![]() ਪੰਜਾਬੀ ਦਾ ਪ੍ਰਤੀਨਿਧ ਅਤੇ ਚਰਚਿਤ ਗਲਪਕਾਰ ਰਾਮ ਸਰੂਪ ਅਣਖੀ 2013 ਵਿੱਚ 14 ਫਰਵਰੀ ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਸੀ। ਆਖ਼ਰੀ ਸਮੇਂ ਤੱਕ ਵੀ ਉਹ ਸਾਹਿਤ ਰਚਨਾ ਨਾਲ ਜੁੜਿਆ ਰਿਹਾ ਅਤੇ ਮੌਤ ਤੋਂ ਕਰੀਬ ਦੋ ਘੰਟੇ ਪਹਿਲਾਂ ਤੱਕ ਉਹ ਆਪਣਾ ਨਵਾਂ ਨਾਵਲ ਲਿਖਣ ਵਿੱਚ ਮਸ਼ਰੂਫ ਸੀ। 28 ਕਾਂਡਾਂ ਦੇ ਇਸ ਨਾਵਲ ਨੂੰ ਉਸ ਦੀ ਮੌਤ ਪਿੱਛੋਂ ਲੋਕ ਗੀਤ ਪ੍ਰਕਾਸ਼ਨ ਨੇ ਪ੍ਰਕਾਸ਼ਿਤ ਕਰਕੇ ਲੇਖਕ ਪ੍ਰਤੀ ਆਪਣੀ ਸ਼ਰਧਾਂਜਲੀ ਵਿਅਕਤ ਕੀਤੀ ਹੈ। ਬਰਨਾਲੇ ਦੇ ਇਸ ਸ਼੍ਰੋਮਣੀ ਪੰਜਾਬੀ ਸਾਹਿਤਕਾਰ, ਸਾਹਿਤ ਅਕਾਦਮੀ ਪੁਰਸਕਾਰ ਜੇਤੂ ਲੇਖਕ ਦਾ ਜਨਮ ਬਰਨਾਲੇ ਦੇ ਨੇੜੇ ਜੱਦੀ ਪਿੰਡ ਧੌਲਾ ਵਿਖੇ 28 ਅਗਸਤ 1932 ਈ. ਨੂੰ ਹੋਇਆ। ਪਿਤਾ ਸ੍ਰੀ ਇੰਦਰ ਰਾਮ ਅਤੇ ਮਾਤਾ ਸ੍ਰੀਮਤੀ ਸੋਧਾਂ ਦੇ ਘਰ ਜਨਮਿਆ ਸਰੂਪ ਲਾਲ, ਰਾਮ ਸਰੂਪ ਅਣਖੀ ਬਣ ਕੇ ਪੰਜਾਬੀ ਸਾਹਿਤ-ਜਗਤ ਦੀਆਂ ਚਹੁੰ-ਕੂੰਟਾਂ ਨੂੰ ਰੁਸ਼ਨਾਉਂਦਾ ਰਿਹਾ। ਚੌਥੀ ਜਮਾਤ ਤਕ ਉਹ ਆਪਣੇ ਪਿੰਡ ਹੀ ਪਡ਼੍ਹਿਆ, ਜਦਕਿ ਪੰਜਵੀਂ ਵਿਚ ਉਹ ਹਡਿਆਇਆ ਚਲਾ ਗਿਆ ਅਤੇ ਦਸਵੀਂ ਦੀ ਪ੍ਰੀਖਿਆ ਬਰਨਾਲੇ ਤੋਂ ਪਾਸ ਕੀਤੀ। ਨੌਵੀਂ ਵਿੱਚ ਪੜ੍ਹਦਿਆਂ ਹੀ ਉਹਨੇ ਆਪਣੇ ਮਿੱਤਰਾਂ-ਦੋਸਤਾਂ ਨਾਲ ਮਿਲ ਕੇ ‘ਅਣਖੀ’ ਨਾਂ ਦਾ ਇੱਕ ਸਾਹਿਤਕ ਰਸਾਲਾ ਕੱਢਣ ਦੀ ਸਕੀਮ ਬਣਾਈ ਸੀ। ਇਹ ਰਸਾਲਾ ਤਾਂ ਕਦੇ ਵੀ ਨਾ ਛਪ ਸਕਿਆ, ਪਰ ‘ਅਣਖੀ’ ਉਪਨਾਮ ਰਾਮਸਰੂਪ ਦੇ ਨਾਂ ਨਾਲ ਹਮੇਸ਼ਾ ਵਾਸਤੇ ਜੁਡ਼ ਗਿਆ। ਹੁਣ ਉਸ ਨੂੰ ਰਾਮ ਸਰੂਪ ‘ਅਣਖੀ’ ਵਜੋਂ ਪੂਰਾ ਦੇਸ਼ ਹੀ ਨਹੀਂ, ਸਗੋਂ ਵਿਦੇਸ਼ ਵੀ ਜਾਣਦਾ ਹੈ। ਸੱਤਵੀਂ-ਅੱਠਵੀਂ ਵਿੱਚ ਪੜ੍ਹਦਿਆਂ ਹੀ ਉਹਨੇ ‘ਹੀਰ ਵਾਰਿਸ’ ਪੜ੍ਹ ਲਈ ਸੀ। ਦਸਵੀਂ ਪਾਸ ਕਰਨ ਤੱਕ ਉਹਨੇ ਘੱਟੋ-ਘੱਟ ਸੱਤ ਅੱਠ ਵਾਰੀ ਇਹ ਕਿੱਸਾ ਪਡ਼੍ਹਿਆ ਅਤੇ ਸ਼ਾਇਰੀ ਦੀਆਂ ਬਰੀਕੀਆਂ ਤੋਂ ਵਾਕਿਫ਼ ਹੋ ਕੇ ਅੱਠਵੀਂ ਵਿਚ ‘ਬਿਮਲ ਪੱਤਲ’ ਨਾਂ ਦਾ ਅੱਠ ਪੰਨਿਆਂ ਦਾ ਇੱਕ ਪੱਤਲ ਪ੍ਰਕਾਸ਼ਿਤ ਕਰਵਾਇਆ। ਇਸ ਵਿੱਚ ਪੰਜ ਦੋਹਰੇ, ਇੱਕ ਕਬਿੱਤ, ਇੱਕ ਬੈਂਤ ਤੇ ਦੋ ਕੋਰੜਾ ਛੰਦ ਸਨ। ਇਸ ਦੇ ਮੁੱਖ ਪੰਨੇ ਉੱਤੇ ਇਹ ਲਿਖਿਆ ਹੋਇਆ ਸੀ: “ਕ੍ਰਿਤ ਕਵੀ: ਰਾਮ ਸਰੂਪ ਮਾਰਕੰਡਾ, ਬਿਮਲ, ਧੌਲਾ ਨਿਵਾਸੀ।” ਇਉਂ ਉਹਨੇ ਕੁਝ ਸਮਾਂ ਉਹਨੇ ‘ਬਿਮਲ’ ਅਤੇ ‘ਮਾਰਕੰਡਾ’ ਉਪ- ਨਾਵਾਂ ਹੇਠ ਸ਼ਾਇਰੀ ਵੀ ਕੀਤੀ ਸੀ। ਪਰ ਸਥਾਪਤ ਲੇਖਕ ਰਾਮ ਸਰੂਪ ਅਣਖੀ ਵਜੋਂ ਹੀ ਉੱਭਰਿਆ ਅਤੇ ਫੈਲਿਆ। ਬਹੁਤ ਘੱਟ ਪਾਠਕਾਂ ਨੂੰ ਪਤਾ ਹੋਵੇਗਾ ਕਿ ਸਿਰ ਉਤੇ ਕੇਸ ਰੱਖਣ ਅਤੇ ਪਗੜੀ ਬੰਨ੍ਹਣ ਕਰਕੇ ਉਹ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਮੈਂਬਰ ਵੀ ਰਿਹਾ ਸੀ। ਉਹਦੇ ਇਸ ਫੈਡਰੇਸ਼ਨ ਵਿੱਚ ਸ਼ਾਮਲ ਹੋਣ ਕਰਕੇ ਉਹਦੇ ਮਿੱਤਰ-ਦੋਸਤ ਉਹਨੂੰ ਰਾਮ ਸਰੂਪ ਕਹਿਣ ਦੀ ਥਾਂ ਆਰ. ਐੱਸ. ਕਿਹਾ ਕਰਦੇ ਸਨ। ਮਹਿੰਦਰਾ ਕਾਲਜ ਪਟਿਆਲਾ ਵਿਖੇ ਪੰਜਾਬੀ ਸਾਹਿਤ ਸਭਾ ਵਿੱਚ ਕਵਿਤਾ ਸੁਣਾਉਂਦਿਆਂ ਪ੍ਰਿੰ. ਤੇਜਾ ਸਿੰਘ ਨੂੰ ਵੀ ਉਹਦੇ ਸਿੱਖ ਹੋਣ ਦਾ ਭੁਲੇਖਾ ਲੱਗਿਆ ਸੀ। ਉਹਦੇ ਇਸ ਪਹਿਰਾਵੇ ਕਰਕੇ ਕਈ ਥਾਂਈਂ ਉਸ ਨੂੰ ‘ਸਰਦਾਰ ਜੀ’ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਸੀ। ਉਸ ਦੀ ਆਖ਼ਰੀ ਸ਼ਾਦੀ (ਸ੍ਰੀਮਤੀ ਸ਼ੋਭਾ ਪਾਟਿਲ ਨਾਲ) ਵੀ ਅਜਮੇਰ ਦੇ ਹਾਥੀ ਭਾਟਾ ਗੁਰਦੁਆਰਾ ਵਿਖੇ ਆਨੰਦ ਕਾਰਜ ਵਜੋਂ ਹੋਈ ਸੀ। ਮਹਿੰਦਰਾ ਕਾਲਜ ਪਟਿਆਲਾ ਵਿਖੇ ਦਾਖ਼ਲ ਹੋਣ ਪਿੱਛੋਂ ਉਸ ਦੀ ਸਾਹਿਤਕ ਪ੍ਰਤਿਭਾ ਹੋਰ ਵੀ ਨਿਖਰਨੀ ਸ਼ੁਰੂ ਹੋ ਗਈ। ‘ਲਲਕਾਰ’ ਵਿੱਚ ਉਹਦੀਆਂ ਕਵਿਤਾਵਾਂ ਛਪਣ ਲੱਗੀਆਂ। ਇੱਥੇ ਉਹ ਵਿਸ਼ਵ ਨਾਥ ਤਿਵਾੜੀ, ਪ੍ਰੋ ਗੁਲਵੰਤ ਸਿੰਘ, ਪ੍ਰੋ ਜਨਕ ਸਿੰਘ, ਅਤੇ ਪ੍ਰੋ ਸੁਜਾਨ ਸਿੰਘ ਜਿਹੇ ਸੂਝਵਾਨ ਤੇ ਪ੍ਰਤਿਭਾਵਾਨ ਅਧਿਆਪਕਾਂ ਦੀ ਸੰਗਤ ਵਿਚ ਆ ਗਿਆ। ਪ੍ਰਿੰ. ਤੇਜਾ ਸਿੰਘ, ਦਰਸ਼ਨ ਸਿੰਘ ਅਵਾਰਾ ਅਤੇ ਜਸਵੰਤ ਸਿੰਘ ਵੰਤਾ ਨੇ ਉਹਦੇ ਕਾਵਿ-ਮਨ ਨੂੰ ਹੋਰ ਥਾਪਡ਼ਾ ਦਿੱਤਾ। ਪਟਿਆਲੇ ਦੇ ਇੱਕ ਇਨਾਮੀ ਕਵੀ-ਦਰਬਾਰ ਵਿੱਚ ਉਹਨੇ ਪਹਿਲਾ ਇਨਾਮ ਜਿੱਤਿਆ ਅਤੇ ਪਟਿਆਲੇ ਦੀ ਮਹਾਰਾਣੀ ਮਹਿੰਦਰ ਕੌਰ ਨੇ ਆਪਣੇ ਹੱਥੀਂ ਉਹਨੂੰ ਇਨਾਮੀ ਕੱਪ ਅਤੇ ਸਰਟੀਫਿਕੇਟ ਪ੍ਰਦਾਨ ਕੀਤਾ। ‘ਤ੍ਰਿਕਾਲਾਂ’ ਅਤੇ ‘ਸਵੇਰਾ’ ਨਾਂ ਦੇ ਦੋ ਕਾਵਿ-ਪੈਂਫਲਿਟ ਪਟਿਆਲੇ ਰਹਿੰਦਿਆਂ ਹੀ ਛਪੇ। ਪ੍ਰੋ ਮੋਹਨ ਸਿੰਘ ਨੇ ਉਸ ਅੰਦਰਲੀ ਕਹਾਣੀ-ਪ੍ਰਤਿਭਾ ਨੂੰ ਪਛਾਣ ਕੇ ਉਹਨੂੰ ਕਹਾਣੀਆਂ ਲਿਖਣ ਲਈ ਪ੍ਰੇਰਿਤ ਕੀਤਾ ਤੇ ਇਉਂ ਅਣਖੀ ਦੀਆਂ ਕਹਾਣੀਆਂ ‘ਪੰਜ ਦਰਿਆ’ ਵਿੱਚ ਪ੍ਰਕਾਸ਼ਿਤ ਹੋਣ ਲੱਗੀਆਂ। 1972 ਵਿੱਚ ਉਹਨੇ ਕਾਲਜ ਵਿਚ ਲੈਕਚਰਾਰ ਲੱਗਣ ਲਈ ਪੀਐੱਚਡੀ ਕਰਨ ਬਾਰੇ ਪੱਕਾ ਵਿਚਾਰ ਬਣਾ ਲਿਆ ਅਤੇ ਵਿਸ਼ਾ ਚੁਣਿਆ: ‘1947 ਤੋਂ 1972 ਤੱਕ ਪੰਜਾਬੀ ਕਹਾਣੀ ਵਿਚ ਪੇਂਡੂ ਜੀਵਨ ਚਿਤਰਣ।’ ਪਰ ਆਪਣੀ ਦੂਜੀ ਪਤਨੀ (ਭਾਗਵੰਤੀ) ਦੀ ਨਾਮੁਰਾਦ ਬੀਮਾਰੀ ਕਰਕੇ ਅਣਖੀ ਦੀ ਇਹ ਇੱਛਾ ਪੂਰੀ ਨਾ ਹੋ ਸਕੀ ਅਤੇ ਸਕੂਲ -ਮਾਸਟਰੀ ਵਿੱਚ ਹੀ ਉਹ ਨੂੰ ਸਬਰ ਕਰਨਾ ਪਿਆ। ਦੋ ਪਤਨੀਆਂ (ਸੋਮਾ ਅਤੇ ਭਾਗਵੰਤੀ) ਦੀ (ਕ੍ਰਮਵਾਰ 1952 ਅਤੇ 1976 ਵਿੱਚ) ਮੌਤ ਹੋਣ ਪਿੱਛੋਂ ਉਸ ਨੇ 1977 ਵਿਚ ਆਪਣੀ ਇਕ ਮਰਾਠੀ ਪਾਠਕ ਸ਼ੋਭਾ ਪਾਟਿਲ ਨਾਲ਼ ਅਜਮੇਰ ਵਿਖੇ ਸ਼ਾਦੀ ਕਰ ਲਈ ਅਤੇ ਧੌਲੇ ਤੋਂ ਬਰਨਾਲੇ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ। ਉਸ ਦੇ ਮਾਤਾ-ਪਿਤਾ ਕ੍ਰਮਵਾਰ 1971 ਅਤੇ 1977 ਵਿੱਚ ਉਸ ਨੂੰ ਵਿਛੋੜਾ ਦੇ ਗਏ ਸਨ। 1977 ਵਿੱਚ ਅਣਖੀ ਨੇ ਬਰਨਾਲੇ ਦੇ ਕੁੱਝ ਮਿੱਤਰ-ਦੋਸਤਾਂ ਨਾਲ ਮਿਲ ਕੇ ਸਾਹਿਤ ਸਭਾ ਬਣਾਈ ਅਤੇ ‘ਦਰਸ਼ਨ’ ਨਾਂ ਦਾ ਮਾਸਿਕ ਪੱਤਰ ਸ਼ੁਰੂ ਕੀਤਾ। 1957 ਵਿਚ ਉਸਦੀ ਪਹਿਲੀ ਕਾਵਿ-ਪੁਸਤਕ (70 ਪੰਨਿਆਂ ਦੀ) ‘ਮਟਕ ਚਾਨਣਾ’ ਪ੍ਰਕਾਸ਼ਿਤ ਹੋਈ, ਜਿਸ ਦੀ ਭੂਮਿਕਾ ਪ੍ਰੋ ਪ੍ਰੇਮ ਪ੍ਰਕਾਸ਼ ਸਿੰਘ ਨੇ ਲਿਖੀ ਸੀ। 1966 ਵਿਚ ਉਹਦਾ ਪਹਿਲਾ ਕਹਾਣੀ-ਸੰਗ੍ਰਹਿ ‘ਸੁੱਤਾ ਨਾਗ’ ਛਪਿਆ, ਜਿਸ ਦੀ ਪ੍ਰਸੰਸਾ ਵਜੋਂ ਉਸ ਨੂੰ ਅੰਮ੍ਰਿਤਾ ਪ੍ਰੀਤਮ, ਕਰਤਾਰ ਸਿੰਘ ਦੁੱਗਲ, ਸੰਤੋਖ ਸਿੰਘ ਧੀਰ, ਸੁਖਬੀਰ, ਜਸਵੰਤ ਸਿੰਘ ਕੰਵਲ, ਮਹਿੰਦਰ ਸਿੰਘ ਜੋਸ਼ੀ ਅਤੇ ਸ੍ਰੀਮਤੀ ਵਿਜੈ ਚੌਹਾਨ ਆਦਿ ਦੇ ਸੰਦੇਸ਼ ਪ੍ਰਾਪਤ ਹੋਏ ਸਨ। 1970 ਵਿੱਚ ਉਸ ਦਾ ਪਹਿਲਾ ਨਾਵਲ ‘ਪਰਦਾ ਤੇ ਰੌਸ਼ਨੀ’ ਛਪਿਆ। ![]() 31 ਅਗਸਤ 1990 ਨੂੰ ਉਹ ਕਰੀਬ ਛੱਬੀ ਸਾਲ ਦੀ ਸਰਕਾਰੀ ਅਧਿਆਪਕ ਦੀ ਨੌਕਰੀ ਤੋਂ ਸੇਵਾਮੁਕਤ ਹੋ ਗਿਆ, ਪਰ ਸਾਹਿਤ ਨਾਲ ਨਿਰੰਤਰ ਜੁੜੇ ਰਹਿਣ ਦੇ ਮੰਤਵ ਵਜੋਂ ਉਸ ਨੇ 1993 ਦੀ ਆਖ਼ਰੀ ਤਿਮਾਹੀ ਤੋਂ ‘ਕਹਾਣੀ ਪੰਜਾਬ’ ਨਾਂ ਦਾ ਤ੍ਰੈ- ਮਾਸਿਕ ਪਰਚਾ ਸ਼ੁਰੂ ਕਰ ਲਿਆ। ਇੱਕ ਵਾਰ ਅਣਖੀ ਨੇ ਇਸਦੀ ਸੰਪਾਦਕੀ ਵਿੱਚ ਵਿਅੰਗ ਵਜੋਂ ਇਹ ਵੀ ਲਿਖਿਆ ਸੀ: “ਕਹਾਣੀ ਪੰਜਾਬ ਬੰਦ ਹੋਣ ਲਈ ਛਪਦਾ ਹੈ…”ਪਰ ਇਹ ਪਰਚਾ ਹਰ ਤਿਮਾਹੀ ਦੇ ਪਹਿਲੇ ਮਹੀਨੇ ਨਿਰਵਿਘਨ (ਉਸਦੇ ਤੁਰ ਜਾਣ ਪਿੱਛੋਂ ਵੀ) ਛਪ ਰਿਹਾ ਹੈ, ਜਿਸ ਦੇ ਸੰਪਾਦਨ ਦੀ ਜ਼ਿੰਮੇਵਾਰੀ ਉਸ ਦੇ ਸਾਹਿਤਕ/ ਅਧਿਆਪਕ ਸਪੁੱਤਰ ਡਾ ਕ੍ਰਾਂਤੀਪਾਲ ਦੇ ਸਿਰ ਹੈ। ਇਸ ਦਾ ਸੌਵਾਂ ਅੰਕ 2018 ਵਿਚ ਪ੍ਰਕਾਸ਼ਿਤ ਹੋ ਚੁੱਕਾ ਹੈ। ਉਸ ਨੇ ਸਕੂਲਾਂ ਵਿਚ ਸਾਰੀ ਉਮਰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਪੜ੍ਹਾਈ, ਪਰ ਸਾਹਿਤ- ਸੇਵਾ ਪੰਜਾਬੀ ਦੀ ਹੀ ਕੀਤੀ। ਸਾਹਿਤ ਦੇ ਖੇਤਰ ਵਿੱਚ ਉਸ ਦੀਆਂ ਪੁਸਤਕਾਂ ਦੀ ਲੰਮੀ-ਚੌੜੀ ਫਹਿਰਿਸਤ ਹੈ, ਜਿਨ੍ਹਾਂ ਵਿਚ 16 ਨਾਵਲ (ਸੁਲਗਦੀ ਰਾਤ, ਕੱਖਾਂ ਕਾਨਿਆਂ ਦੇ ਪੁਲ, ਜ਼ਖ਼ਮੀ ਅਤੀਤ, ਕੋਠੇ ਖੜਕ ਸਿੰਘ, ਢਿੱਡ ਦੀ ਆਂਦਰ, ਜਿਨਿ ਸਿਰਿ ਸੋਹਨਿ ਪਟੀਆਂ, ਪਰਤਾਪੀ, ਦੁੱਲੇ ਦੀ ਢਾਬ, ਜ਼ਮੀਨਾਂ ਵਾਲੇ, ਬਸ ਹੋਰ ਨਹੀਂ, ਗੇਲੋ, ਬਾਰਾਂ ਤਾਲੀ, ਕਣਕਾਂ ਦਾ ਕਤਲਾਮ, ਭੀਮਾ ਆਦਿ), 350 ਕਹਾਣੀਆਂ ਦੇ 14 ਕਹਾਣੀ ਸੰਗ੍ਰਹਿ (ਕੈਦਣ, ਕਿੱਲੇ ਨਾਲ ਬੰਨ੍ਹਿਆ ਆਦਮੀ, ਸੁਗੰਧਾਂ ਜਿਹੇ ਲੋਕ, ਸਫ਼ੈਦ ਰਾਤ ਦਾ ਜ਼ਖਮ, ਤੂੰ ਵੀ ਮੁੜ ਆ ਸਦੀਕ, ਰੇਸ਼ਮ ਦੀਆਂ ਗੰਢਾਂ, ਕਾਮਰੇਡ ਮਨਸ਼ਾਰਾਮ, ਚਿੱਟੀ ਕਬੂਤਰੀ ਆਦਿ), 2 ਸਵੈ ਜੀਵਨੀ ਪੁਸਤਕਾਂ (ਮਲ੍ਹੇ ਝਾੜੀਆਂ, ਆਪਣੀ ਮਿੱਟੀ ਦੇ ਰੁੱਖ), ਸ਼ਬਦ ਚਿੱਤਰ (ਮੋਏ ਮਿੱਤਰਾਂ ਦੀ ਸ਼ਨਾਖ਼ਤ) ਅਤੇ ਇੱਕ ਖੋਜ- ਪੁਸਤਕ (ਦੇਸ਼ ਮਾਲਵਾ) ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਛੇ ਕਾਵਿ ਪੁਸਤਕਾਂ, ਤਿੰਨ ਲੇਖ ਸੰਗ੍ਰਹਿ, ਇਕ ਦਰਜਨ ਦੇ ਕਰੀਬ ਸੰਪਾਦਿਤ ਕਥਾ-ਪੁਸਤਕਾਂ, ਲੇਖਕਾਂ ਦੀਆਂ ਪਤਨੀਆਂ ਨਾਲ ਕੀਤੀਆਂ ਮੁਲਾਕਾਤਾਂ ਦੇ ਤਿੰਨ ਸੰਗ੍ਰਹਿ ਵੀ ਉਸ ਦੇ ਸਾਹਿਤ ਪ੍ਰਤੀ ਯੋਗਦਾਨ ਵਿੱਚ ਸ਼ਾਮਿਲ ਹਨ। ਅਣਖੀ ਦੇ ਨਾਵਲ ‘ਕੋਠੇ ਖੜਕ ਸਿੰਘ’ ਲਈ ਉਸ ਨੂੰ 1987 ਦਾ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ। ਇੱਕ ਸਕੂਲ-ਅਧਿਆਪਕ ਵੱਲੋਂ ਇਹ ਇਨਾਮ ਜਿੱਤਣਾ ਫ਼ਖ਼ਰਯੋਗ ਗੱਲ ਸੀ। ਪਹਿਲਾਂ ਇਹ ਨਾਵਲ ਦੋ ਜਿਲਦਾਂ ਵਿਚ ਛਪਿਆ। ਹੁਣ ਇਹ ਭਾਰਤ ਦੀਆਂ ਦਸ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕਾ ਹੈ। ਇਸ ਨਾਵਲ ਦੇ ਪ੍ਰਕਾਸ਼ਨ ਦੀ ਇੱਕ ਲੰਮੀ ਤੇ ਦਿਲਚਸਪ ਗਾਥਾ ਹੈ। ਅਲਫਾ ਟੀ ਵੀ ਪੰਜਾਬੀ ਨੇ ਉਸਦੇ ਇੱਕ ਹੋਰ ਨਾਵਲ ‘ਪਰਤਾਪੀ’ ਨੂੰ 70 ਕਿਸ਼ਤਾਂ ਵਿੱਚ ਲੜੀਵਾਰ ਬਣਾ ਕੇ ਤਿੰਨ ਵਾਰ ਪ੍ਰਸਾਰਿਤ ਕੀਤਾ ਸੀ। 1970 ਵਿੱਚ ਹਿੰਦੀ ਦੀ ਇੱਕ ਪ੍ਰਮੁੱਖ ਕਥਾ-ਪੱਤ੍ਰਿਕਾ ‘ਸਾਰਿਕਾ’ ਨੇ ਉਹਦੀਆਂ ਕੁਝ ਕਹਾਣੀਆਂ ਦੇ ਅਨੁਵਾਦ ਛਾਪੇ,ਤਾਂ ਉਸਨੂੰ ਭਾਰਤੀ ਲੇਖਕਾਂ ਵਿੱਚ ਇੱਕ ਵਿਸ਼ੇਸ਼ ਪਹਿਚਾਣ ਮਿਲ ਗਈ। ਅਣਖੀ ਨੇ ਖ਼ੁਦ ਆਪਣੀਆਂ ਅਤੇ ਹੋਰਨਾਂ ਲੇਖਕਾਂ ਦੀਆਂ ਅਨੇਕਾਂ ਰਚਨਾਵਾਂ ਦੇ ਹਿੰਦੀ ਅਤੇ ਪੰਜਾਬੀ ਵਿੱਚ ਅਨੁਵਾਦ ਛਾਪੇ ਅਤੇ ਅਨੁਵਾਦ ਨੂੰ ਕਦੇ ਵੀ ਦੁਜੈਲਾ ਜਾਂ ਘਟੀਆ ਦਰਜੇ ਦਾ ਕੰਮ ਨਹੀਂ ਮੰਨਿਆ। ਉਸ ਨੇ ਮੌਲਿਕ ਅਤੇ ਅਨੁਵਾਦ ਨਾਲ ਜੁੜੇ ਹਰ ਨਵੇਂ-ਪੁਰਾਣੇ ਲੇਖਕ ਨੂੰ ਸਦਾ ਹੀ ਉਤਸ਼ਾਹਿਤ ਕੀਤਾ। ‘ਕਹਾਣੀ ਪੰਜਾਬ’ ਦੇ ਤੀਜੇ ਹੀ ਅੰਕ (ਮਈ 1994) ਵਿੱਚ ਉਸ ਨੇ ਮੇਰੇ ਵੱਲੋਂ ਅਨੁਵਾਦਿਤ ਹਿੰਦੀ ਕਹਾਣੀ ਦਾ ਪੰਜਾਬੀ ਅਨੁਵਾਦ ‘ਨਵਾਂ ਹਿਸਾਬ’ ਪ੍ਰਕਾਸ਼ਿਤ ਕੀਤਾ, ਤਾਂ ਮੇਰੀ ਅਣਖੀ ਨਾਲ ਸਾਹਿਤਕ ਸਾਂਝ ਹੋਰ ਵੀ ਪੁਖ਼ਤਾ ਹੋ ਗਈ। ਫਿਰ ਉਹ ਲਗਾਤਾਰ ਮੈਥੋਂ ਹਿੰਦੀ ਲੇਖਕਾਂ ਦੀਆਂ ਰਚਨਾਵਾਂ ਦੇ ਪੰਜਾਬੀ ਅਨੁਵਾਦ ਕਰਵਾ ਕੇ ‘ਕਹਾਣੀ ਪੰਜਾਬ’ ਵਿਚ ਛਾਪਦਾ ਰਿਹਾ। ਇਸ ਪੱਤ੍ਰਿਕਾ ਦੇ 49ਵੇਂ ਅੰਕ ਵਿੱਚ ਅਣਖੀ ਨੇ ਮੈਥੋਂ ਇਕੱਠੀਆਂ ਚਾਰ ਕਹਾਣੀਆਂ ਅਨੁਵਾਦ ਕਰਵਾ ਕੇ ਛਾਪੀਆਂ ਅਤੇ ਅੱਧੇ ਪੰਨੇ ਉੱਤੇ ਫੋਟੋ-ਸਹਿਤ ਮੇਰੇ ਅਨੁਵਾਦ-ਕਾਰਜ ਦੀ ਭਰਵੀਂ ਪ੍ਰਸ਼ੰਸਾ ਕੀਤੀ। ਫਿਰ 63-64 ਅੰਕ ਵਿਚ ਹਿੰਦੀ ਦਾ ਇੱਕ ਨਵੀਂ ਕਥਾ-ਸ਼ੈਲੀ ਵਾਲਾ ਪੂਰੇ ਦਾ ਪੂਰਾ ਨਾਵਲ ‘ਰਾਵੀ ਲਿਖਦਾ ਹੈ’ ਅਨੁਵਾਦ ਕਰਵਾ ਕੇ ਛਾਪਿਆ। ਪਿੱਛੋਂ ਇਸੇ ਨਾਵਲ ਨੂੰ ਆਪਣੀ ਮੌਤ ਤੋਂ ਇੱਕ ਮਹੀਨਾ ਪਹਿਲਾਂ (ਜਨਵਰੀ 2010 ਵਿੱਚ) ਲੁਧਿਆਣਾ ਦੇ ਇੱਕ ਚੰਗੇ ਪ੍ਰਕਾਸ਼ਕ ਤੋਂ ਪੁਸਤਕ ਰੂਪ ਵਿੱਚ ਛਪਵਾ ਕੇ ਸਦਾ ਲਈ ਮੈਨੂੰ ਕ੍ਰਿਤੱਗ ਬਣਾ ਦਿੱਤਾ। ਅਣਖੀ ਦੀ ਯਾਦਸ਼ਕਤੀ ਕਮਾਲ ਦੀ ਸੀ। ਨਾਂਵਾਂ, ਥਾਂਵਾਂ, ਮਿੱਤਰਾਂ, ਦੋਸਤਾਂ, ਪਿੰਡਾਂ, ਸੱਥਾਂ ਆਦਿ ਬਾਰੇ ਉਸ ਦਾ ਬਿਆਨ ਦਿਲਚਸਪੀ ਤੋਂ ਕੋਰਾ ਨਹੀਂ ਹੁੰਦਾ। ਆਪਣੇ ਪਾਤਰਾਂ ਨੂੰ ਉਹਨੇ ਇਉਂ ਚਿਤਰਿਆ, ਜਿਵੇਂ ਖੁਦ ਉਨ੍ਹਾਂ ਨਾਲ ਬਹਿੰਦਾ, ਉੱਠਦਾ, ਖਾਂਦਾ, ਪੀਂਦਾ ਤੇ ਵਿਚਰਦਾ ਰਿਹਾ ਹੋਵੇ। ਉਹਦੀ ਕੋਈ ਵੀ ਰਚਨਾ (ਨਾਵਲ, ਕਹਾਣੀ ਜਾਂ ਸਵੈਜੀਵਨੀ ਆਦਿ) ਪੜ੍ਹਨ ਬੈਠੋ ਤਾਂ ਤੁਸੀਂ ਖ਼ਤਮ ਕੀਤੇ ਬਿਨਾਂ ਅੱਧ-ਵਿਚਾਲਿਓਂ ਨਹੀਂ ਉੱਠ ਸਕਦੇ। ਉਹ ਸਾਨੂੰ ਆਪਣੀ ਉਂਗਲ ਫੜਾ ਕੇ ਪਿੰਡੋਂ-ਪਿੰਡ, ਗਲੀਓ-ਗਲੀ ਘੁਮਾਉਂਦਾ ਫਿਰਦਾ ਰਿਹਾ। ਵੱਖ-ਵੱਖ ਅਖ਼ਬਾਰਾਂ ਲਈ ਲਿਖੇ ਉਸਦੇ ਫੀਚਰਾਂ ‘ਮੈਂ ਤਾਂ ਬੋਲਾਂਗੀ’, ‘ਹੱਡੀਂ ਬੈਠੇ ਪਿੰਡ’ ਆਦਿ ਨੂੰ ਉਸ ਦੇ ਸਰੋਤੇ ਉਤਸੁਕਤਾ ਨਾਲ ਉਡੀਕਦੇ ਰਹਿੰਦੇ ਸਨ। ਕਿਸੇ ਵੇਲੇ ਉਸ ਨੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਸਲਾਹ ਨਾਲ ਵਧੀਆ ਕਿਸਾਨ ਬਣਨ ਦਾ ਸੁਪਨਾ ਲਿਆ ਸੀ; ਕਦੀ ਉਸ ਨੂੰ ਕਲਰਕ ਦਾ ਅਹੁਦਾ ਹੀ ਬਹੁਤ ਵੱਡਾ ਲੱਗਦਾ ਸੀ; ਫਿਰ ਉਹ ਡਾਕਟਰ ਨਾ ਬਣ ਸਕਣ ਕਰਕੇ ਪਛਤਾਉਂਦਾ ਰਿਹਾ, ਪਰ ਆਖ਼ਰਕਾਰ ਸਕੂਲ-ਅਧਿਆਪਕ ਲੱਗ ਕੇ ਉਹਨੇ ਦੇਸ਼ ਦੇ ਭਵਿੱਖ ਨੂੰ ਵੀ ਸੰਵਾਰਿਆ ਅਤੇ ਸਾਹਿਤ ਦੀ ਵੀ ਤਨਦੇਹੀ ਨਾਲ ਸੇਵਾ ਕੀਤੀ। ਆਪਣੀ ਸਵੈਜੀਵਨੀ ਵਿੱਚ ਉਹਨੇ ਲਿਖਿਆ ਹੈ ਕਿ ਬਾਰਾਂ ਜਮਾਤਾਂ ਤੱਕ ਉਹਨੂੰ ਪਿਤਾ ਨੇ ਪੜ੍ਹਾਇਆ, ਜਦਕਿ ਐਮ ਏ, ਬੀ ਟੀ ਉਹਨੇ ਖੁਦ ਕੀਤੀ। ਉਹਨੇ ਇਹ ਵੀ ਇੰਕਸ਼ਾਫ ਕੀਤਾ ਕਿ “ਜੇ ਉਸ ਨੂੰ ਪਿਤਾ ਨੇ ਪੜ੍ਹਨ ਨਾ ਲਾਇਆ ਹੁੰਦਾ, ਤਾਂ ਉਹ ਵੀ ਖੇਤੀ ਦੇ ਕੰਮਾਂ ਵਿੱਚ ਪਿਉ ਵਾਂਗ ਨਰਕ ਭੋਗਦਾ, ਬਲਦਾਂ ਦੇ ਪੁੜੇ ਕੁੱਟਦਾ, ਬੈਂਕਾਂ ਦਾ ਕਰਜ਼ਾਈ ਹੁੰਦਾ ਤੇ ਹੋ ਸਕਦਾ ਹੈ ਕਦੋਂ ਦਾ ਸਲਫਾਸ ਖਾ ਕੇ ਮਰ-ਮੁੱਕ ਗਿਆ ਹੁੰਦਾ।” ਪਰ ਉਹਨੇ ਆਪਣੀਆਂ ਲਿਖਤਾਂ ਰਾਹੀਂ ਦੇਸ਼ ਦੀ ਸੰਸਕ੍ਰਿਤੀ ਨੂੰ ਰੇਖਾਂਕਿਤ ਕਰ ਕੇ ਰਾਸ਼ਟਰੀ ਗੌਰਵ ਹਾਸਲ ਕਰਨਾ ਸੀ, ਇਸ ਲਈ ਉਹ ਆਪਣੇ ਗਲਪ ਅਤੇ ਹੋਰ ਪੁਸਤਕਾਂ ਰਾਹੀਂ ਅੱਜ ਵੀ ਸਾਡੇ ਅੰਗਸੰਗ ਹੈ ਅਤੇ ਹਮੇਸ਼ਾ ਰਹੇਗਾ। ਅਣਖੀ ਸਾਰੀ ਜ਼ਿੰਦਗੀ ਧਰਮ ਦੀ ਸੰਕੀਰਣਤਾ ਅਤੇ ਜ਼ਾਤ- ਪਾਤ ਦੀ ਤੰਗਦਿਲੀ ਤੋਂ ਕੋਹਾਂ ਦੂਰ ਰਿਹਾ। ਉਸ ਦੀ ਵਸੀਅਤ ਵਿਚ ਦਰਜ ਹੈ: “ਸਾਰੀ ਜ਼ਿੰਦਗੀ ਕਿਸੇ ਪਰਾਸਰੀਰਕ ਸ਼ਕਤੀ ਵਿੱਚ ਮੇਰਾ ਕਦੇ ਕੋਈ ਵਿਸ਼ਵਾਸ ਨਹੀਂ ਰਿਹਾ… ਮੈਂ ਧਾਰਮਕ ਨਹੀਂ ਹਾਂ, ਮੇਰੀ ਮੌਤ ਤੋਂ ਬਾਅਦ ਕੋਈ ਧਾਰਮਕ ਰਸਮ ਨਾ ਕੀਤੀ ਜਾਵੇ…” ਤੇ ਬਿਲਕੁਲ ਇਵੇਂ ਹੀ ਉਹਦੀ ਮੌਤ ਪਿੱਛੋਂ ਕੋਈ ਧਾਰਮਕ ਸੰਸਕਾਰ ਨਹੀਂ ਕੀਤੇ ਗਏ ਅਤੇ ਉਹਦੇ ਮਿੱਤਰ- ਪਿਆਰਿਆਂ ਨੇ ਮਿਲ ਕੇ ਉਹਦੀਆਂ ਲਿਖਤਾਂ ਅਤੇ ਉਹਦੇ ਜੀਵਨ ਰਾਹੀਂ ਉਹਨੂੰ ਚੇਤੇ ਕੀਤਾ ਸੀ। ਉਹਦੀ ਪਹਿਲੀ ਬਰਸੀ (2011 ਵਿਚ) ਤੇ ਇਕ ਵਾਰ ਫੇਰ ਦੋਸਤਾਂ, ਮਿੱਤਰਾਂ, ਪਾਠਕਾਂ, ਪ੍ਰਸ਼ੰਸਕਾਂ ਅਤੇ ਰਿਸ਼ਤੇਦਾਰਾਂ ਵੱਲੋਂ ਬਰਨਾਲਾ ਦੇ ਸ਼ਕਤੀ ਕਲਾ ਮੰਦਰ ਵਿਚ ਪੰਜਾਬੀ ਦੇ ਇਸ ਮਹਾਨ ਅਦੀਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਮਲਵਈ ਕਥਾ-ਸ਼ੈਲੀ ਨੂੰ ਦੇਸ਼-ਵਿਦੇਸ਼ ਵਿੱਚ ਪ੍ਰਸਾਰਿਤ ਕਰਨ ਵਾਲੇ ਇਸ ਜ਼ਿੰਦਾਦਿਲ ਗਲਪਕਾਰ ਨੂੰ ਸਿਰਫ਼ ਪੰਜਾਬੀ ਹੀ ਨਹੀਂ, ਪੂਰੇ ਭਾਰਤੀ ਸਾਹਿਤ ਵਿੱਚ ਹਮੇਸ਼ਾ ਯਾਦ ਰੱਖਿਆ ਜਾਵੇਗਾ। ਪੰਜਾਬੀ ਦੇ ਬਹੁਤ ਘੱਟ ਲੇਖਕ ਹੋਣਗੇ, ਜਿਨ੍ਹਾਂ ਬਾਰੇ ਗੀਤਾਂ/ ਕਵਿਤਾਵਾਂ ਵਿਚ ਜ਼ਿਕਰ ਮਿਲਦਾ ਹੋਵੇ! ਪੰਜਾਬੀ ਦੇ ਯੁਵਾ ਭਾਰਤੀ ਸਾਹਿਤ ਅਕਾਦਮੀ ਜੇਤੂ ਕਵੀ ਹਰਮਨਜੀਤ ਨੇ ਆਪਣੀ ਇਨਾਮ-ਜੇਤੂ ਪੁਸਤਕ ‘ਰਾਣੀ ਤੱਤ’ ਵਿਚ ਅਣਖੀ ਨੂੰ ਸਤਿਕਾਰਤ ਥਾਂ ਦਿੱਤੀ ਹੈ: “ਬੈਠਕ ਵਿੱਚ ਚਿਣੇ ਪਏ ਨੇ ਅਣਖੀ ਦੇ ਨਾਵਲ ਜੀ…” # 1, ਲਤਾ ਗਰੀਨ ਐਨਕਲੇਵ ਪਟਿਆਲਾ-147002. (9417692015) |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002
ਪੰਜਾਬ, ਭਾਰਤ
ਫੋਨ:+91 9417692015