‘ਕੋਈ ਹਰਿਓ ਬੂਟੁ ਰਹਿਓ ਰੀ’ ਖ਼ੁਸ਼ਹਾਲ ਮਨੁੱਖੀ ਜ਼ਿੰਦਗੀ ਜਿਓਣ ਲਈ ਸੰਸਾਰਕ ਅਤੇ ਅਧਿਆਤਮਿਕ ਸੋਚ ਸਾਕਾਰਾਤਮਿਕ ਹੋਣੀ ਜ਼ਰੂਰੀ ਹੈ। ਜਿਸ ਵਿਅਕਤੀ ਨੇ ਇਨ੍ਹਾਂ ਦੋਹਾਂ ਪੱਖਾਂ ਤੇ ਨੈਤਿਕਤਾ ਨਾਲ ਪਹਿਰਾ ਦੇਣ ਦਾ ਫ਼ੈਸਲਾ ਕਰ ਲਿਆ ਤਾਂ ਉਹ ਭਾਵੇਂ ਕਿਸੇ ਖੇਤਰ ਵਿੱਚ ਵੀ ਜੀਵਨ ਨਿਰਬਾਹ ਲਈ ਵਿਚਰਦਾ ਹੋਵੇ ਸਫ਼ਲਤਾ ਉਸ ਦੇ ਪੈਰ ਚੁੰਮੇਗੀ। ਗੁਰਬਾਣੀ ਵਿੱਚ ਆਉਂਦਾ ਹੈ, ‘ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ॥’ ਭਾਵ ਜੰਗਲ ਵਿੱਚ ਲੱਗੀ ਅੱਗ ਸਭ ਕੁਝ ਸਾੜ ਦਿੰਦੀ ਹੈ, ਇਥੋਂ ਤੱਕ ਕਿ ਘਾਹ ਨੂੰ ਵੀ ਫੂਕ ਦਿੰਦੀ ਹੈ ਪ੍ਰੰਤੂ ਫਿਰ ਵੀ ਘਾਹ ਦੀਆਂ ਕੁਝ ਤਿੜ੍ਹਾਂ ਹਰੀਆਂ ਰਹਿ ਜਾਂਦੀਆਂ ਹਨ। ਇਸੇ ਤਰ੍ਹਾਂ ਸੰਸਾਰ ਵਿੱਚ ਘੋਰ ਅੰਧੇਰ ਛਾਇਆ ਹੋਵੇ ਤਾਂ ਵੀ ਕੁਝ ਇਨਸਾਨ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ‘ਤੇ ਪਹਿਰਾ ਦਿੰਦੇ ਰਹਿੰਦੇ ਹਨ। ਇਸੇ ਤਰ੍ਹਾਂ ਅਜੋਕੇ ਸਿਆਸੀ ਗੰਧਲੇਪਣ ਵਿੱਚ ਇਕ ਅਜਿਹਾ ਸਾਊ ਸਿਆਸਤਦਾਨ ਤੇਜ ਪ੍ਰਕਾਸ਼ ਸਿੰਘ ਹੈ, ਜਿਹੜਾ ਨੈਤਿਕਤਾ ਦੀਆਂ ਕਦਰਾਂ ਕੀਮਤਾਂ ਤੇ ਪਹਿਰਾ ਦੇ ਰਿਹਾ ਹੈ। ਜਿਸ ਦੇ ਦਿਮਾਗ ‘ਤੇ ਸਿਆਸੀ ਤਾਕਤ ਅਸਰ ਨਹੀਂ ਕਰ ਸਕੀ। ਸਿਆਸਤਦਾਨਾ ਵਿੱਚ ਸਿਆਸੀ ਤਾਕਤ ਹਾਸਲ ਕਰਨ ਲਈ ਵਰਤੇ ਜਾਂਦੇ ਹੱਥਕੰਡੇ ਸਿਆਸਤਦਾਨਾ ਦੇ ਕਿਰਦਾਰ ਦਾ ਪ੍ਰਗਟਾਵਾ ਕਰਦੇ ਹਨ। ਅਜਿਹੇ ਦੌਰ ਵਿੱਚ ਕੁਝ ਸਿਆਸਤਦਾਨ ਇਨ੍ਹਾਂ ਚਾਲਾਂ ਤੋਂ ਕੋਹਾਂ ਦੂਰ ਵੀ ਹਨ। ਉਨ੍ਹਾਂ ਵਿੱਚ ਸ੍ਰ. ਤੇਜ ਪ੍ਰਕਾਸ਼ ਸਿੰਘ ਸਾਬਕਾ ਮੰਤਰੀ ਖਾਸ ਤੌਰ ‘ਤੇ ਵਨਣਯੋਗ ਹਨ, ਜਿਹੜੇ ਤਿੰਨ ਸਰਕਾਰਾਂ ਵਿੱਚ ਪਰਿਵਹਨ ਮੰਤਰੀ ਰਹੇ ਹਨ ਪਰੰਤੂ ਉਨ੍ਹਾਂ ਦੇ ਕਿਰਦਾਰ ‘ਤੇ ਕਦੀ ਕੋਈ ਦਾਗ਼ ਨਹੀਂ ਲੱਗਿਆ। ਸਿਆਸਤ ਨੂੰ ਤਿਗੜਮਬਾਜ਼ੀ ਅਤੇ ਚੁਸਤ ਚਾਲਾਕ ਕਿਸਮ ਦੇ ਸ਼ਾਤਰ ਵਿਅਕਤੀਆਂ ਦੀ ਖੇਡ ਕਿਹਾ ਜਾਂਦਾ ਹੈ। ਜਿਸ ਕਰਕੇ ਅੱਜ ਕਲ੍ਹ ਲੋਕ ਸਿਆਸਤਦਾਨਾ ਤੇ ਵਿਸ਼ਵਾਸ਼ ਕਰਨਾ ਛੱਡ ਗਏ ਹਨ। ਸ਼ੁਰੂ ਵਿੱਚ ਸਿਆਸਤ ਨੂੰ ਸਮਾਜ ਸੇਵਾ ਦੇ ਤੌਰ ਤੇ ਵੇਖਿਆ ਜਾਂਦਾ ਸੀ। ਦੇਸ਼ ਦੇ ਆਜ਼ਾਦ ਹੋਣ ਤੋਂ ਲਗਪਗ 50 ਸਾਲ ਸਿਆਸਤ ਰਾਹੀਂ ਸਮਾਜ ਸੇਵਾ ਦੀ ਪ੍ਰਵਿਰਤੀ ਚਾਲੂ ਰਹੀ। ਸਿਆਸਤਦਾਨਾ ਵਿਚ ਲੋਕ ਭਲਾਈ ਨੂੰ ਤਰਜ਼ੀਹ ਦਿੱਤੀ ਜਾਂਦੀ ਸੀ। ਪ੍ਰੰਤੂ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਤਬਦੀਲੀਆਂ ਦੇ ਆਉਣ ਨਾਲ ਸਿਆਸਤ ਵਿਚ ਵੀ ਤੇਜ਼ੀ ਨਾਲ ਤਬਦੀਲੀਆਂ ਨੇ ਦਸਤਕ ਦੇ ਦਿੱਤੀ। ਇੰਝ ਹੋਣਾ ਕੁਦਰਤੀ ਸੀ ਕਿਉਂਕਿ ਸਿਆਸਤਦਾਨ ਵੀ ਸਮਾਜ ਦਾ ਅਟੁੱਟ ਅੰਗ ਹਨ। ਸਿਆਸਤ ਵਿੱਚ ਤਬਦੀਲੀ ਦੀ ਰਫ਼ਤਾਰ ਇਤਨੀ ਜ਼ਿਆਦਾ ਤੇਜ਼ ਹੋ ਗਈ, ਜਿਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਸੀ। ਭਾਰਤ ਦੀ ਚੋਣ ਪ੍ਰਣਾਲੀ ਬਹੁਤ ਮਹਿੰਗੀ, ਨੁਕਸਦਾਰ ਅਤੇ ਪਾਰਦਰਸ਼ੀ ਨਾ ਹੋਣ ਕਰਕੇ ਸਿਆਸਤਦਾਨਾ ਵਿੱਚ ਭਰਿਸ਼ਟਾਚਾਰ ਭਾਰੂ ਹੋ ਗਿਆ। ਸਿਆਸਦਾਨਾ ਦੀ ਚੋਣ ਪ੍ਰਣਾਲੀ ਅਤੇ ਚੋਣ ਤੋਂ ਬਾਅਦ ਅਥਾਹ ਖ਼ਰਚੇ ਹੋਣ ਲੱਗ ਗਏ, ਜਿਸ ਕਰਕੇ ਸਿਆਸਤਦਾਨਾ ਵਿਚ ਲਾਲਚ, ਫ਼ਰੇਬ, ਧੋਖੇ ਅਤੇ ਚਲਾਕੀਆਂ ਨੇ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ। ਅਜਿਹੇ ਹਾਲਤ ਵਿੱਚ ਵੀ ਸਾਰੇ ਸਿਆਸਤਦਾਨਾ ਨੂੰ ਇਕੋ ਰੱਸੇ ਨਾਲ ਨਹੀਂ ਬੰਨਿ੍ਹਆਂ ਜਾ ਸਕਦਾ। ਅਜੇ ਵੀ ਬਹੁਤ ਸਾਰੇ ਸਿਆਸਤਦਾਨ ਇਮਾਨਦਾਰੀ ਨਾਲ ਬੱਝੇ ਹੋਏ ਹਨ, ਉਹ ਲਾਲਚੀ ਨਹੀਂ ਹਨ। ‘ਕੋਈ ਹਰਿਓ ਬੂਟੁ ਰਹਿਓ ਰੀ’ ਵੀ ਹੈ। ਇਮਾਨਦਾਰ, ਸ਼ਰੀਫ਼, ਦਰਵੇਸ਼ ਅਤੇ ਸਾਊ ਸਿਆਸਤਦਾਨਾ ਵਿਚ ਤੇਜ ਪ੍ਰਕਾਸ਼ ਸਿੰਘ ਦਾ ਨਾਮ ਵੀ ਧਰੂ ਤਾਰੇ ਦੀ ਤਰ੍ਹਾਂ ਚਮਕਦਾ ਹੈ। ਵਰਤਮਾਨ ਸਿਆਸੀ ਢਾਂਚੇ ਨੂੰ ਵੇਖਦਿਆਂ ਤੇਜ ਪ੍ਰਕਾਸ਼ ਸਿੰਘ ਦਾ ਸਿਆਸਤਦਾਨ ਹੋਣਾ ਹੈਰਾਨੀ ਕਰਨ ਵਾਲਾ ਹੈ। ਉਹ ਇਮਾਨਦਾਰ, ਦਿਆਨਤਦਾਰ, ਸਾਧਾਰਨ ਰਹਿਣੀ ਬਹਿਣੀ, ਪਹਿਰਾਵਾ ਅਤੇ ਸਾਫ਼ਗੋਈ ਦੇ ਪਹਿਰੇਦਾਰ ਬਣਕੇ ਸਾਹਮਣੇ ਆਏ ਹਨ। ਉਹ 3 ਵਾਰ ਵਿਧਾਨਕਾਰ ਅਤੇ 3 ਵਾਰ ਹੀ ਪੰਜਾਬ ਦੇ ਮੰਤਰੀ ਮੰਡਲ ਵਿੱਚ ਪਰਿਵਹਨ ਮੰਤਰੀ ਰਹੇ ਹਨ। ਪ੍ਰੰਤੂ ਉਨ੍ਹਾਂ ਦੇ ਵਿਅਕਤਿਵ ਉਪਰ ਮੰਤਰੀ ਦੇ ਅਹੁਦੇ ਦਾ ਪ੍ਰਗਟਾਵਾ ਨਹੀਂ ਹੋਇਆ। ਆਮ ਦੀ ਤਰ੍ਹਾਂ ਵਿਚਰਦੇ ਅਤੇ ਵਿਵਹਾਰ ਕਰਦੇ ਰਹੇ ਹਨ। ‘ਨਾ ਕਹੂੰ ਸੇ ਦੋਸਤੀ ਨਾ ਕਾਹੂੰ ਸੇ ਵੈਰ’ ਦੀ ਨੀਤੀ ਅਪਣਾਈ ਰੱਖੀ। ਉਹ ਮੰਤਰੀ ਹੁੰਦਿਆਂ ਵੀ ਆਪਣਾ ਸਾਧਾਰਨ ਜੀਵਨ ਬਸਰ ਕਰਦੇ ਰਹੇ ਹਨ। ਮੁੱਢਲੇ ਤੌਰ ਤੇ ਉਹ ਇਕ ਅਜਿਹੇ ਵਿਭਾਗ ਦੇ ਅਧਿਕਾਰੀ ਰਹੇ ਹਨ, ਜਿਸਦਾ ਕਿਸਾਨ ਵਰਗ ਨਾਲ ਗੂੜ੍ਹਾ ਸੰਬੰਧ ਰਿਹਾ ਹੈ। ਇਸ ਕਰਕੇ ਉਹ ਪੰਜਾਬ ਦੇ ਕਿਸਾਨਾ, ਮਜ਼ਦੂਰਾਂ ਅਤੇ ਦਲਿਤਾਂ ਦੀ ਜੀਵਨ ਸ਼ੈਲੀ ਅਤੇ ਉਨ੍ਹਾਂ ਦੀ ਆਰਥਿਕਤਾ ਨੂੰ ਭਲੀ ਭਾਂਤ ਨੇੜਿਓਂ ਵੇਖ ਚੁੱਕੇ ਹਨ। ਉਹ ਖ਼ੁਦ ਵੀ ਇਕ ਮੱਧ ਵਰਗੀ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਤੇਜ ਪ੍ਰਕਾਸ਼ ਸਿੰਘ ਦਾ ਜਨਮ ਪਿਤਾ ਸ੍ਰ ਬੇਅੰਤ ਸਿੰਘ ਅਤੇ ਮਾਤਾ ਸ੍ਰੀਮਤੀ ਜਸਵੰਤ ਕੌਰ ਦੇ ਘਰ ਸਾਂਝੇ ਪੰਜਾਬ ਦੇ ‘ਮਿੰਟਗੁਮਰੀ’ ਜਿਲ੍ਹੇ ਦੇ ਚੱਕ 53 ਐਲ-2 ਵਿਚ 12 ਜਨਵਰੀ 1944 ਨੂੰ ਹੋਇਆ। ਪਰੰਤੂ ਉਨ੍ਹਾਂ ਦਾ ਜੱਦੀ ਪਿੰਡ ਬਿਲਾਸਪੁਰ ਲੁਧਿਆਣਾ ਜਿਲ੍ਹੇ ਵਿੱਚ ਹੈ। ਉਨ੍ਹਾਂ ਨੂੰ ਜ਼ਮੀਨ ਦੀ ਅਲਾਟਮੈਂਟ ਪਾਇਲ ਦੇ ਨਜ਼ਦੀਕ ਕੋਟਲਾ ਅਫ਼ਗਾਨਾ ਪਿੰਡ ਵਿਚ ਹੋਈ, ਜਿਸ ਨੂੰ ਕੋਟਲੀ ਕਿਹਾ ਜਾਂਦਾ ਹੈ। ਤੇਜ ਪ੍ਰਕਾਸ਼ ਸਿੰਘ ਨੇ ਦਸਵੀਂ ਤੱਕ ਦੀ ਪੜ੍ਹਾਈ ਮਾਲਵਾ ਹਾਈ ਸਕੂਲ ਸਿਵਲ ਲਾਈਨਜ਼ ਲੁਧਿਆਣਾ ਤੋਂ 1959 ਵਿਚ ਪਾਸ ਕੀਤੀ। ਉਸ ਤੋਂ ਬਾਅਦ ਖਾਲਸਾ ਕਾਲਜ ਲੁਧਿਆਣਾ ਵਿਚ ਇਕ ਸਾਲ ਪੜ੍ਹਾਈ ਕਰਨ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਬੀ.ਐਸ.ਸੀ. ਐਗਰੀਕਲਚਰ ਵਿਚ ਦਾਖਲਾ ਲੈ ਲਿਆ। ਉਨ੍ਹਾਂ 1966 ਵਿੱਚ ਬੀ.ਐਸ.ਸੀ.ਦੀ ਡਿਗਰੀ ਪਾਸ ਕੀਤੀ। 1966 ਵਿੱਚ ਹੀ ਉਨ੍ਹਾਂ ਦੀ ਖੇਤੀਬਾੜੀ ਵਿਭਾਗ ਵਿੱਚ ਇਨਸਪੈਕਟਰ ਖੇਤੀਬਾੜੀ ਦੀ ਚੋਣ ਹੋ ਗਈ ਅਤੇ ਉਨ੍ਹਾਂ ਨੂੰ ਹੁਸ਼ਿਆਰਪੁਰ ਜਿਲ੍ਹੇ ਦੇ ਦਸੂਹਾ ਵਿਖੇ ਨਿਯੁਕਤ ਕਰ ਦਿੱਤਾ ਗਿਆ। ਥੋੜ੍ਹੀ ਦੇਰ ਬਾਅਦ ਉਨ੍ਹਾਂ ਦੀ ਤਬਦੀਲੀ ਸੰਗਰੂਰ ਦੀ ਹੋ ਗਈ। ਸਰਕਾਰੀ ਨੌਕਰੀ ਵਿੱਚ ਤਬਦੀਲੀਆਂ ਹੁੰਦੀਆਂ ਰਹੀਆਂ ਅਤੇ 1967 ਵਿੱਚ ਉਨ੍ਹਾਂ ਨੂੰ ਅਮਲੋਹ ਵਿਖੇ ਲਗਾ ਦਿੱਤਾ ਗਿਆ। ਅਮਲੋਹ ਵਿਖੇ ਆਪਣੇ ਖੇਤੀਬਾੜੀ ਇਨਸਪੈਕਟਰ ਦੇ ਕੰਮ ਦੇ ਨਾਲ ਹੀ ਨਰਾਇਣਗੜ੍ਹ ਸੀਡ ਫ਼ਾਰਮ ਦੇ ਖੋਜ ਸੈਂਟਰ ਦਾ ਵਾਧੂ ਕੰਮ ਵੀ ਦੇ ਦਿੱਤਾ ਗਿਆ। ਸੀਡ ਫ਼ਾਰਮ ਵਿੱਚ ਉਨ੍ਹਾਂ ਦਿਨਾ ਵਿਚ ਫ਼ਸਲਾਂ ਦੀਆਂ ਨਵੀਂਆਂ ਕਿਸਮਾ ਦੀ ਖੋਜ ਖਾਸ ਤੌਰ ‘ਤੇ ਕਣਕ ਅਤੇ ਮੱਕੀ ਦੀ ਖੋਜ ਦਾ ਮਹੱਤਵਪੂਰਨ ਕੰਮ ਹੋ ਰਿਹਾ ਸੀ ਕਿਉਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਭਾਵੇਂ ਬਣ ਤਾਂ ਗਈ ਸੀ ਪ੍ਰੰਤੂ ਬਹੁਤਾ ਖੋਜ ਦਾ ਕੰਮ ਅਜੇ ਇਸੇ ਸੈਂਟਰ ਵਿਚ ਹੋ ਰਿਹਾ ਸੀ। ਉਨ੍ਹਾਂ ਬੜੀ ਜ਼ਿੰਮੇਵਾਰੀ ਅਤੇ ਸਿਆਣਪ ਨਾਲ ਇਸ ਖੋਜ ਸੈਂਟਰ ਦੀ ਨਿਗਰਾਨੀ ਦਾ ਕੰਮ ਕੀਤਾ। ਉਹ ਤਿੰਨ ਸਾਲ 1970 ਤੱਕ ਇਹ ਜ਼ਿੰਮੇਵਾਰੀ ਬਾਖ਼ੂਬੀ ਨਿਭਾਉਂਦੇ ਰਹੇ। 1970 ਵਿੱਚ ਉਨ੍ਹਾਂ ਦੀ ਬਦਲੀ ਜਲੰਧਰ ਜਿਲ੍ਹੇ ਵਿਚ ਫਿਲੌਰ ਦੀ ਕਰ ਦਿੱਤੀ ਗਈ। ਫਿਲੌਰ ਵਿਖੇ ਉਨ੍ਹਾਂ ਆਪਣੀ ਸਰਵਿਸ ਦਾ ਸਭ ਤੋਂ ਲੰਬਾ ਸਮਾਂ 1978 ਤੱਕ ਕੰਮ ਕੀਤਾ। 1978 ਵਿੱਚ ਉਨ੍ਹਾਂ ਨੂੰ ਸਾਹਨੇਵਾਲ ਵਿਖੇ ਨਿਯੁਕਤ ਕਰ ਦਿੱਤਾ ਗਿਆ। ਇਥੇ ਵੀ ਉਹ 3 ਸਾਲ ਰਹੇ। ਇਸ ਤੋਂ ਬਾਅਦ 1981 ਤੋਂ ਰੋਪੜ੍ਹ ਜਿਲ੍ਹੇ ਦੇ ਕਰਮਵਾਰ ਕੁਰਾਲੀ, ਮੋਰਿੰਡਾ ਅਤੇ ਮਾਜਰੀ ਬਲਾਕ ਵਿਚ 1995 ਤੱਕ ਆਪਣੇ ਫ਼ਰਜ਼ ਨਿਭਾਏ। ਇਹ ਇਲਾਕਾ ਖੇਤੀਬਾੜੀ ਲਈ ਪੰਜਾਬ ਦਾ ਉਨ੍ਹਾਂ ਦਿਨਾ ਵਿੱਚ ਸਭ ਤੋਂ ਪਛੜਿਆ ਹੋਇਆ ਇਲਾਕਾ ਸੀ ਕਿਉਂਕਿ ਇਹ ਸਾਰਾ ਇਲਾਕਾ ਹੜ੍ਹਾਂ ਦੀ ਮਾਰ ਹੇਠ ਪੈਂਦਾ ਸੀ। ਇਸ ਇਲਾਕੇ ਵਿੱਚ ਕਿਸਾਨਾ ਨਾਲ ਤਾਲਮੇਲ ਕਰਨ ਲਈ ਉਨ੍ਹਾਂ ਨੂੰ ਪਿੰਡਾਂ ਤੱਕ ਪਹੁੰਚਣ ਲਈ ਵੀ ਬੜੀਆਂ ਮੁਸ਼ਕਲਾਂ ਆ ਰਹੀਆਂ ਸਨ ਪ੍ਰੰਤੂ ਉਹ ਆਪਣੇ ਫ਼ਰਜ਼ਾਂ ਨੂੰ ਸੁਚੱਜੇ ਢੰਗ ਨਾਲ ਨਿਭਾਉਂਦੇ ਰਹੇ। ਉਨ੍ਹਾਂ ਦੀਆਂ ਆਪਣੀ ਨੌਕਰੀ ਦੌਰਾਨ ਅਨੇਕਾਂ ਵਾਰ ਬਦਲੀਆਂ ਹੁੰਦੀਆਂ ਰਹੀਆਂ ਪ੍ਰੰਤੂ ਸਿਆਸੀ ਪਰਵਾਰ ਹੋਣ ਦੇ ਬਾਵਜੂਦ ਉਨ੍ਹਾਂ ਕਦੀਂ ਵੀ ਬਦਲੀ ਲਈ ਸਿਫ਼ਾਰਸ਼ ਨਹੀਂ ਕਰਵਾਈ। ਜਿਥੇ ਵੀ ਬਦਲੀ ਹੁੰਦੀ ਰਹੀ ਚੁੱਪ ਕਰਕੇ ਉਥੇ ਹੀ ਜਾ ਕੇ ਨੌਕਰੀ ਕਰਦੇ ਰਹੇ। ਇਹ ਵੀ ਹੈਰਾਨ ਹੋਵੋਗੇ ਕਿ ਜਦੋਂ ਸ੍ਰ ਬੇਅੰਤ ਸਿੰਘ ਦਰਬਾਰਾ ਸਿੰਘ ਮੁੱਖ ਮੰਤਰੀ ਦੀ ਸਰਕਾਰ ਵਿਚ ਮੰਤਰੀ ਹੁੰਦੇ ਸਨ, ਉਦੋਂ ਵੀ ਉਹ ਮੰਤਰੀ ਵਾਲੀ ਕੋਠੀ ਤੋਂ ਪੈਦਲ ਚਲਕੇ ਪੀ.ਜੀ.ਆਈ.ਚੰਡੀਗੜ੍ਹ ਤੋਂ ਬਸ ਵਿਚ ਆਪਣੀ ਨੌਕਰੀ ਤੇ ਕੁਰਾਲੀ, ਮੋਰਿੰਡਾ ਅਤੇ ਮਾਜਰੀ ਬਲਾਕ ਵਿੱਚ ਜਾਂਦੇ ਸਨ। ਆਪਣੇ ਦਫ਼ਤਰ ਵਿਚ ਵੀ ਕਦੀਂ ਵੀ ਕਿਸੇ ਅਧਿਕਾਰੀ ਨੂੰ ਆਪਣੇ ਪਿਤਾ ਦੇ ਮੰਤਰੀ ਹੋਣ ਦਾ ਰੋਹਬ ਤਾਂ ਕੀ ਪਾਉਣਾ ਸੀ, ਸਗੋਂ ਹੋਰ ਵਧੇਰੇ ਨਮਰਤਾ ਨਾਲ ਵਿਵਹਾਰ ਕਰਦੇ ਰਹੇ। ਵਿਭਾਗ ਵਿੱਚ ਤਰੱਕੀਆਂ ਕਰਦੇ ਹੋਏ 1993 ਵਿੱਚ ਡਿਪਟੀ ਡਾਇਰੈਕਟਰ ਦੀ ਅਸਾਮੀ ਤੱਕ ਪਹੁੰਚ ਗਏ। ਖੇਤੀਬਾੜੀ ਵਿਭਾਗ ਵਿੱਚ ਹਰਾ ਇਨਕਲਾਬ ਲਿਆਉਣ ਵਿੱਚ ਵੀ ਉਨ੍ਹਾਂ ਦਾ ਯੋਗਦਾਨ ਮਹੱਤਵਪੂਰਨ ਰਿਹਾ ਹੈ ਕਿਉਂਕਿ ਉਹ ਕਿਸਾਨਾ ਨੂੰ ਫਸਲਾਂ ਦੀਆਂ ਨਵੀਂਆਂ ਕਿਸਮਾ ਦੇ ਬੀਜ, ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਬਾਰੇ ਪਿੰਡ-ਪਿੰਡ ਜਾ ਕੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੂੰ ਉਤਸ਼ਾਹਤ ਕਰਦੇ ਰਹੇ। ਭਾਵੇਂ ਉਹ ਸਰਕਾਰੀ ਨੌਕਰੀ ਕਰਦੇ ਸਨ ਪ੍ਰੰਤੂ ਸਿਆਸੀ ਗੁੜ੍ਹਤੀ ਉਨ੍ਹਾਂ ਨੂੰ ਪਰਿਵਾਰ ਵਿਚੋਂ ਹੀ ਮਿਲਦੀ ਰਹੀ ਕਿਉਂਕਿ ਸ੍ਰ ਬੇਅੰਤ ਸਿੰਘ ਨੇ ਆਪਣਾ ਸਿਆਸੀ ਜੀਵਨ ਉਨ੍ਹਾਂ ਦੇ ਸਾਹਮਣੇ ਹੀ ਇਕ ਸਰਪੰਚ ਤੋਂ ਸ਼ੁਰੂ ਕੀਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਬਣੇ। ਤੇਜ ਪ੍ਰਕਾਸ਼ ਸਿੰਘ ਨੇ ਸਰਕਾਰੀ ਨੌਕਰੀ ਕਰਕੇ ਚੋਣਾ ਵਿਚ ਸਿੱਧੇ ਤੌਰ ‘ਤੇ ਕੋਈ ਹਿੱਸਾ ਨਹੀਂ ਲਿਆ ਪ੍ਰੰਤੂ ਪਰਿਵਾਰ ਦੇ ਮੈਂਬਰ ਹੋਣ ਦੇ ਨਾਤੇ ਸਾਰੀਆਂ ਚੋਣਾ ਸਮੇਂ ਨੇੜੇ ਹੋ ਕੇ ਚੋਣ ਦੀ ਕਾਰਜ ਪ੍ਰਣਾਲੀ ਨੂੰ ਨੀਝ ਨਾਲ ਵੇਖਦੇ ਅਤੇ ਸਮਝਦੇ ਰਹੇ, ਜਿਸਦੇ ਨਤੀਜੇ ਵਜੋਂ ਉਨ੍ਹਾਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਹੁੰਦਿਆਂ ਬੜੀ ਹਲੀਮੀ, ਸੂਝ ਅਤੇ ਸਿਆਣਪ ਨਾਲ ਸਫਲਤਾ ਪ੍ਰਾਪਤ ਕੀਤੀ, ਅਜਿਹੇ ਵਾਦਵਿਵਾਦ ਵਾਲੇ ਵਿਭਾਗ ਵਿਚ ਵੀ ਉਹ ਚਿੱਟੀ ਚਾਦਰ ਲੈ ਕੇ ਸਫਲ ਹੋਏ। 31 ਅਗਸਤ 1995 ਨੂੰ ਉਨ੍ਹਾਂ ਦੇ ਪਿਤਾ ਸ੍ਰ. ਬੇਅੰਤ ਸਿੰਘ ਸਵਰਗਵਾਸ ਹੋ ਗਏ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਆਪਣੀ ਸਰਕਾਰੀ ਨੌਕਰੀ ਵਿੱਚੋਂ ਸੇਵਾ ਮੁਕਤੀ ਲੈ ਲਈ। ਹਰਚਰਨ ਸਿੰਘ ਬਰਾੜ ਮੁੱਖ ਮੰਤਰੀ ਦੀ ਸਰਕਾਰ ਵਿੱਚ ਪਹਿਲੇ ਪੜਾਅ ਵਿਚ ਬਣਾਏ ਗਏ 5 ਮੰਤਰੀਆਂ ਵਿਚ ਉਨ੍ਹਾਂ ਨੂੰ ਟਰਾਂਸਪੋਰਟ ਮੰਤਰੀ ਬਣਾਇਆ ਗਿਆ। ਉਹ 1997 ਵਿੱਚ ਜਲੰਧਰ ਛਾਉਣੀ, 2002 ਅਤੇ 2007 ਵਿੱਚ ਪਾਇਲ ਵਿਧਾਨ ਸਭਾ ਹਲਕੇ ਤੋਂ ਵਿਧਾਨਕਾਰ ਬਣੇ। 2012 ਵਿੱਚ ਉਨ੍ਹਾਂ ਆਪਣੀ ਥਾਂ ਆਪਣੇ ਲੜਕੇ ਗੁਰਕੀਰਤ ਸਿੰਘ ਕੋਟਲੀ ਨੂੰ ਪਾਇਲ ਹਲਕਾ ਰਾਖਵਾਂ ਹੋਣ ‘ਤੇ ਖੰਨਾ ਹਲਕੇ ਤੋਂ ਚੋਣ ਲੜਨ ਲਈ ਛੱਡ ਦਿੱਤਾ। ਉਹ ਹਰਚਰਨ ਸਿੰਘ ਬਰਾੜ ਦੀ ਸਰਕਾਰ ਵਿੱਚ 6 ਮਹੀਨੇ ਟਰਾਂਸਪੋਰਟ ਮੰਤਰੀ, ਰਾਜਿੰਦਰ ਕੌਰ ਭੱਠਲ ਦੀ ਵਜਾਰਤ ਵਿੱਚ ਵੀ ਟਰਾਂਸਪੋਰਟ ਮੰਤਰੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਵਜਾਰਤ ਵਿੱਚ ਟਰਾਂਸਪੋਰਟ ਮੰਤਰੀ ਬਣੇ। ਆਪਣੇ ਮਾਤਾ ਪਿਤਾ ਸ. ਬੇਅੰਤ ਸਿੰਘ ਅਤੇ ਸ੍ਰੀਮਤੀ ਜਸਵੰਤ ਕੌਰ ਦੀ ਮੌਤ ਤੋਂ ਬਾਅਦ ਤੇਜ ਪ੍ਰਕਾਸ਼ ਸਿੰਘ ਕੋਟਲੀ ਨੇ ਪਰਿਵਾਰ ਦੀ ਬਾਖ਼ੂਬੀ ਅਗਵਾਈ ਕੀਤੀ, ਜਿਸਦੇ ਸਿੱਟੇ ਵਜੋਂ ਉਨ੍ਹਾਂ ਦੇ ਸਪੁੱਤਰ ਗੁਰਕੀਰਤ ਸਿੰਘ ਕੋਟਲੀ ਦੋ ਵਾਰ ਖੰਨਾ ਵਿਧਾਨ ਸਭਾ ਹਲਕੇ ਤੋਂ ਵਿਧਾਨਕਾਰ ਉਦਯੋਗ ਮੰਤਰੀ ਅਤੇ ਉਨ੍ਹਾਂ ਦੇ ਭਤੀਜੇ ਰਵਨੀਤ ਸਿੰਘ ਬਿੱਟੂ 3 ਵਾਰ ਲੋਕ ਸਭਾ ਦੇ ਮੈਂਬਰ ਬਣੇ ਹਨ। ਪਰਿਵਾਰ ਦੀਆਂ ਇਹ ਜਿੱਤਾਂ ਉਨ੍ਹਾਂ ਦੇ ਸਾਊ ਸੁਭਾਅ, ਚੋਣਾਂ ਦੀ ਰਣਨੀਤੀ, ਯੋਜਨਬੰਦੀ ਅਤੇ ਦੂਰ ਅੰਦੇਸ਼ੀ ਦਾ ਨਤੀਜਾ ਹਨ। 1969 ਵਿੱਚ ਉਨ੍ਹਾਂ ਦਾ ਵਿਆਹ ਲੁਧਿਆਣਾ ਜਿਲ੍ਹੇ ਪਿੰਡ ਦਾਖਾ ਦੇ ਟਰਾਂਸਪੋਰਟਰਾਂ ਦੇ ਪਰਿਵਾਰ ਵਿੱਚ ਲਛਮਣ ਸਿੰਘ ਸੇਖ਼ੋਂ ਦੀ ਸਪੁੱਤਰੀ ਦਵਿੰਦਰ ਕੌਰ ਨਾਲ ਹੋ ਗਿਆ। ਉਨ੍ਹਾਂ ਦੇ ਦੋ ਲੜਕੇ ਗੁਰਕੀਰਤ ਸਿੰਘ ਕੋਟਲੀ ਅਤੇ ਹਰਕੀਰਤ ਸਿੰਘ ਹਨ। ਹਰਕੀਰਤ ਸਿੰਘ ਸਵਰਗਵਾਸ ਹੋ ਗਏ ਹਨ। ਤੇਜ ਪ੍ਰਕਾਸ਼ ਸਿੰਘ ਨਵੇਂ ਉਭਰ ਰਹੇ ਸਿਆਸਤਦਾਨਾ ਲਈ ਪ੍ਰੇਰਨਾ ਸਰੋਤ ਹਨ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |