੇਖਕਾਂ ਨਾਲ ਰਲ਼ ਕੇ ਲਿਖੀਆਂ ਹਨ ਅਤੇ ਕੁਝ ਅਨੁਵਾਦ ਵੀ ਕੀਤੇ ਹਨ। ਉਸ ਨੇ ਕਵਿਤਾ ਲੇਖ ਤੇ ਨਾਵਲ ਲਿਖ ਕੇ ਪੰਜਾਬੀ ਸਾਹਿਤ ਵਿਚ ਜਾਣਕਾਰੀ ਭਰਪੂਰ ਤੇ ਬਹੁਮੁੱਲਾ ਵਾਧਾ ਕੀਤਾ ਹੈ। ਉਹਦੀਆਂ ਸਾਹਿਤਕ ਰਚਨਾਵਾਂ ਪੰਜਾਬੀ ਦੇ ਮੈਗਜ਼ੀਨਾਂ ਦੇ ਨਾਲ ਨਾਲ ਕੈਨੇਡਾ ਅਮਰੀਕਾ ਦੇ ਅੰਗਰੇਜ਼ੀ ਦੇ ਕਈ ਸਥਾਪਤ ਮੈਗਜ਼ੀਨਾਂ ਅਤੇ ਪਾਕਿਸਤਾਨ ਦੇ ਰਸਾਲਿਆਂ ਵਿਚ ਵੀ ਛਪਦੀਆਂ ਹਨ। ਪਰ ਉਹ ਆਪਣੇ ਆਪ ਨੂੰ ਲੇਖਕ ਨਹੀਂ ਮੰਨਦਾ। ਉਹਦਾ ਕਹਿਣਾ ਹੈ, “ਲਿਖਣਾ ਮੇਰੇ ਲਈ ਪ੍ਰਾਸੈੱਸ ਹੈ।” ਸਾਧੂ ਬਿਨਿੰਗ ਮਾਂ ਬੋਲੀ ਪੰਜਾਬੀ ਨੂੰ ਜਿਉਂਦਾ ਰੱਖਣ ਲਈ, ਆਪਣੇ ਸਭਿਆਚਾਰ ਨੂੰ ਸਾਂਭਣ ਲਈ ਅਤੇ ਆਰਥਿਕ ਢਾਂਚੇ, ਜਿਸ ਵਿਚ ਅਮੀਰ ਹੋਰ ਅਮੀਰ ਹੋ ਰਿਹਾ ਤੇ ਗਰੀਬ ਹੋਰ ਗਰੀਬ ਹੋ ਰਿਹਾ ਬਾਰੇ ਬਹੁਤ ਹੀ ਚਿੰਤਤ ਹੈ। ਬੀ. ਸੀ. ਵਿਚ ਫਾਰਮ ਕਾਮਿਆਂ ਦੀ ਹੋ ਰਹੀ ਲੁੱਟ ਤੇ ਬਾਕੀ ਕੰਮ ਕਰਨ ਵਾਲਿਆਂ ਲਈ ਵੀ ਪੂਰੀ ਹਮਦਰਦੀ ਰੱਖਦਾ ਹੋਇਆ ਉਨ੍ਹਾਂ ਦੀ ਆਵਾਜ਼ ਵੀ ਬਣਿਆ। ਅੱਜ ਕੱਲ੍ਹ ਮਾਂ ਬੋਲੀ ਪੰਜਾਬੀ ਨੂੰ ਕੈਨੇਡਾ ਵਿਚ ਦੂਜੀਆਂ ਬੋਲੀਆਂ ਵਾਂਗ ਮਾਨਤਾ ਦੁਆਉਣ ਲਈ ਜੱਦੋਜਹਿਦ ਕਰ ਰਿਹਾ ਹੈ। ਅੱਜ ਕੱਲ੍ਹ ਉਹ ਆਪਣੀ ਜੀਵਨ ਸਾਥਣ ਜਗਦੀਸ਼, ਨੂੰਹ ਰੋਜ਼ੀ ਅਤੇ ਪੁੱਤਰ ਪ੍ਰੀਤ ਨਾਲ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਬਰਨਬੀ ਵਿਚ ਰਹਿ ਰਿਹਾ ਹੈ। ਪਿਛਲੇ ਦਿਨੀਂ ਉਹਦੇ ਨਾਲ ਜੋ ਖੁੱਲ੍ਹੀ ਗੱਲਬਾਤ ਹੋਈ, ਉਸ ਦੇ ਕੁਝ ਅੰਸ਼ ਪਾਠਕਾਂ ਲਈ ਪੇਸ਼ ਹਨ: 

? ਸਾਧੂ ਜੀ, ਸਾਹਿਤਕ ਸਫ਼ਰ ਬਾਰੇ ਗੱਲ ਕਰਨ ਤੋਂ ਪਹਿਲਾਂ, ਆਪਣੇ ਬਚਪਨ ਤੇ ਪਿਛੋਕੜ ਬਾਰੇ ਕੁਝ ਦੱਸੋ?

– ਮੇਰਾ ਜਨਮ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਚਹੇੜੂ ਵਿੱਚ ਦਸੰਬਰ 1947 ਹੋਇਆ। ਮੇਰੇ ਪਿਤਾ ਸ੍ਰ. ਅਜੀਤ ਸਿੰਘ ਜੀ ਸੁਰਗਵਾਸ ਹੋ ਚੁੱਕੇ ਹਨ ਤੇ ਮਾਤਾ ਜੀ ਮੇਰੇ ਛੋਟੇ ਵੀਰ ਪਾਲ ਕੋਲ ਰਿਚਮੰਡ ਵਿਚ ਰਹਿੰਦੇ ਹਨ। ਪ੍ਰਾਇਮਰੀ ਦੀ ਪੜ੍ਹਾਈ ਮੈਂ ਆਪਣੇ ਪਿੰਡ ਦੇ ਸਕੂਲ ਤੋਂ ਕੀਤੀ ਤੇ ਹਾਈ ਸਕੂਲ ਰਾਮਗੜ੍ਹੀਆ ਸਕੂਲ ਫਗਵਾੜਾ ਤੋਂ। ਮੇਰਾ ਬਚਪਨ ਵੀ ਆਮ ਪੰਜਾਬੀਆਂ ਵਾਂਗ ਤੰਗੀਆਂ ਤੁਰਸ਼ੀਆਂ ਨਾਲ ਘੁਲ਼ਦਿਆਂ ਲੰਘਿਆ।

? ਤੁਸੀਂ ਉੱਚ ਵਿਦਿਆ ਕਿਹੜੇ ਕਾਲਜ, ਯੂਨੀਵਰਸਟੀ ਤੋਂ ਲਈ? ਹੋਰ ਕਿਹੜੇ ਕਿਹੜੇ ਕੰਮ ਕਾਰ ਕੀਤੇ?

-ਸਤਨਾਮ ਜੀ, ਹਾਈ ਸਕੂਲ ਤੋਂ ਬਾਅਦ ਛੇਤੀ ਹੀ ਮੈਂ ਕਨੇਡਾ ਆ ਗਿਆ। ਮੇਰੇ ਤਾਇਆ ਜੀ 1933 ਵਿਚ ਏਥੇ ਆਏ ਸਨ ਤੇ ਮੇਰੇ ਪਿਤਾ ਜੀ ਸੱਠਵਿਆਂ ਦੇ ਸ਼ੁਰੂ ਵਿਚ। ਮੈਂ ਤੇ ਮੇਰਾ ਛੋਟਾ ਭਰਾ ਆਪਣੀ ਮਾਂ ਨਾਲ 1967 ਵਿਚ ਆਏ। ਇੱਥੇ ਆ ਕੇ ਫਾਰਮਾਂ ਵਿਚ ਤੇ ਲੱਕੜੀ ਦੀਆਂ ਮਿੱਲਾਂ ਵਿਚ ਕੰਮ ਕੀਤਾ। 1970 ਵਿਚ ਮੈਨੂੰ ਕੈਨੇਡਾ ਪੋਸਟ ਵਿਚ ਕੰਮ ਮਿਲ ਗਿਆ। ਕੰਮ ਕਰਨ ਦੇ ਨਾਲ ਨਾਲ ਮੈਂ ਪਾਰਟ ਟਾਇਮ ਪੜ੍ਹਾਈ ਵੀ ਕਰਦਾ ਰਿਹਾ। ਬੀ ਏ ਕਰਨ ਤੋਂ ਬਾਅਦ ਮੈਂ ਫੁੱਲ-ਟਾਇਮ ਸਕੂਲ ਜਾ ਕੇ ਸਾਈਮਨ ਫਰੇਜ਼ਰ ਯੂਨੀਵਰਸਿਟੀ ਤੋਂ ਸ਼ੋਸ਼ਿਆਲੋਜੀ ਦੀ ਐੱਮ ਏ ਕੀਤੀ।

? ਸੋਸ਼ਿਆਲੋਜ਼ੀ ਦੀ ਮਾਸਟਰ ਤੁਹਾਨੂੰ ਲੱਗਦਾ ਕਿ ਤੁਹਾਡੇ ਕੈਰੀਅਰ ਵਿਚ ਜਾਂ ਲਿਖਣ ਖੇਤਰ ਵਿਚ ਮਦਦਗਾਰ ਸਾਬਤ ਹੋਈ?

-ਬਹੁਤ ਜ਼ਿਆਦਾ। ਜੇ ਮੈਂ ਕਹਾਂ ਕਿ ਸੋਸ਼ਿਆਲੋਜ਼ੀ ਦੀ ਸਟੱਡੀ ਨੇ ਮੇਰਾ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਹੀ ਬਦਲ ਦਿੱਤਾ ਤਾਂ ਅੱਤ ਕਥਨੀ ਨਹੀਂ ਹੋਵੇਗੀ। ਜੋ ਕੁਝ ਮੈਂ ਅੱਜ ਹਾਂ, ਜੇ ਸੋਸ਼ਿਆਲੋਜ਼ੀ ਨਾ ਪੜ੍ਹੀ ਹੁੰਦੀ ਤਾਂ ਨਹੀਂ ਸੀ ਹੋਣਾ। ਇਸ ਖੇਤਰ ਵਿਚ ਪੜ੍ਹਨ ਦੀ ਦਿਲਚਸਪੀ ਸ਼ਾਇਦ ਇਸ ਕਰਕੇ ਵੀ ਜ਼ਿਆਦਾ ਸੀ ਕਿ ਸਾਡੇ ਪਰਿਵਾਰ ਵਿਚ ਪ੍ਰੌਗਰੈਸਿਵ ਵਿਚਾਰਾਂ ਦਾ ਬਹੁਤ ਪ੍ਰਭਾਵ ਸੀ। ਮੇਰੇ ਤਾਇਆ ਜੀ ਧੰਨਾ ਸਿੰਘ ਦੀ ਦਰਸ਼ਨ ਸਿੰਘ ਕਨੇਡੀਅਨ ਨਾਲ ਕਾਫੀ ਸਾਂਝ ਸੀ। ਦਰਸ਼ਨ ਸਿੰਘ ਕੈਨੇਡੀਅਨ 1937 ਤੋਂ 1947 ਤਕ ਕਨੇਡਾ ਰਹੇ ਤਾਂ ਉਸ ਵੇਲੇ ਮੇਰੇ ਤਾਇਆ ਜੀ ਨੇ ਕਾਫੀ ਸਮਾਂ ਉਨ੍ਹਾਂ ਨਾਲ ਬਿਤਾਇਆ। ਵਾਪਸ ਭਾਰਤ ਜਾ ਕੇ ਦਰਸ਼ਨ ਸਿੰਘ ਆਪਣੇ ਸੰਘਰਸ਼ ਦੇ ਦਿਨਾਂ ਵਿੱਚ ਜਦੋਂ ਅੰਡਰਗਰਾਉਂਡ ਹੁੰਦੇ ਤਾਂ ਸਾਡਾ ਘਰ ਵੀ ਉਨ੍ਹਾਂ ਦੀ ਲੁਕਣ ਵਾਲੀ ਇਕ ਥਾਂ ਹੁੰਦਾ ਸੀ। ਇਸ ਤਰ੍ਹਾਂ ਮੇਰੇ ’ਤੇ ਬਚਪਨ ਤੋਂ ਹੀ ਅਚੇਤ ਸੁਚੇਤ ਅਗਾਂਹਵਧੂ ਵਿਚਾਰਾਂ ਦਾ ਪ੍ਰਭਾਵ ਪਿਆ। ਤੇ ਏਥੇ ਯੂਨੀਵਰਸਿਟੀ ਵਿਚ ਸੋਸ਼ਿਆਲੋਜੀ ਦੀ ਪੜ੍ਹਾਈ ਰਾਹੀਂ ਮੈਂ ਆਪਣੇ ਉਨ੍ਹਾਂ ਵਿਚਾਰਾਂ ਨੂੰ ਹੋਰ ਚੰਗੀ ਤਰ੍ਹਾਂ ਜਾਣਿਆਂ। ਇਸੇ ਕਰਕੇ ਮੇਰਾ ਐੱਮ ਏ ਦਾ ਥੀਸਸ ਵੀ ਬੀ ਸੀ ਵਿਚ ਫ਼ਾਰਮ ਵਰਕਰ ਯੂਨੀਅਨ ਬਾਰੇ ਸੀ। ਸੋ ਇਸ ਵਿਸ਼ੇ ਨੇ ਮੇਰੀ ਸੂਝ ਵਿਚ ਹੀ ਵਾਧਾ ਨਹੀਂ ਕੀਤਾ, ਇਹ ਮੇਰੀਆਂ ਸਾਹਿਤਕ ਕੋਸ਼ਿਸ਼ਾਂ ਵਿਚ ਵੀ ਸਹਾਈ ਹੋਇਆ।

? ਸਾਧੂ ਜੀ ਤੁਹਾਡੇ ਘਰ ਵਿਚ ਤਾਂ ਸਾਹਿਤਕ ਮਹੌਲ ਨਹੀਂ ਸੀ। ਫੇਰ ਤੁਹਾਨੂੰ ਸਾਹਿਤਕ ਪ੍ਰੇਰਨਾ ਕਿੱਥੋਂ ਮਿਲੀ?

-ਮੈਂ ਕਹਿ ਸਕਦਾ ਹਾਂ ਕਿ ਮੈਨੂੰ ਵਧੀਆ ਸਾਹਿਤ ਪੜ੍ਹਨ ਦੀ ਪ੍ਰੇਰਨਾ ਤਾਂ ਹਾਈ ਸਕੂਲ ਵਿਚ ਹੀ ਮਿਲ਼ੀ। ਉਂਝ ਕਿਤਾਬਾਂ ਦੀ ਗੱਲ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਚੌਥੀ ਜਾਂ ਪੰਜਵੀਂ ਜਮਾਤ ਵਿਚ ਸੀ ਤਾਂ ਇਕ ਛੋਟੀ ਜਿਹੀ ਕਿਤਾਬ ਪੜ੍ਹੀ ਜਿਸ ਵਿਚ ਇਕ ਕਹਾਣੀ ਪਰੀਆਂ ਬਾਰੇ ਸੀ। ਜਿਉਂ ਹੀ ਮੈਂ ਉਹ ਪੜ੍ਹੀ ਤਾਂ ਮੈਨੂੰ ਐਸੀ ਲਗਨ ਲੱਗੀ ਜੋ ਅੱਜ ਤਕ ਕਾਇਮ ਹੈ। ਫਗਵਾੜੇ ਹਾਈ ਸਕੂਲ ਵਿਚ ਕੁਝ ਕਿਤਾਬਾਂ ਪੜ੍ਹਨੀਆਂ ਪਸੰਦ ਕਰਨ ਵਾਲੇ ਦੋਸਤ ਮਿਲ਼ ਗਏ ਤੇ ਕੁਝ ਸੂਝ ਵਾਲੇ ਅਧਿਆਪਕ ਵੀ। ਦੋ ਸਾਥੀ ਵਿਦਿਆਰਥੀ ਕਰਨੈਲ ਮਾਨ ਤੇ ਪ੍ਰੇਮਪਾਲ ਖਾਂਦੇ ਪੀਂਦੇ ਘਰਾਂ ਤੋਂ ਸਨ ਤੇ ਨਾਲ ਸਾਹਿਤ ਦਾ ਸ਼ੌਕ ਵੀ ਰੱਖਦੇ ਸਨ। ਉਹ ਪੰਜਾਬੀ ਹਿੰਦੀ ਦੀਆਂ ਕਹਾਣੀਆਂ ਨਾਵਲ ਤੇ ਰਸਾਲੇ ਵਗੈਰਾ ਖ਼ਰੀਦ ਲੈਂਦੇ ਸਨ। ਉਨ੍ਹਾਂ ਤੋਂ ਬਾਅਦ ਮੈਨੂੰ ਵੀ ਪੜ੍ਹਨ ਦਾ ਮੌਕਾ ਮਿਲ ਜਾਂਦਾ। ਫਗਵਾੜੇ ਬਾਂਸਾਂ ਵਾਲੇ ਬਜ਼ਾਰ ਵਿਚ ਇਕ ਦੁਕਾਨ ਪਤੰਗ ਵੇਚਣ ਵਾਲਿਆਂ ਦੀ ਹੁੰਦੀ ਸੀ। ਉਹ ਕਿਤਾਬਾਂ ਪੜ੍ਹਨ ਨੂੰ ਕਿਰਾਏ ’ਤੇ ਦੇ ਦਿਆ ਕਰਦੇ ਸਨ। ਮੈਂ ਹਰ ਹਫਤੇ ਕੋਈ ਨਾ ਕੋਈ ਨਾਵਲ ਜਾਂ ਕਹਾਣੀਆਂ ਦੀ ਕਿਤਾਬ ਕਿਰਾਏ ’ਤੇ ਲੈ ਕੇ ਪੜ੍ਹ ਲੈਂਦਾ ਸੀ। ਦਸਵੀਂ ਕਰਨ ਤਕ ਮੈਂ ਪੰਜਾਬੀ ਹਿੰਦੀ ਦੇ ਬਹੁਤ ਸਾਰੇ ਨਾਵਲਕਾਰਾਂ, ਕਹਾਣੀਕਾਰਾਂ ਨੂੰ ਪੜ੍ਹ ਲਿਆ ਸੀ। ਜੇ ਮੈਂ ਇਹ ਕਹਾਂ ਕਿ ਪੰਜਾਬੀ ਸਾਹਿਤ ਨਾਲ ਮੇਰੀ ਜਾਣ ਪਛਾਣ ਹੋ ਗਈ ਸੀ ਤਾਂ ਮੇਰਾ ਖ਼ਿਆਲ ਹੈ ਗ਼ਲਤ ਨਹੀਂ ਹੋਵੇਗਾ। ਪੜ੍ਹਨ ਦੇ ਮੇਰੇ ਸ਼ੌਕ ਨੇ ਉਰਦੂ ਸਿੱਖਣ ਦੀ ਭੁੱਖ ਪੈਦਾ ਕੀਤੀ। ਦਸਵੀਂ ਕਰਨ ਤੋਂ ਬਾਅਦ ਪਿੰਡ ਦੇ ਇਕ ਸਿਆਣੇ ਬੰਦੇ ਗੁਰਦਾਸ ਰਾਮ, ਜਿਹਨੂੰ ਅਸੀਂ ਤਾਇਆ ਕਹਿੰਦੇ ਹੁੰਦੇ ਸੀ, ਤੋਂ ਮਹੀਨੇ ਭਰ ਵਿਚ ਉਰਦੂ ਪੜ੍ਹਨਾ ਸਿੱਖ ਕੇ ਮੈਂ ਉਰਦੂ ਦੇ ਕਈ ਲੇਖਕਾਂ ਨੂੰ ਵੀ ਪੜ੍ਹਿਆ।

? ਸਾਹਿਤਕ ਪ੍ਰੇਰਨਾ ਜਾਂ ਸਹਿਤਕ ਲਗਾਉ ਤਾਂ ਤੁਹਾਨੂੰ ਹਾਈ ਸਕੂਲ ਤੋਂ ਹੀ ਸੀ। ਫੇਰ ਲਿਖਣ ਖੇਤਰ ਵਿਚ ਆਉਣ ਦਾ ਸਬੱਬ ਕਦੋਂ ਅਤੇ ਕਿਸ ਤਰ੍ਹਾਂ ਬਣਿਆ? ਸ਼ੁਰੂਆਤ ਕਵਿਤਾ ਜਾਂ ਫੇਰ ਵਾਰਤਕ ਤੋਂ ਹੋਈ?

-ਮੈਨੂੰ ਲੱਗਦਾ ਤੁਸੀਂ ਦੋ ਤਿੰਨ ਸਵਾਲ ਇੱਕੋ ਸਵਾਲ ਵਿਚ ਕਰ ਦਿੱਤੇ ਹਨ। ਮੈਂ ਤੁਹਾਡੇ ਸਵਾਲਾਂ ਦਾ ਜਵਾਬ ਸੰਖੇਪ ਵਿਚ ਦੇਣ ਦੀ ਕੋਸ਼ਿਸ਼ ਕਰਦਾ ਹਾਂ। ਪਹਿਲਾਂ ਤੋਂ ਹੀ ਮੇਰਾ ਸੁਭਾਅ ਬਹੁਤ ਹੀ ਸੰਗਾਉ ਕਿਸਮ ਦਾ ਸੀ ਭਾਵੇਂ ਹੁਣ ਕਾਫ਼ੀ ਫ਼ਰਕ ਪੈ ਗਿਆ ਹੈ। ਦਿਲਚਸਪੀ ਵਾਲੀ ਗੱਲ ਦੱਸਦਾ ਹਾਂ ਕਿ ਮਈ 1967 ਵਿਚ ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਹੋਰਾਂ ਨੇ ਇਕ ਪ੍ਰੀਤ ਮਿਲਣੀ ਅੰਮ੍ਰਿਤਸਰ ਕਰਾਈ। ਮੈਂ ਪ੍ਰੀਤ ਲੜੀ ਪੜ੍ਹਦਾ ਹੁੰਦਾ ਸੀ। ਮੇਰੇ ਮਨ ਵਿਚ ਤਮੰਨਾ ਸੀ ਕਿ ਮੈਂ ਉਨ੍ਹਾਂ ਸਾਰੇ ਵੱਡੇ ਸਾਹਿਤਕਾਰਾਂ ਨੂੰ ਮਿਲ਼ਾਂ। ਮੈਂ ਆਪਣੇ ਪਿੰਡੋਂ ਆਪਣੇ ਤੋਂ ਕੁਝ ਵੱਡੀ ਉਮਰ ਦੇ ਇਕ ਮੁੰਡੇ ਨੂੰ ਨਾਲ ਲੈ ਕੇ ਅੰਮ੍ਰਿਤਸਰ ਚਲੇ ਗਿਆ। ਉੱਥੇ ਸਾਰੇ ਵੱਡੇ ਵੱਡੇ ਲੇਖਕ ਤੇ ਸੋਹਨ ਸਿੰਘ ਭਕਨਾ ਵਰਗੇ ਦੇਸ਼ ਸੇਵਕ ਅਤੇ ਸੋਭਾ ਸਿੰਘ ਵਰਗੇ ਚਿੱਤਰਕਾਰ ਆਏ ਹੋਏ ਸਨ। ਮੈਂ ਉਨ੍ਹਾਂ ਨੂੰ ਸਾਰਿਆਂ ਨੂੰ ਇਕ ਖੂੰਜੇ ਬੈਠ ਕੇ ਦੇਖਿਆ, ਸੁਣਿਆਂ ਪਰ ਮੇਰਾ ਹਿਆਂ ਨਹੀਂ ਪਿਆ ਕਿ ਕਿਸੇ ਨੂੰ ਜਾ ਕੇ ਹੈਲੋ ਵੀ ਕਹਿ ਸਕਾਂ। ਦੂਰੋਂ ਹੀ ਦੇਖ ਸੁਣ ਕੇ ਘਰ ਨੂੰ ਆ ਗਿਆ। ਇੰਡੀਆ ਵਿਚ ਪਿੰਡ ਜਾਂ ਸ਼ਹਿਰ ਵਿਚ ਮੇਰੇ ਆਲੇ ਦੁਆਲੇ ਪੜ੍ਹਨ ਪੜ੍ਹਾਉਣ ਵਾਲਾ ਮਾਹੌਲ ਤਾਂ ਸੀ ਪਰ ਲਿਖਣ ਵਾਲਾ ਨਹੀਂ ਸੀ। ਲਿਖਣ ਵਾਲਾ ਕੋਈ ਵੀ ਵਿਅਕਤੀ ਮੇਰੇ ਸੰਪਰਕ ਵਿੱਚ ਨਹੀਂ ਸੀ। ਇਸ ਤੋਂ ਬਾਅਦ ਛੇਤੀ ਹੀ ਅਸੀਂ ਕੈਨੇਡਾ ਆ ਗਏ। ਇਧਰ ਆ ਕੇ ਮੈਨੂੰ ਨਾਰਥ ਵੈਨਕੂਵਰ ਵਿੱਚ ਇਕ ਲੱਕੜ-ਮਿੱਲ ਵਿਚ ਕੰਮ ਮਿਲ਼ ਗਿਆ। ਮੇਰਾ ਕੰਮ ਸੀ ਲੱਕੜੀ ਦਾ ਬੂਰਾ ਸ਼ਵਲ਼ ਨਾਲ ਇੱਕਠਾ ਕਰਨਾ। ਮਿੱਲ ਸਮੁੰਦਰ ਦੇ ਕੰਢੇ ’ਤੇ ਸੀ। ਜਦੋਂ ਹਾਈ-ਟਾਈਡ ਆਉਣੀ ਤਾਂ ਕਈ ਵਾਰੀ ਪਾਣੀ ਦੀਆਂ ਛੱਲ੍ਹਾਂ ਨਾਲ ਮਿੱਲ ਦੇ ਥੱਲੇ ਵਾਲੇ ਹਿੱਸੇ ਵਿਚ ਦੂਰ ਤਕ ਬੂਰਾ ਖਿਲਰ ਜਾਣਾ। ਬੜਾ ਸ਼ੋਰ ਸ਼ਰਾਬਾ ਜਿਹਾ ਹੁੰਦਾ ਸੀ। ਉਸ ਹਿੱਸੇ ਵਿਚ ਮੈਂ ਇਕੱਲਾ ਹੀ ਰਾਤ ਨੂੰ ਕੰਮ ਕਰਦਾ ਸੀ। ਜਦੋਂ ਮੈਂ ਇੰਡੀਆ ਹੁੰਦਾ ਸੀ ਤਾਂ ਹਿੰਦੀ ਦੀਆਂ ਫ਼ਿਲਮਾਂ ਦੇਖਣ ਦਾ ਬਹੁਤ ਸ਼ੌਕ ਸੀ। ਬਹੁਤ ਸਾਰੇ ਗਾਣੇ ਜ਼ੁਬਾਨੀ ਯਾਦ ਹੋ ਗਏ ਸਨ। ਇਸ ਸ਼ੋਰ ਸ਼ਰਾਬੇ ਨੇ ਮੇਰੇ ਲਈ ਸੰਗੀਤ ਜਿਹਾ ਪੈਦਾ ਕਰਨਾ ਤਾਂ ਮੈਂ ਹਿੰਦੀ ਫ਼ਿਲਮਾਂ ਦੇ ਗੀਤ ਉੱਚੀ ਉੱਚੀ ਗਾਉਣ ਲੱਗ ਪੈਣਾ। ਕਦੇ ਕਦੇ ਆਪ ਵੀ ਕੁਝ ਜੋੜਨ ਦੀ ਕੋਸ਼ਿਸ਼ ਕਰਨੀ। ਉਨ੍ਹਾਂ ਹੀ ਦਿਨਾਂ ਵਿਚ ਪੰਜਾਬ ਵਿਚ ਮੋਗਾ ਗੋਲ਼ੀ-ਕਾਂਡ ਹੋਇਆ ਸੀ। ਉਸ ਘਟਨਾ ਨੂੰ ਮੁੱਖ ਰੱਖ ਕੇ ਮੈਂ ਇਕ ਕਵਿਤਾ ਲਿਖੀ ‘ਕੋਈ ਵੀ ਅੱਥਰੂ ਰੋਵੇ ਨਾ’। ਇਸ ਤਰ੍ਹਾਂ ਮੈਂ ਕਹਿ ਸਕਦਾ ਹਾਂ ਕਿ ਸ਼ੁਰੂਆਤ ਤਾਂ ਕਵਿਤਾ ਨਾਲ ਹੋਈ। ਇਨ੍ਹਾਂ ਦਿਨਾਂ ਵਿਚ ਸੁਰਿੰਦਰ ਧੰਜਲ ਨਾਲ ਜਾਣ ਪਛਾਣ ਹੋਈ ਤੇ ਫੇਰ ਗੁਰਚਰਨ ਰਾਮਪੁਰੀ, ਗੁਰਮੇਲ ਸਿੱਧੂ, ਗੁਰਦਿਆਲ ਕੰਵਲ ਆਦਿ ਨਾਲ ਮੇਲ ਜੋਲ ਵਧਿਆ। ਵੈਨਕੂਵਰ ਵਿਚ 1973 ਵਿਚ ਸਾਹਿਤ ਸਭਾ ਬਣੀ ਸੀ ਜਿਸ ਦਾ ਪ੍ਰਧਾਨ ਗੁਰਚਰਨ ਰਾਮਪੁਰੀ, ਸਕੱਤਰ ਸੁਰਿੰਦਰ ਧੰਜਲ ਤੇ ਖ਼ਜਾਨਚੀ ਮੈਂ ਸੀ। ਸਾਹਿਤਕ ਮਿਲਣੀਆਂ ਸ਼ੁਰੂ ਹੋ ਗਈਆਂ। ਹੁਣ ਮੇਰਾ ਆਲਾ ਦੁਆਲਾ ਲਿਖਣ ਲਿਖਾਉਣ ਵਾਲਿਆਂ ਦਾ ਸੀ ਜਿਸ ਨੇ ਮੈਨੂੰ ਲਿਖਣ ਲਈ ਉਤਸ਼ਾਹਿਤ ਕੀਤਾ। ਸਾਹਿਤ ਵਿਚ ਮੈਂ ਪਹਿਲਾਂ ਤੋਂ ਹੀ ਰੂਪ ਨਾਲੋਂ ਵਿਚਾਰਾਂ ਨੂੰ ਵੱਧ ਮਹੱਤਤਾ ਦਿੱਤੀ ਹੈ। ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਦੇ ਕਵਿਤਾ, ਕਦੇ ਕਹਾਣੀ, ਨਾਟਕ ਅਤੇ ਨਾਵਲ ਰਾਹੀਂ ਵੀ ਕਰਦਾ ਹਾਂ।

? ਤੁਸੀਂ ਦੱਸਿਆ ਹੈ ਕਿ ਕਿਤਾਬਾਂ ਪੜ੍ਹਨ ਦੇ ਨਾਲ ਫ਼ਿਲਮਾਂ ਦੇਖਣ ਦਾ ਸ਼ੌਕ ਵੀ ਹਾਈ ਸਕੂਲ ਤੋਂ ਹੀ ਹੋ ਗਿਆ ਸੀ। ਮੇਰਾ ਸਵਾਲ ਹੈ ਕਿ ਸਾਡੇ ਪੇਂਡੂ ਮਾਹੌਲ ਵਿਚ ਨਾਵਲ ਕਹਾਣੀਆਂ ਪੜ੍ਹਨੀਆਂ ਤੇ ਫ਼ਿਲਮਾਂ ਦੇਖਣ ਦੀ ਸਖ਼ਤ ਮਨ੍ਹਾਹੀ ਹੁੰਦੀ ਸੀ। ਕਿਉਂਕਿ ਲੋਕ ਸੋਚਦੇ ਸਨ ਕਿ ਨਿਆਣੇ ਇਹ ਸਭ ਕੁਝ ਨਾਲ ਬਿਗੜ ਜਾਂਦੇ ਹਨ ਪਰ ਤੁਸੀਂ …?

-ਤੁਹਾਡਾ ਸਵਾਲ ਬਹੁਤ ਹੀ ਮਹੱਤਵਪੂਰਨ ਹੈ। ਦਰਅਸਲ ਪੰਜਾਬੀਆਂ ਵਿਚ ਪਾਠਕਾਂ ਦੀ ਘਾਟ ਦੀ ਸਮੱਸਿਆ ਦੀ ਜੜ੍ਹ ਇਸੇ ਵਿਚ ਹੀ ਹੈ। ਤੁਹਾਡੀ ਗੱਲ ਬਿਲਕੁਲ ਠੀਕ ਹੈ, ਪਹਿਲਾਂ ਲੋਕ ਇਸੇ ਤਰ੍ਹਾਂ ਹੀ ਸੋਚਦੇ ਸਨ। ਸ਼ਾਇਦ ਅੱਜ ਵੀ ਸੋਚਦੇ ਹੋਣ। ਇਹ ਗੱਲ ਸਿਰਫ਼ ਮਾਪੇ ਹੀ ਨਹੀਂ ਸੀ ਸੋਚਦੇ ਸਗੋਂ ਸਕੂਲਾਂ ਦੇ ਮਾਸਟਰ ਵੀ ਇਸੇ ਸੋਚ ਦੇ ਸਨ। ਇਸੇ ਕਰਕੇ ਮੈਨੂੰ ਕਦੇ ਵੀ ਰਾਮਗੜ੍ਹੀਆ ਸਕੂਲ ਦੀ ਲਾਇਬ੍ਰੇਰੀ ਵਿੱਚੋਂ ਕੋਈ ਨਾਵਲ ਜਾਂ ਕਹਾਣੀਆਂ ਦੀ ਕਿਤਾਬ ਲੈ ਕੇ ਪੜ੍ਹਨ ਦਾ ਮੌਕਾ ਨਸੀਬ ਨਹੀਂ ਸੀ ਹੋਇਆ। ਮਾਸਟਰ ਤਾਂ ਸਕੂਲ ਦੇ ਕੰਮ ਲਈ ਹੀ ਡੰਡਾ ਕੱਢੀ ਰੱਖਦੇ ਸਨ। ਮੈਂ ਜੋ ਕੁਝ ਵੀ ਪੜ੍ਹਿਆ, ਜਿਸ ਤਰਾਂ ਤੁਹਾਨੂੰ ਪਿੱਛੇ ਦੱਸਿਆ ਕਿ ਕਿਤਾਬਾਂ ਦੂਜਿਆਂ ਵਿਦਿਆਰਥੀਆਂ ਕੋਲੋਂ ਉਧਾਰੀਆਂ ਜਾਂ ਫੇਰ ਕਿਰਾਏ ’ਤੇ ਲੈ ਕੇ ਹੀ ਪੜ੍ਹਦਾ ਰਿਹਾਂ। ਹਾਈ ਸਕੂਲ ਵਿੱਚ ਪੜ੍ਹਦੇ ਸਮੇਂ ਮੇਰੇ ਪਿਤਾ ਜੀ ਕੇਨੇਡਾ ਆ ਗਏ ਸੀ। ਆਪਣੇ ਆਮ ਕਰਕੇ ਬਹੁਤਾ ਨਿਆਣੇ ਪਿਤਾ ਤੋਂ ਹੀ ਡਰਦੇ ਹਨ। ਸਾਡਾ ਹਾਈ ਸਕੂਲ ਵੀ ਪਿੰਡ ਤੋਂ ਦੂਰ ਸ਼ਹਿਰ ਵਿਚ ਸੀ। ਮਾਂਵਾਂ ਕਿਹੜਾ ਨਿਆਣਿਆਂ ਦੇ ਮਗਰ ਫਿਰ ਸਕਦੀਆਂ ਹਨ। ਇਸ ਕਰਕੇ ਮੈਂ ਆਪਣੇ ਆਪ ਨੂੰ ਥੋੜ੍ਹਾ ਆਜ਼ਾਦ ਮਹਿਸੂਸ ਕਰਦਾ ਸੀ ਪਰ ਚੰਗੀ ਗੱਲ ਇਹ ਵਾਪਰੀ ਕਿ ਇਸ ਆਜ਼ਾਦੀ ਨੂੰ ਮੈਂ ਆਪਣਾ ਗਿਆਨ ਵਧਾਉਣ ਲਈ ਲਾਇਆ, ਨਹੀਂ ਤਾਂ ਇਹ ਆਜ਼ਾਦੀ ਮੈਨੂੰ ਪੁੱਠੇ ਕੰਮੀਂ ਵੀ ਲਾ ਸਕਦੀ ਸੀ। ਇਸੇ ਤਰ੍ਹਾਂ ਫ਼ਿਲਮਾਂ ਬਾਰੇ ਵੀ ਗੱਲ ਹੈ। ਤੁਹਾਡੇ ਆਪਣੇ ਵੀ ਹੱਥ ਬਸ ਕੁਝ ਹੁੰਦਾ ਹੈ। ਬਾਕੀ ਗੱਲ ਹੈ ਕਿ ਭਾਵੇਂ ਕੋਈ ਕਿਤਾਬ ਹੈ ਜਾਂ ਕੋਈ ਫ਼ਿਲਮ ਜਾਂ ਹੁਣ ਕੰਪਿਊਟਰ ਹੀ ਲੈ ਲਓ, ਇਹਨਾਂ ਸਭ ਨੂੰ ਆਪਾਂ ਚੰਗੇ ਪਾਸੇ ਵੀ ਵਰਤ ਸਕਦੇ ਹਾਂ ਤੇ ਮਾੜੇ ਪਾਸੇ ਵੀ। ਕਿਤਾਬਾਂ ਵਾਂਗ ਹੀ ਬਚਪਨ ਵਿਚ ਦੇਖੀ ਪਹਿਲੀ ਫ਼ਿਲਮ ਨੇ ਐਸਾ ਜਾਦੂ ਕੀਤਾ ਕਿ ਅੱਜ ਵੀ ਮੈਂ ਸਾਰੀ ਦਿਹਾੜੀ ਟੀਵੀ ਦੇਖ ਸਕਦਾ ਹਾਂ। ਪਰ ਸ਼ਰਤ ਇਹ ਕਿ ਤੁਸੀਂ ਕੀ ਦੇਖਦੇ ਤੇ ਕੀ ਪੜ੍ਹਦੇ ਹੋ।

? ਫੇਰ ਤਾਂ ਤੁਸੀਂ ਫ਼ਿਲਮਾਂ ਦੇ ਰਿਵੀਊਕਾਰ ਵੀ ਬਣ ਸਕਦੇ ਸੀ?

ਹਾਂ ਇਹ ਗੱਲ ਬਿਲਕੁਲ ਸੰਭਵ ਹੈ। ਅਸਲ ’ਚ ਮੈਂ ਤੇ ਸੁਖਵੰਤ ਹੁੰਦਲ ਆਪਣੇ ਪਰਚੇ ਵਤਨ ਲਈ ਕੁਝ ਫ਼ਿਲਮਾਂ ਦੇ ਰਿਵੀਊ ਲਿਖਦੇ ਵੀ ਰਹੇ ਹਾਂ। ਸੱਤਰਵਿਆਂ ਵਿਚ ਅੰਕੁਰ ਤੇ ਆਕਰੋਸ਼ ਨਾਲ ਸ਼ੁਰੂ ਹੋ ਕੇ ਹਿੰਦੀ ਦੀਆਂ ਬਹੁਤ ਵਧੀਆ ਫ਼ਿਲਮਾਂ ਬਣੀਆਂ ਤੇ ਤਕਰੀਬਨ ਸਾਰੀਆਂ ਫ਼ਿਲਮਾਂ ਦੇਖੀਆਂ ਵੀ। ਵੈਨਕੂਵਰ ਵਰਗੇ ਸ਼ਹਿਰ ਵਿਚ ਰਹਿਣ ਕਰਕੇ ਅੰਗ੍ਰੇਜ਼ੀ ਹੀ ਨਹੀਂ ਹੋਰ ਵੀ ਜ਼ਬਾਨਾਂ ਦੀਆਂ ਵਧੀਆ ਫਿਲਮਾਂ ਦੇਖਣ ਦਾ ਮੌਕਾ ਮਿਲਦਾ ਰਹਿੰਦਾ ਹੈ।

? ਤੁਸੀਂ ਹੁਣ ਤਕ ਕਿਹੜੀਆਂ ਕਿਹੜੀਆਂ ਕਿਤਾਬਾਂ ਲਿਖੀਆਂ?

– ਮੈਂ ਹੁਣ ਤੱਕ ਦੋ ਕਹਾਣੀ ਸੰਗ੍ਰਹਿ, ਚਾਰ ਕਾਵਿ ਸੰਗ੍ਰਹਿ, ਇਕ ਨਾਵਲ ਤੇ ਕੁਝ ਹੋਰ ਕਿਤਾਬਾਂ ਛਪਵਾਈਆਂ ਹਨ ਜਿਨ੍ਹਾਂ ਵਿਚ ਨਾਟਕ, ਖੋਜ, ਅਨੁਵਾਦ ਅਤੇ ਸੰਪਾਦ ਕੀਤੀਆਂ ਕਿਤਾਬਾਂ ਸ਼ਾਮਲ ਹਨ। ਕੁਲ ਮਿਲ ਮਿਲਾ ਕੇ ਚੌਦਾਂ ਪੰਦਰਾਂ ਹੋਣੀਆਂ। ਇਨ੍ਹਾਂ ਵਿੱਚੋਂ ਕੁਝ ਕਿਤਾਬਾਂ ਮੈਂ ਸੁਖਵੰਤ ਹੁੰਦਲ ਨਾਲ ਮਿਲ ਕੇ ਵੀ ਲਿਖੀਆਂ ਅਤੇ ਸੰਪਾਦ ਕੀਤੀਆਂ ਹਨ। ਕੁਝ ਅੰਗ੍ਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਵੀ ਕੀਤੇ ਹਨ। ਸਾਧੂ ਸਿੰਘ ਧਾਮੀ ਦਾ ਨਾਵਲ ‘ਮਲੂਕਾ’ ਸੁਖਵੰਤ ਹੁੰਦਲ ਤੇ ਗੁਰਮੇਲ ਰਾਏ ਨਾਲ ਮਿਲ ਕੇ ਕੀਤਾ ਸੀ। ਮੈਂ ਆਪਣੀ ਕਵਿਤਾ ਤੇ ਕਹਾਣੀਆਂ ਖੁਦ ਅੰਗ੍ਰੇਜ਼ੀ ਵਿਚ ਵੀ ਉਲਥਾਈਆਂ ਹਨ। ਕਵਿਤਾ ਦੀ ਅੰਗ੍ਰੇਜ਼ੀ ਤੇ ਪੰਜਾਬੀ ਦੋਵਾਂ ਬੋਲੀਆਂ ਵਿਚ ਛਪੀ ਮੇਰੀ ਕਿਤਾਬ ‘ਵਤਨੋਂ ਦੂਰ ਨਹੀਂ’ ਏਥੋਂ ਦੇ ਜੰਮਪਲ ਨਵੀਂ ਪੀੜੀ ਦੇ ਕਈ ਪਾਠਕਾਂ ਦਾ ਧਿਆਨ ਖਿੱਚਦੀ ਹੈ।

? ਇਕ ਸਵਾਲ ਇਹ ਕਿ ਆਮ ਕਿਹਾ ਜਾਂਦਾ ਹੈ ਕਿ ਸਾਡੇ ਪੰਜਾਬੀਆਂ ਵਿਚ ਦੂਜਿਆਂ ਭਾਈਚਾਰਿਆਂ ਨਾਲੋਂ ਕਿਤਾਬਾਂ ਪੜ੍ਹਨ ਦੀ ਰੁਚੀ ਬਹੁਤ ਘੱਟ ਹੈ। ਤੁਸੀਂ ਇਸ ਦਾ ਕੀ ਕਾਰਨ ਸਮਝਦੇ ਹੋ?

-ਇਸ ਸਵਾਲ ਦਾ ਜਵਾਬ ਤਾਂ ਤੁਸੀਂ ਆਪ ਹੀ ਦੇ ਆਏ ਹੋ ਕਿ ਆਪਣੇ ਲੋਕਾਂ ਦੇ ਦਿਮਾਗ ਵਿਚ ਇਹ ਗ਼ਲ਼ਤ ਫਹਿਮੀ ਕੁੱਟ ਕੁੱਟ ਭਰੀ ਹੋਈ ਹੈ ਕਿ ਨਾਵਲ, ਕਹਾਣੀਆਂ ਪੜ੍ਹਨ ਨਾਲ ਨਿਆਣੇ ਵਿਗੜ ਜਾਂਦੇ ਹਨ। ਸਿਲੇਬਸ ਤੋਂ ਬਾਹਰਲੀ ਕੋਈ ਵੀ ਚੀਜ਼ ਨੂੰ ਪੜ੍ਹਨ ਲਈ ਉਤਸ਼ਾਹਿਤ ਨਹੀਂ ਕੀਤਾ ਜਾਂਦਾ। ਪੰਜਾਬ ਵਿਚ ਜਿਹੜਾ ਸਿਸਟਮ ਗੋਰਿਆਂ ਨੇ ਕਲਰਕ ਪੈਦਾ ਕਰਨ ਲਈ ਬਣਾਇਆ ਸੀ ਉਹੀ ਚੱਲੀ ਜਾਂਦਾ ਹੈ। ਉਸ ਸਮੇਂ ਲੋਕਾਂ ਦੇ ਦਿਮਾਗ ਵਿਚ ਹੁੰਦਾ ਸੀ ਕਿ ਸਰਕਾਰੀ ਨੌਕਰੀ ਕਰਨੀ ਹੈ ਤਾਂ ਸਿਲੇਬਸ ਤੋਂ ਬਿਨਾਂ ਹੋਰ ਕੁਝ ਪੜ੍ਹਨ ਦੀ ਲੋੜ ਨਹੀਂ। ਬਾਕੀ ਸੂਬਿਆਂ ਵਿਚ ਸ਼ਾਇਦ ਅੰਗਰੇਜ਼ਾਂ ਦੇ ਬਣਾਏ ਹੋਏ ਐਜ਼ੂਕੇਸ਼ਨ ਸਿਸਟਮ ਨੂੰ ਥੋੜ੍ਹਾ ਬਹੁਤਾ ਬਦਲਿਆ ਗਿਆ ਹੋਵੇਗਾ। ਜਿਸ ਕਰਕੇ ਉੱਥੇ ਦੇ ਲੋਕਾਂ ਵਿਚ ਪੜ੍ਹਨ ਦੀ ਰੁਚੀ ਪੈਦਾ ਹੋਈ। ਪਰ ਸਾਡੇ ਪੰਜਾਬ ਤਾਂ ਉਹੀ ਸਿਸਟਮ ਚੱਲੀ ਜਾਂਦਾ ਹੈ। ਕਾਰਨ ਤਾਂ ਹੋਰ ਵੀ ਬਹੁਤ ਸਾਰੇ ਹੋ ਸਕਦੇ ਹਨ ਪਰ ਮੈਂ ਸਮਝਦਾ ਇਹ ਇਕ ਮੁੱਖ ਕਾਰਨ ਹੈ। ਦੂਜਿਆਂ ਭਾਈਚਾਰਿਆਂ ਵਿਚ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਨ ਲਈ ਪ੍ਰੇਰਿਆ ਜਾਂਦਾ ਹੈ ਪਰ ਸਾਡੇ ਇਹ ਗੱਲ ਨਹੀਂ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਫ਼ਗਵਾੜੇ ਰਾਮਗੜ੍ਹੀਆ ਸਕੂਲ ਦੀ ਲਾਇਬਰੇਰੀ ਵਿੱਚੋਂ ਅਸੀਂ ਆਪਣੇ ਮਾਸਟਰਾਂ ਤੋਂ ਡਰਦੇ ਕੋਈ ਕਹਾਣੀਆਂ ਜਾਂ ਨਾਵਲ ਪੜ੍ਹਨ ਲਈ ਲੈਣ ਦਾ ਹੌਸਲਾ ਹੀ ਨਹੀਂ ਸੀ ਕਰ ਸਕਦੇ। ਹੁਣ ਤੁਸੀਂ ਦੱਸੋ ਜਦੋਂ ਬੱਚਿਆਂ ਵਿੱਚੋਂ ਪੜ੍ਹਨ ਦੀ ਰੁਚੀ ਹੀ ਮਾਰ ਦਿੱਤੀ ਜਾਂਦੀ ਹੈ ਤਾਂ ਕਿਤਾਬਾਂ ਪੜ੍ਹਨ ਦਾ ਸ਼ੌਕ ਕਿਵੇਂ ਪੈਦਾ ਕੀਤਾ ਜਾ ਸਕਦਾ ਹੈ। ਦੂਜਾ ਕਈ ਵਾਰ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੋਣ ਕਰਕੇ ਲੋਕਾਂ ਨੂੰ ਪੜ੍ਹਨ ਦਾ ਮੌਕਾ ਬਹੁਤ ਘੱਟ ਮਿਲਦਾ ਹੈ। ਪਰ ਮੈਂ ਇਸ ਨਾਲ ਬਹੁਤਾ ਸਹਿਮਤ ਨਹੀਂ। ਪੰਜਾਬ ਵਿਚ ਪੜ੍ਹੇ ਲਿਖੇ ਲੋਕਾਂ ਦੀ ਗਿਣਤੀ ਕੋਈ ਏਨੀ ਘੱਟ ਨਹੀਂ। ਪਰ ਲੋਕ ਡਾਕਟਰ ਵਕੀਲ ਜਾਂ ਇੰਜਨੀਅਰ ਤਾਂ ਬਣ ਜਾਂਦੇ ਹਨ ਪਰ ਉਹ ਕਿਸੇ ਵੀ ਸਾਹਿਤਕਾਰ ਦਾ ਨਾਂ ਤੱਕ ਨਹੀਂ ਜਾਣਦੇ ਹੁੰਦੇ। ਜਿਹੜੇ ਕੋਈ ਮਾੜਾ ਮੋਟਾ ਜਾਣਦੇ ਵੀ ਹੋਣ, ਉਹ ਇਸ ਕਰਕੇ ਕਿ ਦਸਵੀਂ ਗਿਆਰਵੀਂ ਵਿਚ ਕੋਈ ਇਕ ਅੱਧੀ ਕਵਿਤਾ ਜਾਂ ਕਹਾਣੀ ਸਿਲੇਬਸ ਵਿਚ ਲੱਗੀ ਕਿਤਾਬ ਵਿਚ ਪੜ੍ਹੀ ਹੁੰਦੀ ਹੈ। ਉੱਥੇ ਸਕੂਲਾਂ ਵਿਚ ਤਾਂ ਸਿਰਫ ਮੈਨੂਅਲ ਪੜ੍ਹਨਾ ਹੀ ਸਿੱਖਾਇਆ ਜਾਂਦਾ ਹੈ ਨਾ ਕਿ ਆਮ ਜਾਣਕਾਰੀ ਜਿਸ ਨਾਲ ਤੁਹਾਡੇ ਮਨ ਵਿਚ ਪੜ੍ਹਨ ਦੀ ਰੁਚੀ ਪੈਦਾ ਹੋਵੇ। ਨਤੀਜਾ ਇਹ ਹੈ ਕਿ ‘ਪੜ੍ਹੇ ਲਿਖੇ’ ਪੰਜਾਬੀ ਵੀ ਕਿਤਾਬ ਦੀ ਪੂਜਾ ਕਰਨ ਜਾਂ ਮੱਥਾ ਟੇਕਣ ’ਤੇ ਹੀ ਜ਼ੋਰ ਦਿੰਦੇ ਹਨ। ਪੰਜਾਬੀਆਂ ਨੂੰ ਵੱਡੀ ਪੱਧਰ ’ਤੇ ਮਨਘੜਤ, ਕਰਾਮਾਤੀ ਕਹਾਣੀਆਂ ਸੁਣਾ ਕੇ ਹਰ ਰੋਜ਼ ਬੁੱਧੂ ਬਣਾਇਆ ਜਾ ਰਿਹਾ ਹੈ। ਕਿਉਂਕਿ ਸਾਡੇ ਵਿਚ ਆਪ ਪੜ੍ਹਨ, ਖੋਜ ਕਰਨ ਜਾਂ ਤਰਕ ਨਾਲ ਗੱਲ ਕਰਨ ਦੀ ਰੁਚੀ ਹੀ ਮਾਰ ਦਿੱਤੀ ਜਾਂਦੀ ਹੈ।

? ਤੁਸੀਂ ਨਾਵਲ ਮਲੂਕਾ ਦੀ ਗੱਲ ਕੀਤੀ ਹੈ ਜੋ ਤੁਸੀਂ ਸੁਖਵੰਤ ਹੁੰਦਲ ਤੇ ਗੁਰਮੇਲ ਰਾਏ ਨਾਲ ਰਲ਼ ਕੇ ਅਨੁਵਾਦ ਕੀਤਾ। ਇਸ ਦਾ ਕਾਫੀ ਚਰਚਾ ਹੋਇਆ। ਇਹ ਨਾਵਲ ਅਨੁਵਾਦ ਕਰਨ ਦਾ ਸਬੱਬ ਕਿਸ ਤਰ੍ਹਾਂ ਬਣਿਆ?

-ਨਾਵਲ ਤੋਂ ਪਹਿਲਾਂ ਮੈਂ ਨਾਵਲ ਦੇ ਲੇਖਕ ਬਾਰੇ ਸੰਖੇਪ ਜਿਹੀ ਗੱਲ ਕਰਨੀ ਚਾਹੁੰਨਾ। ਡਾ. ਸਾਧੂ ਸਿੰਘ ਧਾਮੀ 1922 ਵਿਚ ਕਨੇਡਾ ਆਏ। ਉਸ ਸਮੇਂ ਉਹਨਾਂ ਦੀ ਉਮਰ 16 ਸਾਲ ਸੀ। ਉਹ ਪਹਿਲੇ ਪੰਜਾਬੀ ਸਨ ਜਿਹਨਾਂ ਨੇ ਕਨੇਡਾ ਵਿਚ ਹਾਈ ਸਕੂਲ ਤੋਂ ਲੈ ਕੇ ਪੀ ਐਚ ਡੀ ਦੀ ਡਿਗਰੀ ਤੱਕ ਪੜ੍ਹਾਈ ਕੀਤੀ। ਪਰ ਨਸਲੀ ਵਿਤਕਰੇ ਕਾਰਨ ਉਸ ਨੂੰ ਯੋਗਤਾ ਦੇ ਹਾਣ ਦੀ ਨੌਕਰੀ ਨਾ ਮਿਲੀ। ਦੂਜੀ ਵੱਡੀ ਜੰਗ ਦੌਰਾਨ ਯੂ ਐਨ ਓ ਦੇ ਦਫ਼ਤਰ ਯੂਰਪ ਤੋਂ ਕੈਨੇਡਾ ਮੂਵ ਹੋ ਗਏ ਸਨ। ਉਸ ਸਮੇਂ ਸਾਧੂ ਸਿੰਘ ਧਾਮੀ ਮਾਂਟਰੀਆਲ ਰਹਿ ਰਿਹਾ ਸੀ ਜਿੱਥੇ ਉਹਨੂੰ ਯੂ ਐਨ ਓ ਦੇ ਲੇਬਰ ਡਿਪਾਰਟਮਿੰਟ ਵਿਚ ਨੌਕਰੀ ਮਿਲ਼ ਗਈ। ਲੜਾਈ ਤੋਂ ਬਾਅਦ ਉਹ ਆਪਣੇ ਦਫਤਰ ਨਾਲ ਹੀ ਜਨੇਵਾ ’ਚ ਰਹਿਣ ਲੱਗੇ ਅਤੇ 1966 ਵਿਚ ਰੀਟਾਇਰ ਹੋ ਕੇ ਉੱਥੇ ਹੀ ਰਹਿੰਦੇ ਰਹੇ। ਆਪਣੇ ਵੈਨਕੂਵਰ ਤੇ ਕਨੇਡਾ ਦੇ ਜੀਵਨ ਬਾਰੇ ਉਨ੍ਹਾਂ ਨੇ 1978 ਵਿਚ ਨਾਵਲ ‘ਮਲੂਕਾ’ ਅੰਗ੍ਰੇਜ਼ੀ ਵਿਚ ਲਿਖਿਆ। ਇਸ ਨਾਵਲ ਨੂੰ ਅੰਗ੍ਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਕਰਨ ਦੀ ਵੀ ਦਿਲਚਸਪ ਕਹਾਣੀ ਹੈ। ਮੇਰੇ ਇਕ ਗੋਰੇ ਦੋਸਤ ਡੇਵਡ ਜੈਕਸਨ ਨੂੰ ਕਿਤਾਬਾਂ ਦੇ ਸੈਕਿੰਡ-ਹੈਂਡ ਸਟੋਰ ਵਿੱਚੋਂ ਨਾਵਲ ‘ਮਲੂਕਾ’ ਮਿਲ ਗਿਆ। ਉਸ ਨੇ ਉਹ ਮੈਨੂੰ ਦਿਖਾਇਆ। ਮੈਂ ਸਾਧੂ ਸਿੰਘ ਧਾਮੀ ਦਾ ਨਾਂ ਆਪਣੇ ਤਾਇਆ ਜੀ ਤੋਂ ਸੁਣਿਆ ਹੋਇਆ ਸੀ। ਉਹ ਦੱਸਿਆ ਕਰਦੇ ਸਨ ਕਿ ਬਹੁਤ ਹੀ ਪੜ੍ਹਿਆ ਲਿਖਿਆ ਤੇ ਸਿਆਣਾ ਵਿਅਕਤੀ ਹੈ। ਜਦੋਂ ਮੈਂ ਤੇ ਫੇਰ ਸੁਖਵੰਤ ਨੇ ਨਾਵਲ ਪੜ੍ਹਿਆ ਤਾਂ ਸਾਨੂੰ ਲੱਗਾ ਕਿ ਜੇ ਇਹ ਪੰਜਾਬੀ ਵਿਚ ਹੋਵੇ ਤਾਂ ਬਹੁਤੇ ਲੋਕਾਂ ਤਕ ਪਹੁੰਚ ਸਕਦਾ ਹੈ। ਪਰ ਅਨੁਵਾਦ ਕਰਨ ਤੋਂ ਪਹਿਲਾਂ ਡਾ. ਧਾਮੀ ਨੂੰ ਪੁੱਛਣਾ ਜ਼ਰੂਰੀ ਸੀ। ਪਹਿਲਾਂ ਉਹਨਾਂ ਕਿਹਾ ਕਿ ਮੈਂ ਸੋਚ ਕੇ ਦੱਸਾਂਗਾ। ਧਾਮੀ ਹੋਰਾਂ ਵੈਨਕੂਵਰ ਆਪਣੇ ਪੁਰਾਣੇ ਜਾਣੂਆਂ-ਪਛਾਣੂਆਂ ਤੋਂ ਸਾਡੇ ਬਾਰੇ ਪੁੱਛਿਆ। ਪਰ ਇੱਥੋਂ ਸਾਡੇ ਬਾਰੇ ਕੋਈ ਵਧੀਆ ਰੀਪੋਰਟ ਨਾ ਮਿਲ਼ੀ ਕਿਉਂਕਿ ਸਾਡਾ ਭਾਈਚਾਰਾ ਉਦੋਂ ਵੀ ਅੱਜ ਵਾਂਗ ਵਿਚਾਰਾਂ ਦੀ ਇਕ ਦੂਜੇ ਨਾਲ ਸਹਿਮਤੀ ਨਾ ਹੋਣ ਕਰਕੇ ਵੰਡਿਆ ਹੋਇਆ ਸੀ। ਇਸ ਕਰਕੇ ਉਨ੍ਹਾਂ ਨੇ ਸਾਨੂੰ ਜਵਾਬ ਦੇ ਦਿੱਤਾ। ਪਰ ਅਸੀਂ ਫੇਰ ਵੀ ਕੋਸ਼ਿਸ਼ ਜਾਰੀ ਰੱਖੀ। ਫ਼ੋਨ ਵਗੈਰਾ ਕਰਦੇ ਰਹੇ। ਅਖ਼ੀਰ ਇਕ ਦਿਨ ਉਹਨਾਂ ਨੇ ਸਾਨੂੰ ਇਜਾਜ਼ਤ ਦੇ ਦਿੱਤੀ ਕਿ ਤੁਸੀਂ ਅਨੁਵਾਦ ਕਰ ਸਕਦੇ ਹੋ। ਅਨੁਵਾਦ ਛਪਵਾਉਣ ਬਾਅਦ ਅਸੀਂ ਉਹਨਾਂ ਨੂੰ 1988 ਵਿਚ ਇੱਥੇ ਵੈਨਕੂਵਰ ਸੱਦਿਆ ਤੇ ਕਿਤਾਬ ਰੀਲੀਜ਼ ਕੀਤੀ। ਉਸ ਤੋਂ ਬਾਅਦ ਮੇਰੇ ਨਾਲ ਉਹਨਾਂ ਦਾ ਬਹੁਤ ਪਿਆਰ ਰਿਹਾ। ਇਸ ਅਨੁਵਾਦ ਨੇ ਡਾ. ਸਾਧੂ ਸਿੰਘ ਧਾਮੀ ਦੀ ਪੰਜਾਬੀਆਂ ਵਿਚ ਪਛਾਣ ਬਣਾਈ। ਪੰਜਾਬੀ ਸਾਹਿਤਕ ਜਗਤ ਵਲੋਂ ਉਨ੍ਹਾਂ ਦਾ ਬੜਾ ਮਾਣ ਸਨਮਾਨ ਕੀਤਾ ਗਿਆ। ਮੇਰੇ ਨਾਲ ਉਹਨਾਂ ਦਾ ਮਿਲਵਰਤਣ ਆਖ਼ਰੀ ਸਮੇਂ ਤੱਕ ਰਿਹਾ।

? ਬਿਨਿੰਗ ਜੀ, ਤੁਸੀਂ ਬਹੁਵਿਧੀ ਤੇ ਬਹੁ-ਪੱਖੀ ਲੇਖਕ ਦੇ ਤੌਰ ’ਤੇ ਜਾਣੇ ਜਾਂਦੇ ਹੋ। ਕੀ ਜੇਕਰ ਤੁਸੀਂ ਕਿਸੇ ਇਕ ਵਿਧੀ ਰਾਹੀਂ ਆਪਣੇ ਵਿਚਾਰ ਪ੍ਰਗਟ ਕਰਦੇ ਤਾਂ ਤੁਹਾਨੂੰ ਲਗਦਾ ਕਿ ਸ਼ਾਇਦ ਏਨੀ ਕਾਮਯਾਬੀ ਨਾਲ ਨਹੀਂ ਸੀ ਕਹਿ ਸਕਦੇ ਜਾਂ ਕੋਈ ਹੋਰ ਕਾਰਨ ਹੈ ਜਿਸ ਕਰਕੇ ਤੁਸੀਂ ਕਵਿਤਾ, ਕਹਾਣੀ, ਨਾਵਲ, ਲੇਖ ਆਦਿ ਵਿਧੀਆਂ ਨੂੰ ਅਪਨਾਇਆ? ਕਿਸੇ ਇਕ ਵਿਧੀ ਨਾਲ ਨਹੀਂ ਬੱਝੇ? 

– ਸਤਨਾਮ ਜੀ ਤੁਹਾਡਾ ਸਵਾਲ ਬਹੁਤ ਦਿਲਚਸਪ ਹੈ। ਪਰ ਨਾਲ ਹੀ ਮੈਨੂੰ ਇਸ ਗੱਲ ਦੀ ਹੈਰਾਨੀ ਵੀ ਹੈ ਕਿ ਅਜੇ ਤਕ ਮੈਂ ਇਸ ਸਵਾਲ ਦਾ ਜਵਾਬ ਲੱਭ ਨਹੀਂ ਸਕਿਆ। ਮੈਨੂੰ ਹੋਰ ਵੀ ਬਹੁਤ ਸਾਰੇ ਮਿੱਤਰਾਂ ਦੋਸਤਾਂ ਨੇ ਅਕਸਰ ਕਿਹਾ ਹੈ ਕਿ ਕਿਸੇ ਇਕ ਵਿਧੀ ਨੂੰ ਅਪਣਾਉ ਤਾਂ ਕਿ ਤੁਹਾਡੀ ਪਹਿਚਾਣ ਬਣ ਸਕੇ ਜਾਂ ਕਹਿ ਲਓ ਕਿ ਕਿਸੇ ਇਕ ਵਿਧੀ ਨੂੰ ਅਪਨਾਉਣ ਨਾਲ ਤੁਸੀਂ ਵਧੀਆਂ ਲਿਖ ਸਕਦੇ ਹੋ। ਮੈਨੂੰ ਉਹਨਾਂ ਦੀ ਇਹ ਗੱਲ ਸਹੀ ਵੀ ਲੱਗਦੀ ਹੈ ਪਰ ਮੇਰੇ ਕੋਲੋਂ ਇਹ ਅਜੇ ਹੋ ਨਹੀਂ ਸਕਿਆ। ਸ਼ੁਰੂ ਮੈਂ ਪਹਿਲਾਂ ਕਵਿਤਾ ਤੋਂ ਹੀ ਕੀਤਾ ਸੀ। ਮੇਰੀ ਕਵਿਤਾ ਦੀ ਪਹਿਲੀ ਕਿਤਾਬ 1976 ਵਿਚ ਛਪੀ ਸੀ। ਦਿਲ ਮੇਰਾ ਕਰਦਾ ਕਿ ਕਹਾਣੀ ਲਿਖਾਂ ਤੇ ਵਧੀਆ ਕਹਾਣੀਕਾਰ ਬਣਾਂ। ਮੇਰੀਆਂ ਬਹੁਤੀਆਂ ਲਿਖਤਾਂ ਕਾਮਾ ਜਮਾਤ ਦੀ ਲੁੱਟ ਖਸੁੱਟ ਤੇ ਪੂੰਜੀਵਾਦ ਦੀਆਂ ਘਿਨਾਉਣੀਆਂ ਚਾਲਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਵਾਲ਼ੀਆਂ ਹੀ ਹੁੰਦੀਆਂ ਹਨ। ਇਹ ਗੱਲ ਮੈਂ ਕਦੇ ਕਵਿਤਾ, ਕਦੇ ਕਹਾਣੀ ਅਤੇ ਕਦੀ ਨਾਟਕ ਵਿਚ ਕਹਿਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ।

? ਤੁਸੀਂ ਇਕ ਪਰਚਾ ‘ਵਤਨ’ ਜੋ ਅੱਜ ਕੱਲ੍ਹ ਵੀ ਨਿਕਲਦਾ ਹੈ ਕਾਫ਼ੀ ਦੇਰ ਪਹਿਲਾਂ ਵੀ ਚਲਾਇਆ ਸੀ। ਪਹਿਲਾਂ ਸ਼ਾਇਦ ਇਹਦਾ ਨਾਂ ‘ਵਤਨੋਂ ਦੂਰ’ ਸੀ। ਕੁਝ ਦੇਰ ਇਹ ਬੰਦ ਵੀ ਰਿਹਾ। ਇਸ ਪਰਚੇ ਬਾਰੇ ਕੁਝ ਦੱਸੋ?

– ਵਤਨੋਂ ਦੂਰ ਸੁਰਿੰਦਰ ਧੰਜਲ ਤੇ ਕੁਝ ਹੋਰ ਦੋਸਤਾਂ ਨੇ 1973 ਵਿਚ ਕੱਢਣਾ ਸ਼ੁਰੂ ਕੀਤਾ ਸੀ। ਸੁਰਿੰਦਰ ਨੂੰ ਅਗਾਂਹ ਪੜ੍ਹਾਈ ਕਰਨ ਲਈ ਵੈਨਕੂਵਰ ਛੱਡਣਾ ਪਿਆ। ਇਸ ਤਰ੍ਹਾਂ 1976-77 ਤੋਂ ਬਾਅਦ ਪਰਚੇ ਦਾ ਕੰਮ ਮੈਂ ਸਾਂਭਿਆ। ਉਸ ਸਮੇਂ ਅਜੇ ਕਨੇਡਾ ਵਿਚ ਪੰਜਾਬੀ ਦੀ ਛਪਾਈ ਦਾ ਕੋਈ ਪ੍ਰਬੰਧ ਨਹੀਂ ਸੀ। ਬਹੁਤਾ ਕੰਮ ਹੱਥ ਲਿਖਤ ਨਾਲ ਹੀ ਕਰਨਾ ਪੈਂਦਾ ਸੀ। ਇਹ ਕੰਮ ਪਹਿਲਾਂ ਸੁਰਿੰਦਰ ਕਰਦਾ ਸੀ ਫੇਰ ਬਹੁਤਾ ਹੱਥ ਲਿਖਤ ਦਾ ਕੰਮ ਮੇਰੀ ਪਤਨੀ ਜਗਦੀਸ਼ ਕਰਦੀ ਸੀ। ਮੇਰਾ ਬੇਟਾ ਉਦੋਂ ਦੋ ਕੁ ਸਾਲ ਦਾ ਸੀ। ਸਾਡੇ ਲਈ ਉਹ ਬੜੇ ਸੰਘਰਸ਼ ਦੇ ਦਿਨ ਸਨ। ਹੁਣ ਜਦੋਂ ਕਈ ਵਾਰ ਉਸ ਸਮੇਂ ਬਾਰੇ ਸੋਚਦਾ ਹਾਂ ਤਾਂ ਹੈਰਾਨੀ ਹੁੰਦੀ ਹੈ ਕਿ ਪਤਾ ਨਹੀਂ ਕਿਵੇਂ ਬਿਨਾਂ ਕਿਸੇ ਜੁਗਾੜ ਦੇ ਮਾਸਕ ਪਰਚਾ ਕੱਢਦੇ ਰਹੇ। ਫੇਰ 1978 ਵਿਚ ਸੁਖਵੰਤ ਨਾਲ ਆ ਰਲ਼ਿਆ। ਬੜੀ ਰੂਹ ਲਾ ਕੇ ਅਸੀਂ ਕੰਮ ਕੀਤਾ। ਪਰਚਾ ਕੁਝ ਦੇਰ ਬੰਦ ਵੀ ਰਿਹਾ ਤੇ ਕੁਝ ਦੇਰ ਦੋਸਤਾਂ ਨੇ ਐਡਮੰਟਨ ਤੋਂ ਵੀ ਕੱਢਿਆ। ਅਸੀਂ 1989 ਵਿਚ ਇਸ ਦਾ ਨਾਂ ‘ਵਤਨੋਂ ਦੂਰ’ ਦੀ ਥਾਂ ‘ਵਤਨ’ ਰੱਖ ਲਿਆ ਪਰ 1994 ਵਿਚ ਬੰਦ ਕਰਨਾ ਪਿਆ। ਹੁਣ ਅਸੀਂ ਇਸ ਨੂੰ ਫੇਰ ਚਲਾਇਆ ਹੈ। ਇਹ ਔਨ-ਲਾਈਨ ਹੈ ਅਤੇ ਅਸੀਂ ਇਸ ਨੂੰ ਈ-ਮੇਲ ਰਾਹੀਂ ਭੇਜਦੇ ਹਾਂ।

? ਸਾਧੂ ਜੀ, ਤੁਸੀਂ ਪਰਚਾ ‘ਵਤਨ’ ਕੱਢਣ ਦੀ ਗੱਲ ਕਰਦਿਆਂ ਆਪਣੀ ਸੁਪਤਨੀ ਦੇ ਸਹਿਯੋਗ ਦੀ ਗੱਲ ਕੀਤੀ ਹੈ ਕਿ ਉਹਨੇ ਤੁਹਾਡਾ ਬਹੁਤ ਸਾਥ ਦਿੱਤਾ। ਤੁਸੀਂ ਆਪਣੇ ਨਿੱਜੀ ਪਰਿਵਾਰ ਬਾਰੇ ਕੁੱਝ ਹੋਰ ਦੱਸਣਾ ਚਾਹੋਗੇ? ਕੀ ਤੁਹਾਡੇ ਬੱਚਿਆਂ ਨੇ ਵੀ ਤੁਹਾਡੇ ਕੰਮਾਂ ਨੂੰ, ਜਾਂ ਤੁਹਾਡੀ ਸੋਚ ਨੂੰ ਅਪਣਾਇਆ?

-ਸਤਨਾਮ ਜੀ, ਤੁਸੀਂ ਕੋਈ ਵੀ ਕੰਮ ਕਰੋਂ ਉਸ ਵਿਚ ਪਰਿਵਾਰ ਦਾ ਸਹਿਯੋਗ ਜ਼ਰੂਰੀ ਹੈ। ਕਈ ਵਾਰ ਇਹ ਸਹਿਯੋਗ, ਸਹਿਮਤੀ ਚੁੱਪ ਚਾਪ ਹੀ ਹੁੰਦੀ ਹੈ। ਤੁਸੀਂ ਕੋਈ ਕੰਮ ਕਰਦੇ ਹੋ, ਤੁਹਾਡੇ ਘਰ ਵਿਚ ਉਸ ਦਾ ਨਾ ਵਿਰੋਧ ਹੁੰਦਾ ਹੈ ਅਤੇ ਨਾ ਹੀ ਕੋਈ ਬਹੁਤੀ ਹੱਲਾਸ਼ੇਰੀ ਮਿਲਦੀ ਹੈ ਤਾਂ ਸਮਝੋ ਤੁਹਾਡੀ ਫੈਮਲੀ ਦੇ ਮੈਂਬਰ ਚੁੱਪ-ਚਾਪ ਤੁਹਾਡਾ ਸਹਿਯੋਗ ਦੇ ਰਹੇ ਹਨ। ਕਈ ਵਾਰ ਇਹ ਸਹਿਯੋਗ ਬਹੁਤ ਖੁੱਲ੍ਹਦਿਲੀ ਨਾਲ ਦਿੱਤਾ ਜਾਂਦਾ ਹੈ। ਮੇਰੇ ਕੰਮਾਂ ਵਿਚ ਮੇਰੀ ਪਤਨੀ ਜਗਦੀਸ਼ ਨੇ ਮੋਢੇ ਨਾਲ ਮੋਢਾ ਜੋੜ ਕੇ ਪੂਰੀ ਤਰ੍ਹਾਂ ਮਦਦ ਕੀਤੀ। ਇਸ ਗੱਲ ਦਾ ਮੈਨੂੰ ਉਦੋਂ ਵੀ ਅਹਿਸਾਸ ਸੀ ਤੇ ਹੁਣ ਵੀ ਹੈ ਕਿ ਮੇਰੇ ਕੰਮਾਂ ਕਰਕੇ ਮੇਰੀ ਪਤਨੀ ਜਗਦੀਸ਼ ਅਤੇ ਮੇਰੇ ਦੋ ਬੱਚਿਆਂ ਵੱਡਾ ਬੇਟਾ ਤੇ ਛੋਟੀ ਬੇਟੀ ਨੂੰ ਬਹੁਤ ਔਖੇ ਹੋਣਾ ਪਿਆ। ਅਸੀਂ ਇਕੱਲਾ ਮੈਗਜ਼ੀਨ ਹੀ ਨਹੀਂ ਸੀ ਕੱਢਦੇ, ਨਾਲ ਥੀਏਟਰ ਵੀ ਕਰਦੇ ਸੀ ਤੇ ਥੋੜ੍ਹਾ ਬਹੁਤਾ ਭਾਈਚਾਰੇ ਵਿਚਲੀਆਂ ਖੱਬੇ ਪੱਖੀ ਸਰਗਰਮੀਆਂ ਵਿਚ ਵੀ ਹਿੱਸਾ ਲੈਂਦੇ ਸੀ। ਇਹ ਸਭ ਕੁਝ ਜਗਦੀਸ਼ ਦੇ ਸਹਿਯੋਗ ਨਾਲ ਹੀ ਸੰਭਵ ਹੋਇਆ। ਮੇਰੀ ਪਤਨੀ ਦਾ ਪਰਿਵਾਰ ਵੀ 1967 ਵਿਚ ਹੀ ਕਨੇਡਾ ਆਇਆ ਸੀ। ਮੇਰੀ ਦਿਲੀ ਖ਼ਾਹਿਸ਼ ਸੀ ਕਿ ਆਪਣੇ ਕਲਚਰ ਨੂੰ ਸਮਝਣ ਵਾਲੀ ਕੁੜੀ ਨਾਲ ਹੀ ਵਿਆਹ ਕਰਾਉਣਾ ਹੈ। ਜਗਦੀਸ਼ ਦਾ ਪੇਕਾ ਪਿੰਡ ਤੁਹਾਡੇ ਪਿੰਡ ਨੇੜੇ ਰੁੜਕਾ ਖ਼ੁਰਦ, ਬਿਲਕੁਲ ਗੁਰਾਇਆ ਦੇ ਨਾਲ ਪੈਂਦਾ ਹੈ। ਸੋ ਇੱਕੋ ਪਿਛੋਕੜ ਵਿੱਚੋਂ ਹੋਣ ਕਰਕੇ ਇਸ ਪੱਖੋਂ ਕਾਫੀ ਸੌਖ ਰਹੀ ਹੈ। ਦੋਵੇਂ ਬੱਚੇ ਪੜ੍ਹ ਲਿਖ ਕੇ ਕੰਮਾਂ ਕਾਰਾਂ ’ਤੇ ਲੱਗੇ ਹੋਏ ਹਨ। ਬਾਕੀ ਤੁਸੀਂ ਗੱਲ ਕੀਤੀ ਬੱਚਿਆਂ ਦੀ ਕਿ ਮੇਰੇ ਕੰਮਾਂ ਕਾਰਾਂ ਜਾਂ ਵਿਚਾਰਾਂ ਨਾਲ ਸਹਿਮਤੀ ਦੀ। ਇਹ ਗੱਲ ਦੱਸਦਿਆਂ ਮਾਣ ਮਹਿਸੂਸ ਕਰਦਾ ਹਾਂ ਕਿ ਮੇਰੇ ਬੱਚੇ ਵੀ ਪ੍ਰੌਗਰੈੱਸਿਵ ਵਿਚਾਰਾਂ ਵਾਲੇ ਹਨ। ਬਹੁਤੀ ਵਾਰੀ ਅਸੀਂ ਸਾਰਾ ਟੱਬਰ ਹੀ ਵੈਨਕੂਵਰ ਹੋਣ ਵਾਲੀਆਂ ਪ੍ਰਦਰਸ਼ਨੀਆਂ ਜਾਂ ਰੋਸ ਮਾਰਚਾਂ ਵਗੈਰਾ ਵਿਚ ਸ਼ਾਮਲ ਹੁੰਦੇ ਹਾਂ।

? ਬਿਨਿੰਗ ਜੀ, ਤੁਸੀਂ ਕਿਹੜੀਆਂ ਕਿਹੜੀਆਂ ਸੰਸਥਾਵਾਂ ਦੇ ਮੈਂਬਰ ਹੋ?

ਸਤਨਾਮ ਜੀ, ਸੋਸ਼ਿਆਲੋਜੀ ਦਾ ਵਿਦਿਆਰਥੀ ਹੋਣ ਕਰਕੇ ਮੈਂ ਹਮੇਸ਼ਾ ਆਪਣੇ ਆਪ ਨੂੰ ਸਮਾਜ ਦੇ ਇਕ ਵਿਦਿਆਰਥੀ ਵਜੋਂ ਹੀ ਦੇਖਿਆ ਹੈ। ਮੇਰੀ ਸਮਝ ਅਨੁਸਾਰ ਸਮਾਜ ਵਿਚ ਤਬਦੀਲੀ ਸਿਆਸੀ ਸਰਗਰਮੀ ਨਾਲ ਹੀ ਆਉਂਦੀ ਹੈ। ਸੱਭਿਆਚਾਰਕ ਸਰਗਰਮੀਆਂ ਇਸ ਕੰਮ ਵਿਚ ਸਹਾਈ ਹੋ ਸਕਦੀਆਂ ਹਨ। ਪਰ ਮੈਂ ਖੁਦ ਕਦੇ ਕਿਸੇ ਸਿਆਸੀ ਪਾਰਟੀ ਦੀ ਮੈਂਬਰਸ਼ਿਪ ਨਹੀਂ ਲਈ ਤੇ ਆਪਣੀ ਸਰਗਰਮੀ ਦਾ ਘੇਰਾ ਚੇਤਨ ਤੌਰ ’ਤੇ ਸਾਹਿਤ, ਨਾਟਕ ਤੇ ਪੰਜਾਬੀ ਬੋਲੀ ਲਈ ਸੰਘਰਸ਼ ਤੱਕ ਹੀ ਸੀਮਤ ਰੱਖਿਆ ਹੈ। ਪਿਛਲੇ ਵੀਹ ਕੁ ਵਰ੍ਹੇ ਮੈਂ ਕਨੇਡਾ ਵਿਚ ਪੰਜਾਬੀ ਬੋਲੀ ਨੂੰ ਪੱਕੇ ਪੈਰੀਂ ਕਰਨ ਲਈ ਸਰਗਰਮ ਰਿਹਾ ਹਾਂ। ਮੇਰੀ ਸਮਝ ਇਹ ਬਣੀ ਹੈ ਕਿ ਜਿਸ ਤਰ੍ਹਾਂ ਬੜੀ ਸੋਚੀ ਸਮਝੀ ਚਾਲ ਨਾਲ ਅੰਗ੍ਰੇਜ਼ੀ ਨੇ ਦੁਨੀਆਂ ਦੀਆਂ ਦੂਜੀਆਂ ਬੋਲੀਆਂ ਨੂੰ ਖੂੰਜੇ ਲਾਇਆ ਹੈ ਉਸ ਦੀ ਮਾਰ ਵਿਚ ਪੰਜਾਬੀ ਬੋਲੀ ਵੀ ਆਈ ਹੈ ਅਤੇ ਇਸ ਨੂੰ ਬਚਾਉਣ ਲਈ ਕੋਸ਼ਿਸ਼ ਕਰਨ ਦੀ ਲੋੜ ਹੈ। ਕਨੇਡਾ ਵਿਚ ਪੰਜਾਬੀ ਬੋਲੀ ਲਈ ਕੰਮ ਨੂੰ ਮੈਂ ਇਸ ਵੱਡੇ ਸੰਘਰਸ਼ ਦਾ ਹਿੱਸਾ ਸਮਝਦਾ ਹਾਂ। ਜਿੱਥੇ ਤੱਕ ਸੰਸਥਾਵਾਂ ਦੀ ਗੱਲ ਹੈ, ਅਸੀਂ ਉੱਨੀ ਸੌ ਇਕ੍ਹੱਤਰ ਬਹੱਤਰ ਵਿਚ ਪੰਜਾਬੀ ਕਲਚਰ ਐਸੋਸੀਏਸ਼ਨ ਬਣਾਈ ਸੀ। ਮੈਂ ਉਸ ਦਾ ਫਾਊਂਡਰ ਪ੍ਰੈਜ਼ੀਡੈਂਟ ਸੀ। ਵੈਨਕੂਵਰ ਦੀ ਪੰਜਾਬੀ ਸਾਹਿਤ ਸਭਾ ਜੋ ਬਾਅਦ ਵਿਚ ਪੰਜਾਬੀ ਲੇਖਕ ਮੰਚ ਦੇ ਨਾਂ ਨਾਲ ਜਾਣੀ ਗਈ ਦਾ ਵੀ ਫਾਊਂਡਰ ਮੈਂਬਰ ਸੀ। ਏਸੇ ਤਰ੍ਹਾਂ ਵੈਨਕੂਵਰ ਸੱਥ, ਪੰਜਾਬੀ ਲੈਂਗੂਏਜ ਐਜ਼ੂਕੇਸ਼ਨ ਐਸੋਸੀਏਸ਼ਨ (ਪਲੀ) ਆਦਿ ਨਾਲ ਮੈਂ ਕੰਮ ਕਰਦਾ ਰਿਹਾ ਹਾਂ ਅਤੇ ਕਰਦਾ ਹਾਂ। ਪਿਛਲੇ ਵੀਹ ਪੱਚੀ ਸਾਲ ਤੋਂ ਰਾਈਟਰਜ਼ ਯੂਨੀਅਨ ਆਫ਼ ਕੈਨੇਡਾ ਦਾ ਮੈਂਬਰ ਹਾਂ ਅਤੇ ਕੁਝ ਵਰ੍ਹੇ ਬੀ ਸੀ ਆਰਟਸ ਬੋਰਡ ’ਤੇ ਵੀ ਰਿਹਾ ਹਾਂ।

? ਤੁਸੀਂ ਯੂ. ਬੀ. ਸੀ. ਵਿਚ ਪੰਜਾਬੀ ਪੜ੍ਹਾਉਂਦੇ ਰਹੇ ਹੋ। ਪੰਜਾਬੀ ਦਾ ਭਵਿੱਖ ਕੈਨੇਡਾ ਵਿਚ ਕਿਸ ਤਰ੍ਹਾਂ ਵੇਖ ਰਹੇ ਹੋ?

– ਸਤਨਾਮ ਜੀ, ਇਹ ਇਕ ਬਹੁਤ ਮਹੱਤਵਪੂਰਨ ਸਵਾਲ ਹੈ। ਜਿੱਦਾਂ ਮੈਂ ਪਹਿਲਾਂ ਵੀ ਕਿਹਾ ਹੈ ਕਿ ਕਨੇਡਾ ਵਿਚ ਪੰਜਾਬੀ ਬੋਲੀ ਦੀ ਸਾਂਭ ਅਤੇ ਵਿਕਾਸ ਦੇ ਕੰਮ ਨੂੰ ਮੈਂ ਗਲੋਬਲ ਪੱਧਰ ’ਤੇ ਚੱਲ ਰਹੇ ਸੰਘਰਸ਼ ਦਾ ਹੀ ਹਿੱਸਾ ਸਮਝਦਾ ਹਾਂ। ਮੈਨੂੰ ਏਦਾਂ ਲਗਦਾ ਕਿ ਕਨੇਡਾ ਵਿਚ ਪੰਜਾਬੀ ਦਾ ਭੱਵਿਖ ਕੋਈ ਏਨਾ ਮਾੜਾ ਨਹੀਂ। ਭਾਵੇਂ ਅਜੋਕੇ ਦੌਰ ਵਿਚ ਆਰਥਿਕ ਤੇ ਸਿਆਸੀ ਕਾਰਨਾਂ ਕਰਕੇ ਲੋਕ ਪੰਜਾਬ ਵਿਚ ਹੀ ਪੰਜਾਬੀ ਬੋਲੀ ਤੋਂ ਦੂਰ ਜਾ ਰਹੇ ਹਨ ਪਰ ਆਸ ਵਾਲੀ ਗੱਲ ਇਹ ਹੈ ਕਿ ਲੋਕਾਂ ਵਿਚ ਇਸ ਬਾਰੇ ਜਾਗਰਤੀ ਆ ਰਹੀ ਹੈ ਕਿ ਬੋਲੀ ਦੀ ਕੀ ਮਹੱਤਤਾ ਹੁੰਦੀ ਹੈ। ਇਸ ਨਾਲ ਸਥਿਤੀ ’ਤੇ ਅਸਰ ਪੈਣਾ ਹੀ ਪੈਣਾ ਹੈ। ਜੇ ਸਾਨੂੰ ਪਤਾ ਹੋਵੇ ਕਿ ਦੋ ਸੌ ਮੀਟਰ ’ਤੇ ਜਾ ਕੇ ਇਹ ਸੜਕ ਮੁੱਕ ਜਾਂਦੀ ਹੈ ਤੇ ਅੱਗੇ ਖਾਈ ਹੈ, ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਖਾਈ ਵਿੱਚ ਡਿੱਗਣ ਤੋਂ ਪਹਿਲਾਂ ਪਹਿਲਾਂ ਕਾਰ ਦਾ ਰੁੱਖ ਬਦਲਿਆ ਜਾਵੇ ਜਾਂ ਖੜ੍ਹੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਪਹਿਲਾਂ ਆਮ ਮੰਨਿਆ ਜਾਂਦਾ ਸੀ ਕਿ ਨਵੀਂ ਥਾਂ ਜਾ ਕੇ ਤਿੰਨਾਂ ਪੀੜ੍ਹੀਆਂ ਤੋਂ ਬਾਅਦ ਲੋਕ ਆਪਣੀ ਬੋਲੀ ਨੂੰ ਛੱਡ ਕੇ ਉਸ ਦੇਸ਼ ਦੀ ਬੋਲੀ ਅਪਣਾ ਲੈਂਦੇ ਸਨ ਜਿਸ ਵਿਚ ਉਹ ਰਹਿੰਦੇ ਹੋਣ। ਇਹ ਗੱਲ ਹੁਣ ਨਹੀਂ ਹੋਵੇਗੀ, ਖ਼ਾਸ ਕਰਕੇ ਪੰਜਾਬੀ ਬੋਲੀ ਲਈ। ਇਸ ਦੇ ਕਈ ਕਾਰਨ ਆਪਾਂ ਦੇਖ ਸਕਦੇ ਹਾਂ। ਸਭ ਤੋਂ ਵੱਡਾ ਕਾਰਨ ਤਾਂ ਆਵਾਜਾਈ ਅਤੇ ਸੰਚਾਰ ਮਾਧਿਅਮ ਵਿਚ ਆਈਆਂ ਵੱਡੀਆਂ ਤਬਦੀਲੀਆਂ ਹਨ। ਅਸੀਂ ਪੰਜਾਬ ਤੋਂ ਪਹਿਲਾਂ ਵਾਂਗ ਪੂਰੀ ਤਰ੍ਹਾਂ ਟੁੱਟਦੇ ਨਹੀਂ। ਦੂਜੇ ਪਾਸੇ ਕਨੇਡਾ ਵਿਚ ਪੰਜਾਬੀ ਮੀਡੀਆ, ਪੰਜਾਬੀ ਵਪਾਰ, ਸੰਗੀਤ, ਖਾਣੇ ਜਿਸ ਪੱਧਰ ਤੱਕ ਸਥਾਪਤ ਹੋ ਰਹੇ ਹਨ ਇਹ ਵੀ ਪੰਜਾਬੀ ਬੋਲੀ ਨੂੰ ਜਿੰਦਾ ਰੱਖਣ ਵਿਚ ਸਹਾਈ ਹੋਣਗੇ। ਪੰਜਾਬੀਆਂ ਦੇ ਕਨੇਡਾ ਵਿਚ ਵਧਦੇ ਨੰਬਰਾਂ ਦਾ ਵੀ ਅਸਰ ਹੋ ਰਿਹਾ ਹੈ। ਪਿਛਲੇ ਇਕ ਸੌ ਦਸ ਸਾਲਾਂ ਦੇ ਸਾਡੀ ਬੋਲੀ ਦੇ ਤੇ ਸਾਡੇ ਯੋਗਦਾਨ ਨੂੰ ਹੁਣ ਕਨੇਡੀਅਨ ਸਮਾਜ ਨੇ ਵੀ ਮੰਨਣਾ ਸ਼ੁਰੂ ਕਰ ਦਿੱਤਾ ਹੈ। ਬੀ ਸੀ ਵਿਚ ਪੰਜਾਬੀ ਸਕੂਲਾਂ ਵਿਚ ਪੜ੍ਹਾਈ ਜਾ ਰਹੀ ਹੈ। ਅਲਬਰਟਾ ਵਿਚ ਵੀ ਸ਼ੁਰੂ ਹੋ ਰਹੀ ਹੈ। ਇਹ ਜੋ ਅਮਲ ਸ਼ੁਰੂ ਹੋਇਆ ਹੈ ਇਹ ਯਕਦਮ ਖਤਮ ਨਹੀਂ ਹੋਣ ਲੱਗਾ।

? ਯੂਨੀਵਰਸਿਟੀ ਵਿਚ ਪੰਜਾਬੀ ਪੜ੍ਹਾਉਂਦਿਆਂ ਤੁਹਾਨੂੰ ਕਿਸ ਕਿਸਮ ਦੀਆਂ ਸਮੱਸਿਆਵਾਂ ਆ ਰਹੀਆਂ ਹਨ?

-ਸਤਨਾਮ ਜੀ, ਮੁੱਖ ਸਮੱਸਿਆ ਤਾਂ ਪਹਿਲਾਂ ਇਹ ਹੀ ਆ ਰਹੀ ਸੀ ਕਿ ਸਾਡਾ ਭਾਈਚਾਰਾ ਮਾਂ ਬੋਲੀ ਪੰਜਾਬੀ ਬਾਰੇ ਗੰਭੀਰਤਾ ਨਾਲ ਨਹੀਂ ਸੀ ਸੋਚ ਰਿਹਾ। ਪਰ ਹੁਣ ਹੌਲੀ ਹੌਲੀ ਲੋਕਾਂ ਨੇ ਆਪਣਾ ਰਵੱਈਆ ਬਦਲਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬੀ ਪੜ੍ਹਾਉਣ ਲਈ ਯੋਗ ਮੈਟੀਰੀਅਲ ਦੀ ਘਾਟ ਵੀ ਹੈ। ਪੰਜਾਬੀ ਬੋਲੀ ਨੂੰ ਦੂਸਰੀਆਂ ਮਾਡਰਨ ਬੋਲੀਆਂ ਵਾਗ ਸਹੂਲਤਾਂ ਉਪਲਭਦ ਨਹੀਂ। ਪਰ ਹੁਣ ਕੰਪਿਊਟਰ ਬਹੁਤ ਸਾਰੀਆਂ ਮੁਸ਼ਕਲਾਂ ਦੂਰ ਕਰ ਰਿਹਾ ਹੈ। ਇੰਟਰਨੈੱਟ ’ਤੇ ਪੰਜਾਬੀ ਦੀ ਪੜ੍ਹਾਈ ਸਬੰਧੀ ਬੜੀਆਂ ਨਵੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਪਹਿਲਾਂ ਬਹੁਤ ਸਾਰੇ ਲੋਕ ਪੰਜਾਬੀ ਨੂੰ ਬੋਲ ਚਾਲ ਤਕ ਹੀ ਸੀਮਤ ਰੱਖਣਾ ਚਾਹੁੰਦੇ ਸਨ ਪਰ ਹੁਣ ਕਾਫ਼ੀ ਤਬਦੀਲੀ ਆਈ ਹੈ।

? ਤੁਸੀਂ ਪਿਛਲੇ ਦਿਨੀਂ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ, ਵੈਨਕੂਵਰ ਵਿਚ ਵੱਡੇ ਪੱਧਰ ਤੇ ਪੰਜਾਬੀ ਬੋਲੀ ਬਾਰੇ ਇਕ ਕਾਨਫ਼ਰੰਸ ਕੀਤੀ, ਇਸ ਬਾਰੇ ਕੁਝ ਦੱਸੋ?

-ਹਾਂ ਜੀ, ਇਹ ਸਾਹਿਤਕ ਕਾਨਫ਼ਰੰਸ 26, 27 ਅਪ੍ਰੈਲ 2008 ਨੂੰ ਯੂਨੀਵਰਸਿਟੀ ਵਲੋਂ ਕੀਤੀ ਗਈ ਸੀ। ਇਸ ਦਾ ਵਿਸ਼ਾ ਆਧੁਨਿਕ ਪੰਜਾਬੀ ਸਾਹਿਤ ਸੀ। ਯੂਨੀਵਰਸਿਟੀ ਵਲੋਂ ਇਹ ਪਹਿਲੀ ਕੋਸ਼ਿਸ਼ ਸੀ ਕਿ ਆਧੁਨਿਕ ਪੰਜਾਬੀ ਸਾਹਿਤ ਨੂੰ ਅੰਗ੍ਰੇਜ਼ੀ ਬੋਲਣ ਵਾਲ਼ਿਆਂ ਅੱਗੇ ਪੇਸ਼ ਕੀਤਾ ਜਾਵੇ। ਇਸ ਕਾਨਫ਼ਰੰਸ ਵਿਚ ਅਮਰੀਕਾ, ਕਨੇਡਾ ਤੇ ਇੰਡੀਆ ਤੋਂ ਵਿਦਵਾਨਾਂ ਨੇ ਹਿੱਸਾ ਲਿਆ। ਕਾਨਫਰੰਸ ਤੋਂ ਕੁਝ ਦੇਰ ਪਹਿਲਾਂ ਮੈਂ ਯੂ ਬੀ ਸੀ ਤੋਂ ਰੀਟਾਇਰ ਹੋਣ ਦਾ ਇਰਾਦਾ ਬਣਾ ਲਿਆ। ਡਾਕਟਰ ਐਨ ਮਰਫੀ ਜੋ ਇਸ ਵੇਲੇ ਯੂ ਬੀ ਸੀ ਦੀ ਸਿੱਖ ਪੰਜਾਬੀ ਚੇਅਰ ’ਤੇ ਹਨ, ਉਨ੍ਹਾਂ ਨੇ ਇਹ ਕਾਨਫਰੰਸ ਮੇਰੇ ਨਾਂ ਹੀ ਕਰ ਦਿੱਤੀ। ਮੈਨੂੰ ਸਗੋਂ ਇਸ ਗੱਲੋਂ ਸੰਗ ਜਿਹੀ ਆਉਂਦੀ ਰਹੀ ਹੈ।

? ਤੁਸੀਂ ਬਹੁਤ ਲੰਬੇ ਸਮੇਂ ਤੋਂ ਕਨੇਡਾ ਵਿਚ ਰਹਿੰਦੇ ਹੋ ਇਸ ਸਮੇਂ ਦੌਰਾਨ ਕੋਈ ਨਸਲੀ ਵਿਤਕਰੇ ਦਾ ਤਜਰਬਾ ਸਾਂਝਾ ਕਰਨਾ ਚਾਹੋਗੇ?

-ਨਸਲੀ ਵਿਤਕਰਾ ਤਾਂ ਹਮੇਸ਼ਾ ਹੀ ਰਿਹਾ ਹੈ ਪਰ ਸੱਤਰਵਿਆਂ ਦੇ ਸ਼ੁਰੂ ਵਿਚ ਜਦੋਂ ਆਪਣੇ ਲੋਕ ਕਾਫ਼ੀ ਵੱਡੀ ਗਿਣਤੀ ਵਿਚ ਏਥੇ ਆਏ ਤਾਂ ਨਸਲੀ ਗੋਰਿਆਂ ਵਲੋਂ ਬੜੀ ਨਫਰਤ ਦਿਖਾਈ ਗਈ। ਸਰੀ, ਜਿਹੜੀ ਹੁਣ ਪੰਜਾਬ ਤੋਂ ਵੀ ਵੱਧ ਪੰਜਾਬ ਲਗਦੀ ਹੈ, ਉੱਥੇ ਤੁਰਿਆਂ ਜਾਂਦਿਆਂ ਨੂੰ ਗੋਰੇ ਗਾਲ੍ਹਾਂ ਕੱਢ ਜਾਂਦੇ, ਥੁੱਕ ਜਾਂਦੇ, ਧੱਕੇ ਮਾਰ ਜਾਂਦੇ। ਪੁਰਾਣੇ ਲੋਕਾਂ ਨੇ ਹੌਲੀ ਹੌਲੀ ਆਪਣਾ ਥਾਂ ਬਣਾ ਲਿਆ ਹੋਇਆ ਸੀ ਤੇ ਆਪਣੇ ਆਪ ਨੂੰ ਹਾਲਤਾਂ ਅਨੁਸਾਰ ਅਡਜਸਟ ਕੀਤਾ ਹੋਇਆ ਸੀ। ਉਹ ਕਹਿੰਦੇ ਸਨ ਕਿ ਨਵੇਂ ਮੁੰਡੇ ਗੋਰੀਆਂ ਨੂੰ ਛੇੜਦੇ ਹਨ ਇਸ ਕਰਕੇ ਲੜਾਈਆਂ ਹੁੰਦੀਆਂ ਹਨ। ਪਰ ਨਵੇਂ ਮੁੰਡੇ ਸਿਆਸੀ ਚੇਤਨਾ ਵਾਲੇ ਤੇ ਪੜ੍ਹੇ ਲਿਖੇ ਵੀ ਸਨ, ਉਹਨਾਂ ਨੇ ਆਉਂਦਿਆਂ ਹੀ ਆਪਣੇ ਹੱਕ ਮੰਗਣੇ ਸ਼ੁਰੂ ਕਰ ਦਿੱਤੇ। ਜਥੇਬੰਦ ਹੋ ਕੇ ਨਸਲਵਾਦ ਦਾ ਵਿਰੋਧ ਕੀਤਾ। ਹੌਲੀ ਹੌਲੀ ਸਮੇਂ ਨਾਲ ਫਰਕ ਪੈਂਦਾ ਗਿਆ। ਹੁਣ ਪਹਿਲਾਂ ਵਾਲੀ ਗੱਲ ਨਹੀਂ ਪਰ ਫੇਰ ਵੀ ਆਪਾਂ ਇਹ ਨਹੀਂ ਕਹਿ ਸਕਦੇ ਹਾਂ ਕਿ ਵਿਤਕਰਾ ਖ਼ਤਮ ਹੋ ਗਿਆ ਹੈ। ਵੱਖਰੇ ਵੱਖਰੇ ਰੂਪਾਂ ਵਿਚ ਇਹ ਅਜੇ ਵੀ ਕਾਇਮ ਹੈ ਅਤੇ ਸਮੇਂ ਸਮੇਂ ਆਪਣੀ ਧੌਣ ਚੁੱਕ ਲੈਂਦਾ ਹੈ। ਅਜੇ ਬਹੁਤ ਸਾਰਾ ਕੰਮ ਕਰਨੇ ਵਾਲਾ ਪਿਆ ਹੈ। ਜਿੱਥੋਂ ਤੱਕ ਜਾਤੀ ਪੱਧਰ ’ਤੇ ਨਸਲੀ ਵਿਤਕਰੇ ਦਾ ਸਬੰਧ ਹੈ। ਮੇਰਾ ਤਜਰਬਾ ਵੀ ਬਾਕੀਆਂ ਵਰਗਾ ਹੀ ਹੈ। ਮੈਂ 1970 ਵਿਚ ਵੈਨਕੂਵਰ ਪੋਸਟ ਆਫਿਸ ਵਿਚ ਕੰਮ ਕਰਨ ਲੱਗਾ ਸੀ। ਇਕੱਲਾ ਪੰਜਾਬੀ ਹੋਣ ਕਰਕੇ ਬੜੇ ਤਲਖ ਤਜਰਬੇ ਹੋਏ। ਕਨੇਡਾ ਵਿਚ ਆਪਣੇ ਜੀਵਨ ਦੇ ਪਹਿਲੇ ਦਸ ਪੰਦਰਾਂ ਸਾਲ ਮੈਂ ਓਪਰਾ ਹੀ ਮਹਿਸੂਸ ਕਰਦਾ ਰਿਹਾ ਤੇ ਇਸ ਨਿਸ਼ਾਨੇ ਨਾਲ ਜੀਂਦਾ ਰਿਹਾ ਕਿ ਵਾਪਸ ਮੁੜ ਜਾਣਾ ਹੈ। ਕੰਮ ਕਰਨ ਦੇ ਨਾਲ ਨਾਲ ਪੜ੍ਹਾਈ ਕਰਨ ਪਿੱਛੇ ਵੀ ਮੇਰਾ ਇਕ ਕਾਰਨ ਇਹ ਸੀ ਕਿ ਪੰਜਾਬ ਜਾ ਕੇ ਕਾਲਜ ਵਗੈਰਾ ਵਿਚ ਨੌਕਰੀ ਕਰਨ ਜੋਗਾ ਹੋ ਜਾਵਾਂ। ਪਰ ਯੂਨੀਵਰਸਿਟੀ ਦੇ ਮਾਹੌਲ ਨੇ ਤੇ ਕੁਝ ਏਥੋਂ ਦੀਆਂ ਸਰਗਰਮੀਆਂ ਦੇ ਅਸਰ ਨਾਲ ਮੈਂ ਹੌਲੀ ਹੌਲੀ ਮਹਿਸੂਸ ਕੀਤਾ ਕਿ ਜੀਵਨ ’ਚ ਸੰਘਰਸ਼ ਤਾਂ ਹਰ ਥਾਂ ਹੀ ਕਰਨਾ ਪੈਣਾ ਹੈ ਤੇ ਉਹ ਏਥੇ ਵੀ ਕੀਤਾ ਜਾ ਸਕਦਾ ਹੈ। ਮੈਂ ਫੇਰ ਚੇਤਨ ਤੌਰ ’ਤੇ ਇਹ ਫੈਸਲਾ ਲਿਆ ਕਿ ਹੁਣ ਕਨੇਡਾ ਹੀ ਮੇਰਾ ਮੁਲਕ ਹੈ ਤੇ ਮੈਂ ਏਥੇ ਹੀ ਰਹਿਣਾ ਹੈ ਤੇ ਇਸੇ ਨੂੰ ਵਧੀਆ ਸਮਾਜ ਬਣਾਉਣ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ।

? ਕੋਈ ਸਨੇਹਾ ਪੰਜਾਬੀ ਬੋਲਣ ਸੁਣਨ ਵਾਲਿਆਂ ਲਈ?

ਸਤਨਾਮ ਜੀ, ਮੇਰਾ ਵਿਚਾਰ ਹੈ ਕਿ ਸਾਨੂੰ ਕਨੇਡਾ ਦੇ ਵਧੀਆ ਸ਼ਹਿਰੀ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਰ ਏਥੋਂ ਦੇ ਚੰਗੇ ਸ਼ਹਿਰੀ ਬਣਨ ਦਾ ਇਹ ਅਰਥ ਨਹੀਂ ਕਿ ਅਸੀਂ ਧਰਮ ਤੋਂ ਬਿਨਾਂ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਬਾਕੀ ਸਭ ਕੁਝ ਭੁਲਾ ਦੇਈਏ। ਅੰਗ੍ਰੇਜ਼ੀ ਦੇ ਨਾਲ ਨਾਲ ਸਾਨੂੰ ਪੰਜਾਬੀ ਬੋਲੀ ਵੀ ਕਾਇਮ ਰੱਖਣੀ ਚਾਹੀਦੀ ਹੈ। ਨਾਲ ਹੀ ਸਾਨੂੰ ਪੰਜਾਬੀ ਸੱਭਿਆਚਾਰ ਦੀਆਂ ਕੁਝ ਚੀਜ਼ਾਂ ਛੱਡ ਵੀ ਦੇਣੀਆਂ ਚਾਹੀਦੀਆਂ ਹਨ ਜਿਵੇਂ ਕਿ ਜਾਤ ਪਾਤ। ਇਸ ਪਾਸੇ ਸਾਨੂੰ ਖਾਸ ਤੌਰ ’ਤੇ ਧਿਆਨ ਦੇਣਾ ਚਾਹੀਦਾ ਹੈ ਕਿ ਜੇ ਅਸੀਂ ਗੋਰਿਆਂ ਕੋਲੋਂ ਇਹ ਮੰਗ ਕਰਦੇ ਹਾਂ ਕਿ ਉਹ ਸਾਨੂੰ ਬਣਦਾ ਬਰਾਬਰ ਦਾ ਮਾਣ ਸਤਿਕਾਰ ਦੇਣ ਤਾਂ ਸਾਨੂੰ ਵੀ ਇਕ ਦੂਜੇ ਨਾਲ ਇਹੋ ਜਿਹਾ ਹੀ ਵਰਤਾਅ ਕਰਨਾ ਸਿੱਖਣਾ ਚਾਹੀਦਾ ਹੈ।

ਸਤਨਾਮ ਸਿੰਘ : ਸਾਧੂ ਬਿਨਿੰਗ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਆਪਣੇ ਬਹੁਤ ਹੀ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਗੱਲਬਾਤ ਕੀਤੀ ਹੈ। ਸਾਨੂੰ ਬਹੁਤ ਸਾਰੀਆਂ ਨਵੀਂਆਂ ਗੱਲਾਂਬਾਤਾਂ ਦਾ ਪਤਾ ਲੱਗਾ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਇਸੇ ਤਰ੍ਹਾਂ ਕਰਦੇ ਰਹੋਂ ਤੇ ਆਪਣੇ ਲੋਕਾਂ ਨੂੰ ਇਸੇ ਤਰ੍ਹਾਂ ਜਾਗਰਤ ਕਰਦੇ ਰਹੋਂ।

*****

*ਦੂਜੀ ਵਾਰੀ: 22 ਫਰਵਰੀ 2021
(ਪਹਿਲਾਂ ਵਾਰੀ ’ਲਿਖਾਰੀ’ ਿਵੱਚ ਪ੍ਰਕਾਸ਼ਿਤ 13 ਨਵੰਬਰ 2009)

satnam_dhaw

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:

ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)

ਪਤਾ:
Satnam Singh Dhah
303 ASPEN RIDGE PL SW

Calgary, AB T3 H 1T2
Canada
Ph.403-285-6091
e-mailsatnam.dhah@gmail.com

ਸਤਨਾਮ ਢਾਅ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ: ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ) ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ) ਪਤਾ: Satnam Singh Dhah 303 ASPEN RIDGE PL SW Calgary, AB T3 H 1T2 Canada Ph.403-285-6091 e-mailsatnam.dhah@gmail.com

View all posts by ਸਤਨਾਮ ਢਾਅ →