ਅੱਜ ਬਹੁਤ ਭਾਗਾਂ ਵਾਲਾ ਦਿਨ ਸੀ। ਸ੍ਰ. ਬਲਦੇਵ ਸਿੰਘ ਬੀਕਾਨੇਰ ਸ਼ਹਿਰ ਦਾ ਇਕ ਕਾਰੋਬਾਰੀ, ਸ਼ਹਿਰ ਤੋਂ ੨੨ ਕੁ ਕਿਲੋ ਮੀਟਰ ਦੂਰ ਇਕ ਛੋਟੇ ਜਿਹੇ ਪਿੰਡ ਦੇ ਗੁਰਦਵਾਰੇ ਆਪਣੀ ਪਤਨੀ ਅਤੇ ਜੁਆਨ ਬੇਟੀ ਸੁਰਜੀਤ ਨਾਲ ਮੱਥਾ ਟੇਕ ਕੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਰਿਹਾ ਸੀ ਕਿ ਉਸ ਦੀ ਬੇਟੀ ਸੁਰਜੀਤ ਲਈ ਐਡਾ ਚੰਗਾ ਵਰ ਮਿਲਿਆ ਸੀ ਜੋ ਉਸ ਨੂੰ ਉਮਰ ਭਰ ਸੁਖੀ ਰੱਖੇਗਾ। ਅੱਜ ਉਸ ਦੀ ਬੇਟੀ ਦਾ ਵਿਆਹ ਸੀ। ਰਾਗੀ ਕੀਰਤਨ ਕਰ ਰਹੇ ਸਨ ਪਰ ਬਲਦੇਵ ਸਿੰਘ ਦੇ ਵੀਚਾਰਾਂ ਦੀ ਲੜ੍ਹੀ ਉਸ ਅੰਦਰ ਇਕ ਫਿਲਮ ਦੀ ਤਰ੍ਹਾਂ ਚੱਲ ਰਹੀ ਸੀ। ਵਿਜੈ ਸਿੰਘ ਇਕ ਸੋਹਣਾ ਸੁਨੱਖਾ ਨੌਜੁਆਨ, ਬੇਹੱਦ ਸ਼ਰੀਫ ਅਤੇ ਮਿੱਠੀ ਜੁਬਾਨ ਦਾ ਮਾਲਕ ਸੀ। ਉਹ ਸੰਤ ਰਾਮ ਸਿੰਘ ਦੇ ਡੇਰੇ ਵਿਚ ਮੈਨੇਜ਼ਰ ਲੱਗਾ ਹੋਇਆ ਸੀ। ਬਲਦੇਵ ਸਿੰਘ ਵਿਜੈ ਸਿੰਘ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹੋਏ ਸਨ। ਉਨ੍ਹਾਂ ਦੀ ਆਪਣੀ ਲੜਕੀ ਸੁਰਜੀਤ ਜੁਆਨ ਸੀ। ਇਸ ਲਈ ਉਹ, ਉਸ ਦੀ ਸ਼ਾਦੀ ਵਿਜੈ ਸਿੰਘ ਨਾਲ ਕਰਨਾ ਚਾਹੁੰਦੇ ਸਨ। ਉਨ੍ਹਾਂ ਵਿਜੈ ਸਿੰਘ ਤੋਂ ਹੋਰ ਪੁੱਛ ਪੜਤਾਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੇ ਮਾਤਾ ਪਿਤਾ ਉਸ ਦੇ ਛੋਟੇ ਹੁੰਦਿਆਂ ਹੀ ਮਰ ਗਏ ਸਨ ਅਤੇ ਉਹ ਅਨਾਥ ਆਸ਼ਰਮ ਵਿਚ ਪਲਿਆ ਸੀ। ਉੱਥੇ ਹੀ ਉਸ ਨੇ ਬੀ.ਏ. ਤੱਕ ਪੜਾਈ ਕੀਤੀ ਸੀ। ਉਸ ਨੇ ਇਹ ਵੀ ਭੇਤ ਖੋਲਿ੍ਹਆ ਕਿ ਉਸ ਦਾ ਪਹਿਲਾਂ ਵੀ ਇਕ ਵਿਆਹ ਹੋ ਚੁੱਕਿਆ ਸੀ ਅਤੇ ਇਕ ਬੇਟੀ ਵੀ ਪੈਦਾ ਹੋਈ ਸੀ ਪਰ ਗ਼ਰੀਬੀ ਤੋਂ ਤੰਗ ਆ ਕੇ ਉਸ ਦੀ ਪਤਨੀ ਨੇ ਆਪਣੀ ਦੋ ਸਾਲ ਦੀ ਬੇਟੀ ਨੂੰ ਲੈ ਕੇ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਉਸ ਤੋਂ ਬਾਅਦ ਉਹ ਐਡੀ ਵੱਡੀ ਦੁਨੀਆਂ ਵਿਚ ਇਕੱਲਾ ਹੀ ਰਹਿ ਗਿਆ ਸੀ। ਦੋ ਕੁ ਸਾਲ ਪਹਿਲਾਂ ਸੰਤਾਂ ਦੀ ਨਜ਼ਰ ਉਸ ’ਤੇ ਪਈ ਅਤੇ ਉਨ੍ਹਾਂ ਨੇ ਵਿਜੈ ਸਿੰਘ ਤੇ ਤਰਸ ਕਰ ਕੇ ਇਸ ਨੂੰ ਆਪਣੇ ਡੇਰੇ ਤੇ ਲੈ ਆਉਂਦਾ। ਇੱਥੇ ਆ ਕੇ ਵਿਜੈ ਸਿੰਘ ਦੀ ਜ਼ਿੰਦਗੀ ਹੀ ਬਦਲ ਗਈ। ਹੁਣ ਉਹ ਆਪਣਾ ਸਾਰਾ ਸਮਾਂ ਸੇਵਾ ਅਤੇ ਸਿਮਰਨ ਵਿਚ ਹੀ ਬਿਤਾਉਂਦਾ ਸੀ। ਬਲਦੇਵ ਸਿੰਘ ਨੂੰ ਵਿਜੈ ਸਿੰਘ ਦੇ ਪਹਿਲੇ ਵਿਆਹ ਦਾ ਸੁਣ ਕੇ ਇਕ ਝੱਟਕਾ ਜਿਹਾ ਲੱਗਿਆ ਪਰ ਉਨ੍ਹਾਂ ਨੇ ਆਪਣੇ ਦਿਲ ਨੂੰ ਇਹ ਕਹਿ ਕੇ ਤਸੱਲੀ ਦੇ ਲਈ ਕਿ ਜ਼ਿੰਦਗੀ ਵਿਚ ਹਾਦਸੇ ਤਾਂ ਹੁੰਦੇ ਹੀ ਰਹਿੰਦੇ ਹਨ। ਇਸ ਵਿਚ ਮੁੰਡੇ ਦਾ ਕੀ ਕਸੂਰ ਹੈ। ਉਸ ਨੇ ਤਾਂ ਆਪਣੇ ਬਾਰੇ ਬਿਕੁਲ ਸੱਚੋ ਸੱਚ ਦੱਸ ਹੀ ਦਿੱਤਾ ਹੈ। ਫਿਰ ਅਸੀਂ ਉਸ ਦੀ ਪਿਛਲੀ ਜ਼ਿੰਦਗੀ ਤੋਂ ਕੀ ਲੈਣਾ ਹੈ? ਸਾਡੀ ਤਾਂ ਇਕੋ ਇਕ ਹੀ ਬੇਟੀ ਹੈ ਜੋ ਜ਼ਿੰਦਗੀ ਭਰ ਸੁਖੀ ਰਹੇਗੀ। ਸਾਨੂੰ ਹੋਰ ਕੀ ਚਾਹੀਦਾ ਹੈ। ਫਿਰ ਕੱਲ੍ਹ ਨੂੰ ਇਹ ਮੇਰੇ ਕਾਰੋਬਾਰ ਨੂੰ ਸੰਭਾਲਣ ਯੋਗ ਹੋ ਜਾਵੇਗਾ। ਸਾਡੀ ਪੁੱਤਰ ਦੀ ਕਮੀ ਵੀ ਪੂਰੀ ਹੋ ਜਾਵੇਗੀ। ਜਦ ਬਲਦੇਵ ਸਿੰਘ ਨੇ ਸੰਤਾਂ ਤੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਸਾਫ ਕਹਿ ਦਿੱਤਾ ਕਿ ਭਾਈ ਮੁੰਡਾ ਤਾਂ ਹੀਰਾ ਹੈ। ਪਿਛਲੇ ਦੋ ਸਾਲ ਤੋਂ ਇਹ ਮੇਰੀ ਨਿਗਰਾਨੀ ਵਿਚ ਹੈ। ਇਸ ਤੋਂ ਪਹਿਲਾਂ ਬਾਰੇ ਮੈਂ ਕੁਝ ਨਹੀਂ ਜਾਣਦਾ। ਤੁਸੀ ਆਪਣੇ ਤੌਰ ਤੇ ਪੜਤਾਲ ਕਰਨੀ ਹੈ ਤਾਂ ਕਰ ਲਉ। ਵੈਸੇ ਜੇ ਇਸ ਦੇ ਕੋਈ ਮਾੜੇ ਕੰਮ ਹੋਣਗੇ ਤਾਂ ਆਪਣੇ ਆਪ ਸਾਹਮਣੇ ਆ ਜਾਣਗੇ। ਇਸ ਨਾਲ ਬਲਦੇਵ ਸਿੰਘ ਦੀ ਤਸੱਲੀ ਹੋ ਗਈ ਅਤੇ ਉਸ ਨੇ ਵਿਜੈ ਅਤੇ ਆਪਣੀ ਬੇਟੀ ਸੁਰਜੀਤ ਨੂੰ ਸਮਝਾ ਕੇ ਦੋਹਾਂ ਦਾ ਰਿਸ਼ਤਾ ਪੱਕਾ ਕਰ ਦਿੱਤਾ। ਪਿੰਡ ਦੇ ਗੁਰਦਵਾਰੇ ਵਿਚ ਵਿਜੈ ਸਿੰਘ ਅਤੇ ਸੁਰਜੀਤ ਦੀ ਸ਼ਾਦੀ ਬੜੇ ਸਧਾਰਨ ਢੰਗ ਨਾਲ ਗੁਰੂੂੂੂੂ ਮਰਿਆਦਾ ਅਨੁਸਾਰ ਹੋ ਰਹੀ ਸੀ। ਰਾਗੀ ਸਿੰਘ ਕੀਰਤਨ ਕਰ ਰਹੇ ਸਨ। ਵਿਜੈ ਸਿੰਘ ਮੱਥਾ ਟੇਕ ਕੇ ਗੁਰੂੂੂੂੂੂੂੂੂੂੂੂੂ ਸਾਹਿਬ ਦੀ ਹਜ਼ੂਰੀ ਵਿਚ ਬੈਠ ਗਿਆ। ਸੁਰਜੀਤ ਦੀ ਮਾਤਾ ਨੇ ਵੀ ਉਸ ਨੂੰ ਸਹਾਰਾ ਦੇ ਕੇ ਵਿਜੈ ਸਿੰਘ ਦੇ ਖੱਬੇ ਪਾਸੇ ਲਿਆ ਕੇ ਬਿਠਾ ਦਿੱਤਾ। ਭਾਈ ਸਾਹਿਬ ਲਾਵਾਂ ਸ਼ੁਰੂ ਕਰਨ ਹੀ ਲੱਗੇ ਸਨ ਕਿ ਇਕ ਸਿੱਖ ਨੌਜੁਆਨ ਨੇ ਆ ਕੇ ਬਲਦੇਵ ਸਿੰਘ ਦੇ ਕੰਨ ਵਿਚ ਹੌਲੀ ਜਿਹੀ ਕਿਹਾ-“ਬਾਹਰ ਪੁਲਿਸ ਆਈ ਹੈ ਅਤੇ ਤੁਹਾਨੂੰ ਅਤੇ ਵਿਜੈ ਸਿੰਘ ਨੂੰ ਹੁਣੇ ਦਫ਼ਤਰ ਵਿਚ ਬੁਲਾਇਆ ਹੈ।” ਬਲਦੇਵ ਸਿੰਘ ਹੈਰਾਨ ਹੋ ਗਿਆ ਅਤੇ ਆਪਣੇ ਆਪ ਤੇ ਕੰਟਰੋਲ ਰੱਖਦੇ ਹੋਏ ਉਸ ਨੇ ਕਿਹਾ-“ਕੋਈ ਗੱਲ ਨਹੀਂ, ਲਾਵਾਂ ਹੋ ਲੈਣ ਦਿਉ। ਲਾਵਾਂ ਤੋਂ ਬਾਅਦ ਅਸੀਂ ਆਉਂਦੇ ਹਾਂ। ਉਸ ਅੰਦਰ ਇਕ ਨਵਾਂ ਸਸਪੈਂਸ ਅਤੇ ਡਰ ਪੈਦਾ ਹੋ ਗਿਆ ਸੀ।” “ਨਹੀਂ ਉਨ੍ਹਾਂ ਨੇ ਤੁਹਾਨੂੰ ਹੁਣੇ ਹੀ ਬੁਲਾਇਆ ਹੈ।” “ਤੈਨੂੰ ਸੁਣਦਾ ਨਹੀਂ, ਮੈਂ ਕਿਹਾ ਹੈ ਕਿ ਲਾਵਾਂ ਤੋਂ ਬਾਅਦ ਆਉਂਦੇ ਹਾਂ।” “ਨਹੀਂ ਫੇਰ ਬਹੁਤ ਦੇਰ ਹੋ ਜਾਵੇਗੀ। ਤੁਸੀਂ ਹੁਣੇ ਹੀ ਚੱਲੋ।” “ਤੈਨੂੰ ਪਤਾ ਨਹੀਂ, ਮੈਂ ਕੌਣ ਹਾਂ? ਮੇਰਾ ਨਾਮ ਬਲਦੇਵ ਸਿੰਘ ਹੈ। ਇੱਥੋਂ ਦੇ ਸਾਰੇ ਪੁਲਿਸ ਅਫ਼ਸਰ ਮੈਨੂੰ ਜਾਣਦੇ ਹਨ।” “ਜੀ ਉਨ੍ਹਾਂ ਨਾਲ ਪੰਜਾਬ ਪੁਲਿਸ ਵੀ ਹੈ।“ “ਲੈ ਫਿਰ ਦੇਖਦੇ ਹਾਂ ਕਿ ਕਿਹੜੇ ਪੁਲਿਸ ਅਫ਼ਸਰ ਵਿਚ ਐਨੀ ਹਿੰਮਤ ਹੈ ਕਿ ਬਲਦੇਵ ਸਿੰਘ ਦੀ ਧੀ ਦੀਆਂ ਲਾਵਾਂ ਰੋਕ ਸੱਕੇ।” ਫਿਰ ਭਾਈ ਸਾਹਿਬ ਨੂੰ ਕਿਹਾ-“ਭਾਈ ਸਾਹਿਬ ਜ਼ਰਾ ਰੁਕੋ, ਅਸੀਂ ਹੁਣੇ ਆਉਂਦੇ ਹਾਂ।” ਇਹ ਕਹਿ ਕੇ ਉਹ ਵਿਜੈ ਸਿੰਘ ਦੀ ਬਾਂਹ ਫ਼ੜ ਕੇ ਬਾਹਰ ਦਫ਼ਤਰ ਦੇ ਕਮਰੇ ਵੱਲ ਚੱਲ ਪਿਆ। ਦਫ਼ਤਰ ਵਿਚ ਦੋ ਰਾਜਸਥਾਨ ਅਤੇ ਦੋ ਪੰਜਾਬ ਪੁਲਿਸ ਦੇ ਬੰਦੇ ਬੈਠੇ ਸਨ। ਨਾਲ ਦੋ ਜਨਾਨੀਆਂ ਅਤੇ ਦੋ ਬੰਦੇ ਹੋਰ ਸਨ। ਸਭ ਨੂੰ ਦੇਖ ਕੇ ਵਿਜੈ ਸਿੰਘ ਦਾ ਰੰਗ ਉੱਡ ਗਿਆ। ਉਹ ਬਾਹਰ ਦੇ ਗੇਟ ਵੱਲ ਭੱਜਿਆ। ਉੱਥੇ ਗੇਟ ਬੰਦ ਕਰ ਕੇ ਦੋ ਪੰਜਾਬ ਪੁਲਿਸ ਦੇ ਸਿਪਾਹੀ ਬੰਦੂਕਾਂ ਲੈ ਕੇ ਖੜ੍ਹੇ ਸਨ। ਕੋਈ ਪੇਸ਼ ਨਾ ਜਾਂਦੀ ਦੇਖ ਕੇ ਵਿਜੈ ਸਿੰਘ ਦੁਬਾਰਾ ਦਫ਼ਤਰ ਵੱਲ ਆਇਆ। “ਹੁਣ ਭੱਜਣਾ ਫ਼ਜੂਲ ਹੈ ਰਾਜੇਸ਼। ਸੌ ਦਿਨ ਚੌਰ ਦੇ ਅਤੇ ਇਕ ਦਿਨ ਸਾਧ ਦਾ। ਤੇਰਾ ਭਾਂਡਾ ਫੁੱਟ ਚੁੱਕਿਆ ਹੈ।” ਪੁਲਿਸ ਅਫ਼ਸਰ ਬੋਲਿਆ। ਨਾਲ ਹੀ ਉਸ ਨੇ ਵਿਜੈ ਸਿੰਘ ਦੇ ਹੱਥਾਂ ਤੇ ਹੱਥਕੜੀ ਲਾ ਦਿੱਤੀ। ਬਲਦੇਵ ਸਿੰਘ ਦੇ ਕੁਝ ਵੀ ਸਮਝ ਨਹੀਂ ਸੀ ਆ ਰਿਹਾ। ਉਹ ਘਬਰਾ ਕੇ ਉੱਚੀ ਸਾਰੀ ਬੋਲਿਆ-“ਕੁਝ ਮੈਨੂੰ ਵੀ ਤਾਂ ਦੱਸੋ, ਤੁਸੀਂ ਕੌਣ ਹੋ? ਤੁਸੀਂ ਮੇਰੀ ਧੀ ਦੇ ਵਿਆਹ ਵਿਚ ਵਿਘਨ ਕਿਉਂ ਪਾ ਰਹੇ ਹੋ? ਮੇਰੇ ਜਵਾਈ ਨੂੰ ਇਸ ਤਰ੍ਹਾਂ ਹੱਥ-ਕੜੀ ਲਾਉਣ ਦਾ ਤੁਹਾਨੂੰ ਕੋਈ ਅਧਿਕਾਰ ਨਹੀਂ।” “ ਧੀਰਜ ਰੱਖੋ ਸ੍ਰ. ਬਲਦੇਵ ਸਿੰਘ ਜੀ। ਮੈਨੂੰ ਅਫਸੋਸ ਹੈ ਕਿ ਤੁਹਾਡੀ ਬੇਟੀ ਦੇ ਵਿਆਹ ਵਿਚ ਵਿਘਨ ਪਿਆ ਹੈ। ਮੈਂ ਇੰਦਰਜੀਤ ਸਿੰਘ ਐਸ. ਐਸ. ਪੀ. ਪੰਜਾਬ ਪੁਲਿਸ ਹਾਂ। ਜੇ ਅਸੀਂ ਥੋੜਾ ਜਿਹਾ ਵੀ ਲੇਟ ਹੋ ਜਾਂਦੇ ਤਾਂ ਅਨਰਥ ਹੋ ਜਾਣਾ ਸੀ। ਜਿਸ ਨਾਲ ਤੁਸੀਂ ਆਪਣੀ ਧੀ ਦੀਆਂ ਲਾਵਾਂ ਕਰਾਉਣ ਜਾ ਰਹੇ ਸੀ ਇਹ ਇਕ ਬਹੁਰੂਪੀਆ ਹੈ। ਇਹ ਵਿਜੈ ਸਿੰਘ ਨਹੀਂ। ਇਹ ਆਪਣਾ ਨਾਮ ਅਤੇ ਭੇਸ ਬਦਲ ਕੇ ਇੱਥੇ ਸਭ ਨੂੰ ਮੂਰਖ ਬਣਾ ਰਿਹਾ। ਜਿਵੇਂ ਸਭ ਤੋਂ ਸ਼ਰੀਫ਼ ਅਤੇ ਧਾਰਮਿਕ ਬੰਦਾ ਇਹ ਹੀ ਹੈ। ਅਸਲ ਵਿਚ ਇਹ ਰਾਜੇਸ਼ ਹੈ……..ਇਕ ਕਾਤਲ ਅਤੇ ਪੁਲਿਸ ਦਾ ਫਰਾਰ ਮੁਜ਼ਰਿਮ।” ਇਹ ਮੇਰੇ ਨਾਲ ਰਾਜਸਥਾਨ ਪੁਲਿਸ ਦੇ ਬੰਦੇ ਹਨ ਅਤੇ ਦੋ ਪੰਜਾਬ ਪੁਲਿਸ ਦੇ ਅਫ਼ਸਰ ਅਤੇ ਬਾਹਰ ਦੋ ਪੰਜਾਬ ਪੁਲਿਸ ਦੇ ਸਿਪਾਹੀ ਹਨ।” ਬਾਕੀ ਗੱਲ ਤੁਹਾਨੂੰ ਇਹ ਮੁਜ਼ਰਿਮ ਆਪਣੇ ਮੂੰਹੋਂ ਆਪ ਹੀ ਦੱਸੇਗਾ। ਵਿਜੈ ਸਿੰਘ ਚੁੱਪ ਚਾਪ ਨੀਵੀਂ ਪਾ ਕੇ ਖੜ੍ਹਾ ਰਿਹਾ। ਇੰਦਰਜੀਤ ਉੱਚੀ ਸਾਰੀ ਕੱੜਕਿਆ-“ਬੋਲ ਤੂੰ ਰਾਜੇਸ਼ ਹੈਂ ਕਿ ਨਹੀਂ? ਤੇਰੇ ਮਾਤਾ ਪਿਤਾ ਫਿਰੋਜ਼ਪੁਰ ਕੋਲ ਘੱਲ ਖੁਰਦ ਰਹਿੰਦੇ ਹਨ ਕਿ ਨਹੀਂ?” ਵਿਜੈ ਸਿੰਘ ਨੇ ਹਾਂ ਵਿਚ ਸਿਰ ਹਿਲਾ ਦਿੱਤਾ। “ਅੱਗੇ ਦੱਸ ਤੂੰ ਆਪਣੀ ਦੋ ਸਾਲ ਦੀ ਬੇਟੀ ਪਿੰਕੀ ਦਾ ਕਾਤਲ ਹੈਂ ਕਿ ਨਹੀਂ?” ਰਾਜੇਸ਼ ਕੁਝ ਨਾ ਬੋਲਿਆ। ਇਨੇ ਵਿਚ ਜੁਆਨ ਲੜਕੀ ਜਿਹੜੀ ਹਾਲੀ ਚੁੱਪ ਚਾਪ ਖੜ੍ਹੀ ਸੀ, ਉਹ ਬੋਲੀ-“ਇਹ ਹੁਣ ਕੀ ਬੋਲੇਗਾ।? ਮੈਂ ਦੱਸਦੀ ਹਾਂ ਸਾਰੀ ਸੱਚਾਈ। ਮੇਰਾ ਨਾਮ ਰਜਨੀਂ ਹੈ। ਮੈਂ ਇਸ ਦੀ ਪਤਨੀ ਹਾਂ। ਅੱਜ ਤੋਂ ਪੰਜ ਸਾਲ ਪਹਿਲਾਂ ਮੇਰਾ ਇਸ ਨਾਲ ਵਿਆਹ ਹੋਇਆ ਸੀ। ਮੇਰੇ ਮਾਂ ਪਿਉ ਨੇ ਆਪਣੀ ਹੈਸੀਅਤ ਮੁਤਾਬਿਕ ਵਿਆਹ ਵਿਚ ਦਾਜ਼ ਦਿੱਤਾ। ਇਹ ਬਹੁਤ ਲਾਲਚੀ ਸਨ। ਇਹ ਮੈਨੂੰ ਹੋਰ ਦਾਜ਼ ਲਿਆਉਣ ਲਈ ਤੰਗ ਕਰਦੇ ਰਹੇ। ਮੇਰੇ ਮਾਂ ਪਿਉ ਫਿਰ ਵੀ ਹਰ ਚੱਕਰ ਮੈਨੂੰ ਕੁਝ ਨਾ ਕੁਝ ਦੇ ਕੇ ਤੋਰਦੇ ਰਹੇ। ਫਿਰ ਸਾਡੇ ਘਰ ਪਿਆਰੀ ਜਿਹੀ ਬੇਟੀ ਪਿੰਕੀ ਨੇ ਜਨਮ ਲਿਆ। ਲੜਕੀ ਹੋਣ ਕਾਰਨ ਇਨ੍ਹਾਂ ਦਾ ਮੇਰੇ ਤੇ ਅੱਤਿਆਚਾਰ ਹੋਰ ਵੀ ਵਧ ਗਿਆ।ਮੈਨੂੰ ਤੰਗ ਕਰਨ ਲਈ ਇਨ੍ਹਾਂ ਨੇ ਨਸ਼ੇ ਕਰਨੇ ਸ਼ੁਰੂ ਕਰ ਦਿੱਤੇ। ਨਸ਼ੇ ਇਸ ਦੀ ਤਨਖਾਹ ਵਿਚੋਂ ਪੂਰੇ ਨਾ ਹੁੰਦੇ। ਇਹ ਕਰਜ਼ਾ ਲੈ ਕੇ ਆਪਣਾ ਝੱਸ ਪੂਰਾ ਕਰਨ ਲੱਗਾ। ਆਖਿਰ ਲੋਕਾਂ ਨੇ ਕਰਜ਼ਾ ਦੇਣਾ ਬੰਦ ਕਰ ਦਿੱਤਾ। ਮੰਡੀ ਵਿਚ ਇਸ ਦਾ ਇਕ ਆੜਤੀ ਵਾਕਫ ਸੀ, ਸਤੀਸ਼, ਉਸ ਦਾ ੫੦੦੦੦/-ਰੁਪਏ ਦਾ ਕਰਜ਼ਾ ਸਿਰ ਚੜ੍ਹ ਗਿਆ। ਉਸ ਨੇ ਤਕਾਜੇ ਕਰਨੇ ਸ਼ੁਰੂ ਕਰ ਦਿੱਤੇ। ਇਸ ਕੋਲ ਪੈਸੇ ਹੁੰਦੇ ਤਾਂ ਮੋੜਦਾ। ਪਿੰਕੀ ਹੁਣ ਦੋ ਸਾਲ ਦੀ ਹੋ ਗਈ ਸੀ। ਇਨ੍ਹਾਂ ਪਿਉ ਪੁੱਤਰਾਂ ਨੇ ਇਕ ਹੋਰ ਸਕੀਮ ਲੜਾਈ। ਸਭ ਦਾ ਰਵਈਆ ਮੇਰੇ ਪ੍ਰਤੀ ਨਰਮ ਹੋ ਗਿਆ। ਸਤੀਸ਼ ਆਪਣੇ ਪੈਸਿਆਂ ਦੀ ਵਸੂਲੀ ਲਈ ਜ਼ੋਰ ਪਾਉਣ ਲੱਗ ਗਿਆ। ਇਕ ਦਿਨ ਇਸ ਨੇ ਮੈਨੂੰ ਆ ਕੇ ਕਿਹਾ ਕਿ ਇਹੋ ਜਿਹੀ ਜ਼ਿੰਦਗੀ ਨਾਲੋਂ ਤਾਂ ਮਰ ਜਾਣਾ ਚੰਗਾ ਹੈ। ਮੈਂ ਇਸ ਨੂੰ ਸਮਝਾਇਆ ਕਿ ਬੰਦੇ ਨੂੰ ਕਦੀ ਹਾਰ ਨਹੀਂ ਮੰਨਣੀ ਚਾਹੀਦੀ। ਦੁੱਖ ਸੁੱਖ ਤਾਂ ਜ਼ਿੰਦਗੀ ਵਿਚ ਆਉਂਦੇ ਹੀ ਰਹਿੰਦੇ ਹਨ। ਕਦੀ ਸਾਡੇ ਵੀ ਦਿਨ ਫਿਰਨਗੇ। ਪਰ ਇਹ ਨਾ ਮੰਨਿਆ। ਰੋਜ਼ ਮੇਰੇ ਕੋਲ ਆ ਕੇ ਕਹਿੰਦਾ ਕਿ ਮੈਂ ਤਾਂ ਖ਼ੁਦਕੁਸ਼ੀ ਕਰ ਲੈਣੀ ਹੈ। ਮੈਂ ਪੁੱਛਿਆ ਕਿ ਪਿੱਛੋਂ ਮੇਰਾ ਤੇ ਪਿੰਕੀ ਦਾ ਕੀ ਬਣੇਗਾ? ਇਸ ਨੇ ਉੱਤਰ ਦਿੱਤਾ-‘ਤੂੰ ਇਕ ਵਿਧਵਾ ਦੀ ਜ਼ਿੰਦਗੀ ਹੰਢਾਏਂਗੀ ਅਤੇ ਤੇਰੀ ਧੀ ਅਨਾਥਾਂ ਦੀ ਤਰ੍ਹਾਂ ਰੁਲ ਖੁਲ ਕੇ ਪਲੇਗੀ।’ ਮੈਂ ਇਹ ਸੁਣ ਕੇ ਕੰਬ ਉੱਠੀ। ਫਿਰ ਇਹ ਬੋਲਿਆ-‘ਜੇ ਤੂੰ ਅਜਿਹੀ ਜ਼ਿੰਦਗੀ ਨਹੀਂ ਜਿਉਣਾ ਚਾਹੁੰਦੀ ਤਾਂ ਮੇਰਾ ਸਾਥ ਦੇ। ਅਸੀਂ ਤਿੰਨੇ ਇਕੱਠੇ ਖ਼ੁਦਕੁਸ਼ੀ ਕਰ ਲੈਂਦੇ ਹਾਂ। ਸਾਡੇ ਸਾਰੇ ਦੁੱਖਾਂ ਦਾ ਅੰਤ ਹੋ ਜਾਵੇਗਾ। ਮਜ਼ਬੂਰੀ ਵਿਚ ਮੈਨੂੰ ਹਾਂ ਕਰਨੀ ਹੀ ਪਈ। ਉਸੇ ਸਮੇਂ ਇਸ ਨੇ ਆਪਣੀ ਜੇਬ ਵਿਚੋਂ ਇਕ ਚਿੱਠੀ ਕੱਢੀ ਜੋ ਇਸ ਪ੍ਰਕਾਰ ਸੀ: ਮੈਂ ਰਾਜੇਸ਼ ਅਤੇ ਮੇਰੀ ਪਤਨੀ ਰਜਨੀ ਆਪਣੀ ਗ਼ਰੀਬੀ ਦੀ ਜ਼ਿੰਦਗੀ ਤੋਂ ਤੰਗ ਆ ਗਏ ਹਾਂ। ਮੈਂ ਸਤੀਸ਼ ਦੇ ੫੦,੦੦੦/- ਰੁਪਏ ਦੇਣੇ ਹਨ। ਉਹ ਆਪਣੇ ਪੈਸੇ ਲੈਣ ਲਈ ਬਹੁਤ ਤੰਗ ਕਰ ਰਿਹਾ ਹੈ। ਉਸ ਨੇ ਸਾਡਾ ਜਿਉਣਾ ਦੂਭਰ ਕਰ ਰੱਖਿਆ ਹੈ। ਅਸੀ ਰੋਜ਼ ਰੋਜ਼ ਆਪਣੀ ਬੇਇਜ਼ਤੀ ਬਰਦਾਸ਼ਤ ਨਹੀਂ ਕਰ ਸਕਦੇ। ਹੁਣ ਜਿਲੱਤ ਭਰੀ ਜ਼ਿੰਦਗੀ ਵੀ ਨਹੀਂ ਜੀਵੀ ਜਾਂਦੀ। ਇਸ ਲਈ ਮੈਂ ਰਾਜੇਸ਼ ਅਤੇ ਮੇਰੀ ਪਤਨੀ ਰਜਨੀ ਆਪਣੀ ਬੱਚੀ ਪਿੰਕੀ ਸਮੇਤ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਰਹੇ ਹਾਂ। ਸਾਡੀ ਮੌਤ ਦਾ ਜਿੰਮੇਵਾਰ ਸਤੀਸ਼ ਕੁਮਾਰ ਹੈ। ਦਸਤਖਤ: ਇਸ ਨੇ ਮੈਨੂੰ ਚਿੱਠੀ ਤੇ ਦਸਤਖਤ ਕਰਨ ਲਿਈ ਕਿਹਾ। ਮੇਰਾ ਮਨ ਤਾਂ ਨਹੀਂ ਸੀ ਮੰਨਦਾ ਪਰ ਇਸ ਨੇ ਮੈਨੂੰ ਮਜ਼ਬੂਰ ਕਰ ਕੇ ਜਬਰਦਸਤੀ ਚਿੱਠੀ ਤੇ ਦਸਤਖਤ ਕਰਾ ਲਏ। ਉਸ ਰਾਤ ਅਸੀਂ ਸਭ ਨੇ ਮਿਲ ਕੇ ਰੋਟੀ ਖਾਧੀ ਅਤੇ ਸਮਾਂ ਬੀਤਣ ਦਾ ਇੰਤਜ਼ਾਰ ਕਰਨ ਲੱਗੇ। ਬਾਹਰ ਕਾਲੀ ਬੋਲੀ ਭਿਆਨਕ ਰਾਤ ਸੀ ਅਤੇ ਮਾੜੀਆਂ ਮਾੜੀਆਂ ਕਣੀਆਂ ਵੀ ਪੈ ਰਹੀਆਂ ਸਨ। ਕਰੀਬ ਬਾਰਾਂ ਵਜੇ ਅਸੀਂ ਪੋਲੇ ਪੈਰੀਂ ਪਿੰਕੀ ਨੂੰ ਕੁੱਛੜ ਚੁੱਕ ਕੇ ਬਾਹਰ ਨਿਕਲੇ ਅਤੇ ਮੋਟਰਸਾਇਕਲ ਤੇ ਬੈਠ ਕੇ ਆਪਣੀ ਜ਼ਿੰਦਗੀ ਦੇ ਆਖਰੀ ਸਫ਼ਰ ਲਈ ਚੱਲ ਪਏ। ਨਹਿਰੋਂ ਨਹਿਰ ਕੋਈ ਦੋ ਕੁ ਕਿਲੋ ਮੀਟਰ ਜਾ ਕੇ ਇਸ ਨੇ ਮੋਟਰਸਾਇਕਲ ਰੋਕਿਆ। ਕਿਨਾਰੇ ਤੇ ਅਸੀਂ ਆਪਣੀਆਂ ਜੁੱਤੀਆਂ, ਮੇਰੀ ਚੁੰਨੀ ਅਤੇ ਇਸ ਦਾ ਹੈਲਮੇਟ ਰੱਖ ਦਿੱਤੇ। ਇਸ ਨੇ ਰੁਮਾਲ ਤੇ ਪਰਸ ਵੀ ਰੱਖ ਦਿੱਤਾ। ਪਰਸ ਵਿਚ ਸਾਡੀ ਖ਼ੁਦਕੁਸ਼ੀ ਦੀ ਹੱਥ ਲਿਖਤ ਚਿੱਠੀ ਸੀ। ਫਿਰ ਅਸੀਂ ਸਰਕ ਕੇ ਨਹਿਰ ਦੇ ਕੰਢੇ ਵੱਲ ਹੋਏ। ਇਸ ਨੇ ਕਿਹਾ ਲਿਆ ਕੁੜੀ ਮੈਨੂੰ ਦੇ। ਮੇਰੇ ਕੁੱਛੜੋਂ ਕੁੜੀ ਖਿੱਚ ਕੇ ਨਹਿਰ ਵਿਚ ਵਗਾਹ ਮਾਰੀ। ਹੈਰਾਨੀ ਨਾਲ ਮੇਰੀ ਚੀਕ ਨਿਕਲ ਗਈ। ਇਸ ਨੇ ਕਿਹਾ ਕੋਈ ਗੱਲ ਨਹੀਂ ਅਸੀਂ ਵੀ ਹੁਣ ਨਹੀਂ ਰਹਿਣਾ। ਲਿਆ ਆਪਣਾ ਹੱਥ ਦੇ ਅਸੀਂ ਇਕੱਠੇ ਹੀ ਛਾਲ ਮਾਰਦੇ ਹਾਂ। ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ। ਇਸ ਨੇ ਮੇਰੀ ਬਾਂਹ ਫੜੀ ਅਤੇ ਜੋਰ ਦੀ ਧੱਕਾ ਮਾਰ ਕੇ ਮੈਨੂੰ ਨਹਿਰ ਵਿਚ ਸੁੱਟ ਦਿੱਤਾ। ਮੈਂ ਪਾਣੀ ਵਿਚ ਗੋਤੇ ਖਾਣ ਲੱਗੀ। ਰੁੜਦੇ ਰੁੜਦੇ ਮੈਂ ਦੇਖਿਆ ਕਿ ਕੁਝ ਦੂਰੀ ਤੇ ਦੂਜਾ ਮੋਟਰਸਾਇਕਲ ਆਇਆ, ਜਿਸ ਦੇ ਪਿੱਛੇ ਬੈਠ ਕੇ ਇਹ ਦੋਵੇਂ ਵਾਪਿਸ ਚਲੇ ਗਏ। ਮੈਂ ਰੁੜਦੀ ਰੁੜਦੀ ਜਦ ਅਗਲੇ ਪੁੱਲ ਪਹੁੰਚੀ ਉਸ ਪੁੱਲ ਥੱਲੇ ਕਿਸੇ ਦਰਖ਼ਤ ਦਾ ਇਕ ਟਾਹਣਾ ਫਸਿਆ ਪਿਆ ਸੀ। ਮੈਨੂੰ ਉਸ ਦਾ ਸਹਾਰਾ ਮਿਲ ਗਿਆ। ਕਿਸੇ ਤਰ੍ਹਾਂ ਬੜੀ ਮੁਸ਼ਕਿਲ ਨਾਲ ਮੈਂ ਬਾਹਰ ਨਿਕਲੀ ਅਤੇ ਛੁਪਦੀ ਛੁਪਾਉਂਦੀ ਆਪਣੇ ਮਾਂ ਪਿਉ ਦੇ ਘਰ ਪਹੁੰਚੀ। ਉਹ ਮੇਰੀ ਹਾਲਾਤ ਦੇਖ ਕੇ ਹੈਰਾਨ ਰਹਿ ਗਏ। ਮੈਨੂੰ ਗਰਮ ਗਰਮ ਚਾਹ ਪਿਲਾਈ ਤਾਂ ਮੈਂ ਕੁਝ ਕਾਇਮ ਹੋਈ ਅਤੇ ਉਨ੍ਹਾਂ ਨੂੰ ਆਪਣੀ ਸਾਰੀ ਦੁੱਖ ਭਰੀ ਕਹਾਣੀ ਦੱਸੀ। ਉਨ੍ਹਾਂ ਨੂੰ ਇਸ ਤੇ ਬੜਾ ਗੁੱਸਾ ਆਇਆ ਪਰ ਜਲਦੀ ਹੀ ਮੇਰੇ ਪਿਤਾ ਨੇ ਆਪਣੇ ਗੁੱਸੇ ਤੇ ਕਾਬੂ ਪਾ ਲਿਆ ਅਤੇ ਮੈਨੂੰ ਕਿਹਾ ਕਿ ਹੁਣ ਜੋ ਕੁਝ ਕਰਨਾ ਹੈ ਮੈਂ ਹੀ ਕਰਾਂਗਾ। ਤੂੰ ਬਸ ਕਿਸੇ ਨੂੰ ਕੁਝ ਨਹੀਂ ਦੱਸਣਾ। ਸਾਰਾ ਦਿਨ ਉਨ੍ਹਾਂ ਨੇ ਮੈਨੂੰ ਪਿਛਲੇ ਕਮਰੇ ਵਿਚ ਲੁਕਾ ਕੇ ਬੰਦ ਕਰ ਕੇ ਰੱਖਿਆ। ਅਗਲੀ ਰਾਤ ਉਹ ਮੈਨੂੰ ਡੇਹਰਾਦੂਨ ਮੇਰੀ ਮਾਸੀ ਕੋਲ ਛੱਡ ਆਏ ਅਤੇ ਉਸ ਨੂੰ ਸਾਰੀ ਗੱਲ ਸਮਝਾ ਦਿੱਤੀ। ਉਸ ਤੋਂ ਅਗਲੇ ਦਿਨ ਸਾਰੀਆਂ ਅਖ਼ਬਾਰਾਂ ਵਿਚ ਸਾਡੇ ਤਿੰਨਾਂ ਦੀ ਨਹਿਰ ਵਿਚ ਡੁੱਬ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਛਪ ਗਈ ਨਾਲ ਹੀ ਸਾਡੀਆਂ ਤਿੰਨਾ ਦੀਆਂ ਫੋਟੋ ਅਤੇ ਖ਼ੁਦਕੁਸ਼ੀ ਦੀ ਚਿੱਠੀ ਵੀ ਛਪ ਗਈ। ਪੁਲਿਸ ਇਸ ਦੇ ਪਿਤਾ ਦਾ ਬਿਆਨ ਦਰਜ ਕਰ ਕੇ ਸਤੀਸ਼ ਦੇ ਮਗਰ ਪੈ ਗਈ ਅਖੇ ਤੂੰ ਇਨ੍ਹਾਂ ਨੂੰ ਖ਼ੁਦਕੁਸ਼ੀ ਕਰਨ ਲਈ ਮਜ਼ਬੂਰ ਕੀਤਾ ਹੈ। ਸ਼ਾਮ ਨੂੰ ਪਿੰਕੀ ਦੀ ਲਾਸ਼ ਨਹਿਰ ਵਿਚ ਤੈਰਦੀ ਹੋਈ ਮਿਲ ਗਈ। ਸਾਡੀਆਂ ਦੋਹਾਂ ਦੀਆਂ ਲਾਸ਼ਾਂ ਨਾ ਮਿਲਣ ਕਾਰਨ ਪੁਲਿਸ ਬਹੁਤ ਪ੍ਰੇਸ਼ਾਨ ਸੀ ਪਰ ਪੁਲਿਸ ਨੇ ਖ਼ੁਦਕੁਸ਼ੀ ਦਾ ਕੇਸ ਦਰਜ ਕਰ ਕੇ ਆਪਣਾ ਪਿੱਛਾ ਛੁਡਾ ਲਿਆ। ਮੇਰੇ ਪਿਤਾ ਜੀ ਦਾ ਇਕ ਦੋਸਤ ਡੀ.ਆਈ. ਜੀ ਦਾ ਰਿਸ਼ਤੇਦਾਰ ਹੈ। ਉਨ੍ਹਾਂ ਨੇ ਮੈਨੂੰ ਡੀ.ਆਈ. ਜੀ. ਕੋਲ ਪੇਸ਼ ਕਰ ਕੇ ਸਾਰੀ ਗੱਲ ਦੱਸ ਦਿੱਤੀ। ਡੀ.ਆਈ.ਜੀ. ਨੇ ਅੱਗੋਂ ਇਹ ਕੇਸ ਤੁਹਾਨੂੰ ਸੋੰਪ ਦਿੱਤਾ। ਵੀਰ ਜੀ ਉਸ ਤੋਂ ਬਾਅਦ ਤੁਹਾਨੂੰ ਸਭ ਪਤਾ ਹੀ ਹੈ।” ਇੰਦਰਜੀਤ ਬੋਲਿਆ- “ਹਾਂ ਉਸ ਤੋਂ ਬਾਅਦ ਦੀ ਕਹਾਣੀ ਮੈਂ ਦੱਸਦਾ ਹਾਂ। ਰਾਜੇਸ਼ ਦੇ ਪਿਉ ਨੇ ਸਭ ਨੂੰ ਰੋ ਰੋ ਕੇ ਇਹ ਸਾਬਤ ਕਰ ਦਿੱਤਾ ਕਿ ਉਸ ਦੇ ਪੁੱਤਰ ਅਤੇ ਨੂੰਹ ਨੇ ਆਪਣੀ ਬੇਟੀ ਸਮੇਤ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਉਸ ਨੇ ਰਾਤੋ ਰਾਤ ਇਸ ਨੂੰ ਮਦਰਾਸ ਆਪਣੇ ਕਿਸੇ ਦੋਸਤ ਕੋਲ ਭੇਜ ਦਿੱਤਾ। ਇੰਜ ਇਕ ਵਾਰੀ ਤਾਂ ਇਨ੍ਹਾਂ ਦਾ ਸਾਰਾ ਡਰਾਮਾ ਕਾਮਯਾਬ ਹੋ ਗਿਆ। ਜਦ ਕੇਸ ਡੀ.ਆਈ. ਜੀ ਕੋਲ ਆਇਆ ਤਾਂ ਉਨ੍ਹਾ ਨੂੰ ਕੇਸ ਦੀ ਕਮਜ਼ੋਰ ਕੜੀ ਇਹ ਨਜ਼ਰ ਆਈ ਕਿ ਰਾਜੇਸ਼ ਅਤੇ ਰਜਨੀ ਦੀਆਂ ਲਾਸ਼ਾਂ ਨਹੀਂ ਸਨ ਮਿਲੀਆਂ। ਇਸ ਲਈ ਰਜਨੀ ਦਾ ਬਿਆਨ ਸੱਚਾ ਜਾਪਿਆ ਕਿ ਰਾਜੇਸ਼ ਇਨ੍ਹਾਂ ਨੂੰ ਨਹਿਰ ਵਿਚ ਧੱਕਾ ਦੇ ਕੇ ਖ਼ੁਦ ਗਾਇਬ ਹੋ ਗਿਆ ਸੀ। ਇਸ ਤਰ੍ਹਾਂ ਇਸ ਦਾ ਕਰਜੇ ਤੋਂ ਵੀ ਪਿੱਛਾ ਛੁੱਟ ਗਿਆ ਅਤੇ ਰਜਨੀ ਅਤੇ ਬੇਟੀ ਤੋਂ ਵੀ। ਹੁਣ ਇਹ ਆਪ ਆਜ਼ਾਦ ਹੋ ਕੇ ਜ਼ਿੰਦਗੀ ਬਸਰ ਕਰ ਰਿਹਾ ਹੈ। ਡੀ ਆਈ ਜੀ ਸਾਹਿਬ ਨੇ ਇਹ ਕੇਸ ਮੈਨੂੰ ਸੋਂਪ ਦਿੱਤਾ। ਮੇਰੇ ਬੰਦਿਆਂ ਨੇ ਇਸ ਨੂੰ ਲੱਭਣ ਦੀ ਬੜੀ ਕੋਸ਼ਿਸ਼ ਕੀਤੀ। ਜਦ ਇਸ ਬਾਰੇ ਜਰਾ ਵੀ ਭਿਣਕ ਮਿਲਦੀ ਤਾਂ ਮੇਰੇ ਬੰਦਿਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਇਹ ਉੱਥੋਂ ਖਿਸਕ ਜਾਂਦਾ। ਫਿਰ ਸਾਡੀਆਂ ਨਜ਼ਰਾਂ ਤੋਂ ਇਹ ਦੋ ਕੁ ਸਾਲ ਗਾਇਬ ਰਿਹਾ ਅਤੇ ਸੰਤ ਰਾਮ ਸਿੰਘ ਜੀ ਦੇ ਡੇਰੇ ਤੇ ਆ ਕੇ ਟਿਕ ਗਿਆ। ਇਹ ਡੇਰਾ ਇਸ ਲਈ ਬਿਲਕੁਲ ਸੁਰੱਖਿਅਤ ਸੀ। ਪੰਜਾਬ ਤੋਂ ਦੂਰ ਇਸ ਛੋਟੇ ਜਿਹੇ ਪਿੰਡ ਵਿਚ ਪੁਲਿਸ ਦੀ ਨਜ਼ਰ ਵਿਚ ਪੈਣ ਦੀ ਘੱਟ ਹੀ ਸੰਭਾਵਨਾ ਸੀ। ਇਹ ਤਾਂ ਪਿਛਲੇ ਹਫਤੇ ਸੰਤਾਂ ਦੇ ਪ੍ਰਵਚਨ ਸੁਣਦਿਆਂ ਸੰਗਤ ਵਿਚ ਬੈਠਿਆਂ ਇਸ ਦੀ ਫੋਟੋ ਅਖ਼ਬਾਰ ਵਿਚ ਛਪ ਗਈ। ਸਾਡੀ ਤੇਜ਼ ਅੱਖ ਨੇ ਇਸ ਨੂੰ ਪਛਾਣ ਲਿਆ। ਮੈਂ ਆਪਣਾ ਇਕ ਇੰਸਪੈਕਟਰ ਇਸ ਦੇ ਪਿੱਛੇ ਲਾ ਦਿੱਤਾ ਤੇ ਸਾਰਾ ਸੱਚ ਜਾਹਿਰ ਹੋ ਗਿਆ। ਬੰਦੇ ਨੂੰ ਆਪਣਾ ਕਰਮ ਫ਼ਲ ਤਾਂ ਭੋਗਣਾ ਹੀ ਪੈਂਦਾ ਹੈ। ਇਸ ਨੂੰ ਅਸੀਂ ਆਪਣੀ ਦੋ ਸਾਲ ਦੀ ਧੀ ਪਿੰਕੀ ਦੇ ਕਤਲ ਅਤੇ ਆਪਣੀ ਪਤਨੀ ਰਜਨੀ ਦੀ ਜਾਨ ਲੈਣ ਦੀ ਕੋਸ਼ਿਸ਼ ਵਿਚ ਗ੍ਰਿਫ਼ਤਾਰ ਕਰ ਰਹੇ ਹਾਂ।” ਫਿਰ ਰਾਜੇਸ਼ ਵੱਲ ਦੇਖ ਕੇ ਪੁੱਛਿਆ, “ਕੀ ਇਹ ਸਭ ਸੱਚ ਹੈ ਜਾਂ ਝੂਠ?” “ਜੀ ਸਭ ਸੱਚ ਹੈ।” “ਚਲੋ ਫੇਰ ਚੱਲੀਏ।” ਸਾਰੇ ਆਪੋ ਆਪਣੀਆਂ ਗੱਡੀਆਂ ਵਿਚ ਬੈਠ ਗਏ ਅਤੇ ਔਹ ਗਏ……ਔਹ ਗਏ। ਬਲਦੇਵ ਸਿੰਘ ਡੌਰ ਭੌਰ ਹੋਇਆ ਜਿਵੇਂ ਨੀਦ ਵਿਚ ਕੋਈ ਬੁਰਾ ਸੁਪਨਾ ਦੇਖ ਕੇ ਜਾਗਿਆ ਹੋਵੇ। ਹੁਣ ਉਹ ਆਪਣੀ ਪਤਨੀ ਅਤੇ ਬੇਟੀ ਸੁਰਜੀਤ ਨਾਲ ਗੁਰਦਵਾਰੇ ਮੱਥਾ ਟੇਕ ਕੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਰਿਹਾ ਸੀ ਜਿਸ ਨੇ ਉਸ ਦੀ ਧੀ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚਾ ਲਈ ਸੀ |