(ਮੇਰੀ ਅਣਛਪੀ ਸਵੈਜੀਵਨੀ ‘ਡੱਬਰੀ ਤੋਂ ਡਾਰਲਿੰਗ ਹਾਰਬਰ ਤੱਕ’ ਵਿੱਚੋਂ) ਮੈਨੂੰ ਵੀ ਪਤਾ ਸੀ ਕਿ ਡਾ: ਮੁਲਕ ਰਾਜ ਆਨੰਦ ਮੁੰਬਈ ਤੋਂ ਯੂਨੀਵਰਸਿਟੀ ਵਿੱਚ ਪੰਜ ਲੈਕਚਰ ਦੇਣ ਆਏ ਹੋਏ ਸਨ। ਮੈਂ ਉਹਨਾਂ ਦੇ ਪਹਿਲੇ ਦੋ ਲੈਕਚਰ ਗਾਂਧੀ ਭਵਨ ਵਿਖੇ ਸੁਣ ਚੁੱਕਾ ਸਾਂ। ਸੋਮਵਾਰ ਨੂੰ ਜਦ ਆਨੰਦ ਲੈਕਚਰ ਦੇ ਰਿਹਾ ਸੀ ਤਾਂ ਸਾਰਾ ਅੰਗਰੇਜ਼ੀ ਵਿਭਾਗ ਤੇ ਕੁਝ ਹੋਰ ਚਿੰਤਕ ਉਸਦਾ ਲੈਕਚਰ ਸੁਣ ਰਹੇ ਸਨ। 5 ਮਿੰਟ ਬਾਅਦ ਬਲਵੰਤ ਗਾਰਗੀ ਆਇਆ ਤੇ ਪਿਛਲੇ ਦਰਵਾਜੇ ਰਾਹੀਂ ਅੰਦਰ ਦਾਖਲ ਹੋ ਕੇ ਪਿਛਲੀ ਸੀਟ ਤੇ ਚੁੱਪਚਾਪ ਬੈਠ ਗਿਆ। ਜਦ ਆਨੰਦ ਦਾ ਲੈਕਚਰ ਖਤਮ ਹੋਇਆ ਤਾਂ ਮੈਡਮ ਨੇ ਆਡੀਟੋਰੀਅਮ ਤੋਂ ਬਾਹਰ ਆ ਕੇ ਮੈਨੂੰ ਗਾਰਗੀ ਨੂੰ ਮਿਲਾ ਦਿੱਤਾ ਤੇ ਨਾਟਕ ਦੀ ਟੈਕਸਟ ਦੀ ਗੱਲ ਕਰ ਦਿੱਤੀ। ਮੈਂ ਤਾਂ ਗਾਰਗੀ ਨੂੰ ਪਹਿਲਾਂ ਹੀ ਜਾਣਦਾ ਸਾਂ ਕਿਉਂਕਿ ਉਸਦਾ ਥੀਏਟਰ ਹੋਸਟਲ ਦੋ ਦੇ ਤਿੰਨ ਨੰਬਰ ਬਲਾਕ ਵਿੱਚ ਮੇਰੇ 37 ਨੰਬਰ ਕਮਰੇ ਦੇ ਮੂਹਰੇ ਸੀ। ਥੀਏਟਰ ਅਤੇ ਸਾਡੇ ਹੋਸਟਲ ਵਿਚਕਾਰ ਇੱਕ ਛੋਟੀ ਜਿਹੀ ਸੜਕ ਤੇ ਕੰਡਿਆਲੀ ਵਾੜ ਹੀ ਸੀ। ਮੇਰੇ ਕਮਰੇ ਵਿੱਚੋਂ ਥੀਏਟਰ ਦੀ ਸਾਰੀ ਕਾਰਵਾਈ ਨਜ਼ਰ ਆਉਂਦੀ ਰਹਿੰਦੀ ਸੀ। ਥੀਏਟਰ ਓਪਨ ਏਅਰ ਏ ਤੇ ਕਿਰਦਾਰਾਂ ਦੀਆਂ ਉੱਚੀਆਂ ਆਵਾਜ਼ਾਂ ਬਲਾਕ ਤਿੰਨ ਦੇ ਪੂਰਬ ਵਲ ਦੀਆਂ ਉਪਰਲੀਆਂ ਦੋ ਮੰਜ਼ਲਾਂ ਦੇ 40 ਕਮਰਿਆਂ ਨੂੰ ਤੇ ਬਲਾਕ ਚਾਰ ਦੀਆਂ ਦੋਨੋਂ ਡੌਰਮੇਟਰੀਆਂ ਨੂੰ ਖਾਸੇ ਤੌਰ ਤੇ ਪਰੇਸ਼ਾਨ ਕਰਿਆ ਕਰਦੀਆਂ ਸਨ। ਇਹ 1973 ਦੇ ਸਾਲਾਨਾ ਇਮਤਿਹਾਨਾਂ ਦੀ ਤਿਆਰੀ ਦੇ ਦਿਨ ਸਨ। ਉੱਧਰ ਪਰੇਸ਼ਾਨ ਹੋਣ ਵਾਲੇ ਸਾਰੇ ਵਿਦਿਆਰਥੀਆਂ ਵਿੱਚ ਇਹ ਖੁਸਰ ਮੁਸਰ ਵੀ ਸੀ ਕਿ ਗਾਰਗੀ ਦੀ ਰਿਹਰਸਲ ਮਹੀਨੇ ਲਈ ਬੰਦ ਕਰਵਾਈ ਜਾਵੇ ਤਾਂ ਕਿ ਪਰਚੇ ਸੁਖਾਵੇਂ ਮਾਹੌਲ ਵਿੱਚ ਦਿੱਤੇ ਜਾ ਸਕਣ। ਕੁਝ ਸ਼ਰਾਰਤੀ ਹੋਸਟਲਰ ਤਾਂ ਸਾਹਮਣਿਓ ਆਪਣੀ ਡੌਰਮੇਟਰੀ ਵਿੱਚੋਂ ਥੋੜਾ ਜਿਹਾ ਬਾਹਰ ਨੂੰ ਨਿਕਲ ਕੇ ਗਾਰਗੀ ਨੂੰ ਜ਼ੋਰ ਦੀ ਗਾਲ ਕੱਢ ਕੇ ਅੰਦਰ ਵੜ ਜਾਇਆ ਕਰਦੇ ਸਨ। ਇੱਕ ਹਰਿਆਣੇ ਦੇ ਗੁੜਗਾਓਂ ਦਾ ਹਰੀਸ਼ ਕਟਾਰੀਆ (ਜਾਅਲੀ ਨਾਮ) ਤਾਂ ਆਪਣੇ ਘਰੋਂ ਟੇਪ ਰਿਕਾਰਡਰ ਵੀ ਲੈ ਕੇ ਆਇਆ ਸੀ। ਉਹ ਆਪਣੀ ਡੌਰਮੇਟਰੀ ਤੇ ਆਪਣਾ ਰਿਕਾਰਡਰ ਰੱਖ ਕੇ ਵਿੱਚ ਰਿਕਾਰਡ ਲਗਾ ਕੇ ਪੂਰੀ ਆਵਾਜ਼ ਛੱਡ ਦਿਆ ਕਰਦਾ ਸੀ: ਹਮ ਤੁਮ ਇੱਕ ਕਮਰੇ ਮੇ ਬੰਦ ਹੋਂ ਗਾਰਗੀ ਦੇ ਕਿਰਦਾਰ ਵੀ ਦੁਖੀ ਹੁੰਦੇ ਸਨ ਤੇ ਗਾਰਗੀ ਖੁਦ ਵੀ। ਮੈਨੂੰ ਇਹ ਡਰ ਸੀ ਕਿ ਗਾਰਗੀ ਨੂੰ ਮੇਰੇ ਕਮਰੇ ਦੀ ਲੋਕੇਸ਼ਨ ਦਾ ਪਤਾ ਨਾ ਲੱਗ ਜਾਵੇ, ਕਿਤੇ ਮੈਨੂੰ ਨਾਟਕ ਦੀ ਪਰਤ ਦੇਣ ਤੋਂ ਹੀ ਨਾ ਮੁੱਕਰ ਜਾਵੇ। ਮੈਂ ਚੁੱਪਚਾਪ ਜਾ ਕੇ ਉਸ ਤੋਂ ਨਾਟਕ ਦੀ ਪਰਤ ਲੈ ਲਈ ਤੇ ਆਪਣੀ ਬਾਲਕੋਨੀ ਵਿੱਚ ਨੂੰ ਨਿਕਲਣਾ ਵੀ ਘੱਟ ਕਰ ਦਿੱਤਾ। ਗਾਰਗੀ ਨੇ ਹਰੀਸ਼ ਦੇ ਕਮਰੇ ਦੀ ਲੋਕੇਸ਼ਨ ਦੱਸ ਕੇ ਹੋਸਟਲ ਦੇ ਵਾਰਡਨ ਪਾਸ ਸ਼ਿਕਾਇਤ ਕੀਤੀ। ਹਰੀਸ਼ ਵਾਰਡਨ ਪਾਸ ਪੇਸ਼ ਹੋ ਗਿਆ। ਅੱਗੇ ਪਤਾ ਨਹੀਂ ਕੀ ਹੋਇਆ। ਇੰਨਾ ਜ਼ਰੂਰ ਹੋਇਆ ਕਿ ਰਿਹਰਸਲ ਹਫਤਾ ਕੁ ਹੋਰ ਚੱਲੀ ਤੇ ਫਿਰ ਬੰਦ ਹੋ ਗਈ। ਮੈਨੂੰ ਇੱਕ ਹੈਰਾਨੀ ਜ਼ਰੂਰ ਹੋਈ ਕਿ ਜਦੋਂ ਤਿੰਨ ਕੁ ਮਹੀਨੇ ਬਾਅਦ ਗਾਰਗੀ ਦੀ ਸਵੈਜੀਵਨੀ ‘ਨੰਗੀ ਧੁੱਪ’ (The Naked Triangle) ਬਾਜ਼ਾਰ ਵਿੱਚ ਆਈ ਤਾਂ ਉਹਦੇ ਵਿੱਚ ਇੱਕ ਪੂਰਾ ਕਾਂਡ ਹੋਸਟਲ ਦੇ ਮੁੰਡਿਆਂ ਦੀਆਂ ਸ਼ਰਾਰਤਾਂ ਤੇ ਬਦਦਿਮਾਗੀਆਂ ਬਾਰੇ ਸੀ। ਮੈਨੂੰ ਇਸ ਕਾਂਡ ਦਾ ਬਹੁਤਾ ਹਿੱਸਾ ਸਾਡੇ ਬਲਾਕਾਂ ਦੇ ਸ਼ਰਾਰਤੀਆਂ ਦੀਆਂ ਮਨਮਾਨੀਆਂ ਬਾਰੇ ਸਾਫ ਸਾਫ ਨਜ਼ਰ ਆਇਆ। ਖੈਰ ਮੇਰਾ ਕਮਰਾ ਪੂਰੇ ਨਿਸ਼ਾਨੇ ਤੇ ਹੋ ਕੇ ਵੀ ਕਿਸੇ ਤੋਹਮਤ ਤੋਂ ਬਚ ਗਿਆ। ਮੇਰੇ ਕਮਰੇ ਦੇ ਹੇਠਾਂ 13 ਨੰਬਰ ਕਮਰੇ ਵਿੱਚ ਟਾਂਡੇ ਨੇੜੇ ਦੇ ਇੱਕ ਪਿੰਡ ਦਾ ਮੁµਡਾ ਮਨਜੀਤ ਸਿੰਘ (ਅਸਲੀ ਨਾਮ) ਰਹਿੰਦਾ ਸੀ। ਕਈ ਵਾਰ ਉਹਨੇ ਆਪਣੇ ਕਮਰੇ ਦੇ ਮੂਹਰੇ ਘਾਹ ਤੇ ਕੁਰਸੀ ਡਾਹ ਕੇ ਬੈਠਾ ਹੋਣਾ। ਮੈਂ ਉੱਪਰ ਆਪਣੀ ਬਾਲਕੋਨੀ ਤੇ ਖੜ੍ਹਾ ਹੋਣਾ। ਹੈਲੋ ਹਾਏ ਹੁੰਦੀ ਹੁੰਦੀ ਵਾਕਫੀਅਤ ਤੱਕ ਵਧ ਗਈ। ਜਦ ਮੈਂ ਪੁੱਛਿਆ ਕਿ ਕਾਹਦੀ ਪੜ੍ਹਾਈ ਕਰ ਰਹੇ ਹੋ ਤਾਂ ਉਹ ਕਹਿਣ ਲੱਗਾ ਕਿ ਉਹ ਪੰਜਾਬੀ ਦੀ ਐਮ. ਏ ਕਰ ਰਿਹਾ ਸੀ। ਮੈਂ ਥੱਲੇ ਉਤਰ ਕੇ ਮੈਸ ਤੇ ਕੰਟੀਨ ਵੱਲ ਜਾਣਾ ਤਾਂ ਉਸਨੇ ਵੀ ਮੇਰੇ ਨਾਲ ਚੱਲ ਪੈਣਾ। ਵਾਕਫੀਅਤ ਵੱਧਦੀ ਗਈ। ਗੱਲਾਂ ਵੱਧ ਹੋਣ ਲੱਗ ਪਈਆਂ। “ਅੱਜ ਮਨ ਬੜਾ ਖਰਾਬ ਹੋਇਆ, ਭਾਅ ਜੀ।” ਇੱਕ ਦਿਨ ਸ਼ਾਮ ਨੂੰ ਮਨਜੀਤ ਕਹਿਣ ਲੱਗਾ। “ਕੀ ਗੱਲ ਹੋਈ?” “ਹੁਣੇ ਹੁਣੇ ਹਸਪਤਾਲ ਤੋਂ ਆਇਆ ਹਾਂ। ਯਾਰ ਸ਼ਿਵ ਨੂੰ ਹੁਣੇ ਹਸਪਤਾਲ ਤੋਂ ਚੁੱਕ ਕੇ ਉਸਦੇ ਸਹੁਰੇ ਪਿੰਡ ਲੈ ਗਏ ਨੇ।” “ਕਿਹੜਾ ਸ਼ਿਵ?” “ਭਾਅ ਜੀ, ਸ਼ਿਵ ਬਟਾਲਵੀ।” “ਅੱਛਾ ਮੈਂ ਉਹਦੇ ਬਾਰੇ ਮਾੜਾ ਮਾੜਾ ਜਾਣਦਾ ਹਾਂ। ਉਹਦੇ ਗੀਤ ਤੇ ਗਜ਼ਲਾਂ ਕਦੀ ਕਦੀ ਰੇਡੀਓ ਤੇ ਸੁਣੇ ਹਨ। ‘ਮੈਨੂੰ ਤੇਰਾ ਸ਼ਬਾਬ ਲੈ ਬੈਠਾ’ ਕੀ ਇਹ ਗਜ਼ਲ ਵੀ ਉਸਦੀ ਹੀ ਏ?” “ਸਾਰੀ ਦੁਨੀਆ ਜਾਣਦੀ ਏ ਕਿ ਇਹ ਗਜ਼ਲ ਉਸਦੀ ਏ। ਆਸਾ ਸਿੰਘ ਮਸਤਾਨਾ ਨੇ ਇੰਨੀ ਵਧੀਆ ਗਾਈ ਏ।” “ਮਨਜੀਤ ਮੇਰਾ ਬਹੁਤਾ ਵਾਹ ਅੰਗਰੇਜ਼ੀ ਸਾਹਿਤ ਨਾਲ ਹੀ ਰਿਹਾ ਏ। ਮੈ ਅੰਗਰੇਜ਼ੀ ਦੀ ਆਨਰਜ਼ ਫਸਟ ਕਲਾਸ ਵਿੱਚ ਕਰਕੇ ਤੇਰੇ ਇਲਾਕੇ ਤੋਂ ਹੀ ਇੱਥੇ ਯੂਨੀਵਰਸਿਟੀ ਵਿੱਚ ਪਿਛਲੇ ਸਾਲ ਆਇਆ ਸੀ। ਹੁਣ ਐਮ. ਏ ਅੰਗਰੇਜ਼ੀ ਫਾਈਨਲ ਵਿੱਚ ਹੋਣ ਜਾ ਰਿਹਾ ਹਾਂ। ਭਾਵੇਂ ਪੰਜਾਬੀ ਸਾਹਿਤ ਬਾਰੇ ਥੋੜਾ ਕੁ ਹੀ ਜਾਣਦਾ ਹਾਂ। ਤੂੰ ਤਾਂ ਐਮ. ਏ ਹੀ ਪੰਜਾਬੀ ਦੀ ਕਰ ਰਿਹਾ ਏਂ। ਤੇਰਾ ਸ਼ਿਵ ਨਾਲ ਬੜਾ ਲਗਾਅ ਲੱਗਦਾ ਏ।” “ਭਾਅ ਜੀ, ਮੈਂ ਤਾਂ ਐਮ. ਏ ਵਿੱਚ ਸ਼ਿਵ ਤੇ ਥੀਸਿਸ ਵੀ ਲਿਖਣਾ ਏ।” “ਰੀਅਲੀ? ਇਸ ਦਾ ਮਤਲਬ ਇਹ ਕਿ ਤੇਰੇ ਪਾਸ ਤਾਂ ਸ਼ਿਵ ਦਾ ਸਾਰਾ ਸਾਹਿਤ ਮੌਜੂਦ ਹੋਵੇਗਾ?” “ਹਾਂ, ਮੇਰੇ ਪਾਸ ਸ਼ਿਵ ਦੀਆਂ ਸਾਰੀਆਂ ਪੁਸਤਕਾਂ ਹਨ।” “ਕੀ ਮੈਂ ਵੀ ਇਹਨਾਂ ਪੁਸਤਕਾਂ ਤੇ ਨਜ਼ਰ ਮਾਰ ਸਕਦਾ ਹਾਂ?” “ਕਿਉਂ ਨਹੀਂ? ਹੁਣ ਵਾਪਸ ਜਾਂਦੇ ਜਾਂਦੇ ਮੇਰੇ ਕਮਰੇ ਵਿੱਚ ਸ਼ਿਵ ਦੀਆਂ ਪੁਸਤਕਾਂ ਤੇ ਨਜ਼ਰ ਮਾਰ ਜਾਵੀ।” “ਚੰਗਾ।” ਅਸੀਂ ਮੈਸ ਵਿੱਚ ਖਾਣਾ ਖਾਧਾ। ਫਿਰ ਅੱਧੇ ਕੁ ਘੰਟੇ ਲਈ ਕਾਮਨ ਰੂਮ ਵਿੱਚ ਬੈਠ ਗਏ। ਮੈਂ ਅਖਬਾਰਾਂ ਤੇ ਨਜ਼ਰ ਮਾਰਦਾ ਰਿਹਾ। ਉਹ ਟੀ. ਵੀ. ਦੇਖਦਾ ਰਿਹਾ। ਟ੍ਰਿਬਿਊਨ ਵਿੱਚ ਖਬਰ ਸੀ: ‘ਸ਼ਿਵ ਬਟਾਲਵੀ ਦੀ ਸਿਹਤ ਖਰਾਬ, ਫੇਫੜੇ ਛਲਣੀ, ਬਿਮਾਰ ਕਵੀ ਨੂੰ ਹਸਪਤਾਲ ਤੋਂ ਛੁੱਟੀ।’ ਜਦ ਅਸੀਂ ਕਾਮਨ ਰੂਮ ਚੋਂ ਉੱਠ ਕੇ ਆਪਣਿਆਂ ਕਮਰਿਆਂ ਵੱਲ ਨੂੰ ਤੁਰੇ ਤਾਂ ਮੈਥੋਂ ਦੱਸਣੋ ਨਾ ਰਿਹਾ ਗਿਆ। “ਮਨਜੀਤ, ਤੇਰਾ ਸ਼ਿਵ ਤਾਂ ਜਿਆਦਾ ਹੀ ਗੰਭੀਰ ਏ। ਬਿਮਾਰੀ ਲਾਇਲਾਜ ਲਗਦੀ ਏ।” “ਕਿਉਂ ਕੀ ਗੱਲ ਹੋਈ?” “ਮੈਂ ਅਖਬਾਰ ਵਿੱਚ ਖਬਰ ਪੜ੍ਹ ਕੇ ਆਇਆ ਹਾਂ।” “ਸੱਚੀਂ?” “ਹਾਂ।” “ਯਾਰ, ਅਸੀਂ ਤਾਂ ਕੱਲ ਨੂੰ ਹਸਪਤਾਲ ਜਾਣ ਬਾਰੇ ਸੋਚਿਆ ਸੀ। ਮੇਰਾ ਇੱਕ ਹੋਰ ਦੋਸਤ ਹੋਸਟਲ ਨੰਬਰ 3 ਵਿੱਚ ਰਹਿੰਦਾ ਏ। ਉਹ ਵੀ ਸ਼ਿਵ ਦਾ ਭਗਤ ਏ। ਉਹ ਤਾਂ ਉਸਦੇ ਕਈ ਕਵੀ ਦਰਬਾਰਾਂ ਵਿੱਚ ਵੀ ਸ਼ਿਰਕਤ ਕਰ ਚੁੱਕਾ ਏ।” “ਮਨਜੀਤ, ਤੁਸੀਂ ਸ਼ਿਵ ਨੂੰ ਮਿਲਣ ਲਈ ਬਹੁਤ ਦੇਰ ਕਰ ਦਿੱਤੀ। ਜੇ ਤੁਸੀਂ ਹਸਪਤਾਲ ਵਿੱਚ ਚਲੇ ਵੀ ਜਾਂਦੇ ਤਾਂ ਵੀ ਸ਼ਾਇਦ ਤੁਸੀਂ ਉਸਨੂੰ ਨਾ ਮਿਲ ਸਕਦੇ। ਅਗਲਿਆਂ ਨੇ ਆਈ. ਸੀ. ਯੂ. ਵਿੱਚ ਰੱਖਿਆ ਹੋਇਆ ਹੋਊ। ਇਸ ਪ੍ਰਕਾਰ ਦੇ ਗੰਭੀਰ ਰੋਗੀਆਂ ਨੂੰ ਹਸਪਤਾਲ ਕਿੱਥੇ ਮਿਲਣ ਦਿੰਦਾ ਹੋਊ। ਹੁਣ ਤਾਂ ਤੁਸੀਂ ਉਸਦੇ ਦਰਸ਼ਨ ਉਸਦੇ ਪਿੰਡ ਬਟਾਲੇ ਜਾ ਕੇ ਜਾਂ ਉਹਦੇ ਸਹੁਰੇ ਪਿੰਡ ਕੀਰ ਮੰਘਿਆਲ ਹੀ ਕਰ ਸਕਦੇ ਹੋ। ਆਪਣਾ ਇਲਾਕਾ ਵੀ ਤਾਂ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਹੀ ਲੱਗਦਾ ਏ। ਥੋੜਾ ਠੀਕ ਹੋ ਲੈਣ ਦੇਹ, ਫਿਰ ਆਪਾਂ ਕਿਤੇ ਗੇੜਾ ਮਾਰ ਆਵਾਂਗੇ।” “ਚਲੋ ਠੀਕ ਹੈ। ਮੈਨੂੰ ਲੱਗਦਾ ਹੈ ਕਿ ਉਸ ਨੂੰ ਉਹਦੇ ਸਹੁਰੇ ਪਿੰਡ ਲੈ ਕੇ ਗਏ ਹੋਣਗੇ। ਇਹ ਪਿੰਡ ਪਠਾਨਕੋਟ ਦੇ ਨੇੜੇ ਪੈਂਦਾ ਏ।” ਅਸੀਂ ਮਨਜੀਤ ਦੇ ਕਮਰੇ ਵਿੱਚ ਪਹੁੰਚ ਗਏ। ਮਨਜੀਤ ਦੀਆ ਅਲਮਾਰੀ ਵਿੱਚ ਸ਼ਿਵ ਦੀਆਂ ਸਾਰੀਆਂ ਪੁਸਤਕਾਂ ਦੇ ਟਾਈਟਲ ਨਜ਼ਰ ਆ ਰਹੇ ਸਨ– 1).ਪੀੜਾਂ ਦਾ ਪਰਾਗਾ ਮੈਂ ਸਾਰੀਆਂ ਪੁਸਤਕਾਂ ਵਿੱਚੋਂ ‘ਆਰਤੀ’ ਤੇ ‘ਪੀੜਾਂ ਦਾ ਪਰਾਗਾ’ ਖਿੱਚੀਆਂ। ਉੱਪਰ ਆਪਣੇ ਕਮਰੇ ਵਿੱਚ ਲੈ ਗਿਆ। ਹਫਤੇ ਬਾਅਦ ਮੈਂ ਇਹ ਮਨਜੀਤ ਨੂੰ ਮੋੜ ਦਿੱਤੀਆਂ ਤੇ ਦੋ ਹੋਰ ਲੈ ਲਈਆਂ। ਇੰਜ ਦੋ ਦੋ ਕਰਕੇ ਮੈਂ ਪੜ੍ਹਦਾ ਗਿਆ। ਪ੍ਰਭਾਵਸ਼ਾਲੀ ਸਤਰਾਂ ਮੈਂ ਆਪਣੀ ਡਾਇਰੀ ਤੇ ਲਿਖਦਾ ਗਿਆ। ਆਖਰ ‘ਲੂਣਾ’ ਪੜ੍ਹ ਕੇ ਤਾਂ ਮੈਂ ਸੋਚਦਾ ਹੀ ਰਹਿ ਗਿਆ। ਮੈਂ ਇਸਦੀ ਤੁਲਨਾ ਅੰਗਰੇਜ਼ੀ ਸਾਹਿਤ ਦੇ ਵੱਡੇ ਜਗਿਆਸੂਆਂ ਸ਼ੇਖਸਪੀਅਰ ਦੇ ‘ਹੈਮਲਟ’ (Hamlet) ਤੇ ਮਿਲਟਨ ਦੇ ‘ਪੈਰਾਡਾਈਜ਼ ਲੌਸਟ (Paradise Lost) ਨਾਲ ਵੀ ਕਰਦਾ ਗਿਆ। ‘ਲੂਣਾ’ ਪੜ੍ਹ ਕੇ ਮੈਂ ਸ਼ਿਵ ਦਾ ਕਾਇਲ ਹੀ ਹੋ ਗਿਆ। ਜਦ ਨੂੰ ਮਈ ਮਹੀਨੇ ਦੀ 6 ਤਾਰੀਖ ਆ ਗਈ। ਰੇਡੀਓ ਤੇ ਸ਼ਾਮ ਨੂੰ ਖਬਰ ਆਈ: ‘ਪੰਜਾਬ ਦਾ ਪ੍ਰਸਿੱਧ ਕਵੀ ਸ਼ਿਵ ਨਹੀਂ ਰਿਹਾ।’ ਸਵੇਰੇ ਅਖਬਾਰਾਂ ਸ਼ਿਵ ਬਾਰੇ ਸੋਗਮਈ ਖਬਰਾਂ ਤੇ ਤਪਸਰਿਆਂ ਨਾਲ ਭਰੀਆਂ ਪਈਆਂ ਸਨ। ਮੇਰਾ ਕਮਰਾ ਨੰਬਰ 37 ਸੀ। 37 ਨੂੰ ਉਲਟਾ ਦਿਓ ਤਾਂ 73 ਬਣਦਾ ਹੈ। ਸ਼ਿਵ ਮਰਿਆ 37ਵੇਂ ਸਾਲ ਵਿੱਚ ਤੇ ਮੇਰਾ ਕਮਰਾ ਨੰਬਰ ਵੀ 37 ਸੀ। ਸੰਨ 73 ਨੂੰ ਉਲਟਾ ਕਰ ਦਿਓ ਤਾਂ 37 ਬਣਦਾ ਹੈ। ਉਹ ਸੰਨ 73 ਵਿੱਚ ਮਰਿਆ ਸੀ । ਮਨਜੀਤ ਦੇ ਕਮਰੇ ਦਾ ਨੰਬਰ 13 ਵੀ ਮਾੜਾ ਮਾੜਾ 37 ਤੇ 1973 ਨੰਬਰਾਂ ਜਿਹਾ ਹੀ ਏ। ਸ਼ਿਵ ਦੁਆਰਾ ਲਿਖੀਆਂ ਪੁਸਤਕਾਂ ਦੀ ਗਿਣਤੀ ਵੀ 13 ਹੀ ਹੈ। ਸ਼ਿਵ ਦਾ ਜਨਮ 23 ਜੁਲਾਈ 1936 ਦਾ ਏ। ਇਹਨਾਂ ਅੰਕੜਿਆਂ ਵਿੱਚ ਵੀ 3 ਨੰਬਰ ਅੰਕੜਾ ਪ੍ਰਧਾਨ ਏ। ਜਿਸ ਮਹਾਂਨਗਰ ਵਿੱਚ ਉਸਦੀ ਕਵਿਤਾ ਨੇ ਸਿਖਰਾਂ ਨੂੰ ਛੂਹਿਆ ਉਸ ਵਿੱਚ – ਚੰਡੀਗੜ੍ਹ ਵਿੱਚ – 13 ਨੰਬਰ ਸੈਕਟਰ ਹੈ ਹੀ ਨਹੀਂ। ਉਸਦੇ ਜੀਵਨ ਵਿੱਚ 3 ਨੰਬਰ ਅੰਕੜਾ ਸਕਾਰਾਤਮਕ ਤੇ ਨਕਾਰਾਤਮਕ ਦੋਹਾਂ ਰੂਪਾਂ ਵਿੱਚ ਹੀ ਭਾਰੂ ਰਿਹਾ। ਨਾਲ਼ ਹੀ ਮੇਰੀਆਂ ਅੱਖਾਂ ਮੂਹਰੇ ਹੋਰ ਕਿੰਨੇ ਹੀ ਕਿਰਨ ਖੇਰ, ਮਨਜੀਤ ਟਿਵਾਣਾ, ਪਿੰਜੌਰ ਗਾਰਡਨ ਦਾ ਮਸਤ ਕਵੀ, ਰਾਕ ਗਾਰਡਨ ਵਾਲ਼ਾ ਨੇਕ ਚੰਦ, ਚੰਡੀਗੜ੍ਹ ਦੀ ਖੁਬਸੂਰਤੀ ਨੂੰ ਚਾਰ ਚੰਨ ਲਾਉਣ ਵਾਲ਼ਾ ਮਹਿੰਦਰ ਸਿੰਘ ਰੰਧਾਵਾ ਜਿਹੇ ਆ ਟਪਕੇ, ਜਿਹੜੇ ਉਸ ਸਮੇਂ ਆਪਣੀ ਕਲਾ ਦੀ ਪ੍ਰਦਰਸ਼ਨੀ ਦੀ ਪੌੜੀ ਦੇ ਪੌਡਿਆਂ ਤੇ ਤੇਜੀ ਨਾਲ਼ ਚੜ੍ਹ ਰਹੇ ਸਨ। ਪੰਘੂੜੇ ‘ਚ ਸਿੱਖੀਆਂ ਗੱਲਾਂ ਕਬਰਾਂ ਤੱਕ ਨਾਲ ਚਲਦੀਆਂ ਹਨ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
Dr. Avtar S. Sangha
BA ( Hons. English) MA English, Ph.D English--- Punjab
Graduate Dip In Education--- NSW ( Australia)
Lecturer in English in a college in Punjab for 25 years.
Teacher in Sydney--- 6 years
Now retired
Author of 8 books
**
sangha_avtar@hotmail.com
My latest book of short English fiction STORM IN A TEACUP AND OTHER STORIES can be seen on
DESIBUZZ CANADA
**
The Punjabi book of short stories edited by me and published by Azad Book Depot Amritsar 5 PARVAASI KAHANIKAAR is now available in the market.
**