ਕੁਛ ਦਿਨ ਪਹਿਲਾਂ ‘ਪਰਮਜੀਤ ਦਿਓਲ’ ਦੇ ਪਲੇਠੇ ਗਜ਼ਲ ਸੰਗ੍ਰਹਿ “ਕੂੰਜਾਂ ਦੇ ਰੂਬਰੂ” ਦੇ ਰੂਬਰੂ ਹੋਣ ਦਾ ਮੌਕਾ ਮਿਲਿਆ। ਪੁਸਤਕ ਦੇ ਨਾਂ ਦੀ ਤਰਾਂ ਖ਼ੂਬਸੂਰਤ ਅਤੇ ਡੂੰਘੀ ਸ਼ਾਇਰੀ ਨਾਲ ਲਬਰੇਜ਼ ਪੁਸਤਕ ਜਲਦੀ ਪੜ੍ਹੀ ਵੀ ਗਈ।
ਪੰਜਾਬੀ ਸਾਹਿਤ, ਕਲਾ ਅਤੇ ਸੱਭਿਆਚਾਰ ਦੀ ਬਹੁਪੱਖੀ ਅਤੇ ਬਹੁਵਿਧਾਵੀ ਲੇਖਿਕਾ ‘ਪਰਮਜੀਤ ਦਿਓਲ’ ਨਿਰਸੰਦੇਹ ਹੀ ਇੱਕ ਜਾਣੀ ਪਛਾਣੀ ਅਤੇ ਸਨਮਾਨਯੋਗ ਸ਼ਖ਼ਸੀਅਤ ਹੈ। ਸਾਹਿਤ ਸਿਰਜਣਾ ਦੇ ਨਾਲ ਹੀ ਉਸ ਨੂੰ ਥੀਏਟਰ ਅਤੇ ਫ਼ਿਲਮੀ ਕਲਾਕਾਰੀ ਦਾ ਵੀ ਸ਼ੌਕ ਹੈ। ਖ਼ੂਬਸੂਰਤ ਰੂਹ ਵਾਲੀ ਪਰਮਜੀਤ ਦਿਓਲ ਆਪਣੇ ਘਰ-ਪਰਿਵਾਰ, ਸੱਭਿਆਚਾਰਕ ਅਤੇ ਸਾਹਿਤਕ-ਪਰਿਵਾਰਾਂ ਦੀਆਂ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਨਿਭਾਅ ਰਹੀ ਹੈ।
ਪਿਛਲੇ ਤਿੰਨ ਕੁ ਦਹਾਕਿਆਂ ਤੋਂ ਕੈਨੇਡਾ ਵਿੱਚ ਰਹਿੰਦਿਆਂ ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਉਸ ਨੇ ਇੱਕ ਵਿਲੱਖਣ ਮੁਕਾਮ ਹਾਸਲ ਕਰ ਲਿਆ ਹੈ। ਸੰਵੇਦਨਸ਼ੀਲ ਕਾਵਿ-ਮਨ ਅਤੇ ਪੰਜਾਬੀ ਸਾਹਿਤ ਨਾਲ ਮੋਹ-ਮੁਹੱਬਤ ਉਸ ਦੇ ਖਾਨਦਾਨੀ ‘ਡੀ ਐਨ ਏ’ ਦੀ ਬਦੌਲਤ ਹੈ। ਉਸ ਦੇ ਪਿਤਾ ਜੀ ਖ਼ੁਦ ਵਧੀਆ ਕਵਿਤਾ ਲਿਖਦੇ ਸਨ। ਪਰਮਜੀਤ ਦਿਓਲ ਨੇ ਉਨ੍ਹਾਂ ਦੀਆਂ ਪੈੜਾਂ ‘ਤੇ ਚੱਲਦਿਆਂ ਆਪਣੇ ਸਾਹਿਤਕ ਸਫ਼ਰ ਦੀ ਸ਼ੁਰੂਆਤ ਕੀਤੀ।
ਪਰਮਜੀਤ ਦੇ ਸੱਜਰੇ ਗ਼ਜ਼ਲ ਸੰਗ੍ਰਹਿ “ਕੂੰਜਾਂ ਦੇ ਰੂਬਰੂ” ਬਾਰੇ ਗੱਲ ਅੱਗੇ ਤੋਰਨ ਤੋਂ ਪਹਿਲਾਂ ਉਸ ਦੀ ‘ਕਵਿਤਾ’ ਅਤੇ ‘ਸੰਪਾਦਨ’ ਦੀ ਗੱਲ ਕਰਨੀ ਬਣਦੀ ਹੈ…
ਪਰਮਜੀਤ ਨੇ ਆਪਣੇ ਸਾਹਿਤਕ ਸਫ਼ਰ ਦਾ ਆਗਾਜ਼ 2013 ਵਿੱਚ ਪਲੇਠੇ ਕਾਵਿ ਸੰਗ੍ਰਹਿ “ਸਾਹਾਂ ਦੀ ਪੱਤਰੀ” ਤੋਂ ਸ਼ੁਰੂ ਕੀਤਾ। ਇਸ ਸ਼ੁਰੂਆਤ ਤੋਂ ਅੱਗੇ ਚਲਦਿਆਂ ਉਸ ਨੇ “ਮੈਂ ਇੱਕ ਰਿਸ਼ਮ” (2015) ਅਤੇ “ਤੂੰ ਕੱਤ ਬਿਰਹਾ” (2017) ਤੀਕ ਦਾ ਪੈਂਡਾ ਸਰ ਕੀਤਾ। ਤਕਰੀਬਨ 4 ਕੁ ਸਾਲ ਦੇ ਬਾਅਦ ਉਸ ਨੇ ਸਮੇਂ ਦੀ ਨਜ਼ਾਕਤ, ਸ਼ਬਦਾਂ ਦੀ ਤਾਕਤ ਨੂੰ ਸਮਝਦਿਆਂ ਅਤੇ ਆਪਣੇ ਨੈਤਿਕ ਫ਼ਰਜ਼ ਨੂੰ ਨਿਭਾਉਂਦਿਆਂ ਆਪਣੇ ਸਾਹਿਤਕ ਸਫ਼ਰ ਦਾ ‘ਕਾਂਟਾ’ ਬਦਲਿਆ। ਕਿਸਾਨ ਅੰਦੋਲਨ ਲਈ ਇੱਕ ਵਡਮੁੱਲਾ ਸਾਹਿਤਕ ਯੋਗਦਾਨ ਪਾਉਂਦਿਆਂ “ਕਿਸਾਨੀ ਇਬਾਰਤ” (2021) ਨਾਂ ਦੀ ਦਸਤਾਵੇਜ਼ੀ ਪੁਸਤਕ ਸੰਪਾਦਿਤ ਕੀਤੀ।
ਸੰਵੇਦਨਸ਼ੀਲ ਮਨੁੱਖ ਦੀ ਰੂਹ ਅੰਦਰ ਅਨੁਭਵਾਂ ਜਾਂ ਅਹਿਸਾਸਾਂ ਦਾ ਚਸ਼ਮਾ ਫੁੱਟਦਾ ਰਹਿੰਦਾ ਹੈ। ਚਾਹੁੰਦਿਆਂ ਹੋਇਆਂ ਵੀ ਉਹ ਇਸ ਪ੍ਰਕਿਰਿਆ ਨੂੰ ਜ਼ਿਆਦਾ ਦੇਰ ਤੱਕ ਰੋਕ-ਟੋਕ ਨਹੀਂ ਸਕਦਾ। ਇਨ੍ਹਾਂ ਅਨੁਭਵਾਂ, ਅਹਿਸਾਸਾਂ ਅਤੇ ਵਲਵਲਿਆਂ ਦਾ ਸੰਗਮ ਫਿਰ ਲਫਜ਼ਾਂ ਦਾ ਵਹਿਣ ਬਣ ਵਗ ਤੁਰਦਾ ਹੈ। ਅਗਲੇ ਪੰਜ ਕੁ ਸਾਲ ਪਰਮਜੀਤ ਵੀ ਆਪਣੇ ਅਹਿਸਾਸਾਂ, ਅਨੁਭਵਾਂ ਤੇ ਵਲਵਲਿਆਂ ਨੂੰ ਉਧੇੜਦੀ-ਬੁਣਦੀ ਰਹੀ। ਸਿਰਜਣਾ ਨੂੰ ਪਕਾਉਂਦੀ ਰਹੀ ਅਤੇ ਸ਼ਬਦਾਂ ਨੂੰ ਜਿਉਂਦੀ ਰਹੀ। ਇਸ ਵਰ੍ਹੇ ਪਰਮਜੀਤ ਦਿਓਲ ਆਪਣੇ ਸੱਜਰੇ ਗ਼ਜ਼ਲ ਸੰਗ੍ਰਹਿ “ਕੂੰਜਾਂ ਦੇ ਰੂਬਰੂ” ਨਾਲ ਪਾਠਕਾਂ ਦੇ ਰੂਬਰੂ ਹੋਈ ਹੈ!
ਜਦੋਂ ਪਰਮਜੀਤ ਦਿਓਲ ਦੀ ‘ਕਵਿਤਾ’ ਦੀ ਗੱਲ ਕਰਦੇ ਹਾਂ ਤਾਂ ਮੈਂ ਪੰਜਾਬੀ ਸਾਹਿਤ ਦੇ ਹਰਫ਼ਨਮੌਲਾ ‘ਵਰਿਆਮ ਸਿੰਘ ਸੰਧੂ’ ਦੀਆਂ ਕੁਛ ਲਾਈਨਾਂ ਪਾਠਕਾਂ ਦੇ ਰੂਬਰੂ ਕਰਨੀਆਂ ਚਾਹੁੰਦਾ ਹਾਂ, ਜੋ ਪਰਮਜੀਤ ਦਿਓਲ ਦੀ ਦਹਾਕਾ ਪਹਿਲਾਂ ਆਈ ਕਾਵਿ ਪੁਸਤਕ “ਮੈਂ ਇੱਕ ਰਿਸ਼ਮ” ਦੇ ‘ਆਸ਼ੀਰਵਾਦ !’ ਵਿੱਚ ਇੰਜ ਕਲਮਬੱਧ ਹਨ…
“ਕਵਿਤਾ ਲਿਖਣ ਲਈ ਵੀ ਖਾਸ ਪ੍ਰਤਿਭਾ ‘ਮਖਸੂਸ’ ਹੁੰਦੀ ਹੈ। ਇਹ ਤੁਕਾਂ ਘੜਨ ਜਾਂ ਵਾਰਤਕ ਦੀ ਸਤਰ ਨੂੰ ਤੋੜ ਕੇ ਵੱਧ ਸਤਰਾਂ ਵਿੱਚ ਲਿਖ ਦੇਣ ਦਾ ਨਾਂ ਨਹੀਂ। ਪੰਜਾਬੀ ਦੇ ਅੱਸੀ-ਫੀਸਦੀ ਸ਼ਾਇਰ ਇਸੇ ‘ਯੋਗਤਾ’ ਨੂੰ ਹੀ ਕਵਿਤਾ ਸਮਝੀ ਬੈਠੇ ਹਨ। ਪਰ ਕਵਿਤਾ ਦੀ ਸਮਝ ਵਿਰਲਿਆਂ ਕੋਲ ਹੈ। ਪਰਮਜੀਤ ਦਿਓਲ ਨੂੰ ਕਵਿਤਾ ਦੀ ਸਮਝ ਹੈ। ਉਹ ਕਵਿਤਾ ਘੜਦੀ ਨਹੀਂ, ਰਚਦੀ ਹੈ। ਉਹ ਕਾਹਦੀ ਕਵਿਤਾ ਜਿਸ ਦੇ ਅੱਖਰ ਜੁਗਨੂੰਆਂ ਵਾਂਗ ਨਾ ਜਗਦੇ ਹੋਣ ! ਪਰਮਜੀਤ ਦੀ ਕਵਿਤਾ ਵਿੱਚ ‘ਕਿਤੇ, ਕਿਤੇ’ ਅਜਿਹੀ ਲਿਸ਼ਕ / ਚਮਕ ਦਿਸ ਪੈਂਦੀ ਹੈ। ਕਿਸੇ ਵੀ ਨਵੇਂ ਸ਼ਾਇਰ ਦੀ ‘ਕਿਤੇ, ਕਿਤੇ’ ਵੀ ਇਸ ਝਲਕ ਦਾ ਦਿਸ ਜਾਣਾ ਛੋਟੀ ਗੱਲ ਨਹੀਂ ਹੁੰਦੀ।”
ਪਰਮਜੀਤ ਦਿਓਲ ਦੇ “ਕੂੰਜਾਂ ਦੇ ਰੂਬਰੂ” ਗ਼ਜ਼ਲ ਸੰਗ੍ਰਹਿ ਨੂੰ ਪੜ੍ਹਦਿਆਂ ਤੇ ਮਾਣਦਿਆਂ, ਮੈਨੂੰ ਵਰਿਆਮ ਸਿੰਘ ਸੰਧੂ ਦੇ ਬੋਲਾਂ ਵਿਚਲੀ ‘ਸਦਾਕਤ’ ਬਿਲਕੁਲ ਦਰੁਸਤ ਲੱਗ ਰਹੀ ਹੈ…।
ਕੂੰਜਾਂ ਦੇ ਰੂਬਰੂ… ਭਾਵਨਾ, ਸੰਵੇਦਨਾ ਅਤੇ ਸੁਹਜਮਈ ਸ਼ਾਇਰੀ ਸੰਗਮ
ਮੇਰਾ ਖ਼ੁਦ ਦਾ ਮੰਨਣਾ ਹੈ ਕਿ ਕਵਿਤਾ, ਗ਼ਜ਼ਲ, ਗੀਤ, ਵਾਰਤਕ, ਕਹਾਣੀ, ਨਾਵਲ, ਸਫ਼ਰਨਾਮਾ ਜਾਂ ਫਿਰ ਕਿਸੇ ਵੀ ਰੂਪ ਵਿੱਚ ਸਿਰਜੀ ਹੋਈ ਮਿਆਰੀ ਸਾਹਿਤਕ ਸਿਰਜਣਾ ਅਗਰ ਲੇਖਕ ਦੀ ਰੂਹ ਦੇ ਅਨੁਭਵਾਂ ਤੇ ਅਹਿਸਾਸਾਂ ਨੂੰ ਪੜ੍ਹਨ ਵਾਲੇ ਤੱਕ ਪਹੁੰਚਾਉਂਦੀ ਹੈ, ਉਸ ਨਾਲ ਸੰਵਾਦ ਰਚਾਉਂਦੀ ਹੈ, ਗੱਲ-ਬਾਤ ਕਰਦੀ ਹੈ, ਆਪਣੇ ਨਾਲ ਤੋਰਦੀ ਹੈ, ਜਾਂ ਫਿਰ ਉਹਦੀ ‘ਰੂਹ ਨੂੰ ਧੂਹ’ ਪਾਉਂਦੀ ਹੈ ਤਾਂ ਉਹ ਇੱਕ ਸੁੰਦਰ ਅਤੇ ਸ਼ਾਹਕਾਰ ਸਾਹਿਤਕ ਰਚਨਾ ਹੁੰਦੀ ਹੈ। ਪਰਮਜੀਤ ਦੀ ਪੁਸਤਕ “ਕੂੰਜਾਂ ਦੇ ਰੂਬਰੂ” ਵੀ ਇਸ ਮਿਆਰ ਦੀ ਸਿਰਜਣਾ ਹੈ ਜਿਸ ਵਿਚਲੀਆਂ ਰਚਨਾਵਾਂ ਸੂਖ਼ਮ, ਕੋਮਲ ਅਤੇ ਸੰਵੇਦਨਾ ਨਾਲ ਭਰਪੂਰ ਹਨ।
ਗ਼ਜ਼ਲ ਮੰਚ, ਸਰੀ, ਕੈਨੇਡਾ ਦੁਆਰਾ ਪ੍ਰਕਾਸ਼ਿਤ 66 ਗ਼ਜ਼ਲਾਂ ਦੇ ਸੰਗ੍ਰਹਿ ਨੂੰ ਪਰਮਜੀਤ ਨੇ ਹਰ ਉਸ ਸ਼ਖ਼ਸੀਅਤ ਨੂੰ ਸਮਰਪਤ ਕੀਤਾ ਹੋ ਜੋ ਓਸ ਨੂੰ ‘ਲਿਖਣ ਲਈ ਪ੍ਰੇਰਦਾ’ ਹੈ।
ਰਸਤਾ ਬੜਾ ਹੀ ਕਠਨ ਹੈ ਕੂੰਜਾਂ ਦੇ ਰੂਬਰੂ
ਹੋਣਾ ਪਵੇਗਾ ਕਿੰਨਿਆਂ ਦੇਸ਼ਾਂ ਦੇ ਰੂਬਰੂ
ਪੰਜਾਬੀ ਸਮਾਜ ਅਤੇ ਸੱਭਿਆਚਾਰ ‘ਤੇ ਸਰਾਸਰ ਹੀ ਝਾਤੀ ਮਾਰੀਏ ਤਾਂ ਦੋ ਅੱਖਰਾਂ ਦੇ ਸ਼ਬਦ “ਕੂੰਜਾਂ” ਨੂੰ ਪੜ੍ਹਦਿਆਂ, ਕਹਿੰਦਿਆਂ ਜਾਂ ਸੁਣਦਿਆਂ ‘ਪੰਛੀ ਕੂੰਜ’ ਨਾਲੋਂ ਸਾਡੀਆਂ ਕੂੰਜਾਂ ਵਰਗੀਆਂ ਬਾਲੜੀਆਂ ਅਤੇ ਫੇਰ ਉਨ੍ਹਾਂ ਦਾ ਵੱਡੇ ਹੋ ਕੇ ਪੇਕੇ ਘਰੋਂ ਕੂੰਜਾਂ ਵਾਂਗ ਹੀ ਲੰਮੀ ਉਡਾਰੀ ਮਾਰ ਦੂਰ ਦੇਸ ਚਲੇ ਜਾਣਾ ਜ਼ਿਆਦਾ ਮਹਿਸੂਸ ਹੁੰਦਾ ਹੈ। ਜ਼ਿੰਦਗੀ ਦੇ ਪੈਂਡੇ ਕੂੰਜਾਂ ਵਾਂਗ ਹੀ ਧੀਆਂ ਦੇ ਵੀ ਕਠਿਨ ਅਤੇ ਹਰ ਮੋੜ ‘ਤੇ ਚਨੌਤੀਆਂ ਨਾਲ ਭਰਪੂਰ ਹੁੰਦੇ ਹਨ। ਕੂੰਜਾਂ ਵਰਗੀਆਂ ਧੀਆਂ ਦੀ ਜ਼ਿੰਦਗੀ ਬਾਰੇ ਕੁਝ ਅਨੁਭਵਾਂ ਨੂੰ ਪ੍ਰਗਟਾਉਦੀਆਂ ਸਤਰਾਂ ਖ਼ੁਦ-ਬ-ਖ਼ੁਦ ਬੋਲ ਰਹੀਆਂ ਹਨ…
ਸੁਰਾਂ ਦੇ ਨਾਲ ਮੇਰੀ ਸਾਂਝ ਦਾ ਉਸ ਨੂੰ ਪਤਾ ਤਾਂ ਹੈ
ਪਤਾ ਨਹੀਂ ਫਿਰ ਵੀ ਕਿਉਂ ਮੈਨੂੰ ਕਦੇ ਉਹ ਗਾਉਣ ਨਹੀਂ ਦਿੰਦਾ
ਇਹ ਲੋਕਾਂ ਦਾ ਭੁਲੇਖਾ ਹੈ ਕਿ ਦੁਨੀਆ ਬਦਲ ਚੁੱਕੀ ਹੈ
ਅਜੇ ਤੀਕਰ ਵੀ ਬਾਬਲ ਧੀ ਨੂੰ ਸੁਰਮਾ ਪਾਉਣ ਨਹੀਂ ਦਿੰਦਾ
ਬਾਜ਼ਾਂ ਦੇ ਸ਼ਹਿਰ ਕਿਉਂ ਭਲਾ ਮੱਚਦੀ ਹੈ ਖਲਬਲੀ
ਚਿੜੀਆਂ ਜਦੋਂ ਉਡਾਰੀਆਂ ਅੰਬਰ ‘ਚ ਭਰਦੀਆਂ
ਪਰਮਜੀਤ ਦਿਓਲ ਨੇ ਇਸ ਗ਼ਜ਼ਲ ਸੰਗ੍ਰਹਿ ਵਿੱਚ ਅਨੇਕਾਂ ਹੀ ਮਹੱਤਵਪੂਰਨ ਵਿਸ਼ਿਆਂ ਨੂੰ ਰੂਹ ਨਾਲ ਪਾਠਕਾਂ ਦੇ ਸਨਮੁੱਖ ਕੀਤਾ ਹੈ। ਸੰਜੀਦਾ, ਭਾਵਪੂਰਤ ਅਤੇ ਵਿਭਿੰਨ ਵਿਸ਼ਿਆਂ ਵਾਲੀ ਰਮਣੀਕ ਸ਼ਾਇਰੀ ਨੂੰ ਪੜ੍ਹਦਿਆਂ ਉਸ ਦੇ ਕਾਵਿ-ਮਨ ਦੀ ਭਾਵਨਾ, ਸੰਵੇਦਨਸ਼ੀਲਤਾ, ਸੂਖ਼ਮ ਬਿਰਤੀ, ਦੂਰਦਰਸ਼ੀ ਸੋਚ, ਸਮਾਜਿਕ ਤਾਣਿਆਂ-ਬਾਣਿਆਂ, ਬੇਇਨਸਾਫ਼ੀਆਂ, ਪਸ਼ੂ-ਪੰਛੀਆਂ, ਵਾਤਾਵਰਨ ਅਤੇ ਹੋਰ ਸਮਾਜਿਕ ਸਰੋਕਾਰਾਂ ਪ੍ਰਤੀ ਸਮਝ ਅਤੇ ਜਾਗਰੂਕਤਾ ਦੀ ਝਲਕ ਪੈਂਦੀ ਹੈ। ਸਮੁੱਚੀ ਕਾਇਨਾਤ ਪ੍ਰਤੀ ਮੁਹੱਬਤ ਦਾ ਇਜ਼ਹਾਰ ਵੀ ਹੈ।
ਤੇਜ਼ੀ ਨਾਲ ਬਦਲਦੇ ਵਕਤ ਨੇ ਬੜਾ ਕੁਛ ਬਦਲ ਦਿੱਤਾ ਅਤੇ ਬਦਲ ਰਿਹਾ ਹੈ। ਏਸ ਬਦਲਾਓ ਨੂੰ ਰੋਕਣਾ ਮੁਸ਼ਕਲ ਹੀ ਨਹੀਂ, ਬਲਕਿ, ਨਾਮੁਮਕਿਨ ਹੈ। ਸੱਚ ਹੈ ਕਿ ਅੱਜ ਕੱਲ੍ਹ ਤਾਂ… ਨਾ ਹੀ ਬਹਿਣ ਬਨੇਰੇ ਕਾਂ… ਤੇ ਤੁਰ ਗਈ ਬੋਹੜਾਂ ਦੇ ਸੰਗ ਛਾਂ…।
ਪਰਮਜੀਤ ਦਿਓਲ ਦਾ ਖ਼ੂਬਸੂਰਤ ਸ਼ੇਅਰ ਬਦਲਦੇ ਜ਼ਮਾਨੇ ਨੂੰ ਇੰਜ ਪਾਠਕਾਂ ਦੇ ਰੂਬਰੂ ਕਰਦੈ…
ਰੁੱਖਾਂ ਬਨੇਰਿਆਂ ਦੇ ਜ਼ਮਾਨੇ ਚਲੇ ਗਏ
ਤਾਰਾਂ ਤੇ ਖੰਭੇ ਰਹਿ ਗਏ ਕਾਵਾਂ ਦੇ ਰੂਬਰੂ
ਨੈਪੋਲੀਅਨ ਕਹਿ ਗਿਆ ਕਿ ਅਸੰਭਵ ਸ਼ਬਦ ਮੂਰਖਾਂ ਦੀ ਡਿਕਸ਼ਨਰੀ ਦਾ ਸ਼ਬਦ ਹੈ। ਜ਼ਿੰਦਗੀ ਵਿੱਚ ਕੁਛ ਪਾਉਣ ਲਈ ਹਿੰਮਤ ਕਰਨੀ ਬੇਹੱਦ ਜ਼ਰੂਰੀ ਹੈ। ਹਿੰਮਤੀ ਅਤੇ ਮੁਸ਼ੱਕਤੀ ਲੋਕਾਂ ਲਈ ਮੰਜ਼ਿਲਾਂ ਸਰ ਕਰਨੀਆਂ ਮੁਸ਼ਕਲ ਤਾਂ ਹੋ ਸਕਦੀਆਂ ਹਨ, ਪਰ ਅਸੰਭਵ ਨਹੀਂ ਹੁੰਦੀਆਂ। ਹਿੰਮਤੀ ਲੋਕ ‘ਭਾਈ ਵੀਰ ਸਿੰਘ’ ਦੇ ‘ਚਸ਼ਮੇ ਦੇ ਜਵਾਬ’ ਵਰਗੀ ਸੋਚ ਰੱਖਦੇ ਹਨ,… ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਓਹ ਕਰ ਆਰਾਮ ਨਹੀ ਬਹਿੰਦੇ…
ਪਰਮਜੀਤ ਦਿਓਲ ਵੀ ਆਪਣੀ ਸ਼ਾਇਰੀ ਵਿੱਚ ਸਫ਼ਲਤਾ ਨੂੰ ਪਾਉਣ ਵਾਸਤੇ ਕੋਸ਼ਿਸ਼ਾਂ ਦੀ ਗੱਲ ਕਰਦੀ ਹੈ।
ਜੇ ਕਰੀਏ ਕੋਸ਼ਿਸ਼ਾਂ ਤਾਂ ਸਫ਼ਲਤਾ ਹੁੰਦੀ ਸਦਾ ਹਾਸਲ
ਉਹ ਤਾਹੀਉਂ ਜਿੱਤ ਗਿਆ ਅਨੇਕਾਂ ਵਾਰ ਹਰ ਹਰ ਕੇ
ਚੜ੍ਹੇ ਦਰਿਆ ਨੂੰ ਤੱਕ ਤੱਕ ਕੇ ਤੁਸੀਂ ਘਬਰਾ ਗਏ ਐਵੇਂ
ਜਿਨ੍ਹਾਂ ਨੇ ਹੌਸਲਾ ਕੀਤਾ ਉਹ ਹੋਏ ਪਾਰ ਤਰ ਤਰ ਕੇ
ਅਜੋਕੇ ਸਮੇਂ ਵਿੱਚ ਸਮਾਜਿਕ ਸਰੋਕਾਰਾਂ ਅਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਲੱਗੇ ਖੋਰੇ ਤੇ ਨਿਘਾਰ ਨੂੰ ਉਸ ਨੇ ਖ਼ੂਬਸੂਰਤ ਲਫ਼ਜ਼ਾਂ ਵਿੱਚ ਪਰੋਇਆ ਹੈ…
ਵਿਕਾਊ ਹੋ ਗਈ ਹਰ ਚੀਜ਼ ਤੇ ਜਜ਼ਬਾਤ ਵੀ ਵਿਕਦੇ ਨੇ
ਚੁਫੇਰੇ ਹਰ ਸਮੇਂ ਸਜਿਆ ਇਹੋ ਬਾਜ਼ਾਰ ਹੀ ਰਹਿਣਾ
ਕਦੋਂ ਤੱਕ ਜਿਸਮ ਤੇ ਪੈਸਾ ਖ਼ਰੀਦਣਗੇ ਭਲਾ ਡਿਗਰੀ
ਕਦੋਂ ਤੱਕ ਏਸ ਵਿੱਦਿਆ ਨੇ ਬਣ ਵਿਉਪਾਰ ਹੀ ਰਹਿਣਾ
ਪਰਮਜੀਤ ਦਿਓਲ ਭਾਵੇਂ ਖ਼ੁਦ ਨੂੰ ਇੱਕ ਗ਼ਜ਼ਲਗੋ ਦੇ ਬਜਾਏ ਗ਼ਜ਼ਲ ਦੀ ਸਿਖਿਆਰਥੀ ਹੀ ਮੰਨ ਰਹੀ ਹੈ… ਜੋ ਉਸ ਦਾ ਵਡੱਪਣ ਹੈ, ਪਰ ਮੇਰੀ ਜਾਚੇ ਕਵਿਤਾ ਦੀ ਪੱਕੇ ਪੈਰੀਂ ਕੀਤੀ ਸ਼ੁਰੂਆਤ ਤੋਂ ਬਾਅਦ ਉਹ ਗ਼ਜ਼ਲ ਵੀ ਗਜ਼ਬ ਦੀ ਲਿਖ ਰਹੀ ਹੈ। ਉਸ ਦੀ ਸ਼ਾਇਰੀ ਸ਼ਾਨਦਾਰ ਹੈ ਅਤੇ ਜਾਨਦਾਰ ਵੀ! ਸ਼ਾਇਰੀ ਵਿੱਚ ਮਿਠਾਸ ਹੈ ਅਤੇ ਜ਼ਿੰਦਗੀ ਦੇ ਅਨੇਕਾਂ ਰੰਗ ਰਸ ਸਮੋਏ ਹੋਏ ਹਨ। ਪੜ੍ਹਦੇ ਵਕਤ ਪਾਠਕ ਨੂੰ ਤਰਲੋ-ਮੱਛੀ ਨਹੀਂ ਹੋਣਾ ਪੈਂਦਾ।
ਅਜੇ ਸਿਖਿਆਰਥੀ ਹਾਂ ਸਿਖ ਰਹੀ ਬਾਰੀਕੀਆਂ ਹਾਲੇ
ਯਕੀਨਨ ਮੇਰੀਆਂ ਗ਼ਜ਼ਲਾਂ ‘ਚ ਆਉਣੀ ਪੁਖ਼ਤਗੀ ਇਕ ਦਿਨ
ਮਨ ਵਿੱਚੋਂ ਜਦ ਸੁੱਚੇ ਨਗ਼ਮੇ ਫੁੱਟਣਗੇ
ਫਿਰ ਹੀ ਸਾਡੇ ਸਾਰੇ ਸੰਸੇ ਟੁੱਟਣਗੇ
ਜੇਕਰ ਮੇਰੀਆਂ ਗ਼ਜ਼ਲਾਂ ਨੂੰ ਆਵਾਜ਼ ਮਿਲੀ
ਸਿਫ਼ਤਾਂ ਦੀ ਥਾਂ ਬਹੁਤੇ ਚਿੱਕੜ ਸੁੱਟਣਗੇ
“ਕੂੰਜਾਂ ਦੇ ਰੂਬਰੂ” ਦੇ ਵਿਭਿੰਨ ਅਤੇ ਖ਼ੂਬਸੂਰਤ ਰੰਗਾਂ, ਰਸਾਂ, ਲਫ਼ਜ਼ਾਂ, ਮਿਸਰਿਆਂ ਅਤੇ ਸ਼ੇਅਰਾਂ ਨੂੰ ਪੜ੍ਹਦਿਆਂ ਅਤੇ ਗ਼ਜ਼ਲ ਦੀ ਮਿਠਾਸ ਤੇ ਮਿਜ਼ਾਜ ਨੂੰ ਮਾਣਦਿਆਂ ਮੇਰੇ ਵਾਂਗ ਹੋਰ ਪਾਠਕ ਵੀ ਮਹਿਸੂਸ ਕਰਨਗੇ ਕਿ ਪਰਮਜੀਤ ਦਿਓਲ ਦੀ ਗ਼ਜ਼ਲ ਵਿਚਲੀ ‘ਪੁਖ਼ਤਗੀ’ ਦੇ ਦਿਨ… ਆ ਗਏ ਹਨ। ਉਸ ਦੀ ਖ਼ੂਬਸੂਰਤ ਸ਼ਾਇਰੀ ਦੀ ਝਲਕ ਸੁਹਿਰਦ ਪਾਠਕਾਂ ਨਾਲ ਸਾਂਝੀ ਕਰਦੇ ਹਾਂ…
ਹਵਾ ਉੱਤੇ ਜਾਂ ਲਹਿਰਾਂ ‘ਤੇ ਤਾਂ ਐਵੇਂ ਦੋਸ਼ ਲਗਦਾ ਹੈ
ਕੋਈ ਪਾਣੀ ‘ਤੇ ਬਣਿਆ ਬੁਲਬੁਲਾ ਸੀ ਮਰ ਗਿਆ ਆਪੇ
ਜੋ ਮੇਰੇ ਵਾਸਤੇ ਕੱਲ੍ਹ ਤੀਕ ਸਾਹਾਂ ਤੋਂ ਜ਼ਰੂਰੀ ਸੀ
ਹੈਰਾਨੀ ਹੈ ਕਿ ਅੱਜ ਤੱਕ ਉਸ ਤੋਂ ਬਿਨਾਂ ਕਿੰਝ ਸਰ ਗਿਆ ਆਪੇ
ਵੰਨ ਸੁਵੰਨੇ ਗਹਿਣੇ ਘੜਦਾ ਮੇਰੇ ਲਈ ਉਹ ਸੋਚਾਂ ਦੇ
ਐਪਰ ਉਸ ਨੇ ਅੱਜ ਤੱਕ ਘੜਿਆ ਇਕ ਵੀ ਰਾਣੀ ਹਾਰ ਨਹੀਂ
ਉਹ ਕੀ ਅਲਖ ਜਗਾਊ ਤੇਰੇ ਦਰ ‘ਤੇ ਆ ਕੇ ਬੇਦਰਦੀ
ਇਸ਼ਕ ਮੁਹੱਬਤ ਦੀ ਹੀ ਜਿਹੜਾ ਰੱਖਦਾ ਕੋਈ ਸਾਰ ਨਹੀਂ
ਉਹ ਸਾਨੂੰ ਕੰਢਿਆਂ ‘ਤੇ ਛੱਡ ਕੇ ਖ਼ੁਦ ਪਾਰ ਹੋ ਗਏ
ਤੇ ਵਸਤਰ ਰਿਸ਼ਤਿਆਂ ਦੇ ਪਲ ‘ਚ ਤਾਰੋ-ਤਾਰ ਹੋ ਗਏ
ਜੋ ਫਿਰਦਾ ਸੀ ਫ਼ਿਦਾ ਹੋਇਆ ਮੇਰੇ ਹਰ ਬੋਲ ਉੱਤੇ
ਉਹਦੇ ਸਾਰੇ ਹੀ ਰਿਸ਼ਤੇਦਾਰ ਉੱਤੇ ਭਾਰ ਹੋ ਗਏ
ਡਿੱਕੇ-ਡੋਲੇ ਖਾਂਦੀ ਥਲ ਵਿੱਚ ਤੇਰੀਆਂ ਪੈੜਾਂ ਲੱਭਾਂ
ਮਾਰੂਥਲ ਦੀ ਤਪਦੀ ਰੇਤ ਵੀ ਮੇਰੇ ਗਲ ਲੱਗ ਰੋਈ
ਠੰਡੀ ਪੌਣ ਨੇ ਇਕ ਦਿਨ ਸਾਰੇ ਸ਼ਹਿਰ ‘ਚ ਆਖ ਸੁਣਾਇਆ
ਜਦ ਵੀ ਲਿਖਦੀ ਦਿਓਲ ਹਮੇਸ਼ਾ ਲਿਖਦੀ ਨਜ਼ਮ ਨਰੋਈ
ਦੋਸਤੋ, ਅਜੋਕੇ ਸਮਿਆਂ ਵਿੱਚ ‘ਬੰਦਿਆ’ ਦੀਆਂ ਲੰਮੀਆਂ-ਚੌੜੀਆਂ ਭੀੜਾਂ ਅਤੇ ਕਾਵਾਂ-ਰੌਲ਼ੀ ਵਿੱਚੋਂ ਭਲੇ ਇਨਸਾਨ ਲੱਭਣੇ ਮੁਸ਼ਕਲ ਹੋਈ ਜਾਂਦੇ ਨੇ। ਬੌਧਿਕਤਾ ਤੋਂ ਵੀ ਕੁਝ ਭੈਅ ਆਉਣ ਲੱਗ ਪਿਆ ਹੈ। ਚਿੰਤਨ ਅਤੇ ਚੇਤਨਾ ਨੂੰ ਚਿੰਤਾ ਨੇ ਘੇਰਿਆ ਹੋਇਆ ਹੈ। ਪਰਮਜੀਤ ਦਿਓਲ ਦੀਆਂ ਦਰਪਣ ਵਰਗੀਆਂ ਲਾਈਨਾਂ ਬੰਦੇ ਨੂੰ ਖ਼ੁਦ ਦੇ ਚੇਹਰੇ ਦੀ ਧੂੜ ਸਾਫ਼ ਕਰਨ ਲਈ ਪ੍ਰੇਰਿਤ ਕਰਦੀਆਂ ਹਨ…
ਆਪਾਂ ਏਥੋਂ ਚੱਲੀਏ ਹੁਣ ਤਾਂ ਏਥੇ ਵੀ
ਹਰ ਇੱਕ ਛੋਟੀ ਗੱਲ ਦੇ ਵੱਡੇ ਰੌਲੇ ਨੇ
ਸਿਰ ਦੇ ਅੰਦਰ ਅਕਲ ਵਸੇਬਾ ਨਾ ਕਰਿਆ
ਭਾਵੇਂ ਸਿਰ ਦੇ ਉੱਤੇ ਆ ਗਏ ਧੌਲ਼ੇ ਨੇ
ਆਪਣਾ ਦੇਸ, ਆਪਣੀ ਜਨਮ-ਭੋਇੰ ਨੂੰ ਤਿਆਗ ਕੇ ਸ਼ਾਇਦ ਹੀ ਕੋਈ ਮਨੁੱਖ ਪਰਵਾਸ ਦੀ ਪਰਵਾਜ਼ ਭਰਨੀ ਚਾਹੁੰਦਾ ਹੋਵੇ। ਰਿਸ਼ਤੇ ਅਤੇ ਪਰਿਵਾਰ ਵੰਡੇ ਜਾਂਦੇ ਹਨ। ਪਰਵਾਸ ਨੂੰ ਸਮੇਂ ਦੇ ਹਾਲਾਤ ਅਤੇ ਮਜਬੂਰੀਆਂ ਮਜਬੂਰ ਕਰ ਦਿੰਦੀਆਂ ਹਨ। ਪਰਵਾਸੀ ਸਾਰੀ ਉਮਰ ਦੋਹਰੀ ਜ਼ਿੰਦਗੀ ਦਾ ਸੰਤਾਪ ਭੋਗਦੇ ਹਨ। ਉਨਾਂ ਦਾ ਤਨ ਪਰਦੇਸ ‘ਚ ਅਤੇ ਮਨ ਹਮੇਸ਼ਾ ਦੇਸ ਵਿੱਚ ਰਹਿੰਦਾ ਹੈ। ਸਿਆਣੇ ਆਖਦੇ ਨੇ ਜੁੱਤੀ ਕਿੱਥੋਂ ਤੇ ਕਿਤਨੀ ਘੁੱਟਦੀ ਹੈ ਅਤੇ ਤੰਗ ਕਰਦੀ ਹੈ, ਉਸ ਦਾ ਸਹੀ ਅੰਦਾਜ਼ਾ ਸਿਰਫ ਪਹਿਨਣ ਵਾਲਾ ਹੀ ਲਗਾ ਸਕਦਾ ਹੈ। ਪਰਮਜੀਤ ਪਿਛਲੇ ਕਈ ਦਹਾਕਿਆਂ ਤੋਂ ਕੈਨੇਡਾ ਵਿੱਚ ਰਹਿ ਰਹੀ ਹੈ। ਪਰਵਾਸ ਦੀ ਤ੍ਰਾਸਦੀ ਨੂੰ ਬਿਆਨਦੀਆਂ ਉਹਦੀਆਂ ਖ਼ੂਬਸੂਰਤ ਸਤਰਾਂ ਖ਼ੁਦ-ਬ-ਖ਼ੁਦ ਬੋਲ ਰਹੀਆਂ ਹਨ…
ਮਾਂ ਪਿਉ ਨੇ ਸੀ ਜਿਸ ਬੂਟੇ ਤੋਂ ਛਾਂ ਦੀ ਕੀਤੀ ਆਸ ਕਦੇ
ਹੱਥੀਂ ਤੋਰ ਕੇ ਉਸ ਪੁੱਤਰ ਨੂੰ ਆਉਂਦਾ ਨਾ ਧਰਵਾਸ ਕਦੇ
ਪਰਦੇਸਾਂ ਵਿੱਚ ਬੈਠਾ ਬੰਦਾ ਰੱਬ ਤੋਂ ਇਹ ਕਿਉਂ ਮੰਗ ਰਿਹੈ
ਹੋਰ ਕਿਸੇ ਨੂੰ ਮੇਰੇ ਵਾਂਗਰ ਦੇਵੀਂ ਨਾ ਪਰਵਾਸ ਕਦੇ
ਪਰਮਜੀਤ ਦੀਆਂ ਮੁਹੱਬਤੀ ਰੂਹਾਂ ਨੂੰ ਸਮਰਪਤ ਗ਼ਜ਼ਲਾਂ ਵੀ ਏਸ ਗ਼ਜ਼ਲ ਸੰਗ੍ਰਹਿ ਦੇ ਅੰਤ੍ਰੀਵੀ ਰੰਗ-ਰਸ ਨੂੰ ਪਾਠਕਾਂ ਦੀ ਰੂਹ ਤੱਕ ਪਹੁੰਚਾਉਂਦੀਆਂ ਹਨ…
ਰੇਤਾ ਉੱਤੇ ਮੈਂ ਉਸ ਦੀ ਤਸਵੀਰ ਬਣਾਉਂਦੀ ਹਾਂ ਅਕਸਰ
ਓਸ ਲਈ ਮੈਂ ਜੰਗਲ ਬੇਲੇ ਕਿੰਨੇ ਗਾਹੁੰਦੀ ਹਾਂ ਅਕਸਰ
ਵਾਪਸ ਆਉਣ ਦਾ ਕਹਿ ਕੇ ਮਾਹੀ ਜਿਸ ਦਿਨ ਤੋਂ ਹੈ ਦੂਰ ਗਿਆ
ਬੈਠ ਬਨੇਰੇ ‘ਤੇ ਜੋ ਬੋਲਣ ਕਾਗ ਬੁਲਾਉਂਦੀ ਹਾਂ ਅਕਸਰ
ਉਸ ਨੂੰ ਵਰ੍ਹਿਆਂ ਪਿੱਛੋਂ ਮਿਲ ਕੇ ਪੂਰੀ ਹੋਈ ਆਸ ਜਿਹੀ
ਨੂਰ ਜਿਹਾ ਨੈਣਾਂ ਨੂੰ ਮਿਲਿਆ ਤੇ ਦਿਲ ਨੂੰ ਧਰਵਾਸ ਜਿਹੀ
ਤੇਰੇ ਬਿਨ ਹੀ ਜੀਅ ਨਹੀਂ ਲੱਗਦਾ ਹੁਣ ਕੀ ਹੋਵੇ
ਤੇਰੇ ਬਿਨਾਂ ਦੀਵਾ ਨਾ ਜਗਦਾ ਹੁਣ ਕੀ ਹੋਵੇ
ਹੁਣ ਤੱਕ ਇੱਕੋ ਭੇਤ ਲੁਕੋਇਆ ਮੈਂ ਉਸ ਕੋਲੋਂ
ਪਰ ਉਹ ਭੇਤੀ ਹੈ ਰਗ਼-ਰਗ਼ ਦਾ ਹੁਣ ਕੀ ਹੋਵੇ
ਅਜੇ ਤੱਕ ਨਾ ਨਿਮੋਹਾ ਪਰਤਿਆ ਤੇ ਨਾ ਖ਼ਬਰ ਕੋਈ
ਮੇਰੇ ਨਾਲੋਂ ਮੇਰਾ ਆਪਣਾ ਸਵੈ ਹੁਣ ਰੋਜ਼ ਭੁਰਦਾ ਹੈ
ਆਵੇ ਕਦੇ ਨਾ ਨੇੜੇ ਓਦਾਂ ਉਹ ਬਿਨ ਬੁਲਾਇਆਂ
ਫਿਰ ਪੰਨਿਆਂ ‘ਤੇ ਕਾਹਤੋਂ ਆਵੇ ਖ਼ਿਆਲ ਬਣ ਕੇ
ਸੂਰਤ ਵੀ ਭੁੱਲ ਬੈਠੇ ਭੁੱਲੇ ਹਾਂ ਨਾਂ ਵੀ ਜਿਸ ਦਾ
ਉਹ ਅੱਜ ਉੱਠਿਆ ਹੈ ਦਿਲ ‘ਚੋਂ ਉਬਾਲ਼ ਬਣ ਕੇ
ਜਾਂਦੇ-ਜਾਂਦੇ… ਪਰਮਜੀਤ ਦੇ ਇਸ ਸੰਗ੍ਰਹਿ ਦੀ ਸੰਵੇਦਨਸ਼ੀਲ ਅਤੇ ਸੁਹਜਮਈ ਝਲਕ ਸੁਹਿਰਦ ਪਾਠਕਾਂ ਨਾਲ ਸਾਂਝੀ ਕਰਦਿਆਂ…
ਗਏ ਪਰਦੇਸੀਆਂ ਦੇ ਮੁੜ ਕੇ ਪਰਤਣ ਦੀ ਲਗਾ ਕੇ ਆਸ
ਸਦਾ ਕਿਉ ਵਿਲਕਦੇ ਰਹੇ ਦਰ, ਸਮਾਂ ਆਇਆ ਤਾਂ ਦੱਸਾਂਗੇ
ਕਿਵੇਂ ਉੱਚੇ ਚੁਬਾਰੇ ਹੋ ਗਏ ਅੰਬਰ ਦੇ ਦਾਅਵੇਦਾਰ
ਕਿਵੇਂ ਘਰ ਹੋ ਗਏ ਖੰਡਰ, ਸਮਾਂ ਆਇਆ ਤਾਂ ਦੱਸਾਂਗੇ
ਦੋਸਤੋ, ਚੰਗੇ ਸਾਹਿਤ ਬਾਰੇ ਕੁਝ ਜਾਨਣ ਅਤੇ ਸਿੱਖਣ ਦੇ ਮੰਤਵ ਨਾਲ ਅਜਿਹੇ ‘ਸ਼ਬਦਾਂ ਦੇ ਸਮੁੰਦਰ’ ਵਿੱਚ ਡੁਬਕੀਆਂ ਮਾਰਦੇ ਰਹਿਣਾ ਚਾਹੀਦਾ ਹੈ, ਭਾਵੇਂ ਕਦੇ-ਕਦਾਈਂ ਹੀ ਸਹੀ!
ਸਾਹਿਤ ਦੀਆਂ ਵਿਭਿੰਨ ਵਿਧਾਵਾਂ ਵਿੱਚੋਂ ਗ਼ਜ਼ਲ ਨੂੰ ਕਠਿਨ ਮੰਨਿਆ ਗਿਆ ਹੈ। ਇਸ ਦਾ ਇਜ਼ਹਾਰ ਖ਼ੁਦ ਪਰਮਜੀਤ ਦਿਓਲ ਨੇ ਵੀ ਆਪਣੇ ‘ਇਕਬਾਲਨਾਮੇ’ ਵਿੱਚ ਕੀਤਾ ਹੈ। ਗ਼ਜ਼ਲ ਵਿਧਾ ਦੀਆਂ ਬਾਰੀਕੀਆਂ ਜਾਂ ਮਾਪ-ਦੰਡਾਂ ਦੇ ਚੱਕਰਾਂ ਵਿੱਚ ਪੈਣ ਦੇ ਬਜਾਏ ਮੈਂ ਇਸ ਗ਼ਜ਼ਲ ਸੰਗ੍ਰਹਿ ਨੂੰ ਇੱਕ ‘ਪਾਠਕ’ ਦੇ ਤੌਰ ‘ਤੇ ਪੜ੍ਹਦਿਆਂ, ਜਾਣਦਿਆਂ ਅਤੇ ਮਾਣਦਿਆਂ ਆਪਣਾ ਪ੍ਰਤੀਕਰਮ ਦੇ ਰਿਹਾ ਹਾਂ। “ਕੁੰਜਾਂ ਦੇ ਰੂਬਰੂ” ਪੁਸਤਕ ‘ਗ਼ਜ਼ਲ ਵਿਧਾ’ ਦੇ ਮਾਪ-ਦੰਡਾਂ ਦੀ ਕਸਵੱਟੀ ‘ਤੇ ਕਿਵੇਂ ਉੱਤਰਦੀ ਹੈ, ਇਸ ਨੂੰ ਸਨਮਾਨਯੋਗ ਅਤੇ ਸਮਰੱਥ ਗ਼ਜ਼ਲ ਸਮੀਖਿਅਕਾਂ ਦੇ ਹਵਾਲੇ ਛੱਡਦਾ ਹੋਇਆ ਇਤਨਾ ਜ਼ਰੂਰ ਕਹਿ ਸਕਦਾ ਹਾਂ ਕਿ ਇਹ ਇੱਕ ਪੜ੍ਹਨਯੋਗ ਅਤੇ ਮਾਣਨਯੋਗ ਪੁਸਤਕ ਹੈ।
ਮੈਨੂੰ ਉਮੀਦ ਹੀ ਨਹੀਂ, ਬਲਕਿ, ਯਕੀਨ ਵੀ ਹੈ ਕਿ ਪਾਠਕ ਅਤੇ ਸਾਹਿਤ ਪ੍ਰੇਮੀ ਪਰਮਜੀਤ ਦਿਓਲ ਦੀ ਇਸ ਕੋਸ਼ਿਸ਼ ਨੂੰ ਕਬੂਲ ਕਰਦਿਆਂ ਚੰਗੇਰਾ ਹੁੰਗਾਰਾ ਦੇਣਗੇ !
ਜ਼ਿੰਦਗੀ ਜ਼ਿੰਦਾਬਾਦ !
***
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |

by 