15 September 2025

ਸ਼ਰੀਕ ਦੀ ਤਾਂ ਮੰਜੀ ਠੋਕੀ ਗਈ—ਅਵਤਾਰ ਐਸ. ਸੰਘਾ

ਸੱਠਵਿਆਂ ਦੇ ਕਰੀਬ ਪੰਜਾਬ ਦਾ ਦੁਆਬੇ ਦਾ ਇਲਾਕਾ ਓਨਾਂ ਅਮੀਰ ਨਹੀਂ ਸੀ ਹੁੰਦਾ ਜਿੰਨਾ ਮਾਝਾ ਤੇ ਮਾਲਵਾ ਹੋਇਆ ਕਰਦੇ ਸਨ। ਮਾਲਵੇ ਤੇ ਮਾਝੇ ਵਿੱਚ ਲੋਕਾਂ ਪਾਸ ਖੁੱਲ੍ਹੀਆਂ ਜਮੀਨਾਂ ਹੁੰਦੀਆਂ ਸਨ। ਜੋ ਟਾਵੇਂ ਟਾਵੇਂ ਲੋਕ ਪੜ੍ਹ ਜਾਂਦੇ ਸਨ ਉਹ ਸੋਹਣੀਆਂ ਨੌਕਰੀਆਂ ਤੇ ਵੀ ਲੱਗ ਜਾਂਦੇ ਸਨ। ਮਾਲਵੇ ਤੇ ਮਾਝੇ ਵਿੱਚੋਂ ਦੁਆਬੇ ਵਿੱਚ ਵਿਆਹ ਬਹੁਤ ਥੋੜ੍ਹੇ ਹੋਇਆ ਕਰਦੇ ਸਨ। ਦੁਆਬੇ ਦਾ ਹੁਸ਼ਿਆਰਪੁਰ ਜਿਲ੍ਹਾ ਤਾਂ ਬਹੁਤਾ ਜ਼ਮੀਨ ਪੱਖੋਂ ਵੀ ਮਾੜਾ ਸੀ। ਮੀਲ ਮੀਲ ਤੇ ਚੋਅ ਅਤੇ ਖੱਡਾਂ ਹੋਇਆ ਕਰਦੇ ਸਨ। ਬਾਅਦ ਵਿੱਚ ਇਹਨਾਂ ਤੇ ਪੁੱਲ ਬਣ ਗਏ ਸਨ। ਜ਼ਮੀਨਾਂ ਵੰਡ ਹੋ ਕੇ ਮਾਲਕੀਅਤ ਬੜੀ ਛੋਟੀ ਹੋ ਗਈ ਸੀ। ਹਾਂ, ਦੁਆਬੀਆਂ ਨੇ ਗਰੀਬੀ ਤੇ ਕਾਬੂ ਪਾਉਣ ਦਾ ਇੱਕ ਨਵਾਂ ਤਰੀਕਾ ਲੱਭ ਲਿਆ ਸੀ। ਉਹ ਇੰਗਲੈਂਡ ਜਾਣੇ ਸ਼ੁਰੂ ਹੋ ਗਏ। ਫਿਰ ਕੈਨੇਡਾ ਤੇ ਅਮਰੀਕਾ ਵੱਲ ਨੂੰ ਹੋ ਤੁਰੇ। ਇਸ ਬਾਹਰ ਦੀ ਦੌੜ ਨੇ ਦੁਆਬੀਆਂ ਦੀ ਸਾਰੀ ਖੁਸ਼ਕੀ ਚੱਕ ਦਿੱਤੀ। ਚੰਦ ਕੁ ਸਾਲਾਂ ਵਿੱਚ ਹੀ ਕੱਚੇ ਘਰਾਂ ਦੇ ਪਿੰਡ ਪੱਕੇ ਘਰਾਂ ਨਾਲ ਭਰ ਗਏ। ਜਾਣ ਵੇਲੇ ਇਹ ਹਲ਼ ਵਾਹੁਣ ਵਾਲੇ ਆਤੂ, ਕੇਹਰੂ, ਮੇਲੂ, ਨੰਜੂ, ਪ੍ਰੀਤੂ, ਫੁੱਮੀ, ਦੁੱਮੀ, ਰੇਬੀ ਹੋਇਆ ਕਰਦੇ ਸਨ। ਚਾਰ ਪੰਜ ਕੁ ਸਾਲ ਇੰਗਲੈਂਡ ਵਿੱਚ ਲਗਾਉਣ ਤੋਂ ਬਾਅਦ ਇਹ ਸਾਰੇ ਪੈਂਟਾਂ ਪਾ ਕੇ, ਟੈਰੀਲੀਨ ਦੀਆਂ ਕਮੀਜ਼ਾਂ ਪਾ ਕੇ ਟਾਈਆਂ ਤੇ ਚਮਕਦੀਆਂ ਪਿੰਨਾਂ ਲਾ ਕੇ, ਸੋਹਣੀਆਂ ਜੁੱਤੀਆਂ ਪਾ ਕੇ, ਮੋਟੇ ਮੋਟੇ ਸੋਨੇ ਦੇ ਕੜੇ ਤੇ ਚੈਨੀਆਂ ਪਾ ਕੇ, ਦਾੜ੍ਹੀ ਮੁੱਛਾਂ ਸਫਾ ਚੱਟ ਕਰਕੇ, ਅੰਗਰੇਜ਼ੀ ਲਿਬਾਸ ਤੇ ਲੋਲੋ ਪੋਪੋ ਨਾਲ ਲਵਰੇਜ ਹੋ ਜਦ ਵਾਪਸ ਪੰਜਾਬ ਦੇ ਪਿੰਡਾਂ ਵਿੱਚ ਆਏ ਤਾਂ ਲੋਕ ਆਟੋਮੈਟੀਕਲੀ ਇਨ੍ਹਾਂ ਨੂੰ ਆਤਮਾ ਸਿੰਘ, ਕੇਹਰ ਸਿੰਘ, ਮੇਲਾ ਸਿੰਘ, ਨਿਰੰਜਨ ਸਿੰਘ, ਪ੍ਰੀਤਮ ਸਿੰਘ, ਫੁੱਮਣ ਸਿੰਘ, ਦੁੱਮਣ ਸਿੰਘ, ਰੇਵਲ ਸਿੰਘ ਪੂਰੇ ਨਾਮਾਂ ਨਾਲ ਬੁਲਾਉਣ ਲੱਗ ਪਏ। ਪੈਸਾ ਤੇ ਲਾਣ ਪਾਣ ਬੰਦੇ ਦੀ ਸਮਾਜ ਦੀਆਂ ਨਜ਼ਰਾਂ ਵਿੱਚ ਕਾਇਆ ਪਲਟ ਦਿੰਦੇ ਹਨ। ਅੰਦਰੋਂ ਭਾਵੇਂ ਬੰਦਾ ਉਦਾਂ ਹੀ ਹੋਵੇ ਜਿੱਦਾਂ ਦਾ ਉਹ ਪਹਿਲਾਂ ਮਿਹਨਤ ਮਜ਼ਦੂਰੀ ਕਰਦਾ ਹੋਇਆ ਕਰਦਾ ਸੀ। ਪਰਸੂ, ਪਰਸਾ, ਪਰਸ ਰਾਮ ਵਾਲੀ ਕਹਾਵਤ ਸੱਚੀ ਹੀ ਏ।

ਜਦ ਦੁਆਬੇ ਤੇ ਪੱਛਮੀ ਰਹਿਣ ਸਹਿਣ ਦੀ ਪੁੱਠ ਚੜ੍ਹ ਗਈ ਤਾਂ ਇੱਥੋਂ ਦੇ ਕੁਝ ਵਿਆਹ ਮਾਲਵੇ ਵਿੱਚ ਵੀ ਹੋਣ ਲੱਗ ਪਏ। ਮੈਂ ਆਪਣੇ ਇਲਾਕੇ ਹੁਸ਼ਿਆਰਪੁਰ ਚੋਂ ਇੱਕ ਬਰਾਤ ਵਿੱਚ ਜਗਰਾਉਂ ਦੇ ਨੇੜੇ ਇੱਕ ਪਿੰਡ ਵਿੱਚ 1980 ਵਿੱਚ ਗਿਆ ਸਾਂ। ਮੁੰਡਾ ਸੁਰਜੀਤ ਮੇਰੇ ਪਿੰਡ ਦੇ ਨਾਲ ਦੇ ਪਿੰਡ ਦਾ ਸੀ। ਉਸਨੇ ਕੁਝ ਸਾਲ ਪਹਿਲਾਂ ਹੁਸ਼ਿਆਰਪੁਰ ਤੋਂ ਪੋਲੀਟੈਕਨੀਕ ਦਾ ਡਿਪਲੋਮਾ ਕੀਤਾ ਹੋਇਆ ਸੀ। ਉਸਦਾ ਪਿਓ ਸੰਨ 1970 ਦੇ ਕਰੀਬ ਲੰਡਨ ਚਲਾ ਗਿਆ ਸੀ। ਲੜਕਾ ਵੀ ਡਿਪਲੋਮਾ ਕਰਦੇ ਸਾਰ ਹੀ 1975 ਵਿੱਚ ਆਪਣੇ ਬਾਪ ਪਾਸ ਲੰਡਨ ਚਲਾ ਗਿਆ ਸੀ। ਪਰਿਵਾਰ 1980 ਵਿੱਚ ਵਾਪਸ ਪੰਜਾਬ ਆਪਣੇ ਪਿੰਡ ਆਇਆ ਤਾਂ ਵਿਆਹ ਦਾ ਗੁਣਾ ਮਾਲਵੇ ਵਿੱਚ ਪੈ ਗਿਆ। ਮਲਵਈ ਪੜ੍ਹਾਈ ਤਾਂ ਪਸੰਦ ਕਰਦੇ ਹੀ ਹੁੰਦੇ ਸਨ। ਪੜ੍ਹਾਈ ਤੋਂ ਵਾਧੂ ਉਹਨਾਂ ਨੂੰ ਬਾਹਰਲਾ ਰਿਸ਼ਤਾ ਵੀ ਮਿਲ ਗਿਆ ਸੀ। ਲੜਕੀ ਨੇ ਉਦੋਂ ਕੁ ਬੀ. ਏ. ਕੀਤੀ ਹੀ ਸੀ ਤੇ ਉਹ ਲੜਕੇ ਤੋਂ ਨੌਂ ਦਸ ਸਾਲ ਛੋਟੀ ਵੀ ਸੀ।

ਤਕਰੀਬਨ ਡੇਢ ਕੁ ਸੌ ਬੰਦਾ ਬਰਾਤ ਵਿੱਚ ਗਿਆ ਸੀ। ਮੂਹਰੇ ਬਰਾਤ ਨੂੰ ਖੁਸ਼ਆਮਦੀਦ ਕਹਿਣ ਲਈ ਵੀ ਸਾਰਾ ਪਿੰਡ ਜੁੜਿਆ ਖੜ੍ਹਾ ਸੀ। ਮਿਲਣੀ ਸਮੇਂ ਪਿੰਡ ਦੇ ਘਰਾਂ ਦੇ ਬਨੇਰੇ ਤੀਵੀਂਆਂ ਨਾਲ ਭਰੇ ਪਏ ਸਨ। ਵਾਜੇ ਉਦੋਂ ਪੁਰਾਣੀ ਕਿਸਮ ਦੇ ਹੀ ਹੋਇਆ ਕਰਦੇ ਸਨ ਜਿਹੜੇ ਪੜੈਂ ਪੜੈਂ ਤੇ ਪੌਂ ਪੌਂ ਕਰਕੇ ਵੱਜਦੇ ਹੁੰਦੇ ਸਨ। ਦੁਆਬੇ ਚੋਂ ਗਏ ਬਹੁਤੇ ਬਰਾਤੀ ਕੱਚ ਭੁਰੜੇ ਸਨ। ਸਰਦਾਰ ਬਹੁਤੇ ਦਾੜ੍ਹੀ ਵਢੇ ਮੋਨੇ ਵੈਸੇ ਸਿਰ ਤੇ ਪੱਗਾਂ, ਜਵਾਨ ਮੁੰਡੇ ਮੋਨੇ ਦਾੜ੍ਹੀਆਂ ਦੇ ਖੱਤ ਰੱਖੇ ਹੋਏ, ਇੰਗਲੈਂਡ ਤੋਂ ਆਏ ਪ੍ਰਾਹੁਣੇ ਦਾੜ੍ਹੀ ਮੁੱਛਾਂ ਸਫਾ ਚੱਟ। ਬਾਹਰੋਂ ਆਏ ਹੋਣ ਕਰਕੇ ਰੰਗ ਉਹਨਾਂ ਦੇ ਸਾਫ ਲੱਗ ਰਹੇ ਸਨ। ਵਲਾਇਤ ਜਾਣ ਵੇਲੇ ਇਹ ਸਭ ਸਾਂਵਲੇ ਰੰਗ ਦੇ ਹੋਇਆ ਕਰਦੇ ਸਨ। ਮੂਹਰੇ ਬਰਾਤ ਨੂੰ ਉਡੀਕਣ ਵਾਲੇ ਬਹੁਤੇ ਦਾਨੇ ਦਾੜ੍ਹੀਆਂ ਪਗੜੀਆਂ ਵਾਲੇ ਸਿੱਖ ਦਿਖ ਵਾਲੇ ਜੱਟ ਜ਼ਿੰਮੀਦਾਰ ਸਨ। ਇੱਥੋਂ ਤੱਕ ਕਿ ਮਨ ਮਨੌਤਾਂ ਕਰਵਾਉਣ ਵਾਲਾ ਲਾਗੀ ਵੀ ਦਾੜ੍ਹੀ ਵਾਲਾ ਤੇ ਪਗੜੀਧਾਰੀ ਸੀ।

ਬਰਾਤ ਸਾਫਟ ਡਰਿੰਕਾਂ ਲੈ ਕੇ ਅੱਗੇ ਉਤਾਰੇ ਵੱਲ ਨੂੰ ਵਧੀ। ਜਲਦੀ ਹੀ ਸੱਦਾ ਚਾਹ ਪਾਣੀ ਤੇ ਨਾਸ਼ਤੇ ਦਾ ਆ ਗਿਆ। ਕੁੜੀ ਵਾਲਿਆਂ ਦਾ ਘਰ ਉਤਾਰੇ ਤੋਂ ਬਹੁਤਾ ਦੂਰ ਨਹੀਂ ਸੀ। ਵਾਜਾ ਫਿਰ ਗੜੈਂ ਗੜੈਂ ਤੇ ਤੁੜ ਤੁੜ ਕਰਕੇ ਵੱਜਿਆ। ਪ੍ਰਾਹੁਣਾ ਸੁਰਜੀਤ ਉਠਿਆ ਤੇ ਮੂਹਰੇ ਹੋ ਤੁਰਿਆ। ਉਸਨੇ ਗੁਲਾਬੀ ਪਗੜੀ ਬੰਨ੍ਹੀ ਹੋਈ/ਬਨ੍ਹਵਾਈ ਹੋਈ ਸੀ। ਉੱਪਰ ਕਲਗੀ ਲਗਾਈ ਹੋਈ ਸੀ। ਸਿਹਰੇ ਬੰਨ੍ਹੇ ਹੋਏ ਸਨ। ਸ਼ੇਰਵਾਨੀ ਪਾਈ ਹੋਈ ਸੀ। ਹੱਥ ਵਿੱਚ ਕਿਰਪਾਨ ਫੜੀ ਹੋਈ ਸੀ। ਸਿਰੋਂ ਮੋਨਾ ਸੀ। ਦਾੜ੍ਹੀ ਮਾੜੀ ਮਾੜੀ ਲੂਈ ਜਿਹੀ ਹੀ ਸੀ। ਸਭ ਬਰਾਤੀ ਹੌਲੀ ਹੌਲੀ ਉਸ ਪੰਡਾਲ ਵਿੱਚ ਪਹੁੰਚ ਗਏ ਜਿੱਥੇ ਬਹੁਤ ਸੋਹਣਾ ਨਾਸ਼ਤੇ ਤੇ ਚਾਹ ਦਾ ਪ੍ਰਬੰਧ ਕੀਤਾ ਹੋਇਆ ਸੀ। ਪਿੰਡ ਦੇ ਮੁਹਤਬਰ ਆਲੇ ਦੁਆਲੇ ਕੁਰਸੀਆਂ ਤੇ ਬੈਠੇ ਸਨ। ਨਾਸ਼ਤੇ ਵਿੱਚ ਆਮਲੇਟ, ਤਲੀ ਹੋਈ ਮੱਛੀ, ਬਰੈੱਡ ਦੇ ਸਲਾਈਸ, ਪਰਾਂਠੇ ਤੇ ਮੱਖਣ ਆਦਿ ਸਨ। ਪੀਣ ਨੂੰ ਚਾਹ ਸੀ, ਪਿੰਡ ਦਾ ਝਿਊਰ ਚਾਹ ਲਿਆ ਕੇ ਚਾਹ ਦੇ ਬਰਤਨ ਭਰੀ ਜਾ ਰਿਹਾ ਸੀ। ਇੱਕ ਹੋਰ ਹੈਰਾਨੀ ਇਹ ਹੋਈ ਕਿ ਝਿਊਰ ਵੀ ਦਾੜ੍ਹੀ ਤੇ ਪਗੜੀਧਾਰੀ ਸੀ। ਅਸੀਂ ਦੁਆਬੇ ਵਿੱਚ ਪਾਣੀ ਦੀ ਸੇਵਾ ਕਰਨ ਵਾਲੇ ਝਿਊਰ ਕਦੀ ਘੱਟ ਹੀ ਪਗੜੀਧਾਰੀ ਦੇਖੇ ਸਨ। ਮਾਲਵੇ ਵਿੱਚ ਸਿੱਖੀ ਸੇਵਕੀ ਵੱਧ ਸੀ। ਦੁਆਬੇ ਦੀ ਬਰਾਤ ਮਲਵਈਆਂ ਨੂੰ ਹਿੰਦੂਆਂ ਵਰਗੀ ਲੱਗ ਰਹੀ ਸੀ। ਬਰਾਤੀਆਂ ਨੂੰ ਮਲਵਈ ਸੁੱਘੜ ਸਿਆਣੇ ਸਿੱਖ ਲੱਗ ਰਹੇ ਸਨ। ਦੁਆਬੇ ਤੇ ਮਾਲਵੇ ਦਾ ਇਹ ਮੇਲ ਕਰਵਾਉਣ ਵਾਲੀ ਵਲਾਇਤ ਸੀ। ਮਾਲਵੇ ਵਿੱਚ ਬਾਹਰ ਜਾਣ ਦੀ ਮਾੜੀ ਮਾੜੀ ਚੇਟਕ ਜਾਗ ਰਹੀ ਸੀ। ਘੱਟ ਜ਼ਮੀਨਾਂ ਵਾਲਾ ਦੁਆਬਾ ਵਲਾਇਤ ਦੇ ਸਿਰ ਤੇ ਕਾਫੀ ਅਮੀਰ ਹੋ ਗਿਆ ਸੀ।

ਫਿਰ ਲਾਵਾਂ ਦਾ ਸੱਦਾ ਆ ਗਿਆ। ਲਾਵਾਂ ਤੱਕ ਪਹੁੰਚਣ ਨੂੰ ਵੀ ਬਰਾਤ ਨੇ ਬਹੁਤਾ ਸਮਾਂ ਨਾ ਲਗਾਇਆ। ਲਾਵਾਂ ਸਮੇਂ ਕੁੜੀ ਵਾਲਿਆਂ ਵੱਲੋਂ ਦੋ ਤਿੰਨ ਚੰਗੇ ਪੜ੍ਹਿਆ ਲਿਖਿਆ ਨੇ ਵੀ ਬਰਾਤ ਤੇ ਆਪਣੇ ਸੋਹਣਾ ਪ੍ਰਭਾਵ ਛੱਡਿਆ। ਇਹਨਾਂ ਵਿੱਚ ਇੱਕ ਤਾਂ ਪਿੰਡ ਦਾ ਸੋਹਣਾ ਮਸ਼ਹੂਰ ਹੋ ਚੁੱਕਾ ਪੰਜਾਬੀ ਕਵੀ ਸੀ। ਦੂਜਾ ਹਾਈ ਸਕੂਲ ਦਾ ਅਧਿਆਪਕ ਸੀ। ਇਹਨਾਂ ਵਿੱਚੋਂ ਇੱਕ ਨੇ ਸੋਹਣੀ ਸਮਾਜਿਕ ਕਵਿਤਾ ਬੋਲੀ ਤੇ ਦੂਜੇ ਨੇ ਸਿੱਖਿਆ ਪੜ੍ਹੀ। ਕੀਰਤਨੀਆਂ ਨੇ ਲਾਵਾਂ ਦੇ ਪਾਠ ਨਾਲ ਸਾਥ ਦਿੱਤਾ। ਵਿਆਹ ਭਲੀ ਭਾਂਤ ਹੋ ਗਿਆ ਤੇ ਬਰਾਤ ਵਾਪਸ ਡੇਰੇ ਆ ਗਈ।

ਕੁਝ ਸਮੇਂ ਬਾਅਦ ਦੁਪਹਿਰ ਦੀ ਰੋਟੀ ਲਈ ਸੱਦਾ ਆ ਗਿਆ। ਹੁਣ ਬਰਾਤੀਏ ਸ਼ਰਾਬ ਦੇ ਹਾੜੇ ਲਗਾਈ ਜਾਣ। ਬਰਾਤ ਵਿੱਚ ਸਿਆਣੇ ਬਿਆਣੇ ਉਹਨਾਂ ਨੂੰ ਸਮਝਾਈ ਜਾਣ-‘ਕਾਕਾ ਹੋਸ਼ ਵਿੱਚ ਰਿਹੋ, ਦੂਜੇ ਦੇਸ਼ ਆਏ ਹੋ। ਜੇ ਕੋਈ ਪੰਗਾ ਪੈ ਗਿਆ ਕਿਸੇ ਨੇ ਛਡਾਉਣਾ ਵੀ ਨਹੀਂ। ਦਸ ਕੁ ਸਾਲ ਪਹਿਲਾਂ ਇੱਧਰ ਮੁੱਲਾਂਪੁਰ ਦਾਖੇ ਆਏ ਸੀ। ਆਪਣੇ ਪਿੰਡ ਵਾਲੇ ਕੇਹਰੂ ਨੇ ਸ਼ਰਾਬ ਪੀ ਕੇ ਬੱਕਰੇ ਬੁਲਾ ਦਿੱਤੇ ਸਨ। ਬਰਾਤ ਨੂੰ ਉਦੋਂ ਹੀ ਪਤਾ ਲੱਗਾ ਸੀ ਜਦ ਕੇਹਰੂ ਕਿਸੇ ਤੋਂ ਸਿਰ ਪੜਵਾ ਕੇ ਡੇਰੇ ਆ ਵੜਿਆ ਸੀ। ‘ਕਾਕਾ ਸੰਭਲ ਕੇ ਮਾਲਵੇ ‘ਚ ਰਹੋ। ਜੇ ਕਿਤੇ ਮਾਝੇ ਵਿੱਚ ਭਾਊਆਂ ਦੇ ਵੱਸ ਪੈ ਜਾਵੋ ਫਿਰ ਤਾਂ ਰੱਬ ਹੀ ਰਾਖਾ।’ ਛੋਕਰਿਆਂ ਨੇ ਬਰਾਤ ਮੂਹਰੇ ਸੋਹਣਾ ਭੰਗੜਾ ਪਾਇਆ। ਉਲਟਣ ਪੁਲਟਣ ਤੋਂ ਬਚ ਗਏ। ਵਾਜੇ ਵਾਲਿਆਂ ਨੂੰ ਵੀ ਸੋਹਣੇ ਪੈਸੇ ਬਣ ਗਏ, ‘ਆਫਟਰ ਆਲ’ ਬਾਹਰਲਿਆਂ ਦਾ ਵਿਆਹ ਸੀ। ਬਰਾਤ ਨੇ ਭੋਜਨ ਛਕਿਆ ਤੇ ਵਾਪਸ ਡੇਰੇ ਚਲੀ ਗਈ।

ਫਿਰ ਸਮਾਂ ਆ ਗਿਆ ਦਾਜ ਦਿਖਾਉਣ ਦਾ। ਦੁਆਬੇ ਵਿੱਚ ਦਾਜ ਦਾ ਜਲੌਅ ਓਨਾਂ ਨਹੀਂ ਸੀ ਹੁੰਦਾ ਜਿੰਨਾ ਮਾਲਵੇ ਵਿੱਚ ਸੀ। ਅੰਤਾਂ ਦੇ ਕੱਪੜੇ ਲੱਤੇ ਤੋਂ ਇਲਾਵਾ ਮੋਟੀਆਂ ਵਸਤਾਂ ਵਿੱਚ ਟੀ.ਵੀ. ਸੈੱਟ, ਬਜਾਜ ਚੇਤਕ ਸਕੂਟਰ, ਦੋ ਪੇਟੀਆਂ, ਇੱਕ ਪਲੰਘ, ਮੁੰਡੇ ਨੂੰ ਸੋਨੇ ਦੀ ਚੇਨ, ਮੁੰਡੇ ਦੇ ਬਾਪ ਨੂੰ ਕੜਾ, ਮਾਮੇ ਨੂੰ ਕੜਾ, ਮੁੰਡੇ ਦੇ ਬਾਬੇ ਨੂੰ ਵੀ ਕੜਾ, ਮੁੰਡੇ ਦੀ ਮਾਂ ਤੇ ਭੈਣ ਨੂੰ ਵਾਲੀਆਂ, ਕੁੜੀ ਨੂੰ ਚਾਰ ਸੋਨੇ ਦੇ ਸੈੱਟ ਤੇ ਦੋ ਡਾਇਮੰਡ ਦੇ ਸੈੱਟ, ਬਹੁਤ ਸਾਰੇ ਭਾਂਡੇ, ਕੁਕਿੰਗ ਗੈਸ ਦਾ ਕੁਨੈਕਸ਼ਨ ਵਗੈਰਾ ਵਗੈਰਾ। ਦੁਆਬੀਆਂ ਨੂੰ ਇਹ ਦਾਜ ਕਾਫੀ ਮਹਿਸੂਸ ਹੋਇਆ। ਮੈਨੂੰ ਵੀ ਉਦੋਂ ਲੱਗਾ ਕਿ ਮਲਵਈਆਂ ਨੇ ਦਾਜ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ।

ਸਾਲ ਕੁ ਬਾਅਦ ਮੈਂ ਖੁਦ ਵੀ ਮਾਲਵੇ ਵਿੱਚ ਹੀ ਵਿਆਹਿਆ ਗਿਆ। ਅਗਾਂਹ ਵਧੂ ਵਿਚਾਰਾਂ ਦਾ ਹੋਣ ਕਰਕੇ ਮੈਂ ਦਾਜ ਨੂੰ ਖਾਸ ਤਰਜੀਹ ਨਹੀਂ ਸੀ ਦਿੰਦਾ। ਹੁਣ ਉਸ ਇਲਾਕੇ ਵਿੱਚ ਹੋਰ ਵਿਆਹਾਂ ਵਿੱਚ ਸ਼ਾਮਿਲ ਹੋਣ ਲਈ ਰਸਤਾ ਜਰੂਰ ਖੁੱਲ੍ਹ ਗਿਆ। ਮੇਰੇ ਸਹੁਰਿਆਂ ਦੇ ਬਹੁਤੇ ਰਿਸ਼ਤੇਦਾਰ ਲੁਧਿਆਣਾ ਤੋਂ ਮੋਗੇ ਤੱਕ ਦੇ ਦੂਜੇ ਪਾਸੇ ਗਿੱਲ ਪਿੰਡ ਤੋਂ ਨਾਰੰਗਵਾਲ ਤੱਕ ਸਨ। ਫਿਰ ਇੱਕ ਵਿਆਹ ਮੇਰੀ ਘਰ ਵਾਲੀ ਦੀ ਭੂਆ ਦੀ ਲੜਕੀ ਦਾ ਹੋਇਆ। ਅਸੀਂ ਗੱਜ ਵੱਜ ਕੇ ਵਿਆਹ ਦੇਖਣ ਗਏ। ਬਰਾਤ ਲੁਧਿਆਣਿਓਂ ਆਈ ਸੀ। ਲੜਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਪ੍ਰੋਫੈਸਰ ਸੀ। ਲੜਕੀ ਵੀ ਲੁਧਿਆਣੇ ਕਿਸੇ ਕਾਲਜ ਵਿੱਚ ਅੰਗਰੇਜ਼ੀ ਦੀ ਪ੍ਰੋਫੈਸਰ ਸੀ। ਬਰਾਤ ਸਵੇਰੇ ਆਉਣੀ ਸੀ। ਸ਼ਾਮ ਨੂੰ ਘਰ ਵਿੱਚ ਬੜਾ ਧਮੱਚੜ ਪਿਆ। ਨੱਚਣ ਗਾਉਣ ਦਾ ਕੋਈ ਵੀ ਅੰਤ ਨਾ ਰਿਹਾ। ਮੈਂ ਘਰ ਦਾ ਜਵਾਈ ਸਾਂ। ਮੇਰੇ ਤੇ ਸਿੱਠਣੀਆਂ ਦੀ ਵਾਛੜ ਕੀਤੀ ਗਈ ਤੇ ਮੈਨੂੰ ਖਿੱਚ ਖਿੱਚ ਕੇ ਨੱਚਣ ਲਈ ਵੀ ਮਜਬੂਰ ਕੀਤਾ ਗਿਆ। ਮੈਂ ਜ਼ਿੰਦਗੀ ਵਿੱਚ ਇਸ ਪ੍ਰਕਾਰ ਦੇ ਭੰਜੜਖਾਨੇ ਵਿੱਚ ਕਦੀ ਹਿੱਸਾ ਲਿਆ ਹੀ ਨਹੀਂ ਸੀ। ਭਾਵੇਂ ਮੈਂ ਉਸ ਸਮੇਂ ਤਾਂ ਮਾੜਾ ਮੋਟਾ ਹਿੱਸਾ ਲੈ ਕੇ ਕੰਮ ਸਾਰ ਲਿਆ ਪਰ ਮੈਂ ਇੱਕ ਗੱਲ ਲੜ ਬੰਨ੍ਹ ਲਈ ਸੀ ਕਿ ਬੇਜ਼ਤੀ ਕਰਵਾਉਣ ਨਾਲੋਂ ਮਾੜੇ ਮੋਟੇ ਇੱਕ ਦੋ ਗੇੜੇ ਕੱਢ ਲੈਣੇ ਚੰਗੇ ਹੁੰਦੇ ਹਨ। ਮੈਂ ਉਸ ਵਿਆਹ ਤੋਂ ਬਾਅਦ ਜਿੰਨੇ ਵੀ ਵਿਆਹਾਂ ਵਿੱਚ ਸ਼ਾਮਿਲ ਹੋਇਆ ਉਹਨਾਂ ਸਭ ਵਿੱਚ ਨਚਾਰਾਂ ਨਾਲ ਇੱਕ ਦੋ ਗੇੜੇ ਕੱਢ ਕੇ ਸੁਰਖਰੂ ਹੋਣ ਦਾ ਤਰੀਕਾ ਤਲਾਸ਼ ਕਰ ਲਿਆ ਸੀ। ਜੇ ਬੰਦਾ ਇੰਝ ਨਾ ਕਰੇ ਤਾਂ ਬਾਕੀ ਸ਼ਰਾਬੀ ਖਿੱਚ ਧੂਹ ਕਰਨ ਤੋਂ ਹਟਦੇ ਹੀ ਨਹੀਂ। ਮਾਲਵਾ ਸੱਭਿਆਚਾਰਕ ਪ੍ਰਗਟਾਵੇ ਵਿੱਚ ਦੁਆਬੇ ਤੋਂ ਉੱਪਰ ਹੋਇਆ ਕਰਦਾ ਸੀ। ਸ਼ਾਇਦ ਹੁਣ ਵੀ ਇਵੇਂ ਹੀ ਹੋਵੇ।

ਸਵੇਰੇ ਬਰਾਤ ਆਈ। ਸੌ ਕੁ ਬਰਾਤੀ ਸਨ। 80 ਫੀਸਦੀ ਬਰਾਤ ਪੜ੍ਹੀ ਲਿਖੀ ਲੱਗਦੀ ਸੀ। ਸਭ ਪਾਸੇ ਸਰਦਾਰੀ ਦਾ ਝੰਡਾ ਸੀ। ਮਲਵਈ ਮਾਲਵੇ ਵਿੱਚ ਹੀ ਵਿਆਹੁਣ ਆਏ ਸਨ। ਲਾੜੇ ਦਾ ਬਾਪ ਵੀ ਇੰਜੀਨੀਅਰ ਸੀ। ਐਕਸੀਅਨ ਦੀ ਪੋਸਟ ਤੋਂ ਸੇਵਾ ਮੁਕਤ ਸੀ। ਨਾਨਕੇ ਵੀ ਸੋਹਣੇ ਲੈਂਡ ਲਾਰਡ ਸਨ। ਬਰਾਤ ਦੀ ਪੂਰੀ ਆਓ ਭਗਤ ਕੀਤੀ ਗਈ। ਇਹ ਬਰਾਤ ਵਾਜਾ ਕੁਝ ਨਵੀਂ ਕਿਸਮ ਦਾ ਲਿਆਈ ਸੀ। ਵਾਜਾ ਵੀ ਸ਼ਹਿਰੀ ਕਿਸਮ ਦਾ ਸੀ ਤੇ ਬਰਾਤੀ ਵੀ ਬਹੁਤੇ ਸ਼ਹਿਰੀ ਜਾਂ ਸ਼ਹਿਰੀਆਂ ਜਿਹੇ ਸਨ। ਖਾਧੀ ਪੀਤੀ ਇਹਨਾਂ ਨੇ ਵੀ ਸੋਹਣੀ ਪਰ ਬੜੇ ਸਲੀਕੇ ਨਾਲ। ਬਰਾਤ ਮੂਹਰੇ ਭੰਗੜਾ ਇਹਨਾਂ ਨੇ ਵੀ ਪਾਇਆ ਪਰ ਬੜਾ ਮਿਆਰੀ ਭੰਗੜਾ। ਇਥੋਂ ਤੱਕ ਕਿ ਇਹਨਾਂ ਨਾਲ ਇੱਕ ਬੋਲੀਆਂ ਪਾਉਣ ਵਾਲਾ ਸਿਖਾਂਦਰੂ ਮੁੰਡਾ ਵੀ ਸੀ। ਇੱਕ ਢੋਲ ਵਾਲਾ ਲੁਧਿਆਣੇ ਦਾ ਪ੍ਰਾਫੈਸ਼ਨਲ ਢੋਲੀ ਸੀ। ਇਸ ਨੂੰ ਅਸੀਂ ਯੁਵਕ ਮੇਲਿਆਂ ਵਿੱਚ ਵੀ ਅਕਸਰ ਦੇਖਿਆ ਕਰਦੇ ਸਾਂ। ਇਸ ਮੁੰਡੇ ਅਤੇ ਢੋਲੀ ਨੇ ਬਰਾਤੀਆਂ ਨੂੰ ਸੋਹਣਾ ਨਚਾਇਆ। ਬਰਾਤੀਆਂ ਨੇ ਪੈਸੇ ਵੀ ਸੋਹਣੇ ਵਾਰੇ। ਵਾਜੇ ਵਾਲੇ ਪੂਰੇ ਖੁਸ਼ ਦਿਖਾਈ ਦੇ ਰਹੇ ਸਨ। ਜਦ ਬਰਾਤ ਵਾਪਸ ਡੇਰੇ ਆ ਗਈ ਤਾਂ ਉੱਥੇ ਭੰਡ ਆ ਗਏ।

ਲੈ ਬਈ ਭੰਡਾ
ਪਿਛੇ ਜਿਹੇ ਆਪਾਂ ਕੁੜੀ ਦਾ ਵਿਆਹ ਕੀਤਾ
ਜਿਹੜੀ ਕਾਲਜੇ ਕੱਢਦੀ ਆ,

ਓਏ ਭੰਡਾ ਕਾਲਜੇ ਕੱਢ ਦੀ ਨਹੀਂ,
ਕਾਲਜੇ ਪੜ੍ਹਦੀ ਆ।

ਭੰਡਾ ਆਪਾਂ ਕੁੜੀ ਦਾ ਵਿਆਹ ਕੀਤਾ
ਆਪਾਂ ਮੁੰਡੇ ਵਾਲਿਆਂ ਦਾ ਘਰ ਭਰਤਾ

ਦਾਜ ਨਾਲ?
ਕਾਰ ਦੇਤੀ?

ਪੇਟੀਆਂ ਦੇ ਦਿੱਤੀਆਂ?

ਨਾ ਓਏ ਭੰਡਾ ਨਾ
ਬਸ ਘਰ ਭਰਤਾ,
ਕਾਹਦੇ ਨਾਲ?
ਉਲਟੀਆਂ ਕਰ ਕਰ!!
**

ਓਏ ਟਿੱਚਰ ਨਾ ਕਰੀਏ ਮਰਾਸੀ ਜਾਤ ਨੂੰ
ਓ ਜੁੱਤੀ ਸੋਟੀ ਬਿਨਾ ਤੁਰੀਏ ਨਾ ਰਾਤ ਨੂੰ
ਲੈ ਲਈਏ ਉਧਾਰ ਜੇ ਕੋਈ ਕੱਲਾ ਟੱਕਰੇ
ਮੰਗ ਕੇ ਲੋਕਾਂ ਤੋਂ ਨਿੱਤ ਪਾਈਏ ਕੱਪੜੇ
ਮੋੜਦੇ ਨਾ ਫੇਰ ਪੁੱਛੀਏ ਨਾ ਬਾਤ ਨੂੰ
ਓਏ ਟਿੱਚਰ ਨਾ ਕਰੀਏ ਮਰਾਸੀ ਜਾਤ ਨੂੰ।

ਭੰਡਾਂ ਨੇ ਸੋਹਣਾ ਪਿੜ ਬੰਨ੍ਹਿਆ। ਪਿੰਡ ਦੀ ਲਗੌੜ ਵੀ ਕਾਫੀ ਇਕੱਠੀ ਹੋਈ। ਪੈਸੇ ਵੀ ਭੰਡਾਂ ਨੂੰ ਸੋਹਣੇ ਬਣ ਗਏ।

ਉੱਧਰ ਵਾਜੇ ਵਾਲਿਆਂ ਆਪਣੀ ਤਰਜ ਕੱਢੀ। ਤਰਜ ਦਾ ਮਤਲਬ ਰੋਟੀ ਖਾਣ ਜਾਣਾ ਨਹੀਂ ਸੀ। ਖਾਣਾ ਤਾਂ ਬਰਾਤ ਖਾ ਚੁੱਕੀ ਸੀ। ਤਰਜ
ਦਾ ਮਤਲਬ ਦਾਜ ਦੇਖਣ ਜਾਣ ਦੇ ਸੱਦੇ ਵੱਲ ਇਸ਼ਾਰਾ ਸੀ। ਗਿਣੇ ਚੁਣੇ ਘਰ ਵਾਲੇ ਦਾਜ ਦੇਖਣ ਵੱਲ ਨੂੰ ਚਾਲੇ ਪਾ ਗਏ। ਘਰ ਦਾ ਵਿਹੜਾ ਉਨ੍ਹਾਂ ਸਾਰੀਆਂ ਚੀਜ਼ਾਂ ਵਸਤਾਂ ਨਾਲ ਭਰਿਆ ਪਿਆ ਸੀ ਜਿਹੜੀਆਂ ਮੈਂ ਉੱਪਰ ਪਹਿਲੇ ਵਿਆਹ ਵਿੱਚ ਦਰਸਾਈਆਂ ਸਨ। ਫਰਕ ਸਿਰਫ ਇੰਨਾ ਸੀ ਕਿ ਇਸ ਸਾਰੇ ਸਮਾਨ ਦੇ ਅੰਤ ਵਿੱਚ ਇੱਕ ਫੀਅਟ ਕਾਰ ਖੜ੍ਹੀ ਸੀ। ਕਾਰ ਨਾਲ ਕਾਰ ਦੀ ਚਾਬੀ ਲਟਕ ਰਹੀ ਸੀ। ਕਾਰ ਦੇ ਪਰਲੇ ਪਾਸੇ ਗੱਡੇ ਹੋਏ ਲੱਕੜ ਦੇ ਬਾਲੇ ਦੇ ਨਾਲ ਇੱਕ ਮੋਟਾ ਜੰਦਰਾ ਬੰਨ੍ਹਿਆ ਹੋਇਆ ਸੀ।

ਮੈਂ ਆਪਣੀ ਘਰਵਾਲੀ ਨੂੰ ਪੁੱਛਿਆ, “ਦਾਜ ਤਾਂ ਸੱਚ ਮੁੱਚ ਬਹੁਤ ਏ। ਇੱਕ ਤੋਂ ਇੱਕ ਚੀਜ਼ ਵੱਧ ਕੇ। ਮਾਲਵੇ ਵਾਲੇ ਸੱਚ ਮੁੱਚ ਹੀ ਬੜੇ ਗੁੱਝੇ ਬੰਦੇ ਨੇ। ਘਰ ਵਾਲੇ ਦੇਖਣ ਨੂੰ ਬੜੇ ਹੀ ਸਾਊ ਤੇ ਸ਼ਰੀਫ ਜਿਹੇ! ਚੁੱਪ ਚਪੀਤੇ! ਵਗਦੇ ਪਾਣੀ ਜ਼ਿਆਦਾ ਹੀ ਡੂੰਘੇ ਹੁੰਦੇ ਨੇ। ਕੀ ਆਹ ਜੰਦਰਾ ਵੀ ਦਾਜ ਵਿੱਚ ਹੀ ਦਿੱਤਾ ਜਾ ਰਿਹਾ ਏ?”

ਉਹ ਕਹਿਣ ਲੱਗੀ, “ਤੁਹਾਨੂੰ ਜੰਦਰੇ ਦਾ ਮਤਲਬ ਵੀ ਸਮਝ ਨਹੀਂ ਆਇਆ? ਬੜੇ ਭੋਲੇ ਹੋ। ਇਹ ਮਾਲਵਾ ਏ ਮਾਲਵਾ! ਇਹਨੂੰ ਦੁਆਬਾ ਨਾ ਸਮਝੀ ਜਾਇਓ। ਖੁੱਲ੍ਹੇ ਲੋਕ ਤੇ ਖੁੱਲੀਆਂ ਜ਼ਮੀਨਾਂ!”

“ਇਸ ਜੰਦਰੇ ਦਾ ਜ਼ਮੀਨਾਂ ਨਾਲ ਕੀ ਸੰਬੰਧ?”

“ਅਗਲਿਆਂ ਨੇ ਦਾਜ ਦੀ ਨੁਮਾਇਸ਼ ਕਰਕੇ ਅੰਤ ਵਿੱਚ ਜੰਦਰਾ ਰੱਖ ਕੇ ਇਹ ਜਾਹਿਰ ਕੀਤਾ ਹੈ ਕਿ ਸਭ ਕੁਝ ਸਿਰੇ ਦਾ ਏ। ਇਸ ਤੋਂ ਵੱਧ ਦਾਜ ਕੋਈ ਹੋਰ ਨਹੀਂ ਦੇ ਸਕਦਾ। ਅਗਲਿਆਂ ਨੇ ਦਾਜ ਨੂੰ ਜੰਦਰਾ ਲਾ ਦਿੱਤਾ ਹੈ। ਅਗਲਿਆਂ ਨੇ ਇਹ ਜਾਹਿਰ ਕੀਤਾ ਹੈ ਕਿ ਅੱਜ ਤੱਕ ਨਾ ਕਿਸੇ ਨੇ ਇੰਨਾਂ ਦਾਜ ਦਿੱਤਾ ਏ ਨਾ ਹੀ ਕੋਈ ਦੇ ਸਕਦਾ ਏ।”

“ਅੱਛਾ! ਜੰਦਰੇ ਦਾ ਇਹ ਮਤਲਬ ਏ? ਬੜਾ ਵੱਡਾ ਖਰਚਾ ਕੀਤਾ ਤੇਰੀ ਭੂਆ ਨੇ। ਮੰਨ ਗਏ ਮਲਵਈਆਂ ਨੂੰ!!”

“ਤੁਹਾਡੇ ਵੇਲੇ ਵੀ ਕਾਫੀ ਕੁਝ ਹੋ ਜਾਣਾ ਸੀ, ਜੇ ਤੁਸੀਂ ਬਹੁਤੇ ਅਗਾਂਹਵਧੂ ਨਾ ਬਣਦੇ।”

“ਅਗਾਂਹਵਧੂ?”

“ਹੋਰ ਕੀ? ਤੁਸੀਂ ਸਾਹਿਤਕਾਰ ਜ਼ਿਆਦਾ ਹੀ ਅਗਾਂਹਵਧੂ ਬਣ ਬਣ ਕੇ ਭੱਸੜਾ ਭਨਾਉਂਦੇ ਰਹਿੰਦੇ ਹੋ। ਬੜਾ ਸੋਹਣਾ ਕੁਕਿੰਗ ਗੈਸ ਦਾ ਕੁਨੈਕਸ਼ਨ ਬੀਜੀ ਹੋਣੀ ਦੇ ਦੇਣਾ ਸੀ। ਮੈਂ ਪੁੱਛਿਆ ਸੀ ਤਾਂ ਤੁਸੀਂ, ਯਾਦ ਏ ਕੀ ਕਿਹਾ ਸੀ?”

“ਕੀ?”

“ਅਖੇ, ਸਾਡੇ ਪਿੰਡ ਤਾਂ ਗੈਸ ਕਿਸੇ ਦੇ ਹੈ ਹੀ ਨਹੀਂ। ਅਸੀਂ ਤਾਂ ਹੀਟਰਾਂ ਤੇ ਸਟੋਵਾਂ ਨਾਲ ਹੀ ਸਾਰ ਲਈਦਾ ਏ। ਜੇ ਜ਼ਿਆਦਾ ਹੀ ਜਰੂਰਤ ਮਹਿਸੂਸ ਹੋਈ ਤਾਂ ਅਸੀਂ ਆਪ ਇੰਤਜ਼ਾਮ ਕਰ ਲਵਾਂਗੇ। ਯਾਦ ਏ, ਕਿੰਨੇ ਸਾਲਾਂ ਬਾਅਦ ਇੰਤਜ਼ਾਮ ਕੀਤਾ ਸੀ। ਹੱਥ ਜਲਾਉਣ ਨੂੰ ਘਰਵਾਲੀਆਂ। ਜ਼ਿਆਦਾ ਹੀ ਆਦਰਸ਼ਵਾਦੀ ਤੇ ਅਖੌਤੀ ਅਗਾਂਹਵਧੂ ਬਣਨ ਨੂੰ ਤੁਸੀਂ ਆਪ!”

“ਪਿੰਡ ਤੋਂ 20 ਕਿਲੋਮੀਟਰ ਦੂਰੋਂ ਤਾਂ ਸਲੰਡਰ ਭਰਵਾਉਣ ਜਾਣਾ ਪੈਂਦਾ ਹੁੰਦਾ ਸੀ। ਚਲ ਗਲਤੀ ਹੋ ਗਈ। ਜੋ ਹੋ ਗਿਆ ਸੋ ਹੋ ਗਿਆ। ਬੰਦਾ ਮੰਗਦਾ ਕਿਹੜਾ ਚੰਗਾ ਲੱਗਦਾ ਏ। ਚੱਲ ਛੱਡ ਹੁਣ ਪੁਰਾਣੀਆਂ ਗੱਲਾਂ। ਨਾਲੇ ਤੇਰੇ ਕੋਲ਼ ਹਰ ਵੇਲੇ ਤਾਂ ਨੌਕਰਾਣੀ ਹੁੰਦੀ ਸੀ। ਆਪਣਾ ਵਕਤ ਠੀਕ ਠਾਕ ਲੰਘ ਗਿਆ ਸੀ। ਇਸ ਵਿਆਹ ਦੀਆਂ ਤਾਂ ਬਈ ਧੂੰਮਾ ਪੈ ਗਈਆਂ। ਇਹ ਵਿਆਹ ਤਾਂ ਸਾਰਿਆਂ ਲਈ ਇੱਕ ਯਾਦਦਾਸ਼ਤ ਬਣ ਗਿਆ।”

ਫਿਰ ਮੇਰੀ ਘਰਵਾਲੀ ਦੀ ਦੂਜੀ ਭੂਆ ਦੀ ਕੁੜੀ ਦਾ ਵਿਆਹ ਆ ਗਿਆ। ਇਸ ਭੂਆ ਦਾ ਘਰਵਾਲਾ ਰੇਲਵੇ ਵਿੱਚ ਗਜ਼ਟਡ ਅਫਸਰ ਸੀ। ਦੋ ਮੁਰੱਬੇ ਜ਼ਮੀਨ ਦੇ ਸਨ। ਚੰਡੀਗੜ੍ਹ ਅੱਠ ਸੈਕਟਰ ਵਿੱਚ ਢਾਈ ਕਨਾਲ ਦੀ ਕੋਠੀ ਸੀ। ਉਨ੍ਹਾਂ ਦੇ ਬੱਸ ਇੱਕ ਹੀ ਔਲਾਦ ਸੀ। ਇੱਕ ਲੜਕਾ ਹੁੰਦਾ ਸੀ ਜਿਹੜਾ ਜਵਾਨ ਅਵਸਥਾ ਵਿੱਚ ਹੀ ਇੱਕ ਦੁਰਘਟਨਾ ਵਿੱਚ ਪੂਰਾ ਹੋ ਗਿਆ ਸੀ। ਲੜਕੀ ਗੁਰਲੀਨ ਗਰੈਜੂਏਟ ਸੀ। ਫੁੱਫੜ ਜੀ ਦੇ ਦੋ ਕੁ ਪੰਜਾਬ ਦੇ ਮਨਿਸਟਰਾਂ ਨਾਲ ਵੀ ਚੰਗੇ ਤੁਅਲਕਾਤ ਸਨ। ਉਹ ਵੀ ਵਿਆਹ ਵਿੱਚ ਆਏ ਸਨ। ਪਿੰਡ ਸਾਰਾ ਪੁਲਿਸ ਨਾਲ ਭਰਿਆ ਪਿਆ ਸੀ। ਬਰਾਤ ਕਰਨਾਲ ਦੇ ਨੇੜਿਓਂ ਵਿਰਕ ਜੱਟਾਂ ਦੀ ਸੀ। ਮੰਗਣੀ ਵੇਲੇ ਫੁੱਫੜ ਜੀ ਸਕੂਟਰ ‘ਤੇ ਆਏ ਸਨ। ਮੁੰਡੇ ਦਾ ਬਾਪ ਹਰਿਆਣੇ ਦਾ ਇੱਕ ਵੱਡਾ ਅਲਾਟੀ ਸੀ ਤੇ ਅਕਾਲੀ ਲੀਡਰ ਸੀ। ਬਰਾਤ ‘ਚ ਤਕਰੀਬਨ ਇੱਕ ਹਜ਼ਾਰ ਬੰਦਾ ਸੀ। ਇਹਨਾਂ ਵਿੱਚ ਸੌ ਕੁ ਜਨਾਨੀਆਂ ਸਨ। ਅਖਾੜਾ ਲਗਾਉਣ ਲਈ ਗੁਰਦਾਸ ਮਾਨ ਕੀਤਾ ਹੋਇਆ ਸੀ। ਉਦੋਂ ਗੁਰਦਾਸ ਮਾਨ ਅਜੇ ਮਸ਼ਹੂਰ ਹੋਣਾ ਸ਼ੁਰੂ ਹੋਇਆ ਹੀ ਸੀ। ‘ਮਾਮਲਾ ਗੜਬੜ ਹੈ’ ਤੇ ‘ਛੱਲਾ’ ਮਹਿਫਲਾਂ ਦੀ ਸ਼ਾਨ ਹੋਇਆ ਕਰਦੇ ਸਨ। ਵਿਆਹ ਇੰਨਾਂ ਭਾਰਾ ਹੋਇਆ ਸੀ ਕਿ ਅੱਜ ਤੱਕ ਇਲਾਕੇ ਦੇ ਵਿੱਚ ਇਸ ਪ੍ਰਕਾਰ ਦਾ ਵਿਆਹ ਕਦੀ ਦੇਖਿਆ ਹੀ ਨਹੀਂ ਸੀ। ਜੇ ਮੈਂ ਬਿਆਨ ਕਰਨ ਲੱਗਾਂ ਤਾਂ ਕਈ ਵਰਕੇ ਭਰ ਜਾਣਗੇ। ਮਿਲਣੀਆਂ ਵਿੱਚ ਵੀ ਸੋਨਾ ਪਾਣੀ ਵਾਂਗ ਵਰ੍ਹਿਆ ਸੀ। ਖਾਣ ਪੀਣ ਦਾ ਪ੍ਰਬੰਧ ਸਿਰੇ ਦਾ ਸੀ। ਗੁਰਦਾਸ ਮਾਨ ਦਾ ਪ੍ਰੋਗਰਾਮ ਦੇਖਣ ਲਈ ਆਲੇ ਦੁਆਲੇ ਦੇ ਕਈ ਪਿੰਡ ਇਕੱਠੇ ਹੋ ਗਏ ਸਨ। ਮੈਂ ਤੇ ਮੇਰੀ ਘਰਵਾਲੀ ਤਾਂ ਮੇਲੇ ਵਿੱਚ ਗੁਆਚੇ ਪਏ ਸਾਂ। ਸਭ ਕੁਝ ਦਾ ਆਨੰਦ ਮਾਨਣ ਤੋਂ ਬਾਅਦ ਆਪਾਂ ਸੋਚਿਆ ਕਿ ਦਾਜ ਵੀ ਦੇਖ ਚਲੀਏ। ਜਦ ਦਾਜ ਤੇ ਨਜ਼ਰ ਮਾਰੀ ਤਾਂ ਸਾਡੇ ਹੋਸ਼ ਉੱਡ ਗਏ। ਚੀਜ਼ਾਂ ਵਸਤਾਂ ਬਿਆਨ ਕਰਨੀਆਂ ਔਖੀਆਂ ਸਨ। ਕੁੜੀ ਨੂੰ ਸੋਨਾ ਤੇ ਡਾਇਮੰਡ ਵੀ ਬਹੁਤ ਪਾਇਆ ਗਿਆ ਸੀ। ਮੁੰਡੇ ਦੀ ਮਾਂ ਤੇ ਭੈਣਾਂ ਲਈ ਵੀ ਸੋਨੇ ਦੇ ਭਾਰੇ ਭਾਰੇ ਗਹਿਣੇ ਸਨ। ਅਸੀਂ ਦਾਜ ਵਿਛਿਆ ਹੋਇਆ ਦੇਖ ਲਿਆ। ਜਦ ਅੱਗੇ ਗਏ ਤਾਂ ਇੱਕ ਇੰਪਾਲਾ ਸ਼ੈਵਰਲੈਟ ਕਾਰ ਵੀ ਖੜ੍ਹੀ ਸੀ। ਥੋੜਾ ਹੋਰ ਅੱਗੇ ਗਏ ਤਾਂ ਦੇਖਿਆ ਇੱਕ ਮੋਟਾ ਡੰਡਾ ਜਮੀਨ ਵਿੱਚ ਗੱਡਿਆ ਹੋਇਆ ਸੀ। ਉਸਦੇ ਉੱਪਰ ਇੱਕ ਸੁਰਾਖ ਕੱਢ ਕੇ ਉਸ ਵਿੱਚ ਇੱਕ ਰੱਸੀ ਨਾਲ ਜੋੜ ਕੇ ਮੋਟੇ ਕਾਗਜ਼ ਦਾ ਬੋਰਡ ਲਗਾਇਆ ਹੋਇਆ ਸੀ। ਉਸ ਬੋਰਡ ਨਾਲ ਇੱਕ ਚਾਬੀਆਂ ਦਾ ਗੁੱਛਾ ਲਟਕਦਾ ਸੀ। ਬੋਰਡ ਉੱਪਰ ਲਿਖਿਆ ਸੀ:
“ਇਹ ਚਾਬੀਆਂ ਅੱਠ ਸੈਕਟਰ ਚੰਡੀਗੜ੍ਹ ਦੀ ਕੋਠੀ ਨੰਬਰ — ਦੀਆਂ ਹਨ। ਇਹ ਢਾਈ ਕਨਾਲ ਦੀ ਕੋਠੀ ਵੀ ਲੜਕੀ ਨੂੰ ਦਾਜ ਵਿੱਚ ਦਿੱਤੀ ਜਾਂਦੀ ਏ।”

ਇਸ ਚਾਬੀਆਂ ਦੇ ਗੁੱਛੇ ਤੋਂ ਅੱਗੇ ਇੱਕ ਜੰਦਰਾ ਪਿਆ ਸੀ।

“ਡੀਅਰ, ਆਹ ਜੰਦਰਾ ਕਿਓੱ ਟੰਗਿਆ ਏ? ਜੰਦਰਾ ਤਾਂ ਤੇਰਾ ਦੂਜਾ ਫੁੱਫੜ ਪਹਿਲਾਂ ਹੀ ਦਾਜ ਨੂੰ ਲਗਾ ਚੁੱਕਾ ਸੀ। ਹੁਣ ਇਹਨਾਂ ਨੇ ਜੰਦਰਾ ਕਿਓਂ ਟੰਗਿਆ।”

“ਜ਼ਰਾ ਧਿਆਨ ਨਾਲ ਦੇਖੋ। ਜ਼ਰਾ ਨੇੜੇ ਹੋ ਕੇ ਦੇਖੋ।”
“ਹੈਂ! ਹੈਂ!! ਇਹ ਜੰਦਰਾ ਤਾਂ ਇੱਕ ਪਾਸਿਓਂ ਟੁੱਟਾ ਹੋਇਆ ਏ। ਇਸ ਦਾ ਕੀ ਭਾਵ?”
“ਔਹ ਸਾਹਮਣੇ ਮੋਟੀ ਅੱਡੀ ਵਾਲਾ ਛਿੱਤਰ ਪਿਆ ਨਹੀਂ ਦਿਖਦਾ?”
“ਹਾਂ, ਛਿੱਤਰ ਵੀ ਪਿਆ ਏ। ਇਹ ਕਿਉਂ? ਬੜੀ ਅਜੀਬ ਜਿਹੀ ਸਥਿਤੀ ਏ!!”
“ਤੁਸੀਂ ਭੋਲੇ ਹੋ! ਅਗਲੇ ਨੇ ਜੰਦਰੇ ਨੂੰ ਤੋੜ ਦਿੱਤਾ ਹੈ। ਨਾਲ ਜੁੱਤੀ ਰੱਖਣ ਦਾ ਅਰਥ ਹੈ ਕਿ ਜਿਹੜਾ ਜੰਦਰਾ ਸਾਂਢੂ ਨੇ ਆਪਣੀ ਕੁੜੀ ਦੇ ਵਿਆਹ ਵੇਲੇ ਦਾਜ ਨੂੰ ਲਗਾਇਆ ਸੀ ਅਗਲਿਆਂ ਨੇ ਜੰਦਰੇ ਨੂੰ ਜੁੱਤੀ ਨਾਲ ਤੋੜ ਦਿੱਤਾ ਹੈ। ਭਾਵ, ਦਾਜ ਸਾਂਢੂ ਦੀ ਕੁੜੀ ਦੇ ਵਿਆਹ ਤੋਂ ਕਿਤੇ ਜ਼ਿਆਦਾ ਹੈ। ਇਹ ਹੁਣ ਅੱਗੇ ਦੇਖਾਂਗੇ ਕੋਈ ਕਿੰਨਾ ਕੁ ਦੇ ਕੇ ਸਾਨੂੰ ਮਾਤ ਪਾਉਂਦਾ ਏ। ਦਾਜ ਦੇਣ ਦੇ ਪਹਿਲੇ ਸਾਰੇ ਰਿਕਾਰਡ ਤੋੜ ਦਿੱਤੇ ਗਏ ਹਨ। ਹੁਣ ਦੇਖਾਂਗੇ ਕੋਈ ਜੁੱਤੀ ਤੋਂ ਉੱਪਰ ਕੀ ਕਰੂ।”

ਮੈਂ ਲੋਕਾਂ ਦੀ ਸੋਚ ਤੇ ਹੱਕਾ ਬੱਕਾ ਰਹਿ ਗਿਆ। ਮੇਰੇ ਮਨ ਤੇ ਇਹ ਸਵਾਲ ਹੋਰ ਭਾਰੂ ਹੋ ਗਿਆ: ‘ਅਗਾਂਹ ਵਧੂ ਬੰਦੇ ਡੌਂਡੀ ਪਿੱਟੀ ਜਾਂਦੇ ਨੇ, ਦਾਜ ਬੰਦ ਕਰੋ! ਦਾਜ ਬੰਦ ਕਰੋ!! ਜ਼ਮੀਨੀ ਹਕੀਕਤ ਤਾਂ ਇਸ ਸੋਚ ਦੇ ਨੇੜੇ ਤੇੜੇ ਵੀ ਨਹੀਂ ਏ।’
***
ਅਵਤਾਰ ਐਸ. ਸੰਘਾ
(ਸਿਡਨੀ ਆਸਟਰੇਲੀਆ)
ਫੋਨ ਨੰਬਰ:- +61 437 641 033

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1556
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Dr. Avtar S. Sangha
BA ( Hons. English) MA English, Ph.D English--- Punjab
Graduate Dip In Education--- NSW ( Australia)
Lecturer in English in a college in Punjab for 25 years.
Teacher in Sydney--- 6 years
Now retired
Author of 8 books
**
sangha_avtar@hotmail.com

My latest book of short English fiction STORM IN A TEACUP AND OTHER STORIES can be seen on
DESIBUZZ CANADA
**
The Punjabi book of short stories edited by me and published by Azad Book Depot Amritsar 5 PARVAASI KAHANIKAAR is now available in the market.
**

ਅਵਤਾਰ ਐਸ ਸੰਘਾ

Dr. Avtar S. Sangha BA ( Hons. English)  MA English,  Ph.D English--- Punjab Graduate Dip In Education--- NSW ( Australia) Lecturer in English  in a college  in Punjab for 25 years. Teacher in Sydney--- 6 years Now retired Author of 8 books ** sangha_avtar@hotmail.com My latest book of short English fiction STORM IN A TEACUP AND OTHER STORIES can be seen on DESIBUZZ CANADA ** The Punjabi book of short stories  edited by me and published  by Azad Book Depot Amritsar  5 PARVAASI KAHANIKAAR  is now available in the market. **

View all posts by ਅਵਤਾਰ ਐਸ ਸੰਘਾ →