|
ਮੈਂ ਉਦੋਂ ਸਿਡਨੀ ਵਿਚ ਆਪਣੇ ਪਰਚੇ ਦਾ ਸਤੰਬਰ ਐਡੀਸ਼ਨ ਕੱਢ ਕੇ ਸੈਕਰਾਮੈਂਟੋ, ਕੈਲੀਫੋਰਨੀਆ ਵਿਖੇ ਟੂਰ ਤੇ ਸਾਂ। ਇੱਕ ਦਿਨ ਸਵੇਰੇ ਉੱਠਦੇ ਸਾਰ ਜਦੋਂ ਮੈਂ ਆਪਣੀ ਈਮੇਲ ਚੈਕ ਕੀਤੀ ਤਾਂ ਇੱਕ ਪੀ .ਡੀ. ਐਫ ਫਾਇਲ ਇਸ ਪ੍ਰਕਾਰ ਖੁੱਲ੍ਹੀ: ‘ਸੇਵਾਮੁਕਤ ਸੂਬੇਦਾਰ ਸੁਰੈਣ ਸਿੰਘ, ਸਿੱਖ ਰੈਜਮੈਂਟ, ਸਿਡਨੀ (ਆਸਟ੍ਰੇਲੀਆ)। ਕਸ਼ਮੀਰ ਵਿਚ ਉੱਚੇਰੇ ਪਹਾੜਾਂ ਤੇ ਲੰਬਾ ਸਮਾਂ ਪੋਸਟਿੰਗ ਹੋਣ ਕਰਕੇ ਮੈਨੂੰ ਸੇਵਾਮੁਕਤੀ ਦੇ ਸਮੇਂ ਹੀ ਭਾਰੇ-ਭਾਰੇ ਸਾਹ ਆਉਣ ਲੱਗ ਪਏ ਸਨ। ਇਸ ਲਈ ਮੇਰੀ ਛਾਤੀ ਵਿਚ ਪੇਸ ਮੇਕਰ ਪਾਇਆ ਗਿਆ ਸੀ। ਮੈਂ 2006 ਵਿਚ ਸੇਵਾਮੁਕਤ ਹੋ ਗਿਆ ਸਾਂ। ਦੱਸ ਸਾਲ ਬਾਦ ਇਹ ਪੇਸ ਮੇਕਰ ਬਦਲਣਾ ਪਿਆ ਸੀ। ਪਾਉਣ ਤੇ ਬਦਲਣ ਦਾ ਕੰਮ ਮਿਲਟਰੀ ਹਸਪਤਾਲ ਵਿਚ ਹੋ ਜਾਂਦਾ ਏ। ਇਸ ਤੇ ਮੇਰਾ ਕੋਈ ਖਰਚ ਨਹੀਂ ਹੁੰਦਾ। ਵੈਸੇ ਮੇਰੀ ਸਿਹਤ ਸੁਹਣੀ ਏ। ਮੇਰਾ ਕੱਦ ਤਕਰੀਬਨ 6 ਫੁੱਟ, ਰੰਗ ਗੋਰਾ ਤੇ ਦਿੱਖ ਸਿੱਖਾਂ ਵਾਲੀ ਏ। ਸਟੇਜੀ ਕਵਿਤਾ ਲਿਖਣ ਤੇ ਪੜ੍ਹਣ ਦਾ ਸ਼ੌਕ ਰੱਖਦਾ ਹਾਂ। ਈਮੇਲ ਰਾਹੀਂ ਸਿਰਫ਼ ਇੰਨਾ ਕੁ ਹੀ ਭੇਜ ਰਿਹਾ ਹਾਂ, ਬਾਕੀ ਸਭ ਕੁਝ ਫੋਨ ਤੇ ਗੱਲ ਕਰਕੇ ਬਿਆਨ ਕਰਾਂਗਾ। ਫੋਨ ਨੰਬਰ: +61- – – – – – – – – -।’ ਮੈਂ ਘੜੀ ‘ਤੇ ਸਮਾਂ ਦੇਖਿਆ। ਇਸ ਸਮੇਂ ਸਿਡਨੀ ਵਿਚ ਸਵੇਰ ਦੇ ਗਿਆਰਾਂ ਕੁ ਵਜੇ ਸਨ। ਮੈਂ ਫੋਨ ਮਿਲਾ ਲਿਆ। “ਹੈਲੋ, ਬਾਈ ਜੀ, ਕੀ ਹਾਲ ਏ? ਤੁਹਾਡੀ ਈਮੇਲ ਮੈਂ ਹੁਣੇ ਹੀ ਦੇਖੀ ਹੈ। ਮੈਂ ਇਸ ਵਕਤ ਕੈਲੀਫੋਰਨੀਆ ਵਿਚ ਹਾਂ।” “ਓਹ ਰੀਅਲੀ? ਮੈਂ ਆਪਣੇ ਬਾਰੇ ਤੁਹਾਨੂੰ ਥੋੜ੍ਹਾ ਜਿਹਾ ਲਿਖ ਕੇ ਭੇਜਿਆ ਹੈ। ਮੈਂ ਸੋਚਿਆ ਤੁਹਾਨੂੰ ਬੇਨਤੀ ਕਰਾਂ ਕਿ ਸੀਨੀਅਰ ਸਿਟੀਜਨਜ਼ ਦੇ ਮਸਲਿਆਂ ਬਾਰੇ ਵੀ ਅਖ਼ਬਾਰ ਵਿਚ ਆਵਾਜ਼ ਬੁਲੰਦ ਕਰਿਆ ਕਰੋ।” “ਜ਼ਰੂਰ, ਜ਼ਰੂਰ, ਬਾਈ ਜੀ। ਤੁਸੀਂ ਆਪਣੇ ਮਸਲੇ ਦੱਸਣ ਵਾਲੇ ਬਣੋ। ਮੈਂ ਲਿਖਣ ਲਈ ਹਰ ਸਮੇਂ ਹਾਜ਼ਰ ਹਾਂ। ਤੁਸੀਂ ਤਾਂ ਆਪਣੀ ਈਮੇਲ ਇਸ ਪ੍ਰਕਾਰ ਸ਼ੁਰੂ ਕੀਤੀ ਹੈ ਜਿਵੇਂ ਸ਼ਬਦਾਂ ਦੀ ਪਰੇਡ ਕਰਾ ਰਹੇ ਹੋਵੋ।” “ਵੀਰ ਜੀ, ਸਾਡੀ ਫੋਜੀਆਂ ਦੀ ਆਦਤ ਹੀ ਇਸ ਪ੍ਰਕਾਰ ਦੀ ਬਣਾ ਦਿੱਤੀ ਜਾਂਦੀ ਹੈ। ਹਰ ਕੰਮ ਤਰਤੀਬ ਨਾਲ ਤੇ ਸਮੇਂ ਸਿਰ। ਤੁਸੀਂ ਜਾਣਦੇ ਹੀ ਹੋ ਕਿ ਅਨੁਸ਼ਾਸਨ ਫੌਜੀ ਜੀਵਨ ਦਾ ਧੁਰਾ ਹੁੰਦਾ ਏ। ਜੋ ਹੁਕਮ ਸਿਖਰ ਤੋਂ ਹੋ ਗਿਆ ਉਹ ਹੇਠਾਂ ਤੱਕ ਬਿਨਾ ਕਿਸੇ ਰੋਕ ਟੋਕ ਦੇ ਮੰਨਿਆ ਜਾਂਦਾ ਹੈ।” “ਬਾਈ ਜੀ, ਬਿਆਨ ਕਰੋ, ਕੀ ਕਹਿਣਾ ਚਾਹੁੰਦੇ ਹੋ? ਕੀ ਸਿਡਨੀ ਵਿਚ ਪੱਕੇ ਤੌਰ ਤੇ ਰਹਿੰਦੇ ਹੋ?” “ਨਹੀਂ ਜੀ, ਮੈਂ ਛੇ ਮਹੀਨੇ ਪੰਜਾਬ ਵਿਚ ਬਿਤਾਉਂਦਾ ਹਾਂ ਤੇ ਛੇ ਮਹੀਨੇ ਸਿਡਨੀ ਵਿਚ।” “ਇੰਜ ਕਿਉ?” “ਸਰਕਾਰਾਂ ਦੀਆਂ ਪਾਲਿਸੀਆਂ ਤੇ ਪਰਵਾਸ ਨਾਲ ਸੰਬੰਧਤ ਕਾਨੂੰਨ ਹੀ ਅਜੀਬ ਕਿਸਮ ਦੇ ਨੇ। ਛੇ ਮਹੀਨੇ ਬਾਦ ਸਿਡਨੀ ਛੱਡਣਾ ਹੀ ਪੈਂਦਾ ਏ। ਫਿਰ ਬੰਦਾ ਕਿੱਥੇ ਜਾਵੇ?” “ਕੀ ਫਿਰ ਪੰਜਾਬ ਵਿਚ ਆਪਣੇ ਪਿੰਡ ਜਾਂਦੇ ਹੋ? ਤੁਹਾਡੀ ਜੀਵਨ ਸਾਥਣ ਕਿੱਥੇ ਏ?” “ਜਾਂਦਾ ਤਾਂ ਪਿੰਡ ਹੀ ਹਾਂ। ਜੀਵਨ ਸਾਥਣ 2013 ਵਿਚ ਸਾਥ ਛੱਡ ਗਈ ਸੀ।” “ਪੂਰੀ ਹੋ ਗਈ ਸੀ?” “ਜੀ ਹਾਂ, ਉਹ ਰੱਬ ਨੂੰ ਪਿਆਰੀ ਹੋ ਗਈ ਸੀ।” “ਓਹ ਕਿਵੇਂ?” “ਗਾਲਬਲੈਡਰ ਦਾ ਕੈਂਸਰ ਸੀ। ਬੜਾ ਖਰਚਾ ਆਇਆ ਸੀ। 10 ਲੱਖ ਰੁਪਏ, ਬੱਸ ਫਿਰ ਵੀ ਨਾ ਬਚਾ ਸਕੇ।” “ਪਿੰਡ ਜਾ ਕੇ ਇਕੱਲੇ ਹੀ ਰਹਿੰਦੇ ਹੋ? ਪਿੰਡ ’ਚ ਹੋਰ ਕੌਣ ਹੈ? ਰੋਟੀ ਕੌਣ ਬਣਾਉਂਦਾ ਏ?” “ਪਿੰਡ ਇੱਕ ਗੋਰਖਾ ਰੱਖਿਆ ਹੋਇਆ ਏ। ਉਹ ਘਰ ਦਾ ਕੰਮ ਵੀ ਕਰਦਾ ਏ ਤੇ ਰੋਟੀ ਵੀ ਬਣਾ ਦਿੰਦਾ ਏ। ਨੌਕਰਾਂ ਦਾ ਵੀ ਖਤਰਾ ਹੀ ਰਹਿੰਦਾ ਏ। ਵਾਰਦਾਤਾਂ ਕਰਕੇ ਦੌੜ ਵੀ ਜਾਂਦੇ ਹਨ। ਪੰਜਾਬ ਵਿਚ ਬੜੀਆਂ ਅਜੀਬ ਅਜੀਬ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ। ਇੱਕ ਤਾਂ 83 ਸਾਲ ਦਾ ਹਾਂ, ਦੂਜਾ ਅੱਧ-ਪੱਚਧਾ ਐਨ.ਆਰ.ਆਈ ਵੀ ਹਾਂ।” “ਅੱਧ-ਪੱਚਧਾ ਤੋਂ ਕੀ ਭਾਵ?” “ਜਿਹੜਾ ਬੰਦਾ ਵਾਰ ਵਾਰ ਆਸਟ੍ਰੇਲੀਆ ਜਾਂ ਕੈਨੇਡਾ ਜਾਈ ਜਾਵੇ ਉਹ ਪੰਜਾਬ ਦੇ ਲੋਕਾਂ ਨੂੰ, ਖਾਸ ਕਰਕੇ ਨੌਕਰਾਂ ਚਾਕਰਾਂ ਨੂੰ ਅੱਧ-ਪੱਚਧਾ ਬਾਹਰਲਾ ਲੱਗਣ ਲੱਗ ਪੈਂਦਾ ਏ। ਜੱਟਾਂ ਜ਼ਮੀਂਦਾਰਾਂ ਪਾਸ ਜਮੀਨ ਤਾਂ ਥੋੜ੍ਹੀ ਬਹੁਤ ਹੁੰਦੀ ਹੀ ਏ। ਕਈਆਂ ਨੂੰ ਨੌਕਰੀ ਦੀ ਪੈਨਸ਼ਨ ਵੀ ਹੁੰਦੀ ਏ। ਲੁਟੇਰਿਆਂ ਤੇ ਨੌਕਰ ਚਾਕਰਾਂ ਨੂੰ ਦੋ ਆਮਦਨਾਂ ਤਾਂ ਦਿਸਦੀਆਂ ਹੀ ਹੁੰਦੀਆਂ ਹਨ–ਜਮੀਨ ਦੀ ਤੇ ਪੈਨਸ਼ਨ ਦੀ। ਤੀਜਾ ਲੈਵਲ ਬੰਦੇ ਤੇ ਬਾਹਰਲਾ ਲੱਗ ਜਾਂਦਾ ਏ। ਜੇ ਬੰਦਾ ਬਾਹਰ ਨਾ ਵੀ ਪੱਕਾ ਹੋਇਆ ਹੋਵੇ ਫਿਰ ਵੀ ਲੁਟੇਰੇ ਤੇ ਨੌਕਰ ਚਾਕਰ ਇਹ ਤਾਂ ਅੰਦਾਜ਼ਾ ਲਗਾਉਂਦੇ ਹੀ ਰਹਿੰਦੇ ਹਨ ਕਿ ਬੰਦਾ ਬਾਹਰੋਂ ਆਉਂਦਾ ਹੋਇਆ ਪੰਜ ਚਾਰ ਬਾਹਰ ਦੀਆਂ ਚੀਜ਼ਾਂ ਤਾਂ ਲਿਆਇਆ ਹੀ ਹੋਊ। ਜਦ ਅਸੀਂ ਬਾਹਰੋਂ ਪੰਜਾਬ ਨੂੰ ਜਾਂਦੇ ਹਾਂ ਤਾਂ ਸਾਡੇ ਪਾਸ ਦੋ ਕੁ ਤਾਂ ਵੱਡੇ ਵੱਡੇ ਅਟੈਚੀ ਹੁੰਦੇ ਹੀ ਹਨ। ਅਸੀਂ ਇਹ ਅਟੈਚੀ ਦਿਲੀਓਂ ਪੰਜਾਬ ਨੂੰ ਜਾਂਦੇ ਸਮੇਂ ਆਪਣੇ ਵਾਹਨਾਂ ਦੇ ਸਿਖਰ ਸੱਜਾ ਕੇ ਵੀ ਅਕਸਰ ਸਫਰ ਕਰਦੇ ਹਾਂ। ਇੰਜ ਕਰਕੇ ਅਸੀਂ ਫਖਰ ਵੀ ਮਹਿਸੂਸ ਕਰਦੇ ਹਾਂ। ਚੋਰ ਉਚੱਕੇ ਐਨ.ਆਰ.ਆਈ. ਨੂੰ ਪਛਾਨਣ ਵਿਚ ਮਿੰਟ ਵੀ ਨਹੀਂ ਲਗਾਉਂਦੇ। ਮਜ਼ਬੂਰੀ ਵਿਚ ਜਾਂ ਜਾਣ ਬੁੱਝ ਕੇ ਹੁਣ ਅਸੀਂ ਇਕ ਹੋਰ ਬਹੁਤ ਘਟੀਆ ਕੰਮ ਕਰਨ ਲੱਗ ਪਏ ਹਾਂ। ਅਣਜਾਣ ਟੈਕਸੀ ਵਾਲਾ ਲੈ ਕੇ ਤੁਰ ਪੈਂਦੇ ਹਾਂ। ਸਫਰ ਅਕਸਰ ਅੱਧਾ-ਪਚੱਧਾ ਰਾਤ ਦਾ ਹੁੰਦਾ ਹੀ ਏ। ਅਸੀਂ ਇੰਨੇ ਕਾਹਲੇ ਹੁੰਦੇ ਹਾਂ ਕਿ ਜਹਾਜ਼ ਤੋਂ ਉਤਰ ਕੇ ਚੰਦ ਘੰਟੇ ਦਿਨ ਚੜ੍ਹਨ ਦਾ ਇੰਤਜ਼ਾਰ ਵੀ ਨਹੀਂ ਕਰਦੇ। ਅਣਜਾਣ ਟੈਕਸੀ ਵਾਲਾ ਸਾਨੂੰ ਚੁੱਕ ਕੇ ਤੁਰ ਪੈਂਦਾ ਏ ਤੇ ਨਾਲ ਹੀ ਆਪਣੇ ਕਿਸੇ ਸਾਥੀ ਨੂੰ ਮੋਬਾਇਲ ਫੋਨ ਤੇ ਕਿਸੇ ਉਜਾੜ ਥਾਂ ਤੇ ਹੱਥ ਦੇਣ ਨੂੰ ਕਹਿ ਦਿੰਦਾ ਏ। ਅਸੀਂ ਮੁਸਾਫਰ ਆਪਣੇ ਜੱਦੀ ਘਰ ਵਲ ਨੂੰ ਜਾ ਰਹੇ ਅੰਤਾਂ ਦੇ ਖੁਸ਼ ਹੁੰਦੇ ਹਾਂ। ਦੁੱਖ ਦਾ ਪਹਾੜ ਉਦੋਂ ਗਿਰਦਾ ਹੈ ਜਦ ਰਾਹ ਵਿਚ ਡਰਾਈਵਰ ਦਾ ਸਾਥੀ ਲੁਟੇਰਾ ਵਾਹਨ ਨੂੰ ਹੱਥ ਦੇ ਕੇ ਰੁਕਵਾ ਕੇ ਚੜ੍ਹ ਜਾਂਦਾ ਏ। ਫਿਰ ਇਹ ਦੋਵੇਂ ਮੁਸਾਫਰ ਨਾਲ ਕਿਵੇਂ ਪੇਸ਼ ਆਉਂਦੇ ਹਨ–ਤੁਸੀਂ ਖੁਦ ਹੀ ਕਲਪਨਾ ਕਰ ਸਕਦੇ ਹੋ। ਮੈਂ 83 ਸਾਲ ਦੀ ਉਮਰ ਦਾ ਬੰਦਾ ਵਾਰ ਵਾਰ ਦਿੱਲੀ ਤੋਂ ਪੰਜਾਬ ਨੂੰ ਕਿੰਜ ਜਾਂਦਾ ਹਾਂ, ਇਹ ਮੈਂ ਹੀ ਜਾਣਦਾ ਹਾਂ। ਮੇਰਾ ਮੁੰਡਾ ਸਿਡਨੀ ਵਿਚ ਹੈ। ਮੇਰੀ ਕੁੜੀ ਮੁਕਤਸਰ ਦੇ ਨੇੜੇ ਰਹਿੰਦੀ ਏ। ਉਹ ਸਾਨੂੰ ਬੁੱਢੇ ਠੇਰਿਆਂ ਨੂੰ ਸੰਭਾਲ ਤਾਂ ਰਹੇ ਹਨ ਪਰ ਉਹ ਸਾਡੇ ਨਾਲ ਕਿੱਥੇ ਕਿੱਥੇ ਤੁਰੇ ਫਿਰਨ?” “ਕੀ ਸਿਡਨੀ ਵਿੱਚ ਪੱਕੇ ਤੋਰ ਤੇ ਨਹੀਂ ਰਹਿ ਰਹੇ ਹੋ?” “ਜੇ ਇੰਜ ਹੁੰਦਾ ਤਾਂ ਮੈਨੂੰ ਸਰਕਾਰਾਂ ਦਾ ਸਿਆਪਾ ਕਰਨ ਦੀ ਕੀ ਜਰੂਰਤ ਸੀ? ਮੈਂ ਛੇ ਮਹੀਨੇ ਪੰਜਾਬ ਵਿਚ ਗੁਜ਼ਾਰਦਾ ਹਾਂ ਤੇ ਛੇ ਸਿਡਨੀ ਵਿਚ।” “ਇੰਜ ਕਿਉਂ?” “ਹੈਰਾਨ ਹਾਂ ਕਿ ਤੁਸੀਂ ਪੜ੍ਹੇ ਲਿਖੇ ਹੋ ਕੇ ਵੀ ਸਾਡਿਆਂ ਇਹ ਮੁਸ਼ਕਲਾਂ ਨਹੀਂ ਜਾਣਦੇ। ਛੇ ਮਹੀਨੇ ਬਾਦ ਸਾਨੂੰ ਸਿਡਨੀ ਛੱਡਣਾ ਹੀ ਪੈਂਦਾ ਹੈ। ਇਸੇ ਪ੍ਰਕਾਰ ਬਹੁਤ ਸਾਰੇ ਸੀਨੀਅਰ ਸਿਟੀਜਨਜ਼ ਸਰੀ, ਬਰੈਂਪਟਨ ਤੇ ਟਰੌਂਟੋ ਛੱਡਦੇ ਹਨ।” “ਕੀ ਲੜਕੀ ਪਾਸ ਮੁਕਤਸਰ ਨਹੀਂ ਰਹਿ ਸਕਦੇ?” “ਲੜਕੀ ਦੇ ਘਰ ਇੱਕ ਬੁੱਢਾ ਪਿਓ ਕਿੰਨਾ ਕੁ ਚਿਰ ਰਹਿ ਸਕਦਾ ਏ? ਸਿੱਖੀ ਸੰਸਕਾਰਾਂ ਅਨੁਸਾਰ ਤਾਂ ਇੱਕ ਲੜਕੀ ਦੇ ਘਰ ਮਾਪਿਆਂ ਨੂੰ ਰਹਿਣਾ ਹੀ ਨਹੀਂ ਚਾਹੀਦਾ।” “ਕੀ ਲੜਕੀ ਦਾ ਪਰਿਵਾਰ ਸਾਂਝਾ ਪਰਿਵਾਰ ਏ ਜਾਂ ਅਕਹਿਰਾ?” “ਹੈ ਤਾਂ ਸਿੰਗਲ ਪਰਿਵਾਰ ਹੀ, ਫਿਰ ਵੀ ਬੰਦਾ ਉਥੇ ਲੰਮਾ ਸਮਾਂ ਨਹੀਂ ਰਹਿ ਸਕਦਾ। ਜਵਾਈ ਖੇਤੀ ਕਰਦਾ ਏ। ਦੋ ਬੱਚੇ ਹਨ। ਲੜਕਾ ਯੂਨੀਵਰਸਿਟੀ ਵਿਚ ਐਮ.ਏ. ਕਰਦਾ ਏ। ਲੜਕੀ ਸਰਕਾਰੀ ਕਾਲਜ ਵਿਚ ਬੀ.ਐਸ.ਸੀ. ਕਰਦੀ ਏ।” “ਫਿਰ ਪੰਜਾਬ ਵਿਚ ਜ਼ਿਆਦਾ ਸਮਾਂ ਕਿਵੇਂ ਬਤੀਤ ਕਰਦੇ ਹੋ?” “ਦੋ ਗੁਰਦੁਆਰਿਆਂ ਵਿਚ।” “ਉਹ ਦੋ ਗੁਰਦੁਆਰੇ ਕਿਹੜੇ?” “ਆਨੰਦਪੁਰ ਸਾਹਿਬ ਤੇ ਮੇਰੇ ਪਿੰਡ ਦਾ ਗੁਰੂਘਰ। ਗੁਰਬਾਣੀ ਦਾ ਪਰਵਾਹ ਚਲਦਾ ਰਹਿੰਦਾ ਏ। ਸੰਗੀ ਸਾਥੀ ਵੀ ਬਹੁਤ ਹਨ। ਕਦੀ ਕਦੀ ਧਾਰਮਿਕ ਕਵਿਤਾਵਾਂ ਵੀ ਬੋਲ ਦਿੰਦਾ ਹਾਂ। ਸਮਾਂ ਬੜਾ ਵਧੀਆ ਗੁਜ਼ਰਦਾ ਏ।” “ਪਿੰਡ ਕਿੱਥੇ ਪੈਂਦਾ ਏ?” “ਮੇਰੇ ਪਿਛੋਕੜ ਦੀ ਗਾਥਾ ਬੜੀ ਨਿਆਰੀ ਏ।” “ਉਹ ਕਿਵੇਂ?” “ਮੇਰਾ ਪਿਛਲਾ ਪਿੰਡ ਉੱਥੇ ਸੀ ਜਿੱਥੇ ਚੰਡੀਗੜ੍ਹ ਦਾ ਪੀ.ਜੀ.ਆਈ. ਹਸਪਤਾਲ ਏ।” “ਇਹ ਤਾਂ ਤੁਸੀਂ ਬਹੁਤ ਪੁਰਾਣੀਆਂ ਗੱਲਾਂ ਕਰਨ ਲੱਗ ਪਏ ਹੋ?” “ਹਾਂ, 70 ਕੁ ਸਾਲ ਪੁਰਾਣੀਆਂ ਗੱਲਾਂ ਹੀ ਹਨ। ਸਾਡਾ ਪਿੰਡ ਅੱਜ ਦੀ ਪੀ.ਜੀ.ਆਈ. ਸੈਕਟਰ 12 ਵਾਲੀ ਥਾਂ ਤੇ ਸ਼ਹਿਜਾਦ ਪੁਰ ਹੁੰਦਾ ਸੀ। 1952 ਵਿਚ 28 ਪਿੰਡ ਉਜਾੜ ਕੇ ਚੰਡੀਗੜ੍ਹ ਬਣਿਆ ਸੀ। ਸਭ ਤੋਂ ਪਹਿਲਾਂ ਨਗਲਾ ਪਿੰਡ ਉਜਾੜਿਆ ਸੀ। ਇਹ ਹੁਣ ਦੇ 19 ਸੈਕਟਰ ਦੀ ਥਾਂ ਤੇ ਸੀ। ਸਾਡੇ ਪਿੰਡ ਦੇ ਸੌ ਕੁ ਘਰ ਸਨ। ਉਹਨਾਂ ਨੂੰ ਉਜਾੜ ਕੇ ਪੰਚਕੂਲਾ ਤੇ ਮਨੀਮਾਜਰਾ ਵਸਾ ਦਿੱਤੇ ਗਏ ਸਨ। ਸਰਕਾਰ ਨੇ ਜ਼ਮੀਨਾਂ ਭੰਗ ਦੇ ਭਾੜੇ ਅਕਵਾਇਰ ਕਰ ਲਟੀਆਂ ਸਨ। ਸ਼ਾਮਲਾਟਾਂ ਮੁਫ਼ਤ ਵਿਚ ਹੀ ਹੱੜਪ ਕਰ ਲਈਆਂ ਸਨ। ਪਹਿਆਂ ਅਤੇ ਖੂਹਾਂ ਦਾ ਵੀ ਕੋਈ ਪੈਸਾ ਨਹੀਂ ਦਿੱਤਾ ਸੀ। ਮੈਂ ਉਹਨਾਂ ਸਮਿਆਂ ਵਿਚ ਫੌਜ ਵਿਚ ਭਰਤੀ ਹੋ ਗਿਆ ਸੀ। ਉਦੋਂ ਪੀ.ਜੀ.ਆਈ. ਬਣਨੀ ਸ਼ੁਰੂ ਹੋ ਗਈ ਸੀ। 1966 ਵਿਚ ਪੰਜਾਬ ਦੀ ਵੰਡ ਵੇਲੇ ਸਾਡਾ ਦੁਬਾਰਾ ਉਜਾੜਾ ਹੋਇਆ। ਸਾਨੂੰ ਇਹ ਕਹਿ ਕੇ ਉਜਾੜ ਦਿੱਤਾ ਗਿਆ ਸਾਡਾ ਪਿੰਡ ਹਰਿਆਣੇ ਦਾ ਹਿੱਸਾ ਬਣ ਗਿਆ ਏ। ਇਸ ਲਈ ਫਿਰ ਸਾਨੂੰ ਨਵੇਂ ਬਣੇ ਪੰਜਾਬ ਵਿਚ ਦੋਹਾਂ ਸੂਬਿਆਂ ਦੀ ਸੀਮਾ ਨਾਲ ਅਲਾਟਮੈਂਟ ਹੋਈ। 14 ਸੈਕਟਰ ਯੂਨੀਵਰਸਿਟੀ ਵਾਲੀ ਥਾਂ ਤੇ ਪਿੰਡ ਕਾਂਜੀ ਮਾਜਰਾ ਹੁੰਦਾ ਸੀ। ਉਸਦੇ ਸਿਰਫ਼ 20 ਕੁ ਕੱਚੇ ਘਰ ਸਨ। ਸੁਖਨਾ ਝੀਲ ਦੀ ਥਾਂ ਤੇ ਵਰਿਆਮੇ ਦਾ ਛੱਪੜ ਹੁੰਦਾ ਸੀ।” “ਬਾਈ ਜੀ, ਤੁਸੀਂ ਤਾਂ ਸਾਰੇ ਇਲਾਕੇ ਬਾਰੇ ਦੱਸਣ ਲਗ ਪਏ ਹੋ। ਇਹ ਗੱਲਾਂ ਛੱਡੋ। ਸਿਰਫ਼ ਆਪਣੀਆਂ ਮੁਸ਼ਕਲਾਂ ਤੇ ਹੀ ਚਾਨਣਾ ਪਾਓ।” “ਮੈ ਤਾਂ ਲੰਬਾ ਸਮਾ ਕਸ਼ਮੀਰ ਵਿਚ ਹੀ ਤਾਇਨਾਤ ਰਿਹਾ। ਦੋ ਲੜਾਈਆਂ ਵਿਚ ਹਿੱਸਾ ਲਿਆ। ਜ਼ਿਆਦਾ ਠੰਢ ਵਿਚ ਰਹਿਣ ਕਰਕੇ ਦੋ ਤਿੰਨ ਵਾਰ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪਿਆ। ਪਹਿਲਾਂ ਉਜੜਦੇ ਪੁਜੜਦੇ ਰਹੇ। ਪਰਿਵਾਰ ਨੇ 47 ਵਿਚ ਲੁੱਟਾਂ ਖੋਹਾਂ ਦਾ ਸਾਹਮਣਾ ਕੀਤਾ। 52 ਵਿਚ ਘਰ ਬਾਰ ਜ਼ਮੀਨ ਖਤਮ। ਮਨੀਮਾਜਰੇ ਘੱਟ ਅਲਾਟਮੈਂਟ ਹੋਈ, ਕੁਆਟਰ ਲਈ ਥੋੜ੍ਹਾ ਥਾਂ ਮਿਲਿਆ। 1966 ਦੇ ਦੁਬਾਰਾ ਉਜਾੜੇ ਬਾਰੇ ਮੈਂ ਤੁਹਾਨੂੰ ਦੱਸ ਹੀ ਚੁਕਾ ਹਾਂ। ਹੁਣ ਪੰਜਾਬ ਤੇ ਸਿਡਨੀ ਵਿਚ ਉਡਣਖਟੋਲਾ ਬਣਿਆ ਰਹਿੰਦਾ ਹਾਂ। ਸਰਕਾਰਾਂ ਸੀਨੀਅਰਾਂ ਦੇ ਜ਼ਖਮਾਂ ਤੇ ਲੂਣ ਛਿੜਕਦੀਆਂ ਰਹਿੰਦੀਆਂ ਹਨ। ਜਿਹਨੇ ਦੇਸ਼ ਲਈ ਅੰਤਾਂ ਦੀਆ ਤਕਲੀਫਾਂ ਝੱਲੀਆਂ ਹੋਣ ਉਹਨਾਂ ਨੂੰ ਕਿਤੇ ਤਾਂ ਇੱਕ ਥਾਂ ਟਿਕ ਕੇ ਬੈਠ ਲੈਣ ਦਿਓ। ਆਸਟਰੇਲੀਆ ਅਤੇ ਕੈਨੇਡਾ ਜਿਹੇ ਦੇਸ਼ਾਂ ਨੂੰ ਚਾਹੀਦਾ ਹੈ ਕਿ 75 ਸਾਲ ਤੋਂ ਉੱਪਰ ਵਾਲੇ ਸਭ ਸੀਨੀਅਰਜ ਨੂੰ ਪੱਕੇ ਕਰ ਦੇਣ ਤਾਂ ਕਿ ਉਹ ਆਪਣੇ ਰਹਿੰਦੇ ਚੰਦ ਸਾਲ ਕਿਤੇ ਟਿਕ ਕੇ ਬੈਠ ਕੇ ਕੱਟ ਲੈਣ। ਉਹਨਾਂ ਦੇ ਬੱਚੇ ਇਹਨਾਂ ਦੇਸ਼ਾਂ ਲਈ ਅੰਤਾਂ ਦਾ ਕੰਮ ਕਰ ਰਹੇ ਹਨ ਤੇ ਟੈਕਸ ਦੇ ਰਹੇ ਹਨ। ਜੇ ਇਹ ਦੇਸ਼ ਚੰਦ ਸਾਲ ਇਹਨਾਂ ਨੂੰ ਪੈਨਸ਼ਨ ਦੇ ਦੇਣ ਤਾਂ ਇਹਨਾਂ ਦੇਸ਼ਾਂ ਦੀ ਸੋਭਾ ਹੋਊ।” “ਬਾਈ ਜੀ, ਸਿਡਨੀ ਕਿੱਥੇ ਰਹਿੰਦੇ ਹੋ?” “ਕੈਲੀਵੇਲ ਰਿੱਜ।” “ਫਿਰ ਤਾਂ ਗਲੈਨਵੁੱਡ ਗੁਰੂਘਰ ਦੇ ਨੇੜੇ ਹੀ ਹੋ।” “ਜੀ ਹਾਂ, ਮੈ ਹਰ ਵੀਕ ਐਂਡ ਤੇ ਗੁਰੂਘਰ ਜਾਂਦਾ ਹੀ ਹਾਂ।” “ਅੱਛੀ ਖਾਸੀ ਪੈਨਸ਼ਨ ਭਾਰਤ ਵਿਚ ਤਾਂ ਲੈਂਦੇ ਹੀ ਹੋਵੇਗੇ ਕੁਝ ਨਾ ਕੁਝ ਜੱਦੀ ਜ਼ਮੀਨ ਵੀ ਹੋਊ?” “ਜ਼ਮੀਨ ਅਤੇ ਘਰ ਦੇ ਉਜਾੜੇ ਦੀ ਵਾਰਤਾ ਮੈਂ ਤੁਹਾਨੁੰ ਸੁਣਾ ਹੀ ਦਿੱਤੀ ਏ। ਹਾਂ, ਛੋਟਾ ਜਿਹਾ ਘਰ ਜ਼ਰੂਰ ਏ। ਜ਼ਮੀਨ ਵੀ ਥੋੜ੍ਹੀ ਜਿਹੀ। ਪਹਿਲਾਂ ਹੀ ਵੇਚ ਕੇ ਬੱਚਿਆਂ ਦੀ ਪੜ੍ਹਾਈ ਤੇ ਲਗਾ ਦਿੱਤੀ ਸੀ। ਪੈਨਸ਼ਨ ਨਾਲ ਬਿਮਾਰੀਆਂ ਦਾ ਮੁਕਾਬਲਾ ਕਰਾਂ ਜਾਂ ਹਵਾਈ ਖਰਚ ਝੱਲਾਂ? ਤੁਸੀਂ ਸੋਚੋ, ਇੱਕ 83 ਸਾਲ ਦਾ ਬੁੱਢਾ ਬੰਦਾ ਹਰ ਛੇ ਮਹੀਨੇ ਬਾਦ ਅੰਤਰ ਰਾਸ਼ਟਰੀ ਸਫ਼ਰ ਕਰੇ ਤੇ ਨਾਲ ਤਿੰਨ ਲੱਖ ਖਰਚ ਕਰੇ। ਕੀ ਇਹ ਸੌਖਾ ਕੰਮ ਏ? ਅਸਲੀ ਤੌਖਲਾ–ਇੱਧਰ ਵੀ ਇਕਾਂਤ ਤੇ ਉੱਧਰ ਵੀ ਇਕਾਂਤ। ਔਲਾਦ ਸਾਡੇ ਜਿਹਿਆਂ ਨੂੰ ਸੀਮਤ ਸਮਾਂ ਹੀ ਦਿੰਦੀ ਏ। ਗੁਰੂਘਰ ਵਿਚ ਕੁਝ ਸਨੇਹੀ ਜ਼ਰੂਰ ਬਣ ਜਾਂਦੇ ਹਨ ਪਰ ਉਹ ਸਭ ਕੁਝ ਨਹੀ ਹੁੰਦੇ। ਸਿਡਨੀ ਵਿਚ ਆ ਕੇ ਤੋਰਾ ਫੇਰਾ ਅਤਿਅੰਤ ਔਖਾ ਹੋ ਜਾਂਦਾ ਏ। ਬੱਸਾਂ ਦੇ ਰੂਟ ਦਾ ਚੱਜ ਨਾਲ ਪਤਾ ਨਹੀਂ ਲੱਗਦਾ, ਬੋਲੀ ਦਾ ਮਸਲਾ ਏ, ਸੀਨੀਅਰਜ਼ ਦੀ ਸੱਥ ਤੱਕ ਪਹੁੰਚਣਾ ਵੀ ਇੱਕ ਬਿਰਧ ਲਈ ਬੜਾ ਔਖਾ ਹੋ ਜਾਂਦਾ ਏ। ਜਦ ਦਿੱਲੀ ਦੇ ਏਅਰਪੋਰਟ ਤੇ ਉਤਰਦਾ ਹਾਂ ਤਾਂ ਇਸ ਬੁਢਾਪੇ ਵਿਚ ਪੰਜਾਬ ਦੀ ਬਸ ਫੜਦਾ ਹਾਂ। ਲੜਕੀ ਦਾ ਪਰਿਵਾਰ ਕਦੀ ਕਦੀ ਤਾਂ ਲੈਣ ਆ ਜਾਂਦਾ ਏ ਪਰ ਹਮੇਸ਼ਾ ਨਹੀਂ। ਇੱਧਰ ਤੇ ਉੱਧਰ ਦੋ ਪਰਿਵਾਰਾਂ ਨੂੰ ਖੁਸ਼ ਰਖਣ ਲਈ ਬੱਚਿਆਂ ਨੂੰ ਬਣਦੇ ਸਰਦੇ ਤੋਹਫ਼ੇ ਦੇ ਦਿੰਦਾ ਹਾਂ। ਹੋਰ ਮੇਰੇ ਪਾਸ ਕੁਝ ਖਾਸ ਨਹੀਂ ਏ। ਕਿਸੇ ਨਾਲ ਦਿਲੋਂ ਆਪਣਾ ਦੁੱਖ ਸੁੱਖ ਸਾਂਝਾ ਨਹੀਂ ਕਰ ਸਕਦਾ ਮੈਨੂੰ ਸਮਝ ਨਹੀਂ ਆਉਂਦੀ ਸਾਡੇ ਜਿਹੇ ਚੰਦ ਕੁ ਬਜ਼ੁਰਗਾਂ ਦਾ ਸਰਕਾਰਾਂ ਤੇ ਕੀ ਭਾਰ ਪੈ ਜਾਊ। ਜੇ ਪੱਕੇ ਨਹੀਂ ਕਰਨਾ ਤਾਂ ਘੱਟ ਤੋ ਘੱਟ ਬਿਨਾ ਬੁਢਾਪਾ ਪੈਨਸ਼ਨ ਦੇ ਇੱਕ ਥਾਂ ਟਿਕ ਕੇ ਤਾਂ ਰਹਿ ਲੈਣ ਦਿਓ। ਸਾਡੀ ਹੋਰ ਜਿੰਦਗੀ ਕਿੰਨੀ ਕੁ ਏ ਹੁਣ? ਨਦੀ ਕਿਨਾਰੇ ਰੁਖੜਾ। ਪੰਜਾਬ ਜਾਂਦਾ ਹਾਂ ਤਾਂ ਚਲੋ ਚਲ। ਕਦੀ ਪਿੰਡ, ਕਦੀ ਮੁਕਤਸਰ ਤੇ ਕਦੀ ਆਪਣੀ ਭੈਣ ਦੇ ਪਿੰਡ ਬਠਿੰਡੇ। ਸਿਡਨੀ ਆਉਂਦਾ ਹਾਂ ਤਾਂ ਘਰ ਤੱਕ ਸੀਮਤ ਹੋ ਕੇ ਰਹਿ ਜਾਂਦਾ ਹਾਂ। ਸਿਡਨੀ ਵਿਚ ਨਾ ਕੋਈ ਸਾਨੂੰ ਕਿਤੇ ਲਿਜਾਉਣ ਲਈ ਸਮਾਂ ਕੱਢਦਾ ਏ ਤੇ ਨਾ ਹੀ ਇਹਨਾਂ ਪਾਸ ਸਾਡੇ ਕੋਲ ਬੈਠਣ ਦਾ ਸਮਾਂ ਏ। ਅਸੀਂ ਬੱਚਿਆਂ ਪਾਸ ਬੈਠਣਾ ਚਾਹੁੰਦੇ ਹਾਂ, ਉਹ ਸਾਥੋਂ ਦੂਰ ਨੂੰ ਦੌੜਦੇ ਹਨ। ਪਿੱਛੇ ਜਿਹੇ ਨੂੰਹ ਕਹਿੰਦੀ ਬੁੱਢੇ ਨੇ ਅੰਗਰੇਜ਼ੀ ਦੇ ਸ਼ਬਦ ਘਰੋੜ ਘਰੋੜ ਬੋਲ ਕੇ ਸਾਡੇ ਬੱਚਿਆਂ ਦਾ ਬੋਲਣ ਦਾ ਲਹਿਜਾ ਖਰਾਬ ਕਰ ਦਿੱਤਾ। ਜੇ ਸਿਡਨੀ ਵਿਚ ਪੱਕਾ ਹੋਵਾਂ ਤਾਂ ਕਿਸੇ ਬੁਢਾਪਾ ਸੰਭਾਲ ਕੇਂਦਰ ਵਿਚ ਭਰਤੀ ਹੋਣ ਦੀ ਕੋਸ਼ਿਸ਼ ਵੀ ਕਰ ਸਕਦਾ ਹਾਂ। ਸੱਥਾਂ ਇੱਥੇ ਓਨੀਆਂ ਵੱਡੀਆਂ ਨਹੀਂ ਜਿੰਨੀਆਂ ਕੈਨੇਡਾ ਵਿਚ ਹਨ। ਜੇ ਪੱਕਾ ਹੋਵਾਂ ਤਾਂ ਸਫ਼ਰ ਦਾ ਖਰਚਾ ਵੀ ਘੱਟ ਸਕਦਾ ਏ।” “ਬਾਈ ਜੀ, ਗੱਲਾਂ ਤੁਹਾਡੀਆਂ ਕਾਫੀ ਠੀਕ ਹਨ। ਅਸੀਂ ਤਾਂ ਤੁਹਾਡੀ ਆਵਾਜ਼ ਸਰਕਾਰਾਂ ਤੱਕ ਹੀ ਪਹੁੰਚਾ ਸਕਦੇ ਹਾਂ, ਕਰ ਕੁਝ ਨਹੀਂ ਸਕਦੇ। ਤੁਹਾਨੁੰ ਗੁਰੂ ਘਰ ਦੇ ਮੁਹਤਬਰਾਂ ਰਾਹੀਂ ਵੀ ਆਪਣੀ ਤਕਲੀਫ਼ ਸਰਕਾਰ ਦੇ ਮੁੜ ਵਸਾਊ ਮਹਿਕਮੇ ਤੱਕ ਪਹੁੰਚਾਉਣੀ ਚਾਹੀਦੀ ਏ। ਤੁਹਾਡੀਆਂ ਮੁਸ਼ਕਲਾਂ ਦਾ ਇਮੀਗਰੇਸ਼ਨ ਮੰਤਰੀ ਨੂੰ ਵੀ ਪਤਾ ਲਗਣਾ ਚਾਹੀਦਾ ਏ। ਸ਼ਹਿਰ ਵਿਚ ਪ੍ਰਵਾਸ ਨਾਲ ਸੰਬਧਤ ਸਲਾਹ ਦੇਣ ਲਈ ਕਈ ਪ੍ਰਾਈਵੇਟ ਅਦਾਰੇ ਹਨ। ਆਪਣੇ ਵਿਚਾਰ ਇਹਨਾਂ ਨਾਲ ਵੀ ਸਾਂਝੇ ਕਰੋ। ਮੈਂ ਤੁਹਾਨੰ ਇਹਨਾਂ ਦੇ ਫ਼ੋਨ ਨੰਬਰ ਵੀ ਭੇਜ ਦਿੰਦਾ ਹਾਂ। ਇਹ ਸਭ ਪੰਜਾਬੀ ਵਿਚ ਗੱਲ ਕਰ ਲੈਂਦੇ ਹਨ।” ਜਦ ਮੈਂ ਹਫ਼ਤੇ ਕੁ ਬਾਦ ਚੀਮਾ ਕੰਮਲਟੈਂਸੀ ਵਾਲੇ ਧਰਮਜੀਤ ਨੂੰ ਕਲੱਬ ਵਿਚ ਮਿਲਿਆ ਤਾਂ ਉਹ ਕਹਿਣ ਲੱਗਾ, “ਭਾਜੀ, ਤੁਸੀਂ ਸਰੈਣ ਸਿੰਘ ਨੂੰ ਸਾਡੇ ਮਗਰ ਲੱਗਾ ਦਿੱਤਾ। ਉਹ ਫ਼ੋਨ ਕਰਨ ਤੋਂ ਹਟਦਾ ਹੀ ਨਹੀਂ। ਆਪਣਾ ਰੋਣਾ ਰੋਂਦੇ ਨੇ ਉਸਨੇ ਤਾਂ ਇੱਥੋਂ ਤੱਕ ਵੀ ਪੁੱਛ ਲਿਆ ਕਿ ਬੰਦੇ ਦੇ ਸਿਡਨੀ ਵਿਚ ਮਰਨ ਤੇ ਦਾਹ ਸੰਸਕਾਰ ਦਾ ਕਿੰਨਾ ਕੁ ਖਰਚ ਹੋ ਜਾਂਦਾ ਏ। ਜੇਕਰ ਮੈਂ ਇੱਥੇ ਪੂਰਾ ਹੋ ਗਿਆ ਤਾਂ ਮੇਰੇ ਲੜਕੇ ਨੇ ਤਾਂ ਮੇਰੇ ਸੰਸਕਾਰ ਤੇ ਵੀ ਖੁੱਲ੍ਹਾ ਖਰਚ ਨਹੀਂ ਕਰਨਾ। ਜੇ ਉਹ ਦੱਸ ਹਜ਼ਾਰ ਡਾਲਰ ਲਾਊ ਤਾਂ ਤਕਰੀਬਨ ਛੇ ਲੱਖ ਰੁਪਏ ਬਣ ਜਾਂਦੇ ਹਨ। ਇੱਥੇ ਔਲਾਦ ਗਿਣਤੀ ਮਿਣਤੀ ਵਿਚ ਪੈ ਹੀ ਜਾਂਦੀ ਏ। ਫਿਰ ਕਹੀ ਜਾਵੇ, ਜੇ ਮੈਂ ਪੰਜਾਬ ਮਰਦਾ ਹਾਂ ਤਾਂ ਘੱਟ ਖਰਚੇ ਨਾਲ ਵੱਡਾ ਪ੍ਰੋਗਰਾਮ ਹੋ ਜਾਊ। ਸਿਰਫ਼ ਦੋ ਕੁ ਲੱਖ ਨਾਲ ਹੀ ਸਰ ਜਾਊ। ਸਿਡਨੀ ਵਿਚ ਤਾਂ ਬੰਦੇ ਦੇ ਭੋਗ ਦਾ ਵੀ ਚੱਜ ਨਾਲ ਪਤਾ ਨਹੀਂ ਲਗਦਾ। ਇੱਥੇ ਤਾਂ ਔਲਾਦ ਮਰੇ ਬੰਦੇ ਦੇ ਫੁੱਲ ਪੰਜਾਬ ਵਿਚ ਲਿਜਾਉਣ ਤੋਂ ਵੀ ਘੌਲ ਕਰਦੀ ਰਹਿੰਦੀ ਏ। ਸੁਣਿਆਂ, ਇੱਥੇ ਦਾਹ ਸੰਸਕਾਰ ਲਈ ਬੀਮਾ ਵੀ ਹੋ ਜਾਂਦਾ ਏ। ਕੀ ਇਹ ਸੱਚ ਏ ਕਿ ਕਈ ਗੋਰੇ ਆਪਣੀ ਕਬਰ ਦਾ ਖਰਚਾ ਪਹਿਲਾਂ ਤੋਂ ਹੀ ਕਿਸ਼ਤਾਂ ਵਿਚ ਦਿੰਦੇ ਰਹਿੰਦੇ ਹਨ?” ਮੈਂ ਧਰਮਜੀਤ ਦੀਆਂ ਗੱਲਾਂ ਸੁਣ ਕੇ ਆਪਣੇ ਹੱਥ ਵਿਚਲਾ ਬਚਿੰਤ ਕੌਰ ਦਾ ਨਾਵਲ ‘ਦਾ ਲਾਸਟ ਪੇਜ਼’ ਦੇਖਣ ਲੱਗ ਪਿਆ। ਇਹ ਨਾਵਲ ਮੈਂ ਲਾਇਬ੍ਰੇਰੀ ਵਿੱਚੋਂ ਕਢਵਾ ਕੇ ਲਿਆਇਆ ਹੀ ਸਾਂ। ਬਚਿੰਤ ਕੌਰ ਲਿਖਦੀ ਏ : “ਅਮਰੀਕਨ ਸਿਟੀਜ਼ਨਾਂ ਨੂੰ ਤਾਂ ‘ਓਲਡ ਹਾਊਸ’ ਵਿਚ ਉਸ ਵੇਲੇ ਭੇਜ ਦਿੱਤਾ ਜਾਂਦਾ ਏ ਜਦੋਂ ਉਹ ਆਪਣੇ ਹੱਥਾਂ ਪੈਰਾਂ ਤੋਂ ਲਾਚਾਰ ਜਾਂ ਬਿਮਾਰ ਠੁਮਾਰ ਹੋ ਜਾਂਦੇ ਹਨ। ਸਰਕਾਰ ਵਲੋਂ ਉਨ੍ਹਾਂ ਦੀ ਦੇਖਭਾਲ ਹੁੰਦੀ ਏ। ਘਰ ਦੇ ਬੰਦੇ ਮਹੀਨੇ ਦੋ ਮਹੀਨੇ ਪਿਛੋਂ ਮਾਂ ਪਿਓ ਨੂੰ ਫਾਰਮੈਲਟੀ ਖਾਤਰ ‘ਹੈਲੋ ਮੰਮੀ, ਹੈਲੋ ਡੈਡੀ’ ਕਰ ਆਉਂਦੇ ਹਨ। ਪਰ ਬਹੁਤੀ ਮੁਸ਼ਕਲ ਉਨ੍ਹਾਂ ਅਨਪੜ੍ਹ ਲੋਕਾਂ ਨੂੰ ਹੁੰਦੀ ਏ ਜੋ ਨਾ ਅਜੇ ਅਮਰੀਕਨ ਸਿਟੀਜ਼ਨ ਹਨ, ਨਾ ਉਨ੍ਹਾਂ ਦਾ ਕੋਈ ਘਰ ਪਰਵਾਰ ਠੋਸ ਸਹਾਈ ਹੁੰਦਾ ਏ। ਇਹ ਬਜ਼ੁਰਗ ਵਿਦੇਸ਼ਾਂ ਵਿਚ ਆ ਕੇ ਨੂੰਹਾਂ ਧੀਆਂ ਦੇ ਬੰਗਲਿਆਂ ਵਿਚ ਘਰ ਦੇ ਕੂੜੇ ਦੀ ਤਰ੍ਹਾਂ ਪਏ ਰਹਿੰਦੇ ਹਨ। ਘਰ ਵਾਲਿਆਂ ਪਾਸ ਉਨ੍ਹਾਂ ਨੂੰ ਅਟੈਂਡ ਕਰਨ ਦਾ ਸਮਾਂ ਨਹੀਂ ਹੁੰਦਾ। ਸਰਕਾਰ ਪਾਸੋਂ ਉਨ੍ਹਾਂ ਨੂੰ ਮਿਲਦਾ ਕੁਝ ਨਹੀਂ ਕਿਉਂਕਿ ਉਹ ਪੱਕੇ ਨਾਗਰਿਕ ਨਹੀਂ ਹਨ। ਜੇ ਉਹ ਚੋਰੀ ਚੱਕਾਰੀ ਨਾਲ ਮਾੜਾ ਮੋਟਾ ਕੰਮ ਲੱਭ ਲੈਣ ਤਾਂ ਘਰ ਵਾਲੇ ਉਨ੍ਹਾਂ ਦੀ ਕਮਾਈ ਵਲ ਝਾਕਣਾ ਸ਼ੁਰੂ ਕਰ ਦਿੰਦੇ ਹਨ।” ਨਾਵਲ ਦੇ ਆਰੰਭ ਵਿਚ ਹੀ ਬੁੱਢਿਆਂ ਦੀਆਂ ਤਕਲੀਫਾਂ ਤੇ ਮਜਬੂਰੀਆਂ ਬਾਰੇ ਸੋਚਦਾ ਹੋਇਆ ਮੈਂ ਕਾਰ ਵਿਚ ਬੈਠ ਕੇ ਆਪਣੇ ਘਰ ਵਲ ਨੂੰ ਚਲ ਪਿਆ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
Dr. Avtar S. Sangha
BA ( Hons. English) MA English, Ph.D English--- Punjab
Graduate Dip In Education--- NSW ( Australia)
Lecturer in English in a college in Punjab for 25 years.
Teacher in Sydney--- 6 years
Now retired
Author of 8 books
**
sangha_avtar@hotmail.com
My latest book of short English fiction STORM IN A TEACUP AND OTHER STORIES can be seen on
DESIBUZZ CANADA
**
The Punjabi book of short stories edited by me and published by Azad Book Depot Amritsar 5 PARVAASI KAHANIKAAR is now available in the market.
**

by 