19 June 2025

ਅਨੁਵਾਦਿਤ ਕਹਾਣੀ: ਮੌਤ ਅਤੇ ਆਸ—ਕਹਾਣੀਕਾਰ: ਲਹਿਰ ਪਾਰਖ/ਪੰਜਾਬੀ ਅਨੁਵਾਦ: ਰਵਿੰਦਰ ਸਿੰਘ ਸੋਢੀ

   ਲਹਿਰ ਪਾਰਖ

ਬੱਦਲਾਂ ਨੂੰ ਚੀਰਦੇ ਹੋਏ ਕਾਲੇ ਬੁਰਜ ਵਿਚ ਇਕ ਪਰਛਾਵੇਂ ਦਾ ਘਰ ਸੀ। ਉਹ ਬੁਰਜ ਬਹੁਤ ਉੱਚਾ ਅਤੇ ਡਰਾਉਣਾ ਸੀ। ਉਸਦੀ ਡਰਾਉਣੀ ਮੌਜੂਦਗੀ ਨੇ ਆਸ-ਪਾਸ ਦੇ ਵਧੀਆ ਨਜ਼ਾਰਿਆਂ ‘ਤੇ ਇਕ ਅਜੀਬ ਡਰ ਪੈਦਾ ਕੀਤਾ ਹੋਇਆ ਸੀ। ਬੁਰਜ ਦੇ ਪੁਰਾਣੇ ਪੱਥਰ ਭੁੱਲ ਚੁੱਕੇ ਰਾਜ ਅਤੇ ਲੁਕਵੀਂਆਂ ਤਾਕਤਾਂ ਦੀਆਂ ਕਹਾਣੀਆਂ ਦੱਬੀ ਸੁਰ ਵਿਚ ਦੱਸਦੇ, ਜਿਸ ਨਾਲ ਉਸ ਬੁਰਜ ਕੋਲ ਪਹੁੰਚਣ ਦਾ ਹੌਸਲਾ ਕਰਨ ਵਾਲਿਆਂ ਵਿਚ ਡਰ ਦੇ ਨਾਲ ਹਿੰਮਤ ਵੀ ਪੈਦਾ ਹੁੰਦੀ। ਉਸ ਡਰ ਤੋਂ ਬਚਣ ਲਈ ਬੁਰਜ ਕੋਲ ਲੋਕਾਂ ਦੀ ਭੀੜ ਨਹੀਂ ਸੀ ਹੁੰਦੀ। ਉਸ ਵਿਚ ਰਹਿੰਦਾ ਪਰਛਾਵਾਂ ਇਕ ਭੈੜੀ ਸ਼ਕਤੀ ਸੀ ਅਤੇ ਜੋ ਵੀ ਉਸਦੇ ਰਸਤੇ ਵਿਚ ਆਉਂਦਾ, ਉਹਨਾਂ ਲਈ ਉਹ ਨਿਰਾਸਤਾ ਅਤੇ ਹਨੇਰਾ ਹੀ ਲੈ ਕੇ ਆਉਂਦਾ। ਉਸ ਬਾਰੇ ਅਜੀਬ-ਅਜੀਬ ਅਫਵਾਹਾਂ ਉੱਡਦੀਆਂ ਕਿ ਕਈ ਲੋਕ ਅਚਾਨਕ ਹੀ ਗੁੰਮ ਹੋ ਜਾਂਦੇ ਹਨ, ਜਿਸ ਨਾਲ ਅੰਧ ਵਿਸ਼ਵਾਸਾਂ ਨੂੰ ਹੋਰ ਸ਼ਹਿ ਮਿਲਦੀ ਅਤੇ ਲੋਕ ਉਸ ਤੋਂ ਦੂਰ ਹੀ ਰਹਿੰਦੇ। ਬੁਰਜ ਇਕ ਬੁਝਾਰਤ ਹੀ ਬਣਿਆ ਰਿਹਾ, ਇਸਦਾ ਭੇਤ, ਇਸਦੀਆਂ ਵਿਸ਼ਾਲ ਕੰਧਾ ਦੇ ਓਹਲੇ ਹੀ ਰਿਹਾ, ਜਿਸ ਦੇ ਪਿੱਛੇ ਸਿਰਫ ਡਰਾਉਣੀਆਂ ਕਹਾਣੀਆਂ ਹੀ ਸੀ। ਇਸ ਪ੍ਰਤੀ ਡਰ ਇਸ ਗੱਲ ਤੋਂ ਵੀ ਠੀਕ ਲੱਗਦਾ ਸੀ ਕਿ ਖੂਨ ਨਾਲ ਭਿਜੇ ਹੋਏ ਵੱਡੇ ਅੱਖਰਾਂ ਵਿਚ ਮੌ—ਤ– ਲਿਖਿਆ ਇਕ ਬੋਰਡ ਲਹਿਰਾ ਰਿਹਾ ਸੀ। ਬੁਰਜ ਦੇ ਆਸ-ਪਾਸ ਜੋ ਉਜਾੜ ਜਗ੍ਹਾ ਪਈ ਸੀ, ਉਥੇ ਹਲਕੀਆਂ-ਹਲਕੀਆਂ ਅਵਾਜ਼ਾਂ ਆ ਆਉਂਦੀਆਂ ਜਿਵੇਂ ਗੁੰਮ ਹੋ ਚੁਕੀਆਂ ਆਤਮਾਵਾਂ ਦੀ ਫੁਸਫਹਾਟ ਹੋਵੇ, ਜਿਸ ਨਾਲ ਬੁਰਜ ਦੇ ਚੁਫੇਰੇ ਦਾ ਵਾਤਾਵਰਨ ਹੋਰ ਵੀ ਡਰਾਉਣਾ ਬਣ ਜਾਂਦਾ। ਜਿਹੜੇ ਕਦੇ ਵਿਸ਼ਾਲ ਅਤੇ ਜਿਉਂਦੇ ਰੁੱਖ ਸਨ, ਉਹਨਾਂ ਦੀਆਂ ਵਿੰਗੀਆਂ-ਟੇਢੀਆਂ ਟਾਹਣੀਆਂ ਹੁਣ ਸਿਰਫ ਸੁੱਕੇ ਢਾਂਚੇ ਵਰਗੀਆਂ ਬਣ ਗਈਆਂ ਸੀ ਅਤੇ ਉਹ ਆਪਣੇ ਆਪ ਨੂੰ ਬੁਰਜ ਦੀ ਪਕੜ ਤੋਂ ਬਚਾਉਣ ਦੀ ਕੋਸ਼ਿਸ਼ ਕਰਦੀਆਂ।

ਮੌਤ ਨੇ ਇਕ ਕਾਲਾ ਚੋਗਾ ਪਾਇਆ ਹੋਇਆ ਸੀ, ਜਿਸ ਦੇ ਸਿਰਫ ਹੱਥ ਹੀ ਮਾਸ ਤੋਂ ਬਿਨਾਂ ਹੱਡੀਆਂ ਦੇ ਕੰਕਾਲ ਬਣੇ ਦਿੱਖ ਰਹੇ ਸਨ। ਉਸ ਦੀਆਂ ਅੱਖਾਂ ਅਤੇ ਬੁੱਲ੍ਹ ਇਕੱਠੇ ਹੀ ਸੀਤੇ ਹੋਏ ਅਤੇ ਉਸਦੀ ਆਵਾਜ਼ ਉਸਦੇ ਸਰੀਰ ਵਿਚੋਂ ਹੀ ਗੂੰਜ ਰਹੀ ਸੀ। ਮੌਤ ਉਹ ਚੀਜ਼ ਸੀ ਜੋ ਲੋਕਾਂ ਨੂੰ ਆਪਣੇ ਨਾਲ ਲੈ ਜਾਂਦੀ ਅਤੇ ਉਹਨਾਂ ਨੂੰ ਸਦਾ ਦੀ ਨੀਂਦ ਸੁਆ ਕੇ ਉਹਨਾਂ ਦੀਆਂ ਰੂਹਾਂ ਕੱਢ ਲੈਂਦੀ। ਉਹ ਕੇਵਲ ਹਨੇਰੇ ਦੇ ਪਰਦੇ ਵਿਚ ਲਿਪਟੀ ਹੀ ਆਉਂਦੀ ਅਤੇ ਉਹਨਾਂ ਨੂੰ ਲੈ ਜਾਂਦੀ, ਜੋ ਆਪਣਾ ਸਮਾਂ ਪੂਰਾ ਕਰ ਚੁੱਕੇ ਹੁੰਦੇ। ਦੂਜਿਆਂ ਨੂੰ ਚੇਤਾਵਨੀ ਦਿੱਤੀ ਜਾਂਦੀ ਕੇ ਉਹ ਬੁਰਜ ਦੇ ਨੇੜੇ ਨਾ ਆਉਣ, ਨਹੀਂ ਤਾਂ ਹੋ ਸਕਦਾ ਹੈ ਉਹ ਵੀ ਉਸਦੀ ਪਕੜ ਵਿਚ ਆ ਜਾਣ।

ਇਸ ਡਰਾਉਣ ਵਾਲੇ ਬੁਰਜ ਤੋਂ ਦੂਰ ਇਕ ਅਜਿਹਾ ਇਲਾਕਾ ਵੀ ਸੀ ਜਿਸ ਦੇ ਰੰਗੀਨ ਖੇਤ ਅਤੇ ਘਰ ਖੁਸ਼ੀਆਂ ਭਰੇ ਸੀ। ਇਹ ‘ਮੌਤ’ ਅਤੇ ‘ਆਸ’ ਵਿਚਕਾਰ ਇਕ ਵੰਡ ਸੀ। ਇਸ ਸ਼ਹਿਰ ਦੇ ਵਾਸੀ ਆਪਣੇ ਸ਼ਾਂਤੀ ਭਰਪੂਰ ਅਤੇ ਸੁਖਦਾਇਕ ਸਵਰਗ ਵਿਚ ਬਹੁਤ ਆਨੰਦ ਮਹਿਸੂਸ ਕਰਦੇ। ਉਹ ਇਸ ਗੱਲ ਦਾ ਵੀ ਸ਼ੁਕਰ ਕਰਦੇ ਕਿ ਉਹ ਬੁਰਜ ਦੇ ਠੰਡੇ ਅਤੇ ਡਰਾਉਣੇ ਮਾਹੌਲ ਤੋਂ ਬਹੁਤ ਦੂਰ ਸੀ। ਉਹਨਾਂ ਦੇ ਹਰੇ-ਭਰੇ ਖੇਤ ਅਤੇ ਉਹਨਾਂ ਦੇ ਘਰ ਦੇ ਵਿਹੜਿਆਂ ਵਿਚ ਖਿੜੇ ਹੋਏ ਫੁੱਲ ਹਰ ਇਕ ਨੂੰ ਮੰਤਰ ਮੁਗਧ ਕਰ ਦਿੰਦੇ। ਸ਼ਹਿਰ ਦੇ ਲੋਕਾਂ ਦਾ ਨਿੱਘਾ ਅਤੇ ਮਿਲਣਸਾਰ ਸੁਭਾਅ ਅਸਲ ਵਿਚ ਖੁਸ਼ੀਆਂ ਵੰਡਦਾ।

ਕਿਲੇ ‘ਚ ਰਹਿਣ ਵਾਲੀ ਰਾਣੀ ਸੱਚ-ਮੁੱਚ ਹੀ ਬਹੁਤ ਸੁਹਣੀ ਸੀ। ਉਸਦੀ ਮਹਿਮਾ ਅਤੇ ਖ਼ੂਬਸੂਰਤੀ ਦੀ ਗੱਲ ਸਾਰੇ ਰਾਜ ਵਿਚ ਹੀ ਫੈਲੀ ਹੋਈ ਸੀ। ਜੋ ਵੀ ਉਸ ਨੂੰ ਦੇਖਦਾ ਉਹੀ ਉਸ ਤੇ ਮੋਹਿਤ ਹੋ ਜਾਂਦਾ । ਉਸਦੇ ਉਥੇ ਹੋਣ ਕਰਕੇ ਸ਼ਹਿਰ ਵਿਚ ਉਮੀਦ ਅਤੇ ਖੁਸ਼ੀ ਦੀ ਲਹਿਰ ਹੁੰਦੀ ਅਤੇ ਬੁਰਜ ਦੀ ਹੋਂਦ ਦੇ ਫਿਕਰ ਤੋਂ ਵੀ ਛੁਟਕਾਰਾ ਮਿਲਦਾ। ਉਹ ਅਕਸਰ ਕਹਿੰਦੀ, “ਪਿਆਰ ਵੀ ਜਿਉਣ ਦੀ ਤਰਾਂ ਹੀ ਹੈ।” ਜਿਹੜਾ ਇਨਸਾਨ ਵੀ ਉਸਦੇ ਸ਼ਹਿਰ ਵਿਚ ਪਿਆਰ ਦਾ ਪ੍ਰਗਟਾ ਨਹੀਂ ਕਰ ਸਕਦਾ, ਦਿਆਲਤਾ ਨਹੀਂ ਦਿਖਾ ਸਕਦਾ ਅਤੇ ਸ਼ਾਂਤੀ ਨਾਲ ਰਹਿ ਨਹੀਂ ਸਕਦਾ, ਉਹ ਕਦੇ ਸਵਰਗ ‘ਚ ਨਹੀਂ ਜਾ ਸਕਦਾ। ਉਹ ਪੱਕੇ ਰੰਗ ਦੀ, ਲੰਬੀ ਅਤੇ ਲੰਬੇ ਭੂਰੇ ਵਾਲਾਂ ਵਾਲੀ ਸੀ। ਉਹ ਨਿਤ ਦਿਹਾੜੇ ਨਵੇਂ ਅਤੇ ਰੰਗ ਬਰੰਗੇ ਕੱਪੜੇ ਪਾਉਂਦੀ, ਪਰ ਇਕ ਚੀਜ਼ ਜੋ ਉਹ ਕਦੇ ਨਹੀਂ ਸੀ ਬਦਲਦੀ, ਉਹ ਸੀ ਉਸਦੀ ਛੋਟੀ ਉਂਗਲੀ ਵਿਚ ਪਾਈ ਇਕ ਪੰਨਾ ਦੀ ਮੁੰਦਰੀ। ਉਸਦੀ ਖ਼ੂਬਸੂਰਤੀ ਦੇ ਬਾਵਜੂਦ ਵੀ ਲੋਕ ਸਮਝਦੇ ਸੀ ਕਿ ਉਸ ਦੇ ਕੁਝ ਭੇਦ ਵੀ ਹਨ। ਕਈ ਉਸਦੇ ਬੀਤ ਚੁੱਕੇ ਸਮੇਂ ਸੰਬੰਧੀ ਅਫਵਾਹਾਂ ਦੀ ਗੱਲ ਕਰਦੇ, ਜਿਸ ਨਾਲ ਅਤੇ ਉਸ ਦੀਆਂ ਰਹੱਸਮਈ ਅਦਾਵਾਂ ਨੇ ਲੋਕਾਂ ਵਿਚ ਅਫਵਾਹਾਂ ਨੂੰ ਹੋਰ ਵਧਾ ਦਿੱਤਾ। ਕਈ ਇਹ ਮੰਨਦੇ ਸੀ ਕਿ ਉਸ ਕੋਲ ਜਾਦੂਈ ਸ਼ਕਤੀਆਂ ਹਨ ਅਤੇ ਕੁਝ ਹੋਰ ਕਹਿੰਦੇ ਕਿ ਉਸਦੇ ਮੌਤ ਨਾਲ ਵੀ ਸੰਬੰਧ ਹਨ। ਇਹਨਾਂ ਅਫਵਾਹਾਂ ਦੇ ਬਾਵਜੂਦ ਵੀ ਰਾਣੀ ਦੀ ਰਹੱਸਮਈ ਫਿਤਰਤ ਨੇ ਉਸ ਦੀ ਖ਼ੂਬਸੂਰਤੀ ਵਿਚ ਹੋਰ ਨਿਖਾਰ ਆ ਗਿਆ ਅਤੇ ਜੋ ਵੀ ਉਸ ਦੇ ਸੰਪਰਕ ਵਿਚ ਆਉਂਦਾ, ਉਹ ਉਸਦਾ ਮਨ ਮੋਹ ਲੈਂਦੀ।

ਕੁਝ ਮਹੀਨੇ ਪਹਿਲਾਂ ਬਸੰਤ ਦੇ ਮਹੀਨੇ ਰਾਣੀ ਆਪਣੇ ਸ਼ਹਿਰ ਤੋਂ ਕਾਫੀ ਦੂਰ ਲੰਬੀ ਸੈਰ ਲਈ ਖਿੜੇ ਹੋਏ ਫੁੱਲਾਂ ਨੂੰ ਇਕੱਠੇ ਕਰਨ ਜਾਂਦੀ। ਰਾਣੀ ਜੰਗਲ ਦੇ ਅੰਦਰ ਜਾ ਕੇ ਕਿਤੇ ਗੁੰਮ ਹੋ ਜਾਂਦੀ ਅਤੇ ਘੰਟੇ ਕੁਦਰਤ ਅਤੇ ਉਥੇ ਰਹਿਣ ਵਾਲਿਆਂ ਨਾਲ ਬਿਤਾਉਂਦੀ। ਉਸ ਕੋਲ ਧਰਤੀ ਦੇ ਹੇਠਾਂ ਇਕ ਬਾਗ਼ ਸੀ, ਜਿਸ ਬਾਰੇ ਹੋਰ ਕੋਈ ਨਹੀਂ ਸੀ ਜਾਣਦਾ, ਜਿਥੇ ਉਹ ਹਰ ਹਫ਼ਤੇ ਜਾ ਕੇ ਉਹ ਆਪਣੇ ਲਾਏ ਬੁਟਿਆਂ ਨੂੰ ਦੇਖਦੀ।

ਇਕ ਦਿਨ ਉਸਨੇ ਉਸ ਰਾਹ ‘ਤੇ ਲੰਬੀ ਸੈਰ ਤੇ ਜਾਣ ਦੀ ਸੋਚੀ ਜਿਥੇ ਉਸਦਾ ਬਾਗ਼ ਮੌਤ ਦੇ ਸ਼ਹਿਰ ਨਾਲ ਜਾ ਲੱਗਦਾ ਸੀ। ਰਾਣੀ ਉਸ ਬਾਰੇ ਅਤੇ ਉਸ ਥਾਂ ਸੰਬੰਧੀ ਜੋ ਅਫਵਾਹਾਂ ਸੁਣੀਆਂ ਸੀ, ਉਹਨਾਂ ਬਾਰੇ ਸਭ ਕੁਝ ਜਾਣਨਾ ਚਾਹੁੰਦੀ ਸੀ। ਤੁਰਦੇ-ਤੁਰਦੇ ਉਹ ਇਕ ਕੰਧ ਕੋਲ ਪਹੁੰਚੀ ਜਿਸ ‘ਤੇ ਲਾਲ ਰੰਗ ਦੇ ਚਿਪਚਿਪੇ ਪਦਾਰਥ ਨਾਲ ਲਿਖਿਆ ਹੋਇਆ ਸੀ ‘ਇਸ ਜਗ੍ਹਾ ਤੋਂ ਅੱਗੇ ਨਾ ਜਾਓ’,ਪਰ ਇਹ ਲਿਖਿਆ ਉਸ ਨੂੰ ਰੋਕ ਨਾ ਸਕਿਆ ਕਿਉਂ ਕਿ ਉਸ ਕੋਲ ਕੁਝ ਅਜਿਹੀਆਂ ਜਾਦੂ ਮਈ ਸਕਤੀਆਂ ਸੀ, ਜਿਨ੍ਹਾਂ ਬਾਰੇ ਹੋਰ ਕੋਈ ਨਹੀਂ ਸੀ ਜਾਣਦਾ। ਉਸਨੇ ਆਪਣੀਆਂ ਬਾਂਹਾਂ ਗੋਲ ਦਾਇਰੇ ਵਿਚ ਘੁੰਮਾਈਆਂ, ਅੱਖਾਂ ਬੰਦ ਕੀਤੀਆਂ ਅਤੇ ਬੜੀ ਤੇਜੀ ਨਾਲ ਕੰਧ ਵੱਲ ਵੱਧੀ। ਉਸਦੇ ਅੰਦਰ ਜਾਣ ਜੋਗਾ ਇਕ ਮਘੋਰਾ ਉਸ ਕੰਧ ਵਿਚ ਬਣ ਗਿਆ ਅਤੇ ਉਹ ਬਿਨਾਂ ਕਿਸੇ ਝਿਜਕ ਅੰਦਰ ਚਲੀ ਗਈ। ਜਿਵੇਂ-ਜਿਵੇਂ ਉਹ ਅੰਦਰ ਜਾਈ ਗਈ, ਰਾਣੀ ਦਾ ਦਿਮਾਗ ਵਿਚ ਡਰ ਅਤੇ ਜਗਿਆਸਾ ਦੀ ਰਲੀ-ਮਿਲੀ ਭਾਵਨਾ ਸੀ। ਹਨੇਰੇ ਨੇ ਉਸ ਨੂੰ ਘੇਰ ਲਿਆ ਸੀ, ਪਰ ਉਹ ਮੌਤ ਦੇ ਰਾਜਾਂ ਨੂੰ ਖੋਲ੍ਹਣ ਲਈ ਅਡੋਲ ਰਹੀ। ਇਕ ਮੀਲ ਤੁਰਨ ਤੋਂ ਬਾਅਦ ਉਹ ਮੌਤ ਦੇ ਬੁਰਜ ਦੇ ਸਾਹਮਣੇ ਖੜੀ ਸੀ। ਉਸ ਨੂੰ ਇਹ ਨਹੀਂ ਸੀ ਪਤਾ ਕਿ ਉਥੇ ਕੋਈ ਦਰਵਾਜ਼ਾ ਹੈ, ਜਿਹੜਾ ਉਸ ਨੂੰ ਖੜਕਾਉਣਾ ਪਏਗਾ ਜਾਂ ਕਿਸੇ ਦਰਬਾਨ ਨਾਲ ਗੱਲ ਕਰਨੀ ਪਏਗੀ। ਰਾਣੀ ਆਪਣੇ ਪੱਕੇ ਇਰਾਦੇ ਕਾਰਨ ਅੱਗੇ ਵੱਧ ਗਈ ਅਤੇ ਉਹ ਬੁਰਜ ਦੇ ਘੇਰੇ ਨੂੰ ਘੋਖਣ ਲੱਗੀ ਤਾ ਜੋ ਕਿਸੇ ਬੰਦੇ ਬਾਰੇ ਜਾਂ ਅੰਦਰ ਜਾਣ ਦੇ ਰਸਤੇ ਬਾਰੇ ਕੁਝ ਪਤਾ ਲੱਗੇ। ਜਿਵੇਂ-ਜਿਵੇਂ ਉਹ ਬੁਰਜ ਦੇ ਆਲੇ-ਦੁਆਲੇ ਘੁੰਮਣ ਲੱਗੀ, ਉਸਦਾ ਦਿਲ ਉਤਸ਼ਾਹ ਨਾਲ ਧੜਕ ਰਿਹਾ ਸੀ- ਅੰਦਰ ਜਾਣ ਦੇ ਰਾਹ ਨੂੰ ਲੱਭਣ ਦੀ ਅਤੇ ਉਹਨਾਂ ਰਹੱਸਾਂ ਦਾ ਸਾਹਮਣਾ ਕਰਨ ਦੀ ਬੇਸਬਰੀ ਸੀ ਜੋ ਉਸ ਦੀ ਉਡੀਕ ਕਰ ਰਹੇ ਸੀ। ਜਦੋਂ ਉਹ ਸਾਰੇ ਪਾਸੇ ਚੱਕਰ ਲਾ ਰਹੀ ਸੀ ਤਾਂ ਉਸ ਨੂੰ ਇਕ ਪੰਛੀ ਵਰਗਾ ਚਿੱਟਾ ਆਕਾਰ ਦਿੱਖਿਆ, ਜੋ ਬੁਰਜ ਤੋਂ ਹੇਠਾਂ ਆ ਰਿਹਾ ਸੀ। ਰਾਣੀ ਦੀ ਜਗਿਆਸਾ ਵੱਧ ਗਈ, ਉਸ ਦੀਆਂ ਅੱਖਾਂ ਉਸ ਆਕਾਰ ਨੂੰ ਨੀਚੇ ਆਉਂਦੇ ਨੂੰ ਨਿਹਾਰਦੀਆਂ ਰਹੀਆਂ। ਕਈ ਪ੍ਰਸੰਨ ਉਸ ਦੇ ਮਨ ਵਿਚ ਤੇਜੀ ਨਾਲ ਦੌੜ ਰਹੇ ਸੀ ਕਿ ਉਹ ਕੌਣ ਹੈ, ਕੀ ਚੀਜ਼ ਹੈ? ਜਦੋਂ ਉਹ ਬੜੇ ਵਧੀਆ ਢੰਗ ਨਾਲ ਜ਼ਮੀਨ ‘ਤੇ ਉਤਰਿਆ ਤਾਂ ਰਾਣੀ ਨੇ ਮਹਿਸੂਸ ਕੀਤਾ ਉਸ ਆਕਾਰ ਦੀਆਂ ਲੱਤਾਂ ਨਹੀਂ ਸੀ, ਹੱਥਾਂ ਦੇ ਵੀ ਕੰਕਾਲ ਹੀ ਸਨ। ਰਾਣੀ ਉਸ ਨਾਲ ਅਚਾਨਕ ਮੁਲਾਕਾਤ ਤੋਂ ਹੈਰਾਨ ਹੋ ਗਈ, ਉਸ ਨੇ ਆਪਣੀਆਂ ਸੋਚਾਂ ਦੀ ਲੜੀ ਨੂੰ ਰੋਕਿਆ, ਜਿਵੇ ਉਹ ਮਕੜੀ ਦੇ ਜਾਲ ਦੀ ਤਰਾਂ ਆਪਣੀਆਂ ਸੋਚਾਂ ਦਾ ਕੋਈ ਜਾਲ ਬੁਣ ਰਹੀ ਹੋਵੇ ਅਤੇ ਜਿਥੇ ਖੜੀ ਸੀ, ਉਥੇ ਹੀ ਖੜੀ ਰਹੀ।

“ਮੇਰੀ ਧਰਤੀ ਤੇ ਕਿਸ ਨੇ ਆਉਣ ਦੀ ਹਿੰਮਤ ਕੀਤੀ ਹੈ?” ਮੌਤ ਨੇ ਬਹੁਤ ਹੈਰਾਨੀ ਨਾਲ ਕਿਹਾ। ਰਾਣੀ ਨੇ ਜੁਆਬ ਦਿੱਤਾ, “ਮੈਂ, ਉਮੀਦ ਹਾਂ।” ਰਾਣੀ ਨੇ ਤਿੱਖੀ ਅਤੇ ਉੱਚੀ ਆਵਾਜ਼ ‘ਚ ਫੇਰ ਕਿਹਾ, “ਮੈਂ ਨਜ਼ਦੀਕ ਦੇ ਮੈਦਾਨ ਵਿਚ ਘੁੰਮ ਰਹੀ ਸੀ। ਇਸ ਜਗ੍ਹਾ ‘ਤੇ ਮੇਰੀ ਨਜ਼ਰ ਪਈ ਅਤੇ ਮੈਂ ਆ ਗਈ।”

ਉਸ ਆਕਾਰ ਨੇ ਕਿਹਾ, “ਇਹ ਥਾਂ ਤੇਰੇ ਜਿਹੇ ਨਾਜ਼ੁਕ ਲੋਕਾਂ ਦੇ ਘੁੰਮਣ ਲਈ ਨਹੀਂ। ਤੂੰ ਇਸੇ ਸਮੇਂ ਇਥੋਂ ਚਲੀ ਜਾ।”

ਰਾਣੀ ਦੀ ਉਤਸੁਕਤਾ ਹੋਰ ਵੱਧ ਗਈ। ਉਹ ਇਹ ਪੁੱਛਣ ਤੋਂ ਰਹਿ ਨਾ ਸਕੀ, “ਪਰ ਕਿਉਂ? ਇਸ ਥਾਂ ਦਾ ਮਕਸਦ ਕੀ ਹੈ?”

ਮੌਤ ਦਾ ਗੱਲ ਕਰਨ ਦਾ ਢੰਗ ਕੁਝ ਨਰਮ ਪਿਆ ਅਤੇ ਕਿਹਾ, “ਇਹ ਉਹ ਥਾਂ ਹੈ ਜਿਥੇ ਰੂਹਾਂ ਪੱਕੇ ਤੌਰ ਤੇ ਅਰਾਮ ਕਰਦੀਆਂ ਹਨ। ਇਹ ਜਿਉਂਦੇ ਹੋਇਆਂ ਦੇ ਘੁੰਮਣ ਦੀ ਜਗ੍ਹਾ ਨਹੀਂ।”

ਰਾਣੀ ਦਾ ਦਿਲ ਤੇਜੀ ਨਾਲ ਧੜਕ ਰਿਹਾ ਸੀ, ਉਹ ਮੌਤ ਦੇ ਸ਼ਬਦਾਂ ਦੀ ਗੰਭੀਰਤਾ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ। ਰਾਣੀ, ਮੌਤ ਦੀ ਚੇਤਾਵਨੀ ਤੋਂ ਬੇਪਰਵਾਹ ਹੀ ਰਹੀ ਅਤੇ ਚੁਣੌਤੀ ਭਰੇ ਢੰਗ ਨਾਲ ਜੁਆਬ ਦਿੱਤਾ, “ਮੈਂ ਕੁਝ ਸਮਝਣ ਅਤੇ ਕੁਝ ਗੱਲਾਂ ਦਾ ਜਵਾਬ ਲੈਣ ਆਈ ਹਾਂ। ਮੈਨੂੰ ਇਥੋਂ ਐਨੀ ਅਸਾਨੀ ਨਾਲ ਵਾਪਿਸ ਨਹੀਂ ਭੇਜਿਆ ਜਾ ਸਕਦਾ।” ਉਸਦੇ ਪੱਕੇ ਇਰਾਦੇ ਦਾ ਪਤਾ, ਉਸਦੇ ਗੱਲ ਕਰਨ ਦੇ ਢੰਗ ਤੋਂ ਹੀ ਲੱਗਦਾ ਸੀ। ਉਸਨੇ ਆਪਣੀ ਗੱਲ ਜਾਰੀ ਰੱਖੀ, “ ਅਤੇ ਮੈਂ ਇਥੋਂ ਦੇ ਗੁੱਝੇ ਭੇਦ ਹੀ ਜਾਣਨ ਆਈ ਹਾਂ।”

ਮੌਤ ਨੇ ਕੁਝ ਉਦਾਸ ਹੋ ਕੇ ਜਵਾਬ ਦਿੱਤਾ, “ਮੈਂ ਤੈਨੂੰ ਇਥੋਂ ਜਾਣ ਲਈ ਹੀ ਕਹਿ ਰਿਹਾ ਹਾਂ, ਹੋਰ ਕੁਝ ਨਹੀਂ।”

ਰਾਣੀ ਨੇ ਦੇਖਿਆ ਕਿ ਸੂਰਜ ਢਲ ਰਿਹਾ ਹੈ ਅਤੇ ਸੋਚਿਆ ਕਿ ਰਾਜਾ ਸ਼ਾਇਦ ਠੀਕ ਹੀ ਹੋਵੇ। ਉਹ ਹੌਂਸਲਾ ਕਰਕੇ ਕਹਿਣ ਲੱਗੀ, “ਮੈਂ ਅੱਜ ਤਾਂ ਜਾ ਰਹੀ ਹਾਂ, ਪਰ ਕੱਲ ਹੀ ਫੇਰ ਤੈਨੂੰ ਮਿਲਣ ਆਵਾਂਗੀ।”

ਰਾਣੀ ਦੇ ਜਾਣ ਤੋਂ ਬਾਅਦ ਮੌਤ ਦਾ ਰਾਜਾ ਉਸਦੀ ਸੁੰਦਰਤਾ ਅਤੇ ਉਸ ਦੇ ਚਿਹਰੇ ਦੀ ਸ਼ਾਂਤੀ ਤੋਂ ਹੈਰਾਨ ਰਹਿ ਗਿਆ। ਉਹ ਸੋਚਣ ਲੱਗਾ ਕਿ ਉਸਨੇ ਆਪਣੀ ਜ਼ਿੰਦਗੀ ਵਿਚ ਅਜਿਹੀ ਸੁੰਦਰਤਾ ਪਹਿਲਾਂ ਨਹੀਂ ਦੇਖੀ। ਆਪਣੇ ਦਿਲ ਵਿਚ ਉਹ ਸੋਚ ਰਿਹਾ ਸੀ ਕਿ ‘ਉਮੀਦ’ ਅਗਲੀ ਸਵੇਰ ਮੁੜ ਉਸਨੂੰ ਮਿਲਣ ਆਵੇ।

ਉਮੀਦ, ਰਾਜੇ ਨੂੰ ਮਿਲਣ ਹਰ ਰੋਜ਼ ਹੀ ਆਉਣ ਲੱਗੀ। ਉਹਨਾਂ ਦੋਹਾਂ ਵਿਚ ਇਕ ਖਾਸ ਖਿੱਚ ਪੈਦਾ ਹੋ ਗਈ। ਉਹਨਾਂ ਵਿਚ ਕੋਈ ਭੇਦ ਵੀ ਗੁੱਝਾ ਨਾ ਰਿਹਾ, ਪਰ ਇਕ ਚੀਜ਼ ਦੀ ਅਜੇ ਵੀ ਸਮਝ ਨਹੀਂ ਸੀ ਪਈ ਕਿ ਉਹ ਹਕੀਕਤ ਜੋ ਮੌਤ ਦੇ ਪਰਦੇ ਹੇਠ ਲੁਕੀ ਹੋਈ ਸੀ। ਇਕ ਵਾਰ ਸ਼ਾਮ ਦੇ ਸਮੇਂ ਰਾਣੀ ਨੂੰ ਮਿਲਣ ਆਈ ਤਾਂ ਉਸਦੀ ਟੋਕਰੀ ਗਰਮ ਰੋਟੀਆਂ ਅਤੇ ਘਰ ਦੀਆਂ ਬਣਾਈਆਂ ਮਿੱਠੀਆਂ ਚੀਜ਼ਾਂ ਨਾਲ ਭਰੀ ਹੋਈ ਸੀ। ਰਾਣੀ ਨੇ ਮੌਤ ਨੂੰ ਸਿਖਾਇਆ ਕਿ ਰੂਹਾਂ ਅਤੇ ਕਾਂਵਾਂ ਤੋਂ ਇਲਾਵਾ ਹੋਰ ਚੀਜ਼ਾਂ ਕਿਵੇਂ ਖਾਣੀਆਂ ਚਾਹੀਦੀਆਂ ਹਨ। ਉਹ ਬੁਰਜ ਵਿਚ ਦਾਖਲ ਹੋਈ ਜਿਥੇ ਮੌਤ ਉਸਦਾ ਇੰਤਜ਼ਾਰ ਕਰ ਰਿਹਾ ਸੀ। ਉਹ ਤਾਜ਼ੇ ਸੂਹੇ ਫੁੱਲਾਂ ਦਾ ਬਣਿਆ ਹੋਇਆ ਤਾਜ ਫੜਿਆ ਹੋਇਆ ਸੀ। ਰਾਣੀ ਨੇ ਟੋਕਰੀ ਮੇਜ਼ ‘ਤੇ ਰੱਖੀ ਅਤੇ ਮੌਤ ਵੱਲ ਭੱਜੀ। ਰਾਜੇ ਨੇ ਉਹ ਤਾਜ ਰਾਣੀ ‘ਤੇ ਪਾ ਦਿੱਤਾ ਅਤੇ ਉਹ ਬੱਚਿਆਂ ਦੀ ਤਰਾਂ ਘੁੰਮਣ ਲੱਗੀ।

“ਉਹ ਮੇਰੇ ਪਿਆਰ? ਅਜੇ ਅਚੰਭਾ ਖਤਮ ਨਹੀਂ ਹੋਇਆ.” ਰਾਜੇ ਨੇ ਹੱਸਦੇ ਹੋਏ ਕਿਹਾ, ਜਿਹੜੀ ਹਾਸੀ ਉਸਨੇ ਬਹੁਤ ਦੇਰ ਤੋਂ ਰੋਕੀ ਹੋਈ ਸੀ।

“ਅਜੇ ਹੋਰ ਕੁਝ ਵੀ ਹੈ?” ਉਮੀਦ ਨੇ ਹੈਰਾਨੀ ਨਾਲ ਪੁੱਛਿਆ।

“ਮੈਂ ਇਹ ਛੋਟਾ ਜਿਹਾ ਤੋਹਫ਼ਾ ਆਪਣੀ ਪਿਆਰੀ ਨੂੰ ਦੇ ਰਿਹਾ ਹਾਂ, ਜਿਸ ਨੇ ਮੈਨੂੰ ਜਿਉਣਾ ਹੀ ਨਹੀਂ ਸਿਖਾਇਆ, ਸਗੋਂ ਪਿਆਰ ਕਰਨਾ ਵੀ ਸਿਖਾਇਆ ਹੈ ‘ਉਮੀਦ’, ਜਿਹੜੀ ਉਮੀਦ ਤੂੰ ਮੈਨੂੰ ਦਿੱਤੀ ਹੈ, ਮੈਂ ਉਸਨੂੰ ਪਿਆਰ ਕਰਦਾ ਹਾਂ।” ਰਾਜੇ ਨੇ ਇਕ ਗੋਡੇ ਦੇ ਭਾਰ ਝੁਕਦੇ ਹੋਏ ਕਿਹਾ।

“ਇਕ ਸੱਚਾਈ ਹੈ ਜੋ ਮੈਂ ਤੇਰੇ ਤੋਂ ਲੁਕੋ ਕੇ ਰੱਖੀ। ਇਸ ਤੋਂ ਪਹਿਲਾਂ ਕਿ ਤੂੰ ਮੈਨੂੰ ਹਾਂ ਕਹੇ, ਤੂੰ ਇਕ ਬਾਰ ਮੇਰਾ ਚਿਹਰਾ ਦੇਖ ਲੈ, ਭਾਵੇਂ ਉਸ ਤੋਂ ਬਾਅਦ ਤੂੰ ਭੱਜ ਹੀ ਜਾਵੇਂ। ਮੌਤ ਨੇ ਆਪਣੀ ਚਾਦਰ ਦਾ ਪਰਦਾ ਲਾਹੁਣਾ ਸ਼ੁਰੂ ਕੀਤਾ। ਸ਼ਾਮ ਦੀ ਰੌਸ਼ਨੀ ਨੇ ਉਸਦੇ ਚਿਹਰੇ ਨੂੰ ਚਮਕਾ ਦਿੱਤਾ ।

“ਤੁਸੀਂ ਬਿਲਕੁਲ ਠੀਕ ਹੋ?” ਰਾਣੀ ਨੇ ਉਸ ਕੋਲ ਆ ਕੇ ਉਸਦਾ ਚਿਹਰਾ ਆਪਣੇ ਹੱਥਾਂ ਵਿਚ ਲਿਆ। “ਮੇਰੀ ਹਾਂ ਹੈ?” ਰਾਣੀ ਦੁਬਾਰਾ ਬੋਲੀ।

ਰਾਣੀ ਨੇ ਆਪਣੀ ਪੰਨੇ ਦੀ ਮੁੰਦੀ ਆਪਣੀ ਛੋਟੀ ਉਂਗਲ ਵਿਚ ਪਾਈ ਹੋਈ ਸੀ।

ਉਹਨਾਂ ਦੋਹਾਂ ਨੇ ਇਕ ਦੂਜੇ ਦੇ ਹੱਥ ਫੜੇ ।

ਸਾਫ ਅੰਬਰ ਵੱਲ ਦੇਖਦੇ ਉਹ ਦੋਵੇਂ ਕਹਿਣ ਲੱਗੇ, “ਜਦੋਂ ਤੱਕ ਮੌਤ ਸਾਨੂੰ ਜੁਦਾ ਨਹੀਂ ਕਰਦੀ।”
***
ravindersodhi51@gmail. com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1536
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ