8 July 2026

ਪਾਇਲ…ਭੁੱਲੇ-ਵਿੱਸਰੇ ਅਨਮੋਲ ਹੀਰੇ ‘ਸੁਖਬੀਰ ਸਿੰਘ ਸੰਧੂ’ ਦੀ ਸ਼ਾਹਕਾਰ ਸਿਰਜਣਾ ! — ਡਾ. ਕੁਲਵਿੰਦਰ ਸਿੰਘ ਬਾਠ

ਰਾਤ ਨੇ ਪ੍ਰਭਾਤ ਦਾ ਸੰਧੂਰ ਸਿਰ ਵਿੱਚ ਧੂੜ ਕੇ ,
ਇੱਕ ਨਵਾਂ ਦਿਨ ਹੋਰ ਦਿੱਤਾ ਹੈ ਸਜਾ ਮੇਰੇ ਲਈ…

ਪ੍ਰਭਾਤ ਦੀ ਪ੍ਰਭਾ ਵਾਂਗ ਸੱਜਰੀਆਂ ਅਤੇ ਪਿਆਰੀਆਂ ਸਤਰਾਂ ਨੂੰ ਪੜ੍ਹ ਕੇ ਕੋਈ ਵੀ ਸਾਹਿਤ ਪ੍ਰੇਮੀ ਇਸ ਦੇ ਲੇਖਕ ਅਤੇ ਇਸ ਸਾਹਿਤਕ ਜ਼ਖ਼ੀਰੇ ਬਾਰੇ ਜਾਣਨ ਲਈ ਜ਼ਰੂਰ ਸੋਚੇਗਾ !

ਚਲੋ,… ਜੇ ਨਹੀਂ ਤਾਂ… ਕਦੇ ਨਾ ਕਦੇ ਸ਼ਾਇਦ ਇਹ ਲਾਈਨਾਂ ਵੀ ਤੁਹਾਡੇ ਕੰਨੀ ਪਈਆਂ ਹੋਣ…

ਉਸ ਬੇ-ਵਫ਼ਾ ਦੀ ਯਾਦ ਵਿੱਚ, ਰੋਇਆ ਕਰਾਂ ਕਿ ਨਾ ।
ਬੀਤੇ ਦਿਨਾਂ ਦੀ ਫੇਰ ਤਮੰਨਾ ਕਰਾਂ ਕਿ ਨਾ ।

ਪੰਜਾਬੀ ਸਾਹਿਤ ਦਾ ਇਹ ‘ਖ਼ਜ਼ਾਨਾ’ ਜੋ ਗੈਰਾਂ ਨੇ ਆਪਣਾ ਕਹਿ-ਕਹਿ, ਆਪਣਾ ਬਣਾ-ਬਣਾ ਕੇ ਅਤੇ ਝੂਠ ਬੋਲ-ਬੋਲ ਕੇ ਲੁੱਟਿਆ… ਤੇ ਉਹੀ ਖ਼ਜ਼ਾਨਾ ਜੋ ਆਪਣਿਆਂ ਨੇ ਜਾਣਿਆ, ਨਾ ਪਛਾਣਿਆ ਤੇ ਨਾ ਹੀ ਸੰਭਾਲਿਆ ! ਗਲਤੀ ਕਿੱਥੇ ਤੇ ਕਿਸ ਦੀ ਹੋਈ ? ਇਹ ਇੱਕ ਗੰਭੀਰ ਸਵਾਲ ਹੈ, ਜਿਸ ਦਾ ਜਵਾਬ ਵੀ ਗੰਭੀਰਤਾ ਨਾਲ ਵਿਚਾਰਨਯੋਗ ਹੈ । ਪਰ ‘ਖੁੱਲ੍ਹ-ਦਿਲੇ’ ਪੰਜਾਬੀਆਂ ਲਈ ਬਹੁਤੀ ਵਾਰੀ ਇਹੋ ਜਿਹੇ ਸਵਾਲ ਚਿੰਤਾ ਦਾ ਵਿਸ਼ਾ ਹੀ ਨਹੀਂ ਬਣ ਪਾਉਂਦੇ ! ਚਿੰਤਨ, ਚੇਤਨਾ ਜਾਂ ਚੇਤੰਨ ਹੋਣ ਦੀ ਗੱਲ ਤਾਂ ਕੋਹਾਂ ਦੂਰ ਦੀ…।

ਪ੍ਰੋ. ਗੁਰਭਜਨ ਸਿੰਘ ਗਿੱਲ
ਪ੍ਰੋ.ਗੁਰਭਜਨ ਸਿੰਘ ਗਿੱਲ

ਵੱਡੇ ਭਾਈ ਗੁਰਭਜਨ ਗਿੱਲ ਨਾਲ ਅਕਸਰ ਗੱਲਬਾਤ ਹੁੰਦੀ ਰਹਿੰਦੀ ਹੈ। ਗੁਫ਼ਤਗੂ ਦੌਰਾਨ ਉਹ ਆਪਣੀਆਂ ਰਚਨਾਵਾਂ, ਸਿਫ਼ਤਾਂ, ਵਡਿਆਈਆਂ, ਹੈਸੀਅਤਾਂ ਜਾਂ ਪ੍ਰਾਪਤੀਆਂ ਦਾ ਢੋਲ ਕੁੱਟਣ ਦੀ ਬਜਾਏ ਮੈਨੂੰ ਕਿਸੇ ਹੋਰ ਸਾਹਿਤਿਕ ਤੰਦ ਨਾਲ ਜੋੜ ਦਿੰਦਾ ਹੈ । ਸਾਹਿਤ ਦੇ ਅਨਮੋਲ ਖ਼ਜ਼ਾਨਿਆਂ ਦੀ ਨਿਸ਼ਾਨਦੇਹੀ ਕਰਦਾ ਰਹਿੰਦਾ ਹੈ । ਕਦੇ ਨਾ ਕਦੇ ਖੁੱਲ੍ਹਣ ਦੀ ਆਸ ਅਤੇ ਉਡੀਕ ਵਿੱਚ ਤਰਸਦੇ ਬੰਦ ਦਰਵਾਜ਼ਿਆਂ ਨੂੰ ਖੋਲ੍ਹਦਾ ਹੈ । ਕਈ ਹੋਰ ਗੱਲਾਂ ਸਮੇਤ ਮੈਨੂੰ ਉਹਦੀ ਇਹ ਖ਼ਾਸੀਅਤ ਕਾਇਲ ਕਰ ਜਾਂਦੀ ਹੈ । ਇੱਕ ਹੋਰ ਗੱਲ ਜੋ ਦੂਸਰੀਆਂ ਗੱਲਾਂ ‘ਤੇ ਅਕਸਰ ਭਾਰੂ ਪੈ ਜਾਂਦੀ ਹੈ… ਉਹ ਹੈ ਉਸ ਦੇ ਮਨ ਵਿੱਚ ਅਸਲੋਂ ਮਹਾਨ ਅਤੇ ਅਣਗੌਲੇ਼ ਪੰਜਾਬੀ ਲੇਖਕਾਂ ਦੀਆਂ ਰਚਨਾਵਾਂ ਨੂੰ ਗੁਣਗੁਣਾਉਣਾ, ਰੂਹ ਨਾਲ ਸਰਾਹੁਣਾ ਅਤੇ ਕਿਸੇ ਨਾ ਕਿਸੇ ਤਰਾਂ ਪਾਠਕਾਂ ਦੇ ਰੂਬਰੂ ਕਰਨਾ । ਉਨ੍ਹਾਂ ਦੀ ਸੱਜਰੀ ਸੰਪਾਦਿਤ ਪੁਸਤਕ “ਪਾਇਲ” ਵੀ ਇਸੀ ਕੋਸ਼ਿਸ਼ ਦਾ ਨਤੀਜਾ ਹੈ।

‘ਤਰਨਤਾਰਨੀਏ’ ਸੁਖਬੀਰ ਸਿੰਘ ਸੰਧੂ ਦੁਆਰਾ 1973 ਵਿੱਚ ਲਿਖੀ ਇਸ ਭੁੱਲੀ ਵਿੱਸਰੀ ਤੇ ਅਣਗੌਲੀ ਸ਼ਾਹਕਾਰ ਪੁਸਤਕ ਦਾ 53 ਸਾਲ ਬਾਅਦ ਕਰਨਲ ਜਸਬੀਰ ਸਿੰਘ ਭੁੱਲਰ, ਇਮਰੋਜ਼ ਮਾਨ ਅਤੇ ਗੁਰਭਜਨ ਗਿੱਲ ਦੀ ਬਦੌਲਤ ‘ਦੂਸਰਾ ਜਨਮ’ ਹੋਇਆ । ਗੁਰਭਜਨ ਗਿੱਲ ਜੀ ਨੇ ‘ਪਾਇਲ’ ਦੀ ਤਾਰੀਫ਼ ਕਰਦਿਆਂ ਤੇ ਪੜ੍ਹਨ ਦੀ ਤਾਗੀਦ ਕਰਦਿਆਂ ਇਹ ਤੋਹਫ਼ਾ ਕੁਝ ਦਿਨ ਪਹਿਲਾਂ ਮੈਨੂੰ ਭੇਜਿਆ । ਸੁਖਬੀਰ ਸਿੰਘ ਸੰਧੂ ਨਾਮ ਦਾ ਕੋਈ ਪੰਜਾਬੀ ਸ਼ਾਇਰ ਵੀ ਸੀ, ਇਸ ਦੀ ਜਾਣਕਾਰੀ ਮੈਨੂੰ ਨਹੀਂ ਸੀ । ਪੁਸਤਕ ਪਾਇਲ ਨੂੰ ਪੜ੍ਹਦਿਆਂ, ਜਾਣਦਿਆਂ ਅਤੇ ਮਾਣਦਿਆਂ ਮਨ ਦੇ ਅਨੁਭਵਾਂ ਅਤੇ ਅਹਿਸਾਸਾਂ ਨੂੰ ਸਧਾਰਨ ਜਿਹੇ ਲਫਜ਼ਾਂ ਵਿੱਚ ਤੁਹਾਡੇ ਨਾਲ ਸਾਂਝੇ ਕਰਨੋਂ ਮੈਂ ਖ਼ੁਦ ਨੂੰ ਰੋਕ ਨਾ ਸਕਿਆ…।

ਪੰਜਾਬੀ ਸਾਹਿਤ, ਕਲਾ ਅਤੇ ਸੱਭਿਆਚਾਰ ਦੇ ਹਰਫ਼ਨਮੌਲਾ ਅਤੇ ਇਸ ਪੁਸਤਕ ਦੇ ਸੰਪਾਦਕ ਗੁਰਭਜਨ ਗਿੱਲ ਬਾਰੇ ਗੱਲਾਂ ਕਰਦਿਆਂ ਤਾਂ ਇੱਕ ਹੋਰ ਪੁਸਤਕ ਜਨਮ ਲੈ ਲਵੇਗੀ । ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਸ਼੍ਰੋਮਣੀ ਪੰਜਾਬੀ ਕਵੀ ਗੁਰਭਜਨ ਗਿੱਲ ਨੂੰ ਬਹੁਤੀ ਜਾਣ-ਪਛਾਣ ਦੀ ਜ਼ਰੂਰਤ ਨਹੀਂ । ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਹਨ । ਅਨੇਕਾਂ ਸਨਮਾਨਾਂ ਨਾਲ ਸਨਮਾਨਿਤ ਪੰਜਾਬੀ ਸਾਹਿਤ ਦੇ ਇਸ ਧਰੂ ਤਾਰੇ ਨੇ ਸਾਹਿਤ ਵਿੱਚ ਵਡਮੁੱਲਾ ਯੋਗਦਾਨ ਪਾਇਆ ਅਤੇ ਲਗਾਤਾਰਤਾ ਨਾਲ ਪਾ ਰਿਹਾ ਹੈ।

‘ਧੁਰ ਰੂਹ ਤੋਂ ਪੰਜਾਬੀ’ ਗੁਰਭਜਨ ਦੀ ਸਿਰਜਣਾਤਮਿਕ ਕ੍ਰਿਆਸ਼ੀਲਤਾ ਉਸ ਦੇ ‘ਖ਼ੂਨ’ ਵਿੱਚ ਹੈ, ਜੋ ਖ਼ੁਦ-ਬ-ਖ਼ੁਦ ਪ੍ਰਗਟ ਹੁੰਦੀ ਜਾ ਰਹੀ ਹੈ । ‘ਅੱਧੀ ਸਦੀ’ ਤੋਂ ਵੀ ਲੰਮੇ ਸਾਹਿਤਕ ਸਫ਼ਰ ਦੇ ਪੈਂਡਿਆਂ ‘ਤੇ ਤੁਰਦਿਆਂ ਉਨ੍ਹਾਂ ਨੇ ਹੋਰ ਬਹੁਤ ਸਾਰੇ ਨਵੇਂ ਸ਼ਾਇਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਆਪਣੇ ਨਾਲ ਤੋਰਿਆ, ਕਾਫ਼ਲੇ ਵੱਡੇ ਤੋਂ ਵਿਸ਼ਾਲ ਹੋ ਰਹੇ ਹਨ ।

ਗੁਰਭਜਨ ਗਿੱਲ ਦੀ ਲੇਖਣੀ ‘ਤੇ ਮੋਟੀ ਜਿਹੀ ਹੀ ਨਜ਼ਰ ਮਾਰਦਿਆਂ ਉਨਾਂ ਦੀ ਅਥਾਹ ਸਿਰਜਣਾਤਮਿਕ ਸ਼ਕਤੀ ਦਾ ਇਜ਼ਹਾਰ ਹੋ ਜਾਂਦਾ ਹੈ । 21 ਕਾਵਿ / ਗਜ਼ਲ ਸੰਗ੍ਰਹਿ, 5 ਸਹਿ-ਸੰਪਾਦਕ ਗ਼ਜ਼ਲ ਸੰਗ੍ਰਹਿ, 1 ਵਾਰਤਕ, 1 ਹਿੰਦੀ ਕਾਵਿ ਸੰਗ੍ਰਹਿ, 2 ਕਾਵਿ ਸੰਗ੍ਰਹਿ ਸੰਪਾਦਨ ਤੋਂ ਇਲਾਵਾ 6 ਕਾਵਿ ਸੰਗ੍ਰਹਿਆਂ ਦਾ ਸ਼ਾਹਮੁਖੀ ਵਿੱਚ ਪ੍ਰਕਾਸ਼ਨ ਹਰਭਜਨ ਗਿੱਲ ਦੀ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿੱਚ ਮਕਬੂਲੀਅਤ ਦਾ ਪ੍ਰਤੀਕ ਹੈ ।

‘ਪਾਇਲ’ ਦੀ ਗੱਲ ਕਰਨ ਤੋਂ ਪਹਿਲਾਂ ਇਸ ਸ਼ਾਹਕਾਰ ਪੁਸਤਕ ਦੇ ਰਚੇਤਾ ਅਤੇ ਪੰਜਾਬੀ ਸਾਹਿਤ ਜਗਤ ਦੇ ਅਣਗੌਲ਼ੇ ਪਰ ਪਰਪੱਕ ਗ਼ਜ਼ਲਗੋ ਅਤੇ ਖ਼ੂਬਸੂਰਤ ਸ਼ਖ਼ਸੀਅਤ ‘ਸੁਖਬੀਰ ਸਿੰਘ ਸੰਧੂ’ ਬਾਰੇ ਕੁਝ ਜਾਣਕਾਰੀ ਸਾਹਿਤ ਪ੍ਰੇਮੀਆਂ ਨਾਲ ਸਾਂਝੀ ਕਰਨੀ ਜਰੂਰੀ ਹੈ । 12 ਅਗਸਤ 1932 ਨੂੰ ਪਿੰਡ ਕਲਸੀਆਂ ਖ਼ੁਰਦ (ਤਰਨਤਾਰਨ) ਦੇ ਗਿਆਨੀ ਸਰਦਾਰਾ ਸਿੰਘ ਦੇ ਘਰ ਜਨਮੇ ਸੁਖਬੀਰ ਸਿੰਘ ਸੰਧੂ ਨੇ ਐਮ.ਏ. ਤੱਕ ਦੀ ਵਿਦਿਆ ਪ੍ਰਾਪਤ ਕੀਤੀ । ਰੋਟੀ ਰੋਜ਼ੀ ਵਾਸਤੇ ਕਲਰਕ, ਅਧਿਆਪਕ, ਲੋਕ ਸੰਪਰਕ ਵਿਭਾਗ ਵਿੱਚ ਡਰਾਮਾ ਇੰਸਪੈਕਟਰ, ਅਤੇ ਇੰਗਲੈਂਡ ਵਿੱਚ ਪਰਵਾਸ ਕਰਕੇ ਸਪਰੇਅ ਪੇਂਟਰ ਬਣ ਗਿਆ । ਸੁਖਬੀਰ ਸੰਧੂ ਪੰਜਾਬ ਵਿੱਚ ਇੱਕ ਹੋਟਲ ਦਾ ਮਾਲਕ ਵੀ ਬਣਿਆ ।

ਸਾਊਥਹਾਲ, ਇੰਗਲੈਂਡ ਦੇ ਵਸਨੀਕ ਅਤੇ ਲੰਡਨ ਦੀ ਪਹਿਲੀ ਪੰਜਾਬੀ ਸਾਹਿਤ ਸਭਾ ਦੇ ਜਨਰਲ ਸਕੱਤਰ ਸੁਖਬੀਰ ਸਿੰਘ ਸੰਧੂ ਨੂੰ ਜਾਨਣ ਵਾਲੇ ਦੱਸਦੇ ਹਨ ਕਿ ਉਸ ਨੂੰ ਗ਼ਜ਼ਲ ਲਿਖਣ ਦਾ ਸ਼ੌਕ ਜਨੂੰਨ ਦੀ ਹੱਦ ਤੱਕ ਸੀ ।

ਸ਼ਿਵ ਕੁਮਾਰ ਬਟਾਲਵੀ ਦਾ ਸਮਕਾਲੀ ਸੁਖਬੀਰ ਸਿੰਘ ਸੰਧੂ ਗ਼ਜ਼ਲਾਂ ਨੂੰ ਗਾਉਂਦਾ ਵੀ ਸੁਰ-ਤਾਲ ਵਿੱਚ ਅਤੇ ਰੂਹ ਦੀਆਂ ਗਹਿਰਾਈਆਂ ਵਿੱਚੋਂ ਸੀ । ਸੁਰੀਲਾ ਵੀ ਸੀ । ਉਸ ਦੀ ਕਵਿਤਾ ਅਤੇ ਗ਼ਜ਼ਲ ਤਾਂ ਫੁੱਟਦੀ ਜਵਾਨੀ ਵਿੱਚ ਹੀ ਪੁੰਗਰ ਪਈ ਸੀ । ਪਾਇਲ ਉਸ ਦੇ ਜਵਾਨੀ ਵੇਲੇ ਦੇ ਵੀਹ ਕੁ ਵਰ੍ਹਿਆਂ ਦੇ ਵਿਭਿੰਨ ਅਨੁਭਵਾਂ, ਅਹਿਸਾਸਾਂ ਅਤੇ ਖ਼ਿਆਲਾਂ ਦਾ ਸ਼ਬਦੀ ਰੂਪਾਂਤਰ ਹੈ, ਜਿੰਨ੍ਹਾਂ ਦੀਆਂ ਜੜ੍ਹਾਂ ਗਰੀਬੀ-ਅਮੀਰੀ, ਮੁਹੱਬਤ-ਨਫ਼ਰਤ, ਮਾਲਕੀ-ਮਜ਼ਦੂਰੀ, ਸੰਘਰਸ਼ ਅਤੇ ਦੇਸ-ਪਰਦੇਸ ਦੇ ਜੀਵਨ ਨਾਲ ਜਾ ਜੁੜਦੀਆਂ ਹਨ ।

ਸੁਖਬੀਰ ਸੰਧੂ ਨੇ ਇਸ ਗ਼ਜ਼ਲ ਸੰਗ੍ਰਹਿ ਨੂੰ ਇੱਕ ‘ਵਿਲੱਖਣ ਅੰਦਾਜ਼’ ਦੇ ਨਾਲ ਸਮਰਪਣ ਕੀਤਾ ਹੈ…

ਜਿਸ ਮੋੜ ਤੇ ਕੋਈ ਇਸ ਤੋਂ, ਉਂਗਲੀ ਛੁਡਾ ਗਿਆ ਗਿਆ ਹੈ ,
ਮੇਰੀ ਵਫ਼ਾ ਅਜੇ ਵੀ, ਉਸ ਮੋੜ ਤੇ ਖ਼ਲ਼ੀ ਏ ।

ਸੰਗ੍ਰਹਿ ਵਿੱਚ ਸ਼ਾਮਲ ਗ਼ਜ਼ਲਾਂ ਰੂਹ ਨੂੰ ਧੂਹ ਪਾਉਂਦੀਆਂ ਹਨ, ਸੁਖਬੀਰ ਦੇ ਮਨ ਦੇ ਵਲਵਲਿਆਂ ਦੀ ਸੁਹਜਮਈ ਤਰਜਮਾਨੀ ਕਰਦੀਆਂ ਹਨ, ਅਤੇ ਉਸ ਦੇ ਜਜ਼ਬਿਆਂ ਤੇ ਭਾਵਨਾਵਾਂ ਦਾ ਆਪ-ਮੁਹਾਰਾ ਪ੍ਰਵਾਹ ਪੁਸਤਕ ਦੀ ਪਹਿਲੀ ਗ਼ਜ਼ਲ ਵਿੱਚੋਂ ਹੀ ਝਲਕਣਾ ਸ਼ੁਰੂ ਹੋ ਜਾਂਦਾ ਹੈ…

ਮਾਰੀ ਉਨ੍ਹਾਂ ਨੇ ਚੋਟ ਹੈ ਸਾਡੇ ਯਕੀਨ ਤੇ ।
ਪੰਛੀ ਢਹੂ ਗ਼ਰੂਰ ਦਾ ਇੱਕ ਦਿਨ ਜ਼ਮੀਨ ਤੇ ।

ਖ਼ਤ ਦੇ ਕੇ ਹੱਥ ਰਕੀਬ ਦੇ ਕਾਸਦ ਕਿਉਂ ਰੋ ਪਿਐ ,
ਸ਼ਾਇਦ ਉਹ ਵੀ ਉਦਾਸ ਹੈ ਸਾਡੀ ਤੌਹੀਨ ਤੇ ।

ਪੁਸਤਕ ਨੂੰ ਪੜ੍ਹਦਿਆਂ ਅਤੇ ਮਾਣਦਿਆਂ ਪਾਠਕ ਸੁਖਬੀਰ ਸੰਧੂ ਦੀ ਸ਼ਾਇਰੀ ਦਾ ਕਾਇਲ ਹੁੰਦਾ ਜਾਂਦਾ ਹੈ । ਇਸ ਗੱਲ ਦੀ ਸਮਝ ਵੀ ਪੈਂਦੀ ਹੈ ਕਿ ਕਿਉਂ ਨਾਮੀ ਗਾਇਕਾਂ ਨੇ ਇਸ ਨੂੰ ਗਾਇਆ, ਚੁਰਾਇਆ ਜਾਂ ਆਪਣਾ ਬਣਾ ਕੇ ਨਾਂਅ ਚਮਕਾਇਆ । ਪੁਸਤਕ ਵਿਚ ਸ਼ਾਮਲ ਗ਼ਜ਼ਲਾਂ ਦੀ ਹਲਕੀ ਜਿਹੀ ਝਲਕ ਪਾਠਕਾਂ ਨਾਲ ਸਾਂਝੀ ਕਰਦੇ ਹਾਂ…

ਜੋ ਪਲਕਾਂ ਹੇਠ ਬਿਠਾਉਂਦਾ ਰਿਹਾ, ਉਹ ਨੈਣ ਚੁਰਾਵੇ ਪਲ਼ ਪਲ਼ ਤੇ ।
ਕੀ ਹੁੰਦਾ ਜਾਵੇ ਉਨ੍ਹਾਂ ਨੂੰ, ਸਾਨੂੰ ਸਮਝ ਨਾ ਆਵੇ ਪਲ਼ ਪਲ਼ ਤੇ ।

ਅਸੀਂ ਗੰਗਾ ਜਾ ਕੇ ਕੀ ਲੈਣਾ ਅਸੀਂ ਜਮਨਾ ਨ੍ਹਾ ਕੇ ਕੀ ਲੈਣਾ ,
ਜਦ ਹੜ੍ਹ ਅੱਖੀਆਂ ਵਿੱਚ ਹੰਝੂਆਂ ਦਾ, ਸਾਨੂੰ ਆਣ ਨੁਹਾਵੇ ਪਲ਼ ਪਲ਼ ਤੇ ।

ਸੁਖਬੀਰ ਦੀ ਸ਼ਾਇਰੀ ਭਾਵਨਾਵਾਂ ਅਤੇ ਸੰਵੇਦਨਸ਼ੀਲਤਾ ਦਾ ਸੁਹਜਮਈ ਸੰਗਮ ਹੈ । ਜਿੱਥੇ ਮੋਹ ਮੁਹੱਬਤਾਂ ਦਾ ਰਾਗ ਅਲਾਪਦਾ ਹੈ, ਉੱਥੇ ਹੀ ਇਨਕਲਾਬ, ਸ਼ਹੀਦੀਆਂ ਅਤੇ ਲਾਸਾਨੀ ਕੁਰਬਾਨੀਆਂ ਦੀ ਤਾਰ ਛੇੜਨੀ ਵੀ ਨਹੀਂ ਭੁੱਲਦਾ…

ਬੇ-ਆਸ ਨਿਕਲੀ ਜਦੋਂ ਹਰ ਇੱਕ ਦਵਾ ਮੇਰੇ ਲਈ ।
ਰਾਸ ਆਈ ਤੇਰੇ ਪੱਲੂ ਦੀ ਹਵਾ ਮੇਰੇ ਲਈ ।

ਰਾਤ ਨੇ ਪ੍ਰਭਾਤ ਦਾ ਸੰਧੂਰ ਸਿਰ ਵਿੱਚ ਧੂੜ ਕੇ ,
ਇੱਕ ਨਵਾਂ ਦਿਨ ਹੋਰ ਦਿੱਤਾ ਹੈ ਸਜਾ ਮੇਰੇ ਲਈ ।

ਦੱਸਦਾ ਏ ਨਜ਼ਾਰਾ ਕਰਵਟ ਬਦਲ ਬਦਲ ਕੇ ।
ਕੋਈ ਇਨਕਲਾਬ ਆਉਣਾ ਹੈ ਅੱਜ ਨਹੀਂ ਤਾਂ ਭਲ਼ਕੇ ।

ਹਰਦਾ ਹੀ ਜਾ ਰਿਹਾ ਹੈ ਹਰ ਕਦਮ ਤੇ ਹਨ੍ਹੇਰਾ ,
ਕਰਦਾ ਏ ਵਾਰ ਚਾਨਣ ਐਸੇ ਸੰਭਲ਼ ਸੰਭਲ਼ ਕੇ ।

ਜਾਗੋ ! ਕਿ ਸਮਾਂ ਉੱਜਲੇ ਸੰਗਰਾਮ ਦਾ ਆਇਆ ਏ ।
ਰਾਹਾਂ ਨੂੰ ਲਤਾੜੋ ਕਿ ਮੰਜ਼ਿਲ ਨੇ ਬੁਲਾਇਆ ਏ ।

ਕੋਈ ਇਹ ਕਰਾਮਾਤ ਕਰਕੇ ਵਿਖਾਲ਼ੇ ।
ਕਿ ਦਿਲ ਹੈ ਸਲਾਮਤ ਬਦਨ ਛਾਲੇ ਛਾਲੇ ।

ਸ਼ਹੀਦਾਂ ਦੀ ਜਦ ਵੀ ਕਿਸੇ ਗੱਲ ਛੇੜੀ,
ਨਾ ਰੁਕ ਸਕੇ ਹੰਝੂ, ਨਾ ਦਿਲ ਗਏ ਸੰਭਾਲ਼ੇ ।

ਪਰਵਾਸ ਦੀ ਦੋਹਰੀ ਜ਼ਿੰਦਗੀ ਜਿਉਣ ਦੀ ਤ੍ਰਾਸਦੀ ਨੂੰ ਪਰਵਾਸੀ ਖ਼ੁਦ-ਬ-ਖ਼ੁਦ ਜਾਣਦੇ ਅਤੇ ਮਹਿਸੂਸ ਕਰਦੇ ਹਨ । ਇਸ ਦਰਦ ਨੂੰ ਸੁਖਬੀਰ ਨੇ ਬਾਖੂਬੀ ਬਿਆਨ ਕੀਤਾ ਹੈ…

ਪੂਰਬ ਨੂੰ ਸੌਂਪ ਕੇ ਦਿਲ, ਪੱਛਮ ਨੂੰ ਆ ਗਿਆ ਹਾਂ ।
ਬਣਦੀ ਹੈ ਕਿਸ ਜਗ੍ਹਾ ਤੇ ਸਾਡੀ ਕਬਰ ਵੀ ਦੇਖੋ ।

ਪੱਛਮ ਦੀਆਂ ਹਵਾਵਾਂ, ਸਾਨੂੰ ਨਾ ਰਾਸ ਆਈਆਂ ।
ਆਪਣਾ ਬਣਾ ਕੇ ਵੀ ਜੋ, ਖ਼ੁਦ ਰਹਿੰਦੀਆਂ ਪਰਾਈਆਂ ।

ਉਨਾਂ ਦੀ ਕਦਰ ਕੀਮਤ ਪਾ ਸਕਦੀਆਂ ਨੇ ਕੀ ਇਹ ।
ਸੱਜਣਾਂ ਤੋਂ ਦੂਰ ਆ ਕੇ ਸਹਿੰਦੇ ਹਾਂ ਜੋ ਜੁਦਾਈਆਂ ।

ਸੁਖਬੀਰ ਸੰਧੂ ਦੀ ਸੰਜੀਦਾ, ਭਾਵਪੂਰਤ ਅਤੇ ਵਿਭਿੰਨ ਵਿਸ਼ਿਆਂ ਵਾਲੀ ਸ਼ਾਇਰੀ ਨੂੰ ਪੜ੍ਹਦਿਆਂ ਉਸ ਦੇ ਕਾਵਿ-ਮਨ ਦੀ ਭਾਵਨਾ, ਸੰਵੇਦਨਸ਼ੀਲਤਾ, ਸੂਖ਼ਮ ਬਿਰਤੀ, ਦੂਰਦਰਸ਼ੀ ਸੋਚ ਦਾ ਅੰਦਾਜ਼ਾ ਵੀ ਲੱਗ ਜਾਂਦਾ ਹੈ…

ਲੈ ਲੈਂਦਾ ਹੈ ਸਜਦਾ, ਰੋਕ ਕੇ, ਇੱਕ ਦਰ ਕਦੀ ਕਦੀ ।
ਯਾਦਾਂ ਤਾਜ਼ੀਆਂ ਦੇਂਦਾ ਹੈ ਕਰ, ਇੱਕ ਘਰ ਕਦੀ ਕਦੀ ।

ਜਦੋਂ ਘਰ ਕਿਸੇ ਦੇ ਸਮਾਏ ਗ਼ਰੀਬੀ ।
ਤਾਂ ਕੀ ਕੀ ਸੁਣੋ ਕਰ ਵਿਖਾਏ ਗ਼ਰੀਬੀ ।

ਕੋਈ ਵੀ ਰਚਨਾ ਜਦ ਬੇਬਾਕ ਸੱਚ ਬੋਲਦੀ ਹੈ ਤਾਂ ਉਹ ਖ਼ੁਦ-ਬ-ਖ਼ੁਦ ਹੋਰ ਮਕਬੂਲ ਹੋ ਜਾਂਦੀ ਹੈ…

ਵੇਖ ਕੇ ਮੇਰਾ ਜਨਾਜ਼ਾ ਉਨ੍ਹਾਂ ਮੂੰਹ ਫੇਰ ਲਿਆ ,
ਮੇਰੇ ਮਰ ਜਾਣ ਤੇ ਪਹਿਚਾਣ ਦੀ ਗੱਲ ਕੀਤੀ ਏ ।

ਮਹਿਜ਼ ਤਿੰਨ ਅੱਖਰਾਂ ਦਾ ਛੋਟਾ ਜਿਹਾ ਸ਼ਬਦ ‘ਜ਼ਿੰਦਗੀ’ ਆਪਣੇ ਅੰਦਰ ਬੜੇ ਗਹਿਰੇ ਰਾਜ਼ ਸਮੋਈ ਬੈਠਾ ਹੈ । ਜ਼ਿੰਦਗੀ ਦੇ ਈਮਾਨ ਅਤੇ ਰਾਜ਼ ਬਾਰੇ ਬਹੁਤ ਦਿਲਚਸਪ ਲਫ਼ਜ਼ ਪਰੋਏ ਨੇ ਸੁਖਬੀਰ ਸੰਧੂ ਨੇ…

ਦੁੱਖ ਸੁਖ, ਖੁਸ਼ੀ ਗ਼ਮੀ ਦੀ ਹੈ ਧੁੱਪ ਛਾਂ ਜਿਹੀ ਖੇਡ ਇਹ ,
ਹੰਝੂ ਕਦੀ ਤੇ ਹੈ ਕਦੀ ਮੁਸਕਾਨ ਜ਼ਿੰਦਗੀ ।

ਬੜੀ ਖ਼ੂਬਸੂਰਤ ਸੀ ਸ਼ੈਅ ਜ਼ਿੰਦਗੀ ਇਹ ।
ਗ਼ਮਾਂ ਦੇ ਜੇ ਕੀਤੇ ਹਵਾਲੇ ਨਾ ਜਾਂਦੇ ।

ਇੱਕ ਦਿਨ ਘਰ ਤੋਂ ਖੋਲ਼ੇ ਬਣ ਕੇ ਰਹਿ ਜਾਵਣ ,
ਜੋ ਕੰਧਾਂ ਨਾ ਝੱਲਣ ਬੋਝ ਸ਼ਤੀਰਾਂ ਦੇ ।

ਮਿਹਨਤ ਦੀ ਇਕ ਰੇਖ ਤਲੀ ਤੇ ਕਾਫ਼ੀ ਏ ,
ਕੀ ਕਰਨੇ ਨੇ ਬਹੁਤੇ ਜਾਲ਼ ਲਕੀਰਾਂ ਦੇ ।

ਅੰਨ੍ਹੀ ਨਫ਼ਰਤ, ਡਿੱਗਦੇ ਬੰਬਾਂ ਦੀ ਬਰਬਾਦੀ ਅਤੇ ਮਨੁੱਖਤਾ ਦੇ ਜਿਸ ਘਾਣ ਦੀ ਗੱਲ ਸੁਖਬੀਰ ਸੰਧੂ ਅੱਧੀ ਸਦੀ ਪਹਿਲਾਂ ਕਰ ਗਿਆ, ਉਹ ਅਮਰਵੇਲ ਬਣ ਕੇ ਅੱਜ ਵੀ ਵਧ ਫੁੱਲ ਰਹੀ ਹੈ…

ਮਾਂ ਧਰਤੀ ਦੀ ਹਿੱਕ ਤੇ ਕਿਧਰੇ ਬੰਬਾਂ ਦੀ ਬਰਸਾਤ ਹੈ ਹੋਈ ।
ਖ਼ੂਨ ਮਨੁੱਖਤਾ ਦਾ ਕਿਤੇ ਹੋਇਆ, ਰੱਤ ਕਿਤੇ ਇਨਸਾਨ ਦੀ ਚੋਈ ।

ਇਸ ਗ਼ਜ਼ਲ ਸੰਗ੍ਰਹਿ ਦੀ ਆਖ਼ਰੀ ਗ਼ਜ਼ਲ ਦੇ ਲਫ਼ਜ਼ ਖ਼ੁਦ-ਬ-ਖ਼ੁਦ ਬਹੁਤ ਕੁਝ ਕਹਿ ਗਏ…

ਦੱਸ ਕੇ ਨਵਾਂ ਹੀ ਰਾਹ ਤੇ ‘ਆਹ’ ਭਰ ਕੇ ਤੁਰ ਗਏ ,
ਪੁੱਛੇ ਜਿਨ੍ਹਾਂ ਨੂੰ ਮੈਂ ਪਤੇ ਤੇਰੇ ਮਕਾਨ ਦੇ ।

ਗ਼ਮ ਵੀ ਖੁਸ਼ੀ ਸਮਾਨ ਹੈ, ਸਾਨੂੰ ਜੋ ਦੇ ਗਿਐ ,
ਸ਼ਾਇਦ ਇਹੋ ਹੀ ਕੋਲ ਸੀ ਉਸ ਮਿਹਰਬਾਨ ਦੇ ।

ਦੋਸਤੋ, ਪੰਜਾਬੀ ਸਾਹਿਤ ਦਾ ਅਨਮੋਲ ਹੀਰਾ ਸੁਖਬੀਰ ਸੰਧੂ ਅਤੇ ਉਸ ਦੀ ਖ਼ੂਬਸੂਰਤ ਸ਼ਾਇਰੀ ਭਾਵੇਂ ਅੱਧੀ ਸਦੀ ਤੱਕ ਸਮੇਂ ਦੀਆਂ ਧੂੜਾਂ ਵਿੱਚ ਗਾਇਬ ਰਹੀ, ਪਰ ਸੱਚ ਇਹ ਵੀ ਹੈ ਕਿ ਸ਼ਬਦ ਕਦੇ ਮਰਦੇ ਨਹੀਂ ਹੁੰਦੇ ਅਤੇ ਨਾ ਹੀ ਸੁਖ਼ਨਵਰ । ਗੁਰਭਜਨ ਗਿੱਲ, ਜਸਬੀਰ ਭੁੱਲਰ ਅਤੇ ਇਮਰੋਜ਼ ਮਾਨ ਵਰਗੀਆਂ ਸ਼ਖ਼ਸੀਅਤਾਂ ਦੀਆਂ ਸ਼ਲਾਘਾਯੋਗ ਕੋਸ਼ਿਸ਼ਾਂ ਇੰਜ ਹੋਣ ਨਹੀਂ ਦਿੰਦੀਆਂ ਅਤੇ ਨਾ ਹੀ ਹੋਣ ਦੇਣਗੀਆਂ । ਸੁਰਜੀਤ ਪਾਤਰ ਜੀ ਦੀਆਂ ਖ਼ੂਬਸੂਰਤ ਲਾਈਨਾਂ ਵੀ ਇਸ ਦੀਆਂ ਗਵਾਹੀ ਭਰਦੀਆਂ ਹਨ…

ਜਦੋਂ ਤਕ ਲਫ਼ਜ਼ ਜਿਉਂਦੇ ਨੇ ਸੁਖਨਵਰ ਜਿਓਣ ਮਰ ਕੇ ਵੀ,
ਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿਚ ਸੁਆਹ ਬਣਦੇ ।

ਗ਼ਜ਼ਲ ਸੰਗ੍ਰਹਿ ‘ਪਾਇਲ’ ਦਾ ‘ਦੂਸਰਾ ਜਨਮ’ ਪੰਜਾਬੀ ਸਾਹਿਤ ਲਈ ਸ਼ੁੱਭ ਸ਼ਗਨ ਹੈ । ਸੁਖਬੀਰ ਸਿੰਘ ਸੰਧੂ ਅਤੇ ਗੁਰਭਜਨ ਗਿੱਲ ਵਧਾਈ ਦੇ ਹੱਕਦਾਰ ਹਨ !

ਜ਼ਿੰਦਗੀ ਜਿੰਦਾਬਾਦ ।
***
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
209 600 2897

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1876
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

ਡਾ. ਕੁਲਵਿੰਦਰ ਸਿੰਘ ਬਾਠ

ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

View all posts by ਡਾ. ਕੁਲਵਿੰਦਰ ਸਿੰਘ ਬਾਠ →