24 May 2024

ਗਲੋਬਲੀ ਸਰੋਕਾਰਾਂ ਦਾ ਕਹਾਣੀਕਾਰ: ਜਰਨੈਲ ਸਿੰਘ—ਸਤਨਾਮ ਢਾਅ

ਗਲੋਬਲੀ ਸਰੋਕਾਰਾਂ ਦਾ ਕਹਾਣੀਕਾਰ: ਜਰਨੈਲ ਸਿੰਘ

ਜਰਨੈਲ ਸਿੰਘ ਪੰਜਾਬੀ ਸਾਹਿਤ ਦਾ ਪ੍ਰਤਿਭਾਸ਼ਾਲੀ ਤੇ ਚਰਚਿਤ ਕਹਾਣੀਕਾਰ ਹੈ। ਉਹ ਕੈਨੇਡਾ ਆਉਣ ਤੋਂ ਪਹਿਲਾਂ ਵੀ ਤਿੰਨ ਕਹਾਣੀ ਸੰਗ੍ਰਹਿ (‘ਮੈਨੂੰ ਕੀ’, ‘ਮਨੁੱਖ ਤੇ ਮਨੁੱਖ’ ਅਤੇ ‘ਸਮੇਂ ਦੇ ਹਾਣੀ’) ਦੀ ਸਿਰਜਣਾ ਕਰਕੇ ਸਾਹਿਤਕ ਦੁਨੀਆ ਵਿੱਚ ਆਪਣੀ ਪਛਾਣ ਬਣਾ ਚੁੱਕਿਆ ਸੀ। ਜਰਨੈਲ ਸਿੰਘ ਪਿਛਲੇ ਚਾਲ਼ੀ ਸਾਲਾਂ ਤੋਂ ਕਹਾਣੀ ਵਿਧਾ ਨਾਲ ਜੁੜਿਆ ਹੋਇਆ ਹੈ। ਪਰਵਾਸੀ ਕਹਾਣੀ ਦਾ ਸ੍ਰੇਸ਼ਟ ਕਹਾਣੀਕਾਰ ਹੋਣ ਦੇ ਨਾਲ ਨਾਲ ਉਸਨੇ ਮੁੱਖ ਧਾਰਾ ਦੀ ਕਹਾਣੀ ਵਿਚ ਵੀ ਉਸਦਾ ਵਿਸ਼ੇਸ਼ ਸਥਾਨ ਹੈ। ਉਹ ਆਪਣੇ ਨਿੱਜੀ ਅਨੁਭਵਾਂ ਨੂੰ ਪਾਠਕਾਂ ਦੇ ਮਨੋਰੰਜਨ ਜਾਂ ਸਮਾਂ ਗੁਜ਼ਾਰਨ ਲਈ ਨਹੀਂ ਲਿਖਦਾ, ਸਗੋਂ ਗਲੋਬਲੀ ਸਰੋਕਾਰਾਂ ਨੂੰ ਚਿੰਤਨ ਅਤੇ ਸਿਰਜਣਕਲਾ ਰਾਹੀਂ ਯਥਾਰਥ ਨੂੰ ਪਾਠਕਾਂ ਨਾਲ ਸਾਂਝਾ ਕਰਦਾ ਹੈ। ਕਹਾਣੀ ਲਿਖਣ ਲਈ ਉਹ ਪੂਰੀ ਮਿਹਨਤ ਨਾਲ ਪਹਿਲਾਂ ਉਸ ਵਿਸ਼ੇ ਬਾਰੇ ਖੋਜ ਪੜਤਾਲ, ਲੋਕਾਂ ਨਾਲ ਗੱਲਾਂਬਾਤਾਂ ਕਰਕੇ, ਪੂਰਨ ਗਿਆਨ ਹਾਸਲ ਕਰਦਾ ਹੈ। ਫਲੈਸ਼ਬੈਕ ਸ਼ੈਲੀ ਵਿੱਚ ਬਹੁਤ ਹੀ ਸਫ਼ਲਤਾ ਨਾਲ ਮੁੱਖ ਪਾਤਰਾਂ ਦੀਆਂ ਯਾਦਾਂ-ਸੋੋਚਾਂ ਰਾਹੀਂ, ਉਹ ਪਾਠਕ ਤੇ ਪਾਤਰਾਂ ਨੂੰ ਇੱਕ ਦੂਜੇ ਦੇ ਸਨਮੁਖ ਕਰਕੇ ਆਪ ਲਾਂਭੇ ਰਹਿੰਦਾ ਹੈ। ਕਿਸਾਨੀ ਪਰਿਵਾਰ ਨਾਲ ਸੰਬੰਧਿਤ ਹੋਣ ਕਰਕੇ ਤੇ ਪੇਂਡੂ ਵਾਤਾਵਰਣ ਨੂੰ ਬਹੁਤ ਨੇੜਿਓਂ ਦੇਖਿਆ ਕਰਕੇ, ਕਿਸਾਨੀ ਦੇ ਸਾਰੇ ਦੁੱਖਾਂ ਸੁੱਖਾਂ ਬਾਰੇ ਉਹ ਆਪਣੇ ਅਨੁਭਵ ਵਿੱਚੋਂ ਕਹਾਣੀਆਂ (‘ਬੰਨ੍ਹ ਉਠਾਈ ਪੋਟਲ਼ੀ’, ‘ਕਾਣਸੂਤੇ ਵਗਦੇ ਬਲਦ’, ਮਨੁੱਖ ਤੇ ਮਨੁੱਖ’) ਰਚਦਾ ਹੈ। ਹਾਈ ਸਕੂਲ ਕਰਨ ਤੋਂ ਬਾਅਦ ਏਅਰਫੋਰਸ ਵਿੱਚ ਨੌਕਰੀ ਕਰਦਿਆਂ ਪ੍ਰਾਈਵੇਟਲੀ ਐ.ਮ. ਏ. ਇੰਗਲਿਸ਼ ਅਤੇ ਪੰਜਾਬੀ ਕਰਦਿਆਂ ਉਹ ਪੰਜਾਬੀ ਸਾਹਿਤ ਨਾਲ ਜੁੜ ਗਿਆ। ਫੌਜੀ ਜੀਵਨ ਦੇ ਡੂੰਘੇ ਅਨੁਭਵ ਉਸ ਲਈ (ਸੁਆਹ ਦੀ ਢੇਰੀ, ਲੈਂਟਰ ਹੇਠਲੇ ਫੱਟੇ, ਮੈਂਨੂੰ ਕੀ, ਮੁਹਾਜ) ਕਹਾਣੀਆਂ ਦਾ ਆਧਾਰ ਬਣੇ। ਫੌਜ ਦੀ ਨੌਕਰੀ ਤੋਂ ਬਾਅਦ ਸਿਵਲ ਵਿੱਚ ਉਸਨੇ ਕੋਆਪ੍ਰੇਟਿਵ ਬੈਂਕ ਵਿੱਚ ਕੰਮ ਕੀਤਾ। ਉੱਥੇ ਵੀ ਉਸਨੇ ਕੰਮ ਦੇ ਨਾਲ ਨਾਲ ‘ਜੰਗ ਛਿੜਨ ਤੋਂ ਪਹਿਲਾਂ’ ਅਤੇ ‘ਸਮੇਂ ਦੇ ਹਾਣੀ’ ਕਹਾਣੀਆਂ ਦਾ ਸੌਦਾ ਪੱਤਾ ਇਕੱਠਾ ਕਰਕੇ ਕਹਾਣੀਆਂ ਲਿਖੀਆਂ। ਇੱਥੋਂ ਰਿਟਾਇਰਡ ਹੋਇਆ ਤਾਂ 1988 ਵਿੱਚ ਪੱਛਮੀ ਮੁਲਕਾਂ ਦੀ ਸੈਰ ਕਰਨ ਲਈ ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਲਈ ਨਿਕਲ ਤੁਰਿਆ ਤੇ ਕੈਨੇਡਾ ਦੇ ਸਿਸਟਮ ਤੋਂ ਪ੍ਰਭਾਵਿਤ ਹੋਇਆ ਕੈਨੇਡਾ ਨੂੰ ਪੱਕੇ ਤੌਰ ੱਤੇ ਘਰ ਮੰਨ ਕੇ ਇੱਥੇ ਟਿਕ ਗਿਆ।

ਆਮ ਪੰਜਾਬੀਆਂ ਵਾਂਗ ਮਿਹਨਤੀ ਹੋਣ ਕਰਕੇ ਪੈਸੇ ਵੀ ਕਮਾਏ, ਵਿਕਸਤ ਦੇਸ਼ਾਂ ਦੇ ਪੂੰਜੀਵਾਦੀ ਸਿਸਟਮ ਦਾ ਹਰ ਪੱਖੋਂ ਪੂਰੇ ਗਹੁ ਨਾਲ ਅਧਿਅਨ ਵੀ ਕੀਤਾ। ਇਕੱਠਾ ਕੀਤਾ ਗਿਆਨ ਉਸ ਦੀ ਕਹਾਣੀ ਕਲਾ ਨੂੰ ਸਿਖ਼ਰ ੱਤੇ ਲੈ ਗਿਆ। ਕੈਨੇਡਾ ਵਸ ਕੇ ਉੱਨੀ ਸੌ ਨੜ੍ਹਿੱਨਵੇਂ ਵਿੱਚ ‘ਦੋ ਟਾਪੂ’ ਲਿਖਣ ਬਾਅਦ (ਟਾਵਰਜ਼, ਕਾਲ਼ੇ ਵਰਕੇ, ਪੱਤਿਆਂ ਨਾਲ ਢਕੇ ਜਿਸਮ) ਗਲੋਬਲੀ ਸਰੋਕਾਰਾਂ ਨੂੰ ਗਲਪ ਵਿਚ ਢਾਲ ਕੇ ਪਾਠਕਾਂ ਤੇ ਆਲੋਚਕਾਂ ਤੋਂ ਪ੍ਰਸ਼ੰਸਾ ਖੱਟੀ। ਉਸ ਦੀਆਂ ਕਹਾਣੀਆਂ ਦਾ ਹਾਸਲ ਹੀ ਇਹ ਹੈ ਕਿ ਉਹ ਦੁਨੀਆ ਵਿੱਚ ਕਿਤੇ ਵੀ ਕਿਸੇ ਤਰ੍ਹਾਂ ਦਾ ਜਬਰ ਜ਼ੁਲਮ ਸਹਿ ਰਹੇ ਲੋਕਾਂ ਨਾਲ ਹਮਦਰਦੀ ਕਰਨਾ ਅਤੇ ਜ਼ੁਲਮ ਕਰ ਰਹੀ ਧਿਰ ਨੂੰ ਕਰੜੇ ਸ਼ਬਦਾਂ ਵਿੱਚ ਨਿੰਦਣਾ ਹੈ। ਪਰਵਾਸੀ ਸਾਹਿਤਕਾਰਾਂ ਬਾਰੇ ਮਿਥਾਂ ਬਣ ਚੁੱਕੀਆਂ ਸਨ ਕਿ ਪਰਵਾਸੀ ਲੇਖਕਾਂ ਕੋਲ਼ ਭੂ-ਹੇਰਵੇ ਅਤੇ ਨਸਲੀ ਵਿਤਕਰੇ ਤੋਂ ਬਿਨਾ ਕੋਈ ਹੋਰ ਵਿਸ਼ਾ ਹੈ ਹੀ ਨਹੀਂ। ਦੂਜੀ ਮਿਥ ਇਹ ਸੀ ਕਿ ਜਿਹੜਾ ਲੇਖਕ ਜਿੱਥੇ ਰਹਿੰਦਾ, ਉੱਥੇ ਬਾਰੇ ਹੀ ਲਿਖ ਸਕਦਾ। ਦੂਜੇ ਦੇਸ਼ਾਂ ਬਾਰੇ ਜਾਂ ਦੂਜੇ ਸਭਿਆਚਾਰਾਂ ਬਾਰੇ ਉਹ ਓਨੀ ਸਫ਼ਲਤਾ ਨਾਲ ਨਹੀਂ ਲਿਖ ਸਕਦਾ। ਪਰਵਾਸੀ ਸਾਹਿਤ ਬਾਰੇ ਇਹ ਵੀ ਆਮ ਸੁਣਿਆ ਜਾਂਦਾ ਸੀ ਕਿ ਇਹ ਤਾਂ ਪੌਂਡਾਂ ਅਤੇ ਡਾਲਰਾਂ ਨਾਲ ਛਪਿਆ ਸਾਹਿਤ ਹੈ, ਇਹ ਮਿਆਰੀ ਸਾਹਿਤ ਨਹੀਂ। ਇਨ੍ਹਾਂ ਮਿਥਾਂ ਨੂੰ ਵੀ ਜਰਨੈਲ ਸਿੰਘ ਨੇ ਤੋੜਿਆ ਹੈ। ਉਸ ਦੇ ਲਿਖੇ ਕਹਾਣੀ ਸੰਗ੍ਰਹਿ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਕੁਰੂਕੁਸ਼ੇਤਰ ਯੂਨੀਵਰਸਿਟੀ ਦੇ ਐਮ. ਏ. ਪੰਜਾਬੀ ਦੇ ਸਿਲੇਬਸਾਂ ਵਿੱਚ ਪੜ੍ਹਾਏ ਜਾਂਦੇ ਹਨ।

ਜਰਨੈਲ ਸਿੰਘ ਦੇ ਲਿਖੇ ਕਹਾਣੀ ਸੰਗ੍ਰਿਹਾਂ ਵਿੱਚ ਉਸ ਨੇ ਯਥਾਰਥ ਨੂੰ ਕਲਾਤਮਿਕ ਢੰਗ ਨਾਲ ਬਿਆਨ ਕੀਤਾ ਹੈ। ਉਸ ਦੀਆਂ ਕਿਸਾਨੀ ਜੀਵਨ ਬਾਰੇ ਲਿਖੀਆਂ ਕਹਾਣੀਆਂ ਦਾ ਵਿਸ਼ਾ ਵਸਤੂ ਅੱਜ ਵੀ ਓਨਾ ਹੀ ਮਹੱਤਵਪੂਰਨ ਹੈ ਜਿੰਨਾ ਇਹ ਪੈਂਤੀ ਚਾਲ਼ੀ ਸਾਲ ਪਹਿਲਾਂ ਸੀ। ਅੱਜ ਦੇ ਕਿਸਾਨੀ ਅੰਦੋਲਨ ਦੇ ਸੰਦਰਭ ਵਿੱਚ ‘ਬੋਹਲ਼ ਦੇ ਰਾਖੇ’ ਕਹਾਣੀ ਪੂਰੀ ਉੱਤਰਦੀ ਹੈ। ਫੇਰ ਉਸ ਨੇ ਸੈਨਿਕ ਜੀਵਨ ਦੀਆਂ ਸਚਾਈਆਂ ਨੂੰ ਬਿਆਨ ਕਰਦਿਆਂ ਇਹ ਵੀ ਦੱਸਿਆ ਕਿ ਆਰਥਿਕ ਮੰਦਹਾਲੀ ਕਰਕੇ ਹੀ ਬਹੁਤ ਸਾਰੇ ਨੌਜੁਆਨ ਫੌਜ ਵਿੱਚ ਭਰਤੀ ਹੁੰਦੇ ਹਨ। ਜੰਗ ਦੌਰਾਨ ਹੀ ਉਨ੍ਹਾਂ ਨੂੰ ਵਡਿਆਇਆ ਜਾਂਦਾ ਹੈ, ਉਸ ਤੋਂ ਬਆਦ ਉਨ੍ਹਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਹੁੰਦੀ। ਉਹ ਮਾਨਵੀ ਰਿਸ਼ਤਿਆਂ ਨੂੰ ਪਹਿਲ ਦਿੰਦਾ, ਆਪਣੀਆਂ ਕਹਾਣੀਆਂ ਵਿੱਚ ਜੰਗ ਦਾ ਵਿਰੋਧ ਕਰਦਾ ਦੱਸਦਾ ਹੈ ਕਿ ਇੱਕ ਮਨੁੱਖ ਕਿਵੇਂ ਦੂਜੇ ਮਨੁੱਖ ਨੂੰ ਦੁਸ਼ਮਣ ਮੰਨ ਕੇ ਮਾਰਦਾ ਹੈ। ਦੂਜੇ ਪਾਸੇ ਰਾਜਨੀਤਿਕ ਲੋਕ ਆਪਣੀ ਧੌਂਸ ਮਨਵਾਉਣ ਲਈ, ਦੂਜੇ ਮੁਲਕਾਂ ਨੂੰ ਡਰਾਉਣ ਧਮਕਾਉਣ ਲਈ ਕਿਸ ਤਰ੍ਹਾਂ ਨੌਜਵਾਨਾਂ ਨੂੰ ਮੌਤ ਦੀ ਭੱਠੀ ਵਿੱਚ ਝੋਕ ਰਹੇ ਹਨ। ਜਰਨੈਲ ਸਿੰਘ ਨੇ ਕਹਾਣੀਆਂ ਲਈ ਸਮੇਂ ਦੇ ਹਾਣ ਦੇ, ਵਿਸ਼ੇ ਚੁਣੇ ਜਿਨ੍ਹਾਂ ਬਾਰੇ ਪਹਿਲਾਂ ਬਹੁਤ ਘੱਟ ਲਿਖਿਆ ਗਿਆ ਹੈ। ਜਿੱਥੇ ਜਰਨੈਲ ਸਿੰਘ ਨੇ ‘ਦੋ ਟਾਪੂ’, ‘ਟਾਵਰਜ਼’, ‘ਕਾਲ਼ੇ ਵਰਕੇ’ ਅਤੇ ‘ਪੱਤਿਆਂ ਨਾਲ ਢਕੇ ਜਿਸਮ’ ਵਰਗੀਆਂ ਗਲੋਬਲੀ ਸਰੋਕਾਰਾਂ ਵਾਲ਼ੀਆਂ ਕਹਾਣੀਆਂ ਪੂਰੀ ਸੂਝ ਬੂਝ ਨਾਲ ਲਿਖੀਆਂ, ਉੱਥੇ ਜੰਗ ਤੋਂ ਬਾਅਦ ਜੰਗੀ ਵਿਧਵਾਵਾਂ ਜਿਨ੍ਹਾਂ ਹਾਲਤਾਂ ਵਿੱਚੀਂ ਲੰਘਦੀਆਂ ਹਨ, ਉਨ੍ਹਾਂ ਦੇ ਦੁੱਖਾਂ ਦਰਦਾਂ ਨੂੰ ‘ਮੁਹਾਜ਼’ ਵਰਗੀਆਂ ਕਹਾਣੀਆਂ ਰਾਹੀਂ ਬਿਆਨ ਕਰਨਾ ਵੀ ਜਰਨੈਲ ਸਿੰਘ ਦੇ ਹਿੱਸੇ ਹੀ ਆਇਆ ਹੈ। ਬਹੁਤੇ ਪੰਜਾਬੀ ਸਾਹਿਤਕਾਰ ਕਹਾਣੀ, ਨਾਵਲ ਲਿਖਣ ਲੱਗੇ ਆਪਣੇ ਭਾਈਚਾਰੇ ਦੇ ਪਾਤਰਾਂ ਰਾਹੀਂ ਕਹਾਣੀਆਂ ਨਾਵਲਾਂ ਦੀ ਸਿਰਜਣਾ ਕਰਦੇ ਹਨ ਪਰ ਜਰਨੈਲ ਸਿੰਘ ਨੇ ਆਪਣੀਆਂ ਕਹਾਣੀਆਂ ਵਿੱਚ ਪੱਛਮੀ ਸਭਿਆਚਾਰ ਦੇ ਅਤੇ ਪੰਜਾਬੀ ਸਭਿਆਚਾਰ ਦੇ ਪਾਤਰਾਂ ਨੂੰ ਲੈ ਕੇ ਪ੍ਰਤੀਕਕਰਨ ਦੀਆਂ ਜੁਗਤਾਂ ਸਫ਼ਲਤਾ ਨਾਲ ਵਰਤ ਕੇ ਨਵੀਆਂ ਪਿਰਤਾਂ ਪਾਈਆਂ ਹਨ। ਪਰਵਾਸੀ ਜੀਵਨ ਦੀਆਂ ਦੁਸ਼ਵਾਰੀਆਂ ਦੀ ਦਾਸਤਾਨ ਨੂੰ ਬੜੀ ਸ਼ਿੱਦਤ ਨਾਲ ਪੇਸ਼ ਕੀਤਾ ਹੈ। ਪਿਛਲੇ ਦਿਨੀਂ ਉਨ੍ਹਾਂ ਨਾਲ ਇੱਕ ਲੰਬੀ ਮੁਲਾਕਾਤ ਕੀਤੀ ਗਈ ਜਿਸਦੇ ਕੁੱਝ ਅੰਸ਼ ਪਾਠਕਾਂ ਨਾਲ ਸਾਂਝੇ ਕਰਨ ਦੀ ਖੁਸ਼ੀ ਲੈ ਰਹੇ ਹਾਂ।

? ਜਰਨੈਲ ਸਿੰਘ ਜੀ ਆਪਣੇ ਜਨਮ ਅਤੇ ਬਚਪਨ ਬਾਰੇ ਦੱਸੋ?
: ਮੈਂ ਇੱਕ ਸਧਾਰਨ ਜਿਹੇ ਕਿਸਾਨੀ ਪਰਿਵਾਰ ਦਾ ਜੰਮਪਲ ਹਾਂ। ਮੇਰਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੇਘੋਵਾਲ ਗੰਜਿਆਂ ਵਿਖੇ 1944 ਨੂੰ ਹੋਇਆ। ਮੇਰੇ ਪਿਤਾ ਜੀ ਦਾ ਨਾਂ ਸ੍ਰ. ਮਹਿੰਦਰ ਸਿੰਘ ਅਤੇ ਮਾਤਾ ਜੀ ਦਾ ਨਾਂ ਭਾਗ ਕੌਰ ਸੀ। ਮੈਂ ਉਨ੍ਹਾਂ ਦਾ ਚੌਥਾ ਬੱਚਾ ਹਾਂ। ਦੋ ਭੈਣਾਂ ਅਤੇ ਇੱਕ ਭਰਾ ਮੇਰੇ ਤੋਂ ਵੱਡੇ ਹਨ ਅਤੇ ਇੱਕ ਭਰਾ ਛੋਟਾ। ਉਦੋਂ ਜ਼ਿੰਦਗੀ ਬਹੁਤ ਸਾਦੀ ਸੀ। ਘਰਾਂ ਵਿੱਚ ਬੱਚਿਆਂ ਲਈ ਅੱਜ ਵਰਗੀਆਂ ਸਹੂਲਤਾਂ ਨਹੀਂ ਸਨ। ਮੈਂ ਆਪਣੇ ਹਾਣੀਆਂ ਨਾਲ ਲੁਕਣ ਮੀਚੀ, ਕੋਟਲਾ ਛਪਾਕੀ, ਗੁੱਲੀ ਡੰਡਾ, ਪਿੱਠੂ ਕਾਇਮ ਵਰਗੀਆਂ ਮੁਫ਼ਤ ਦੀਆਂ ਖੇਡਾਂ ਨਾਲ ਹੀ ਮਨ ਦੇ ਚਾਅ ਪੂਰੇ ਕਰ ਲੈਂਦਾ ਸਾਂ। ਮੈਂ ਬੋਲਦਾ ਘੱਟ, ਸੋਚਦਾ ਜ਼ਿਆਦਾ ਅਤੇ ਹਰ ਕੰਮ ਨੂੰ ਨੀਝ ਨਾਲ ਕਰਦਾ ਸਾਂ। ਮਿਸਾਲ ਦੇ ਤੌਰ ੱਤੇ ਜਦੋਂ ਮੈਂ ਤੇ ਮੇਰਾ ਵੱਡਾ ਭਰਾ ਪੱਠੇ ਵੱਢਦੇ ਤਾਂ ਮੇਰਾ ਟੱਕ ਉਸ ਨਾਲੋਂ ਸਾਫ਼ ਤੇ ਸੁਥਰਾ ਹੁੰਦਾ ਸੀ।

? ਆਪਣੇ ਪਰਿਵਾਰ ਬਾਰੇ ਦੱਸੋ? ਪਰਿਵਾਰਕ ਮਾਹੌਲ ਕਿਹੋ ਜਿਹਾ ਸੀ?
: ਮੇਰੇ ਬਾਪੂ ਜੀ ਆਪਣੇ ਜ਼ਮਾਨੇ ਦੀਆਂ ਪੰਜ ਜਮਾਤਾਂ ਪੜ੍ਹੇ ਹੋਏ ਸਨ। ਉਹ ਸਤਾਈ ਅੱਠਾਈ ਸਾਲ ਦੀ ਉਮਰ ਤੋਂ ਲੈ ਕੇ ਆਪਣੇ ਆਖ਼ਰੀ ਸਮੇਂ ਤਕ ਪਿੰਡ ਦੀ ਪੰਚਾਇਤ ਦੇ ਮੈਂਬਰ ਰਹੇ। ਪਿੰਡ ਵਾਲਿਆਂ ਨੇ ਦੋ ਵਾਰ ਉਨ੍ਹਾਂ ਨੂੰ ਸਰਪੰਚ ਵੀ ਬਣਾਉਣਾ ਚਾਹਿਆ ਪਰ ਪਰਿਵਾਰ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਦੇ ਮੱਦੇ ਨਜ਼ਰ ਉਨ੍ਹਾਂ ਨਾਂਹ ਕਰ ਦਿੱਤੀ। ਪੰਜਾਬ ਵਿੱਚ ਮੁਰੱਬੇਬੰਦੀ ਸਮੇਂ ਉਹ ਪਿੰਡ ਦੀ ਮੁਰੱਬੇਬੰਦੀ ਕਮੇਟੀ ਦੇ ਮੀਤ ਪ੍ਰਧਾਨ ਸਨ। ਗੁਰਦੁਆਰਾ ਸੁਧਾਰ ਲਹਿਰ ਸਮੇਂ ਉਹ ਜੈਤੋ ਦੇ ਮੋਰਚੇ ਵਿੱਚ ਗਏ ਸਨ। ਉਨ੍ਹਾਂ ਨੂੰ ਸਿੱਖ ਇਤਿਹਾਸ ਬਾਰੇ ਕਾਫ਼ੀ ਜਾਣਕਾਰੀ ਸੀ। ਉਸ ਗਿਆਨ ਵਿੱਚੋਂ ਉਹ ਸਾਨੂੰ ਗੁਰੂ ਸਾਹਿਬਾਨਾਂ ਅਤੇ ਸਿਦਕਵਾਨ ਸਿੰਘਾਂ ਦੇ ਕਰਤਵ ਸੁਣਾਇਆ ਕਰਦੇ ਸਨ। ਕਦੇ ਕਦੇ ਉਹ ਆਪਣੇ ਅਤੇ ਸਾਡੇ ਬਾਬਾ ਜੀ ਦੇ ਜੀਵਨ ਸੰਘਰਸ਼ ਦੀ ਹੱਡ ਬੀਤੀ ਛੁਹ ਲੈਂਦੇ। ਸਾਡੀ ਬੀਬੀ (ਮਾਤਾ ਜੀ) ਵੀ ਮੌਕੇ ਅਨੁਸਾਰ ਸਿੱਖ ਮੱਤ ਦਿੰਦੀ ਸੀ ਪਰ ਸਿੱਧੇ ਤੌਰ ੱਤੇ ਨਹੀਂ। ਦੂਰ ਦੇ ਜਾਂ ਨੇੜਲੇ ਕਿਸੇ ਪਰਿਵਾਰ ਦੇ ਜੀਆਂ ਦੇ ਆਪਸੀ ਮੋਹ ਪਿਆਰ ਦੀਆਂ ਬਰਕਤਾਂ ਬਾਰੇ ਜਾਂ ਕਿਸੇ ਪਰਿਵਾਰ ਦੇ ਜੀਆਂ ਦੀ ਬੇਇਤਫ਼ਾਕੀ ਕਾਰਨ ਪਰਿਵਾਰ ਵਿੱਚ ਪਈ ਮੰਦਹਾਲੀ ਦੀਆਂ ਗੱਲਾਂ ਰਾਹੀਂ ਪਰਿਵਾਰ ਵਿੱਚ ਏਕਤਾ ਬਣਾਈ ਰੱਖਣ ਲਈ ਪ੍ਰੇਰਦੀ ਸੀ।
ਤੰਗੀਆਂ ਤੁਰਸ਼ੀਆਂ ਕਰਕੇ ਘਰ ਵਿੱਚ ਕਦੀ ਕਦੀ ਕੜਵਾਹਟ ਪੈਦਾ ਹੋ ਜਾਂਦੀ ਸੀ। ਪਰ ਸਾਰੇ ਜੀਆਂ ਦਾ ਆਪਸੀ ਮੋਹ ਤੇਹ ਕੜਵਾਹਟ ਨੂੰ ਸੰਘਣਾ ਨਹੀਂ ਸੀ ਹੋਣ ਦਿੰਦਾ। ਜੀਵਨ ਵਿਵਹਾਰ ਵਿੱਚ ਬਾਪੂ ਤੇ ਬੀਬੀ ਦੀ ਟੇਕ ਨੇਕ ਨੀਤੀ ੱਤੇ ਸੀ। ਭੈਣਾਂ ਭਰਾਵਾਂ ਦੇ ਆਪਸੀ ਪਿਆਰ ਦੀ ਸਿੱਖਿਆ, ਪ੍ਰੇਰਨਾ ਸਾਨੂੰ ਆਪਣੇ ਮਾਪਿਆਂ ਤੋਂ ਹੀ ਮਿਲ਼ੀ ਹੋਈ ਏ। ਅਸੀਂ ਤਿੰਨੇ ਭਰਾ ਤੇ ਦੋਵੇਂ ਭੈਣਾਂ ਹੁਣ ਪੋਤੇ ਪੋਤੀਆਂ ਵਾਲ਼ੇ ਹਾਂ। ਉਹੀ ਪਹਿਲਾਂ ਵਾਲਾ ਮੋਹ ਪਿਆਰ ਸਾਡੇ ਵਿੱਚ ਹੁਣ ਵੀ ਬਰਕਰਾਰ ਹੈ। ਭੈਣਾਂ ਭਰਾਵਾਂ ਦੇ ਬੱਚਿਆਂ ਵਿੱਚੋਂ ਅੱਧੇ ਕੁ ਕੈਨੇਡਾ ਵਿੱਚ ਅਤੇ ਅੱਧੇ ਕੁ ਇੰਡੀਆ ਵਿੱਚ ਹਨ। ਦੋਵੇਂ ਭਰਾ ਇੰਡੀਆ ਵਿੱਚ ਇੱਕੋ ਘਰ ਵਿੱਚ ਰਹਿੰਦੇ ਹਨ। ਖੇਤੀ ਸਾਂਝੀ ਅਤੇ ਰੋਟੀ ਆਪੋ ਆਪਣੀ। ਅਸੀਂ ਵੀ ਜਦੋਂ ਇੰਡੀਆ ਜਾਂਦੇ ਹਾਂ ਉਨ੍ਹਾਂ ਵਿੱਚ ਹੀ ਰਹਿੰਦੇ ਹਾਂ।

? ਸਕੂਲੀ ਪੜ੍ਹਾਈ ਬਾਰੇ ਦੱਸੋ, ਉਦੋਂ ਪੜ੍ਹਾਈ ਦਾ ਪੱਧਰ ਕਿਹੋ ਜਿਹਾ ਸੀ?
: ਮੈਂ ਚੌਥੀ ਜਮਾਤ ਤਕ ਆਪਣੇ ਪਿੰਡ ਦੇ ਪ੍ਰਇਮਰੀ ਸਕੂਲ ਵਿੱਚ ਪੜ੍ਹਿਆ। ਪੰਜਵੀਂ ਤੋਂ ਦਸਵੀਂ ਤਕ ਦੀ ਪੜ੍ਹਾਈ ਪਿੰਡ ਨਸਰਾਲ਼ਾ ਦੇ ਹਾਈ ਸਕੂਲ ਤੋਂ ਕੀਤੀ। ਪੰਜ ਕਿਲੋਮੀਟਰ ਤੁਰ ਕੇ ਜਾਣਾ ਅਤੇ ਆਉਣਾ। ਫੇਰ ਘਰ ਆ ਕੇ ਘਰਦਿਆਂ ਨਾਲ ਖੇਤੀ ਦਾ ਕੰਮ ਕਰਵਾਉਂਦਾ ਸਾਂ। ਪੜ੍ਹਾਈ ਦਾ ਮਿਆਰ ਅੱਜ ਦੇ ਮਿਆਰ ਨਾਲੋਂ ਬਹੁਤ ਚੰਗਾ ਸੀ। ਆਮ ਸਕੂਲਾਂ ਵਿੱਚ ਅਧਿਆਪਕ ਜ਼ਿੰਮੇਵਾਰੀ ਨਾਲ ਪੜ੍ਹਾਉਂਦੇ ਅਤੇ ਵਿਦਿਆਰਥੀ ਵੀ ਦਿਲ ਲਾ ਕੇ ਪੜ੍ਹਦੇ ਸਨ। ਸਾਡੇ ਸਕੂਲ ਦਾ ਹੈੱਡਮਾਸਟਰ ਸ੍ਰ. ਕੁੰਦਨ ਸਿੰਘ ਸੀਹਰਾ ਲਗਨ, ਮਿਹਨਤ, ਸਚਾਈ ਤੇ ਇਮਾਨਦਾਰੀ ਦਾ ਮੁਜੱਸਮਾ ਸੀ। ਉਹ ਕਿਤਾਬੀ ਪੜ੍ਹਾਈ ਦੇ ਨਾਲ ਨਾਲ ਇਨ੍ਹਾਂ ਗੁਣਾਂ ਦੀਆਂ ਰਿਸ਼ਮਾਂ ਵੀ ਵਿਦਿਆਰਥੀਆਂ ਦੇ ਮਨਾ ਵਿੱਚ ਸੰਚਾਰਦਾ ਰਹਿੰਦਾ। ਨੌਂਵੀਂ ਅਤੇ ਦਸਵੀਂ ਦੇ ਮੁੱਖ ਮਜ਼ਮੂਨ ਅੰਗਰੇਜ਼ੀ, ਗਣਿਤ, ਅਤੇ ਸਾਇੰਸ ਉਹ ਆਪ ਪੜ੍ਹਾਉਂਦਾ ਸੀ। ਦਸਵੀਂ ਦੇ ਵਿਦਿਆਰਥੀਆਂ ਨੂੰ ਦਸੰਬਰ ਤੋਂ ਮਾਰਚ ਤਕ ਸਕੂਲੇ ਰੱਖਦਾ। ਰਾਤ ਨੂੰ ਅਤੇ ਸਵੇਰੇ ਸਾਝਰੇ ਓਵਰਟਾਇਮ ਲਾ ਕੇ ਪੜ੍ਹਾਉਂਦਾ ਪਰ ਕੋਈ ਟਿਊਸ਼ਨ ਨਹੀਂ ਸੀ ਲੈਂਦਾ। ਬਾਪੂ ਜੀ ਤੋਂ ਇਲਾਵਾ ਜਿਸ ਸ਼ਖ਼ਸੀਅਤ ਦਾ ਮੇਰੀ ਜੀਵਨ ਉਸਾਰੀ ੱਤੇ ਪ੍ਰਭਾਵ ਪਿਆ, ਉਹ ਸ੍ਰ. ਕੁੰਦਨ ਸਿੰਘ ਸੀਹਰਾ ਸੀ।

? ਜਰਨੈਲ ਸਿੰਘ ਜੀ, ਕੈਨੇਡਾ ਆਉਣ ਦਾ ਸਬੱਬ ਕਦੋਂ ਤੇ ਕਿਸ ਤਰ੍ਹਾਂ ਬਣਿਆ?
: ਸਤਨਾਮ ਜੀ, ਮੇਰੇ ਮਨ ਵਿੱਚ ਪੱਛਮੀ ਮੁਲਕਾਂ ਦੀ ਸੈਰ ਕਰਨ ਦੀ ਇੱਛਾ ਸੀ। 1988 ਵਿੱਚ ਪ੍ਰੋਗਰਾਮ ਬਣ ਗਿਆ। ਮੈਨੂੰ ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਦੇ ਵੀਜ਼ੇ ਮਿਲ਼ ਗਏ। ਇੰਗਲੈਂਡ ਅਮਰੀਕਾ ਵਿੱਚ ਰਿਸ਼ਤੇਦਾਰਾਂ ਨੂੰ ਮਿਲਣ ਗਿਲਣ ਤੋਂ ਬਾਅਦ ਮੈਂ ਕੈਨੇਡਾ ਆਇਆ ਤਾਂ ਕੈਨੇਡਾ ਦੇ ਸਿਸਟਮ ਵਿਸ਼ੇਸ਼ ਕਰਕੇ ਸਿਹਤ, ਸਿੱਖਿਆ ਅਤੇ ਬਹੁ ਸਭਿਆਚਾਰਵਾਦ ਮੈਨੂੰ ਚੰਗੇ ਲੱਗੇ। ਬੱਚਿਆਂ ਦੇ ਚੰਗੇ ਭਵਿੱਖ ਬਾਰੇ ਸੋਚ ਕੇ ਇੱਥੇ ਰਹਿਣ ਦਾ ਪ੍ਰੋਗਰਾਮ ਬਣਾ ਲਿਆ।

? ਸਕੂਲੀ ਪੜ੍ਹਾਈ ਤੋਂ ਬਾਅਦ ਫੇਰ ਏਅਰ ਫੋਰਸ ਵਿੱਚ ਭਰਤੀ ਹੋਣ ਦਾ ਮਨ ਕਿਵੇਂ ਬਣਿਆ, ਕਿਸੇ ਦੀ ਪ੍ਰੇਰਨਾ ਜਾਂ ਤੁਹਾਡੇ ਆਪਣੇ ਮਨ ਦੀ ਖਾਹਿਸ਼?
: ਸਤਨਾਮ ਸਿੰਘ ਜੀ, ਅਸਲ ਗੱਲ ਤਾਂ ਇਹ ਹੈ ਕਿ ਮੈਨੂੰ ਨੌਕਰੀ ਚਾਹੀਦੀ ਸੀ। ਦਸਵੀਂ ਵਿੱਚੋਂ ਮੇਰੀ ਹਾਈ ਫਸਟ ਡਵੀਜ਼ਨ ਸੀ। ਅਗਾਂਹ ਪੜ੍ਹਨ ਦੀ ਬੜੀ ਰੀਝ ਸੀ ਪਰ ਘਰ ਦੀ ਪੇਤਲੀ ਆਰਥਿਕ ਹਾਲਤ ਕਾਰਨ ਕਾਲਜ ਦੀ ਪੜ੍ਹਾਈ ਨਸੀਬ ਨਾ ਹੋਈ। ਕੁੱਝ ਥਾਂਈਂ ਨੌਕਰੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਗੱਲ ਨਾ ਬਣੀ। ਆਦਮਪੁਰ ਦਾ ਹਵਾਈ ਅੱਡਾ ਸਾਡੇ ਪਿੰਡ ਤੋਂ ਅੱਠ ਕਿਲੋਮੀਟਰ ਹੈ। ਇੱਕ ਦਿਨ ਆਦਮਪੁਰ ਦੁਕਾਨ ੱਤੇ ਇੱਕ ਸਿੱਖ ਹਵਾਈ ਸੈਨਿਕ ਸਬਜ਼ੀ ਖ਼ਰੀਦ ਰਿਹਾ ਸੀ। ਮੈਂ ਉਸ ਨੂੰ ਏਅਰ ਫੋਰਸ ਦੀ ਭਰਤੀ ਬਾਰੇ ਪੁੱਛਿਆ। ਉਸ ਨੇ ਦੱਸਿਆ ਕਿ ਭਰਤੀ ਦਫਤਰ ਅੰਬਾਲੇ ਹੈ। ਭਰਤੀ ਕਰਨ ਵਾਲੇ ਪੰਜਾਬ ਦੇ ਸ਼ਹਿਰਾਂ ਵਿੱਚ ਟੂਰ ‘ਤੇ ਆਉਂਦੇ ਰਹਿੰਦੇ ਹਨ। ਦੋ ਕੁ ਮਹੀਨਿਆਂ ਬਾਅਦ ਗੁਰਦਾਸਪੁਰ ਭਰਤੀ ਹੋਈ। ਇਸੇ ਦੌਰਾਨ ਬਾਪੂ ਜੀ ਨੇ ਇੱਕ ਸਿਫ਼ਾਰਸ਼ ਵੀ ਲੱਭ ਲਈ। ਏਅਰ ਫੋਰਸ ਵਿੱਚ ਮੇਰੀ ਟਰੇਡ ਹਵਾਈ ਜਹਾਜ਼ਾਂ ਦੇ ਇੰਜਣਾਂ ਦੇ ਮਕੈਨਿਕ ਦੀ ਸੀ। ਇਸੇ ਸਰਵਿਸ ਦੌਰਾਨ ਮੈਂ ਅੱਗੇ ਪੜ੍ਹਦਾ ਵੀ ਰਿਹਾ। ਆਗਰੇ ਤੋਂ ਇੰਟਰਮੀਡੀਏਟ ਕੀਤੀ ਅਤੇ ਪੰਜਾਬ ਯੁਨੀਵਰਸਿਟੀ ਤੋਂ ਬੀ. ਏ. ਅਤੇ ਐ.ਮ. ਏ. (ਅੰਗਰੇਜ਼ੀ) ਅਤੇ ਪੰਜਾਬੀ ਯੁਨੀਵਸਿਟੀ ਪਟਿਆਲ਼ਾ ਤੋਂ ਐ.ਮ. ਏ. ਪੰਜਾਬੀ ਦੀਆਂ ਡਿਗਰੀਆਂ ਹਾਸਲ ਕੀਤੀਆਂ। ਸੋ ਸਾਰੀ ਪੜ੍ਹਾਈ ਪ੍ਰਾਈਵੇਟ ਵਿਦਿਆਰਥੀ ਦੇ ਤੌਰ ‘ਤੇ ਕੀਤੀ। ਏਅਰਫੋਰਸ ਸਾਰੇ ਭਾਰਤੀਆਂ ਦੀ ਰਲ਼ੀ ਮਿਲ਼ੀ ਸੈਨਾ ਹੈ। ਉਸ ਵਿੱਚ ਬੰਗਾਲੀ, ਮਰਾਠੀ, ਤੈਲਗੂ, ਮਲਿਆਲੀ ਅਤੇ ਗੁਜਰਾਤੀ, ਗੱਲ ਕੀ ਸਾਰੇ ਸੂਬਿਆਂ ਦੇ ਸੈਨਿਕ ਹੁੰਦੇ ਹਨ। ਇਸ ਕਰਕੇ ਉਨ੍ਹਾਂ ਸੰਗ ਵਿਚਰਦਿਆਂ ਉਨ੍ਹਾਂ ਦੀ ਰਹਿਣੀ ਬਹਿਣੀ, ਰਸਮੋਂ ਰਿਵਾਜਾਂ ਨੂੰ ਨੇੜਿਓਂ ਦੇਖਣ, ਸਮਝਣ ਦੇ ਮੌਕੇ ਮਿਲ਼ੇ। ਮੇਰੇ ਕਹਿਣ ਦਾ ਭਾਵ ਹੈ ਕਿ ਮੇਰੇ ਜੀਵਨ ਜਾਚ ਤੇ ਜੀਵਨ ਦ੍ਰਿਸ਼ਟੀ ਵਿੱਚ ਵਿਸ਼ਾਲਤਾ ਆਈ। ਪੰਦਰਾਂ ਸਾਲ ਬਾਅਦ ਏਅਰ ਫੋਰਸ ਤੋਂ ਰਿਟਾਇਰਮਿੰਟ ਲੈ ਲਈ।

? ਏਅਰ ਫੋਰਸ ਤੋਂ ਬਾਅਦ ਫੇਰ ਕੀ ਕੀਤਾ। ਕੋਈ ਹੋਰ ਨੌਕਰੀ ਕੀਤੀ ਜਾਂ ਫੇਰ ਰੀਟਾਇਰਡ ਜ਼ਿੰਦਗੀ ਬਤੀਤ ਕੀਤੀ?
: ਮੈਂ ਇਸ ਤੋਂ ਬਾਅਦ ਪੰਜਾਬ ਸਟੇਟ ਕੋਅਪ੍ਰੇਟਿਵ ਬੈਂਕ ਦੀ ਨੌਕਰੀ ਕੀਤੀ। ਫੇਰ ਕੈਨੇਡਾ ਆ ਕੇ ਇੱਥੋਂ ਦੇ ਸਾਬਕਾ ਫ਼ੌਜੀਆਂ ਦੀ ਸਿਕਿਉਰਟੀ ਕੰਪਨੀ ‘ਦਾ ਕੈਨੇਡੀਅਨ ਕੋਰ ਆਫ ਕਮਿਸ਼ਨੇਅਰ’ ਵਿੱਚ ਵੀਹ ਸਾਲ ਜੌਬ ਕੀਤੀ।

? ਸਾਹਿਤਕ ਸਫ਼ਰ ਕਿਵੇਂ ਸ਼ੁਰੂ ਹੋਇਆ?
: ਸਾਹਿਤਕ ਰੁਚੀਆਂ ਸਾਡੇ ਖ਼ਾਨਦਾਨ ਵਿੱਚ ਚੱਲੀਆਂ ਆ ਰਹੀਆਂ ਹਨ। ਮੇਰੇ ਬਾਬਾ ਜੀ ਸੂਫ਼ੀ ਸਾਹਿਤ ਦੇ ਰਸੀਆ ਸਨ। ਉਨ੍ਹਾਂ ਦੀਆਂ ਬੁੱਲੇ ਸ਼ਾਹ, ਸ਼ਾਹ ਹੁਸੈਨ, ਸੁਲਤਾਨ ਬਾਹੂ, ਅਤੇ ਹੋਰ ਸੂਫ਼ੀ ਕਵੀਆਂ ਦੀਆਂ ਕਿਤਾਬਾਂ ਘਰ ਵਿੱਚ ਪਈਆਂ ਸਨ। ਮੈਨੂੰ ਪੜ੍ਹਨ ਦੀ ਚੇਟਕ ਉਨ੍ਹਾਂ ਕਿਤਾਬਾਂ ਤੋਂ ਲੱਗੀ। ਬਾਪੂ ਜੀ ਕੋਲ਼ ਬਾਤਾਂ ਦਾ ਵੱਡਾ ਭੰਡਾਰ ਸੀ। ਉਨ੍ਹਾਂ ਦੀਆਂ ਬਾਤਾਂ ਲੰਬੀਆਂ ਹੁੰਦੀਆਂ ਸਨ। ਅੱਧੀ ਅੱਧੀ ਰਾਤ ਲੰਘ ਜਾਣੀ ਤਾਂ ਜਾ ਕੇ ਉਨ੍ਹਾਂ ਦੀ ਬਾਤ ਮੁੱਕਦੀ। ਉਹ ਬਾਤਾਂ ਤਾਂ ਰਾਜੇ ਰਾਣੀਆਂ ਬਾਰੇ ਸਨ ਪਰ ਉਨ੍ਹਾਂ ਵਿਚਲੇ ਗਲਪ ਦੇ ਤੱਤ ਅਚੇਤ ਰੂਪ ਵਿੱਚ ਮੇਰੇ ਅੰਦਰ ਵਸ ਗਏ। ਸਕੂਲ ਦੀ ਛੋਟੀ ਜਿਹੀ ਲਾਇਬਰੇਰੀ ਵਿੱਚ ਨਾਨਕ ਸਿੰਘ ਦੇ ਦੋ ਨਾਵਲ ‘ਚਿੱਟਾ ਲਹੂ’, ਤੇ ‘ਆਦਮ ਖੋਰ’ ਮੈਂ ਨੀਝ ਨਾਲ ਪੜ੍ਹੇ ਸਨ। ਏਅਰ ਫੋਰਸ ਦੀ ਇੱਕ ਸਾਲ ਦੀ ਟ੍ਰੇਨਿੰਗ ਬਾਅਦ ਮੇਰੀ ਪੋਸਟਿੰਗ ਅਸਾਮ ਨੀਫਾ ਏਰੀਏ ਦੀ ਹੋਈ। ਉੱਥੋਂ ਦੀ ਪ੍ਰਕਿਰਤਕ ਸੁੰਦਰਤਾ ਨੇ ਮੈਨੂੰ ਮੋਹ ਲਿਆ। ਮੇਰਾ ਐਤਵਾਰ ਦਾ ਦਿਨ ਹਰੇ ਭਰੇ ਜੰਗਲਾਂ, ਦਰਿਆਵਾਂ, ਅਤੇ ਮੀਲਾਂ ਤਕ ਪਸਰੇ ਚਾਹ ਦੇ ਬਾਗ਼ਾਂ ਦੁਆਲ਼ੇ ਘੁੰਮਦਿਆਂ ਬੀਤਦਾ। ਉਨ੍ਹਾਂ ਦਿਨਾਂ ਵਿੱਚ ਹੀ ਮੈਂ ਨਾਨਕ ਸਿੰਘ, ਜਸਵੰਤ ਸਿੰਘ ਕੰਵਲ ਅਤੇ ਗੁਰਦਿਆਲ ਸਿੰਘ ਦੇ ਕਈ ਨਾਵਲ ਪੜ੍ਹੇ। ਤੇ ਮੈਨੂੰ ਆਪਣੇ ਅੰਦਰੋਂ ਆਵਾਜ਼ ਸੁਣਨ ਲੱਗ ਪਈ, “ਮੈਂ ਵੀ ਨਾਵਲ ਲਿਖ ਸਕਦਾਂ।” ਆਪਣੀ ਟਰੇਡ ਨਾਲ ਸੰਬੰਧਤ ਕੋਰਸਾਂ ਦੀ ਪੜ੍ਹਾਈ ਵਿੱਚੋਂ ਟਾਈਮ ਕੱਢ ਕੇ ਮੈਂ ਦੋ ਕੁ ਸਾਲਾਂ ਵਿੱਚ ‘ਸੰਜੋਗ ਵਿਜੋਗ’ ਨਾਂ ਦਾ ਨਾਵਲ ਲਿਖਿਆ। ਇੱਕ ਪਾਰਖੂ ਨੂੰ ਪੜ੍ਹਾਇਆ। ਉਸ ਅਨੁਸਾਰ ਨਾਵਲ ਦੇ ਪਲਾਟ ਦੀ ਬੁਣਤਰ ਤੇ ਪਾਤਰਾਂ ਦੀ ਮਨੋਵਿਗਿਆਨਕ ਅਵਸਥਾ ਨਾਵਲ ਦੇ ਗੁਣ ਸਨ ਮੌਲਿਕਤਾ ਦੀ ਘਾਟ ਅਤੇ ਆਦਰਸ਼ਵਾਦ ਵੱਡੇ ਔਗੁਣ। ਉਸ ਦੀ ਰਾਏ ਮੈਨੂੰ ਠੀਕ ਜਾਪੀ। ਨਾਵਲ ਨੂੰ ਦੁਬਾਰਾ ਲਿਖਣ ਦੀ ਸੋਚ ਕੇ ਮੈਂ ਛਪਵਾਉਣ ਦੀ ਕਾਹਲ ਤਿਆਗ ਦਿੱਤੀ।

? ਫੇਰ ਕਹਾਣੀ ਨਾਲ ਕਿਵੇਂ ਜੁੜੇ?
: ਇੰਟਰਮੀਡੀਏਟ ਕਰਨ ਦਾ ਮੇਰਾ ਮੁੱਖ ਮੰਤਵ ਕਮਿਸ਼ੰਡ ਅਫ਼ਸਰ ਬਣਨਾ ਸੀ ਕਿਉਂਕਿ ਉਸ ਵਾਸਤੇ ਘੱਟੋ ਘੱਟ ਵਿੱਦਿਅਕ ਯੋਗਤਾ ਇੰਟਰਮੀਡੀਏਟ ਸੀ। ‘ਸਰਵਿਸਜ਼ ਸਲੈਕਸ਼ਨ ਬੋਰਡ’ ਦੇ ਇਮਤਿਹਾਨ ਪਾਸ ਕਰਨ ਲਈ ਮੈਂ ਤੇ ਮੇਰੇ ਦੋ ਦੋਸਤਾਂ ਨੇ ਕਾਫ਼ੀ ਮਿਹਨਤ ਕੀਤੀ। ਮੇਰੇ ਦੋਵੇਂ ਦੋਸਤ ਜ਼ਮੀਨੀ ਫੌਜ ਵਿੱਚ ਲੈਫ਼ਟੀਨੈਂਟ ਸਲੈਕਟ ਹੋ ਗਏ। ਪਰ ਮੈਂ ਰਹਿ ਗਿਆ। ਏਅਰ ਫੋਰਸ ਦੀ ਸਧਾਰਨ ਨੌਕਰੀ ਬਿਹਤਰ ਭਵਿੱਖ ਵਾਲੀ ਨਹੀਂ ਸੀ। ਸੋ ਅਕਾਦਮਿਕ ਯੋਗਤਾ ਵਧਾਉਣ ਲਈ ਮੈਂ ਪੜ੍ਹਾਈ ਸ਼ੁਰੂ ਕਰ ਲਈ। ਐ.ਮ. ਏ. ਪੰਜਾਬੀ ਦੇ ਸਿਲੇਬਸ ਵਿੱਚ ਤਿੰਨ ਕਹਾਣੀ ਸੰਗ੍ਰਹਿ ਲੱਗੇ ਹੋਏ ਸਨ: ਸੁਜਾਨ ਸਿੰਘ ਦਾ ‘ਦੁੱਖ ਸੁੱਖ’, ਕਰਤਾਰ ਸਿੰਘ ਦੁੱਗਲ ਦਾ ‘ਪਾਰੇ ਮੈਰੇ’ ਅਤੇ ਕੁਲਵੰਤ ਸਿੰਘ ਵਿਰਕ ਦਾ ‘ਨਵੇਂ ਲੋਕ।’ ਇਨ੍ਹਾਂ ਕਹਾਣੀਆਂ ਨੂੰ ਬੜੀ ਨੀਝ ਨਾਲ ਪੜ੍ਹਦਿਆਂ ਅਤੇ ਕਹਾਣੀ ਦੇ ਰੂਪ, ਟੈਕਨੀਕ, ਬਣਤਰ ਆਦਿ ਬਾਰੇ ਪ੍ਰੋਫੈਸਰਾਂ ਦੇ ਲੇਖਾਂ ਨੂੰ ਪੜ੍ਹਦਿਆਂ ਵਿਚਾਰਦਿਆਂ ਮੈਂ ਕਹਾਣੀ ਦੀ ਵਿਧਾ ਵੱਲ ਖਿੱਚਿਆ ਗਿਆ। ਆਪਣੇ ਨਾਵਲ ਨੂੰ ਸੋਧ ਕੇ ਲਿਖਣ ਦਾ ਵਿਚਾਰ ਛੱਡ ਕੇ ਮੈਂ ਕਹਾਣੀ ਨਾਲ ਜੁੜ ਗਿਆ।

? ਅੱਛਾ ਜੀ ਪਹਿਲਾਂ ਤਾਂ ਇਹ ਦੱਸੋ ਕਿ ਕਹਾਣੀਕਾਰ ਜਰਨੈਲ ਸਿੰਘ ਨੂੰ ਇਸਦੇ ਪਰਿਵਾਰਕ ਪਿਛੋਕੜ ਕਿਸਾਨੀ ਅਤੇ ਏਅਰ ਫੋਰਸ ਦਾ ਕਿੱਤਾ ਕਹਾਣੀ ਲਿਖਣ ਲਈ ਕਿੰਨਾ ਕੁ ਸਹਾਈ ਹੋਇਆ ਜਾਂ ਕਿੰਨਾ ਕੁ ਰੁਕਾਵਟ ਬਣਿਆ? ਕੀ ਕਦੇ ਕੋਈ ਪਰਿਵਾਰਕ ਮੈਂਬਰ ਵੀ ਤੁਹਾਡੀਆਂ ਕਹਾਣੀਆਂ ਵਿੱਚ ਪਾਤਰ ਦੇ ਰੂਪ ਵਿੱਚ ਪ੍ਰਗਟ ਹੋਇਆ?
: ਕਿਸਾਨੀ ਅਤੇ ਫੌਜ ਦਾ ਅਨੁਭਵ ਬਹੁਤ ਹੀ ਸਹਾਈ ਹੋਇਆ। ਮੇਰੇ ਪਹਿਲੇ ਤਿੰਨ ਸੰਗ੍ਰਿਹਾਂ ‘ਮੈਨੂੰ ਕੀ’, ‘ਮਨੁੱਖ ਤੇ ਮਨੁੱਖ’ ਅਤੇ ‘ਸਮੇਂ ਦੇ ਹਾਣੀ’ ਦੀਆਂ ਕਹਾਣੀਆਂ ਕਿਸਾਨੀ ਅਤੇ ਫੌਜੀ ਜੀਵਨ ਨਾਲ ਸੰਬੰਧਿਤ ਕਹਾਣੀਆਂ ਇਸ ਨੇੜਲੇ ਅਨੁਭਵ ਵਿੱਚੋਂ ਹੀ ਉਪਜੀਆਂ ਹਨ। ਮੇਰਾ ਕਹਾਣੀ ਰਚਣ ਦਾ ਕਾਰਜ ਸਵੈ ਅਤੇ ਘਰ ਪਰਿਵਾਰ ਤੋਂ ਸ਼ੁਰੂ ਹੋਇਆ। ‘ਚਾਬੀ’, ‘ਬੂਸਟਰ’, ਅਤੇ ‘ਸਿਆਹੀ ਫੈਲ ਗਈ’ ਵਿੱਚ ਮੈਂ ਸਵੈ, ਪਤਨੀ ਅਤੇ ਬੇਟਿਆਂ ਨੂੰ ਪਾਤਰ ਬਣਾਇਆ। ਕਹਾਣੀ ‘ਕਾਣਸੂਤੇ ਵਗਦੇ ਬਲਦ’ ਦੇ ਪਾਤਰ ਮੇਰੀ ਬੀਬੀ ਅਤੇ ਭਰਾ ਹਨ। ਕਹਾਣੀ ‘ਕੰਡਿਆਲ਼ੀ ਧਰਤੀ’ ਦੇ ਮੁੱਖ ਪਾਤਰ ਕੁੰਦਨ ਨੂੰ ਮੈਂ ਆਪਣੇ ਛੋਟੋ ਭਰਾ ਵਿੱਚੋਂ ਉਸਾਰਿਆ। ਕਹਾਣੀ ‘ਬੰਨ੍ਹ ਉਠਾਈ ਪੋਟਲੀ’ ਦਾ ਮੁੱਖ ਪਾਤਰ ਚੰਨਣ ਸਿੰਘ ਮੇਰਾ ਮਾਮਾ ਹੈ।

? ਸੁਣਿਆ ਹੈ ਕਿ ਭਾਰਤੀ ਫੌਜ ਵਿੱਚ ਅੰਗਰੇਜ਼ੀ ਅਤੇ ਹਿੰਦੀ ਦਾ ਬੋਲਬਾਲਾ ਹੈ। ਤੁਸੀਂ ਪੰਜਾਬੀ ਨਾਲ ਕਿਵੇਂ ਜੁੜੇ ਖ਼ਾਸ ਕਰਕੇ ਪੰਜਾਬੀ ਸਾਹਿਤ ਨਾਲ?
: ਤੁਹਾਡੀ ਗੱਲ ਬਿਲਕੁਲ ਠੀਕ ਹੈ। ਏਅਰ ਫੋਰਸ ਵਿੱਚ ਬੋਲਚਾਲ ਲਿਖਣ ਪੜ੍ਹਨ ਦਾ ਮਾਧਿਅਮ ਅੰਗਰੇਜ਼ੀ ਸੀ। ਮੇਰੀ ਆਖ਼ਰੀ ਪੋਸਟਿੰਗ ਚੰਡੀਗੜ੍ਹ ਸੀ। ਉਸ ਤੋਂ ਪਹਿਲੇ ਬਾਰਾਂ ਸਾਲ ਮੈਂ ਪੰਜਾਬ ਤੋਂ ਦੂਰ ਹੀ ਰਿਹਾ। ਉੱਥੇ ਅਖ਼ਬਾਰਾਂ ਵੀ ਅੰਗਰੇਜ਼ੀ ਵਿੱਚ ਮਿਲ਼ਦੀਆਂ ਸਨ। ਪੰਜਾਬੀ ਅਖ਼ਬਾਰਾਂ ਮੈਂ ਚੰਡੀਗੜ੍ਹ ਆ ਕੇ ਹੀ ਪੜ੍ਹੀਆਂ। ਪੰਜਾਬੀ ਦੀ ਐ.ਮ. ਏ. ਵੀ ਚੰਡੀਗੜ੍ਹ ਰਹਿੰਦਿਆਂ ਕੀਤੀ। ਸੋ ਮੈਂ ਆਪਣੀ ਭਾਸ਼ਾ ਅਤੇ ਸਾਹਿਤ ਨਾਲ ਫੌਜ ਦੀ ਨੌਕਰੀ ਦੇ ਆਖ਼ਰੀ ਤਿੰਨ ਸਾਲ਼ਾ ਦੌਰਾਨ ਹੀ ਜੁੜ ਸਕਿਆਂ।

? ਜਰਨੈਲ ਜੀ, ਆਮ ਲੋਕਾਂ ਦਾ ਇਹ ਵੀ ਵਿਚਾਰ ਹੈ ਕਿ ਫੌਜ ਵਿੱਚ ਕੰਮ ਕਰਨ ਵਾਲ਼ੇ ਲੋਕਾਂ ਦੀ ਸਾਹਿਤਕ ਦਿਲਚਸਪੀ ਨਹੀਂ ਹੁੰਦੀ। ਕੁੱਝ ਹੱਦ ਤਕ ਇਹ ਠੀਕ ਜਾਪਦਾ ਵੀ ਹੈ ਕਿ ਫੌਜ ਵਿੱਚ ਰਹੇ ਜਾਂ ਰਿਟਾਇਰਡ ਹੋਏ ਗਿਣਤੀ ਦੇ ਹੀ ਸਾਹਿਤਕਾਰ ਹੋਏ ਹਨ। ਤੁਸੀਂ ਇਸ ਸੰਦਰਭ ਵਿੱਚ ਕੀ ਕਹਿਣਾ ਚਾਹੋਂਗੇ?
: ਸਾਹਿਤਕ ਦਿਲਚਸਪੀ ਵੈਸੇ ਤਾਂ ਸਮੁੱਚੇ ਪੰਜਾਬੀ ਸਮਾਜ ਵਿੱਚ ਹੀ ਘੱਟ ਹੈ। ਪਰ ਫੌਜ ਵਿੱਚ ਪੰਜਾਬੀਆਂ ਦੀ ਨਫ਼ਰੀ ਮੁਤਾਬਿਕ ਫੌਜੀ ਸਾਹਿਤਕਾਰ ਵਾਕਿਆ ਹੀ ਘੱਟ ਹਨ। ਮੇਰੇ ਵਿਚਾਰ ਅਨੁਸਾਰ ਇਸਦਾ ਕਾਰਨ ਫੌਜੀਆਂ ਦੀ ਡਸਿਪਲਨ ਵਿੱਚ ਬੱਝੀ ਜ਼ਿੰਦਗੀ ਹੈ। ਇਹ ਡਸਿਪਲਨ ਉਨ੍ਹਾਂ ਉੱਤੇ ਸਰੀਰਕ ਹੀ ਨਹੀਂ ਸਗੋਂ ਉਨ੍ਹਾਂ ਦੀ ਸੋਚਣੀ ‘ਤੇ ਵੀ ਛਾਇਆ ਹੁੰਦਾ ਹੈ। ਖ਼ੈਰ ਸਾਡੇ ਫੌਜੀ ਸਾਹਿਤਕਾਰ, ਜਸਬੀਰ ਭੁੱਲਰ, ਨਰਿੰਦਰਪਾਲ ਸਿੰਘ, ਪ੍ਰਗਟ ਸਿੰਘ ਸਿੱਧੂ, ਦਲਬੀਰ ਚੇਤਨ ਤੇ ਤੁਹਾਡੇ ਨਾਲ ਗੱਲ ਕਰ ਰਿਹਾ ਲੇਖਕ ਭਾਵੇਂ ਗਿਣਤੀ ਦੇ ਪੱਖ ਤੋਂ ਤਾਂ ਥੋੜ੍ਹੇ ਹਨ ਪਰ ਗੁਣਾਂ ਪੱਖੋਂ ਸਮਰੱਥ ਮੰਨੇ ਜਾਂਦੇ ਹਨ।

? ਕੁੱਝ ਲੋਕਾਂ ਤੋਂ ਇਹ ਪ੍ਰਭਾਵ ਵੀ ਮਿਲਦਾ ਹੈ ਕਿ ਫੌਜ ਵਿੱਚ ਸਾਹਿਤਕ ਕੰਮਾਂ ਲਈ ਸਮਾਂ ਨਹੀਂ ਮਿਲ਼ਦਾ ਅਤੇ ਵੱਡੇ ਅਫਸਰ ਇਨ੍ਹਾਂ ਕੰਮਾਂ ਨੂੰ ਚੰਗਾ ਵੀ ਨਹੀਂ ਸਮਝਦੇ। ਸਾਹਿਤਕ ਸ਼ੌਕ ਲੁਕ ਛਿਪ ਕੇ ਹੀ ਪੂਰਾ ਕਰਨਾ ਪੈਂਦਾ ਹੈ। ਸੱਚ ਕੀ ਹੈ, ਇਹਦੇ ਬਾਰੇ ਦੱਸੋ?
: ਏਅਰ ਫੋਰਸ ਵਿੱਚ ਸਮਾਂ ਮਿਲ਼ ਜਾਂਦਾ ਹੈ। ਕੰਮ ਦੇ ਘੰਟੇ ਆਮ ਤੌਰ ‘ਤੇ ਸਾਢੇ ਸੱਤ ਤੋਂ ਢਾਈ ਵਜੇ ਤਕ ਹੁੰਦੇ ਹਨ। ਸ਼ਾਮ ਨੂੰ ਪੀਟੀ ਵਗੈਰਾ ਨਹੀਂ ਹੁੰਦੀ। ਇਸ ਵਿਹਲ ਦਾ ਫ਼ਾਇਦਾ ਉਠਾ ਕੇ ਕਾਫ਼ੀ ਹਵਾਈ ਸੈਨਿਕ ਇੰਜਨੀਅਰਿੰਗ, ਸੋਸ਼ਲ ਸਾਇੰਸਜ਼, ਲਿਟਰੇਚਰ, ਵਕਾਲਤ ਆਦਿ ਦੀ ਪ੍ਰਾਈਵੇਟ ਪੜ੍ਹਾਈ ਕਰ ਲੈਂਦੇ ਹਨ। ਮੇਰਾ ਵੀ ਜ਼ਿਆਦਾ ਸਮਾਂ ਪੜ੍ਹਾਈ ਵਿੱਚ ਬੀਤਿਆ। ਏਅਰ ਫੋਰਸ ਛੱਡ ਕੇ ਕੋਈ ਹੋਰ ਨੌਕਰੀ ਜੁ ਕਰਨੀ ਸੀ। ਬਾਕੀ ਏਅਰ ਫੋਰਸ ਵਿੱਚ ਸਾਹਿਤਕ ਸ਼ੌਕ ਲੁਕ ਛਿਪ ਕੇ ਪੂਰਾ ਕਰਨ ਵਾਲੀ ਕੋਈ ਗੱਲ ਨਹੀਂ। ਹਾਂ, ਛਪਣ ਵਾਸਤੇ ਇਜਾਜ਼ਤ ਲੈਣੀ ਜ਼ਰੂਰੀ ਹੈ ਤੇ ਉਹ ਪ੍ਰੌਸੈਸ ਕੁੱਝ ਲੰਬਾ ਹੈ। ਖ਼ੈਰ ਮੈਂ ਤਾਂ ਆਪਣੀਆਂ ਕਹਾਣੀਆਂ ਦੀਆਂ ਕਿਤਾਬਾਂ ਏਅਰ ਫੋਰਸ ਨੂੰ ਛੱਡਣ ਤੋਂ ਬਾਅਦ ਹੀ ਛਪਾਉਣੀਆਂ ਸ਼ੁਰੂ ਕੀਤੀਆਂ।

? ਕੋਈ ਘਟਨਾ ਜਿਸ ਨੇ ਤੁਹਾਡੇ ਰਾਹੀਂ ਕਹਾਣੀ ਦਾ ਰੂਪ ਧਾਰਿਆ ਹੋਵੇ? ਕਿਸੇ ਕਹਾਣੀ ਦੇ ਹਵਾਲੇ ਨਾਲ ਗੱਲ ਕਰਨੀ ਚਾਹੋਗੇ?
: ਹਾਂ ਜੀ ਬਿਲਕੁਲ, ਘਟਨਾਵਾਂ ਤੇ ਸਥਿਤੀਆਂ ਕਈ ਕਹਾਣੀਆਂ ਦਾ ਅਧਾਰ ਬਣੀਆਂ ਹਨ। ਇੱਥੇ ਮੈਂ ‘ਕੰਡਿਆਲ਼ੀ ਧਰਤੀ’ ਦੇ ਹਵਾਲੇ ਨਾਲ ਗੱਲ ਕਰਾਂਗਾ। ਇਹ ਕਹਾਣੀ 1983 ਵਿੱਚ ਛਪੇ ਕਥਾ ਸੰਗ੍ਰਹਿ ‘ਮਨੁੱਖ ਤੇ ਮਨੁੱਖ’ ਵਿੱਚ ਦਰਜ ਹੈ। ਗੱਲ ਇਸ ਤਰ੍ਹਾਂ ਹੋਈ ਕਿ ਸਾਡੇ ਪਿੰਡ ਦੇ ਖੇਤ-ਮਜ਼ਦੂਰ ਪਾਲ ਸਿੰਘ ਦਾ ਚੰਡੀਗੜ੍ਹ ਨੌਕਰੀ ਕਰਦਾ ਪੁੱਤ ਪਰਿਵਾਰ ਸਮੇਤ ਕੁੱਝ ਦਿਨਾਂ ਲਈ ਪਿੰਡ ਆਇਆ। ਉਹਦੇ ਨਿਆਣੇ ਛੱਲੀਆਂ ਚੱਬਣੀਆਂ ਚਾਹੁੰਦੇ ਸਨ। ਆਮ ਖੇਤਾਂ ਵਿੱਚ ਛੱਲੀਆਂ ਦੀ ਫ਼ਸਲ ਪੱਕ ਚੁੱਕੀ ਸੀ। ਪਾਲ ਸਿੰਘ ਅਕਸਰ ਹੀ ਸਾਡੇ ਨਾਲ ਕੰਮ ਕਰਾਉਣ ਆਉਂਦਾ ਹੁੰਦਾ ਸੀ ਤੇ ਉਸ ਨੂੰ ਸਾਡੀ ਜ਼ਮੀਨ ਵਿੱਚ ਪਛੇਤੀ ਮੱਕੀ ਦੀ ਫ਼ਸਲ ਦਾ ਪਤਾ ਸੀ। ਉਹ ਛੱਲੀਆਂ ਲੈਣ ਮੇਰੇ ਭਰਾ ਕੁਲਦੀਪ ਸਿੰਘ ਕੋਲ਼ ਆ ਗਿਆ। ਕੁਲਦੀਪ ਸਿੰਘ ਉਸ ਵੇਲੇ ਮੱਕੀ ਵੱਢ ਰਿਹਾ ਸੀ। ਉਹ ਕਹਿੰਦਾ ਛੱਲੀਆਂ ਲੈ ਜਾਈਂ, ਪਹਿਲਾਂ ਆਹ ਪਰਾਤ ਮੇਰੇ ਨਾਲ ਬੰਨੇ ਲੁਆ ਦੇ। ਪਾਲ ਸਿੰਘ ਦਾ ਲਾਹਾ ਲੈਣ ਲਈ ਉਸ ਨੇ ਪਰਾਤ ਵੱਡੀ ਕਰ ਲਈ। ਉੱਧਰ ਘਰ ਵਿੱਚ ਪਾਲ ਸਿੰਘ ਦੇ ਪੋਤਾ ਪੋਤੀ ਛੱਲੀਆਂ ਚੱਬਣ ਲਈ ਕਾਹਲੇ ਪਏ ਹੋਏ ਸਨ। ਪਾਲ ਸਿੰਘ ਦੀ ਘਰ ਵਾਲੀ ਖੇਤ ਵਿੱਚ ਆ ਗਈ ਤਾਂ ਕੁਲਦੀਪ ਨੇ ਉਹਨੂੰ ਛੱਲੀਆਂ ਦੇ ਕੇ ਤੋਰ ਦਿੱਤਾ। ਪਾਲ ਸਿੰਘ ਨੂੰ ਇੱਕ ਹੋਰ ਪਰਾਤ ਵੱਢਣ ਲਈ ਅਟਕਾ ਲਿਆ। ਦੂਜੀ ਪਰਾਤ ਮੁਕਾ ਕੇ ਉਸ ਨੂੰ ਕਹਿੰਦਾ ਕਿ ਹੁਣ ਤੂੰ ਜਾਹ। ਪਰ ਪਾਲ ਸਿੰਘ ਹੁਣ ਲਾਵੇ ਵਜੋਂ ਪੂਰੀ ਦਿਹਾੜੀ ਲਾ ਕੇ ਭਰੀ ਸਿਰ ਹੋਣਾ ਚਾਹੁੰਦਾ ਸੀ। ਕੁਲਦੀਪ ਨੇ ਉਸ ਤੋਂ ਪੂਰਾ ਦਿਨ ਮੱਕੀ ਵੱਢਾ ਕੇ ਭਰੀ ਦੇ ਦਿੱਤੀ। ਅਸਲ ਘਟਨਾ ਸਿਰਫ਼ ਇੰਨੀ ਹੀ ਹੈ।

ਇਸ ਘਟਨਾ ਰਾਹੀਂ ਸਿਰਜੀ ਕਹਾਣੀ ਸੰਖੇਪ ਰੂਪ ਵਿੱਚ ਇਉਂ ਹੈ: ਕੁਲਦੀਪ ਵਿੱਚੋਂ ਮੈਂ ਕਹਾਣੀ ਦਾ ਮੁੱਖ ਪਾਤਰ ਕੁੰਦਨ ਉਸਾਰ ਲਿਆ ਅਤੇ ਪਾਲ ਸਿੰਘ ਨੂੰ ਅਧਾਰ ਬਣਾ ਕੇ ਚੇਤੂ ਦਾ ਪਾਤਰ ਉਸਾਰ ਲਿਆ। ਕੁੰਦਨ ਸਿੰਘ ਨੇ ਬੈਂਕ ਦੇ ਕਰਜ਼ੇ ਦਾ ਨਿਪਟਾਰਾ ਕਰਨ ਲਈ ਆਪਣਾ ਚਾਰ ਕਨਾਲ ਦਾ ਖੱਤਾ, ਲੋਕਾਂ ਨੂੰ ਵਿਆਜੂ ਪੈਸੇ ਦੇਣ ਵਾਲੇ ਤੁਲਸੀ ਰਾਮ ਕੋਲ਼ ਗਹਿਣੇ ਰੱਖਿਆ ਹੋਇਆ ਏ, ਵਾਹੁੰਦਾ ਉਹ ਆਪ ਹੈ ਅੱਧ ‘ਤੇ। ਉਹ ਚੇਤੂ ਨੂੰ ਨਾਲ ਲੈ ਕੇ ਉਸ ਖੇਤ ਦੀ ਮੱਕੀ ਵੱਢ ਲੈਂਦਾ ਹੈ। ਜਦੋਂ ਖੱਤੇ ਦੀਆਂ ਭਰੀਆਂ ਵਿੱਚ ਇੱਕ ਚੇਤੂ ਨੂੰ ਦੇਣੀ ਚਾਹੁੰਦਾ ਹੈ ਤਾਂ ਤੁਲਸੀ ਉਹਨੂੰ ਆਖਦੈ, “ਇਹਨੂੰ ਤੂੰ ਆਪਣੇ ਖੇਤ ਵਿੱਚੋਂ ਦੇ।’ ਕੁੰਦਨ ਜਵਾਬ ਦਿੰਦੈ ਕਿ ਇਸ ਭਰੀ ਵਿੱਚ ਮੇਰਾ ਵੀ ਅੱਧ ਹੈ। ਪਰ ਤੁਲਸੀ ਨੂੰ ਇਹ ਗੱਲ ਪ੍ਰਵਾਨ ਨਹੀਂ। ਬਹਿਸ ਛਿੜ ਪੈਂਦੀ ਹੈ। ਤੁਲਸੀ ਹੁਕਮਰਾਨਾ ਅੰਦਾਜ਼ ਵਿੱਚ ਆਖਦਾ ਹੈ, “ਅਗਾਂਹ ਤੋਂ ਤੂੰ ਮੇਰੇ ਖੇਤ ਵਿੱਚ ਹਲ਼ ਨਾ ਵਾੜੀਂ।” ਇਸ ਕਹਾਣੀ ਵਿੱਚ ਮੈਂ ਕਿਸਾਨੀ ਦੀਆਂ ਦੂਜੇ ਵਰਗਾਂ ਨਾਲ ਵਿਰੋਧਤਾਈਆਂ ਦਿਖਾਈਆਂ ਹਨ। ਇੱਕ ਵਿਰੋਧ ਕੁੰਦਨ ਸਿੰਘ ਤੇ ਤੁਲਸੀ ਰਾਮ (ਕਿਸਾਨ ਅਤੇ ਸ਼ਾਹੂਕਾਰ) ਦਾ ਹੈ ਦੂਜਾ ਵਿਰੋਧ ਕੁੰਦਨ ਤੇ ਚੇਤੂ (ਕਿਸਾਨ ਅਤੇ ਮਜ਼ਦੁਰ) ਦਾ ਹੈ।

? ਜਰਨੈਲ ਸਿੰਘ ਜੀ, ਇੱਕ ਹੋਰ ਸਵਾਲ ਮੇਰੇ ਮਨ ਵਿੱਚ ਬਹੁਤ ਦੇਰ ਤੋਂ ਉੱਸਲਵੱਟੇ ਲੈ ਰਿਹਾ ਹੈ ਕਿ ਲੇਖਕਾਂ ਦੀ ਪਹਿਚਾਣ ਉਨ੍ਹਾਂ ਦੇ ਤਖ਼ਲਸ ਜਾਂ ਗੋਤ ਤੋਂ ਹੁੰਦੀ ਹੈ। ਪਰ ਤੁਹਾਡੀ ਪਹਿਚਾਣ ਜਰਨੈਲ ਸਿੰਘ ਕਹਾਣੀਕਾਰ ਦੇ ਤੌਰ ੱਤੇ ਹੋਈ। ਜਰਨੈਲ ਸਿੰਘ ਤਾਂ ਹੋਰ ਵੀ ਬਹੁਤ ਹਨ/ਸਨ ਕਹਾਣੀ ਵੀ ਲਿਖਦੇ ਹਨ। ਤੁਸੀਂ ਕਦੇ ਕੋਈ ਨਿਵੇਕਲ਼ਾ ਤਖ਼ਲਸ ਰੱਖਣ ਬਾਰੇ ਨਹੀਂ ਸੋਚਿਆ?
: ਸਤਨਾਮ ਸਿੰਘ ਜੀ ਸਾਡਾ ਗੋਤ ‘ਹੀਰ’ ਹੈ। ਏਅਰ ਫੋਰਸ ਵਿੱਚ ਮੈਂ ਹੀਰ ਜੇ. ਐਸ. ਸਾਂ। ਹਰ ਕੋਈ ਇਸੇ ਨਾਂ ਨਾਲ ਬਲਾਉਂਦਾ ਸੀ। ਮੈਂ ਆਪਣੇ ਮਾਪਿਆਂ ਵੱਲੋਂ ਦਿੱਤਾ ਗਿਆ ਨਾਂ ਸੁਣਨ ਲਈ ਤਰਸ ਗਿਆ ਸਾਂ। ਏਅਰ ਫੋਰਸ ਛੱਡਣ ਤੋਂ ਬਾਅਦ ਸਰਕਾਰੀ ਕਾਗਜ਼ਾਂ ਵਿੱਚ ਤੇ ਸਾਹਿਤ ਵਿੱਚ ਵੀ ‘ਜਰਨੈਲ ਸਿੰਘ’ ਹੀ ਲਿਖਿਆ। ਨਿਸਚਾ ਕੀਤਾ ਹੋਇਆ ਸੀ ਕਿ ਆਪਣੀ ਵੱਖਰੀ ਪਛਾਣ ਕਹਾਣੀ ਕਲਾ ਦੇ ਬਲਬੂਤੇ ਹੀ ਬਣਾਉਣੀ ਹੈ। ਇਸਦੀ ਪੁਸ਼ਟੀ ਤੁਸੀਂ ਆਪਣੇ ਸਵਾਲ ਵਿੱਚ ਹੀ ਕਰ ਦਿੱਤੀ ਹੈ। ਸਿਰਫ਼ ਕਹਾਣੀ ਵਿਧਾ ਨੂੰ ਸਮਰਪਿਤ ‘ਜਰਨੈਲ’ ਮੈਂ ਹੀ ਹਾਂ।

? ਹਾਂ ਜੀ, ਇਹ ਤਾਂ ਬਿਲਕੁਲ ਮੰਨਣ ਪਵੇਗਾ ਕਿ ਤੁਹਾਡੀ ਵੱਖਰੀ ਪਛਾਣ ਤੁਹਾਡੇ ਸਾਹਿਤਕ ਕੰਮ ਨੇ ਹੀ ਕੀਤੀ ਹੈ। ਹੁਣ ਗੱਲ ਕਰੀਏ ਤੁਹਾਡੀ ਸਿਰਜਣਾਤਕਿਤਾ ਦੀ। ਪਹਿਲਾਂ ਇਹ ਦੱਸੋ ਕਿ ਤੁਹਾਡੇ ਪਲੇਠੇ ਕਥਾ ਸੰਗ੍ਰਹਿ ‘ਮੈਂਨੂੰ ਕੀ’ ਵਿਚਲੀ ਜ਼ੋਰਦਾਰ ਕਹਾਣੀ ‘ਸੁਆਹ ਢੇਰੀ’ ਦਾ ਮੁੱਢ ਕਿਵੇਂ ਬੱਝਾ?
: ਢਾਹ ਜੀ, ਇਹ ਕਹਾਣੀ 1971 ਭਾਰਤ ਪਾਕਿ ਜੰਗ ਦੀ ਇੱਕ ਦਰਦਨਾਕ ਘਟਨਾ ‘ਤੇ ਅਧਾਰਤ ਹੈ। ਉਸ ਜੰਗ ਵਿੱਚ ਸਾਡੇ ਸਕੁਆਡਰਨ ਨੇ ਬਾਰਡਰ ਲਾਗੇ ਪੈਂਦੇ ਰਾਜਸਥਾਨ ਦੇ ਇੱਕ ਹਵਾਈ ਅੱਡੇ ਤੋਂ ਓਪਰੇਟ ਕੀਤਾ ਸੀ। ਅਸੀਂ ਵੱਖ ਵੱਖ ਟਰੇਡਾਂ ਦੇ ਸੱਤ ਤਕਨੀਸ਼ਨ, ਸ਼ੈੱਡ ਵਿੱਚ ਪਾਰਕ ਕੀਤੇ ਜਹਾਜ਼ ਨੂੰ ਦੁਸ਼ਮਣ ਦੇ ਕਿਸੇ ਫੌਜੀ ਟਿਕਾਣੇ ੱਤੇ ਹਮਲਾ ਕਰਨ ਲਈ ਤਿਆਰੀ ਕਰ ਰਹੇ ਸਾਂ। ਇਸੇ ਦੌਰਾਨ ਦੁਪਹਿਰ ਦਾ ਖਾਣਾ ਵਰਤਾ ਰਹੀ ਗੱਡੀ ਸਾਡੇ ਸ਼ੈੱਡ ਮੂਹਰੇ ਆ ਖਲੋਈ। ਅਸੀਂ ਗੱਡੀ ਤੋਂ ਖਾਣਾ ਲੈ ਰਹੇ ਸਾਂ ਕਿ ਅਚਾਨਕ ਹੀ ਪਾਕਿਸਤਾਨ ਦੇ ਦੋ ਜਹਾਜ਼ ਆ ਧਮਕੇ। ਉਹ ਬਹੁਤ ਹੀ ਨੀਵੇਂ ਆਏ ਸਨ ਜਿਸ ਕਰਕੇ ਰੇਡਾਰ ਵਿੱਚ ਪਤਾ ਨਾ ਲੱਗਾ ਤੇ ਵਾਰਨਿੰਗ ਵਜੋਂ ਕੋਈ ਸਾਇਰਨ ਨਾ ਵੱਜਿਆ। ਇੱਕ ਜਹਾਜ਼ ਨੇ ਸਾਡੇ ਉੱਤੇ ਗੋਲ਼ੀਆਂ ਦਾ ਮੀਂਹ ਵਰੵਾ ਦਿੱਤਾ। ਅਸੀਂ ਇੱਕ ਦਮ ਧਰਤੀ ੱਤੇ ਵਿਛ ਗਏ ਤੇ ਬਚ ਗਏ। ਪਰ ਸਾਡਾ ਇੱਕ ਸਾਥੀ ਪਵਨ ਸ਼ਰਮਾ ਖਾਣੇ ਦੀ ਪਲੇਟ ਲੈ ਕੇ ਸ਼ੈੱਡ ਵੱਲ ਨੂੰ ਦੌੜ ਪਿਆ। ਉਹ ਗੋਲ਼ੀਆਂ ਨਾਲ ਵਿੰਨ੍ਹਿਆ ਗਿਆ ਤੇ ਥਾਂ ੱਤੇ ਹੀ ਉਸਦੀ ਮੌਤ ਹੋ ਗਈ। ਬਾਈ ਤੇਈ ਸਾਲ ਦੇ ਪਵਨ ਨੇ ਅਜੇ ਜੀਵਨ ਪੰਧ ‘ਤੇ ਪੈਰ ਹੀ ਧਰੇ ਸਨ। ਉਹ ਮਾਪਿਆਂ ਦਾ ਜੇਠਾ ਪੁੱਤਰ ਸੀ, ਕਮਾਊ ਪੁੱਤਰ— ਮਾਪਿਆਂ ਦਾ ਹਰਾ ਭਰਾ ਬਾਗ਼ ਉੱਜੜ ਗਿਆ ਸੀ। ਪਵਨ ਦੀ ਮੌਤ ਦੀ ਦਰਦਨਾਕ ਘਟਨਾ ਮੇਰੇ ਹਿਰਦੇ ਵਿੱਚ ਡੂੰਘੀ ਉੱਤਰ ਗਈ ਤੇ ਕਹਾਣੀ ਦਾ ਰੂਪ ਧਾਰ ਗਈ। ਫੌਜੀ ਦੀ ਅਧਵਾਟਿਓਂ ਮੁੱਕੀ ਜ਼ਿੰਦਗੀ ਦੇ ਸੰਤਾਪ ਨੂੰ ਬਿਆਨਦੀ ਤੇ ਜੰਗ ਨੂੰ ਨਕਾਰਦੀ, ਸੰਬੋਧਨੀ ਸ਼ੈਲੀ ਵਿੱਚ ਲਿਖੀ ਇਸ ਕਹਾਣੀ ਵਿੱਚ ਪਵਨ ਦਾ ਨਾਂ ਦਵਿੰਦਰ ਹੈ।

? ਤੁਹਾਡੇ ਦੂਜੇ ਕਥਾ ਸੰਗ੍ਰਹਿ ‘ਮਨੁੱਖ ਤੇ ਮਨੁੱਖ’ ਦੀ ਇੱਕ ਕਹਾਣੀ ਦਾ ਨਾਂ ਵੀ ‘ਮਨੁੱਖ ਤੇ ਮਨੁੱਖ’ ਹੈ, ਇਹ ਕਹਾਣੀ 1971 ਦੀ ਬੰਗਲਾਦੇਸ਼ ਦੀ ਆਜ਼ਾਦੀ ਦੀ ਦਾਸਤਾਨ ਹੈ। ਇਸੇ ਸੰਗ੍ਰਹਿ ਦੀਆਂ ਹੋਰ ਕਹਾਣੀਆਂ, ‘ਕੰਬਦਾ ਚਾਨਣ’ ਅਤੇ ‘ਲੈਂਟਰ ਹੇਠਲੇ ਫੱਟੇ’ ਹੋ ਸਕਦਾ ਹੈ ਕੁੱਝ ਪਾਠਕਾਂ ਨੇ ਨਾ ਪੜ੍ਹੀਆਂ ਹੋਣ, ਇਨ੍ਹਾਂ ਬਾਰੇ ਕੁੱਝ ਦੱਸੋ?
: ਹਾਂ ਜੀ, ਇਹ ਤਿੰਨੇ ਕਹਾਣੀਆਂ ਫੌਜੀ ਜੀਵਨ ਨਾਲ ਸੰਬੰਧਤ ਹਨ। ‘ਮਨੁੱਖ ਤੇ ਮਨੁੱਖ’ ਜਿਵੇਂ ਤੁਸੀਂ ਕਿਹਾ ਹੀ ਹੈ ਕਿ ਬੰਗਲਾ ਦੇਸ਼ ਦੀ ਆਜ਼ਾਦੀ ਬਾਰੇ ਹੈ। ਬੰਗਲਾ ਦੇਸ਼ ਪਹਿਲਾਂ ਪੂਰਬੀ ਪਾਕਿਸਤਾਨ ਸੀ। ਉੱਥੋਂ ਦੇ ਲੋਕਾਂ ਨੇ ਖ਼ੁਦਮੁਖਤਿਆਰੀ ਦਾ ਅੰਦੋਲਨ ਸ਼ੁਰੂ ਕੀਤਾ। ਪਾਕਿਸਤਾਨ ਦੇ ਤਤਕਾਲੀ ਫੌਜੀ ਡਿਕਟੇਟਰ ਜਰਨਲ ਯਹੀਆ ਖ਼ਾਨ ਦੀ ਸਰਕਾਰ ਨੇ ਇਸ ਮਸਲੇ ਨੂੰ ਗੱਲਬਾਤ ਰਾਹੀਂ ਨਜਿਠਣ ਦੀ ਬਜਾਇ, ਅੰਦੋਲਨ ਨੂੰ ਕੁਚਲਣ ਦੀ ਨੀਤੀ ਇਖਤਿਆਰ ਕਰ ਲਈ। ਢਾਕਾ ਸ਼ਹਿਰ ਦੇ ਬਜ਼ਾਰਾਂ, ਗਲ਼ੀਆਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਤੋਪਾਂ, ਰਾਇਫ਼ਲਾਂ ਤੇ ਸਟੇਨਾਂ ਦੀ ਅੰਨ੍ਹੇਵਾਹ ਵਰਤੋਂ ਹੋਣ ਲੱਗ ਪਈ। ਫੌਜ ਦੇ ਅੱਤਿਆਚਾਰਾਂ ਤੋਂ ਸਤੇ ਹੋਏ ਲੋਕਾਂ ਵਿੱਚ ਪਾਕਿਸਤਾਨ ਤੋਂ ਵੱਖਰੇ ਹੋਣ ਦੀ ਲਹਿਰ ਉੱਭਰ ਪਈ। ਕਹਾਣੀ ਵਿੱਚ ਹਵਾਈ ਸੈਨਾ ਦੇ ਜਹਾਜ਼ ਰਾਹੀਂ ਪੈਰਾਟਰੁਪਜ਼ ਦੀ ਇੱਕ ਟੁਕੜੀ, ਤੰਗੋਲ ਸ਼ਹਿਰ ਦੇ ਲਾਗੇ ਜੰਗਲ ਵਿੱਚ ਉਤਾਰੀ ਗਈ ਹੈ। ਇਸ ਟੁਕੜੀ ਦਾ ਇੰਚਾਰਜ ਹੌਲਦਾਰ ਬਲਜੀਤ ਸਿੰਘ ਹੈ। ਇਸ ਟੁਕੜੀ ਨੇ ਆਪਣੀ ਬਟਾਲੀਅਨ, ਜੋ ਪਹਿਲਾਂ ਹੀ ਉਤਾਰੀ ਜਾ ਚੁੱਕੀ ਹੈ, ਨਾਲ ਪਾਕਿਸਤਾਨੀ ਫੌਜ ਦੇ ਗੜ੍ਹ, ਢਾਕੇ ਵੱਲ ਨੂੰ ਮਾਰਚ ਕਰਨਾ ਹੈ। ਇਸ ਬਟਾਲੀਅਨ ਨੂੰ ਢੁਕਵੇਂ ਰੂਟ ‘ਤੇ ਲਿਜਾਣ ਲਈ ਮੁਕਤੀ ਬਾਹਿਨੀ ਦਾ ਏਰੀਆ ਇੰਚਾਰਜ ਕੈਪਟਨ ਜਾਵੇਦ ਜੋ ਢਾਕਾ ਯੂਨੀਵਰਸਿਟੀ ਦਾ ਵਿਦਿਆਰਥੀ ਹੈ, ਜੰਗਲ ਵਿੱਚ ਹਾਜ਼ਰ ਹੈ। ਕਹਾਣੀ ਨੂੰ ਕੈਪਟਨ ਜਾਵੇਦ ਤੇ ਹੌਲਦਾਰ ਬਲਜੀਤ ਸਿੰਘ ਨੈਰੇਟ ਕਰਦੇ ਹਨ। ਜਾਵੇਦ ਵੱਲੋਂ ਬਿਆਨ ਕੀਤੀ, ਉਸ ਦੇ ਪਰਿਵਾਰ ਦੇ ਪੰਜਾਂ ਜੀਆਂ ਦੇ ਵਹਿਸ਼ੀਆਨਾ ਕਤਲ ਸਮੇਤ ਹਜ਼ਾਰਾਂ ਮਜ਼ਲੂਮ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਰਹੀ ਅਤੇ ਔਰਤਾਂ ਦੀ ਪੱਤ ਲੁੱਟ ਰਹੀ ਪਾਕਿਸਤਾਨੀ ਫੌਜ ਦੇ ਜਬਰ ਜ਼ੁਲਮ ਦੀ ਵਾਰਤਾ ਰੌਂਗਟੇ ਖੜ੍ਹੇ ਕਰਨ ਵਾਲੀ ਹੈ। ਬਲਜੀਤ ਬਿਆਨ ਕਰਦਾ ਹੈ ਕਿ ਉਸ ਦੇ ਪਿਉ ਨੇ ਘਰ ਦੀ ਜ਼ਮੀਨ ਸ਼ਰਾਬ ਅਤੇ ਅਫ਼ੀਮ ਦੇ ਨਸ਼ਿਆਂ ਵਿੱਚ ਝੋਕ ਛੱਡੀ ਸੀ ਜਿਸ ਕਰਕੇ ਬਲਜੀਤ ਨੂੰ ਆਪਣੀ ਅਤੇ ਪਰਿਵਾਰ ਦੀ ਰੋਟੀ ਖ਼ਾਤਰ ਭਰਤੀ ਹੋਣਾ ਪਿਆ ਸੀ। ਬਲਜੀਤ ਦੇ ਫੌਜੀ ਸਾਥੀਆਂ ਦੀਆਂ ਗੱਲਾਂ ਤੋਂ ਪਤਾ ਲੱਗਦਾ ਕਿ ਉਹ ਵੀ ਰੋਟੀ ਰੋਜ਼ੀ ਖ਼ਾਤਰ ਹੀ ਫੌਜ ਵਿੱਚ ਭਰਤੀ ਹੋਏ ਸਨ। ਬਲਜੀਤ ਦੇ ਪਾਤਰ ਨੂੰ ਮੈਂ ਆਪਣੇ ਦੋਸਤ ਪੈਰਾਟਰੁਪਜ਼ ਇੰਸਟਰਕਟਰ ਚਿਤਰੰਜਨ ਸਿੰਘ ਚੀਮਾ ਵਿੱਚੋਂ ਅਤੇ ਜਾਵੇਦ ਹੁਸੈਨ ਦੇ ਪਾਤਰ ਨੂੰ ਆਪਣੇ ਏਅਰਫੋਰਸ ਦੇ ਬੇਲੀ ਸਚਿਨ ਭੱਟਾਚਾਰੀਆ ਵਿੱਚੋਂ ਉਸਾਰਿਆ ਹੈ।

ਕਹਾਣੀ ‘ਕੰਬਦਾ ਚਾਨਣ’ ਦਾ ਸੂਬੇਦਾਰ ਜਗਮੀਤ ਸਿੰਘ ਵੀ ਮਜਬੂਰੀ-ਵੱਸ ਭਰਤੀ ਹੋਇਆ ਸੀ। ਪਿੰਡ ਦਾ ਲੰਬੜਦਾਰ ਜੈਮਲ ਸਿੰਘ ਉਸ ਦੇ ਪਿਤਾ ਦਾ ਕਤਲ ਕਰ ਦਿੰਦਾ ਹੈ। ਜਗਮੀਤ ਦੀ ਮਾਂ ਨੂੰ ਡਰ ਹੈ ਕਿ ਲੰਬੜਦਾਰ ਉਸ ਦੇ ਇੱਕੋ ਇੱਕ ਪੁੱਤਰ ਨੂੰ ਵੀ ਕਿਤੇ ਕਤਲ ਨਾ ਕਰ ਦੇਵੇ। ਇਸ ਕਰਕੇ ਉਹ ਭਰਤੀ ਹੋ ਜਾਂਦਾ ਹੈ। ਜੰਗ ਵਿੱਚ ਉਸ ਦੀ ਲੱਤ ਕੱਟੀ ਜਾਂਦੀ ਹੈ। ਉਸ ਦੀ ਮਾਨਸਿਕ ਹਾਲਤ ਰਾਹੀਂ ਮੈਂ ਦਰਸਾਇਆ ਹੈ ਕਿ ਅੰਗਹੀਣਤਾ ਕਿਵੇਂ ਬੰਦੇ ਨੂੰ ਹੀਣਾ ਕਰ ਦਿੰਦੀ ਹੈ। ਉਸ ਦੀ ਹੀਣਤਾ, ਨਿਰਾਸ਼ਾ ਨੂੰ ਕੁੱਝ ਸੂਖ਼ਮ ਵੇਰਵਿਆਂ ਰਾਹੀਂ ਪੇਸ਼ ਕੀਤਾ ਹੈ। ਜਿਵੇਂ: ਫਹੁੜੀਆਂ ਦੇ ਸਹਾਰੇ ਉਹ ਪਿੰਡ ਦੇ ਟੋਭੇ ਕੋਲ਼ੋਂ ਲੰਘ ਰਿਹਾ ਹੈ, ਜਿਸ ਵਿੱਚ ਉਹ ਆਪਣੇ ਹਾਣੀਆਂ ਸੰਗ ਲੱਤਾਂ ਬਾਹਾਂ ਦੇ ਬੱਲ ਤੈਰਦਾ ਹੁੰਦਾ ਸੀ। ਪਰ ਅੱਜ ਉਸ ਨੂੰ ਜਾਪਦਾ ਹੈ ਜਿਵੇਂ ਉਹ ਟੋਭੇ ਤੋਂ ਬਾਹਰ ਹੀ ਗੋਤੇ ਖਾ ਰਿਹਾ ਹੋਵੇ। ਜਗਮੀਤ ਸਿੰਘ ਦੇ ਪਾਤਰ ਦਾ ਮੂਲ, ਅਪੰਗ ਹੋਇਆ ਮੇਰਾ ਗਰਾਂਈ ਹੌਲਦਾਰ ਪਰਕਾਸ਼ ਸਿੰਘ ਹੈ।

ਕਹਾਣੀ ‘ਲੈਂਟਰ ਹੇਠਲੇ ਫੱਟੇ’ ਦਾ ਥੀਮ ਇਹ ਹੈ ਕਿ ਫੌਜੀਆਂ ਦੀ ਬਹਾਦਰੀ ਤੇ ਕੁਰਬਾਨੀ ਦੇ ਪ੍ਰਸ਼ੰਸਕੀ ਗੀਤ ਸਿਰਫ਼ ਜੰਗ ਦੇ ਦਿਨਾਂ ਵਿੱਚ ਹੀ ਗਾਏ ਜਾਂਦੇ ਹਨ। ਜੰਗ ਮੁੱਕਦਿਆਂ ਹੀ ਉਨ੍ਹਾਂ ਦੀ ਪੁੱਛ ਪ੍ਰਤੀਤ ਖ਼ਤਮ ਹੋ ਜਾਂਦੀ ਹੈ। ਇਸ ਪ੍ਰਤੀਕ ਰਾਹੀਂ ਮੈਂ ਦਰਸਾਇਆ ਹੈ ਕਿ ਜਿਵੇਂ ਫੱਟਿਆਂ ਦੀ ਕਦਰ ਲੈਂਟਰਾਂ ਦਾ ਅਥਾਹ ਭਾਰ ਚੁੱਕਣ ਸਮੇਂ ਹੀ ਹੁੰਦੀ ਹੈ। ਇਵੇਂ ਹੀ ਫੌਜੀਆਂ ਦੀ ਕਦਰ ਵੀ ਜੰਗ ਸਮੇਂ ਹੀ ਹੁੰਦੀ ਹੈ। ਜੰਗ ਤੋਂ ਬਾਅਦ ਉਹ ਲੋਕਾਂ ਦੀਆਂ ਨਜ਼ਰਾਂ ਵਿੱਚ ਮਹੱਤਵਹੀਣ ਹੋ ਜਾਂਦੇ ਹਨ। ਕਹਾਣੀ ਦੀ ਸ਼ੁਰੂਆਤੀ ਘਟਨਾ ਦਾ ਮੈਂ-ਪਾਤਰ ਮੈਂ ਆਪ ਹਾਂ ਤੇ ਅਨਿਲ ਗੰਗੋਲੀ ਮੇਰਾ ਬੇਲੀ ਸਚਿਨ ਭਟਾਚਾਰੀਆ। ਪਰ ਬਾਅਦ ਦੀਆਂ ਘਟਨਾਵਾਂ ਅਤੇ ਉਨ੍ਹਾਂ ਵਿੱਚ ਦੋਨਾਂ ਪਾਤਰਾਂ ਦੇ ਰੋਲ ਕਾਲਪਨਿਕ ਹਨ। ਉਪਰੋਤਕ ਤਿੰਨੇ ਕਹਾਣੀਆਂ ਮੈਂ 1982, 83 ਵਿੱਚ ਲਿਖੀਆਂ ਸਨ।

? ਤੁਸੀਂ ਛੋਟੀ ਕਿਸਾਨੀ ਦੇ ਦੁੱਖਾਂ ਤਖਲੀਫ਼ਾਂ ਨੂੰ ਨੇੜਿਓਂ ਹੋ ਕੇ ਦੇਖਿਆ ਹੈ। ‘ਮਨੁੱਖ ਤੇ ਮਨੁੱਖ’ (1983) ਸੰਗ੍ਰਹਿ ਦੀਆਂ ‘ਕੰਡਿਆਲੀ ਧਰਤੀ’ ਤੇ ‘ਕਾਣਸੂਤੇ ਵਗਦੇ ਬਲਦ’ ਅਤੇ ਤੀਜੇ ਕਥਾ ਸੰਗ੍ਰਹਿ ‘ਸਮੇਂ ਦੇ ਹਾਣੀ’ (1987) ਦੀਆਂ ‘ਬੋਹਲ ਦੇ ਰਾਖੇ’ ਅਤੇ ‘ਮਾਵਾਂ ਬਾਝੋਂ’ ਕਹਾਣੀਆਂ ਵਿੱਚ ਉਨ੍ਹਾਂ ਦੱਖਾਂ ਤਖਲੀਫ਼ਾਂ ਨੂੰ ਬਹੁਤ ਬਾਰੀਕੀ ਨਾਲ ਚਿਤਰਿਆ ਹੈ। ਕਰਜ਼ੇ ਤੇ ਤੰਗੀਆਂ ਤੁਰਸ਼ੀਆਂ ਉਸ ਸਮੇਂ ਵੀ ਸਨ। ਪਰ ਕਿਸਾਨਾਂ ਦੀਆਂ ਖੁਦਕੁਸ਼ੀਆਂ ਕਦੇ ਨਹੀਂ ਸੀ ਸੁਣੀਆਂ। ਇਨ੍ਹਾਂ ਖੁਦਕੁਸ਼ੀਆ ਬਾਰੇ ਕੀ ਕਹਿਣਾ ਚਾਹੋਗੇ?
: ਢਾਹ ਜੀ, ਖੁਦਕੁਸ਼ੀਆਂ ਦਾ ਵੱਡਾ ਕਾਰਨ ਤਾਂ ਇਹੀ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਸਹੀ ਮੁੱਲ ਨਹੀਂ ਮਿਲ਼ ਰਿਹਾ। ਪਰ ਖੁਦਕੁਸ਼ੀਆਂ ਮਸਲੇ ਦਾ ਹੱਲ ਨਹੀਂ। ਹੱਕ ਹਾਸਲ ਕਰਨ ਲਈ ਸੰਘਰਸ਼ ਦੀ ਲੋੜ ਹੈ। ਦਿੱਲੀ ਦੇ ਬਾਰਡਰਾਂ ਤੇ ਪੰਜਾਬ ਦੇ ਪਿੰਡਾਂ ਕਸਬਿਆਂ ਵਿੱਚ ਚੱਲ ਰਿਹਾ ਵਡੇਰੇ ਅਰਥਾਂ ਵਾਲ਼ਾ ਅਜੋਕਾ ਕਿਸਾਨ ਅੰਦੋਲਨ ਕਿਸਾਨਾਂ ਦੇ ਮਸਲਿਆਂ ਨੂੰ ਨੱਜਿਠਣ ਲਈ ਢੁੱਕਵਾਂ ਐਕਸ਼ਨ ਹੈ। ਇਸ ਪ੍ਰਸੰਗ ਵਿੱਚ ਮੈਂ ਆਪਣੀਆਂ ਦੋ ਕਹਾਣੀਆਂ ਦਾ ਜ਼ਿਕਰ ਕਰਨਾ ਚਾਹੁੰਨਾ। ‘ਕਾਣਸੂਤੇ ਵਗਦੇ ਬਲਦ’ ਵਿੱਚ ਕਿਸਾਨ ਆਪਣੇ ਹੱਕ ਹਾਸਲ ਕਰਨ ਲਈ ਜਥੇਬੰਦ ਤਾਂ ਹੋ ਰਹੇ ਹਨ ਪਰ ਇਕਜੁੱਟਤਾ ਦੀ ਘਾਟ ਹੈ। ਕਹਾਣੀ ‘ਬੋਹਲ਼ ਦੇ ਰਾਖੇ’ ਵਿੱਚ ਇਕਜੁੱਟਤਾ ਨਾਲ ਸੰਘਰਸ਼ ਦੇ ਰਾਹ ਪਈ ਕਿਸਾਨ ਜਥੇਬੰਦੀ ਦਾ ਅਹਿਮ ਦ੍ਰਿਸ਼ ਚਿੱਤਰਿਆ ਹੈ। ਮੁੱਖ ਪਾਤਰ ਸ਼ਮੀਰ ਸਿੰਘ ਦੇ ਪਿੰਡ ਲਾਗਲੇ ਸ਼ਹਿਰ ਵਿੱਚ ਖਾਦ ਫੈਕਟਰੀ ਬਣੀ ਹੈ। ਪ੍ਰਧਾਨ ਮੰਤਰੀ ਉਸ ਦਾ ਉਦਘਾਟਨ ਕਰਨ ਆ ਰਿਹਾ ਹੈ। ਕਿਸਾਨਾਂ ਦੇ ਮਸਲਿਆਂ ਸੰਬੰਧੀ ਸਿੱਧੀ ਆਵਾਜ਼ ਪ੍ਰਧਾਨ ਮੰਤਰੀ ਤਕ ਪਹੁੰਚਾਣ ਲਈ ਕਿਸਾਨ ਜਥੇਬੰਦੀ ਮੁਜ਼ਾਹਰਾ ਆਯੋਜਿਤ ਕਰਦੀ ਹੈ। ਮੁਜ਼ਾਹਰੇ ਲਈ ਲੋਕਾਂ ਨੂੰ ਲਾਮਬੰਦ ਕਰ ਰਿਹਾ ਜਥੇਬੰਦੀ ਦਾ ਆਗੂ ਰੇਸ਼ਮ ਸਿੰਘ ਸ਼ਮੀਰ ਨੂੰ ਵੀ ਸ਼ਾਮਲ ਹੋਣ ਲਈ ਆਖਦਾ ਹੈ। ਪਰ ਆਰਥਿਕ ਮੰਦਹਾਲੀ ਦਾ ਭੰਨਿਆਂ ਸ਼ਮੀਰ ਸਿੰਘ ਜ਼ਮੀਨ ਵੇਚਣ ਦੀ ਸਕੀਮ ਬਣਾਈ ਬੈਠਾ ਹੈ। ਰੇਸ਼ਮ ਸਿੰਘ ਉਸ ਨੂੰ ਅਜਿਹਾ ਕਰਨ ਤੋਂ ਰੋਕਦਾ ਹੈ। ਰੇਸ਼ਮ ਸਿੰਘ ਆਖਦਾ ਹੈ, “ਨਾ ਨਾ ਸ਼ਮੀਰ ਸਿਹਾਂ, ਇਹ ਸਾਡੇ ਇਮਤਿਹਾਨ ਦੀਆਂ ਘੜੀਆਂ ਨੇ। ਪਹਿਲਾਂ ਆਪਾਂ ਬੋਹਲ਼ ਕਮਾਉਂਦੇ ਤਾਂ ਰਹੇ ਹਾਂ ਪਰ ਇਸ ਦੀ ਰਾਖੀ ਨਹੀਂ ਕੀਤੀ। ਹੁਣ ਕਰਾਂਗੇ … ਬੜਾ ਲੰਮਾ ਘੋਲ ਐ। ਕਿਸਾਨ ਜਥੇਬੰਦੀ ਹਰ ਤਰ੍ਹਾਂ ਲੈਸ ਹੋ ਰਹੀ ਹੈ।” ਰੇਸ਼ਮ ਸਿੰਘ ਰਾਹੀਂ ਪ੍ਰੇਰਤ ਹੋਇਆ ਸ਼ਮੀਰ ਸਿੰਘ ਟ੍ਰੈਕਟਰਾਂ ਟਰਾਲੀਆਂ ਅਤੇ ਸਾਇਕਲਾਂ ੱਤੇ ਖਾਦ ਫੈਕਟਰੀ ਵੱਲ ਨੂੰ ਜਾ ਰਹੇ ਲੋਕਾਂ ਦੇ ਜਲੂਸ ਵਿੱਚ ਸ਼ਾਮਲ ਹੋ ਜਾਂਦਾ ਹੈ। ਮੇਰੇ ਲਈ ਇਹ ਸੁਖਦ ਅਹਿਸਾਸ ਵਾਲੀ ਗੱਲ ਹੈ ਕਿ ਮੇਰੀ ਇਹ ਕਹਾਣੀ ‘ਬੋਹਲ਼ ਦੇ ਰਾਖੇ’ ਭਵਿੱਖ ਮੁਖੀ ਸਾਬਤ ਹੋਈ ਹੈ।

? ਜਰਨੈਲ ਜੀ, ਤੁਹਾਡੀਆਂ ਇਹ ਪਹਿਲੀਆਂ ਕਹਾਣੀਆਂ ਸੱਤ, ਅੱਠ ਸਫ਼ਿਆਂ ਦੀ ਲੰਬਾਈ ਦੀਆਂ ਹਨ ਅਤੇ ਬਾਅਦ ਵਾਲੇ ਸੰਗ੍ਰਹਿ ਦੀਆਂ ਪੱਚੀ ਤੀਹ ਸਫ਼ਿਆਂ ਦੀਆਂ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ?
: ਹਾਂ ਜੀ, ਮੇਰੇ ਪਹਿਲੇ ਸੰਗ੍ਰਹਿ ਦੀਆਂ ਕਹਾਣੀਆਂ ਚਾਰ ਤੋਂ ਅੱਠ ਸਫ਼ਿਆਂ ਦੀਆਂ ਹਨ। ਦੂਜੇ ਸੰਗ੍ਰਹਿ ਵਿੱਚ ਅੱਠ ਤੋਂ ਬਾਰਾਂ-ਤੇਰਾਂ ਸਫ਼ਿਆਂ ਦੀਆਂ ਹੋ ਗਈਆਂ। ਤੀਜੇ ਕਥਾ ਸੰਗ੍ਰਹਿ ਦੀਆਂ ਕਹਾਣੀਆਂ ਵਿਚ ਇਹ ਲੰਬਾਈ ਵੀਹ ਤੋਂ ਤੀਹ ਸਫ਼ੇ ਤੱਕ ਪਹੁੰਚ ਗਈ। ਇਹੋ ਹੀ ਲੰਬਾਈ ਬਾਅਦ ਵਾਲੇ ਤਿੰਨ ਸੰਗ੍ਰਿਹਾਂ ਦੀ ਹੈ। ਸਤਨਾਮ ਜੀ, ਸਮੇਂ ਦੇ ਨਾਲ ਨਾਲ ਇਕਹਿਰਾ ਬਿਰਤਾਂਤ ਜਟਿਲ ਹੁੰਦਾ ਗਿਆ। ਕਹਾਣੀ ਦਾ ਸੰਬੰਧ ਮਨੁੱਖ ਤੇ ਸਮਾਜ ਨਾਲ ਹੈ। ਆਪਾਂ ਦੇਖ ਰਹੇ ਹਾਂ ਕਿ ਸਮਾਜਕ ਵਿਹਾਰ ਤੇ ਵਰਤਾਰੇ ਬਹੁਪਰਤੀ ਅਤੇ ਜਟਿਲ ਹੋ ਚੁੱਕੇ ਹਨ। ਇਵੇਂ ਹੀ ਪਰਿਵਾਰਕ ਅਤੇ ਸਮਾਜਕ ਰਿਸ਼ਤੇ ਵੀ ਜਟਿਲ ਹੋ ਚੁੱਕੇ ਹਨ। ਸੋ ਜੀਵਨ ਦੇ ਜਟਿਲ ਤਾਣੇ ਬਾਣੇ ਨੂੰ ਪੇਸ਼ ਕਰਨ ਲਈ ਕਹਾਣੀ ਵੀ ਜਟਿਲ ਹੋ ਗਈ ਹੈ।

? ਅੱਜ ਦੇ ਜ਼ਮਾਨੇ ਵਿੱਚ ਲੋਕਾਂ ਕੋਲ਼ ਸਮੇਂ ਦੀ ਘਾਟ ਨੂੰ ਦੇਖਦਿਆਂ ਹੋ ਸਕਦਾ ਲੋਕਾਂ ਕੋਲ਼ ਲੰਬੀ ਕਹਾਣੀ ਪੜ੍ਹਨ ਲਈ ਸਮਾਂ ਨਾ ਹੋਵੇ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ। ਨਾਲ ਹੀ ਕਹਾਣੀ ਦੀ ਦਿਸ਼ਾ ਤੇ ਦਸ਼ਾ ਬਾਰੇ ਵੀ ਸੰਖੇਪ ਵਿੱਚ ਦਸੋ?
: ਲੰਮੀ ਕਹਾਣੀ ਪੜ੍ਹਨ ਵਾਸਤੇ ਸਮੇਂ ਦੀ ਘਾਟ ਨਾਲ ਮੈਂ ਸਹਿਮਤ ਨਹੀਂ। ਕਹਾਣੀ ਵਿੱਚ ਜਾਨ ਹੋਣੀ ਚਾਹੀਦੀ ਹੈ। ਦੂਜੇ ਸ਼ਬਦਾਂ ਵਿੱਚ ਕਹਾਣੀ ਪਾਠਕ ਨੂੰ ਆਪਣੇ ਨਾਲ ਜੋੜਨ ਦੀ ਸਮਰੱਥਾ ਰੱਖਦੀ ਹੋਵੇ। ਅਗਲੀ ਗੱਲ ਹੈ, ਕਹਾਣੀ ਦੀ ਦਸ਼ਾ ਤੇ ਦਿਸ਼ਾ ਬਾਰੇ: ਪੰਜਾਬੀ ਸਾਹਿਤ ਵਿੱਚ ਕਹਾਣੀ ਸਭ ਤੋਂ ਵੱਧ ਹਰਮਨ ਪਿਆਰੀ ਤੇ ਸ੍ਰੇਸ਼ਟ ਵਿਧਾ ਹੈ। ਇਸਦਾ ਸੰਬੰਧ ਮਨੁੱਖੀ ਜੀਵਨ ਦੀ ਗਤੀਸ਼ੀਲਤਾ ਨਾਲ ਹੈ। ਪੰਜਾਬ ਦੇ ਇਤਿਹਾਸ ਵਿੱਚ ਭਾਵੇਂ ਦੇਸ਼ ਦੀ ਵੰਡ ਦੀ ਤ੍ਰਾਸਦੀ ਸੀ, ਭਾਵੇਂ ਹਰਾ ਇਨਕਲਾਬ ਤੇ ਭਾਵੇਂ ਪੰਜਾਬ ਸੰਕਟ, ਪੰਜਾਬੀ ਕਥਾਕਾਰ ਚੰਗੇ ਮਾੜੇ ਸਾਰੇ ਵਕਤਾਂ ਦੀ ਹਕੀਕਤ ਨੂੰ ਆਪਣੀਆਂ ਕਹਾਣੀਆਂ ਵਿੱਚ ਸਫ਼ਲਤਾ ਨਾਲ ਢਾਲਦੇ ਆ ਰਹੇ ਹਨ। ਆਪਣਾ ਗੌਰਵਮਈ ਇਤਿਹਾਸ ਸਿਰਜਦੀ ਹੋਈ ਪੰਜਾਬੀ ਕਹਾਣੀ ਚਾਰ ਪੜਾਅ ਤੈਅ ਕਰਕੇ ਪੰਜਵੇਂ ਪੜਾਅ ਵਿੱਚ ਪੈਰ ਧਰ ਰਹੀ ਹੈ।

ਸਾਡੇ ਅੱਜ ਦੇ ਕਥਾਕਾਰ ਆਪਣੀਆਂ ਕਹਾਣੀਆਂ ਦਾ ਵਿਸ਼ਾ ਵਸਤੂ ਉਨ੍ਹਾਂ ਰਾਸ਼ਟਰੀ, ਅੰਤਰਰਾਸ਼ਟਰੀ ਤਬਦੀਲੀਆਂ ਦੇ ਖ਼ਮੀਰ ਵਿੱਚੋਂ ਚੁਣ ਰਹੇ ਹਨ ਜਿਹੜੀਆਂ ਪੂੰਜੀਵਾਦ, ਵਿਸ਼ਵੀਕਰਨ, ਬਜ਼ਾਰੀਕਰਨ ਅਤੇ ਨਿੱਜੀਕਰਨ ਵਰਗੇ ਵਰਤਰਿਆਂ ਅਤੇ ਗਿਆਨ ਵਿਗਿਆਨ ਤੇ ਟੈਕਨੌਲੋਜੀ ਵਰਗੇ ਪਸਾਰਾਂ ਦੇ ਅੰਤਰਗਤ ਵਾਪਰਦੀਆਂ ਹਨ। ਪਰਵਾਸੀ ਕਥਾਕਾਰਾਂ ਨੇ ਅੰਤਰਸਭਿਆਚਾਰਕ, ਪਾਰਸਭਿਆਚਾਰਕ, ਪੂੰਜੀਵਾਦ ਬਨਾਮ ਮਾਨਵੀ ਕਦਰਾਂ ਕੀਮਤਾਂ ਅਤੇ ਅਮਰੀਕਾ ਦੀਆਂ ਅਫ਼ਗਾਨਿਸਤਾਨ, ਇਰਾਕ ਜੰਗਾਂ ਵਰਗੇ ਗਲੋਬਲੀ ਮਸਲਿਆਂ ਨੂੰ ਆਪਣੀਆਂ ਕਹਾਣੀਆਂ ਵਿੱਚ ਪੇਸ਼ ਕੀਤਾ ਹੈ। ਇਨ੍ਹਾਂ ਨਵੇਂ ਤਰ੍ਹਾਂ ਦੇ ਵਰਤਾਰਿਆਂ ਅਤੇ ਮਸਲਿਆਂ ਦੀਆਂ ਕਹਾਣੀਆਂ ਦੀਆਂ ਬ੍ਰਿਤਾਂਤਕ ਸ਼ੈਲੀਆਂ ਤੇ ਕਥਾ ਜੁਗਤਾਂ ਵਿੱਚ ਵੀ ਤਬਦੀਲੀ ਆਈ ਹੈ। ਕਿਸਾਨੀ ਜੀਵਨ, ਦਲਿਤ ਚੇਤਨਾ, ਔਰਤ ਮਰਦ ਦੇ ਸੰਬੰਧਾਂ ਤੇ ਫੌਜੀ ਜੀਵਨ, ਗੱਲ ਕੀ ਹਰ ਖ਼ੇਤਰ ਦੇ ਵਸਤੂ ਯਥਾਰਥ ਨੂੰ ਢੁੱਕਵੀਂ ਭਾਸ਼ਾ ਅਤੇ ਬਿੰਬਾਂ ਪ੍ਰਤੀਕਾਂ ਰਾਹੀਂ ਕਹਾਣੀਆਂ ਵਿੱਚ ਢਾਲਿ਼ਆ ਜਾ ਰਿਹਾ ਹੈ। ਪਰ ਸਾਨੂੰ ਇਹ ਵੀ ਮੰਨਣਾ ਪਵੇਗਾ ਕਿ ਪੰਜਾਬੀ ਕਹਾਣੀ ਦੇ ਖ਼ੇਤਰ ਵਿੱਚ ‘ਸਭ ਅੱਛਾ’ ਨਹੀਂ। ਸਥਾਪਤ ਹੋਣ ਦੀ ਕਾਹਲ ਵਿੱਚ ਕੁੱਝ ਨਵੇਂ ਕਥਾਕਾਰ ਹਲਕੀਆਂ ਕਹਾਣੀਆਂ ਛਪਵਾਈ ਜਾ ਰਹੇ ਹਨ। ਜੁਗਾੜਬਾਜ਼ੀਆਂ ਵੀ ਸਾਹਿਤਕ ਮਾਹੌਲ ਨੂੰ ਗੰਧਲਾ ਕਰ ਰਹੀਆਂ ਹਨ।

? ਫੌਜ ਦੀ ਨੌਕਰੀ ਤੋਂ ਬਾਅਦ ਬੈਂਕ ਦੀ ਨੌਕਰੀ ਕਿਵੇਂ ਰਹੀ। ਸਿਵਲ ਦਾ ਅਦਾਰਾ ਫੌਜ ਨਾਲੋਂ ਵੱਖਰਾ ਹੀ ਲੱਗਾ ਹੋਵੇਗਾ?
: ਢਾਅ ਜੀ, ਉਸ ਜੌਬ ਬਾਰੇ ਮੇਰੀ ਸਿਲੈਕਸ਼ਨ, ਪੰਜਾਬ ਸਟੇਟ ਕੋਅਪ੍ਰੇਟਿਵ ਬੈਂਕ ਚੰਡੀਗੜ੍ਹ ਰਾਹੀਂ ਹੋਈ ਸੀ। ‘ਫੀਲਡ ਇਕਨਾਮਿਕਸ ਇਨਵੈਸਟੀਗੇਟਰ’ ਦੀਆਂ ਨਵੀਂਆਂ ਪੋਸਟਾਂ ਬਣਾਈਆਂ ਗਈਆਂ ਸਨ। ਜ਼ਿਲ੍ਹਾ ਲੈਵਲ ‘ਤੇ ਹਰ ਸੈਂਟਰਲ ਕੋਅਪਰੇਟਿਵ ਬੈਂਕ ਵਿੱਚ ਇੱਕ ਇਨਵੈਸਟੀਗੇਟਰ ਲਾਇਆ ਜਾਣਾ ਸੀ। ਖੁਸ਼ਕਿਸਮਤੀ ਨਾਲ ਮੈਨੂੰ ਹੁਸ਼ਿਆਰਪੁਰ ਦੀ ਬੈਂਕ ਮਿਲ਼ ਗਈ। ਐਫ. ਈ. ਆਈ. ਵਜੋਂ ਮੁੱਖ ਤੌਰ ੱਤੇ ਮੇਰੀਆਂ ਦੋ ਡਿਉਟੀਆਂ ਸਨ: ਪੰਜ ਸਾਲ ਤੋਂ ਵੱਧ ਡਿਫਾਲਟਰ ਹੋਈਆਂ ਸੁਸਾਇਟੀਆਂ ਦੀ ਪੜਤਾਲ਼ ਕਰਕੇ ਵਿਸਥਾਰਤ ਰਿਪੋਰਟਾਂ ਚੰਡੀਗੜ੍ਹ ਨੂੰ ਭੇਜਣੀਆਂ ਅਤੇ ਬੈਂਕ ਦੀ ਡਿਪਾਜ਼ਿਟ ਵਧਾਉਣ ਲਈ ਬਰਾਂਚਾਂ ਨੂੰ ਸਾਲਾਨਾ ਟਾਰਗਿਟ ਅਲਾਟ ਕਰਨੇ ਤੇ ਹਰ ਤਿੰਨ ਮਹੀਨਿਆਂ ਬਾਅਦ ਉਨ੍ਹਾਂ ਦੀ ਪ੍ਰੌਗਰੈੱਸ ਚੈੱਕ ਕਰਨੀ।

ਬੈਂਕ ਦੇ ਕਰਮਚਾਰੀਆਂ ਦਾ ਆਚਾਰ ਵਿਹਾਰ ਏਅਰਫੋਰਸ ਤੋਂ ਵੱਖਰੀ ਤਰ੍ਹਾਂ ਦਾ ਸੀ। ਉੱਥੇ ਦਿਲਾਂ ਵਿੱਚ ਸਫ਼ਾਈ ਅਤੇ ਇੱਕ ਦੂਜੇ ੱਤੇ ਇਤਬਾਰ ਸੀ। ਪਰ ਬੈਂਕ ਵਿੱਚ ਨਿੱਕੇ ਨਿੱਕੇ ਲਾਭਾਂ ਖਾਤਰ ਇੱਕ ਦੂਜੇ ਨੂੰ ਠਿੱਬੀ ਲਾਉਣ ਦੀ ਰੀਤ ਸੀ। ਚੁਸਤੀਆਂ ਚਲਾਕੀਆਂ ਦੀ ਰਾਜਨੀਤੀ ਪ੍ਰਚਲਿਤ ਸੀ। ਬੈਂਕ ਦੇ ਆਮ ਕਰਮਚਾਰੀ ਮੇਰੇ ਨਾਲ ਗੱਲਬਾਤ ਤਾਂ ‘ਸਰਦਾਰ ਜੀ’ ਕਹਿ ਕੇ ਕਰਦੇ ਸਨ ਪਰ ਦਿਲਾਂ ਵਿੱਚ ਈਰਖਾ ਸੀ। ਕੋਅਪਰੇਟਿਵ ਬੈਂਕਾਂ ਦੀ ਨੌਕਰੀ ਆਮ ਤੌਰ ੱਤੇ ਕਲਰਕ ਤੋਂ ਸ਼ੁਰੂ ਹੁੰਦੀ ਸੀ। ਜੂਨੀਅਰ ਅਕਾਊਂਟੈਂਟ ਬਣਨ ਲਈ ਕਈ ਸਾਲ ਲੱਗ ਜਾਂਦੇ ਸਨ। ਮੈਂ ਸਿੱਧਾ ਹੀ ਜੂਨੀਅਰ ਅਕਾਊਂਟੈਂਟ ਦਾ ਗਰੇਡ ਲੈ ਕੇ ਆਇਆ ਸਾਂ। ਸੋ ਕਰਮਚਾਰੀਆਂ ਵੱਲੋਂ ਮੈਂ ਉੱਪਰੋਂ ਠੋਸਿਆ ਬੰਦਾ ਸਾਂ। ਪਰ ਦੋ ਕਾਰਨਾਂ ਕਰਕੇ ਉਨ੍ਹਾਂ ਦੀ ਈਰਖਾ ਮੇਰਾ ਕੋਈ ਨੁਕਸਾਨ ਨਾ ਕਰ ਸਕੀ। ਪਹਿਲਾ ਇਹ ਕਿ ਮੇਰੇ ਕੰਮ ਦਾ ਸੰਬੰਧ ਸਿੱਧਾ ਸੈਂਟਰਲ ਕੋਅਪਰੇਟਿਵ ਬੈਂਕ ਹੁਸ਼ਿਆਰਪੁਰ ਦੇ ਜਨਰਲ ਮੈਨੇਜਰ ਅਤੇ ਚੰਡੀਗੜ੍ਹ ਬੈਂਕ ਨਾਲ ਸੀ। ਦੂਜਾ, ਅੰਗਰੇਜ਼ੀ ਵਿੱਚ ਮੇਰੀ ਸਮਰੱਥਾ ਸੀ। ਬੈਂਕ ਦਾ ਸਾਰਾ ਕੰਮ ਤੇ ਖਤੋ ਕਿਤਾਬਤ ਅੰਗਰੇਜ਼ੀ ਵਿੱਚ ਸੀ। ਅੰਗਰੇਜ਼ੀ ਪੱਖੋਂ ਬੈਂਕ ਕਰਮਚਾਰੀਆਂ ਦਾ ਹੱਥ ਤੰਗ ਸੀ। ਡਿਫਾਲਟਰ ਸੁਸਾਇਟੀਆਂ ਦੀ ਇਨਵੈਸਟੀਗੇਸ਼ਨ ਦਾ ਕੰਮ ਮੁੱਕਣ ਬਾਅਦ ਮੇਰੀ ਪੋਸਟ ਜੂਨੀਅਰ ਅਕਾਊਂਟੈਂਟ ਵਿੱਚ ਕਨਵਰਟ ਕਰ ਦਿੱਤੀ ਗਈ। ਮੇਰੀ ਨਵੀਂ ਡਿਉਟੀ-ਲਿਸਟ ਅਨੁਸਾਰ ਮੈਂ ਰਿਜ਼ਰਵ ਬੈਂਕ ਦੀ ਇੰਨਸਪੈਕਸ਼ਨ ਤੇ ਔਡੀਟਰ ਰਿਪੋਰਟ ਦੀ ਕੰਪਲਾਇੰਸ ਦੇ ਕੰਮ ਕਰਦਾ ਸਾਂ। ਮੈਥੋਂ ਪਹਿਲਾਂ ਇਹ ਕੰਮ ਐਸਿਸਟੈਂਟ ਮੈਨੇਜਰ ਕਰਦਾ ਸੀ। ਕੰਮ ਲੰਬਾ ਚੌੜਾ ਸੀ, ਜਨਰਲ ਮੈਨੇਜਰ ਨੇ ਇਹ ਕੰਮ ਮੈਨੂੰ ਸੋਚ ਸਮਝਕੇ ਹੀ ਦਿੱਤਾ ਸੀ। ਉਹ ਸੁਸਾਇਟੀਆਂ ਦੀ ਪੜਤਾਲ ਦੇ ਅਹਿਮ ਨੁਕਤਿਆਂ ਨੂੰ ਸਪਸ਼ਟ ਅਤੇ ਬੱਝਵੇਂ ਰੂਪ ਵਿੱਚ ਲਿਖੀਆਂ ਅੰਗਰੇਜ਼ੀ ਵਿੱਚ ਮੇਰੀਆਂ ਰਿਪੋਰਟਾਂ ਤੋਂ ਪ੍ਰਭਾਵਿਤ ਸੀ। ਸੁਸਾਇਟੀਆਂ ਵਿੱਚ ਜਾ ਕੇ ਮੇਰੇ ਕੰਮਕਾਰ ਕਰਨ ਦੇ ਟੀ. ਏ. ਡੀ. ਏ. ਦੇ ਬਿੱਲ ਉਹ ਖੁਸ਼ ਹੋ ਕੇ ਪਾਸ ਕਰਦਾ ਰਿਹਾ ਸੀ। ਮੈਂ ਵਾਧੂ ਟਾਈਮ ਲਾ ਕੇ ਕੰਪਲਾਇੰਸ ਦਾ ਕੰਮ ਰੇੜ੍ਹੇ ਪਾ ਲਿਆ। ਵਾਧੂ ਕੰਮ ਦੀ ਉਹ ਓਵਰ ਟਾਈਮ ਪੇਮਿੰਟ ਕਰ ਦਿੰਦਾ। ਕੰਪਲਾਇਸਾਂ ਦਾ ਕੰਮ ਮੇਰੀ ਰੁਚੀ ਦੇ ਅਨਕੂਲ ਵੀ ਸੀ। ਡੈਬਿਟ, ਕਰੈਡਿਟ, ਵਾਉਚਰਾਂ, ਲੈਜਰਾਂ ਯਾਨਿ ਹਿੰਦਸਿਆਂ ਨਾਲ ਮੱਥਾ ਮਾਰਨ ਨਾਲੋਂ ਲਿਖਤ ਪੜ੍ਹਤ ਵਾਲ਼ਾ ਕੰਮ ਮੈਨੂੰ ਵਧੇਰੇ ਪਸੰਦ ਸੀ। ਮੇਰੇ ਕੰਮ ਦੀ ਕਦਰ ਵੀ ਪੈ ਰਹੀ ਸੀ। ਇਨ੍ਹਾਂ ਗਿਆਰਾਂ ਸਾਲਾਂ ਵਿੱਚ ਤਿੰਨ ਜਨਰਲ ਮੈਨੇਜਰ ਆਏ, ਤਿੰਨੇ ਹੀ ਮੇਰੇ ਕੰਮ ਤੋਂ ਖੁਸ਼ ਸਨ ਤੇ ਮੈਂ ਵੀ ਖੁਸ਼ ਸਾਂ।

? ਫੇਰ ਇਸ ਨੌਕਰੀ ਵਿੱਚੋਂ ਵੀ ਤੁਹਾਨੂੰ ਕਹਾਣੀਆਂ ਦਾ ਕੱਚਾ ਮਾਲ ਮਿiਲ਼ਆ?
: ਹਾਂ ਜੀ, ਦੋ ਕਹਾਣੀਆਂ ਦਾ ਕੱਚਾ ਮਾਲ ਮੈਨੂੰ ਇਸ ਬੈਂਕ ਦੀ ਨੌਕਰੀ ਕਰਦਿਆਂ ਮਿiਲ਼ਆ। ਤੀਜੇ ਕਥਾ ਸੰਗ੍ਰਹਿ ਦੀ ਪਹਿਲੀ ਕਹਾਣੀ ‘ਸਮੇਂ ਦੇ ਹਾਣੀ’ ਟਾਇਟਲ ਕਹਾਣੀ ਹੈ। ਮੇਰਾ ਦੋਸਤ ਜੂਨੀਅਰ ਅਕਾਊਂਟੈਂਟ ਦਰਸ਼ਨ ਮਰਵਾਹਾ ਆਪਣੇ ਸਾਲ਼ੇ ਦੇ ਵਿਆਹ ‘ਤੇ ਗਿਆ। ਦਰਸ਼ਨ ਦੇ ਸਹੁਰਾ ਸਾਹਿਬ ਨੇ ਰਿਸ਼ਤੇਦਾਰਾਂ ਨਾਲ ਵਰਤਾਓ ਉਨ੍ਹਾਂ ਦੀ ਅਮੀਰੀ ਅਤੇ ਉਨ੍ਹਾਂ ਦੇ ਰੁਤਬਿਆਂ ਮਤਾਬਿਕ ਕੀਤਾ। ਬਦੇਸ਼ੋਂ ਗਏ ਛੋਟੇ ਧੀ ਜੁਆਈ ਅਤੇ ਦੂਰ ਦੀ ਰਿਸ਼ਤੇਦਾਰੀ ਦੇ ਇੱਕ ਵੱਡੇ ਅਫਸਰ ਨੂੰ ਤਾਂ ਹੱਥਾਂ ‘ਤੇ ਚੁੱਕ ਲਿਆ ਪਰ ਦਰਸ਼ਨ ਅਤੇ ਆਪਣੀ ਧੀ ਨੂੰ ਅਣਗੌਲ਼ੇ ਕਰ ਦਿੱਤਾ। ਇਸ ਨਿਰਾਦਰ ਨਾਲ ਦਰਸ਼ਨ ਦੀ ਪਤਨੀ ਕਈ ਮਹੀਨੇ ਟੈਨਸ਼ਨ ਵਿੱਚ ਰਹੀ। ਉਨ੍ਹਾਂ ਨਾਲ ਵਾਪਰੀ ਇਸ ਘਟਨਾ ਦੁਆਲ਼ੇ ਕਲਪਨਾ ਰਾਹੀਂ ਸ਼ਿੱਦਤ ਭਰਪੂਰ ਸਥਿਤੀਆਂ ਗੁੰਦ ਕੇ ਮੈਂ ਇਹ ਕਹਾਣੀ ਲਿਖੀ। ‘ਲੋਅ’ ਪਰਚੇ ਵਿੱਚ ਛਪੀ। ਦਰਸ਼ਨ ਅਤੇ ਉਸ ਦੀ ਪਤਨੀ ਨੇ ਪੜ੍ਹੀ। ਇੱਕ ਦਿਨ ਜਦੋਂ ਮੈਂ ਉਨ੍ਹਾਂ ਦੇ ਘਰ ਗਿਆ, ਦਰਸ਼ਨ ਦੀ ਪਤਨੀ ਦੇ ਭਾਵੁਕਤਾ ਭਿੱਜੇ ਬੋਲ ਕੁੱਝ ਇਸ ਤਰ੍ਹਾਂ ਸਨ, “ਭਾ ਜੀ, ਕਹਾਣੀ ਪੜ੍ਹਦਿਆਂ ਮੈਂ ਕਈ ਵਾਰ ਰੋਈ! ਕਹਾਣੀ ਪੜ੍ਹ ਕੇ ਦਿਲ ਜਿੰਨਾ ਹਲਕਾ ਹੋਇਆ ਏਨਾ ਟੈਨਸ਼ਨ ਦੀ ਦਵਾਈ ਨਾਲ ਨਹੀਂ ਸੀ ਹੋਇਆ।”

ਦੂਜੀ ਕਹਾਣੀ ਹੈ ‘ਜੰਗ ਛਿੜਨ ਤੋਂ ਪਹਿਲਾਂ’। ਇਸ ਕਹਾਣੀ ਦੇ ਪਾਤਰ ਅਮਰੀਕ ਸਿੰਘ ਦਾ ਆਧਾਰ ਬੈਂਕ ਦਾ ਡਰਾਇਵਰ ਚੈਨ ਸਿੰਘ ਹੈ। ਉਸਦੀ ਇੱਕ ਅੱਖ ਵਿੱਚ ਖ਼ਰਾਬੀ ਪੈ ਜਾਣ ਕਰਨ ਉਸ ਨੂੰ ਲੰਬੀ ਛੁੱਟੀ ਲੈਣੀ ਪੈ ਗਈ। ਅੱਖ ਠੀਕ ਹੋ ਗਈ ਸੀ ਪਰ ਬੈਂਕ ਦੇ ਮੈਨਿਜਿੰਗ ਡਾਇਰੈਕਟਰ ਨੇ ਚਾਲ ਖੇਡ ਕੇ ਉਸ ਨੂੰ ਚਪੜਾਸੀ ਬਣਾ ਦਿੱਤਾ। ਟੈਂਪਰੇਰੀ ਡਰਾਇਵਰ ਜੋ, ਉਸ ਦਾ ਖ਼ਾਸ ਬੰਦਾ ਸੀ ਉਸ ਨੂੰ ਪੱਕਾ ਕਰ ਲਿਆ। ਚੈਨ ਸਿੰਘ ਨਾਲ ਹੋਏ ਅਨਿਆਂ ਨਾਲ ਕੁੱਝ ਹੋਰ ਘਟਨਾਵਾਂ ਜੋੜ ਕੇ ਮੈਂ ਭ੍ਰਿਸ਼ਟਾਚਾਰ ਦੀ ਘਿਨਾਉਣੀ ਤਸਵੀਰ ਪੇਸ਼ ਕੀਤੀ। ਇਹ ਕਹਾਣੀ ਵੀ ‘ਸਮੇਂ ਦੇ ਹਾਣੀ’ ਕਿਤਾਬ ਵਿੱਚ ਦਰਜ ਹੈ।

? ਜਰਨੈਲ ਸਿੰਘ ਜੀ, ਉਂਜ ਤਾਂ ਭਾਵੇਂ ਲੇਖਕ ਦੀ ਪਛਾਣ ਉਸ ਦੀ ਸਿਰਜਣਾ ਦੇ ਸਿਰ ੱਤੇ ਹੁੰਦੀ ਹੈ। ਪਰ ਕਿਸੇ ਲੇਖਕ ਨੂੰ ਸਥਾਪਤ ਕਰਨ ਵਿੱਚ ਪਾਠਕਾਂ ਜਾਂ ਆਲੋਚਕਾਂ ਦਾ ਤੁਸੀਂ ਕਿੰਨਾ ਕੁ ਯੋਗਦਾਨ ਸਮਝਦੇ ਹੋ? ਕੁੱਝ ਲੇਖਕ ਪੰਜਾਬੀ ਸਾਹਿਤ ਦੀ ਆਲੋਚਨਾ ਤੋਂ ਖੁਸ਼ ਨਹੀਂ, ਤੁਸੀਂ ਪੰਜਾਬੀ ਆਲੋਚਨਾ ਨੂੰ ਕਿਸ ਤਰ੍ਹਾਂ ਦੇਖਦੇ ਹੋ?
: ਢਾਅ ਜੀ, ਲੇਖਕ ਦੀ ਸਥਾਪਤੀ ਵਾਸਤੇ ਪਾਠਕਾਂ ਦਾ ਭਰਵਾਂ ਹੁੰਗਾਰਾ ਅਤੀ ਜ਼ਰੂਰੀ ਹੈ। ਪਰ ਪਾਠਕ, ਲੇਖਕ ਦੀਆਂ ਰਚਨਾਵਾਂ ਤਦ ਹੀ ਪ੍ਰਵਾਨ ਕਰਨਗੇ ਜੇ ਰਚਨਾਵਾਂ ਵਿੱਚ ਦਮ ਹੋਵੇ। ਪੰਜਾਬੀ ਸਾਹਿਤ ਵਿੱਚ ਪਾਠਕਾਂ ਦੀ ਘਾਟ ਕਾਰਨ ਆਲੋਚਕ ਵੀ ਵੱਡੀ ਭੂਮਿਕਾ ਨਿਭਾ ਰਹੇ ਹਨ। ਅਜੋਕੇ ਸਮੇਂ ਵਿੱਚ ਜੀਵਨ ਦੇ ਹਰ ਖੇਤਰ ਵਿੱਚ ਨਿਘਾਰ ਆਇਆ ਹੈ। ਇਹ ਨਿਘਾਰ ਆਲੋਚਨਾ ਵਿੱਚ ਵੀ ਦੇਖਿਆ ਜਾ ਸਕਦਾ ਹੈ। ਕੁੱਝ ਆਲੋਚਕਾਂ ਦੀ ਸਮੀਖਿਆ ਰਚਨਾ ਆਧਾਰਿਤ ਨਹੀਂ, ਰਚਨਾਕਾਰ ਆਧਾਰਿਤ ਹੈ। ਪਰ ਆਲੋਚਕਾਂ ਦੀ ਵੱਡੀ ਗਿਣਤੀ ਆਲੋਚਨਾ ਦੇ ਖੇਤਰ ਵਿੱਚ ਸੰਤੁਲਿਤ ਅਤੇ ਉਸਾਰੂ ਰੋਲ ਨਿਭਾ ਰਹੀ ਹੈ। ਮੇਰੇ ਪਲੇਠੇ ਕਥਾ ਸੰਗ੍ਰਹਿ ਦੀਆਂ ਕਹਾਣੀਆਂ ਵਿੱਚ ਕਚਿਆਈ ਸੀ। ਦੂਜੇ ਤੀਜੇ ਸੰਗ੍ਰਹਿ ਦੀਆਂ ਕਹਾਣੀਆਂ ਚੰਗੇ ਪੱਧਰ ਦੀਆਂ ਹਨ। ਪਰ ਵਿਦਵਾਨਾਂ ਤੇ ਖੋਜਾਰਥੀਆਂ ਦਾ ਧਿਆਨ ਮੇਰੀਆਂ ਪਰਵਾਸੀ ਜੀਵਨ ਅਤੇ ਵਿਸ਼ਵੀ ਸਰੋਕਾਰਾਂ ‘ਤੇ ਕੇਂਦਰਿਤ ਹੋਣ ਕਰਕੇ, ਉਹ ਕਹਾਣੀਆਂ ਅਣਗੌਲ਼ੀਆਂ ਹੀ ਰਹਿ ਗਈਆਂ ਹਨ।

? ਅੱਜ ਪਰਵਾਸੀ ਸਾਹਿਤ, ਪੰਜਾਬ ਅਤੇ ਪੰਜਾਬ ਤੋਂ ਬਾਹਰ ਕੁੱਝ ਹੋਰ ਯੂਨੀਵਰਸਿਟੀਆਂ ਦੇ ਸਿਲੇਬਸਾਂ ਦਾ ਹਿੱਸਾ ਬਣ ਚੁੱਕਾ ਹੈ। ਕੀ ਤੁਹਾਡੀ ਵੀ ਕੋਈ ਕਿਤਾਬ ਕਿਸੇ ਯੂਨੀਵਰਸਿਟੀ ਵਿੱਚ ਪੜ੍ਹਾਈ ਜਾ ਰਹੀ ਹੈ?
: ਹਾਂ ਜੀ, ‘ਦੋ ਟਾਪੂ’ ਪੰਜਾਬ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਕੁਰੂਕੁਸ਼ੇਤਰ ਯੂਨੀਵਰਸਿਟੀ ਹਰਿਆਣਾ ਦੇ ਐੱਮ. ਏ. ਪੰਜਾਬੀ ਦੇ ਸਿਲੇਬਸ ਵਿੱਚ ਪੜ੍ਹਾਈ ਜਾਂਦੀ ਰਹੀ। ਬਾਈ ਸਾਲ ਪਹਿਲਾਂ ਛਪੀ ਉਹ ਕਿਤਾਬ ਹੁਣ ਲਵਲੀ ਯੂਨੀਵਰਸਿਟੀ ਜਲੰਧਰ ਦੇ ਬੀ. ਏ. ਦੇ ਸਿਲੇਬਸ ਵਿੱਚ ਪੜ੍ਹਾਈ ਜਾ ਰਹੀ ਹੈ। 2005 ਵਿੱਚ ਛਪਿਆ ਕਹਾਣੀ ਸੰਗ੍ਰਹਿ ‘ਟਾਵਰਜ਼’ ਪੰਜਾਬ ਯੂਨੀਵਰਸਿਟੀ ਤੇ ਕੁਰੂਕਸ਼ੇਤਰ ਯੂਨੀਵਸਿਟੀ ਨਾਲ ਸਬੰਧਤ ਕਾਲਜਾਂ ਦੇ ਐੱਮ ਏ. ਦੇ ਸਿਲੇਬਸ ਵਿੱਚ ਲੱਗੀ ਹੋਈ ਹੈ। ਜਦੋਂ ਕਿ ਕੁਰੂਕੁਸ਼ੇਤਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ‘ਕਾਲ਼ੇ ਵਰਕੇ; ਪੜ੍ਹਾਈ ਜਾ ਰਹੀ ਹੈ। ਇਹ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਐੱਮ. ਏ. ਪੰਜਾਬੀ ਵਿੱਚ ਵੀ ਲੱਗੀ ਰਹੀ ਹੈ। ਹੁਣ ਇਸ ਯੂਨੀਵਰਸਿਟੀ ਵਿੱਚ ਮੇਰੀ ਸੰਪਾਦਿਤ ਪੁਸਤਕ ‘ਮੇਪਲ ਦੇ ਰੰਗ’ (ਕਨੇਡਾ ਦੀ ਪੰਜਾਬੀ ਕਹਾਣੀ) ਐੱਮ. ਏ. ਦੇ ਵਿਦਿਆਰਥੀਆਂ ਨੂੰ ਪੜ੍ਹਾਈ ਜਾ ਰਹੀ ਹੈ। ਇਹ ਕਿਤਾਬ ਦਿੱਲੀ ਯੂਨੀਵਰਸਿਟੀ ਦੇ ਐੱਮ. ਏ. ਦੇ ਸਿਲੇਬਸ ਵਿੱਚ ਵੀ ਲੱਗੀ ਹੋਈ ਹੈ।

? ਪੰਜਾਬ ਵਿੱਚ ਸਮੇਂ ਸਮੇਂ ਵੱਖ ਵੱਖ ਘਟਨਾਵਾਂ ਵਾਪਰੀਆਂ, ਲਹਿਰਾਂ ਚੱਲੀਆਂ, ਜਿਨ੍ਹਾਂ ਨੇ ਜਨ-ਜੀਵਨ ਨੂੰ ਬੇਹੱਦ ਪ੍ਰਭਾਵਿਤ ਕੀਤਾ। ਹਰਿਮੰਦਰ ਸਾਹਿਬ ੱਤੇ ਫੌਜੀ ਹਮਲਾ ਅਤੇ ਦਿੱਲੀ ਵਿੱਚ ਸਿੱਖ ਕਤਲੇਆਮ ਨੂੰ ਤੁਸੀਂ ਇੱਕ ਲੇਖਕ ਅਤੇ ਇੱਕ ਸਿੱਖ ਫੌਜੀ ਦੇ ਦ੍ਰਿਸ਼ਟੀਕੋਣ ਤੋਂ ਕਿਵੇਂ ਦੇਖਦੇ ਹੋ? ਇਨ੍ਹਾਂ ਘਟਨਾਵਾਂ ਨਾਲ ਵੀ ਸੰਬੰਧਿਤ ਕਿਸੇ ਕਹਾਣੀ ਨੇ ਜਨਮ ਲਿਆ?
: ਫੌਜੀ ਐਕਸ਼ਨ ‘ਚ ਅਕਾਲ ਤਖ਼ਤ ਢਹਿ ਢੇਰੀ ਹੋਣ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਵਲੂੰਧਰੀਆਂ ਗਈਆਂ। ਇੰਦਰਾ ਗਾਂਧੀ ਸਿੱਖ ਜਗਤ ਤੋਂ ਮੁਆਫ਼ੀ ਮੰਗ ਕੇ ਉਨ੍ਹਾਂ ਦੀਆਂ ਜ਼ਖ਼ਮੀ ਭਾਵਨਾਵਾਂ ੱਤੇ ਮੱਲ੍ਹਮ ਲਾ ਸਕਦੀ ਸੀ। ਪਰ ਅਜਿਹਾ ਨਾ ਹੋ ਸਕਿਆ। ਬਾਅਦ ਵਿੱਚ ਇੰਦਰਾ ਗਾਂਧੀ ਦਾ ਕਤਲ ਅਤੇ ਸਿੱਖ ਕਤਲੇਆਮ ਦੀਆਂ ਘਟਨਾਵਾਂ ਵਾਪਰ ਗਈਆਂ। ਸਿੱਖ ਕਤਲੇਆਮ, ਪੀੜਤ ਪਰਿਵਾਰਾਂ ਵਾਸਤੇ ਉਮਰ ਭਰ ਦੇ ਰੂਹ ਨਪੀੜਵੇਂ ਜ਼ਖ਼ਮ ਹਨ।
ਅਸਲ ਵਿੱਚ ਫੌਜੀ ਐਕਸ਼ਨ ਸਰਕਾਰ ਦਾ ਕਾਹਲ਼ ਵਿੱਚ ਚੁੱਕਿਆ ਹੋਇਆ ਕਦਮ ਸੀ। ਇਹ ਅਖ਼ੀਰ ਵਿੱਚ ਹੀ ਲਿਆ ਜਾਣਾ ਚਾਹੀਦਾ ਸੀ। ਇਸ ਤੋਂ ਪਹਿਲਾਂ ਅੱਤਵਾਦੀਆਂ ਨੂੰ ਆਤਮ ਸਮਰਪਣ ਕਰਾਉਣ ਦੇ ਢੰਗ ਤਰੀਕੇ ਵਰਤਣੇ ਚਾਹੀਦੇ ਸਨ। ਅਜਿਹਾ ਕਰਨ ਨਾਲ ਕੰਪਲੈਕਸ ਵਿੱਚ ਫਸੇ ਸ਼ਰਧਾਲੂ ਅਤੇ ਸ਼ਾਇਦ ਕੁੱਝ ਅੱਤਵਾਦੀ ਵੀ ਸੁਰੱਖਿਅਤ ਬਾਹਰ ਆ ਸਕਦੇ ਸਨ।

ਮਾੜੀ ਗੱਲ ਇਹ ਹੋਈ ਕਿ ਫੌਜੀ ਐਕਸ਼ਨ ਤੋਂ ਬਾਅਦ ਹਰ ਸਿੱਖ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਣ ਲੱਗਾ। ਇੰਜ ਜਾਪਣ ਲੱਗ ਪਿਆ ਸੀ ਕਿ ਦੇਸ਼ ਵਾਸੀਆਂ ਦਾ ਸਿੱਖਾਂ ਤੋਂ ਵਿਸ਼ਵਾਸ ਉੱਠ ਗਿਆ ਹੋਵੇ। ਆਸਿਆਂ ਪਾਸਿਆਂ ਤੋਂ ਕੁੱਝ ਅਜਿਹੀ ਚਰਚਾ ਵੀ ਹੁੰਦੀ ਸੁਣੀ ਸੀ ਕਿ ਭਵਿੱਖ ਵਿੱਚ ਸਿੱਖਾਂ ਨੂੰ ਰਾਜਨੀਤੀ ਅਤੇ ਫੌਜ ਦੀਆਂ ਸਿਖ਼ਰਲੀਆਂ ਪੋਸਟਾਂ ਨਹੀਂ ਦਿੱਤੀਆਂ ਜਾਣਗੀਆਂ। ਸਿੱਖਾਂ ਪ੍ਰਤੀ ਹੋਏ ਅਵਿਸ਼ਵਾਸ ਨੂੰ ਲੈ ਕੇ ਮੈਂ ‘ਅਵਿਸ਼ਵਾਸ’ ਨਾਂ ਦੀ ਕਹਾਣੀ ਲਿਖੀ ਅਤੇ ‘ਲੋਅ’ ਪਰਚੇ ਵਿੱਚ ਛਪੀ। ਪਰ ਦੋ ਕੁ ਸਾਲ ਬਾਅਦ ਤਲਖ਼ੀਆਂ ਮਧਮ ਪੈਣ ‘ਤੇ ਮੈਂ ਅੰਦਾਜ਼ਾ ਲਾਇਆ ਕਿ ਸਿੱਖਾਂ ਪ੍ਰਤੀ ਬੇਯਕੀਨੀ ਵਕਤੀ ਮਸਲਾ ਸੀ। ਵਕਤੀ ਗੱਲਾਂ ਵਾਲ਼ੀਆਂ ਕਹਾਣੀਆਂ ਸਮੇਂ ਦੀ ਸਕਰੀਨ ੱਤੇ ਟਿਕਣਯੋਗ ਨਹੀਂ ਹੁੰਦੀਆਂ। ਇਸ ਕਰਕੇ ਉਹ ਕਹਾਣੀ ਮੈਂ ‘ਸਮੇਂ ਦੇ ਹਾਣੀ’ (1987) ਸੰਗ੍ਰਹਿ ਵਿੱਚ ਸ਼ਾਮਲ ਨਹੀਂ ਸੀ ਕੀਤੀ, ਨਸ਼ਟ ਕਰ ਦਿੱਤੀ ਸੀ।

? ਜਰਨੈਲ ਸਿੰਘ ਜੀ, ਤੁਸੀਂ ਇੱਕ ਹੋਰ ਬਹੁਤ ਹੀ ਵਧੀਆ ਕਹਾਣੀ ਕੈਨੇਡਾ ਦੇ ਨੇਟਿਵ ਲੋਕਾਂ ਬਾਰੇ ‘ਕਾਲ਼ੇ ਵਰਕੇ’ ਬਾਰੇ ਲਿਖੀ ਹੈ। ਏਅਰਫੋਰਸ ਵਿੱਚ ਸਰਵਿਸ ਕਰਦਿਆਂ ਸ਼ਾਇਦ ਤੁਹਾਨੂੰ ਅਸਾਮ, ਨਾਗਾਲੈਂਡ ਅਤੇ ਦੱਖਣੀ ਭਾਰਤ ਦੇ ਨੇਟਿਵ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਅਨੁਭਵ ਹੋਇਆ ਹੋਵੇ। ਕੀ ਕਦੀ ਉਨ੍ਹਾਂ ਬਾਬਤ ਕਹਾਣੀ ਲਿਖਣ ਬਾਰੇ ਵੀ ਸੋਚਿਆ?
: ਭਾਰਤ ਦੇ ਨੇਟਿਵਾਂ ਬਾਰੇ ਕਹਾਣੀ ਲਿਖਣ ਲਈ ਮੈਨੂੰ ਕੋਈ ਲੋੜੀਂਦਾ ਅਨੁਭਵ ਨਹੀਂ ਸੀ। ਜੇ ਮੈਂ ਭਾਰਤ ਵਿੱਚ ਰਹਿੰਦਾ ਤਾਂ ਸ਼ਾਇਦ ਭਰਵੀਂ ਜਾਣਕਾਰੀ ਹਾਸਲ ਕਰਕੇ ਕਹਾਣੀ ਲਿਖਦਾ। ਹੁਣ ਤਾਂ ਪਰਵਾਸੀ ਭਾਈਚਾਰੇ ਦੀਆਂ ਅੰਤਰਰਾਸ਼ਟਰੀ ਸਮੱਸਿਆਵਾਂ ਹੀ ਸੋਚ ਵਿੱਚ ਘੁੰਮਦੀਆਂ ਹਨ।

? ਕਿਸੇ ਵੀ ਸਮਾਜਿਕ ਜਾਂ ਰਾਜਨੀਤਿਕ ਤਬਦੀਲੀ ਲਈ ਸਾਹਿਤ ਦੇ ਵਿਸ਼ੇਸ਼ ਯੋਗਦਾਨ ਬਾਰੇ ਲੋਕਾਂ ਦੀਆਂ ਵੱਖ ਵੱਖ ਰਾਵਾਂ ਹਨ। ਕੀ ਸਾਹਿਤਕ ਲਿਖਤਾਂ ਰਾਹੀਂ ਭਾਰਤੀ ਸਮਾਜ ਵਿੱਚ ਤੁਸੀਂ ਅਜਿਹੀ ਕੋਈ ਤਬਦੀਲੀ ਦੇਖ ਰਹੇ ਹੋ?
: ਮੇਰੇ ਖ਼ਿਆਲ ‘ਚ ਸਾਹਿਤ ਰਾਹੀਂ ਲੋਕਾਂ ਵਿੱਚ ਮਾੜੀ ਮੋਟੀ ਚੇਤਨਾ ਤਾਂ ਪੈਦਾ ਹੋ ਸਕਦੀ ਹੈ, ਸਮਾਜਿਕ ਜਾਂ ਰਾਜਨੀਤਕ ਤਬਦੀਲੀ ਦੀ ਆਸ ਨਹੀਂ ਰੱਖੀ ਜਾ ਸਕਦੀ। ਭਾਰਤ ਦੇ ਪ੍ਰਸੰਗ ਵਿੱਚ ਇਹਦੇ ਦੋ ਕਾਰਨ ਹਨ। ਪਹਿਲਾ ਇਹ ਕਿ ਭਾਰਤ ਦੀ ਕੁੱਲ ਅਬਾਦੀ ਦੇ ਹਿਸਾਬ ਨਾਲ ਸਾਹਿਤ ਦੇ ਪਾਠਕ ਬਹੁਤ ਘੱਟ ਹਨ। ਦੂਜਾ ਕਾਰਨ ਇਹ ਕਿ ਭਾਰਤੀਆਂ ਦੀ ਮਾਨਸਿਕਤਾ ਉੱਤੇ ਧਰਮ, ਫਿਰਕਾਪ੍ਰਸਤੀ, ਊਚ ਨੀਚ, ਆਦਿ ਦੀਆਂ ਭਾਵਨਾਵਾਂ ਹਾਵੀ ਹਨ। ਭਾਰਤ ਦੇ ਭ੍ਰਿਸ਼ਟ ਰਾਜਨੀਤਕ ਨੇਤਾ ਲੋਕਾਂ ਦੀਆਂ ਭਾਵਨਾਵਾਂ ਨੂੰ ਉਭਾਰ ਕੇ ਅਤੇ ਲੋਕ ਭਲਾਈ ਦੇ ਝੂਠੇ ਵਾਇਦੇ ਕਰਕੇ ਵੋਟਾਂ ਬਟੋਰ ਲੈਂਦੇ ਹਨ।

? ਇੱਕ ਹੋਰ ਸਵਾਲ ਮਨ ਵਿੱਚ ਆ ਰਿਹਾ ਹੈ ਕਿ ਅੱਜ ਦੇ ਨੌਜਵਾਨ ਪੰਜਾਬੀ ਮੁੰਡੇ ਕੁੜੀਆਂ ਬੇਰੁਜ਼ਗਾਰੀ ਦੇ ਮਾਰੇ ਬਦੇਸ਼ਾਂ ਵਿੱਚ ਰੁਲ਼ ਰਹੇ ਹਨ। ਕੀ ਉਨ੍ਹਾਂ ਲਈ ਆਪਣੇ ਦੇਸ਼ ਵਿੱਚ ਮਿਲਟਰੀ ਸਰਵਿਸ ਠੀਕ ਨਹੀਂ? ਪਤਾ ਲੱਗਾ ਕਿ ਹੁਣ ਭਾਰਤੀ ਫੌਜ ਵਿੱਚ ਇਸਤਰੀਆਂ ਵੀ ਭਰਤੀ ਹੋਈਆਂ ਹਨ। ਪਰ ਉਨ੍ਹਾਂ ਦਾ ਗਿਲਾ ਹੈ ਕਿ ਮਰਦ ਫੌਜੀ ਉਨ੍ਹਾਂ ਨੂੰ ਮਾੜੀ ਨਿਗ੍ਹਾ ਨਾਲ ਦੇਖਦੇ ਹਨ। ਭਾਵ ਉਨ੍ਹਾਂ ਦੀ ਇੱਜ਼ਤ ਸੁਰੱਖਿਅਤ ਨਹੀਂ। ਤੁਹਾਡਾ ਕੀ ਵਿਚਾਰ ਹੈ?
: ਸਤਨਾਮ ਜੀ, ਪੰਜਾਬ ਦੇ ਮੁੰਡੇ ਕੁੜੀਆਂ ਲਈ ਮਿਲਟਰੀ ਸਰਵਿਸ ਹੈ ਤਾਂ ਠੀਕ ਪਰ ਉਨ੍ਹਾਂ ਅੰਦਰ ਮਿਲਟਰੀ ਨਾਲੋਂ ਬਦੇਸ਼ ਦੀ ਖਿੱਚ ਵਧੇਰੇ ਹੈ। ਦੂਜੀ ਗੱਲ ਹੈ ਕਿ ਫੌਜ ਵਿੱਚ ਏਡੀ ਵੱਡੀ ਗਿਣਤੀ ਅਡਜਸਟ ਵੀ ਨਹੀਂ ਹੋ ਸਕਦੀ। ਇਸ ਕਰਕੇ ਉਹ ਹਰ ਜਾਇਜ਼ ਨਾਜਾਇਜ਼ ਤਰੀਕਾ ਵਰਤ ਕੇ ਬਦੇਸ਼ਾਂ ਨੂੰ ਆ ਰਹੇ ਹਨ। ਅਸਲ ਵਿੱਚ ਇਹ ਸਮੱਸਿਆ ਭਾਰਤ ਦੀਆਂ ਕੇਂਦਰੀ ਅਤੇ ਸੂਬਾਈ ਸਰਕਾਰਾਂ ਦੀ ਹੈ। ਜੇ ਆਮ ਬੱਚਿਆਂ ਨੂੰ ਨੌਕਰੀਆਂ ਮੁਹਈਆ ਕਰਾਈਆਂ ਜਾਣ ਤਾਂ ਬਦੇਸ਼ ਦੀ ਲਾਲਸਾ ਘੱਟ ਸਕਦੀ ਹੈ। ਬਾਕੀ ਫੌਜ ਵਿੱਚ ਔਰਤਾਂ ਦੀ ਭਰਤੀ ਮੇਰੀ ਰੀਟਾਇਟਮੈਂਟ ਤੋਂ ਬਾਅਦ ਸ਼ੁਰੂ ਹੋਈ, ਜਿਸ ਕਰਕੇ ਫੌਜੀ ਔਰਤਾਂ ਬਾਰੇ ਮੇਰਾ ਕੋਈ ਅਨੁਭਵ ਨਹੀਂ।

? ਮੀਡੀਆ ਅਤੇ ਸਾਹਿਤ ਨੇ ਰਾਜਨੀਤਿਕ ਸਮੱਸਿਆ ਦਾ ਸੱਚ ਲੋਕਾਂ ਸਾਹਮਣੇ ਪੇਸ਼ ਕਰਨਾ ਹੁੰਦਾ ਹੈ। ਪਰ ਭਾਰਤ ਵਿੱਚ ਜੇਕਰ ਕੋਈ ਮੀਡੀਆਕਾਰ ਜਾਂ ਲੇਖਕ ਹੱਕ ਸੱਚ ਦੀ ਗੱਲ ਕਰਦਾ ਹੈ ਤਾਂ ਉਸ ਉੱਤੇ ਦੇਸ਼ ਧ੍ਰੋਹ ਦਾ ਇਲਜ਼ਾਮ ਥੋਪ ਦਿੱਤਾ ਜਾਂਦਾ ਹੈ। ਇੱਥੋਂ ਤਕ ਕਿ ਉਸ ਨੂੰ ਖ਼ਤਮ ਵੀ ਕੀਤਾ ਜਾ ਸਕਦਾ। ਇੱਕ ਸੁਜੱਗ ਸਹਿੱਤਕਾਰ ਦੇ ਤੌਰ ੱਤੇ ਤੁਸੀਂ ਕਹਿਣਾ ਚਾਹੋਗੇ?
: ਭਾਰਤ ਦੇ ਲੋਕਤੰਤਰ ਵਿੱਚ ਕੂੜ ਕਪਟ ਪ੍ਰਧਾਨ ਹੈ। ਭ੍ਰਿਸ਼ਟ ਰਾਜਨੀਤੀ ਤੇ ਪ੍ਰਬੰਧਕੀ ਢਾਂਚੇ ਵਿੱਚੋਂ ਨੈਤਿਕਤਾ ਮਰ ਚੁੱਕੀ ਹੈ। ਪ੍ਰਧਾਨ ਮੰਤਰੀ ਮੋਦੀ ਦੇ ਰਾਜ ਵਿੱਚ ਰਾਜਤੰਤਰ ਲੋਕਾਂ ਵਾਸਤੇ ਨਹੀਂ, ਹਾਕਮ ਜਮਾਤ, ਕਾਰਪੋਰੇਟ ਘਰਾਣਿਆਂ ਤੇ ਅਫਸਰਸ਼ਾਹੀ ਵਾਸਤੇ ਹੈ। ਮੀਡੀਆ, ਜਿਸ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਆਖਿਆ ਜਾਂਦਾ ਹੈ ਸਰਕਾਰ ਦੇ ਹੱਥਾਂ ਵਿੱਚ ਖੇਡ ਰਿਹਾ ਹੈ। ‘ਗੋਦੀ ਮੀਡੀਆ’ ਦਾ ਵਿਸ਼ੇਸ਼ਣ ਇਸ ‘ਤੇ ਪੂਰਾ ਢੁੱਕਦਾ ਹੈ। ਜ਼ਮੀਰ ਵਾਲੇ ਜਿਹੜੇ ਮੀਡੀਆਕਾਰ, ਐਕਟਿਵਿਸਟ ਅਤੇ ਲੇਖਕ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ ਹਨ, ਉਨ੍ਹਾਂ ਨੂੰ ਖ਼ਤਮ ਕਰਵਾ ਦਿੱਤਾ ਜਾਂਦਾ ਹੈ। ਤੁਸੀਂ ਦੇਖੋ, ਨਰਿੰਦਰਾ ਦਬੋਲਕਰ, ਗੋਬਿੰਦ ਪਨਸਾਰੇ, ਐੱਮ. ਐੱਮ ਕੁਲਬਰਗੀ ਤੇ ਗੌਰੀ ਲੰਕੇਸ਼ ਦੇ ਕਤਲ ਭਾਰਤੀ ਲੋਕਤੰਤਰ ਦੀ ਚਿੰਤਾਜਨਕ ਸਥਿਤੀ ਦਾ ਪ੍ਰਮਾਣ ਹੈ। ਜਿੱਥੋਂ ਤਕ ਸਾਹਿਤ, ਖ਼ਾਸ ਕਰਕੇ ਪੰਜਾਬੀ ਸਾਹਿਤ ਦਾ ਸੰਬੰਧ ਹੈ, ਸਾਰੇ ਸਾਹਿਤਕਾਰ ਆਪਣੀਆਂ ਰਚਨਾਵਾਂ ਵਿੱਚ ਮਾੜੇ ਹਾਲਾਤ ਦੀ ਸਹੀ ਤਸਵੀਰ ਪੇਸ਼ ਕਰ ਕਰੇ ਹਨ। ਉਨ੍ਹਾਂ ਦੀ ਸੁਰੱਖਿਆ ਲਈ ਮੈਂ ਦੁਆ ਕਰਦਾ ਹਾਂ।

? ਤੁਸੀਂ ਲਿਖਦੇ ਤਾਂ ਕਾਫ਼ੀ ਸਮੇਂ ਤੋਂ ਹੋ, ਪਰ 1999 ਵਿੱਚ ਛਪੇ ਤੁਹਾਡੇ ਕਹਾਣੀ ਸੰਗ੍ਰਹਿ ਨੇ ਇੱਕ ਦਮ ਪਾਠਕਾਂ ਅਤੇ ਆਲੋਚਕਾਂ ਦਾ ਧਿਆਨ ਖਿੱਚਿਆ। ਕੀ ਇਸਦੇ ਵਿਸ਼ੇ ਹੀ ਅਜਿਹੇ ਸਨ ਜਾਂ ਕਹਾਣੀ ਬਿਆਨ ਕਰਦੀਆਂ ਨਵੀਆਂ ਨਵੇਕਲੀਆਂ ਜੁਗਤਾਂ?
: ‘ਦੋ ਟਾਪੂ’ ਪਰਵਾਸੀ ਜੀਵਨ ਬਾਰੇ ਮੇਰਾ ਪਹਿਲਾ ਕਥਾ ਸੰਗ੍ਰਹਿ ਸੀ। ਇਸ ਤੋਂ ਪਹਿਲੇ ਤਿੰਨ ਕਥਾ ਸੰਗ੍ਰਹਿ ਮੁੱਖ ਤੌਰ ‘ਤੇ ਕਿਸਾਨੀ ਜੀਵਨ ਤੇ ਫੌਜੀ ਜੀਵਨ ਬਾਰੇ ਸਨ। ‘ਦੋ ਟਾਪੂ’ ਵਿੱਚ ਮੈਂ ਵਿਕਸਤ ਪੂੰਜੀ ਵਿਵਸਥਾ ਵਾਲ਼ੇ ਕੈਨੇਡਾ ਵਿੱਚ ਪੰਜਾਬੀਆਂ ਦੇ ਘਰਾਂ, ਪਰਿਵਾਰਾਂ ਤੇ ਰਿਸ਼ਤਿਆਂ ਵਿੱਚ ਵਾਪਰਦੇ ਚੰਗੇ ਮਾੜੇ ਹਾਲਾਤ ਨੂੰ ਗਲਪ ਵਿੱਚ ਢਾiਲ਼ਆ ਹੈ। ਕੈਨੇਡਾ ਵਿੱਚ ਪੰਜਾਬੀਆਂ ਦੇ ਸੰਘਰਸ਼, ਪੂਰਬੀ ਅਤੇ ਪੱਛਮੀ ਸਭਿਆਚਾਰਾਂ ਵਿੱਚ ਟਕਰਾਓ, ਪਤੀ ਪਤਨੀ ਦੇ ਰਿਸ਼ਤੇ ਵਿੱਚ ਟਕਰਾਓ ਅਤੇ ਤਲਾਕ, ਕਨੇਡਾ ਦੇ ਜੰਮ ਪਲ਼ ਟੀਨਏਜਰਾਂ ਅਤੇ ਭਾਰਤ ਤੋਂ ਆਏ ਬਜ਼ੁਰਗਾਂ ਦੀਆਂ ਸਮੱਸਿਆਵਾਂ, ਨਵੀਂ ਪੀੜ੍ਹੀ ਵਿੱਚ ਵਿਅਕਤੀਵਾਦ ਦਾ ਉਭਾਰ ਅਤੇ ਪੀੜ੍ਹੀ ਪਾੜਾ ਇਨ੍ਹਾਂ ਕਹਾਣੀਆਂ ਦੇ ਮੁੱਖ ਵਿਸ਼ੇ ਹਨ। ਇਹ ਸਾਰੇ ਵਿਸ਼ੇ ਭਾਰਤੀ ਸਭਿਆਚਾਰ ਦੇ ਦ੍ਰਿਸ਼ਟੀਕੋਣ ਨਾਲ ਪੱਛਮੀ ਸੰਸਕ੍ਰਿਤੀ ਦੀਆਂ ਕੜੀਆਂ ਜੋੜ ਕੇ ਪੇਸ਼ ਕੀਤੇ ਹਨ। ਪਰਵਾਸੀ ਜੀਵਨ ਬਾਰੇ ਜਿਹੜੇ ਵਿਸ਼ੇ ਮੈਥੋਂ ਪਹਿਲਾਂ ਦੇ ਕਹਾਣੀਕਾਰਾਂ ਨੇ ਪੇਸ਼ ਕੀਤੇ ਸਨ, ਮੈਂ ਉਨ੍ਹਾਂ ਨੂੰ ਵੱਖਰੇ ਐਂਗਲ ਤੋਂ ਦੇਖਿਆ ਤੇ ਪੇਸ਼ ਕੀਤਾ। ਸੋ ਇਨ੍ਹਾਂ ਕਹਾਣੀਆਂ ਦੇ ਵਿਸ਼ੇ ਮੇਰੀਆਂ ਪਹਿਲਾਂ ਦੀਆਂ ਕਹਾਣੀਆਂ ਤੋਂ ਵੀ ਵੱਖਰੇ ਤੇ ਪਰਵਾਸੀ ਲੇਖਕਾਂ ਤੋਂ ਵੀ ਵੱਖਰੇ ਹਨ। ਪਤੀ ਪਤਨੀ ਦਾ ਤਲਾਕ ਤੇ ਉਸ ਤੋਂ ਬਾਅਦ ਦੀਆਂ ਸਥਿਤੀਆਂ (ਕਹਾਣੀ ‘ਦੋ ਟਾਪੂ’) ਅਤੇ ਟੀਨਏਜਰਾਂ ਦੀ ਸੋਚ ਸਾਇਕੀ (‘ਪੰਧ ਕਥਾ ਤੇ ਭਵਿੱਖ’) ਦੇ ਵਿਸ਼ਾ ਵਸਤੂ ਪਰਵਾਸੀ ਕਹਾਣੀ ਵਿੱਚ ਪਹਿਲੀ ਵਾਰ ਪੇਸ਼ ਹੋਏ। ਇਨ੍ਹਾਂ ਵਿਸ਼ਿਆਂ ਨੂੰ ਪੇਸ਼ ਕਰਨ ਲਈ ਫਲੈਸ਼ਬੈਕ, ਪ੍ਰਤੀਕੀਕਰਨ, ਦ੍ਰਿਸ਼ ਚਿਤਰਨ ਵਰਗੀਆਂ ਜੁਗਤਾਂ ਦੀ ਢੁੱਕਵੀਂ ਵਰਤੋਂ ਵੀ ਸਹਾਈ ਹੋਈ।

? ਇੱਥੇ ਪਾਤਰ ਉਸਾਰੀ ਦੀ ਗੱਲ ਮੇਰੇ ਮਨ ਵਿੱਚ ਆਉਂਦੀ ਹੈ ਕਿ ‘ਦੋ ਟਾਪੂ’ ਦੀਆਂ ਕਹਾਣੀਆਂ ਵਿੱਚ ਤੁਸੀਂ ਗੋਰੇ ਪਾਤਰ ਪੇਸ਼ ਕੀਤੇ ਹਨ ਅਤੇ ‘ਟਾਵਰਜ਼’ ਕਹਾਣੀ ਸੰਗ੍ਰਹਿ ਵਿੱਚ ਤਾਂ ਭਰਵੇਂ ਰੂਪ ਵਿੱਚ ਕਹਾਣੀਆਂ ਦਾ ਹਿੱਸਾ ਬਣੇ ਹਨ। ‘ਟਾਵਰਜ਼’ ਅਤੇ ‘ਬਰਫ਼ ਤੇ ਦਰਿਆ’ ਦੇ ਸਾਰੇ ਦੇ ਸਾਰੇ ਪਾਤਰ ਹੀ ਗੋਰੇ ਹਨ। ਉਹ ਕਿਹੜੇ ਵਿਸ਼ੇ ਸਨ ਜਿਨ੍ਹਾਂ ਵਾਸਤੇ ਅਜਿਹੀ ਪਾਤਰਾਵਲੀ ਦੀ ਲੋੜ ਪਈ? ‘ਪਾਣੀ’, ‘ਟਾਵਰਜ਼’ ਅਤੇ ‘ਬਰਫ਼ ਤੇ ਦਰਿਆ’ ਕਹਾਣੀਆਂ ਦੇ ਪ੍ਰਸੰਗ ਵਿੱਚ ਦੱਸੋ?
: ‘ਪਾਣੀ’ ਕਹਾਣੀ ਵਿੱਚ ਮੈਂ ਪੂਰਬੀ ਅਤੇ ਪੱਛਮੀ ਸਭਿਆਚਾਰ ਦੇ ਟਕਰਾਓ ਤੇ ਰਲ਼ੇਵੇਂ ਦੀ ਬਾਤ ਪਾਈ ਹੈ। ਇਸ ਟਕਰਾਓ ਤੇ ਰਲ਼ੇਵੇਂ ਨੂੰ ਮੈਂ ਨੂੰਹ ਸੱਸ ਦੇ ਪਾਤਰਾਂ ਰਾਹੀਂ ਇੱਕੋ ਘਰ ਵਿੱਚ ਦੋ ਜੀਵਨ ਸ਼ੈਲੀਆਂ ਰਾਹੀਂ ਪੇਸ਼ ਕੀਤਾ। ਨੂੰਹ (ਸ਼ੈਰਨ) ਗੋਰੀ ਹੈ ਤੇ ਸੱਸ (ਸੁਖਜੀਤ ਕੌਰ) ਪੰਜਾਬਣ। ਸੁਖਜੀਤ ਕੌਰ ਪੂਰਬੀ ਸਭਿਆਚਾਰ ਦੀ ਪ੍ਰਤੀਨਿਧ ਤੇ ਸ਼ੈਰਨ ਪੱਛਮੀ ਸਭਿਆਚਾਰ ਦੀ ਪ੍ਰਤੀਨਿਧ ਹੈ। ਸੁਖਜੀਤ ਕੌਰ ਪੰਜਾਬ ਵਿੱਚ ਆਪਣੇ ਬਾਪ ਦੀ ਜ਼ਮੀਨ ਜਾਇਦਾਦ ਦੀ ਮਾਲਕ ਹੈ। ਉਸ ਦਾ ਪੁੱਤ ਰਾਜੂ ਅਤੇ ਨੂੰਹ ਸ਼ੈਰਨ ਉਸ ਨੂੰ ਉਹ ਜ਼ਮੀਨ ਵੇਚਣ ਲਈ ਆਖਦੇ ਹਨ। ਜ਼ਮੀਨ ਦੀ ਵੱਟੀ ਰਕਮ ਨਾਲ ਉਹ ਆਪਣੇ ਘਰ ਵਿੱਚ ਸਵਿਮਿੰਗ ਪੂਲ ਬਣਾਉਣਾ ਚਾਹੁੰਦੇ ਹਨ। ਪਰ ਉਸ ਜ਼ਮੀਨ ਨਾਲ ਸੁਖਜੀਤ ਕੌਰ ਦੇ ਮੋਹ ਖੋਰੇ ਮਾਪਿਆਂ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ, ਜਿਸ ਕਰਕੇ ਜ਼ਮੀਨ ਨੂੰ ਵੇਚਣ ਦੀ ਗੱਲ ਉਸ ਦੇ ਸਿਰ ੱਤੇ ਬੰਬ ਵਾਂਗ ਫਟਦੀ ਹੈ। ਕਹਾਣੀ ਦਾ ਪਾਸਾਰ ਸੁਖਜੀਤ ਦੇ ਤਣਾਅ ਗ੍ਰਸਤ ਮਨ ਵਿੱਚ ਉ¤ਭਰਦੀਆਂ ਯਾਦਾਂ, ਸੋਚਾਂ ਰਾਹੀਂ ਹੁੰਦਾ ਹੈ। ਉਹ ਇਸ ਮਸਲੇ ਦੀ ਜੜ੍ਹ ਗੋਰੀ ਨੂੰਹ ਨੂੰ ਸਮਝਦੀ ਹੈ। ਇਸ ਤਣਾਓ ਵਿੱਚ ਉਸ ਨੂੰ ਸ਼ੈਰਨ ਦੀਆਂ ਖੂਬੀਆਂ ਵੀ ਯਾਦ ਆਉਂਦੀਆਂ ਹਨ।

‘ਟਾਵਰਜ਼’ ਕਹਾਣੀ ਵਿਸ਼ਵ ਵਿਆਪੀ ਘਟਨਾ 9/11 ਦੀ ਤ੍ਰਾਸਦੀ ਤੇ ਆਧਾਰਿਤ ਹੈ। ਗਿਆਰਾਂ ਸਤੰਬਰ ਦੋ ਹਜ਼ਾਰ ਇੱਕ ਨੂੰ ਅੱਤਵਾਦੀਆਂ ਨੇ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਖੇ ਵਰਲਡ ਟਰੇਡ ਸੈਂਟਰ ਦੇ ਜੌੜੇ ਟਾਵਰ ਢਹਿ ਢੇਰੀ ਕਰ ਦਿੱਤੇ ਸਨ। ਇੱਕ ਸੌ ਦਸ ਮੰਜ਼ਲੇ ਗਗਨ ਚੁੰਮਦੇ ਟਾਵਰ ਮੈਂ ਦੇਖੇ ਸਨ। ਟਾਵਰਾਂ ਵਿੱਚ ਮਾਰੇ ਗਏ ਹਜ਼ਾਰਾਂ ਲੋਕ ਉੱਥੇ ਆਪੋ ਆਪਣੇ ਕੰਮਾਂ ‘ਤੇ ਗਏ ਹੋਏ ਸਨ, ਰੋਟੀ ਕਮਾਉਣ। ਹੁਣ ਉਨ੍ਹਾਂ ਨੇ ਆਪਣੇ ਘਰ ਕਦੀ ਨਹੀਂ ਸੀ ਪਰਤਣਾ। ਇਸ ਤ੍ਰਾਸਦੀ ਨੇ ਮੇਰੇ ਮਨ ੱਤੇ ਗਹਿਰਾ ਅਸਰ ਕੀਤਾ। ਫਿਰ ਜਦੋਂ ਅਮਰੀਕਾ ਅਫ਼ਗਾਨਿਸਤਾਨ ਤੋਂ ਬਾਅਦ ਇਰਾਕ ਵਿੱਚ ਜਾ ਵੜਿਆ ਤਾਂ ਇਹ ਵਿਸ਼ਵ ਵਿਆਪੀ ਘਟਨਾਵਾਂ ਦੁਨੀਆ ਦੇ ਸਿਆਣੇ ਲੋਕਾਂ ਦੀ ਚਿੰਤਾ ਬਣ ਗਈ। ਸਮੁੱਚੇ ਘਟਨਾਕਰਮ ਵਿੱਚੋਂ ਦੋ ਅਹਿਮ ਪਹਿਲੂ ਨਜ਼ਰ ਆ ਰਹੇ ਸਨ ਅਮਰੀਕਾ ਦੀ ਸਾਮਰਾਜੀ ਧੌਂਸ ਤੇ ਨਵਬਸਤੀਵਾਦੀ ਮਨਸੂਬੇ ਅਤੇ ਧਾਰਮਿਕ ਮੂਲਵਾਦ ਦਾ ਜਨੂੰਨੀ ਕਿਰਦਾਰ। ਇਸ ਸਾਰੇ ਕੁੱਝ ਬਾਰੇ ਮੈਂ ਕਿਤਾਬਾਂ ਪੜ੍ਹੀਆਂ ਤੇ ਮੇਰੀ ਸੋਚ ਵਿੱਚ ਚੱਲੇ ਸਿਰਜਣਾਤਿਮਕ ਅਮਲ ਨੇ ਕਹਾਣੀ ਦਾ ਰੂਪ ਧਾਰ ਲਿਆ। ਕਹਾਣੀ ਦੇ ਦੋ ਮੁੱਖ ਪਾਤਰ ਹਨ, ਵਿਲੀਅਮ ਥੌਂਪਸਨ ਤੇ ਉਸ ਦੀ ਪਤਨੀ ਐਂਜਲਾ। ਉਨ੍ਹਾਂ ਦੀ ਧੀ ਸਟੇਸੀ ਟਰੇਡ ਸੈਂਟਰ ਵਿੱਚ ਮੁੱਕ ਜਾਂਦੀ ਹੈ ਤੇ ਪੁੱਤ ਡੈਨਿਸ ਇਰਾਕ ਦੀ ਜੰਗ ਵਿੱਚ ਮਾਰਿਆ ਜਾਂਦਾ ਹੈ। ਵਿਲੀਅਮ ਜਿਸਦੇ ਮਨ ਵਿੱਚ ਅਮਰੀਕਾ ਦੀ ਧੌਂਸ ਦਾ ਗਰੂਰ ਹੁੰਦਾ ਸੀ, ਆਪਣੇ ਪਰਿਵਾਰ ਨਾਲ ਵਾਪਰੀ ਤ੍ਰਾਸਦੀ ਤੋਂ ਬਾਅਦ ਮਹਿਸੂਸ ਕਰਦਾ ਹੈ ਕਿ ਅਮਰੀਕਾ ਦੀਆਂ ਨਵਬਸਤੀ ਨੀਤੀਆਂ ਮਾਨਵ ਵਿਰੋਧੀ ਹਨ।

‘ਬਰਫ਼ ਤੇ ਦਰਿਆ’ ਕਹਾਣੀ ਵਿੱਚ ਮੈਂ ਵਾਤਾਵਰਣ ਅਤੇ ਅਜੋਕੇ ਮਨੁੱਖੀ ਆਚਰਣ ਵਿੱਚ ਫੈਲੇ ਪ੍ਰਦੂਸ਼ਣ ਦੇ ਗਲੋਬਲੀ ਵਿਸ਼ੇ ਨੂੰ ਨਿਭਾਇਆ ਹੈ। ਇਹ ਕਹਾਣੀ ਮੈਨੂੰ ਓਨਟੈਰੀਓ ਸੂਬੇ ਦੇ ਉੱਤਰ ਵਿੱਚ ਪੈਂਦੇ ਸ਼ਹਿਰ ਥੰਡਰਵੇਅ ਅਤੇ ਉਸ ਦਾ ਆਲ਼ਾ ਦੁਆਲ਼ਾ ਦੇਖਣ ਸਮੇਂ ਸੁੱਝੀ। ਪ੍ਰਾਰਕ੍ਰਿਤਕ ਸੁੰਦਰਤਾ ਇਸ ਇਲਾਕੇ ਦੀ ਵਿਸ਼ੇਸ਼ ਪਛਾਣ ਹੈ। ਪਰ ਕਨੇਡਾ ਦੇ ਵਿਕਸਤ ਪੂੰਜੀਵਾਦ ਨੇ ਵਿਕਾਸ ਦੇ ਨਾਂ ‘ਤੇ ਇਸ ਇਲਾਕੇ ਦੀ ਸੁੰਦਰਤਾ ਨੂੰ ਪ੍ਰਦੂਸ਼ਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਪ੍ਰਦੂਸ਼ਣ ਸਿਰਫ਼ ਪ੍ਰਕਿਤੀ ਦਾ ਹੀ ਨਹੀਂ ਸਗੋਂ ਉੱਥੋਂ ਦੇ ਸਾਫ਼ ਸੁਥਰੇ ਜੀਵਨ ਵਰਤਾਰੇ ਅਤੇ ਸਭਿਆਚਾਰ ਦਾ ਵੀ ਹੋ ਰਿਹਾ ਹੈ। ਪੂੰਜੀਵਾਦ ਨੇ ਜਿੱਥੇ ਇਖ਼ਲਾਕ ਨੂੰ ਖੋਰਾ ਲਾਇਆ ਹੈ, ਉੱਥੇ ਪਰਿਵਾਰਾਂ ਵਿੱਚ ਵੀ ਤੋੜ ਵਿਛੋੜੇ ਪਾਏ ਹਨ। ਕਹਾਣੀ ਵਿੱਚ ਪ੍ਰਕਿਤੀ ਦੇ ਪ੍ਰਦੂਸ਼ਣ ਅਤੇ ਰਿਸ਼ਿਤਿਆਂ ਵਿੱਚ ਤੋੜ ਵਿਛੋੜੇ ਦੀ ਗਾਥਾ ਸ਼ੌਨ ਡਗਲਸ, ਸੋਫੀਆ ਅਤੇ ਡੀਨ ਸੌਡਰਜ਼ ਦੇ ਪਾਤਰਾਂ ਰਾਹੀਂ ਪੇਸ਼ ਕੀਤੀ ਹੈ।

? ਤੁਸੀਂ ਪਹਿਲਾਂ ਤੋਂ ਹੀ ਪ੍ਰਤੀਕੀਕਰਨ ਦੀ ਜੁਗਤ ਬੜੀ ਸਫ਼ਲਤਾ ਨਾਲ ਵਰਤਦੇ ਆ ਰਹੇ ਹੋ। ਇਨ੍ਹਾਂ ਤਿੰਨਾਂ ਕਹਾਣੀਆਂ ਵਿੱਚ ਵੀ ਪ੍ਰਤੀਕਾਂ ਦੀ ਵਰਤੋਂ ਬਾਰੇ ਕੁੱਝ ਦਸੋ?
: ‘ਪਾਣੀ’ ਕਹਾਣੀ ਵਿੱਚ ਪਾਣੀ ਦਾ ਪ੍ਰਤੀਕ ਹੈ ਜੋ ਸਾਰੀ ਕਹਾਣੀ ਵਿੱਚ ਫੈਲਿਆ ਹੋਇਆ ਹੈ। ਮੇਰੇ ਕਹਿਣ ਦਾ ਭਾਵ ਇਹ ਪ੍ਰਤੀਕ ਬਹੁਅਰਥੀ ਹੈ। ਦੋ ਮੁੱਖ ਅਰਥ ਇਹ ਹਨ: ਪਹਿਲਾ ਅਰਥ ਹੈ ਪੰਜਾਬ ਦੀ ਜ਼ਮੀਨ ਥਲਿਓਂ ਪਾਣੀ ਦਾ ਮੁੱਕਣਾ ਤੇ ਦੂਜਾ ਅਰਥ ਹੈ ਰਿਸ਼ਤਿਆਂ ਵਿੱਚੋਂ ਮੋਹ ਪਿਆਰ ਦਾ ਖ਼ਤਮ ਹੋਣਾ। ਮੋਹ ਪਿਆਰ ਦੇ ਖਤਮ ਹੋਣ ਵਾਲਾ ਅਰਥ ਭਾਰਤ ਸਮੇਤ ਸਾਰੇ ਵਿਸ਼ਵ ੱਤੇ ਢੁੱਕਦਾ ਹੈ।

‘ਟਾਵਰਜ਼’ ਕਹਾਣੀ ਵਿੱਚ ਟਾਵਰ ਦੇ ਪ੍ਰਤੀਕ ਇਹ ਹਨ:
ਇੱਕ ਟਾਵਰ ਤਾਂ ਵਰਲਡ ਟ੍ਰੇਡ ਸੈਂਟਰ ਦੇ ਹਨ ਜੋ ਢਹਿ ਢੇਰੀ ਕਰ ਦਿੱਤੇ ਗਏ। ਦੂਜੇ ਟਾਵਰ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਜਾਰਜ ਬੁਸ਼ ਤੇ ਇੰਗਲੈਂਡ ਦੇ ਤਤਕਾਲੀ ਪ੍ਰਧਾਨ ਮੰਤਰੀ ਟੋਨੀ ਬਲੇਅਰ ਜਾਂ ਉਨ੍ਹਾਂ ਵਰਗੇ ਹੋਰ ਹਾਕਮ। ਪਰ ਇਹ ਟਾਵਰ ਬੌਣੇ ਹਨ। ਤੀਜੇ ਟਾਵਰ ਓਸਾਮਾ ਬਿਨ ਲਾਦੇਨ ਅਤੇ ਉਸ ਵਰਗੇ ਹੋਰ ਧਾਰਮਿਕ ਅਗੂ ਜੋ ਲੋਕਾਂ ਵਿੱਚ ਟਾਵਰਾਂ ਵਾਂਗ ਪੇਸ਼ ਹੁੰਦੇ ਹਨ। ਪਰ ਇਹ ਟਾਵਰ ਵੀ ਬੌਣੇ ਹਨ।

‘ਬਰਫ਼ ਤੇ ਦਰਿਆ’ ਕਹਾਣੀ ਵਿੱਚ ‘ਹਵਾ ਵਿੱਚ ਉਡਦੀ ਬਰਫ਼’ ਰਾਹੀਂ ਮੈਂ ਸੋਫੀਆ ਦੇ ਚੰਚਲ ਸੁਭਾਅ ਅਤੇ ਦਰਿਆ ਰਾਹੀ ਸ਼ੌਨ ਦੇ ਸਹਿਜ ਸੁਭਾਅ ਨੂੰ ਪ੍ਰਗਟਾਇਆ ਹੈ। ਬਰਫ਼ ਤੇ ਦਰਿਆ ਕਹਾਣੀ ਦੇ ਦ੍ਰਿਸ਼ਾਂ ਵਿੱਚ ਵੀ ਸ਼ਾਮਲ ਹਨ। ਇੱਥੇ ਇਹ ਦੱਸਣਾ ਬਣਦਾ ਹੈ ਕਿ ਪ੍ਰਤੀਕਾਂ ਬਾਰੇ ਉਪ੍ਰੋਕਤ ਗੱਲਾਂ ਕਹਾਣੀ ਵਿੱਚ ਸੰਕੇਤਕ ਤੌਰ ੱਤੇ ਹੀ ਦੱਸੀਆਂ ਗਈਆਂ ਹਨ, ਪੂਰੀ ਗੱਲ ਪਾਠਕਾਂ ਦੀ ਸੋਚ ੱਤੇ ਛੱਡ ਦਿੱਤੀ ਹੈ। ਲੇਖਕ ਵੱਲੋਂ ਸਪਸ਼ਟ ਤੌਰ ੱਤੇ ਦੱਸਣ ਦੀ ਗੱਲ ਲਾਊਡ ਬਣ ਜਾਂਦੀ ਹੈ, ਜੋ ਕਹਾਣੀ ਦਾ ਔਗਣ ਬਣ ਸਕਦਾ ਹੈ।

? ਜਰਨੈਲ ਜੀ, ਕੁੱਝ ਆਲੋਚਕਾਂ ਦਾ ਵਿਚਾਰ ਹੈ ਕਿ ਇਸਤਰੀ ਮਨ ਦੀ ਵੇਦਨਾ ਨੂੰ ਮਰਦ ਲੇਖਕ ਪੂਰੀ ਤਰ੍ਹਾਂ ਸਮਝ ਨਹੀਂ ਸਕਦਾ। ਤੁਸੀਂ ਪੱਛਮੀ ਇਸਤਰੀ ਪਾਤਰਾਂ ਨੂੰ ਇੰਨੀ ਬਾਰੀਕੀ ਨਾਲ ਕਿਵੇਂ …?
: ‘ਕੈਨੇਡੀਅਨ ਕੋਰ ਆਫ ਕਮੀਸ਼ਨੇਅਰਜ਼’ ਵਿੱਚ ਮੈਂ ਵੀਹ ਸਾਲ ਨੌਕਰੀ ਕੀਤੀ। ਕੈਨੇਡਾ ਦੇ ਸਾਬਕਾਂ ਫੌਜੀਆਂ ਦੀ ਉਸ ਕੰਪਨੀ ਵਿੱਚ ਪਚਾਸੀ ਪ੍ਰੀਸ਼ਤ ਗੋਰੇ ਸਨ। ਉਨ੍ਹਾਂ ਵਿੱਚ ਸਾਬਕਾ ਫੌਜਣਾਂ ਵੀ ਕਾਫ਼ੀ ਸਨ। ਜਿਨ੍ਹਾਂ ਲੋਕਾਂ ਨਾਲ ਇੰਨਾ ਲੰਬਾ ਸਮਾਂ ਵਾਹ ਰਿਹਾ ਹੋਵੇ, ਉਨ੍ਹਾਂ ਬਾਰੇ ਭਰਪੂਰ ਜਾਣਕਾਰੀ ਤਾਂ ਮਿਲ਼ ਹੀ ਜਾਂਦੀ ਹੈ। ਗੋਰੇ ਗੋਰੀਆਂ ਵਿੱਚੋਂ ਆਪਣੇ ਪਾਤਰਾਂ ਦਾ ਅਧਾਰ ਲੱਭਣ ਲਈ ਮੈਂ ਉਨ੍ਹਾਂ ਨੂੰ ਸਰਸਰੀ ਤੌਰ ੱਤੇ ਨਹੀਂ ਸਗੋਂ ਵਧੇਰੇ ਨੀਝ ਨਾਲ ਦੇਖਦਾ ਘੋਖਦਾ ਸਾਂ। ਕਈ ਵਾਰ ਉਨ੍ਹਾਂ ਨਾਲ ਸ਼ੋਸਲਾਇਜ਼ ਕਰਨ ਦੇ ਮੌਕੇ ਵੀ ਬਣ ਜਾਂਦੇ ਸਨ।

? ਉਂਝ ਤਾਂ ਤੁਹਾਡੀਆਂ ਸਾਰੀਆਂ ਕਹਾਣੀਆਂ ਹੀ ਮਕਬੂਲ ਹੋਈਆਂ। ਪਰ ਕਿਹੜੀ ਕਹਾਣੀ ਨੇ ਸਭ ਤੋਂ ਵੱਧ ਚਰਚਾ ਕਰਵਾਈ। ਉਸ ਕਹਾਣੀ ਵਿੱਚ ਤੁਹਾਡੀਆਂ ਦੂਜੀਆਂ ਤੇ ਪਹਿਲੀਆਂ ਨਾਲੋਂ ਵੱਖਰਾਪਨ ਕੀ ਸੀ?
: ਕਹਾਣੀ ‘ਦੋ ਟਾਪੂ’। ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਇਹ ਮੇਰੀਆਂ ਪਹਿਲੀਆਂ ਕਹਾਣੀਆਂ ਨਾਲ਼ੋਂ ਹੀ ਨਹੀਂ ਸਗੋਂ ਸਮੁੱਚੀ ਪਰਵਾਸੀ ਕਹਾਣੀ ਨਾਲ਼ੋਂ ਵੱਖਰੀ ਸੀ। ਕਹਾਣੀ ਦੀ ਮੁੱਖ ਪਾਤਰ ਪਾਸ਼ੀ ੱਤੇ ਵਿਅਕਤੀਗਤ ਆਜ਼ਾਦੀ ਅਤੇ ਆਰਥਿਕ ਆਜ਼ਾਦੀ ਦਾ ਪ੍ਰਭਾਵ ਹੈ। ਉਸ ਦਾ ਪਤੀ ਬਲਰਾਜ ਭਾਰਤੀ ਮਰਦਾਵੀਂ ਹਉਂ ਤੇ ਪ੍ਰਮੁਖਤਾ ਦਾ ਪ੍ਰਤੀਨਿਧ ਪਾਤਰ ਹੈ। ਪਤੀ ਪਤਨੀ ਵਿੱਚ ਪ੍ਰੰਪਰਿਕ ਸੰਸਕ੍ਰਿਤੀ ਅਤੇ ਅਧੁਨਿਕ ਸੰਸਕ੍ਰਿਤੀ ਦਾ ਟਕਰਾਓ ਵਾਪਰਦਾ ਹੈ, ਜੋ ਉਨ੍ਹਾਂ ਦੇ ਤਲਾਕ ਦਾ ਕਾਰਨ ਬਣਦਾ ਹੈ। ਕਹਾਣੀ ਸਿਰਫ਼ ਤਲਾਕ ‘ਤੇ ਹੀ ਨਹੀਂ ਮੁੱਕਦੀ, ਤਲਾਕ ਤੋਂ ਬਾਅਦ ਦੋਨਾਂ ਪਾਤਰਾਂ ਦੇ ਮਨੋ ਕਲੇਸ਼ਾਂ ਨੂੰ ਵਧਾਉਣ ਘਟਾਉਣ ਵਾਲ਼ੀਆਂ ਸਥਿਤੀਆਂ ਕਹਾਣੀ ਦੀ ਵਿਸ਼ੇਸ਼ਤਾ ਬਣਦੀਆਂ ਹਨ। ਕਲਾ ਦੇ ਪੱਖ ਤੋਂ ਇਹ ਕਹਾਣੀ ਪੁਖਤਾ ਰਚਨਾ ਹੈ। ਵੱਥ ਤੇ ਕੱਥ ਵਿਚਲੀ ਇੱਕਸੁਰਤਾ ਕਹਾਣੀ ਦੀ ਵੱਖਰਤਾ ਨੂੰ ਹੋਰ ਗੂੜ੍ਹਾ ਕਰਦੀ ਹੈ।

? ਜਰਨੈਲ ਜੀ, ਇਹੋ ਜਿਹੀਆਂ ਰਚਨਾਵਾਂ ਲਈ ਜਦੋਂ ਕੋਈ ਘਟਨਾ ਜਾਂ ਪਾਤਰ ਤੁਹਾਡੇ ਮਨ ਨੂੰ ਟੁੰਬਦੇ ਹਨ ਤਾਂ ਤੁਹਾਡੇ ਮਨਅੰਤਰ ਵਿੱਚ ਕਹਾਣੀ ਦਾ ਜੋ ਰਚਨਾਤਮਿਕ ਅਮਲ ਚੱਲਦਾ ਹੈ, ਉਹਦੇ ਬਾਰੇ ਦੱਸੋ। ਕਿੰਨੀ ਕੁ ਵਾਰ ਰੰਦਣਾ (ਭਾਵ ਲਿਖਣਾ) ਪੈਂਦਾ ਤੇ ਕਹਾਣੀ ਫਾਇਨਲ ਹੁੰਦੀ ਹੈ। ਕੋਈ ਉਦਾਹਰਣ ਦੇਣੀ ਚਾਹੋਗੇ, ਨਾਲ ਹੀ ਲਿਖਣ ਵੇਲਾ ਅਤੇ ਸਥਾਨ ਬਾਰੇ ਵੀ ਰੋਸ਼ਨੀ ਪਾਓ?
: ਢਾਅ ਜੀ, ਜਦੋਂ ਕੋਈ ਘਟਨਾ, ਪਾਤਰ ਜਾਂ ਵਿਚਾਰ ਮੇਰੇ ਸੰਵੇਦਨਾਸ਼ੀਲ ਮਨ ਨੂੰ ਟੁੰਬਦੇ ਹਨ, ਮੈਂ ਉਨ੍ਹਾਂ ਨੂੰ ਆਪਣੇ ਮਨ ਦੀਆਂ ਡੂੰਘਾਈਆਂ ਵਿੱਚ ਸੁੱਟ ਲੈਂਦਾ ਹਾਂ। ਮੇਰੇ ਅੰਦਰ ਪਈ ਉਹ ਗੱਲ ਕਦੀ ਹਫ਼ਤਿਆਂ, ਕਦੀ ਮਹੀਨਿਆਂ ਤੇ ਕਦੀ ਸਾਲਾਂ ਬਾਅਦ ਮੁੜ ਮਨ ਦੀ ਉੱਪਰਲੀ ਸਤਹ ੱਤੇ ਆ ਜਾਂਦੀ ਹੈ। ਮੇਰੀ ਕਲਪਨਾ ਵਿੱਚ ਕਹਾਣੀ ਆਪਣਾ ਰੂਪ ਗ੍ਰਹਿਣ ਕਰਨ ਲੱਗ ਜਾਂਦੀ ਹੈ। ਇਸ ਸਟੇਜ ੱਤੇ ਮੈਂ ਸੰਬੰਧਿਤ ਵਿਸ਼ੇ ਬਾਰੇ ਵੱਧ ਤੋਂ ਵੱਧ ਜਾਣਕਾਰੀ ਇਕੱਠੀ ਕਰਦਾ ਹਾਂ। ਕਿਤਾਬਾਂ ਪੜ੍ਹਦਾ ਹਾਂ, ਸੰਬੰਧਿਤ ਖੇਤਰਾਂ ਦੇ ਮਹਿਰਾਂ ਨਾਲ ਵਿਚਾਰ ਵਟਾਂਦਰੇ ਕਰਦਾ ਹਾਂ। ਲੋੜ ਅਨੁਸਾਰ ਨੋਟਸ ਵੀ ਲੈਂਦਾ ਹਾਂ। ਮਿਸਾਲ ਦੇ ਤੌਰ ੱਤੇ ਮੇਰੀਆਂ ਦੋ ਕਹਾਣੀਆਂ ‘ਭਵਿੱਖ’ ਤੇ ‘ਪੰਥ ਕਥਾ’ ਟੀਨਏਜਰਾਂ ਬਾਰੇ ਹਨ। ਉਨ੍ਹਾਂ ਦੀ ਸੋਚ, ਸਾਇਕੀ, ਬੋਲਣ ਚਾਲਣ ਦੇ ਢੰਗਾਂ ਅਤੇ ਜ਼ਿੰਦਗੀ ਪ੍ਰਤੀ ਉਨ੍ਹਾਂ ਦੀ ਪਹੁੰਚ ਬਾਰੇ ਜਾਣਨ ਲਈ ਮੈਂ ਕਈ ਟੀਨਏਜਰਾਂ ਨਾਲ ਸੰਵਾਦ ਰਚਾਏ। ਟੀਨਏਜਰਾਂ ਦੀਆਂ ਸਮੱਸਿਆਵਾਂ ਨਾਲ ਡੀਲ ਕਰਦੇ ਦੋ ਕਾਊਂਸਲਰਾਂ ਨਾਲ ਵਿਚਾਰ ਵਟਾਂਦਰੇ ਵੀ ਕੀਤੇ।

ਵਿਸ਼ਾ-ਵਸਤੂ ੱਤੇ ਪੂਰੀ ਪਕੜ ਬਣ ਜਾਣ ਬਾਅਦ ਮੈਂ ਤੇ ਕਹਾਣੀ ਇੱਕਮਿੱਕ ਹੋ ਜਾਂਦੇ ਹਾਂ। ਬਹਿੰਦਿਆਂ-ਉੱਠਦਿਆਂ, ਖਾਂਦਿਆਂ-ਪੀਂਦਿਆਂ, ਸੈਰ ਕਰਦਿਆਂ ਮਨ ਅੰਦਰ ਕਹਾਣੀ ਦਾ ਅਮਲ ਚੱਲ ਰਿਹਾ ਹੰਦਾ ਹੈ। ਜਦੋਂ ਕਹਾਣੀ ਮਨ ਵਿੱਚ ਪੱਕ ਜਾਂਦੀ ਹੈ, ਇਕਾਂਤ ਵਿੱਚ ਬੈਠ ਕੇ ਕਹਾਣੀ ਨੂੰ ਕਾਗਜ਼ਾਂ ੱਤੇ ਉਤਾਰਨ ਲੱਗ ਜਾਂਦਾ ਹਾਂ। ਕਹਾਣੀ ਦੇ ਲੰਬੇ ਆਕਾਰ ਕਾਰਨ ਕਹਾਣੀ ਨੂੰ ਪੂਰੀ ਹੋਣ ਲਈ ਡੇਢ ਦੋ ਮਹੀਨੇ ਲੱਗ ਜਾਂਦੇ ਹਨ। ਫੇਰ ਸ਼ੁਰੂ ਹੁੰਦਾ ਹੈ ਕੰਮ ਕਹਾਣੀ ਨੂੰ ਕਾਂਟ ਸ਼ਾਂਟ ਕਰਨ, ਗੁੰਦਣ ਅਤੇ ਤਰਤੀਬ ਦੇਣ ਦਾ। ਕਹਾਣੀ ਦੇ ਇਸ ਰੂਪ ਨੂੰ ਮੈਂ ਆਪਣੇ ਖ਼ਾਸ ਸਾਹਿਤਕ ਮਿੱਤਰਾਂ ਨੂੰ ਪੜ੍ਹਾਉਂਦਾ ਹਾਂ। ਉਨ੍ਹਾਂ ਦੇ ਵਿਚਾਰਾਂ ਦੀ ਨਾਪ ਤੋਲ਼ ਕਰਕੇ ਹੀ ਤਬਦੀਲੀ ਕਰਦਾ ਹਾਂ। ਜਦੋਂ ਤਕ ਮੇਰੀ ਤਸੱਲੀ ਨਹੀਂ ਹੁੰਦੀ, ਕਹਾਣੀ ਨੂੰ ਵਾਰ ਵਾਰ ਲਿਖਦਾ ਹਾਂ। ਕਹਾਣੀ ਨੂੰ ਇੰਪਰੂਵ ਕਰਨ ਦੀ ਕ੍ਰਿਆ ਕਹਾਣੀ ਦੇ ਮੈਗਜ਼ੀਨ ਵਿੱਚ ਛਪਣ ਤੋਂ ਬਾਅਦ ਵੀ ਜਾਰੀ ਰਹਿੰਦੀ ਹੈ। ਇੰਡੀਆ ਵਿੱਚ ਲਿਖਣ ਵੇਲਾ ਤੜਕੇ ਦਾ ਸੀ। ਕੈਨੇਡਾ ਵਿੱਚ ਤੜਕੇ ਉੱਠ ਕੇ ਲਿਖਣਾ ਸੰਭਵ ਨਹੀਂ। ਇੱਥੇ ਲਿਖਣ ਵੇਲਾ ਆਮ ਤੌਰ ੱਤੇ ਸਵੇਰੇ ਨਾਸ਼ਤੇ ਤੋਂ ਬਾਅਦ ਦਾ ਹੈ। ਮੇਰਾ ਲਿਖਣ ਵਾਲ਼ਾ ਟੇਬਲ ਬੈੱਡ ਰੂਮ ਵਿੱਚ ਹੈ। ਮੂਡ ਬਣਨ ੱਤੇ ਜੇਕਰ ਇੱਥੇ ਇਕਾਂਤ ਨਾ ਮਿਲ਼ੇ ਤਾਂ ਬੇਸਮੈਂਟ ਵਿੱਚ ਚਲੇ ਜਾਂਦਾ ਹਾਂ। ਮੈਂਨੂੰ ਲਿਖਣ ਲਈ ਇਕਾਂਤ ਬਹੁਤ ਜ਼ਰੂਰੀ ਹੈ।

? ਤੁਹਾਡੀਆਂ ਕੁੱਝ ਕਹਾਣੀਆਂ ਮੈਂ (ਫਸਟ ਪਰਸਨ) ਪਾਤਰ ਵਿੱਚ ਵੀ ਹਨ। ਪਰ ਤੁਹਾਡੀਆਂ ਕਹਾਣੀਆਂ ਵਿੱਚ ਪਾਠਕ, ਪਾਤਰਾਂ ਰਾਹੀਂ ਹੀ ਸਭ ਕੁੱਝ ਦੇਖ ਸੁਣ ਸਕਦਾ ਹੈ। ਲੇਖਕ ਜਰਨੈਲ ਸਿੰਘ ਕਿਧਰੇ ਨਜ਼ਰ ਨਹੀਂ ਆਉਂਦਾ। ਕੀ ਪਾਠਕ ਨੂੰ ਲੇਖਕ ਦੀ ਹੋਂਦ ਸੱਚੀ ਮੁੱਚੀ ਨਜ਼ਰ ਨਹੀਂ ਆਉਣੀ ਚਾਹੀਦੀ ਹੈ?
: ਵੈਸੇ ਤਾਂ ਲੇਖਕ ਆਪਣੀ ਹਰ ਕਹਾਣੀ ਦੇ ਹਰ ਵਾਕ ਵਿੱਚ ਹੁੰਦਾ ਹੈ ਪਰ ਹਾਜ਼ਰ ਹੁੰਦਿਆਂ ਵੀ ਉਹ ਪਾਠਕ ਨੂੰ ਨਜ਼ਰ ਨਹੀਂ ਆਉਣਾ ਚਾਹੀਦਾ। ਜਿਵੇਂ ਤੁਸੀਂ ਆਖਿਆ ਕਿ ਕਹਾਣੀ ਵਿੱਚ ਲੇਖਕ ਨੂੰ ਨਹੀਂ, ਪਾਤਰਾਂ ਨੂੰ ਹੀ ਬੋਲਣਾ ਚਾਹੀਦਾ ਹੈ। ਇਹ ਕਹਾਣੀ ਕਲਾ ਦੀ ਅਹਿਮ ਸ਼ਰਤ ਹੈ।

? ‘ਮੈਂ’ ਪਾਤਰ ਰਾਹੀਂ ਲੇਖਕ ਆਪਣੀ ਰਚਨਾ ਨੂੰ ਵਧੇਰੇ ਪਾਏਦਾਰ ਬਣਾਉਂਦਾ ਹੈ। ਪਰ ਕੁੱਝ ਕਹਾਣੀ ਮਾਹਿਰਾਂ ਦੇ ਵਿਚਾਰ ਅਨੁਸਾਰ ਕਹਾਣੀ ‘ਮੈਂ’ ਪਾਤਰ ਵਿੱਚ ਨਹੀਂ ਲਿਖਣੀ ਚਾਹੀਦੀ। ਇਸ ਬਾਰੇ ਕੀ ਵਿਚਾਰ ਹੈ?
: ਕਹਾਣੀ ਦੀ ਪਾਏਦਾਰੀ ਕਹਾਣੀ ਦੇ ਫ਼ਸਟ ਪਰਸਨ ਜਾਂ ਥਰਡ ਪਰਸਨ ੱਤੇ ਨਹੀਂ, ਕਹਾਣੀਕਾਰ ਦੀ ਗਲਪੀ ਯੋਗਤਾ ੱਤੇ ਨਿਰਭਰ ਕਰਦੀ ਹੈ। ਕਹਾਣੀ ਦੋਨਾਂ ਸ਼ੈਲੀਆਂ ਵਿੱਚੋਂ ਕਿਹੜੀ ਸ਼ੈਲ਼ੀ ਵਿੱਚ ਹੋਵੇ, ਇਸਦਾ ਫ਼ੈਸਲਾ ਕਹਾਣੀਕਾਰ ਨੇ ਕਹਾਣੀ ਦੇ ਵਿਸ਼ਾ ਵਸਤੂ ਅਤੇ ਉਸ ਦੇ ਨਿਭਾਅ ਦੀ ਵਿਉਂਤ ਅਨੁਸਾਰ ਕਰਨਾ ਹੰਦਾ ਹੈ। ਫ਼ਸਟ ਪਰਸਨ ਸ਼ੈਲੀ ਸਵੈਜੀਵਨੀ ਦੇ ਨੇੜੇ ਹੋਣ ਕਰਕੇ, ਕਥਾਕਾਰ ਪਾਠਕ ਨਾਲ ਜ਼ਿਆਦਾ ਨੇੜਤਾ ਬਣਾ ਲੈਂਦਾ ਹੈ। ਪਰ ਇਸ ਵਿੱਚ ਚਿੰਤਨੀ ਗੱਲਾਂ ਕਹਿਣ ਦੀ ਗੁੰਜ਼ਾਇਸ਼ ਘੱਟ ਹੁੰਦੀ ਹੈ, ਜਦੋਂ ਕਿ ਥਰਡ ਪਰਸਨ ਸ਼ੈਲੀ ਵਿੱਚ ਇਹ ਗੁੰਜਾਇਸ਼ ਜ਼ਿਆਦਾ ਹੁੰਦੀ ਹੈ। ‘ਪਾਣੀ’ ਕਹਾਣੀ ਮੈਂ ਪਹਿਲਾਂ ਫ਼ਸਟ ਪਰਸਨ ਸ਼ੈਲੀ ਵਿੱਚ ਲਿਖੀ ਸੀ ਪਰ ਉਸ ਵਿਚਲੇ ਚਿੰਤਨੀ ਅੰਸ਼ ਅਤੇ ਕੁੱਝ ਪ੍ਰਤੀਕ ਕਹਾਣੀ ਵਿੱਚ ਸਮਾਏ ਹੋਏ ਨਹੀਂ ਸੀ ਜਾਪਦੇ। ਇਸੇ ਕਰਕੇ ਮੈਂ ਉਸ ਨੂੰ ਥਰਡ ਪਰਸਨ ਸ਼ੈਲੀ ਵਿੱਚ ਲਿਖਿਆ।

? ਤੁਹਾਡੇ ਕਥਾ ਸੰਗ੍ਰਹਿ ‘ਕਾਲ਼ੇ ਵਰਕੇ’ ੱਤੇ ਕਾਫ਼ੀ ਚਰਚਾ ਹੋ ਰਹੀ ਹੈ। ਇਸ ਦੀਆਂ ਸਾਰੀਆਂ ਕਹਾਣੀਆਂ ਵੀ ਬਹੁਤ ਪ੍ਰਭਾਵਸ਼ਾਲੀ ਹਨ। ਕਹਾਣੀ ‘ਨਦੀਨ’ ਦੀ ਮੁੱਖ ਪਾਤਰ ਕੈਨੇਡਾ ਪਹੁੰਚਣ ਲਈ ਪੂਰੀ ਤਰ੍ਹਾਂ ਸਵਾਰਥੀ ਹੈ ਅਤੇ ਕੈਨੇਡਾ ਪਹੁੰਚ ਕੇ ਪੰਜਾਬੀ ਸਭਿਆਚਾਰ ਦੀਆਂ ਕਦਰਾਂ ਕੀਮਤਾਂ ਵੀ ਤੋੜਦੀ ਹੈ। ਇਹ ਵਾਤਾਵਰਣ ਤਾਂ ਹੁਣ ਆਮ ਹੋ ਗਿਆ ਹੈ। ਕੈਨੇਡਾ ਜਾਂ ਹੋਰ ਬਾਹਰਲੇ ਦੇਸ਼ਾਂ ਨੂੰ ਆਉਣ ਵਾਲੇ ਨੌਜਵਾਨ ਲੜਕੇ ਲੜਕੀਆਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ?
: ਇਹ ਕਹਾਣੀ ਪੰਜਾਬ ਦੇ ਲੋਕਾਂ ਦੀ ਬਦੇਸ਼ੀ ਪਹੁੰਚਣ ਦੀ ਅੰਨ੍ਹੀ ਲਲ੍ਹਕ ਬਾਰੇ ਹੈ। ਇੰਮੀਗ੍ਰੇਸ਼ਨ ਹਥਿਆਉਣ ਲਈ ਜ਼ਬਾਨ ਤੋਂ ਮੁੱਕਰਨਾ, ਰਿਸ਼ਤੇ ਤੋੜਨੇ, ਇੱਜ਼ਤਾਂ ਦਾਅ ੱਤੇ ਲਾਉਣੀਆਂ ਮਾਮੂਲੀ ਗੱਲਾਂ ਬਣ ਗਈਆਂ ਹਨ। ਪੰਜਾਬੀਆਂ ਨੇ ਆਪਣੇ ਪੁੱਤਾਂ ਧੀਆਂ ਨੂੰ ਬਦੇਸ਼ ਭੇਜਣ ਅਤੇ ਪੱਕੇ ਕਰਾਉਣ ਦੇ ਚੱਕਰਾਂ ਵਿੱਚ ਆਪਣੀ ਇੱਜ਼ਤ, ਅਣਖ ਤੇ ਮਰਿਯਾਦਾ ਨੂੰ ਮਿੱਟੀ ਵਿੱਚ ਰੋਲ਼ ਲਿਆ ਹੈ। ਇਸ ਮਾੜੇ ਰੁਝਾਨ ਦੇ ਮੁੱਖ ਕਾਰਨ ਇੰਡੀਆ/ ਪੰਜਾਬ ਦੀ ਭ੍ਰਿਸ਼ਟ ਰਾਜਨੀਤੀ, ਬੇਰੁਜ਼ਗਾਰੀ, ਅਮਨ ਕਾਨੂੰਨ ਦੀ ਅਤਿ ਮਾੜੀ ਸਥਿਤੀ ਤੇ ਨਸ਼ੇ ਵਗੈਰਾ ਹਨ। ਆਪਾਂ ਦੇ ਸੁਨੇਹੇ ਨਾਲ ਕੋਈ ਫ਼ਰਕ ਨਹੀਂ ਪਵੇਗਾ। ਉੱਥੋਂ ਦੀਆਂ ਸਰਕਾਰਾਂ ਵੱਲੋਂ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਅਤੇ ਲੋਕਾਂ ਨੂੰ ਜੀਵਨ ਸੁਰੱਖਿਅਤ ਬਣਾਉਣ ਨਾਲ ਹੀ ਫ਼ਰਕ ਪੈ ਸਕਦਾ ਹੈ।

? ਇਸੇ ਸੰਗ੍ਰਹਿ ਦੀ ਇੱਕ ਹੋਰ ਜ਼ਬਦਸਤ ਕਹਾਣੀ ਹੈ ‘ਪੱਤਿਆਂ ਨਾਲ ਢਕੇ ਜਿਸਮ’ ਜਿਸ ਵਿੱਚ ਤੁਸੀਂ ਯਥਾਰਥ ਨੂੰ ਬੜੇ ਕਲਾਤਮਿਕ ਢੰਗ ਰਾਹੀਂ ਪੇਸ਼ ਕੀਤਾ ਹੈ। ਮੇਰੇ ਖ਼ਿਆਲ ਨਾਲ ਇਹ ਕਹਾਣੀ ਪੰਜਾਬੀ ਜਾਂ ਭਾਰਤੀ ਮੂਲ ਦੇ ਕੈਨੇਡੀਅਨ ਬੱਚਿਆਂ ਦੀ ਲੱਗਦੀ ਹੈ। ਇਹ ਕਹਾਣੀ ਲਿਖਣ ਦਾ ਵਿਚਾਰ ਤੁਹਾਡੇ ਮਨ ਵਿੱਚ ਕਿਸ ਤਰ੍ਹਾਂ ਆਇਆ?
: ‘ਪੱਤਿਆਂ ਨਾਲ ਢਕੇ ਜਿਸਮ’ ਕਹਾਣੀ ਕਿਸੇ ਇੱਕ ਵਰਗ ਬਾਰੇ ਨਹੀਂ, ਇਹ ਕਹਾਣੀ ਗਲੋਬਲੀ ਮਹੱਤਤਾ ਵਾਲੀ ਹੈ। ਇਸ ਨੂੰ ਲਿਖਣ ਦਾ ਵਿਚਾਰ ਅਮਰੀਕਨ ਲੇਖਿਕਾ ‘ਏਰੀਅਲ ਲੇਵੀ’ ਦੀ ਪੁਸਤਕ ‘ਵਿਮੈਨ ਐਂਡ ਦਾ ਰਾਈਜ਼ ਆਫ ਰੌਂਚ ਕਲਚਰ’ ਨੂੰ ਪੜ੍ਹ ਕੇ ਬਣਿਆ। ਅਮਰੀਕਨ ਅੰਗਰੇਜ਼ੀ ਦੇ ਸ਼ਬਦ ‘ਰੌਚੀਂਨੈੱਸ’ ਦਾ ਅਰਥ ਹੈ ‘ਲੱਚਰਤਾ ਤੇ ਕਾਮ ਭੜਕਾਹਟ।’ ਇਸ ਕਹਾਣੀ ਵਿੱਚ ਮੈਂ ਫੈਸ਼ਨ ਅਤੇ ਮਾਡਲੰਿਗ ਦੇ ਨਾਂ ੱਤੇ ਔਰਤ ਦੇ ਜਿਸਮ ਦੀ ਪ੍ਰਦਰਸ਼ਨੀ ਦੇ ਗੌਰਵਹੀਣ ਵਰਤਾਰੇ ਦਾ ਗਲਪੀਕਰਨ ਕੀਤਾ ਹੈ। ਪੂੰਜੀਵਾਦੀ ਵਪਾਰ ਤੰਤਰ ਵਸਤਾਂ ਦੀ ਵਿਕਰੀ ਲਈ ਔਰਤ ਤੋਂ ਉਸ ਦੀ ਦੇਹ ਦੀ ਪ੍ਰਦਰਸ਼ਨੀ ਕਰਵਾਉਂਦਾ ਹੈ। ਇਸ ਵਰਤਾਰੇ ਵਿੱਚ ਮੀਡੀਆ ਵਪਾਰ ਦਾ ਭਾਈਵਾਲ ਬਣਿਆ ਹੋਇਆ ਹੈ। ਮਾਡਲਾਂ, ਫਿਲਮੀ ਐਕਟਰਾਂ ਤੇ ਰੌਕ ਸਟਾਰਾਂ ਦੀ ਦੇਖਾ ਦੇਖੀ ਆਮ ਔਰਤਾਂ ਨੇ ਵੀ ਕਾਮ ਉਕਸਾਊ ਫੈਸ਼ਨ ਅਪਣਾ ਲਿਆ ਹੈ। ਕਹਾਣੀ ਦੀ ਮੱੁਖ ਪਾਤਰ ਮਨੀਸ਼ਾ ਹੀ ਭਾਰਤੀ ਮੂਲ ਦੀ ਮਾਡਲ ਹੈ। ਬਾਕੀ ਸਭ ਮਾਡਲਾਂ ਉੱਤਰੀ ਅਮਰੀਕਾ ਅਤੇ ਯੂਰਪ ਦੀਆਂ ਹਨ। ਕਹਾਣੀ ਦੇ ਸਾਰੇ ਲੋਕੇਲ ਵੀ ਇਨ੍ਹਾਂ ਹੀ ਦੇਸ਼ਾਂ ਦੇ ਪ੍ਰਸਿੱਧ ਸ਼ਹਿਰ ਹਨ।

? ਤੁਹਾਡੀ ਅੰਗਰੇਜ਼ੀ ਅਤੇ ਪੰਜਾਬੀ ਦੋਨਾਂ ਭਾਸ਼ਾਵਾਂ ੱਤੇ ਚੰਗੀ ਪਕੜ ਹੈ। ਕੀ ਤੁਸੀਂ ਅੰਗਰੇਜ਼ੀ ਵਿੱਚ ਵੀ ਲਿਖਣ ਲਈ ਕਦੇ ਸੋਚਿਆ? ਕਿਉਂਕਿ ‘ਕਾਲ਼ੇ ਵਰਕੇ’ ਸੰਗ੍ਰਹਿ ਦੀਆਂ ਪੰਜਾਂ ਵਿੱਚੋਂ ਚਾਰ ਅਤੇ ‘ਟਾਵਰਜ਼’ ਸੰਗ੍ਰਹਿ ਦੀਆਂ ਦੋ ਕਹਾਣੀਆਂ ਅੰਤਰਰਾਸ਼ਟਰੀ ਵਿਸ਼ਿਆਂ ਵਾਲ਼ੀਆਂ ਹਨ। ਮੇਰੇ ਖ਼ਿਆਲ ਨਾਲ ਜੇਕਰ ਇਹ ਅੰਗਰੇਜ਼ੀ ਵਿੱਚ ਹੁੰਦੀਆਂ ਤਾਂ ਇੱਥੋਂ ਦੀ ਮੇਨਸਟਰੀਮ ਤੇ ਸਾਡੀ ਇੱਥੋਂ ਦੀ ਜੰਮਪਲ਼ ਪੀੜ੍ਹੀ ਦੇ ਬੱਚਿਆਂ ਤਕ ਵੀ ਪਹੁੰਚ ਸਕਦੀਆ ਸਨ?
: ਅੰਗਰੇਜ਼ੀ ‘ਤੇ ਮੇਰੀ ਪਕੜ ਤਾਂ ਹੈਗੀ ਏ ਪਰ ਰਚਨਾਤਮਿਕ ਅੰਗਰੇਜ਼ੀ ਮੇਰੇ ਲਈ ਮੁਸ਼ਕਲ ਹੈ। ਮੇਰੀਆਂ ਕਹਾਣੀਆਂ ਦੀ ਜਿਹੜੀ ਸੂਖ਼ਮਤਾ, ਸੰਵੇਦਨਾ ਤੇ ਸ਼ਿੱਦਤ ਪੰਜਾਬੀ ਭਾਸ਼ਾ ਵਿੱਚ ਬਣੀ ਹੈ, ਉਹ ਅੰਗਰੇਜ਼ੀ ਵਿੱਚ ਨਹੀਂ ਬਣ ਸਕਦੀ। ਮੇਰੀ ਵੀ ਇਹ ਇੱਛਾ ਹੈ ਕਿ ਇਹ ਕਹਾਣੀਆਂ ਮੁੱਖਧਾਰਾ ਦੇ ਗੋਰਿਆਂ ਅਤੇ ਸਾਡੀ ਨਵੀਂ ਪੀੜ੍ਹੀ ਤਕ ਪਹੁੰਚਾਈਆਂ ਜਾਣ। ਇਸ ਮੰਤਵ ਲਈ ਮੈਂ ਕਿਸੇ ਮਾਹਰ ਅਨੁਵਦਕ ਦੀ ਤਲਾਸ਼ ਵਿੱਚ ਹਾਂ।

? ਅੱਛਾ ਜੀ, ਇਹ ਦੱਸੋ ਕਿ ਪੰਜਾਬੀ ਮੁੱਖ ਪਾਤਰਾਂ ਦਾ ਅਧਾਰ ਤਾਂ ਤੁਸੀਂ ਆਪਣੇ ਜਾਣ ਪਛਾਣ ਵਾਲੇ ਵਿਅਕਤੀਆਂ ਨੂੰ ਬਣਾਇਆ ਹੈ, ਇਹ ਗੋਰੇ ਪਾਤਰਾਂ ਦੇ ਅਧਾਰ ਕਿੱਥੋਂ ਤੇ ਕਿਵੇਂ ਮਿਲ਼ੇ?
: ਗੋਰੇ ਪਾਤਰਾਂ ਦਾ ਅਧਾਰ ‘ਕੈਨੇਡੀਅਨ ਕੋਰ ਆਫ ਕਮਿਸ਼ਨੇਅਰਜ਼’ ਦੇ ਮੇਰੇ ਗੋਰੇ ਕੁਲੀਗ ਹਨ। ਉਸ ਨੌਕਰੀ ਦੇ ਕਰਮਚਾਰੀਆਂ ਨੂੰ ਸਕਿਉਰਟੀ ਗਾਰਡ ਨਹੀਂ, ਕਮੀਸ਼ਨੇਅਰਜ਼ ਕਿਹਾ ਜਾਂਦਾ ਸੀ। ਸੁਪਰਵਾਇਜ਼ਰਾਂ ਤੇ ਅਫ਼ਸਰਾਂ ਦੇ ਰੈਂਕ ਫੌਜ ਵਾਲੇ ਸਨ। ਉਸ ਨੌਕਰੀ ਦੇ ਸ਼ੁਰੂ ਵਿੱਚ ਮੈਂ ਤਿੰਨ ਕੁ ਸਾਲ ‘ਕੈਨੇਡੀਅਨ ਬਰਾਡਕਾਟਿੰਗ’ ਕੰਪਨੀ ਦੀਆਂ ਬਿਲਡਿੰਗਾਂ ਵਿੱਚ ਜੌਬ ਕੀਤੀ। ਉਸ ਡਿਟੈਚਮੈਂਟ ਦਾ ਸੁਪਰਵਾਇਜ਼ਰ ਵਾਰੰਟ ਅਫ਼ਸਰ ਲੈਰੀ ਹਾਈਨ ਸੀ। ਸਾਰਜੈਂਟ ਦੇ ਰੈਂਕ ਨਾਲ ਮੈਂ ਉਸਦਾ ‘ਟੂ ਆਈ ਸੀ’ ਯਾਨਿ ਦੂਜਾ ਸੁਪਰਵਾਇਜ਼ਰ। ਲੈਰੀ ਮੇਰਾ ਦੋਸਤ ਬਣ ਗਿਆ ਸੀ। ਕਹਾਣੀ ‘ਸੜਕਾਂ’ ਦੇ ਗੋਰੇ ਪਾਤਰ ਜੈਕ ਹੈਰੀਸਨ ਦਾ ਅਧਾਰ ਲੈਰੀ ਹਾਈਨ ਹੈ। ਸੀ. ਬੀ. ਸੀ. ਤੋਂ ਬਾਅਦ ਮੇਰੀ ਬਦਲੀ ਕੈਨੇਡੀਅਨ ਫੋਰਸਜ਼ ਬੇਸ ਟਰਾਂਟੋ (ਫੌਜੀ ਛਾਉਣੀ) ਵਿੱਚ ਹੋ ਗਈ। ਉਸ ਡਿਟੈਚਮੈਂਟ ਦੀ ਸੁਪਰਵਾਇਜ਼ਰ ਚਾਲ਼ੀ ਕੁ ਸਾਲ ਦੀ ਗੋਰੀ ਸ਼ੈਰੀ ਮਾਇਲਜ਼ ਸੀ। ਉਸ ਦਾ ਰੈਂਕ ਮਾਸਟਰ ਵਰੰਟ ਅਫ਼ਸਰ ਸੀ। ਮੈਂ ਛੋਟਾ ਸੁਪਰਵਾਇਜ਼ਰ ਸਾਂ। ਮੇਰਾ ਰੈਂਕ ਵਾਰੰਟ ਅਫਸਰ ਸੀ। ਕਹਾਣੀ ‘ਬਰਫ਼ ਤੇ ਦਰਿਆ’ ਦੀ ਮੁੱਖ ਪਾਤਰ ਸੋਫ਼ੀਆ ਦਾ ਮੂਲ ਸ਼ੈਰੀ ਮਾਇਲਜ਼ ਹੈ। ਢਾਈ ਕੁ ਸਾਲ ਬਾਅਦ ਮੇਰੀ ਬਦਲੀ ਟਰਾਂਟੋ ਇੰਟਰਨੈਸ਼ਨਲ ਏਅਰਪੋਰਟ ੱਤੇ ਹੋ ਗਈ। ਏਅਰਪੋਰਟ ਦੀ ਡਿਟੈਚਮੈਂਟ ਬਹੁਤ ਵੱਡੀ ਸੀ। ਸੁਪਰਵਾਇਜ਼ਰੀ ਦੇ ਰੁਝੇਵਿਆਂ ਵਿੱਚ ਕਹਣੀਆਂ ਨਹੀਂ ਸਨ ਫੁਰਨੀਆਂ। ਉੱਥੇ ਮੈਂ ਸੁਪਵਾਇਜ਼ਰੀ ਛੱਡ ਕੇ ਪੈਟਰੋਲਿੰਗ ਦੀ ਡਿਉਟੀ ਲੈ ਲਈ। ਕਹਾਣੀ ‘ਟਾਵਰਜ਼’ ਦੇ ਮੁੱਖ ਪਾਤਰ ਥੌਮਸਨ ਅਤੇ ਉਸ ਦੀ ਪਤਨੀ ਐਂਜਲਾ ਦਾ ਮੂਲ ਏਅਰਪੋਰਟ ੱਤੇ ਮੇਰੇ ਨਾਲ ਕੰਮ ਕਰਦੇ ਟੌਮ ਵੈਲਜ਼ ਅਤੇ ਉਸ ਦੀ ਪਤਨੀ ਮੇਰੀਅਨ ਹਨ।

ਬੇਸ ਦੀ ਇੱਕ ਯੂਨਿਟ ਦੇ ਸਾਰਜੈਂਟ ਹੈਰੀ ਫੌਸਟਰ ਨਾਲ ਮੇਰੀ ਵਾਹਵਾ ਜਾਣ ਪਛਾਣ ਸੀ। ਬਦਕਿਸਮਤੀ ਨਾਲ ਉਸ ਦੀ ਅਫ਼ਗਾਨਿਸਤਾਨ ਦੀ ਜੰਗ ਵਿੱਚ ਮੌਤ ਹੋ ਗਈ। ਆਪਣੀ ਸਕਿਉਰਟੀ ਕੰਪਨੀ ਦੇ ਪ੍ਰਤੀਨਿਧ ਵਜੋਂ ਮੈਂ ਹੈਰੀ ਫੌਸਟਰ ਦੇ ਫਿਉਨਰਲ ੱਤੇ ਗਿਆ ਸਾਂ। ਕਹਾਣੀ ‘ਮੁਹਾਜ਼’ ਦੇ ਪਾਤਰ ਸਟਾਫ ਸਰਜੈਂਟ ਸਟੀਵ ਬਰਟਨ ਦਾ ਮੂਲ ਹੈਰੀ ਫੌਸਟਰ ਹੈ। ਇਸੇ ਤਰ੍ਹਾਂ ਬਾਕੀ ਗੋਰੇ ਪਾਤਰਾਂ ਦਾ ਅਧਾਰ ਵੀ ਮੇਰੀ ਜਾਣ ਪਛਾਣ ਵਾਲੇ ਗੋਰੇ ਹਨ। ਮੇਰੀਆਂ ਕੁੱਝ ਕਹਾਣੀਆਂ ਨੂੰ ਛੱਡ ਕੇ ਹੁਣ ਤਕ ਦੀਆਂ ਸਾਰੀਆਂ ਕਹਾਣੀਆਂ ਦੇ ਪੰਜਾਬੀ, ਬੰਗਾਲੀ ਤੇ ਗੋਰੇ ਪਾਤਰ ਵਾਸਤਵਿਕਤਾ ਤੇ ਕਾਲਪਨਿਤਾ ਦਾ ਸੁਮੇਲ ਹਨ।

? ਤੁਸੀਂ ਆਪਣੀਆਂ ਕਹਾਣੀਆਂ ਵਿੱਚ ਰਾਸ਼ਟਰੀ, ਅੰਤਰਰਾਸ਼ਟਰੀ ਵਿਸ਼ੇ ਨਿਭਾਏ ਹਨ। ਪੰਜਾਬੀ ਤੋਂ ਇਲਾਵਾ ਅੰਗਰੇਜ਼ੀ ਤੇ ਹਿੰਦੀ ਸਾਹਿਤ ਦਾ ਅਧਿਐਨ ਵੀ ਕੀਤਾ ਹੋਵੇਗਾ? ਤੁਹਾਨੂੰ ਲੱਗਦਾ ਕਿ ਪੰਜਾਬੀ ਕਹਾਣੀ ਇਨ੍ਹਾਂ ਭਾਸ਼ਾਵਾਂ ਦੀ ਕਹਾਣੀ ਨਾਲ ਵਰ ਮੇਚਦੀ ਹੈ?
: ਮੈਂ ਅੰਗਰੇਜ਼ੀ ਹਿੰਦੀ ਭਾਸ਼ਾਵਾਂ ਦਾ ਅਧਿਐਨ ਤਾਂ ਨਹੀਂ ਕੀਤਾ ਅੰਗਰੇਜ਼ੀ ਸਾਹਿਤ ਬਾਰੇ ਜਾਣਕਾਰੀ ਜ਼ਰੂਰ ਹੈ। ਹਿੰਦੀ ਦੀਆਂ ਕੁੱਝ ਕਹਾਣੀਆਂ ਪੜ੍ਹੀਆਂ ਹੋਈਆਂ ਨੇ। ਮੇਰੇ ਵਿਚਾਰ ਅਨੁਸਾਰ ਪੰਜਾਬੀ ਕਹਾਣੀ ਆਪਣੀਆਂ ਵਿਸ਼ੇਗਤ, ਕਲਾਗਤ ਅਤੇ ਦ੍ਰਿਸ਼ਟੀਗਤ ਵਿਸ਼ੇਸ਼ਤਾਵਾਂ ਸਦਕਾ ਇਨ੍ਹਾਂ ਦੋਨਾਂ ਭਾਸ਼ਾਵਾਂ ਨਾਲ ਵਰ ਮੇਚ ਰਹੀ ਹੈ।

? ਲੋਕ ਆਪਣੇ ਆਪ ਨੂੰ ਰਿਲੈਕਸ ਕਰਨ ਲਈ ਖੇਡਣ, ਸੰਗੀਤ ਸੁਣਨ ਜਾਂ ਕੋਈ ਕਿਤਾਬ ਪੜ੍ਹਨ, ਫ਼ਿਲਮ ਦੇਖਣ ਵਰਗੇ ਸ਼ੌਕ ਅਪਣਾਉਂਦੇ ਹਨ। ਕਿਤਾਬਾਂ, ਰਿਸਾਲੇ ਪੜ੍ਹਨ ਤੋਂ ਸਿਵਾਏ ਤੁਹਾਡਾ ਕੋਈ ਹੋਰ ਸ਼ੌਕ?
: ਹਾਂ ਜੀ, ਆਪਣੇ ਆਪ ਨੂੰ ਰਿਲੈਕਸ ਕਰਨ ਲਈ ਕਿਤਾਬਾਂ ਰਿਸਾਲੇ ਪੜ੍ਹਨ ਤੋਂ ਇਲਾਵਾ ਮੈਂ ਦਰਖ਼ਤਾਂ ਵਾਲੇ ਏਰੀਏ ਵਿੱਚ ਲੰਬੀ ਸੈਰ ਕਰਦਾ ਹਾਂ। ਇਹ ਮੇਰਾ ਰੋਜ਼ ਦਾ ਰੁਟੀਨ ਹੈ। ਸੈਰ ਦੌਰਾਨ ਅਕਾਸ਼ ਦੀ ਵਿਸ਼ਾਲਤਾ ਨੂੰ ਜ਼ਰੂਰ ਨਿਹਾਰਦਾ ਹਾਂ। ਕਦੀ ਕਦੀ ਗਹਿਰਾਈ ਵਾਲੇ ਪੁਰਾਣੇ ਫ਼ਿਲਮੀ ਗੀਤ ਵੀ ਸੁਣਦਾ ਹਾਂ।

? ਤੁਹਾਡੇ ਸਾਹਿਤਕ ਕੰਮ ਨੂੰ ਪਰਿਵਾਰ ਵੱਲੋਂ ਕਿਹੋ ਜਿਹਾ ਸਹਿਯੋਗ ਮਿiਲ਼ਆ। ਕੀ ਤੁਹਾਡੀ ਪਤਨੀ ਅਤੇ ਬੱਚੇ ਤੁਹਾਡੀਆਂ ਕਹਾਣੀਆਂ ਪੜ੍ਹਦੇ ਸੁਣਦੇ ਹਨ?
: ਪਤਨੀ, ਦੋਵੇਂ ਪੁੱਤਰ ਤੇ ਨੂੰਹਾਂ ਕਹਾਣੀਆਂ ਪੜ੍ਹਦੇ ਤਾਂ ਨਹੀਂ ਪਰ ਮੇਰਾ ਕਹਾਣੀ ਲਿਖਣਾ ਉਨ੍ਹਾਂ ਦੀ ਨਜ਼ਰ ਵਿੱਚ ਚੰਗਾ ਕਾਰਜ ਹੈ। ਇਸੇ ਕਰਕੇ ਉਨ੍ਹਾਂ ਨੇ ਮੈਂਨੂੰ ਘਰ ਦੇ ਕੰਮਾਂ ਕਾਰਾਂ ਤੋਂ ਵਿਹਲਾ ਕੀਤਾ ਹੋਇਆ ਹੈ। ਪਹਿਲਾਂ ਕਦੀ ਕਦੀ ਗਰੌਸਰੀ ਵਗੈਰਾ ਲੈ ਆਉਂਦਾ ਸਾਂ ਪਰ ਕਰੋਨਾ ਦੀ ਮਹਾਂਮਾਰੀ ਕਾਰਨ ਉਨ੍ਹਾਂ ਨੇ ਮੇਰਾ ਇਹ ਕੰਮ ਛੁਡਵਾ ਦਿੱਤਾ ਹੈ। ਪੁੱਤਰ, ਨੂੰਹਾਂ ਤੇ ਸਾਡੀਆਂ ਪੋਤੀਆਂ ਮੇਰਾ ਅਤੇ ਪਤਨੀ ਦਾ ਆਦਰ ਮਾਣ ਕਰਦੇ ਹਨ। ਇਸ ਸਹਿਯੋਗ ਤੇ ਆਦਰ ਮਾਣ ਸਦਕਾ ਮੇਰਾ ਰਚਨਾਤਮਿਕ ਮੂਡ ਕਾਇਮ ਰਹਿੰਦਾ ਹੈ।

? ਆਮ ਸੁਣਨ ਵਿੱਚ ਆਉਂਦਾ ਕਿ ਪੰਜਾਬੀ ਵਿੱਚ ਲਿਖਣਾ ਬਹੁਤ ਲਾਹੇਵੰਦ ਨਹੀਂ ਕਿਉਂਕਿ ਸਾਡੇ ਭਾਈਚਾਰੇ ਵਿੱਚ ‘ਕਿਤਾਬੀ ਕਲਚਰ’ ਨਹੀਂ। ਇਸ ਸੁੰਦਰਭ ਵਿੱਚ ਤੁਹਾਡਾ ਕੀ ਵਿਚਾਰ ਹੈ?
: ਪੰਜਾਬੀ ਬੰਦਾ ਸਰੋਤਾ ਤੇ ਦਰਸ਼ਕ ਤਾਂ ਹੈ ਪਰ ਪਾਠਕ ਨਹੀਂ। ਉਹ ਘੰਟਿਆਂ ਬੱਧੀ ਰੇਡੀਓ ਸੁਣ ਸਕਦਾ ਹੈ। ਟੀਵੀ ਜਾਂ ਗਾਇਕੀ ਅਖਾੜੇ ਦੇਖ ਸਕਦਾ ਹੈ ਪਰ ਕਿਤਾਬ ਪੜ੍ਹਨ ਵਿੱਚ ਉਸ ਦੀ ਕੋਈ ਰੁਚੀ ਨਹੀਂ। ਭਾਰਤ ਵਿੱਚ ਅਤੇ ਬਦੇਸ਼ਾਂ ਵਿੱਚ ਪੰਜਾਬੀਆਂ ਦੇ ਘਰਾਂ ਵਿੱਚ ਹੋਰ ਤਾਂ ਸਭ ਕੁੱਝ ਹੁੰਦਾ ਹੈ, ਪਰ ਲਾਇਬਰੇਰੀ ਨਹੀਂ ਹੁੰਦੀ। ਏਅਰਫੋਰਸ ਸਟੇਸ਼ਨਾਂ ਵਿੱਚ ਬੰਗਾਲੀਆਂ ਅਤੇ ਦੱਖਣੀ ਸੂਬਿਆਂ ਦੇ ਹਵਾਈ ਸੈਨਿਕਾਂ ਨੇ ਆਪਣੀਆਂ ਛੋਟੀਆਂ ਛੋਟੀਆਂ ਲਾਇਬਰੇਰੀਆਂ ਬਣਾਈਆਂ ਹੋਈਆਂ ਸਨ। ਪਰ ਲਾਇਬਰੇਰੀ ਦੀ ਗੱਲ ਪੰਜਾਬੀ ਸੈਨਿਕਾਂ ਦੀ ਸੋਚ ਵਿੱਚ ਹੀ ਨਹੀਂ ਸੀ। ਜਿੱਥੋਂ ਤਕ ਲਿਖਣ ਦੀ ਗੱਲ ਹੈ, ਸਾਹਿਤਕਾਰ ਲਿਖਣ ਤੋਂ ਬਿਨਾਂ ਰਹਿ ਨਹੀਂ ਸਕਦਾ। ਸਾਹਿਤ ਉਸ ਦੀ ਰੂਹ ਦੀ ਖੁਰਾਕ ਬਣ ਚੁੱਕਾ ਹੁੰਦਾ ਹੈ।

? ਜਰਨੈਲ ਸਿੰਘ ਜੀ, ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਉਹ ਸਥਾਨ ਨਹੀਂ ਮਿਲ਼ ਰਿਹਾ, ਜਿਸ ਦੀ ਉਹ ਹੱਕਦਾਰ ਹੈ। ਨਵੀਂ ਪੀੜ੍ਹੀ ਅੰਗਰੇਜ਼ੀ, ਹਿੰਦੀ ਨੂੰ ਪਹਿਲ ਦੇ ਰਹੀ ਹੈ। ਇੱਥੇ ਕੈਨੇਡਾ ਵਿੱਚ ਤੁਹਾਨੂੰ ਪੰਜਾਬੀ ਬੋਲੀ ਦਾ ਭਵਿੱਖ ਕਿਸ ਤਰ੍ਹਾਂ ਲੱਗਦਾ ਹੈ?
: ਸਤਨਾਮ ਜੀ, ਪੰਜਾਬ ਵਿੱਚ ਤਾਂ ਪੰਜਾਬ ਦੀਆਂ ਸਰਕਾਰਾਂ ਹੀ ਪੰਜਾਬੀ ਬੋਲੀ ਦਾ ਨੁਕਸਾਨ ਕਰੀ ਜਾ ਰਹੀਆਂ ਹਨ। ਲੋਕਾਂ ਵਿੱਚ ਵੀ ਮਾਂ ਬੋਲੀ ਪੰਜਾਬੀ ਪ੍ਰਤੀ ਮੋਹ ਮਾਣ ਦੀ ਘਾਟ ਹੈ। ਨਵੀਂ ਪੀੜ੍ਹੀ ਨੂੰ ਅੰਗਰੇਜ਼ੀ, ਹਿੰਦੀ ਦੀ ਲੋੜ ਤਾਂ ਹੈਗੀ ਏ ਪਰ ਮਾਂ ਬੋਲੀ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ। ਕੈਨੇਡਾ ਵਿੱਚ ਪੰਜਾਬੀ ਮਾਂ ਬੋਲੀ ਦਾ ਹਾਲ ਬਿਹਤਰ ਹੈ। ਕੈਨੇਡਾ ਮਲਟੀਕਲਚਰਲ ਦੇਸ਼ ਹੋਣ ਕਰਕੇ ਇੱਥੋਂ ਦੀਆਂ ਪਰਵਾਸੀ ਕਮਿਊਨਟੀਆਂ ਨੂੰ ਭਾਸ਼ਾ, ਸਭਿਆਚਾਰ ਤੇ ਧਰਮ ਆਦਿ ਨੂੰ ਬਰਕਰਾਰ ਰੱਖਣ ਦਾ ਹੱਕ ਹਾਸਲ ਹੈ। ਸਮੱਸਿਆ ਇੱਥੋਂ ਦੇ ਜੰਮਪਲ਼ ਬੱਚਿਆਂ ਦੀ ਹੈ। ਬੱਚੇ ਪੰਜਾਬੀ ਬੋਲ, ਸਮਝ ਤਾਂ ਲੈਂਦੇ ਹਨ ਪਰ ਪੰਜਾਬੀ ਲਿਖਣ ਪੜ੍ਹਨ ਵਿੱਚ ਉਨ੍ਹਾਂ ਦੀ ਕੋਈ ਦਿਲਚਸਪੀ ਨਹੀਂ। ਇਸਦਾ ਹੱਲ ਸਾਡੀ ਕਮਿਊਨਟੀ ਨੇ ਕਰਨਾ ਹੈ। ਜਿਵੇਂ ਬੀ. ਸੀ. ਦੇ ਸੂਝਵਾਨ ਪੰਜਾਬੀ ਪ੍ਰੇਮੀਆਂ ਨੇ ਲੋਕਾਂ ਨੂੰ ਨਾਲ ਲੈ ਕੇ ਸਕੂਲਾਂ ਵਿੱਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਹਾਸਲ ਕਰਵਾ ਲਿਆ ਹੈ, ਇਵੇਂ ਹੀ ਬਾਕੀ ਸੂਬਿਆਂ ਦੇ ਪੰਜਾਬੀਆਂ ਨੂੰ ਵੀ ਇਹ ਹੰਭਲ਼ਾ ਮਾਰਨਾ ਚਹੀਦਾ ਹੈ। ਸਕੂਲਾਂ ਦੇ ਪਾਠਕ੍ਰਮ ਦਾ ਹਿੱਸਾ ਬਣ ਕੇ ਪੰਜਾਬੀ ਭਾਸ਼ਾ ਦਾ ਭਵਿੱਖ ਸੁਰੱਖਿਅਤ ਹੋ ਜਾਵੇਗਾ।

? ਕੈਨੇਡਾ ਵਿੱਚ ਸੂਬਾ ਸਰਕਾਰਾਂ ਪਬਲਿਕ ਸਕੂਲਾਂ ਵਿੱਚ ਪੰਜਾਬੀ ਪੜ੍ਹਾਉਣ ਦਾ ਇੰਤਜ਼ਾਮ ਕਰਦੀਆਂ ਹਨ। ਪਰ ਬਹੁਤ ਸਾਰੇ ਮਾਪੇ ਅਤੇ ਬੱਚੇ ਇਸ ਵਿੱਚ ਦਿਲਚਸਪੀ ਹੀ ਨਹੀਂ ਲੈ ਰਹੇ। ਪੰਜਾਬੀ ਸਾਹਿਤਕਾਰ ਹੋਣ ਦੇ ਨਾਤੇ ਤੁਸੀਂ ਇਸ ਨੂੰ ਚਿੰਤਾ ਦਾ ਵਿਸ਼ਾ ਨਹੀਂ ਮੰਨਦੇ?
: ਬਿਲਕੁਲ ਜੀ, ਪੰਜਾਬੀ ਮਾਪਿਆਂ ਤੇ ਬੱਚਿਆਂ ਦਾ ਆਪਣੀ ਮਾਂ ਬੋਲੀ ਲਈ ਇਹ ਵਿਹਾਰ ਡਾਢਾ ਚਿੰਤਾਜਨਕ ਹੈ। ਸਾਡੇ ਇੱਥੇ ਓਨਟੇਰੀਓ ਸੂਬੇ ਦੇ ਸਕੂਲ ਬੋਰਡਾਂ ਵੱਲੋਂ ਵੀਕਐਂਡ ੱਤੇ ਪੰਜਾਬੀ ਸਿਖਾਉਣ ਦੀਆਂ ਕਲਾਸਾਂ ਲਾਈਆਂ ਜਾਂਦੀਆਂ ਹਨ। ਪਰ ਕਈ ਮਾਪੇ ਬੱਚਿਆਂ ਨੂੰ ਸਕੂਲਾਂ ਵਿੱਚ ਲੈ ਕੇ ਹੀ ਨਹੀਂ ਜਾਂਦੇ। ਉਨ੍ਹਾਂ ਨੂੰ ਇਹ ਦੱਸਣ ਦੀ ਲੋੜ ਹੈ ਕਿ ਜੌਬਾਂ ਵਾਸਤੇ ਅੰਗਰੇਜ਼ੀ ਤੋਂ ਸਿਵਾਏ ਫ਼ਰੈਂਚ ਜਾਂ ਕੋਈ ਹੋਰ ਭਾਸ਼ਾ ਹੀ ਨਹੀਂ, ਪੰਜਾਬੀ ਵੀ ਲਾਭਕਾਰੀ ਹੋ ਸਕਦੀ ਹੈ। ਪੰਜਾਬੀ ਵਸੋਂ ਵਾਲ਼ੇ ਇਲਾਕਿਆਂ ਦੀਆਂ ਬੈਂਕਾਂ, ਹੌਸਪੀਟਲਾਂ ਵਾਲਮਾਰਟ ਵਰਗੇ ਸਟੋਰਾਂ ਵਿੱਚ ਪੰਜਾਬੀ ਮੂਲ ਦੇ ਕਾਫ਼ੀ ਬੱਚਿਆਂ ਨੂੰ ਇਸੇ ਕਰਕੇ ਜੌਬਾਂ ਮਿਲ਼ੀਆਂ ਹੋਈਆਂ ਹਨ।

? ਬੀਤੇ ਸਮੇਂ ੱਤੇ ਝਾਤ ਮਾਰੀਏ ਤਾਂ ਅਸੀਂ ਦੇਖਦੇ ਹਾਂ ਕਿ ਸਾਡੀ ਪਹਿਲੀ, ਦੂਜੀ ਪੀੜ੍ਹੀ ਆਪਣੇ ਕਲਚਰ ਨੂੰ ਕਾਇਮ ਰੱਖਦੀ ਹੈ। ਫਿਰ ਅਗਲੀਆਂ ਪੀੜ੍ਹੀਆਂ ਸਮਾਂ ਬੀਤਣ ਨਾਲ ਮੇਨ ਸਟਰੀਮ ਵਿੱਚ ਜਜ਼ਬ ਹੋ ਜਾਂਦੀਆਂ ਹਨ? ਇਸ ਬਾਬਤ ਕੀ ਵਿਚਾਰ ਹੈ?
: ਕਿਸੇ ਵੀ ਕਮਿਉਨਟੀ ਦੀ ਹੋਂਦ/ਪਛਾਣ ਨੂੰ ਕਾਇਮ ਰੱਖਣ ਲਈ ਸਭ ਤੋਂ ਵੱਡੀ ਭੂਮਿਕਾ ਉਸ ਦੀ ਭਾਸ਼ਾ ਦੀ ਹੁੰਦੀ ਹੈ। ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਕੈਨੇਡਾ ਦੇ ਬਹੁ ਸਭਿਆਚਾਰਵਾਦ ਦਾ ਫਾਇਦਾ ਉਠਾ ਕੇ ਜੇ ਸਾਡੀ ਕਮਿਉਨਟੀ ਪੰਜਾਬੀ ਭਾਸ਼ਾ ਦਾ ਭਵਿੱਖ ਸੁਰੱਖਿਅਤ ਕਰ ਲਵੇ ਤਾਂ ਮੁੱਖਧਾਰਾ ਵਿੱਚ ਜਜ਼ਬ ਹੋ ਜਾਣ ਦੇ ਤੱਥ ਨੂੰ ਝੁਠਲਾਇਆ ਜਾ ਸਕਦਾ ਹੈ। ਕੈਨੇਡਾ ਦਾ ਵਿਧਾਨ ਸਾਡੀ ਜਾਂ ਕਿਸੇ ਵੀ ਪਰਵਾਸੀ ਕਮਿਊਨਟੀ ਨੂੰ ਆਪਣੀ ਹੋਂਦ ਰੱਖਣ ਦਾ ਹੱਕ ਦਿੰਦਾ ਹੈ। ਇਸ ਮਾਮਲੇ ਵਿੱਚ ਚੰਗੀ ਗੱਲ ਇਹ ਵੀ ਹੈ ਕਿ ਪੰਜਾਬ ਤੋਂ ਨਵੇਂ ਇੰਮੀਗਰੈਂਟ ਅਤੇ ਵਿਦਿਆਰਥੀ ਕੈਨੇਡਾ ਆਉਂਦੇ ਰਹਿਣਗੇ। ਉਨ੍ਹਾਂ ਦੀ ਆਮਦ ਸਾਡੀ ਹੋਂਦ/ਪਛਾਣ ਨੂੰ ਕਾਇਮ ਰੱਖਣ ਵਿੱਚ ਸਹਾਈ ਹੋਵੇਗੀ।

? ਜੇਕਰ ਕੈਨੇਡਾ ਦੀਆਂ ਸਾਹਿਤ ਸਭਾਵਾਂ ਦੀ ਗੱਲ ਕਰੀਏ ਤਾਂ ਬਹੁਤ ਵਾਰੀ ਕੈਨੇਡਾ ਦੀਆਂ ਵੱਖ ਵੱਖ ਸਾਹਿਤਕ ਸਭਾਵਾਂ ਵੱਲੋਂ ਪੰਜਾਬੀ ਕਾਨਫਰੰਸਾਂ ਕਰਵਾਈਆਂ ਜਾਂਦੀਆਂ ਹਨ। ਕੀ ਉਹ ਕਾਨਫਰੰਸਾਂ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਵੀ ਕੋਈ ਯੋਗਦਾਨ ਪਾਉਂਦੀਆਂ ਹਨ ਜਾਂ ਫੇਰ ਮੇਲਾ-ਗੇਲਾ ਹੀ ਹੁੰਦਾ ਹੈ? ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ?
: ਸਤਨਾਮ ਜੀ, ਜਿਵੇਂ ਤੁਸੀਂ ਕਿਹਾ ਹੈ ਇਹ ਕਾਨਫਰੰਸਾਂ ਹੁੰਦੀਆਂ ਤਾਂ ਮੇਲਾ-ਗੇਲਾ ਹੀ ਹਨ ਪਰ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਸਾਹਿਤਕ ਸਭਾਵਾਂ ਦੇ ਰੋਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕੁੱਝ ਲੇਖਕ, ਆਲੋਚਕ ਚੌਧਰ ਦੀ ਭੁੱਖ ਵਿੱਚ ਸਭਾਵਾਂ ਦਾ ਮਾਹੌਲ ਖਰਾਬ ਕਰਦੇ ਹਨ। ਪਰ ਸਾਹਿਤ ਨਾਲ ਪ੍ਰਤੀਬੱਧਤਾ ਵਾਲ਼ੀਆਂ ਸਭਾਵਾਂ ਵੀ ਹੈਗੀਆਂ ਨੇ। ਗਰੇਟਰ ਟਰਾਂਟੋ ਦੀ ਸਾਹਿਤ ਸਭਾ ‘ਪੰਜਾਬੀ ਕਲਮਾਂ ਦਾ ਕਾਫ਼ਲਾ’ ਦੀ ਪਿਛਲੇ ਸਤਾਈ ਸਾਲਾਂ ਦੀ ਕਾਰਗੁਜ਼ਾਰੀ ਸ਼ਲਾਘਾਯੋਗ ਹੈ। ਇਸ ਵਿੱਚ ਪ੍ਰਧਾਨ, ਸਕੱਤਰ ਆਦਿ ਅਹੁਦੇਦਾਰੀਆਂ ਨਹੀਂ ਹਨ। ਤਿੰਨ ਸੰਚਾਲਕ ਹੀ ਇਸ ਨੂੰ ਉਸਾਰੂ ਢੰਗ ਨਾਲ ਚਲਾ ਰਹੇ ਹਨ।

? ਤੁਸੀਂ ਕਹਾਣੀਕਾਰ ਦੇ ਤੌਰ ੱਤੇ ਪਾਠਕਾਂ ਵਿੱਚ ਮਕਬੂਲ ਹੋ ਚੁੱਕੇ ਹੋ। ਕੀ ਕਦੇ ਨਾਵਲ ਲਿਖਣ ਦੀ ਵੀ ਇੱਛਾ ਹੈ?
: ਨਹੀਂ ਜੀ, ਕਹਾਣੀ ਨਾਲ ਬਣੀ ਮੇਰੀ ਮੁਹੱਬਤ ਹੀ ਤੋੜ ਤਕ ਨਿਭੇਗੀ।

? ਤੁਸੀਂ ਆਪਣੀ ਸ਼ਾਹਕਾਰ ਰਚਨਾ ਲਿਖ ਲਈ ਹੈ ਜਾਂ ਅਜੇ ਲਿਖਣੀ ਹੈ?
: ਮੇਰੇ iਖ਼ਆਲ ਵਿੱਚ ਲੇਖਕ ਨੇ ਆਪਣੀ ਸ਼ਾਹਕਾਰ ਰਚਨਾ ਮਿਥ ਕੇ ਨਹੀਂ ਲਿਖੀ ਹੁੰਦੀ। ਸ਼ਾਹਕਾਰ ਦਾ ਦਰਜਾ ਉਸ ਨੂੰ ਪਾਠਕਾਂ ਅਤੇ ਵਿਦਵਾਨਾਂ ਵੱਲੋਂ ਮਿਲਦਾ ਹੈ। ਮੇਰੇ ਲਈ ਤਸੱਲੀ ਅਤੇ ਮਾਣ ਵਾਲੀ ਗੱਲ ਹੈ ਕਿ ਮੇਰੀ ਹਰ ਕਹਾਣੀ ‘ਤੇ ਚਰਚਾ ਹੋਈ ਹੈ। ‘ਦੋ ਟਾਪੂ’ ਕਹਾਣੀ ਪਾਠਕਾਂ ਵਿੱਚ ਕਲਾਸਕੀ ਰਚਨਾ ਵਜੋਂ ਪ੍ਰਵਾਨ ਹੋ ਚੁੱਕੀ ਹੈ। ਵਿਸ਼ਵੀ ਸਰੋਕਾਰਾਂ ਵਾਲ਼ੀਆਂ ਕਹਾਣੀਆਂ ਵਿੱਚੋਂ ‘ਟਾਵਰਜ਼’ ਅਤੇ ‘ਕਾਲ਼ੇ ਵਰਕੇ’ ਆਪਣੇ ਵਿਸ਼ੇ ਵਸਤੂ ਅਤੇ ਰੂਪਕ ਪੱਖਾਂ ਸਦਕਾ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਅਸਲੋਂ ਹੀ ਨਵੇਕਲੀਆਂ ਕਹਾਣੀਆਂ ਹਨ। ਸ਼ਾਹਕਾਰ ਰਚਨਾ ਦਾ ਫ਼ੈਸਲਾ ਮੈਂ ਪਾਠਕਾਂ ਅਤੇ ਵਿਦਵਾਨਾਂ ਉ¤ਤੇ ਛੱਡਦਾ ਹਾਂ।

? ਤੁਹਾਡੀ ਇਹ ਗੱਲ ਸੁਣ ਕੇ ਮੈਨੂੰ ਇੱਕ ਗੱਲ ਹੋਰ ਯਾਦ ਆ ਗਈ ਕਿ ਛੱਤੀ ਸੈਂਤੀ ਸਾਲ ਪਹਿਲਾਂ ਪੰਜਾਬੀ ਕਹਾਣੀ ਦੇ ‘ਕਾਰੀਗਰ’ ਜਸਵੰਤ ਸਿੰਘ ਵਿਰਦੀ ਨੇ ਤੁਹਾਡੇ ਕਹਾਣੀ ਸੰਗ੍ਰਹਿ ‘ਮਨੁੱਖ ਤੇ ਮਨੁੱਖ’ ੱਤੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਵਕਤ ਦੇ ਸਥਾਪਤ ਆਲੋਚਕਾਂ ਨੇ ਭਾਵੇਂ ਉਸ ਤਰ੍ਹਾਂ ਚਰਚਾ ਨਾ ਕੀਤੀ ਹੋਵੇ, ਜਿਸਦਾ ਜਰਨੈਲ ਸਿੰਘ ਹੱਕਦਾਰ ਹੈ ਪਰ ਹੱਕਦਾਰ ਨੇ ਇੱਕ ਨਾ ਇੱਕ ਦਿਨ ਆਪਣਾ ਹੱਕ ਜ਼ਰੂਰ ਲੈ ਲੈਣਾ ਹੈ। ਕੀ ਅੱਜ ਤੁਹਾਨੂੰ ਲੱਗਦਾ ਤੁਸੀਂ ਆਪਣਾ ਹੱਕ ਹਾਸਲ ਕਰ ਲਿਆ ਜਾਂ ਅਜੇ …?
: ਕੈਨੇਡਾ ਵਿੱਚ ਲਿਖੇ ਤਿੰਨ ਕਹਾਣੀ ਸੰਗ੍ਰਿਹਾਂ ਬਾਬਤ ਮੈਂ ਆਪਣਾ ਹੱਕ ਹਾਸਲ ਕਰ ਲਿਆ ਹੈ। ਇਨ੍ਹਾਂ ਸੰਗ੍ਰਿਹਾਂ ਦੀਆਂ ਕਹਾਣੀਆਂ ਨੂੰ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਮਿiਲ਼ਆ ਹੈ। ਇਨ੍ਹਾਂ ਸੰਗ੍ਰਿਹਾਂ ਤੇ ਨਾਮਵਰ ਆਲੋਚਕਾਂ ਦੇ ਲੇਖਾਂ ਦੀਆਂ ਆਲੋਚਨਾ-ਪੁਸਤਕਾਂ ਛਪੀਆਂ ਹਨ। ਪਰ ਭਾਰਤ ਵਿੱਚ ਲਿਖੇ ਪਹਿਲੇ ਤਿੰਨ ਸੰਗ੍ਰਿਹਾਂ ਦਾ ਢੁੱਕਵਾਂ ਨੋਟਿਸ ਨਹੀਂ ਲਿਆ ਗਿਆ। ਮੈਂ ਮੰਨਦਾ ਹਾਂ ਕਿ ਉਨ੍ਹਾਂ ਸੰਗ੍ਰਿਹਾਂ ਦੀਆਂ ਕੁੱਝ ਰਚਨਾਵਾਂ ਕਮਜ਼ੋਰ ਵੀ ਹਨ। ਪਰ ਕੁੱਝ ਕਹਾਣੀਆਂ ਜਿਵੇਂ ‘ਸਮੇਂ ਦੇ ਹਾਣੀ’, ‘ਬੋਹਲ਼ ਦੇ ਰਾਖੇ’, ‘ਹੱਕ’, ‘ਕੰਡਿਆਲ਼ੀ ਧਰਤੀ’, ‘ਕੰਬਦਾ ਚਾਨਣ’ ਉਸ ਸਮੇਂ ਦੀ ਪੰਜਾਬੀ ਕਹਾਣੀ ਦੇ ਪੱਧਰ ਦੀਆਂ ਹਨ। ਐਨੇ ਸਾਲ ਪਹਿਲਾਂ ਆਖੇ ਵਿਰਦੀ ਹੋਰਾਂ ਦੇ ਸ਼ਬਦ ਯਾਦ ਕਰਵਾਉਣ ਲਈ ਤੁਹਾਡਾ ਧੰਨਵਾਦ।

? ਜਰਨੈਲ ਜੀ, ਕਹਾਣੀ ਸਾਹਿਤ ਵਿੱਚ ਤੁਹਾਡਾ ਯੋਗਦਾਨ ਦੇਖਦਿਆਂ ਕਿਸੇ ਸੰਸਥਾ ਵੱਲੋਂ ਕੋਈ ਮਾਣ ਸਨਮਾਨ?
: ਸਤਨਾਮ ਜੀ, ਮਾਣ ਸਨਮਾਨ ਲੇਖਕ ਦੀ ਰਚਨਾਤਮਿਕ ਊਰਜਾ ਨੂੰ ਵਧਾਉਂਦੇ ਹਨ। ਲੇਖਕ ਨੂੰ ਹੋਰ ਚੰਗੇਰਾ ਲਿਖਣ ਲਈ ਉਤਸ਼ਾਹ ਮਿਲ਼ਦਾ ਹੈ। ਮੇਰੇ ਲਈ ਸਭ ਤੋਂ ਵੱਡਾ ਮਾਣ-ਸਨਮਾਨ ਤਾਂ ਪਾਠਕਾਂ ਵੱਲੋਂ ਮਿਲ਼ੀ ਪ੍ਰਵਾਨਗੀ ਹੈ। ਕੁੱਝ ਸੰਸਥਾਵਾਂ ਵੱਲੋਂ ਵੀ ਇਨਾਮ ਸਨਮਾਨ ਪ੍ਰਾਪਤ ਹੋਏ ਹਨ: ‘ਪੰਜਾਬੀ ਸੱਥ’ ਵੱਲੋਂ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਵਿੱਚ ਪਾਏ ਯੋਗਦਾਨ ਲਈ 2007 ਵਿੱਚ ਵਾਰਸ਼ ਸ਼ਾਹ ਪੁਰਸਕਾਰ ਦਿੱਤਾ। ਪਰਵਾਸੀ ਪੰਜਾਬੀ ਪੁਰਸਕਾਰ ਟਰਾਂਟੋ, ਕੈਨੇਡਾ ਵੱਲੋਂ ‘ਬੈਸਟ ਰਾਈਟਰ ਪੁਰਸਕਾਰ’ 2009 ਵਿੱਚ, ‘ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਪੁਰਸਕਾਰ’ 2009 ਵਿੱਚ, ‘ਇਕਬਾਲ ਅਰਪਨ ਮੈਮੋਰੀਅਲ ਪੁਰਸਕਾਰ’ ਕੈਲਗਰੀ ਕੈਨੇਡਾ 2011 ਵਿੱਚ। ‘ਪਰਵਾਸੀ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ’, ਭਾਸ਼ਾ ਵਿਭਾਗ ਪੰਜਾਬ ਸਰਕਾਰ ਵੱਲੋਂ 2011, ਅੰਤਰਰਾਸ਼ਟਰੀ ਢਾਹਾਂ ਸਾਹਿਤ ਪੁਰਸਕਾਰ (ਪੱਚੀ ਹਜ਼ਾਰ ਡਾਲਰ) ਵੈਨਕੋਵਰ, ਕੈਨੇਡਾ ਵੱਲੋਂ ਮੇਰੇ ਕਹਾਣੀ ਸੰਗ੍ਰਹਿ ‘ਕਾਲ਼ੇ ਵਰਕੇ’ ਲਈ 2016 ਵਿਚ। ਇੰਡੀਆ ਫੇਰੀ ਦੌਰਾਨ ਉ¤ਥੋਂ ਦੀਆਂ ਯੂਨੀਵਰਸਿਟੀਆਂ, ਸਾਹਿਤ ਸਭਾਵਾਂ, ਅਤੇ ਕਾਲਜਾਂ ਵਿੱਚ ਹੁੰਦੇ ਰੂ ਬ ਰੂ ਪ੍ਰੋਗਰਾਮਾਂ ਦੌਰਾਨ ਵੀ ਸਨਮਾਨ ਚਿੰਨ੍ਹ ਮਿਲਦੇ ਰਹਿੰਦੇ ਹਨ।

? ਆਪਣੇ ਅਨੁਭਵ ਤੋਂ ਨਵੇਂ ਕਹਾਣੀਕਾਰਾਂ ਲਈ ਕੋਈ ਸੁਨੇਹਾ ਦੇਣਾ ਚਾਹੋਗੇ?
: ਤੁਸੀਂ ਜਾਣਦੇ ਹੋ ਕਿ ਅਜੋਕੇ ਸਮੇਂ ਵਿੱਚ ਕੋਈ ਕਿਸੇ ਦੀ ਘੱਟ ਹੀ ਸੁਣਦਾ ਹੈ। ਖ਼ੈਰ ਜੋ ਸੁਣਨਾ, ਮੰਨਣਾ ਚਾਹੁੰਦੇ ਹਨ, ਤਿੰਨ ਗੱਲਾਂ ਕਹਿਣੀਆਂ ਚਾਹੁੰਦਾ ਹਾਂ। ਪਹਿਲੀ ਗੱਲ, ਨਵੇਂ ਕਹਾਣੀਕਾਰਾਂ ਨੂੰ ਵੱਧ ਤੋਂ ਵੱਧ ਕਹਾਣੀਆਂ ਨਵੀਆਂ ਵੀ ਤੇ ਪੁਰਾਣੀਆਂ ਵੀ ਪੜ੍ਹਨੀਆਂ ਚਾਹੀਦੀਆਂ ਹਨ। ਦੂਜੀਆਂ ਭਾਸ਼ਾਵਾਂ ਦੀਆਂ ਕਹਾਣੀਆਂ ਨਾਲ ਵੀ ਸਾਂਝ ਪਾਉਣੀ ਚਾਹੀਦੀ ਹੈ। ਦੂਜੀ ਗੱਲ ਹੈ ਮਿਹਨਤ ਦੀ, ਕਹਾਣੀ ਨੂੰ ਪ੍ਰਭਾਵਸ਼ਾਲੀ ਬਣਾਉਣ ਤੇ ਉਸ ਦਾ ਰੰਗ ਰੂਪ ਨਿਖਾਰਨ ਲਈ ਮਿਹਨਤ ਬਹੁਤ ਜ਼ਰੂਰੀ ਹੈ। ਤੀਜੀ ਗੱਲ, ਕਹਾਣੀ ਨੂੰ ਐਡਿਟ ਕਰਦਿਆਂ ਆਪਣੇ ਅੰਦਰੋਂ ਸਿਰਜਕ ਨੂੰ ਪਾਸੇ ਕਰ ਦਿਉ ਤੇ ਆਲੋਚਕ ਨੂੰ ਮੂਹਰੇ ਲੈ ਆਉ।

? ਜਰਨੈਲ ਸਿੰਘ ਸਿੰਘ ਜੀ ਕੋਈ ਲੋਚਾ/ਤਮੰਨਾ ਜੋ ਪੂਰੀ ਕਰਨੀ ਲੋਚਦੇ ਹੋਵੋ?
: ਅਜੋਕੇ ਵਡੇਰੇ ਅਰਥਾਂ ਵਾਲੇ ਕਿਸਾਨ ਅੰਦੋਲਨ ਬਾਰੇ ਕਹਾਣੀ ਰਚਣੀ ਹੈ। ਪਰ ਕੋਈ ਕਾਹਲ਼ ਨਹੀਂ। ਇਸ ਅੰਦੋਲਨ ਦੇ ਅਗਲੇ ਪੜ੍ਹਾਵਾਂ ਨੂੰ ਦੇਖਣ ਸੁਣਨ ਤੋਂ ਬਾਅਦ ਹੀ ਲਿਖਾਂਗਾ।

? ਕੋਈ ਹੋਰ ਗੱਲ ਜਿਹੜੀ ਮੈਂ ਪੁੱਛ ਨਾ ਸਕਿਆ ਹੋਵਾਂ?
: ਮੇਰੇ ਖ਼ਿਆਲ ‘ਚ ਕਾਫ਼ੀ ਗੱਲਾਂਬਾਤਾਂ ਹੋ ਗਈਆਂ ਹਨ। ਸਤਨਾਮ ਸਿੰਘ ਢਾਅ ਜੀ ਤੁਹਾਡਾ ਬਹੁਤ ਧੰਨਵਾਦ।

***
552
***

About the author

satnam_dhaw
ਸਤਨਾਮ ਢਾਅ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:

ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)

ਪਤਾ:
Satnam Singh Dhah
303 ASPEN RIDGE PL SW

Calgary, AB T3 H 1T2
Canada
Ph.403-285-6091
e-mailsatnam.dhah@gmail.com

ਸਤਨਾਮ ਢਾਅ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ: ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ) ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ) ਪਤਾ: Satnam Singh Dhah 303 ASPEN RIDGE PL SW Calgary, AB T3 H 1T2 Canada Ph.403-285-6091 e-mailsatnam.dhah@gmail.com

View all posts by ਸਤਨਾਮ ਢਾਅ →