6 August 2026

ਮਨ ਦੀਆਂ ਗਹਿਰਾਈਆਂ ਵਿੱਚ ਵੱਸਦਾ… ਰਿਪੁਦਮਨ ਸਿੰਘ ਰੂਪ — ਡਾ. ਕੁਲਵਿੰਦਰ ਸਿੰਘ ਬਾਠ

ਦੋਸਤੋ, ‘ਵਸੀਅਤ’ ਦਾ ਨਾਮ ਲੈਂਦਿਆਂ ਜਾਂ ਸੁਣਦਿਆਂ ਹੀ ‘ਜਾਇਦਾਦ’ ਦਾ ਖ਼ਿਆਲ ਮਨੁੱਖ ਦੇ ਦਿਲ ਦਿਮਾਗ਼ ਅੰਦਰ ਖ਼ੁਦ-ਬ-ਖ਼ੁਦ ਉੱਸਲਵੱਟੇ ਲੈਣ ਲੱਗਦਾ ਹੈ। ਅਸੀਂ ਸੱਭ ਇਹ ਵੀ ਜਾਣਦੇ ਹਾਂ ਕਿ ਵਸੀਅਤ ਨਾਮਾ ਹਮੇਸ਼ਾ ਪੂਰੀ ਸੋਚ-ਸਮਝ, ਇੱਛਾ ਅਤੇ ਹੋਸ਼ ਵਿੱਚ ਤਿਆਰ ਕੀਤਾ ਜਾਂ ਕਰਵਾਇਆ ਜਾਂਦਾ ਹੈ। ਜਿਉਂਦੇ ਜਾਗਦੇ ਮਨੁੱਖ ਵਲੋਂ ਇਸ ਜਹਾਨ ਤੋਂ ਰੁਖ਼ਸਤ ਹੋ ਜਾਣ ਤੋਂ ਬਾਅਦ ਆਪਣੇ ਪਿਆਰਿਆਂ ਵਿੱਚ ਵੰਡੀ ਜਾਣ ਵਾਲੀ ਜਾਇਦਾਦ ਦਾ ਲੇਖਾ-ਜੋਖਾ।

ਜਾਇਦਾਦ ਨੂੰ ਬਹੁਤੇ ਲੋਕ ਦੁਨਿਆਵੀ ਪਦਾਰਥਾਂ ਨਾਲ ਜੋੜ ਕੇ ਹੀ ਦੇਖਦੇ ਹਨ। ਕੁਝ ਵਿਰਲਿਆਂ ‘ਚੋਂ ਵਿਰਲੇ ਹੀ ਹੁੰਦੇ ਹਨ ਜਿੰਨ੍ਹਾ ਦੇ ਜੀਵਨ ਦੀ ਬਹੁ-ਰੰਗੀ ਤੇ ਸੁਹਜਮਈ ਪਰਵਾਜ਼ ਵਿੱਚ ਪਦਾਰਥਾਂ ਦੇ ਬੇਲੋੜੇ ਬੋਲਬਾਲੇ ਦੀ ਬਜਾਏ ਉੱਤਮ ਵਿਚਾਰਾਂ ਅਤੇ ਨਿੱਗਰ ਸਰੋਕਾਰਾਂ ਦੀ ਤਰਜੀਹ ਦੇ ਗੂੜ੍ਹੇ ਤੇ ਵਿਲੱਖਣ ਰੰਗ ਰਮਣੀਕ ਅਤੇ ਚਿਰਜੀਵੀ ਪ੍ਰਭਾਵ ਪਾਉਂਦੇ ਹਨ। ਇੱਕ ਅਜਿਹੀ ਹੀ ਵਿਲੱਖਣ ਵਸੀਅਤ ਪਾਠਕਾਂ ਦੇ ਰੂਬਰੂ ਕਰਦੇ ਹਾਂ…
ਮੇਰੀ ਜਾਇਦਾਦ
ਮੇਰੇ ਮਗਰੋਂ
ਮੇਰੇ ਪੁੱਤਰਾਂ ਵਿਚ
ਮੇਰੀਆਂ ਧੀਆਂ ਵਿਚ
ਮੇਰੀਆਂ ਨੂੰਹਾਂ ਵਿਚ
ਅੱਗੋਂ ਉਹਨਾਂ ਦੇ ਪੁੱਤਰਾਂ, ਧੀਆਂ ਵਿਚ
ਪੋਤੇ ਪੋਤਰੀਆਂ ਵਿਚ
ਦੋਹਤੇ ਦੋਹਤਰੀਆਂ ਵਿਚ
ਬਰਾਬਰ ਬਰਾਬਰ ਵੰਡੀ ਜਾਵੇ
ਬਰਾਬਰ ਬਰਾਬਰ
ਕਾਣੀਆਂ ਵੰਡ ਨਾ ਹੋਵੇ
ਬਿਲਕੁਲ ਕਾਣੀ ਵੰਡ ਨਾ ਹੋਵੇ।
ਆਪਣੇ ਪਿਆਰਿਆਂ ਦੇ ਨਾਂਅ ਲਿਖੀ ਵਿਲੱਖਣ ਵਸੀਅਤ ਦੇ ਇਸ ਵਿਲੱਖਣ ਰੂਪ… ਨੂੰ ਪੜ੍ਹਦਿਆਂ ਜਾਂ ਸੁਣਦਿਆਂ ਮੇਰੇ ਵਰਗੇ ਸਧਾਰਨ ਪਾਠਕ ਦੀ ਅਜਿਹੇ ਵਸੀਅਤਨਾਮੇ ਵਾਲੇ ਸ਼ਖ਼ਸ ਵਿਚ ਉਤਸੁਕਤਾ ਦਾ ਜਾਗਣਾ ਕੋਈ ਅਸਚਰਜ ਜਾਂ ਅਚੰਭਾ ਨਹੀਂ। ਇਸ ਵਸੀਅਤ ਦਾ ਅਗਲਾ ਰੂਪ ਪੜ੍ਹਦਿਆਂ ਅਤੇ ਇਸ ਵਿਚਲੀ ਵਿਲੱਖਣ ਜਾਇਦਾਦ ਬਾਰੇ ਜਾਣਦਿਆਂ ਮੈਨੂੰ ਬਹੁਤੀ ਸ਼ੰਕਾ ਨਹੀਂ ਰਹੀ ਕਿ ਅਜਿਹਾ “ਰੂਪ” ਤਾਂ “ਰਿਪੁਦਮਨ ਸਿੰਘ ਰੂਪ” ਹੀ ਹੋ ਸਕਦਾ ਹੈ!
ਵਸੀਅਤ ਬਾਰੇ ਜਾਨਣ ਤੋਂ ਬਾਅਦ ਰਿਪੁਦਮਨ ਸਿੰਘ ਰੂਪ ਦੀ ਵਿਲੱਖਣ ਜਾਇਦਾਦ ਨੂੰ ਵੀ ਪਾਠਕਾਂ ਨਾਲ ਸਾਂਝਿਆਂ ਕਰਨਾ ਬਣਦਾ ਹੈ ਤਾਂ ਕਿ ਕੋਈ ਭਰਮ-ਭੁਲੇਖਾ ਨਾ ਰਹੇ…
ਮੇਰੀ ਜਾਇਦਾਦ
ਮੜਕ ਨਾਲ ਤੁਰਨਾ
ਹਿੱਕ ਤਾਨ ਕੇ ਚੱਲਣਾ
ਸੰਘਰਸ਼ ਕਰਨਾ
ਹੱਕਾਂ ਲਈ ਸੰਘਰਸ਼ ।
ਮੇਰੀ ਜਾਇਦਾਦ
ਨੇਕ ਕਮਾਈ ਕਰਨਾ
ਦੱਬੇ-ਕੁਚਲਿਆਂ ਨਾਲ ਖੜ੍ਹਨਾ
ਲੋਟੂਆਂ ਦੇ ਨਾਲ ਲੜਨਾ ।
ਮੇਰੀ ਜਾਇਦਾਦ
ਸਿਹਤਮੰਦ ਵਿਚਾਰਧਾਰਾ
ਉਲਾਰ ਨਾ ਹੋਣਾ
ਇੱਕ-ਪਾਸੜ ਨਾ ਹੋਣਾ
ਨਿਰਪੱਖ ਹੋਣਾ
ਲੱਗ-ਲਪੇਟ ਨਾ ਕਰਨਾ
ਸ਼ਬਦਾਂ ਦਾ ਜਾਲ ਨਾ ਬੁਣਨਾ
ਗੱਲਾਂ ਗੋਲ ਨਾ ਕਰਨਾ ।
ਮੇਰੀ ਜਾਇਦਾਦ
ਸਿੱਧਾ-ਸਪਾਟ ਹੋਣਾ
ਆਪਣੇ ਰਸਤੇ ਤੁਰਨਾ
ਖੱਬਾ ਸੱਜਾ ਦੇਖ ਕੇ ਚੱਲਣਾ
ਮਿੱਤਰ ਦੀ ਪਰਖ ਕਰਨਾ
ਦੁਸ਼ਮਣ ਦੀ ਪਹਿਚਾਨ ਕਰਨਾ ।
ਮੇਰੀ ਜਾਇਦਾਦ
ਸ਼ੇਰ ਵਾਂਗ ਗਰਜਣਾ
ਰਾਖਸ਼ਾਂ ਨੂੰ ਕੰਬਣ ਲਾਉਣਾ
ਦੈਂਤਾ ਦੇ ਦਿਲ ਦਹਿਲਾਉਣਾ ।
ਇਸ ਵਿੱਚ ਦੋ ਰਾਏ ਨਹੀਂ ਕਿ ਰਿਪੁਦਮਨ ਸਿੰਘ ਰੂਪ ਅਤੇ ਇਨ੍ਹਾਂ ਦੇ ਪਰਿਵਾਰਕ ਵਿਰਸੇ ਦੀ ਪੰਜਾਬੀ ਸਾਹਿਤ, ਕਲਾ, ਕਲਚਰ, ਸੱਭਿਆਚਾਰ, ਅਤੇ ਸਮਾਜ ਨੂੰ ਬੜੀ ਮਹੱਤਵਪੂਰਨ ਦੇਣ ਹੈ। ਪੰਜਾਬੀ ਸਾਹਿਤ ਦੇ ਖੇਤਰ ਵਿੱਚ ਇਨ੍ਹਾਂ ਦੇ ਵੱਡੇ ਭਰਾ, ਸ਼੍ਰੋਮਣੀ ਸਾਹਿਤਕਾਰ ਅਤੇ 43 ਕਿਤਾਬਾਂ ਦੇ ਰਚਣਹਾਰ ਸ. ਸੰਤੋਖ ਸਿੰਘ ਧੀਰ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ ਹਨ। ਇੱਕ ਪ੍ਰਸਿੱਧ ਸਾਹਿਤਕਾਰ ਅਤੇ ਸਤਿਕਾਰਯੋਗ ਸ਼ਖ਼ਸੀਅਤ ਜੋ ਇਸ ਸੰਸਾਰ ਤੋਂ.. ਜਾ ਕੇ ਵੀ… ਲੋਕਾਂ ਦੇ ਮਨਾਂ ਅੰਦਰ ਵੱਸਦੇ ਹਨ!!
ਸਮਕਾਲੀ ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਰਿਪੁਦਮਨ ਸਿੰਘ ਰੂਪ ਦੇ ਦੋਨੋ ਬੇਟਿਆਂ ਸੰਜੀਵਨ ਅਤੇ ਰੰਜੀਵਨ ਦਾ ਆਪਣਾ ਆਪਣਾ ਸਥਾਨ ਹੈ। ਇਸ ਵਿਰਸੇ ਨੂੰ ਅਗਾਂਹ ਤੋਰਦਿਆਂ ਪਰਿਵਾਰ ਦੀ ਤੀਸਰੀ ਪੀੜ੍ਹੀ ਨੇ ਵੀ ਆਪਣਾ ਬਣਦਾ ਸਾਹਿਤਿਕ ਯੋਗਦਾਨ ਪਾਉਣਾ ਚਿਰ ਦਾ ਅਰੰਭ ਕੀਤਾ ਹੋਇਆ ਹੈ..।
ਬਹੁ-ਪੱਖੀ ਅਤੇ ਬਹੁ-ਵਿਧਾਵੀ ਸ਼ਖ਼ਸੀਅਤ ਰਿਪੁਦਮਨ ਸਿੰਘ ਰੂਪ ਦੀ ਵਿਸ਼ਾਲ ਲੇਖਣੀ ਜਾਂ ਸਾਹਿਤਿਕ ਕਾਰਜਸ਼ੀਲਤਾ ਦੀ ਗੱਲ ਕਰੀਏ ਤਾਂ ਇਸ ਵਿੱਚ ਸਲਾਹੁਣਯੋਗ ਕਵਿਤਾ, ਕਹਾਣੀ ਸੰਗ੍ਰਹਿ, ਵਾਰਤਕ, ਨਾਵਲ ਅਤੇ ਸਫਰਨਾਮੇ ਵਗੈਰਾ ਸ਼ਾਮਿਲ ਹਨ। ਪੇਸ਼ੇ ਵਜੋਂ ਉਨ੍ਹਾਂ ਨੇ ਸਿੱਖਿਆ ਅਧਿਕਾਰੀ ਅਤੇ ਹਾਈਕੋਰਟ ਦੇ ਵਕੀਲ ਵਜੋਂ ਆਪਣਾ ਯੋਗਦਾਨ ਪਾਇਆ।
ਪਿਘਲਦੀ ਬਰਫ ਦੀਆਂ ਝੀਲਾਂ ਤੇ ਚਸ਼ਮਿਆਂ ‘ਚੋਂ ਉਤਪਤ ਹੋਈ ਨਦੀ ਪਹਾੜਾਂ – ਚਟਾਨਾਂ ਦੀਆ ਠੋਕਰਾਂ ਖਾਂਦੀ ਤੇ ਅਨੇਕਾਂ ਹੀ ਵਲ-ਵਲੇਵੇਂ ਲੈਂਦੀ, ਭਰ ਦਰਿਆਵਾਂ ਵਿੱਚ ਫੈਲਦੀ ਹੋਈ ਸਮੁੰਦਰ ਦਾ ਹਿੱਸਾ ਬਣ ਜਾਂਦੀ ਹੈ। ਜ਼ਰਾ ਕੁ ਹੋਰ ਡੁੰਘਾਈ ਵਿੱਚ ਉਤਰੀਏ ਤਾਂ ਇਹ ਪ੍ਰਕਿਰਿਆ ਸਿਰਫ ਪਾਣੀ ਦਾ ਬਦਲਦਾ ਰੂਪ ਹੀ ਜਾਪਦਾ ਹੀ। ਕੁਦਰਤ ਦਾ ਨਿਯਮ ਹੈ ਕਿ ਕੋਈ ਚੀਜ਼ ਪੂਰੀ ਤਰਾਂ ਖਤਮ ਨਹੀਂ ਹੁੰਦੀ, ਬਲਕਿ, ਰੂਪ ਹੀ ਬਦਲਦੀ ਹੈ। ਬਰਫ ਤੋਂ ਸ਼ੁਰੂ ਹੋਈ ਨਦੀ ਦਰਿਆਵਾਂ ਦੀ ਹਰਿਆਲੀ ਵਿਚੋਂ ਦੀ ਹੁੰਦੀ ਹੋਈ ਸਮੁੰਦਰ ਦੀ ਭਾਫ਼ ਬਣ ਬਦਲਾਂ ਦੀ ਪਰਵਾਜ਼ ਭਰਦੀ ਹੋਈ ਮੁੜ ਬਰਫ ਬਣ ਜਾਂਦੀ ਹੈ। ਮਨੁੱਖ ਦਾ ਜੀਵਨ ਵੀ ਨਦੀ ਦੇ ਸਮਾਨ ਹੀ ਹੁੰਦਾ ਹੈ।
‘ਜ਼ਿੰਦਗੀ’ ਇੱਕ ਛੋਟਾ ਜਿਹਾ ਸ਼ਬਦ ਹੈ ਜੋ ਆਪਣੇ ਅੰਦਰ ਬੜੇ ਗਹਿਰੇ ਰਾਜ਼ ਸਮੋਈ ਬੈਠਾ ਹੈ। ਸਵੈ-ਅਨੁਸ਼ਾਸਨ, ਹਮਦਰਦੀ, ਜ਼ਿੰਮੇਵਾਰੀ, ਇਮਾਨਦਾਰੀ, ਵਫ਼ਾਦਾਰੀ, ਕਿਰਦਾਰੀ, ਇਨਸਾਫ ਅਤੇ ਜਵਾਬਦੇਹੀ ਦੇ ਸੰਸਕਾਰ ਇੱਕ ਖੁਸ਼ਹਾਲ ਜੀਵਨ ਦੀ ਨੀਂਹ ਬਣਦੇ ਹਨ।
ਦਇਆ, ਸਬਰ, ਸੱਚ, ਸੰਤੋਖ, ਸ਼ੁਕਰ, ਧੀਰਜਾ, ਨਿਮਰਤਾ ਅਤੇ ਮੁਹੱਬਤ ਦੇ ਗੁਣ ਜ਼ਿੰਦਗੀ ਨੂੰ ਜਸ਼ਨ ਵਿੱਚ ਬਦਲ ਦਿੰਦੇ ਹਨ ਤੇ ਔਖੇ ਤੋਂ ਔਖੇ ਵੇਲੇ ਵੀ ਡੋਲਣ ਨਹੀਂ ਦਿੰਦੇ। ਰਿਪੁਦਮਨ ਸਿੰਘ ਰੂਪ ਦਾ ਜੀਵਨ ਵੀ ਕੁਝ ਇਹੋ ਜਿਹਾ ਹੀ ਸੀ…
ਰਿਪੁਦਮਨ ਸਿੰਘ ਰੂਪ ਦੀ ਜ਼ਿੰਦਗੀ ਦਾ ਆਗਾਜ਼ 24 ਫਰਵਰੀ, 1936 ਨੂੰ ਲੋਕ ਕਵੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਗਿਆਨੀ ਈਸ਼ਰ ਸਿੰਘ ਦਰਦ ਅਤੇ ਸ੍ਰੀਮਤੀ ਜਮਨਾ ਦੇਵੀ ਦੇ ਘਰ ਹੋਇਆ। ਤੰਗੀਆਂ ਤੁਰਸ਼ੀਆਂ ਵਿੱਚ ਬੀਤਦਾ ਜੀਵਨ ਹੋਰ ਵੀ ਸੰਘਰਸ਼ਮਈ ਹੋ ਗਿਆ ਜਦੋਂ ਚਾਰ ਕੁ ਸਾਲ ਦੀ ਉਮਰੇ ਉਨ੍ਹਾਂ ਦੀ ਮਾਤਾ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਇਸ ਸੰਸਾਰ ਤੋ ਰੁਖ਼ਸਤ ਹੋ ਗਈ। ਚੜ੍ਹਦੀ ਜਵਾਨੀ ਵਿੱਚ ਕੁਝ ਕਰਨ ਅਤੇ ਆਪਣੇ ਪੈਰਾਂ ‘ਤੇ ਖੜ੍ਹਨ ਦੇ ਇਰਾਦੇ ਨਾਲ ਜੇ. ਬੀ. ਟੀ. ਪੂਰੀ ਕਰਕੇ ਅਧਿਆਪਕ ਬਣ ਗਏ।
ਜ਼ਿੰਦਗੀ ਦੇ ਪਲੇਠੇ ਅਧਿਆਪਨ ਕੈਰੀਅਰ ਦੀ ਸ਼ੁਰੂਆਤ ਤੋਂ ਬਾਅਦ ਰੂਪ ਸਾਹਿਬ ਦੀ ਜ਼ਿੰਦਗੀ ਨੇ ਅਨੇਕਾਂ ਰੂਪ ਬਦਲੇ। ਜੀਵਨ ਦੇ ਹਰ ਪੜਾਅ ਅਤੇ ਸੰਘਰਸ਼ ਨੂੰ ਉਨ੍ਹਾਂ ਤਕੜੇ ਹੱਥੀਂ ਨਜਿੱਠਿਆ। ਐਮ. ਏ., ਐਮ. ਐਡ. ਅਤੇ ਐਲ. ਐਲ. ਬੀ. ਦੀ ਉੱਚ ਸਿੱਖਿਆ ਆਪਣੇ ਅਧਿਆਪਨ ਦੇ ਕਾਰਜ ਦੌਰਾਨ ਹੀ ਪ੍ਰਾਪਤ ਕੀਤੀ। ਸੋਨਾ ਤਪਦਾ ਤਪਦਾ ਆਖ਼ਰ ਕੁੰਦਨ ਬਣ ਗਿਆ।
ਇੱਕ ਵਧੀਆ ਅਧਿਆਪਕ ਦੇ ਨਾਲ ਨਾਲ ਹੀ ਨੌਕਰੀ ਦੌਰਾਨ ਮੁਲਾਜ਼ਮ ਜਥੇਬੰਦੀਆਂ ਦੀ ਅਗਵਾਈ ਕੀਤੀ। ਅਨੇਕਾਂ ਵਾਰ ਜੇਲ੍ਹਾਂ ਕੱਟੀਆਂ, ਜਬਰ ਹੰਢਾਇਆ, ਬਦਲਾ ਲਊ ਬਦਨੀਤੀਆਂ ਕਾਰਨ ਨੌਕਰੀ ਦੌਰਾਨ ਦੂਰ-ਦੁਰਾਡੇ ਇਲਾਕਿਆਂ ਵਿੱਚ ਜਾ ਸੁਟਿਆ। ਫਿਰ ਵੀ ਸ਼ੁੱਭ ਕਰਮਨ ਅਤੇ ਸਮਾਜਿਕ ਭਲਾਈ ਦੇ ਮਿਸ਼ਨ ਤੋਂ ਇੱਕ ਪੈਰ ਵੀ ਪਿਛੇ ਨਹੀਂ ਘਸੀਟਿਆ। ਏਸ ਮਿਸ਼ਨ ਨੂੰ ਹੀ ਅਗਾਂਹ ਤੋਰਦਿਆਂ ਅਧਿਆਪਨ ਤੋਂ ਬਾਅਦ ਵਕੀਲ ਬਣ ਕੇ ਹਾਈਕੋਰਟ ਵਿੱਚ ਆਪਣਾ ਸਿੱਕਾ ਜਮਾਇਆ। ਸਮਾਜਿਕ ਗਤੀਵਿਧੀਆਂ ਵਿੱਚ ਜ਼ੋਰ ਸ਼ੋਰ ਨਾਲ ਹਿੱਸਾ ਪਾਇਆ। ਮੁਹਾਲੀ ਵੈਲਫੇਅਰ ਕੌਂਸਲ ਦੀ ਪ੍ਰਧਾਨਗੀ ਕੀਤੀ।
ਹਾਈਕੋਰਟ ਅੰਦਰ ਅਤੇ ਬਾਰ ਕੌਂਸਲ ਵਿੱਚ ਸੁਧਾਰ ਲਿਆਉਣ ਲਈ ਆਪਣੇ ਹੋਣਹਾਰ ਵਕੀਲ ਪੁੱਤਰ ਰੰਜੀਵਨ ਦੇ ਮੋਢੇ ਨਾਲ ਮੋਢਾ ਜੋੜਿਆ। ਵਕਾਲਤ ਕਰਦਿਆਂ ਉਸ ਹਰ ਸ਼ਖ਼ਸ ਲਈ ਫਰਿਸ਼ਤਾ ਬਣ ਕੇ ਬਹੁੜਿਆ ਜੋ ਮਾਲੀ ਹਾਲਾਤਾਂ ਕਾਰਨ ਆਪਣੇ ਕੇਸਾਂ ਦੀ ਪੈਰਵਾਈ ਕਰਨ ਜਾਂ ਕਰਵਾਉਣ ਤੋਂ ਅਸਮਰੱਥ ਸਨ। ਹਮੇਸ਼ਾ ਸੱਚ ਦਾ ਸਾਥ ਦਿੱਤਾ। ਮੜਕ ਨਾਲ ਹਿੱਕ ਤਾਣ ਕੇ ਤੁਰਨਾ, ਕਮਜ਼ੋਰਾਂ ਗਰੀਬ ਗੁਰਬਿਆਂ ਦੀ ਤਾਕਤ ਬਣਨਾ, ਬੇਇਨਸਾਫ਼ੀ ਦੇ ਸਾਹਮਣੇ ਚਟਾਨ ਬਣ ਖੜ੍ਹਨਾ ਅਤੇ ਦਲੀਲ-ਹੀਣੇ ਤੇ ਗਿੱਦੜ-ਭਬਕੀਆਂ ਦੇਣ ਵਾਲਿਆਂ ਦੀਆਂ ਪੂਛਾਂ ਚੁਕਾਉਣੀਆਂ ਉਨ੍ਹਾਂ ਦਾ ਸੁਭਾਅ ਸੀ। ਜੋੜ-ਤੋੜ, ਘੁਰਕੀ, ਬੁਰਕੀ ਤੇ ਕੁਰਸੀ ਦੇ ਬੋਲਬਾਲਿਆਂ ਦਾ ਬੋਲਤੀ ਨੂੰ ਬੰਦ ਕਰਨ ਵਿੱਚ ਰੂਪ ਸਾਹਿਬ ਦਾ ਵਿਲੱਖਣ ਰੂਪ ਕਿਸੇ ਤੋਂ ਛੁਪਿਆ ਨਹੀਂ ਹੁੰਦਾ ਸੀ। ਭਲਵਾਨੀ ਦਿਖ ਵਾਲੇ ਰੂਪ ਜੀ ਨੂਰਾ ਕੁਸ਼ਤੀਆਂ ਤੋ ਕੋਹਾਂ ਦੂਰ ਰਹਿੰਦੇ।
ਬਹੁ-ਪੱਖੀ ਸ਼ਖ਼ਸੀਅਤ ਦੇ ਸਾਹਿਤਕ ਕਾਰਜਾਂ ਅਤੇ ਪੈਂਡਿਆਂ ਦੀ ਗੱਲ ਕਰਦਿਆਂ ਮੈਨੂੰ ਆਪਣੇ ਪਿੰਡ ਦੇ ਵੱਡੇ ਬੋਹੜ ਦੀ ਯਾਦ ਆ ਗਈ… ਜਿਸ ਦੇ ਵੱਡੇ ਤੇ ਗੂੜ੍ਹੇ ਹਰੇ-ਰੰਗੇ ਪੱਤਿਆਂ ਦੀ ਛੱਤਰੀ ਵਿੱਚੋਂ ਧੁੱਪ ਦੀ ਕਿਰਨ ਜਾਂ ਮੀਂਹ ਦੀ ਕਣੀ ਵਿਰਲੀ ਹੀ ਲੰਘਦੀ ਹੁੰਦੀ ਸੀ, ਜਿਸ ਕਾਰਨ ਉਥੇ ਪੁੰਗਰੇ ਬੀਜ ਦਰੱਖਤ ਬਣਦੇ ਬਣਦੇ ਬਣ ਨਹੀਂ ਪਾਉਂਦੇ ਸਨ। ਰਿਪੁਦਮਨ ਸਿੰਘ ਰੂਪ ਨੇ ਅਸਲ ਵਿੱਚ ਪੰਜਾਬੀ ਸਾਹਿਤ ਦੇ ਬੋਹੜ ਆਪਣੇ ਵੱਡੇ ਭਾਈ ਸੰਤੋਖ ਸਿੰਘ ਧੀਰ ਅਤੇ ਪਿਤਾ ਗਿਆਨੀ ਈਸ਼ਰ ਸਿੰਘ ਦਰਦ ਤੋਂ ਪ੍ਰੇਰਨਾ ਲੈਂਦਿਆਂ ਸਾਹਿਤ ਵਿੱਚ ਆਪਣਾ ਖ਼ੁਦ ਦਾ ਵਿਲੱਖਣ ਰੂਪ ਅਤੇ ਸਥਾਨ ਬਣਾਉਂਦਿਆਂ ਆਪਣੇ ਖ਼ਾਨਦਾਨ ਦੀ ਸ਼ਾਨ ਨੂੰ ਚਾਰ ਚੰਨ ਲਗਾਏ।
‘ਦਿਲ ਦੀ ਅੱਗ’ ਤੋਂ ਸ਼ੁਰੂ ਹੋਏ ਅੱਧੀ ਸਦੀ ਦੇ ਸਾਹਿਤਕ ਸਫ਼ਰ ਦੌਰਾਨ ਉੁਨ੍ਹਾਂ ਨੇ 2 ਕਾਵਿ ਸੰਗ੍ਰਹਿ, 2 ਮਿੰਨੀ ਕਹਾਣੀ ਸੰਗ੍ਰਹਿ, 4 ਕਹਾਣੀ ਸੰਗ੍ਰਹਿ, 1 ਲੇਖ / ਵਾਰਤਕ, 3 ਨਾਵਲ, 1 ਕਾਵਿ ਸੰਗ੍ਰਹਿ ਸੰਪਾਦਨਾ ਅਤੇ 1 ਸਫ਼ਰਨਾਮੇ ਦੀ ਸਿਰਜਣਾ ਕੀਤੀ। ਸਾਹਿਤ ਸਿਰਜਣਾ ਦੇ ਨਾਲ ਹੀ ਉਨ੍ਹਾਂ ਨੂੰ ਮਿਆਰੀ ਸਾਹਿਤ ਪੜ੍ਹਨ ਦਾ ਜਨੂੰਨ ਵੀ ਸੀ। ਲੰਮੇ ਸਾਹਿਤਕ ਸਫਰ ਦੌਰਾਨ ਰਿਪੁਦਮਨ ਰੂਪ ਜੀ ਨੇ ਨਾਮੀ ਸਾਹਿਤਿਕ ਜਥੇਬੰਦੀਆਂ ਦੇ ਮਹੱਤਵਪੂਰਨ ਅਹੁਦਿਆਂ ਦੀਆਂ ਜ਼ਿੰਮੇਵਾਰੀਆਂ ਨਿਭਾਉਦਿਆਂ ਪੰਜਾਬੀ ਸਾਹਿਤ ਨੂੰ ਸੁਚੱਜੀ ਦਿਸ਼ਾ ਪ੍ਰਦਾਨ ਕੀਤੀ।
ਕਵਿਤਾ, ਗ਼ਜ਼ਲ, ਗਾਣਾ, ਵਾਰਤਕ, ਕਹਾਣੀ, ਨਾਵਲ ਜਾਂ ਫਿਰ ਸਫ਼ਰਨਾਮਾ – ਕਿਸੇ ਵੀ ਰੂਪ ਵਿੱਚ ਰਚਿਤ ਕੀਤੀ ਹੋਈ ਮਿਆਰੀ ਸਾਹਿਤਕ ਰਚਨਾ ਜੇਕਰ ਪੜ੍ਹਨ ਵਾਲੇ ਨਾਲ ਸੰਵਾਦ ਰਚਾਉਂਦੀ ਹੈ, ਗੱਲ-ਬਾਤ ਕਰਦੀ ਹੈ, ਉਂਗਲ ਫੜ ਕੇ ਆਪਣੇ ਨਾਲ ਤੋਰਦੀ ਹੈ, ਜਾਂ ਫਿਰ ਉਹਦੀ ‘ਰੂਹ ਨੂੰ ਧੂਹ’ ਪਾਉਂਦੀ ਹੈ ਤਾਂ ਉਹ ਇੱਕ ਸੁੰਦਰ ਅਤੇ ਸ਼ਾਹਕਾਰ ਸਾਹਿਤਕ ਰਚਨਾ ਹੁੰਦੀ ਹੈ – ਇਹ ਮੇਰਾ ਖੁਦ ਦਾ ਮੰਨਣਾ ਹੈ। ਰਿਪੁਦਮਨ ਸਿੰਘ ਰੂਪ ਦੀਆਂ ਲਿਖਤਾਂ ਵੀ ਅਜਿਹੀਆਂ ਹੀ ਹੁੰਦੀਆਂ ਹਨ।
ਜਿਸ ਸਿਰਜਣਾ ਦੇ ਅੰਤਰੀਵ ‘ਚ ਲੇਖਕ ਦੀ ਦਾਨਿਸ਼ਵਰੀ, ਸੰਵੇਦਨਸ਼ੀਲਤਾ, ਮੁਹੱਬਤੀ ਰੂਹ, ਅਤੇ ਬੇਬਾਕ ਮਨ ਦੇ ਅੰਦਾਜ਼ ਦੀ ਝਲਕ ਪੈਂਦੀ ਹੋਵੇ ਤਾਂ ਉਹ ਸਿਰਜਣਾ ਚੰਗੇਰੀਆਂ ਪੈੜਾਂ ਪਾ ਜਾਂਦੀ ਹੈ। ਰੂਪ ਸਾਹਿਬ ਦੀ ਸਾਹਿਤ ਸਿਰਜਣਾ ਉਨ੍ਹਾਂ ਦੇ ਮਨ ਦੇ ਵਲਵਲਿਆਂ ਦੀ ਸੁਹਜਮਈ ਤਰਜਮਾਨੀ ਕਰਦੀ ਹੈ।
ਰਿਪੁਦਮਨ ਰੂਪ ਦੀ ਸਿਰਜਣਾ ਦੇ ਅੰਤਰੀਵ ‘ਚ ਸਾਰਥਿਕ ਅਤੇ ਸਕਾਰਾਤਮਕ ਸੁਨੇਹਾ ਹੁੰਦਾ ਹੈ। ਉਨ੍ਹਾਂ ਆਪਣੇ ਮਨ ਦੀਆਂ ਸੋਚਾਂ ਵਿੱਚ ਦੌੜਦੇ ‘ਨਕਾਰਾਤਮਕ ਘੋੜੇ’ ਨੂੰ ਨੱਥ ਪਾ ਕੇ ਕਾਬੂ ਵਿੱਚ ਰੱਖਿਆ ਅਤੇ ਹਮੇਸ਼ਾ ‘ਸਕਾਰਾਤਮਕ ਘੋੜੇ’ ਨੂੰ ਹੀ ਜਿਤਾਇਆ। ਲਿਖਤ ਵਿੱਚ ਸਮਾਜਿਕ, ਆਰਥਿਕ, ਸਿਆਸੀ, ਸੱਭਿਆਚਾਰਕ ਚੇਤਨਾ ਅਤੇ ਧਾਰਮਿਕ ਸੋਝੀ ਦਾ ਪ੍ਰਗਟਾ ਹੈ। ਮਾਨਵਤਾ ਵਿਰੋਧੀ ਵਰਤਾਰਿਆਂ ਦੀ ਚਿੰਤਾ, ਚਿੰਤਨ ਅਤੇ ਨੈਤਿਕ ਚੇਤਨਾ ਦਾ ਸੰਵਾਦ ਛੇੜਦੀ ਹੈ। ਸਮਾਜਿਕ ਸਰੋਕਾਰਾਂ ਪ੍ਰਤੀ ਸੇਧ ਅਤੇ ਪ੍ਰੇਰਨਾ ਹੁੰਦੀ ਹੈ।
ਸਾਫ਼, ਸਰਲ ਪਰ ਕਥਾ ਰਸ ਨਾਲ ਲਬਰੇਜ਼ ਅਤੇ ਪ੍ਰਭਾਵਸ਼ਾਲੀ ਸ਼ੈਲੀ ਪਾਠਕ ਦੇ ਮਨ ਉੱਪਰ ਗਹਿਰਾ ਅਤੇ ਚਿਰਜੀਵੀ ਪ੍ਰਭਾਵ ਪਾਉਂਦੀ ਹੈ। ਉਸ ਦੇ ਮਨ ਦਾ ਸੁਨੇਹਾ ਪਾਠਕਾਂ ਦੀ ਰੂਹ ਤੱਕ ਪਹੁੰਚਦਾ ਹੈ। ਸ਼ਬਦੀ ਜਾਲ ਦੀ ਬਜਾਏ ਸ਼ਬਦੀ ਜਾਦੂਗਰੀ ਕਾਰਨ ਪਾਠਕ ਦੇ ਮਨ ਉੱਪਰ ਜਾਦੂਮਈ ਅਸਰ ਹੁੰਦਾ ਹੈ ਅਤੇ ਪਾਠਕ ਖ਼ੁਦ-ਬ-ਖ਼ੁਦ ਲਿਖਤ ਦੇ ਸੰਗ ਤੁਰ ਪੈਂਦਾ ਹੈ…ਵੱਡੇ ਲੇਖਕਾਂ ਅਤੇ ਵੱਡੀਆਂ ਲਿਖਤਾਂ ਦੀ ਇਹੀ ਤਾਂ ਨਿਸ਼ਾਨੀ ਹੁੰਦੀ ਹੈ!
ਮੇਰੇ ਹਿੱਸੇ ਦਾ ਰਿਪੁਦਮਨ ਸਿੰਘ ਰੂਪ….
ਸਿਆਣੇ ਕਹਿੰਦੇ ਨੇ ਕਿ ਚੰਗੀਆਂ ਪੁਸਤਕਾਂ ‘ਵਾਜਾਂ ਮਾਰ ਕੇ ਪਾਠਕ ਨੂੰ ਬੁਲਾ ਲੈਂਦੀਆਂ ਨੇ… ਕੋਲ ਬੈਠਾ ਲੈਂਦੀਆਂ ਨੇ, ਗਲਵੱਕੜੀ ਪਾ ਲੈਂਦੀਆਂ ਨੇ, ਕਿੱਕਲੀ ਪਾ ਲੈਂਦੀਆਂ ਨੇ, ਸੰਵਾਦ ਰਚਾ ਲੈਂਦੀਆਂ ਨੇ ਅਤੇ ਪੜ੍ਹੀਆਂ ਵੀ ਇੱਕ ਦੋ ਬੈਠਣੀਆਂ ਵਿੱਚ ਹੀ ਜਾਂਦੀਆਂ ਨੇ! ਮੈਂ ਵੀ ਰੂਪ ਸਾਹਿਬ ਦੀਆਂ ਕਈ ਪੁਸਤਕਾਂ ਨੂੰ ਉਤਸੁਕਤਾ ਨਾਲ ਰੂਹ ਨਾਲ ਪੜ੍ਹਿਆ ਅਤੇ ਮਾਣਿਆ ਵੀ! ਉਨ੍ਹਾਂ ਦੇ ਚਰਚਿਤ ਨਾਵਲ “ਪ੍ਰੀਤੀ” ਅਤੇ “ਤੀਲ੍ਹਾ” ਬਾਰੇ ਕੁਝ ਸ਼ਬਦ ਲਿਖਣ ਦਾ ਮੌਕਾ ਵੀ ਮਿਲਿਆ।
ਹਾਲਾਂ ਕਿ ਸਕੂਲ ਦੇ ਸਮਿਆਂ ਦੌਰਾਨ ਮੈਂ ਸੰਤੋਖ ਸਿੰਘ ਧੀਰ ਦੀਆਂ ਸਦਾਬਹਾਰ ਕਹਾਣੀਆਂ ਪੜ੍ਹੀਆਂ ਸਨ, ਪਰ ਰੂਪ ਸਾਹਿਬ ਨਾਲ ਮੇਰੀ ਜਾਣ-ਪਛਾਣ ਕੁਝ ਵਰ੍ਹੇ ਪਹਿਲਾਂ ਹੀ ਹੋਈ। ਇਸ ਦਾ ਇੱਕ ਕਾਰਨ ਸਾਇੰਸ ਦਾ ਵਿਦਿਆਰਥੀ ਹੋਣ ਕਰਕੇ ਮੇਰਾ ਖ਼ੁਦ ਦਾ ਸਾਹਿਤ ਪ੍ਰਤੀ ਖ਼ਲਾਅ ਸੀ। ਖ਼ੈਰ,… ਉਨ੍ਹਾਂ ਦਾ ਕਲਾਕਾਰ, ਸਾਹਿਤਕਾਰ ਅਤੇ ਵਕੀਲ ਪੁੱਤਰ ਰੰਜੀਵਨ ਸਾਡੇ ਦਰਮਿਆਨ ਵਾਕਫ਼ੀਅਤ ਅਤੇ ਸਾਂਝਾਂ ਦਾ ਪੁਲ ਬਣਿਆ।
ਮੇਰੀ ਰੂਪ ਸਾਹਿਬ ਨਾਲ ਗੱਲਬਾਤ ਤਾਂ ਅਕਸਰ ਹੁੰਦੀ ਰਹੀ, ਪਰ ਉਨ੍ਹਾਂ ਵੱਲੋਂ ਵਾਰ ਵਾਰ ਤਾਗੀਦ ਦੇ ਬਾਵਜੂਦ ਵੀ ਆਹਮੋ-ਸਾਹਮਣੇ ਬੈਠ ਕੇ ਕੁਛ ਪਲ ਬਿਤਾਉਣ ਦਾ ਮੌਕਾ ਨਾ ਮਿਲਿਆ। ਇਸ ਪਛਤਾਵੇ ਦਾ ਕਾਰਨ ਵੀ ਮੈਂ ਖ਼ੁਦ ਹੀ ਹਾਂ, ਕਿਉਂਕਿ ਪਿਛਲੇ ਵਰ੍ਹੇ ਪੰਜਾਬ ਅਤੇ ਚੰਡੀਗੜ੍ਹ ਫੇਰੀ ਦੌਰਾਨ ਮੈਂ ਵਕਤ ਹੀ ਨਾ ਕੱਢ ਸਕਿਆ… ਅਤੇ ਅਗਲੀ ਮਿਲਣੀ ਦੀ ਆਸ ਵਿੱਚ ਵਾਪਸ ਅਮਰੀਕਾ ਆ ਗਿਆ।
ਮੈਂ ਉਨ੍ਹਾਂ ਦੀ ਸਾਹਿਤਕ ਚੇਟਕ, ਚੇਤਨਾ, ਹਿੰਮਤ, ਚੜ੍ਹਦੀ ਕਲਾ ਦੀ ਸੋਚ ਅਤੇ ਬਿਰਤੀ ਦਾ ਕਾਇਲ ਹਾਂ। ਖ਼ਰਾਬ ਸਿਹਤ ਦੇ ਬਾਵਜੂਦ ਉਹ ਸਾਹਿਤ ਅਤੇ ਸਾਹਿਤਕ ਸਰਗਰਮੀਆਂ ਵਿੱਚ ਵਿਅਸਤ ਰਹਿੰਦੇ। ਅਕਸਰ ਹੀ ਆਪਣੇ ਢਿੱਡ ਦੀਆਂ ਅਤੇ ਦਿਲ ਦੀਆਂ ਗੱਲਾਂ ਕਰਦਿਆਂ ਉਹ ਪੂਰੇ ਜੋਸ਼ ਵਿੱਚ ਆ ਜਾਂਦੇ ਸਨ।
ਰਿਪੁਦਮਨ ਰੂਪ ਨਿਰਸੰਦੇਹ ਇੱਕ ਬਹੁਤ ਵੱਡਾ ਨਾਂਅ ਸਨ, ਪਰ ਇਸ ਦੇ ਨਾਲ ਹੀ ਉਹ ਬੜੇ ਮਿਠਬੋਲੜੇ, ਮਿਲਣਸਾਰ, ਮੁਹੱਬਤੀ ਤੇ ਖ਼ੂਬਸੂਰਤ ਸ਼ਖ਼ਸੀਅਤ ਵਾਲੇ ਵਧੀਆ ਇਨਸਾਨ ਸਨ। ਸਮਾਜ ਨੂੰ ਖ਼ੂਬਸੂਰਤ ਬਣਾਉਣ ਨੂੰ ਆਪਣਾ ਫ਼ਰਜ਼ ਸਮਝਦੇ ਅਤੇ ਲਿਖਤਾਂ ਵਿੱਚ ਸ਼ਬਦ ਪਰੋ ਪਰੋ ਕੇ ਧਰਦੇ ਸਨ।
ਕੁਝ ਸਮਾਂ ਪਹਿਲਾਂ ਮੈਂ ਆਪਣੀ ਪੁਸਤਕ ‘ਤਾਣੇ-ਬਾਣੇ’ ਦਾ ਖਰੜਾ ਰੰਜੀਵਨ ਜੀ ਨੂੰ ਭੇਜਿਆਂ ਤਾਂ ਉਹ ਬੇਹੱਦ ਖੁਸ਼ ਹੋਏ। ਉਹਨਾਂ ਰੂਪ ਸਾਹਿਬ ਨਾਲ ਸਾਂਝਿਆਂ ਕੀਤਾ ਤਾਂ ਕਮਜੋ਼ਰ ਸਿਹਤ ਦੇ ਬਾਵਜੂਦ ਵੀ ਉਨ੍ਹਾਂ ਨੇ ਅੱਖ਼ਰ-ਅੱਖ਼ਰ ਸਿਰਫ਼ ਪੜ੍ਹਿਆ ਹੀ ਨਹੀਂ, ਬਲਕਿ, ਆਪਣੇ ਅਨਮੋਲ ਵਿਚਾਰ ਵਿਸਥਾਰ ਵਿੱਚ ਵੀਡੀਓ ਰਿਕਾਰਡ ਕਰਕੇ ਭੇਜੇ। ਪੁਸਤਕ ਬਾਰੇ ਇਹ ਸ਼ਬਦ ਮੇਰੀ ਪਲੇਠੀ ਪੁਸਤਕ ਦਾ ਅਨਿੱਖੜਵਾਂ ਅੰਗ ਬਣ ਗਏ। ਅੱਜ ਪਿਛਲ ਝਾਤ ਮਾਰਦਾ ਹਾਂ ਤਾਂ ਜਾਪਦਾ ਹੈ ਕਿ ਉਨ੍ਹਾਂ ਦੀ ਰੂਹ ਦੇ ਅਨੁਭਵਾਂ ਤੋਂ ਬਗੈਰ ਯਕੀਨਨ ਹੀ ਇਹ ਪੁਸਤਕ ਅਧੂਰੀ ਹੀ ਰਹਿੰਦੀ!
ਰਿਪੁਦਮਨ ਰੂਪ ਦੇ ਅਨੇਕਾਂ ਹੋਰਨਾਂ ਸ਼ੁਭਚਿੰਤਕਾਂ ਅਤੇ ਚਾਹੁਣ ਵਾਲਿਆਂ ਵਾਂਗ ਮੈਂ ਵੀ ਉਨ੍ਹਾਂ ਦਾ ਪ੍ਰਸ਼ੰਸਕ ਹਾਂ। ਜ਼ਮਾਨੇ ਵਿੱਚ ਪ੍ਰਸ਼ੰਸਕਾਂ ਦਾ ਹਮੇਸ਼ਾ ਘਾਟਾ ਰਿਹਾ ਹੈ ਅਤੇ ਨਿੰਦਕ ਬਥੇਰੇ ਨੇ, ਬੇਸ਼ੁਮਾਰ ਹਨ। ਫਿਰ ਵੀ ਸ਼ਰਧਾ ਭਾਵਨਾ ਨਾਲੋਂ ਪ੍ਰਸ਼ੰਸਕ ਬਣਨਾ ਬਹੁਤ ਜ਼ਰੂਰੀ ਹੁੰਦਾ ਹੈ। ਮੇਰੇ ਵਰਗਿਆਂ ਨੇ ਉਨ੍ਹਾਂ ਤੋਂ ਬੜਾ ਕੁਝ ਸਿਖਿਆ ਅਤੇ ਅੱਜ ਵੀ ਸਿਖ ਰਹੇ ਹਨ, ਕਿਉਂਕਿ ਸੁਖ਼ਨਵਰ ਕਦੇ ਮਰਦੇ ਨਹੀਂ। ਸ਼ਬਦਾਂ ਅਤੇ ਵਿਚਾਰਾਂ ਵਿੱਚ ਜਿਉਂਦੇ ਰਹਿੰਦੇ ਨੇ!
ਵੱਖਰੀ ਨੁਹਾਰ ਦੇ ਮਾਲਕ ਰਿਪੁਦਮਨ ਰੂਪ ਸਾਹਿਤ ਸਿਰਜਣਾ ਦੇ ਅਣਥੱਕ ਯੋਧੇ ਸਨ। ਇਸ ਜਨੂੰਨ ਨੂੰ ਉਨ੍ਹਾਂ ਨੇ ਜੀਵਨ ਦੇ ਆਖ਼ਰੀ ਸਵਾਸਾਂ ਤੱਕ ਕਾਇਮ ਰੱਖਿਆ ਅਤੇ ਨਿਰੰਤਰਤਾ ਨਾਲ ਲਿਖਦੇ ਅਤੇ ਪੜ੍ਹਦੇ ਰਹੇ।
ਰਿਪੁਦਮਨ ਸਿੰਘ ਰੂਪ ਦਾ… ਲਾਣੇਦਾਰ ਰੂਪ
ਰਿਪੁਦਮਨ ਸਿੰਘ ਰੂਪ ਦੇ ਅਧਿਆਪਕ, ਪ੍ਰਸ਼ਾਸਨਿਕ, ਮੁਲਾਜ਼ਮ ਆਗੂ, ਵਕੀਲ, ਅਤੇ ਸਾਹਿਤਕਾਰ ਦੇ ਵਿਭਿੰਨ ਰੂਪਾਂ ਤੋਂ ਇਲਾਵਾ ਇੱਕ ਹੋਰ ਮਹੱਤਵਪੂਰਨ ਰੂਪ ਨੂੰ ਆਪ ਨਾਲ ਸਾਂਝਾ ਕਰਨਾ ਬਣਦਾ ਹੈ। ਇੱਕ ‘ਲਾਣੇਦਾਰ’ ਦਾ ਰੂਪ। ਆਪਣੇ ਵੱਡੇ ਘਰ-ਪਰਿਵਾਰ ਦੀ ਅਗਵਾਈ ਕਰਦਿਆਂ ਉਸ ਨੇ ਟੱਬਰ ਨੂੰ ਵਧੀਆ ਸੰਸਕਾਰਾਂ ਤੇ ਸਰੋਕਾਰਾਂ ਦੀ ਡੋਰ ਨਾਲ ਬੰਨ੍ਹੀ ਰੱਖਿਆ। ਆਫ਼ਤਾਂ ਤੇ ਮੁਸੀਬਤਾਂ ਤੋਂ ਬਚਾਇਆ। ਆਲ੍ਹਣੇ ਦਾ ਨਿੱਘ ਦਿੱਤਾ। ਬੱਚੇ ਉਡਾਰੂ ਹੋਏ ਤਾਂ ਨੂੰ ਉਨ੍ਹਾਂ ਉੱਚੀਆਂ-ਲੰਮੀਆਂ ਪਰਵਾਜ਼ਾਂ ਭਰਨ ਲਈ ਖੁੱਲ੍ਹਾ ਅਸਮਾਨ ਦਿਖਾਇਆ। ਆਪਣੇ ਖੰਭ ਨਹੀਂ, ਬਲਕਿ, ਉਤਸ਼ਾਹ ਦਿੱਤਾ… ਬਲ ਦਿੱਤਾ, ਖ਼ੁਦ ਦੇ ਖੰਭਾਂ ‘ਤੇ ਉਡਾਰੀਆਂ ਮਾਰਨ ਵਾਸਤੇ। ਦੂਰਅੰਦੇਸ਼ੀ ਸੋਚ ਦਾ ਕਮਾਲ… ਤਾਂ ਕਿ ਜੀਵਨ ਭਰ ਬੇਗਾਨੇ ਖੰਭਾਂ ਦਾ ਸਹਾਰਾ ਹੀ ਨਾ ਭਾਲਦੇ ਫਿਰਨ…!
ਜਾਂਦੇ-ਜਾਂਦੇ… ਰੂਪ ਸਾਹਿਬ ਦਾ ਇਹ ਰੂਪ ਵੀ
ਰੂਪ ਸਾਹਿਬ ਦੀ ਵਸੀਅਤ ਦਾ ਇੱਕ ਹੋਰ ਮਹੱਤਵਪੂਰਨ ਹਿੱਸਾ ਵੀ ਪਾਠਕਾਂ ਦੇ ਰੂਬਰੂ ਕਰਨਾ ਬਣਦਾ ਹੈ। ਵੱਡੇ ਭਾਈ ਸੰਤੋਖ ਸਿੰਘ ਧੀਰ ਦੇ ਪੂਰਨਿਆਂ ‘ਤੇ ਚੱਲਦਿਆਂ ਉਨ੍ਹਾਂ ਨੇ ਆਪਣੀ ‘ਸਰੀਰਕ ਜਾਇਦਾਦ’ ਨੂੰ ਪੂਰਨ ਰੂਪ ਵਿੱਚ ਮਨੁੱਖਤਾ ਦੀ ਭਲਾਈ ਵਾਸਤੇ ਕੀਤੇ ਜਾ ਰਹੇ ਖੋਜ ਕਾਰਜਾਂ ਵਾਸਤੇ ਅਰਪਣ ਕਰ ਦਿੱਤਾ। ਇਹੋ ਜਿਹੇ ਮਹਾਨ ਕਾਰਜ ਵੀ ਵਿਰਲਿਆਂ ਦੀ ਸੋਚ ਦਾ ਹਿੱਸਾ ਹੀ ਬਣਦੇ ਹਨ।
ਸਾਹਿਤ ਅਤੇ ਸ਼ਬਦਾਂ ਨਾਲ ਬੇਪਨਾਹ ਮੁਹੱਬਤ ਰਿਪੁਦਮਨ ਜੀ ਦਾ ਸਰਮਾਇਆ ਹੈ। ਉਨ੍ਹਾਂ ਦੀਆਂ ਮਾਰਮਿਕ ਰਚਨਾਵਾਂ ਦੇ ਸ਼ਬਦਾਂ ਦੀ ਰੂਹ ਪਾਠਕ ਦੇ ਮਨ ਅੰਦਰ ਉੱਤਰਦਿਆਂ ਉਸ ਦੇ ਜੀਵਨ ਨੂੰ ਖ਼ੂਬਸੂਰਤ ਬਣਾ ਦੇਣ ਦੀ ਕਾਬਲੀਅਤ ਰੱਖਦੀ ਹੈ। ਸ਼ਬਦਾਂ ਨੂੰ ਸੰਭਾਲਦਿਆਂ ਅਤੇ ਸਾਹਿਤ ਪ੍ਰੇਮੀਆਂ ਤੀਕਰ ਪਹੁੰਚਾਉਣ ਦੇ ਮਕਸਦ ਨਾਲ ਰੂਪ ਪਰਿਵਾਰ ਇਸ ਨੂੰ ਪੁਸਤਕ ਰੂਪ ਦੇ ਰਿਹਾ ਹਨ। ਸ਼ੁੱਭ ਕਰਮ, ਸ਼ੁੱਧ ਵਿਚਾਰ ਅਤੇ ਲੇਖਕ ਦੇ ਮਨ ਦੇ ਅਹਿਸਾਸਾਂ ਨੂੰ ਪ੍ਰਗਟਾਉਂਦੇ ਲਫਜ਼ ਸਮੇਂ ਦੀਆਂ ਹੱਦਾਂ ਵਿੱਚ ਨਹੀਂ ਬੱਝਦੇ ਹੁੰਦੇ। ਚੰਗੇ ਵਿਚਾਰਾਂ ਅਤੇ ਸ਼ਬਦੀ ਰੌਸ਼ਨੀਆਂ ਦੇ ਚਿਰਾਗ਼ ਜਗਦੇ ਰਹਿਣ ਅਤੇ ਰੂਪ ਜੀ ਦੀ ਰੂਹ ਦੇ ਸੁਨੇਹੇ ਸੁਹਿਰਦ ਪਾਠਕਾਂ ਦੀ ਰੂਹ ਤੱਕ ਅਪੜਦੇ ਰਹਿਣ। ਇਹ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਵੀ ਹੋਵੇਗੀ !
ਸੁਰਜੀਤ ਪਾਤਰ ਜੀ ਦੀਆਂ ਖ਼ੂਬਸੂਰਤ ਲਾਈਨਾਂ ਵੀ ਇਸ ਦੀਆਂ ਗਵਾਹੀ ਭਰਦੀਆਂ ਹਨ…
“ਜਦੋਂ ਤਕ ਲਫ਼ਜ਼ ਜਿਉਂਦੇ ਨੇ ਸੁਖਨਵਰ ਜਿਓਣ ਮਰ ਕੇ ਵੀ,
ਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿਚ ਸੁਆਹ ਬਣਦੇ।”
***
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
209 600 2897

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1903
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

ਡਾ. ਕੁਲਵਿੰਦਰ ਸਿੰਘ ਬਾਠ

ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

View all posts by ਡਾ. ਕੁਲਵਿੰਦਰ ਸਿੰਘ ਬਾਠ →