ਇਹ ਮੁਲਾਕਾਤ ਕੁਝ ਸਮਾਂ ਪਹਿਲਾਂ ਡਾ. ਇਕਬਾਲ ਸਿੰਘ ਪੰਨੂੰ ਹੋਰਾਂ ਦੀ ਕੈਨੇਡਾ ਫੇਰੀ ਦੋਰਾਨ ਕੀਤੀ ਗਈ ਸੀ। ਇਹ ਕੈਨੇਡੀਅਨ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿੱਚ ਛਪੀ ਵੀ ਸੀ। ਬਦਕਿਸਮਤੀ ਨਾਲ 23 ਜੂਨ 2013 ਨੂੰ ਇਕਬਾਲ ਸਿੰਘ ਪੰਨੂ ਜੀ ਸਾਨੂੰ ਸਦਾ ਲਈ ਵਿਛੋੜਾ ਦੇ ਗਏ ਹਨ। ਪਾਠਕਾਂ ਨੂੰ ਬੇਨਤੀ ਹੈ ਕਿ ਹੈ ਦੀ ਥਾਂ ਸੀ ਪੜ੍ਹਿਆ ਜਾਵੇ। ਅਸੀਂ ਇਹ ਮੁਲਾਕਾਤ ਉਨ੍ਹਾਂ ਨੂੰ ਸ਼ਰਧਾਜਲੀ ਵਜੋਂ ਪੇਸ਼ ਕਰ ਰਹੇ ਹਾਂ
“ਹੋਵੇ ਪੇਸ਼ ਸਵੇਰਾ ਸੂਰਜ ਦਾ ਜਾਇਆ ਸੁਰਜੀਤ ਪਾਤਰ ਦੀ ਕਵਿਤਾ ਦੀਆਂ ਇਹ ਸਤਰਾਂ ਸ੍ਰ. ਇਕਬਾਲ ਸਿੰਘ ਪੰਨੂੰ ਤੇ ਪੂਰੀ ਤਰ੍ਹਾਂ ਢੁੱਕਦੀਆਂ ਹਨ। ਕਿਉਂਕਿ ਜਿੱਥੇ ਵੀ, ਜਦੋਂ ਵੀ, ਕਿਧਰੇ ਉਹ ਸੱਚ ਨਿਆਂ, ਤੇ ਇਨਸਾਫ਼ ਦੇ ਲਈ ਖੜ੍ਹਿਆ, ਲੜਿਆ ਤਾਂ ਉਸ ਨੂੰ ਬਹੁਤ ਜ਼ਿਆਦਾ ਨੁਕਸਾਨ ਉਠਾਉਣਾ ਪਿਆ। ਪਰ ਇਸ ਰੱਬ ਦੇ ਬੰਦੇ ਨੇ ਆਪਣੀ ਲੀਹ ਨਹੀਂ ਭੰਨੀ। ਇਹ ਹੀ ਗੁਣ ਇਕਬਾਲ ਸਿੰਘ ਨੂੰ ਆਮ ਵਿਅਕਤੀਆਂ ਨਾਲ਼ੋਂ ਵੱਖਰਿਆਉਂਦਾ ਹੈ। ਇਕਬਾਲ ਸਿੰਘ ਪੰਨੂੰ ਪੰਜਾਬ ਅਤੇ ਹਰਿਆਣੇ ਦੇ ਲੋਕਾਂ ਲਈ ਕਿਸੇ ਵੀ ਜਾਣਕਾਰੀ ਦਾ ਮੁਥਾਜ ਨਹੀਂ ਪਰ ਇੱਧਰ ਕੈਨੇਡਾ ਅਮਰੀਕਾ ਦੇ ਲੋਕਾਂ ਨੂੰ ਸ਼ਾਇਦ ਉਨ੍ਹਾਂ ਬਾਰੇ ਜਾਣਕਾਰੀ ਘੱਟ ਹੋਵੇ। ਸ੍ਰ. ਇਕਬਾਲ ਸਿੰਘ ਕਿੱਤੇ ਵਜੋਂ ਇੱਕ ਮੈਡੀਕਲ ਡਾਕਟਰ ਹੈ। ਜਿੰਨਾਂ ਉਹ ਮੈਡੀਕਲ ਡਾਕਟਰ ਹੈ ਉਸ ਤੋਂ ਕਿਤੇ ਜ਼ਿਆਦਾ ਉਹ ਸ਼ੋਸ਼ਲ ਵਰਕਰ, ਧਾਰਮਿਕ ਖ਼ਿਆਲਾਂ, ਨੇਕ-ਨੀਤੀ ਅਤੇ ਲੋਕ-ਭਲਾਈ ਵਾਲਾ ਇਨਸਾਨ ਹੈ। ਇਕਬਾਲ ਸਿੰਘ ਦਾ ਜਨਮ ਲਾਇਲਪੁਰ (ਪਕਿਸਤਾਨ) ਵਿੱਚ ਇੱਕ ਪੜ੍ਹੇ ਲਿਖੇ ਅਗਾਂਹ ਵਧੂ ਕਿਸਾਨ ਸ੍ਰ. ਹਰਨਾਮ ਸਿੰਘ ਤਹਿਸੀਲਦਾਰ ਦੇ ਘਰ ਹੋਇਆ। 1947 ਵਿੱਚ ਦੇਸ਼ ਦੀ ਵੰਡ ਪਿੱਛੋਂ ਇਹਨਾਂ ਨੂੰ ਪੂਰਬੀ ਪੰਜਾਬ ਵਿੱਚ ਸਿਰਸਾ ਜ਼ਿਲ੍ਹੇ ਦੇ ਪਿੰਡ ਮੰਡੀ ਡੱਬਵਾਲ਼ੀ (ਹਰਿਆਣਾ) ਵਿੱਚ ਜ਼ਮੀਨ ਅਲਾਟ ਹੋਈ। ਪਰ ਆਪਣੇ ਪਿੰਡ ਰਹੇ ਬਹੁਤ ਘੱਟ ਹਨ। ਕਿਉਂਕਿ ਇਕਬਾਲ ਸਿੰਘ ਦੇ ਪਿਤਾ ਜੀ ਤਹਿਸੀਲਦਾਰ ਸਨ ਪਰ ਸਮੇਂ ਦੇ ਹਾਕਮਾਂ ਦਾ ਹੱਥ-ਠੋਕਾ ਬਣ ਕੇ ਕੰਮ ਕਰਨ ਦੀ ਥਾਂ ਆਪਣੀ ਆਤਮਾ ਦੀ ਆਵਾਜ਼ ਨਾਲ ਕੰਮ ਕਰਦੇ ਸਨ। ਇਸ ਕਰਕੇ ਉਹਨਾਂ ਦਾ ਕਿਸੇ ਇੱਕ ਸਟੇਸ਼ਨ ਤੇ ਟਿਕੇ ਰਹਿਣ ਮੁਸ਼ਕਲ ਸੀ। ਜਦੋਂ ਕਿਸੇ ਰਾਜਸੀ ਨੇਤਾ ਦਾ ਕੰਮ ਉਹਦੇ ਕਹਿਣ ਮੁਤਾਬਕ ਨਾ ਹੋਇਆ ਉਹਦੇ ਵੱਲੋਂ ਹੁਕਮ ਹੋ ਗਿਆ ਇਹਨੂੰ ਬਦਲ ਦਿਉ। ਇਸੇ ਕਰਕੇ ਹਾਈ ਸਕੂਲ ਤੱਕ ਦੀ ਵਿੱਦਿਆ ਲੈਣ ਤੱਕ ਇਕਬਾਲ ਸਿੰਘ ਨੇ ਪੂਰੇ ਸਤਾਰਾਂ ਸਕੂਲ ਬਦਲੇ। ਸੱਚੀ ਸੁੱਚੀ ਕਿਰਤ ਕਰਨਾ, ਗ਼ਲਤ ਹੋ ਰਹੇ ਕੰਮਾਂ ਦਾ ਵਿਰੋਧ ਕਰਨਾ ਤੇ ਲੋਕ-ਹਿਤੂ ਕੰਮਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣਾ ਡਾ. ਇਕਬਾਲ ਸਿੰਘ ਦਾ ਇੱਕ ਵਰਾਸਤੀ ਗੁਣ ਹੈ। ਸ਼ਾਇਦ ਇਸੇ ਕਰਕੇ ਅੱਜ ਵੀ ਡਾਕਟਰੀ ਵਰਗਾ ਕਿੱਤਾ ਹੱਥ ਵਿੱਚ ਹੋਣ ਦੇ ਬਾਵਜੂਦ ਵੀ ਕਿਧਰੇ ਟਿਕ ਕੇ ਆਪਣੀ ਪ੍ਰੈਕਟਿਸ ਕਰਕੇ ਦੂਸਰੇ ਲੋਕਾਂ ਵਾਗ ਇੱਕ ਅਮੀਰ ਵਿਅਕਤੀ ਦੀ ਜ਼ਿੰਦਗੀ ਨਹੀਂ ਵਸਰ ਕਰ ਰਿਹਾ, ਸਗੋਂ ਆਮ ਮਿਹਨਤੀ ਅਤੇ ਇੱਕ ਸਧਾਰਨ ਵਿਅਕਤੀ ਦੀ ਤਰ੍ਹਾਂ ਹੀ ਜ਼ਿੰਦਗੀ ਜਿਉਂ ਰਿਹਾ ਹੈ। ਆਪਣੀਆਂ ਪਰਿਵਾਰਕ ਲੋੜ੍ਹਾਂ ਨੂੰ ਮੁੱਖ ਰੱਖਣ ਦੀ ਥਾਂ ਲੋਕ-ਭਲਾਈ ਦੇ ਕੰਮਾਂ ਨੂੰ ਪਹਿਲ ਦੇ ਰਿਹਾ ਹੈ। ਆਪਣੇ ਜੀਵਨ ਦਾ ਬਾਕੀ ਹਿੱਸਾ ਲੋਕ-ਹਿਤੂ ਕੰਮਾਂ ਵਿੱਚ ਲਾਉਣ ਲਈ ਵਚਨਬੱਧ ਹੈ। ਬੀਮਾਰੀ ਜਾਂ ਉਮਰ ਦੇ ਲਿਹਾਜ਼ ਨਾਲ ਲੋਕ-ਭਲਾਈ ਦੇ ਕੰਮਾਂ ਦੀ ਚਾਲ ਵਿੱਚ ਕੋਈ ਢਿੱਲ ਨਹੀਂ ਆਈ। ਉਹ ਸਗੋਂ ਪਹਿਲਾਂ ਨਾਲੋਂ ਵੀ ਵੱਧ ਉੱਦਮ ਤੇ ਉਤਸ਼ਾਹ ਨਾਲ ਹਰਿਆਣੇ ਦੀ ਧਰਤੀ ਤੇ ਸਿੱਖੀ ਦਾ ਪਲੇਟਫਾਰਮ ਉਸਾਰਨ ਲਈ ਸਿਰਤੋੜ ਯਤਨ ਕਰ ਰਿਹਾ ਹੈ। ਗੁਰਦੁਆਰੇ ਦੇ ਪ੍ਰਬੰਧ ਨੂੰ ਸੁਧਾਰਨ ਲਈ ਗੁਰਘਰ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਸ਼ਹਿਰ ਦੇ ਪਤਵੰਤੇ ਅਤੇ ਰਾਜਨੀਤਿਕ ਲੋਕਾਂ ਦੀ ਨਰਾਜ਼ਗੀ ਮੁੱਲ ਲੈਣੀ ਪਈ ਪਰ ਆਪਣੇ ਮਿਸ਼ਨ ਤੋਂ ਪਿੱਛੇ ਨਹੀਂ ਹਟੇ। ਖ਼ਾਲਸਾ ਹਾਈ ਸਕੂਲ ਬਣਾਉਣ, ਨਵੀਂ ਪੀੜ੍ਹੀ ਨੂੰ ਮਾਂ ਬੋਲੀ, ਅਪਣੇ ਸਭਿਆਚਾਰ ਤੇ ਸਿੱਖੀ ਨਾਲ ਜੋੜਨ ਦੇ ਉਦੇਸ਼ ਨੂੰ ਲੈ ਕੇ ਦਿਨ ਰਾਤ ਇੱਕ ਕਰ ਦਿੱਤਾ। ਡਾ. ਇਕਬਾਲ ਸਿੰਘ ਦੀ ਸ਼ਖ਼ਸੀਅਤ ਦੀ ਕਰਾਮਤ ਹੀ ਸਮਝੋ ਕਿ ਉਨ੍ਹਾਂ ਨੇ ਦਾਨੀ ਲੋਕਾਂ ਨੂੰ ਆਪਣੇ ਕੰਮਾਂ ਨਾਲ ਏਨਾ ਪ੍ਰਭਾਵਿਤ ਕੀਤਾ ਕਿ ਜਿਹੜੇ ਲੋਕ ਪਹਿਲਾਂ ਉਨ੍ਹਾਂ ਦਾ ਵਿਰੋਧ ਕਰਦੇ ਸਨ, ਉਹ ਡਾ. ਇਕਬਾਲ ਪੰਨੂੰ ਦੀ ਟੀਮ ਵਿੱਚ ਸ਼ਾਮਲ ਹੋ ਕੇ ਲੱਖਾਂ ਰੁਪਇਆਂ ਦਾ ਫ਼ੰਡ ਸਕੂਲ ਦੀ ਬਿਲਡਿੰਗ ਲਈ ਇਕੱਠੇ ਕਰ ਗਏ। 1966 ਵਿੱਚ ਹਰਿਆਣਾ ਵੱਖਰਾ ਸੂਬਾ ਬਣਨ ਤੋਂ ਬਾਅਦ ਹਰਿਆਣੇ ਵਿਚ ਪੰਜਾਬੀ ਪੜ੍ਹਾਉਂਣ ਦਾ ਕੋਈ ਪ੍ਰਬੰਧ ਨਹੀਂ ਸੀ। ਦੂਜਾ ਕਾਰਨ ਇਹ ਵੀ ਸੀ ਕਿ ਸਮਰੱਥ ਲੋਕ ਤਾਂ ਆਪਣੇ ਬੱਚਿਆਂ ਨੂੰ ਮੋਟੀਆਂ ਫ਼ੀਸਾਂ ਦੇ ਕੇ ਪਬਲਿਕ ਸਕੂਲਾਂ ਵਿੱਚ ਦਾਖ਼ਲ ਕਰਾ ਕੇ ਵਿੱਦਿਆ ਦੁਆ ਰਹੇ ਸਨ। ਗ਼ਰੀਬ ਲੋਕ ਆਪਣੇ ਬੱਚਿਆਂ ਨੂੰ ਵਿੱਦਿਆ ਦੁਆਉਂਣ ਤੋਂ ਅਸਮਰੱਥ ਸਨ। ਪਰ ਡਾ. ਇਕਬਾਲ ਸਿੰਘ ਦੇ ਉੱਦਮ ਸਦਕਾ ਉਹ ਖ਼ਾਲਸਾ ਸਕੂਲ ਵਿਚ ਨਾ-ਮਾਤਰ ਫ਼ੀਸ ਦੇ ਕੇ ਮਿਆਰੀ ਵਿੱਦਿਆ ਦੁਆਣ ਦੇ ਯੋਗ ਹੋ ਸਕੇ ਹਨ। ਡਾ. ਪੰਨੂੰ ਆਪ ਇੱਕ ਚੰਗੇ ਖਿਡਾਰੀ ਸਨ, ਉੁਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਗਰਾਂਉਡਾਂ ਦਾ ਵੀ ਏਨ੍ਹਾ ਸੁੱਚਜਾ ਪ੍ਰਬੰਧ ਕੀਤਾ ਕਿ ਬਹੁਤ ਸਾਰੇ ਵਿਦਿਆਰਥੀ ਖੇਡਾਂ ਵਿੱਚ ਭਾਗ ਲੈ ਕੇ ਨੈਸ਼ਨਲ ਪੱਧਰ ਦੇ ਖਿਡਾਰੀ ਬਣੇ। ਕਈ ਖਿਡਾਰੀ ਚਾਰ ਸੌ ਮੀਟਰ ਟਰੈਕ ਵਿੱਚ ਅਥਲੀਟ ਆਪਣੇ ਦੇਸ਼ ਕੌਮ ਦਾ ਨਾਂਅ ਉੱਚਾ ਕਰ ਸਕੇ। ਇਹ ਸੋਚ ਉਸ ਦੂਰਅੰਦੇਸ਼ੀ ਸ਼ਖ਼ਸੀਅਤ ਸ੍ਰ. ਪੰਨੂੰ ਜੀ ਦੀ ਹੀ ਸੀ। ਇਕਬਾਲ ਸਿੰਘ ਨੇ ਹਰਿਆਣਾ ਸੂਬੇ ਵਿੱਚ ਰਹਿੰਦਿਆਂ ਵੀ ਪੰਜਾਬੀਆਂ ਦੀਅਾਂ ਮੰਗਾਂ ਦਾ ਸਮਰਥਨ ਕਰਨ ਕਰਕੇ, ਸਿੱਖੀ ਵਿਚਾਰਧਾਰਾਂ ਨੂੰ ਮੰਨਦੇ ਹੋਏ ਸਿੱਖਾਂ ਦੇ ਹੱਕ ਵਿੱਚ ਧਰਮ-ਯੁੱਧ ਮੋਰਚੇ ਵਿੱਚ ਨੱਬੇ ਸਿੰਘਾਂ ਦੇ ਜਥੇ ਨਾਲ ਗ੍ਰਿਫ਼ਤਾਰੀ ਦਿੱਤੀ। ਇੰਦਰਾਂ ਗਾਂਧੀ ਵੱਲੋਂ ਹਰਿਮੰਦਰ ਸਾਹਿਬ ਉੱਪਰ ਹਮਲੇ ਤੋਂ ਬਾਅਦ ਜਦੋਂ ਇੰਦਰਾਂ ਗਾਂਧੀ ਦਾ ਕਤਲ ਹੋਇਆ ਅਤੇ ਦਿੱਲੀ ਵਿੱਚ ਸਰਕਾਰ ਨੇ ਬੇਗੁਨਾਹ ਲੋਕਾਂ ਨੂੰ ਦਿੱਲੀ, ਕਾਨਪੁਰ ਅਤੇ ਹੋਰ ਸ਼ਹਿਰਾਂ ਵਿੱਚ ਨਿਰਦੋਸ਼ਾਂ ਨੂੰ ਸਿੱਖ ਜਾਂ ਪੰਜਾਬੀ ਕਰਕੇ ਜਿੱਥੇ ਵੀ ਦੇਖਿਆ ਕਤਲ ਕਰ ਦਿੱਤਾ। ਉਸ ਦੇ ਵਿਰੋਧ ਵਿੱਚ ਵਿਰੋਧ-ਪੱਤਰ ਦੇਣਾ ਕਿਸੇ ਜਿਗਰੇ ਵਾਲੇ ਮਰਦ ਦਾ ਹੀ ਕੰਮ ਹੈ। ਫੇਰ ਹਰਿਆਣਾ ਪੁਲੀਸ ਨੇ ਡਾ. ਸਾਹਿਬ ਨੂੰ ਖ਼ਤਰਨਾਕ ਅੱਤਵਾਦੀ ਐਲਾਨ ਕਰਕੇ ਜਾਨੋਂ ਮਾਰਨ ਦੀ ਨਾਕਾਮਯਾਬ ਕੋਸ਼ਿਸ਼ ਵੀ ਕੀਤੀ। ਇਹੋ ਜਿਹੀਆਂ ਘਟਨਾਵਾਂ ਲਗਾਤਾਰ ਵਾਪਰਦੀਆਂ ਰਹੀਆਂ। ਇਕਬਾਲ ਸਿੰਘ ਪੰਨੂੰ ਇੱਕ ਅਨੋਖੀ ਸ਼ਖ਼ਸੀਅਤ ਦੇ ਮਾਲਕ ਹਨ। ਇਸ ਦੀ ਮਸਾਲ ਮੰਡੀ ਡੱਬਵਾਲੀ ਵਿੱਚ ਟਰੱਕ ਯੁਨੀਅਨ ਦੇ ਪ੍ਰਧਾਨ ਬੂਟਾ ਸਿੰਘ, ਜਿਸ ਨਾਲ ਪਹਿਲਾਂ ਡਾ. ਪੰਨੂੰ ਦੇ ਵਿਚਾਰਧਾਰਕ ਮਤਭੇਦ ਸਨ। ਉਹ ਕਾਂਗਰਸੀ ਵਿਚਾਰਾਂ ਦਾ ਧਾਰਨੀ ਸੀ ਇਹ ਸਿੱਖੀ ਵਿਚਾਰਧਾਰਾ ਦੇ ਸਨ। ਜਦ ਉਹਨੇ ਇਕਬਾਲ ਪੰਨੂੰ ਦੀ ਸੱਚੀ ਸੁੱਚੀ ਨਿਰਸੁਆਰਥ ਸੇਵਾ ਕਰਨ ਦੀ ਲਗਨ ਦੇਖੀ ਤਾਂ ਪੰਨੂੰ ਸਾਹਿਬ ਦੇ ਪ੍ਰਸ਼ੰਸਕ ਹੀ ਨਹੀਂ ਬਣੇ, ਸਗੋਂ ਡਾ. ਪੰਨੂੰ ਦੇ ਵਿੱਢੇ ਖ਼ਾਲਸਾ ਸਕੂਲ ਦੇ ਮਿਸ਼ਨ ਲਈ ਲੱਖਾਂ ਰੁਪਏ ਦਾਨ ਦੇ ਕੇ ਇਨ੍ਹਾਂ ਦੇ ਕਾਫ਼ਲੇ ਵਿੱਚ ਸ਼ਾਮਲ ਵੀ ਹੋ ਗਿਆ। ਸੱਚ ਮੁੱਚ ਹੀ ਇਹ ਇੱਕ ਚੁੰਬਕੀ ਛੋਹ ਵਾਲੀ ਸ਼ਖ਼ਸੀਅਤ ਦਾ ਹੀ ਕੰਮ ਹੈ। ਡਾ. ਪੰਨੂ ਇਕ ਸੱਚੇ ਸੁੱਚੇ ਇਮਾਨਦਾਰ ਇਨਸਾਨ ਹੋਣ ਕਰਕੇ, ਕਿਸੇ ਦੇ ਜੀ ਹਜ਼ੂਰੀਏ ਨਾ ਹੋਣ ਨਾਲ ਭਾਵੇਂ ਉਸ ਨੂੰ ਕਿੰਨੀ ਵੀ ਕੀਮਤ ਤਾਰਨੀ ਪਈ ਪਰ ਡਾ. ਇਕਬਾਲ ਸਿੰਘ ਨੇ ਆਪਣੀ ਜ਼ਮੀਰ ਨੂੰ ਮਰਨ ਨਹੀਂ ਦਿੱਤਾ। ਉਹ ਬਹਾਦਰ ਲੋਕ ਜੋ ਭ੍ਰਿਸ਼ਟ ਸਿਸਟਮ ਦਾ ਹਿੱਸਾ ਨਹੀਂ ਬਣਦੇ ਤਾਂ ਕਿਵੇਂ ਆਪਣੇ ਅਸੂਲਾਂ ਤੇ ਡਟੇ ਰਹਿ ਕੇ ਆਪਣੀ ਜ਼ਿੰਦਗੀ ਵਿੱਚ ਉਹ ਇਤਿਹਾਸਕ ਪੈੜਾਂ ਛੱਡ ਜਾਂਦੇ ਹਨ, ਜੋ ਆਉਣ ਵਾਲੇ ਲੋਕਾਂ ਲਈ ਰਾਹ ਦਸੇਰੇ ਦਾ ਕੰਮ ਕਰਦੇ ਹਨ। ਸ੍ਰ. ਇਕਬਾਲ ਸਿੰਘ ਸਾਡੇ ਕੋਲ ਕੈਲਗਰੀ ਸ਼ਹਿਰ ਆਪਣੇ ਬੱਚਿਆਂ ਨੂੰ ਮਿਲਣ ਆਏ ਤਾਂ ਇਕਬਾਲ ਸਿੰਘ ਹੋਰਾਂ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ, ਜਿਸ ਦੇ ਕੁਝ ਅੰਸ਼ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਵਿਰਸੇ ਵਿੱਚ ਮਿਲ਼ਿਆ ਗੁਣ ?. ਡਾ. ਇਕਬਾਲ ਸਿੰਘ ਜੀ, ਤੁਹਾਡੇ ਬਾਰੇ ਪੰਜਾਬ ਅਤੇ ਹਰਿਆਣੇ ਵਿੱਚ ਤਾਂ ਲੋਕ ਜਾਣਦੇ ਹੋਣਗੇ ਪਰ ਇੱਧਰ ਕੈਨੇਡਾ ਵਿੱਚ ਬਹੁਤ ਘੱਟ ਲੋਕਾਂ ਨੂੰ ਤੁਹਾਡੇ ਬਾਰੇ ਜਾਣਕਾਰੀ ਹੈ। ਪਹਿਲਾਂ ਤਾਂ ਆਪਣੇ ਬਾਰੇ ਸੰਖੇਪ ਜਾਣਕਾਰੀ ਦਿਉ? -ਸਤਨਾਮ ਸਿੰਘ ਜੀ, ਮੇਰਾ ਜਨਮ ਦਸੰਬਰ 1941 ਨੂੰ ਸ੍ਰ. ਹਰਨਾਮ ਸਿੰਘ ਜੀ ਤੇ ਮਾਤਾ ਜੀ ਸੁਰਜੀਤ ਕੌਰ ਹੋਰਾਂ ਦੇ ਘਰ ਚੱਕ ਨੰ. 30 ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿੱਚ ਹੋਇਆ। ਮੇਰੇ ਮਾਤਾ ਪਿਤਾ ਦੀ ਸਿੱਖੀ ਵਿੱਚ ਅਥਾਹ ਸ਼ਰਧਾ ਸੀ। ਘਰ ਵਿੱਚ ਹਮੇਸ਼ਾ ਗੁਰਬਾਣੀ ਦਾ ਪ੍ਰਵਾਹ ਚਲਦਾ ਰਹਿੰਦਾ ਸੀ। ਦੇਸ਼ ਦੇ ਬਟਵਾਰੇ ਤੋਂ ਬਾਅਦ ਸਾਨੂੰ ਜ਼ਮੀਨ ਸਿਰਸੇ ਜ਼ਿਲ੍ਹੇ ਵਿੱਚ ਅਲਾਟ ਹੋ ਗਈ ਪਿਤਾ ਜੀ ਤਹਿਸੀਲਦਾਰ ਸਨ। ਉਹ ਵੱਖ ਵੱਖ ਥਾਵਾਂ ਤੇ ਜਿੱਥੇ ਜਿੱਥੇ ਜਾਂਦੇ ਰਹੇ ਅਸੀਂ ਵੀ ਨਾਲ ਹੀ ਘੁੰਮਦੇ ਘੁੰਮਾਉਦੇ ਰਹੇ। ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਉਹ ਬਹੁਤ ਹੀ ਨੇਕ ਤੇ ਸੱਚੇ ਸੁੱਚੇ ਵਿਚਾਰਾਂ ਦੇ ਧਾਰਨੀ ਸਨ। ਗ਼ਲਤ ਕੰਮ ਕਰਨ ਦੇ ਖ਼ਿਲਾਫ਼ ਸਨ। ਇਸੇ ਕਰਕੇ ਉਨ੍ਹਾਂ ਨੂੰ ਮੌਕੇ ਦੇ ਭ੍ਰਿਸ਼ਟ ਲੀਡਰਾਂ ਨੇ ਕਦੇ ਇੱਕ ਥਾਂ ਟਿੱਕ ਕੇ ਕੰਮ ਨਹੀਂ ਸੀ ਕਰਨ ਦਿੱਤਾ। ਪਰ ਉਨ੍ਹਾਂ ਨੇ ਇਹਨਾਂ ਹਾਲਾਤਾਂ ਨਾਲ ਕਦੇ ਸਮਝੌਤਾ ਨਹੀਂ ਸੀ ਕੀਤਾ। ਆਪਣੀ ਜ਼ਮੀਰ ਨੂੰ ਵੇਚਿਆ ਨਹੀਂ। ਇਹਨਾਂ ਗੱਲਾਂ ਦਾ ਅਸਰ ਮੇਰੇ ਉਪਰ ਹੋਣਾ ਕੁਦਰਤੀ ਸੀ। ਮੈਂ ਵੀ ਆਪਣੇ ਮਾਤਾ ਪਿਤਾ ਜੀ ਦੀ ਤਰ੍ਹਾਂ ਸਿੱਖੀ ਅਸੂਲਾਂ ਦੇ ਮੁਤਾਬਿਕ ਨਿਰਸੁਆਰਥ ਲੋਕ-ਸੇਵਾ ਵਿੱਚ ਯਕੀਨ ਰੱਖਦਾ ਕਰਕੇ, ਹੀ ਪਹਿਲਾਂ ਹਰਿਆਣਾ ਤੋਂ ਪੰਜਾਬ, ਪੰਜਾਬ ਤੋਂ ਹਰਿਆਣਾ ਦੇ ਵੱਖ ਵੱਖ ਹੌਸਪੀਟਲਾਂ ਵਿੱਚ ਕਿਧਰੇ ਵੀ ਟਿਕ ਨਹੀਂ ਸਕਿਆ। ਕਿਉਂਕਿ ਸਰਕਾਰੀ ਹੌਸਪੀਟਲਾਂ ਵਿੱਚ ਵੱਡੇ ਆਫ਼ੀਸਰਾਂ ਦੇ ਇਸ਼ਾਰਿਆਂ ਤੇ ਨੱਚ ਕੇ ਜੀ ਹਜ਼ੂਰੀਏ ਹੋਣਾ ਮੇਰੀ ਜ਼ਮੀਰ ਦੇ ਖ਼ਿਲਾਫ਼ ਸੀ। ?. ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਮੁੱਢਲੀ ਵਿੱਦਿਆ ਤੋਂ ਹਾਈ ਸਕੂਲ਼ ਕਰਨ ਤੱਕ ਕਾਫ਼ੀ ਘੁੰਮ ਘੁੰਮਾਈ ਰਹੀ। ਤੁਸੀਂ ਆਪਣੀ ਉੱਚ ਵਿੱਦਿਆ ਖ਼ਾਸ ਕਰਕੇ ਡਾਕਟਰੀ ਵਰਗੀ ਵਿੱਦਿਆ ਕਿੱਥੋਂ ਤੇ ਕਿਸ ਤਰ੍ਹਾਂ ਪ੍ਰਪਤ ਕੀਤੀ। ਇਹਦੇ ਬਾਰੇ ਕੁੱਝ ਦਸੋ? -ਮੈਂ ਬਲਬੀਰ ਹਾਈ ਸਕੂਲ ਫ਼ਰੀਦਕੋਟ ਤੋਂ ਹਾਈ ਸਕੂਲ ਕਰਕੇ ਐੱਫ. ਐੱਸ. ਸੀ. ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਕੀਤੀ। ਪੜ੍ਹਾਈ ਦੇ ਨਾਲ ਨਾਲ ਮੈਂ ਫ਼ੁਟਬਾਲ ਤੇ ਹਾਕੀ ਵੀ ਖੇਡਦਾ ਸੀ। ਸਟੇਟ ਪੱਧਰ ਤੇ ਰਾਸ਼ਟਰੀ ਪੱਧਰ ਤੇ ਹਿੱਸਾ ਲਿਆ। ਖਿਡਾਰੀਆਂ ਦੇ ਕੋਟੇ ਵਿੱਚ ਮੈਨੂੰ ਗੌਰਮਿੰਟ ਮੈਡੀਕਲ ਕਾਲਜ ਸ੍ਰੀ ਨਗਰ ਵਿੱਚ ਐੱਮ ਬੀ. ਬੀ ਐੱਸ ਵਿੱਚ ਦਾਖ਼ਲਾ ਮਿਲ਼ ਗਿਆ। ਇੱਥਂੋ ਫੇਰ ਮੈਂ ਡਾਕਟਰੀ ਕੀਤੀ। ਡਾਕਟਰੀ ਕਰਕੇ ਮੈਂ 1971 ਵਿੱਚ ਸੋਨੀਪਤ ਜ਼ਿਲ੍ਹਾ ਰੋਹਤਕ (ਹਰਿਆਣਾ) ਦੇ ਸਰਕਾਰੀ ਹੌਸਪਟੀਲ ਵਿੱਚ ਡਾਕਟਰ ਲੱਗ ਗਿਆ। ਆਪਣੇ ਹੀ ਦੇਸ਼ ਵਿੱਚ ਬੇਗਾਨਗੀ ਦਾ ਇਹਸਾਸ! ?. ਇਕਬਾਲ ਸਿੰਘ ਜੀ, ਮੈਨੂੰ ਇਹ ਵੀ ਪਤਾ ਲੱਗਾ ਕਿ ਤੁਸੀਂ ਆਪਣੇ ਹੀ ਦੇਸ਼ ਵਿੱਚ ਵਿਤਕਰੇ ਦਾ ਸ਼ਿਕਾਰ ਹੋਏ, ਤਹਾਨੂੰ ਜ਼ਿੰਦਗੀ ਵਿੱਚ ਪਹਿਲਾਂ ਕਦੋਂ ਅਤੇ ਕਿਵੇਂ ਇਹ ਅਨੁਭਵ ਹੋਇਆ ਕਿ ਸਾਨੂੰ, ਪੰਜਾਬੀਆਂ ਨੂੰ, ਸਿੱਖਾਂ ਨੂੰ ਮਹਿਸੂਸ ਕਰਾਇਆ ਜਾਂਦਾ ਹੈ ਕਿ ਅਸੀਂ ਦੋ ਨੰਬਰ ਦੇ ਸ਼ਹਿਰੀ ਹਾਂ। ਇਹ ਗੱਲ ਤਾਂ ਅਸੀਂ ਕਈ ਵਾਰ ਇੱਥੇ ਬਾਹਰਲੇ ਦੇਸ਼ਾਂ ਵਿੱਚ ਦੇਖਦੇ ਸੁਣਦੇ ਹਾਂ ਪਰ ਅਪਣੇ ਹੀ ਦੇਸ਼ ਵਿੱਚ ਹੀ ਇਸ ਤਰ੍ਹਾਂ ਦਾ ਵਿਤਕਰਾ ਤਾਂ ਨਵੀਂ ਗੱਲ ਹੈ! ਇਹ ਘਟਨਾ ਕਦੋਂ ਤੇ ਕਿਸ ਤਰ੍ਹਾਂ ਵਾਪਰੀ, ਪਹਿਲਾਂ ਇਹਦੇ ਬਾਰੇ ਦੱਸੋ? -ਸਤਨਾਮ ਸਿੰਘ ਜੀ, ਪਹਿਲਾਂ ਸਾਡੇ ਨਾਲ ਪੰਜਾਬੀ ਹੋਣ ਤੇ, ਸਿੱਖ ਹੋਣ ਤੇ ਧੱਕਾ ਹੋਣ ਦੀਆਂ ਗੱਲਾਂਬਾਤਾਂ ਸੁਣਿਆਂ ਤਾਂ ਕਰਦੇ ਸਾਂ। ਕਈ ਵਾਰ ਸੁਣੀ ਸੁਣਾਈ ਗੱਲ ਤੇ ਵਿਸ਼ਵਾਸ਼ ਨਹੀਂ ਕੀਤਾ ਜਾਂਦਾ। ਵਿਤਕਰੇ ਦਾ ਅਨੁਭਵ ਜਿਹੜਾ ਮੈਨੂੰ ਹੋਇਆ, ਇਹ ਦੇਖ ਸੁਣ ਕੇ ਦੇਸ਼ ਦੀ ਆਜ਼ਾਦੀ ਦੇ ਬਾਅਦ ਵੀ ਤੁਸੀਂ ਮਹਿਸੂਸ ਕਰੋਂਗੇ ਕਿ ਵਾਕਿਆ ਹੀ ਸਾਨੂੰ ਮਿਲੀ ਆਜ਼ਾਦੀ ਅਧੂਰੀ ਆਜ਼ਾਦੀ ਹੈ। ਇਹ ਉਹ ਆਜ਼ਾਦੀ ਨਹੀਂ, ਜਿਸ ਦਾ ਸੁਪਨਾ ਲੈ ਕੇ ਸਾਡੇ ਦੇਸ਼ ਭਗਤਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ। ਇਹ ਗੱਲ ਇਸ ਤਰ੍ਹਾਂ ਹੋਈ ਕਿ 1970 ਵਿੱਚ ਜਦੋਂ ਮੈਂ ਸੋਨੀਪਤ ਸਰਕਾਰੀ ਹਸਪਤਾਲ ਵਿੱਚ ਡਾਕਟਰ ਲੱਗਿਆ ਤਾਂ ਅਜੇ ਇੱਕ ਸਾਲ ਹੀ ਹੋਇਆ ਸੀ। ਉਂਜ ਤਾਂ ਹਰ ਰੋਜ਼ ਹੀ ਕੋਈ ਨਾ ਕੋਈ ਗੱਲਬਾਤ ਕਿਸੇ ਬਹਾਨੇ ਹੁੰਦੀ ਹੀ ਰਹਿੰਦੀ ਕਿ ਆਹ ਕਿੳਂੁ ਹੋਇਆ? ਉਹ ਕਿਉਂ ਹੋਇਆ? ਗੱਲ-ਗੱਲ ਤੇ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰਨੀ, ਤਾਂ ਮੈਂ ਬਹੁਤਾ ਗੌਰ ਨਾ ਕਰਨਾ। ਅਸਲੀ ਗੱਲ ਉਸ ਸਮੇਂ ਸਾਹਮਣੇ ਆਈ ਜਦੋਂ 1971 ਵਿੱਚ ਮੇਰੇ ਵਿਆਹ ਸਮੇਂ ਮੈਂ ਛੁੱਟੀ ਲਈ ਐਪਲੀਕੇਸ਼ਨ ਦਿੱਤੀ। ਪਰ ਮੈਨੂੰ ਉਸ ਦਾ ਕੋਈ ਜੁਆਬ ਨਾ ਦਿੱਤਾ ਗਿਆ। ਮੈਂ ਜਦੋਂ ਵੀ ਪੁੱਛ ਪੜਤਾਲ ਕਰਨੀ ਤਾਂ ਉਹਨਾਂ ਨੇ ਟਾਲ-ਮਟੋਲ ਕਰ ਛੱਡਣਾ। ਮੇਰਾ ਰਿਸ਼ਤਾ ਸ੍ਰ. ਗੁਰਟੇਕ ਸਿੰਘ ਜੀ ਦੀ ਲੜਕੀ ਹਰਮੀਤ ਕੌਰ ਨਾਲ ਹੋ ਚੁੱਕਾ ਸੀ। ਉਨ੍ਹਾਂ ਨੇ ਵਿਆਹ ਕਰਨ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ। ਪਰ ਹੌਸਪੀਟਲ ਵਾਲੇ ਛੁੱਟੀ ਦੇਣ ਲਈ ਟਾਲ ਮਟੋਲ਼ ਕਰੀ ਜਾ ਰਹੇ ਸਨ। ਜਦੋਂ ਵਿਆਹ ਦਾ ਨਿਯਤ ਕੀਤਾ ਸਮਾਂ ਬਿਲਕੁਲ ਨੇੜੇ ਆ ਗਿਆ ਤਾਂ ਮੈਂ ਕਿਹਾ, “ਜੇਕਰ ਮੇਰੀ ਛੁੱਟੀ ਮਨਜ਼ੂਰ ਨਹੀਂ ਕੀਤੀ ਜਾਂਦੀ ਤਾਂ ਮੈਂ ਬਿਨਾਂ ਛੁੱਟੀ ਲਿਆਂ ਹੀ ਚਲਾ ਜਾਵਾਂਗਾ।” ਜਦੋਂ ਕਿ ਦੇਸ਼ ਅੰਦਰ ਕੋਈ ਲੜਾਈ, ਕੁਦਰਤੀ ਆਫ਼ਤ ਜਾਂ ਕੋਈ ਹੋਰ ਐਮਰਜੰਸੀ ਵਾਲੇ ਕੋਈ ਹਾਲਾਤ ਵੀ ਨਹੀਂ ਸਨ। ਫੇਰ ਮੇਰੇ ਤੋਂ ਇਲਵਾ ਪੰਜ ਹੋਰ ਡਾਕਟਰ ਵੀ ਕੰਮ ਕਰਦੇ ਸਨ। ਸੀ. ਐੱਮ. ਓ. ਤੋਂ ਹੇਠਾਂ ਵਾਲੇ ਅਫ਼ਸਰ ਨੇ ਕਿਹਾ ਕਿ ਸੀ. ਐੱਮ. ਓ. ਦਾ ਹੁਕਮ ਹੈ ਕਿ ਬਿਨਾਂ ਛੁੱਟੀ ਮਨਜ਼ੂਰ ਹੋਈ ਤੋਂ ਤੁਸੀਂ ਵਿਆਹ ਲਈ ਜਾ ਨਹੀਂ ਸਕਦੇ। ਅਖ਼ੀਰ ਜਦੋਂ ਸੀ. ਐੱਮ. ਓ. ਵੱਲੋਂ ਕੋਈ ਸੁਰ ਪਤਾ ਨਾ ਦਿੱਤਾ ਗਿਆ ਤਾਂ ਮੈਂ ਬਿਨਾਂ ਛੁੱਟੀ ਲਿਆਂ ਹੀ ਵਿਆਹ ਲਈ ਚਲਾ ਗਿਆ। ਵਿਆਹ ਕਰਾ ਕੇ ਦੋ ਹਫ਼ਤੇ ਬਾਅਦ ਵਾਪਸ ਆਇਆ ਤਾਂ ਕਾਰਨ ਦੱਸੋ ਨੋਟਿਸ ਆ ਗਿਆ। ਕਿ ਤੁਸੀਂ ਬਿਨਾਂ ਛੁੱਟੀ ਮਨਜੂਰ ਹੋਈ ਤੇ ਕਿਉਂ ਗਏ। ਪਹਿਲਾਂ ਤਾਂ ਮੈਂ ਕਈ ਦਿਨ ਸੋਚ ਵਿਚਾਰ ਕਰਦਾ ਰਿਹਾ ਕਿ ਕਿਸ ਤਰ੍ਹਾਂ ਜੁਆਬ ਦਿੱਤਾ ਜਾਵੇ। ਅਖ਼ੀਰ ਮੈਂ ਸੋਚਿਆ ਕਿ ਇਸ ਤਰ੍ਹਾਂ ਦੀ ਗੁਲਾਮੀ ਭਰੀ ਜ਼ਿੰਦਗੀ ਕਿਸ ਤਰ੍ਹਾਂ ਲੰਘਾਵਾਂਗਾ। ਇੱਕ ਦਿਨ ਮੈਂ ਸਵੇਰੇ ਜਾ ਕੇ ਅਸਤੀਫ਼ਾ ਲਿਖ ਦਿੱਤਾ। ਜਿਸ ਦੀ ਉਨ੍ਹਾਂ ਨੂੰ ਆਸ ਨਹੀਂ ਸੀ ਫੇਰ ਕਹਿਣ, ਤੁਹਾਡੀ ਦੋ ਮਹੀਨੇ ਦੀ ਤਨਖ਼ਾਹ ਰਹਿੰਦੀ ਹੈ ਲੈ ਕੇ ਜਾਇਓ। ਮੈਂ ਕਿਹਾ, “ਮੈਂ ਦੋ ਮਹੀਨੇ ਦੀ ਤਨਖ਼ਾਹ ਪ੍ਰੋਟੈਸਟ ਦੇ ਤੌਰ ਤੇ ਛੱਡ ਕੇ ਜਾ ਰਿਹਾ ਹਾਂ। ਮੈਨੂੰ ਇਹੋ ਜਿਹੀ ਨੌਕਰੀ ਦੀ ਲੋੜ ਨਹੀਂ।” ਹੁਣ ਤੁਸੀਂ ਦੇਖੋ ਮੇਰੀ ਛੁੱਟੀ ਮਨਜ਼ੂਰ ਕੀਤੀ ਜਿਸ ਦੀ ਮਨਜ਼ੂਰੀ ਦਾ ਲੈਟਰ ਮੈਨੂੰ ਵਿਆਹ ਤੋਂ ਇੱਕ ਸਾਲ ਬਾਅਦ ਆਇਆ ਕਿ ਇਕਬਾਲ ਸਿੰਘ ਤੇਰੀ ਐਪਲੀਕੇਸ਼ਨ ਮਨਜ਼ੂਰ ਕੀਤੀ ਜਾਂਦੀ ਹੈ। ਹੋਰ ਕੋਈ ਵਜ੍ਹਾ ਨਹੀਂ ਸੀ ਜਿਸ ਕਰਕੇ ਇਸ ਤਰ੍ਹਾਂ ਦਾ ਵਰਤਾਉ ਕੀਤਾ ਜਾਂਦਾ ਸਿਰਫ਼ ਕਾਰਨ ਇਹੋ ਸੀ ਕਿ ਮੈਂ ਇੱਕ ਪੰਜਾਬੀ ਸੀ, ਇੱਕ ਸਿੱਖ ਸੀ। ਹਰਿਆਣੇ ਵਿੱਚ ਐਂਟੀ ਪੰਜਾਬੀ ਵਤੀਰੇ ਕਰਕੇ ਤੁਸੀਂ ਦੇਖੋ ਕਿ ਜਦੋਂ 1966 ਵਿੱਚ ਹਰਿਆਣਾ ਪੰਜਾਬ ਬਣੇ ਤਾਂ ਜਿੰਨੇ ਪੰਜਾਬੀ ਬੋਲਣ ਵਾਲੇ ਲੋਕ ਸਰਕਾਰੀ ਜੌਬਾਂ ਤੇ ਸਨ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਤੱਰਕੀ ਦੇਣ ਦੀ ਵਜਾਏ ਇੱਕ ਸਟੈਪ ਹੇਠਾਂ ਵਾਲੀ ਪੁਜ਼ੀਸ਼ਨ ਤੇ ਕਰ ਦਿੱਤਾ ਗਿਆ। ਜਿਨ੍ਹਾਂ ਦੀ ਕੋਈ ਸੁਣਵਾਈ ਵੀ ਨਹੀਂ ਹੋਈ। ਫੇਰ ਇਹ ਦੇਖੋ ਕਿ ਇਹ ਜ਼ਰੂਰੀ ਨਹੀਂ ਸੀ ਕਿ ਉਹ ਪੰਜਾਬੀ ਬੋਲਣ ਵਾਲ਼ਾ ਸਿੱਖ ਹੋਵੇ ਇੱਥੇ ਤੱਕ ਕਿ ਭਾਵੇਂ ਕੋਈ ਹਿੰਦੂ ਵੀ ਸੀ ਪਰ ਬੋਲਦਾ ਪੰਜਾਬੀ ਹੋਣ ਕਰਕੇ ਇਸ ਧੱਕੇ ਦਾ ਸ਼ਿਕਾਰ ਹੋਇਆ। ਇਸ ਤੋਂ ਬਾਅਦ ਵੀ ਇਹ ਧੱਕਾ ਸਿੱਖਾਂ ਨਾਲ ਤਾਂ ਲਗਾਤਾਰ ਅੱਜ ਤੱਕ ਜਾਰੀ ਹੈ। ਜ਼ਮੀਰ ਵੇਚ ਕੇ ਤਾਂ ਭਾਵੇਂ ਕੋਈ ਸਿੱਖ ਇਹ ਗੱਲ ਕਹਿ ਦੇਵੇ ਨਹੀਂ ਸਾਡੇ ਨਾਲ ਬਰਾਬਰ ਦੇ ਸ਼ਹਿਰੀਆਂ ਵਾਲਾ ਵਰਤਾਓ ਹੋ ਰਿਹਾ ਹੈ, ਐਸੀ ਫਿਕਰ ਵਾਲ਼ੀ ਕੋਈ ਗੱਲ ਨਹੀਂ। ਅਸੀਂ ਬਾਹਰਲੇ ਮੁਲਕਾਂ ਵਿੱਚ ਨਸਲਵਾਦ ਦੇ ਵਿਤਕਰੇ ਦਾ ਰੋਣਾ ਰੋਂਦੇ ਹਾਂ ਪਰ ਆਪਣੇ ਹੀ ਦੇਸ਼, ਘਰ ਵਿੱੱਚ ਜਦੋਂ ਵਿਤਕਰਾ ਹੋਵੇ ਤਾਂ ਉਸ ਦਾ ਕੀ ਇਲਾਜ ਕਰੋਗੇ? ਸਤਨਾਮ ਜੀ, ਇਹ ਗੱਲ ਬਹੁਤ ਹੀ ਚਿੰਤਾਜਨਕ ਹੈ। ਸਾਨੂੰ ਇਹਦੇ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਪੰਜਾਬ ਵਿੱਚ ਵੀ ਪੈਰ ਨਾ ਲਗ ਸਕੇ! ?. ਇਕਬਾਲ ਜੀ, ਤੁਸੀਂ ਦੱਸ ਰਹੇ ਸੀ ਕਿ ਹਰਿਆਣੇ ਵਿੱਚੋਂ ਪੰਜਾਬ ਆ ਗਏ ਸੀ। ਫੇਰ ਇੱਥੇ ਕੀ ਹੋਇਆ ਇੱਥੇ ਵੀ ਮੁਸ਼ਕਲਾਂ ਨੇ ਪਿੱਛਾ ਨਹੀਂ ਛੱਡਿਆ ਤੇ ਪੈਰ ਨਹੀਂ ਲੱਗ ਸਕੇ? -ਸਤਨਾਮ ਜੀ, ਇਹ ਵੀ ਇੱਕ ਅਜੀਬ ਦਾਸਤਾਨ ਹੈ ਸ਼ਾਇਦ ਮੇਰਾ ਸੁਭਾਅ ਕਹਿ ਲਓ ਜਾਂ ਮੇਰੀ ਜ਼ਮੀਰ ਜੋ ਬੇਇਸਾਫ਼ੀਆਂ ਦੇ iਖ਼ਲਾਫ਼ ਲੜਦੀ ਕਰਕੇ ਇਹੋ ਜਿਹੀਆਂ ਮੁਸੀਬਤਾਂ ਦਾ ਆਉਣਾ ਕੋਈ ਵੱਡੀ ਗੱਲ ਨਹੀਂ ਸੀ। ਉਹ ਗੱਲ ਇਸ ਤਰ੍ਹਾਂ ਹੋਈ ਕਿ ਜਦੋਂ ਮੈਂ ਸੋਨੀਪਤ ਹੌਸਪੀਟਲ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ ਤਾਂ ਪੰਜਾਬ ਵਿੱਚ ਮੈਡੀਕਲ ਅਫ਼ੀਸਰ ਦੀ ਨੌਕਰੀ ਕਰ ਲਈ। ਉਨ੍ਹਾਂ ਦਿਨਾਂ ਵਿੱਚ ਪੰਜਾਬ ਵਿੱਚ ਅਕਾਲੀਆਂ ਨੇ ਧਰਮ-ਯੁੱਧ ਮੋਰਚਾ ਲਾਇਆ ਹੋਇਆ ਸੀ। ਕਾਂਗਰਸ ਸਰਕਾਰ ਨੇ ਅਕਾਲੀਆਂ ਨੂੰ ਗ੍ਰਿਫ਼ਤਾਰ ਕਰਕੇ ਬਠਿੰਡਾ ਕੇਂਦਰੀ ਜ਼ੇਲ੍ਹ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ। ਮੈਡੀਕਲ ਅਫ਼ੀਸਰ ਦੇ ਤੌਰ ਤੇ ਮੇਰੀ ਡਿਉੁਟੀ ਬਠਿੰਡਾ ਜ਼ੇਲ੍ਹ ਵਿੱਚ ਲੱਗ ਗਈ। ਪਰ ਜਦ ਮੈਂ ਜ਼ੇਲ੍ਹ ਵਿੱਚ ਬੁੱਢੇ ਕਮਜ਼ੋਰ, ਸੰਤ ਸੁਭਾਅ ਬਜ਼ੁਰਗਾਂ ਨੂੰ ਦੇਖਿਆ ਤਾਂ ਮੇਰਾ ਮਨ ਪਸੀਜ ਗਿਆ। ਮੈਂ ਉਨ੍ਹਾਂ ਲਈ ਵਿਸ਼ੇਸ਼ ਖ਼ੁਰਾਕ ਦੀ ਸ਼ਿਫ਼ਾਰਸ਼ ਕੀਤੀ। ਜਿਸ ਵਿੱਚ ਦੁੱਧ ਅਤੇ ਫਲ਼ ਹੋਣ। ਇਸ ਗੱਲ ਤੋਂ ਪੰਜਾਬ ਵਿਚਲੀ ਕਾਂਗਰਸ ਸਰਕਾਰ ਨੇ ਮੈਨੂੰ ਅਕਾਲੀ ਏਜੰਟ ਹੋਣ ਦੇ ਦੋਸ਼ ਲਾ ਕੇ ਖਿੱਚ ਧੂਹ ਕੀਤੀ। ਆਖ਼ੀਰ ਇੱਥੋਂ ਵੀ ਅਸਤੀਫ਼ਾ ਦੇਣਾ ਪਿਆ। ਫੇਰ ਮੈਂ ਡੱਬਵਾਲ਼ੀ, ਸਿਰਸੇ ਵਿੱਚ ਗੁਰਦੁਆਰਾ ਕਲਗੀਧਰ ਦੇ ਸਾਹਮਣੇ ਇੱਕ ਦੁਕਾਨ ਕਿਰਾਏ ਤੇ ਲੈ ਕੇ ਆਪਣੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਪਰ ਸਿੱਖੀ ਵਿਚਾਰਧਾਰਾ ਕਰਕੇ ਨਿੱਤ ਦੀਆਂ ਇਨਕੁਆਰੀਆਂ ਅਤੇ ਖ਼ਜਲ਼ ਖ਼ੁਆਰੀ ਕਰ ਕਰ ਪੁਲੀਸ ਨੇ ਮੇਰੀ ਪ੍ਰੈਕਟਿਸ ਲਗਭਗ ਬੰਦ ਹੀ ਕਰਵਾ ਦਿੱਤੀ। ਡਾਕਟਰੀ ਪੇਸ਼ਾ ਅਤੇ ਗੁਰੁ ਘਰ ਦੀ ਪ੍ਰਧਾਨਗੀ ?. ਤੁਸੀਂ ਸਿਰਸੇ ਵਿੱਚ ਮੰਡੀ ਡੱਬਵਾਲੀ ਵਿੱਚ ਪਿਛਲੇ ਸਤਾਰਾਂ ਸਾਲ ਤੋਂ ਗੁਰੂਘਰ ਕਲਗੀਧਰ ਦੇ ਪ੍ਰਧਾਨ ਵੀ ਰਹੇ ਹੋ। ਡਾਕਟਰੀ ਪੇਸ਼ਾ ਕਰਦਿਆਂ ਗੁਰੂਘਰ ਦੀ ਸੇਵਾ ਦਾ ਸਬੱਬ ਕਿਸ ਤਰ੍ਹਾਂ ਬਣਿਆ? ਮੇਰਾ ਖ਼ਿਆਲ ਹੈ ਕਿ ਇਹ ਕੰਮ ਬਹੁਤ ਹੀ ਜ਼ਿੰਮੇਵਾਰੀ ਦਾ ਤਾਂ ਹੈ ਹੀ, ਨਾਲ਼ ਹੀ ਵਾਦ-ਵਿਵਾਦ ਵਾਲਾ ਅਤੇ ਔਖਾ ਕੰਮ ਵੀ ਹੈ, ਤੁਸੀਂ ਇਸ ਪਾਸੇ ਕਿਵੇਂ? -ਹਾਂ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਮੇਰਾ ਇਸ ਕੰਮ ਵੱਲ ਆਉਣ ਦਾ ਕੋਈ ਇਰਾਦਾ ਨਹੀਂ ਸੀ। ਉਂਜ ਮਨ ਵਿੱਚ ਸਿੱਖੀ ਲਈ ਪਿਆਰ ਸ਼ਰਧਾ ਜ਼ਰੂਰ ਸੀ। ਗੱਲ ਇਸ ਤਰ੍ਹਾਂ ਹੋਈ ਕਿ ਜਦੋਂ ਮੈਂ ਮੰਡੀ ਡੱਬਵਾਲੀ ਵਿਖੇ ਗੁਰੂਘਰ ਦੇ ਨੇੜੇ ਅਪਣਾ ਕਲੀਨਕ ਖੋਲ੍ਹਿਆ ਸੀ। ਮੈਨੂੰ ਸ਼ਹਿਰ ਵਿੱਚ ਗਏ ਨੂੰ ਅਜੇ ਥੋੜਾ ਹੀ ਸਮਾਂ ਹੋਇਆ ਸੀ ਕਿ ਗੁਰੂਘਰ ਦੀ ਕਮੇਟੀ ਦਾ ਕੋਈ ਰੌਲ਼ਾ ਪੈ ਗਿਆ। ਸੰਗਤ ਦੇ ਦੋ ਗਰੁਪ ਬਣ ਗਏ ਸਨ। ਦੋਵੇਂ ਇੱਕ ਦੂਜੇ ਤੇ ਦੂਸ਼ਣ ਲਾਉਣ ਲੱਗੇ। ਜਦੋਂ ਇੱਕ ਗਰੁਪ ਸੇਵਾਦਾਰਾਂ ਦੇ ਨਾੳੁਂ ਦਿੰਦੇ ਤਾਂ ਦੂਜਾ ਗਰੁਪ ਉਨ੍ਹਾਂ ਨੂੰ ਰੱਦ ਕਰ ਦਿੰਦਾ। ਇਸੇ ਤਰ੍ਹਾਂ ਹੀ ਕਿਸੇ ਸੱਜਨ ਨੇ ਮੇਰਾ ਨਾੳੁਂ ਦੇ ਦਿੱਤਾ। ਮੇਰਾ ਤਾਂ ਕਿਸੇ ਗਰੁਪ ਨਾਲ ਕੋਈ ਸੰਬੰਧ ਹੀ ਨਹੀਂ ਸੀ, ਦੂਜਾ ਮੈਂ ਸੀ ਵੀ ਅਜੇ ਇਸ ਸ਼ਹਿਰ ਵਿੱਚ ਨਵਾਂ-ਨਵਾਂ। ਜਦੋਂ ਉਨ੍ਹਾਂ ਨੇ ਮੈਨੂੰ ਕਿਹਾ ਤਾਂ ਮੈਂ ਨਾਹ ਕਰ ਦਿੱਤੀ ਕਿ ਮੈਂ ਪੈਸੇ ਧੇਲ਼ੇ ਦਾ ਕੋਈ ਕੰਮ ਨਹੀਂ ਸੰਭਾਲ਼ ਸਕਦਾ। ਨਾਹੀਂ ਇਹ ਜ਼ਿੰਮੇਵਾਰੀ ਮੈਂ ਨਿਭਾਅ ਸਕਦਾ। ਅਖ਼ੀਰ ਸ਼ਹਿਰ ਦੇ ਬਹੁਤ ਹੀ ਸਤਿਕਾਰਯੋਗ ਵਿਅਕਤੀਆਂ ਨੇ ਕਿਹਾ ਕਿ ਗੁਰੂਘਰ ਦੇ ਪੈਸੇ ਧੇਲੇ ਦੀ ਜ਼ਿੰਮੇਵਾਰੀ ਅਸੀਂ ਲਵਾਂਗੇ ਤੁਹਾਨੂੰ ਇਸ ਗੱਲ ਦਾ ਫਿ਼ਕਰ ਨਹੀਂ ਚਾਹੀਦਾ। ਤੁਸੀਂ ਤਾਂ ਸਾਰਾ ਕੰਮ ਮੈਨਿਜ ਕਰਨਾ ਹੈ। ਅਸੀਂ ਇਸ ਕੰਮ ਲਈ ਸਾਰੇ ਤੁਹਾਡੀ ਮਦਦ ਕਰਾਂਗੇ। ਫੇਰ ਮੇਰੇ ਕੋਲ ਉਨ੍ਹਾਂ ਨੂੰ ਟਾਲਣ ਲਈ ਕੋਈ ਬਹਾਨਾ ਹੀ ਨਾ ਰਿਹਾ। ਮੈਂ ਪ੍ਰਮਾਤਮਾ ਦੀ ਓਟ ਆਸਰਾ ਲਂੈਦਿਆਂ ਹਾਂ ਕਰ ਦਿੱਤੀ। ਫੇਰ ਗੁਰੂਘਰ ਦਾ ਸਾਰਾ ਇੰਤਜ਼ਾਮ ਚਲਾਉਣ ਲਈ ਬੜੀਆਂ ਮੁਸ਼ਕਲਾਂ ਖੜ੍ਹੀਆਂ ਹੋਈਆਂ। ਜਿਸ ਤਰ੍ਹਾਂ ਗੁਰੂਘਰ ਦੀਆਂ ਅਠਾਰਾਂ ਵੀਹ ਦੁਕਾਨਾਂ ਸਨ। ਜੋ ਪਿਛਲੇ ਕਾਫ਼ੀ ਸਮੇਂ ਤੋਂ ਸ਼ਹਿਰ ਦੇ ਰਸੂਖ਼ ਵਾਲਿ਼ਆਂ ਆਦਮੀਆਂ ਦੇ ਰਿਸ਼ਤੇਦਾਰਾਂ ਜਾਂ ਬਹੁਤ ਕਰੀਬੀ ਮਿੱਤਰਾਂ ਦੋਸਤਾਂ ਨੂੰ ਬਹੁਤ ਹੀ ਮਮੂਲੀ ਕਿਰਾਏ ਤੇ ਦਿੱਤੀਆਂ ਹੋਈਆਂ ਸਨ। ਗੁਰਦੁਆਰਾ ਕਮੇਟੀ ਨੇ ਉਨ੍ਹਾਂ ਦਾ ਕਿਰਾਇਆ ਵਧਾਉਣ ਦੀ ਗੱਲ ਕੀਤੀ ਤਾਂ ਗੱਲ ਸਰਕਾਰੇ-ਦਰਬਾਰੇ ਚਲੇ ਗਈ। ਸਿਆਸੀ ਲੋਕ ਸਾਡੇ ਖ਼ਿਲਾਫ਼ ਖੜ੍ਹੇ ਹੋ ਗਏ। ਪਰ ਅਸੀਂ ਉਨ੍ਹਾਂ ਕਿਰਾਏਦਾਰ ਲੋਕਾਂ ਤੋਂ ਸਿਆਸੀ ਦਬਾਉ ਦੇ ਬਾਵਜੂਦ ਸ਼ਾਤਮਈ ਤਰੀਕੇ ਦੁਕਾਨਾਂ ਖਾਲ੍ਹੀ ਕਰਵਾ ਲਈਆਂ ਅਤੇ ਨਵੇਂ ਕਿਰਾਏਦਾਰਾਂ ਨੂੰ ਦੁਕਾਨਾਂ ਦੇ ਦਿੱਤੀਆਂ। ਜਿਸ ਨਾਲ ਗੁਰੂ ਘਰ ਦੀ ਆਮਦਨ ਦੋ ਢਾਈ ਹਜ਼ਾਰ ਤੋਂ ਵੱਧ ਕੇ ਡੇੜ ਲੱਖ ਹੋ ਗਈ, ਜਿਸ ਨਾਲ ਅਸੀਂ ਬਾਕੀ ਕੰਮਾਂ ਵਿੱਚ ਸੁਧਾਰ ਦੇ ਨਾਲ ਨਾਲ ਕੁਝ ਫ਼ਜ਼ੂਲ ਖ਼ਰਚਿਆਂ ਨੂੰ ਘੱਟ ਕਰ ਕੇ ਇੱਕ ਖ਼ਾਲਸਾ ਪੰਜਾਬੀ ਸਕੂਲ ਦਾ ਨਿਰਮਾਣ ਕੀਤਾ। ਜਿਸ ਦਾ ਸਾਨੂੰ ਬਹੁਤ ਹੀ ਵਧੀਆ ਹੁੰਗਾਰਾ ਮਿਲਿਆ। ਹੌਲ਼ੀ ਹੌਲ਼ੀ ਬੱਚਿਆਂ ਦੀ ਗਿਣਤੀ ਵਧਦੀ ਗਈ ਜਿਹੜੀ ਸਾਢੇ ਸੱਤ ਸੌ ਤੱਕ ਪੰਹੁਚ ਗਈ ਹੈ। ਇਸ ਤਰ੍ਹਾਂ ਹੋਰ ਵੀ ਔਕੜਾਂ ਤਾਂ ਬਹੁਤ ਆਈਆਂ ਪਰ ਪ੍ਰਮਾਤਮਾ ਦੀ ਕ੍ਰਿਪਾ ਨਾਲ ਸਭ ਕੁਝ ਠੀਕ ਹੁੰਦਾ ਰਿਹਾ। ਹਰਿਆਣਾ ਵਿੱਚ ਖ਼ਾਲਸਾ ਸਕੂਲ ਦੀ ਸਥਾਪਨਾ ਦਾ ਸੰਘਰਸ਼ ?. ਇਕਬਾਲ ਸਿੰਘ ਜੀ, ਖ਼ਾਲਸਾ ਸਕੂਲ ਚਲਾਉਣ ਦੀ ਗੱਲ ਕੀਤੀ ਹੈ ਇੰਨੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਤੁਸੀਂ ਕਿਵੇਂ ਆਪਣੇ ਸਕੂਲ ਲਈ ਉਤਸ਼ਾਹਿਤ ਕੀਤਾ? ਇੱਥੇ ਕਿਸ ਤਰ੍ਹਾਂ ਦੀ ਪੜ੍ਹਾਈ ਕਰਵਾਈ ਜਾਂਦੀ ਹੈ? ਹਰਿਆਣੇ ਵਿੱਚ ਪੰਜਾਬੀ ਪੜ੍ਹਾਉਣਾ ਤਾਂ ਹੋਰ ਵੀ ਬਹਾਦਰੀ ਵਾਲ਼ਾ ਕੰਮ ਹੈ। ਖ਼ਾਲਸਾ ਸਕੂਲ ਦੀਆਂ ਪ੍ਰਪਤੀਆਂ ਬਾਰੇ ਵੀ ਕੁਝ ਦੱਸੋ? ਆਉਣ ਵਾਲੇ ਸਮੇਂ ਵਿੱਚ ਹੋਰ ਕੀ ਪ੍ਰੋਗਰਾਮ ਹੈ? -ਢਾਹ ਜੀ, ਤੁਹਾਡੇ ਇਸ ਸਵਾਲ ਵਿਚ ਬਹੁਤ ਸਾਰੇ ਸਵਾਲ ਹਨ ਇਸ ਕਰਕੇ ਇਸ ਦਾ ਜਵਾਬ ਥੋੜਾ ਲੰਬਾ ਹੋ ਜਾਵੇਗਾ ਪਰ ਮੈਂ ਇਸ ਨੂੰ ਸੰਖੇਪ ਰੱਖਣ ਦੀ ਕੋਸ਼ਿਸ਼ ਕਰਾਂਗਾ। ਤੁਸੀਂ ਜਾਣਦੇ ਹੋ ਕਿ 1966 ਵਿੱਚ ਹਰਿਆਣਾ ਬਣਨ ਦੇ ਪਿੱਛੋਂ ਹਰਿਆਣੇ ਵਿੱਚ 1/3 ਹਿੱਸਾ ਅਜੇ ਵੀ ਪੰਜਾਬੀ ਬੋਲਦਾ ਹੈ। ਪਰ ਹਰਿਆਣਾ ਸਰਕਾਰ ਵਲੋਂ ਪੰਜਾਬੀ ਦੀ ਪੜ੍ਹਾਈ ਦੀ ਕੋਈ ਸਹੂਲਤ ਨਹੀਂ ਸੀ। ਇੱਕ ਹੋਰ ਗੱਲ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਹਾਂ ਉਹ ਇਹ ਕਿ ਮੰਡੀ ਡੱਬਵਾਲੀ ਇੱਕ ਬਹੁਤ ਹੀ ਪਛੜਿਆ ਹੋਇਆ ਇਲਾਕਾ ਸੀ। ਕਿਸੇ ਵੀ ਸਰਕਾਰ ਨੇ ਕਦੇ ਇਸ ਇਲਾਕੇ ਦੀ ਖ਼ਬਰ-ਸਾਰ ਹੀ ਨਹੀਂ ਸੀ ਲਈ। ਡੱਬਵਾਲ਼ੀ ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ ਅੰਗਰੇਜ਼ਾਂ ਸਮੇਂ 1879 ਨੂੰ ਖੋਲ੍ਹਿਆ ਸੀ ਪੂਰੇ 100 ਸਾਲ ਤੱਕ ਇਹ ਸਕੂਲ ਨੂੰ ਅਪ-ਗ੍ਰੇਡ ਹੀ ਨਹੀਂ ਕੀਤਾ। 1979 ਵਿੱਚ ਜਦੋਂ ਅਸੀਂ ਖ਼ਾਲਸਾ ਸਕੂਲ ਖੋਲ੍ਹਿਆ, ਮੌਕੇ ਦੀ ਸਰਕਾਰ ਨੇ ਸਾਡਾ ਸਕੂਲ ਬੰਦ ਕਰਨ ਕਰਾਉਣ ਦੀ ਨੀਤ ਨਾਲ ਬਾਰਾਂ ਚੌਦਾਂ ਮੀਲ ਘੇਰੇ ਅੰਦਰ ਆਉਦੇ ਪ੍ਰਾਇਮਰੀ ਸਕੂਲਾਂ ਨੂੰ ਅਪ-ਗ੍ਰੇਡ ਕਰਕੇ ਮਿਡਲ ਤੇ ਮਿਡਲ ਸਕੂਲਾਂ ਨੂੰ ਹਾਈ ਸਕੂਲ ਬਣਾ ਦਿੱਤਾ। ਪਰ ਫੇਰ ਵੀ ਸਾਡੇ ਸਕੂਲ ਤੇ ਕੋਈ ਅਸਰ ਨਹੀਂ ਹੋਇਆ। ਦੂਸਰਾ ਅਸੀਂ ਦੇਖਿਆ ਕਿ ਸਾਡੀ ਅਗਲੀ ਪੀੜ੍ਹੀ ਪਤਿਤ ਹੋ ਰਹੀ ਸੀ। ਕੇਸਾਂ ਦੀ ਬੇਅਬਦੀ ਦੇ ਨਾਲ ਹਰ ਤਰ੍ਹਾਂ ਦੇ ਨਸ਼ਿਆਂ ਦਾ ਸੇਵਨ ਕਰਨਾਂ ਨਵੀਂ ਪੀੜ੍ਹੀ ਦਾ ਫ਼ੈਸ਼ਨ ਬਣ ਗਿਆ ਸੀ। ਅਸੀਂ ਇਸ ਮੰਤਵ ਨੂੰ ਲੈ ਕੇ ਸਕੂਲ ਸ਼ੁਰੂ ਕੀਤਾ ਕਿ ਨਵੀਂ ਪੀੜ੍ਹੀ ਨੂੰ ਮਾਂ ਬੋਲੀ, ਅਪਣੇ ਸੱਭਿਆਚਾਰ ਤੇ ਸਿੱਖੀ ਨਾਲ ਜੋੜਿਆ ਜਾਵੇ। ਪਰ ਸਾਨੂੰ ਇਸ ਕੰਮ ਵਿੱਚ ਪਹਿਲੀ ਮੁਸ਼ਕਲ ਇਹ ਆਈ ਕਿ ਅੰਦਰੋਂ ਅੰਦਰੀਂ ਤਾਂ ਸਾਰੇ ਹੀ ਪੰਜਾਬੀ ਇਹ ਗੱਲ ਚਾਹੁੰਦੇ ਸਨ ਕਿ ਇਹ ਕੰਮ ਕੀਤਾ ਜਾਵੇ। ਪਰ ਬਹੁਤ ਸਾਰੇ ਲੀਡਰ ਤੇ ਪਤਵੰਤੇ ਆਪਣੇ ਸਿਆਸੀ ਲਾਹੇ ਲੈਂਣ ਲਈ ਉੱਥੇ ਦੇ ਰਾਜਸੀ ਲੋਕਾਂ ਨੂੰ ਨਰਾਜ਼ ਨਹੀਂ ਸਨ ਕਰਨਾ ਚਾਹੰਦੇ। ਇਸ ਕਰਕੇ ਨਾ ਤਾਂ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਖ਼ਾਲਸਾ ਸਕੂਲ ਵਿੱਚ ਦਾਖ਼ਲ ਕਰਾਇਆ ਤੇ ਨਾ ਫ਼ੰਡਜ਼ ਦੀ ਮਦਦ ਕੀਤੀ। ਬਾਕੀ ਸਾਡੇ ਸਕੂਲ ਵਿੱਚ ਕੋ-ਐਜ਼ੂਕੇਸ਼ਨ ਹੈ। ਇੱਥੇ ਹਰਿਆਣਾ ਸਕੂਲ ਬੋਰਡ ਦੇ ਸਿਲੇਬਸ ਮੁਤਾਬਕ ਹੀ ਪੜ੍ਹਾਈ ਕਰਾਈ ਜਾਂਦੀ ਹੈ। ਕਿਉਂਕਿ ਬੱਚੇ ਸਾਰੇ ਹਰਿਆਣੇ ਦੇ ਹੀ ਹਨ। ਇਸ ਕਰਕੇ ਮੀਡੀਅਮ ਹਿੰਦੀ ਹੈ ਪਰ ਅਸੀਂ ਪੰਜਾਬੀ ਭਾਸ਼ਾ ਦੀ ਇੱਕ ਵਿਸ਼ੇ ਦੇ ਤੌਰ ਤੇ ਪੜ੍ਹਾਈ ਕਰਵਾ ਰਹੇ ਹਾਂ। ਸ਼ੁਰੂ ਵਿੱਚ ਕੋਈ ਡੇੜ ਕੁ ਸੌ ਬੱਚੇ ਸਨ। ਜਿਉਂ ਜਿਉਂ ਬੱਚਿਆਂ ਦੀ ਗਿਣਤੀ ਵਧੀ ਤਾਂ ਕਿਸੇ ਵੱਡੀ ਜਗ੍ਹਾ ਤੇ ਖ਼ਾਲਸਾ ਸਕੂਲ ਖੋਲ੍ਹਣ ਲਈ ਵਿਚਾਰ ਕੀਤੀ, ਜਿੱਥੇ ਖੇਡਣ ਲਈ ਗਰਾਂਉਡਾਂ ਤੇ ਵੱਡੀ ਬਿਲਡਿੰਗ ਵਿੱਚ ਕਲਾਸ ਰੂਮ ਬਣਾਏ ਜਾਣ। ਹੁਣ ਇੱਥੇ ਸੀਨੀਅਰ ਸੰਕੈਂਡਰੀ ਸਕੂਲ ਤੱਕ ਵਿੱਦਿਆ ਦਿੱਤੀ ਜਾਂਦੀ ਹੈ। ਇਸ ਮੰਤਵ ਲਈ ਸਾਨੂੰ ਪਿੰਡ ਡੱਬਵਾਲੀ ਦੀ ਪੰਚਾਇਤ ਤੋਂ ਭਾਵੇਂ ਤਕਰੀਬਨ ਸੱਤ ਏਕੜ ਜ਼ਮੀਨ ਮਿਲ਼ ਗਈ। ਪਰ ਫੇਰ ਉੱਥੇ ਸਕੂਲ ਦੀ ਬਿਲਡਿੰਗ ਬਣਾਉਣ ਲਈ ਫ਼ੰਡਜ਼ ਇਕੱਠੇ ਕਰਨੇ ਇੱਕ ਵੱਡੀ ਸਮੱਸਿਆ ਰਹੀ। ਦੂਸਰੇ ਪਾਸੇ ਕਿਸੇ ਨੇ ਚੁਗਲੀ ਕਰ ਦਿੱਤੀ ਕਿ ਇਸ ਕਮੇਟੀ ਨੇ ਸਕੂਲ ਕੋਈ ਨਹੀਂ ਬਣਾਉਣਾ ਸਗੋਂ ਆਪਣੇ ਕਿਸੇ ਮੰਤਵ ਲਈ ਜ਼ਮੀਨ ਵਰਤਣੀ ਹੈ। ਇਹ ਗੱਲ ਸੁਣ ਕੇ ਸਾਨੂੰ ਹੁਕਮ ਆ ਗਿਆ ਕਿ ਅਗਲੇ ਛੇ ਮਹੀਨੇ ਵਿੱਚ ਸਕੂਲ ਦੀ ਬਿਲਡਿੰਗ ਬਣਾਈ ਜਾਵੇ ਨਹੀਂ ਤਾਂ ਜ਼ਮੀਨ ਛੱਡੀ ਜਾਵੇ। ਇਹ ਇੱਕ ਹੋਰ ਵੀ ਮੁਸੀਬਤ ਬਣ ਗਈ ਇੰਨੀ ਜਲਦੀ ਕੰਮ ਬਿਨਾਂ ਫ਼ੰਡਜ਼ ਦੇ ਕਿਵੇਂ ਹੋਵੇ! ਫੇਰ ਅਸੀਂ ਆਪਣੇ ਪੰਜਾਬੀ ਲੋਕਾਂ, ਜਿਨ੍ਹਾਂ ਕੋਲ ਕਾਫ਼ੀ ਜ਼ਮੀਨਾਂ ਸਨ ਤੇ ਚੰਗੇ ਖਾਂਦੇ ਪੀਂਦੇ ਪ੍ਰੀਵਾਰ ਸਨ। ਅਸੀਂ ਉਨ੍ਹਾਂ ਤੱਕ ਪਹੁੰਚ ਕੀਤੀ ਤਾਂ ਉਨ੍ਹਾਂ ਸੁਝਾਅ ਦਿੱਤਾ ਕਿ ਤੁਸੀਂ ਸਕੂਲ ਦਾ ਨਾੳਂ ਖ਼ਾਲਸਾ ਸਕੂਲ ਨਾਹ ਰੱਖੋਂ ਤਾਂ ਹੋ ਸਕਦਾ ਮਦਦ ਵੀ ਹੋ ਸਕਦੀ ਹੈ ਅਤੇ ਸਕੂਲ ਵੀ ਚੱਲ ਪਵੇਗਾ। ਪਰ ਅਸੀਂ ਉਨ੍ਹਾਂ ਦਾ ਇਹ ਸੁਝਾਅ ਨਾ ਮੰਨਿਆ। ਪਰ ਉਨ੍ਹਾਂ ਨੂੰ ਸਕੂਲ ਦੀ ਮਦਦ ਕਰਨ ਲਈ ਵਾਰ ਵਾਰ ਕਹਿੰਦੇ ਜ਼ਰੂਰ ਰਹੇ। ਅਖ਼ੀਰ ਕੁਝ ਸੱਜਣਾਂ ਨੇ ਸਾਡੀ ਮਦਦ ਇਸ ਸ਼ਰਤ ਤੇ ਕੀਤੀ ਕਿ ਕਿਸੇ ਕੋਲ ਇਸ ਗੱਲ ਦਾ ਪਤਾ ਨਹੀਂ ਲੱਗਣਾ ਚਾਹੀਦਾ। ਜੇਕਰ ਇਸ ਗੱਲ ਦਾ ਪਤਾ ਬਾਹਰ ਲੱਗਾ ਤਾਂ ਅਸੀਂ ਦਸ ਹਜ਼ਾਰ ਦਾ ਪੰਜਾਹ ਹਜ਼ਾਰ ਵਸੂਲਾਂਗੇ ਨਾਲੇ ਤੁਹਾਨੂੰ ਖੱਜਲ਼ ਵੀ ਕਰਾਂਗੇ। ਅਸੀਂ ਲੋਕਾਂ ਤੋਂ ਉਧਾਰ ਪੈਸੇ ਫੜ੍ਹੇ ਤੇ ਜਿਵੇਂ ਜਿਵੇਂ ਸਾਡੇ ਕੋਲ ਫ਼ੰਡਜ਼ ਇਕੱਠੇ ਹੋਈ ਗਏ, ਅਸੀਂ ਉਨ੍ਹਾਂ ਨੂੰ ਵਾਪਸ ਦੇਈ ਗਏ। ਫੇਰ ਅਸੀਂ ਕੁਝ ਮਦਦ ਮਹਾਂਪੁਰਸ਼ ਜਿਹੜੇ, ਸਰਬ ਸਾਂਝੀਵਾਲਤਾ ਤੇ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਸੰਤ ਮਾਹਾਪੁਰਸ਼ਾਂ ਤੋਂ ਲਈ। ਜਿਸ ਤਰ੍ਹਾਂ ਸੰਤ ਬਾਬਾ ਤੀਰਥ ਸਿੰਘ ਜੀ ਗੋਨਿਆਨਾ ਮੰਡੀ, ਸੰਤ ਬਾਬਾ ਮਿੱਠਾ ਸਿੰਘ ਜੀ ਤਲਵੰਡੀ ਸਾਬੋ, ਅਤੇ ਸੰਤ ਬਾਬਾ ਅਜੀਤ ਸਿੰਘ ਜੀ ਹਨਸਾਲੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਹੋਰਾਂ ਇਸ ਕੰਮ ਲਈ ਬਹੁਤ ਸਹਾਇਤਾ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੀ ਮਦਦ ਲਈ ਗਈ। ਅਸੀਂ ਇਸ ਤਰ੍ਹਾਂ ਫ਼ੰਡਜ਼ ਇਕੱਠੇ ਕਰਕੇ ਸਕੂਲ ਦੀ ਬਿਲਡਿੰਗ ਦੇ ਤਿੰਨ ਬਲਾਕ ਬਣਾਏ ਹਨ। ਇਹ ਤਿੰਨੇ ਬਲਾਕ ਸਰਬ ਸਾਂਝੀਵਾਲਤਾ ਦਾ ਸਨੇਹਾ ਦੇਣ ਵਾਲੇ ਮਹਾਨ ਵਿਅਕਤੀਆਂ ਦੇ ਨਾਵਾਂ ‘ਤੇ ਹਨ: ਜਿਸ ਤਰ੍ਹਾਂ ਬਾਬਾ ਦੀਪ ਸਿੰਘ ਬਲਾਕ, ਭਾਈ ਘਨਈਆ ਬਲਾਕ ਅਤੇ ਸਾਂਈ ਮੀਆਂ ਮੀਰ ਬਲਾਕ ਬਣਾਏ ਗਏ ਹਨ ਬਿਨਾਂ ਕਿਸੇ ਵਿਤਕਰੇ ਤੋਂ ਕਿਸੇ ਜਾਤ, ਕਿਸੇ ਧਰਮ ਕਿਸੇ ਰੰਗ ਦੇ ਵਿਦਿਆਰਥੀ ਕੁਆਲਟੀ ਐਜੂਕੇਸ਼ਨ ਲੈ ਰਹੇ ਹਨ। ਸਾਡੇ ਸਕੂਲ ਦੀ ਪਾਲਸੀ ਹੈ ਕਿ ਜਿੰਨੀਆਂ ਵੀ ਟੀਮਾਂ ਦੇ ਕੈਪਟਨ ਬਣਦੇ ਹਨ ਉਹ ਗੈਰ-ਸਿੱਖ ਬੱਚਿਆਂ ਵਿੱਚੋਂ ਚੁਣੇ ਜਾਂਦੇ ਹਨ। ਇੱਥੇ ਬੱਚਿਆਂ ਦੇ ਖੇਡਣ ਲਈ ਗਰਾਉਂਡਾਂ ਦਾ ਪੂਰਾ ਇੰਤਜ਼ਾਮ ਹੈ। ਪੜ੍ਹਾਈ ਦੇ ਪੱਖੋਂ ਹਰ ਸਾਲ ਸਾਡੇ ਸਕੂਲ ਦੇ ਨਤੀਜੇ 85% ਤੋਂ ਲੈ ਕੇ 100% ਤੱਕ ਆਉਦੇ ਹਨ। ਹਰ ਸਾਲ ਤਿੰਨ ਚਾਰ ਵਿਦਿਆਰਥੀ ਮੈਰਿਟ ਵਿੱਚ ਆਉਦੇ ਹਨ। ਸਾਡੇ ਸਕੂਲ ਦੀ ਫ਼ੀਸ ਹਰਿਆਣੇ ਵਿੱਚ ਚੱਲ ਰਹੇ ਹਨ ਸਾਰੇ ਪ੍ਰਾਈਵੇਟ ਸਕੂਲਾਂ ਨਾਲੋਂ ਘੱਟ ਹੈ। ਕਈ ਮਾਪੇ ਜਿਹੜੇ ਫ਼ੀਸ ਕਰਕੇ ਬੱਚੇ ਨੂੰ ਪੜ੍ਹਾਈ ਤੋਂ ਹਟਾਉਂਦੇ ਹਨ ਤਾਂ ਅਸੀਂ ਉਹਦੀ ਫ਼ੀਸ ਮੁਆਫ਼ ਕਰਕੇ ਪੜ੍ਹਾਈ ਜਾਰੀ ਰੱਖਣ ਲਈ ਮੱਦਦ ਕਰਦੇ ਹਾਂ। ਇੱਥੇ ਇੱਕ ਗੱਲ ਤੁਹਾਡੇ ਧਿਆਨ ਵਿੱਚ ਲਿਆਉਣੀ ਚਾਹਾਂਗਾ ਕਿ ਖੇਡਾਂ ਵਿੱਚ ਸਾਡੇ ਸਕੂਲ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਸਟੇਟ ਲੈਵਲ ਤੋਂ ਨੈਸ਼ਨਲ ਲੈਵਲ ਤੱਕ ਗੋਲਡ ਮੈਡਲ ਲਏ ਹਨ। ਸਾਡੇ ਸਕੂਲ ਦੇ ਬੱਚਿਆਂ ਨੇ ਏਸ਼ੀਅਨ ਗੇਮਜ਼ ਵਿੱਚ ਵੀ ਪਾਰਟੀਸਪੇਟ ਕੀਤਾ ਤੇ ਚੰਗੀਆਂ ਪੁਜ਼ੀਸ਼ਨਾਂ ਲਈਆਂ। ਹੁਣ ਤੱਕ ਪੰਦਰਾਂ ਤੋਂ ਵੱਧ ਬੱਚਿਆਂ ਨੇ ਨੈਸ਼ਨਲ ਪੱਧਰ ਤੇ ਪ੍ਰਾਪਤੀਆਂ ਕਰ ਕੇ ਕੌਮ ਦਾ ਨਾਉਂ ਉੱਚਾ ਕੀਤਾ ਹੈ। ਸਾਡੀਆਂ ਪ੍ਰਾਪਤੀਆਂ ਦੇਖ ਕੇ ਜਿਹੜੇ ਲੋਕ ਪਹਿਲਾਂ ਸਾਡਾ ਸਾਥ ਦੇਣ ਤੋਂ ਝਿਜਕਦੇ ਸੀ ਉਹ ਵੀ ਸਾਡਾ ਸਾਥ ਦੇਣ ਲੱਗੇ ਦਿਨ-ਬ-ਦਿਨ ਵਿਦਿਆਰਥੀਆਂ ਦੀ ਗਿਣਤੀ ਵੱਧ ਕੇ ਸਾਢੇ ਸੱਤ ਸੌ ਤੱਕ ਪੁਹੰਚ ਚੁੱਕੀ ਹੈ। ਅਸੀਂ ਇਥੇ ਪਹੁੰਚ ਕੇ ਇਹ ਨਹੀਂ ਕਹਿ ਸਕਦੇ ਕਿ ਅਸੀਂ ਸਭ ਕੁਝ ਪ੍ਰਾਪਤ ਕਰ ਲਿਆ ਹੈ। ਖ਼ਾਲਸਾ ਸਕੂਲ ਦੀ ਸਫ਼ਲਤਾ ?. ਗੱਲ ਆਪਾਂ ਕਰ ਰਹੇ ਸੀ ਵਿੱਦਿਆ ਖੇਤਰ ਵਿਚਲੀ ਕਾਮਯਾਬੀ ਦੀ, ਸ੍ਰ. ਇਕਬਾਲ ਸਿੰਘ ਜੀ ਪ੍ਰਈਵੇਟ ਸਕੂਲ ਤਾਂ ਹੋਰ ਵੀ ਬੜੇ ਚੱਲਦੇ ਹਨ। ਪਰ ਇੰਨੀਆਂ ਮੁਸ਼ਕਲਾਂ ਆਉਣ ਦੇ ਬਾਵਜ਼ੂਦ ਤਹਾਡੇ ਸਕੂਲ ਨੇ ਹਰ ਖ਼ੇਤਰ ਵਿੱਚ, ਪੜ੍ਹਾਈ ਤੇ ਖ਼ੇਡਾਂ ਵਿੱਚ ਵੀ ਵੱਡੀਆਂ ਮੱਲਾਂ ਮਾਰੀਆਂ ਹਨ। ਇਸ ਦਾ ਕੀ ਰਾਜ਼ ਹੈ? -ਰਾਜ ਤਾਂ ਜੀ, ਇਹੋ ਕਿ ਸਾਡੀ ਸਮੂਹ ਟੀਮ ਦਾ ਆਪਸੀ ਤਲਮੇਲ ਤੇ ਨਿਸ਼ਕਾਮ ਸੇਵਾ ਹੀ ਕਿਹਾ ਜਾ ਸਕਦਾ। ਸਕੂਲ ਦੇ ਪ੍ਰਿੰਸੀਪਲ ਸ੍ਰ. ਰਾਮ ਸਿੰਘ ਅਤੇ ਸਾਬਕਾ ਪ੍ਰਿੰਸੀਪਲ ਸਹਿਜਿੰਦਰ ਸਿੰਘ ਭਾਟੀਆ, ਸ੍ਰ. ਰਣਬੀਰ ਸਿੰਘ ਅਤੇ ਸਕੂਲ ਦੇ ਸਾਰੇ ਹੀ ਸਟਾਫ਼ ਮੈਬਰਾਂ ਦੀ ਅਣਥਕ ਮਿਹਨਤ ਦਾ ਸਦਕਾ ਹੀ ਇਸ ਮੰਜਲ ਤੇ ਪਹੁੰਚੇ ਹਾਂ। ਖੇਡਾਂ ਵਿੱਚ ਪੀ. ਟੀ. ਆਈ. ਰਾਜਨ ਕੁਮਾਰ ਦੀ ਲਗਨ ਤੇ ਮਿਹਨਤ ਨਾਲ ਹੀ ਪਿਛਲੇ ਕਾਫ਼ੀ ਸਾਲਾਂ ਤੋਂ ਪੰਜਾਹ ਸੱਠ ਬੱਚਿਆਂ ਨੂੰ ਸਟੇਟ ਪੱਧਰ ਤੱਕ ਮਾਅਰਕਾ ਮਾਰਨ ਦਾ ਮਾਣ ਪ੍ਰਾਪਤ ਹੋਇਆ ਹੈ। ਸਾਰਾ ਹੀ ਸਟਾਫ਼ ਨਾ-ਮਾਤਰ ਤਨਖ਼ਾਹਾਂ ਤੇ ਸੇਵਾ ਕਰ ਰਿਹਾ ਹੈ। ਜਿਨ੍ਹਾਂ ਵਿੱਚ ਖ਼ਾਸ ਜ਼ਿਕਰ ਮੈਂ ਸ਼ਾਸ਼ਤਰੀ ਜੀ ਰਾਜਾ ਰਾਮ ਹੋਰਾਂ ਦਾ ਕਰਨਾ ਚਾਹਾਂਗਾ ਜੋ ਪਿਛਲੇ ਅੱਠ ਸਾਲਾਂ ਤੋਂ ਆਨਰੇਰੀ ਸੇਵਾ ਕਰ ਰਹੇ ਹਨ। ਢਾਅ ਜੀ, ਸਾਰਾ ਹੀ ਸਟਾਫ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਕੰਮ ਕਰ ਰਿਹਾ ਹੈ। ਮੈਂ ਕਹਾਂਗਾ ਕਿ ਇਹੋ ਹੀ ਸਾਡੀ ਕਾਮਯਾਬੀ ਦਾ ਰਾਜ਼ ਹੈ। ਪੁਲੀਸ ਵੱਲੋਂ ਮਾਰਨ ਦੀ ਵਿਓਂਤ ?. ਡਾਕਟਰ ਸਾਹਿਬ, ਤੁਸੀਂ ਗੱਲ ਕਰ ਰਹੇ ਸੀ ਕਿ ਪਿੰਡ ਢਾਹਾਂ ਕਲੇਰਾਂ (ਦੁਆਬੇ) ਵਿੱਚ ਜਿਹੜਾ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹੌਸਪੀਟਲ ਚੱਲ ਰਿਹਾ ਹੈ, ਤੁਸੀਂ ਉੱਥੇ ਵੀ ਕੁਝ ਸਮਾਂ ਸੇਵਾ ਕੀਤੀ ਹੈ। ਮੰਡੀ ਡੱਬਵਾਲੀ ਤੋਂ ਢਾਹਾਂ ਕਲੇਰਾਂ ਹੌਸਪੀਟਲ ਵਿੱਚ ਆਉਣ ਦਾ ਸਬੱਬ ਕਿਵੇਂ ਬਣਿਆ? ਫੇਰ ਇੱਕ ਡਾਕਟਰ ਅਤੇ ਮੰਡੀ ਡੱਬਵਾਲ਼ੀ ਗੁਰੂਘਰ ਦੇ ਪ੍ਰਧਾਨ ਹੁੰਦਿਆਂ ਤੁਹਾਡਾ ਨਾਂਅ ਖ਼ਤਰਨਾਕ ਅੱਤਵਾਦੀਆਂ ਦੀ ਲਿਸਟ ਵਿੱਚ ਕਿਵੇਂ ਦਾਖ਼ਲ ਹੁੰਦਾ, ਇਸ ਦਾਸਤਾਨ ਬਾਰੇ ਚਾਨਣਾ ਪਾਓ? -ਸਤਨਾਮ ਸਿੰਘ ਜੀ, ਇਹ ਵੀ ਇੱਕ ਲੰਬੀ ਅਤੇ ਦੁਖਦਾਈ ਦਾਸਤਾਨ ਹੈ, ਪਰ ਮੈਂ ਏਥੇ ਵੀ ਸੰਖੇਪ ਵਿੱਚ ਹੀ ਤੁਹਨੂੰ ਦੱਸਾਂਗਾ। ਇਹ ਗੱਲ ਇਸ ਤਰ੍ਹਾਂ ਹੋਈ ਕਿ ਜਦੋਂ ਪੰਜਾਬ ਵਿੱਚ ਹਾਲਾਤ ਖ਼ਰਾਬ ਸਨ ਤਾਂ ਉਸ ਦਾ ਸੇਕ ਆਲੇ ਦੁਆਲੇ ਵੀ ਲੱਗਾ। ਜਦੋਂ ਅਕਾਲੀਆਂ ਨੇ ਪੰਜਾਬ ਦੀਆਂ ਮੰਗਾਂ ਲਈ ਧਰਮ ਯੁਧ ਮੋਰਚਾ ਲਾਇਆ ਤਾਂ ਅਸੀਂ ਹਰਿਆਣੇ ਵਿੱਚ ਰਹਿੰਦਿਆਂ ਵੀ ਪੰਜਾਬ ਦੀਆਂ ਇਨ੍ਹਾਂ ਮੰਗਾਂ ਦਾ ਸਮਰਥਨ ਕੀਤਾ ਸੀ। ਅਸੀਂ ਹਰਿਆਣੇ ਵਿੱਚੋਂ ਚੰਗੇ ਪੜ੍ਹੇ ਲਿਖੇ ਲੋਕਾਂ, ਜਿਸ ਤਰ੍ਹਾਂ ਵਕੀਲ, ਇੰਜੀਨੀਅਰ, ਡਾਕਟਰ ਤੇ ਬਹੁਤ ਸਾਰੇ ਕੋਅਪ੍ਰੇਟਿਵ ਬੈਕਾਂ ਦੇ ਡਇਰੈਕਟਰਾਂ ਦਾ ਇੱਕ ਗਰੁਪ ਲੈ ਕੇ 90 ਵਿਅਕਤੀਆਂ ਦੇ ਜਥੇ ਨੇ ਗ੍ਰਿਫ਼ਤਾਰੀ ਦਿੱਤੀ। ਇਹ ਹੀ ਮੇਰਾ ਗੁਨਾਹ ਸੀ। ਹਰਿਆਣਾ ਸਰਕਾਰ ਨੇ ਮੇਰਾ ਨਾਂਅ ਪੱਕੇ ਤੇ ਖ਼ਤਰਨਾਕ ਵੱਖਵਾਦੀਆਂ ਵਿੱਚ ਸ਼ਾਮਲ ਕਰ ਲਿਆ। ਜਦੋਂ ਵੀ ਪੰਜਾਬ ਹਰਿਆਣੇ ਵਿੱਚ ਕੋਈ ਵੀ ਘਟਨਾ ਹੁੰਦੀ, ਕਤਲ ਹੁੰਦਾ ਜਾਂ ਕੋਈ ਬੈਂਕ ਲੁੱਟਿਆ ਜਾਂਦਾ ਤਾਂ ਹਰਿਆਣਾ ਪੁਲੀਸ ਪੁੱਛ ਗਿੱਛ ਕਰਨ ਲਈ ਮੈਨੂੰ ਪੁਲੀਸ ਸਟੇਸ਼ਨ ਤੇ ਲਿਜਾ ਕੇ ਮਾਨਸਿਕ ਤਸੀਹੇ ਦਿੱਤੇ ਜਾਂਦੇ ਖ਼ਾਸ ਕਰਕੇ ਮੈਨੂੰ ਹੁਕਮ ਹੋਇਆ ਕਿ ਸਵੇਰੇ ਸ਼ਾਮ ਥਾਣੇ ਹਾਜ਼ਰੀ ਭਰੀ ਜਾਵੇ ਅਤੇ ਪੁਲੀਸ ਨੂੰ ਬਿਨਾਂ ਦੱਸਿਆਂ ਪੁੱਛਿਆਂ ਕਿਧਰੇ ਨਹੀਂ ਜਾ ਸਕਦੇ। ਜਿਸ ਗੱਲ ਤੋਂ ਮੈਂ ਇਨਕਾਰ ਕਰ ਦਿੱਤਾ। ਮੈਂ ਪੁਲੀਸ ਆਫ਼ੀਸਰਾਂ ਨੂੰ ਪੁੱਛਿਆ ਕਿ ਗੁਰੁਘਰ ਦਾ ਪ੍ਰਧਾਨ ਹੋਣਾ ਗੁਨਾਹ ਹੈ? ਅਸੀਂ ਤਾਂ ਆਪ ਮਾੜੇ ਕੰਮਾਂ ਦੇ ਖ਼ਿਲਾਫ਼ ਹਾਂ। ਜੇਕਰ ਕੋਈ ਇਸ ਤਰ੍ਹਾਂ ਦਾ ਕੰਮ ਕਰੇ ਵੀ ਤਾਂ ਸਮਝਾਂਵਾਗੇ ਕਿ ਇਹ ਰਾਹ ਠੀਕ ਨਹੀਂ। ਨਿਰਦੋਸ਼ ਲੋਕਾਂ ਨੂੰ ਮਾਰਨਾ ਸਿੱਖੀ ਧਰਮ ਨਹੀਂ। ਮੇਰੀ ਇਹ ਗੱਲ ਮੰਨਣ ਦੀ ਵਜਾਏ। ਪੁਲੀਸ ਵਾਲਿ਼ਆਂ ਨੇ ਆਪਣੀਆਂ ਤੱਰਕੀਆਂ ਲੈਣ ਲਈ ਕਈ ਵਾਰ ਮੈਨੂੰ ਹੀ ਜਾਨੋਂ ਮਾਰਨ ਦੀ ਸਕੀਮ ਬਣਾਈ ਪਰ ਬਚਾ ਹੁੰਦਾ ਰਿਹਾ। ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਮੇਰੇ ਕੰਮਾਂ ਬਾਰੇ ਸਭ ਜਾਣਕਾਰੀ ਸੀ ਕਿ ਮੈਂ ਇਹੋ ਜਿਹੇ ਕੰਮਾਂ ਵਿੱਚ ਸ਼ਾਮਲ ਨਹੀਂ ਹਾਂ। ਪਰ ਪੁਲੀਸ ਦੀਆਂ ਵਧੀਕੀਆਂ ਤੇ ਹਰ ਰੋਜ਼ ਦੀ ਖਿੱਚੋ-ਧੂਹ ਨੇ ਮੇਰੀ ਮੈਡੀਕਲ ਦੀ ਪ੍ਰੈਕਟਿਸ ਤਾਂ ਬੰਦ ਹੀ ਕਰਵਾ ਦਿੱਤੀ ਸੀ। ਸ੍ਰ. ਬੁੱਧ ਸਿੰਘ ਢਾਹਾਂ ਵੀ ਕਦੇ ਕਦੇ ਮੰਡੀ ਡੱਬਵਾਲੀ ਆਉਂਦੇ ਜਾਂਦੇ ਸੀ ਕਦੇ ਕਦੇ ਮੈਂ ਵੀ ਇਹਨਾਂ ਦੇ ਹੌਸਪੀਟਲ ਗੇੜ੍ਹਾ ਲਾ ਆਉਂਦਾ ਸੀ। ਇੱਕ ਵਾਰ ਇਹ ਜਦੋਂ 1995 ਵਿੱਚ ਮੰਡੀ ਡੱਬਵਾਲੀ ਆਏ ਤਾਂ ਇੱਥੇ ਦੇ ਹਾਲਾਤ ਦੇਖ ਕੇ ਕਹਿੰਦੇ ਕਿ ਤੁਸੀਂ ਉੱਥੇ ਸਾਡੇ ਹੌਸਪੀਟਲ ਵਿੱਚ ਆ ਜਾਉ। ਮੈਂ ਕਿਹਾ ਕਿ ਬਹੁਤ ਹੀ ਮਿਹਨਤ ਨਾਲ ਸਕੂਲ ਦਾ ਕੰਮ ਚੱਲਣ ਲੱਗਾ ਹੈ। ਹੁਣ ਤਾਂ ਮੈਂ ਆਪਣੇ ਸਹਿਯੋਗੀਆਂ ਨੂੰ ਨਾਲ ਲੈ ਕੇ ਦੋ ਢਾਈ ਲੱਖ ਰੁਪਈਏ ਸਾਲਾਨਾ ਇਕੱਠੇ ਕਰ ਲੈਂਦਾ ਹਾਂ ਤੇ ਸਕੂਲ਼ ਦੀ ਬਿਲਡਿੰਗ ਮੁੰਕਮਲ ਹੋ ਜਾਵੇਗੀ। ਜੇਕਰ ਮੈਂ ਇੱਧਰ ਆ ਗਿਆ ਤਾਂ ਇਹ ਕੰਮ ਅਧੂਰਾ ਰਹਿ ਜਾਵੇਗਾ ਕਿਉਂਕਿ ਮੈਂ ਬਾਕੀ ਸਾਥੀਆਂ ਨੂੰ ਜ਼ੋਰ ਪਾ ਕੇ ਨਾਲ ਲੈ ਜਾਂਦਾ ਸਾਂ। ਸ੍ਰ. ਬੁੱਧ ਸਿੰਘ ਕਹਿਣ ਲੱਗੇ ਕਿ ਮੈਂ ਬਾਹਰਲੇ ਦੇਸ਼ਾਂ ਵਿੱਚੋਂ ਹੌਸਪੀਟਲ ਲਈ ਉਗਰਾਹੀ ਕਰਨ ਜਾਂਦਾ ਹਾਂ ਇੰਨੇ ਪੈਸੇ ਤਾਂ ਇੱਕ ਦਿਨ ਦੀ ਉਗਰਾਹੀ ਹੈ ਤੇ ਇੱਕ ਦਿਨ ਦੀ ਉਗਰਾਹੀ ਮੈਂ ਤੁਹਾਡੇ ਸਕੂਲ ਲਈ ਕਰ ਲਿਆ ਕਰਾਂਗਾ। ਇਹ ਸੁਣਕੇ ਮੈਂ ਸੋਚਿਆ ਕਿ ਮਨਾ, ਨਾਲੇ ਤਾਂ ਇਹ ਆਪ ਕਹਿੰਦੇ ਹਨ ਨਾਲੇ ਇੱਥੇ ਦੇ ਹਾਲਾਤ ਠੀਕ ਨਹੀਂ। ਜੇਕਰ ਸਕੂਲ ਦਾ ਮਸਲਾ ਹੱਲ ਹੁੰਦਾ ਹੈ ਤਾਂ ਕੀ ਹਰਜ਼ ਹੈ! ਸੇਵਾ ਹੀ ਕਰਨੀ ਹੈ। ਇਹ ਸੋਚ ਕੇ ਮੈਂ ਢਾਹਾਂ ਕਲੇਰਾਂ ਹੌਸਪੀਟਲ ਆ ਗਿਆ। ਇੱਥੇ ਮੈਂ ਹੌਸਪੀਟਲ ਤੋਂ ਬਿਨਾਂ ਨਸ਼ਾ ਛੱਡਾਊ ਕੇਂਦਰ ਵਿੱਚ ਮੈਡੀਕਲ ਆਫ਼ੀਸਰ ਇੰਚਾਰਜ ਦੇ ਤੌਰ ਤੇ ਵੀ ਕੰਮ ਕੀਤਾ। ਪਰ ਸਕੂਲ ਵਾਲਾ ਮਸਲਾ ਹੱਲ ਨਾ ਹੋਇਆ। ਪਤਾ ਨਹੀਂ ਬੁੱਧ ਸਿੰਘ ਹੋਰਾਂ ਦੀ ਕੀ ਮਜਬੂਰੀ ਹੋਵਗੀ ਇਹ ਤਾਂ ਉਹ ਹੀ ਜਾਣਨ। ਉਨ੍ਹਾਂ ਨੇ ਇੱਕ ਵਾਰੀ ਸਿਰਫ਼ ਪੰਜਾਹ ਹਜ਼ਾਰ ਦਿੱਤਾ ਦੂਜੀ ਵਾਰ ਵੀਹ ਹਜ਼ਾਰ ਦੇ ਕੇ ਫੇਰ ਕੋਈ ਪੈਸਾ ਸਕੂਲ ਦੀ ਮੱਦਦ ਲਈ ਨਹੀਂ ਦਿੱਤਾ। ਮੈਨੂੰ ਉੱਥੇ ਕੰਮ ਕਰਨ ਦੀ ਸੈਲਰੀ ਅੱਠ ਹਜ਼ਾਰ ਮਹੀਨਾ ਦੇ ਹਿਸਾਬ ਨਾਲ ਜ਼ਰੂਰ ਦਿੱਤੀ। ਪਰ ਮੈਂ ਪੂਰੇ ਪੰਜ ਸਾਲ ਹਰ ਰੋਜ਼ ਕਦੇ 12 ਘੰਟੇ ਕਦੇ 18 ਤੇ ਕਦੇ ਇਸ ਤੋਂ ਜ਼ਿਆਦਾ ਵੀ ਇੱਕ ਵਾਰ ਮੈਂ ਲਗਾਤਾਰ 62 ਘੰਟੇ ਡਿਉਟੀ ਦਿੱਤੀ ਤਾਂ ਕਿ ਸ੍ਰ. ਬੁੱਧ ਸਿੰਘ ਹੋਰਾਂ ਦਾ ਧਿਆਨ ਖਿੱਚਿਆ ਜਾ ਸਕੇ। ਵੈਸੇ ਸ੍ਰ. ਬੁੱਧ ਸਿੰਘ ਹੋਰਾਂ ਨਾਲ ਮੇਰੇ ਰੀਲੇਸ਼ਨ ਉਸੇ ਤਰ੍ਹਾਂ ਹੀ ਹਨ। ਮੈਂ ਉਨ੍ਹਾਂ ਦਾ ਸਤਿਕਾਰ ਕਰਦਾ ਉਹ ਮੇਰਾ ਕਰਦੇ ਹਨ। ਪਰ ਕਦੇ ਵੀ ਸਕੂਲ ਦੇ ਮਾਮਲੇ ਵਿੱਚ ਉਨ੍ਹਾਂ ਕਦੇ ਕੋਈ ਗੱਲਬਾਤ ਨਹੀਂ ਕੀਤੀ। ਪੰਜ ਸਾਲਾਂ ਵਾਧ ਮੈਂ ਉਨ੍ਹਾਂ ਤੋ ਛੁੱਟੀ ਲੈ ਕੇ ਫੇਰ ਵਾਪਸ ਡੱਬਵਾਲੀ ਆ ਗਿਆ ਤੇ ਪੂਰੇ ਚਾਰ ਸਾਲ ਸਕੂਲ ਦੀ ਬਿਲਡਿੰਗ ਪੂਰੀ ਕਰਨ ਲਈ ਜਿੱਥੋਂ ਵੀ ਕਿੱਧਰੋਂ ਕੋਈ ਸਹਾਇਤਾ ਮਿਲ਼ ਸਕਦੀ ਸੀ, ਲਈ ਅਤੇ ਅਧੂਰੇ ਰਹਿੰਦੇ ਤਿੰਨ ਬਲਾਕ ਬਣਾਏ। ਇਹਨਾਂ ਹੀ ਦਿਨਾਂ ਵਿੱਚ ਮੇਰਾ ਮੇਲ਼ ਡਾ. ਰਣਬੀਰ ਸਿੰਘ ਰਾਣਾ ਬੰਗਿਆਂ ਵਾiਲ਼ਆਂ ਤੇ ਸ੍ਰ. ਅਵਤਾਰ ਸਿੰਘ ਪਰਮਾਰ ਜਿਹੜੇ ਤੁਹਾਡੇ ਸ਼ਹਿਰ ਕੈਲਗਰੀ ਤੋਂ ਇੰਡੀਆ ਗਏ ਹੋਏ ਸਨ। ਉਹ ਆਪਣੇ ਪਿੰਡ ਪੰਜੌੜਾ ਵਿਖੇ ਇੱਕ ਚੈਰੀਟੇਬਲ ਹੌਸਪੀਟਲ ਚਲਾ ਰਹੇ ਹਨ, ਉਨ੍ਹਾਂ ਨਾਲ ਹੋਇਆ। ਉਨ੍ਹਾਂ ਕਿਹਾ ਸਾਡੇ ਹੌਸਪੀਟਲ ਵਿੱਚ ਆਉ। ਤਿੰਨ ਕੁ ਸਾਲ ਉੱਥੇ ਮੈਂ ਕੰਮ ਕੀਤਾ ਤਾਂ ਮੈਨੂੰ ਕੈਂਸਰ ਦੀ ਪ੍ਰੋਬਲਮ ਹੋ ਗਈ ਦੋ ਉਪਰੇਸ਼ਨ ਹੋਏ ਹਨ ਦੁਆਈ ਚੱਲ ਰਹੀ ਹੈ ਪਰ ਮੈਂ ਅਜੇ ਕੰਮ ਨਹੀਂ ਕਰ ਸਕਦਾ। ਮੇਰੀ ਦਿਲੀ ਤਮੰਨਾ ਹੈ ਕਿ ਮੰਡੀ ਡੱਬਵਾਲੀ ਵਿਖੇ ਇੱਕ ਚੈਰੀਟੇਬਲ ਹੌਸਪੀਟਲ ਬਣਾਇਆ ਜਾਵੇ ਜਿਸ ਵਿੱਚ ਗ਼ਰੀਬ ਲੋਕ ਜੋ ਹੈਲਥ ਕੇਅਰ ਦਾ ਖ਼ਰਚਾ ਨਹੀਂ ਕਰ ਸਕਦੇ ਉਨ੍ਹਾਂ ਦਾ ਇਲਾਜ ਕੀਤਾ ਜਾਵੇਗਾ। ਇੱਕ ਨਰਸਿੰਗ ਕਾਲਜ, ਨਸ਼ਾ ਛੱਡਾਊ ਕੇਂਦਰ ਤੇ ਡੱਰਗਜ਼ ਅਵੇਅਰਨਿਸ ਪ੍ਰੋਗਰਾਮ ਵੱਖ ਵੱਖ ਸਕੂਲ਼ਾਂ ਕਾਲਜਾਂ ਵਿੱਚ ਜਾ ਕੇ ਪ੍ਰਚਾਰ ਕੀਤਾ ਜਾਵੇ। ਇਸ ਕੰਮ ਲਈ ਸ਼੍ਰ. ਅਵਤਾਰ ਸਿੰਘ ਪਰਮਾਰ ਹੋਰਾਂ ਤੇ ਸ੍ਰ. ਹਰਦੀਪ ਸਿੰਘ ਸਿੱਧੂ ਹੋਰਾਂ ਸੁਝਾ ਦਿੱਤਾ ਸੀ ਕਿ ਤੁਸੀਂ ਕੈਲਗਰੀ ਆਉ ਇੱਥੋਂ ਲੋਕ-ਭਲਾਈ ਦੇ ਕੰਮਾਂ ਲਈ ਸੰਗਤਾਂ ਮਦਦ ਕਰ ਸਕਦੀਆਂ ਹਨ। ਇੱਥੇ ਬਹੁਤ ਸਾਰੇ ਸੱਜਣਾਂ ਮਿੱਤਰਾਂ ‘ਤੇ ਬਿਜ਼ਨਸਮੈਨਾਂ ਨੇ ਕਾਫ਼ੀ ਮਦਦ ਕੀਤੀ ਵੀ ਹੈ ਤੇ ਕਰ ਵੀ ਰਹੇ ਹਨ। ਕਿੳਂੁਕਿ ਇਹੋ ਜਿਹਾ ਕੰਮ ਕਿਸੇ ਇਕੱਲੇ ਵਿਅਕਤੀ ਦੇ ਕਰਨੇ ਦਾ ਨਹੀਂ। ਮੈਂ ਬੇਨਤੀ ਕਰਦਾਂ ਕਿ ਸਾਰੇ ਹੀ ਵੀਰ ਅਤੇ ਭੈਣਾਂ ਇਸ ਨੇਕ ਕੰਮ ਵਿੱਚ ਜਿੰਨੀ ਵੀ ਮਦਦ ਕਰ ਸਕਦੇ ਹਨ ਜ਼ਰੂਰ ਕਰਨ। ? ਡਾ. ਪੰਨੂੰ ਜੀ, ਤੁਸੀਂ ਗੱਲ ਕੀਤੀ ਕਿ ਤੁਹਾਨੂੰ ਇੱਕ ਖ਼ਤਰਨਾਕ ਅੱਤਵਾਦੀ ਐਲਾਨ ਕੇ ਪੁਲੀਸ ਦੀ ਤੁਹਾਨੂੰ ਮਾਰ ਮੁਕਾਉਣ ਦੀ ਵਿਉਂਤ ਕਈ ਵਾਰ ਬਣੀ ਪਰ ਬਚਾ ਹੁੰਦਾ ਰਿਹਾ। ਇਹਦੇ ਬਾਰੇ ਦੱਸੋ ਫੇਰ ਮੌਤ ਦੇ ਮੂੰਹ ‘ਚੋਂ ਬਚਾ ਕਿਵੇਂ ਹੋਇਆ? -ਢਾਅ ਜੀ, ਇੰਡੀਆ ਸਰਕਾਰ ਅਤੇ ਅਕਾਲੀਆਂ ਦੇ ਲਾਏ ਧਰਮ-ਯੁੱਧ ਮੋਰਚੇ ਨਾਲ ਪੰਜਾਬ ਦਾ ਬਹੁਤ ਸਾਰਾ ਜਾਨੀ ਮਾਲ਼ੀ ਨੁਕਸਾਨ ਹੋਇਆ। ਇਹ ਮੰਗਾਂ ਸਾਰੇ ਪੰਜਾਬੀਆਂ ਦੀਆਂ ਸਨ ਨਾ ਕਿ ਇਕੱਲੇ ਸਿੱਖਾਂ ਦੀਆਂ, ਅਤੇ ਮੰਗਾਂ ਤਕਰੀਬਨ ਸਾਰੀਆਂ ਜਾਇਜ਼ ਵੀ ਸਨ। ਪਰ ਸਰਕਾਰ ਦੇ ਅੜੀਅਲ ਵਤੀਰੇ ਨਾਲ ਸਾਰਾ ਖੇਲ ਵਿਗੜ ਗਿਆ। ਮੈਂ ਵੀ ਸਿੱਖੀ ਵਿਚਾਰਾਂ ਨਾਲ ਸਹਿਮਤ ਸੀ। ਪੁਲੀਸ ਦੀਆਂ ਵਧੀਕੀਆਂ ਤਾਂ ਇੱਥੇ ਤੱਕ ਸੀ ਕਿ ਮੈਨੂੰ ਕੇਸਰੀ, ਕਾਲ਼ੀ ਜਾਂ ਨੀਲੀ ਪੱਗ ਬੰਨਣ ਤੋਂ ਵੀ ਰੋਕਦੀ ਸੀ। ਮੈਨੂੰ ਤਾਂ 1983 ਤੋਂ ਪਲੀਸ ਨੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਜੋ ਅਜੇ ਤੱਕ ਵੀ ਜਾਰੀ ਹੈ। ਉਹਦਾ ਕਾਰਨ ਸਿੱਧਾ ਸੀ ਕਿ ਮੈਂ ਹਰਿਆਣੇ ਵਿੱਚੋਂ ਨੱਬੇ (ਡਾਕਟਰ, ਵਕੀਲ, ਇੰਜੀਨੀਅਰਜ਼, ਬੈਂਕ ਕਰਮਚਾਰੀ ਅਤੇ ਪ੍ਰੋਫੈਸਰ) ਬੁੱਧੀਜੀਵੀਆਂ ਦਾ ਜਥਾ ਲੈ ਕੇ ਗ੍ਰਿਫ਼ਤਾਰੀ ਦਿੱਤੀ। ਉਸ ਸਮੇਂ ਗੁਰਚਰਨ ਸਿੰਘ ਟੌਹੜਾ ਅਤੇ ਸੰਤ ਹਰਚਰਨ ਸਿੰਘ ਲੌਗੋਵਾਲ ਨੇ ਇਸ ਜਥੇ ਦੀ ਬਣਤਰ ਅਤੇ ਦਲੇਰੀ ਦੀ ਵਿਲੱਖਣਤਾ ਕਰਕੇ ਪ੍ਰਸੰਸਾ ਕੀਤੀ। ਬੱਸ ਇਹੋ ਮੇਰਾ ਕਸੂਰ ਸਮਝੋ ਕਿ ਮੈਂ ਇਸ ਮੋਰਚੇ ਦੀ ਹਮਾਇਤ ਕੀਤੀ ਸੀ। ਬੱਸ ਫੇਰ ਤਾਂ ਮੇਰਾ ਘਰ, ਮੇਰੀ ਡਾਕਟਰੀ ਪ੍ਰੈਕਟਿਸ ਸੀ. ਆਈ. ਏ. ਦੀ ਨਿਗਰਾਨੀ ਹੇਠ ਸੀ। ਕਈ ਵਾਰ ਅੱਧੀ ਰਾਤ ਨੂੰ ਹਰਿਆਣਾ ਪੁਲੀਸ ਸੁੱਤਿਆਂ ਪਿਆਂ ਨੂੰ ਜਗਾਉਂਦੀ ਇਹ ਦੇਖਣ ਲਈ ਆਉਂਦੀ ਕਿ ਖਾੜਕੂਆਂ ਨੂੰ ਪਨਾਹ ਤਾਂ ਨਹੀਂ ਦੇ ਰਿਹਾ ਹਾਂ। ਭਾਵੇਂ ਉਨ੍ਹਾਂ ਨੁੰ ਲੱਭਦਾ ਕੁਝ ਵੀ ਨਾਹ। ਫੇਰ ਮੈਂ ਦੁਆਬੇ ਗੁਰੂ ਨਾਨਕ ਮਿਸ਼ਨ ਹੌਸਪੀਟਲ (ਢਾਹਾਂ-ਕਲੇਰਾਂ) ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਤਾਂ ਓਥੇ ਵੀ ਪੁਲੀਸ ਨੇ ਟ੍ਰਸਟ ਦੇ ਪ੍ਰਧਾਨ ਬੁੱਧ ਸਿੰਘ ਢਾਹਾਂ ਦੇ ਬਿਆਨ ਰਿਕਰਡ ਕੀਤੇ। ਮੈਨੂੰ ਹਮੇਸ਼ਾ ਪਲੀਸ ਦੇ ਪਹਿਰੇ ਹੇਠ ਰਹਿਣਾ ਪਿਆ। ਤੁਹਾਡੇ ਸਵਾਲ ਦਾ ਜਵਾਬ ਹੈ ਕਿ ਇੱਕ ਵਾਰ ਫੇਰ ਜਦੋਂ ਹਰਿਆਣਾ ਪੁਲੀਸ ਨੇ ਕਿਸੇ ਝੂਠੇ ਮੁਕਬਲੇ ਵਿੱਚ ਮਾਰਨ ਦੀ ਸ਼ਾਜਸ਼ ਬਣਾਈ, ਜਿਵੇਂ ਮੈਂ ਪਹਿਲਾਂ ਆਪ ਨਾਲ ਜਿਕਰ ਕੀਤਾ ਕਿ ਬੂਟਾ ਸਿੰਘ ਟਰੱਕ ਯੁਨੀਅਨ ਦੇ ਪ੍ਰਧਾਨ ਜਿਸ ਦਾ ਕਾਂਗਰਸ ਪਾਰਟੀ ਵਿੱਚ ਚੰਗਾ ਰਸੂਖ ਸੀ ਉਸ ਦੇ ਦਖ਼ਲ ਨਾਲ ਬਚਾ ਹੋ ਗਿਆ। ਕਿਉੁਂਕਿ ਉਹ ਮੇਰੇ ਕੰਮਾਂ ਤੋਂ ਪੂਰੀ ਤਰ੍ਹਾਂ ਵਾਕਿਫ਼ ਸੀ। ਹੱਕੀ ਮੰਗਾਂ ਦੀ ਹਮਾਇਤ ਅਤੇ ਦਿੱਲੀ ਕਤਲੇਆਮ ਦਾ ਵਿਰੋਧ ? ਇਕਬਾਲ ਸਿੰਘ ਜੀ, ਇਸ ਲਹਿਰ ਦੀ ਕੋਈ ਹੋਰ ਯਾਦ ਸਾਂਝੀ ਕਰਨਾ ਚਾਹੋਗੇ? ਅਸੀਂ ਤਾਂ ਸੋਚਦੇ ਹਾਂ ਕਿ ਇਹ ਲਹਿਰ ਸਿਰਫ਼ ਪੰਜਾਬ ਵਿੱਚ ਹੀ ਸੀ। ਪਰ ਪੰਜਾਬ ਵਿੱਚ ਵੀ ਸਾਰੇ ਲੋਕ ਇਸ ਨਾਲ ਸਹਿਮਤ ਨਹੀਂ ਸਨ। ਫੇਰ ਪੰਜਾਬ ਤੋਂ ਬਾਹਰ ਦੂਜਿਆਂ ਸੂਬਿਆਂ ਦੇ ਲੋਕਾਂ ਤੋਂ ਇਸ ਦੀ ਹਮਾਇਤ ਦੀ ਕੋਈ ਉਮੀਦ ਕਿਵੇਂ ਕੀਤੀ ਜਾ ਸਕਦੀ। ਪਰ ਤੁਹਾਨੂੰ ਹਰਿਆਣੇ ਵਿੱਚ ਸਾਰੇ ਵਰਗਾਂ ਦੇ ਲੋਕਾਂ ਦਾ ਸਹਿਯੋਗ ਮਿiਲ਼ਆ। ਇਹਦੇ ਬਾਰੇ ਕੁਝ ਦੱਸੋ? -ਸਤਨਾਮ ਜੀ, ਅਸਲ ਗੱਲ ਤਾਂ ਸੂਬਿਆਂ ਦੇ ਅਧਿਕਾਰਾਂ ਅਤੇ ਲੋਕ-ਹਿਤਾਂ ਦੀ ਸੀ। ਚਾਹੀਦਾ ਤਾਂ ਸੀ ਕਿ ਪੰਜਾਬ ਦੇ ਸਾਰੇ ਲੋਕ ਅਤੇ ਵਿਚਲੀਆਂ ਸਾਰੀਆਂ ਪਾਰਟੀਆਂ ਇਕਮੁੱਠ ਹੋ ਕੇ ਹੱਕੀ ਮੰਗਾਂ ਬਾਰੇ ਡੂੰਘੀ ਸੋਚ ਵਿਚਾਰ ਕਰਕੇ ਇਸ ਦੀ ਹਮਾਇਤ ਕਰਦੀਆਂ ਤਾਂ ਸ਼ਾਇਦ ਸਰਕਾਰ ਨੂੰ ਛੇਤੀ ਸਮਝ ਆ ਜਾਂਦੀ। ਪਰ ਪ੍ਰਾਪੋਗੰਡਾ ਹਮੇਸ਼ਾਂ ਹੀ ਇਹ ਕੀਤਾ ਗਿਆ ਕਿ ਸਿੱਖ ਵੱਖਵਾਦੀ ਅਤੇ ਅੱਤਵਾਦੀ ਹਨ ਦੇਸ਼ ਨੂੰ ਤੋੜਨਾ ਚਾਹੁੰਦੇ ਹਨ। ਸਰਕਾਰ ਨੇ ਬਦਨਾਮ ਅਤੇ ਬਦਮਾਸ਼ ਕਿਸਮ ਦੇ ਆਪਣੇ ਬੰਦੇ ਵਿੱਚ ਪਾ ਕੇ ਲਹਿਰ ਨੂੰ ਬਦਨਾਮ ਕੀਤਾ। ਅੱਤ ਤਾਂ ਉਸ ਵੇਲੇ ਹੋ ਗਈ ਜਦੋਂ ਸਰਕਾਰ ਨੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਨਿਰਦੋਸ਼ ਨੋਜਆਨ ਬੱਚੇ ਬੁੱਢੇ ਮੌਤ ਦੇ ਘਾਟ ਉਤਾਰ ਦਿੱਤੇ। ਇਸ ਨਾਲ ਸਾਰੇ ਸਿੱਖ ਜਗਤ ਦੇ ਹਿਰਦੇ ਵਲੂੰਧਰੇ ਗਏ। ਇਸ ਨਾਲ ਗ਼ਰਮ ਿਖ਼ਆਲੀ ਲੋਕਾਂ ਦਾ ਗੁੱਸਾ ਹੋਰ ਭੜਕਿਆ। ਇਸੇ ਰੋਹ ਵਿੱਚ ਇੰਦਰਾ ਗਾਂਧੀ ਦਾ ਕਤਲ ਹੋਇਆ। ਜਿਸ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਹੋਰ ਨਿਰਦੋਸ਼ਾਂ (ਬੱਚੇ,ਬੁੱਢੇ ਨੋਜੁਆਨ ਅਤੇ ਇਸਤ੍ਰੀਆਂ) ਦੀ ਇੱਜ਼ਤ ਰੋਲ਼ੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਰਕਾਰ ਨੇ ਇਹ ਸਿੱਖਾਂ, ਪੰਜਾਬੀਆਂ ਦਾ ਕਤਲ ਆਪ ਕਰਇਆ। ਤੁਸੀਂ ਯਾਦ ਸਾਂਝੀ ਕਰਨ ਦੀ ਗੱਲ ਕੀਤੀ ਢਾਅ ਜੀ, ਇਹ ਤਾਂ ਇਤਿਹਾਸਕ ਸਚਾਈ ਹੈ। ਜੇਕਰ ਇਮਾਨਦਾਰੀ ਨਾਲ ਇਸ ਸਮੇਂ ਇਤਿਹਾਸ ਲਿਖਿਆ ਜਾਵੇਗਾ ਤਾਂ ਇਹ ਕਦੇ ਵੀ ਨਾ ਭੁੱਲਣ ਵਾਲੀਆਂ ਘਟਨਾਵਾਂ ਹਨ। ਜੇਕਰ ਤੁਹਾਡੀ ਦਿਲਚਸਪੀ ਹੈ ਤਾਂ ਲਓ ਫੇਰ ਹੋਰ ਸੁਣੋ: ਸਿੱਖ ਕਤਲੇਆਮ ਤੋਂ ਬਾਅਦ ਅਸੀਂ ਸਾਰੀ ਸਿੱਖ ਸੰਗਤ ਨੇ ਮੰਡੀ ਡੱਬਵਾਲੀ ਵਿੱਚ ਗੁਰਦੁਆਰਾ ਸਾਹਿਬ ਅੰਖਡ ਪਾਠ ਕਰਵਾਇਆ। ਅਖੰਡ ਪਾਠ ਦੇ ਭੋਗ ਉਪਰੰਤ ਅਰਦਾਸ ਕਰਕੇ ਤਹਿਸੀਲ ਅਤੇ ਰਾਜ ਪੱਧਰ ਤੇ ਵਿਰੋਧ-ਪੱਤਰ ਦੇਣ ਦਾ ਪ੍ਰੋਗਰਾਮ ਬਣਾਇਆ। ਨਿਰਣਾ ਇਹ ਹੋਇਆ ਕਿ ਮੇਰੀ ਅਗਵਾਈ ਵਿੱਚ ਇਹ ਵਿਰੋਧ-ਪੱਤਰ ਉਸ ਸਮੇਂ ਦੇ ਐੱਸ ਡੀ. ਐੱਮ (ਸ਼ਿਵਰਾਜ ਗੌੜ) ਨੂੰ ਇੱਕ ਜਲੂਸ ਦੀ ਸ਼ਕਲ ਵਿੱਚ ਉਸ ਦੀ ਦਾਲਤ ਵਿੱਚ ਦਿੱਤਾ ਜਾਵੇਗਾ। ਇਸ ਗੱਲ ਦਾ ਜਦੋਂ ਸਥਾਨਿਕ ਪ੍ਰਸ਼ਾਸ਼ਨ ਨੂੰ ਪਤਾ ਲੱਗਾ ਤਾਂ ਡੀ. ਐੱਸ. ਪੀ. ਮਿਸਟਰ (ਛੱਕੜ) ਨੇ ਐੱਸ ਡੀ ਐੱਮ ਨੂੰ ਕਹਿ ਕੇ ਦਫ਼ਾ 44 ਲਾਗੂ ਕਰਵਾ ਦਿੱਤੀ। ਉਧਰ ਮੈਨੂੰ ਸਰਕਾਰੀ ਰੈਸਟ ਹਾਉਸ ਵਿੱਚ ਬੁਲਾ ਕੇ ਕਿਹਾ ਕਿ ਮੈਂ ਬਜ਼ਾਰ ਵਿੱਚ ਜਲੂਸ ਦੀ ਅਗਵਾਈ ਨਾ ਕਰਾਂ। ਨਾਲ ਹੀ ਇਹ ਧਮਕੀ ਵੀ ਦਿੱਤੀ ਕਿ ਜੇਕਰ ਇਸ ਤੇ ਅਮਲ ਨਾ ਹੋਇਆ ਤਾਂ ਜਲੂਸ ਤੇ ਲਾਠੀਚਾਰਜ ਵੀ ਹੋਵੇਗਾ। ਮੈਂ ਨਿਮ੍ਰਤਾ ਸਹਿਤ ਫੇਰ ਬੇਨਤੀ ਕੀਤੀ ਕਿ ਇਸ ਮੰਤਵ ਲਈ ਅਸੀਂ ਅਰਦਾਸ ਕਰ ਚੁੱਕੇ ਹਾਂ, ਸਿੱਖ ਮਰਿਆਦਾ ਮੁਤਾਬਿਕ ਅਰਦਾਸ ਕਰਨ ਤੋਂ ਬਾਅਦ ਪਿੱਛੇ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਵਿਰੋਧ ਸ਼ਾਂਤੀ ਪੂਰਬਿਕ ਹੋਵੇਗਾ ਅਤੇ ਮੈਂ ਇਸ ਦੀ ਅਗਵਾਈ ਕਰਾਂਗਾ। ਜੇਕਰ ਪ੍ਰਸ਼ਾਸ਼ਨ ਚਾਹੇ ਤਾਂ ਗੋਲ਼ੀ ਮਾਰ ਦੇਵੇ ਜਿੰਨਾ ਚਿਰ ਸਾਡੇ ਸਾਹ ਹੈਨ ਅਸੀਂ ਅਗੇ ਵਧਦੇ ਜਾਵਾਂਗੇ। ਇਹ ਗੱਲ ਸੁਣ ਕੇ ਐੱਸ ਡੀ. ਐੱਮ ਨੇ ਆਪਣਾ ਮਨ ਬਦਲਿਆ ਅਤੇ ਵਿੱਚ-ਵਿਚਾਲੇ ਦਾ ਰਾਹ ਲੱਭਿਆ। ਉਹਨਾਂ ਆਖਿਆ ਕਿ ਅਸੀਂ ਗੁਰਦੁਅਰਾ ਸਾਹਿਬ ਆਪ ਆ ਕੇ ਤੁਹਾਡਾ ਵਿਰੋਧ-ਪੱਤਰ ਲੈ ਲੈਂਦੇ ਹਾਂ। ਸੂਬਿਆਂ ਦੇ ਅਧਿਕਾਰਾਂ ਬਾਰੇ ਕੇਂਦਰ ਦੀ ਨੀਤ ਅਤੇ ਨੀਤੀ ?. ਇਕਬਾਲ ਸਿੰਘ ਜੀ ਜੇਕਰ ਧਰਮ-ਯੁਧ ਮੋਰਚੇ ਬਾਰੇ ਗੱਲ ਨਾ ਕਰਾਂ ਤਾਂ ਮੈਨੂੰ ਲਗਦਾ ਕਿ ਆਪਣੀ ਇਹ ਮੁਲਾਕਾਤ ਅਧੂਰੀ ਰਹੇਗੀ। ਧਰਮ-ਯੁਧ ਮੋਰਚੇ ਨੂੰ ਕੁਝ ਲੋਕ ਗ਼ਲਤ ਮੰਨਦੇ ਹਨ ਅਤੇ ਕੁਝ ਨੇ ਇਸ ਦਾ ਵਿਰੋਧ ਵੀ ਕੀਤਾ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਕੀ ਇਹ ਕੇਵਲ ਸਿੱਖਾਂ ਦਾ ਹੀ ਮਸਲਾ ਸੀ, ਜਿਸ ਕਰਕੇ ਸਿੱਖਾਂ ਨੇ ਹੀ ਇਸ ਨੂੰ ਚੁੱਕਿਆ ਜਾਂ ਫੇਰ…? -ਸਤਨਾਮ ਜੀ, ਇਹ ਸਵਾਲ ਵਾਦ-ਵਿਵਾਦ ਵਾਲਾ ਸਵਾਲ ਬਣ ਗਿਆ ਹੈ ਕਿ ਕੁਝ ਲੋਕ ਇਸ ਦੇ ਹੱਕ ਵਿੱਚ ਕਝੁ ਲੋਕ ਇਸ ਦੇ ਵਿਰੋਧ ਵਿੱਚ ਹਨ/ਸਨ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ। ਅਸਲ ਗੱਲ ਸਮਝਣ ਵਾਲੀ ਇਹ ਹੈ ਕਿ ਸੂਬਿਆਂ ਦੇ ਅਧਿਕਾਰਾਂ ਅਤੇ ਪੰਜਾਬ ਦੇ ਸਾਰੇ ਲੋਕਾਂ ਦੇ ਹਿੱਤਾਂ ਦੀ ਗੱਲ ਸੀ। ਇਸ ਨੂੰ ਜਾਣ-ਬੁੱਝ ਕੇ ਅੱਤਵਾਦੀ ਅਤੇ ਵੱਖਵਾਦੀ ਕਹਿ ਕੇ ਲੋਕਾਂ ਨੂੰ ਗੁਮਰਾਹ ਕੀਤਾ ਗਿਆ। ਜਿਸ ਨਾਲ ਨੁਕਸਾਨ ਏਨਾਂ ਹੋਇਆ ਕਿ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਕਹਿ ਸਕਦੇ ਹਾਂ। ਕੇਂਦਰ ਸਰਕਾਰ ਨੇ ਆਪਣਾ ਪੱਖ ਇਮਾਨਦਾਰੀ ਨਾਲ ਨਹੀਂ ਨਿਭਾਇਆ। ਬਾਕੀ ਜਿਹੜੀ ਗੱਲ ਤੁਸੀਂ ਲੋਕਾਂ ਦੇ ਵਿਰੋਧ ਦੀ ਕਰਦੇ ਹੋ ਉਹ ਇਹ ਕਿ ਬਹੁਤ ਸਾਰੇ ਲੋਕ ਜੋ ਵਿਰੋਧ ਕਰਦੇ ਜਾਂ ਹੱਕ ਵਿੱਚ ਵੀ ਹਨ, ਉਨ੍ਹਾਂ ਨੇ ਅੰਨਦਪੁਰ ਦੇ ਮਤੇ ਨੂੰ ਨਾ ਹੀ ਪੜ੍ਹਨ ਅਤੇ ਨਾ ਹੀ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਬੱਸ ਦੇਖਾ ਦੇਖੀ ਹੀ ਵਿਰੋਧ ਅਤੇ ਹੱਕ ਵਿੱਚ ਡੱਟਣ ਦੀ ਗੱਲ ਹੋ ਗਈ। ਇਸ ਸਵਾਲ ਉਪਰ ਜਿੰਨੀ ਵੀ ਗੱਲ ਕਰ ਲਈਏ ਥੋੜੀ ਹੈ। ਇੱਕ ਗੱਲ ਮੈਂ ਤੁਹਾਨੂੰ ਭਰੋਸੇ ਨਾਲ ਦੱਸ ਸਕਦਾ ਹਾਂ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਕਿਸੇ ਇਤਿਹਾਸਕਾਰ ਨੇ ਇਮਨਦਾਰੀ ਨਾਲ ਇਸ ਸਮੇਂ ਦਾ ਇਤਿਹਾਸ ਲਿਖਿਆ ਤਾਂ ਸਭ ਕੁਝ ਸਾਹਮਣੇ ਆ ਜਾਵੇਗਾ। ਉਹ ਲੋਕ ਇਸ ਗੱਲ ਦਾ ਪਛੋਤਾਵਾ ਜ਼ਰੂਰ ਕਰਨਗੇ ਕਿ ਅਸੀਂ ਉਸ ਸਮੇਂ ਇਸ ਦਾ ਸਮਰਥਨ ਕਰਨ ਦੀ ਵਜਾਏ ਵਿਰੋਧ ਕਿਉਂ ਕੀਤਾ। ਜੇਕਰ ਪੰਜਾਬ ਦੇ ਲੋਕ ਉਸ ਸਮੇਂ ਇਕੱਠੇ ਰਹਿ ਕੇ ਇਸ ਮਸਲੇ ਤੇ ਇਮਾਨਦਾਰੀ ਨਾਲ ਆਪਣਾ ਯੋਗਦਾਨ ਪਾਉਦੇ, ਕੇਂਦਰ ਸਰਕਾਰ ਇਮਾਨਦਾਰੀ ਨਾਲ ਇਸ ਮਸਲੇ ਨੂੰ ਲੈਂਦੀ ਤਾਂ ਇਤਿਹਾਸ ਹੋਰ ਹੋਣਾ ਸੀ। ਜੋ ਮਾਲੀ ਅਤੇ ਜਾਨੀ ਨੁਕਸਾਨ ਹੋਇਆ ਉਹ ਨਹੀਂ ਸੀ ਹੋਣਾ। ਇਸ ਨਾਲ ਪੰਜਾਬ ਪੰਜਾਹ ਸਾਲ ਪਿੱਛੇ ਪੈ ਗਿਆ ਹੈ। ਸਾਨੂੰ ਮੁੜ ਪੈਰਾਂ ਤੇ ਖੜ੍ਹਨ ਲਈ ਸਮਾਂ ਲੱਗੇਗਾ। ਢਾਅ ਜੀ, ਦੁੱਖਾਂਤ ਹੀ ਇਹ ਹੈ ਕਿ ਸਾਡੇ ਲੋਕ ਅਜੇ ਤੱਕ ਆਪਣੇ ਹੱਕਾਂ ਪ੍ਰਤੀ ਸਿੱਖਿਅਤ ਨਹੀਂ ਹੋ ਸਕੇ। ਬਸ ਦੇਖਾ-ਦੇਖੀ ਜਾਂ ਸੁਣਤੋ-ਸੁਣਤੀ ਹੀ ਹੱਕ ਵਿਚ ਜਾਂ ਵਿਰੋਧ ਵਿੱਚ ਖੜ੍ਹ ਜਾਂਦੇ ਹਨ। ਇਹ ਰੁਝਾਨ ਬਹੁਤ ਹੀ ਨੁਕਸਾਨ ਵਾਲਾ ਹੈ। ਹਰ ਸ਼ਹਿਰੀ ਨੂੰ ਇਹੋ ਜਿਹੇ ਮਸਲਿਆਂ ਬਾਰੇ ਡੂੰਘਾ ਗਿਆਨ ਹੋਣਾ ਬਹੁਤ ਹੀ ਜ਼ਰੂਰੀ ਹੈ ਫੇਰ ਹੀ ਉਸ ਮਸਲੇ ਦੇ ਹੱਕ ਵਿੱਚ ਜਾਂ ਵਿਰੋਧ ਵਿੱਚ ਕੋਈ ਫ਼ੈਸਲਾ ਲੈਣਾ ਚਾਹੀਦਾ ਹੈ। ਨਸ਼ਾ ਛੱਡਣ ਦਾ ਗੁਰ-ਮੰਤਰ ?. ਇਕਬਾਲ ਸਿੰਘ ਜੀ ਇੱਕ ਹੋਰ ਗੱਲ ਮੈਂ ਤੁਹਾਡੇ ਡਾਕਟਰੀ ਤਜਰਬੇ ਦੀ ਜ਼ਰੂਰ ਪੁੱਛਣੀ ਚਾਹਾਂਗਾ। ਤੁਸੀਂ ਨਸ਼ਾ ਛਡਾਊ ਕੇਂਦਰ ਵਿੱਚ ਵੀ ਲੰਮਾ ਸਮਾਂ ਕੰਮ ਕੀਤਾ ਹੈ। ਸਵਾਲ ਇਹ ਹੈ ਕਿ ਦੇਖਿਆ ਗਿਆ ਹੈ ਕਿ ਕਈ ਲੋਕ ਜੋ ਨਸ਼ਾਂ ਕਰਦੇ ਹਨ, ਉਹ ਨਸ਼ਾ ਛੱਡ ਵੀ ਦਿੰਦੇ ਹਨ ਪਰ ਉਹ ਕੁਝ ਦੇਰ ਬਾਅਦ ਫੇਰ ਨਸ਼ਿਆਂ ਤੇ ਲੱਗ ਜਾਂਦੇ ਦੇਖੇ ਹਨ। ਤੁਸੀਂ ਇਹਦਾ ਕੀ ਕਾਰਨ ਸਮਝਦੇ ਹੋ? -ਸਤਨਾਮ ਜੀ, ਤੁਹਾਡਾ ਇਹ ਸਵਾਲ ਬਹੁਤ ਹੀ ਮਹੱਤਵਪੂਰਨ ਸਵਾਲ ਹੈ। ਇਹ ਗੱਲ ਸਿਰਫ਼ ਇੰਡੀਆ ਦੀ ਹੀ ਨਹੀਂ ਇਹ ਸਵਾਲ ਜਿੱਥੇ ਵੀ ਕੋਈ ਨਸ਼ੇ ਕਰਦਾ ਉੱਥੇ ਹੀ ਲਾਗੂ ਹੁੰਦੀ ਹੈ। ਭਾਵੇਂ ਕੋਈ ਕੈਨੇਡਾ, ਅਮਰੀਕਾ ਹੈ ਭਾਵੇਂ ਕੋਈ ਇੰਡੀਆ ਵਿੱਚ ਹੈ। ਇਹ ਇੱਕ ਮਨੋਵਿਗਿਆਨਕ ਤੱਤ ਹੈ। ਹਰ ਉਹ ਵਿਅਕਤੀ ਜੋ ਨਸ਼ਿਆਂ ਦੀ ਮਾੜੀ ਆਦਤ ਦਾ ਸ਼ਿਕਾਰ ਹੋ ਚੁੱਕਾ ਹੈ ਜਿੱਥੇ ਉਹਦੇ ਡਾਕਟਰੀ ਇਲਾਜ ਦੀ ਜ਼ਰੂਰਤ ਹੈ ਉੱਥੇ ਉਸ ਵਿਅਕਤੀ ਨੂੰ ਉਸ ਦੇ ਆਲੇ ਦੁਆਲੇ ਦੇ ਲੋਕ, ਮਿੱਤਰ ਦੋਸਤ ਅਤੇ ਰਿਸ਼ਤੇਦਾਰਾਂ ਵੱਲੋਂ ਪਿਆਰ ਤੇ ਹੌਂਸਲਾ ਅਫ਼ਜਾਈ ਦੀ ਬਹੁਤ ਲੋੜ ਹੁੰਦੀ ਹੈ। ਉਸ ਵਿਅਕਤੀ ਨਾਲ ਨਫ਼ਰਤ ਨਾ ਕੀਤੀ ਜਾਵੇ ਤੇ ਨਾ ਹੀ ਉਸ ਨੂੰ ਇਹ ਕਹਿ ਕੇ ਖਿਝਾਇਆ ਜਾਵੇ ਕਿ ਇਹ ਨਹੀਂ ਨਸ਼ਾ ਛੱਡ ਸਕਦਾ। ਜਦੋਂ ਉਹ ਆਲੇ ਦੁਆਲੇ ਤੋਂ ਪੌਜ਼ਿਟਿਵ ਵਿਚਾਰ ਨਹੀਂ ਸੁਣਦਾ ਤਾਂ ਉਹਦਾ ਮਨ ਹਮੇਸ਼ਾਂ ਹੀ ਫੇਰ ਨਸ਼ਾ ਕਰਕੇ ਹੀ ਤੱਸਲੀ ਕਰੇਗਾ। ਕਿਉਂਕਿ ਕਈ ਵਾਰੀ ਅਸੀਂ ਨਸ਼ਾ ਛੱਡਣ ਵਾਲੇ ‘ਤੇ ਵਿਸ਼ਵਾਸ਼ ਨਹੀਂ ਕਰਦੇ ਤੇ ਆਮ ਕਰਕੇ ਇਹ ਗੱਲ ਸਹਿਜ-ਸੁਭਾਅ ਹੀ ਕਹਿ ਦਿੰਦੇ ਹਾਂ ਕਿ ਇਹਨੇ ਕਿੱਥੇ ਨਸ਼ਾ ਛੱਡਣਾ। ਇਸੇ ਕਾਰਨ ਹੀ ਬਹੁਤ ਸਾਰੇ ਲੋਕ ਨਸ਼ਾ ਛੱਡ ਕੇ ਫੇਰ ਨਸ਼ਿਆਂ ਤੇ ਲੱਗੇ ਦੇਖੇ ਗਏ ਹਨ। ਆਲ਼ੇ ਦੁਆਲ਼ੇ ਵੱਲੋਂ ਪ੍ਰੇਰਨਾ ਦੀ ਘਾਟ ਕਰਕੇ ਹੀ ਉਹ ਮਾਨਸਿਕ ਤੌਰ ਤੇ ਟੁੱਟ ਜਾਂਦਾ ਹੈ। ਦੂਸਰਾ ਨਸ਼ਾ ਮਿਲਣ ਦੀ ਸਹੂਲਤ ਵੀ ਨਸ਼ੀਈਆਂ ਨੂੰ ਮੁੜ ਨਸ਼ਿਆਂ ਵੱਲ੍ਹ ਆਉਣ ਲਈ ਪ੍ਰੇਰਦੀ ਹੈ। ਜੇਕਰ ਨਸ਼ਿਆਂ ਦੀ ਉਪਲਭਦੀ ਸੌਖੀ ਨਾ ਹੋਵੇ ਤਦ ਵੀ ਨਸ਼ਈ ਜਿਗਰੇ ਨਾਲ ਨਸ਼ੇ ਨੂੰ ਮਨੋ ਤਿਆਗ ਦਿੰਦਾ ਹੈ। ਨਸ਼ੇ ਦੀ ਸੌਖੀ ਉਪਲਭਦੀ ਵੀ ਨਸ਼ਾ ਛੱਡਣ ਲਈ ਰੁਕਾਵਟ ਬਣਦਾ ਹੈ। ਅਸਲ ਗੱਲ ਤਾਂ ਸਾਡੀ ਪ੍ਰੇਰਨਾ ਹੀ ਹੈ। ਪਰਿਵਾਰਕ ਸਹਿਯੋਗ ?. ਸ਼੍ਰ. ਇਕਬਾਲ ਸਿੰਘ ਜੀ ਤੁਸੀਂ ਤਾਂ ਸਾਰੀ ਜ਼ਿੰਦਗੀ ਲੋਕ-ਸੇਵਾ ਵਿੱਚ ਹੀ ਲਾ ਦਿੱਤੀ ਤੁਸੀਂ ਆਪਣੇ ਨਿੱਜੀ ਪਰਿਵਾਰ ਬਾਰੇ ਵੀ ਕੁੱਝ ਦੱਸੋ। ਲੋਕ ਸੇਵਾ ਲਈ ਪਰਿਵਾਰਕ ਸਹਿਯੋਗ ਬੜਾ ਜ਼ਰੂਰੀ ਹੈ। ਤੁਹਾਡੀ ਸੁਪਤਨੀ ਅਤੇ ਬੱਚਿਆਂ ਵੱਲੋਂ ਕਿੰਨਾ ਕੁ ਸਹਿਯੋਗ ਮਿਲਿਆ ਉਨ੍ਹਾਂ ਨੇ ਤੁਹਾਡੇ ਨਾਲ ਤੁਰ ਕੇ ਆਪਣੇ ਆਪ ਨੂੰ ਕਿੰਨਾ ਕੁ ਦੁੱਖੀ ਸੁੱਖੀ ਮਹਿਸੂਸ ਕੀਤਾ? -ਸਤਨਾਮ ਸਿੰਘ ਜੀ, ਤੁਸੀਂ ਜਾਣਦੇ ਹੋ ਕਿ ਜ਼ਿੰਦਗੀ ਦੇ ਕਿਸੇ ਵੀ ਖ਼ੇਤਰ ਵਿੱਚ ਪਰਿਵਾਰਕ ਸਹਿਯੋਗ ਬਹੁਤ ਹੀ ਜ਼ਰੂਰੀ ਹੈ। ਇਸ ਤੋਂ ਬਿਨਾਂ ਕੋਈ ਵੀ ਕੰਮ ਕਰਨਾ ਬਹੁਤ ਮੁਸ਼ਕਲ ਹੁੰਦਾ। ਮੇਰੇ ਕੰਮ ਤਾਂ ਕੁਦਰਤੀ ਤੌਰ ਤੇ ਇਹੋ ਜਿਹੇ ਰਹੇ ਹਨ ਕਿ ਇਹੋ ਜਿਹੇ ਹਾਲਾਤਾਂ ਵਿੱਚ ਮੈਨੂੰ ਪਰਿਵਾਰਕ ਸਹਿਯੋਗ ਨਾ ਹੰਦਾ ਤਾਂ ਮੈਂ ਆਪਣੇ ਮਿਸ਼ਨ ਤੋਂ ਕਦੋਂ ਦਾ ਥਿੜਕ ਗਿਆ ਹੁੰਦਾ। ਪਹਿਲਾਂ ਤਾਂ ਮੇਰੀ ਧਰਮ ਪਤਨੀ ਨੇ ਮੇਰੇ ਮੋਢੇ ਨਾਲ ਮੋਢਾ ਲਾ ਕੇ ਪੂਰਾ ਸਾਥ ਦਿੱਤਾ। ਮੇਰੇ ਹਰ ਦੁੱਖ ਸੁੱਖ ਨਾਲ ਨਿਭੀ। ਦੂਜਾ ਮੇਰੇ ਤਿੰਨ ਲੜਕੇ ਹਨ। ਜਿਹੋ ਜਿਹੀ ਪਾਲਣ ਪੋਸ਼ਨ ਜਾਂ ਵਿੱਦਿਆ ਮੈਂ ਉਨ੍ਹਾਂ ਨੂੰ ਦੇ ਦੁਆ ਸਕਦਾ ਸੀ, ਉਹ ਨਹੀਂ ਦੇ ਦੁਆ ਸਕਿਆ। ਪਰ ਫੇਰ ਵੀ ਮੈਂ ਆਪਣੀ ਜ਼ਮੀਨ ਵੇਚ ਕੇ ਬੱਚਿਆਂ ਨੂੰ ਵਿੱਦਿਆ ਦੇਣ ਵਿੱਚ ਕਾਮਯਾਬ ਰਿਹਾ ਹਾਂ। ਇੱਕ ਨੂੰ ਡੈਂਟਲ ਸਰਜਨ ਤੇ ਦੂਜੇ ਦੋਹਾਂ ਨੂੰ ਇੰਜੀਨੀਅਰਿੰਗ ਦੀ ਵਿੱਦਿਆ ਦੁਆਈ ਹੈ। ਪਰ ਮੇਰੇ ਬੱਚਿਆਂ ਨੇ ਇਸ ਗੱਲ ਦਾ ਕਦੇ ਗਿਲਾ ਨਹੀਂ ਕੀਤਾ। ਉਹ ਇਹ ਸਮਝਕੇ ਕਿ ਸਾਡੇ ਪਿਤਾ ਜੀ ਨੇ ਹਜ਼ਾਰਾਂ ਉਨ੍ਹਾਂ ਬੱਚਿਆਂ ਲਈ ਐਜੂਕੇਸ਼ਨ ਦਾ ਇੰਤਜ਼ਾਮ ਕੀਤਾ, ਜਿਨ੍ਹਾਂ ਬੱਚਿਆਂ ਨੂੰ ਕਦੇ ਵਿੱਦਿਆ ਮਿਲ ਹੀ ਨਹੀਂ ਸੀ ਸਕਦੀ। ਭਾਵੇਂ ਮੇਰੇ ਕੰਮਾਂ ਨਾਲ ਮੇਰੇ ਪਰਿਵਾਰ ਨੂੰ ਬਹੁਤ ਸਾਰੇ ਦੁੱਖ ਮੇਰੇ ਨਾਲ ਝੱਲਣੇ ਪਏ ਪਰ ਉਨ੍ਹਾਂ ਨੇ ਕਦੇ ਕੋਈ ਪਛਤਾਵਾ ਕਰਨ ਦੀ ਥਾਂ ਮੈਨੂੰ ਨੇਕ ਨੀਤੀ, ਸਰਬੱਤ ਦੇ ਭਲੇ ਵਾਲੇ ਰਾਹ ਤੇ ਡੱਟੇ ਰਹਿਣ ਲਈ ਹੌਸਲਾ ਅਫ਼ਜਾਈ ਕੀਤੀ। ਸੋ ਮੈਨੂੰ ਇਸ ਗੱਲ ਦਾ ਮਾਣ ਹੈ। ? ਪੰਨੂੰ ਜੀ ਤੁਸੀਂ ਬਹੁਤ ਵੱਡਾ ੳਪਰਾਲਾ ਕੀਤਾ ਜਿਸ ਨਾਲ ਜਿਹੜੇ ਬੱਚੇ ਵਿੱਦਿਆ ਪ੍ਰਪਤੀ ਤੋਂ ਬਾਂਝੇ ਰਹਿ ਜਾਣੇ ਸੀ, ਉਨ੍ਹਾਂ ਨੂੰ ਵਿੱਦਿਆ ਪ੍ਰਾਪਤੀ ਦਾ ਮੌਕਾ ਮਿਲ਼ਿਆ ਦੂਜਾ ਬੱਚੇ ਮਾੜੀ ਸੰਗਤ ਵਿੱਚ ਜਾਣ ਤੋਂ ਬਚੇ, ਖੇਡਾਂ ਵਿੱਚ ਆਪਣਾ, ਆਪਣੇ ਮਾਤਾ ਪਿਤਾ ਅਤੇ ਦੇਸ਼ ਦਾ ਨਾਂ ਉੱਘਾ ਕੀਤਾ। ਅੱਛਾ ਹੁਣ ਦੱਸੋ ਕਿ ਅਗੇ ਹੋਰ ਕੀ ਪ੍ਰੋਗਰਾਮ ਉਲੀਕਿਆ… ? -ਢਾਅ ਜੀ! ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਅਜੇ ਬਹੁਤ ਸਾਰੇ ਕਾਰਜ ਕਰਨੇ ਵਾਲੇ ਹਨ।ਆਉਣ ਵਾਲ਼ੇ ਸਮੇਂ ਵਿੱਚ ਸਾਡਾ ਨਿਸ਼ਾਨਾ ਹੈ ਕਿ ਸਕੂਲ ਵਿੱਚ ਲੜਕੀਆਂ ਦਾ ਹੋਸਟਲ ਬਣਾਉਣਾ ਚਾਹੰਦੇ ਹਾਂ ਕਿਉਂਕਿ ਦੂਰ ਦੁਰਾਡੇ ਪਿੰਡਾਂ ਵਾਲੇ ਲੜਕੀਆਂ ਨੂੰ ਹਰ ਰੋਜ਼ ਸ਼ਹਿਰਾਂ ਵਿੱਚ ਪੜ੍ਹਨ ਲਈ ਭੇਜਣ ਤੋਂ ਅਸਮਰੱਥ ਹਨ। ਇੱਕ ਹੈ ਕਿ ਟੈਕਨੀਕਲ ਐਜੂਕੇਸ਼ਨ ਚਾਲੂ ਕੀਤੀ ਜਾਵੇ ਤਾਂ ਕਿ ਸਾਡੇ ਬੱਚੇ ਨਵੇਂ ਯੁੱਗ ਦੇ ਹਾਣੀ ਬਣ ਇਸ ਵਿੱਚ ਆਪਣੇ ਆਪ ਨੂੰ ਸੈੱਟ ਕਰ ਸਕਣ। ਪ੍ਰਮਾਤਮਾ ਦੀ ਕ੍ਰਿਪਾ ਨਾਲ ਅੱਜ ਤੱਕ ਇਹ ਸਕੂਲ ਬਹੁਤ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ। ?. ਡਾਕਟਰ ਸਾਹਿਬ ਕੋਈ ਸੁਨੇਹਾ, ਪੰਜਾਬੀਆਂ ਲਈ? ਨਾਲ ਹੀ ਮੰਡੀ ਡੱਬਵਾਲੀ ਜ਼ਿਲ੍ਹਾ ਸਿਰਸਾ, ਹਰਿਆਣਾ ਦਾ ਕੋਈ ਫ਼ੋਨ ਨੰਬਰ ਜਿੱਥੇ ਕੋਈ ਵਿਆਕਤੀ ਇਸ ਪ੍ਰੌਜੈਕਟ ਬਾਰੇ ਹੋਰ ਜਾਣਕਾਰੀ ਲੈਣੀ ਚਾਹੇ ਜਾਂ ਮੱਦਦ ਕਰਨ ਲਈ ਸੰਪਰਕ ਕਰਨਾ ਹੋਵੇ ਤਾਂ ਕਿੱਥੇ ਤੇ ਕਿਵੇਂ ਕਰ ਸਕਦੇ ਹਨ? -ਸੁਨੇਹਾ ਤਾਂ ਜੀ ਇਹੋ ਹੀ ਹੈ ਕਿ ਮੈਂ ਇੱਥੇ ਆ ਕੇ ਵੇਖਿਆ ਕਿ ਪ੍ਰਦੇਸੀ ਵੀਰ ਭੈਣ ਇੱਥੇ ਬਹੁਤ ਮਿਹਨਤ ਨਾਲ ਪੈਸਾ ਕਮਾਉਂਦੇ ਹਨ ਤੇ ਇਹਨਾਂ ਨੂੰ ਵਰਤਣਾ ਵੀ ਬਹੁਤ ਸੋਚ ਸਮਝ ਕੇ ਚਾਹੀਦਾ। ਫ਼ਜ਼ੂਲ ਖ਼ਰਚਿਆਂ ਨੂੰ ਘੱਟ ਕਰਕੇ ਪੈਸੇ ਦੀ ਵਰਤੋਂ ਸਹੀ ਢੰਗ ਨਾਲ ਕੀਤੀ ਜਾਵੇ। ਝੂਠੇ ਲੋਕ-ਵਿਖਾਵੇ ਨੂੰ ਛੱਡ ਕੇ ਉਹੀ ਪੈਸਾ ਵਿੱਦਿਆ, ਸਿਹਤ ਤੇ ਲੋਕ-ਭਲਾਈ ਦੇ ਕੰਮਾਂ ਵਿੱਚ ਵਰਤਿਆ ਜਾਵੇ ਤਾਂ ਮਨ ਨੂੰ ਜ਼ਿਆਦਾ ਤਸੱਲੀ ਮਿਲ਼ ਸਕਦੀ ਹੈ। ਪਿਛਲੇ ਸਮੇਂ ਵਿੱਚ ਦੇਖਣ ਵਿੱਚ ਆਇਆ ਹੈ ਕਿ ਐੱਨ. ਆਰ. ਆਈਜ਼. ਵੀਰਾਂ ਵੱਲੋਂ ਪੰਜਾਬ ਵਿੱਚ ਬਹੁਤ ਸਾਰੇ ਪੇਂਡੂ ਇਲਾਕਿਆਂ ਵਿੱਚ ਕਰੋੜਾਂ ਰੁਪਏ ਇਕੱਲੀ ਕਬੱਡੀ ਵਰਗੀ ਖੇਡ ਤੇ ਹੀ ਖ਼ਰਚੇ ਜਾ ਰਹੇ ਹਨ। ਜੇਕਰ ਇਹੋ ਪੈਸਾ ਵੰਡ ਕੇ ਬਾਕੀ ਖੇਡਾਂ ਤੇ ਵੀ ਖ਼ਰਚਿਆ ਜਾਵੇ ਤਾਂ ਮੇਰੇ ਖ਼ਿਆਲ ਨਾਲ ਵਧੀਆ ਹੋਵੇਗਾ। ਦੂਜੇ ਪਾਸੇ ਕੁਝ ਸੱਜਨਾਂ ਵੱਲੋਂ ਹੌਸਪੀਟਲਾਂ ਦੇ ਨਾਲ਼ ਨਾਲ਼ ਸਕੂਲਾਂ ਕਾਲਜਾਂ ਦੇ ਬਣਾਉਣ ਦੇ ਕੰਮਾਂ ਵੱਲ਼ ਵੀ ਵੱਧ ਚੜ੍ਹ ਕੇ ਹਿੱਸਾ ਪਾਇਆ ਹੈ ਤੇ ਪਾ ਰਹੇ ਹਨ। ਜੇਕਰ ਇਹ ਕਿਹਾ ਜਾਵੇ ਕਿ ਇਨ੍ਹਾਂ ਦੇ ਸਹਿਯੋਗ ਬਿਨਾਂ ਇਹੋ ਜਿਹੇ ਕੰਮ ਸਿਰੇ ਨਹੀਂ ਲੱਗ ਸਕਦੇ ਤਾਂ ਕੋਈ ਅੱਤਕਥਨੀ ਨਹੀਂ ਹੋਵੇਗੀ। ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਵੀ ਕਿਹਾ ਹੈ: ॥ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀਨੇ॥ ਜੇਕਰ ਕੋਈ ਇਨਸਾਨ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋਂ ਦਾਨ ਕਰਨਾ ਚਾਹੇ ਤਾਂ ਉਸ ਨੂੰ ਗੁਰਬਾਣੀ ਦੀ ਇਹ ਤੁਕ ਵੀ ਜ਼ਰੂਰ ਯਾਦ ਰੱਖਣੀ ਚਾਹੀਦੀ ਹੈ : ॥ਅਕਲੀਂ ਸਾਹਿਬ ਸੇਵੀਐ ਅਕਲੀਂ ਪਾਈਏ ਮਾਣ॥ ਸਤਨਾਮ ਸਿੰਘ ਜੀ, ਬਾਕੀ ਜੋ ਤੁਸੀਂ ਸੰਪਰਕ ਕਰਨ ਦੀ ਗੱਲ ਕੀਤੀ ਹੈ ਉਹ ਹੈ ਕਿ ਸ੍ਰ. ਰਾਮ ਸਿੰਘ ਖ਼ਾਲਸਾ ਸਕੂਲ ਮੰਡੀ ਡੱਬਵਾਲੀ ਦੇ ਪ੍ਰਿੰਸੀਪਲ ਹਨ, ਉਨ੍ਹਾਂ ਨਾਲ 011912-1668-226-791 ਤੇ ਸੰਪਰਕ ਕੀਤਾ ਜਾ ਸਕਦਾ ਹੈ। ਜਾਂ ਮੇਰੇ ਨਾਲ ਵੀ 01191-9814077603 ਜਾਂ 01191-9417214703 ਸੰਪਰਕ ਕੀਤਾ ਜਾ ਸਕਦਾ ਹੈ। ਸਤਨਾਮ ਸਿੰਘ ਢਾਅ: ਡਾ. ਪੰਨੂ ਜੀ, ਇਸ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਅਪਣੇ ਜੀਵਨ ਦੀਆਂ ਹਕੀਕਤਾਂ ਤੇ ਕੌਮੀਂ ਦਰਦ ਦੀਆਂ ਗੱਲਾਂਬਾਤਾਂ ਦੀ ਸਾਂਝ ਪਾਉਣ ਲਈ ਬਹੁਤ ਧੰਨਵਾਦੀ ਹਾਂ। ਲੋਕ-ਹਿਤਾਂ ਲਈ ਕੀਤੇ ਕਾਰਜਾਂ ਲਈ ਸਾਨੂੰ ਤੁਹਾਡੇ ਤੇ ਮਾਣ ਹੈ। ਅਰਦਾਸ ਕਰਦੇ ਹਾਂ ਪ੍ਰਮਾਤਮਾਂ ਚੰਗੀ ਸਿਹਤ, ਹੋਰ ਉੱਦਮ ਤੇ ਬੱਲ ਦੇਵੇ ਤਾਂ ਕਿ ਇਹੋ ਜਿਹੇ ਨੇਕ ਕੰਮਾਂ ਨਾਲ ਮਨੁੱਖਤਾ ਦੀ ਸੇਵਾ ਹੋਰ ਵੀ ਵਧ ਚੜ੍ਹ ਕੇ ਕਰ ਸਕੋਂ। |
*** (ਪਹਿਲੀ ਵਾਰ ਛਪਿਆ 25 ਸਤੰਬਰ 2021) *** 390 *** |
ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)
ਪਤਾ:
Satnam Singh Dhah
303 ASPEN RIDGE PL SW
Calgary, AB T3 H 1T2
Canada
Ph.403-285-6091
e-mailsatnam.dhah@gmail.com