10 October 2024

ਮੈਂ ਫਿਰ ਆਵਾਂਗੀ—ਗੁਰਸ਼ਰਨ ਸਿੰਘ ਕੁਮਾਰ

ਪ੍ਰੀਤੀ ਨਰਸਿੰਗ ਹੋਮ ਦੇ ਇਕ ਪ੍ਰਾਈਵੇਟ ਕਮਰੇ ਵਿਚ ਆਪਣੇ ਬੈਡ ’ਤੇ ਪਈ ਸੀ। ਹੁਣੇ ਹੁਣੇ ਉਹ ਇਕ ਬੱਚੇ ਨੂੰ ਜਨਮ ਦੇ ਕੇ ਹਟੀ ਸੀ ਪਰ ਉਹ ਬੇਹੋਸ਼ ਸੀ। ਉਸ ਨੂੰ ਇਹ ਵੀ ਨਹੀਂ ਸੀ ਪਤਾ ਕਿ ਉਸ ਨੇ ਲੜਕੇ ਨੂੰ ਜਨਮ ਦਿੱਤਾ ਸੀ ਜਾਂ ਲੜਕੀ ਨੂੰ। ਉਸ ਦਾ ਪਤੀ ਪਾਲ ਉਸ ਦੇ ਕੋਲ ਖੜ੍ਹਾ ਸੀ। ਡਾਕਟਰ ਪ੍ਰੀਤੀ ਦਾ ਖ਼ੂਨ ਦਾ ਦੌਰਾ ਅਤੇ ਨਬਜ਼ ਚੈਕ ਕਰ ਰਹੀ ਸੀ। ਉਸ ਨੇ ਪਾਲ ਨੂੰ ਕਿਹਾ ਕਿ ਫਿ਼ਕਰ ਦੀ ਕੋਈ ਗੱਲ ਨਹੀਂ, ਅੱਧੇ ਘੰਟੇ ਤੱਕ ਇਸ ਨੂੰ ਹੋਸ਼ ਆ ਜਾਵੇਗੀ। ਬੱਚੀ ਨੂੰ ਹਾਲੀ ਦੂਸਰੇ ਡਾਕਟਰ ਚੈਕ ਕਰ ਰਹੇ ਹਨ, ਥੋਹੜੀ ਦੇਰ ਤੱਕ ਤੁਹਾਨੂੰ ਸੋਂਪ ਦਿਆਂਗੇ। ਬੇਹੋਸ਼ੀ ਵਿਚ ਹੀ ਪ੍ਰੀਤੀ ਦੇ ਚਿਹਰੇ ’ਤੇ ਇਕ ਰੰਗ ਆ ਰਿਹਾ ਸੀ ਅਤੇ ਇਕ ਰੰਗ ਜਾ ਰਿਹਾ ਸੀ। ਕਈ ਵਾਰੀ ਉਸ ਦਾ ਚਿਹਰਾ ਗੁਲਾਬੀ ਭਾਅ ਲੈ ਕੇ ਚਮਕ ਉੱਠਦਾ। ਉਹ ਮੁਸਕਰਾ ਉੱਠਦੀ। ਉਸ ਦੀਆਂ ਗੋਰੀਆਂ ਗੱਲ੍ਹਾਂ ਦਾ ਖੱਡਾ ਹੋਰ ਵੀ ਡੂੰਗਾ ਹੋ ਜਾਂਦਾ ਅਤੇ ਬਹੁਤ ਪਿਆਰਾ ਲੱਗਦਾ। ਦੂਜੇ ਹੀ ਪਲ ਉਸ ਦੇ ਮੱਥੇ ’ਤੇ ਇਕ ਦਮ ਤਿਊੜੀਆਂ ਪੈ ਜਾਂਦੀਆਂ ਅਤੇ ਗੁੱਸੇ ਵਿਚ ਚਿਹਰਾ ਲਾਲ ਹੋ ਜਾਂਦਾ। ਬੁੱਲ ਫਰਕਣ ਲੱਗ ਜਾਂਦੇ ਜਿਵੇਂ ਕਿਸੇ ਨਾਲ ਲੜ ਰਹੀ ਹੋਵੇ। ਪਾਲ ਇਹ ਸਭ ਕੁਝ ਬੜੇ ਗੌਰ ਨਾਲ ਦੇਖ ਰਿਹਾ ਸੀ ਪਰ ਉਸ ਦੀ ਸਮਝ ਵਿਚ ਕੁਝ ਨਹੀਂ ਸੀ ਆ ਰਿਹਾ।

ਥੋਹੜੀ ਦੇਰ ਬਾਅਦ ਪ੍ਰੀਤੀ ਨੂੰ ਕੁਝ ਹੋਸ਼ ਆਈ। ਉਸ ਨੇ ਅੱਖਾਂ ਪੁੱਟ ਕੇ ਪਾਲ ਵੱਲ ਦੇਖਿਆ। ਪਾਲ ਨੇ ਪ੍ਰੀਤੀ ਵੱਲ ਦੇਖਿਆ। ਉਸ ਨੂੰ ਲੱਗਿਆ ਜਿਵੇਂ ਪ੍ਰੀਤੀ ਕੁਝ ਕਹਿਣਾ ਚਾਹ ਰਹੀ ਸੀ। ਪ੍ਰੀਤੀ ਨੇ ਪਾਲ ਦੀ ਪਿੱਠ ਤੇ ਹੱਥ ਰੱਖ ਕੇ ਉਸ ਨੂੰ ਦਬਾ ਕੇ ਆਪਣੇ ਸੀਨੇ ਨਾਲ ਲਾ ਲਿਆ ਅਤੇ ਪੁੱਛਿਆ, “ਤੁਸੀਂ ਠੀਕ ਹੋ?”

“ਮੈਨੂੰ ਕੀ ਹੋਣਾ ਹੈ? ਤੁੰ ਦੱਸ ਤੂੰ ਠੀਕ ਹੈਂ?” ਪਾਲ ਨੇ ਚਿਹਰੇ ’ਤੇ ਮੁਸਕਾਨ ਬਿਖੇਰਦੇ ਹੋਏ ਪੁੱਛਿਆ।

“ਮੈਂ ਠੀਕ ਹਾਂ…… ਕੀ ਹੋਇਆ ਹੈ?”

“ਤੂੰ ਬੁੱਝ।”

“ਨਹੀਂ ਤੁਸੀਂ ਦੱਸੋ ਨਾ?” ਪ੍ਰੀਤੀ ਨੇ ਬੱਚਿਆਂ ਦੀ ਤਰ੍ਹਾਂ ਜਿ਼ੱਦ ਕੀਤੀ। ਇੰਨੇ ਵਿਚ ਨਰਸ ਨੇ ਆ ਕੇ ਤੌਲੀਏ ਵਿਚ ਲਪੇਟੀ ਹੋਈ ਬੱਚੀ ਨੂੰ ਪ੍ਰੀਤੀ ਦੀ ਗੋਦ ਵਿਚ ਰੱਖ ਦਿੱਤਾ ਤੇ ਕਿਹਾ, “ਵਧਾਈ ਹੋਵੇ, ਲੱਛਮੀ ਆਈ ਹੈ।”

ਪ੍ਰੀਤੀ ਨੇ ਬੱਚੀ ਦੇ ਚਿਹਰੇ ਤੋਂ ਤੌਲੀਆ ਪਰੇ ਕੀਤਾ ਅਤੇ ਇਕ ਦਮ ਚੀਕ ਮਾਰੀ, “ਤੂੰ ਫਿਰ ਆ ਗਈ?……ਇਹ ਤਾਂ ਉਹ ਹੀ ਹੈ……..ਦੂਰ ਕਰੋ ਇਸ ਨੂੰ…..ਇਹ ਮੈਨੂੰ ਖਾ ਜਾਵੇਗੀ।” ਨਾਲ ਹੀ ਉਸ ਨੇ ਬੱਚੀ ਨੂੰ ਬੈਡ ਤੇ ਪਟਕ ਦਿੱਤਾ।

ਫਿਰ ਚਿੱਲਾਈ, “ਮੈਂ ਇਸ ਨੂੰ ਮਾਰ ਛੱਡਾਂਗੀ ਜਿਵੇਂ ਪਹਿਲਾਂ ਮਾਰਿਆ ਸੀ…….ਇਹ ਮੇਰੇ ਮੱਥੇ ਦਾ ਕਲੰਕ ਹੈ।”

ਇੰਨਾ ਕਹਿ ਕੇ ਪ੍ਰੀਤੀ ਬੇਹੋਸ਼ ਹੋ ਕੇ ਇਕ ਪਾਸੇ ਨੂੰ ਲੁੜਕ ਗਈ। ਸਾਰੇ ਪ੍ਰੀਤੀ ਦੀ ਇਸ ਹਰਕਤ ਤੋਂ ਹੈਰਾਨ ਸਨ। ਨਰਸ ਨੇ ਇਕ ਦਮ ਬੱਚੀ ਨੂੰ ਚੁੱਕਿਆ ਅਤੇ ਡਾਕਟਰ ਕੋਲ ਲੈ ਗਈ ਕਿ ਕਿਧਰੇ ਬੱਚੀ ਨੂੰ ਕੋਈ ਨੁਕਸਾਨ ਤਾਂ ਨਹੀਂ ਪਹੁੰਚਿਆ।

ਪਾਲ ਇਸ ਘਟਨਾ ਤੋਂ ਬਹੁਤ ਪ੍ਰੇਸ਼ਾਨ ਸੀ। ਉਸ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ। ਉਹ ਪਹਿਲੀ ਵਾਰੀ ਬਾਪ ਬਣਿਆ ਸੀ ਉਸ ਵਿਚ ਬਾਪ ਬਨਣ ਦਾ ਅਤੇ ਪੂਰਨ ਮਰਦ ਹੋਣ ਦਾ ਚਾਅ ਸੀ। ਇਸ ਘਟਨਾ ਨਾਲ ਉਸ ਦੇ ਸਾਰੇ ਚਾਅ ਅੰਦਰ ਹੀ ਅੰਦਰ ਮਧੋਲੇ ਗਏ ਸਨ।

ਉਸ ਦਿਨ ਤੋਂ ਬਾਅਦ ਜਦ ਵੀ ਪ੍ਰੀਤੀ ਹੋਸ਼ ਵਿਚ ਆਉਂਦੀ ਤਾਂ ਬੱਚੀ ਨੂੰ ਦੇਖ ਕੇ ਉੱਚੀ ਉੱਚੀ ਚਿਲਾਉਣ ਲੱਗ ਪੈਂਦੀ ਅਤੇ ਬੇਹੋਸ਼ ਹੋ ਜਾਂਦੀ। ਪ੍ਰੀਤੀ ਨੂੰ ਮਾਨਸਿਕ ਡਾਕਟਰ ਕੋਲ ਦਿਖਾਇਆ ਗਿਆ। ਉਸ ਦੀ ਵੀ ਸਮਝ ਵਿਚ ਖ਼ਾਸ ਕੁਝ ਵੀ ਨਾ ਆਇਆ। ਉਸ ਨੇ ਕੇਵਲ ਏਨਾ ਹੀ ਕਿਹਾ ਕਿ ਇਸ ਨੂੰ ਕਿਸੇ ਬਹੁਤ ਪੁਰਾਣੇ ਸਦਮੇ ਦੀ ਯਾਦ ਤਾਜ਼ਾ ਹੋ ਗਈ ਹੈ। ਨਵ ਜੰਮੀ ਬੱਚੀ ਨੂੰ ਦੇਖ ਕੇ ਇਸ ਦੇ ਕੋਈ ਪੁਰਾਣੇ ਜ਼ਖ਼ਮ ਹਰੇ ਹੋ ਜਾਂਦੇ ਹਨ। ਇਸ ਲਈ ਇਹ ਖ਼ੂੰਖਾਰ ਹੋ ਜਾਂਦੀ ਹੈ। ਬਿਹਤਰ ਇਹ ਹੀ ਹੈ ਕਿ ਬੱਚੀ ਨੂੰ ਇਸ ਦੇ ਸਾਹਮਣੇ ਨਾ ਲਿਆਇਆ ਜਾਏ ਅਤੇ ਓਪਰੇ ਦੁੱਧ ਤੇ ਹੀ ਰੱਖਿਆ ਜਾਏ। ਇਸ ਨਾਲ ਪਾਲ ਦੀ ਸਮੱਸਿਆ ਹੋਰ ਵੀ ਗੰਭੀਰ ਹੋ ਗਈ। ਉਹ ਇਸ ਭਰੇ ਸੰਸਾਰ ਵਿਚ ਬਿਲਕੁਲ ਇਕੱਲਾ ਹੋ ਕੇ ਰਹਿ ਗਿਆ। ਇਕ ਪਾਸੇ ਮਾਸੂਮ ਬੱਚੀ ਦੀ ਪਰਵਰਿਸ਼ ਅਤੇ ਦੂਜੇ ਪਾਸੇ ਮਨੋਰੋਗੀ ਪਤਨੀ ਨੂੰ ਸੰਭਾਲਣਾ ਉਸ ਲਈ ਬਹੁਤ ਮੁਸ਼ਕਲ ਸੀ। ਉਸ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ ਅਤੇ ਕੀ ਨਾ ਕਰੇ। ਕੋਈ ਬੰਦਾ ਐਸਾ ਨਹੀਂ ਸੀ ਜਿਸ ਨੂੰ ਉਹ ਇਸ ਔਖੀ ਘੜੀ ਆਪਣੇ ਕੋਲ ਮਦਦ ਲਈ ਬੁਲਾ ਸੱਕੇ। ਪ੍ਰੀਤੀ ਦੀਆਂ ਖ਼ੂੰਖਾਰ ਹਰਕਤਾਂ ਅਤੇ ਚੀਖ ਚਿਹਾੜਾ ਵਧਦਾ ਜਾ ਰਿਹਾ ਸੀ। ਡਾਕਟਰਾਂ ਨੇ ਪ੍ਰੀਤੀ ਨੂੰ ਪਾਗਲਖਾਨੇ ਭਰਤੀ ਕਰਾਉਣ ਦੀ ਸਲਾਹ ਦਿੱਤੀ। ਉਸ ਦਾ ਛੋਟੀ ਬੱਚੀ ਨਾਲ ਇਕੋ ਘਰ ਵਿਚ ਰਹਿਣਾ ਬੱਚੀ ਦੀ ਜਾਨ ਲਈ ਖ਼ਤਰਾ ਹੋ ਸਕਦਾ ਸੀ। ਛੋਟੀ ਜਿਹੀ ਬੱਚੀ ਦੀ ਜ਼ਿੰਦਗੀ ਆਪਣੀ ਮਾਂ ਦੇ ਹੱਥਾਂ ਵਿਚ ਹੀ ਸੁਰੱਖਿਅਤ ਨਹੀਂ ਸੀ। ਪਾਲ ਪ੍ਰੀਤੀ ਨੂੰ ਪਾਗਲਖਾਨੇ ਭੇਜਣਾ ਨਹੀਂ ਸੀ ਚਾਹੁੰਦਾ ਕਿਉਂਕਿ ਉਹ ਪ੍ਰੀਤੀ ਨੂੰ ਬਹੁਤ ਪਿਆਰ ਕਰਦਾ ਸੀ।

ਪਾਲ ਇਸ ਸਮੇਂ ਚੱਕੀ ਦੇ ਦੋਵਾਂ ਪੁੜਾਂ ਵਿਚ ਪਿਸ ਰਿਹਾ ਸੀ। ਉਸ ਨੂੰ ਲੱਗਦਾ ਸੀ ਕਿ ਇਸ ਹਾਲਤ ਵਿਚ ਜਾਂ ਉਹ ਖ਼ੁਦ ਪਾਗਲ ਹੋ ਜਾਵੇਗਾ ਜਾਂ ਪ੍ਰੀਤੀ ਅਤੇ ਬੱਚੀ ਨੂੰ ਗੋਲੀ ਮਾਰ ਕੇ ਆਪ ਖ਼ੁਦਕੁਸ਼ੀ ਕਰ ਲਵੇਗਾ। ਉਸ ਦੀਆਂ ਮੁਸ਼ਕਲਾਂ ਦਿਨ ਬ-ਦਿਨ ਵੱਧ ਰਹੀਆਂ ਸਨ। ਉਸ ਨੂੰ ਇਕ ਹੋਰ ਸਦਮਾ ਪਹੁੰਚਿਆ। ਇਕ ਦਿਨ ਜਦ ਉਹ ਸਵੇਰੇ ਉੱਠਿਆ ਤਾਂ ਦੇਖਿਆ ਕਿ ਪ੍ਰੀਤੀ ਆਪਣੇ ਬਿਸਤਰ ’ਤੇ ਨਹੀਂ ਸੀ। ਉਸ ਨੇ ਪ੍ਰੀਤੀ ਨੂੰ ਬਹੁਤ ਆਵਾਜ਼ਾਂ ਦਿੱਤੀਆਂ ਪਰ ਕੋਈ ਜਵਾਬ ਨਾ ਆਇਆ। ਅਚਾਨਕ ਉਸ ਦੀ ਨਜ਼ਰ ਸੈਂਟਰ ਟੇਬਲ ’ਤੇ ਪਈ। ਉਸ ਤੇ ਇਕ ਚਿੱਠੀ ਪਈ ਸੀ ਜੋ ਪ੍ਰੀਤੀ ਦੇ ਹੱਥ ਦੀ ਲਿਖੀ ਹੋਈ ਸੀ ਜੋ ਇਸ ਪ੍ਰਕਾਰ ਸੀ:

ਪਿਆਰੇ ਪਾਲ,

ਮੈਨੂੰ ਮੁਆਫ਼ ਕਰੀਂ। ਮੈਂ ਆਪਣੇ ਗੁਨਾਹਾਂ ਦਾ ਬੋਝ ਹੋਰ ਨਹੀਂ ਚੁੱਕ ਸਕਦੀ। ਮੈਂ ਜਾਣਦੀ ਹਾਂ ਕਿ ਤੁੰ ਮੈਨੂੰ ਬਹੁਤ ਪਿਆਰ ਕਰਦਾ ਹੈਂ ਪਰ ਮੈਂ ਤੇਰੇ ਲਾਇਕ ਨਹੀਂ ਹਾਂ। ਮੈਂ ਤੈਨੂੰ ਬਹੁਤ ਵੱਡਾ ਧੋਖਾ ਦਿੱਤਾ ਹੈ। ਮੈਂ ਅੱਜ ਇਸ ਚਿੱਠੀ ਰਾਹੀਂ ਆਪਣਾ ਗੁਨਾਹ ਕਬੂਲ ਕਰਦੀ ਹਾਂ। ਤੇਰੇ ਨਾਲ ਸ਼ਾਦੀ ਤੋਂ ਪਹਿਲਾਂ ਮੈਂ ਕਿਸੇ ਹੋਰ ਦੀ ਹੋ ਚੁੱਕੀ ਸਾਂ। ਉਸ ਦੇ ਪਿਆਰ ਵਿਚ ਅੰਨ੍ਹੀ ਹੋ ਕੇ ਮੈਂ ਆਪਣਾ ਸਭ ਕੁਝ ਲੁਟਾ ਬੈਠੀ। ਉਸ ਨੇ ਮੇਰੇ ਨਾਲ ਧੋਖਾ ਕੀਤਾ। ਉਸ ਦਾ ਪਿਆਰ (ਪਾਪ) ਮੇਰੇ ਅੰਦਰ ਪਲ ਰਿਹਾ ਸੀ। ਉਹ ਸ਼ਾਦੀ ਤੋਂ ਮੁੱਕਰ ਗਿਆ। ਮੈਂ ਲੁੱਟੀ ਗਈ। ਹੁਣ ਬਹੁਤ ਦੇਰ ਹੋ ਚੁੱਕੀ ਸੀ। ਮੇਰੀ ਮਾਂ ਆਪਣਾ ਮੱਥਾ ਪਿਟੱਣ ਲੱਗੀ। ਡਾਕਟਰਾਂ ਨੇ ਵੀ ਕੋਈ ਮਦਦ ਨਾ ਕੀਤੀ। ਇਕ ਦਿਨ ਮੇਰੇ ਕੋਲੋਂ ਇਕ ਬੱਚੀ ਨੇ ਜਨਮ ਲਿਆ। ਬੱਚੀ ਬਹੁਤ ਸੋਹਣੀ ਸੀ……ਗੋਰੀ ਚਿੱਟੀ…….ਗੋਭਲੀ ਗੋਭਲੀ…….ਬਿਲਕੁਲ ਤੇਰੀ ਧੀ ਦੀ ਤਰ੍ਹਾਂ………ਪਰ ਮੈਨੂੰ ਉਹ ਬਿਲਕੁਲ ਨਾ ਭਾਈ। ਹੁਣ ਉਹ ਪਿਆਰ ਦੀ ਨਿਸ਼ਾਨੀ ਨਹੀਂ, ਪਾਪ ਦੀ ਨਿਸ਼ਾਨੀ ਸੀ। ਮੈਨੂੰ ਉਸ ਨਾਲ ਸਖਤ ਨਫ਼ਰਤ ਸੀ। ਮੇਰੇ ਸਾਹਮਣੇ ਮੇਰੀ ਪੂਰੀ ਜ਼ਿੰਦਗੀ ਸੀ। ਮੈਂ ਮੱਥੇ ਤੇ ਕਲੰਕ ਲੈ ਕੇ ਜੀਅ ਨਹੀਂ ਸੀ ਸਕਦੀ। ਇਸ ਲਈ ਇਕ ਦਿਨ ਮੈਂ ਅੱਧੀ ਰਾਤੀਂ ਉੱਠੀ ਅਤੇ ਬੱਚੀ ਨੂੰ ਲੈ ਕੇ ਸਰਹਿੰਦ ਨਹਿਰ ਵਿਚ ਜਾ ਸੁੱਟਿਆ। ਬੱਚੀ ਨੇ ਡੁੱਬਡੁਬਾਈਆਂ ਅੱਖਾਂ ਨਾਲ ਮੇਰੇ ਵੱਲ ਦੇਖਿਆ। ਆਸਮਾਨ ਵਿਚ ਬਿਜਲੀ ਚਮਕੀ ਅਤੇ ਬੱਦਲ ਗਰਜੇ। ਮੈਨੂੰ ਲੱਗਿਆ ਜਿਵੇਂ ਮੇਰੀ ਬੱਚੀ ਚੀਖ ਚੀਖ ਕੇ ਕਹਿ ਰਹੀ ਹੋਵੇ….ਮੈਂ ਫਿਰ ਆਵਾਂਗੀ…..ਮੈਂ ਫਿਰ ਆਵਾਂਗੀ। ਫਿਰ ਸਭ ਕੁਝ ਸ਼ਾਂਤ ਹੋ ਗਿਆ। ਜਲਦੀ ਹੀ ਮੈਂ ਆਪਣੇ ਆਪ ਨੂੰ ਸੰਭਾਲ ਲਿਆ।

ਫਿਰ ਮੇਰੀ ਜ਼ਿੰਦਗੀ ਵਿਚ ਪਾਲ ਤੂੰ ਰੱਬ ਬਣ ਕੇ ਆਇਆ। ਤੂੰ ਮੇਰੇ ਪਿਆਰ ਵਿਚ ਫਸ ਗਿਆ। ਤੂੰ ਰੱਬ ਦੇ ਬੰਦੇ ਨੇ ਮੇਰੇ ਬਾਰੇ ਕੋਈ ਪੁੱਛ ਪੜਤਾਲ ਨਾ ਕੀਤੀ। ਮੈਨੂੰ ਅੰਦਰੋਂ ਅੰਦਰ ਮੇਰਾ ਪਾਪ ਖਾ ਰਿਹਾ ਸੀ ਪਰ ਮੈਂ ਤੈਨੂੰ ਕੁਝ ਨਾ ਦੱਸਿਆ। ਤੇਰੇ ਨਾਲ ਮੈਂ ਬਹੁਤ ਵੱਡਾ ਧੋਖਾ ਕੀਤਾ। ਕਹਿੰਦੇ ਹਨ ਕਿ ਬੰਦੇ ਨੂੰ ਆਪਣੇ ਕਰਮਾਂ ਦਾ ਫ਼ਲ ਭੁਗਤਣਾ ਹੀ ਪੈਂਦਾ ਹੈ। ਹੁਣ ਮੇਰੀ ਕੁੱਖੋਂ ਤੇਰੀ ਇਹ ਧੀ ਜੰਮੀ……..ਪਿਆਰੀ ਜਿਹੀ……ਗੋਰੀ ਚਿੱਟੀ……..ਗੋਭਲੀ ਗੋਭਲੀ……..ਬਿਲਕੁਲ ਮੇਰੀ ਪਹਿਲੀ ਧੀ ਦੀ ਤਰ੍ਹਾਂ। ਜਦ ਮੈਂ ਇਸ ਨੂੰ ਦੇਖਿਆ ਤਾਂ ਮੈਨੂੰ ਲੱਗਿਆ ਕਿ ਮੇਰੀ ਉਹ ਹੀ ਧੀ ਵਾਪਸ ਆ ਗਈ ਹੈ ਜਿਸ ਨੂੰ ਮੈਂ ਆਪਣੇ ਹੱਥੀਂ ਡੋਬ ਕੇ ਮਾਰ ਦਿੱਤਾ ਸੀ। ਇਹ ਹੋਰ ਕੋਈ ਨਹੀਂ ਉਹ ਹੀ ਲੜਕੀ ਹੈ ਜੋ ਮੇਰੇ ਕੋਲੋਂ ਆਪਣਾ ਬਦਲਾ ਲੈਣ ਆਈ ਹੈ। ਇਹ ਮੈਨੂੰ ਖਾ ਜਾਵੇਗੀ। ਇਸ ਲਈ ਮੈਂ ਇਸ ਨਾਲ ਅੱਖ ਨਹੀਂ ਮਿਲਾ ਸਕਦੀ। ਜਾਂ ਫਿਰ……. ਜਾਂ ਫਿਰ ਮੈਂ ਦੁਬਾਰਾ ਇਸ ਦਾ ਖ਼ੂਨ ਕਰ ਦੇਵਾਂਗੀ। ਇਸ ਲਈ ਅਸੀਂ ਕਦੀ ਇਕੱਠੇ ਨਹੀਂ ਰਹਿ ਸਕਦੇ। ਮੈਂ ਜਾ ਰਹੀ ਹਾਂ। ਮੈਨੂੰ ਲੱਭਣ ਦੀ ਕੋਸ਼ਿਸ਼ ਨਾ ਕਰਨੀ।

-ਪ੍ਰੀਤੀ

ਇਸ ਤੋਂ ਅਗਲੇ ਦਿਨ ਸਰਹਿੰਦ ਨਹਿਰ ਵਿਚੋਂ ਪ੍ਰੀਤੀ ਦੀ ਲਾਸ਼ ਮਿਲੀ।
***
137
***

ਗੁਰਸ਼ਰਨ ਸਿੰਘ ਕੁਮਾਰ

ਗੁਰਸ਼ਰਨ ਸਿੰਘ ਕੁਮਾਰ

View all posts by ਗੁਰਸ਼ਰਨ ਸਿੰਘ ਕੁਮਾਰ →