9 December 2024

ਸਮਾਜ ਨੂੰ ਇਸਤਰੀਆਂ ਬਾਰੇ ਸੋਚ ਬਦਲਣ ਦੀ ਲੋੜ — ਉਜਾਗਰ ਸਿੰਘ

-8 ਮਾਰਚ ਇਸਤਰੀ ਦਿਵਸ ‘ਤੇ ਵਿਸ਼ੇਸ਼-

ਸਮਾਜ ਨੂੰ ਇਸਤਰੀਆਂ ਬਾਰੇ ਆਪਣੀ ਸੋਚ ਬਦਲਣੀ ਚਾਹੀਦੀ ਹੈ। ਇਸਤਰੀਆਂ ਨੂੰ ਬਰਾਬਰਤਾ ਦਾ ਦਰਜਾ ਅਮਲੀ ਤੌਰ ‘ਤੇ ਦੇਣਾ ਚਾਹੀਦਾ ਹੈ। ਅਖ਼ਬਾਰੀ ਬਿਆਨਾ ਨਾਲ ਰਾਬਰਤਾ ਦਾ ਦਰਜਾ ਨਹੀਂ ਮਿਲਦਾ।

ਇਸਤਰੀਆਂ ਸੰਬੰਧੀ ਹਰ ਸਾਲ ਸੰਸਾਰ ਵਿੱਚ ਇੱਕ ਦਿਨ ‘ਇਸਤਰੀ ਦਿਵਸ’ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਉਸ ਦਿਨ ਇਸਤਰੀਆਂ ਦੇ ਸੋਹਲੇ ਗਾਏ ਜਾਂਦੇ ਹਨ। ਇਸਤਰੀ ਦਾ ਸਮਾਜ ਵਿੱਚ ਮਹੱਤਵਪੂਰਨ ਸਥਾਨ ਹੈ। ਉਹ ਸਮਾਜ ਦਾ ਅੱਧਾ ਹਿੱਸਾ ਹੈ, ਇਸ ਲਈ ਉਸ ਨੂੰ ਅਰਧੰਗਣੀ ਕਿਹਾ ਜਾਂਦਾ ਹੈ। ਸਾਲ ਵਿੱਚ ਇਕ ਦਿਨ ਉਨ੍ਹਾਂ ਦੀ ਮਹੱਤਤਾ ਬਾਰੇ ਇਸਤਰੀ ਦਿਵਸ ਮਨਾਉਣਾ ਵਾਜਬ ਨਹੀਂ, ਸਗੋਂ ਹਰ ਰੋਜ਼ ਹੀ ਇਸਤਰੀ ਦੀ ਕਦਰ ਕਰਨੀ ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਉਹ ਸਮਾਜ ਦੀ ਸਿਰਜਕ ਹੈ। ਇਸਤਰੀ ਤੋਂ ਬਿਨਾ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਹਰ ਰੋਜ਼ ਹੀ ਇਸਤਰੀ ਦਿਵਸ ਹੋਣਾ ਚਾਹੀਦਾ ਹੈ ਕਿਉਂਕਿ ਉਹ ਸਾਡੀ ਮਾਂ, ਭੈਣ, ਧੀ, ਪਤਨੀ ਅਤੇ ਦੋਸਤ ਹੁੰਦੀ ਹੈ।

ਮਰਦ ਦਾ ਹਰ ਰਿਸ਼ਤਾ ਔਰਤ ਨਾਲ ਹੁੰਦਾ ਹੈ। ਔਰਤ ਤੋਂ ਬਿਨਾ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਸਾਲ ਵੀ ਇਹ ਦਿਵਸ 8 ਮਾਰਚ ਨੂੰ ਮਨਾਇਆ ਜਾ ਰਿਹਾ ਹੈ। ਭਾਰਤੀ ਅਤੇ ਖਾਸ ਤੌਰ ‘ਤੇ ਪੰਜਾਬੀ ਵੀ ਹਰ ਸਾਲ ਬਾਕੀ ਸੰਸਾਰ ਦੀ ਤਰ੍ਹਾਂ ਇਸਤਰੀਆਂ ਵਿੱਚ ਆਪਣੇ ਹੱਕਾਂ ਅਤੇ ਫ਼ਰਜਾਂ ਬਾਰੇ ਜਾਗ੍ਰਤੀ ਪੈਦਾ ਕਰਨ ਲਈ ਵੱਖ-ਵੱਖ ਸਮਾਗਮ ਕਰਕੇ ‘ਇਸਤਰੀ ਦਿਵਸ’ ਮਨਾਉਂਦੇ ਹਨ। ਪੰਜਾਬੀ ਤਾਂ ਇਸ ਦਿਵਸ ਨੂੰ ਮਨਾਉਣ ਵਿੱਚ ਵਿਖਾਵਾ ਵੀ ਜ਼ਿਆਦਾ ਕਰਦੇ ਹਨ। ਸਾਰੀਆਂ ਸਵੈ-ਇੱਛਤ ਸਮਾਜਿਕ, ਸਾਹਿਤਕ ਅਤੇ ਸਭਿਆਚਾਰਕ ਸੰਸਥਾਵਾਂ ਇੱਕ ਦੂਜੇ ਤੋਂ ਅੱਗੇ ਵੱਧਕੇ ਇਸ ਦਿਵਸ ਨੂੰ ਮਨਾਉਂਦੀਆਂ ਹਨ। ਇਹ ਦਿਵਸ ਮਨਾਉਣ ਦੀਆਂ ਖ਼ਬਰਾਂ ਨਾਲ ਅਖ਼ਬਾਰ ਭਰੇ ਹੁੰਦੇ ਹਨ। ਖ਼ਬਰਾਂ ਪੜ੍ਹਕੇ ਇਉਂ ਲੱਗ ਰਿਹਾ ਹੁੰਦਾ ਹੈ ਕਿ ਇਸਤਰੀ ਨੂੰ ਰੱਬ ਦਾ ਰੂਪ ਸਮਝਿਆ ਜਾਂਦਾ ਹੈ ਪ੍ਰੰਤੂ ਅਮਲੀ ਰੂਪ ਵਿੱਚ ਇਹ ਸਾਰਾ ਕੁਝ ਨਹੀਂ ਹੁੰਦਾ। ਇਹ ਤਾਂ ਸਿਰਫ ਵਿਖਾਵਾ ਕੀਤਾ ਹੁੰਦਾ ਹੈ, ਜੇਕਰ ਸਮਾਜ ਅਮਲੀ ਰੂਪ ਵਿੱਚ ਇਸਤਰੀਆਂ ਦਾ ਮਾਣ ਸਨਮਾਨ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੇ ਸਪੁੱਤਰਾਂ ਨੂੰ ਇਸਤਰੀਆਂ ਦਾ ਸਨਮਾਨ ਕਰਨ ਦੀ ਸਿਖਿਆ ਦੇ ਕੇ ਆਪਣਾ ਯੋਗਦਾਨ ਪਾਉਣ ਕਿਉਂਕਿ ਸਾਰੇ ਮਰਦ ਇਸਤਰੀਆਂ ਦੀ ਕੁੱਖ ਵਿੱਚੋਂ ਹੀ ਜਨਮ ਲੈਂਦੇ ਹਨ।

ਫਿਰ ਉਹ ਇਸਤਰੀਆਂ ਨਾਲ ਦੁਰਵਿਵਹਾਰ ਅਤੇ ਬਲਾਤਕਾਰ ਕਰਨ ਵਰਗੇ ਘਿਨਾਉਣੇ ਕੰਮ ਕਰਨ ਸਮੇਂ ਆਪੋ ਆਪਣੀਆਂ ਮਾਵਾਂ ਨੂੰ ਕਿਉਂ ਨਹੀਂ ਚਿਤਵਦੇ? ਜੇਕਰ ਇਹ ਸੰਸਥਾਵਾਂ ਅਤੇ ਸਮਾਜ ਬੁਰਾ ਨਾ ਮਨਾਉਣ ਤਾਂ ਸਭ ਤੋਂ ਪਹਿਲਾਂ ਅਜਿਹੇ ਦਿਵਸ ਮਨਾਉਣ ਸਮੇਂ ਆਪਣੀ ਪੀੜ੍ਹੀ ਹੇਠ ਸੋਟਾ ਫੇਰ ਕੇ ਆਪਣੀ ਅੰਤਹਕਰਨ ਦੀ ਆਵਾਜ਼ ਸੁਣਨ, ਕੀ ਉਹ ਅਮਲੀ ਤੌਰ ‘ਤੇ ਅਜਿਹਾ ਕਰਦੇ ਹਨ? ਜਦੋਂ ਸਾਡਾ ਸਮਾਜ ਵਿਖਾਵੇ ਦੀ ਦੁਨੀਆਂ ਵਿੱਚੋਂ ਬਾਹਰ ਆ ਕੇ ਅਮਲੀ ਤੌਰ ‘ਤੇ ਇਸਤਰੀ ਨੂੰ ਬਣਦਾ ਮਾਨ ਸਨਮਾਨ ਦੇਣ ਲੱਗ ਜਾਵੇਗਾ ਤਾਂ ਹਰ ਮਾਂ/ਇਸਤਰੀਆਂ ਬੇਫ਼ਿਕਰ ਹੋ ਕੇ ਆਪਣਾ ਜੀਵਨ ਬਸਰ ਕਰ ਸਕਣਗੀਆਂ।

ਇਸ ਸਮੇਂ ਤਾਂ ਲੜਕੀਆਂ ਦਾ ਸਮਾਜ ਵਿੱਚ ਵਿਚਰਨਾ ਅਸੰਭਵ ਜਾਪਦਾ ਹੈ ਕਿਉਂਕਿ ਮਰਦ ਇਸਤਰੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਲਈ ਹਰ ਕਦਮ ਚੁੱਕਣ ਲਈ ਤਿਆਰ ਵਰ ਤਿਆਰ ਰਹਿੰਦੇ ਹਨ। ਇਸ ਕਰਕੇ ਹੀ ਮਾਪੇ ਆਪਣੀਆਂ ਲੜਕੀਆਂ ਨੂੰ ਇਕੱਲੀਆਂ ਕਿਸੇ ਵੀ ਥਾਂ ‘ਤੇ ਭੇਜਣ ਤੋਂ ਝਿਜਕਦੇ ਹਨ। ਇਸਤੋਂ ਵੱਡੀ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਕਿ 2 ਮਾਰਚ ਨੂੰ ਇੱਕ ਸਪੈਨਿਸ਼ ਟੂਰਿਸਟ ਔਰਤ ਨੂੰ ਝਾਰਖੰਡ ਦੇ ਧੁਮਕਾ ਜਿਲ੍ਹੇ ਦੇ ਕੁਮਾਰਹੱਟ ਤੋਂ ਦੋ ਮੀਲ ਦੂਰ  ਕੁੰਜਲੀ ਬਸਤੀ ਵਿੱਚ ਕੁਝ ਵਿਅਕਤੀਆਂ ਨੇ ਸਮੂਹਿਕ ਬਲਾਤਕਾਰ ਕਰਕੇ ਉਸ ਦੀ ਅਤੇ ਉਸਦੇ ਬਰਾਜੀਲ ਦੇ ਨਾਗਰਿਕ ਪਤੀ ਦੀ ਕੁੱਟ ਮਾਰ ਕਰਕੇ ਸਾਰਾ ਸਾਮਾਨ ਲੁੱਟ ਕੇ ਲੈ ਗਏ। ਇਹ ਦੇ ਬਾਵਜੂਦ ਭਾਰਤ ਵਿੱਚ ਇਸਤਰੀ ਦਿਵਸ ਮਨਾਇਆ ਜਾ ਰਿਹਾ ਹੈ। ਅਜਿਹੇ ਦਿਵਸ ਮਨਾਉਣ ਦਾ ਕੀ ਲਾਭ ਹੈ? ਜਦੋਂ ਔਰਤਾਂ ਸੁਰੱਖਿਅਤ ਹੀ ਨਹੀਂ ਹਨ। ਇਥੇ ਇਸਤਰੀਆਂ ਦੀ ਇੱਕ ਹੋਰ ਮਹੱਤਵਪੂਰਨ ਜ਼ਿੰਮੇਵਾਰੀ ਹੈ, ਜਿਥੇ ਉਹ ਆਪਣੀਆਂ ਧੀਆਂ ਨੂੰ ਜ਼ਿੰਦਗੀ ਜੀਣ ਅਤੇ ਸਮਾਜ ਵਿੱਚ ਵਿਚਰਨ ਦੀਆਂ ਨਸੀਹਤਾਂ ਦਿੰਦੀਆਂ ਹਨ, ਉਥੇ ਉਨ੍ਹਾਂ ਦੀ ਇਹ ਵੀ ਮਹੱਤਪੂਰਨ ਅਤੇ ਅਤਿ ਜ਼ਰੂਰੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਲੜਕਿਆਂ ਨੂੰ ਬਿਗਾਨੀਆਂ ਧੀਆਂ ਨੂੰ ਆਪਣੀਆਂ ਭੈਣਾਂ ਸਮਝਕੇ ਵਿਵਹਾਰ ਕਰਨ ਦੀ ਸਿਖਿਆ ਦੇਣ। ਜੇਕਰ ਸਾਡੇ ਲੜਕੇ ਧੀਆਂ ਭੈਣਾ ਦੀ ਇੱਜ਼ਤ ਕਰਨ ਦਾ ਗੁਣ ਆਪਣੀਆਂ ਮਾਵਾਂ ਭੈਣਾਂ ਤੋਂ ਲੈ ਕੇ ਸਮਾਜ ਵਿੱਚ ਵਿਚਰਨਗੇ ਤਾਂ ਧੀਆਂ ਸੁਰੱਖਿਅਤ ਰਹਿਣਗੀਆਂ। ਇੱਕ ਹੋਰ ਮਹੱਤਵਪੂਰਨ ਨੁਕਤਾ ਵਿਚਾਰਨ ਯੋਗ ਹੈ, ਜੇਕਰ ਇਸਤਰੀਆਂ ਆਪਣੇ ਲੜਕਿਆਂ ਲਈ ਦਾਜ ਮੰਗਣ ਦੀ ਲਾਲਸਾ ਤੋਂ ਛੁਟਕਾਰਾ ਪਾ ਲੈਣ ਤਾਂ ਵੀ ਲੜਕੀਆਂ ਦੇ ਪੈਦਾ ਹੋਣ ਨੂੰ ਬੁਰਾ ਨਹੀਂ ਸਮਝਿਆ ਜਾਵੇਗਾ। ਦਾਜ ਦੀ ਲਾਹਣਤ ਨੇ ਲੜਕੀਆਂ ਦਾ ਜਿਓਣਾ ਦੁਭਰ ਕੀਤਾ ਹੋਇਆ ਹੈ। ਦਾਜ ਦੇਣਾ ਅਤੇ ਲੈਣਾ ਦੋਵੇਂ ਬੰਦ ਹੋਣੇ ਜ਼ਰੂਰੀ ਹਨ, ਇਨ੍ਹਾਂ ਨੂੰ ਬੰਦ ਕਰਨ ਲਈ ਵੀ ਮਰਦ ਅਤੇ ਔਰਤ ਦੋਵੇਂ ਰਲ ਕੇ ਯੋਗਦਾਨ ਪਾ ਸਕਦੇ ਹਨ।

ਅਸਲ ਵਿੱਚ ਸਾਡੇ ਸਮਾਜ ਨੂੰ ਇਸਤਰੀਆਂ ਬਾਰੇ ਆਪਣੀ ਸੋਚ ਬਦਲਣ ਦੀ ਲੋੜ ਹੈ। ਇਕ ਪਾਸੇ ਸਮਾਜ ਇਸਤਰੀਆਂ ਨੂੰ ਸਮਾਜਿਕ ਤਾਣੇ ਬਾਣੇ ਵਿੱਚ ਵਿਚਰਨ ਸਮੇਂ ਸੁਰੱਖਿਅਤ ਨਹੀਂ ਸਮਝਦਾ, ਦੂਜੇ ਪਾਸੇ ਉਨ੍ਹਾਂ ਨੂੰ ਅਸੁਰੱਖਿਅਤ ਬਣਾਉਣ ਵਿੱਚ ਖੁਦ ਜ਼ਿੰਮੇਵਾਰ ਹੈ। ਇਸਤਰੀ ਅਤੇ ਮਰਦ ਦੋਵੇਂ ਇਸਤਰੀਆਂ ਦੀ ਅਜਿਹੀ ਦੁਰਦਸ਼ਾ ਬਣਾਉਣ ਦੇ ਜ਼ਿੰਮੇਵਾਰ ਹਨ। ਜਦੋਂ ਬੱਚੀ ਪੈਦਾ ਹੁੰਦੀ ਹੈ ਤਾਂ ਕਈ ਵਾਰ ਮਾਂ ਅਤੇ ਦਾਦੀ ਦੋਵੇਂ ਅਤੇ ਕਈ ਵਾਰ ਪਿਤਾ ਅਤੇ ਦਾਦਾ ਬੱਚੀ ਨੂੰ ਪੱਥਰ ਕਹਿੰਦੇ ਹਨ। ਜਿਤਨੀ ਦੇਰ ਮਰਦ ਅਤੇ ਔਰਤ ਆਪਣੀ ਸੋਚ ਨਹੀਂ ਬਦਲਦੇ  ਉਤਨੀ ਦੇਰ ਇਸਤਰੀਆਂ ਦਾ ਮਾਣ ਸਨਮਾਨ ਬਰਕਰਾਰ ਨਹੀਂ ਰੱਖਿਆ ਜਾ ਸਕਦਾ। ਔਰਤ ਹੀ ਔਰਤ ਦੀ ਦੁਸ਼ਮਣ ਸਾਬਤ ਹੋ ਰਹੀ ਹੈ।

ਵਿਆਹੀਆਂ-ਵਰੀਅਾਂ ਔਰਤਾਂ ਵਿਆਹੇ-ਵਰੇ ਮਰਦਾਂ ਨਾਲ ਅਖੌਤੀ ਪਿਆਰ ਦੇ ਚਕਰ ਵਿੱਚ ਪੈ ਕੇ ਲੋਕਾਂ ਦੇ ਪਰਵਾਰਿਕ ਜੀਵਨ ਖਰਾਬ ਕਰ ਰਹੀਆਂ ਹਨ। ਇਹ ਵੀ ਆਮ ਖ਼ਬਰਾਂ ਸਣਨ ਨੂੰ ਆ ਰਹੀਆਂ ਹਨ ਕਿ ਇਸਤਰੀਆਂ ਘਰਾਂ ਵਿੱਚ ਸੁਰੱਖਿਅਤ ਨਹੀਂ ਹਨ, ਜਦੋਂ ਉਹ ਘਰਾਂ ਵਿੱਚ ਹੀ ਸੁਰੱਖਿਅਤ ਨਹੀਂ ਹਨ ਤਾਂ ਬਾਹਰ ਕਿਵੇਂ ਸੁਰੱਖਿਅਤ ਰਹਿ ਸਕਦੀਆਂ ਹਨ। ਇਸ ਲਈ ਮਰਦਾਂ ਨੂੰ ਇਸਤਰੀਆਂ ਨਾਲ ਬਲਾਤਕਾਰ ਵਰਗੇ ਘਿਨਾਉਣੇ ਕੰਮ ਕਰਨ ਸਮੇਂ ਆਪਣੀਆਂ ਮਾਵਾਂ ਧੀਆਂ ਬਾਰੇ ਸੋਚਣਾ ਚਾਹੀਦਾ ਹੈ ਕਿਉਂਕਿ ਜੇਕਰ ਉਹ ਬਿਗਾਨੀਆਂ ਇਸਤਰੀਆਂ ਨਾਲ ਅਜਿਹਾ ਕੰਮ ਕਰਦੇ ਹਨ ਤਾਂ ਉਨ੍ਹਾਂ ਦੀਆਂ ਮਾਵਾਂ ਧੀਆਂ ਕਿਵੇਂ ਸੁਰੱਖਿਅਤ ਰਹਿ ਸਕਦੀਆਂ ਹਨ। ਦੂਜੇ ਔਰਤਾਂ ਨੂੰ ਵੀ ਸੰਜੀਦਗੀ ਤੋਂ ਕੰਮ ਲੈਣਾ ਚਾਹੀਦਾ ਹੈ, ਬੱਚੀਆਂ ਵਿੱਚ ਬਚਪਨ ਤੋਂ ਹੀ ਅਸੁਰੱਖਿਅਤ ਭਾਵਨਾ ਪੈਦਾ ਕਰਨ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਸਗੋਂ ਬੱਚੀਆਂ ਵਿੱਚ ਦਲੇਰੀ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ। ਹੁਣ ਜ਼ਮਾਨਾ ਬਦਲ ਗਿਆ ਹੈ, ਜੇਕਰ ਬੱਚੀਆਂ ਮਰਦਾਂ ਦੀਆਂ ਹਰਕਤਾਂ ਦਾ ਪਾਜ ਉਘੇੜਨਗੀਆਂ ਤਾਂ ਸਮਾਜ ਉਨ੍ਹਾਂ ਦਾ ਸਾਥ ਦੇਵੇਗਾ। 

ਇਸ ਦੇ ਨਾਲ ਹੀ ਇਸਤਰੀਆਂ ਨੂੰ ਆਜ਼ਾਦੀ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਆਜ਼ਾਦੀ ਗ਼ਲਤ ਕੰਮ ਕਰਨ ਦੀ ਪ੍ਰੇਰਨਾ ਨਹੀਂ ਦਿੰਦੀ ਸਗੋਂ ਆਜ਼ਾਦੀ ਬੇਖ਼ੌਫ਼ ਆਪਣਾ ਜੀਵਨ ਬਸਰ ਕਰਨ ਅਤੇ ਮਰਦ ਦੇ ਬਰਾਬਰ ਦਾ ਦਰਜਾ ਦਿੰਦੀ ਹੈ। ਬਰਾਬਰਤਾ ਦੇ ਗ਼ਲਤ ਅਰਥ ਵੀ ਨਹੀਂ ਕੱਢਣੇ ਚਾਹੀਦੇ। ਸੰਜਮ ਤੋਂ ਕੰਮ ਲੈਣਾ ਪਵੇਗਾ। ਇਸਤਰੀਆਂ ਨੂੰ ਕਿਸੇ ਵੀ ਕਿਸਮ ਦੀ ਖੁਲ੍ਹ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ । ਔਰਤ ਅਤੇ ਮਰਦ ਇਕ ਦੂਜੇ ਦੇ ਪੂਰਕ ਹਨ, ਵਿਰੋਧੀ ਨਹੀਂ। ਲੜਕੀਆਂ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਨੌਜਵਾਨ ਲੜਕੇ ਸੁਨਹਿਰੇ ਸਪਨੇ ਵਿਖਾਉਂਦੇ ਹਨ। ਇਸ ਮੰਤਵ ਲਈ ਉਹ ਕਾਰਾਂ, ਕੋਠੀਆਂ ਅਤੇ ਹੋਰ ਲੁਭਾਉਣੀਆਂ ਚੀਜ਼ਾਂ ਵਿਖਾ ਕੇ ਆਪਣੇ ਮਗਰ ਲਗਾਉਣ ਦੀ ਕੋਸ਼ਿਸ਼ ਕਰਦੇ ਹਨ। ਲੜਕੀਆਂ ਨੂੰ ਅਜਿਹੀਆਂ ਚਾਲਾਂ ਤੋਂ ਬਚਕੇ ਰਹਿਣਾ ਚਾਹੀਦਾ ਹੈ। ਅਜਿਹੇ ਲੋਕਾਂ ਦੀਆਂ ਗੁਮਰਾਹਕੁਨ ਚਾਲਾਂ ਦਾ ਡੱਟਕੇ ਬਹਾਦਰੀ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ।

ਆਜ਼ਾਦੀ ਨਾਲ ਪ੍ਰੇਮ ਸੰਬੰਧ ਬਣਾਉਣ ਦਾ ਭਾਵ ਇਹ ਨਹੀਂ ਕਿ ਬਿਨਾਂ ਤੱਥਾਂ ਦੀ ਪੜਤਾਲ ਕੀਤਿਆਂ ਕੋਈ ਕਦਮ ਚੁਕਿਆ ਜਾਵੇ। ਹਰ ਕਦਮ ਮਰਿਆਦਾ ਵਿੱਚ ਰਹਿੰਦਿਆਂ ਕਰਨਾ ਚਾਹੀਦਾ ਹੈ। ਲੜਕੀਆਂ ਨੂੰ ਪਹਿਰਾਵਾ ਵੀ ਆਪਣੀ ਮਰਜੀ ਦਾ ਪਹਿਨਣ ਦੀ ਆਜ਼ਾਦੀ ਹੈ ਪ੍ਰੰਤੂ ਉਸ ਆਜ਼ਾਦੀ ਦਾ ਕੁਝ ਨਿਯਮਾ ਅਨੁਸਾਰ ਪਾਲਣ ਕਰਨਾ ਚਾਹੀਦਾ ਹੈ। ਇਸਤਰੀ ਦਾ ਸਰੀਰ ਕੋਈ ਪ੍ਰਦਰਸ਼ਨੀ ਕਰਨ ਵਾਲੀ ਵਸਤੂ ਨਹੀਂ। ਅਖ਼ਬਾਰਾਂ ਵਿੱਚ ਇਸਤਰੀਆਂ ਦੇ ਪ੍ਰਚਾਰ ਲਈ ਅਜਿਹੇ ਇਸ਼ਤਿਹਾਰ ਵੇਖਣ ਨੂੰ ਮਿਲਦੇ ਹਨ, ਜਿਨ੍ਹਾਂ ਨੂੰ ਵੇਖ ਕੇ ਸ਼ਰਮਿੰਦਾ ਹੋਣਾ ਪੈਂਦਾ ਹੈ। ਇਸ ਲਈ ਲੜਕੀਆਂ ਨੂੰ ਸਰੀਰਕ ਪ੍ਰਦਰਸ਼ਨ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਫਿਲਮਾਂ ਵਿੱਚ ਵੀ ਨੰਗੇਜ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਲੜਕੀਆਂ ਦੇ ਫਿਲਮਾ ਅਤੇ ਇਸ਼ਤਿਹਾਰਾਂ ਲਈ ਕੰਮ ਕਰਨ ਵਿੱਚ ਕੋਈ ਹਰਜ ਨਹੀਂ ਪ੍ਰੰਤੂ ਸੁਚੱਜਾ ਪਹਿਰਾਵਾ ਪਾਉਣਾ ਜ਼ਰੂਰੀ ਹੈ। ਜੋ ਸਭਿਅਕ ਸਮਾਜ ਵਿੱਚ ਚੰਗਾ ਨਹੀਂ ਲਗਦਾ, ਉਸ ਨੂੰ ਪਹਿਨਣ ਤੋਂ ਗੁਰੇਜ ਕਰਨ ਵਿੱਚ ਹੀ ਭਲਾ ਹੈ। ਔਰਤ ਸਹਿਜਤਾ, ਸੰਜਮ ਅਤੇ ਸਿਆਣਪ ਦੀ ਮੂਰਤ ਹੁੰਦੀ ਹੈ। ਜਿਵੇਂ ਇਨਸਾਨ ਹਰ ਕੰਮ ਕਿਸੇ ਮਾਪ ਦੰਡ ਨਾਲ ਕਰਦਾ ਹੈ, ਉਸੇ ਤਰ੍ਹਾਂ ਲੜਕੀਆਂ ਨੂੰ ਵੀ ਲੜਕਿਆਂ ਦੀ ਚੋਣ ਕਰਨ ਸਮੇਂ ਕਾਇਦੇ ਕਾਨੂੰਨ ਅਨੁਸਾਰ ਕਦਮ ਚੁਕਣਾ ਚਾਹੀਦਾ ਹੈ। ਭਾਵਨਾਵਾਂ ਵਿੱਚ ਵਹਿਣਾ ਕੋਈ ਮਾੜੀ ਗੱਲ ਨਹੀਂ ਪ੍ਰੰਤੂ ਭਾਵਨਾਵਾਂ ਵਿੱਚ ਵਹਿਣ ਸਮੇਂ ਵੀ ਸਿਆਣਪ ਤੋਂ ਕੰਮ ਲੈਣਾ ਚਾਹੀਦਾ ਹੈ। ਜਲਦਬਾਜੀ ਵਿੱਚ ਕੋਈ ਅਜਿਹਾ ਕਦਮ ਨਹੀਂ ਚੁਕਣਾ ਚਾਹੀਦਾ ਜਿਸ ਬਾਰੇ ਬਾਅਦ ਵਿੱਚ ਪਛਤਾਉਣਾ ਪਵੇ।
***
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰ
ਮੋਬਾਈਲ-94178 13072
ujagarsingh48@yahoo.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1312
***

ੳੁਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ